. |
|
ਉਸਤਤ-ਨਿੰਦਾ
(ਭਾਗ 1)
ਗੁਰਬਾਣੀ ’ਚ ਅਸੀਂ ਉਸਤਤ-ਨਿੰਦਾ ਬਾਰੇ ਕਈ ਸ਼ਬਦ ਪੜ੍ਹਦੇ ਅਤੇ ਸੁਣਦੇ ਹਾਂ, ਜਿਨ੍ਹਾਂ ਦੇ ਲਫਜ਼ੀ
ਅਰਥਾਂ ਤੋਂ ਸਮਝ ਪੈਂਦੀ ਹੈ ਕਿ ਰੱਬ ਦੀ ਉਸਤਤ ਕਰਨੀ ਚਾਹੀਦੀ ਹੈ। ਅਸੀਂ ਇਹ ਵੀ ਮੰਨਦੇ ਹਾਂ ਕਿ
ਲੋਕਾਂ ਦੀ ਨਿੰਦਾ ਨਹੀਂ ਕਰਨੀ ਚਾਹੀਦੀ। ਭਾਵੇਂ ਰੱਬੀ ਉਸਤਤ ਅਸੀਂ ਸਾਰਾ ਦਿਨ ਨਹੀਂ ਕਰਦੇ ਅਤੇ
ਕਿਸੇ ਨਾ ਕਿਸੇ ਮਨੁੱਖ ਦੀ ਨਿੰਦਾ ਕਿਸੇ ਨਾ ਕਿਸੇ ਨਾਲ ਕਰਦੇ ਹੀ ਹਾਂ। ਇਸ ਦਾ ਮਤਲਬ ਇਹ ਨਿਕਲਿਆ
ਕਿ ਅਸੀਂ ਗੁਰਮਤ ਵਲੋਂ ਦਿੱਤੇ ਗਏ ਕੀਮਤੀ ਸੁਨੇਹੇ ਨੂੰ ਅਮਲੀ ਤੌਰ ‘ਤੇ ਨਹੀਂ ਜਿਊਂਦੇ।
ਉਸਤਤ ਅਤੇ ਨਿੰਦਾ ਦੋਨਾਂ ਦੀ ਮਨਾਹੀ ਹੈ। ਇਸ ਨੁਕਤੇ ਨੂੰ ਅਮਲੀ ਜਾਮਾ ਪਹਿਨਾਉਣ ਪੱਖੋਂ ਇਸ ਦੀ
ਵਿਚਾਰ ਕਰਨੀ ਅਤਿ ਲੋੜੀਂਦੀ ਹੈ। ਰੱਬ ਦੇ ਬੇਅੰਤ ਗੁਣ ਹਨ। ਇਨ੍ਹਾਂ ਰੱਬੀ ਗੁਣਾਂ ਨੂੰ ਗਾਉਣਾ ਅਤੇ
ਵਡਿਆਉਣਾ ਰੱਬੀ ਉਸਤਤ ਹੈ। ਪਰ ਇਹ ਉਸਤਤ ਅਧੂਰੀ ਰਹਿ ਜਾਂਦੀ ਹੈ ਜੇ ਕਰ ਅਸੀਂ ਇਨ੍ਹਾਂ ਗੁਣਾਂ ਨੂੰ
ਆਪ ਜਿਊਣ ਲਈ ਤਤਪਰ ਨਹੀਂ ਹੁੰਦੇ। ਹਰੇਕ ਪਲ ਇਨ੍ਹਾਂ ਗੁਣਾਂ ਨੂੰ ਆਪਣੀ ਸ਼ਖਸੀਅਤ ’ਚ ਨਹੀਂ
ਵਧਾਉਂਦੇ।
ਗੁਰਬਾਣੀ ਦਾ ਫੁਰਮਾਨ ਹੈ ‘ਉਸਤਤਿ ਨਿੰਦਾ ਦੋਊ ਤਿਆਗੈ’ ਜਾਂ ‘ਉਸਤਤਿ
ਨਿੰਦਾ ਦੋਊ ਬਿਬਰਜਿਤ’ ਭਾਵ ਉਸਤਤ ਅਤੇ ਨਿੰਦਾ ਦੋਨਾਂ ਦੀ ਮਨਾਹੀ ਹੈ ਪਰ ਇਹ ਸਮਝਣ ਅਤੇ
ਵਿਚਾਰਨ ਦਾ ਵਿਸ਼ਾ ਹੈ ਕਿ ਕਿਹੜੀ ਉਸਤਤ ਅਤੇ ਨਿੰਦਾ ਦੀ ਗੱਲ ਕੀਤੀ ਜਾ ਰਹੀ ਹੈ। ਸੋ ਉਸਤਤ ਦੇ ਹਰੇਕ
ਪੱਖ ਨੂੰ ਨਿੰਦਾ ਸਹਿਤ ਸਮਝਣਾ ਲੋੜੀਂਦਾ ਜਾਪਦਾ ਹੈ।
ਕੁਝ ਲੋਕਾਂ ਦਾ ਇਹ ਮੰਨਣਾ ਹੈ ਕਿ ਜੇ ਕਿਸੇ ਦੀ ਉਸਤਤ ਕੀਤੀ ਤਾਂ ਉਹ ਖੁਸ਼ਾਮਦ ਜਾਂ ਚਾਪਲੂਸੀ
ਹੋਵੇਗੀ। ਇਸ ਲਈ ਉਹ ਕਿਸੇ ਵੀ ਮਨੁੱਖ ਦੀ ਉਸਤਤ ਨਹੀਂ ਕਰਦੇ ਹਨ। ਇਸੇ ਤਰ੍ਹਾਂ ਇਹ ਵੀ ਮੰਨਿਆ
ਜਾਂਦਾ ਹੈ ਕਿ ਧੋਖੇਬਾਜ਼ ਮਨੁੱਖਾਂ ਦੇ ਅਵਗੁਣ ਨਸ਼ਰ ਕਰਨੇ ਚਾਹੀਦੇ ਹਨ ਤਾਕਿ ਹੋਰਨਾਂ ਨੂੰ ਉਸ ਮਨੁੱਖ
ਤੋਂ ਧੋਖਾ ਨਾ ਖਾਣਾ ਪਵੇ। ਇਸ ਲਈ ਕਿਸੇ ਮਨੁੱਖ ਦੇ ਅਉਗੁਣਾਂ ਬਾਰੇ ਦੱਸਣਾ ਨਿੰਦਾ ਨਹੀਂ ਸਮਝਿਆ
ਜਾਂਦਾ। ਸੋ, ਉਹ ਨਿੰਦਾ ਕਰ ਲੈਂਦੇ ਹਨ ਪਰ ਮੰਨਦੇ ਨਹੀਂ ਕਿ ਇਹ ਨਿੰਦਾ ਹੈ ਕਿਉਂਕਿ ਉਨ੍ਹਾਂ
ਮੁਤਾਬਕ ਕਿਸੀ ਦੇ ਅਵਗੁਣਾਂ ਦਾ ਪਰਦਾ ਫਾਸ਼ ਕਰਨਾ ਧਰਮ ਦਾ ਕੰਮ ਹੈ। ਸੋ ਆਪਣੇ ਮਨ ਕੀ ਮਤ ਦੇ ਨਜ਼ਰੀਏ
ਨਾਲ ਕਿਸੇ ਦੇ ਗੁਣਾਂ ਦੀ ਉਸਤਤ ਨਹੀਂ ਕਰਨੀ ਕਿਉਂਕਿ ਉਹ ਖੁਸ਼ਾਮਦ ਜਾਂ ਚਾਪਲੂਸੀ ਹੈ ਅਤੇ ਨਿੰਦਾ ਇਸ
ਲਈ ਕਰਨੀ ਹੈ ਕਿ ਇਹ ਤਾਂ ਸੱਚਾਈ ਦੱਸੀ ਹੈ ਜਿਸ ਨਾਲ ਝੂਠ ਦਾ ਪਰਦਾ ਹਟਿਆ ਹੈ। ਸੋ ਉਸਤਤ ਤਾਂ ਕੀਤੀ
ਨਹੀਂ ਪਰ ਨਿੰਦਾ ਕਰਨ ਲਈ ਪੈਰ ਪੱਕੇ ਕਰ ਲਏ। ਦੋਨਾਂ ਪਿੱਛੇ ਆਪਣੇ ਮਨ ਕੀ ਮਤ (ਖੁਦਗਰਜ਼ੀ) ਹੀ ਵਰਤ
ਰਹੀ ਹੈ।
ਬਾਰ-ਬਾਰ ਗੁਰਬਾਣੀ ਨੂੰ ਪੜ੍ਹਨ ਅਤੇ ਵਿਚਾਰਨ ’ਤੇ ਮਹਿਸੂਸ ਹੁੰਦਾ ਹੈ ਕਿ ਗੁਰਬਾਣੀ ਦਾ ਹਰੇਕ ਸ਼ਬਦ
ਮੇਰੇ ਆਪਣੇ ਮਨ ਬਾਰੇ ਹੈ। ਮੇਰੇ ਮਨ ਨੂੰ ਸੋਧਿਆ ਜਾ ਰਿਹਾ ਹੈ। ਮੇਰੇ ਮਨ ਨੂੰ ਆਪਣੀ ਵਡਿਆਈ ਅਤੇ
ਵਾਹ-ਵਾਹ ਦੀ ਭੁੱਖ ਲੱਗੀ ਰਹਿੰਦੀ ਹੈ। ਮਨ ਨੂੰ ਆਪਣੀ ਵਾਹ-ਵਾਹ ਜਾਂ ਉਸਤਤ ਸੁਣਨਾ ਚੰਗਾ ਲਗਦਾ ਹੈ।
ਆਪਣੇ ਅਵਗੁਣਾਂ ਨੂੰ ਛੁਪਾਉਣਾ ਜਾਂ ਠੀਕ ਠਹਿਰਾਣਾ ਮਨ ਦੀ ਫਿਤਰਤ ਹੈ। ਮਨ ਨਹੀਂ ਚਾਹੁੰਦਾ ਕਿ ਕੋਈ
ਮੇਰੇ ਅਵਗੁਣਾਂ ਵਲ ਉਂਗਲ ਚੁੱਕੇ ਇਸ ਲਈ ਮਨ ਆਪਣੀ ਨਿੰਦਾ ਬਰਦਾਸ਼ਤ ਨਹੀਂ ਕਰ ਪਾਉਂਦਾ।
ਮਨ ਆਪਣੀ ਵਾਹ-ਵਾਹ ਸੁਣ ਕੇ ਹੰਕਾਰ ’ਚ ਫੁਲਿਆ ਰਹਿੰਦਾ ਹੈ। ਆਪਣੀ ਉਸਤਤ ਨੂੰ ਮਾਣ ਜਾਂ ਇਜ਼ਤ ਸਮਝਦਾ
ਹੈ। ਕੋਈ ਅਵਗੁਣਾਂ ਵਲ ਧਿਆਨ ਦਿਵਾਏ ਜਾਂ ਕਿਸੇ ਨੂੰ ਅਵਗੁਣਾਂ ਬਾਰੇ ਪਤਾ ਲੱਗੇ ਤਾਂ ਮਨ ਨੂੰ
ਅਪਮਾਨ ਲਗਦਾ ਹੈ। ਐਸੀ ਅਪਮਾਨਜਨਕ ਨਿੰਦਾ ਮਨ ਬਰਦਾਸ਼ਤ ਨਹੀਂ ਕਰਦਾ। ਹਾਲਾਂਕਿ ਇਸਨੂੰ
‘ਉਸਤਤਿ ਨਿੰਦਾ ਦੋਊ ਬਿਬਰਜਿਤ ਤਜਹੁ ਮਾਨੁ ਅਭਿਮਾਨਾ ॥’
ਸਿਖਾਇਆ ਹੈ। ਭਾਵ ਐ ਮਨ! ਤੂੰ ਆਪਣੀ ਉਸਤਤ ਅਤੇ ਵਾਹ-ਵਾਹ ਸੁਣਨਾ ਤਾਂ ਪਸੰਦ ਕਰਦਾ ਹੈਂ ਪਰ ਪੜਚੋਲ
ਬਰਦਾਸ਼ਤ ਨਹੀਂ ਕਰਦਾ, ਇਸ ਮਾਨ-ਅਪਮਾਨ ਨੂੰ ਛੱਡ ਦੇ। ਐਸੇ ਸੁਭਾ ਦੀ ਹੀ ਮਨਾਹੀ (ਬਿਬਰਜਿਤ) ਹੈ।
ਵੀਰ ਭੁਪਿੰਦਰ ਸਿੰਘ
|
. |