ਸਿੱਖ ਧਰਮ ਨੂੰ ਬੰਦਾ ਬਹਾਦਰ ਦੀ ਦੇਣ
ਹਾਕਮ ਸਿੰਘ
ਬੰਦਾ ਬਹਾਦਰ ਨੇ ਪੰਜਾਬ ਵਿੱਚ ਆ
ਕੇ ਸਿੱਖ ਧਰਮ ਦੀ ਦਿਸ਼ਾ ਅਤੇ ਤੱਤ ਬਦਲ ਦਿੱਤੇ ਸਨ। ਉਸ ਦੇ ਪ੍ਰਭਾਵ ਅਤੇ ਉਸ ਦੀਆਂ ਕਾਰਵਾਈਆਂ ਦੇ
ਸਿੱਟੇ ਵਜੋਂ ਗੁਰਮਤ ਦੇ ਸ਼ਰਧਾਲੂ ਸ਼ਕਤੀ ਦੀ ਕਾਮਨਾ ਕਰਨ ਲੱਗ ਪਏ ਅਤੇ ਸ਼ਕਤੀ ਦੀ ਪ੍ਰਾਪਤੀ ਅਤੇ
ਸਫਲਤਾ ਲਈ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਸਿੱਖ ਇਤਹਾਸ
ਵਿੱਚ ਬੰਦਾ ਬਹਾਦਰ ਦਾ ਨਿਰਾਲਾ ਸਥਾਨ ਹੈ। ਉਹ ਪਹਿਲਾ ਆਗੂ ਸੀ ਜਿਸ ਨੇ ਸਿੱਖ ਧਰਮ ਦੇ
ਅਨੁਯਾਈਆਂ ਨੂੰ ਰਾਜਸੀ ਸ਼ਕਤੀ ਦੀ ਪ੍ਰਾਪਤੀ ਵਾਸਤੇ ਸੰਘਰਸ਼ ਕਰਨ ਲਈ ਉਤਸ਼ਾਹਤ ਕੀਤਾ ਸੀ। ਉਸ ਤੋਂ
ਪਹਿਲੋਂ ਗੁਰੂ ਕੇ ਸਿੱਖ ਗੁਰੂ ਸਾਹਿਬਾਨ ਵਲੋਂ ਪ੍ਰਚਾਰੇ ਜਾਂਦੇ ਗੁਰਮਤ ਗਾਡੀ ਰਾਹ ਦੇ ਪਾਂਧੀ ਬਨਣ
ਦੇ ਇਛੱਕ ਹੁੰਦੇ ਸਨ। ਉਹ ਸਾਧਾਰਣ ਧਾਰਮਕ ਜੀਵਨ ਬਤੀਤ ਕਰਦੇ ਹੋਏ ਲੋੜ ਪੈਣ ਤੇ ਆਪਣੇ ਮੱਤ ਦੀ ਰਖਿਆ
ਲਈ ਹਿੰਸਕ ਵਿਰੋਧੀਆਂ ਦਾ ਮਾਨਵਵਾਦੀ ਨਿਯਮਾਂ ਅਨੁਸਾਰ ਟਾਕਰਾ ਵੀ ਕਰਦੇ ਸਨ। ਪਰ ਬੰਦਾ ਬਹਾਦਰ
ਦੀ ਜੁੱਧਨੀਤੀ ਨੇ ਉਨ੍ਹਾਂ ਵਿੱਚ ਰਾਜਸੀ ਸ਼ਕਤੀ ਦੀ ਪ੍ਰਾਪਤੀ ਲਈ ਰੁੱਚੀ ਉਤੇਜਤ ਕਰਕੇ ਉਨ੍ਹਾਂ ਦੇ
ਜੀਵਨ ਵਿਚੋਂ ਗੁਰਮਤ ਦੇ ਪ੍ਰਭਾਵ ਨੂੰ ਮਧਮ ਪਾ ਦਿੱਤਾ। ਉਸ ਦੀ ਅਗਵਾਈ ਹੇਠ ਅਤੇ ਉਸ ਦੀਆਂ ਫੌਜੀ
ਕਾਰਵਾਈਆਂ ਦੇ ਸਿੱਟੇ ਵਜੋਂ ਸਿੱਖਾਂ ਦੀ ਬੁਹਗਿਣਤੀ ਨੇ ਰਾਜਸੀ ਮਨੋਰਥ ਦੀ ਪ੍ਰਾਪਤੀ ਨੂੰ ਆਪਣੇ
ਜੀਵਨ ਦਾ ਉਦੇਸ਼ ਬਣਾ ਲਿਆ ਅਤੇ ਉਸ ਉਦੇਸ਼ ਦੀ ਸਫਲਤਾ ਲਈ ਗੁਰਬਾਣੀ ਦਾ ਸਹਾਰਾ ਲੈਣ ਲੱਗ ਪਏ। ਉਸ ਨੇ
ਆਮ ਲੋਕਾਂ ਦੀਆਂ ਮੁਗਲ ਸ਼ਾਸਨ ਵਿਰੋਧੀ ਭਾਵਨਾਵਾਂ ਨੂੰ ਉਤੇਜਤ ਕਰ, ਗੁਰੂ ਗੋਬਿੰਦ ਸਿੰਘ ਜੀ ਦੇ
ਪਰਵਾਰ ਅਤੇ ਸਹਿਯੋਗੀਆਂ ਨਾਲ ਵਧੀਕੀਆਂ ਕਰਨ ਵਾਲਿਆਂ ਤੋਂ ਬਦਲਾ ਲੈਣ ਦੀ ਭਾਵਨਾ ਨੂੰ ਇੱਕ ਉਤੱਮ
ਧਾਰਮਕ ਉਦੇਸ਼ ਬਣਾ, ਅਤੇ ਗੁਰੂ ਸਾਹਿਬਾਨ ਦੇ ਨਾਵਾਂ ਦਾ ਸਿੱਕਾ ਜਾਰੀ ਕਰਕੇ ਮੁਗਲ ਸ਼ਾਸਨ ਨੂੰ
ਵੰਗਾਰਣ ਯੋਗ ਇੱਕ ਧਾਰਮਕ ਸਮਝੀ ਜਾਣ ਵਾਲੀ ਮਜ਼ਬੂਤ ਫੌਜੀ ਜਥੇਬੰਦੀ ਸੰਗਠਤ ਕਰ ਲਈ। ਬਹੁਤੇ ਸਿੱਖ
ਵਿਦਵਾਨ ਸਿੱਖ ਰਾਜ ਦੀ ਸਥਾਪਨਾ ਦੇ ਸੰਕਲਪ ਨੂੰ ਬੰਦਾ ਬਹਾਦਰ ਦੀ ਜੁੱਧ ਨੀਤੀ ਦਾ ਪਰਿਣਾਮ ਸਮਝਦੇ
ਹਨ ਅਤੇ ਉਸ ਦੀ ਸ਼ਹੀਦੀ ਕਾਰਨ ਉਸ ਨੂੰ ਸਿੱਖ ਧਰਮ ਦਾ ਨਾਇਕ ਮੰਨਦੇ ਹਨ।
ਗੁਰੂ ਸਾਹਿਬਾਨ “ਖਸਮ ਕੀ ਬਾਣੀ” ਜਾਂ “ਬ੍ਰਹਮ ਬੀਚਾਰੁ” ਦੀ ਰਚਨਾ ਕਰਦੇ ਅਤੇ ਲੋਕਾਈ ਨੂੰ
ਗੁਰਮਤ ਗਿਆਨ ਪਰਦਾਨ ਕਰਦੇ ਸਨ। ਸਮੇਂ ਦੀ ਨਜ਼ਾਕਤ ਨੂੰ ਭਾਂਪਦੇ ਹੋਏ ਗੁਰੂ ਹਰਿਗੋਬਿੰਦ ਸਾਹਿਬ ਨੇ
ਆਪਣੇ ਸ਼ਰਧਾਲੂਆਂ ਨੂੰ ਸਵੈਰਖਿਆ ਲਈ ਸ਼ਸਤਰਾਂ ਦੀ ਵਰਤੋਂ ਕਰਨ ਦੀ ਆਗਿਆ ਦੇ ਦਿੱਤੀ ਸੀ। ਗੁਰੂ
ਗੋਬਿੰਦ ਸਿੰਘ ਜੀ ਨੇ ਆਪਣੇ ਸੇਵਕਾਂ ਨੂੰ ਗੁਰ ਪਰਵਾਰਾਂ ਦੇ ਵਿਰੋਧੀਆਂ ਦੀਆਂ ਚਾਲਾਂ, ਪਹਾੜੀ
ਰਾਜਿਆਂ ਅਤੇ ਮੁਗਲ ਸ਼ਾਸਨ ਦੇ ਹਮਲਿਆਂ ਤੋਂ ਸੁਰਖਿਅਤ ਕਰਨ ਲਈ ਫੌਜੀ ਸਿਖਿਲਾਈ ਦੇ ਨਾਲ ਨਾਲ ਨਿੱਜੀ
ਅਨੁਸਾਸ਼ਨ ਧਾਰਨ ਕਰਨ ਲਈ ਵੀ ਪ੍ਰੇਰਤ ਕੀਤਾ ਸੀ। ਗੁਰੂ ਸਾਹਿਬਾਨ ਦਾ
ਮਨੋਰਥ ਗੁਰੂ ਗ੍ਰੰਥ ਸਾਹਿਬ ਦੇ ਅਧਿਆਤਮਕ ਗਿਆਨ ਦਾ ਪ੍ਰਸਾਰ ਕਰਨਾ ਸੀ ਕੋਈ ਰਾਜ ਸਥਾਪਤ ਕਰਨਾ ਨਹੀਂ
ਸੀ। ਕਈ ਸਿੱਖ ਵਿਦਵਾਨ ਅਤੇ ਇਤਹਾਸਕਾਰ ਅਖੌਤੀ ਦਸਮ ਗ੍ਰੰਥ ਨੂੰ ਆਧਾਰ ਬਣਾ ਕੇ ਗੁਰੂ ਗੋਬਿੰਦ ਸਿੰਘ
ਜੀ ਨੂੰ ਸੁਤੰਤਰ ਰਾਜ ਸਥਾਪਤ ਕਰਨ ਦੇ ਸਮਰਥਕ ਸਿੱਧ ਕਰਨ ਦਾ ਯਤਨ ਕਰਦੇ ਹਨ ਪਰ ਗੁਰੂ ਸਾਹਿਬ ਦੇ
ਜੀਵਨ ਤੋਂ ਐਸਾ ਕੋਈ ਸੰਕੇਤ ਨਹੀਂ ਮਿਲਦਾ। ਗੁਰਬਾਣੀ ਵੀ ਕੋਈ ਵਿਸ਼ੇਸ਼ ਰਾਜ ਸਥਾਪਤ ਕਰਨ ਦੀ ਸਲਾਹ
ਨਹੀਂ ਦਿੰਦੀ। ਉਹ ਤੇ ਮਨੁੱਖਤਾ ਨੂੰ ਏਕਤਾ, ਮਿਲਵਰਤਣ, ਸ਼ਾਂਤੀ, ਸੁਤੰਤਰਤਾ ਅਤੇ ਬਰਾਬਰੀ ਵਾਲਾ
ਜੀਵਨ ਢੰਗ ਅਪਨਾਉਣ ਦਾ ਉਪਦਸ਼ੇ ਕਰਦੀ ਹੈ। ਗੁਰੂ ਸਾਹਿਬਾਨ ਨੇ ਗੁਰਬਾਣੀ ਉਪਦੇਸ਼ ਨੂੰ ਪ੍ਰਭੂ
ਦਾ ਹੁਕਮ ਮੰਨ ਕੇ ਉਸ ਦੀ ਪਾਲਣਾ ਕੀਤੀ ਸੀ। ਅਸਲ ਵਿੱਚ ਰਾਜ ਕਰਨਾ ਜਾਂ ਸਿਆਸਤ ਇੱਕ ਸੰਸਾਰਕ ਕਿੱਤਾ
ਹੈ ਜਦੋਂ ਕਿ ਗੁਰਮਤ ਅਧਿਆਤਮਕ ਜੀਵਨ ਢੰਗ ਹੈ। ਗੁਰਬਾਣੀ ਅਧਿਆਤਮਕ ਜੀਵਨ ਵਿੱਚ ਸਾਰੇ ਸੰਸਾਰਕ
ਕਿੱਤਿਆਂ ਨੂੰ, ਸਿਆਸਤ ਸਮੇਤ, ਬਰਾਬਰ ਸਮਝਦੀ ਹੈ ਅਤੇ ਕਿਸੇ ਕਿੱਤੇ ਨੂੰ ਵੀ ਅਧਿਆਤਮਕ ਜੀਵਨ ਤੋਂ
ਉਪਰ ਜਾਂ ਉਤੱਮ ਨਹੀਂ ਮੰਨਦੀ।
ਬੰਦਾ ਬਹਾਦਰ ਦਾ ਮਨੋਰਥ ਗੁਰਬਾਣੀ ਦੇ ਅਧਿਆਤਮਕ ਉਪਦੇਸ਼ ਦਾ ਪ੍ਰਸਾਰ ਕਰਨਾ ਨਹੀਂ ਸੀ। ਉਹ ਮੁਗਲਾਂ
ਨੂੰ ਹਰਾ ਕੇ ਆਪਣਾ ਰਾਜ ਸਥਾਪਤ ਕਰਨ ਦਾ ਚਾਹਵਾਨ ਸੀ। ਦੱਸਿਆ ਜਾਂਦਾ ਹੈ ਕਿ ਉਸ ਨੇ ਗੁਰੂ ਸਾਹਿਬ
ਵਲੋਂ ਭੇਜੇ ਪੰਜ ਪਿਆਰਿਆਂ ਦੀ ਸਲਾਹ ਨਾਲ ਜੁੱਧ ਨੀਤੀ ਨਿਰਧਾਰਤ ਨਹੀਂ ਕੀਤੀ ਸੀ ਬਲਕਿ ਉਨ੍ਹਾਂ ਨੂੰ
ਜਿੱਤੇ ਹੋਏ ਇਲਾਕਿਆਂ ਦੇ ਗਵਰਨਰ ਬਣਾ ਦਿੱਤਾ ਸੀ। ਉਸ ਨੇ ਆਪਣਾ ਰਾਜ ਸਥਾਪਤ ਕਰਨ ਲਈ ਮੁਗਲ ਸਾਸ਼ਨ
ਤੇ ਸਿੱਧੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ। ਉਸ ਦੇ ਮੁਗਲ ਸਾਸ਼ਨ ਤੇ ਹਮਲਿਆਂ ਕਾਰਨ ਆਮ ਲੋਕਾਂ
ਵਿੱਚ ਦੇਰ ਤੋਂ ਚਲਿਆ ਆ ਰਿਹਾ ਸ਼ਾਸਨ ਦਾ ਵਿਆਪਕ ਡਰ ਖਤਮ ਹੋ ਗਿਆ ਸੀ ਅਤੇ ਜ਼ੁਲਮ ਤੋਂ ਤੰਗ ਆਏ ਕੁੱਝ
ਲੋਕਾਂ ਵਿੱਚ ਧਾਰਮਕ ਜਨੂੰਨ ਵੀ ਉਤੇਜਤ ਹੋ ਗਿਆ ਸੀ। ਪੂਰਬੀ ਪੰਜਾਬ ਦੇ ਕਈ ਖੇਤਰਾਂ ਵਿੱਚ ਸੰਤਾਪੇ
ਹੋਏ ਜਨੂੰਨੀਆਂ ਵਲੋਂ ਮੁਗਲਾਂ ਅਤੇ ਉਨ੍ਹਾਂ ਦੇ ਪਰਵਾਰਾਂ ਦੀ ਵਡੇ ਪਧਰ ਤੇ ਲੁਟ ਮਾਰ ਅਤੇ ਬੇਪਤੀ
ਕੀਤੀ ਗਈ ਸੀ।
ਬੰਦਾ ਬਹਾਦਰ ਕੌਣ ਸੀ ਅਤੇ ਉਸ ਦਾ ਸਿੱਖ ਧਰਮ ਨਾਲ ਸਬੰਧ ਕਿਵੇਂ ਬਣਿਆ, ਇਹ ਜਾਨਣ ਲਈ ਉਸ ਦੇ
ਪਿਛੋਕੜ ਤੇ ਇੱਕ ਸਰਸਰੀ ਝਾਤ ਮਾਰਨੀ ਪਵੇਗੀ:
(1) ਬੰਦਾ ਬਹਾਦਰ ਦਾ ਜਮਾਂਦਰੂ ਨਾਂ ਲਛਮਨ ਦਾਸ (ਜਾਂ ਦੇਵ) ਸੀ ਜੋ ਉਸ ਦੇ ਬੈਰਾਗੀ ਸਾਧੂ
ਜਾਨਕੀ ਦਾਸ (ਜਾਂ ਪ੍ਰਸਾਦ) ਦਾ ਚੇਲਾ ਬਨਣ ਤੇ ਮਾਧੋ ਦਾਸ ਬੈਰਾਗੀ ਵਿੱਚ ਬਦਲ ਗਿਆ ਸੀ। ਉਸ ਦਾ
ਸਤੰਬਰ ੧੭੦੮ ਨੂੰ ਨੰਦੇੜ ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਪ ਹੋਇਆ ਸੀ ਅਤੇ ਦੱਸਿਆ ਜਾਂਦਾ
ਹੈ ਕਿ ਗੁਰੂ ਸਾਹਿਬ ਨੇ ਦਰਬਾਰ ਸਜਾ ਕੇ ਉਸ ਨੂੰ ਬੰਦਾ ਸਿੰਘ ਦਾ ਨਵਾਂ ਨਾਂ ਦਿੱਤਾ ਸੀ। ਸਿੱਖ ਜਗਤ
ਵਿੱਚ ਉਹ ਬੰਦਾ, ਬੰਦਾ ਬਹਾਦਰ ਜਾਂ ਬੰਦਾ ਸਿੰਘ ਬਹਾਦਰ ਦੇ ਨਾਵਾਂ ਨਾਲ ਜਾਣਿਆ ਜਾਂਦਾ ਹੈ। ਕਈ
ਵਿਦਵਾਨ ਖੰਡੇ ਦੀ ਪਾਹੁਲ ਛਕਣ ਉਪਰੰਤ ਉਸ ਨੂੰ ਗੁਰਬਖਸ਼ ਸਿੰਘ ਨਾਂ ਦਿੱਤੇ ਜਾਣ ਦਾ ਜ਼ਿਕਰ ਵੀ ਕਰਦੇ
ਹਨ।
(2) ਬੰਦਾ ਬਹਾਦਰ ਨੇ ੧੫ ਸਾਲ ਦੀ ਉਮਰ ਵਿੱਚ ਘਰ ਬਾਰ ਤਿਆਗ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਉਹ
ਸ਼ਿਕਾਰ ਦਾ ਸ਼ੁਕੀਨ ਸੀ ਪਰ ਹਰਨੀ ਦੇ ਬਚੇ ਦੀ ਮੌਤ ਹੋਣ ਤੇ ਉਸ ਨੇ ਬੈਰਾਗ ਧਾਰਨ ਕਰ ਲਿਆ ਸੀ।
ਬੈਰਾਗੀ ਹੋਣ ਦੇ ਬਾਵਜੂਦ ਉਹ ਬਹੁਤ ਘੁਮੰਡੀ ਅਤੇ ਲੜਾਕਾ ਦੱਸਿਆ ਜਾਂਦਾ ਹੈ। ਉਹ ਮਰਾਠਾ ਦੇਸ਼ ਵਿੱਚ
ਸ਼ਿਵਾ ਜੀ ਦੇ ਦਿਹਾਂਤ ਮਗਰੋਂ ਆਇਆ ਸੀ। ਉਦੋਂ ਮਰਾਠੇ ਉਤਰੀ, ਪੂਰਬੀ ਅਤੇ ਦੱਖਣੀ ਭਾਰਤ ਤੇ ਆਪਣਾ
ਦਬਦਬਾ ਕਾਇਮ ਕਰਨ ਦੀ ਤਾਕ ਵਿੱਚ ਸਨ ਅਤੇ ਬਾਜੀਰਾਓ ਪੇਸ਼ਵਾ ਨੇ ੧੭੧੮ ਵਿੱਚ ਉਤਰੀ ਭਾਰਤ ਦਾ ਬਹੁਤ
ਸਾਰਾ ਇਲਾਕਾ ਆਪਣੇ ਅਧੀਨ ਕਰ ਲਿਆ ਸੀ। ਬੰਦਾ ਬਹਾਦਰ ਇੱਕ ਕਰਾਮਾਤੀ ਅਤੇ ਬਲਵਾਨ ਬੈਰਾਗੀ ਵਜੋਂ
ਪ੍ਰਸਿੱਧ ਸੀ ਅਤੇ ਸੰਭਵ ਹੈ ਕਿ ਮਰਾਠਾ ਦੇਸ਼ ਵਿੱਚ ਰਹਿੰਦੇ ਹੋਏ ਉਸ ਨੂੰ ਮਰਾਠਿਆਂ ਦੀ ਸੋਚ ਅਤੇ
ਉਤਰੀ ਭਾਰਤ ਨਾਲ ਸਬੰਧਤ ਯੋਜਨਾਵਾਂ ਬਾਰੇ ਜਾਣਕਾਰੀ ਹੋਵੇ। ਇਹ ਨਿਰਨਾ ਕਰਨਾ ਤੇ ਔਖਾ ਹੈ ਕਿ ਉਹ
ਮਰਾਠਿਆਂ ਦੇ ਹਿੰਦਵੀ ਸਵਰਾਜ ਦੇ ਸੰਕਲਪ ਦਾ ਉਪਾਸ਼ਕ ਸੀ ਜਾਂ ਨਹੀਂ ਪਰ ਉਸ ਦੇ ਮੁਗਲਾਂ ਤੇ ਹਮਲੇ
ਤੋਂ ਸਿੱਧ ਹੁੰਦਾ ਹੈ ਕਿ ਉਹ ਮਰਾਠਿਆਂ ਵਾਂਗ ਮੁਗਲ ਰਾਜ ਨੂੰ ਖਤਮ ਕਰਨ ਦਾ ਇਛੱਕ ਸੀ। ਉਸ ਦੀ
ਜੁੱਧਨੀਤੀ ਤੋਂ ਮਰਾਠਿਆਂ ਨੇ ਬਹੁਤ ਲਾਭ ਉਠਾਇਆ ਸੀ।
(3) ਦੱਸਿਆ ਜਾਂਦਾ ਹੈ ਕਿ ਬੰਦਾ ਬਹਾਦਰ ਤੇ ਗੁਰੂ ਸਾਹਿਬ ਨੰਦੇੜ ਵਿੱਚ ਲੱਗ ਭੱਗ ਇੱਕ ਮਹੀਨਾ
ਇਕੱਠੇ ਰਹੇ ਸਨ। ਪਰ ਉਨ੍ਹਾਂ ਵਿਚਕਾਰ ਗੁਰਮਤ ਬਾਰੇ ਵਿਚਾਰ ਵਟਾਂਦਰਾ ਹੋਣ ਦਾ ਕੋਈ ਵੇਰਵਾ ਨਹੀਂ
ਮਿਲਦਾ। ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਸਮੇਂ ਉਹ ਉਨ੍ਹਾਂ ਕੋਲ
ਨਹੀਂ ਸੀ। ਉਸ ਨੂੰ ਗੁਰਮੁਖੀ ਪੜ੍ਹਣੀ ਨਹੀਂ ਆਉਂਦੀ ਸੀ ਅਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ
ਪੜ੍ਹਣਯੋਗ ਨਹੀਂ ਸੀ। ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਨੰਦੇੜ ਵਿੱਚ ਸਦੀਵੀ
ਗੁਰੂ ਘੋਸ਼ਤ ਕੀਤਾ ਸੀ ਪਰ ਇਤਹਾਸਕਾਰਾਂ ਅਨੁਸਾਰ ਉਨ੍ਹਾਂ ਨੇ ਬੰਦਾ ਬਹਾਦਰ ਨੂੰ ਪੰਜਾਬ ਵਿੱਚ ਗੁਰਮਤ
ਦਾ ਪ੍ਰਸਾਰ ਕਰਨ ਦੀ ਜ਼ਿਮੇਵਾਰੀ ਨਹੀਂ ਸੌਂਪੀ ਸੀ ਕੇਵਲ ਸ਼ਸਤਰ ਦੇ ਕੇ ਪੰਜ ਸਿੰਘਾਂ ਦੀ ਕਮਾਨ ਹੇਠ
ਮੁਗਲ ਸ਼ਾਸਨ ਦੇ ਮਾਸੂਮ ਲੋਕਾਂ ਤੇ ਅਤਿਆਚਾਰਾਂ ਨੂੰ ਖਤਮ ਕਰਨ ਦਾ ਆਦੇਸ਼ ਦਿੱਤਾ ਸੀ।
ਗੁਰੂ ਸਾਹਿਬ ਦਾ ਮਜ਼ਲੂਮਾਂ ਦੀ ਰੱਖਿਆ ਕਰਨ ਦਾ ਆਦੇਸ਼ ਗੁਰਮਤ ਪ੍ਰਸਾਰ ਦਾ
ਆਦੇਸ਼ ਨਹੀਂ ਸੀ ਅਤੇ ਨਾ ਹੀ ਰਾਜ ਸਥਾਪਤ ਕਰਨ ਦਾ ਆਦੇਸ਼ ਸੀ। ਭਾਈ ਕਾਨ੍ਹ ਸਿੰਘ ਨਾਭਾ ਨੇ
ਮਹਾਨ ਕੋਸ਼ ਵਿੱਚ ਗੁਰੂ ਸਾਹਿਬ ਵਲੋਂ ਉਸ ਨੂੰ ਪੰਜ ਉਪਦੇਸ਼ ਦਿਤੇ ਜਾਣ ਦਾ ਵਰਨਨ ਕੀਤਾ ਹੈ, ਜੋ ਇਸ
ਪ੍ਰਕਾਰ ਹਨ: ਜਤ ਰਖਣਾ; ਖਾਲਸੇ ਦੇ ਅਨੁਸਾਰ ਹੋ ਕੇ ਰਹਿਣਾ; ਆਪ ਨੂੰ ਗੁਰੂ ਨਾ ਮੰਨਣਾ; ਵਰਤਾ
ਕੇ ਛਕਣਾ; ਅਤੇ, ਅਨਾਥਾਂ ਦੀ ਸਹਾਇਤਾ ਕਰਨਾ। ਭਾਈ ਕਾਨ੍ਹ ਸਿੰਘ ਨੇ ਗੁਰੂ ਸਾਹਿਬ ਵਲੋਂ ਬੰਦਾ
ਬਹਾਦਰ ਨੂੰ ਗੁਰਮਤ ਦਾ ਪ੍ਰਸਾਰ ਕਰਨ ਬਾਰੇ ਕਿਸੇ ਆਦੇਸ਼ ਦਾ ਜ਼ਿਕਰ ਨਹੀਂ ਕੀਤਾ। ਇਤਹਾਸਕਾਰਾਂ ਦੀਆਂ
ਲਿਖਤਾਂ ਵਿੱਚ ਵੀ ਗੁਰੂ ਸਾਹਿਬ ਵਲੋਂ ਉਸ ਨੂੰ ਗੁਰਮਤ ਦਾ ਪ੍ਰਚਾਰ ਕਰਨ ਦੀ ਜ਼ਿਮੇਵਾਰੀ ਸੌਂਪਣ ਦਾ
ਵਰਨਨ ਨਹੀਂ ਹੈ। ਉਸ ਵਲੋਂ ਪੰਜਾਬ ਵਿੱਚ ਜਿੱਤੇ ਇਲਾਕਿਆ ਵਿੱਚ ਗੁਰਮਤ ਪ੍ਰਚਾਰ ਦੀ ਵਿਵਸਥਾ ਕਰਨ ਦਾ
ਕੋਈ ਵੇਰਵਾ ਨਹੀਂ ਮਿਲਦਾ। ਅਸਲ ਵਿੱਚ ਉਹ ਮੁਖਲਿਸ ਗੜ੍ਹ ਨੂੰ ਲੋਹ ਗੜ੍ਹ ਬਨਾਉਣ ਵਿੱਚ ਰੁਝਾ ਰਿਹਾ
ਸੀ।
(4) ਸਿੱਖ ਇਤਹਾਸਕਾਰ ਦੱਸਦੇ ਹਨ ਕਿ ਗੁਰੂ ਸਾਹਿਬ ਨੇ ਬੰਦਾ ਬਹਾਦਰ ਨਾਲ ਪੰਜ ਅਨੁਭਵੀ ਸਿੰਘ, ਬਾਜ
ਸਿੰਘ (ਜੋ ਗੁਰੂ ਅਮਰ ਦਾਸ ਜੀ ਦੇ ਵੰਸ਼ ਵਿਚੋਂ ਸੀ), ਰਾਮ ਸਿੰਘ (ਉਸ ਦਾ ਭਰਾ), ਬਿਨੋਧ ਸਿੰਘ (ਜੋ
ਗੁਰੂ ਅੰਗਦ ਸਾਹਿਬ ਦੇ ਵੰਸ਼ ਵਿਚੋਂ ਸੀ), ਕਾਨ੍ਹ ਸਿੰਘ (ਉਸ ਦਾ ਪੁਤਰ), ਅਤੇ ਫਤਹਿ ਸਿੰਘ ਭੇਜੇ ਸਨ
ਤਾਂ ਜੋ ਸਾਰੇ ਫੈਸਲੇ ਉਨ੍ਹਾਂ ਪੰਜ ਪਿਆਰਿਆਂ ਦੀ ਸਲਾਹ ਨਾਲ ਲਏ ਜਾਣ। ਕਈ ਵਿਦਵਾਨ ਉਨ੍ਹਾਂ ਦੇ ਨਾਂ
ਬਿਨੋਧ ਸਿੰਘ, ਕਾਨ੍ਹ ਸਿੰਘ, ਭਗਵੰਤ ਸਿੰਘ, ਕੋਇਰ ਸਿੰਘ ਅਤੇ ਬਾਜ ਸਿੰਘ ਦੱਸਦੇ ਹਨ। ਬੰਦਾ ਬਹਾਦਰ
ਨੇ ਪੰਜ ਪਿਆਰਿਆਂ ਦੀ ਕਮੇਟੀ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਉਸ ਦੀ ਗੁਰੂ ਬਨਣ ਦੀ ਇੱਛਾ ਦੱਸੀ
ਜਾਂਦੀ ਹੈ। ਉਸ ਨੇ ਵਹਿਗੁਰੂ ਜੀ ਕੀ ਫਤਹਿ ਦੇ ਨਾਹਰੇ ਨੂੰ ਸੱਚੇ ਸਾਹਿਬ ਦੀ ਫਤੇ ਵਿੱਚ ਬਦਲ
ਦਿੱਤਾ। ਉਸ ਨੇ ਦੂਸਰੀ ਸ਼ਾਦੀ ਕਰ ਲਈ। ਕਈ ਸਿੱਖ ਉਸ ਦੇ ਵਿਰੁਧ ਹੋ ਗਏ। ਉਸ ਦੇ ਵਿਰੋਧੀਆਂ ਨੇ ਤੱਤ
ਖਾਲਸਾ ਨਾਂ ਦਾ ਵਖਰਾ ਸੰਗਠਨ ਬਣਾ ਲਿਆ। ਬੰਦਾ ਬਹਾਦਰ ਦੀਆਂ ਹਰਕਤਾਂ ਸਿੱਖਾਂ ਵਿੱਚ ਫੁੱਟ ਦਾ ਕਾਰਨ
ਬਣ ਗਈਆਂ।
ਸਿੱਖ ਇਤਹਾਸਕਾਰ ਭਾਵੇਂ ਅਨੁਰੋਧ ਕਰਦੇ ਹਨ ਕਿ ਬੰਦਾ ਬਹਾਦਰ ਨੇ ਮੁਗਲ ਸ਼ਾਸਨ ਤੇ ਆਕਰਮਣ ਗੁਰੂ
ਗੋਬਿੰਦ ਸਿੰਘ ਜੀ ਦੇ ਹੁਕਮ ਤੇ ਕੀਤਾ ਸੀ ਪਰ ਗੁਰੂ ਸਾਹਿਬ ਨੇ ਆਪ ਅਜਿਹੀ ਨੀਤੀ ਨਹੀਂ ਅਪਣਾਈ ਸੀ।
ਗੁਰੂ ਸਾਹਿਬ ਮੁਗਲ ਸ਼ਾਸਨ ਨਾਲ ਜੰਗ ਛੇੜਨ ਦੇ ਹੱਕ ਵਿੱਚ ਨਹੀਂ ਸਨ ਬਲਕਿ ਉਨ੍ਹਾਂ ਨਾਲ ਸਬੰਧਾਂ
ਵਿੱਚ ਸੁਧਾਰ ਲਿਆਉਣ ਦੇ ਚਾਹਵਾਨ ਸਨ। ਅਨੰਦਪੁਰ ਸਾਹਿਬ ਛੱਡਣ ਮਗਰੋਂ ਤਲਵੰਡੀ ਸਾਬੋ ਵਿੱਚ ਗੁਰੂ
ਸਾਹਿਬ ਨੂੰ ਸ਼ਾਂਤੀਪੂਰਨ ਮਾਹੌਲ ਪ੍ਰਾਪਤ ਹੋਇਆ ਸੀ ਜਿਥੇ ਨੌਂ ਮਹੀਨੇ ਰਹਿ ਕੇ ਉਨ੍ਹਾਂ ਨੇ ਮਾਲਵੇ
ਵਿੱਚ ਗੁਰਮਤ ਪ੍ਰਸਾਰ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਦੀ ਦਮਦਮੀ ਬੀੜ ਦਾ ਸੰਕਲਨ ਕੀਤਾ ਅਤੇ
ਔਰੰਗਜ਼ੇਬ ਨਾਲ ਸਬੰਧਾਂ ਵਿੱਚ ਸੁਧਾਰ ਲਿਆਉਣ ਦਾ ਉਪਰਾਲਾ ਵੀ ਕੀਤਾ। ਗੁਰੂ ਸਾਹਿਬ ਨੇ ਔਰੰਗਜ਼ੇਬ ਦੇ
ਸੱਦੇ ਤੇ ਉਸ ਨੂੰ ਐਹਮਦ ਨਗਰ ਮਿਲਣ ਦਾ ਪਰੋਗਰਾਮ ਬਣਾਇਆ ਸੀ ਪਰ ੨੦ ਫਰਵਰੀ, ੧੭੦੭ ਨੂੰ ਉਸ ਦੀ ਮੌਤ
ਹੋਣ ਕਾਰਨ ਇਹ ਮੁਲਾਕਾਤ ਨਾ ਹੋ ਸਕੀ। ਨਵੇਂ ਬਾਦਸ਼ਾਹ, ਬਹਾਦਰ ਸ਼ਾਹ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ
ਮਿਤਰਤਾਪੂਰਨ ਸਬੰਧ ਬਣ ਗਏ। ਗੁਰੂ ਸਾਹਿਬ ਦੀ ਮੁਗਲ ਸਾਸ਼ਨ ਤੇ ਹਮਲਾ ਕਰਨ
ਜਾਂ ਸਰਹੰਦ ਦੇ ਸੂਬੇਦਾਰ ਤੋਂ ਬਦਲਾ ਲੈਣ ਦੀ ਕੋਈ ਇੱਛਾ ਜਾਂ ਯੋਜਨਾ ਨਹੀਂ ਸੀ ਕਿਊਂਕੇ ਗੁਰਬਾਣੀ
ਬਦਲਾ ਲੈਣ ਜਾਂ “ਭਾਜੀ ਮੋੜਨ” ਦੇ ਸਿਧਾਂਤ ਦੀ ਸਮਰਥਕ ਨਹੀਂ ਹੈ ਅਤੇ ਗੁਰੂ ਸਾਹਿਬ ਗੁਰਬਾਣੀ ਉਪਦੇਸ਼
ਦੀ ਪਾਲਣਾ ਕਰਦੇ ਸਨ। “ਭਾਜੀ ਮੋੜਨਾ” ਸ਼ਕਤੀ ਪੁਜਾਰੀਆਂ ਦੀ ਰੋਗੀ ਮਾਨਸਿਕਤਾ ਦਾ ਬਦਲੇ ਦੀ ਭਾਵਨਾ
ਤੋਂ ਖੁਸ਼ੀ ਪ੍ਰਾਪਤ ਕਰਨ ਦਾ ਭਰਮਾਊ ਪ੍ਰਗਟਾਵਾ ਹੈ। ਗੁਰੂ ਸਾਹਿਬ ਸ਼ਾਂਤੀ ਦੇ ਸਮਰਥਕ ਸਨ। ਉਨ੍ਹਾਂ
ਨੂੰ ਇਹ ਵੀ ਗਿਆਨ ਸੀ ਕਿ ਮੁਗਲਾਂ ਨਾਲ ਜੰਗ ਕਰਨ ਨਾਲ ਸਿੱਖ ਧਰਮ ਅਤੇ ਸ਼ਰਧਾਲੂਆਂ ਦਾ ਭਾਰੀ ਨੁਕਸਾਨ
ਹੋ ਜਾਵੇਗਾ।
ਬੰਦਾ ਬਹਾਦਰ ਦੇ ਮੁਗਲ ਸ਼ਾਸਨ ਤੇ ਹਮਲੇ ਅਤੇ ਵਿਆਪਕ ਮਾਰ ਧਾੜ ਤੇ ਮੁਗਲ ਬਾਦਸ਼ਾਹ ਨੇ ਸਾਰੇ ਸਿੱਖਾਂ
ਦੀ ਨਸਲਕੁਸ਼ੀ ਦਾ ਫਰਮਾਨ ਜਾਰੀ ਕਰ ਦਿੱਤਾ। ਦਿੱਲੀ ਦੇ ਬਾਦਸ਼ਾਹ, ਬਹਾਦਰ ਸ਼ਾਹ ਨੇ ਵੱਡੀ ਫੌਜ ਭੇਜ ਕੇ
ਬੰਦਾ ਬਹਾਦਰ ਨੂੰ ਫੜਣ ਦਾ ਹੁਕਮ ਦੇ ਦਿੱਤਾ। ਬੰਦਾ ਬਹਾਦਰ ਮੈਦਾਨੀ ਇਲਾਕਾ ਛੱਡ ਕੇ ਪਹਾੜਾਂ
ਵਿੱਚ ਛੁੱਪ ਗਿਆ ਅਤੇ ਉਥੇ ਪਹਾੜੀ ਰਾਜੇ ਦੀ ਬੇਟੀ ਨਾਲ ਸ਼ਾਦੀ ਕਰ ਲਈ। ਪਰ ਉਸ ਦੇ ਪਿਛੇ ਪਈ
ਮੁਗਲ ਫੌਜ ਨੇ ਉਸ ਨੂੰ ਗੁਰਦਾਸ ਨੰਗਲ ਜਾ ਘੇਰਿਆ। ਕਹਿੰਦੇ ਹਨ ਕਿ ਬਾਬਾ ਬਿਨੋਧ ਸਿੰਘ ਨੇ ਬੰਦਾ
ਬਹਾਦਰ ਨੂੰ ਗੁਰਦਾਸ ਨੰਗਲ ਦੇ ਕਿਲੇ ਵਿਚੋਂ ਬਚ ਕੇ ਨਿਕਲ ਜਾਣ ਦਾ ਸੁਝਾ ਦਿੱਤਾ ਸੀ ਪਰ ਉਸ ਨੇ ਉਹ
ਸੁਝਾ ਮੰਨਿਆ ਨਹੀਂ ਸੀ। ਬਾਬਾ ਬਿਨੋਧ ਸਿੰਘ ਆਪਣੇ ਸਾਥੀਆਂ ਸਮੇਤ ਕਿਲਾ ਛੱਡ ਕੇ ਨਿਕਲ ਗਿਆ ਪਰ
ਮੁਗਲ ਫੌਜ ਨੇ ੭ ਦਸੰਬਰ, ੧੭੧੫ ਨੂੰ ਬੰਦਾ ਬਹਾਦਰ ਨੂੰ ਉਸ ਦੇ ਸਾਥੀਆਂ ਸਮੇਤ ਫੜ ਕੇ ਕੈਦ ਕਰ ਲਿਆ
ਅਤੇ ਦਿੱਲੀ ਲਿਜਾ ਕੇ ਸਾਰੇ ਸ਼ਹੀਦ ਕਰ ਦਿੱਤੇ। ਉਸ ਦੀ ਸ਼ਹੀਦੀ ਉਪਰੰਤ ਗੁਰਮਤ ਨੂੰ ਸਮਰਪਤ ਸਿੱਖ
ਸ਼ਰਧਾਲੂ ਵਿਰੋਧੀਆਂ ਨੇ ਫੜਵਾ ਕੇ ਮਰਵਾ ਦਿੱਤੇ। ਬੁਹਤੇ ਸਿੱਖ ਘਰ ਬਾਰ ਛੱਡ ਕੇ ਜੰਗਲਾਂ, ਪਹਾੜਾਂ
ਤੇ ਮਾਰੂਥਲਾਂ ਵਲ ਚਲੇ ਗਏ। ਗੁਰਮਤ ਦਾ ਪ੍ਰਸਾਰ ਬੰਦ ਹੋ ਗਿਆ। ਇਤਹਾਸਕ ਧਰਮ ਅਸਥਾਨਾਂ ਅਤੇ
ਧਰਮਸ਼ਾਲਾਵਾਂ ਤੇ ਨਿਰਮਲਿਆਂ, ਉਦਾਸੀਆਂ, ਧੀਰਮੱਲੀਆਂ, ਰਾਮਰਾਈਆਂ ਅਤੇ ਮੀਣਿਆਂ ਨੇ ਕਬਜ਼ੇ ਕਰ ਲਏ
ਅਤੇ ਧਰਮਸ਼ਾਲਾਂ ਨੂੰ ਗੁਰਦੁਆਰੇ ਬਣਾ ਕੇ ਉਨ੍ਹਾਂ ਵਿੱਚ ਗੁਰਮਤ ਪ੍ਰਚਾਰ ਦੀ ਥਾਂ ਗੁਰੂ ਗ੍ਰੰਥ
ਸਾਹਿਬ ਦੀ ਮੂਰਤੀ ਪੂਜਾ ਸ਼ੁਰੂ ਕਰਕੇ ਹਿੰਦੂ ਮੰਦਰਾਂ ਵਾਲੇ ਕਰਮ ਕਾਂਡ ਚਾਲੂ ਕਰ ਦਿੱਤੇ। ਸਿੱਖ ਧਰਮ
ਦੇ ਉਪਾਸ਼ਕ ਅਖਵਾਉਣ ਵਾਲਿਆਂ ਨੇ ਗੁਰਮਤ ਦਾ ਮਾਰਗ ਛੱਡ ਕੇ ਹਿੰਦੂ ਧਰਮ ਦੀ ਜਾਤ ਪਾਤ ਪ੍ਰਣਾਲੀ ਅਪਣਾ
ਲਈ ਅਤੇ ਕਰਮ ਕਾਂਡੀ ਜੀਵਨ ਧਾਰਨ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਮੂਰਤੀ ਪੂਜਾ ਕਰਨ ਲੱਗ ਪਏ।
ਸਿੱਖ ਇਤਹਾਸਕਾਰ ਲਿਖਦੇ ਹਨ ਅਤੇ ਸਿੱਖ ਜਗਤ ਪਰਵਾਨ ਕਰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ
ਹੁਕਮਨਾਮਾ ਜਾਰੀ ਕਰਕੇ ਬੰਦਾ ਬਹਾਦਰ ਨੂੰ ਪੰਜਾਬ ਵਿਚੋਂ ਮੁਗਲ ਸ਼ਾਸਨ ਦੇ ਜ਼ੁਲਮ ਦਾ ਖਾਤਮਾ ਕਰਨ ਦੇ
ਆਦੇਸ਼ ਦਿੱਤੇ ਸਨ। ਇਹ ਸਵਾਲ ਉਠਣਾ ਸੁਭਾਵਕ ਹੈ ਕਿ ਕੀ ਕਾਰਨ ਹੋਵੇਗਾ ਜੋ ਮੁਗਲ ਸ਼ਾਸਨ ਨਾਲ ਜੰਗ ਦੇ
ਪਰਿਣਾਮ ਨੂੰ ਜਾਣਦੇ ਹੋਏ ਵੀ ਗੁਰੂ ਸਾਹਿਬ ਨੇ ਬੰਦਾ ਬਹਾਦਰ ਨੂੰ ਮੁਗਲਾਂ ਤੇ ਹਮਲਾ ਕਰਨ ਦਾ
ਖਤਰਨਾਕ ਆਦੇਸ਼ ਦੇ ਦਿੱਤਾ? ਇਸ ਸਵਾਲ ਦਾ ਉਤਰ ਤੇ ਭਾਵੇਂ ਖੋਜੀ ਹੀ ਦੇ ਸਕਦੇ ਹਨ ਪਰ ਇਤਹਾਸਕਾਰਾਂ
ਦੇ ਇਸ ਤੱਥ ਦੇ ਸਰੋਤ ਭਰੋਸੇਯੋਗ ਨਹੀਂ ਜਾਪਦੇ। ਮੁਸਲਮਾਨ ਅਤੇ ਅੰਗ੍ਰੇਜ਼ ਲੇਖਕਾਂ ਨੇ ਤੇ ਇਸ ਵਿਸ਼ੇ
ਤੇ ਆਪਣੇ ਦਰਿਸ਼ਟੀਕੋਣ ਪੱਖੋਂ ਸਹੀ ਤੱਥ ਦੇਣ ਦੇ ਯਤਨ ਕੀਤੇ ਹਨ ਪਰ ਗਰੂ ਸਾਹਿਬ ਅਤੇ ਬੰਦਾ ਬਹਾਦਰ
ਦੇ ਗੁਪਤ ਸਬੰਧਾਂ ਦੇ ਤੱਥ ਤੇ ਗੁਰੂ ਸਾਹਿਬ ਦੇ ਪਰਵਾਰਕ ਵਿਰੋਧੀਆਂ ਅਤੇ ਉਨ੍ਹਾਂ ਦੇ ਉਦਾਸੀ ਅਤੇ
ਨਿਰਮਲੇ ਸਹਿਯੋਗੀਆਂ ਵਲੋਂ ਰਚੇ ਮਿਥਹਾਸਕ ਗ੍ਰੰਥਾਂ ਅਤੇ ਪ੍ਰਚਲਤ ਮੋਖਕ ਕਥਾਵਾਂ ਤੋਂ ਹੀ ਪ੍ਰਾਪਤ
ਹੋਏ ਹਨ। ਉਨ੍ਹਾਂ ਸਰੋਤਾਂ ਦੇ ਬਹੁਤੇ ਲੇਖਕ ਤਥਾਂ ਨੂੰ ਤੋੜਨ ਮਰੋੜਨ, ਕਲਪਤ ਤੱਥ ਘੜਣ, ਮਿਥਹਾਸ
ਰਚਣ ਅਤੇ ਸਾਧਾਰਣ ਸ਼ਰਧਾਲੂਆਂ ਦੀਆਂ ਸ਼ਰਧਾ ਭਾਵਨਾਵਾਂ ਦਾ ਸ਼ੋਸ਼ਣ ਕਰਨ ਵਿੱਚ ਨਿਪੁੰਨ ਸਨ। ਉਨ੍ਹਾਂ
ਲੇਖਕਾ ਨੇ ਹੀ ਬਾਲਾ ਘੜ ਕੇ ਪ੍ਰਸਿੱਧ ਕੀਤਾ ਸੀ, ਗੁਰ ਬਿਲਾਸ ਪਾਤਸ਼ਾਹੀ ੬ ਵਿੱਚ ਗੁਰੂ ਸਾਹਿਬਾਨ
ਦੀਆਂ ਜੀਵਨੀਆਂ ਨਾਲ ਕੀਤੇ ਖਿਲਵਾੜ ਨੂੰ ਪੂਜਣਯੋਗ ਕਥਾ ਬਣਾਇਆ ਸੀ, ਇੱਕ ਵੱਡੇ ਆਕਾਰ ਦੀ ਕਾਵਿ
ਰਚਨਾ ਨੂੰ ਦਸਮ ਗ੍ਰੰਥ ਦਾ ਨਾਂ ਦੇ ਕੇ ਉਸ ਦੀ ਪੂਜਾ ਸ਼ੁਰੂ ਕਰਵਾ ਦਿੱਤੀ ਸੀ। ਉਨ੍ਹਾਂ ਨੂੰ ਬੰਦਾ
ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਬੰਧਾਂ ਦਾ ਮਨ ਲੁਭਾਊ ਮਿਥਹਾਸ ਰਚਣ ਵਿੱਚ ਕੀ ਦਿਕੱਤ ਪੇਸ਼
ਆ ਸਕਦੀ ਸੀ? ਇਸੇ ਲਈ ਉਨ੍ਹਾਂ ਨੇ ਬੰਦਾ ਬਹਾਦਰ ਦਾ ਨਾਂ ਗੁਰੂ ਸਾਹਿਬ ਦੇ ਨਾਂ ਨਾਲ ਐਸਾ ਉਲਝਾਇਆ
ਹੈ ਕਿ ਉਸ ਦੇ ਵਿਹਾਰ ਦੀ ਸਮੀਖਿਆ ਵਿੱਚ ਗੁਰੂ ਸਾਹਿਬ ਦੀ ਆਲੋਚਨਾ ਦੀ ਸੰਭਾਵਨਾ ਬਣ ਜਾਂਦੀ ਹੈ ਅਤੇ
ਉਸ ਦੀ ਵਡਿਆਈ ਵਿੱਚ ਗੁਰੂ ਸਾਹਿਬ ਦੀ ਦੂਰ ਅੰਦੇਸ਼ੀ ਜਾਪਣ ਲੱਗ ਪੈਂਦੀ ਹੈ।
ਇਤਹਾਸਕਾਰਾਂ ਦੇ ਦਾਅਵਿਆਂ ਦੇ ਬਾਵਜੂਦ ਇਹ ਮੰਨਣਾ ਮੁਸ਼ਕਿਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ
ਬੰਦਾ ਬਹਾਦਰ ਨੂੰ ਮੁਗਲ ਸ਼ਾਸਨ ਤੇ ਹਮਲਾ ਕਰਨ ਦੇ ਹੁਕਮ ਦਿੱਤੇ ਹੋਣਗੇ ਕਿਊਂਕੇ ਗੁਰੂ ਸਾਹਿਬ ਗੁਰੂ
ਨਾਨਕ ਦੀ ਦਸਵੀਂ ਜੋਤ ਸਨ ਅਤੇ ਉਨ੍ਹਾਂ ਨੇ ਉਸੇ ਸਮੇਂ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ
ਸਦੀਵੀ ਗੁਰੂ ਘੋਸ਼ਤ ਕੀਤਾ ਸੀ। ਮੁਗਲਾਂ ਤੇ ਹਮਲਾ ਮਰਾਠਾ ਸੋਚ ਜਾਂ
ਯੋਜਨਾ ਦੇ ਅਨੁਕੂਲ਼ ਤੇ ਹੋ ਸਕਦਾ ਹੈ ਪਰ ਗੁਰੂ ਸਾਹਿਬ ਦੇ ਆਦੇਸ਼ ਦਾ ਪਰਿਣਾਮ ਹੋਣ ਦੀ ਸੰਭਾਵਨਾ
ਨਹੀਂ ਹੈ। ਸਿੱਖ ਇਤਹਾਸਕਾਰ ਦੱਸਦੇ ਹਨ ਕਿ ਗੁਰੂ ਸਾਹਿਬ ਨੇ ਬੰਦਾ ਬਹਾਦਰ ਨੂੰ ਜੋਤੀ ਜੋਤ ਸਮਾਉਣ
ਤੋਂ ਪਹਿਲੋਂ ਮੁਗਲਾਂ ਤੋਂ ਬਦਲਾ ਲੈਣ ਦੇ ਆਦੇਸ਼ ਦੇ ਕੇ ਉਸ ਨੂੰ ਬੜੀ ਧੂਮ ਧਾਮ ਨਾਲ ਨੰਦੇੜ ਤੋਂ
ਵਿਦਾ ਕੀਤਾ ਸੀ। ਗੁਰੂ ਸਾਹਿਬ ਦੇ ਆਦੇਸ਼ ਮਿਲਣ ਤੇ ਕੁੱਝ ਦਿਨਾਂ ਵਿੱਚ ਹੀ ਉਸ ਨੂੰ ਪੰਜਾਬ ਪਹੁੰਚ
ਜਾਣਾ ਚਾਹੀਦਾ ਸੀ ਪਰ ਉਹ ਲੱਗ ਭੱਗ ਇੱਕ ਸਾਲ ਤਕ ਪੰਜਾਬ ਨਹੀਂ ਸੀ ਗਿਆ। ਸਵਾਲ ਪੈਦਾ ਹੁੰਦਾ ਹੈ ਕਿ
ਉਹ ਇੱਕ ਸਾਲ ਕਿਥੇ ਰਿਹਾ ਸੀ ਅਤੇ ਕੀ ਕਰਦਾ ਸੀ? ਇਤਹਾਸਕਾਰ ਇਸ ਬਾਰੇ ਕੋਈ ਜਾਣਕਾਰੀ ਨਹੀਂ
ਦਿੰਦੇ। ਪਰ ਇਹ ਤੇ ਨਿਸ਼ਚਤ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਗੁਰੂ
ਸਾਹਿਬ ਦੇ ਵਿਰੋਧੀ ਗੁਰਮਤ ਦਾ ਪ੍ਰਸਾਰ ਬੰਦ ਕਰਵਾਉਨ ਅਤੇ ਗੁਰੂ ਸਾਹਿਬ ਦੇ ਸ਼ਰਧਾਲੂਆਂ ਨੂੰ ਹਰ
ਹੀਲੇ ਮਾਰ ਮੁਕਾਉਣ ਲਈ ਸਰਗਰਮ ਸਨ। ਉਨ੍ਹਾਂ ਨੇ ਉਸ ਸਮੇਂ ਕੀ ਖਿਚੜੀ ਪੱਕਾਈ ਹੋਵੇਗੀ ਅਤੇ ਬੰਦਾ
ਬਹਾਦਰ ਦਾ ਉਸ ਵਿੱਚ ਕੀ ਰੋਲ ਰਿਹਾ ਹੋਵੇਗਾ ਇਸ ਬਾਰੇ ਤੇ ਕੁੱਝ ਕਹਿਣਾ ਸੰਭਵ ਨਹੀਂ
ਪਰ ਬੰਦਾ ਬਹਾਦਰ ਦੀ ਜੰਗ ਨੀਤੀ ਦੇ ਗੁਰਮਤ ਪ੍ਰਸਾਰ ਬੰਦ ਕਰਵਾਉਣ ਅਤੇ
ਗੁਰਮਤ ਦੇ ਧਾਰਨੀ ਸਿੰਘਾਂ ਨੂੰ ਚੁਣ ਕੇ ਮੁਰਵਾਉਣ ਦੇ ਅਣਸੁਖਾਵੇਂ ਪਰਿਣਾਮ ਕਿਸੇ ਗਿਣੀ ਮਿੱਥੀ
ਸਾਜ਼ਿਸ਼ ਵਲ ਸੰਕੇਤ ਜ਼ਰੂਰ ਕਰਦੇ ਹਨ।
ਸਿੱਖ ਜਗਤ ਵਿੱਚ ਬੰਦਾ ਬਹਾਦਰ ਦੇ ਮਿਥਹਾਸ ਨੂੰ ਸ਼ਰਧਾ ਭਾਵਨਾ ਅਤੇ ਗੌਰਵ ਨਾਲ ਪਰਵਾਨ ਕਰਨ ਦੀ
ਪਰੰਪਰਾ ਬਣੀ ਹੋਈ ਹੈ। ਇਹ ਮੰਨਿਆ ਜਾਂਦਾ ਹੈ ਕਿ ਉਸ ਨੇ ਸਿੱਖ ਰਾਜ ਦੀ ਨੀਂਹ ਰੱਖੀ ਸੀ। ਇਹ ਵੀ
ਮੰਨਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਪੰਜਾਬ ਵਿੱਚ ਜ਼ੁਲਮ ਦਾ ਖਾਤਮਾ ਕਰਨ ਲਈ
ਭੇਜਿਆ ਸੀ। ਫਿਰ ਵੀ ਇਹ ਪ੍ਰਸ਼ਨ ਤੇ ਉਠਦਾ ਹੈ ਕਿ ਗੁਰੂ ਸਾਹਿਬ ਦਾ ਨੁਮਾਇੰਦਾ ਹੁੰਦੇ ਹੋਏ ਉਸ ਨੇ
ਪੰਜਾਬ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਵਲੋਂ ਸਿਰਜੀ, ਨੌਂ ਗੁਰੂ ਜਾਮਿਆਂ ਵਿੱਚ ਪ੍ਰਚਾਰੀ, ਗੁਰੂ
ਗ੍ਰੰਥ ਸਾਹਿਬ ਵਿੱਚ ਸੁਸ਼ੋਭਤ ਅਤੇ ਸਿੱਖ ਧਰਮ ਦੀ ਜੀਵਨਦਾਨੀ ਗੁਰਬਾਣੀ ਦੇ ਪ੍ਰਸਾਰ ਲਈ ਕੀ ਗੁਣਕਾਰੀ
ਯੋਗਦਾਨ ਪਾਇਆ ਸੀ? ਇਤਹਾਸਕਾਰ ਸਹਿਮਤ ਹਨ ਕਿ ਬੰਦਾ ਬਹਾਦਰ ਦੇ ਮੁਗਲ
ਸਾਸ਼ਨ ਤੇ ਹਮਲਿਆਂ ਨੇ ਸਿੱਖਾਂ ਦੀ ਨਸਲਕੁਸ਼ੀ ਕਰਵਾ ਦਿੱਤੀ ਅਤੇ ਗੁਰ ਅਸਥਾਨਾਂ ਵਿੱਚ ਗੁਰਮਤ ਪ੍ਰਚਾਰ
ਬੰਦ ਹੋ ਗਿਆ। ਗੁਰਮਤ ਵਿਰੋਧੀ ਉਦਾਸੀ, ਨਿਰਮਲੇ, ਧੀਰਮੱਲੀਆਂ ਅਤੇ ਪ੍ਰਿਥੀਏ ਦੇ ਵੰਜਸ਼ਾਂ ਨੇ ਗੁਰ
ਅਸਥਾਨਾਂ ਤੇ ਕਬਜ਼ੇ ਕਰਕੇ ਆਪਣੇ ਗੁਰਮਤ ਵਿਰੋਧੀ ਪ੍ਰਚਾਰ ਅਤੇ ਕਰਮ ਕਾਂਡ ਚਾਲੂ ਕਰ ਦਿੱਤੇ। ਬੰਦਾ
ਬਹਾਦਰ ਦੀ ਨੀਤੀ ਦੇ ਫਲ ਸਰੂਪ ਗੁਰੂ ਸਾਹਿਬਾਨ ਵਲੋਂ ਚਲਾਈ ਗੁਰਮਤ ਪ੍ਰਸਾਰ ਦੀ ਪਰਥਾ ਸਮਾਪਤ ਹੋ ਗਈ
ਅਤੇ ਨਕਲੀ ਸਿੱਖ ਧਰਮ ਪ੍ਰਚਲਤ ਹੋ ਗਿਆ। ਉਸ ਨਕਲੀ ਧਰਮ ਦੇ ਕਈ ਸਮਰਥਕ ਇਹ ਰਾਏ ਵੀ ਦਿੰਦੇ
ਹਨ ਕਿ ਜੇਕਰ ਬੰਦਾ ਬਹਾਦਰ ਸਿੱਖ ਧਰਮ ਦੀ ਨੁਹਾਰ ਨਾ ਬਦਲਦਾ ਤਾਂ ਸਿੱਖ ਧਰਮ ਲੜਾਕੇ ਬਹਾਦਰਾਂ ਦਾ
ਧਰਮ ਬਨਣ ਦੀ ਥਾਂ ਭਗਤੀ ਕਰਨ ਅਤੇ ਨਾਮ ਸਿਮਰਣ ਵਾਲੇ ਸ਼ਰਧਾਲੂਆਂ ਦਾ ਧਰਮ ਰਹਿ ਜਾਣਾ ਸੀ। ਇਥੇ ਇਹ
ਦੱਸਣਾ ਵੀ ਅਣਉਚੱਤ ਨਹੀਂ ਹੋਵੇਗਾ ਕਿ ਉਸ ਸਮੇਂ ਤੋਂ ਚੱਲੀ ਮਧਕਾਲੀਨੀ ਗੁਰਮਤ ਵਿਰੋਧੀ ਧਾਰਮਕ
ਪਰੰਪਰਾ ਸਿੰਘ ਸਭਾਵਾਂ ਵਲੋਂ ਮਾਮੂਲੀ ਸੁਧਾਰ ਉਪਰੰਤ ਡੇਰਿਆ ਦੇ ਬਾਬਿਆਂ, ਸਿੱਖ ਸੰਪਰਦਾਵਾਂ ਅਤੇ
ਸਰਕਾਰੀ ਸ਼੍ਰੋਮਣੀ ਕਮੇਟੀ ਦੀ ਸਰਪਰੱਸਤੀ ਹੇਠ ਪੰਜਾਬ ਵਿੱਚ ਵਧ ਫੁਲ ਰਹੀ ਹੈ ਪਰ ਪੁਜਾਰੀ ਵਰਗ
ਗੁਰਮਤ ਨੂੰ ਸਮਰਪਤ ਸਿੱਖਾਂ ਦੀ ਵਧ ਰਹੀ ਸੰਖਿਆ ਤੋਂ ਬਹੁਤ ਚਿੰਤਤ ਹੈ।
(ਸੰਪਾਦਕੀ
ਟਿੱਪਣੀ:- ਸ: ਹਾਕਮ ਸਿੰਘ ਜੀ, ਤੁਸੀਂ ਇਸ ਲੇਖ ਵਿੱਚ ਉਹ ਬਹੁਤ
ਸਾਰੇ ਸਵਾਲੇ ਉਠਾਏ ਹਨ ਜਿਹੜੇ ਕਿ ਮੇਰੇ ਮਨ ਵਿੱਚ ਵੀ ਕਾਫੀ ਸਮੇਂ ਤੋਂ ਆ ਰਹੇ ਸਨ। ਤੁਸੀਂ ਉਹ
ਬਹੁਤ ਵਿਸਥਾਰ ਨਾਲ ਵਰਨਣ ਕਰ ਦਿੱਤੇ ਹਨ। ਇਸੇ ਤਰ੍ਹਾਂ ਦੇ ਹੋਰ ਵੀ ਕਈ ਸਵਾਲ ਉਠਾਏ ਜਾ ਸਕਦੇ ਹਨ।
ਜੇ ਕਰ ਗੁਰੂ ਸਾਹਿਬ ਜੀ ਦਾ ਨਿਸ਼ਾਨਾ ਰਾਜ ਭਾਗ ਕਾਇਮ ਕਰਨਾ ਹੀ ਹੁੰਦਾ ਤਾਂ ਸਭ ਤੋਂ ਪਹਿਲਾਂ
ਅਨੰਦਪੁਰ ਸਾਹਿਬ ਵਿੱਚ ਕਰਨਾ ਚਾਹੀਦਾ ਸੀ। ਜਾਂ ਫਿਰ ਛੇਵੇਂ ਪਾਤਸ਼ਾਹ ਨੂੰ ਕਰਨਾ ਚਾਹੀਦਾ ਸੀ। ਕੀ
ਇਸ ਤਰ੍ਹਾਂ ਕਹਿ ਕੇ ਅਸੀਂ ਜਾਣੇ ਜਾਂ ਅਣਜਾਣੇ ਵਿੱਚ ਗੁਰੂ ਜੀ ਦੀ ਸੋਚ ਨੂੰ ਬਹੁਤ ਛੋਟਾ ਕਰਕੇ ਤਾਂ
ਨਹੀਂ ਪੇਸ਼ ਕਰ ਰਹੇ ਅਤੇ ਜਾਂ ਫਿਰ ਗੁਰੂ ਕੇ ਨਿੰਦਕ ਤਾਂ ਨਹੀਂ ਬਣ ਰਹੇ? ਕਿਉਂਕਿ ਇੱਕ ਬ੍ਰਮਿੰਡੀ
ਸੋਚ ਨੂੰ ਇੱਕ ਛੋਟੇ ਜਿਹੇ ਰਾਜੇ ਦੇ ਰੂਪ ਵਿੱਚ ਪੇਸ਼ ਕਰਨਾ ਜਿਸ ਨੂੰ ਗੁਰਬਾਣੀ ਕੁੱਝ ਦਿਨਾ ਦੇ
ਭੂਪੇ ਕਹਿੰਦੀ ਹੈ। ਗੁਰੂ ਸਾਹਿਬ ਜੀ ਨੇ ਲਗ ਭਗ 239 ਸਾਲ ਸਿੱਖੀ ਦਾ ਪ੍ਰਚਾਰ ਬਹੁਤਾ ਕਰਕੇ ਪੰਜਾਬ
ਵਿੱਚ ਹੀ ਕੀਤਾ ਤਾਂ ਕੀ ਫਿਰ ਉੱਥੋਂ ਉਹਨਾ ਨੂੰ ਕੋਈ ਸਿੱਖ ਹੀ ਨਹੀਂ ਲੱਭਾ ਜਿਸ ਤਰ੍ਹਾਂ ਕਿ ਬਦਲਾ
ਜਾਂ ਸਜਾ ਦੇਣ ਦੀ ਗੱਲ ਕਹੀ ਜਾਂਦੀ ਹੈ? ਜਾਂ ਫਿਰ ਪੰਜਾਬ ਤੋਂ ਬਾਹਰ ਦਾ ਕੋਈ ਵੀ ਸਿੱਖ ਗੁਰਮਤਿ ਦਾ
ਜਾਣੂ ਜਾਂ ਬਹਾਦਰ ਹੀ ਨਹੀਂ ਸੀ ਅਤੇ ਜਾਂ ਫਿਰ ਸਾਰੇ ਬਹਾਦਰ ਸਿੱਖ ਮਾਰੇ ਜਾ ਚੁੱਕੇ ਸਨ। ਇਸ ਵਿੱਚ
ਕੋਈ ਸ਼ੱਕ ਨਹੀਂ ਕਿ ਬੰਦਾ ਬਹਾਦਰ, ਬਹਾਦਰ ਸੀ ਪਰ ਕੀ ਉਹ ਗੁਰਮਤਿ ਦਾ ਗਿਆਤਾ ਵੀ ਸੀ? ਜੇ ਕਰ
ਪੰਜਾਬੀ ਨਹੀਂ ਸੀ ਪੜ੍ਹਨੀ ਆਉਂਦੀ ਤਾਂ ਫਿਰ ਕੀ ਗੁਰਬਾਣੀ ਉਸ ਭਾਸ਼ਾ ਵਿੱਚ ਉਪਲਬੱਧ ਸੀ ਜਿਹੜੀ ਉਹ
ਜਾਣਦਾ ਸੀ? ਅਖੀਰਲੇ ਪੈਰੇ ਵਿੱਚ ਜਿਹੜੀ ਗੱਲ ਤੁਸੀਂ ਨਸਲਕੁਸ਼ੀ ਦੀ ਕੀਤੀ ਹੈ ਕੀ ਇਹੀ ਗੱਲ ਪੂਰੀ
ਤਰ੍ਹਾਂ ਜਰਨੈਲ ਸਿੰਘ ਭਿੰਡਰਾਂਵਾਲੇ ਸਾਧ ਤੇ ਨਹੀਂ ਢੁਕਦੀ? ਕੀ ਇਸ ਸਾਧ ਬਾਰੇ ਵੀ ਮਨਘੜਤ ਲਿਟਰੇਚਰ
ਛਾਪ ਕੇ ਨਹੀਂ ਵੰਡਿਆ ਜਾ ਰਿਹਾ? ਜਿਸ ਤਰ੍ਹਾਂ ਕਿ 1984 ਤੋਂ ਇੱਕ ਦਮ ਬਾਅਦ ਸੌ ਸਾਖੀ ਅਤੇ ਹੋਰ
ਕਿਤਾਬਾਂ ਝੂਠ ਨੂੰ ਸੱਚ ਵਿੱਚ ਬਦਲਣ ਵਿੱਚ ਛਪਾ ਕੇ ਵੰਡੀਆਂ ਗਈਆਂ ਹਨ। ਤੁਸੀਂ ਤਾਂ ਤਿੰਨ ਸਦੀਆਂ
ਪਹਿਲਾਂ ਦੀ ਗੱਲ ਕਰ ਰਹੇ ਹੋ ਇਹ ਤਾਂ ਤੁਹਾਡੇ ਸਾਹਮਣੇ ਨੱਕ ਦੇ ਥੱਲੇ ਅੱਜ ਵੀ ਹੋ ਰਿਹਾ ਹੈ। ਇਹ
ਗੱਲ ਵੀ ਚੇਤੇ ਰੱਖੋ ਕਿ 99% ਦਾੜੀਆਂ ਕੇਸਾਂ ਵਾਲੇ ਇਸ ਸਾਰੇ ਵਾਰੇ ਰੱਜ ਕੇ ਝੂਠ ਬੋਲਦੇ ਹਨ। ਕਿਸੇ
ਇੱਕ ਵੀ ਪ੍ਰਚਾਰਕ ਦਾ ਕੋਈ ਵੀ ਨਾਮ ਦੱਸ ਦੇਵੇ ਜਿਸ ਨੇ ਕਦੀ ਸਟੇਜ ਤੋਂ ਇਹ ਕਿਹਾ ਹੋਵੇ ਕਿ
ਭਿੰਡਰਾਂਵਾਲਾ ਸਾਧ ਵੀ ਉਤਨਾ ਹੀ ਗਲਤ ਸੀ ਜਿਤਨੀ ਸਰਕਾਰ ਜਾਂ ਇੰਦਰਾ ਗਾਂਧੀ। ਹਾਂ, ਉਂਜ ਨਿੱਜੀ
ਤੋਰ ਤੇ ਤਾਂ ਜਰੂਰ ਕੋਈ ਕਹਿ ਦਿੰਦਾ ਹੋਵੇਗਾ। ਪ੍ਰਿੰ: ਹਰਭਜਨ ਸਿੰਘ ਚੰਡੀਗੜ੍ਹ ਵਾਲੇ ਨੇ ਇੱਕ
ਵਾਰੀ ਮੈਨੂੰ ਜਰੂਰ ਕਿਹਾ ਸੀ ਕਿ ਇਹ ਸਾਧ ਉਥੇ ਅੰਦਰ ਬੈਠਾ ਜੋ ਕਰ ਰਿਹਾ ਹੈ ਇਸ ਨੇ ਪੰਜਾਬ ਤੋਂ
ਬਾਹਰ ਦੇ ਸਿੱਖਾਂ ਦਾ ਬਹੁਤ ਨੁਕਸਾਨ ਕਰਵਾ ਦੇਣਾ ਹੈ। ਜੋ ਹੋਇਆ ਉਹ ਸਾਰਿਆਂ ਦੇ ਸਾਹਮਣੇ ਹੈ। ਪਰ
ਢੀਠਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾ ਨੇ ਤਾਂ ਧਰਮ ਦੇ ਨਾਮ ਤੇ ਝੂਠ ਬੋਲ ਕੇ ਲੋਕਾਈ
ਨੂੰ ਗੁਮਰਾਹ ਹੀ ਕਰਨਾ ਹੁੰਦਾ ਹੈ)