.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਸਿੱਖਾਂ ਦਾ ਦੁਖਦਾਈ ਪਹਿਲੂ- ੨

ਪੜ੍ਹਾਈ ਦੇ ਖੇਤਰ ਵਿੱਚ ਜਦੋਂ ਕੋਈ ਸੰਸਥਾ ਖੁਲ੍ਹਦੀ ਹੈ ਤਾਂ ਉਹ ਪਹਿਲਾਂ ਪਹਿਲ ਨਿੱਜੀ ਟਰੱਸਟ ਦੇ ਅਧੀਨ ਹੀ ਖੁਲ੍ਹਦੀ ਹੈ। ਕਈਆਂ ਨੇ ਆਪਣੇ ਹੀ ਕੁਨਬੇ ਦਾ ਟਰੱਸਟ ਬਣਾਇਆ ਹੁੰਦਾ ਹੈ। ਜਦੋਂ ਦੇਖਿਆ ਜਾਂਦਾ ਹੈ ਕਿ ਇਸ ਵਿੱਚ ਵਿਦਿਆਰਥੀਆਂ ਦਾ ਹੋਰ ਵਾਧਾ ਕਿਸ ਤਰ੍ਹਾਂ ਕੀਤਾ ਜਾਏ ਜਾਂ ਸਰਾਕਰ ਕੋਲੋਂ ਸਹਾਇਤਾ ਕਿਦਾਂ ਲਈ ਜਾਏ ਤਾਂ ਉਹ ਫਿਰ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਦੇ ਹਨ। ਸਭ ਤੋਂ ਪਹਿਲਾਂ ਉਹ ਸਰਕਾਰ ਦੀਆਂ ਨਜ਼ਰਾਂ ਵਿੱਚ ਆਉਣ ਲਈ ਸਰਕਾਰ ਕੋਲੋਂ ਮਾਨਤਾ ਲੈਂਦੇ ਹਨ। ਦੁਜਾ ਵਿਦਿਆਰਥੀ ਵੀ ਚਾਹੁੰਦੇ ਹਨ ਕਿ ਸਾਨੂੰ ਸਰਕਾਰ ਵਲੋਂ ਮਾਨਤਾ ਮਿਲੀ ਹੋਈ ਹੋਵੇ ਤਾਂ ਹੀ ਏੱਥੇ ਪੜ੍ਹਨ ਦਾ ਫਾਇਦਾ ਹੈ।
ਸਰਕਾਰ ਕੋਲੋਂ ਮਾਨਤਾ ਲੈਣੀ ਜ਼ਰੂਰੀ ਸਮਝੀ ਜਾਂਦੀ ਹੈ। ਸਰਕਾਰ ਦੀ ਮਾਨਤਾ ਮਿਲਣ ਨਾਲ ਲੋਕ ਸਮਝਦੇ ਹਨ ਕਿ ਸਾਡੇ ਨਾਲ ਹੁਣ ਧੋਖਾ ਨਹੀਂ ਹੋ ਰਿਹਾ ਹੈ। ਏਹੀ ਕਾਰਨ ਹੈ ਕਿ ਕਿਸੇ ਨੇ ਦਵਾਈਆਂ ਵੇਚਣ ਦੀ ਦੁਕਾਨ ਖੋਹਲਣੀ ਹੈ ਜਾਂ ਕੋਈ ਹੋਰ ਕੰਮ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਸਰਕਾਰੀ ਕਾਗ਼ਜ਼ਾਂ ਵਿੱਚ ਦਰਜ ਕਰਾਉਣਾ ਪੈਂਦਾ ਹੈ। ਜੇ ਕਿਸੇ ਆਦਮੀ ਨੇ ਬਾਹਰਲੇ ਮੁਲਕ ਲਈ ਟਿਕਟ ਲੈਣੀ ਹੈ ਤਾਂ ਉਹ ਵੀ ਇਹ ਪਹਿਲਾਂ ਦੇਖਦਾ ਹੈ ਕਿ ਹਵਾਈ ਜਹਾਜ਼ ਦੀਆਂ ਟਿਕਟਾਂ ਵੇਚਣ ਵਾਲਾ ਸਰਕਾਰ ਵਲੋਂ ਮਾਨਤਾ ਪ੍ਰਾਪਤ ਹੈ। ਏਦਾਂ ਕਹੀਏ ਕਿ ਹਰ ਫਰਮ ਤਾਂ ਹੀ ਕਾਮਯਾਬ ਹੋ ਸਕਦੀ ਹੈ ਜੇ ਉਸ ਨੇ ਸਰਕਾਰ ਕੋਲੋਂ ਮਾਨਤਾ ਪ੍ਰਾਪਤ ਕੀਤੀ ਹੋਵੇ।
ਸਰਕਾਰੀ ਮਾਨਤਾ ਲੈਣ ਲਈ ਬਹੁਤ ਸਾਰੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਕਈ ਵਾਰੀ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ। ਸ਼ਰਤਾਂ ਪੂਰੀਆਂ ਕਰਨ ਲਈ ਜਾਂ ਫਾਈਲਾਂ ਦਾ ਢਿੱਡ ਭਰਨ ਲਈ ਕਈ ਪ੍ਰਕਾਰ ਦੇ ਕਾਗਜ਼ ਹੇਠਾਂ ਉੱਤੇ ਕਰਨੇ ਪੈਂਦੇ ਹਨ। ਰਿਸ਼ਵਤ ਖੋਰ ਅਫ਼ਸਰ ਅਧੂਰੀਆਂ ਫਾਈਲਾਂ ਨੂੰ ਕੁੱਝ ਲੈ ਦੇ ਕੇ ਪੂਰੀਆਂ ਕਰਕੇ ਮਾਨਤਾ ਦੇ ਦੇਂਦੇ ਹਨ। ਚੰਗੇ ਅਫਸਰ ਤਾਂ ਸਾਰੇ ਕਾਗਜ਼ਾਂ ਦੀ ਪੂਰੀ ਘੋਖ ਕਰਦੇ ਹਨ ਤੇ ਉਹ ਕਦੇ ਵੀ ਆਪਣੇ ਅਸੂਲ ਨਾਲ ਸਮਝੌਤਾ ਨਹੀਂ ਕਰਦੇ। ਅਧੂਰੀਆਂ ਸ਼ਰਤਾਂ ਵਾਲੀਆਂ ਫਾਈਲਾਂ ਨੂੰ ਉਹ ਪਾਸ ਨਹੀਂ ਕਰਦੇ। ਸਰਕਾਰੀ ਮਾਨਤਾ ਤੋਂ ਬਿਨਾਂ ਕਪੰਨੀਆਂ, ਫਰਮਾਂ, ਵਿਦਿਆਕ ਅਦਾਰੇ ਅਤੇ ਹੋਰ ਇਸ ਤਰ੍ਹਾਂ ਦੀਆਂ ਕੰਪਨੀਆਂ ਏਦਾਂ ਲੱਗਦੀਆਂ ਹਨ ਜਿਵੇਂ ਡ੍ਰਾਈਵਰ ਤੋਂ ਬਿਨਾ ਗੱਡੀ ਹੋਵੇ।
ਏਸੇ ਤਰ੍ਹਾਂ ਹੀ ਪਿੱਛਲੇ ਕਈ ਦਹਾਕਿਆਂ ਤੋਂ ਸਾਧਾਂ ਦੇ ਡੇਰੇ ਵੀ ਆਪਣੀ ਮਾਨਤਾ ਲਈ ਉਡੀਕ ਵਿੱਚ ਖੜੇ ਸਨ। ਸਾਡੇ ਦੂਰ ਅੰਦੇਸ਼ ਰਾਜਨੀਤਿਕ ਤੇ ਧਾਰਮਿਕ ਆਗੂਆਂ ਨੇ ਇਹਨਾਂ ਨੂੰ ਪੱਲਾ ਨਹੀਂ ਫੜਾਇਆ ਸੀ। ਉਹਨਾਂ ਲੀਡਰਾਂ ਨੂੰ ਇਹ ਸਮਝ ਸੀ ਕਿ ਇਹ ਸਿਧਾਂਤਿਕ ਤੌਰ `ਤੇ ਇਹ ਸਬੂਬਨੇ ਸਾਧ ਗਲਤ ਹਨ। ਏਸੇ ਲਈ ਸਿੱਖ ਸਿਧਾਂਤ ਨੂੰ ਸਮਝਣ ਵਾਲੇ ਆਗੂ ਇਹਨਾਂ ਦਿਆਂ ਡੇਰਿਆਂ `ਤੇ ਨਹੀਂ ਗਏ ਸਨ। ਦੁਖਦਾਈ ਪਹਿਲੂ ਇਹ ਹੈ ਕਿ ਹੁਣ ਸਾਡੇ ਰਾਜਨੀਤਿਕ ਤੇ ਧਾਰਮਿਕ ਆਗੂਆਂ ਨੇ ਇਹਨਾਂ ਡੇਰਿਆਂ ਵਿੱਚ ਆਪਣੀਆਂ ਹਾਜ਼ਰੀਆਂ ਭਰ ਕੇ ਇਹਨਾਂ ਨੂੰ ਮਾਨਤਾ ਦੇਣੀ ਸ਼ੁਰੂ ਕਰ ਦਿੱਤੀ ਹੈ।
ਸਰਕਾਰ ਕੋਲੋਂ ਮਾਨਤਾ ਲੈਣ ਲਈ ਸਰਕਾਰ ਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਭਾਵ ਸਰਕਾਰ ਦੇ ਨਿਯਮਾਂ ਅਨੁਸਾਰ ਕੰਮ ਕਰਨਾ ਪੈਂਦਾ ਹੈ। ਘੱਟੋ ਜਿਸ ਦਿਨ ਮਾਨਤਾ ਦੇਣ ਦੀ ਪੜਤਾਲ ਹੋਣੀ ਹੈ ਉਸ ਦਿਨ ਤਾਂ ਉਹ ਬਿਲਕੁਲ ਇੰਜ ਹੀ ਕਰਨਗੇ ਜਿਵੇਂ ਸਰਕਾਰ ਚਾਹੁੰਦੀ ਹੈ। ਜਦੋਂ ਮਾਨਤਾ ਮਿਲ ਜਾਂਦੀ ਹੈ ਤਾਂ ਫਿਰ ਉਹ ਆਪਣਾ ਹੀ ਮਾਲ ਵੇਚਦੇ ਹਨ। ਏਸੇ ਤਰ੍ਹਾਂ ਇਹਨਾਂ ਡੇਰੇ ਵਾਲਿਆਂ ਨੇ ਵੀ ਮਾਨਤਾ ਲੈ ਲਈ ਹੈ। ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਅੰਮ੍ਰਿਤ ਵੀ ਛੱਕਦੇ ਹਨ ਕਿਰਪਾਨ ਵੀ ਪਾ ਲੈਂਦੇ ਹਨ। ਇੰਜ ਲੱਗਦਾ ਹੈ ਕਿ ਜਿਵੇਂ ਸਾਰੇ ਕਰਮ ਹੁਣ ਗੁਰਮਤਿ ਅਨੁਸਾਰ ਏੱਥੇ ਹੀ ਹੋ ਰਹੇ ਹਨ। ਧਾਰਮਿਕ ਆਗੂਆਂ ਦੀ ਹਾਜ਼ਰੀ ਉਪਰੰਤ ਕਰਮ ਕਾਂਡ ਵਿੱਚ ਕੋਈ ਸੁਧਾਰ ਨਹੀਂ ਆਇਆ ਪੰਥ ਪ੍ਰਵਾਨਤ ਰਹਿਤ ਮਰਯਾਦਾ ਦੀ ਇੱਕ ਵੀ ਮਦ ਇਹਨਾਂ ਨੇ ਆਪਣੇ ਡੇਰੇ ਵਿੱਚ ਲਾਗੂ ਨਹੀਂ ਕਰਦੇ। ਜਦੋਂ ਧਾਰਮਿਕ ਆਗੂ ਇਹਨਾਂ ਡੇਰਿਆਂ ਦੀ ਹਾਜ਼ਰੀ ਭਰਦੇ ਹਨ ਤਾਂ ਆਮ ਲੋਕ ਇਹੀ ਸਮਝਣ ਲੱਗ ਜਾਂਦੇ ਹਨ ਇਹ ਡੇਰੇ ਵੀ ਪੰਥਕ ਹੀ ਹਨ। ਉਚੇਚੇ ਤੌਰ `ਤੇ ਧਾਰਮਿਕ ਅਗੂਆਂ ਦੀ ਹਾਜ਼ਰੀ ਇਹਨਾਂ ਦੇ ਗੈਰ-ਕੁਦਰਤੀ ਕੰਮਾਂ ਤੇ ਇਹਨਾਂ ਵਲੋਂ ਫੈਲਾਈ ਜਾ ਰਹੀ ਮਨਮਤ `ਤੇ ਮੋਹਰ ਲਾਉਣਾ ਹੈ। ਇਕੋ ਮਿਸਾਲ ਹੀ ਕਾਫੀ ਹੈ ਜਦ ਪੰਥ ਪ੍ਰਵਾਨਤ ਰਹਿਤ ਮਰਯਾਦਾ ਵਿੱਚ ਲਿਖਿਆ ਹੈ ਕਿ ਮੜੀ ਵਾਲੀ ਥਾਂ ਨੂੰ ਪੱਕੀ ਮੜੀ ਬਣਾਉਣੀ ਮਨਮਤ ਹੈ। ਇਹਨਾਂ ਸਾਧਾਂ ਦੇ ਅਖੌਤੀ ਮਹਾਂਪੁਰਸ਼ਾਂ ਦੀਆਂ ਮੜੀਆਂ ਪੱਕੀਆਂ ਕਰਕੇ ਅੰਗੀਠਾ ਸਾਹਿਬ ਵਰਗੇ ਨਾਂ ਰੱਖ ਲਏ ਹਨ।
ਜਿਸ ਦਿਨ ਧਾਰਮਿਕ ਆਗੂਆਂ ਨੇ ਇਹਨਾਂ ਦਿਆਂ ਡੇਰਿਆਂ ਵਿੱਚ ਆਪਣੇ ਚਰਨ ਪਉਣੇ ਹੁੰਦੇ ਹਨ ਉਸ ਦਿਨ ਉਹ ਆਪਣੇ ਆਪ ਨੂੰ ਇੰਜ ਪੇਸ਼ ਕਰਦੇ ਹਨ ਜਿਵੇਂ ਸਾਰੇ ਪੰਥ ਦਾ ਦਰਦ ਇਹਨਾਂ ਨੇ ਹੀ ਚੁੱਕਿਆ ਹੁੰਦਾ ਹੇ। ਪੂਛਲਾਂ ਕਦੇ ਸਿੱਧੀਆਂ ਨਹੀਂ ਹੁੰਦੀਆਂ ਏਸੇ ਤਰ੍ਹਾਂ ਇਹ ਕਦੇ ਵੀ ਪੰਥਕ ਨਹੀਂ ਬਣੇ ਸਗੋਂ ਆਪਣਾ ਵੱਖਰਾ ਰਾਗ ਹੀ ਅਲਾਪਦੇ ਹਨ। ਸਿੱਖ ਸਿਧਾਂਤ ਦਾ ਦੁਖਦਾਈ ਪਹਿਲੂ ਹੈ ਕਿ ਸਾਡੇ ਧਾਰਮਿਕ ਆਗੂਆਂ ਦੀ ਹਾਜ਼ਰੀ ਨੇ ਇਹਨਾਂ ਡੇਰਿਆਂ ਦੀ ਸਥਾਪਤੀ ਲਈ ਪੱਕੀ ਮੋਹਰ ਲਾ ਦਿੱਤੀ ਹੈ।
ਇੰਟਰਨੈੱਟ ਤੇ ਪਾਈ ਇੱਕ ਪੋਸਟ ਜੋ ਧਿਆਨ ਮੰਗਦੀ ਹੈ—
ਜਰੂਰੀ ਨੋਟ: ਅਗਰ ਇਸ ਲਿਖਤ ‘ਚ ਕੁਝ ਗਲਤ-ਬਿਆਨੀ ਹੋਵੇ ਤਾਂ ਡੇਰਿਆਂ ਨੂੰ ਮੰਨਣ ਵਾਲੇ ਭੈਣ-ਭਰਾ ਜਰੂਰ ਠੀਕ ਕਰ ਦੇਣ! ! ! ! ਭਾਸ਼ਾ ਸਭਿਅਕ ਹੋਣੀ ਜਰੂਰੀ ਹੈ। ਪੋਸਟ ਨੂੰ ਪੜਕੇ ਆਪਣੇ ਵਿਚਾਰ ਦੇਣ ਜੀ ਸਿੱਖੀ ਦੀ ਤਬਾਹੀ ਵਾਸਤੇ ਜੋ ਸੈਂਕੜੇ (੩੦੦) ਦੇ ਕਰੀਬ ਅਖੌਤੀ ਸੰਤ ਸਟਾਰ ਗਰੁੱਪ ਨੇ ਤਿਆਰ ਕੀਤੇ ਹਨ ਅਤੇ ਵਾਰੀ ਵਾਰੀ ਇਹਨਾਂ ਹਥਿਆਰਾਂ ਨੂੰ ਸਟਾਰ ਗਰੁੱਪ ਵਰਤ ਰਿਹਾ ਹੈ। ਇਹ ਨਾਨਕਸਰੀਆਂ ਦਾ ਝੁੰਡ ਸਭ ਤੋਂ ਖ਼ਤਰਨਾਕ ਹਥਿਆਰ ਹੈ ਇਹ ਨਾਨਸਰੀਏ ਕੁਝ ਹੇਠ ਲਿਖੇ ਹਥਕੰਡੇ ਵਰਤ ਕੇ ਅੱਗੇ ਵਧ ਰਹੇ ਹਨ: ੧: ਇਹ ਸਿੱਖਾਂ ਨੂੰ ਹਿੰਦੂਮਤ ਦਾ ਹੀ ਇਕ ਫ਼ਿਰਕਾ ਮੰਨਦੇ ਹਨ ਜਦ ਕਿ ਗੁਰੂ ਸਾਹਿਬ ਦਾ ਫੁਰਮਾਣ ਹੈ “ਨ ਹਮ ਹਿੰਦੂ ਨ ਮੁਸਲਮਾਨ।।”
੨: ਇਹ ਦਿਖਾਵੇ ਮਾਤਰ ਗੁਰਬਾਣੀ ਪੜ੍ਹਦੇ ਹਨ। ਗੁਰਮਤਿ ਸਿੱਖਿਆ ਨੂੰ ਇਹਨਾਂ ਕਦੇ ਨੇੜੇ ਨਹੀਂ ਆਉਣ ਦਿੱਤਾ। ਗੁਰਬਾਣੀ, ਕਰਮਕਾਂਡਾਂ ਦਾ ਭਰਪੂਰ ਖੰਡਨ ਕਰਦੀ ਹੈ। ਇਹ ਬਾਹਮਣ ਵਾਂਗੂੰ ਪੱਕੇ ਕਰਮਕਾਂਡੀ ਹਨ। ਗੁਰਬਾਣੀ ਸੱਚ ਦੇ ਮਾਰਗ ਤੇ ਚੱਲਣ ਦਾ ਉਪਦੇਸ਼ ਕਰਦੀ ਹੈ ਪਰ ਇਹ ਗਿਣਤੀਆਂ ਕਰਨ ਤੇ ਲੱਗੇ ਹੋਏ ਹਨ, ੧੦ ਪਾਠ, ੨੦ ਪਾਠ, ਮਾਲਾ ੧੦੮ ਮੂਲਮੰਤਰ ਦੀਆਂ, ਇਹ ਰਾਮ ਰਾਮ ਦੇ ਜਾਪ ਵੀ ਕਰਦੇ ਕਰਵਾਉਂਦੇ ਹਨ।
੩: ਸਿੱਖਾਂ ਦਾ ਅਕਾਲ ਪੁਰਖ ਅਜੂਨੀ ਹੈ ਪਰ ਇਹ ਹਿੰਦੂਮਤ ਦੇ ਅਵਤਾਰਵਾਦ ਨੂੰ ਸਿੱਖੀ ਵਿਚ ਵਾੜ ਰਹੇ ਹਨ। ਗੁਰੂ ਨਾਨਕ ਸਾਹਿਬ ਨੂੰ ਇਹ ਵਿਸ਼ਨੂੰ ਦਾ ਅਵਤਾਰ ਮੰਨਦੇ ਹਨ, ਬਾਬਾ ਨੰਦ ਸਿੰਘ ਨੂੰ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਮੰਨਦੇ ਹਨ।
੪: ਇਹ “ਗੁਰੂ ਗ੍ਰੰਥ ਸਾਹਿਬ ਜੀ” ਦੀ ਪੂਜਾ ਇਕ ਮੂਰਤੀ ਵਾਂਗ ਹੀ ਕਰਦੇ ਹਨ। ਇਹ ਡੇਰਾ ਵਾਦੀਏ ਗੁਰੂ ਦੇ ਹੁਕਮ ਸੁਨੇਹੇ ਉਪਰ ਕੋਈ ਵਿਸ਼ਵਾਸ ਨਹੀਂ ਕਰਦੇ।
੫: ਇਹਨਾਂ ਨੇ ਗੁਰਬਾਣੀ ਵਿਚ ਮਿਲਾਵਟ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹ ਕੰਮ ਇਹ ਬੜੇ ਯੋਜਨਬਧ ਤਰੀਕੇ ਨਾਲ ਕਰ ਰਹੇ ਹਨ। ਪਹਿਲੇ ਪੜਾਅ ਵਿਚ ਇਹਨਾਂ ਗੁਰਬਾਣੀ ਵਿਚ ਸਤਿਨਾਮ ਵਾਹਿਗੁਰੂ, ਛਪੇ ਗੁਟਕਿਆਂ ਵਿਚ ਸ਼ਾਮਲ ਕੀਤਾ ਅਤੇ ਦੂਸਰੇ ਪੜਾਅ ਤਹਿਤ ਇਹਨਾਂ ਗੁਰਬਾਣੀ ਦੇ ਗੁਟਕਿਆਂ ਦੇ ਸ਼ੁਰੂ ਵਿਚ ਮਨਘੜ੍ਹਤ ਕਹਾਣੀਆਂ ਦਿੱਤੀਆਂ ਹਨ ਅਤੇ ਗੁਰੂ ਸਾਹਿਬਾਂ ਦੀ ਤੋਹੀਨ ਵੀ ਕੀਤੀ ਹੈ। ਗੁਰੂ ਸਾਹਿਬਾਂ ਨੂੰ ਕੋਹੜ ਹੋਇਆ ਵੀ ਇਹਨਾਂ ਨੇ ਕਹਾਣੀਆਂ ਵਿਚ ਲਿਖਿਆ ਹੈ।
੬: ਇਹ ਅਰਦਾਸ ਉਪਰੰਤ ਗੁਰੂ ਮਾਨਿਓ ਗ੍ਰੰਥ ਦੋਹਰਾ ਨਹੀਂ ਪੜ੍ਹਦੇ
੭: ਇਹ ਹੋਰਨਾਂ ਹਿੰਦੂ ਸਾਧਾਂ ਵਾਂਗ ਭੇਖੀ ਹਨ ਚਿੱਟੇ ਭੇਖ ਪਾਉਂਦੇ ਹਨ।
੮: ਆਪਣੇ ਗੁਰਦੁਆਰੇ ਨੂੰ ਠਾਠ (ਐਸ਼ ਕਰਨ ਦਾ ਥਾਂ) ਕਹਿੰਦੇ ਹਨ।
੯: ਸਿੱਖੀ ਵਿਚ ਗ੍ਰਹਿਸਤ ਧਰਮ ਪ੍ਰਧਾਨ ਹੈ ਪਰ ਇਹ ਬਿਹੰਗਮ ਬਣੇ ਫਿਰਦੇ ਹਨ।
੧੦: ਇਹ ਨਿਸ਼ਾਨ ਸਾਹਿਬ ਵੀ ਨਹੀਂ ਝੁਲਾਉਂਦੇ।
੧੧: ਇਹ ਗੋਲਕ ਨਹੀਂ ਰੱਖਦੇ ਪਰ ਅੰਦਰ ਖਾਤੇ ਸਭ ਕੁਝ ਹੜੱਪ ਲੈਂਦੇ ਹਨ।
੧੨: ਲੰਗਰ ਨਹੀਂ ਪਕਾਉਂਦੇ। ਲੰਗਰ ਪ੍ਰਥਾ ਦੇ ਵਿਰੋਧੀ ਹਨ।
੧੩: ਕੜਾਹ ਪ੍ਰਸ਼ਾਦਿ ਦੀ ਥਾਂ ਜ਼ਿਆਦਾ ਮਿਸ਼ਰੀ ਪ੍ਰਸ਼ਾਦਿ ਨੂੰ ਪਹਿਲ ਦਿੰਦੇ ਹਨ। ਇਹਨਾਂ ਦੇ ਸ਼ਰਧਾਲੂ ਮਿਸ਼ਰੀ ਚੜਾਉਂਦੇ ਹਨ ਉਹੀ ਮਿਸ਼ਰੀ ਫਿਰ ਦੁਕਾਨਾਂ ਤੇ ਵੇਚ ਦਿੰਦੇ ਹਨ।
੧੪: ਗੁਰੂ ਗੋਬਿੰਦ ਸਿੰਘ ਬਾਰੇ ਕਹਿੰਦੇ ਹਨ ਕਿ ਉਹਨਾਂ ਪੰਜਾਂ ਪਿਆਰਿਆਂ ਤੋ ਅੰਮ੍ਰਿਤ ਨਹੀਂ ਸੀ ਛਕਿਆ, ਅੰਮ੍ਰਿਤ ਵਿਚੋਂ ਖੰਡਾ ਕੱਢ ਕੇ ਬੂੰਦਾਂ ਹੱਥ ਤੇ ਪਾਈਆਂ। ਸੱਜਾ ਹੱਥ ਗੁਰੂ ਅਤੇ ਖੱਬਾ ਹੱਥ ਚੇਲਾ ਬਣਾਇਆ। ਇਹ ਅੰਮ੍ਰਿਤ ਛਕਣ ਦਾ ਦਿਖਾਵਾ ਕਰਦੇ ਹਨ। ਜਨੇਊ ਵਰਗੀ ਕ੍ਰਿਪਾਨ ਪਾਉਂਦੇ ਹਨ।
੧੫: ਇਹ ਵਾਰਾਂ-ਕਵਾਰਾਂ, ਸ਼ੁਭ-ਅਸ਼ੁਭ, ਲਗਨ-ਮਹੂਰਤਾਂ ‘ਤੇ ਵਿਸ਼ਵਾਸ ਰੱਖਦੇ ਹਨ।
੧੬: ਸਰਕਾਰ ਵੀ ਇਹਨਾਂ ਨੂੰ ਅੱਗੇ ਲਿਆਉਣ ਤੇ ਲੱਗੀ ਹੋਈ ਹੈ ਜਿਵੇਂ ਸਰਕਾਰੀ ਥਾਵਾਂ ਤੇ ਇਹਨਾਂ ਦੇ ਗੁਰਦੁਆਰੇ (ਠਾਠ) ਬਣ ਰਹੇ ਹਨ।
੧੭: ਟੀ: ਵੀ: ਚੈਨਲਾਂ ਤੇ ਇਹਨਾਂ ਦਾ ਪ੍ਰਚਾਰ ਹੋ ਰਿਹਾ ਹੈ।
੧੮: ਇਹਨਾਂ ਦੇ ਰਾਗੀ ਜੋ ਕੀਰਤਨ ਕਰਦੇ ਹਨ ਉਹ ਬਾਬਾ ਨੰਦ ਸਿੰਘ ਦੀ ਹੀ ਉਸਤਤ ਕਰਦੇ ਹਨ। ਹਰਬੰਸ ਸਿੰਘ ਜਗਾਧਰੀ, ਚਮਨ ਲਾਲ ਅਤੇ ਹੋਰ ਵੀ ਰਾਗੀ ਸਟਾਰ ਗਰੁੱਪ ਨੇ ਕਮਿਸ਼ਨ ਕਰ ਲਏ ਹਨ। ਬਾਬਾ ਨੰਦ ਸਿੰਘ ਨੂੰ ਪਾਪੂਲਰ ਕਰਨ ਬਦਲੇ ਕਈ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਸ਼ੇਅਰ ਜਰੂਰ ਕਰੋ ਜੀ।
ਖਾਲਸਾ ਪੰਥ ਦੇ ਵਿਹੜੇ ਵਿੱਚ ਚਹੁ-ਤਰਫੀ ਨਿਗਾਹ ਮਾਰਿਆਂ ਖਾਲਸਈ ਸਿਧਾਂਤ ਤੋਂ ਮੂੰਹ ਫੇਰੀ ਸਿੱਖ ਕਹਿਲਾਉਣ ਵਾਲਿਆਂ ਦੀ ਬਹੁ ਗਿਣਤੀ ਜਾਤ ਪਾਤ ਡੇਰੇ ਸੰਪਰਦਾਵਾਂ ਇਲਾਕਾ ਪ੍ਰਸਤੀ, ਅਮੀਰ-ਗਰੀਬ, ਸਿਆਸੀ ਧੜਿਆਂ ਦੀ ਦਲਦਲ ਖੁਦਗਰਜ਼ੀ, ਪਰਵਾਰਕ, ਲੋਭ-ਲਾਲਚ ਅਤੇ ਕੂੜੇ ਮਾਨ-ਸਨਮਾਨ ਦੀ ਭੁੱਖ ਦਾ ਸ਼ਿਕਾਰ ਹੈ। ਗੁਰੂ ਸਿਧਾਂਤ ਬੇਕਦਰੇ ਹੋਏ ਪਏ ਹਨ। ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਆਗੂ ਕਹਾਉਣ ਵਾਲੇ ਖੁਦ ਸਿਧਾਂਤਾਂ ਦਾ ਸ਼ਰੇਆਮ ਅਪਮਾਨ ਕਰਦੇ ਦਿਖਾਈ ਦੇ ਰਹੇ ਹਨ ਵਕਤੀ ਅਤੇ ਨਿੱਜ ਦੀ ਹੋਂਦ ਉਜਾਗਰ ਕਰਨ ਵਾਲੀਆਂ ਅਣਗਿਣਤ ਸੰਸਥਾਵਾਂ ਦਾ ਤਾਣਾ ਬਾਣਾ ਕੌਮੀ ਦੂਰ ਅੰਦੇਸ਼ੀ ਤੋਂ ਦਿਸ਼ਾ ਹੀਣ ਹੋਣ ਕਰਕੇ ਅੰਦਰੂਨੀ ਤੇ ਬਾਹਰੀ ਤੌਰ `ਤੇ ਆਪਸ ਵਿੱਚ ਭਿੜਦਾ ਦੇਖਿਆ ਜਾ ਸਕਦਾ ਹੇ।
ਪਿੱਛਲੇ ਕੁੱਝ ਸਮੇਂ ਤੋਂ ਕੁੱਝ ਡੇਰਿਆਂ ਵਲੋਂ ਆਪਣੇ ਆਪ ਨੂੰ ਪੰਥਕ ਸਾਬਤ ਕਰਨ ਲਈ ਸਿੱਖਾਂ ਦੇ ਧਾਰਮਿਕ ਆਗੂਆਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਸਾਡਾ ਮਤ ਹੈ ਕਿ ਜੇ ਸਾਡੇ ਧਾਰਮਿਕ ਤੇ ਰਾਜਨੀਤਿਕ ਲੀਡਰ ਚਾਹੁੰਣ ਤਾਂ ਇਹ ਦਰਿਆਵਾਂ ਦੇ ਮੂੰਹ ਮੋੜ ਸਕਦੇ ਹਨ। ਇਹ ਆਗੂ ਇਹਨਾਂ ਡੇਰਿਆਂ ਵਿਚੋਂ ਮਨਮਤ ਦੂਰ ਕਰਵਾ ਸਕਦੇ ਹਨ।
ਨਾਨਕਸਰ ਵਾਲਿਆਂ ਨੇ ਸਿੱਖਾਂ ਵਿੱਚ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਆਪਣਿਆਂ ਡੇਰਿਆਂ ਵਿੱਚ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਜਦ ਕਿ ਗੁਰੂ ਗਰੰਥ ਸਾਹਿਬ ਜੀ ਦੀ ਇੱਕ ਵੀ ਗੱਲ ਮੰਨਣ ਲਈ ਤਿਆਰ ਨਹੀਂ ਹਨ ਤੇ ਨਾ ਹੀ ਗੁਰੂ ਸਾਹਿਬ ਦਾ ਉਪਦੇਸ਼ ਸਮਝਣ ਲਈ ਤਿਆਰ ਹਨ। ਇਤਿਹਾਸ ਨੂੰ ਉਲਟਾ ਗੇੜਾ ਦੇ ਰਹੇ ਹਨ। ਕਰਨੀ ਇਹਨਾਂ ਨੇ ਆਪਣੀ ਮਰਜ਼ੀ ਹੈ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਇਹਨਾਂ ਨੇ ਮਾਨਤਾ ਲਈ ਹੋਈ ਹੈ ਕਿ ਅਸੀਂ ਸਿੱਖੀ ਨੂੰ ਮੰਨਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਮੂਰਤੀ ਪੂਜਾ ਦਾ ਖੰਡਣ ਕਰਦਾ ਹੈ ਤੇ ਮੂਰਤੀ ਨੂੰ ਭੋਗ ਆਦਿ ਲਗਾੳਣ ਨੂੰ ਰੱਦ ਕਰਦਾ ਹੈ। ਇਹ ਭਾਊ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਭੋਗ ਲਗਾ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਬਸਤਰ ਵੀ ਬੰਦ ਕਮਰੇ ਵਿੱਚ ਬਦਲਦੇ ਹਨ ਅਖੇ ਕੋਈ ਹੋਰ ਨਗੇਜ ਨਾ ਦੇਖ ਲਏ।
ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਹੁਣ ਨਵੀਂ ਘੜੁਤ ਛੱਡਦਿਆਂ ਮਰਿਆਂ ਸਾਧਾਂ ਦੀਆਂ ਫੋਟੋਆਂ ਨੂੰ ਟਰਾਲੀਆਂ ਵਿੱਚ ਲੱਦ ਕੇ ਨਗਰ ਕੀਰਤਨ ਕੱਢ ਰਹੇ ਹਨ। ਜਨੀ ਕਿ ਇੱਕ ਵਾਰ ਮਾਨਤਾ ਮਿਲ ਗਈ ਕਰਨੀ ਤਾਂ ਹੁਣ ਆਪਣੀ ਮਰਜ਼ੀ ਹੀ ਹੈ।
ਅਸੀਂ ਇਸ ਮਤ ਦੇ ਧਾਰਨੀ ਹਾਂ ਕਿ ਮਨੁੱਖਤਾ ਦੇ ਤਲ਼ `ਤੇ ਸਾਡਾ ਇਹਨਾਂ ਨਾਲ ਕੋਈ ਵੈਰ-ਵਿਰੋਧ ਨਹੀਂ ਹੈ। ਮਨੁੱਖੀ ਤਲ਼ `ਤੇ ਸਾਡੀ ਆਪਸ ਵਿੱਚ ਭਾਈਚਾਰਕ ਸਾਂਝ ਹੈ, ਮਨੁੱਖਤਾ ਦੇ ਤਲ਼ `ਤੇ ਅਸੀਂ ਸਭ ਦਾ ਸਤਕਾਰ ਕਰਦੇ ਹਾਂ। ਸਾਡਾ ਵਿਰੋਧ ਇਸ ਲਈ ਹੈ ਕਿ ਇਹ ਗੁਰਬਾਣੀ ਦਾ ਓਟ ਆਸਰਾ ਲੈ ਕੇ ਮਨਮਤ ਦਾ ਪਰਚਾਰ ਕਰ ਰਹੇ ਹਨ। ਜਿਨ੍ਹਾਂ ਕਰਮ-ਕਾਂਡਾਂ ਵਿਚੋਂ ਸਾਨੂੰ ਗੁਰਬਾਣੀ ਬਾਹਰ ਕੱਢਦੀ ਹੈ ਇਹ ਡੇਰੇ ਸਾਨੂੰ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਮੁੜ ਉਹਨਾਂ ਕਰਮ ਕਾਂਡਾਂ ਵਿੱਚ ਘਸੋੜ ਰਹੇ ਹਨ।




.