ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਰਾਜੇ ਪਾਪ ਕਮਾਵਾਂਦੇ--
ਰਾਜੇ ਪਾਪ ਕਮਾਵਾਂਦੇ ਉਲਟੀ ਵਾੜ
ਖੇਤ ਕਉ ਖਾਈ।।
ਇਹ ਤੁਕ ਭਾਈ ਗੁਰਦਾਸ ਜੀ ਦੀ ਉਚਾਰਣ ਕੀਤੀ ਹੋਈ ਹੈ।
ਇਸ ਤੁਕ ਵਿਚੋਂ ਰਾਜੇ, ਵਾੜ ਤੇ ਖੇਤ ਵਿਚਲੀ ਫਸਲ ਦੇ ਤਿੰਨ ਵਿਚਾਰ ਪ੍ਰਗਟ ਹੁੰਦੇ ਹਨ। ਜਿਸ ਤਰ੍ਹਾਂ
ਇੱਕ ਕਿਰਸਾਨ ਪੂਰਾ ਖਰਚਾ ਕਰਕੇ ਫਸਲ ਬੀਜਦਾ ਹੈ ਤੇ ਬਾਹਰਲੇ ਅਵਾਰਾ ਪਸ਼ੂਆਂ ਤੋਂ ਬਚਾਉਣ ਲਈ ਵਾੜ
ਕਰਦਾ ਹੈ ਤਾਂ ਕੇ ਮੇਰੀ ਕੀਤੀ ਮਿਹਨਤ ਦਾ ਪੂਰਾ ਮੁੱਲ ਮਿਲ ਸਕੇ।
ਜੇ ਮੁਲਕ ਦਾ ਰਾਜਾ ਬੇਈਮਾਨ ਹੋਵੇ ਤੇ ਉਸ ਦੇ ਮਨ ਵਿੱਚ ਇਹ ਮਲੀਨ ਵਿਚਾਰ ਹੋਣ ਕਿ ਮੁਆਮਲੇ ਦੇ ਰੂਪ
ਵਿੱਚ ਵੱਧ ਤੋਂ ਵੱਧ ਕਿਰਸਾਨ ਦੀ ਫਸਲ ਹੜੱਪ ਕਰ ਲਵਾਂ ਤਾਂ ਵਿਚਾਰੇ ਕਿਰਸਾਨ ਦਾ ਕੋਈ ਬਚਾ ਨਹੀਂ
ਹੈ। ਦੂਜੇ ਪਾਸੇ ਫਸਲ ਦੀ ਰਾਖੀ ਲਈ ਬਿਠਾਏ ਹੋਏ ਕਰਿੰਦੇ ਹੀ ਫਸਲ ਨੂੰ ਖਾਣਾ ਸ਼ੁਰੂ ਕਰ ਦੇਣ ਤਾਂ ਕੀ
ਕਿਰਸਾਨ ਢਿੱਡ ਭਰ ਕੇ ਰੋਟੀ ਖਾ ਸਕਦਾ ਹੈ?
ਇਸ ਤੁਕ ਨੂੰ ਜਦੋਂ ਸਿੱਖ ਕੌਮ ਤੇ ਭਾਰਤੀ ਹਾਕਮਾ ਨਾਲ ਜੋੜ ਕੇ ਦੇਖਦੇ ਹਾਂ ਤਾਂ ਸਮਝ ਆਉਂਦੀ ਹੈ ਕਿ
ਭਾਰਤੀ ਨੇਤਾਵਾਂ ਦੀਆਂ ਬੇਈਮਾਨੀਆਂ, ਸਰਕਾਰੀ ਤੰਤਰ ਦਾ ਹੱਦੋਂ ਵੱਧ ਜ਼ੁਲਮ ਤੇ ਅਖਬਾਰੀ ਮਾਧਿਅਮ ਦੀ
ਇੱਕ ਪਾਸੜ ਭੂਮਿਕਾ ਦੇਸ਼ ਦੀ ਅਜ਼ਾਦੀ ਮਿਲਣ ੳਪਰੰਤ ਸਿੱਖ ਵਿਰੋਧੀ ਹੀ ਰਹੀ ਹੈ।
ਪਿਛੋਕੜ—
ਭਾਰਤ ਸੈਂਕੜੇ ਸਾਲ ਬਾਹਰਲੇ ਹਮਲਵਰਾਂ ਦਾ ਸ਼ਿਕਾਰ ਰਿਹਾ ਹੈ ਤੇ ਬਹੁਤਾ ਸਮਾਂ ਭਾਰਤ `ਤੇ ਰਾਜ
ਵੀ ਉਹਨਾਂ ਨੇ ਹੀ ਕੀਤਾ ਹੈ। ਅਕਬਰ ਬਾਦਸ਼ਾਹ ਤੇ ਔਰੰਗਜ਼ੇਬ ਨੇ ਲੰਬਾ ਸਮਾਂ ਭਾਰਤੀ ਲੋਕਾਂ `ਤੇ ਰਾਜ
ਕੀਤਾ ਹੈ। ਭਾਰਤੀ ਲੋਕਾਂ ਦੇ ਮੂੰਹ ਵਿਚੋਂ ਇਹ ਮੁਹਾਵਰਾ ਆਪਣੇ ਆਪ ਨਿਕਲਦਾ ਸੀ ਕਿ “ਖਾਧਾ ਪੀਤਾ
ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ” ਸਦੀਆਂ ਤੀਕ ਭਾਰਤੀ ਬਾਹਰਲੇ ਹਮਲਵਾਰਾਂ ਦੀ ਮਾਰ ਖਾ ਖਾ ਕੇ
ਨਿੱਸਲ ਹੋਏ ਪਏ ਸਨ। ਵੱਖ ਵੱਖ ਪ੍ਰਕਾਰ ਦੀ ਪਾਠ-ਪੂਜਾ ਕਰਦਿਆਂ ਭਾਰਤੀ ਸਭਿਅਤਾ ਬੇਗੈਰਤ ਤੇ ਅਣਖਹੀਣ
ਹੋ ਚੁੱਕੀ ਸੀ। ਅਜੇਹੇ ਸਮੇਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੇ ਲੋਕਾਂ ਨੂੰ ਖੁਦਮੁਖਤਿਆਰ ਬਣਨ ਦਾ
ਸੰਕਲਪ ਅਮਲੀ ਰੂਪ ਵਿੱਚ ਦਿੱਤਾ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਅਣਖ਼ੀ, ਬਹਾਦਰ ਤੇ ਸੂਰਬੀਰ ਸਿੱਖ
ਯੋਧਿਆਂ ਨੇ ਸਦੀਆਂ ਤੋਂ ਭਾਰਤ ਦੀ ਆਬਰੂ ਲੁੱਟਣ ਤੇ ਲਤਾੜਨ ਵਾਲਿਆਂ ਜ਼ਾਲਮ ਹਮਲਾਵਰਾਂ ਨੂੰ ਮੂੰਹ
ਤੋੜਵਾਂ ਜੁਆਬ ਦੇਂਦਿਆਂ ਸਦਾ ਲਈ ਖੈਬਰ ਦੇ ਦਰਿਆਂ ਨੂੰ ਬੰਦ ਕਰ ਦਿੱਤਾ। ਗੁਰੂ ਨਾਨਕ ਜੀ ਦੇ ਫਲਸਫੇ
ਨੇ ਅਣਖ਼ੀ ਹੋਣ ਦਾ ਅਹਿਸਾਸ ਕਰਾਉਂਦਿਆਂ ਮੌਤ ਦਾ ਭੈ ਖਤਮ ਹੀ ਨਹੀਂ ਕੀਤਾ ਸਗੋਂ ਅਸਲੀ ਜ਼ਿੰਦਗੀ ਦੇ
ਮਹੱਤਵ ਨੂੰ ਸਮਝਾਇਆ, ਹਰ ਜ਼ੁਲਮ ਦੇ ਅੱਗੇ ਗੋਡੇ ਟੇਕਣ ਦੀ ਥਾਂ ਤੇ ਡੱਟਣ ਦੀ ਪਾਹ ਚਾੜ੍ਹ ਦਿੱਤੀ।
ਸਮੇਂ ਨੇ ਅੰਗੜਾਈ ਲਈ ਤੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਭਾਗ ਕਾਇਮ ਕਰ ਕੇ ਦੁਨੀਆਂ ਵਿੱਚ ਇੱਕ
ਮੀਲ ਪੱਥਰ ਗੱਡਿਆ। ਜਿਸ ਦੇ ਸਬੰਧ ਵਿੱਚ ਇਹ ਮੁਹਾਵਰਾ ਹੀ ਬਣ ਗਿਆ ਸੀ—
ਫੁੱਲਾਂ ਵਿਚੋਂ ਫੁੱਲ ਗੁਲਾਬ ਨੀ ਸਹੀਓ,
ਦੇਸ਼ਾਂ ਵਿਚੋਂ ਦੇਸ਼ ਪੰਜਾਬ ਨੀ ਸਹੀਓ।
ਤਿੰਨ ਸਦੀਆਂ ਸਾਰੇ ਭਾਰਤ ਵਿੱਚ ਤੇ ਇੱਕ ਸਦੀ ਪੰਜਾਬ ਵਿੱਚ ਅੰਗਰੇਜ਼ਾਂ ਨੇ ਰਾਜ ਕੀਤਾ ਹੈ।
ਅੰਗਰੇਜ਼ਾਂ ਕੋਲੋਂ ਇੱਕ ਗਲਤੀ ਹੋ ਗਈ ਕਿ ਉਹਨਾਂ ਨੇ ਪੰਜਾਬ ਨੂੰ ਆਪਣੇ ਅਧੀਨ ਕਰ ਲਿਆ ਨਹੀਂ ਤਾਂ
ਪੁਰਬੀ ਭਾਰਤੀਆਂ ਤੇ ਅੰਗਰੇਜ਼ਾਂ ਨੇ ਲੰਬਾ ਸਮਾਂ ਹੋਰ ਰਾਜ ਕਰਦੇ ਰਹਿਣਾ ਸੀ। ਸਦੀਆਂ ਦੀ ਗੁਲਾਮੀ
ਸਹਿ ਸਹਿ ਕੇ ਲੋਕਾਂ ਨੂੰ ਗ਼ੁਲਾਮ ਰਹਿਣ ਦੀ ਆਦਤ ਹੀ ਪੈ ਗਈ ਸੀ। ਲੋਕ ਅਜ਼ਾਦੀ ਵਰਗੇ ਸ਼ਬਦਾਂ ਨੂੰ
ਭੁੱਲ ਗਏ ਹੋਏ ਸਨ। ਗੁਰੂ ਸਾਹਿਬ ਜੀ ਨੇ ਅਹਿਸਾਸ ਕਰਾਇਆ—
ਜੇ ਜੀਵੈ ਪਤਿ ਲਥੀ ਜਾਇ।।
ਸਭੁ ਹਰਾਮੁ ਜੇਤਾ ਕਿਛੁ ਖਾਇ।। ਸਲੋਕ ਮ: ੧ ਪੰਨਾ ੧੪੨
ਅਣਖੀ ਪੰਜਾਬੀਆਂ ਨੇ ਮੁਲਕ ਦੀ ਅਜ਼ਾਦੀ ਲਈ ਉਹ ਰੋਲ ਅਦਾ ਕੀਤਾ ਹੈ ਜਿਹੜਾ ਸਾਰਾ ਭਾਰਤ ਨਹੀਂ
ਕਰ ਸਕਿਆ। ਭਾਰਤ ਦੇ ਇਤਿਹਾਸ ਵਿੱਚ ਇਹ ਤੱਥ ਬੋਲਦੇ ਹਨ ਕਿ ਮੁਲਕ ਦੀ ਅਜ਼ਾਦੀ ਲਈ ਛੋਟੀ ਜੇਹੀ ਕੌਮ
ਨੇ ਸਾਰੇ ਭਾਰਤੀਆਂ ਨਾਲੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ। ਜਨੀ ਕਿ ਮੁਲਕ ਦੀ ਅਜ਼ਾਦੀ ਲਈ ਨੰਬੇ
ਪ੍ਰਤੀਸ਼ੱਤ ਤੋਂ ਵੱਧ ਦਾ ਯੋਗਦਾਨ ਸਿੱਖ ਕੌਮ ਦਾ ਰਿਹਾ ਹੈ।
ਫਾਂਸੀਆਂ ਦੇ ਰੱਸਿਆਂ ਨੂੰ ਚੁੰਮਿਆਂ ਤਾਂ ਸਭ ਤੋਂ ਵੱਧ ਸਿੱਖਾਂ ਦੀ ਗਿਣਤੀ ਆਉਂਦੀ ਹੈ। ਘਰਬਾਰ
ਬਰਬਾਦ ਹੋ ਗਏ, ਜਾਇਦਾਦਾਂ ਕੁਰਕ ਹੋਈਆਂ, ਕਾਲੇ ਪਾਣੀਆਂ ਦੀਆਂ ਸਜਾਵਾਂ ਹੋਈਆਂ, ਭਾਰਤੀ ਜੇਲ੍ਹਾਂ
ਵਿੱਚ ਨਰਕ ਭੋਗਿਆ, ਮੌਰ ਭੰਨੇ ਗਏ ਤਾਂ ਇਸ ਵਿੱਚ ਸਭ ਤੋਂ ਵੱਧ ਹਿੱਸਾ ਸਿੱਖ ਕੌਮ ਦਾ ਆਉਂਦਾ ਹੈ।
ਮੁਲਕ ਅਜ਼ਾਦ ਹੁੰਦਾ ਹੈ ਤਾਂ ਉਸ ਦੀ ਆਖਰੀ ਕਿਸ਼ਤ ਵੀ ਪੰਜਾਬੀਆਂ ਨੇ ਆਪਣੀ ਜ਼ਮੀਨ ਨੂੰ ਦੋ ਹਿੱਸਿਆਂ
ਵਿੱਚ ਵੰਡਾ ਕੇ ਮੋੜੀ। ਸਾਡੇ ਇਤਿਹਾਸਕ ਗੁਰਦੁਆਰਿਆਂ ਦੀ ਵਿਰਾਸਤ ਸਾਡੇ ਕੋਲੋਂ ਸਦਾ ਲਈ ਦੂਰ ਹੋ
ਗਈ। ਤੇ ਹੁਣ ਸਿੱਖਾਂ ਦੀਆਂ ਨਨਕਾਣੇ ਦੇ ਦਰਸ਼ਨਾਂ ਲਈ ਅੱਖੀਆਂ ਤਰਸਦੀਆਂ ਹਨ। ਇਹ ਜ਼ਮੀਨੀ ਤਲ਼ ਦੀ
ਅਜੇਹੀ ਕਾਣੀ ਵੰਡ ਹੈ ਜਿਹੜੀ ਦੁਨੀਆਂ ਦੇ ਕਿਸੇ ਵੀ ਇਤਿਹਾਸ ਵਿਚੋਂ ਨਹੀਂ ਮਿਲਦੀ। ਧੀਆਂ ਬੇਪਤ
ਹੋਈਆਂ ਇਸਤ੍ਰੀਆਂ ਨੂੰ ਉਧਾਲ਼ਿਆ ਗਿਆ, ਖੂਨ ਦੀ ਹੋਲੀ ਖੇਲੀ ਗਈ। ਭਾਰਤ ਤੇ ਪਾਕਿਸਤਾਨ ਦੇ ਲੀਡਰ ਇੱਕ
ਦੂਜੇ ਨੂੰ ਵਧਾਈਆਂ ਦੇ ਰਹੇ ਸਨ ਤੇ ਲੈ ਰਹੇ ਸਨ ਪਰ ਪੰਜਾਬੀ ਹੱਸਦੇ ਵੱਸਦੇ ਲੱਖਾਂ ਵਿੱਚ ਹੁੰਦੇ
ਹੋਏ ਕੱਖਾਂ ਤੇ ਆ ਗਏ। ਬਹੁਤ ਸਾਰੇ ਪਰਵਾਰ ਮੁਲਕ ਦੀ ਅਜ਼ਾਦੀ ਦਾ ਅੱਜ ਵੀ ਸੇਕ ਝੱਲ ਰਹੇ ਹਨ।
ਅਜ਼ਾਦੀ ਸਿੱਖ ਕੌਮ ਦੀ ਬਰਬਾਦੀ
‘ਜੂਨ ੮੪ ਦੀ ਪੱਤਰਕਾਰੀ` ਪੁਸਤਕ ਵਿੱਚ ਸਰਦਾਰ ਜਸਪਾਲ ਸਿੰਘ ਸਿੱਧੂ ਪੰਨਾ ੨੪੦ ਤੇ ਲਿਖਦੇ ਹਨ
ਕਿ “ਮੁਲਕ ਵਿੱਚ ਅਜੇਹੇ ਡਰਾਮੇ ਹੁੰਦੇ ਰਹੇ ਜਦੋਂ ਪੰਜਾਬ ਵਿੱਚ ੭-੮ ਲੱਖ ਲੋਕ ਗਾਂਧੀ-ਨਹਿਰੂ-ਪਟੇਲ
ਦੀ ਸਿਆਸਤ ਕਾਰਨ ਹੋਏ ਫਿਰਕੂ ਦੰਗਿਆਂ ਵਿੱਚ ਮਾਰੇ ਗਏ ਸਨ। ਚਾਰ ਲੱਖ ਤੋਂ ਵੱਧ ਔਰਤਾਂ ਉਧਾਲ਼ੀਆਂ
ਗਈਆਂ ਅਤੇ ੭੦-੮੦ ਲੱਖ ਬੇਖ਼ਬਰ ਤੇ ਬੇਕਸੂਰ ਲੋਕ ਘਰੋਂ ਬੇਘਰ ਹੋ ਪਾਕਿਸਤਾਨ-ਹਿੰਦੁਸਤਾਨ ਵਿਚਕਾਰ
ਪੱਧਰੀ ਜ਼ਮੀਨ `ਤੇ ਵਾਹੀ ਸਿਆਸੀ-–ਵੰਡ ਦੀ ਲਕੀਰ ਦੇ ਇਧਰ-ਉਧਰ ਪਾਰ ਹੋਏ ਸਨ”।
“ਮਾਂਊਟਬੈਟਿਨ ਨੇ ੧੪ ਅਗਸਤ ਨੂੰ ਹੀ ਪਾਕਿਸਤਾਨ ਬਣਾ ਦਿੱਤਾ ਸੀ। ਅੰਗਰੇਜ਼ੀ ਸ਼ਾਸਨ ਤੋਂ ਸੱਤਾ ਤਬਦੀਲ
ਕਰਕੇ ਜਿਨਹਾ ਦੇ ਹੱਥ ਸੌਂਪ ਦਿੱਤੀ ਸੀ। ਪਰ ਨਹਿਰੂ-ਗਾਂਧੀ ਨੇ ਮੁਲਕ ਦੀ ਅਜ਼ਾਦੀ ਵਿੱਚ ਭਾਰਤੀ
ਹਿੰਦੂਤਵ ਦਾ ਜ਼ਹਿਰ ਘੋਲਦਿਆਂ ਭਾਰਤੀ ਜੋਸ਼ੀਆਂ ਪਾਸੋਂ ਸੁਝਾਈ ਸ਼ੁਭ-ਘੜੀ ਯਾਨੀ ੧੫ ਅਗਸਤ ਦੀ ਰਾਤ ਦੇ
ਪੂਰੇ ਬਾਰਾਂ ਵਜੇ ਰਾਜ ਸੱਤਾ ਪਰਿਵਰਤਨ ਦੇ ਦਸਤਾਵੇਜ਼ ਉੱਤੇ ਮਾਂਊਟਬੈਟਿਨ ਤੋਂ ਦਸਤਖ਼ਤ ਕਰਵਾਏ ਸਨ”।
ਪਛਮੀ ਪੰਜਾਬ ਤੋਂ ਉਝੜ ਪੁਝੜ ਕੇ ਆਇਆਂ ਨੂੰ ਅੱਧੀਆਂ ਜ਼ਮੀਨਾਂ ਤੇ ਸਬਰ ਕਰਨਾ ਪਿਆ। ਜਿਸ ਦੀ ਸੱਤਰ
ਕਿੱਲੇ ਜ਼ਮੀਨ ਸੀ ਉਸ ਨੂੰ ੩੦ ਦੇ ਕੇ ਭਾਣਾ ਮੰਨਣ ਤੇ ਦੇਸ਼ ਭਗਤੀ ਦਾ ਸਬਕ ਪੜ੍ਹਾਇਆ ਜਾਣ ਲੱਗਾ।
ਭਾਰਤ ਦੀ ਅਜ਼ਾਦੀ ਲਈ ਜੋ ਲਹਿਰ ਖੜੀ ਹੋਈ ਉਸ ਦਾ ਨਾਂ ਕਾਂਗਰਸ ਪਾਰਟੀ ਰੱਖਿਆ ਗਿਆ। ਇਸ ਪਾਰਟੀ ਵਿੱਚ
ਵੱਖ ਵੱਖ ਧਰਮਾਂ ਦੇ ਲੋਕ ਸ਼ਾਮਿਲ ਹੋਏ ਸਨ। ਦੇਖਣ ਨੂੰ ਕਾਂਗਰਸ ਧਰਮ ਨਿਰਪੱਖ ਪਾਰਟੀ ਲੱਗਦੀ ਸੀ ਪਰ
ਅੰਦਰ ਖਾਤੇ ਉਸ ਨੂੰ ਹਿੰਦੂ ਧਾਰਮਿਕ ਪਰਤੀਕਾਂ ਦਾ ਰੰਗ ਚੜ੍ਹਿਆ ਹੋਇਆ ਸੀ। ਅਸਲ ਵਿੱਚ ਮੁਲਕ ਦੀ
ਅਜ਼ਾਦੀ ਦੀ ਲਹਿਰ ਦਾ ਸੰਦ ਬਣਾ ਕੇ ਕਾਂਗਰਸ ਪਾਰਟੀ ਨੇ ਆਪਣੇ ਆਪ ਨੂੰ ਹਿੰਦੂਕਰਨ ਵਿੱਚ ਪੂਰਾ ਪੂਰਾ
ਫਿੱਟ ਕੀਤਾ ਹੋਇਆ ਸੀ।
ਨੰਗੀ ਚਿੱਟੀ ਬੇਈਮਾਨੀ
ਜਦੋਂ ਭਾਰਤ ਦੇ ਸੂਬਿਆਂ ਨੂੰ ਬੋਲੀਆਂ ਦੇ ਅਧਾਰਤ ਵੰਡਿਆ ਗਿਆ ਤਾਂ ਪੰਜਾਬ ਨਾਲ ਵਿਤਕਰਾ
ਕਰਦਿਆਂ ਇਸ ਨੂੰ ਬਣਦਾ ਮਾਣ ਨਹੀਂ ਦਿੱਤਾ ਗਿਆ। ਭਾਵ ਬੋਲੀ ਦੇ ਅਧਾਰ `ਤੇ ਪੰਜਾਬੀ ਸੂਬਾ ਨਹੀਂ
ਬਣਾਇਆ ਗਿਆ। ਮੁਲਕ ਦੇ ਅਜ਼ਾਦ ਹੁੰਦਿਆਂ ਹੀ ਭਾਰਤੀ ਨੇਤਾਵਾਂ, ਸਰਕਾਰੀ ਤੰਤਰ ਦੇ ਸਰਕਾਰੀ ਪੱਖ ਦੀ
ਪੱਤਰਕਾਰੀ ਨੇ ਸਿੱਖਾਂ ਨੂੰ ਦੇਸ਼ ਵਿਰੋਧੀ ਤੇ ਦੇਸ਼ ਧਰੋਹੀ ਹੋਣ ਦਾ ਅਹਿਸਾਸ ਕਰਾਉਣਾ ਸ਼ੁਰੂ ਕਰ
ਦਿੱਤਾ। ਇਹ ਇੱਕ ਬੜੀ ਸਵਾਦੀ ਗੱਲ ਹੈ ਕਿ ਸਿੱਖਾਂ ਨੇ ਭਾਰਤ ਵਿੱਚ ਰਹਿੰਦਿਆਂ ਭਾਰਤੀ ਹੋਣ ਨੂੰ
ਪਹਿਲ ਦਿੱਤੀ ਪਰ ਭਾਰਤੀ ਹਾਕਮਾਂ ਨੇ ਚਿੱਟੇ ਦਿਨ ਵਿੱਚ ਹਮੇਸ਼ਾਂ ਸਿੱਖ ਕੌਮ ਨਾਲ ਬੇਈਮਾਨੀ ਕੀਤੀ।
ਇਸ ਦਾ ਇਕੋ ਹੀ ਕਾਰਨ ਹੈ ਕਿ ਕਾਂਗਰਸ ਪਾਰਟੀ ਨੇ ਲੰਬਾ ਸਮਾਂ ਰਾਜ ਕਰਨ ਲਈ ਕੁੱਝ ਅਜੇਹੇ ਨਾਂ
ਦਿੱਤੇ ਜਿਸ ਨਾਲ ਆਮ ਲੋਕਾਂ ਨੂੰ ਮਹਿਸੂਸ ਹੋਵੇ ਕਿ ਸਿੱਖ ਆਪਣੇ ਦੇਸ਼ ਨਾਲ ਪਿਆਰ ਨਹੀਂ ਕਰਦੇ ਬਲ ਕੇ
ਦੇਸ਼ ਵਿਰੋਧੀ ਤੇ ਦੇਸ਼ ਧਰੋਹੀ ਹਨ। ਲਗਾਤਾਰ ਅਜੇਹਾ ਪੱਤਾ ਵਰਤਦਿਆਂ ਬਹੁ ਗਿਣਤੀ ਹਿੰਦੂਆਂ ਦੀਆਂ
ਵੋਟਾਂ ਨਾਲ ਰਾਜ ਕਰਦੇ ਰਹੇ ਹਨ। ਭਾਰਤ ਵਿੱਚ ਹਿੰਦੂਆਂ ਦੀ ਬਹੁ ਗਿਣਤੀ ਬੜੀ ਸ਼ਿਦਤ ਨਾਲ ਆਪਣੇ ਆਪ
ਹੀ ਮਹਿਸੂਸ ਕਰਨ ਲੱਗ ਪਈ ਸ਼ਾਇਦ ਸੱਚਂੀ ਹੀ ਸਿੱਖ ਭਾਰਤ ਦੇ ਦੁਸ਼ਮਣ ਹੋਣ ਤੇ ਦੇਸ਼ ਦੇ ਟੁਕੜੇ ਕਰਨਾ
ਚਾਹੁੰਦੇ ਹੋਣ।
ਜਦੋਂ ਸਿੱਖ ਨੇਤਾਵਾਂ ਨੇ ਰਾਜ ਦੇ ਹੱਕਾਂ ਦੀ ਗੱਲ ਕੀਤੀ ਤਾਂ ਭਾਰਤੀ ਨੇਤਾਵਾਂ ਤੇ ਸਰਕਾਰੀ ਤੰਤਰ
ਨੇ ਕੁੱਝ ਨਵੇਂ ਸ਼ਬਦ ਘੜੇ ਸਨ। ਮਿਸਾਲ ਦੇ ਤੌਰ ਤੇ ਅਨੰਦਪੁਰ ਦਾ ਮਤਾ ਹੀ ਲੈ ਲਓ ਇਸ ਮਤੇ ਅਨੁਸਾਰ
ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਕੀਤੀ ਹੋਈ ਹੈ। ਕੀ ਭਾਰਤ ਦੇ ਬਾਕੀ ਰਾਜਾਂ ਨੂੰ ਵੱਧ
ਅਧਿਕਾਰ ਨਹੀਂ ਚਾਹੀਦੇ ਸਨ? ਭਾਰਤੀ ਅਖਬਾਰੀ ਮੀਡੀਆ, ਸਰਕਾਰੀ ਤੰਤਰ ਤੇ ਵੱਡੇ ਵੱਡੇ ਹਿੰਦੂ
ਸੰਸਕਾਰਾਂ ਵਿੱਚ ਪਰੁਚੇ ਹੋਏ ਪਤਰਕਾਰਾਂ ਨੇ ਬਣੀ ਬਣਾਈ ਸ਼ਬਦਾਵਲੀ ਵਰਤਣੀ ਸ਼ੁਰੂ ਕਰ ਦਿੱਤੀ ਕਿ ਸਿੱਖ
ਭਾਰਤ ਨਾਲੋਂ ਵੱਖਰਾ ਹੋਣਾ ਚਾਹੁੰਦੇ ਹਨ ਜਾਂ ਮੁਲਕ ਦੇ ਟੁੱਕੜੇ ਕਰਨਾ ਚਾਹੁੰਦੇ ਹਨ। ਸਿੱਖਾਂ ਦੀਆਂ
ਹੱਕੀ ਮੰਗਾਂ ਨੂੰ ਵੀ ਦੇਸ਼ ਦੇ ਟੁੱਕੜੇ ਟੁੱਕੜੇ ਹੋ ਜਾਣ ਦਾ ਖਤਰਾ ਦੱਸਿਆ, ਜਨੀ ਕਿ ਸਿੱਖਾਂ ਪ੍ਰਤੀ
ਨਫ਼ਰਤ ਫੈਲਾਉਣ ਲਈ ਹਰ ਰੋਜ਼ ਨਵੇਂ ਨਵੇਂ ਸ਼ਬਦ ਘੜੇ ਗਏ। ਸਿੱਖਾਂ ਦਾ ਹਊਆ ਖੜਾ ਕਰਕੇ ਭਾਰਤੀ ਨੇਤਾਵਾਂ
ਨੇ ਬਹੁ ਗਿਣਤੀਆਂ ਹਿੰਦੂਆਂ ਦੀਆਂ ਵੋਟਾਂ ਪ੍ਰਾਪਤ ਕੀਤੀਆਂ ਹਨ।
ਸਿੱਖਾਂ ਦੀਆਂ ਪਰਮੁੱਖ ਮੰਗਾਂ ਸਨ ਕਿ
੧. ਜਿਸ ਤਰ੍ਹਾਂ ਬਾਕੀ ਭਾਰਤ ਵਿੱਚ ਬੋਲੀਆਂ ਦੇ ਅਧਾਰਤ ਸੂਬੇ ਬਣੇ ਹਨ ਪੰਜਾਬ ਵੀ ਇਸ ਤਰ੍ਹਾਂ
ਬਣਾਇਆ ਜਾਏ।
੨. ਚੰਡੀਗੜ੍ਹ ਸ਼ਹਿਰ ਪੰਜਾਬ ਦੀ ਰਾਜਧਾਨੀ ਬਣਾਇਆ ਸੀ ਇਹ ਸ਼ਹਿਰ ਪੰਜਾਬ ਨੂੰ ਦਿੱਤਾ ਜਾਏ।
੩. ਕੌਮਾਂਤਰੀ ਪੱਧਰ ਦੇ ਫੈਸਲਿਆਂ ਅਨੁਸਾਰ ਦਰਿਆਈ ਪਾਣੀਆਂ ਦਾ ਹੱਕ ਪੰਜਾਬ ਨੂੰ ਦਿੱਤਾ ਜਾਏ।
੪. ਪੰਜਾਬ ਤੋਂ ਬਾਹਰ ਜਾ ਰਹੇ ਪਾਣੀਆਂ ਦਾ ਮੁਆਮਲਾ ਪੰਜਾਬ ਨੂੰ ਦਿੱਤਾ ਜਾਏ।
੫. ਅਣਵੰਡੇ ਪੰਜਾਬ ਵਿੱਚ ਭਾਖੜਾ ਡੈਮ ਬਣਾਇਆ ਗਿਆ ਸੀ ਪਰ ਬਦਨੀਤੀ ਦੇ ਤਹਿਤ ਇਸ ਨੂੰ ਪੰਜਾਬ ਤੋਂ
ਬਾਹਰ ਰੱਖਿਆ ਗਿਆ ਹੈ ਇਸ ਦਾ ਹੱਕ ਪੰਜਾਬ ਨੂੰ ਦਿੱਤਾ ਜਾਏ।
੬. ਫ਼ੌਜ ਵਿਚੋਂ ਸਿੱਖ ਕੋਟਾ ਘਟਾਇਆ ਗਿਆ ਹੈ ਇਹ ਕੋਟਾ ਬਹਾਲ ਕੀਤਾ ਜਾਏ।
੭. ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਿਲ ਕੀਤੇ ਜਾਣ।
੮. ਖੇਤੀ ਦੇ ਅਧਾਰਤ ਕਾਰਖਾਨੇ ਲਗਾ ਕੇ ਪੰਜਾਬ ਦੀ ਕਿਰਸਾਨੀ ਨੂੰ ਬਚਾਇਆ ਜਾਏ।
੯. ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਜਾਣ।
੧੦. ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਉਚੇਚੀ ਸਹੂਲਤ ਦੇ ਕੇ ਛੋਟੇ ਕਾਰਖਾਨੇ ਲਗਾਏ ਜਾਣ। ਇਹ
ਅਜੇਹੀਆਂ ਮੰਗਾਂ ਹਨ ਜਿਹੜੀਆਂ ਇੱਕ ਸੂਬੇ ਦੀ ਭਲਾਈ ਲਈ ਹਨ।
ਮਿਲਿਆ ਕੀ
ਮੁਲਕ ਅਜ਼ਾਦ ਹੋ ਗਿਆ ਤੇ ਮਾਸਟਰ ਤਾਰਾ ਸਿੰਘ ਜੀ ਕੁੱਝ ਹੱਕੀ ਮੰਗਾ ਲੈ ਕੇ ਦਿੱਲੀ ਗਏ ਤਾਂ
ਭਾਰਤ ਦਾ ਪ੍ਰਧਾਨ ਮੰਤ੍ਰੀ ਖਚਰਾ ਜੇਹਾ ਹਾਸਾ ਹੱਸਦਿਆਂ ਕਹਿਣ ਲੱਗਾ, ਕਿ “ਮਾਸਟਰ ਜੀ ਅਬ ਸਮਾਂ ਬੀਤ
ਗਿਆ ਹੈ ਆਪ ਕੋ ਐਸੇ ਹੀ ਰਹਿਣਾ ਪਏਗਾ”। ਦੁਸਰੇ ਪਾਸੇ ਸਿੱਖ ਭਾਈਚਾਰੇ ਦੇ ਵਿਰੁੱਧ ਜ਼ਹਿਰ ਭਰਨ ਲਈ
ਬਹੁਤ ਸਾਰੇ ਨਵੇਂ ਸ਼ਬਦ ਘੜੇ ਗਏ। ਅਸਲ ਵਿੱਚ ਮੁੱਦਾ ਇਹ ਸੀ ਜਿਹੜਾ ਵੀ ਹਿੰਦੂਤਵ ਵਿੱਚ ਰਹੇਗਾ ਉਹ
ਹੀ ਭਾਰਤੀ ਹੈ ਵਰਨਾ ਦੇਸ਼ ਦੀ ਅਖੰਡਤਾ ਨੂੰ ਖਤਰਾ ਹੈ। ਸਰਕਾਰੀ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ
ਨਵੇਂ ਸ਼ਬਦ ਸੁਣਾਏ ਗਏ। ਇੰਦਰਾ ਗਾਂਧੀ ਨੇ ਵੱਖਵਾਦੀ, ਅਤੰਕਵਾਦੀ, ਉਗਰਵਾਦੀ, ਫਿਰਕਾ ਪ੍ਰਸਤ, ਦੇਸ਼
ਦੇ ਟੁਕੜੇ ਟੁਕੜੇ ਕਰਨ ਵਾਲੇ ਆਦਿ ਸ਼ਬਦਾਂ ਨਾਲ ਸਿੱਖ ਕੌਮ ਨੂੰ ਸਾਰੀ ਦੁਨੀਆਂ ਵਿੱਚ ਪੂਰੀ ਚਾਲ ਨਾਲ
ਬਦਨਾਮ ਕਰਨ ਪੂਰਾ ਪੂਰਾ ਯਤਨ ਕੀਤਾ ਗਿਆ।
ਰਾਜੇ ਪਾਪ ਕਮਵਾਂਦੇ ਨੂੰ ਸਹੀ ਠਹਿਰਾਉਣ ਲਈ ਆਪਣੇ ਮੁਲਕ ਦੀ ਫੌਜ ਵਲੋਂ ਦਰਬਾਰ ਸਾਹਿਬ ਤੇ ਹਮਲਾ
ਪੂਰੀ ਰਣਨੀਤੀ ਦੇ ਤਹਿਤ ਕੀਤਾ ਗਿਆ। ਸਰਕਾਰੀ ਤੰਤਰ ਤੇ ਸਰਕਾਰ ਪ੍ਰਸਤ ਅਖਬਾਰੀ ਮੀਡੀਏ ਨੇ ਸਿੱਖ
ਕੌਮ ਨੂੰ ਦੁਨੀਆਂ ਵਿੱਚ ਅਤੰਕਵਾਦੀ ਪੇਸ਼ ਕਰਨ ਵਿੱਚ ਕੋਈ ਬਾਕੀ ਕਸਰ ਨਹੀਂ ਛੱਡੀ। ਹੱਕੀ ਮੰਗਾਂ
ਮੰਗਦਿਆਂ ਅਜ਼ਾਦ ਭਾਰਤ ਵਿੱਚ ਨਿਹੱਥੇ ਸਿੱਖਾਂ ਤਥਾ ਗੁਰਦੁਆਰਿਆਂ ਦੇ ਭਾਰਤੀ ਫੌਜ ਵਲੋਂ ਕਹਿਰ ਢਾਹਿਆ
ਗਿਆ। ਅਸਲ ਵਿੱਚ ਇਹ ਸਾਰੀ ਪ੍ਰਕਿਰਿਆ ਓਸੇ ਤਹਿਤ ਚੱਲ ਰਹੀ ਸੀ ਜਿਸ ਤਹਿਤ ਮੁਲਕ ਅਜ਼ਾਦ ਹੋਣ `ਤੇ ਇਸ
ਨੂੰ ਪੰਜਾਬ ਤੋਂ ਉਝੜਕੇ ਆਈ ਸਿੱਖ ਕੌਮ ਨੂੰ ਜ਼ਰਾਇਮ ਪੇਸ਼ੇ ਵਰਗੇ ਸ਼ਬਦਾਂ ਨਾਲ ਸੰਬੋਧਨ ਕੀਤਾ। ਭਾਰਤੀ
ਮੀਡੀਏ ਨੇ ਵੀ ਸਿੱਖਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਿਵੇਂ ਦੇਸ਼ ਲਈ ਸਭ ਤੋਂ ਵੱਧ ਖਤਰਨਾਕ ਸਿੱਖ ਹੀ
ਹੋਣ।
ਜਦੋਂ ਪੰਦਰਾਂ ਅਗਸਤ ਆਉਂਦਾ ਹੈ ਤਾਂ ਸਿੱਖਾਂ ਨੂੰ ਇਹ ਸੋਚਣ ਲਈ ਮਜ਼ਬੂਰ ਹੋਣਾਂ ਪੈਂਦਾ ਹੈ ਕਿ ਮੁਲਕ
ਅਜ਼ਾਦ ਹੋਣ `ਤੇ ਸਿੱਖ ਕੌਮ ਨੂੰ ਕੀ ਪ੍ਰਾਪਤ ਹੋਇਆ। ਸਾਨੂੰ ਸਨਮਾਨ ਮਿਲਣ ਦੀ ਥਾਂ `ਤੇ ਅਤੰਕਵਾਦੀ,
ਵੱਖਵਾਦੀ, ਫਿਰਕਾ ਪ੍ਰਸਤ ਸ਼ਬਦਾਂ ਨਾਲ ਸੰਬੋਧਨ ਕੀਤਾ। ਬਹੁਤੀਆਂ ਅਖਬਾਰਾਂ ਨੇ ਹਿੰਦੂਤਵ ਪ੍ਰਗਟ
ਕਰਦਿਆਂ ਸਰਕਾਰੀ ਪੱਖ ਨੂੰ ਪੂਰਿਆ ਹੈ। ਮੁਲਕ ਦੀ ਅਜ਼ਾਦੀ ਉਪਰੰਤ ਸਿੱਖਾਂ ਦੀਆਂ ਸਮੱਸਿਆਵਾਂ ਸੁਣਨ
ਸਮਝਣ ਦੀ ਬਜਾਏ ਬਹੁ ਗਿਣਤੀ ਹਿੰਦੂਆਂ ਨੂੰ ਖੁਸ਼ ਕਰਕੇ ਨੇਤਾਵਾਂ ਨੇ ਵੋਟਾਂ ਬਟੋਰੀਆਂ ਹਨ। ਭਾਰਤੀ
ਫੌਜ ਨੇ ਸਾਰੇ ਕਾਇਦੇ ਕਨੂੰਨ ਛਿੱਕੇ ਤੇ ਟੰਗਦਿਆਂ ਦਰਬਾਰ ਸਾਹਿਬ ਦੀਆਂ ਸਰਾਵਾਂ ਵਿੱਚ ਨਿਹੱਥਿਆਂ
ਨੂੰ ਬਿਨਾ ਕਿਸੇ ਪੁੱਛ ਪਰਤੀਤ ਦੇ ਭੁੱਖੇ ਪਿਆਸੇ ਰੱਖ ਕੇ ਗੋਲ਼ੀਆਂ ਨਾਲ ਭੁੰਨ ਸੁੱਟਿਆ। ਕੀਮਤੀ
ਲਾਇਬ੍ਰੇਰੀ ਦੀਆਂ ਪੁਸਤਕਾਂ ਸਰਕਾਰ ਆਪਣੇ ਕਬਜ਼ੇ ਵਿੱਚ ਲੈ ਗਈ ਮੁੜ ਕੋਈ ਥਹੁ ਪਤਾ ਨਹੀਂ ਮਿਲਿਆ।
ਅਜੌਕੇ ਸਿੱਖ ਨੇਤਾ ਵੀ ਓਸੇ ਤਰਜ਼ ਤੇ ਚੱਲ ਰਹੇ ਹਨ। ਇਹ ਹਰ ਸਟੇਜ ਤੇ ਕਦੇ ਵੀ ਕਹਿਣਾ ਨਹੀਂ ਭੁੱਲਦੇ
ਕਿ ਸਾਡੇ ਪੁਰਾਣੇ ਨੇਤਾਵਾਂ ਕੋਲੋਂ ਬਹੁਤ ਵੱਡੀਆਂ ਭੁੱਲਾਂ ਹੋਈਆਂ ਹਨ। ਚਲੋ ਮੰਨ ਲੈਂਦੇ ਹਾਂ
ਉਹਨਾਂ ਕੋਲੋਂ ਭੁੱਲਾਂ ਜ਼ਰੂਰ ਹੋ ਗਈਆਂ ਹੋਣਗੀਆਂ ਕਿਉਂਕਿ ਸਹੀ ਮੰਗਾਂ ਨਹੀਂ ਮੰਨੀਆਂ ਗਈਆਂ
ਹੋਣਗੀਆਂ। ਉਹਨਾਂ ਪੁਰਾਣੇ ਲੀਡਰਾਂ ਨੇ ਇੱਕ ਗੱਲ ਤਾਂ ਪੱਕੀ ਕੀਤੀ ਸੀ ਕਿ ਅਸਾਂ ਭਾਰਤ ਵਿੱਚ ਹੀ
ਰਹਿਣਾ ਹੈ। ਪਰ ਹੁਣ ਤੁਸੀਂ ਤਾਂ ਅਜ਼ਾਦ ਭਾਰਤ ਦੇ ਵਾਸੀ ਹੋ ਤੇ ਨਾਲੇ ਰਾਜ ਭਾਗ ਦੇ ਮਾਲਕ ਵੀ ਤੇ
ਕੇਂਦਰ ਵਿੱਚ ਬਹੁਤੀ ਵਾਰੀ ਤੁਹਾਡੀ ਸਰਕਾਰਾਂ ਨਾਲ ਭਾਈ ਵਾਲ਼ੀ ਵੀ ਰਹੀ ਹੈ ਤੁਸੀ ਹੁਣ ਹੀ ਆਪਣੀਆਂ
ਬਣਦੀਆਂ ਹੱਕੀ ਮੰਗਾਂ ਮਨਾ ਲਓ। ਏਦਾਂ ਕਿਹਾ ਜਾ ਸਕਦਾ ਹੈ ਕਿ ਹਰ ਹਾਕਮ ਆਪਣੀ ਰਾਜ ਗੱਦੀ ਹੀ ਪੱਕੀ
ਕਰਨ ਵਿੱਚ ਲੱਗਿਆ ਹੋਇਆ ਹੈ। ਪਰ ਸਿੱਖਾਂ ਦੀਆਂ ਹੱਕੀ ਮੰਗਾਂ ਜਿਉਂ ਦੀਆਂ ਤਿਉਂ ਹੀ ਹਨ।
ਗੁਲ਼ ਅਪਨਾ, ਨ ਖ਼ਾਰ ਅਪਨਾ, ਨ ਜ਼ਾਲਮ ਬਾਗਬਾਂ ਅਪਨਾ,
ਬਨਾਯਾ ਆਹ! ਕਿਸ ਗੁਲਸ਼ਨ ਮੇਂ, ਹਮ ਨੇ ਆਸ਼ੀਆਂ ਅਪਨਾ।