.

ਕਰੁਣਾ (ਭਾਗ 2)


ਜਦੋਂ ਆਪਣੇ ਆਪ ’ਚ ਸਹੀ ਮਾਇਨੇ ਵਿਚ ਧਾਰਮਿਕਤਾ ਜਿਊਂਦੇ ਹਾਂ ਤਾਂ ਆਪਣੇ ਅਧੂਰੇਪਨ ਦੀ ਨਿਸ਼ਾਨੀ ਪਤਾ ਲਗਦੀ ਹੈ। ਅਧੂਰੇਪਨ ’ਚੋਂ ਬਾਹਰ ਨਿਕਲਨ ਦਾ ਇੱਕੋ ਇੱਕ ਤਰੀਕਾ ਹੈ ਕਿ ਹੋਰਨਾਂ ਦੇ ਧਰਮੀ ਬਣਨ ਲਈ ਵੱਧ ਤੋਂ ਵੱਧ ਉਪਰਾਲਾ ਕਰੀਏ। ਭਾਵ ਇਹੋ ਹੈ ਕਿ ਜਿਵੇਂ ਧਰਮ ਪਹਿਲੋਂ ਆਪਣੇ ਆਪ ’ਚ ਜਿਊਣਾ ਲਾਜ਼ਮੀ ਹੈ ਪਰ ਧਰਮ ਦੀ ਵਿਚਾਰ ਨੂੰ ਦੂਜਿਆਂ ਦੇ ਹਿਰਦਿਆਂ ਤਕ ਪਹੁੰਚਾਉਣ ਤੋਂ ਵਾਂਝੇ ਅਸੀਂ ਖੁਦਗਰਜ਼ੀ ਅਤੇ ਹਉਮੈ ਤਕ ਹੀ ਰੁਕ ਜਾਂਦੇ ਹਾਂ।

ਜਿਵੇਂ ਕਿ ਅਸੀਂ ਰੋਜ਼ੀ ਰੋਟੀ ਲਈ ਧਨ ਕਮਾਉਂਦੇ ਹਾਂ ਪਰ ਕੇਵਲ ਆਪਣੇ ਤਕ ਮਹਿਦੂਦ ਰਹਿ ਜਾਈਏ ਤਾਂ ਅਧੂਰੇਪਨ ਦੇ ਸ਼ਿਕਾਰ ਹੋ ਜਾਂਦੇ ਹਾਂ। ਸਾਡੇ ਚਾਰੋਂ ਪਾਸੇ ਜੇਕਰ ਲੋਕੀ ਬੁਨਿਆਦੀ ਲੋੜਾਂ ਨੂੰ ਤਰਸਦੇ ਰਹਿਣ ਤਾਂ ਸਾਡੀ ਅਮੀਰੀ ਸਾਨੂੰ ਅਧੂਰੇਪਨ ਦਾ ਰੋਗੀ ਕਰ ਦੇਂਦੀ ਹੈ ਅਤੇ ਲੋੜਵੰਦਾਂ ਦੀ ਬਾਂਹ ਫੜਨ ਦਾ ਜਜ਼ਬਾ ਜੇ ਸਾਡੇ ਅੰਦਰ ਪੈਦਾ ਨਹੀਂ ਹੁੰਦਾ ਤਾਂ ਅਸੀਂ ਆਪਣੀ ਪ੍ਰਾਪਤ ਕੀਤੀ ਅਮੀਰੀ ਦਾ ਲਾਹਾ ਨਹੀਂ ਲੈ ਸਕਦੇ।

ਜੇ ਕਰ ਅਸੀਂ ਸਿਹਤਮੰਦ ਹਾਂ ਜਾਂ ਸਿਹਤਮੰਦ ਖਾਂਦੇ ਪੀਂਦੇ ਹੰਢਾਉਂਦੇ ਸੁੱਖ ਮਾਣਦੇ ਹਾਂ ਅਤੇ ਸਾਡੇ ਆਲੇ-ਦੁਆਲੇ ਬੀਮਾਰ ਲੋਕਾਂ ਦੀ ਭਰਮਾਰ ਹੋਵੇ ਤਾਂ ਸਾਡੀ ਤੰਦਰੁਸਤੀ ਅਧੂਰੇਪਨ ਦੀ ਸ਼ਿਕਾਰ ਹੋ ਹੀ ਜਾਂਦੀ ਹੈ। ਉਨ੍ਹਾਂ ਦੀ ਬੀਮਾਰੀ ਸਾਡੇ ਤਕ ਪਹੁੰਚ ਜਾਂਦੀ ਹੈ ਅਤੇ ਸਾਡਾ ਬੀਮਾਰ ਹੋਣਾ ਲਾਜ਼ਮੀ ਹੋ ਹੀ ਜਾਂਦਾ ਹੈ ਭਾਵੇਂ ਉਹ ਮਾਨਸਿਕ ਹੀ ਹੋਵੇ। ਇਸਦਾ ਮਤਲਬ ਆਪਣੀ ਸਿਹਤ ਚੰਗੀ ਰੱਖਣਾ ਕੀਮਤੀ ਹੈ ਪਰ ਆਸਪਾਸ ਦੀ ਦੁਨੀਆ ਦੀ ਸਿਹਤ ਬਾਰੇ ਹਰੇਕ ਹੀਲਾ ਵਸੀਲਾ ਕਰਨਾ ਸਾਡੀ ਸਿਹਤ ਨੂੰ ਬਰਕਰਾਰ ਰੱਖ ਕੇ ਸੁਖ ਲੈਣ ਦਾ ਸਹੀ ਰਸਤਾ ਹੈ।

ਸਿੱਟਾ ਇਹੋ ਨਿਕਲਿਆ ਕਿ ਧਨ, ਪੈਸਾ, ਸੁੱਖ, ਸਿਹਤ ਆਪਣੇ ਲਈ ਜ਼ਰੂਰੀ ਹੈ ਪਰ ਅਧੂਰਾ ਹੈ ਜੇ ਕਰ ਇਹ ਸਭ ਕੁਝ ਅਸੀਂ ਆਪਣੀ ਆਸ ਪਾਸ ਦੀ ਦੁਨੀਆ ਲਈ ਮੁਹਈਆ ਨਹੀਂ ਕਰਾਉਂਦੇ।

ਇਹ ਸਭ ਕੁਝ ਕਿਵੇਂ ਕੀਤਾ ਜਾਵੇ, ਇਸ ਲਈ ਸਾਡੇ ਮਨ ਅੰਦਰ ਪਹਿਲਾਂ ਆਪਣੇ ਆਪ ’ਤੇ ਕਰੁਣਾ, ਦਇਆ, ਸੰਤੋਖ ਅਤੇ ਵੰਡ ਛਕਣਾ ਲਾਜ਼ਮੀ ਹੈ। ਜਦੋਂ ਮਨ ਕੀ ਮਤ ਕਾਰਨ ਦੁਖੀ ਹੁੰਦੇ ਹਾਂ ਤਾਂ ਇਸ ਖੁਆਰੀ, ਦੁਖ ਨੂੰ ਮਹਿਸੂਸ ਕਰਨ ਨਾਲ ਆਪਣੇ ਆਪ ’ਤੇ ਕਰੁਣਾ ਦਇਆ ਕਰਨੀ ਪਵੇਗੀ। ਜੋ ਮਨੁੱਖ ਆਪਣੇ ਵਿਕਾਰਾਂ ਤੋਂ ਖ਼ੁਆਰੀ ਦੇ ਦੁਖ ਨੂੰ ਪਛਾਣ ਲੈਂਦਾ ਹੈ ਉਹ ਆਪਣੇ ’ਤੇ ਕਰੁਣਾ ਅਤੇ ਦਇਆ ਕਰਦਾ ਹੈ ਤਾਕਿ ਵਿਕਾਰਾਂ ਤੋਂ ਹੋਰ ਦੁਖ ਦਰਦ ਨਾ ਉਠਾਉਣਾ ਪਵੇ। ਉਹ ਆਪਣੇ ਅੰਗਾਂ ਨੂੰ ਪਰਾਇਆ ਸਮਝੇ ਬਿਨਾ ਸਤਿਗੁਰ ਦੀ ਮਤ ਰਾਹੀਂ ਸੰਤੋਖ ਕਰਨ ਵਲ ਵੱਧਦਾ ਹੈ, ਅੰਗਾਂ ਨੂੰ ਤ੍ਰਿਸ਼ਨਾ ਵੱਸ ਅਨਕਾਏ (ਘਾਟੇ ਦੇ) ਕੰਮਾਂ ’ਚ ਜ਼ਾਇਆ ਨਹੀਂ ਕਰਦਾ। ਉਸਨੂੰ ਅੱਖਾਂ, ਨੱਕ, ਕੰਨਾਂ, ਇੰਦਰੀਆਂ ਦੀ ਤ੍ਰਿਸ਼ਨਾ ਬਦਲੇ ਸੰਤੋਖ ਆ ਜਾਂਦਾ ਹੈ। ਮਨ ਵਲੋਂ ਨਿਜਘਰ ਵਾਲੇ ਰੱਬ ਦਾ ਖਜ਼ਾਨਾ ਲੈਕੇ ਸਾਰੇ ਇੰਦ੍ਰੀਆਂ, ਰੋਮ-ਰੋਮ ਨੂੰ ਜਦੋਂ ਵੰਡਦਾ ਹੈ ਤਾਂ ਵੰਡ ਛਕਣਾ ਪਹਿਲੋਂ ਆਪਣੇ ਤੇ ਵਾਪਰਦਾ ਹੈ ਨਤੀਜਤਨ ਆਤਮਕ ਚੈਨ ਮਿਲਦਾ ਹੈ। ਇਹੋ ਭਗਤ ਅਵਸਥਾ ਜਾਂ ਧਾਰਮਿਕਤਾ ਹੁੰਦੀ ਹੈ।

ਐਸਾ ਮਨੁੱਖ ਸਹੀ ਮਾਇਨੇ ’ਚ ਹੋਰਨਾਂ ’ਤੇ ਗੁੱਸਾ, ਸਜ਼ਾ, ਧੋਖ਼ਾ, ਧੱਕਾ, ਕਰਨ ਬਦਲੇ ਕਰੁਣਾ ਅਤੇ ਦਇਆ ਕਰਦਾ ਹੈ। ਦੁਨਿਆਵੀ ਧਨ ਪਦਾਰਥ ਵਲੋਂ ਸੰਤੋਖੀ ਹੋ ਜਾਂਦਾ ਹੈ ਪਰ ਸਾਂਝੀਵਾਲਤਾ ਲਈ ਹੋਰਨਾਂ ਵਾਸਤੇ ਵੰਡ ਛੱਕਣਾ ਸ਼ੁਰੂ ਕਰ ਦਿੰਦਾ ਹੈ। ਉਸਨੂੰ ਆਪਣੇ ਸਰੀਰ ’ਚੋਂ ਨਿਸ਼ਕਾਮ ਖੁਸ਼ਬੂ ਦਾ ਸੁਨੇਹਾ ਮਿਲਦਾ ਹੈ ਕਿ ਕਿਵੇਂ ਹੱਥ-ਮੂੰਹ ਨੂੰ ਖੁਆਂਦੇ ਹਨ, ਪੈਰ ਤਨ ਨੂੰ ਸਭ ਜਗ੍ਹਾ ਲਿਜਾਂਦੇ ਹਨ, ਅੱਖਾਂ ਤਨ ਨੂੰ ਵਿਖਾਉਂਦੀਆਂ ਹਨ, ਕੰਨ ਹਿਰਦੇ ਨੂੰ ਸੁਣਾਉਂਦੇ ਹਨ, ਦੰਦ ਤਨ ਵਾਸਤੇ ਚਬਾਉਂਦੇ ਹਨ, ਜੀਭ ਖਾਣ ਦੇ ਸਵਾਦ ਰਾਹੀਂ ਤਨ ਨੂੰ ਰਸ ਦੇਂਦੀ ਹੈ ਆਦਿ। ਸਰੀਰ ’ਤੇ ਵਾਪਰਦੇ ਇਸ ‘ਵੰਡ ਛਕਣਾ’ ਦੇ ਧਰਮ ਨੂੰ ਜੋ ਮਹਿਸੂਸ ਕਰਦਾ ਹੈ ਉਹ ਮਨੁੱਖ ਹੋਰਨਾ ਵਾਸਤੇ, ਸਾਰੀ ਦੁਨੀਆ ਦੇ ਭਲੇ ਲਈ ਸੁੱਖ ਸਹੂਲਤਾਂ, ਧਨ ਪਦਾਰਥ ਅਤੇ ਸੱਚ ਦਾ ਗਿਆਨ ਵੰਡ ਛੱਕਦਾ ਹੈ। ਦਰਅਸਲ ਵੰਡ ਛੱਕੇ ਬਿਨਾ ਰਹਿ ਨਹੀਂ ਸਕਦਾ।

ਨਿਸ਼ਕਾਮ ਹੋ ਕੇ ਸਾਂਝੀਵਾਲਤਾ ਦਾ ਗੁਣ ਜਿਊਣਾ ਆਪਣੇ ਆਪ ’ਚ ‘ਹਰਿ ਕੋ ਨਾਮੁ ਜਪਿ ਨਿਰਮਲ ਕਰਮੁ’ ਵਾਲਾ ਸ੍ਰੇਸ਼ਟ ਧਰਮ ਹੈ - ਇਨਸਾਨੀਅਤ ਦਾ ਧਰਮ ਹੈ। ਸਾਂਝੀਵਾਲਤਾ, ਵੰਡ ਛਕਣਾ ਸਹੀ ਮਾਇਨੇ ’ਚ ਆ ਜਾਵੇ ਤਾਂ ਅਸੀਂ ਕੇਵਲ ਆਪਣੇ ਤਨ, ਪਰਿਵਾਰ, ਕੌਮ, ਦੇਸ਼ ਤਕ ਮਹਿਦੂਦ ਨਹੀਂ ਰਹਾਂਗੇ ਬਲਕਿ ਸਾਰੀ ਦੁਨੀਆ ਲਈ ਸਾਂਝੀਵਾਲਤਾ ਵੰਡ ਛਕਣਾ ਜਿਊ ਸਕਾਂਗੇ।

ਜੇ ਸਾਂਝੀਵਾਲਤਾ ਵੰਡ ਛੱਕਣਾ ਜੀਵੀਏ ਤਾਂ ਤੇਰਾ-ਮੇਰਾ ਬਿਗਾਨਾਪਨ ਮੁਕਦਾ ਹੈ। ਫਿਰ ਪ੍ਰਾਪਰਟੀ ਆਪਣੇ ਪੁੱਤਰ ਦੇ ਨਾਮ ਕਰਾਉਣ, ਧੀਆਂ ਨੂੰ ਭਰੂਣ ’ਚ ਮਾਰਨ ਅਤੇ ਪੁੱਤਰ ਰਾਹੀਂ ਵੰਸ਼ ਚਲਾਉਣ ਵਾਲਾ ਸਾਰਾ ਰੋਗ ਮੁੱਕ ਜਾਂਦਾ ਹੈ।
ਕਰੁਣਾ ਦਇਆ ਭਰੇ ਹਿਰਦੇ ’ਚ ਹੀ ਇਹ ਦਰਦ ਪੈਦਾ ਹੁੰਦਾ ਹੈ ਕਿ ਤੇਰਾ ਦੁਖ ਮੇਰਾ ਦੁਖ ਹੈ, ਤੇਰੀ ਮਾਂ ਮੇਰੀ ਮਾਂ ਹੈ ਤਾਂ ਤੇਰੀ ਮਾਂ ਦੀ ਤਕਲੀਫ ਵੀ ਮਾਨੋ ਮੇਰੀ ਮਾਂ ਦੀ ਹੀ ਹੈ। ਇਸ ਤਰ੍ਹਾਂ ਹਰੇਕ ਦੁਖ ਵੰਡਿਆ ਜਾਂਦਾ ਹੈ ਅਤੇ ਛੋਟੇ ਤੋਂ ਛੋਟਾ ਹੋ ਕੇ ਮੁੱਕ ਜਾਂਦਾ ਹੈ। ਪਰ ਸਾਡੀ ਸਾਂਝੀਵਾਲਤਾ (ਵੰਡ-ਛਕਣਾ) ਦੀ ਬਿਰਤੀ ਨਾ ਹੋਣ ਕਾਰਨ ਸਾਡੇ ਦੁਖ ਵੱਡੇ-ਵੱਡੇ ਹੁੰਦੇ ਜਾ ਰਹੇ ਹਨ। ਆਪਣਾ ਦੁਖ ਵੱਡਾ ਲਗਦਾ ਹੈ ਅਤੇ ਦੂਜੇ ਦਾ ਨਿੱਕਾ। ਤਰਸ ਦਇਆ ਆਪਣੇ ’ਤੇ ਕਰਦੇ ਹਾਂ ਅਤੇ ਸੰਤੋਖ ਦੂਜਿਆਂ ਨੂੰ ਪੜ੍ਹਾਂਦੇ ਹਾਂ। ਜਦਕਿ ਧਰਮ ਸਿਖਾਉਂਦਾ ਹੈ। ਸੰਤੋਖ ਆਪਣੇ ਉੱਤੇ ਕਰਕੇ ਕਰੁਣਾ ਹੋਰਨਾ ਉੱਤੇ ਕਰਨੀ ਹੈ। ਵੰਡ ਛੱਕਣਾ ਹੀ ਸਾਨੂੰ ਇਸ ਰੋਗ ਤੋਂ ਕੱਢ ਕੇ ਅਸਲੀ ਧਰਮੀ ਜੀਵਨ ਦੀ ਸ਼ੁਰੂਆਤ ਕਰਾਉਂਦਾ ਹੈ। ਸਿੱਟੇ ਵਜੋਂ ਅਸੀਂ ਆਪਣੇ ਆਪ ਉੱਤੇ ਕਰੁਣਾ ਦਇਆ ਸੰਤੋਖ ਅਤੇ ਵੰਡ ਛਕਣਾ ਵਾਪਰਦਾ ਮਹਿਸੂਸ ਕਰਦੇ ਹਾਂ ਅਤੇ ਐਸਾ ਮਨੁੱਖ ਹੋਰਨਾਂ ਲਈ ਸਾਂਝੀਵਾਲਤਾ ਵਾਲਾ ਵੰਡ ਛੱਕਣਾ ਜਿਊਣ ਲਗ ਪੈਂਦਾ ਹੈ ਕਿਉਂਕਿ ਸੰਤੋਖੀ ਹੋ ਚੁੱਕਾ ਹੁੰਦਾ ਹੈ।
Once we learn and practice religion then we live for others i.e. Spirituality.

ਵੀਰ ਭੁਪਿੰਦਰ ਸਿੰਘ




.