.

ਉਸਤਤ-ਨਿੰਦਾ

(ਭਾਗ 5)


ਆਮਤੌਰ ’ਤੇ ਅਰਦਾਸ ਵੇਲੇ ਕਿਸੇ ਵੱਲੋਂ ਕੁਝ ਭੇਂਟ ਕੀਤਾ ਜਾਂਦਾ ਹੈ ਪਰ ਅਰਦਾਸ ਜਾਂ ਪ੍ਰਾਥਨਾ ਕਰਨ ਵਾਲਾ ਭੇਂਟ ਕਰਨ ਵਾਲੇ ਦੀ ਜੇਕਰ ਫਾਲਤੂ ਦੀ ਵਡਿਆਈ ਜਾਂ ਖੁਸ਼ਾਮਦ ਕਰੇ ਤਾਂ ਇਹ ਚਾਪਲੂਸੀ ਅਤੇ ਫੋਕੀ ਉਸਤਤ ਕਰਨਾ ਹੈ। ਐਸੀਆਂ ਅਰਦਾਸਾਂ ਜਾਂ ਵਡਿਆਈਆਂ ਨਹੀਂ ਕਰਨੀ ਚਾਹੀਦੀਆਂ।

ਜੇ ਕਰ ਕੋਈ ਮਨੁੱਖ (ਚੰਗੇ ਜਾਂ ਮੰਦੇ ਕਿਰਦਾਰ ਵਾਲਾ) ਭਲੇ ਕੰਮਾਂ ਲਈ ਕੁਝ ਭੇਂਟਾ ਦਿੰਦਾ ਹੈ, ਉਸਦੇ ਕਿਰਦਾਰ ਬਾਰੇ ਉਸਤਤ ਨਿੰਦਾ ਕੀਤੇ ਬਿਨਾ, ਜਿਸ ਕਾਰਜ ਲਈ ਮਿਹਨਤ ਕੀਤੀ ਹੈ ਉਸ ਪੱਖੋਂ ਸਭ ਨਾਲ ਸਾਂਝ ਕਰਨੀ ਕੀਮਤੀ ਗੱਲ ਹੈ ਕਿ ਐਸੇ ਕੰਮ ਸਾਨੂੰ ਸਭ ਨੂੰ ਕਰਨੇ ਚਾਹੀਦੇ ਹਨ। ਪਰ ਇਹ ਕਹਿਣਾ ਠੀਕ ਨਹੀਂ ਕਿ ਫਲਾਣੇ ਦਾ ਕਿਰਦਾਰ ਚੰਗਾ ਨਹੀਂ ਜਾਂ ਫਲਾਣਾ ਮੰਦਾ ਹੈ। ਇਸ ਨਾਲ ਕਿਸੀ ਦੇ ਕਿਰਦਾਰ ਬਾਰੇ ਜੱਜ ਕਰਨ ਦੀ ਬਿਰਤੀ ਦਾ ਸੁਭਾ ਮੁਕਦਾ ਹੈ ਅਤੇ ਸੇਵਾ ਵਾਸਤੇ ਹੋਰਨਾਂ ਨੂੰ ਵੀ ਉਤਸ਼ਾਹ ਮਿਲਦਾ ਹੈ।

ਅਸੀਂ ਹਰੇਕ ਨੂੰ ਮੁਆਫ ਕਰਨ ਦਾ ਸੁਭਾ ਬਣਾਈਏ। ਲੋਕਾਂ ਦੇ ਔਗੁਣ ਵੇਖਣ ਦੀ ਅੱਖ (ਚਤੁਰਾਈ, ਅਕਲ) ਤੋਂ ਬੱਚੀਏ ਤਾਂ ਦਿਨੋ ਦਿਨ ਉਸਤਤ-ਨਿੰਦਾ ਤੋਂ ਛੁੱਟਾਂਗੇ। ਬਹਿਸ ਤੋਂ ਮੁਕਤ ਹੋਵਾਂਗੇ ਅਤੇ ਸਾਡੇ ਝਗੜੇ ਮੁਕਣਗੇ। ਗੁਰਬਾਣੀ ਦਾ ਫੁਰਮਾਨ ਹੈ,

ਬਾਦੁ ਬਿਬਾਦੁ ਕਾਹੂ ਸਿਉ ਨ ਕੀਜੈ ॥ ਰਸਨਾ ਰਾਮ ਰਸਾਇਨੁ ਪੀਜੈ ॥
(ਗੁਰੂ ਗ੍ਰੰਥ ਸਾਹਿਬ, ਪੰਨਾ 1164)


ਜਿਸ ਬਾਰੇ ਵੀ ਅਸੀਂ ਨਿੰਦਾ ਕਰਦੇ ਹਾਂ ਤਾਂ ਉੱਥੇ ਸਾਡੀ ਭਾਵਨਾ ਆਪਣੇ ਆਪ ਨੂੰ ਵਧੀਆ ਅਤੇ ਉੱਚਾ ਦਰਸਾਉਣਾ ਹੀ ਹੁੰਦੀ ਹੈ। ਪਰ ਅਸਲੀਅਤ ਬਾਰੇ ਪਤਾ ਲਗਣ ’ਤੇ ਹੋ ਸਕਦਾ ਹੈ ਸਾਨੂੰ ਝੂਠਾ ਪੈਣਾ ਪਵੇ। ਸਾਡਾ ਬੋਲਿਆ ਵਾਪਸ ਨਹੀਂ ਆ ਸਕੇਗਾ ਪਰ ਥੁੱਕਾਂ ਆਪਣੇ ਸਿਰ ਪੈਣ ਦਾ ਅਖਾਣ ਪੂਰਾ ਹੋ ਜਾਵੇਗਾ।

ਇੱਕ ਨੌਜਵਾਨ ਨੇ ਇੱਕ ਬਜ਼ੁਰਗ ਬਾਰੇ ਸਮਾਜ ’ਚ ਕੁਝ ਮੰਦਾ ਕਹਿ ਕੇ ਭੰਡ ਦਿੱਤਾ। ਬਜ਼ੁਰਗ ਨੇ ਨੌਜਵਾਨ ਵੱਲੋਂ ਬੇਇੱਜ਼ਤ ਕਰਨ ਲਈ ਅਦਾਲਤ ’ਚ ਕੇਸ ਕਰ ਦਿੱਤਾ। ਜੱਜ ਨੇ ਨੌਜਵਾਨ ਨੂੰ ਕਿਹਾ ਤੈਨੂੰ ਇੱਕ ਸ਼ਰਤ ’ਤੇ ਮੁਆਫ ਕੀਤਾ ਜਾਵੇਗਾ। ਇੱਕ ਕਾਗਜ਼ ’ਤੇ ਬਜ਼ੁਰਗ ਦਾ ਨਾਮ ਅਨੇਕਾਂ ਵਾਰੀ ਲਿਖ ਅਤੇ ਉਸ ਕਾਗਜ਼ ਨੂੰ ਫਾੜ ਕੇ ਅਨੇਕਾਂ ਟੋਟੇ ਕਰ। ਨੌਜਵਾਨ ਨੇ ਉੇਂਞ ਹੀ ਕਰ ਕੇ ਜੱਜ ਸਾਹਮਣੇ ਉਸ ਕਾਗਜ਼ ਦੇ ਟੋਟੇ ਕਰ ਦਿੱਤੇ। ਜੱਜ ਨੇ ਉਸਨੂੰ ਕਿਹਾ ਅੱਜ ਘਰ ਜਾਂਦੇ ਹੋਏ ਰਸਤੇ ’ਚ ਥੋੜੀ-ਥੋੜੀ ਦੂਰੀ ’ਤੇ ਇਹ ਕਾਗਜ਼ ਦੇ ਟੋਟੇ ਸੁਟਦੇ ਜਾਣਾ। ਕਲ ਕਚਹਿਰੀ ’ਚ ਆ ਜਾਣਾ। ਦੂਜੇ ਦਿਨ ਕਚਿਹਰੀ ’ਚ ਜੱਜ ਨੇ ਕਿਹਾ ਜਿਵੇਂ ਕਿਹਾ ਸੀ ਕੀਤਾ? ਤਾਂ ਨੌਜਵਾਨ ਨੇ ਕਿਹਾ, `ਜੀ ਹਾਂ, ਜੱਜ ਸਾਹਿਬ`। ਹੁਣ ਤੁਹਾਨੂੰ ਮੁਆਫ ਕਰਨ ਦਾ ਵੇਲਾ ਹੈ ਤੁਸੀ ਉਹ ਟੋਟੇ ਸਾਰੇ ਚੁੱਕ ਕੇ ਲਿਆਉ ਤੇ ਕਚਿਹਰੀ ’ਚ ਪੇਸ਼ ਕਰੋ। ਨੌਜਵਾਨ ਨੇ ਕਿਹਾ ਉਹ ਤਾਂ ਹਵਾ ’ਚ ਖਿੰਡ-ਪੁੰਡ ਗਏ, ਇੱਕਠਾ ਕਰਨਾ ਨਾ ਮੁਮਕਿਨ ਹੈ। ਜੱਜ ਨੇ ਕਿਹਾ ਇਵੇਂ ਹੀ ਤੁਹਾਡੇ ਵੱਲੋਂ ਮਾਫੀ ਮੰਗਣ ਨਾਲ ਇਸ ਬਜ਼ੁਰਗ ਦੀ ਇਜ਼ਤ ਦੇ ਟੋਟੇ ਸਾਰੀ ਦੁਨੀਆ ’ਚ ਖਿੰਡ-ਪੁੰਡ ਗਏ ਹਨ, ਇਹ ਵਾਪਸ ਨਹੀਂ ਆ ਸਕਦੇ। ਇਸ ਲਈ ਤੁਹਾਨੂੰ ਮੁਆਫ ਕਰਨਾ ਵੀ ਨਾਮੁਮਕਿਨ ਹੈ। ਤੁਹਾਨੂੰ ਨਿੰਦਾ ਕਰਨ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਸੀ ਕਿ ਬੇਇਜ਼ਤੀ ਕਰਨਾ ਤਾਂ ਆਸਾਨ ਹੈ ਪਰ ਕਿਸੇ ਦੀ ਭੰਡੀ ਗਈ ਇਜ਼ੱਤ ਵਾਪਸ ਲਿਆਉਣਾ ਨਾਮੁਮਕਿਨ ਹੈ।

ਉਪਰੋਕਤ ਕਹਾਣੀ ਸਾਨੂੰ ਇਹ ਪ੍ਰੇਰਣਾ ਦੇਂਦੀ ਹੈ ਕਿ ਕਿਸੇ ਦੀ ਵੀ ਉਸਤਤ ਜਾਂ ਨਿੰਦਿਆ ਤੋਂ ਪਰਹੇਜ਼ ਕਰਨਾ ਹੈ। ਸਮਾਜ ਦਾ ਭਲਾ ਇਸੇ ’ਚ ਹੈ। ਪਰ ਆਪਣੀ ਉਸਤਤ ਸੁਣ ਕੇ ਹਉਮੈ ’ਚ ਅਸਮਾਨੇ ਨਹੀਂ ਚੜ੍ਹਨਾ ਅਤੇ ਨਾ ਹੀ ਆਪਣੇ ਅਵਗੁਣਾਂ ਤੋਂ ਮੂੰਹ ਮੋੜਨਾ ਹੈ।

ਨਿੰਦਾ ਜਨ ਕਉ ਖਰੀ ਪਿਆਰੀ ॥ ...
ਹਮਰੇ ਕਪਰੇ ਨਿੰਦਕੁ ਧੋਇ ॥
(ਗੁਰੂ ਗ੍ਰੰਥ ਸਾਹਿਬ, ਪੰਨਾ 339)


ਇਸ ਦ੍ਰਿੜਤਾ ਨਾਲ ਹੀ ਸਾਡਾ ਨਵਾਂ ਕਿਰਦਾਰ ਘੜਿਆ ਜਾਂਦਾ ਹੈ ਕਿਉਂਕਿ ਔਗੁਣ ਅਸੀਂ ਠੀਕ ਕਰਦੇ ਜਾਂਦੇ ਹਾਂ ਅਤੇ ਜਿਨ੍ਹਾਂ ਗੁਣਾਂ ਦੀ ਵਾਹ-ਵਾਹ ਕੀਤੀ ਗਈ ਸੀ, ਉਨ੍ਹਾਂ ਨੂੰ ਮਾਣ ਕੇ ਸੁਭਾ ’ਚ ਹੋਰ ਪਕਾ ਲੈਂਦੇ ਹਾਂ। ਆਪਣੀ ਉਸਤਤ ਅਤੇ ਵਾਹ-ਵਾਹ ਦੀ ਭੁੱਖ ਤੋਂ ਉੱਪਰ ਉੱਠ ਜਾਂਦੇ ਹਾਂ, ਆਪਣੀ ਆਲੋਚਨਾ ਵਾਲੀ ਨਿੰਦਾ ਨੂੰ ਆਪਣੇ ਭਲੇ ਲਈ ਵਰਤ ਕੇ `ਅਵਗੁਣ ਛੋਡਿ ਗੁਣਾ ਕਉ ਧਾਵਹੁ` ਲਈ ਵਰਤਦੇ ਹਾਂ।

ਵੀਰ ਭੁਪਿੰਦਰ ਸਿੰਘ




.