.

ਸੰਸਾਰੀ ਅਤੇ ਨਿਰੰਕਾਰੀ ਵਿਦਿਆ ਬਾਰੇ ਵਿਸ਼ੇਸ਼ ਲੇਖ

ਅਵਤਾਰ ਸਿੰਘ ਮਿਸ਼ਨਰੀ (5104325827)

ਵਿਦਿਆ ਵੀਚਾਰੀ ਤਾਂ ਪਰਉਪਕਾਰੀ॥(੩੫੬) ਵਿਦਿਆ ਸੰਸਕ੍ਰਿਤ ਦਾ ਸ਼ਬਦ ਤੇ ਅਰਥ ਹਨ-ਇਲਮ, ਗਿਆਨ, ਪੜ੍ਹਾਈ, ਕਲਾ, ਐਜੂਕੇਸ਼ਨ, ਸਟੱਡੀ, ਜਾਨਣ ਦੀ ਕਿਰਿਆ। ਵਿਦਿਆ ਵੀ ਦੋ ਪ੍ਰਕਾਰ ਦੀ ਸੰਸਾਰੀ ਅਤੇ ਨਿਰੰਕਾਰੀ। ਸੰਸਾਰੀ ਵਿਦਿਆ ਮਾਂ ਬਾਪ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਵੱਖ ਵੱਖ ਕਿਤਿਆਂ ਆਦਿ ਦੇ ਕੋਰਸਾਂ ਤੋਂ ਮਿਲਦੀ ਅਤੇ ਨਿਰੰਕਾਰੀ ਵਿਦਿਆ, ਧਰਮੀ ਪੁਰਸ਼ਾਂ, ਧਰਮ ਅਸਥਾਨਾਂ, ਧਰਮ ਵਿਦਿਆਲਿਆਂ, ਟਕਸਾਲਾਂ ਅਤੇ ਮਿਸ਼ਨਰੀ ਕਾਲਜਾਂ ਤੋਂ ਮਿਲਦੀ ਹੈ। ਅੱਜ ਇੱਕਵੀਂ ਸਦੀ ਦੇ ਸੰਸਾਰ ਵਿੱਚ ਅਨੇਕਾਂ ਬੋਲੀਆਂ ਵਿੱਚ ਵਿਦਿਆ ਹੈ। ਤੀਜਾ ਨੇਤ੍ਰ ਵਿਦਿਆ ਜੋ ਗਿਆਨ ਦੀ ਰੋਸ਼ਨੀ ਦਿੰਦੀ ਹੈ। ਵਿਦਿਆ ਨਾਲ ਹੀ ਅਜੋਕਾ ਮਨੁੱਖ ਅਕਾਸ਼ ਵਿੱਚ ਉੱਡਦਾ ਤੇ ਅਨੇਕਾਂ ਨਵੀਆਂ ਕਾਡਾਂ ਕੱਢ ਰਿਹਾ ਹੈ। ਵਿਗਿਆਨਕ ਵਿਦਿਆ ਨੇ ਸਾਬਤ ਕਰ ਦਿੱਤਾ ਹੈ ਕਿ ਚੰਦ, ਸੂਰਜ, ਮੰਗਲ ਅਤੇ ਸ਼ਨੀ ਆਦਿਕ ਕੋਈ ਗੈਬੀ ਗ੍ਰਹਿ ਜਾ ਦੇਵਤੇ ਨਹੀਂ ਸਗੋਂ ਅਕਾਸ਼ ਮੰਡਲ ਦੀਆਂ ਵੱਖ ਵੱਖ ਧਰਤੀਆਂ ਹਨ। ਅੱਜ ਸੰਸਾਰ ਦਾ ਸਾਰਾ ਦਾਰੋ ਮਦਾਰ ਵਿਦਿਆ ਦੇ ਸਹਾਰੇ ਚੱਲ ਰਿਹਾ ਅਤੇ ਸਾਰੀਆਂ ਅਧੁਨਿਕ ਸੁਖ ਸਹੂਲਤਾਂ ਵਿਦਿਆ ਵਿਗਿਆਨ ਕਰਕੇ ਹਨ। ਪ੍ਰਭੂ ਦਾ ਨਾਮ ਤੇ ਵਿਦਿਆ ਐਸਾ ਧਨ ਹੈ ਜਿਸਨੂੰ ਕੋਈ ਚੁਰਾ ਨਹੀਂ ਸਕਦਾ, ਜਲ ਡੋਬ ਅਤੇ ਅੱਗ ਸਾੜ ਨਹੀਂ ਸਕਦੀ-ਜਲਿ ਨਹੀ ਡੂਬੈ ਤਸਕਰੁ ਨਹੀਂ ਲੇਵੈ ਭਾਹਿ ਨ ਸਾਕੈ ਜਾਲੇ॥੧॥(੬੭੯) ਵਿਦਿਆ ਤੋਂ ਬਿਨਾਂ ਕੋਈ ਵਿਦਵਾਨ ਜਾਂ ਪੰਡਿਤ ਨਹੀਂ ਹੋ ਸਕਦਾ-ਬਿਨੁ ਬਿਦਿਆ ਕਹਾ ਕੋਈ ਪੰਡਿਤ॥(੧੧੪੦) ਗੁਰੂ ਦੀ ਰਹਿਮਤ ਨਾਲ ਵਿਦਿਆ ਪੜ੍ਹਨ ਵਾਲਾ ਸੰਸਾਰ ਵਿੱਚ ਆਦਰ ਮਾਨ ਪਾਉਂਦਾ ਹੈ-ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ॥(੧੩੨੯)

ਜਰਾ ਸੋਚੋ! ਹਰੇਕ ਚੀਜ ਦਾ ਨਫਾ ਤੇ ਨੁਕਸਾਨ ਹੁੰਦਾ ਹੈ। ਅਜੋਕਾ ਮਨੁੱਖ ਸੰਸਾਰੀ ਵਿਦਿਆ ਵਿੱਚ ਤਾਂ ਸਿਖਰ ਤੇ ਪਹੁੰਚ ਗਿਆ ਪਰ ਨਿਰੰਕਾਰੀ ਵਿਦਿਆ ਨੂੰ ਨਕਾਰ ਰਿਹਾ ਹੈ। ਸੰਸਾਰਕ ਵਿਦਿਆ ਲਈ ਤਾਂ ਜਿੰਦਗੀ ਦੇ ੨੦-੨੦ ਸਾਲ ਬਲਕਿ ਸਾਰੀ ਜਿੰਦਗੀ ਲਗਾ ਦਿੰਦਾ ਹੈ ਪਰ ਨਿਰੰਕਾਰੀ ਵਿਦਿਆ ਲਈ ਇਸ ਕੋਲ ੨੪ ਘੰਟਿਆਂ ਚੋਂ ਇੱਕ ਘੜੀ ਵੀ ਨਹੀਂ। ਸਾਰੀ ਵਿਦਿਆ ਪੈਸਾ, ਸ਼ੋਹਰਤ ਅਤੇ ਵਿਸ਼ੇ ਵਿਕਾਰਾਂ 'ਤੇ ਵਰਤ ਰਿਹਾ ਹੈ। ਅਜੋਕੇ ਅਮੀਰਾਂ ਅਤੇ ਰਾਜਸੀ ਲੀਡਰਾਂ ਨੇ ਵਿਦਿਆ ਨੂੰ "ਵਿਚਾਰੀ" ਬਲਹੀਨ ਬਣਾ ਕੇ ਰੱਖ ਦਿੱਤੈ ਭਾਵ ਅਨਪੜ੍ਹ ਜਾਂ ਘੱਟ ਪੜ੍ਹੇ, ਪੜ੍ਹੇ ਲਿਖਿਆਂ ਅਤੇ ਵਿਦਵਾਨਾਂ 'ਤੇ ਰਾਜ ਕਰ ਰਹੇ ਹਨ। ਅਨਪੜ੍ਹ ਲੀਡਰ ਵਿਦਿਆ ਮੰਤ੍ਰੀ ਅਤੇ ਪੋਸਟ ਗਰੈਜੂਏਟ ਰਿਕਸ਼ਾ ਚਲਾ ਰਹੇ ਹਨ। ਪੜ੍ਹੇ ਲਿਖੇ ਲੋਕ ਖੁਦ ਵੀ ਆਤਮ ਗਿਆਨ ਨਾ ਹੋਣ ਅਤੇ ਵਿਦਿਆ-ਹੰਕਾਰ ਕਰਕੇ ਮੂਰਖ ਹਨ-ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ॥(੧੪੦) ਇਸ ਦੀ ਮਸਾਲ ਹੈ ਕਿ ਪੜ੍ਹੇ ਲਿਖੇ ਅਧਿਆਪਕ, ਡਾਕਟਰ, ਵਿਗਿਆਨੀ ਅਤੇ ਗਿਆਨੀ ਅਨਪੜ੍ਹ ਡੇਰੇਦਾਰ ਸਾਧਾਂ, ਬਾਬਿਆਂ ਅਤੇ ਜੋਤਸ਼ੀਆਂ ਕੋਲ ਹੱਥ ਜੋੜ ਕੇ, ਮੰਨਤਾ ਮੰਨ ਰਹੇ ਤੇ ਚੰਗੇ ਮੰਦੇ ਦਿਨ, ਮਸਿਆ, ਪੁੰਨਿਆਂ, ਸੰਗ੍ਰਾਂਦਾਂ ਅਤੇ ਪੈਂਚਕਾਂ ਮਨਾ ਰਹੇ ਹਨ। ਪੜ੍ਹੇ ਲਿਖੇ ਚਲਾਕ ਤੇ ਹੰਕਾਰੀ ਕਿਰਤੀਆਂ ਨੂੰ ਲੁੱਟਦੇ ਹਨ। ਅਧਿਆਪਕ, ਧਰਮ ਗੁਰੂ, ਪੰਡਿਤ, ਸੰਤ ਬਾਬੇ ਅਤੇ ਰਾਜਸੀ ਲੀਡਰ ਹੀ ਧੱਕੇ ਧੌਂਸ ਨਾਲ ਮਜਬੂਰੀ ਦਾ ਫਾਇਦਾ ਉਠਾ ਕੇ ਪਰਾਈਆਂ ਔਰਤਾਂ ਨਾਲ ਬਲਾਤਕਾਰ ਕਰ ਰਹੇ ਹਨ। ਪੈਸੇ ਤੇ ਚੌਧਰ ਦੀ ਤਾਕਤ ਨਾਲ ਪੜ੍ਹੇ ਲਿਖੇ ਬੇਰੁਜਗਾਰਾਂ ਅਤੇ ਵਿਦਵਾਨਾਂ ਨੂੰ ਖ੍ਰੀਦਿਆ ਜਾ ਰਿਹਾ ਹੈ। ਅਨਪੜ੍ਹ ਪ੍ਰਬੰਧਕ ਧਰਮ ਅਸਥਾਨਾਂ ਵਿਖੇ ਪੜ੍ਹੇ ਲਿਖੇ ਵਿਦਵਾਨਾਂ ਨੂੰ ਨੌਕਰ ਸਮਝ ਰਹੇ ਹਨ। ਪੈਸੇ ਦੇ ਜੋਰ ਨਾਲ, ਵਿਦਿਆ-ਗਿਆਨ ਨੂੰ ਘਰ ਘਰ ਪਹਿਚਾਉਣ ਵਾਲਾ ਮੀਡੀਆ ਵੀ ਖ੍ਰੀਦਿਆ ਜਾ ਰਿਹਾ ਹੈ। ਪੜ੍ਹੀਆਂ ਲਿਖੀਆਂ ਮਾਵਾਂ ਤੇ ਲਾਲਚੀ ਡਾਕਟਰ ਭਰੂਣ ਹਤਿਆ ਕਰਦੇ ਹਨ। ਪੜ੍ਹੇ ਲਿਖੇ ਮੂਰਖ ਤੇ ਚਾਲਬਾਜ ਦਰਿੰਦੇ ਧਰਮ, ਜਾਤ, ਦੇਸ਼, ਪਾਰਟੀ ਅਤੇ ਧੰਨ ਦੇ ਨਾਂ ‘ਤੇ ਬੇਕਸੂਰਾਂ ਅਤੇ ਮਸੂਮਾਂ ਦੇ ਕਤਲ ਕਰ ਰਹੇ ਹਨ। ਅੱਜ ਬਹੁਤੇ ਥਾਂਵਾਂ ਖਾਸ ਕਰ ਭਾਰਤ ਵਿੱਚ ਵਿਦਿਆ ਨੂੰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਟਿਊਸ਼ਨਾਂ ਦੇ ਰੂਪ ਵਿੱਚ ਵਪਾਰ ਬਣਾ ਲਿਆ ਗਿਆ ਹੈ। ਮਾਇਆਧਾਰੀਆਂ ਵੱਲੋਂ ਥੋੜੇ ਪੈਸਿਆਂ ‘ਤੇ ਘਟੀਆ ਅਧਿਆਪਕ ਰੱਖ, ਵਿਧਿਆਰਥੀਆਂ ਦੀ ਜ਼ਿੰਦਗੀ ਨਾਲ ਖੇਡ, ਮੋਟੀ ਕਮਾਈ ਕੀਤੀ ਜਾ ਰਹੀ ਹੈ। ਸਰਕਾਰੀ, ਧਾਰਮਿਕ ਅਤੇ ਪ੍ਰਾਈਵੇਟ ਵਿਦਿਅਕ ਅਦਾਰਿਆਂ ਵਿੱਚ ਦਾਖਲਾ ਮੈਰਿਟ ਦੇ ਅਧਾਰ 'ਤੇ ਨਹੀਂ ਸਗੋਂ ਸ਼ਪਾਰਸ਼ ਅਤੇ ਰਿਸ਼ਵਤ ਰਾਹੀਂ ਦਿੱਤਾ ਜਾਂਦਾ ਹੈ। ਇਸ ਲਈ ਅੱਜ ਉੱਚ ਵਿਦਿਆ ਵੀ ਅਮੀਰਾਂ ਅਤੇ ਰਾਜਸੀ ਲੀਡਰਾਂ ਦੇ ਬੱਚੇ ਹੀ ਲੈ ਸਕਦੇ ਹਨ। ਗਰੀਬਾਂ ਅਤੇ ਕਿਰਤੀ ਕਾਮਿਆਂ ਦੇ ਬੱਚੇ ਆਰਥਕ ਕਮਜੋਰੀ ਕਰਕੇ, ਵਿਦਿਆ ਤੋਂ ਵਾਂਝੇ ਰਹਿ ਜਾਂਦੇ ਹਨ। ਅੱਜ ਸੰਸਾਰੀ ਵਿਦਿਆ ਵਿੱਚ ਜਿਆਦਾ ਲਾਲਚ, ਲਚਰਤਾ ਅਤੇ ਧਰਮ ਵਿਦਿਆ ਵਿੱਚ ਬਹੁਤੀ ਥਾਂਈਂ ਥੋਥੇ ਕਰਮਕਾਂਡ ਸਿਖਾਏ ਜਾਂਦੇ ਹਨ। ਪੁਰਾਨੇ ਜ਼ਮਾਨੇ ਵਿੱਚ ਬ੍ਰਾਹਮਣ ਤੇ ਰਾਜਾ ਹੀ ਵਿਦਿਆ ਲੈਂਦੇ ਪਰ ਕਹੇ ਜਾਂਦੇ ਸ਼ੂਦਰਾਂ ਤੇ ਔਰਤਾਂ ਨੂੰ ਇਹ ਅਧਿਕਾਰ ਨਹੀਂ ਸੀ। ਸਭ ਨੂੰ ਬਰਾਬਰ ਵਿਦਿਆ ਪੜ੍ਹਨ ਦਾ ਅਧਿਕਾਰ ਰੱਬੀ ਭਗਤਾਂ, ਸਿੱਖ ਗੁਰੂਆਂ ਅਤੇ ਅਜੋਕੇ ਵਿਗਿਆਨ ਅਤੇ ਇਲੈਕਟ੍ਰੌਣਿਕ ਮੀਡੀਏ ਨੇ ਦਿੱਤਾ ਹੈ।

ਵਿਦਿਆ ਤਾਂ ਹੀ ਪਰਉਪਕਾਰੀ ਹੋ ਸਕਦੀ ਹੈ ਜੇ ਉਸ ਦੀ ਸੁਹਿਰਤਾ ਨਾਲ ਵਿਚਾਰ ਕਰ, ਪਰਉਕਾਰੀ ਜੀਵਨ ਜੀਂਦੇ, ਆਪਣਾ ਤੇ ਹੋਰਨਾਂ ਦਾ ਭਲਾ ਚਿਤਵਿਆ ਜਾਵੇ। ਵਿਦਿਆ ਦੀਵੇ ਵਾਂਗ ਅਗਿਆਨਤਾ ਦੇ ਅੰਧੇਰੇ ਨੂੰ ਦੂਰ ਕਰਦੀ ਹੈ-ਦੀਵਾ ਬਲੈ ਅੰਧੇਰਾ ਜਾਇ॥(੭੯੧) ਦੀਵੇ ਜਾਂ ਰੋਸ਼ਨੀ ਦਾ ਕੀ ਕਸੂਰ ਤੇ ਕਾਹਦੀ ਖੁਸ਼ੀ ਜਦ ਇਸ ਦੇ ਹੁੰਦੇ ਮਨੁੱਖ ਅਗਿਆਨਤਾ, ਵਹਿਮਾਂ-ਭਰਮਾਂ, ਹਉਮੇ-ਹੰਕਾਰ, ਵਿਸ਼ੇ-ਵਿਕਾਰ, ਜਾਤ-ਪਾਤ, ਛੂਆ-ਛਾਤ, ਊਚ-ਨੀਚ ਅਤੇ ਮਾਇਆ ਦੇ ਖੂਹਾਂ ਖੱਡਿਆਂ ਵਿੱਚ ਡਿਗਦਾ ਫਿਰੇ-ਕਬੀਰ ਮਨ ਜਾਨੈ ਸਭ ਬਾਤ ਜਾਨਤ ਹੀ ਅਉਗੁਨ ਕਰੈ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ॥੨੧੬॥(੧੩੭੬) ਵਿਦਿਆ ਦਾ ਖਜ਼ਾਨਾ ਕਦੇ ਮੁਕਦਾ ਨਹੀਂ ਸਗੋਂ ਵਧਦਾ ਜਾਂਦਾ ਹੈ-ਫੈਲੇ ਵਿਦਿਆ ਚਾਨਣ ਹੋਏ(ਲੋਕ ਕਹਾਵਤ) ਸੋ ਚੰਗੇ ਇਨਸਾਨ, ਕਿਰਤੀ ਤੇ ਪਰਉਪਕਾਰੀ ਬਣਨ ਲਈ ਸੰਸਾਰ ਦੀ ਅਨੇਕ ਪ੍ਰਕਾਰੀ ਵਿਦਿਆ ਵੱਧ ਤੋਂ ਵੱਧ ਪੜ੍ਹਨੀ ਵਿਚਾਰਨੀ ਚਾਹੀਦੀ ਹੈ। ਹੁਣ ਅਨਪੜ੍ਹਤਾ ਦਾ ਜ਼ਮਾਨਾਂ ਨਹੀਂ ਰਹਿ ਗਿਆ ਕਿਉਂਕਿ ਅਨਪੜ੍ਹ ਅਜੋਕੇ ਸੰਸਾਰ ਵਿੱਚ ਤਰੱਕੀ ਨਹੀਂ ਕਰ ਸਕਦਾ, ਉਸ ਨੂੰ ਪੜ੍ਹੇ ਲਿਖੇ ਚਲਾਕ ਪੰਡਤ, ਪੁਜਾਰੀ, ਸਾਧ-ਸੰਤ ਅਤੇ ਰਾਜਨੀਤਕ ਲੀਡਰ ਲੁੱਟ ਲੈਂਦੇ ਹਨ। ਕਵੀ ਸੰਤੋਖ ਸਿੰਘ ਵੀ ਪੜ੍ਹੇ-ਅਨਪੜ੍ਹ ਬਾਰੇ ਦਰਸਾਂਦੇ ਹਨ-ਪੜ੍ਹਨ ਬਿਖੈ ਗੁਨ ਅਹੈਂ ਅਨੇਕੂ।ਸਦਾ ਗੁਨ ਪ੍ਰਾਪਤ ਆਦਿ ਬਿਬੇਕੂ।ਯਾਂ ਤੇ ਪੜ੍ਹਨ ਅਹੈ ਬਹੁ ਨੀਕਾ। ਅਨਪੜ੍ਹ ਰਹੈ ਅੰਧ ਨਿਤ ਹੀ ਕਾ। (ਸੂਰਜ ਪ੍ਰਕਾਸ਼ ਰੁੱਤ-੩ ਅਧਿਆਇ-੪੩) ਵਿਦਿਆ ਜੀਵਨ ਦਾ ਖਜ਼ਾਨਾ ਹੈ ਜੋ ਕਦੇ ਮੁਕਦਾ ਨਹੀਂ। ਸੋ ਵਿਦਿਆ ਪੜ੍ਹੀ ਤਾਂ ਹੀ ਸਫਲੀ ਹੈ ਜੇ ਪਰਉਪਕਾਰੀ ਜੀਵਨ ਜੀਵਿਆ ਜਾਵੇ-ਜੀਅ ਜੰਤ ਸਭਿ ਸੁਖਿ ਬਸੇ ਸਭ ਕੈ ਮਨਿ ਲੋਚ॥ ਪਰਉਪਕਾਰੁ ਨਿਤ ਚਿਤਵਤੇ ਨਾਹੀ ਕਛੁ ਪੋਚ॥(੮੧੬)




.