ਅਸੀਂ ਜਦੋਂ ਆਪਣੇ ਆਲੇ-ਦੁਆਲੇ ਸ੍ਰਿਸ਼ਟੀ ਦੇ ਪਸਾਰੇ ਦੀ ਬੇਅੰਤਤਾ ਵਲ ਵੇਖਦੇ
ਹਾਂ ਤਾਂ ਹੈਰਾਨ ਹੋ ਜਾਂਦੇ ਹਾਂ ਕਿ ਇੰਨਾਂ ਕੁੱਝ ਪੈਦਾ ਕਰਨ ਵਾਲਾ, ਬਨਾਉਣ ਵਾਲਾ ਕੌਣ ਹੈ? ਇਸ
ਸਵਾਲ ਦਾ ਜਵਾਬ ਜਦੋਂ ਅਸੀਂ ਗੁਰਬਾਣੀ ਵਿਚੋਂ ਲੱਭਦੇ ਹਾਂ ਤਾਂ ਜਪੁਜੀ ਸਾਹਿਬ ਦੀ ਪਾਵਨ ਤੁਕ ‘ਕੀਤਾ
ਪਸਾਉ ਏਕੋ ਕਵਾਉ।। ਤਿਸ ਤੇ ਹੋਏ ਲਖ ਦਰੀਆਉ।। ` (੩) ਸਾਡਾ ਮਾਰਗ ਦਰਸ਼ਨ ਕਰਦੀ ਹੈ ਕਿ ਇਹ ਸਭ
ਕੁੱਝ ਅਕਾਲ ਪੁਰਖ ਦੇ ਇਕੋ ਹੁਕਮ ਨਾਲ ਹੀ ਪਸਾਰਾ ਹੋ ਗਿਆ। ਪ੍ਰਮੇਸ਼ਰ ਵਲੋਂ ਕੇਵਲ ਸ੍ਰਿਸ਼ਟੀ ਦਾ
ਪਸਾਰਾ ਹੀ ਆਪਣੇ ਹੁਕਮ ਨਾਲ ਨਹੀਂ ਕੀਤਾ ਸਗੋਂ ਉਸ ਦੀ ਸਾਰੀ ਕਾਰ ਨੂੰ ਆਪਣੇ ਹੁਕਮ ਅਨੁਸਾਰ ਚਲਾ ਵੀ
ਰਿਹਾ ਹੈ। ਇਸ ਸਾਰੀ ਕਿਰਿਆ ਨੂੰ ਸਦੀਵੀ ਤੌਰ ਤੇ ਲਗਾਤਾਰ ਚਲਦੇ ਰਹਿਣ ਲਈ ਅੰਡਜ-ਜੇਰਜ-ਸੇਤਜ-ਉਤਭੁਜ
ਚਾਰ ਖਾਣੀਆਂ ਦੇ ਰਾਹੀਂ ਅੱਗੇ ਉਤਪਤੀ ਕਰਨ ਦੇ ਅਧਿਕਾਰ ਵੀ ਉਸਨੇ ਦੇ ਦਿੱਤੇ। ਪਰ ਇਹ ਸਭ ਕੁੱਝ
ਪੂਰਨ ਰੂਪ ਵਿੱਚ ਸੁਤੰਤਰ ਨਹੀਂ, ਇਸ ਸਭ ਕੁੱਝ ਦੀ ਸਫਲਤਾ ਵੀ ਪ੍ਰਭੂ ਦੇ ਹੁਕਮ ਅੰਦਰ ਹੀ ਹੈ।
ਜਿਵੇਂ ਮਾਤਾ-ਪਿਤਾ ਦੇ ਸੰਜੋਗ ਨਾਲ ਮਾਤਾ ਦੇ ਗਰਭ ਅੰਦਰ ਨਵੇਂ ਜੀਵਨ ਦੀ ਆਰੰਭਤਾ ਹੁੰਦੀ ਹੈ। ਹੁਕਮ
ਅੰਦਰ ਹੀ ਉਥੇ ਸਰੀਰ ਪ੍ਰਵਾਨ ਚੜਕੇ ਆਤਮਾ ਦੇ ਸੰਗ ਨਾਲ ਬੱਚੇ ਦੀ ਪੈਦਾਇਸ਼ ਹੁੰਦੀ ਹੈ, ਇਸ ਪ੍ਰਥਾਇ
ਗੁਰੂ ਨਾਨਕ ਸਾਹਿਬ ਦਾ ਪਾਵਨ ਬਚਨ ਹੈ-
ਹੁਕਮੈ ਅੰਦਰਿ ਨਿੰਮਿਆ ਪਿਆਰੇ ਹੁਕਮੈ ਉਦਰ ਮਝਾਰਿ।।
ਹੁਕਮੈ ਅੰਦਰਿ ਜੰਮਿਆ ਪਿਆਰੇ ਊਧਉ ਸਿਰ ਕੈ ਭਾਰਿ।।
(ਸੋਰਠਿ ਮਹਲਾ ੧-੬੩੬)
ਪ੍ਰਮੇਸ਼ਰ ਆਪਣੇ ਹੁਕਮ ਨਾਲ ਜਿਥੇ ਸ੍ਰਿਸ਼ਟੀ ਦੀ ਸਾਜਨਾ ਕਰਦਾ ਹੈ ਉਸ ਦੇ
ਨਾਲ-ਨਾਲ ਪਾਲਣਾ ਅਤੇ ਨਾਸ ਕਰਨ ਦੀ ਸਮਰੱਥਾ ਵੀ ਉਸ ਦੇ ਹੁਕਮ ਵਿੱਚ ਹੀ ਹੈ। ਪ੍ਰਮੇਸ਼ਰ ਸਾਰੀ
ਸ੍ਰਿਸ਼ਟੀ ਨੂੰ ਸਾਜ ਕੇ ਆਪ ਪਾਸੇ ਨਹੀਂ ਹੋ ਜਾਂਦਾ ਸਗੋਂ ਉਹ ਤਾਂ ਹਰ ਸਮੇਂ ‘ਆਦਿ ਪੂਰਨ ਮਧਿ
ਪੂਰਨ ਅੰਤ ਪੂਰਨ ਪਰਮੇਸੁਰਹ` (੭੦੫) ਅਨੁਸਾਰ ਪਰੀਪੂਰਨ ਵੀ ਹੈ ਅਤੇ ‘ਹੁਕਮੈ ਅੰਦਰਿ ਸਭੁ
ਕੋ ਬਾਹਰਿ ਹੁਕਮ ਨ ਕੋਇ` (੧) ਅਨੁਸਾਰ ਆਪਣੇ ਹੁਕਮ ਅੰਦਰ ਹੀ ਚਲਾ ਰਿਹਾ ਹੈ। ਲੋੜ ਹੈ ਕਿ
ਅਸੀਂ ਵੀ ਗੁਰੂ ਨਾਨਕ ਸਾਹਿਬ ਵਾਲੀ ਅੰਤਰ ਦ੍ਰਿਸ਼ਟੀ ਦੁਆਰਾ ਪ੍ਰਮੇਸ਼ਰ ਨੂੰ ਸ੍ਰਿਸ਼ਟੀ ਦੇ ਕਣ-ਕਣ
ਵਿੱਚ ਵਸਦਾ ਹੋਇਆ ਮਹਿਸੂਸ ਕਰਦੇ ਹੋਏ ਉਸ ਦੇ ਭਾਣੇ ਵਿੱਚ ਅਨੰਦ ਮਾਣੀਏ ਪ੍ਰੰਤੂ ਉਸ ਦੀ ਕੁਦਰਤਿ ਦਾ
ਅੰਤ ਪਾਉਣ ਦਾ ਕਦੀ ਵੀ ਦਾਅਵਾ ਨਾ ਕਰੀਏ-
ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ।।
ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ।।
(ਵਾਰ ਆਸਾ-ਸਲੋਕ ਮਹਲਾ ੧-੪੬੪)
ਅਥਵਾ
ਕੁਦਰਤਿ ਕਵਣ ਕਹਾ ਵੀਚਾਰੁ।। ਵਾਰਿਆ ਨ ਜਾਵਾ ਏਕ ਵਾਰ।।
ਜੋ ਤੁਧ ਭਾਵੈ ਸਾਈ ਭਲੀਕਾਰ।। ਤੂ ਸਦਾ ਸਲਾਮਤਿ ਨਿਰੰਕਾਰ।।
(ਜਪੁ, ਮ: ੧-੩)
ਜਿਸ ਅਕਾਲ ਪੁਰਖ ਦੇ ਹੁਕਮ ਅੰਦਰ ਸਾਰੀ ਕਾਰ ਚਲ ਰਹੀ ਹੈ, ਗੁਰਬਾਣੀ ਨੇ ਉਸ
ਨੂੰ ਸਾਡਾ ਮਾਤਾ-ਪਿਤਾ ਵੀ ਆਖਿਆ ਹੈ, ਜੋ ਹਰ ਤਰਾਂ ਨਾਲ ਸਾਡੀ ਪ੍ਰਤਿਪਾਲਣਾ ਕਰਦਾ ਹੈ। ਆਪਾਂ
ਦੇਖਦੇ ਹਾਂ ਕਿ ਦੁਨਿਆਵੀ ਮਾਤਾ-ਪਿਤਾ ਆਪਣੇ ਬੱਚੇ ਲਈ ਹਰ ਤਰਾਂ ਦੇ ਸੁੱਖ ਸਾਧਨ ਪੈਦਾ ਕਰਨ ਦੇ ਯਤਨ
ਕਰਦੇ ਹਨ ਕਿ ਸਾਡਾ ਬੱਚਾ ਕਿਸੇ ਵੀ ਤਰਾਂ ਦੁਖੀ ਨਾ ਹੋਵੇ। ਫਿਰ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਸੰਸਾਰ
ਅੰਦਰ ਹਰ ਪਾਸੇ ਦੁੱਖਾਂ ਦਾ ਪਸਾਰਾ ਹੀ ਕਿਉਂ ਦਿਖਾਈ ਦਿੰਦਾ ਹੈ? ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ
ਦੇਵ ਜੀ ਇਸ ਸਵਾਲ ਦਾ ਜਵਾਬ ਦਿੰਦੇ ਹਨ ਕਿ ਜਦੋਂ ਤਕ ਜੀਵ ਪ੍ਰਮੇਸ਼ਰ ਦੀ ਰਜ਼ਾ, ਭਾਣੇ, ਹੁਕਮ ਨੂੰ
ਨਹੀਂ ਸਮਝਦਾ ਉਨ੍ਹਾਂ ਚਿਰ ਦੁਖੀ ਹੀ ਰਹਿੰਦਾ ਹੈ, ਪਰ ਜਿਸ ਕਿਸੇ ਨੇ ਵੀ ਗੁਰੂ ਦੀ ਸ਼ਰਨ ਵਿੱਚ ਜਾ
ਕੇ ਪ੍ਰਮਾਤਮਾ ਦੀ ਰਜ਼ਾ ਨੂੰ ਸਮਝ ਲਿਆ ਉਹ ਉਸੇ ਵੇਲੇ ਸੁਖੀ ਹੋ ਜਾਂਦਾ ਹੈ। ਸਤਿਗੁਰਾਂ ਦੇ ਆਪਣੇ
ਜੀਵਨ ਵਿੱਚ ਇਸ ਅਵਸਥਾ ਨੂੰ ਪ੍ਰੈਕਟੀਕਲ ਰੂਪ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਹ ਸ਼ਹਾਦਤ ਵੇਲੇ ਇੰਨੇ
ਸਖਤ ਤਸੀਹੇ ਸਹਿੰਦੇ ਹੋਏ ਵੀ ਇਹ ਸਭ ਕੁੱਝ ਪ੍ਰਮੇਸ਼ਰ ਦੇ ਹੁਕਮ ਵਿੱਚ ਹੀ ਵਰਤਦਾ ਹੋਇਆ ਸਮਝ ਕੇ
ਕਿਸੇ ਵੀ ਤਰਾਂ ਦੁਖੀ ਨਹੀਂ ਹੋਏ, ਕਿਸੇ ਨੂੰ ਕੋਈ ਉਲਾਹਮਾ ਨਹੀਂ ਦਿਤਾ, ਕਿਸੇ ਦਾ ਬੁਰਾ ਨਹੀਂ
ਮੰਗਿਆ, ਸਭ ਕੁੱਝ ਖਿੜੇ ਮੱਥੇ ਪ੍ਰਵਾਨ ਕਰਦੇ ਹੋਏ ਸ਼ਹੀਦਾਂ ਦੇ ਸਿਰਤਾਜ ਬਣ ਕੇ ਸਾਡੇ ਲਈ ਪ੍ਰੇਰਨਾ
ਸਰੋਤ ਰੂਪ ਵਿੱਚ ਇਤਿਹਾਸ ਦੇ ਪੰਨਿਆਂ ਦਾ ਸ਼ਿੰਗਾਰ ਬਣ ਗਏ। ਇਹ ਸਭ ਕੁੱਝ ਗੁਰੂ ਕ੍ਰਿਪਾ ਦੁਆਰਾ
ਪ੍ਰਮੇਸ਼ਰ ਦੇ ਹੁਕਮ ਦੀ ਸਹੀ ਸਮਝ ਕਾਰਣ ਹੀ ਸੰਭਵ ਹੋ ਗਿਆ। ਇਸ ਪ੍ਰਥਾਇ ਗੁਰਬਾਣੀ ਫੁਰਮਾਣ ਹੈ-
ਜਬ ਲਗੁ ਹੁਕਮੁ ਨ ਬੂਝਤਾ ਤਬ ਹੀ ਲਉ ਦੁਖੀਆ।।
ਗੁਰ ਮਿਲਿ ਹੁਕਮੁ ਪਛਾਣਿਆ ਤਬ ਹੀ ਤੇ ਸੁਖੀਆ।।
ਨਾ ਕੋ ਦੁਸਮਨ ਦੋਖੀਆ ਨਾਹੀ ਕੋ ਮੰਦਾ।।
ਗੁਰ ਕੀ ਸੇਵਾ ਸੇਵਕੋ ਨਾਨਕ ਖਸਮੈ ਬੰਦਾ।।
(ਆਸਾ ਮਹਲਾ ੫-੪੦੦)
ਗੁਰਬਾਣੀ ਅੰਦਰ ਆਏ ‘ਹੁਕਮ` ਸ਼ਬਦ ਦਾ ਅਰਥ ਹੈ ‘ਰੱਬੀ
ਅਨੁਸ਼ਾਸ਼ਨ`। ਜਿਵੇਂ ਦੁਨੀਆਦਾਰੀ ਵਿੱਚ ਵਿਚਰਦੇ ਸਮੇਂ ਸਾਡੇ ਵਲੋਂ ਹਰ ਖੇਤਰ ਵਿੱਚ ਅਨੁਸ਼ਾਸ਼ਨ ਦੀ
ਪਾਲਣਾ ਕਰਨ ਵਿੱਚ ਸਾਡਾ ਆਪਣਾ ਹੀ ਭਲਾ ਹੁੰਦਾ ਹੈ, ਠੀਕ ਇਸੇ ਤਰਾਂ ਪ੍ਰਮੇਸ਼ਰ ਦੇ ਹੁਕਮ ਰੂਪੀ ਰੱਬੀ
ਅਨੁਸ਼ਾਸਨ ਵਿੱਚ ਰਹਿਣ ਨਾਲ ਸਾਡਾ ਜੀਵਨ ਸੁਖਮਈ ਬਣੇਗਾ। ਜਦੋਂ-ਜਦੋਂ ਵੀ ਅਸੀਂ ਇਸ ਅਨੁਸ਼ਾਸਨ ਤੋਂ
ਬਾਹਰ ਜਾਵਾਂਗੇ ਦੁਖੀ ਹੀ ਹੋਵਾਂਗੇ। ਸਾਡੇ ਵਲੋਂ ਗੁਰੂ ਦੀ ਮਤਿ ਨਾਲੋਂ ਆਪਣੇ ਮਨਿ ਦੀ ਮਤਿ ਉਪਰ
ਵੱਧ ਭਰੋਸਾ ਕਰ ਲੈਣਾ ਸਾਡੇ ਲਈ ਦੁੱਖਾਂ ਦਾ ਕਾਰਣ ਬਣਦਾ ਹੈ। ਸਾਨੂੰ ਚਾਹੀਦਾ ਹੈ ਕਿ ਜੇਕਰ ਅਸੀਂ
ਸੁਖਮਈ ਜੀਵਨ ਬਤੀਤ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਮਨ ਦੀ ਮਤਿ ਨੂੰ ਤਿਆਗਦੇ ਹੋਏ ਪ੍ਰਮੇਸ਼ਰ ਦੇ
ਹੁਕਮ-ਭਾਣੇ ਵਿੱਚ ਰਹਿਣ ਦੀ ਜਾਚ ਸਿੱਖ ਲੈਣੀ ਚਾਹੀਦੀ ਹੈ, ਫਿਰ ਅਸੀਂ ਸੁੱਖਾਂ ਵਿੱਚ ਪ੍ਰਮੇਸ਼ਰ ਨੂੰ
ਭੁੱਲਾਂਗੇ ਨਹੀਂ ਅਤੇ ਦੁੱਖਾਂ ਵਿੱਚ ਉਸ ਪ੍ਰਮੇਸ਼ਰ ਨੂੰ ਉਲਾਹਮੇ ਨਹੀਂ ਦਿਆਂਗੇ। ਸਾਡੀ ਸਮਝ ਵਿੱਚ
ਇਹ ਗੱਲ ਆ ਜਾਵੇਗੀ ਕਿ ਜੇ ਮੇਰੇ ਜੀਵਨ ਵਿੱਚ ਸੁੱਖ ਹੈ ਤਾਂ ਇਹ ਉਸਦੀ ਕ੍ਰਿਪਾ ਨਾਲ ਹੀ ਹੈ। ਇਸ ਦੇ
ਉਲਟ ਜੇ ਦੁੱਖ ਹੈ ਤਾਂ ਇਹ ਮੇਰੇ ਵਲੋਂ ਆਪਣੇ ਮਨ ਦੀ ਮਤਿ ਮਗਰ ਲੱਗ ਕੇ ਕੀਤੇ ਗਏ ਮਾੜੇ ਕਰਮਾਂ ਦਾ
ਹੀ ਫਲ ਹੈ। ਇਸ ਪੱਖ ਉਪਰ ਗੁਰਬਾਣੀ ਸਾਡੀ ਅਗਵਾਈ ਕਰਦੀ ਹੈ-
ਮਨ ਕੀ ਮਤਿ ਤਿਆਗਹੁ ਹਰਿ ਜਨ ਹੁਕਮੁ ਬੂਝਿ ਸੁਖੁ ਪਾਈਐ ਰੇ।।
ਜੋ ਪ੍ਰਭੁ ਕਰੈ ਸੋਈ ਭਲ ਮਾਨਹੁ ਸੁਖਿ ਦੁਖਿ ਓਹੀ ਧਿਆਈਐ ਰੇ।।
(ਗਉੜੀ ਮਹਲਾ ੫-੨੦੯)
ਗੁਰਮਤਿ ਮਾਰਗ ਦੇ ਪਾਂਧੀ ਜਾਣਦੇ ਹਨ ਕਿ ਦੁਰਲੱਭ ਮਨੁੱਖਾ ਜਨਮ ਦੀ ਪ੍ਰਾਪਤੀ
ਪ੍ਰਮੇਸ਼ਰ ਨਾਲ ਮਿਲਾਪ ਹਾਸਲ ਕਰਨ ਲਈ ਮਿਲੀ ਹੈ। ਇਸ ਲਈ ਗੁਰਮੁਖ ਜਨਾਂ ਵਾਲੇ ਮਾਰਗ ਤੇ ਤੁਰਨ ਦੇ
ਯਤਨ ਤਾਂ ਕੀਤੇ ਜਾਂਦੇ ਹਨ, ਪਰ ਪ੍ਰਾਪਤੀ ਨਹੀਂ ਹੁੰਦੀ। ਜੀਵ ਆਤਮਾ ਅਤੇ ਪ੍ਰਮਾਤਮਾ ਦੇ ਦਰਮਿਆਨ
ਹਉਮੈ ਰੂਪੀ ਕੰਧ ਰੁਕਾਵਟ ਬਣ ਕੇ ਖੜੀ ਹੋ ਜਾਂਦੀ ਹੈ। ਹਉਮੈ ਦੇ ਕਾਰਣ ਜੀਵਨ ਅੰਦਰ ਗੁਰੂ ਦੀ ਮਤਿ
ਰੂਪੀ ਗਿਆਨ ਦਾ ਪ੍ਰਕਾਸ਼ ਨਹੀਂ ਹੁੰਦਾ। ਗਿਆਨ ਤੋਂ ਸੱਖਣੇ ਜੀਵਨ ਅੰਦਰ ਸਚਿਆਰਤਾ ਦਾ ਹਮੇਸ਼ਾ ਅਭਾਵ
ਹੀ ਬਣਿਆ ਰਹਿੰਦਾ ਹੈ। ਇਸ ਦੁਬਿਧਾ ਵਿਚੋਂ ਨਿਕਲਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਜਪੁਜੀ ਸਾਹਿਬ ਦੀ
ਬਾਣੀ ਅੰਦਰ ਸਵਾਲ-ਜਵਾਬ ਰਾਹੀਂ ਸੇਧ ਦਿੰਦੇ ਹਨ-
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ।।
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ।।
(ਜਪੁ, ਮਹਲਾ ੧-੧)
ਸਿੱਖ ਇਤਿਹਾਸ ਦੇ ਪੰਨਿਆਂ ਵਿਚੋਂ ਵੀ ਸਾਨੂੰ ਵਿਸ਼ੇ ਸਬੰਧੀ ਬਹੁਤ ਭਾਵ-ਪੂਰਤ
ਜਾਣਕਾਰੀ ਮਿਲਦੀ ਹੈ। ਭਾਈ ਲਹਿਣਾ ਜੀ ਵਲੋਂ ਸ੍ਰੀ ਗੁਰੂ ਨਾਨਕ ਸਾਹਿਬ ਦੇ ਹਰ ਹੁਕਮ ਨੂੰ ਸਤਿ ਕਰਕੇ
ਮੰਨਦੇ ਹੋਏ ਗੁਰੂ ਅੰਗਦ ਪਾਤਸ਼ਾਹ ਦੀ ਪਦਵੀ ਤਕ ਦਾ ਸਫਰ ਪੂਰਾ ਕੀਤਾ ਗਿਆ। ਉਨ੍ਹਾਂ ਨੇ ਗੁਰੂ ਸਾਹਿਬ
ਦੇ ਕਿਸੇ ਵੀ ਹੁਕਮ ਦੀ ਪਾਲਣਾ ਕਰਨ ਤੋਂ ਆਨਾ-ਕਾਨੀ ਨਹੀਂ ਕੀਤੀ, ਸਗੋਂ ਹਰ ਹੁਕਮ ਨੂੰ ਆਪਣੇ ਭਲੇ
ਵਿੱਚ ਜਾਣਦੇ ਹੋਏ ਖਿੜੇ ਮੱਥੇ ਪ੍ਰ੍ਰਵਾਨ ਕੀਤਾ। ਆਪਣੇ ਪ੍ਰੈਕਟੀਕਲ ਜੀਵਨ ਰਾਹੀਂ ਉਨ੍ਹਾਂ ਨੇ ਜੋ
ਕਮਾਇਆ ਅਤੇ ਸਾਨੂੰ ਵੀ ਉਸ ਸਬੰਧੀ ਗੁਰਬਾਣੀ ਅੰਦਰ ਦਰਜ ਇੱਕ ਸਲੋਕ ਰਾਹੀਂ ਸਮਝਾ ਦਿਤਾ ਕਿ ਗੁਰੂ
ਪ੍ਰਮੇਸ਼ਰ ਦੇ ਹਰ ਹੁਕਮ ਨੂੰ ਪੂਰਨ ਰੂਪ ਵਿੱਚ ਪ੍ਰਵਾਨ ਕਰਨ ਦੀ ਥਾਂ ਜਿਸਦੇ ਮਨ ਵਿੱਚ ਦੁਬਿਧਾ
ਹੋਵੇਗੀ, ਉਸ ਨੂੰ ਕਿਸੇ ਵੀ ਪ੍ਰਾਪਤੀ ਦੀ ਆਸ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਇਸ ਮਾਰਗ ਦੇ ਪਹਿਲੇ
ਪੜਾਅ ਉਪਰ ਹੀ ਭਟਕ ਚੁੱਕਾ ਹੈ। ਆਸਾ ਕੀ ਵਾਰ ਅੰਦਰ ਦੂਜੇ ਪਾਤਸ਼ਾਹ ਦਾ ਦਰਜ ਸਲੋਕ ਸਾਨੂੰ ਅਗਵਾਈ
ਦਿੰਦਾ ਹੈ-
ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ।।
ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ।।
(ਵਾਰ ਆਸਾ-ਮਹਲਾ ੨-੪੭੪)
ਆਉ ਜੇਕਰ ਅਸੀਂ ਆਪਣੇ ਮਨੁੱਖਾ ਜੀਵਨ ਦੀ ਮੰਜ਼ਿਲ ਪ੍ਰਮੇਸ਼ਰ ਨਾਲ ਸਾਂਝ ਪਾਉਣਾ
ਚਾੰਹੁਦੇ ਹਾਂ, ਪ੍ਰਮੇਸ਼ਰ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਉਸ ਨਾਲ ਇਕ-ਮਿਕਤਾ ਹਾਸਲ ਕਰਨਾ ਚਾਹੁੰਦੇ
ਹਾਂ ਤਾਂ ਸਾਨੂੰ ਵੀ ਗੁਰਬਾਣੀ ਅੰਦਰ ਦਰਸਾਏ ਹੁਕਮਾਂ ਨੂੰ ਪੂਰਨ ਰੂਪ ਅੰਦਰ ਆਪਣੇ ਭਲੇ ਵਿੱਚ ਸਮਝ
ਕੇ ਮੰਨਣ ਵਾਲੀ ਜੀਵਨ ਜਾਚ ਅਪਨਾਉਣੀ ਪਵੇਗੀ-
ਕਹੁ ਨਾਨਕ ਜਿਨਿ ਹੁਕਮੁ ਪਛਾਤਾ।।
ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ।।
(ਰਾਮਕਲੀ ਮਹਲਾ ੫-੮੮੫)
=======
ਦਾਸਰਾ
ਸੁਖਜੀਤ ਸਿੰਘ ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ/ਲੇਖਕ
201, ਗਲੀ ਨਬੰਰ 6, ਸੰਤਪੁਰਾ
ਕਪੂਰਥਲਾ (ਪੰਜਾਬ)