. |
|
ਸਾਕਾ ਸਰਹਿੰਦ ਅਤੇ ਸਿੱਖ
ਮੈ ਕੋਈ ਕਲਮਂ ਦਾ ਧਨੀਂ ਲਿਖਾਰੀ ਜਾਂ ਸਾਹਿਤਕਾਰ ਨਹੀਂ ਹਾਂ ਤੇ ਨਾਂ ਹੀ ਮੈ
ਕੋਈ ਵਿਦਵਾਨ ਪੁਰਸ਼ ਜਾਂ ਬੁਧੀਜੀਵੀ ਹਾਂ ਬਸ ਮੈਨੂੰ ਤਾਂ ਏਨਾਂ ਕੁ ਹੀ ਆਉਦਾ ਹੈ ਕਿ ਜੋ ਵੀ ਮੇਰੇ
ਆਲੇ ਦੁਆਲੇ ਵਾਪਰਦਾ ਹੈ ਉਸ ਨੂੰ ਸੱਚੋ-ਸੱਚ ਮੈਂ ਅਪਣੇ ਲੇਪਟੋਪ ਵਿੱਚ ਲਿਖਦਾ ਰਹਿੰਦਾ ਹਾਂ ਤੇ
ਅਪਣੇ ਰੁਝੇਵਿਾਂ ਵਿਚੌ ਜਦੋ ਵੀ ਸਮਾਂ ਮਿਲਦਾ ਹੈ ਤਾਂ ਇਹ ਸੱਚ ਮੈ ਅਪਣੇ ਭਰਾਵਾਂ ਨਾਲ (ਪਾਠਕਾਂ
ਨਾਲ) ਸਾਝਾਂ ਕਰ ਲੈਦਾ ਹਾਂ। ਗੁਰੂ ਜੀ ਦੀ ਬਾਣੀ ਆਖਦੀ ਹੈ
"ਧੰਨ ਲੇਖਾਰੀ ਨਾਨਕਾ ਜਿਨਿ ਨਾਮੁ
ਲਿਖਾਇਆ ਸੱਚ" ਅੰਗ 1291, ਦੁਸਰਾ ਗੁਰੂ ਫੁਰਮਾਨ
ਹੈ "ਧੰਨ ਲੇਖਾਰੀ ਨਾਨਕਾ
ਪਿਆਰੇ ਸੱਚ ਲਿਖੇ ਉਰਿ ਧਾਰਿ" ਅੰਗ 636। ਇਹਨਾਂ
ਦੋਵੇ ਗੁਰੂ ਹੁਕਮਾਂ ਵਿੱਚ ਲਿਖਾਰੀਆਂ ਨੂੰ ਕੇਵਲ ਤੇ ਕੇਵਲ ਸੱਚ ਲਿਖਣ ਲਈ ਹੀ ਆਖਿਆ ਗਿਆ ਹੈ ਤੇ
ਸਿੱਖ ਸੰਗਤ ਜੀ ਆਪਾਂ ਵੀ ਅੱਜ ਉਸ ਸੱਚ ਦੀ ਹੀ ਵੀਚਾਰ ਕਰਨੀਂ ਹੈ ਜੋ ਅਪਣੇ ਆਲੇ-ਦੁਆਲੇ ਵਾਪਰ ਰਿਹਾ
ਹੈ।
ਮਿਤੀ 25,26 ਅਤੇ 27 ਦਸੰਬਰ ਨੂੰ ਸਮੁੱਚੇ ਸਿੱਖ ਜਗਤ ਨੇਂ ਛੋਟੇ
ਸਾਹਿਬਜਾਦਿਆ ਦਾ ਸ਼ਹੀਦੀ ਪੁਰਬ ਹਰ ਸਾਲ ਦੀ ਤਰਾਂ ਇਸ ਸਾਲ ਵੀ ਮਨਾਇਆ। ਇਸ ਸਮੇਂ ਨੂੰ ਸ਼ਹੀਦੀ
ਪੰਦਰਵਾੜ੍ਹਾ ਵੀ ਕਿਹਾ ਜਾਦਾ ਹੈ ਜੋ 29 ਮੱਘਰ ਤੋ 14 ਪੋਹ ਤੱਕ ਮਨਾਇਆ ਜਾਦਾ ਹੈ। ਸਰਹਿੰਦ ਦਾ ਹੀ
ਜੰਮਪਲ ਹੋਣ ਕਰਕੇ ਮੈਂ ਇਸ ਮਹਾਨ ਅਤੇ ਅਦੁਤੀ ਸ਼ਹਾਦਤ ਨੂੰ ਬੜੇ ਹੀ ਨਜਦੀਕ ਤੋ ਮਹਿਸੂਸ ਕਰ ਸਕਦਾ
ਹਾਂ। ਸਮੁੱਚਾ ਸਿੱਖ ਜਗਤ ਇਹ ਗੱਲ ਬਹੁਤ ਹੀ ਚੰਗੀ ਤਰਾ ਜਾਣਦਾ ਹੈ ਕਿ ਛੋਟੇ ਸਾਹਿਬਜਾਦਿਆ ਦੀ
ਸ਼ਹਾਦਤ ਕਿਸ ਦਰਦਨਾਕ ਤਰੀਕੇ ਨਾਲ ਹੋਈ। ਸਰਹਿੰਦ ਦੇ ਹੀ ਕਈ ਬਜੁਰਗਾਂ ਤੋ ਸੁਣੀਦਾ ਹੈ ਕਿ ਕੋਈ ਹੀ
ਅੱਖ ਐਸੀ ਹੰਦੀ ਸੀ ਜੋ ਉਹਨਾਂ ਦਿਨਾਂ ਵਿੱਚ ਸਾਹਿਬਜਾਦਿਆਂ ਨੂੰ ਯਾਦ ਕਰਕੇ ਨਾਂ ਰੋਦੀ ਹੋਵੇ। ਉਸ
ਢਹੀ ਹੋਈ ਖੂਨੀ ਦੀਵਾਰ ਨੂੰ ਵੇਖ ਕਿ ਮਨ ਭਰ ਆਉਦਾ ਸੀ ਤੇ ਕਈ ਤਾਂ ਭੁਬਾ ਮਾਰ ਮਾਰ ਕਿ ਰੋਣ ਲੱਗ
ਪੈਦੇ ਸਨ। ਸਰਹਿੰਦ ਦੇ ਹੀ ਬਜੁਰਗਾਂ ਅਨੁਸਾਰ 1965 ਦੇ ਆਸ ਪਾਸ ਦੇ ਸਮੇਂ ਦੀ ਗੱਲ ਹੈ ਗੁਰਦੁਆਰਾ
ਫਤਿਹਗੜ੍ਹ ਸਾਹਿਬ ਦੇ ਆਲੇ ਦੁਆਲੇ 40-50 ਕਿਲੋਮੀਟਰ ਦੇ ਖੇਤਰ ਵਿੱਚ ਲੋਕੀ 11 ਤੌ 14 ਪੋਹ ਤੱਕ
ਅਪਣੇ ਘਰਾਂ ਦੇ ਚੁਲ੍ਹਿਆਂ ਵਿੱਚ ਅੱਗ ਵੀ ਨਾਂ ਬਾਲਦੇ ਅਤੇ ਭੁੰਜੇ ਹੀ ਸੌਂ ਕਿ ਇਸ ਕਹਿਰ ਭਰੇ ਸਾਕੇ
ਦੀ ਯਾਦ ਨੂੰ ਅਪਣੇ ਦਿੱਲਾਂ ਵਿੱਚ ਤਾਜਾ ਕਰ ਲੈਂਦੇ। ਜਦੋ ਆਲੇ ਦੁਆਲੇ ਦੀਆਂ ਸੰਗਤਾਂ ਗੁਰਦੂਆਰਾ
ਫਤਹਿਗੜ੍ਹ ਸਾਹਿਬ ਜਾਦੀਆ ਤਾਂ ਭਰੇ ਮਨ ਨਾਲ ਵਾਹਿਗੁਰੂ ਦਾ ਜਾਪ ਕਰਦੀਆਂ ਤੇ ਚਿੱਟੇ ਵਸਤਰ ਪਾ ਕਿ
ਅਫਸੋਸ ਦਾ ਮਾਹੋਲ ਬਣਾ ਕਿ ਫਤਹਿਗੜ੍ਹ ਸਾਹਿਬ ਜਾਇਆ ਜਾਂਦਾ ਸੀ। ਘਰਾਂ ਵਿੱਚ ਪਰਿਵਾਰਕ ਮੈਬਰ ਇਕੱਠੇ
ਬੇਠ ਕਿ ਵੱਡੇ ਬਜੁਰਗਾਂ ਪਾਸੋ ਸਾਹਿਬਜਾਦਿਆਂ ਦੀ ਸ਼ਹਾਦਤ ਦਾ ਬਿਰਤਾਂਤ ਸੁਣਦੇ। ਸ਼ਹਾਦਤ ਦੇ ਦਿਨਾਂ
ਵਿੱਚ ਸਿੱਖ ਅਪਣੇ ਘਰਾ ਵਿੱਚ ਕੋਈ ਵੀ ਵਿਆਹ ਜਾਂ ਖੁਸੀ ਦਾ ਪ੍ਰੋਗਰਾਮ ਨਾ ਰੱਖਦੇ। ਇਸ ਦਰਦ ਭਰੀ
ਦਾਸਤਾਂ ਨੂੰ ਜਦੋ ਸਾਬਕਾ ਸਪੀਕਰ ਬੀਰ ਦਵਿੰਦਰ ਸਿੰਘ ਜੀ ਨੇ ਅਮਰੀਕਾ ਦੀ ਇੱਕ ਯੂਨੀਵਰਸਿਟੀ ਵਿੱਚ
ਅੰਗਰੇਜਾਂ ਨੂੰ ਸੁਣਾਇਆਂ ਤਾਂ ਉਹਨਾ ਦੀਆਂ ਅੱਖਾਂ ਵਿੱਚੋ ਵੀ ਹੰਝੂ ਨਿਕਲ ਆਏ ਕਹਿਣ ਤੋ ਭਾਵ ਉਹਨਾਂ
ਸਮਿਆ ਵਿੱਚ ਸਿੱਖ ਸਾਹਿਬਜਾਦਿਆਂ ਦੀ ਸ਼ਹਾਦਤ ਦਾ ਅਫਸੋਸ ਮਨਾਂ ਕਿ ਅਪਣੀ ਸ਼ਰਧਾ ਦੇ ਫੁੱਲ ਅਰਪਣ ਕਰਦੇ
ਸਨ ਪਰ ਕੁੱਝ ਕੁ ਦਹਾਕਿਆਂ ਬਾਅਦ ਹੀ ਸਮੇਂ ਨੇ ਅਜਿਹਾ ਰੰਗ ਬਦਲਿਆ ਕਿ ਸਭ ਕੁੱਝ ਹੀ ਬਦਲ ਗਿਆਂ।
ਸਿੱਖਾਂ ਨੇ ਅਕਲ ਦਾ ਇਸਤੇਮਾਲ ਕਰਨਾਂ ਬੰਦ ਕਰ ਦਿੱਤਾ ਤੇ ਅਗਿਆਨਤਾ ਦੀ
ਹਨੇਰੀ ਵਿੱਚ ਅਪਣੇ ਗੁਰੁ ਦਿਆਂ ਲਾਲਾਂ ਦੀ ਸਹਾਦਤ ਨੂੰ ਰੋਲ ਕਿ ਰੱਖ ਦਿੱਤਾ। ਗੁਰੁ ਵਾਜਾਂ ਮਾਰ
ਮਾਰ ਸਮਝਾਂ ਰਿਹਾ ਹੈ ਕਿ ਐ ਮੇਰੇ ਸਿੱਖਾ ਜੋ ਵੀ ਕੰਮ ਕਰਨਾਂ ਹੈ ਅਕਲ ਨਾਲ ਕਰੀ ਪਰ ਸਿੱਖਾਂ ਨੇ
ਅਪਣੇ ਗੁਰੁ ਦੀ ਇੱਕ ਨਾਂ ਮੰਨੀ। ਬੇਅਕਲੇ ਸਿੱਖਾਂ (ਸਾਰੇ ਨਹੀ) ਨੇ ਅਗਿਆਨਤਾ ਦੇ ਵਸ ਪੇ ਕਿ
ਸਾਹਬਿਜਾਦਿਆਂ ਦੀ ਸ਼ਹਾਦਤ ਨੂੰ ਲੰਗਰਾਂ ਵਾਲਾ ਤੇ ਸੈਰ ਸਪਾਟਾ ਕਰਨ ਵਾਲਾ ਮੇਲਾ ਬਣਾ ਲਿਆ।
ਵੇਸੇ ਵੀ ਲੰਗਰ ਤਾਂ ਉਹ ਹੂੰਦਾ ਹੈ ਜੋ ਲੋੜਵੰਦ
ਲਈ ਤਿਆਰ ਕੀਤਾ ਜਾਦਾ ਹੈ ਰੱਜਿਆਂ ਹੋਇਆਂ ਨੂੰ ਹੋਰ ਰਜਾਈ ਜਾਣ ਵਾਲਾ ਲੰਗਰ ਨਹੀ ਹੁੰਦਾ। ਲੰਗਰ
ਲਗਾਉਣ ਵਾਲੀਆਂ ਕਮੇਟੀਆਂ ਵੀ ਕੇਵਲ ਅਪਣੀ ਵਾਹ ਵਾਹ ਖੱਟਣ ਲਈ ਹੀ ਲੰਗਰ ਲਗਾਉਦੀਆਂ ਹਨ ਇੱਕ ਦੁਸਰੇ
ਨੂੰ ਨੀਵਾਂ ਵਖਾਉਣ ਲਈ ਪਿੰਡਾ ਵਾਲੇ ਲੰਗਰ ਲਗਾਉਦੇ ਹਨ ਤੇ ਅਪਣੀ ਹਉਮੈ ਨੂੰ ਹੀ ਪੱਠੇ ਪਾਈ ਜਾਦੇ
ਹਨ ਹਰ ਸਾਲ 12 ਦਸੰਬਰ ਨੂੰ ਲੰਗਰ ਲਗਾਉਣ ਵਾਲੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਇਕੱਠੇ ਹੂੰਦੇ
ਹਨ। ਸਾਡੇ ਕੀਤੇ ਸਰਵੇਖਣ
ਅਨੁਸਾਰ 400 ਦੇ ਕਰੀਬ ਕਰੀਬ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ਤੇ ਲੰਗਰ ਲਗਾਏ
ਜਾਦੇ ਹਨ ਤੇ ਜਿਸ ਦਾ ਅੰਦਾਜਨ ਖਰਚ 12 ਕਰੋੜ ਰੁਪਏ ਆਉਦਾ ਹੈ। ਲ਼ੰਗਰਾਂ ਵਿੱਚ ਖਾਣ ਲਈ ਜਲੇਬੀਆਂ,
ਹਰ ਤਰਾ ਦੇ ਪਕੋੜੇ, ਸਾਗ ਮੱਕੀ ਦੀ ਰੋਟੀ, ਲੱਸੀ, ਮੱਖਣ ਪੂਰੀ ਛੋਲੇ, ਨਾਨ ਦਾ ਲੰਗਰ, ਬਦਾਮਾ ਵਾਲੀ
ਖੀਰ, ਕੜ੍ਹਾਂ, ਗੁਲਾਬ ਜਾਮਣ, ਟਿਕੀ, ਗੰਨੇ ਦਾ ਰਸ ਆਦਿ ਕਈ ਪਕਵਾਨ ਸ਼ਾਮਲ ਹੂੰਦੇ ਹਨ। ਜੇ ਕੋਈ ਗੇਰ
ਸਿੱਖ ਇਸ ਸ਼ਹਾਦਤ ਮੋਕੇ ਆ ਕਿ ਵੇਖੇ ਤਾਂ ਉਹ ਇਹੀ ਆਖੇਗਾ ਕਿ ਇਹ ਸਹੀਦੀ ਗੁਰਪੁਰਬ ਨਹੀ ਕੋਈ ਵਿਆਹ
ਜਾਂ ਕੋਈ ਬਹੁਤ ਹੀ ਖੂਸ਼ੀ ਦਾ ਸਮਾਗਮ ਹੈ।
ਰੱਬ ਨਾਂ ਕਰੇ ਜੇਕਰ ਸਾਡੇ ਅਪਣੇ ਬੱਚੇ ਦੀ ਬੀਮਾਰੀ ਜਾਂ ਕਿਸੇ ਹੋਰ ਕਾਰਨ ਮੌਤ ਹੋ ਜਾਵੇ ਤਾਂ ਉਸ
ਸਮੇ ਸਾਡੇ ਤੇ ਕੀ ਵਾਪਰੇਗੀ ਅਸੀ ਖੁਦ ਹੀ ਅਨੁਭਵ ਕਰ ਸਕਦੇ ਹਾਂ ਕੀ ਅਪਣੇ ਬੱਚਿਆਂ ਦੀ ਮੌਤ ਤੇ ਵੀ
ਅਸੀ ਇਸੇ ਤਰਾਂ ਭਾਤ ਭਾਤ ਦੇ ਲੰਗਰ ਲਗਾਵਾਗੇ ਤੇ ਹੁਲੜ੍ਹ ਬਾਜੀ ਕਰਦੇ ਫਿਰਾਗੇ? । ਨਹੀ ਸੰਗਤ ਜੀ
ਅਸੀ ਉਸ ਸਮੇ ਇਝ ਨਹੀ ਕਰਾਗੇ ਉਸ ਸਮੇ ਤਾਂ ਫੋਕਾ ਪਾਣੀ ਵੀ ਸਾਡੇ ਗਲੇ ਤੌ ਹੇਠਾਂ ਨਹੀ ਉਤਰੇਗਾ। ਪਰ
ਅਸੀ ਮੂਰਖ ਅਪਣੇ ਗੁਰੁ ਜੀ ਦੇ ਬੱਚਿਆਂ ਦੇ ਸ਼ਹੀਦੀ ਪੁਰਬ ਤੇ ਰੱਜ-ਰੱਜ ਕਿ ਖੀਰ ਕੜ੍ਹਾ, ਛੋਲੇ
ਪੁਰੀਆਂ ਖਾਦੇ ਫਿਰਦੇ ਹਾਂ। ਇੱਕ ਪਾਸੇ ਗੁਰੂ ਕਿ ਲਾਲ 7 ਸਾਲ ਅਤੇ 9 ਸਾਲ ਦੀ ਉਮਰ ਵਿੱਚ ਸ਼ਹੀਦ ਹੋ
ਰਹੇ ਹਨ ਤੇ ਸਿੱਖ ਸ਼ਹਾਦਤ ਦੀ ਖੁਸ਼ੀ ਭਾਤ ਭਾਤ ਦੇ ਲੰਗਰ (ਜੋ ਅਸਲ ਵਿੱਚ ਲੰਗਰ ਹੈ ਹੀ ਨਹੀ ਹਨ) ਲਗਾ
ਕਿ ਮਨਾ ਰਹੇ ਹਨ। ਅੰਨ ਅਤੇ ਧੰਨ ਦੀ ਬਰਬਾਦੀ ਬੜੇ ਹੀ ਚਾਂਵਾਂ ਤੇ ਉਤਸ਼ਾਹ ਨਾਲ ਕੀਤੀ ਜਾਦੀ ਹੈ।
ਸਾਰੇ ਪੰਜਾਬ ਵਿੱਚ ਹੀ ਕੋਈ ਅਜਿਹੀ ਗੁਰਦੁਆਰਾ ਕਮੇਟੀ ਜੋ ਲੰਗਰ ਲਗਾਉਣ ਤੋ ਬਾਅਦ ਇੱਕ ਮੀਟਿੰਗ
ਬੁਲਾ ਕਿ ਇਹ ਵੀਚਾਰ ਕਰਦੀ ਹੋਵੇ ਕਿ ਸਾਡੇ ਲੰਗਰ ਲਗਾਏ ਦੀ ਕੀ ਆਉਟਪੁਟ ਨਿਕਲੀ ਹੈ? ਸਿੱਖਾਂ ਲਈ
ਬੜੀ ਹੀ ਸੋਚ ਵਿਚਾਰ ਕਰਨ ਦੀ ਗੱਲ ਇਹ ਵੀ ਹੈ ਕਿ
ਮਿਤੀ 25 ਜਨਵਰੀ 2017 ਨੂੰ ਭਾਰਤ
ਸਰਕਾਰ ਨੇ 87 ਸ਼ਖਸ਼ੀਅਤਾਂ ਨੂੰ ਪਦਮ ਵਿਭੁਸ਼ਨ ਪੁਰਸਕਾਰ ਲਈ ਚੁਣਿਆ। ਇਹ ਪੁਰਸਕਾਰ ਵੱਖ ਵੱਖ ਖੇਤਰਾਂ
ਵਿੱਚ ਵਿਸ਼ੇਸ਼ ਯੋਗਦਾਨ ਦੇਣ ਵਾਲੀਆਂ ਸ਼ਖਸ਼ੀਅਤਾਂ ਨੂੰ ਦਿੱਤਾ ਗਿਆਂ ਤੇ ਬੜੇ ਹੀ ਸ਼ਰਮ ਦੀ ਗੱਲ ਇਹ ਹੈ
ਕਿ ਇਹਨਾਂ 87 ਸ਼ਖਸ਼ੀਅਤਾਂ ਵਿੱਚੋ ਇੱਕ ਵੀ ਸਿੱਖ ਨਹੀ ਸੀ। ਲੰਗਰਾਂ ਅਤੇ ਗੁਰਦਵਾਰਿਆਂ ਦੀਆਂ
ਇਮਾਰਤਾਂ ਉਪਰ ਕਰੋੜਾਂ ਰੁਪਏ ਬੇਲੋੜੇ ਹੀ ਖਰਚਣ ਵਾਲੇ ਇੱਕ ਵੀ ਪੁਰਸਕਾਰ ਹਾਸਲ ਨਾਂ ਕਰ ਸਕੇ।
ਹੈ ਕੋਈ ਐਸਾ ਭਾਗਾ ਵਾਲਾ ਵੀਰ ਭੈਣ ਜੋ ਲੰਗਰ
ਵਿੱਚ ਕੀਤੀ ਸੇਵਾ ਤੋ ਪ੍ਰ੍ਰੇਰਨਾ ਲੈ ਕਿ ਇਹ ਸੋਚੇ ਕਿ ਹੁਣ ਮੈ ਲੋਕਾਈ ਦੀ ਵੀ ਸੇਵਾ ਇਸੇ ਤਰਾ
ਕਰਾਗਾਂ ਕਿਉਕਿ ਗੁਰੂ ਫੁਰਮਾਨ ਹੈ "ਵਿੱਚ ਦੁਨੀਆਂ ਸੇਵ ਕਮਾਈਐ ਤਾ ਦਰਗਹ ਬੈਸਣ ਪਾਈਐ"। ਵੇਸੈ
ਇਤਿਹਾਸ ਗਵਾਹ ਹੈ ਪੰਜਵੇ ਗੁਰੂ ਅਰਜਨ ਪਾਤਸ਼ਾਹ ਜੀ ਦੇ ਸ਼ਹੀਦ ਹੋਣ ਤੋ ਬਾਅਦ ਗੁਰੂ ਹਰਗੋਬਿੰਦ
ਪਾਤਸ਼ਾਹ ਜੀ ਨੇ ਕੋਈ ਲੰਗਰ ਨਹੀ ਲਗਾਏ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਹੀਦ ਹੋਣ ਤੋ ਬਾਅਦ ਵੀ
ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕੋਈ ਲੰਗਰ ਲਗਾਉਣ ਦੀ ਪ੍ਰਥਾ ਨਹੀ ਚਲਾਈ। ਪਤਾ ਨਹੀ ਸਿੱਖਾ
ਨੂੰ ਇਹ ਮਤ ਕਿਸ ਨੇ ਦੇ ਦਿੱਤੀ ਕਿ ਗੁਰੂ ਕੇ ਲਾਲਾਂ ਦੀ ਸ਼ਹਾਦਤ ਤੇ ਲੰਗਰ ਲਗਾਏ ਜਾਣ ਜਿਸ ਦੀ ਹੁਣ
ਪਿਰਤ ਹੀ ਪੈ ਗਈ ਹੈ।
ਇਸ ਦੇ ਨਾਲ ਹੀ ਸਿੱਖਾਂ ਨੇ ਅਪਣੀ ਅਕਲ ਦਾ ਜਨਾਜਾ ਸ਼ਹਾਦਤ ਦੇ ਮੋਕੇ ਵੱਖ
ਵੱਖ ਦੁਕਾਨਦਾਰੀਆਂ ਲਗਾਂ ਕਿ ਕਢਵਾ ਲਿਆ। ਇਸ ਦਰਦਨਾਕ ਸ਼ਹਾਦਤ ਤੌ ਕੁੱਝ ਸਿੱਖਣ ਜਾਂ ਅਪਣੇ ਗੁਰੂ ਦੇ
ਨਾਲ ਪ੍ਰਣ ਕਰਨ ਦੀ ਥਾਵੇ ਸਿੱਖ ਬੜੇ ਹੀ ਚਾਵਾਂ ਨਾਲ ਇਥੇ ਖਰੀਦੋ ਫਰੋਖਤ ਕਰਦੇ ਹਨ।
ਮਾਤਾ ਗੁਜਰੀ ਜੀ ਦੀਆਂ ਵਾਰਸ
ਬੀਬੀਆਂ ਬੜ੍ਹੇ ਹੀ ਚਾਵਾ ਨਾਲ ਇੱਥੇ ਸੁਰਖੀ, ਬਿੰਦੀ ਚੁੜੀਆਂ ਅਤੇ ਕੱਪੜੇ ਆਦ ਖਰੀਦੀਆਂ ਵੇਖੀਆਂ ਜਾ
ਸਕਦੀਆਂ ਹਨ। ਧੰਨ ਧੰਨ ਬਾਬਾ ਜੋਰਾਵਰ ਸਿੰਘ
ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਦੇ ਹਮ ਉਮਰ ਬੱਚੇ ਬੜੇ ਹੀ ਚਾਵਾਂ ਨਾਲ ਖਿਡੋਣੇ ਖਰੀਦਦੇ ਤੇ
ਮਸਤੀ ਕਰਦੇ ਆਮ ਹੀ ਵੇਖੇ ਜਾ ਸਕਦੇ ਹਨ। ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਦੇ ਹਮ
ਉਮਰਾਂ ਦਾ ਤਾਂ ਕਹਿਣਾ ਹੀ ਕੀ ਹੈ। ਨੋਜਵਾਨ ਬੱਚੇ ਇਸ ਸ਼ਹਾਦਤ ਨੂੰ ਕੋਈ ਖੂਸ਼ੀਆਂ ਭਰਿਆ ਮੇਲਾ ਹੀ
ਸਮਝਣ ਲੱਗ ਪਏ ਹਨ। ਹੁਣ ਸਿੱਖ ਸਾਹਿਬਜਾਦਿਆਂ ਦੀ ਸ਼ਹਾਦਤ ਇਸੇ ਤਰੀਕੇ ਨਾਲ ਮਨਾਉਣ ਲੱਗ ਪਏ ਹਨ। ਇਥੇ
ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਵੀਰ ਦਵਿੰਦਰ ਸਿੰਘ ਜੀ ਦੀ ਉਸ ਵਾਰਤਾ ਦਾ ਜਿਕਰ ਕਰਨਾਂ ਵੀ ਜਰੂਰੀ
ਹੈ ਜੋ ਅਮਰੀਕਾ ਦੀ ਇੱਕ ਯੁਨੀਵਰਸਿਟੀ ਵਿੱਚ ਹੋਈ ਜਿਸ ਦਾ ਜਿਕਰ "ਇਹ ਸਰਹੰਦ ਨਹੀ ਸਿੱਖਾਂ ਦੀ
ਕਰਬਲਾ ਹੈ" ਲੇਖ ਅਤੇ ਕਿਤਾਬ ਵਿੱਚ ਬੜ੍ਹੇ ਹੀ ਵਿਸਥਾਰ ਨਾਲ ਕੀਤਾ ਗਿਆ ਹੈ ਜਿਸ ਵਿੱਚ ਉਹਨਾਂ ਨੂੰ
ਪੁਛਿਆਂ ਗਿਆਂ ਸੀ ਕਿ
ਮਾਸੂਮ ਸਾਹਿਬਜਾਦਿਆਂ ਨੂੰ ਜਦੋ ਜਿਊਦੇ ਦੀਵਾਰ ਵਿੱਚ ਚਿਨਣਾਂ ਸ਼ੁਰੂ ਕੀਤਾ ਤਾਂ ਇਸ ਦਰਦਨਾਕ
ਪ੍ਰਕ੍ਰਿਆਂ ਵਿੱਚ ਲਗਪਗ ਕਿਨਾਂ ਕੁ ਸਮਾਂ ਲੱਗਾ ਹੋਵੇਗਾ। ਜਦੋ ਇਹ ਸਮਾਂ ਹਰ ਸਾਲ ਆਉਦਾ ਹੈ ਤਾ
ਸਮੁਚੀ ਸਿੱਖ ਕੋਮ ਇਹ ਭਿਆਂਨਕ ਪਲ ਕਿਸ ਤਰਾ ਗੁਜਾਰਦੀ ਹੈ? ਇਸ ਸਮੇ ਵਿੱਚ ਮਾਸੂਮ ਸਾਹਿਬਜਾਦਿਆਂ ਦੀ
ਪੀੜਾ ਨੂੰ ਤੁਸੀ ਕਿਝ ਅਨੁਭਵ ਕਰਦੇ ਹੋ ਅਤੇ ਉਸ ਸਮੇ ਤੇ ਸਿੱਖ ਮਨਾਂ ਦੀ ਵੇਦਨਾਂ ਅਤੇ ਅਮਲ ਕਿਹੋ
ਜਿਹੇ ਹੂੰਦੇ ਹਨ।
ਹੁਣ ਸਮੁਚੀ ਸਿੱਖ ਕੋਮ ਹੀ ਅੰਤਰ ਝਾਤ ਮਾਰ ਕਿ ਵੇਖੇ ਕਿ ਇਸ ਸਵਾਲ ਦਾ ਕੀ
ਜਵਾਬ ਹੋ ਸਕਦਾ ਹੈ। ਵੇਸੈ ਇਸ ਸਵਾਲ ਦਾ ਜਵਾਬ ਉਪਰ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ। ਹੁਣ
ਸਿੱਖਾਂ ਨੂੰ ਸਾਹਿਬਜਾਦਿਆਂ ਦੀ ਸ਼ਹੀਦੀ ਦਾ ਕੋਈ ਦਰਦ ਨਹੀ ਹੂੰਦਾ। ਸਿੱਖ ਸਾਹਿਬਜਾਦਿਆਂ ਦੀ ਸ਼ਹਾਦਤ
ਬੜੀ ਹੀ ਖੁਸ਼ੀ ਨਾਲ ਮਨਾਉਣ ਲੱਗ ਪਏ ਹਨ। ਇਸ ਲਾਸਾਨੀ ਸ਼ਹਾਦਤ ਤੌ ਹੁਣ ਕੋਈ ਵੀ ਸੇਧ ਨਹੀ ਲੈਦਾਂ।
ਇਸ ਸ਼ਹਾਦਤ ਦੇ ਇਕੱਠ ਦਾ ਸਾਡੇ ਕੋਮੀ ਲੀਡਰ ਵੀ ਪੁਰਾ ਪੂਰਾ ਲਾਭ ਉਠਾਉਦੇ
ਹਨ। ਸਾਹਿਬਜਾਦਿਆਂ ਦੀ ਸ਼ਹਾਦਤ ਤੇ ਭਾਰੀ ਕਾਨਫਰੰਸਾ ਕੀਤੀਆਂ ਜਾਦੀਆਂ ਹਨ ਤੇ ਗੁਰੂ ਗ੍ਰੰਥ ਸਾਹਿਬ
ਜੀ ਦੀ ਅਗਵਾਈ ਵਿੱਚ ਸਿੱਖਾ ਨੂੰ ਸ਼ਰੇਆਮ ਮੁਰਖ ਬਣਾਇਆ ਜਾਦਾ ਹੈ। ਮੋਜੁਦਾ ਗੁਰੂ ਸਾਹਿਬ ਜੀ ਦੀ
ਹਜੁਰੀ ਵਿੱਚ ਵੱਡੇ ਵੱਡੇ ਝੂਠ ਬੋਲੇ ਜਾਦੇ ਹਨ ਤੇ ਇਸ ਪ੍ਰਕ੍ਰਿਆ ਵਿੱਚ ਹਾਕਮਾਂ ਦਾ ਪੁਜਾਰੀ ਵੀ
ਪੁਰਾ ਸਾਥ ਨਿਭਾਉਦੇ ਹਨ।
ਵੇਸੇ ਸੰਗਤ ਜੀ ਇੱਕ ਗੱਲ ਹਮੇਸ਼ਾ ਹੀ ਯਾਦ ਰੱਖਣ ਵਾਲੀ ਹੈ ਕਿ ਹਾਕਮ ਅਤੇ ਪੁਜਾਰੀ ਹਮੇਸ਼ਾ ਹੀ ਇਹ
ਚਾਹੂੰਦੇ ਹਨ ਕਿ ਉਹਨਾਂ ਦੀ ਪ੍ਰਜਾ ਮੂਰਖ ਹੀ ਰਹੇ।
ਤੇ ਮਾਫ ਕਰਨਾਂ ਸੰਗਤ ਜੀ ਅਸੀ ਹਾਂ ਵੀ ਸੱਚੀ ਮੁਚੀ ਮੁਰਖ
ਹੀ ਜਿਹੜ੍ਹੇ ਇਹਨਾਂ ਕਾਨਫਰੰਸਾ ਵਿੱਚ ਹਾਕਮਾਂ ਦਾ ਝੁਠ ਸੁਣਨ ਜਾਦੇ ਹਾਂ। ਪੁਜਾਰੀ ਵੀ ਇਹੀ
ਚਾਹੁੰਦੇ ਹਨ ਕਿ ਸਿੱਖ ਉਹਨਾਂ ਦੀਆਂ ਗੋਲਕਾਂ ਭਰਦੇ ਰਹਿਣ ਤੇ ਉਹ ਗੁਰੂ ਕੀ ਗੋਲਕ ਤੇ ਐਸ਼ ਕਰਦੇ
ਰਹਿਣ। ਜਦੋ ਸਾਬਕਾ ਡੀ. ਸੀ ਆਹਲੁਵਾਲੀਆ ਜੀ ਨੇ ਸਾਹਿਬਜਾਦਿਆਂ ਦੇ ਸ਼ਹੀਦੀ ਪੁਰਬ ਤੇ ਝੁਲੇ, ਸਰਕਸਾ
ਅਤੇ ਚਿਤਰਹਾਰ ਤੇ ਪਾਬੰਦੀ ਲਗਵਾ ਦਿੱਤੀ ਸੀ ਤਾਂ ਸਭ ਤੌ ਵੱਧ ਤਕਲੀਫ ਪੁਜਾਰੀਆਂ ਨੂੰ ਹੀ ਹੋਈ ਸੀ।
ਹੁਣ ਵੀ ਫਤਹਿਗੜ੍ਹ ਸਾਹਿਬ ਦੇ ਬਾਹਰ ਸੜਕ ਕਿਨਾਰੇ ਲੱਗਣ ਵਾਲੀਆਂ ਪੁਸਤਕਾਂ ਦੀਆਂ ਸਟਾਲਾਂ ਤੋਂ ਸਭ
ਤੋ ਵੱਧ ਡਰ ਪੁਜਾਰੀਆਂ ਨੂੰ ਹੀ ਲਗਦਾ ਹੈ। ਉਹ ਨਹੀ ਚਾਹੂੰਦੇ ਕਿ ਸਿੱਖ ਪੁਸਤਕਾਂ ਪੜ੍ਹ ਕਿ ਜਾਗਰੁਕ
ਹੋਣ ਤੇ ਉਹਨਾਂ ਨੰ ਅਪਣੇ ਧਰਮ ਦੀ ਅਸਲੀਅਤ ਦਾ ਪਤਾ ਚੱਲੇ ਤੇ ਸਿੱਖ ਪੁਜਾਰੀਆਂ ਦੇ ਮਾਈ ਬਾਪ ਆਰ.
ਐਸ. ਐਸ ਵਾਲੇ ਵੀ ਇਹੀ ਚਾਹੂੰਦੇ ਹਨ ਕਿ ਸਿੱਖ ਅਪਣੇ ਧਰਮ ਦੀ ਅਸਲੀਅਤ ਤੌ ਦੂਰ ਹੀ ਰਹਿਣ। ਆਰ. ਐਸ.
ਐਸ ਦੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ ਹੈ ਕਿ ਸਾਹਿਬਜਾਦਿਆਂ ਦੇ ਸ਼ਹੀਦੀ ਪੁਰਬ ਤੇ ਕਿਤਾਬਾਂ ਦੀਆਂ
ਸਟਾਲਾ ਨਾਂ ਲੱਗਣ ਤੇ ਸਿੱਖ ਮੂਰਖਾਂ ਦੀ ਤਰਾਂ ਹੀ ਸਾਹਿਬਜਾਦਿਆਂ ਦੇ ਸ਼ਹੀਦੀ ਪੁਰਬ ਮਨਾਉਦੇ ਰਹਿਣ।
ਤੇ ਸੱਚ ਇਹ ਵੀ ਹੈ ਕਿ ਸਿੱਖ ਹੀ ਸਿੱਖ ਵਿਰੋਧੀ ਤਾਕਤਾਂ ਦੇ ਸੁਫਨਿਆਂ ਨੂੰ ਪੂਰਾ ਕਰੀ ਜਾ ਰਹੇ ਹਨ।
ਦਸ ਲੱਖ ਦੇ ਭਾਰੀ ਇਕੱਠ ਵਿੱਚ ਅਸੀ ਇੱਕ ਹਜਾਰ ਕਿਤਾਬ ਵੀ ਨਾਂ ਵੇਚ ਸਕੇ ਕਹਿਣ ਤੌ ਭਾਵ ਸਿੱਖ ਵੀ
ਨਹੀ ਚਾਹੂੰਦੇ ਕਿ ਉਹ ਕੋਈ ਚੰਗੀ ਕਿਤਾਬ ਪੜ੍ਹ ਕਿ ਕੁੱਝ ਗਿਆਨ ਹਾਸਲ ਕਰ ਲੈਣ। ਸਿੱਖ ਹੁਣ ਕੇਵਲ
ਮੱਥੇ ਟੇਕਣ ਜੋਗੇ, ਲੰਗਰਾ ਵਿੱਚ ਪੇਸਾ ਖਰਾਬ ਕਰਨ ਜੋਗੇ ਤੇ ਗੁਰਦੁਆਰਿਆਂ ਦੀਆਂ ਬਿਲਡਿੰਗਾ ਵੱਡੀਆਂ
ਤੇ ਆਲੀਸ਼ਾਨ ਕਰਨ ਜੋਗੇ ਹੀ ਰਹਿ ਗਏ ਹਨ। ਜੇ ਇਸੇ ਤਰਾਂ ਹੀ ਚਲਦਾ ਰਿਹਾ ਤਾਂ ਅਸੀ ਦਨੁੀਆ ਦੀਆਂ
ਨਜਰਾ ਵਿੱਚ ਸਿਰੇ ਦੇ ਮੂਰਖ ਬਣ ਜਾਵਾਗੇ। ਪਰ ਸੰਗਤ ਜੀ ਮੈਨੂੰ ਇਹ ਵੀ ਪਤਾ ਹੈ ਕਿ ਹਰ ਸਿੱਖ
ਚਾਹੂੰਦਾ ਹੈ ਕਿ ਉਸ ਦਾ ਧਰਮ, ਕੌਮ ਤਰੱਕੀ ਕਰੇ ਤੇ ਇਹ ਸਭ ਕੁੱਝ ਸੰਗਤ ਜੀ ਗਿਆਨ ਤੇ ਗੁਰਬਾਣੀ ਦਾ
ਪੱਲਾ ਫੜਿਆ ਹੀ ਸੰਭਵ ਹੋ ਸਕਦਾ ਹੈ।
ਸਿੱਖ ਕੌਮ ਸਿਰ ਜੋੜ੍ਹ ਕਿ ਬੇਠੇ
ਅਤੇ ਦੋ ਮਹੀਨੇ ਪਹਿਲਾਂ ਹੀ ਇਹ ਵਿਉਤਬੰਦੀ ਬਣਾਵੇ ਕਿ ਸ਼ਹੀਦੀ ਗੁਰਪੁਰਬ ਕਿਵੇ ਮਨਾਉਣਾ ਹੈ। ਲੰਗਰਾਂ
ਦੇ ਨਾਲ ਨਾਲ ਸਾਹਿਬਜਾਦਿਆਂ ਦੀ ਸ਼ਹਾਦਤ ਦਾ ਪੁਰਾ ਵੇਰਵਾ ਦਿੰਦੇ ਪਰਚੇ ਛਪਵਾ ਕਿ ਵੰਡੇ ਜਾਣ। ਜਿਸ
ਵਿੱਚ ਬੀਰ ਦਵਿੰਦਰ ਸਿੰਘ, ਨਿਰਮਲ ਸਿੰਘ ਤੇ ਕੇਪਟਂ ਰਵੇਲ ਸਿੰਘ ਜੀ ਦੇ ਲੇਖ ਛਾਪੇ ਜਾਣ ਤੇ ਇਹ ਲੇਖ
ਹਿੰਦੀ ਪੰਜਾਬੀ ਤੇ ਇੰਗਲ਼ਿਸ਼ ਤਿੰਨ ਭਾਸ਼ਾਵਾ ਵਿੱਚ ਛਾਪ ਕਿ ਵੰਡੇ ਜਾਣ। ਸਿਆਸੀ ਕਾਨਫਰੰਸਾ ਦਾ
ਮੁਕੰਮਲ ਬਾਈਕਾਟ ਕੀਤਾ ਜਾਵੇ। ਅਪਣੇ ਬੱਚਿਆਂ ਨੂੰ ਸ਼ਹੀਦੀ ਸਾਕੇ ਦੀ ਪੁਰੀ ਜਾਣਕਾਰੀ ਦਿੱਤੀ ਜਾਵੇ।
ਵਪਾਰਕ ਦੁਕਾਨਾ ਦਾ ਲਗਾਉਣਾ ਬੰਦ ਕੀਤਾ ਜਾਵੇ। ਸੁਝਵਾਨ ਵਿਦਵਾਨਾਂ ਤੇ ਬੁਧੀਜੀਵੀਆਂ ਪਾਸੋ ਸ਼ਹੀਦੀ
ਗੁਰਪੁਰਬ ਮਨਾਉਣ ਸਬੰਧੀ ਸੁਝਾਅ ਲਏ ਜਾਣ। ਅਪਣੇ ਬੱਚਿਆ ਨੂੰ ਵੱਧ ਵੱਧ ਸਿਖਿਅਤ ਕੀਤਾ ਜਾਵੇ। ਹਰ
ਸਿੱਖ ਘੱਟ ਤੋ ਘੱਟ ਸ਼ਹੀਦੀ ਗੁਰਪੁਰਬ ਮੋਕੇ 1000 ਰੁਪਏ ਦੀਆਂ ਪੁਸਤਕਾਂ ਜਰੂਰ ਖਰੀਦੇ। ਗੁਰੁ ਕੀ
ਗੋਲਕ ਵਿੱਚ ਉਸ ਜਗ੍ਹਾ ਤੇ ਪੈਸੇ ਪਾਏ ਜਾਣ ਜਿਥੇ ਜਰੂਰਤ ਹੋਵੇ ਜਿਥੇ ਜਰੂਰਤ ਹੀ ਨਹੀ ਉਥੇ ਪੈਸੇ
ਗੋਲਕ ਵਿੱਚ ਨਹੀ ਪਾਉਣੇ ਚਾਹੀਦੇ ਵੇਸੇ ਸਿੱਖਾਂ ਨੂੰ ਹੁਣ ਗੁਰਦੁਆਰਿਆਂ ਨੂੰ ਦਾਨ ਦੇਣਾ ਮੁਕੰਮਲ
ਬੰਦ ਹੀ ਕਰ ਦੇਣਾ ਚਾਹੀਦਾ ਹੈ। ਬਿਨਾਂ ਸਮਝੇ ਵਿਚਾਰੇ ਕੀਤੇ ਜਾਣ ਵਾਲੇ ਪਾਠ ਬੰਦ ਕੀਤੇ ਜਾਣ।
ਝੂਠੀਆਂ ਸਾਖੀਆਂ ਸੁਣਾਉਣ ਵਾਲੇ ਬਾਬਿਆਂ ਭੇਖੀ ਸਾਧਾ ਸੰਤਾ ਦਾ ਮੁਕਮਲ ਬਾਈਕਾਟ ਕੀਤਾ ਜਾਵੇ। ਲੰਗਰਾ
ਵਿੱਚੋ ਕੁੱਝ ਪੈਸੇ ਬਚਾ ਕਿ ਗੁਦੁਆਰਿਆ ਵਿੱਚ ਚੰਗੀਆਂ ਪੁਸਤਕਾਂ ਦੀਆਂ ਲਾਇਬਰੇਰੀਆਂ ਬਣਵਾਈਆਂ ਜਾਣ।
ਹੁਸ਼ਿਆਰ ਸਿੱਖ ਬੱਚਿਆਂ ਦੀ ਆਰਥਿਕ ਮਦਦ ਲਈ ਗੁਰਦੁਆਂਰਾ ਕਮੇਟੀਆਂ ਅਲੱਗ ਤੋ ਫੰਡ ਦੇਣ ਤਾਂ ਜੋ ਕਾਬਲ
ਬੱਚੇ ਵੱਡੇ ਹੋ ਕੇ ਉਚੀਆਂ ਪਦਵੀਆਂ ਹਾਸਲ ਕਰ ਸਕਣ ਤੇ ਅਪਣੀ ਕੋਮ ਦੀ ਤਰੱਕੀ ਲਈ ਵੀ ਕੁੱਝ ਕਰ ਸਕਣ।
ਗਰੀਬ ਸਿੱਖ ਪਰਿਵਾਰਾ ਨੂੰ ਵੀ ਲੰਗਰਾ ਵਾਲੇ ਕੁੱਝ ਨਾਂ ਕੁੱਝ ਮਦਦ ਜਰੂਰ ਦੇਣ। ਚਾਰ ਸਾਹਿਬਜਾਦੇ
ਭਾਗ- 2 ਵਿੱਚ ਅਸੀ ਵੇਖ ਹੀ ਚੁਕੇ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਨਾਲ ਵੀ ਹਰ ਵਰਗ ਦਾ ਬੰਦਾ ਇਸ
ਕਰਕੇ ਹੀ ਜੁੜਿਆ ਸੀ ਕਿ ਉਹਨਾ ਨੇ ਨਾਂ ਕੇਵਲ ਲੋਕਾਈ ਨੂੰ ਜਾਲਮ ਹਾਕਮਾਂ ਤੇ ਪੁਜਾਰੀਆ ਕੋਲੋ ਮੁਕਤੀ
ਦਵਾਈ ਬਲਕਿ ਉਹਨਾਂ ਦੀਆਂ ਆਰਥਿਕ ਅਤੇ ਸਮਾਜਿਕ ਸਮੱਸਿਆਵਾ ਦਾ ਵੀ ਹੱਲ ਲੱਭਿਆ।
ਸੋ ਸੰਗਤ ਜੀ ਲਿਖਣ ਨੂੰ ਤਾਂ ਬਹੁਤ ਕੁੱਝ ਲਿਖਿਆ ਜਾ ਸਕਦਾ ਹੈ ਤੇ ਇਹ ਸਭ
ਕੁੱਝ ਅਸੀ ਪਹਿਲਾਂ ਵੀ ਬਹੁਤ ਵਾਰੀ ਪੜ੍ਹ ਚੁਕੇ ਹਾਂ। ਲਿਖਣ ਵਾਲੇ ਨੂੰ ਵੀ ਹੋਸਲਾ ਤਾਂ ਹੀ ਹੰਦਾ
ਹੈ ਜੇ ਉਸ ਦੇ ਲਿਖੇ ਹੋਏ ਤੇ ਅਮਲ ਕੀਤਾ ਜਾਵੇ ਤੇ ਬਦਲਾਅ ਦੀ ਇੱਕ ਲਹਿਰ ਆਮ ਸਿੱਖ ਪਰਿਵਾਰਾ ਵੱਲੋ
ਹੀ ਚੱਲੇ। ਅਗਵਾਈ ਅਸੀ ਮੋਜੂਦਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸੋ ਹੀ ਹਾਂਸਲ ਕਰੀਏ ਤੇ
ਇੱਕ ਦਿਨ ਅਜਿਹਾ ਆਵੇ ਕਿ ਗੈਰ ਸਿੱਖ ਵੀ ਆਖਣ ਕਿ ਅਸੀਂ ਵੀ ਅਪਣੇ ਧਾਰਮਿਕ ਆਗੂਆਂ ਦੇ ਸ਼ਹੀਦੀ ਪੁਰਬ
ਸਿੱਖਾਂ ਦੀ ਤਰਾ ਹੀ ਮਨਾਵਾਗੇ
ਧੰਨਵਾਦ ਸਹਿਤ
ਹਰਪ੍ਰੀਤ ਸਿੰਘ 98147-02271
ਸ਼ਬਦ ਗੁਰੁ ਵੀਚਾਰ ਮੰਚ ਸੋਸਾਇਟੀ (ਰਜਿ)
ਸਰਹਿੰਦ 140406
|
. |