.

ਉਸਤਤ-ਨਿੰਦਾ

(ਭਾਗ 2)

ਰੱਬੀ ਉਸਤਤ ਤੋਂ ਇਲਾਵਾ ਕਿਸੇ ਹੋਰ ਦੀ ਉਸਤਤ ਦੀ ਹੀ ਮਨਾਹੀ ਹੈ। ਰੱਬੀ ਵਡਿਆਈਆਂ ਦੀ ਵਿਚਾਰ ਵਾਲੀ ਉਸਤਤ ਬਿਬਰਜਿਤ ਨਹੀਂ ਹੈ। ਰੱਬੀ ਗੁਣਾਂ ਨੂੰ ਵਡਿਆਉਣਾ ਜਾਂ ਗੁਰੂ ਦੀ ਵਾਹ-ਵਾਹ ਕਰਨੀ (ਉਸਤਤ ਕਰਨੀ) ਇਸ ਲਈ ਦ੍ਰਿੜ ਕਰਵਾਈ ਹੈ ਤਾਂਕਿ ਐਸੇ ਰੱਬੀ ਗੁਣਾਂ ਵਾਲਾ ਸੁਭਾ ਸਾਡੇ ਮਨ ਨੂੰ ਵੀ ਜਿਊਣ ਦੀ ਜਾਚ ਆ ਸਕੇ। ਗੁਰਬਾਣੀ ਰਾਹੀਂ ਰੱਬੀ ਗੁਣਾਂ ਨੂੰ ਪ੍ਰਾਪਤ ਕਰਨ ਲਈ ਮਨ ਨੂੰ ਸੱਚਾ ਸੁਨੇਹਾ ਦਿੱਤਾ ਗਿਆ ਹੈ।

ਰੱਬੀ ਗੁਣਾਂ ਨੂੰ ਜਾਂ ਸੱਚ ਨੂੰ ਨਜ਼ਰਅੰਦਾਜ਼ ਕਰਨਾ ਹੀ ਸੱਚ ਨੂੰ ਪਿੱਠ ਦੇਣਾ ਹੈ। ਸੱਚ (ਗੁਰੂ) ਤੋਂ ਮੁੱਖ ਮੋੜਨਾ ਜਾਂ ਸੱਚ ਵਲ ਕੰਨ ਨਾ ਧਰਨਾ ਹੀ ਨਿੰਦਾ ਹੈ। ਜੇ ਕਰ ਨਿੰਦਕ ਮਨ ਕੂੜ ਨਾਲ ਜੁੜਿਆ ਰਹੇ ਤਾਂ ਕਾਲੇ ਕਾਰਨਾਮੇ ਕਰਦਾ ਹੈ, ਇਸੇ ਨੂੰ ‘ਨਿੰਦਕਾ ਕੇ ਮੁਹ ਕਾਲੇ ਕਰੇ’ ਭਾਵ ਉਸ ਦੇ ਮੁੱਖ ਤੇ ਕੂੜ, ਮੈਲ ਜਾਂ ਸੁਆਹ (ਛਾਰ) ਰੂਪੀ ਕਾਲਖ ਲੱਗੀ ਹੋਈ ਹੈ। ਨਿੰਦਕ ਸੱਚ ਨੂੰ ਪਿੱਠ ਦੇਂਦਾ ਹੈ, ਇਸੇ ਅਵਸਥਾ ਬਾਰੇ ਗੁਰਬਾਣੀ ਵਿੱਚ ਆਇਆ ਹੈ - ‘ਅਹੰਕਾਰੀਆ ਨਿੰਦਕਾ ਪਿਠਿ ਦੇਇ’।

ਸੋ, ਰੱਬੀ ਗੁਣਾਂ ਦੀ ਉਸਤਤ ਜਾਂ ਵਡਿਆਈ ਕਰਨੀ ਸਮਝਾਈ ਗਈ ਹੈ ਨਾ ਕਿ ਆਪਣੇ ਗੁਣਾਂ ਦਾ ਪ੍ਰਗਟਾਵਾ। ਵਿਖਾਵਾ ਇਸੇ ਲਈ ਕੀਤਾ ਜਾਂਦਾ ਹੈ ਕਿ ਮੇਰੀ ਵਾਹ-ਵਾਹ, ਵਡਿਆਈ ਜਾਂ ਉਸਤਤ ਕਰੋ ਅਤੇ ਅਵਗੁਣਾਂ ਦਾ ਪ੍ਰਗਟਾਵਾ ਇਸੇ ਲਈ ਨਹੀਂ ਕਰਦੇ ਹਾਂ ਜਾਂ ਅਸੀਂ ਛੁਪਾਂਦੇ ਹਾਂ ਤਾਂਕਿ ਮੇਰੀ ਨਿੰਦਾ ਨਾ ਹੋ ਸਕੇ। ਆਪਣੀ ਇਸ ਉਸਤਤ ਅਤੇ ਨਿੰਦਾ ਤੋਂ ਹੀ ਵਰਜਿਆ ਗਿਆ ਹੈ।

ਸਾਨੂੰ ਸਮਝਨਾ ਇਹ ਹੈ ਕਿ ਜੋ-ਜੋ ਸਿਫਤਾਂ ਮੇਰੇ ’ਚ ਹਨ ਜਾਂ ਮੈਨੂੰ ਪ੍ਰਾਪਤ ਹਨ ਜਾਂ ਮੈਂ ਕਮਾਈਆਂ ਹਨ ਉਨ੍ਹਾਂ ’ਚ ‘ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ’। ਭਾਵ ਇਹ ਸਭ ਕੁਝ ਰੱਬ ਦਾ ਹੈ। ਇਸ ਕਰਕੇ ਆਪਣੀ ਉਸਤਤ ਬਦਲੇ ਰੱਬੀ ਸਿਫਤਾਂ ਦਾ ਸੰਗ ਕਰਨਾ ਚਾਹੀਦਾ ਹੈ। ਜੇਕਰ ਕਿਸੀ ਹੋਰ ਮਨੁੱਖ ’ਚ ਵੀ ਰੱਬੀ ਸਿਫਤਾਂ ਹਨ ਤਾਂ ਉਸ ਮਨੁੱਖ ’ਚੋਂ ਰੱਬੀ ਗੁਣਾਂ ਨੂੰ ਲੈਕੇ, ਰੱਬੀ ਗੁਣਾਂ ਦੀ ਵਡਿਆਈ ਉਸਤਤ ਕਰਨੀ ਹੈ ਤਾਂਕਿ ਉਹ ਗੁਣ ਮੇਰੇ ’ਚ ਵੀ ਆ ਜਾਣ। ਅਸੀਂ ਉਸ ਮਨੁੱਖ ਦੀ ਵਡਿਆਈ ਨਹੀਂ ਕਰਦੇ ਹਾਂ ਬਲਕਿ ਰੱਬੀ ਗੁਣ ਦੀ ਵਾਹ-ਵਾਹ ਕਰਦੇ ਹਾਂ। ਉਸ ਰੱਬ ਦੀ ਵਡਿਆਈ ਕਰਨੀ ਚਾਹੀਦੀ ਹੈ ਜਿਸਨੇ ਇਹ ਗੁਣ ਦ੍ਰਿੜਾਏ ਹਨ।
ਨਾਨਕ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥
(ਗੁਰੂ ਗ੍ਰੰਥ ਸਾਹਿਬ, ਪੰਨਾ 788)

ਰੱਬ ਬੇਅੰਤ ਗੁਣਾਂ ਦਾ ਸੋਮਾ ਹੈ ਇਸੇ ਲਈ ਗੁਣਾਂ ਨੂੰ ਦ੍ਰਿੜਾਉਂਦਾ ਹੈ। ਰੱਬ ਮਿਠਬੋਲੜਾ ਹੈ ਅਤੇ ‘ਸਤਿਗੁਰੁ ਸਭਨਾ ਦਾ ਭਲਾ ਮਨਾਇਦਾ’ ਭਾਵ ਸਾਰਿਆਂ ਦਾ ਭਲਾ ਲੋਚਦਾ ਹੈ। ਸੋ ਰੱਬੀ ਸਿਫਤਾਂ ਤੋਂ ਮੁਨਕਰ ਹੋਣ ਦੀ ਨਿੰਦਕ ਅਵਸਥਾ ਤੋਂ ਛੁੱਟਣਾ ਹੈ ਤਾਂਕਿ ਨਿੰਦਿਆ ਤੋਂ ਛੁੱਟ ਕੇ ‘ਉਸਤਤਿ ਕਰਹੁ ਸਦਾ ਪ੍ਰਭ ਅਪਨੇ’ ਜਿਊ ਸਕੀਏ।

ਜਦੋਂ ਅਸੀਂ ਕਿਸੇ ਮਨੁੱਖ ’ਚ ਰੱਬੀ ਗੁਣ ਵੇਖਦੇ ਹਾਂ ਪਰ ਉਸਦੀ ਵਾਹ-ਵਾਹ ਕਰਨ ਪਿੱਛੇ ਸਾਡੀ ਖੁਦਗਰਜ਼ੀ ਹੁੰਦੀ ਹੈ ਤਾਂ ਰੱਬੀ ਗੁਣ ਸਾਡੇ ਸੁਭਾ ’ਚ ਨਹੀਂ ਆਂਦੇ ਹਨ। ਸਾਡਾ ਦੂਜਾ ਭਾਉ ਦਾ ਮਨੋਰਥ ਕਿਸੇ ਸਮੇ ਵੀ ਸਿੱਧ ਹੋ ਜਾਵੇਗਾ। ਇਸੇ ਦਾ ਨਾਮ ਚਾਪਲੂਸੀ ਜਾਂ ਖੁਸ਼ਾਮਦ ਰੱਖਿਆ ਗਿਆ ਹੈ। ਇਸ ’ਚ ਸਾਡਾ ਆਪਣਾ ਹੀ ਨੁਕਸਾਨ ਹੈ।

ਰੱਬੀ ਗੁਣ ਵਡਿਆਉਣ ਜੋਗ ਤਾਂ ਹਨ ਪਰ ਇਸ ਦਾ ਫਾਇਦਾ ਉਸੇ ਮਨੁੱਖ ਨੂੰ ਹੈ ਜੋ ਰੱਬੀ ਗੁਣਾਂ ਵਾਲਾ ਜੀਵਨ ਜਿਊਂਦਾ ਹੈ। ਜਦੋਂ ਕਿਸੇ ਦੇ ਰੱਬੀ ਗੁਣ ਜਾਂ ਚੰਗੇ ਸੁਭਾ ਨੂੰ ਸਲਾਹੁੰਦੇ ਹਾਂ ਜਾਂ ਉਤਸ਼ਾਹ ਦਿੰਦੇ ਹਾਂ ਤਾਂ ਭਾਵਨਾ ਇਹੋ ਹੋਣੀ ਚਾਹੀਦੀ ਹੈ ਕਿ ਇਸ ਗੁਣ ਨੂੰ ਅਸੀਂ ਹੋਰ ਪਕਾ-ਪਕਾ ਕੇ ਆਪਣੇ ਵਰਤੋ-ਵਿਹਾਰ ’ਚ ਲਿਆਈਏ ਤਾਂਕਿ ਸਭ ਨਾਲ ਪਿਆਰ-ਮਿਲਵਰਤਨ ਦਾ ਵਤੀਰਾ ਵੱਧੇ। ਇਸ ਤਰ੍ਹਾਂ ਕਰਨਾ ਖੁਸ਼ਾਮਦ ਜਾਂ ਚਾਪਲੂਸੀ ਨਹੀਂ ਹੈ। ਕਿਸੇ ਮਨੁੱਖ ਨੂੰ ਵੇਖ ਕੇ ਰੱਬੀ ਸਿਫਤਾਂ ਨੂੰ ਵਡਿਆਉਣ ਨਾਲ ਉਸ ਮਨੁੱਖ ਦੀ ਹਉਮੈ ਨੂੰ ਪੱਠੇ ਪਾਉਣਾ ਨਹੀਂ ਹੈ। ਹਾਂ, ਜੇਕਰ ਉਹ ਮਨੁੱਖ ਇਸ ਵਾਹ-ਵਾਹ ਦੀ ਭੁੱਖ ’ਚ ਆਕੜਦਾ ਹੈ ਜਾਂ ਚਾਹੁੰਦਾ ਹੈ ਕਿ ਮੇਰੀ ਹੋਰ ਵਾਹ-ਵਾਹ ਕਰੋ ਤਾਂ ਮੰਨਣਾ ਪਏਗਾ ਉਹ ਰੱਬੀ ਗੁਣਾਂ ਨੂੰ ਜੀਅ ਹੀ ਨਹੀਂ ਰਿਹਾ। ਕੇਵਲ ਵਾਹ-ਵਾਹ ਲਈ ਪ੍ਰਗਟਾਵਾ ਕਰਦਾ ਹੈ। ਲੇਕਿਨ ਉਸਦੀ ਭਲੀ ਉਹ ਆਪ ਨਿਬੇੜੇ। ਸਾਨੂੰ ’ਤੇ ਆਪਣੇ ਪੱਖੋਂ ਵੇਖਣਾ ਹੈ ਕਿ ਉਸ ਮਨੁੱਖ ਦਾ ਚੰਗਾ ਗੁਣ ਜੇਕਰ ਰੱਬੀ ਗੁਣ ਹੈ ਤੇ ਮੈਂ ਕਿਸੇ ਮਨੁੱਖ ਦੀ ਨਹੀਂ ਸਗੋਂ ਰੱਬੀ ਗੁਣ ਦੀ ਵਾਹ-ਵਾਹ ਜਾਂ ਉਸਤਤ ਕਰ ਰਿਹਾ ਹਾਂ। ਉਸ ਮਨੁੱਖ ਨੂੰ ਧੰਨਵਾਦ ਕਰਕੇ ਉਸਨੂੰ ਪਾਤਰ ਬਣਾ ਰਿਹਾਂ ਹਾਂ ਕਿਉਂਕਿ ਉਹ ਵਧਾਈ ਦੇ ਲਾਇਕ ਹੈ।

ਇਹ ਵਡਿਆਈ ਕਰਕੇ ਉਸ ਮਨੁੱਖ ਦਾ ਧੰਨਵਾਦ ਕਰਨਾ ਅਤੇ ਉਤਸ਼ਾਹ ਵਧਾਉਣਾ ਸਮਾਜਕ ਭਲਾਈ ਲਈ ਜ਼ਰੂਰੀ ਹੈ। ਜੇ ਕਰ ਅਸੀਂ ਇੱਕ ਦੂਜੇ ਦੇ ਚੰਗੇ ਕੀਤੇ ਨੂੰ ਨਹੀਂ ਸਲ੍ਹਾਵਾਂਗੇ, ਉਤਸ਼ਾਹ ਨਹੀਂ ਦੇਵਾਂਗੇ ਤਾਂ ਇਹ ਗੁਣ ਅਲੋਪ ਹੁੰਦੇ ਜਾਣਗੇ। ਉੜਕ ਭੁੱਲ ਹੀ ਜਾਣਗੇ। ਜਿਤਨਾ ਗੁਣਾਂ ਨੂੰ ਸਲ੍ਹਾਵੋ ਉਤਨਾ ਉਹ ਸਮਾਜ ’ਚ ਪ੍ਰਚਲਤ ਹੁੰਦੇ ਹਨ। ਪਰ ਅਸੀਂ ਅਵਗੁਣਾਂ ਦੀ ਗੱਲਾਂ ਦਿਨ-ਰਾਤ ਕਰਦੇ ਹਾਂ। ਜਿਸ ਨਾਲ ਅਵਗੁਣਾਂ ਤੋਂ ਪ੍ਰਾਪਤੀ ਵਾਲੇ ਖਿਆਲ ਪ੍ਰਚਲਤ ਹੁੰਦੇ ਹਨ ਅਤੇ ਸਮਾਜ ਅਵਗੁਣਾਂ ਵਲ ਪ੍ਰੇਰਿਤ ਅਤੇ ਉੱਤੇਜਿਤ ਹੋ ਜਾਂਦਾ ਹੈ। ਇਸਦਾ ਮਤਲਬ ਆਸ-ਪਾਸ ਕਿਸੇ ਦੇ ਵੀ ਨਿੱਕੇ ਤੋਂ ਨਿੱਕੇ ਚੰਗੇ ਗੁਣਾਂ ਦੀ ਸ਼ਲਾਘਾ ਕਰਨੀ ਲਾਭਕਾਰੀ ਹੈ ਕਿਉਂਕਿ ਇਸ ਨਾਲ ਸਮਾਜ, ਪਰਿਵਾਰ ਅਤੇ ਦੁਨੀਆ ਸੁਧਰਦੀ ਹੈ। ਜਿਸ ਮਨੁੱਖ ਨੇ, ਸਹਿਜੇ ਹੀ, ਸੁੱਤੇਸਿਧ, ਨਿਰਮਾਣਤਾ ’ਚ ਚੰਗਾ ਗੁਣ ਜੀਵਿਆ ਹੈ, ਉਹ ਵਾਹ-ਵਾਹ ਦੀ ਭੁੱਖ ਲਈ ਨਹੀਂ ਜੀਵਿਆ ਹੈ। ਸਾਨੂੰ ਕਿਸੇ ਬਾਰੇ ਧਾਰਨਾ ਬਣਾਉਣ ਦੀ ਲੋੜ ਹੀ ਨਹੀਂ। ਉਸ ਮਨੁੱਖ ਵਲੋਂ ਜੀਵੇ ਗੁਣ ਨੂੰ ਰੱਬੀ ਗੁਣ ਸਮਝ ਕੇ ਸਲਾਹੁਣਾ ਕੀਮਤੀ ਸੁਭਾ ਹੈ। ਇਸ ਨਾਲ ਉਹ ਮਨੁੱਖ ਉਤਸਾਹਿਤ ਹੋ ਕੇ ਉਸ ਚੰਗੇ ਗੁਣ ਨੂੰ ਦ੍ਰਿੜ ਕਰਕੇ ਜੀਵੇਗਾ।

ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥
(ਗੁਰੂ ਗ੍ਰੰਥ ਸਾਹਿਬ, ਪੰਨਾ 2)


ਭਾਵ ਜਿਸ ਪਾਸ ਗੁਣ ਨਹੀਂ, ਰੱਬ ਉਨ੍ਹਾਂ ਨੂੰ ਗੁਣ ਦੇਂਦਾ ਹੈ ਅਤੇ ਗੁਣਾਂ ਦੇ ਚਾਹਵਾਨ ਨੂੰ ਹੋਰ ਗੁਣ ਦੇਂਦਾ ਹੈ। ਸੋ ਸਾਡੇ ਵੱਲੋਂ ਦਿੱਤੇ ਉਤਸ਼ਾਹ ਨਾਲ ਉਹ ਮਨੁੱਖ ਹੋਰ ਵਧੇਰੇ ਗੁਣਾਂ ਨੂੰ ਜੀਵੇਗਾ।

ਸਿੱਟਾ ਇਹ ਨਿਕਲਿਆ ਕਿ ਆਪਣੀ ਵਾਹ-ਵਾਹ ਦੀ ਭੁੱਖ ਲਈ ਆਪਣੀ ਉਸਤਤ ਤੋਂ ਬਚਣਾ ਹੈ। ਪਰ ਬਿਨਾ ਵਿਖਾਵਾ ਕੀਤਿਆਂ ਰੱਬੀ ਗੁਣ ਜਿਊਣੇ ਅਤੇ ਵਧਾਉਣੇ ਹਨ। ਆਪਣੇ ਵਲ ਕੀਤੀ ਉਂਗਲ ਨੂੰ ਨਿੰਦਾ ਨਹੀਂ ਮੰਨਣਾ ਬਲਕਿ ਪਿਆਰ ਭਰੀ ਆਲੋਚਨਾ ਸਮਝ ਕੇ ਆਪਣੇ ਔਗੁਣਾਂ ਨੂੰ ਦੂਰ ਕਰਨਾ ਹੈ। ਇਸ ਨਾਲ ਸਾਡੇ ਔਗੁਣਾਂ ਦੀ ਸੁਧਾਈ ਹੋਵੇਗੀ।

ਵੀਰ ਭੁਪਿੰਦਰ ਸਿੰਘ




.