. |
|
“ਹਉ ਤਉ ਏਕੁ ਰਮਈਆ ਲੈ ਹਉ”
ਦਾਸ ਹਰ ਸਮੇਂ ਇਹੀ ਕੋਸ਼ਿਸ਼ ਕਰਦਾ
ਹੈ ਕਿ ਸੰਗਤਾਂ ਨਾਲ ਸਿੱਖ ਧਰਮ ਦੇ ਕਿਸੇ ਨਾ ਕਿਸੇ ਸਿਧਾਂਤ ਦੀ ਸ਼ਾਂਝ ਪਾਈ ਜਾਵੇ। ਮੰਤਵ ਇਹੀ
ਹੁੰਦਾ ਹੈ ਕਿ ਸਾਡੇ ਸਿੱਖ ਧਰਮ ਸੰਬੰਧੀ ਅਸੂਲ ਪੱਕੇ ਹੋਣ ਜਿਸ ਦੁਆਰਾ ਸੰਗਤਾਂ ਵੱਧ ਤੋਂ ਵੱਧ
ਫਾਇਦਾ ਉਠਾਉਣ ਅਤੇ ਸਿੱਖ ਧਰਮ ਦੀ ਚੜ੍ਹਦੀ ਕਲਾ ਹੋਵੇ।
ਇਸ ਲੇਖ ਵਿਚ ਇੱਕ ਅਕਾਲਪੁਰਖ ਦੇ ਨਾਮ ਦੀ ਦ੍ਰਿੜਤਾ ਦੁਹਰਾਈ ਗਈ ਹੈ ਕਿਉਂਕਿ ਸਿੱਖ ਧਰਮ ਵਿਚ ਇਕ
ਵਾਹਿਗੁਰੂ ਦੀ ਹੀ ਪੂਜਾ ਕੀਤੀ ਜਾਂਦੀ ਹੈ। ਇਸ ਕਰਕੇ ਅਵਤਾਰ ਪੂਜਾ, ਮੂਰਤੀ ਪੂਜਾ, ਦਾਨ, ਪੁੰਨ ਆਦਿ
ਨੂੰ ਕੋਈ ਵਡਿਆਈ ਨਹੀਂ ਦਿੱਤੀ ਜਾਂਦੀ।
ਗੁਰੂ ਗ੍ਰੰਥ ਸਾਹਿਬ ਦੇ ਪੰਨਾ 874 ਤੇ ਇਹ ਸ਼ਬਦ `ਹਉ ਤਉ ਏਕੁ ਰਮਈਆ ਲੈ ਹਉ॥ ਆਨ ਦੇਵ ਬਦਲਾਵਨਿ ਦੈ
ਹਉ॥` ਦਰਜ ਹੈ। ਇਸ ਦੀ ਰਚਨਾ ਭਗਤ ਨਾਮ ਦੇਵ ਜੀ ਨੇ ਕੀਤੀ ਹੈ। ਇਸ ਸ਼ਬਦ ਦੁਆਰਾ ਭਗਤ ਨਾਮ ਦੇਵ ਜੀ
ਕਹਿ ਰਹੇ ਹਨ ਕਿ ਹੇ ਪੰਡਿਤ! ਮੈਂ ਤਾਂ ਸਿਰਫ ਇਕ ਵਾਹਿਗੁਰੂ ਦਾ ਨਾਮ ਹੀ ਜਪਾਂਗਾ ਅਤੇ ਤੁਹਾਡੇ ਹੋਰ
ਸਾਰੇ ਦੇਵੀ-ਦੇਵਤਿਆਂ ਨੂੰ ਵਾਹਿਗੁਰੂ ਦੇ ਨਾਮ ਦੇ ਵੱਟੇ ਵਿਚ ਵੇਚ ਦੇਵਾਂਗਾ। ਭਾਵ ਮੈਂ ਤੁਹਾਡੇ
ਦੇਵੀ-ਦੇਵਤਿਆਂ ਦੀ ਪੂਜਾ ਨਹੀਂ ਕਰਾਂਗਾ।
ਇਸ ਸ਼ਬਦ ਦੀ ਅਖੀਰਲੀ ਤੁੱਕ ਵਿਚ ਹਿੰਦੂਆਂ ਦੀ ਧਾਰਮਿਕ ਪੁਸਤਕ `ਗੀਤਾ` ਵੱਲ ਧਿਆਨ ਦਿਵਾਇਆ ਗਿਆ ਹੈ।
ਇਸ ਤੋਂ ਸਿੱਧ ਹੁੰਦਾ ਹੈ ਕਿ ਭਗਤ ਨਾਮ ਦੇਵ ਕਿਸੇ ਪੰਡਿਤ ਨੂੰ ਸੰਬੋਧਨ ਕਰਕੇ ਉਸ ਨੂੰ ਭੈਰਉ, ਸ਼ਿਵ,
ਮਹਾਂਮਾਈ ਆਦਿ ਦੀ ਪੂਜਾ ਤੋਂ ਵਰਜਦੇ ਹਨ। ਪੂਰਾ ਸ਼ਬਦ ਇਸ ਤਰ੍ਹਾਂ ਹੈ:
ਗੋਂਡ ॥ ਭੈਰਉ ਭੂਤ ਸੀਤਲਾ ਧਾਵੈ ॥ ਖਰ ਬਾਹਨੁ ਉਹੁ ਛਾਰੁ ਉਡਾਵੈ ॥1॥
ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ ਬਦਲਾਵਨਿ ਦੈਹਉ ॥1॥ ਰਹਾਉ ॥ ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥
ਬਰਦ ਚਢੇ ਡਉਰੂ ਢਮਕਾਵੈ ॥2॥ ਮਹਾ ਮਾਈ ਕੀ ਪੂਜਾ ਕਰੈ ॥ ਨਰ ਸੈ ਨਾਰਿ ਹੋਇ ਅਉਤਰੈ ॥3॥ ਤੂ ਕਹੀਅਤ
ਹੀ ਆਦਿ ਭਵਾਨੀ ॥ ਮੁਕਤਿ ਕੀ ਬਰੀਆ ਕਹਾ ਛਪਾਨੀ ॥4॥ ਗੁਰਮਤਿ ਰਾਮ ਨਾਮ ਗਹੁ ਮੀਤਾ ॥ ਪ੍ਰਣਵੈ ਨਾਮਾ
ਇਉ ਕਹੈ ਗੀਤਾ ॥5॥2॥6॥
(ਗੁਰੂ ਗ੍ਰੰਥ ਸਾਹਿਬ, ਪੰਨਾ 874)
ਗੁਰਬਾਣੀ ਅੰਦਰ ਹੋਰ ਭੀ ਅਨੇਕਾਂ ਥਾਵਾਂ ਤੇ ਦੇਵੀ-ਦੇਵਤਿਆਂ ਦੀ ਪੂਜਾ ਵਿਵਰਜਤ ਹੈ। ਉਪਰੋਕਤ ਸ਼ਬਦ
ਦੀ ਵਿਆਖਿਆ ਕਰਨ ਤੋਂ ਪਹਿਲਾਂ ਇਸ ਸੰਬੰਧ ਵਿਚ ਕੁੱਝ ਉਦਾਹਰਨਾਂ ਆਪ ਜੀ ਦੀ ਜਾਣਕਾਰੀ ਵਾਸਤੇ
ਦਿੱਤੀਆਂ ਜਾ ਰਹੀਆਂ ਹਨ:
1. ਮੈਂ ਤਾਂ ਕੇਵਲ ਉਸ ਪਰਮਾਤਮਾ ਨੂੰ ਹੀ ਜਪਦਾ ਹਾਂ ਜਿਸ ਦਾ ਸਿਮਰਨ ਕਰਨ ਨਾਲ ਜਮਾਂ ਦਾ ਦੁੱਖ
ਨਹੀਂ ਰਹਿੰਦਾ ਅਤੇ ਉਸ ਦਾ ਨਾਮ ਜਪਣ ਨਾਲ ਅਨੇਕਾਂ ਪ੍ਰਾਣੀ ਤਰ ਗਏ ਹਨ:
ਰਾਗੁ ਗੋਂਡ ਬਾਣੀ ਨਾਮਦੇਉ ਜੀਉ ਕੀ ਘਰੁ 2 ੴ ਸਤਿਗੁਰ ਪ੍ਰਸਾਦਿ ॥
ਹਰਿ ਹਰਿ ਕਰਤ ਮਿਟੇ ਸਭਿ ਭਰਮਾ ॥ ਹਰਿ ਕੋ ਨਾਮੁ ਲੈ ਊਤਮ ਧਰਮਾ ॥ ਹਰਿ ਹਰਿ ਕਰਤ ਜਾਤਿ ਕੁਲ ਹਰੀ ॥
ਸੋ ਹਰਿ ਅੰਧੁਲੇ ਕੀ ਲਾਕਰੀ ॥1॥ ਹਰਏ ਨਮਸਤੇ ਹਰਏ ਨਮਹ ॥ ਹਰਿ ਹਰਿ ਕਰਤ ਨਹੀ ਦੁਖੁ ਜਮਹ ॥1॥ ਰਹਾਉ
॥ ਹਰਿ ਹਰਨਾਖਸ ਹਰੇ ਪਰਾਨ ॥ ਅਜੈਮਲ ਕੀਓ ਬੈਕੁੰਠਹਿ ਥਾਨ ॥ ਸੂਆ ਪੜਾਵਤ ਗਨਿਕਾ ਤਰੀ ॥ ਸੋ ਹਰਿ
ਨੈਨਹੁ ਕੀ ਪੂਤਰੀ ॥2॥ ਹਰਿ ਹਰਿ ਕਰਤ ਪੂਤਨਾ ਤਰੀ ॥ ਬਾਲ ਘਾਤਨੀ ਕਪਟਹਿ ਭਰੀ ॥ ਸਿਮਰਨ ਦ੍ਰੋਪਦ
ਸੁਤ ਉਧਰੀ ॥ ਗਊਤਮ ਸਤੀ ਸਿਲਾ ਨਿਸਤਰੀ ॥3॥ ਕੇਸੀ ਕੰਸ ਮਥਨੁ ਜਿਨਿ ਕੀਆ ॥ ਜੀਅ ਦਾਨੁ ਕਾਲੀ ਕਉ
ਦੀਆ ॥ ਪ੍ਰਣਵੈ ਨਾਮਾ ਐਸੋ ਹਰੀ ॥ ਜਾਸੁ ਜਪਤ ਭੈ ਅਪਦਾ ਟਰੀ ॥4॥1॥5॥
(ਗੁਰੂ ਗ੍ਰੰਥ ਸਾਹਿਬ, 874)
ਭਾਵ: ਇਸ ਸ਼ਬਦ ਦੁਆਰਾ ਭਗਤ ਨਾਮ ਦੇਵ ਜੀ ਕਹਿੰਦੇ ਹਨ ਕਿ ਮੇਰੀ ਉਸ ਪਰਮਾਤਮਾ ਨੂੰ ਨਮਸਕਾਰ ਹੈ ਜਿਸ
ਦਾ ਸਿਮਰਨ ਕਰਿਆਂ ਜਮਾਂ ਦਾ ਦੁਖ ਨਹੀਂ ਰਹਿੰਦਾ। ਭਾਵ ਪ੍ਰਾਣੀ ਜੀਵਨ ਮੁਕਤ ਹੋ ਜਾਂਦਾ ਹੈ॥ਰਹਾਉ॥
ਪ੍ਰਭੂ ਦਾ ਨਾਮ ਸਿਮਰਿਆਂ ਸਭ ਭਟਕਣਾ ਦੂਰ ਹੋ ਜਾਂਦੀਆਂ ਹਨ। ਹੇ ਭਾਈ! ਨਾਮ ਸਿਮਰ, ਇਹ ਸਭ ਤੋਂ
ਚੰਗਾ ਕੰਮ ਹੈ। ਪ੍ਰਭੂ ਦਾ ਨਾਮ ਸਿਮਰਿਆਂ ਉੱਚੀ-ਨੀਵੀਂ ਜਾਤ-ਕੁਲ ਦਾ ਵਿਤਕਰਾ ਦੂਰ ਹੋ ਜਾਂਦਾ ਹੈ।
ਇਹ ਨਾਮ ਹੀ ਮੇਰੇ ਅੰਨੇ ਦਾ ਆਸਰਾ ਹੈ॥1॥ ਪ੍ਰਭੂ ਨੇ ਹਰਨਾਕਸ਼ ਦੈਂਤ ਨੂੰ ਮਾਰਿਆ ਜੋ ਨਾਮ ਨਹੀਂ ਸੀ
ਜਪਦਾ ਪਰ ਨਾਮ ਜਪਣ ਕਰਕੇ ਅਜਾਮਲ ਪਾਪੀ ਨੂੰ ਤਾਰ ਦਿੱਤਾ। ਉਸ ਹਰੀ ਦਾ ਨਾਮ ਤੋਤੇ ਨੂੰ ਪੜ੍ਹਾਉਣ
ਨਾਲ ਗਨਕਾ ਵੀ ਵਿਕਾਰ ਕਰਨ ਤੋਂ ਹਰ ਗਈ, ਉਹੀ ਪ੍ਰਭੂ ਮੇਰੀਆਂ ਅੱਖਾਂ ਦੀ ਪੁਤਲੀ ਹੈ॥2॥
ਪਰਮਾਤਮਾ ਦਾ ਨਾਮ ਸਿਮਰਿਆਂ ਪੂਤਨਾਂ ਵੀ ਤਰ ਗਈ, ਦਰੋਪਤੀ ਬੇਇਜ਼ਤੀ ਹੋਣ ਤੋਂ ਬਚ ਗਈ ਅਤੇ ਗੋਤਮ ਦੀ
ਨੇਕ ਪਤਨੀ ਜੋ ਗੋਤਮ ਦੇ ਸਰਾਪ ਨਾਲ ਪੱਥਰ ਬਣ ਗਈ ਸੀ, ਦਾ ਭੀ ਪਾਰ ਉਤਾਰਾ ਹੋ ਗਿਆ॥3॥
ਉਸੇ ਪ੍ਰਭੂ ਨੇ ਕੇਸੀ ਅਤੇ ਕੰਸ਼ ਦਾ ਨਾਸ਼ ਕੀਤਾ ਜਿਨ੍ਹਾਂ ਨੇ ਕ੍ਰਿਸ਼ਨ ਨੂੰ ਮਾਰਨ ਦੀ ਯੋਜਨਾ ਬਣਾਈ
ਸੀ। ਉਸੇ ਹੀ ਪ੍ਰਭੂ ਨੇ ਕਾਲੀ ਨਾਗ ਦੀ ਜਿੰਦ ਬਖਸ਼ੀ ਸੀ। ਨਾਮ ਦੇਵ ਬੇਨਤੀ ਕਰਦਾ ਹੈ ਕਿ ਪ੍ਰਭੂ ਐਸਾ
ਬਖਸ਼ਿੰਦ ਹੈ ਕਿ ਉਸ ਦਾ ਨਾਮ ਸਿਮਰਿਆਂ ਸਭ ਡਰ ਤੇ ਮੁਸੀਬਤਾਂ ਟਲ ਜਾਂਦੀਆਂ ਹਨ। ਦੇਵੀ ਦੇਵਤਿਆਂ ਨੂੰ
ਸਿਮਰਨ ਨਾਲ ਕੁੱਝ ਭੀ ਪ੍ਰਾਪਤ ਨਹੀਂ ਹੁੰਦਾ॥4॥
2. ਦੇਵੀ ਦੇਵਤੇ ਤਾਂ ਆਪ ਭਰਮਾਂ ਵਿਚ ਭੁੱਲੇ ਪਏ ਹੋਣ ਕਾਰਨ ਆਪ ਭੀ ਮੁਕਤ ਨਹੀਂ ਹੋ ਸਕੇ। ਇਸ ਕਰਕੇ
ਦੇਵੀ-ਦੇਵਤਿਆਂ ਦੀ ਪੂਜਾ ਵਿਅਰਥ ਹੈ:
ਭਰਮੇ ਸੁਰਿ ਨਰ ਦੇਵੀ ਦੇਵਾ ॥ ਭਰਮੇ ਸਿਧ ਸਾਧਿਕ ਬ੍ਰਹਮੇਵਾ ॥ ਭਰਮਿ
ਭਰਮਿ ਮਾਨੁਖ ਡਹਕਾਏ ॥ ਦੁਤਰ ਮਹਾ ਬਿਖਮ ਇਹ ਮਾਏ ॥
(ਗੁਰੂ ਗ੍ਰੰਥ ਸਾਹਿਬ, ਪੰਨਾ 258)
3. ਹੇ ਭਾਈ! ਜੇ ਦੇਵੀ-ਦੇਵਤਿਆਂ ਨੂੰ ਪੂਜੀਏ ਤਾਂ ਇਹ ਕੁੱਝ ਵੀ ਨਹੀਂ ਦੇ ਸਕਦੇ, ਇਸ ਕਰਕੇ ਮੈਂ
ਇਹਨਾਂ ਤੋਂ ਕੁੱਝ ਵੀ ਨਹੀਂ ਮੰਗਦਾ। ਇਨ੍ਹਾਂ ਦੀ ਸੇਵਾ ਤਾਂ ਇਸ ਪ੍ਰਕਾਰ ਹੈ ਜਿਸ ਤਰ੍ਹਾਂ ਕਿ ਜੇ
ਪੱਥਰ ਨੂੰ ਪਾਣੀ ਨਾਲ ਧੋਂਦੇ ਰਹੀਏ ਤਾਂ ਭੀ ਉਹ ਪੱਥਰ ਪਾਣੀ ਵਿਚ ਡੁੱਬ ਜਾਂਦੇ ਹਨ। ਆਪਣੇ
ਪੁਜਾਰੀਆਂ ਨੂੰ ਕਿਵੇਂ ਭਵ ਸਾਗਰ ਤੋਂ ਪਾਰ ਲੰਘਾ ਸਕਦੇ ਹਨ?
ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ॥ ਪਾਹੁਣ ਨੀਹਿ ਪਖਾਲੀਐ
ਭਾਈ ਜਲ ਮਹਿ ਬੂਡਹਿ ਤੇਹਿ ॥
(ਗੁਰੂ ਗ੍ਰੰਥ ਸਾਹਿਬ, ਪੰਨਾ 637)
4. ਹੇ ਭਾਈ! ਉਸ ਅਕੱਥ ਪਰਮਾਤਮਾ ਨੂੰ ਧਿਆਇਆ ਕਰ ਜਿਸ ਦਾ ਉੱਤਮ ਜਸ ਮਹਾਂ ਭਾਰਤ ਦੇ ਅਨੇਕਾਂ
ਪ੍ਰਸੰਗ, ਪੁਰਾਸ ਅਤੇ ਸ਼ਾਸਤਰ ਗਾਉਂਦੇ ਹਨ। ਸ਼ਿਵ ਜੀ ਅਤੇ ਤੇਤੀ ਕਰੋੜ ਦੇਵਤਿਆਂ ਨੇ ਭੀ ਪ੍ਰਭੂ ਦਾ
ਧਿਆਨ ਹੀ ਧਰਿਆ ਹੈ ਪਰ ਪ੍ਰਭੂ ਦਾ ਭੇਦ ਨਹੀਂ ਪਾ ਸਕੇ।
ਕ੍ਰੋੜਿ ਤੇਤੀਸ ਧਿਆਇਓ ਨਹੀ ਜਾਨਿਓ ਹਰਿ ਮਰਮਾਮ ॥1॥ ਸੁਰਿ ਨਰ ਗਣ
ਗੰਧ੍ਰਬ ਜਸੁ ਗਾਵਹਿ ਸਭ ਗਾਵਤ ਜੇਤ ਉਪਾਮ ॥
(ਗੁਰੂ ਗ੍ਰੰਥ ਸਾਹਿਬ, ਪੰਨਾ 719)
5. ਹੇ ਭਾਈ! ਬ੍ਰਹਮਾ ਵਰਗੇ ਅਨੇਕ ਵੇਦ ਪੜ੍ਹ-ਪੜ੍ਹ ਕੇ ਥੱਕ ਗਏ ਪਰ ਪਰਮਾਤਮਾ ਤੇਰੀ ਕਦਰ
ਨਾ ਸਮਝ ਸਕੇ, ਸਾਧਨਾ ਕਰਨ ਵਾਲੇ ਅਤੇ ਕਰਾਮਾਤੀ ਜੋਗੀ ਤੇਰੇ ਦਰਸ਼ਨਾਂ ਨੂੰ ਵਿਲਕਦੇ ਰਹੇ ਪਰ ਉਹ
ਮਾਇਆ ਵਿਚ ਫਸ ਗਏ, ਤੇਰਾ ਅੰਤ ਨਾ ਪਾ ਸਕੇ ॥2॥
ਹੇ ਭਾਈ! ਵਿਸ਼ਨੂੰ ਦੇ ਦਸ ਅਵਤਾਰ ਆਪੋ ਆਪਣੀ ਜੁਗ ਵਿਚ ਸਤਿਕਾਰ ਪ੍ਰਾਪਤ ਕਰਦੇ ਰਹੇ। ਸ਼ਿਵ ਜੀ ਬੜਾ
ਤਿਆਗੀ ਅੇਤ ਪ੍ਰਸਿੱਧ ਹੋਇਆ ਪਰ ਉਹ ਭੀ ਵਾਹਿਗੁਰੂ ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕੇ ਅਤੇ ਪਿੰਡੇ
ਉਪਰ ਸੁਆਹ ਮਲ-ਮਲ ਕੇ ਥੱਕ ਗਏ। ਫਿਰ ਇਨ੍ਹਾਂ ਦੀ ਪੂਜਾ ਦਾ ਕੀ ਲਾਭ ॥3॥
ਬੇਦ ਪੜੇ ਪੜਿ ਬ੍ਰਹਮੇ ਹਾਰੇ ਇਕੁ ਤਿਲੁ ਨਹੀ ਕੀਮਤਿ ਪਾਈ ॥ ਸਾਧਿਕ ਸਿਧ
ਫਿਰਹਿ ਬਿਲਲਾਤੇ ਤੇ ਭੀ ਮੋਹੇ ਮਾਈ ॥2॥ ਦਸ ਅਉਤਾਰ ਰਾਜੇ ਹੋਇ ਵਰਤੇ ਮਹਾਦੇਵ ਅਉਧੂਤਾ ॥ ਤਿਨ੍ ਭੀ
ਅੰਤੁ ਨ ਪਾਇਓ ਤੇਰਾ ਲਾਇ ਥਕੇ ਬਿਭੂਤਾ ॥3॥
(ਗੁਰੂ ਗ੍ਰੰਥ ਸਾਹਿਬ, ਪੰਨਾ 747)
6. ਸ਼ੰਕਰ, ਦੇਵੀ-ਦੇਵਤੇ ਤੇਰਾ ਅੰਤ ਨਹੀਂ ਪਾ ਸਕੇ। ਪਰਮਾਤਮਾ ਸਭ ਤੋਂ ਉਪਰ ਹੈ।
ਸੰਕਰਾ ਨਹੀ ਜਾਨਹਿ ਭੇਵ ॥ ਖੋਜਤ ਹਾਰੇ ਦੇਵ ॥ ਦੇਵੀਆ ਨਹੀ ਜਾਨੈ ਮਰਮ ॥
ਸਭ ਊਪਰਿ ਅਲਖ ਪਾਰਬ੍ਰਹਮ ॥
(ਗੁਰੂ ਗ੍ਰੰਥ ਸਾਹਿਬ, ਪੰਨਾ 894)
7. ਮੈਂ ਤਾਂ ਉਸ ਪ੍ਰਭੂ ਦੇ ਦਰ ਤੋਂ ਹੀ ਮੰਗਦਾ ਹਾਂ ਜਿਸ ਦੇ ਦਰ ਤੇ ਕ੍ਰੋੜਾਂ ਸੂਰਜ ਚਾਨਣ ਕਰ ਰਹੇ
ਹਨ, ਜਿਸ ਦੇ ਦਰ ਤੇ ਕ੍ਰੋੜਾਂ ਸ਼ਿਵਜੀ ਅਤੇ ਕੈਲਾਸ਼ ਹਨ, ਕ੍ਰੋੜਾਂ ਦੁਰਗਾ ਜਿਸ ਦੇ ਚਰਨ ਮਲਦੀਆਂ ਹਨ
ਅਤੇ ਕ੍ਰੋੜਾਂ ਹੀ ਬ੍ਰਹਮਾ ਜਿਸ ਦੇ ਦਰ ਤੇ ਵੇਦ ਉਚਾਰ ਰਹੇ ਹਨ ॥2॥
ਮੈਂ ਜਦੋਂ ਭੀ ਕੁੱਝ ਮੰਗਦਾ ਹਾਂ ਤਾਂ ਸਿਰਫ ਪ੍ਰਭੂ ਦੇ ਦਰ ਤੋਂ ਹੀ ਮੰਗਦਾ ਹਾਂ, ਮੈਨੂੰ ਕਿਸੇ ਹੋਰ
ਦੇਵਤੇ ਨਾਲ ਕੋਈ ਗਰਜ਼ ਨਹੀਂ॥
ਇਸ ਕਰਕੇ ਇਨ੍ਹਾਂ ਦੀ ਪੂਜਾ ਨਹੀਂ ਕਰਦਾ॥2॥ ਰਹਾਉ॥
ਕੋਟਿ ਸੂਰ ਜਾ ਕੈ ਪਰਗਾਸ ॥ ਕੋਟਿ ਮਹਾਦੇਵ ਅਰੁ ਕਬਿਲਾਸ ॥ ਦੁਰਗਾ ਕੋਟਿ
ਜਾ ਕੈ ਮਰਦਨੁ ਕਰੈ ॥ ਬ੍ਰਹਮਾ ਕੋਟਿ ਬੇਦ ਉਚਰੈ ॥1॥ ਜਉ ਜਾਚਉ ਤਉ ਕੇਵਲ ਰਾਮ ॥ ਆਨ ਦੇਵ ਸਿਉ ਨਾਹੀ
ਕਾਮ ॥1॥ ਰਹਾਉ ॥
(ਗੁਰੂ ਗ੍ਰੰਥ ਸਾਹਿਬ, ਪੰਨਾ 1162)
8. ਹੇ ਭਾਈ ਬ੍ਰਹਮਾ ਇਨ੍ਹਾਂ ਵੱਡਾ ਦੇਵਤਾ ਮੰਨਿਆ ਜਾਂਦਾ ਹੈ ਅਤੇ ਹਿੰਦੂ ਧਰਮ ਕਹਿੰਦਾ ਹੈ ਕਿ
ਪਰਮਾਤਾ ਨੇ ਚਾਰੇ ਵੇਦ ਬ੍ਰਹਮਾ ਨੂੰ ਦਿੱਤੇ ਭਾਵ ਬ੍ਰਹਮਾ ਨੇ ਚਾਰ ਵੇਦ ਰਚੇ। ਬ੍ਰਹਮਾ ਉਹਨਾਂ ਦੀ
ਮੁੜ-ਮੁੜ ਵਿਚਾਰ ਕਰਦਾ ਰਿਹਾ ਪਰ ਉਹ ਵਿਚਾਰ ਇਹ ਨਾ ਸਮਝ ਸਕਿਆ ਕਿ ਪਰਮਾਤਮਾ ਦਾ ਹੁਕਮ ਮੰਨਣਾ ਸਹੀ
ਜੀਵਨ ਰਾਹ ਹੈ ਅਤੇ ਨਰਕ ਸੁਰਗ ਦੀਆਂ ਵਿਚ ਹੀ ਫਿਰਦਾ ਰਿਹਾ॥6॥
ਹੇ ਭਾਈ! ਕਿਸ਼ਨ, ਰਾਮ ਆਦਿ ਆਪ ਆਪਣੇ ਜੁਗਾਂ ਦੇ ਹਮਾਂ ਪੁਰਖ ਹੋਏ, ਲੋਕ ਉਨ੍ਹਾਂ ਨੂੰ ਪਰਮਾਤਮਾ ਦੇ
ਅਵਤਾਰ ਮੰਨ ਕੇ ਸਲਾਹੁੰਦੇ ਆ ਰਹੇ ਹਨ ਪਰ ਉਹ ਭੀ ਪਰਮਾਤਮਾ ਦੇ ਗੁਣਾਂ ਦਾ ਅੰਤ ਨਾ ਲਭ ਸਕੇ॥7॥
ਚਾਰੇ ਵੇਦ ਬ੍ਰਹਮੇ ਕਉ ਦੀਏ ਪੜਿ ਪੜਿ ਕਰੇ ਵੀਚਾਰੀ ॥ ਤਾ ਕਾ ਹੁਕਮੁ ਨ
ਬੂਝੈ ਬਪੁੜਾ ਨਰਕਿ ਸੁਰਗਿ ਅਵਤਾਰੀ ॥6॥ ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ ॥ ਤਿਨ ਭੀ
ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ ॥7॥
(ਗੁਰੂ ਗ੍ਰੰਥ ਸਾਹਿਬ, ਪੰਨਾ 423)
9. ਕਹਿੰਦੇ ਹਨ ਕਿ ਬ੍ਰਹਮਾ ਨੇ ਵੇਦਾਂ ਦੀ ਬਾਣੀ ਪ੍ਰਗਟ ਕੀਤੀ ਉਹ ਬਹੁਤ ਸਿਆਣਾ ਸੀ (ਪਰ ਉਹ ਆਪਣੀ
ਹੀ ਧੀ ਤੇ ਮੋਹਿਤ ਹੋ ਗਿਆ) ਅਤੇ ਉਸ ਨੇ ਮਾਇਆ ਮੋਹ ਦਾ ਹੀ ਖਿਲਾਰਾ ਖਿਲਾਰਿਆ॥ ਕਹਿੰਦੇ ਹਨ ਕਿ
ਮਹਾਂਦੇਵ (ਸ਼ਿਵ ਜੀ) ਆਤਮਿਕ ਜੀਵਨ ਦੀ ਸੂਜ ਵਾਲਾ ਹੈ ਅਤੇ ਉਹ ਆਪਣੇ ਹੀ ਹਿਰਦੇ ਘਰ ਵਿਚ ਮਸਤ
ਰਹਿੰਦਾ ਹੈ ਪਰ ਅੰਦਰੋਂ ਬੜਾ ਕਰੋਧੀ ਹੈ ਅਤੇ ਹੰਕਾਰ ਕਰਦਾ ਹੈ (ਆਪਣੇ ਕ੍ਰੋਧ ਅਨੁਸਾਰ ਉਸ ਨੇ ਆਪਣੇ
ਹੀ ਪੁੱਤਰ ਦਾ ਸਿਰ ਵੱਢ ਦਿੱਤਾ) ॥2॥
ਵਿਸ਼ਨੂੰ ਸਦਾ ਅਵਤਾਰ ਧਾਰਨ ਵਿਚ ਰੁੱਝਾ ਦੱਸਿਆ ਜਾਂਦਾ ਹੈ ਤਾਂ ਦੱਸੋਂ ਕਿ ਜਗਤ ਕਿਸ ਦੇ ਚਰਨੀ ਲੱਗ
ਕੇ ਭਵ-ਸਾਗਰ ਤੋਂ ਪਾਰ ਲੰਘੇ। ਜਿਹੜੇ ਮਨੁੱਖ ਗੁਰੂ ਦੀ ਚਰਨੀਂ ਲੱਗ ਕੇ ਆਪਣੇ ਗੁਰੂ ਤੋਂ ਮਿਲੇ
ਆਤਮਿਕ ਗਿਆਨ ਵਿਚ ਰੰਗੇ ਰਹਿੰਦੇ ਹਨ, ਉਨ੍ਹਾਂ ਦਾ ਅੰਦਰੋਂ ਮੋਹ ਦਾ ਘੁੱਪ ਹਨੇਰਾ ਹੋ ਜਾਂਦਾ ਹੈ॥3॥
(ਪੰਨਾ 559)
ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ ॥ ਮਹਾਦੇਉ ਗਿਆਨੀ ਵਰਤੈ
ਘਰਿ ਆਪਣੈ ਤਾਮਸੁ ਬਹੁਤੁ ਅਹੰਕਾਰਾ ॥2॥ ਕਿਸਨੁ ਸਦਾ ਅਵਤਾਰੀ ਰੂਧਾ ਕਿਤੁ ਲਗਿ ਤਰੈ ਸੰਸਾਰਾ ॥
ਗੁਰਮੁਖਿ ਗਿਆਨਿ ਰਤੇ ਜੁਗ ਅੰਤਰਿ ਚੂਕੈ ਮੋਹ ਗੁਬਾਰਾ ॥3॥
(ਗੁਰੂ ਗ੍ਰੰਥ ਸਾਹਿਬ, ਪੰਨਾ 559)
ਭਾਵ: ਪਰਮਾਤਮਾ ਨੇ ਹੀ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਪੈਦਾ ਕੀਤੇ। ਬ੍ਰਹਮਾ ਨੂੰ ਉਸ ਨੇ ਵੇਦ ਦਿੱਤੇ
ਅਤੇ ਲੋਕਾਂ ਪਾਸੋਂ ਇਨ੍ਹਾਂ ਦੀ ਪੂਜਾ ਕਰਾਉਣ ਵਿਚ ਰਝਾ ਦਿੱਤਾ। ਵਿਸ਼ਨੂੰ ਦਸ ਅਵਤਾਰਾਂ ਵਿਚ ਰਾਮ
ਆਦਿ ਰੂਪ ਧਾਰਦਾ ਰਿਹਾ ਤੇ ਹੱਲੇ ਕਰ ਕਰ ਦੈਂਤਾਂ ਨੂੰ ਮਾਰਦਾ ਰਿਹਾ। ਇਹ ਸਾਰੇ ਅਵਤਾਰ ਪ੍ਰਭੂ ਦੇ
ਹੁਕਮ ਵਿਚ ਹੋਏ। ਸ਼ਿਵ ਦੇ ਅਵਤਾਰਾਂ ਨੇ ਤਪ ਸਾਧੇ ਪਰ ਪ੍ਰਭੂ ਦਾ ਅੰਤ ਨਾ ਪਾ ਸਕੇ।
10. ਬ੍ਰਹਮਾ ਬਿਸਨੁ ਮਹੇਸੁ ਦੇਵ ਉਪਾਇਆ ॥ ਬ੍ਰਹਮੇ ਦਿਤੇ ਬੇਦ ਪੂਜਾ
ਲਾਇਆ ॥ ਦਸ ਅਵਤਾਰੀ ਰਾਮੁ ਰਾਜਾ ਆਇਆ ॥ ਦੈਤਾ ਮਾਰੇ ਧਾਇ ਹੁਕਮਿ ਸਬਾਇਆ ॥ ਈਸ ਮਹੇਸੁਰੁ ਸੇਵ
ਤਿਨ੍ੀ ਅੰਤੁ ਨ ਪਾਇਆ ॥
(ਗੁਰੂ ਗ੍ਰੰਥ ਸਾਹਿਬ, ਪੰਨਾ 1279)
ਭਾਵ: ਜੇ ਰਾਮ ਪਰਮਾਤਮਾ ਹੈ ਤਾਂ ਫਿਰ ਝੂਰਦਾ ਕਿਉਂ ਹੈ ਫਿਰ ਉਸਨੇ ਸੀਤਾ ਖਾਤਰ ਹਨੂੰਮਾਨ ਨੂੰ ਕਿਉਂ
ਯਾਦ ਕੀਤਾ।
11. ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣ ਜੋਗੁ ॥ ਹਣਵੰਤਰੁ ਆਰਾਧਿਆ
ਆਇਆ ਕਰਿ ਸੰਜੋਗੁ ॥ ਭੂਲਾ ਦੈਤੁ ਨ ਸਮਝਈ ਤਿਨਿ ਪ੍ਰਭ ਕੀਏ ਕਾਮ ॥ ਨਾਨਕ ਵੇਪਰਵਾਹੁ ਸੋ ਕਿਰਤੁ ਨ
ਮਿਟਈ ਰਾਮ ॥
(ਗੁਰੂ ਗ੍ਰੰਥ ਸਾਹਿਬ, ਪੰਨਾ 1412)
ਇਸ ਤਰ੍ਹਾਂ ਉਪਰ ਦਿੱਤੀਆਂ ਉਦਾਹਰਨਾਂ ਤੋਂ ਇਹ ਭੀ ਸਿੱਧ ਹੋਇਆ ਕਿ ਦੇਵੀ-ਦੇਵਤੇ ਆਦਿ ਸਭ ਪਰਮਾਤਮਾ
ਦੇ ਹੀ ਪੈਦਾ ਕੀਤੇ ਹੋਏ ਹਨ। ਇਸ ਕਰਕੇ ਪਰਮਾਤਮਾ ਨੂੰ ਛੱਡ ਕੇ ਇਨ੍ਹਾਂ ਦੇਵੀ-ਦੇਵਤਿਆਂ, ਅਵਤਾਰਾਂ
ਨੂੰ ਕਿਉਂ ਪੂਜਿਆ ਜਾਵੇ?
ਹੁਣ ਅਸੀਂ ਵੇਖਦੇ ਹਾਂ ਕਿ ਭਗਤ ਨਾਮ ਦੇਵ ਨੇ ਸਾਨੂੰ ਇਸ ਸ਼ਬਦ ਦੁਆਰਾ ਦੇਵੀ-ਦੇਵਤਿਆਂ ਦੀ ਪੂਜਾ
ਸੰਬੰਧੀ ਕੀ ਉਪਦੇਸ਼ ਦਿੱਤਾ ਹੈ।
ਔਖੇ ਸ਼ਬਦਾਂ ਦੇ ਅਰਥ:
1. ਭੈਰਊ: ਇੱਕ ਜਤੀ ਸੀ, ਇਸ ਦੀ ਸਵਾਰੀ ਕਾਲਾ ਕੁੱਤਾ ਹੈ, ਸ਼ਿਵ ਜੀ ਦੀਆਂ 8 ਭਿਆਨਕ ਸ਼ਕਲਾਂ
ਵਿਚੋਂ ਇਕ ਭੈਰਉ ਹੈ।
2. ਖਰ ਬਾਹਰਨ: ਖੋਤੇ ਦੀ ਸਵਾਰੀ ਕਰਨ ਵਾਲਾ।
3. ਛਾਰੁ: ਸੁਆਹ, 4. ਮਹਾਂ ਮਾਈ: ਪਾਰਬਤੀ, 5. ਭਵਾਨੀ: ਦੁਰਗਾ ਦੇਵੀ, 6. ਗਹੁ: ਆਸਰਾ ਲੈਣਾ।
ਅਰਥ: ਹੇ ਪੰਡਿਤ! ਮੈਂ ਤਾਂ ਇਕ ਸਹੋਣੇ ਰਾਮ ਦਾ ਨਾਮ ਹੀ ਲਵਾਂਗਾ। ਤੁਹਾਡੇ ਹੋਰ ਸਾਰੇ ਦੇਵਤਿਆਂ
ਨੂੰ ਉਸ ਨਾਮ ਦੇ ਵੱਟੇ ਵਿਚ ਦੇ ਦਿਆਂਗਾ ਜਾਨੀਕਿ ਪ੍ਰਭ ਨਾਮ ਦੇ ਮੁਕਾਬਲੇ ਮੈਨੂੰ ਤੁਹਾਡੇ ਕਿਸੇ ਭੀ
ਦੇਵੀ-ਦੇਵਤੇ ਦੀ ਪੂਜਾ ਦੀ ਲੋੜ ਨਹੀਂ॥1॥ ਰਹਾਉ॥
1. ਜੋ ਮਨੁੱਖ ਭੈਰੋ ਦੀ ਅਰਾਧਨਾ ਕਰਦਾ ਹੈ ਉਹ ਵੱਧ ਤੋਂ ਵੱਧ ਭੈਰੋ ਵਰਗਾ ਹੀ ਭੂਤ ਬਣ ਜਾਂਦਾ ਹੈ
ਕਿਉਂਕਿ ਭੈਰੋਂ ਦੀ ਸ਼ਕਲ ਭੂਤ ਵਰਗੀ ਡਰਾਉਣੀ ਹੁੰਦੀ ਹੈ ਅਤੇ ਉਸ ਦੀ ਸਵਾਰੀ ਕਾਲੇ ਕੁੱਤੇ ਦੀ ਹੁੰਦੀ
ਹੈ। ਜੋ ਮਨੁੱਖ ਸੀਤਲਾ ਦੇਵੀ ਦੀ ਅਰਾਧਨਾ ਕਰਦਾ ਹੈ ਉਹ ਸੀਤਲਾ ਵਾਂਗ ਹੀ ਖੋਤੇ ਦੀ ਸਵਾਰੀ ਕਰਦਾ ਹੈ
ਅਤੇ ਖੋਤੇ ਵਾਂਗ ਲਿਟ ਕੇ ਸੁਆਹ ਹੀ ਉਡਾਉਂਦਾ ਹੈ। ਇਸ ਕਰਕੇ ਮੈਂ ਭੈਰਉ ਜਾਂ ਸੀਤਲਾ ਨੂੰ ਨਹੀਂ
ਮੰਨਦਾ॥1॥
2. ਜੋ ਮਨੁੱਖ ਸ਼ਿਵ ਦਾ ਨਾਮ ਜਪਦਾ ਹੈ ਉਹ ਵੱਧ ਤੋਂ ਵੱਧ ਜੋ ਕੁੱਝ ਹਾਸਲ ਕਰ ਸਕਦਾ ਹੈ ਕਿ ਉਹ ਸ਼ਿਵ
ਦਾ ਰੂਪ ਧਾਰ ਕੇ ਡੰਭਰੂ ਬਲਦ ਦੀ ਸਵਾਰੀ ਕਰਦਾ ਹੈ ਅਤੇ ਸ਼ਿਵ ਵਾਂਗ ਡੰਭਰੂ ਵਜਾਉਂਦਾ ਹੈ ਅਤੇ ਸ਼ਿਵ
ਵਾਂਗ ਗੁੱਸੇ ਖੋਰ ਹੋ ਜਾਂਦਾ ਹੈ। ਇਸ ਕਰਕੇ ਮੈਂ ਸ਼ਿਵ ਦੀ ਪੂਜਾ ਨਹੀਂ ਕਰਦਾ ॥2॥
3. ਜੋ ਮਨੁੱਖ ਪਾਰਬਤੀ ਦੀ ਪੂਜਾ ਕਰਦਾ ਹੈ ਉਹ ਮਨੁੱਖ ਤੋਂ ਜ਼ਨਾਨੀ ਬਣ ਕੇ ਜਨਮ ਲੈਂਦਾ ਹੈ ਕਿਉਂ ਕਿ
ਪੂਜਾ ਕਰਨ ਵਾਲਾ ਆਪਣੇ ਪੂਜਯ ਦਾ ਹੀ ਰੂਪ ਬਣ ਸਕਦਾ ਹੈ। ਜੈਸਾ ਸੇਵੇ ਤੇਸਾ ਹੋਵੈ॥ ਇਸ ਕਰਕੇ ਮੈਂ
ਪਾਰਬਤੀ ਦੀ ਵੀ ਪੂਜਾ ਨਹੀਂ ਕਰਦਾ ॥3॥
4. ਹੇ ਭਵਾਨੀ! ਹੇ ਦੁਰਗਾ! ਤੂੰ ਆਪਣੇ ਆਪ ਨੂੰ ਸਭ ਮੁੱਢ ਅਖਵਾਉਂਦੀ ਹੈਂ, ਪਰ ਆਪਣੇ ਭਗਤਾਂ ਨੂੰ
ਮੁਕਤੀ ਦੇਣ ਵੇਲੇ ਤੂੰ ਭੀ ਪਤਾ ਨਹੀਂ ਕਿੱਥੇ ਲੁਕੀ ਰਹਿੰਦੀ ਹੈ। ਭਾਵ ਦੁਰਗਾ ਮੁਕਤੀ ਤੇਰੇ ਪਾਸ ਭੀ
ਨਹੀਂ ਹੈ। ਇਸ ਕਰਕੇ, ਦੁਰਗਾ ਮੈਂ ਤੈਨੂੰ ਭੀ ਨਹੀਂ ਧਿਆਵਾਂਗਾ। ਮੈਂ ਤਾਂ ਪਰਮਾਤਮਾ ਨੂੰ ਹੀ
ਧਿਆਵਾਂਗਾ ਜਿਸ ਨੇ ਤੈਨੂੰ ਭੀ ਪੈਦਾ ਕੀਤਾ ਹੈ।
ਅੰਤ ਵਿਚ ਭਗਤ ਨਾਮ ਦੇਵ ਜੀ ਬੇਨਤੀ ਕਰਦੇ ਹਨ ਕਿ ਹੇ ਮਿੱਤਰ! ਹੇ ਪੰਡਿਤ! ਤੂੰ ਭੀ ਸਤਿਗੁਰ ਦੀ
ਸਿੱਖਿਆ ਲੈ ਕੇ, ਦੇਵੀ-ਦੇਵਤਿਆਂ ਨੂੰ ਛੱਡਕੇ, ਪਰਮਾਤਮਾ ਦੇ ਨਾਮ ਦੀ ਹੀ ਓਟ ਲੈ। ਤੁਹਾਡੀ ਧਾਰਮਿਕ
ਪੁਸਤਕ, ਗੀਤਾ ਭੀ ਇਹੀ ਕਹਿੰਦੀ ਹੈ।
ਇਸ ਵਾਸਤੇ ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ। ਪ੍ਰਭੂ ਹੀ ਮੁਕਤੀ ਦਾਤਾ ਹੈ। ਦੇਵੀ ਦੇਵਤੇ
ਮੁਕਤੀ ਦੇਣ ਦੇ ਸਮਰਥ ਨਹੀਂ। ਉਹ ਸਿੱਧ ਜੋ ਅੱਜ ਤੱਕ ਇਨ੍ਹਾਂ ਦੇਵੀ-ਦੇਵਤਿਆਂ ਦੇ ਭਰਮ-ਜਾਲਾਂ ਵਿਚ
ਫਸੇ ਹੋਏ ਹਨ, ਦੇ ਚਰਨਾਂ ਵਿਚ ਬੇਨਤੀ ਹੈ ਕਿ ਇਸ ਸ਼ਬਦ ਤੋਂ ਸਿੱਖਿਆ ਲੈ ਕੇ, ਇਕ ਪਰਮਾਤਮਾ ਦੀ ਓਟ
ਲੈਣ। ਜੋ ਪਰਮਾਤਮਾ ਸਰਬ-ਵਿਆਪਕ ਹੈ, ਮੁਕਤੀ ਦਾਤਾ ਹੈ।
ਨਿਰਭਉ ਜਪੈ ਸਗਲ ਭਉ ਮਿਟੈ॥ ਪ੍ਰਭੂ ਕਿਰਪਾ ਤੇ ਪ੍ਰਾਣੀ ਛੁਟੈ॥
(ਸੁਖਮਨੀ, ਪੰਨਾ 293)
ਹੇ ਗੁਰੂ! ਦਾਸ ਤੇ ਭੀ ਕ੍ਰਿਪਾ ਕਰ ਦਿਉ, ਹੋਰ ਭੁੱਲਾਂ ਤੋਂ ਬਚਾ ਕੇ ਆਪਣੇ ਚਰਨਾਂ ਦੀ ਪ੍ਰੀਤੀ ਅਤੇ
ਸਿੱਖੀ ਦੀ ਪ੍ਰਪੱਕਤਾ ਬਖਸ਼ੋ ਜੀ!
ਧੰਨ ਹਨ ਭਗਤ ਨਾਮ ਦੇਵ ਜੀ ਜਿਨ੍ਹਾਂ ਨੇ ਉਸ ਵੇਲੇ, ਮੂਰਤੀ ਪੂਜਾ, ਦੇਵੀ ਦੇਵਤਿਆਂ ਦੀ ਪੂਜਾ ਦਾ
ਖੰਡਨ ਕੀਤਾ, ਜਦੋਂ ਪੰਡਿਤਾਂ ਤੋਂ ਬਗੈਰ ਹੋਰ ਕੋਈ ਪਾਠ-ਪੂਜਾ ਦਾ ਅਧਿਕਾਰੀ ਨਹੀਂ ਸੀ। ਪੰਡਿਤਾਂ ਨੇ
ਭਗਤ ਨਾਮ ਦੇਵ ਜੀ ਨੂੰ ਮੰਦਰ ਵਿੱਚੋਂ ਧੱਕੇ ਮਾਰੇ, ਹਾਥੀ ਅੱਗੇ ਸੁੱਟਿਆ ਅਤੇ ਹੋਰ ਅਨੇਕਾਂ ਕਸ਼ਟ
ਦਿੱਤੇ ਪਰ ਆਪ ਨੇ ਸੱਚ ਦੀ ਆਵਾਜ਼ ਨੂੰ ਹਮੇਸ਼ਾਂ ਬੁਲੰਦ ਰੱਖਿਆ।
ਭਗਤ ਨਾਮ ਦੇਵ ਜੀ ਦੀ ਬਾਣੀ ਦਾ ਆਸ਼ਾ, ਗੁਰੂ ਨਾਨਕ ਦੀ ਫਿਲਾਸਫੀ ਨਾਲ ਬਿਲਕੁਲ ਮੇਲ ਖਾਂਦਾ ਹੈ। ਇਸ
ਕਰਕੇ ਗੁਰੂ ਨਾਨਕ ਨੇ ਭਗਤ ਨਾਮ ਦੇਵ ਦੀ ਬਾਣੀ, ਆਪਣੀਆਂ ਉਦਾਸੀਆਂ ਦੌਰਾਨ ਇੱਕਠੀ ਕੀਤੀ, ਜਿਸਨੂੰ
ਬਾਅਦ ਵਿਚ ਗੁਰੂ ਅਰਜਨ ਦੇਵ ਜੀ ਨੇ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ, ਇਨ੍ਹਾਂ ਦੀ ਬਾਣੀ
ਬਾਕੀ ਭਗਤਾਂ ਅਤੇ ਗੁਰੂਆਂ ਨਾਲ ਸੰਬੰਧਤ ਰਾਗਾਂ ਵਿਚ ਦਰਜ ਕਰਕੇ, ਆਪਣੇ ਬਰਾਬਰ ਸਤਿਕਾਰ ਦਿੱਤਾ।
ਅੰਤ ਵਿਚ ਭਗਤ ਨਾਮ ਦੇਵ ਜੀ ਦਾ ਸੰਖੇਪ ਜੀਵਨ ਵੇਰਵਾ ਦੇ ਕੇ ਇਸ ਲੇਖ ਦੀ ਸਮਾਪਤੀ ਕੀਤੀ ਜਾਂਦੀ ਹੈ।
ਜਨਮ ਸਥਾਨ: ਪਿੰਡ ਨਾਰਸੀ, ਜਿਲ੍ਹਾ ਸਤਾਰਾ, ਬੰਬਈ, ਮਹਾਰਾਸ਼ਟਰ, ਭਾਰਤ।
ਜਨਮ ਦਿਹਾੜਾ: ਕੱਤਕ ਸੁਦੀ ਏਕਾਦਸ਼ੀ ਜਾਨੀ ਕਿ ਨਵੰਬਰ ਮਹੀਨਾ, ਸੰਮਤ 1270, 1192 ਈਸਵੀ।
ਮੌਤ: ਜਿੰਦਗੀ ਦਾ ਜਿਆਦਾ ਸਮਾਂ ਪੰਡਰਪੁਰ ਵਿਚ ਗੁਜ਼ਾਰਿਆ ਅਤੇ ਅੰਤ 80 ਸਾਲ ਦੀ ਉਮਰ ਭੋਗ ਕੇ ਅੱਸੂ
ਵਦੀ 13 ਸੰਮਤ 1350, 1272 ਈਸਵੀ ਨੂੰ ਪੰਡਰਪੁਰ ਵਿਖੇ ਪ੍ਰਲੋਕ ਸਿਧਾਰ ਗਏ।
ਭਗਤ ਨਾਮ ਦੇਵ ਜੀ ਦੀ ਬਾਣੀ 18 ਰਾਗਾਂ ਵਿਚ ਹੈ ਜਿਸ ਦੇ ਕੁੱਲ 61 ਸ਼ਬਦ ਹਨ ਜਿਨ੍ਹਾਂ ਦਾ ਵੇਰਵਾ ਇਸ
ਤਰ੍ਹਾਂ ਹੈ:
ਨੰ: ਰਾਗ ਸ਼ਬਦਾਂ ਦੀ ਗਿਣਤੀ
1 ਗਉੜੀ 1
2 ਆਸਾ 5
3 ਗੂਜਰੀ 2
4 ਸੋਰਠ 3
5 ਧਨਾਸਰੀ 5
6 ਟੋਡੀ 3
7 ਤਿਲੰਗ 2
8 ਬਿਲਾਵਲੁ 1
9 ਗੋਂਡ 7
10 ਰਾਮਕਲੀ 4
11 ਮਾਲੀ ਗਉੜਾ 3
12 ਮਾਰੂ 1
13 ਭੈਰਉ 12
14 ਬਸੰਤ 3
15 ਸਾਰਗ 3
16 ਮਲਾਰ 2
17 ਕਾਨੜਾ 1
18 ਪ੍ਰਭਾਤੀ 3
ਜੋੜ 61
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥
ਬਲਬਿੰਦਰ ਸਿੰਘ ਅਸਟ੍ਰੇਲੀਆ
|
. |