ਕਿਧਰੇ ਅਸੀਂ ਗੰਗੂ ਦੇ ਰਾਹ ਦੇ ਪਾਂਧੀ ਤਾਂ ਨਹੀਂ?
ਜਦੋ ਵੀ ਪੋਹ ਦਾ ਮਹੀਨਾ ਚੜਦਾ ਹੈ
ਤਾਂ ਸ਼ਾਇਦ ਹੀ ਕੋਈ ਏਸਾ ਸਿੱਖ ਹੋਵੇ ਜੋ ਇਸ ਮਹੀਨੇ ਵਿਚ ਚਮਕੌਰ ਦੀ ਕੱਚੀ ਗੜੀ ਤੇ ਸਰਹਿੰਦ ਦੀਆਂ
ਨੀਹਾਂ ਨੂੰ ਯਾਦ ਨਾ ਕਰਦਾ ਹੋਵੇਂ। ਕਰੇ ਵੀ ਕਿਉਂ ਨਾਂ ਆਖਿਰ ਉਸ ਦੀਆਂ ਆੰਦਰਾਂ ਦਾ ਸਬੰਧ ਜੋ ਇਸ
ਮਹੀਨੇ ਨਾਲ ਹੈ।
ਕਲਗੀਧਰ ਪਿਤਾ ਜੀ ਨੂੰ ਸਮਰਪਿਤ ਹਰ ਹਿਰਦਾ ਇਨ ਦਿਨਾਂ ਵਿਚ ਵੈਰਾਗ ਨਾਲ ਭਰ ਜਾਂਦਾ ਹੈ। ਉਸ ਨੂੰ
ਕੋਈ ਵੀ ਉਤਸ਼ਾਹਤ ਕਰਣ ਵਾਲਾ ਕੰਮ ਜਾਂ ਵਿਵਹਾਰ ਮਨ ਤੋਂ ਚੰਗਾ ਨਹੀਂ ਲਗਦਾ ਹੈ। ਲਗੇ ਵੀ ਕਿਉਂ ਲਗੇ।
ਆਖਿਰ ਇਨ ਦਿਨਾਂ ਵਿਚ ਹੀ ਤਾਂ ਮਨੁਖੀ ਇਤਿਹਾਸ ਦੀਆਂ ਦੋ ਅਦੁਤੀ ਘਟਨਵਾਂ ਘਟਿਤ ਹੋਇਆ ਸੀ। ਪਹਿਲੀ
ਵਿਚ ਪਿਤਾ ਨੇ ਆਪਣੇ ਇਕ ਨਹੀਂ ਦੋ ਪੁਤਰਾਂ ਨੂੰ ਸੱਚ, ਹੱਕ ਤੇ ਧਰਮ ਦੀ ਖਾਤਰ ਮਨੁਖਤਾ ਦੇ ਲੇਖੇ
ਲਾਇਆ ਤੇ ਦੂਜੀ ਵਿਚ ਬਜੁਰਗ ਦਾਦੀ ਨੇ ਆਪਣੇ ਨਿੱਕੇ-ਨਿੱਕੇ ਧਰਮੀ ਪੋਤਰਿਆਂ ਨੂੰ ਧਰਮ ਦੀ ਅਜਾਦੀ ਲਈ
ਪ੍ਰਵਾਨ ਕਰਵਾ ਦਿਤਾ ਸੀ।
ਜਦੋ ਵੀ ਦੁਜੀ ਘਟਨਾ ਦਾ ਜਿਕਰ ਹੁੰਦਾ ਹੈ ਤਾਂ ਇਸ ਦੇ ਖਲਨਾਇਕ ਗੰਗੂ ਦਾ ਜਿਕਰ ਆਪਣੇ ਆਪ ਹੁੰਦਾ
ਹੈ। ਜੋ ਇਹ ਦੱਸਦਾ ਹੈ ਕਿਵੇਂ ਸੱਚ ਆਪਣਾ ਸਭ ਕੁਛ ਅਰਪਿਤ ਕਰ ਕੇ ਵੀ ਜਿਤ ਜਾਂਦਾ ਹੈ ਤੇ ਲੋਭ ਦੇ
ਹੇਠਾਂ ਦਬਿਆ ਅਤਿਆਚਾਰ, ਖੁਦਗਰਜੀ, ਚੋਧਰ ਦੀ ਹਵਸ ਜਿਤ ਕੇ ਵੀ ਹਾਰ ਜਾਂਦੀ ਹੈ ਕਿਉਕਿ ਸਿਜਦੇ ਤੇ
ਸਰਹਿੰਦ ਦੀ ਦੀਵਾਰ ਨੂੰ ਅੱਜ ਵੀ ਹੋ ਰਹੇ ਨੇ ਤੇ ਸਰਹਿੰਦ ਤੇ ਰਾਜ ਮਹਿਲਾਂ ਦਾ ਵਜੂਦ ਵੀ ਕੋਈ ਨਹੀ
ਜਾਣਦਾ।
ਇਹ ਇਕ ਸਵਾਲ ਵੀ ਇਤਿਹਾਸ ਦਾ ਹੈ ਆਖਿਰ ਕੀ ਕਾਰਣ ਸੀ ਜਿਸ ਨੇ ਗੰਗੂ ਨੂੰ ਲੂਣ ਹਰਾਮੀ ਬਣਾ ਦਿਤਾ
ਸੀ। ਗੰਗੂ ਕੇਵਲ ਲੋਭ ਦਾ ਮਾਰਿਆ ਧਰਮ ਨੂੰ ਭੁਲਾ ਕੇ ਅਧਰਮੀ ਬਣ ਬੈਠਾ ਸੀ। ਉਸ ਨੂੰ ਮਾਤਾ ਜੀ ਦੀਆਂ
ਸੋਨੇ ਦੀਆਂ ਮੋਹਰਾਂ ਦੇ ਨਾਲ ਸਰਕਾਰੀ ਦਰਬਾਰੇ ਮਿਲਣ ਵਾਲਾ ਰੁਤਬਾ ਦਿਸ ਰਹਿਆ ਸੀ। ਜਿਸਨੇ ਉਸ ਨੂੰ
ਗਦਾਰੀ ਕਰਣ ਲਈ ਕੇਵਲ ਉਤਸ਼ਾਹਿਤ ਹੀ ਨਹੀਂ ਕੀਤਾ ਬਲਕਿ ਨਿਕਿਆਂ ਜਿੰਦਾ ਦੇ ਕਾਤਲਾਂ ਵਿਚੋ ਉਹ ਸਭ
ਤੋਂ ਵਡਾ ਦੋਸ਼ੀ ਵੀ ਸਾਬਤ ਹੁੰਦਾ ਹੈ।
ਗੰਗੂ ਨੇ ਇਹ ਪਾਪ ਕੇਵਲ ਤੇ ਕੇਵਲ ਲੋਭੀ ਹੋ ਕੇ ਕੀਤਾ ਜਿਸਦੀ ਸਜਾ ਵੀ ਉਸ ਨੂੰ ਖਾਲਸਾ ਪੰਥ ਨੇ
ਬਾਬਾ ਬੰਦਾ ਸਿੰਘ ਜੀ ਦੀ ਅਗਵਾਈ ਵਿਚ ਬਖੂਬੀ ਦਿਤੀ।
ਅਜ ਦੇ ਹਲਾਤਾਂ ਵਿਚ ਸਾਡੇ ਲਈ ਇਹ ਵਿਚਾਰਨਾ ਬੜਾ ਹੀ ਜਰੂਰੀ ਹੋ ਜਾਂਦਾ ਹੈ ਕਿ ਅਸੀਂ ਗੁਰੂ ਨਾਨਕ
ਦੇ ਨਾਮ ਲੇਵਾ ਸਿੱਖ ਕੀ ਸਾਹਿਬਜਾਦਿਆਂ ਵਲੋ ਪਾਏ ਪੁਰਨਿਆਂ ਤੇ ਚਲ ਰਹੇ ਹਾਂ ਜਾਂ ਫਿਰ ਲੋਭ ਦੇ
ਦਬਾਵ ਹੇਠਾਂ ਦਬ ਗੰਗੂ ਦੇ ਰਾਹ ਦੇ ਹੀ ਮੁਸਾਫਿਰ ਹੋ ਗਏ ਹਾਂ?
ਇਸ ਗੱਲ ਨੂੰ ਵਿਚਾਰਨਾ ਤੇ ਪਵੇਗਾ ਹੀ ਕਿਉਕਿ ਅੱਜ ਅਸੀਂ ਵੀ ਚੋਧਰ ਦੀ ਭੁਖ ਦੇ ਲੋਭ ਵਿਚ ਹਰ ਉਹ
ਕੰਮ ਕਰਣ ਲਈ ਤਿਆਰ ਬਰ ਤਿਆਰ ਹਾਂ ਜੋ ਭਾਵੇਂ ਸਾਡੇ ਆਚਰਣ ਦੇ ਨਾਲ ਹੀ ਸਿੱਖੀ ਦੇ ਮਹਾਨ ਸਿਧਾੰਤਾਂ
ਨੂੰ ਖੇਰੂ ਖੇਰੂ ਕਰ ਦੇਵੇ। ਸਾਨੂੰ ਰੱਤਾ ਕੂੰ ਵੀ ਸੰਕੋਚ ਨਹੀਂ ਹੁੰਦਾ ਕਿ ਅਸੀਂ ਸਿੱਖੀ ਦੇ ਨਾਂ
ਹੇਠਾਂ ਸਿੱਖੀ ਤੋ ਉਲਟ ਤਕਰੀਰਾਂ ਦੇਂਦੇ ਹਾਂ, ਅਸੀਂ ਹਰ ਉਹ ਕੰਮ ਕਰਦੇ ਹਾਂ ਜੋ ਸਿੱਖੀ ਦੇ ਮਹਾਨਾ
ਸਿਧਾੰਤਾਂ ਨੂੰ ਸੱਟ ਮਾਰੇ ਕੇਵਲ ਇਸ ਲਈ ਕਿ ਸਾਡਾ ਲੋਭ ਦੇ ਅਧੀਨ ਸਵਾਰਥ ਪੁਰਾ ਹੋ ਜਾਵੇਂ। ਇਹ ਰਾਹ
ਗੰਗੂ ਦਾ ਹੋਵੇਗਾ ਜਾਂ ਧਰਮ ਦਾ। ਜਿਸ ਨੂੰ ਤਾਂ ਇਤਿਹਾਸ ਹੀ ਲਿਖੇਗਾ ਕਿ ਅਸੀਂ ਕਿਸਦੇ ਵਾਰਿਸ ਹਾਂ
ਸਾਹਿਬਜਾਦਿਆਂ ਦੇ ਜਾਂ ਗੰਗੂ ਦੇ ਕਿਉਕਿ ਜਰੂਰੀ ਤਾਂ ਪੰਥਕ ਹਿਤਾਂ ਨੂੰ ਉਸਾਰਨਾ ਹੈ ਜਿਸ ਨੂੰ ਤੇ
ਅਸੀਂ ਵਿਸਾਰ ਚੁਕੇ ਹਾਂ ?
ਮਨਮੀਤ ਸਿੰਘ, ਕਾਨਪੁਰ।