.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਰੈਲੀਆਂ, ਤੋਹਮਤਾਂ ਤੇ ਲੋਕ ਮੁੱਦੇ

ਕਿਸੇ ਬੰਦੇ ਦਾ ਨਵਾਂ ਨਵਾਂ ਵਿਆਹ ਹੋਇਆ ਸੀ। ਕਿਸੇ ਦੋਸਤ ਨੇ ਉਸ ਨੂੰ ਰਾਏ ਦਿੱਤੀ ਕੇ ਜੇ ਕਰ ਪਹਿਲੀ ਦਫਾ ਹੀ ਘਰਵਾਲੀ `ਤੇ ਆਪਣਾ ਦਬਦਬਾ ਕਾਇਮ ਕਰ ਲਿਆ ਤਾਂ ਸਾਰੀ ਉੱਮਰ ਸੌਖਾ ਰਹੇਂਗਾ। ਘਰਵਾਲੀ ਸਾਰੀ ਉਮਰ ਤੇਰਾ ਕਿਹਾ ਮੰਨਿਆ ਕਰੇਗੀ। ਦੁਜੇ ਪਾਸੇ ਘਰਵਾਲੀ ਦੀਆਂ ਸਹੇਲੀਆਂ ਵੀ ਇਹ ਪੱਟੀ ਪੜ੍ਹਾ ਦਿੱਤੀ ਕਿ ਜੇ ਪਹਿਲੇ ਦਿਨ ਘਰਵਾਲੇ `ਤੇ ਆਪਣਾ ਪ੍ਰਭਾਵ ਪਾ ਲਿਆ ਤਾਂ ਘਰਵਾਲਾ ਸਾਰੀ ਜ਼ਿੰਦਗੀ ਤੇਰਾ ਪਾਣੀ ਭਰਿਆ ਕਰੇਗਾ। ਚਲੋ ਵਿਆਹ ਹੋ ਗਿਆ, ਘਰਵਾਲੀ ਸਹੁਰੇ ਘਰ ਆਈ ਹੋਣ ਕਰਕੇ ਕੁੱਝ ਸੰਗਾਊ ਜੇਹੀ ਬਿਰਤੀ ਦਾ ਇਸਤੇਮਾਲ ਕਰ ਰਹੀ ਸੀ। ਘਰਵਾਲਾ ਕਿਸੇ ਦਾ ਚੁੱਕਿਆ ਹੋਇਆ ਜਦੋਂ ਵੀ ਘਰ ਆਏ ਤੇ ਦੰਦੀਆਂ ਕਰੀਚ ਕੇ ਉੱਚੀ ਸਾਰੀ ਕਿਹਾ ਕਰੇ ਕਿ, “ਜਿਹੜਾ ਮੇਰੇ ਅੱਗੇ ਬੋਲਿਆ ਮੈਂ ਓਦ੍ਹੇ ਵੱਟ ਕੇ ਕੱਢ ਕੇ ਰੱਖ ਦਿਆਂਗਾ”। ਕਈ ਦਿਨ ਲੰਘ ਗਏ ਘਰਵਾਲੀ ਨੇ ਬੜੀ ਦੂਰ ਦੀ ਸੋਚਦਿਆਂ ਹੋਇਆਂ ਜੁਗਤੀ ਨਾਲ ਘਰ ਚਲਾਉਣ ਦੀ ਵਿਉਂਤ ਬੰਨੀ। ਇੱਕ ਦਿਨ ਜਦੋਂ ਘਰਵਾਲਾ ਕਹਿੰਦਾ ਕੇ “ਮੈਂ ਵੱਟ ਕੱਢ ਕੇ ਰੱਖ ਦਿਆਂਗਾ” ਤਾਂ ਓਦੋਂ ਅਚਾਨਕ ਘਰਵਾਲੀ ਅਵਾਜ਼ ਮਾਰਦੀ ਹੈ ਤੇ “ਕਹਿੰਦੀ ਜੀ ਮੇਰੀ ਗੱਲ ਸੁਣਿਆ ਜੇ”। ਘਰਵਾਲਾ ਫਟਾਫੱਟ ਚਲਿਆ ਆਇਆ। ਘਰਵਾਲੀ ਨੇ ਇੱਕ ਲਿਸਟ ਤਿਆਰ ਕੀਤੀ ਹੋਈ ਸੀ ਜਿਸ ਵਿੱਚ ਪਾਣੀ ਵਾਲੀ ਟੂਟੀ ਖਰਾਬ ਤੋਂ ਲੈ ਕੇ ਜਿੰਨੇ ਵੀ ਘਰ ਦੇ ਜ਼ਰੂਰੀ ਕੰਮ ਸਨ ਉਸ ਨੇ ਸਾਰੇ ਲਿਖੇ ਹੋਏ ਸਨ। ਉਹ ਸਾਰੀ ਲਿਸਟ ਘਰਵਾਲੇ ਦੇ ਹੱਥ ਫੜਾ ਦਿੱਤੀ। ਲਿਸਟ ਦੇਖਦਿਆਂ ਹੀ ਵੱਟ ਕੱਢਣ ਵਾਲੇ ਬੰਦਾ ਚਾਰੋਂ ਖਾਨਿਓਂ ਚਿੱਤ ਹੋ ਗਿਆ। ਕਈਆਂ ਦਿਨਾਂ ਦੀ ਵੱਟ ਕੱਢਣ ਵਾਲੀ ਫੂਕ ਘਰਵਾਲੀ ਦੇ ਪਹਿਲੇ ਝਟਕੇ ਨਾਲ ਹੀ ਨਿਕਲ ਗਈ। ਹੁਣ ਉਸ ਨੂੰ ਸਮਝ ਨਾ ਪਏ ਕੇ ਮੈਂ ਇਸ ਨੂੰ ਕੀ ਜੁਆਬ ਦਿਆਂ। ਘਰਵਾਲੀ ਬਣਾ ਸਵਾਰ ਕੇ ਕਹਿੰਦੀ ਕੇ “ਜੀ ਵੱਟ ਬਾਅਦ ਵਿੱਚ ਕੱਢ ਲਿਆ ਜੇ ਆ ਜ਼ਰੂਰੀ ਘਰ ਦੇ ਕੰਮ ਹਨ ਪਹਿਲਾਂ ਇਹ ਕਰ ਲਓ”।
ਪੰਜਾਬ ਵਿੱਚ ਹੋਈਆਂ ਰੈਲੀਆਂ ਵੀ ਏਦਾਂ ਹੀ ਵੱਟ ਕੱਢਦਿਆਂ ਕੱਢਾਉਂਦਿਆਂ ਸਮਾਪਿਤ ਹੋ ਗਈਆਂ ਪਰ ਪਰਨਾਲਾ ਓੱਥੇ ਦਾ ਓੱਥੇ ਹੀ ਰਿਹਾ ਹੈ। ਓਹ ਭਾਈ ਵੱਟ ਬਾਅਦ ਵਿੱਚ ਕੱਢ ਲਿਆ ਜੇ ਪਹਿਲਾਂ ਲੋਕ ਮਸਲੇ ਤਾਂ ਹੱਲ ਕਰ ਲਓ। ਤੁਹਾਡੇ ਕਰਨ ਗੋਚਰੇ ਕੰਮਾਂ ਦੀ ਲਿਸਟ ਬਹੁਤ ਲੰਬੀ ਹੈ ਤੁਸਾਂ ਤਾਂ ਅਜੇ ਗੋੜ੍ਹੇ ਵਿਚੋਂ ਪੂਣੀ ਵੀ ਨਹੀਂ ਕੱਤੀ ਪਰ ਚੋਣਾਂ ਫਿਰ ਸਿਰ `ਤੇ ਖੜੀਆਂ ਹਨ।
ਪੰਜਾਬ ਕਿਰਸਾਨੀ ਦੇ ਸਿਰ `ਤੇ ਖੜਾ ਹੈ। ਕੇਂਦਰੀ ਸਰਕਾਰ ਤੇ ਸੂਬਾ ਸਰਕਾਰਾਂ ਰਲ਼ ਕੇ ਹੀ ਕਿਰਸਾਨ ਦੀ ਹੋਣੀ ਤਹਿ ਕਰਦੀਆਂ ਹਨ। ਸਹੀ ਸਮੇਂ ਜਿਨਸਾਂ ਦਾ ਪੂਰਾ ਭਾਅ ਨ ਮਿੱਥਣਾ, ਸਮੇਂ ਸਿਰ ਪੈਸਿਆਂ ਦਾ ਨਾ ਮਿਲਣਾ, ਮੰਡੀਆਂ ਵਿੱਚ ਲੰਮਾ ਸਮਾਂ ਖੱਜਲ਼ ਖੁਆਰ ਹੋਣਾ ਕਿਰਸਾਨ ਦੇ ਪੱਕੇ ਤੌਰ `ਤੇ ਪੱਲੇ ਪਿਆ ਹੋਇਆ ਹੈ। ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਕਰਜ਼ਾਈ ਕਿਰਸਾਨਾਂ ਦੀਆਂ ਆਤਮ ਹੱਤਿਆਵਾਂ ਵਾਲ਼ੀਆਂ ਖਬਰਾਂ ਨਿੱਤ ਆਉਣੀਆਂ ਬਹੁਤ ਹੀ ਚਿੰਤਾ ਜਨਕ ਵਿਸ਼ਾ ਹੈ। ਤਿੰਨ ਦਿਨ ਪਹਿਲਾਂ ਇਕੋ ਦਿਨ ਵਿੱਚ ਤਿੰਨ ਕਿਰਸਾਨਾਂ ਤੇ ਅੱਜ ਦੀ ਭਾਵ ੨੩-੧੨-੧੫ ਦੀ ਖਬਰ ਅਨੁਸਾਰ ਦੋ ਕਿਰਸਾਨ ਖੁਦਕਸ਼ੀ ਕਰ ਗਏ ਹਨ। ਮਰਨ ਵਾਲਾ ਤਾਂ ਮਰ ਜਾਂਦਾ ਹੈ ਪਰ ਉਹ ਆਪਣੇ ਪਿੱਛੇ ਬਹੁਤ ਸਾਰੇ ਸਵਾਲ ਛੱਡ ਜਾਂਦਾ ਹੈ ਜਿੰਨਾਂ ਦਾ ਸਮਾਧਾਨ ਬੁੱਧੀਜੀਵੀਆਂ ਤੇ ਸਰਕਾਰ ਨੇ ਲੱਭਣਾ ਹੁੰਦਾ ਹੈ। ਇਸ ਦੇ ਨਾਲ ਹੀ ਹੋਰ ਮੰਦਭਾਗੀ ਘਟਨਾ ਵਾਪਰੀ ਕਿ ਕਿਰਸਾਨਾਂ ਨੂੰ ਨਰਮੇ ਦੇ ਬਚਾਅ ਵਾਸਤੇ ਜੋ ਕੀਟ ਨਾਸ਼ਕ ਦਵਾਈਆਂ ਦਿੱਤੀਆਂ ਗਈਆਂ ਉਹ ਸਾਰੀਆਂ ਨਕਲੀ ਸਨ। ਮਾਲਵਾ ਖੇਤਰ ਵਿੱਚ ਨਰਮੇ ਦੀ ਫਸਲ ਨੇ ਕਿਰਸਾਨਾਂ ਦੀ ਪੂਰੀ ਤਬਾਹੀ ਮਚਾਈ ਦੀਆਂ ਖਬਰਾਂ ਹਰ ਰੋਜ਼ ਅਖਬਾਰਾਂ ਦਾ ਹਿੱਸਾ ਬਣਦੀਆਂ ਰਹੀਆਂ ਹਨ। ਅਜੋਕੀ ਪੰਜਾਬ ਦੀ ਪੰਥਕ ਸਰਕਾਰ ਆਪਣੇ ਆਪ ਨੂੰ ਕਿਰਸਾਨਾਂ ਦੇ ਹਿੱਤਾਂ ਦੀ ਰੱਖਿਆ ਵਾਲੀ ਮੰਨ ਕੇ ਚੱਲ ਰਹੀ ਹੈ। ਸਰਕਾਰ ਤੀਕ ਆਪਣੀ ਗੱਲ ਪਹੁੰਚਾਉਣ ਲਈ ਕਿਰਸਾਨਾਂ ਨੇ ਰੇਲ ਰੋਕੂ ਸੰਘਰਸ਼ ਸ਼ੁਰੂ ਕੀਤਾ। ਸਾਰੇ ਪੰਜਾਬ ਵਿੱਚ ਰੇਲਾਂ ਰੋਕੀਆਂ ਗਈਆਂ। ਕਿਰਸਾਨਾਂ ਵਲੋਂ ਲਗਾਇਆ ਗਿਆ ਮੋਰਚਾ ਬਹੁਤ ਸਫਲ ਰਿਹਾ। ਸਰਕਾਰ ਦੀ ਬਹੁਤ ਕਿਰਕਿਰੀ ਹੋਈ। ਏਸੇ ਸਮੇਂ ਦੌਰਾਨ ਹੀ ਸੌਦਾ ਸਾਧ ਨੂੰ ਅਕਾਲ ਤੱਖਤ ਤੋਂ ਅਚਨਚੇਤ ਮੁਆਫੀ ਦਿੱਤੀ ਗਈ ਜੋ ਕਿਸੇ ਵੀ ਸਿੱਖ ਦੇ ਸੰਘੋਂ ਨਾ ਲੱਥੀ। ਇਸ ਤਰ੍ਹਾਂ ਮੁਆਫ਼ੀ ਦੇਣੀ ਬਿਲਕੁਲ ਗੈਰ ਵਾਜਬ ਸੀ। ਇਸ ਘਟਨਾ ਨੇ ਅਕਾਲ ਤੱਖਤ ਦੀ ਪ੍ਰਭੂ ਸਤਾ ਨੂੰ ਪੂਰਾ ਖੋਰਾ ਲਾਇਆ ਹੈ ਜਿਸ ਦੀ ਭਰਪਾਈ ਹੋਣ ਨੂੰ ਸਮਾਂ ਲੱਗੇਗਾ। ਇਹ ਹੁਕਮ ਕਹਿਣ ਨੂੰ ਤਾਂ ਅਕਾਲ ਤੱਖਤ ਦਾ ਹੈ ਪਰ ਇਸ ਦੀ ਤਹਿ ਥੱਲੇ ਸ਼੍ਰੋਮਣੀ ਅਕਾਲੀ ਦਲ ਦੀ ਜਾਂ ਕੁੱਝ ਪਰਵਾਰਾਂ ਦੀ ਨੀਤੀ ਕੰਮ ਕਰਦੀ ਦਿਖਾਈ ਦੇਂਦੀ ਨਜ਼ਰ ਆਉਂਦੀ ਹੈ। ਇਸ ਘਟਨਾ ਦੁਆਰਾ ਸ਼੍ਰੋਮਣੀ ਅਕਾਲੀ ਦਲ਼, ਐਮ. ਐਲ. ਏ. ਮੰਤਰੀ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦਾ ਵਿਰੋਧ ਆਪਣੇ ਆਪ ਹੀ ਸ਼ੁਰੂ ਹੋ ਗਿਆ। ਇੱਕ ਸਮਾਂ ਤੇ ਅਜੇਹਾ ਵੀ ਆਇਆ ਜਦੋਂ ਇਹ ਸਾਰੇ ਆਪਣੇ ਘਰਾਂ ਵਿੱਚ ਨਜ਼ਰ ਬੰਦ ਹੋ ਗਏ ਲੱਗਦੇ ਸਨ। ਇਹਨਾਂ ਘਟਨਾਵਾਂ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਿਆਂ ਦੀ ਬੇਅਦਬੀ ਵਾਲੀ ਘਟਨਾਵਾਂ ਵਾਪਰ ਗਈਆਂ। ਸਰਕਾਰ ਦੋਸ਼ੀਆਂ ਨੂੰ ਫੜਨ ਵਿੱਚ ਅਸਫਲ ਰਹੀ। ਇਹਨਾਂ ਘਟਨਾਵਾਂ ਦਾ ਸਦਕਾ ਲੋਕ ਆਪ ਮੁਹਾਰੇ ਹੀ ਸੜਕਾਂ `ਤੇ ਉੱਤਰ ਆਏ। ਇਸ ਸਾਰੇ ਵਿੱਚ ਸਰਕਾਰ ਬੇਬਸ ਜੇਹੀ ਨਜ਼ਰ ਆਈ। ਸਰਕਾਰ ਦੇ ਮੰਤਰੀਆਂ ਨੂੰ ਲੋਕਾਂ ਦੇ ਰੋਹ ਦਾ ਸਹਮਣਾ ਪਿਆ। ਉੱਤੋਂ ਤੋੜੀ ਵਾਪਰੀਆਂ ਘਟਨਾਵਾਂ ਕਰਕੇ ਆਪਣੇ ਆਪ ਨੂੰ ਲੋਕ ਹਤੈਸ਼ੀ ਦੱਸਣ ਵਾਲੀ ਸਰਕਾਰ ਲੋਕ ਕਟਹਿਰੇ ਵਿੱਚ ਖੜੀ ਹੋ ਗਈ।
ਰਾਜ ਭਾਗ ਮਾਣ ਰਹੀ ਸਰਕਾਰ ਨੂੰ ਪਿੰਡਾਂ ਵਿੱਚ ਜਾਣਾ ਔਖਾ ਹੋ ਗਿਆ। ਹਾਕਮ ਪਾਰਟੀ ਦੇ ਮੈਂਬਰ, ਲੋਕਾਂ ਸਾਹਮਣੇ ਆਉਣ ਤੋਂ ਕੰਨੀ ਕਤਰਾਉਣ ਲੱਗੇ। ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨ ਲਈ ਸਰਕਾਰ ਨੇ ਸਦ ਭਾਵਨਾਂ ਰੈਲੀਆਂ ਦਾ ਨਾਂ ਦੇ ਕੇ ਸਰਕਾਰੀ ਤੰਤਰ ਦੀ ਸਹਾਇਤਾ ਨਾਲ ਇਕੱਠ ਕਰਨੇ ਸ਼ੁਰੂ ਕੀਤੇ। ਇਹ ਕਿਹਾ ਜਾ ਸਕਦਾ ਹੈ ਕਿ ਇਕੱਠ ਪੱਖੋਂ ਰੈਲੀਆਂ ਬਹੁਤ ਕਾਮਯਾਬ ਰਹੀਆਂ ਇਸ ਵਿੱਚ ਕੋਈ ਸ਼ੱਕ ਨਹੀਂ ਰਿਹਾ। ਇਕੱਠ ਕਰਨੇ ਸਰਕਾਰੀ ਧਿਰ ਲਈ ਕੋਈ ਬਹੁਤੇ ਔਖੇ ਨਹੀਂ ਹਨ। ਇਹਨਾਂ ਰੈਲੀਆਂ `ਤੇ ਕਿੰਨਾ ਖਰਚਾ ਆਇਆ ਲੋਕਾਂ ਨੂੰ ਕਿੰਨੀ ਖਜਲ ਖੁਆਰੀ ਹੋਈ ਇਸ ਦਾ ਜੁਆਬ ਕਿਸੇ ਕੋਲ ਵੀ ਨਹੀਂ ਹੈ। ਬਹੁਤੀਆਂ ਰੈਲੀਆਂ ਵਿੱਚ ਲੋਕ ਮੂੰਹ ਮੁਲਾਹਜੇ ਕਰਕੇ ਹੀ ਆਏ ਹਨ। ਮਨ ਕਰਕੇ ਥੋੜੇ ਲੋਕ ਹੀ ਗਏ ਹਨ।
ਇਹਨਾਂ ਰੈਲੀਆਂ ਵਿੱਚ ਇੱਕ ਦੂਜੇ ਦੀ ਪਾਰਟੀ ਨੂੰ ਪੂਰੀ ਤਨ-ਦੇਹੀ ਨਾਲ ਕੋਸਣ ਵਿੱਚ ਕੋਈ ਕਸਰ ਨਹੀਂ ਛੱਡੀ। ਇੱਕ ਕਹਿੰਦਾ ਹੈ ਵੱਟ ਕੱਢ ਦਿਆਂਗੇ ਦੂਜਾ ਕਹਿੰਦਾ ਹੈ ਛਿੱਲ ਕੇ ਰੱਖ ਦਿਆਂਗੇ। ਰਾਜ ਭਾਗ ਮਾਣ ਰਹੀ ਸਰਕਾਰੀ ਧਿਰ ਦੇ ਜ਼ਿੰਮੇਵਾਰ ਨੇਤਾ ਕਹਿੰਦੇ ਹਨ ਜਿੱਥੈ ਕੋਈ ਆਕੜਦਾ ਹੈ ਉਸ ਨੂੰ ਲੰਮੇ ਪਾ ਲਓ ਦੂਜਾ ਕਹਿੰਦਾ ਹੈ ਕੋਈ ਨਹੀਂ ਸਾਡੀ ਸਰਕਾਰ ਬਣਨ ਦਿਓ ਚੁਣ ਚੁਣ ਕੇ ਬਦਲੇ ਲਵਾਂਗੇ। ਹਾਕਮ ਪਾਰਟੀ ਨੂੰ ਆਪਣੀ ਸ਼ਾਖ ਬਚਾਉਣ ਲਈ ਇਹਨਾਂ ਸਦਭਾਵਨਾ ਰੈਲੀਆਂ ਦਾ ਸਹਾਰਾ ਲੈਣਾ ਪਿਆ। ਇਹਨਾਂ ਰੈਲੀਆਂ ਵਿੱਚ ਕਿਸੇ ਵੀ ਜ਼ਿੰਮੇਵਾਰ ਸਖਸ਼ੀਅਤ ਨੇ ਲੋਕ ਮੁੱਦਿਆਂ ਦੀ ਗੱਲ ਨਹੀਂ ਕੀਤੀ ਸਗੋਂ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਨੂੰ ਬਾਹਰਲੀਆਂ ਏਜੰਸੀਆਂ ਦੇ ਗਲ ਮੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੰਜਾਬ ਵਿੱਚ ਨੌਂ ਵਾਰ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਸਰਕਾਰ ਬਣਾਉਂਦੀ ਆਈ ਹੈ। ਜਦੋਂ ਕੇਂਦਰ ਵਿੱਚ ਕਾਂਗਰਸ ਦਾ ਰਾਜ ਹੁੰਦਾ ਸੀ ਤਾਂ ਓਦੋਂ ਤਤਕਾਲੀ ਸਰਕਾਰਾਂ ਸਾਰਾ ਭਾਂਡਾ ਕੇਂਦਰੀ ਸਰਕਾਰ ਕਾਂਗਰਸ ਦੇ ਸਿਰ ਭੰਨਦੇ ਰਹੇ ਹਨ। ਹੁਣ ਹਾਕਮ ਧਿਰ ਵਾਲੀ ਸਾਂਝ ਭਿਆਲੀ ਵਾਲੀ ਕੇਂਦਰ ਵਿੱਚ ਆਪਣੀ ਸਰਕਾਰ ਹੈ ਤਾਂ ਭਾਂਡਾ ਬਾਹਰਲੀਆਂ ਏਜੰਸੀਆਂ ਸਿਰ ਭੰਨਿਆ ਜਾ ਰਿਹਾ ਹੈ। ਸਦ ਭਾਵਨਾ ਰੈਲੀਆਂ ਵਿੱਚ ਹਾਕਮ ਧਿਰ ਵਲੋਂ ਆਪਣੇ ਵਿਰੋਧੀ ਪਾਰਟੀਆਂ ਨੂੰ ਪੂਰੀ ਤਰ੍ਹਾਂ ਭੰਡਿਆ ਗਿਆ ਹੈ। ਏਦਾਂ ਵੀ ਕਿਹਾ ਜਾ ਸਕਦਾ ਹੈ ਕਿ ਇਹਨਾਂ ਰੈਲੀਆਂ ਵਿੱਚ ਆਪਣੀ ਹਉਮੇ ਨੂੰ ਵੱਡਾ ਕੀਤਾ ਗਿਆ ਹੈ ਪਰ ਲੋਕ ਮੁੱਦੇ ਵਿਸਰ ਗਏ ਹਨ।
ਭੀੜਾਂ ਜਟਾਉਣ ਵਾਸਤੇ ਜਿੱਥੇ ਵੱਡੀ ਪੱਧਰ `ਤੇ ਸੂਬੇ ਦੀ ਮਨੁੱਖੀ ਸ਼ਕਤੀ ਅਤੇ ਡੀਜ਼ਲ ਤੇ ਪੈਟ੍ਰੋਲ ਵਾਲੇ ਵਾਹਨਾਂ ਅਤੇ ਹੋਰ ਸਾਧਨਾਂ ਦੀ ਪੂਰੀ ਦੁਰ ਵਰਤੋਂ ਹੋਈ ਹੈ। ਸਿਆਸੀ ਨੇਤਾਵਾਂ ਦੀ ਰੱਖਿਆ `ਤੇ ਵੀ ਬੇਲੋੜਾ ਖਰਚ ਹੋਇਆ ਹੈ। ਰੈਲੀਆਂ ਤੇ ਲੋਕਾਂ ਨੂੰ ਲਿਜਾਣ ਲਈ ਜਿੱਥੇ ਪੇਸੇ ਦੀ ਵਰਤੋਂ ਹੋਈ ਹੈ ਓੱਥੇ ਨਸ਼ਿਆਂ ਦੀ ਵੀ ਖੁਲ੍ਹ ਕੇ ਵਰਤੋਂ ਹੋਈ ਹੈ। ਅਜੇਹੀਆਂ ਗੈਰਵਾਜਬ ਗੱਲਾਂ ਕਰਕੇ ਪੰਜਾਬੀਆਂ ਦੀ ਅਣਖ ਨੂੰ ਨੀਵਾਂ ਕਰਨ ਦਾ ਯਤਨ ਕੀਤਾ ਗਿਆ ਹੈ। ਆਮ ਮਨੁੱਖਾਂ ਨੂੰ ਇਹਨਾਂ ਰੈਲੀਆਂ ਕਰਕੇ ਰਾਹ ਖਹਿੜਿਆਂ ਵਿੱਚ ਬੇ-ਲੋੜੀਆਂ ਮੁਸ਼ਕਲਾਂ ਝੱਲਣੀਆਂ ਪਈਆਂ। ਇਹਨਾਂ ਰੈਲੀਆਂ ਵਾਲੀ ਜਗ੍ਹਾ `ਤੇ ਪਿਆ ਹੋਇਆ ਗੰਦ ਲੋਕਾਂ ਲਈ ਸਿਰ ਦਰਦੀ ਬਣਦਾ ਹੈ।
ਹਾਕਮ ਧਿਰ ਵਲੋਂ ਪੰਜ ਸਦਭਾਵਨਾ ਰੈਲੀਆਂ ਤੇ ਕਾਂਗਰਸ ਵਲੋਂ ਇੱਕ ਰੈਲੀ ਕੀਤੀ ਗਈ ਹੈ। ਇਹਨਾਂ ਰੈਲੀਆਂ ਰਾਂਹੀ ਹੀ ਲੋਕਾਂ ਕੋਲ ਜਾਇਆ ਜਾ ਰਿਹਾ ਹੈ ਵਰਨਾ ਹੋਰ ਕੋਈ ਸਾਧਨ ਹੀ ਨਹੀਂ ਬਚਿਆ। ਪੂਰੀਆਂ ਤੋਹਮਤਾਂ ਦਾ ਮੀਂਹ ਵੱਸਦਾ ਰਿਹਾ ਹੈ। ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਵੱਧ ਰਹੀ ਮਹਿੰਗਾਈ, ਨਸ਼ੇ ਖਤਮ ਕਰਨੇ ਤੇ ਫ਼ਰਜ਼ੀ ਵਿਕਾਸ ਵਾਲਾ ਹੀਲ ਪਿਆਜ਼ ਨੰਗਾ ਹੋ ਗਿਆ ਹੈ। ਬਾਰ ਬਾਰ ਇਹਨਾਂ ਮੁੱਦਿਆਂ ਨੂੰ ਉਭਾਰ ਕੇ ਕੇਵਲ ਸ਼ੋਸ਼ਣ ਹੀ ਕੀਤਾ ਜਾ ਰਿਹਾ ਹੈ। ਕਿਰਸਾਨਾਂ, ਮਜ਼ਦੂਰਾਂ ਅਤੇ ਸਮਾਜ ਦੇ ਹਰ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਘੱਟਣ ਦੀ ਬਜਾਏ ਹਰ ਰੋਜ਼ ਸ਼ੈਤਾਨ ਦੀ ਆਂਦਰ ਵਾਂਗ ਵੱਧ ਹੀ ਰਹੀਆਂ ਹਨ।
ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੀ ਅਤ ਜ਼ਰੂਰਤ ਹੈ। ਬੱਚਿਆਂ ਲਈ ਪਿੰਡਾਂ ਵਿੱਚ ਸਕੂਲ, ਅਧਿਆਪਕ, ਡਿਸਪੈਂਸਰੀਆਂ ਵਿੱਚ ਡਾਕਟਰ, ਸੜਕਾਂ ਦੇ ਵਿਚਲੇ ਢੋਏ, ਰਸਤਿਆਂ ਵਿੱਚ ਪੁੱਲ਼, ਪਿੰਡਾਂ ਵਿਚੋਂ ਪਾਣੀ ਦਾ ਨਿਕਾਸ, ਗਲ਼ੀਆਂ ਨਾਲ਼ੀਆਂ ਦਾ ਪੱਕਿਆਂ ਹੋਣਾ, ਬਿਜਲੀ ਦੀ ਸਪਲਾਈ ਨੂੰ ਜ਼ਰੂਰੀ ਕਰਨਾ, ਨਾਗਰਿਕਾਂ ਲਈ ਉਚਿਤ ਬੀਮਾਂ ਸਕੀਮਾਂ ਦਾ ਲਾਗੂ ਕਰਨਾ ਆਦਿ ਮੁੱਦੇ ਇਹਨਾਂ ਰੈਲੀਆਂ ਵਿਚੋਂ ਬਿਲਕੁਲ ਗਾਇਬ ਰਹੇ ਹਨ। ਦੂਰ ਦੀ ਗੱਲ ਛੱਡੋ ਸੜਕਾਂ `ਤੇ ਲੱਗਿਆ ਟੋਲ ਟੈਕਸ ਦਿਨ ਦਿਹਾੜੇ ਲੋਕਾਂ ਦੀ ਛਿੱਲ ਲਾ ਰਿਹਾ ਹੈ ਪਰ ਕਿਸੇ ਵੀ ਨੇਤਾ ਦੇ ਕੰਨ `ਤੇ ਕੋਈ ਜੂੰ ਨਹੀਂ ਸਰਕਦੀ। ਇਹਨਾ ਰੈਲੀਆਂ ਵਿਚੋਂ ਛੋਟੇ ਕਾਰਖਾਨਿਆਂ ਵਾਲਾ ਮੁੱਦਾ ਬਿਲਕੁਲ ਗਾਇਬ ਰਿਹਾ ਹੈ।
ਬੇਰੋਜ਼ਗਾਰੀ ਤੇ ਨਸ਼ਿਆਂ ਦੇ ਕਹਿਰ ਨੇ ਨੌਜਵਾਨੀ ਨੂੰ ਤਬਾਹੀ ਦੇ ਕੰਢੇ `ਤੇ ਖੜਾ ਕਰ ਦਿੱਤਾ ਹੈ। ਪਰ ਮਹਾਂ ਰੈਲੀਆਂ ਵਿੱਚ ਇਹਨਾਂ ਮੁੱਦਿਆ `ਤੇ ਕਿਸੇ ਨੇ ਵੀ ਕੋਈ ਵਿਚਾਰ ਨਹੀਂ ਦਿੱਤੀ। ਬੱਸ ਇੱਕ ਦੂਜੇ `ਤੇ ਤੋਹਮਤਾਂ ਹੀ ਲੱਗੀਆਂ ਹਨ ਤੇ ਏਹੀ ਸੁਣਨ ਨੂੰ ਮਿਲਦਾ ਰਿਹਾ ਹੈ ਕਿ ਦੇਖਿਓ ਅਸੀਂ ਰਗੜ ਕੇ ਰੱਖ ਦਿਆਂਗੇ। ਇਹਨਾਂ ਰੈਲੀਆਂ ਰਾਂਹੀ ਆਪਣਾ ਗਵਾਚਿਆ ਅਕਸ ਲੱਭਣ ਦਾ ਜ਼ਰੂਰ ਯਤਨ ਕੀਤਾ ਗਿਆ ਹੈ ਪਰ ਲੋਕਾਂ ਨਾਲ ਜੁੜੇ ਕਿਸੇ ਵੀ ਮਸਲੇ ਦਾ ਹੱਲ ਨਹੀਂ ਲੱਭਿਆ ਗਿਆ।
ਛੋਟੇ ਹੁੰਦਿਆਂ ਸਾਡਿਆ ਪਿੰਡਾਂ ਵਿੱਚ ਆਮ ਡਰਾਮੇ ਰਾਤ ਨੂੰ ਦੇਖਣ ਲਈ ਮਿਲ ਜਾਂਦੇ ਸਨ। ਮੈਨੂੰ ਯਾਦ ਹੈ ਇੱਕ ਵਾਰੀ ਸਾਂਝੀ ਕਾਮਰੇਡਾਂ ਦੀ ਪਾਰਟੀ ਨੇ ਕਾਲੇ ਅਫਗਾਨੇ ਜਲਸਾ ਕੀਤਾ ਸੀ ਤੇ ਕੈਰੋਂ ਦੀ ਸਰਕਾਰ `ਤੇ ਵਿਅੰਗ ਕਰਦਿਆਂ ਇੱਕ ਫਿਕਰਾ ਬੋਲਿਆ ਗਿਆ ਸੀ ਕਿ “ਓਏ ਜੁਗਨੂੰ ਹੁਣ ਕਿਉਂ ਰੋਂਨਾ ਏਂ ਗੱਲੀ ਬਾਤੀਂ ਨਹਿਰ ਦਿਆਂਗੇ ਓੱਥੇ ਲਾ ਲਈਂ ਝੋਨਾ” ਗੱਲਾਂ ਬਾਤਾਂ ਨਾਲ ਤਾਂ ਅਸਮਾਨ ਦੇ ਤਾਰੇ ਵੀ ਤੋੜੇ ਜਾ ਰਹੇ ਹਨ। ਸ਼ਹਿਰਾਂ ਵਿੱਚ ਪਾਣੀ ਵਿੱਚ ਬੱਸਾਂ ਚਲਣ ਦੀਆਂ ਗੱਲਾਂ ਕਰਕੇ ਪਤਾ ਨਹੀਂ ਕਿਹੜੇ ਵਿਕਾਸ ਦੀ ਗੱਲ ਕੀਤੀ ਜਾ ਰਹੀ ਹੈ ਪਰ ਜ਼ਮੀਨੀ ਤਲ਼ ਦੀ ਹਕੀਕਤ ਕੁੱਝ ਹੋਰ ਹੈ।
ਹੈਰਾਨਗੀ ਦੀ ਗੱਲ ਦੇਖੋ ਇੱਕ ਪਾਸੇ ਸਿਆਸੀ ਲੋਕ ਰੈਲੀਆਂ, ਮਹਾਂਰੈਲੀਆਂ, ਸੜਕਾਂ `ਤੇ ਸ਼ਕਤੀ ਪ੍ਰਦਸ਼ਨ, ਜਲੂਸ-ਜਲਸੇ ਤੇ ਸਦਭਾਵਨਾ ਰੈਲੀਆਂ ਕਰਦੀਆਂ ਹਨ ਤਾਂ ਇਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈ। ਦੂਜੇ ਪਾਸੇ ਕਿਰਸਾਨ, ਮਜ਼ਦੂਰ ਤੇ ਮੁਲਾਜ਼ਮ ਜਦੋਂ ਰੋਸ ਰੈਲੀਆਂ ਜਾਂ ਜਲੂਸ ਜਲਸੇ ਕਰਦੀਆਂ ਹਨ ਤਾਂ ਉਹਨਾਂ ਨੂੰ ਅਜੇਹਾ ਕਰਨ ਤੋਂ ਰੋਕਣ ਲਈ ਸਰਕਾਰੀ ਤੰਤਰ ਜਾਂ ਕਾਲੇ ਕਨੂੰਨਾਂ ਦੀ ਸਹਾਇਤਾ ਲਈ ਜਾਂਦੀ ਹੈ। ਹੱਕ ਤਾਂ ਸਭ ਤੇ ਬਰਾਬਰ ਹੀ ਹੋਣੇ ਚਾਹੀਦੇ ਹਨ।
ਆਮ ਲੋਕਾਂ ਦੀ ਮਾਲੀ ਹਾਲਤ ਨਿਘਰਦੀ ਜਾ ਰਹੀ ਹੈ ਦੂਜੇ ਪਾਸੇ ਸਿਆਸੀ ਲੋਕਾਂ ਦੀ ਆਰਥਿਕ ਹਾਲਤ ਛੜੱਪੇ ਮਾਰ ਕੇ ਵੱਧਦੀ ਜਾਂਦੀ ਹੈ।
ਰੈਲੀਆਂ ਜ਼ਰੂਰ ਕਰੋ ਪਰ ਲੋਕਾਂ ਲਈ ਵੀ ਕੁੱਝ ਕਰਨ ਦਾ ਯਤਨ ਕਰੋ। ਪਰ ਕਰਨ ਵਾਲੇ ਕੰਮ ਵੀ ਜ਼ਰੂਰ ਕਰੋ। ਸਿਆਸੀ ਨੇਤਾਵਾਂ ਨੂੰ ਇਹ ਸਮਝਣ ਦੀ ਜ਼ਰੂਰਤ ਕਿ ਵੱਡੀਆਂ ਰੈਲੀਆਂ ਵੋਟ ਬੈਂਕ ਪੱਕੇ ਕਰਨ ਦਾ ਅਧਾਰ ਨਹੀਂ ਬਣ ਸਕਦੀਆਂ ਤੇ ਨਾ ਹੀ ਲੋਕਾਂ ਵਿੱਚ ਆਪਣੀ ਸਾਖ ਬਹਾਲ ਕਰਾ ਸਕਦੀਆਂ ਹਨ। ਜਨਤਕ ਹਮਾਇਤ ਤਾਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਨਾਲ ਹੀ ਮਿਲ ਸਕਦੀ ਹੈ। ਲੋਕਾਂ ਦਾ ਸਮਾਂ ਬਰਬਾਦ ਕਰਨ ਦੀ ਥਾਂ `ਤੇ ਕੰਧ `ਤੇ ਲਿਖਿਆ ਪੜ੍ਹਨ ਖੇਚਲ ਕਰਨ ਦਾ ਯਤਨ ਕਰੋ। ਅਸਲ ਨੇਤਾ ਉਹ ਹੀ ਸਫਲ ਗਿਣਿਆ ਜਾ ਸਕਦਾ ਹੈ ਜਿਹੜਾ ਚਾਪਲੂਸਾਂ ਦੀ ਪਕੜ ਵਿਚੋਂ ਬਾਹਰ ਆ ਕੇ ਧਰਾਤਲ ਦੀ ਗੱਲ ਸੁਣਨ ਦਾ ਯਤਨ ਕਰੇ।
ਲੰਬੇ ਸਮੇਂ ਤੋਂ ਆਪਣੇ ਵਿਰੋਧੀਆਂ ਨੂੰ ਸਬਕ ਸਿਖਾਉਣ ਲਈ ਜਾਂ ਨਿੱਜੀ ਕਿੜਾਂ ਕੱਢਣ ਲਈ ਰਾਜਨੀਤਿਕ ਲੋਕਾਂ ਨੇ ਅਕਾਲ ਤੱਖਤ ਦੀ ਪ੍ਰਭੂ ਸਤਾ ਨੂੰ ਦਾਅ `ਤੇ ਲਗਾਇਆ ਹੈ। ਸੋਦਾ ਸਾਧ ਨੂੰ ਮੁਆਫ ਕਰਨ ਵਾਲੀ ਘਟਨਾ ਲਈ ਜ਼ਮੀਨ ਤਿਆਰ ਨਹੀਂ ਸੀ ਇਸ ਲਈ ਇਸ ਹੁਕਮ ਨਾਮੇ ਨੂੰ ਸੰਗਤ ਨੇ ਪ੍ਰਵਾਨ ਨਹੀਂ ਕੀਤਾ। ਸੰਗਤਾਂ ਦੇ ਦਬਾਅ ਅੱਗੇ ਝੁਕਦਿਆਂ ਆਪਣਾ ਹੁਕਮ ਨਾਮਾ ਹੀ ਵਾਪਸ ਲੈਣਾ ਪਿਆ। ਰਾਜਨੀਤਿਕ ਲੋਕਾਂ ਦੇ ਕਹੇ ਅਨੁਸਾਰ ਚੱਲਣ ਕਰਕੇ ਜੱਥੇਦਾਰਾਂ ਦੀ ਪੂਰੀ ਕਿਰਕਰੀ ਹੋਈ। ਹਾਲਾਤ ਅਜੇਹੇ ਬਣ ਗਏ ਸਨ ਕਿ ਨਾ ਤਾਂ ਜੱਥੇਦਾਰਾਂ ਨੂੰ ਸ਼੍ਰੋਮਣੀ ਕਮੇਟੀ ਰੱਖ ਸਕਦੀ ਸੀ ਤੇ ਨਾ ਹੀ ਨੌਕਰੀ ਤੋਂ ਕੱਢ ਸਕਦੀ ਸੀ। ਕੌਮ ਦੇ ਜੱਥੇਦਾਰਾਂ ਨੂੰ ਲਾਚਰਗੀ ਹਾਲਤਾਂ ਵਿੱਚ ਰਹਿਣ ਲਈ ਮਜ਼ਬੁਰ ਹੋਣਾ ਪੈ ਰਿਹਾ ਹੈ। ਅਜੇਹੇ ਵਿੱਚ ਅਕਾਲ ਤੱਖਤ ਤੇ ਅੰਮ੍ਰਿਤ ਛਕਾਉਣ ਵਾਲੇ ਜੱਥੇ ਨੇ ਆਪਣੇ ਆਪ ਨੂੰ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਪੇਸ਼ ਕਰਦਿਆਂ ਅਕਾਲ ਤੱਖਤ ਦੇ ਜੱਥੇਦਾਰ ਤੇ ਬਾਕੀ ਤੱਖਤਾਂ ਦੇ ਜੱਥੇਦਾਰਾਂ ਨੂੰ ਤਲਬ ਕਰ ਲਿਆ ਗਿਆ। ਭਾਂਵੇਂ ਇਹ ਸਿਧਾਤਿਕ ਤੌਰ ਤੇ ਗਲਤ ਹੈ ਕਿਉਂਕਿ ਇਹ ਸਾਰੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ। ਹਰ ਸੰਸਥਾ ਵਿੱਚ ਕੰਮ ਕਰਨ ਦੇ ਕੁੱਝ ਤੌਰ ਤਰੀਕੇ ਹਨ। ਇੰਜ ਕਰਨ ਨਾਲ ਸੰਸਥਾ ਵਿੱਚ ਅਨੁਸ਼ਾਸ਼ਨ ਨਹੀਂ ਰਹਿ ਸਕਦਾ। ਸ਼੍ਰੋਮਣੀ ਕਮੇਟੀ ਪਾਸ ਹੋਰ ਵੀ ਬਹੁਤ ਸਾਰੇ ਅੰਮ੍ਰਿਤ ਛਕਾਉਣ ਵਾਲੇ ਜੱਥੇ ਹਨ। ਇੰਜ ਤਾਂ ਹਰ ਜੱਥਾ ਹੀ ਆਪਣੇ ਆਪ ਨੂੰ ਪੱਕੇ ਤੌਰ `ਤੇ ਪੰਜ ਪਿਆਰੇ ਸਮਝਣ ਲੱਗ ਜਾਏਗਾ।
ਇਸ ਦਾ ਦੂਸਰਾ ਪੱਖ ਵੀ ਦੇਖਿਆ ਜਾਣਾ ਬੜਾ ਜ਼ਰੂਰੀ ਹੈ ਕਿ ਸੰਸਥਾ ਵਿਚੋਂ ਅਜੇਹੇ ਵਿਰੋਧ ਦਾ ਜਨਮ ਹੋਣਾ ਦਸਦਾ ਹੈ ਕਿ ਸ਼੍ਰੋਮਣੀ ਕਮੇਟੀ ਆਪ ਵੀ ਕਿਸੇ ਅਨੁਸ਼ਾਸ਼ਨ ਵਿੱਚ ਨਹੀਂ ਰਹੀ। ਸ਼੍ਰੋਮਣੀ ਕਮੇਟੀ ਦੇਖਣ ਨੂੰ ਅਜ਼ਾਦ ਹਸਤੀ ਵਾਲੀ ਲਗਦੀ ਹੈ ਪਰ ਇਸ `ਤੇ ਰਾਜਨੀਤਿਕ ਗਲਬਾ ਪੂਰਾ ਹੈ ਲੰਬੇ ਸਮੇਂ ਤੋਂ ਅਕਾਲ ਤੱਖਤ ਤੋਂ ਲਏ ਜਾ ਰਹੇ ਫੈਸਲੇ ਸਰਬ ਪ੍ਰਵਾਨਤ ਨਹੀਂ ਹੋ ਨਿਬੜੇ। ਜਿਸ ਦਾ ਨਤੀਜਾ ਅੰਮ੍ਰਿਤ ਛਕਾਉਣ ਵਾਲੇ ਸਿੰਘਾਂ ਨੂੰ ਅੱਗੇ ਆਉਣਾ ਪਿਆ ਹੈ। ਕੌਮ ਵਿੱਚ ਇਹ ਸਾਰਾ ਕੁੱਝ ਦੁਖਦਾਈ ਪਹਿਲੂ ਹੈ।




.