ਚਮਰਟਾ ਗਾਂਠਿ ਨ ਜਨਹੀ।।
ਲੋਗੁ ਗਠਾਵੈ ਪਨਹੀ।। ੧।। ਰਹਾਉ।।
ਆਰ ਨਹੀ ਜਿਹ ਤੋਪਉ।।
ਨਹੀ ਰਾਂਬੀ ਠਾਉ ਰੋਪਉ।। ੧।।
ਲੋਗੁ ਗੰਠਿ ਗੰਠਿ ਖਰਾ ਬਿਗੂਤਾ।।
ਹਉ ਬਿਨੁ ਗਾਠੇ ਜਾਇ ਪਹੂਚਾ।। ੨।।
ਰਵਿਦਾਸੁ ਜਪੈ ਰਾਮ ਨਾਮਾ।।
ਮੋਹਿ ਜਮ ਸਿਉ ਨਾਹੀ ਕਾਮਾ।। ੩।। ੭।।
(ਗੁਰੂ ਗ੍ਰੰਥ ਸਾਹਿਬ ਪੰਨਾ ਨੰ: 659)
ਗੁਰਬਾਣੀ ਦਾ ਹਰ ਸ਼ਬਦ ਮਨੁੱਖੀ ਜੀਵਨ ਲਈ ਅੰਮ੍ਰਿਤ ਹੈ ਭਾਵ ਆਤਮਿਕ ਜੀਵਨ
(ਇੱਕ ਅਦਰਸ਼ਵਾਦੀ ਜੀਵਨ) ਪ੍ਰਦਾਨ ਕਰਨ ਵਾਲਾ ਹੈ। ਉਕਤ ਸ਼ਬਦ ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੈ।
ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਭਗਤ ਰਵੀਦਾਸ ਦਾ ਕਿੱਤਾ ਜੁੱਤੀਆਂ ਗੰਢਣਾ ਸੀ। ਇਸ ਕਿਰਤ ਰਾਹੀਂ
ਉਹ ਆਪਣੀ ਉਪਜੀਵਕਾ ਚਲਾਉਂਦੇ ਸਨ ਅਤੇ ਦਸਾਂ ਨੂੰਹਾਂ ਦੀ ਕਿਰਤ ਦੁਆਰਾ ਆਪਣਾ ਅਤੇ ਆਪਣੇ ਪਰਿਵਾਰ ਦਾ
ਗੁਜ਼ਾਰਾ ਕਰਦੇ ਸਨ। ਸੱਚੀ ਸੁੱਚੀ ਕਿਰਤ ਕਰਨਾ ਬਾਬੇ ਨਾਨਕ ਦਾ ਪਹਿਲਾ ਸਿਧਾਂਤ ਹੈ ਜਿਸ ਨੂੰ ਅਸੀਂ
ਕਿਰਤ ਕਰੋ ਨਾਲ ਜਾਣਦੇ ਹਾਂ। ਇਸ ਸ਼ਬਦ ਰਾਹੀਂ ਜੋ ਮਨੁੱਖ ਮਾਤਰ ਨੂੰ ਸਿੱਖਿਆ ਮਿਲਦੀ ਹੈ
ਤੁੱਛ ਬੁੱਧੀ ਅਨੁਸਾਰ ਵਿਚਾਰ ਕਰਨ ਦਾ ਨਿਮਾਣਾ ਜਿਹਾ ਯਤਨ ਕੀਤਾ ਗਿਆ ਹੈ।
ਗੁਰਮਤਿ ਅਨੁਸਾਰ ਸ਼ਬਦ ਦਾ ਮੂਲ ਭਾਵ ਰਹਾਉ ਵਾਲੀ ਪੰਕਤੀ ਵਿੱਚ ਹੁੰਦਾ ਹੈ।
ਇਸ ਸ਼ਬਦ ਦੀ ਰਹਾਉ ਵਾਲੀ ਪੰਕਤੀ ਵਿੱਚ ਭਗਤ ਜੀ ਫੁਰਮਾਨ ਕਰਦੇ ਹਨ ਕਿ ਮੈਂ ਜੁੱਤੀ ਗੰਢਣ ਨਹੀਂ
ਜਾਣਦਾ ਪਰ ਲੋਗ ਜੁੱਤੀ ਗੰਢਾਉਂਦੇ ਹਨ। ਪਨਹੀ ਜੁੱਤੀ ਨੂੰ ਕਿਹਾ ਜਾਂਦਾ ਹੈ। ਜੁੱਤੀਆਂ ਗੰਢਣਾ ਭਗਤ
ਜੀ ਦਾ ਕਿੱਤਾ ਸੀ ਪਰ ਆਪ ਕਹਿ ਰਹੇ ਹਨ ਕਿ ਮੈਂ ਜੁੱਤੀ ਗੰਢਣਾ ਨਹੀਂ ਜਾਣਦਾ। ਜੁੱਤੀ ਕਿਸੇ ਨਾ
ਕਿਸੇ ਰੂਪ ਵਿੱਚ ਹਰ ਕਿਸੇ ਪਾਉਣੀ ਪੈਂਦੀ ਹੈ ਭਾਵੇ ਕੋਈ ਸਾਧ ਹੈ, ਚੋਰ ਹੈ, ਅਮੀਰ ਹੈ ਗਰੀਬ ਹੈ,
ਹਰ ਕੋਈ ਆਪਣੀ ਪਹੁੰਚ ਅਨੁਸਾਰ ਜੁੱਤੀ ਪਾਉਂਦਾ ਹੈ। ਇਸ ਲਈ ਜੁੱਤੀ ਗੰਢਣਾ ਕੋਈ ਹਲਕਾ ਕੰਮ ਨਹੀਂ।
ਹੱਕ ਸੱਚ ਦੀ ਕਮਾਈ ਕਰਨਾ ਇੱਕ ਨੇਕ ਇਨਸਾਨ ਦਾ ਕੰਮ ਹੈ। ਇਸ ਸ਼ਬਦ ਵਿੱਚ ਰਵਿਦਾਸ ਜੀ ਬੜੀ ਹੀ ਡੂੰਘੀ
ਗੱਲ ਕਹਿ ਰਹੇ ਹਨ। ਗੁਰਬਾਣੀ ਦਾ ਪਾਵਨ ਸ਼ਬਦ ਹੈ:
ਨੈਨਹੁ ਨੀਦ ਪਰ ਦ੍ਰਿਸਟਿ ਵਿਕਾਰਿ।।
ਸ੍ਰਵਣ ਸੋਏ ਸੁਣਿ ਨਿੰਦ ਵੀਚਾਰ।।
ਰਸਨਾ ਸੋਈ ਲੋਭਿ ਮੀਠੈਸਾਦਿ।।
ਮਨੁ ਸੋਇਆ ਮਾਇਆ ਬਿਸਮਾਦਿ।। ੧।।
ਇਸ ਗ੍ਰਹਿ ਮਹਿ ਕੋਈ ਜਾਗਤੁ ਰਹੈ।।
ਸਾਬਤੁ ਵਸਤੁ ਓਹੁ ਆਪਣੀ ਲਹੈ।। ੧।। ਰਹਾਉ।।
ਸਗਲ ਸਹੇਲੀ ਆਪਨੈ ਰਸ ਮਾਤੀ।।
ਗ੍ਰਿਹ ਅਪੁਨੇ ਕੀ ਖਬਰਿ ਨ ਜਾਤੀ।।
ਮੁਸਨਹਾਰ ਪੰਚ ਬਟਵਾਰੇ।।
ਸੂਨੇ ਨਗਰਿ ਪਰੇ ਠਗਰਹਾਰੇ।। ੨।। (ਪੰਨਾ 182 ਗੁ. ਗ੍ਰੰਥ ਸਾਹਿਬ)
ਵੀਚਾਰ: ਮਨ ਕਰਕੇ ਕੋਈ ਵਿਰਲਾ ਮਨੁੱਖ ਹੀ ਜਾਗਦਾ ਹੈ ਭਾਵ ਸੁਚੇਤ ਰਹਿੰਦਾ
ਹੈ। ਜਿਵੇਂ ਕਬੀਰ ਜੀ ਕਹਿੰਦੇ ਹਨ ਕਿ ਸੰਤਾ ਮਾਨਹੁ ਦੁਤਾ ਡਾਨਹੁ ਇਹ ਕੁਟਵਾਰੀ ਮੇਰੀ।
ਸੰਤਾਂ ਦਾ ਭਾਵ ਕੋਈ ਗੋਲ ਪਗੜੀ, ਚਿੱਟੇ ਚੋਲੇ ਵਾਲਾ ਸੰਤ ਨਹੀਂ। ਗੁਰਬਾਣੀ ਤਾਂ ਗੁਰੂ ਵੀ ਉਸ ਸ਼ਬਦ
(ਗਿਆਨ) ਨੂੰ ਮੰਨਦੀ ਹੈ ਜਿਹੜਾ ਸੱਚ ਨਾਲ ਜੋੜਦਾ ਹੋਵੇ ਤਾਂ ਫਿਰ ਸੰਤ ਕਿਸੇ ਮਨੁੱਖ ਨੂੰ ਕਿਵੇਂ
ਮੰਨਿਆ ਜਾ ਸਕਦਾ ਹੈ। ਇਥੇ ਸੰਤ ਬਹੁ ਵਚਨ ਹੈ ਜਿਸ ਦਾ ਭਾਵ ਚੰਗੇ ਗੁਣ ਅਤੇ ਦੂਤਾ (ਬਹੁ ਵਚਨ) ਦਾ
ਭਾਵ ਭੈੜੇ ਵੀਚਾਰ। ਕਬੀਰ ਜੀ ਕਹਿੰਦੇ ਹਨ ਕਿ ਮੈਂ ਆਪਣੇ ਮਨ ਦੀ ਰਖਵਾਲੀ ਇਸ ਤਰ੍ਹਾਂ ਜਾਗ ਕੇ ਰਿਹਾ
ਹਾਂ ਕਿ ਰੱਬੀ ਗੁਣਾਂ ਨੂੰ ਆਪਣੇ ਮਨ ਵਿੱਚ ਸਤਿਕਾਰ ਦਿੰਦਾ ਹਾਂ ਭਾਵ ਥਾਂ ਦਿੰਦਾ ਹਾਂ ਤੇ ਭੈੜੇ
ਵੀਚਾਰਾਂ ਨੂੰ ਤ੍ਰਿਸਕਾਰਦਾ ਹਾਂ। ਇਸ ਤਰੀਕੇ ਨਾਲ ਮੈਂ ਆਪਣੇ ਮਨ ਦੀ ਜਾਗ ਕੇ ਕੁਟਵਾਰੀ (ਕੋਤਵਾਲੀ,
ਰਾਖੀ) ਕਰਦਾ ਹਾਂ। ਭਗਤ ਰਵੀਦਾਰ ਜੀ ਵੀ ਰਹਾਉ ਵਾਲੀ ਪੰਕਤੀ ਵਿੱਚ ਇਹ ਗੱਲ ਕਹਿ ਰਹੇ ਹਨ ਕਿ ਉਕਤ
ਦੱਸੀ ਵੀਚਾਰ ਅਨੁਸਾਰ ਕੋਈ ਵਿਰਲਾ ਹੀ ਜਾਗਦਾ ਹੈ ਨਹੀਂ ਤਾਂ ਸਾਰਾ ਸੰਸਾਰ ਹੀ ਸੁੱਤਾ ਹੋਇਆ ਹੈ।
ਕੋਈ ਵਿਰਲਾ ਮਨੁੱਖ ਹੈ ਜੋ ਪੂਰੀ ਤਰ੍ਹਾਂ (ਸਾਬਤ ਵਸਤ) ਸੱਚ ਨੂੰ ਸਮਰਪਣ ਹੁੰਦਾ ਹੈ ਅਤੇ ਪੂਰੀ
ਤਰ੍ਹਾਂ ਮਨੁੱਖਤਾ ਦੀ ਕਸਵੱਟੀ ਤੇ ਉਤਰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਗਿਆਨ ਇੱਕ ਪੂਰਨ
ਮਨੁੱਖ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਇਹੀ ਤਾਂ ਸਿਖਾਉਂਦੀ ਹੈ। ਰਹਾਉ।
ਅੱਖਾਂ ਸੁੱਤੀਆਂ ਹੋਈਆਂ ਹਨ ਜੋ ਪਰਾਏ ਤਨ ਅਤੇ ਧਨ ਨੂੰ ਲਾਲਚ ਵੱਸ ਵੇਖਦੀਆਂ
ਹਨ। ਇਹ ਖੁੱਲ੍ਹੀਆਂਤਾਂ ਹਨ ਪਰ ਮੈਲੀਆਂ (ਵਿਕਾਰੀ) ਹੋਣ ਕਰਕੇ ਗਲਤ ਵੇਖਦੀਆਂ ਹਨ। ਸੁੱਤੇ ਹੋਏ
ਮਨੁੱਖ ਨੂੰ ਕਿਸੇ ਵੀ ਤਰ੍ਹਾਂ ਜਗਾਇਆ ਜਾ ਸਕਦਾ ਹੈ ਪਰ ਇਹ ਮਨ ਗੁਰੂ ਦੀ ਅਵਾਜ਼ ਭਾਵ ਗੁਰੂ ਦੇ ਗਿਆਨ
ਤੋਂ ਬਿਨਾ ਨਹੀਂ ਜਾਗਦਾ। ਅੱਜ ਦੇ ਅਗਾਂਹਵਧੂ ਮਨੁੱਖ ਨੂੰ ਤਾਂ ਅੱਖਾਂ ਨਾਲ ਠੀਕ ਤਰ੍ਹਾਂ ਵੇਖਣਾ ਵੀ
ਨਹੀਂ ਆਉਂਦਾ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਗੁਰੂ ਮੰਨਣ ਵਾਲਿਆਂ ਨੇ ਇਹ ਗੱਲ ਕਿਵੇਂ
ਹਜ਼ਮ ਕਰ ਲਈ ਕਿ ਸਾਡੇ ਪਾਤਸ਼ਾਹਾਂ ਨੇ ਤਿੰਨ ਤਿੰਨ ਜਾਂ ਸੱਤ ਸੱਤ ਵਿਆਹ ਕਰਵਾਏ ਹੋਏ ਸੀ। ਇਸ ਸਾਡੇ
ਅਮੇੋਲਕ ਇਤਿਹਾਸ ਵਿੱਚ ਕਿਸ ਤਰ੍ਹਾਂ ਨਾਲ ਜ਼ਹਿਰ ਘੋਲਿਆ ਗਿਆ ਹੈ ਸਾਨੂੰ ਪਤਾ ਹੀ ਨਹੀਂ ਲੱਗਾ।
ਕੰਨ ਸੁੱਤੇ ਰਹਿੰਦੇ ਹਨ ਪਰਾਈ ਨਿੰਦਾ ਸੁਣ ਕੇ। ਮਨੁੱਖ ਵਿੱਚ ਬਹੁਤ ਵੱਡੀ
ਕਮਜ਼ੋਰੀ ਹੈ ਕਿ ਜਿਹੜਾ ਮਨੁੱਖ ਇਸ ਨੂੰ ਚੰਗਾ ਨਹੀਂ ਲੱਗਦਾ ਉਸ ਦੀ ਬੁਰਾਈ ਕੀਤੀ ਜਾਵੇ ਅਤੇ ਇਸ ਨੂੰ
ਉਹ ਚੰਗਾ ਲੱਗਦਾ ਹੈ ਜਿਹੜਾ ਇਸ ਦੀ ਵਡਿਆਈ ਕਰੇ ਭਾਵੇਂ ਝੂਠੀ ਹੀ ਕਿਉਂ ਨਾ ਹੋਵੇ। ਜਿਹੜਾ ਇਸ ਨੂੰ
ਪਸੰਦ ਨਹੀਂ ਉਸ ਦੀ ਚੰਗੀ ਗੱਲ ਵੀ ਬੁਰੀ ਲੱਗਦੀ ਹੈ ਅਤੇ ਜਿਹੜਾ ਪਸੰਦ ਹੈ ਉਸ ਦੀ ਬੁਰੀ ਗੱਲ ਵੀ
ਚੰਗੀ ਲੱਗਦੀ ਹੈ। ਕਿਸੇ ਗੱਲ ਨੂੰ ਘਟਾ ਕੇ ਕਰਨਾ ਨਿੰਦਾ ਹੈ ਅਤੇ ਕਿਸੇ ਗੱਲ ਨੂੰ ਵਧਾ ਕੇ ਕਰਨਾ
ਉਸਤਤ ਹੈ। ਗੁਰਬਾਣੀ ਅਨੁਸਾਰ ਉਸਤਤਿ ਨਿੰਦਾ ਦੋਊ ਤਿਆਗੈਵਾਲਾ ਜੀਵਨ ਬਣਾਉਣਾ ਹੈ। ਗੁਰਮਤਿ
ਅਨੁਸਾਰ ਕੇਵਲ ਜਿੰਨਾ ਸੱਚ ਹੈ ਉਨਾ ਹੀ ਕਹਿਣਾ ਹੈ।
ਰਸਨਾ ਸੁੱਤੀ ਰਹਿੰਦੀ ਹੈ ਕਿ ਇਸ ਨੂੰ ਚਸਕਾ ਖਾਣ ਦਾ ਹੈ ਅਤੇ ਚਸਕਾ ਬੋਲਣ
ਦਾ ਹੈ। ਖਾਣਾ ਉਹ ਹੀ ਚੰਗਾ ਹੈ ਜਿਹੜਾ ਸਾਡੇ ਤਨ ਦੇ ਅਨੁਕੂਲ ਹੋਵੇ ਅਤੇ ਲਿਖਣਾ ਅਤੇ ਬੋਲ ਉਹ ਹੀ
ਠੀਕ ਹੈ ਜਿਹੜਾ ਮਨੁੱਖ ਨੂੰ ਮਨੁੱਖ ਨਾਲ ਜੋੜਦਾ ਹੋਵੇਨਾ ਕਿ ਉਹ ਲਿਖਣਾ ਜਾਂ ਬੋਲਣਾ ਜਿਹੜਾ ਊਚ ਨੀਚ
ਅਮੀਰ ਗਰੀਬ ਦੇ ਆਧਾਰ ਤੇ ਮਨੁੱਖ ਨੂੰ ਮਨੁੱਖ ਤੋਂ ਤੋੜਦਾ ਹੋਵੇ। ਮਨੁੱਖ ਦੇ ਤਨ ਵਿੱਚ ਬਹੁਤ ਸਾਰੇ
ਰੋਗ ਮਨੁੱਖ ਦੀ ਆਪਣੀ ਹੀ ਬੇਸਮਝੀ ਕਰਕੇ ਪੈਦਾ ਹੋ ਜਾਂਦੇ ਹਨ। ਇਹ ਲੋਭ ਵੱਸ ਖਾਂਦਾ ਹੈ। ਰਸਨਾ ਦਾ
ਕੰਮ ਰਸ ਦੱਸਣਾ ਹੈ ਇਹ ਨਹੀਂ ਦੱਸਦੀ ਕਿ ਕੀ ਖਾਣਾ ਸ਼ਰੀਰ ਦੇ ਅਨੁਕੂਲ ਹੈ ਅਤੇ ਕੀ ਖਾਣਾ ਅਨੁਕੂਲ
ਨਹੀਂ ਹੈ। ਇਸ ਤਰ੍ਹਾਂ ਹੀ ਰਸਨਾ ਦਾ ਕੰਮ ਬੋਲਣਾ ਹੈ ਇਹ ਦੱਸਣਾ ਨਹੀਂ ਕਿ ਕਿਸ ਬੋਲਣ ਨਾਲ ਕੀ
ਹੋਵੇਗਾ। ਇਸ ਲਈ ਮਨ ਵਿੱਚ ਮਾਇਆ (ਵਿਕਾਰਾਂ) ਦੇ ਸੁਆਦ (ਰਸਾਂ) ਵਿੱਚ ਸੁੱਤਾ ਰਹਿਦਾ ਹੈ। ਭਾਵ ਇਸ
ਨੂੰ ਭੈੜੇ ਵਿਚਾਰ ਹੀ ਚੰਗੇ ਲੱਗਦੇ ਹਨ। ਇਨ੍ਹਾਂ ਵਿੱਚ ਹੀ ਮਸਤ ਰਹਿੰਦਾ ਹੈ। (੧)।
ਇਸ ਤਰ੍ਹਾਂ ਉਕਤ ਵਿਚਾਰ ਅਨੁਸਾਰ ਸਾਰੇ ਹੀ ਕਰਮ ਅਤੇ ਗਿਆਨ ਇੰਦ੍ਰੇ ਆਪਣੇ
ਆਪਣੇ ਵਿਕਾਰੀ ਰਸਾਂ ਵਿੱਚ ਮਸਤ ਰਹਿੰਦੇ ਹਨ। ਗੁਰੂ ਦੇ ਗਿਆਨ ਦੀ ਅਣਹੋਂਦ ਹੋਣ ਕਰਕੇ ਇਨ੍ਹਾਂ ਕਰਮ
ਅਤੇ ਗਿਆਨ ਇੰਦਰਿਆਂ ਨੇ ਸਹੀ ਤਰ੍ਹਾਂ ਕਰਮ ਕਰਨ ਦੀ ਜਾਂਚ ਨਹੀਂ ਜਾਣੀ, ਇਨ੍ਹਾਂ ਨੇ ਨਾ ਤਾਂ ਸਹੀ
ਬੋਲਣਾ ਸਿੱਖਿਆ, ਨਾ ਸਹੀ ਸੁਣਨਾ ਸਿੱਖਿਆ, ਨਾ ਹੀ ਦੇਖਣਾ ਸਿੱਖਿਆ ਆਦਿ ਗ੍ਰਿਹ ਅਪੁਨੇ ਕੀ ਖਬਰਿ
ਨ ਜਾਤੀ, ਭਾਵ ਮਨੁੱਖੀ ਕਰਮ ਅਤੇ ਗਿਆਨ ਇੰਦਰਿਆਂ ਨੇ ਅਸਲ ਅਨੰਦ (ਵਿਕਾਰਾਂ ਤੋਂ ਰਹਿਤ) ਦਾ ਰਸ
ਨਹੀਂ ਮਾਣਿਆ। ਮਨੂੱਖ ਨੂੰ ਗੁਰੂ ਦੇ ਗਿਆਨ ਦੀ ਸਮਝ ਨਾ ਹੋਣ ਕਰਕੇ ਇਸ ਦੇ ਕਰਮ ਤੇ ਗਿਆਨ ਇੰਦ੍ਰੇ
(ਉਦਾਹਰਣ: ਅੱਖਾ ਦਿਖਾਈ ਦਿੰਦੀਆਂ ਹਨ ਇਹ ਕਰਮ ਇੰਦ੍ਰਾ ਹੈ ਅਤੇ ਦੇਖਣਾ ਗਿਆਨ ਇੰਦ੍ਰਾ ਹੈ। ਕਰਮ
ਅਤੇ ਗਿਆਨ ਇੰਦ੍ਰੇ (ਮਨੁੱਖੀ ਨਗਰ) ਨੂੰ ਸਹੀ ਜੀਵਨ ਜਾਂਚ ਨਾ ਹੋਣ ਕਰਕੇ ਇਹ ਪੰਜ ਠੱਗਾਂ ਹੱਥੋਂ
ਠੱਗੇ ਜਾਂਦੇ ਹਨ ਭਾਵ ਇਹ ਠੱਗ ਇਨ੍ਹਾਂ ਇੰਦਰਿਆਂ ਨੂੰ ਆਪਣੇ ਵੱਸ ਵਿੱਚ ਕਰ ਲੈਂਦੇ ਹਨ। ਰੱਬੀ
ਗੁਣਾਂ ਤੋਂ ਸੱਖਣਾ ਮਨੁੱਖ ਸੂੰਨੇ ਨਗਰ ਦਾ ਵਾਸੀ ਤਾ ਹੈ। ਜੇਕਰ ਮਨੁੱਖ ਕ੍ਰੋਧੀ, ਲੋਭੀ, ਹੰਕਾਰੀ
ਆਦਿ ਹੈ ਤਾਂ ਇਹ ਸੂੰਨੇ ਨਗਰ ਦੀ ਨਿਸ਼ਾਨੀ ਹੀ ਹੈ।
ਭਗਤ ਜੀ ਦੁਨੀਆਂ ਨੂੰ ਇਹੀ ਹੀ ਸਮਝਾ ਰਹੇ ਹਨ ਕਿ ਸੰਸਾਰ ਦੇ ਲੋਕ ਕਿਸੇ ਨਾ
ਕਿਸੇ ਵਿਕਾਰ ਵੱਸ ਇਸ ਤਨ ਦੇ ਕਰਮ ਅਤੇ ਗਿਆਨ ਇੰਦਰਿਆਂ ਨੂੰ ਖੁਸ਼ ਕਰਦੇ ਰਹਿੰਦੇ ਹਨ ਭਾਵ ਇਸ ਜੁੱਤੀ
ਨੂੰ ਗੰਢਣ ਵਿੱਚ ਹੀ ਜੀਵਨ ਬਤੀਤ ਕਰਦੇ ਰਹਿੰਦੇ ਹਨ। ਧਨ ਕਮਾਉਣਾ ਹੈ ਭਾਵੇ ਕੋਈ ਵੀ ਢੰਗ ਵਰਤਣਾ
ਪਵੇ। ਝੂਠੀ ਸ਼ਾਨ ਬਣਾਉਣੀ ਹੈ ਭਾਵੇ ਕਿੰਨਾ ਵੀ ਝੂਠ ਬੋਲਣਾ ਪਵੇ। ਇਸ ਤਰ੍ਹਾਂ ਇਨ੍ਹਾਂ ਰਸਾਂ ਦੇ
ਅਧੀਨ ਲੋਕ ਤਨ ਰੂਪੀ ਜੁੱਤੀ ਨੂੰ ਗੰਢਦੇ ਹਨ ਪਰ ਸੱਚ ਦੀ ਜਾਣਕਾਰੀ ਮਿਲਣ ਕਰਕੇ ਭਗਤ ਰਵੀਦਾਸ ਜੀ
ਐਸੀ ਜੁੱਤੀ ਨਹੀਂ ਗੰਢਦੇ। ਘਾਲਿ ਖਾਇ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਹਿ ਸੇਇ।। (1245)।
ਹੱਕ ਦੀ ਕਮਾਈ ਕਰਨਾ ਲੋਭ ਰੂਪੀ ਜੁੱਤੀ ਗੰਢਾਉਣ ਤੋਂ ਬੱਚਣਾ ਹੈ।
ਪਹਿਲੇ ਬੰਦ ਵਿੱਚ ਭਗਤ ਜੀ ਉਪਦੇਸ਼ ਕਰਦੇ ਹਨ ਕਿ ਮੇਰੇ ਕੋਲ ਆਰ (ਜਿਸ ਰਾਹੀਂ
ਜੁੱਤੀ ਗੰਢਣ ਵੇਲੇ ਧਾਗਾ ਖਿੱਚੀਦਾ ਹੈ) ਨਹੀਂ ਹੈ ਜਿਸ ਦੁਆਰਾ ਮੈਂ ਜੁੱਤੀ ਨੂੰ ਤੋਪਾ ਲਗਾਵਾਂ।
ਰੱਬੀ ਨਿਯਮ ਅਨੁਸਾਰ ਬੱਚੇ ਮੋਹ ਕਰਕੇ ਹੀ ਪਲਦੇ ਹਨ। ਪਰ ਮੋਹ ਵੱਸ ਬੱਚਿਆਂ ਦੇ ਔਗੁਣਾਂ ਨੂੰ ਨਜ਼ਰ
ਅੰਦਾਜ਼ ਕਰਨਾ ਗਲਤ ਹੈ, ਗਲਤ ਕਮਾਈ ਨਾਲ ਪਰਵਰਿਸ਼ ਕਰਨਾ ਗਲਤ ਹੈ। ਇਸ ਸਬੰਧੀ ਹੋਰ ਜਾਣਕਾਰੀ ਗੁਰਬਾਣੀ
ਸ਼ਬਦ ਜੋ ਭਗਤ ਰਵੀਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ, ਤੋਂ ਪ੍ਰਾਪਤ ਕਰਦੇ ਹਾਂ ਆਪਨ ਬਾਪੈ ਨਾਹੀ
ਕਿਸੀ ਕੋ ਭਾਵਨ ਕੋ ਹਰਿ ਰਾਜਾ।। ਮੋਹ ਪਟਲ ਸਭੁ ਜਗਤੁ ਬਿਆਪਿਓ ਹਰਿ ਭਗਤ ਨਹੀ ਸੰਤਾਪਾ।। (658)
ਭਾਵ ਪਰਮਾਤਮਾ ਕਿਸੇ ਦੀ ਨਿੱਜੀ ਜਗੀਰ ਨਹੀਂ ਹੈ ਬਲਕਿ ਜਿਹੜਾ ਉਸ ਨੂੰ ਪ੍ਰੇਮ ਕਰਦਾ ਹੈ ਉਹ ਉਸ
ਦਾ ਹੈ। ਸੰਸਾਰ ਵਿੱਚ ਲੋਕਾਂ ਤੇ ਮੋਹ ਦਾ ਪਰਦਾ ਪਿਆ ਹੋਇਆ ਹੈ। ਪਰ ਭਗਤਾਂ ਨੂੰ ਇਹ ਦੁੱਖ ਨਹੀਂ
ਬਿਆਪਦਾ। ਜਗਤ ਵਿੱਚ ਆਪਣੇ-ਆਪਣੇ ਰੱਬ ਮਿਥੇ ਹੋਣਾ ਦੱਸਦਾ ਹੈ ਕਿ ਇਹ ਲੋਕ ਮੋਹ ਦੇ ਪਰਦੇ ਹੇਠ ਹਨ।
ਵੱਖ ਡੇਰਿਆਂ ਜਾਂ ਜੱਥੇਬੰਦੀਆਂ ਦੇ ਸਿੱਖ ਹੋਣਾ ਵੀ ਮੋਹ ਦੀ ਨਿਸ਼ਾਨੀ ਹੈ। ਕੇਵਲ ਗੁਰੂ ਗ੍ਰੰਥ
ਸਾਹਿਬ ਜੀ ਦੀ ਬਾਣੀ ਨੂੰ ਹੀ ਮੰਨਣਾ ਹੈ। ਰੱਬ ਇੱਕ ਹੈ ਇਹ ਤਾਂ ਮੰਨਦੇ ਹਨ ਪਰ ਰਸਤੇ ਆਪਣੀ ਮਰਜ਼ੀ
ਅਨੁਸਾਰ ਮਿਥ ਲਏ। ਭਗਤ ਰਵੀਦਾਸ ਜੀ ਇਸ ਸ਼ਬਦ ਰਾਹੀਂ ਇਹ ਸਿੱਖਿਆ ਦੇ ਰਹੇ ਹਨ ਕਿ ਮੈਨੂੰ ਇਹ ਮੋਹ ਦਾ
ਦੁੱਖ ਨਹੀਂ ਵਿਆਪਦਾ, ਮੈਂ ਜਾਤਪਾਤ, ਊਚ ਨੀਚ ਦੇ ਬੰਧਨ ਤੋਂ ਮੁਕਤ ਹੋ ਗਿਆ ਹੈ। ਮੇਰੇ ਵਿੱਚ ਜਾਤ
ਕਰਕੇ ਮੋਹ ਦੀ ਖਿੱਚ ਨਹੀਂ ਰਹੀ। ਗੁਰਦੁਆਰੇ ਮੰਦਰ, ਮਸਜ਼ਿਦ, ਚਰਚ ਆਦਿ ਸਭ ਦੀ ਇਮਾਰਤ ਵੱਖਰੀ ਵੱਖਰੀ
ਹੈ। ਹੁਣ ਜਿਸ ਗੁਰੂ ਘਰ ਤੋਂ ਇੱਕ ਰੱਬ ਦੀ ਗੱਲ ਕੀਤੀ ਜਾਣੀ ਚਾਹੀਦੀ ਹੈ, ਮੋਹ ਵਿੱਚ ਗਲਤਾਨ ਲੋਕਾਂ
ਨੇ ਗੁਰਦੁਆਰੇ ਵੀ ਜਾਤਾਂ ਦੇ ਆਧਾਰ ਤੇ ਬਣਾ ਲਏ ਹਨ। ਭਗਤ ਰਵੀਦਾਸ ਜੀ ਦਾ ਗੁਰਪੂਰਬ ਉਨ੍ਰਾਂ ਦੀ
ਜਾਤ ਵਾਲੇ ਇਸ ਕਰਕੇ ਮਨਾਉਂਦੇ ਹਨ ਕਿ ਉਹ ਉਨ੍ਹਾਂ ਦੀ ਜਾਤ ਦੇ ਹਨ ਵੈਸੇ ਭਗਤ ਰਵੀਦਾਸ ਜੀ ਦੀ
ਵਿਚਾਰਧਾਰਾ ਨਾਲ ਕੋਈ ਸਬੰਧ ਨਹੀਂ ਹੈ ਅਤੇ ਜਿਹੜੇ ਨਹੀਂ ਮਨਾਉਂਦੇ ਉਹ ਇਸ ਲਈ ਨਹੀਂ ਮਨਾਉਂਦੇ
ਕਿੳ਼ੁਂਕਿ ਭਗਤ ਜੀ ਉਨ੍ਹਾਂ ਦੀ ਜਾਤ ਦੇ ਨਹੀਂ ਹਨ। ਮੋਹ ਵਿੱਚ ਡੁੱਬੇ ਲੋਕਾਂ ਦੇ ਬਾਰੇ ਪਾਤਸ਼ਾਹ
ਗੁਰਬਾਣੀ ਵਿੱਚ ਫੁਰਮਾਨ ਕਰਦੇ ਪੰਕਜ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹਿ ਡੂਬੀਅਲੇ।।
ਅੱਗੇ ਭਗਤ ਜੀ ਫੁਰਮਾਨ ਕਰਦੇ ਹਨ ਕਿ ਮੇਰੇ ਕੋਲ ਲੋਭ ਰੂਪੀ ਰੰਬੀ (ਜਿਸ
ਰਾਹੀਂ ਟਾਕੀ ਕੱਟੀ ਜਾਂਦੀ ਹੈ) ਵੀ ਨਹੀਂ ਹੈ। ਲੋੜ ਦੀ ਪੂਰਤੀ ਤਾਂ ਹੋ ਸਕਦੀ ਹੈ ਪਰ ਲੋਭ ਦੀ ਕਦੀ
ਪੂਰਤੀ ਨਹੀਂ ਹੁੰਦੀ। ਲੋਭੀ ਮਨੁੱਖ ਲੋਭ ਵੱਸ ਕਿਸੇ ਰਿਸ਼ਤੇ ਦੀ ਕੋਈ ਲਿਹਾਜ਼ ਨਹੀਂ ਕਰਦਾ ਬੱਸ ਉਸ ਦੇ
ਲੋਭ ਦੀ ਪੂਰਤੀ ਹੋਣੀ ਚਾਹੀਦੀ ਹੈ। ਪਰ ਭਗਤ ਜੀ ਸਾਨੂੰ ਸਮਝਾ ਰਹੇ ਹਨ ਕਿ ਮੇਰੇ ਵਿੱਚ ਲੋਭ ਵੀ
ਨਹੀਂ ਰਿਹਾ। ਮੈਂ ਕੋਈ ਵੀ ਕੰਮ ਲੋਭ ਨੂੰ ਮੁੱਖ ਰੱਖ ਕੇ ਨਹੀਂ ਕਰਦਾ, ਲੋੜ ਨੂੰ ਮੁੱਖ ਰੱਖ ਕੇ
ਕਰਦਾ ਹਾਂ। ਪਾਤਸ਼ਾਹ ਗੁਰਬਾਣੀ ਵਿੱਚ ਲੋਭੀ ਮਨੁੱਖ ਨੂੰ ਹਲਕੇ ਕੁੱਤੇ ਵਾਂਗ ਦੱਸਦੇ ਹਨ। ਆਪ ਦਾ
ਫੁਰਮਾਨ ਹੈ ਜਿਉ ਕੂਕਰੁ ਹਰਕਾਇਆ ਧਾਵੈ ਦਹਦਿਸ ਜਾਇ। ਲੋਭੀ ਜੰਤੁ ਨਾ ਜਾਣਈ ਭਖੁ ਅਭਖੁ ਸਭ
ਖਾਇ।। 50) ਭਾਵ ਲੋਭੀ ਮਨੁੱਖ ਦਾ ਕੋਈ ਭਰੋਸਾ ਨਹੀਂ, ਉਹ ਲੋਭ ਵੱਸ ਚਾਰੇ ਪਾਸੇ ਭੱਜਾ ਫਿਰਦਾ
ਹੈ ਕਿਸੇ ਨੂੰ ਵੀ ਲੋਭ ਦੀ ਖਾਤਰ ਕੱਟ ਸਕਦਾ ਹੈ। ਉਸ ਦੀ ਨਜ਼ਰ ਵਿੱਚ ਰਿਸ਼ਤਿਆਂ ਦੀ ਕੋਈ ਕਦਰ ਨਹੀਂ
ਹੈ ਬੱਸ ਲੋਭ ਦੀ ਪੂਰਤੀ ਕਿਵੇਂ ਕਰਨੀ ਹੈ ਇਹ ਹੀ ਸੋਚਦਾ ਹੈ। ਕੀ ਗ੍ਰਹਿਣ ਕਰਨਾ ਹੈ ਅਤੇ ਕੀ
ਗ੍ਰਹਿਣ ਨਹੀਂ ਕਰਨਾ, ਬਾਰੇ ਸੂਝ ਨਹੀਂ ਹੈ (ਭਖੁ ਅਭੁਖ ਸਭ ਖਾਇ ਦਾ ਭਾਵ ਇਹ ਹੀ ਹੈ)। ਤਨ ਦੀ
ਸੰਭਾਲ ਕਰਨਾ ਕੋਈ ਮਾੜੀ ਗੱਲ ਨਹੀਂ ਹੈ। ਇਸ ਨੂੰ ਚੰਗੀ ਤਰ੍ਹਾਂ ਪਾਲਣਾ ਹੈ। ਪਰ ਮਨੁੱਖ ਤਨ ਦੇ
ਰਸਾਂ ਦੀ ਪੂਰਤੀ ਲਈ ਲੋਭ ਵੱਸ ਕਰਮ ਕਰਦਾ ਹੈ। ਤਨ ਦੇ ਰਸਾਂ ਵਿੱਚ ਫੱਸਿਆ ਮਨੁੱਖ ਸਾਰੀ ਜਿੰਦਗੀ ਹੀ
ਖੁਆਰ ਹੁੰਦਾ ਰਹਿੰਦਾ ਹੈ।
ਅਗਲੇ ਬੰਦ ਵਿੱਚ ਭਗਤ ਰਵੀਦਾਸ ਜੀ ਫੁਰਮਾਨ ਕਰਦੇ ਹਨ ਕਿ ਸਾਰੀ ਲੋਕਾਈ ਇਸ
ਤਰ੍ਹਾ ਦੀਆਂ ਗੰਢਾਂ ਗੰਢ ਗੰਢ ਕੇ ਖੁਆਰ ਹੋ ਰਹੀ ਹੈ। ਮਨੁੱਖ ਨੂੰ ਵਿਕਾਰ ਟਿਕਣ ਨਹੀਂ ਦਿੰਦੇ ਅਤੇ
ਇਹ ਸਾਰੀ ਜਿੰਦਗੀ ਹੀ ਇਨ੍ਹਾਂ ਦੇ ਵੱਸ ਪਿਆ ਖੁਆਰ ਹੁੰਦਾ ਰਹਿੰਦਾ ਹੈ। ਭਗਤ ਜੀ ਕਹਿੰਦੇ ਹਨ ਕਿ
ਮੈਂ ਇਸ ਤਰ੍ਹਾਂ ਦੀਆਂ ਗੰਢਾਂ ਨਹੀਂ ਗੰਢਦਾ। ਇਸ ਲਈ ਮੈਂ ਸਚਿਆਰ ਜੀਵਨ ਜਿਊਣ ਦਾ ਵੱਲ (ਢੰਗ) ਸਿੱਖ
ਲਿਆ ਹੈ। ਮੈਨੂੰ ਇਸ ਗੱਲ ਦੀ ਸਮਝ ਪੈ ਗਈ ਹੈ ਕਿ ਅਸਲ ਮਨੁੱਖ ਦਾ ਜੀਵਨ ਕੈਸਾ ਹੋਣਾ ਚਾਹੀਦਾ ਹੈ।
ਇਸ ਤਰ੍ਹਾਂ ਭਗਤ ਰਵੀਦਾਸ ਜੀ ਇਸ ਸ਼ਬਦ ਦੁਆਰਾ ਲੋਕਾਈ ਨੂੰ ਸਮਝਾਉਂਦੇ ਹਨ ਕਿ
ਮੈਂ ਵਿਕਾਰਾਂ ਤੋਂ ਰਹਿਤ ਜੀਵਨ ਜਿਊਣਾ ਸਿਖ ਲਿਆ ਹੈ। ਜਿਹੜੇ ਵਿਕਾਰ ਮੈਨੂੰ ਰੱਬ ਨੂੰ ਭੁਲਾ ਦਿੰਦੇ
ਸਨ ਹੁਣ ਮੇਰਾ ਇਨ੍ਹਾਂ ਵਿਸ਼ੇ ਵਿਕਾਰ ਨਾਲ ਕੋਈ ਸਬੰਧ ਨਹੀਂ ਰਿਹਾ। ਇਸ ਤਰ੍ਹਾਂ ਮੈਂ ਪ੍ਰਭੂ ਦਾ ਨਾਮ
ਜਪ ਰਿਹਾ ਹਾਂ। ਇਸ ਸ਼ਬਦ ਰਾਹੀਂ ਸਹੀ ਮਾਅਨੇ ਵਿੱਚ ਪ੍ਰਭੂ ਦਾ ਨਾਮ ਕਿਵੇਂ ਜਪਣਾ ਹੈ, ਸਹੀ
ਪ੍ਰਮਾਤਮਾ ਦਾ ਨਾਮ ਕੀ ਹੈ ਅਤੇ ਉਸ ਦਾ ਸਿਮਰਨ ਕਿਵੇਂ ਕਰਨਾ ਹੈ, ਦੀ ਭਰਪੂਰ ਜਾਣਕਾਰੀ ਮਿਲਦੀ ਹੈ।
ਮੋਹਨ ਸਿੰਘ