. |
|
ਜਾਗਨਾ (ਭਾਗ 1)
ਜਦੋਂ ਮੈਂ ਪੈਦਾ ਹੋਇਆ ਸੀ ਤਾਂ
ਮੇਰਾ ਕੋਈ ਨਾਮ ਨਹੀਂ ਸੀ। ਮੈਨੂੰ ਪਤਾ ਹੀ ਨਹੀਂ ਕਿ ਮੇਰਾ ਨਾਮ ਕਿਵੇਂ ਰਖਿਆ ਗਿਆ। ਅੱਜ-ਕੱਲ੍ਹ
ਆਸਪਾਸ ਦੀ ਦੁਨੀਆ ਨੂੰ ਵੇਖਦਿਆਂ ਪਤਾ ਲਗਦਾ ਹੈ ਕਿ ਕਿਵੇਂ ਕਿਸੇ ਨਵੇਂ ਬੱਚੇ ਦੇ ਪੈਦਾ ਹੋਣ ’ਤੇ
ਮਾਪੇ ਬੱਚੇ ਦੇ ਨਾਮ ਬਾਰੇ ਸੋਚਦੇ ਹਨ। ਬੱਚੇ ਦਾ ਸਾਰੀ ਉਮਰ ਲਈ ਉਹ ਨਾਮ ਪ੍ਰਚਲਤ ਹੋ ਜਾਂਦਾ ਹੈ।
ਕੋਈ ਵੀ ਮਾਤਾ-ਪਿਤਾ ਬੱਚੇ ਦਾ ਨਾਮ ਮੰਦਾ, ਭੈੜੇ ਭਾਵ ਅਰਥਾਂ ਵਾਲਾ ਨਹੀਂ ਰੱਖਦੇ ਹਨ। ਸਭ ਨੂੰ
ਆਪਣੇ ਬੱਚੇ ਦਾ ਚੰਗਾ ਨਾਮ ਰੱਖਣਾ ਹੀ ਪਸੰਦ ਹੁੰਦਾ ਹੈ। ਇਹ ਗੱਲ ਵਖਰੀ ਹੈ ਕਿ ਵੱਡੇ ਹੋ ਕੇ ਅਸੀਂ
ਉਸ ਨਾਮ ਵਾਲਾ ਕਿਰਦਾਰ ਬਣਦੇ ਹਾਂ ਜਾਂ ਨਹੀਂ। ਕਈ ਤਾਂ ਇਹ ਵੀ ਕਹਿੰਦੇ ਹਨ ਕਿ ਮੇਰਾ ਨਾਮ ਮੇਰੇ
ਤੋਂ ਪੁਛ ਕੇ ਨਹੀਂ ਰੱਖਿਆ ਗਿਆ ਸੀ। ਮਾਤਾ-ਪਿਤਾ ਕਦੀ ਵੀ ਬੱਚੇ ਦਾ ਨਾਮ ਸੱਪ, ਚੂਹਾ, ਕੁੱਤਾ ਜਾਂ
ਲੋਮੜੀ ਨਹੀਂ ਰੱਖਦੇ। ਭਾਵਨਾ ਇਹ ਹੁੰਦੀ ਹੈ ਕਿ ਮੇਰੇ ਬੱਚੇ ਦਾ ਕਿਰਦਾਰ ਚੰਗੇ ਗੁਣਾਂ ਵਾਲਾ ਬਣੇ।
ਇਸ ਕਰਕੇ ਸਤ, ਸੰਤ, ਰੱਬੀ ਗੁਣਾਂ ਵਾਲਾ ਨਾਮ ਹੀ ਰਖਿਆ ਜਾਂਦਾ ਹੈ ਪਰ ਇਸ ਤੋਂ ਉਲਟ ਵੀ ਹੋ ਸਕਦਾ
ਹੈ। ਜਿਵੇਂ ਕਿ ‘ਅਮੀਰਦਾਸ’ ਵੱਡਾ ਹੋ ਕੇ ਗਰੀਬ ਹੋ ਜਾਂਦਾ ਹੈ, ‘ਮੁਲਾਯਮ’ ਸਖ਼ਤ ਹੋ ਜਾਂਦਾ ਹੈ,
‘ਸ਼ੇਰ’ ਬਿੱਲੀ ਵਾਂਗੂੰ ਡਰਦਾ ਹੈ ਅਤੇ ‘ਲੱਲੂ’ ਸਿਆਣਾ ਨਿਕਲਦਾ ਹੈ, ‘ਬੁੱਧੀਰਾਜਾ’ ਮੂਰਖ ਬਣ ਜਾਂਦਾ
ਹੈ ਤੇ ‘ਮਨਜੀਤ’ ਵੱਡਾ ਹੋ ਕੇ ਮਨ ਤੋਂ ਹਾਰਿਆ ਦਿਸਦਾ ਹੈ।
ਹੂਬਹੂ ਸਾਡੀ ਸਭ ਦੀ ਇਹੋ ਹਾਲਤ ਹੈ। ਦਰਅਸਲ ਵੇਖਿਆ ਜਾਵੇ ਤਾਂ ਸਰੀਰ ਅਤੇ ਇਸ ਦਾ ਨਾਮ ਮਾਪਿਆਂ ਤੋਂ
ਹੀ ਮਿਲਿਆ ਹੈ। ਇਸ ਲਈ ਅਸੀਂ ਆਪਣੇ ਨਾਮ ਦਾ ਕਿਰਦਾਰ ਨਾ ਬਣਨ `ਤੇ ਜਾਂ ਆਪਣੇ ਸਰੀਰ ਵੱਲੋਂ ਕੀਤੇ
ਮਾੜੇ ਕਰਮਾਂ ਦੀ ਜ਼ਿੰਮੇਵਾਰੀ ਆਪ ਨਹੀਂ ਲੈਂਦੇ ਹਾਂ ਕਿਉਂਕਿ ਇਹ ਦੋਵੇਂ ਮਾਪਿਆਂ ਤੋਂ ਮਿਲੇ ਹਨ, ਇਹ
ਸੋਚ ਕੇ ਮੁਕਤ ਹੋ ਜਾਂਦੇ ਹਾਂ।
ਮੇਰਾ ਸਰੀਰ ਅਤੇ ਨਾਮ ਤਾਂ ਮਾਂਪਿਆਂ ਤੋਂ ਮਿਲਿਆ ਹੈ ਪਰ ਇਸ ਤੋਂ ਇਲਾਵਾ ਸਮਾਜ ਦੀ ਧਾਰਣਾਵਾਂ ਨੂੰ
ਵੇਖਦਿਆਂ ਮਾਂਪਿਆਂ ਵੱਲੋਂ ਪੜ੍ਹਾਈ ਕਰਵਾ ਕੇ ਪੈਰਾਂ ਤੇ ਖੜੇ ਹੋਣ ਲਈ ਇੱਕ ਹੋਰ ਕਿਰਦਾਰ ਵੀ ਦਿੱਤਾ
ਗਿਆ ਕਿ ਪੜ੍ਹੋ `ਤੇ ਕਾਮਯਾਬ ਬਣੋ। ਜਿਵੇਂ ਕਿ ਡਾਕਟਰ, ਇੰਜੀਨੀਅਰ, ਵਕੀਲ, ਜੱਜ ਆਦਿ ਬਣ ਕੇ ਆਪਣਾ
ਅਤੇ ਮਾਪਿਆਂ ਦਾ ਨਾਮ ਰੋਸ਼ਨ ਕਰੋ। ਇਹ ਸਭ ਕੁਝ ਕਰਦਿਆਂ ਸਮਾਜ, ਪਰਿਵਾਰ, ਟੀ.ਵੀ, ਅਖ਼ਬਾਰ, ਫਿਲਮਾਂ
ਰਾਹੀਂ ਮੇਰੇ ਜ਼ਹਿਨ ’ਚ ਕੁਝ ਪਾਇਆ ਗਿਆ, ਜਿਸ ਨਾਲ ਮੇਰੇ ਸੰਸਕਾਰ ਬਣ ਗਏ ਅਤੇ ਮੇਰੀ ਇਕ ਸ਼ਖ਼ਸੀਅਤ ਬਣ
ਗਈ। ਨਾ ਚਾਹੁੰਦਿਆਂ ਹੋਇਆਂ ਵੀ ਅਚਨਚੇਤ, ਅਣਭੋਲ ਹੀ ਇਹ ਸਭ ਕੁਝ ਮੇਰੇ ਕਿਰਦਾਰ ਦਾ ਹਿੱਸਾ ਬਣ ਗਏ।
ਇਨ੍ਹਾਂ ਸਭ ਦੇ ਨਾਲ-ਨਾਲ ਮੈਂ ਧਰਮ ਵੀ ਮਾਤਾ-ਪਿਤਾ ਅਤੇ ਸਮਾਜ ਦਾ ਦਿੱਤਾ ਇਖ਼ਤਿਆਰ ਕਰ ਲਿਆ। ਫਿਰ
ਮੈਂ ਮਕਾਨ, ਪੈਸਾ, ਕਾਰ, ਜ਼ਾਤ ਸਭ ਨੂੰ ਹਾਸਿਲ ਕਰਨ ’ਤੇ ਜ਼ੋਰ ਲਗਾਇਆ। ਇਹ ਸਭ ਕੁਝ ਨੂੰ ਮੈਂ ਆਪਣੀ
ਪ੍ਰਾਪਤੀ ਸਮਝ ਲਿਆ।
ਸਿੱਟੇ ਵੱਜੋਂ ਜੋ ਵੀ ਮੇਰੀਆਂ ਯਾਦਾਂ ’ਚ ਵਸਿਆ ਹੈ, ਜੋ ਚੀਜ਼ਾਂ ਮੇਰੇ ਕਬਜ਼ੇ ’ਚ ਹਨ, ਇਨ੍ਹਾਂ ਸਮੇਤ
ਮੇਰਾ ਨਾਮ ਅਤੇ ਜ਼ਾਤ ਇਹ ਸਭ ਕੁਝ ਨਾਲ ਮੇਰਾ ਰੁਤਬਾ ਬਣਿਆ ਹੈ। ਸਰੀਰ, ਨਾਮ ਅਤੇ ਧਰਮ ਮਾਂਪਿਆਂ ਦਾ
ਦਿੱਤਾ ਹੋਇਆ ਹੈ ਪਰ ਮੈਂ ਆਪਣਾ ਸਮਝ ਰਿਹਾਂ ਹਾਂ ਅਤੇ ਸਮਾਜ ਤੋਂ ਵੀ ਜੋ ਕੁਝ ਲਿਆ ਹੈ, ਇਸ ਸਭ ਕੁਝ
ਨੂੰ ਮੈਂ ਆਪਣਾ ਨਾਮ, ਰੁਤਬਾ ਅਤੇ ਕਿਰਦਾਰ ਮੰਨ ਕੇ ਜਿਊ ਰਿਹਾ ਹਾਂ। ਸਾਡੇ ਸਾਰਿਆਂ ਦੇ ਹਾਲਾਤ ਵੱਧ
ਜਾਂ ਘੱਟ ਇਹੋ ਜਿਹੇ ਹੀ ਹਨ। ਜਿਨ੍ਹਾਂ ਨੂੰ ਅਸੀਂ ਮੇਰੀ-ਮੇਰੀ ਕਹਿੰਦੇ ਹਾਂ, ਇਨ੍ਹਾਂ ਨੂੰ ਬਰਕਰਾਰ
ਰੱਖਣਾ ਹੀ ਮੈਂ ਆਪਣਾ, ਨਿੱਜ, ਆਪਾ, ਹਉਮੈ ਸਮਝਦਾ ਹਾਂ।
ਇਹ ਸਭ ਕੁਝ ਮੇਰੇ ਤੋਂ ਖੁਸ ਨਾ ਜਾਵੇ, ਘੱਟ ਨਾ ਜਾਵੇ, ਮੁੱਕ ਨਾ ਜਾਵੇ ਵਾਲੇ ਰੁਤਬੇ ਲਈ ਮੈਂ ਡਰਦਾ
ਰਹਿੰਦਾ ਹਾਂ ਤੇ ਮਹਿਨਤ ਮਸ਼ੱਕਤ ਕਰਦਾ ਰਹਿੰਦਾ ਹਾਂ। ਇਸੇ ਡਰ ਕਾਰਨ ਸਰੀਰਕ ਮੌਤ ਤੋਂ ਵੀ ਡਰ ਲਗਦਾ
ਹੈ। ਸਰੀਰਕ ਮੌਤ ਤੋਂ ਬਚਣ ਲਈ ਮੈਂ ਆਪਣੀ ਬਿਮਾਰੀ ਵੱਡੀ-ਵੱਡੀ ਕਰਕੇ ਦਸਦਾ ਹਾਂ ਅਤੇ ਵੱਡੇ-ਵੱਡੇ
ਡਾਕਟਰ, ਟੈਸਟ ਦਵਾਈਆਂ ਅਤੇ ਵਿਟਾਮਿਨ ਵੀ ਖਾਂਦਾ ਹਾਂ। ਇਸੇ ਹਉਮੈ ਵਾਲੇ ਨਾਮ, ਰੁਤਬੇ ਨੂੰ ਬਚਾਉਣ
ਲਈ ਹੀ ਸਾਰੀ ਉਮਰ ਉੱਦਮ ਕਰਦਾ ਰਹਿੰਦਾ ਹਾਂ।
ਜੇਕਰ ਮੇਰਾ ਨਾਮ, ਰੁਤਬਾ, ਪੈਸਾ, ਜ਼ਮੀਨ, ਕਾਰ, ਇਜ਼ਤ ਕੋਈ ਖੋਹ ਕੇ ਲੈ ਜਾਵੇ ਤਾਂ ਮੇਰੇ ਕੋਲ ਮੇਰਾ
ਕੁਝ ਵੀ ਨਹੀਂ ਬਚਦਾ। ਭਾਵ ਮੇਰੀ ਹਉਮੈ ਕਿਰਦਾਰ ਦੀ ਹੋਂਦ ਹੀ ਮੁੱਕ ਗਈ ਜਾਂ ਖੋਹ ਲਈ ਗਈ ਜਾਂ ਗਵਾਚ
ਗਈ। ਇਸ ਹਉਂ ਨੂੰ ਬਰਕਰਾਰ ਰੱਖਣ ਲਈ ਹੀ ਤਥਾਕਥਿਤ 84 ਲੱਖ ਜੂਨਾਂ ਵਾਲੇ ਸਾਰੇ ਚੰਗੇ-ਮੰਦੇ ਕਰਮ
ਮੈਂ ਕਰਦਾ ਰਹਿੰਦਾ ਹਾਂ।
ਵੀਰ
ਭੁਪਿੰਦਰ ਸਿੰਘ
|
. |