. |
|
“ਸੰਗਤ ਦਰਸ਼ਨ”?
ਸਰਬਸਾਂਝੀ ਗੁਰਬਾਣੀ ਦੇ ਸ਼ਬਦਾਂ (ਪਦਾਂ/ਲਫ਼ਜ਼ਾਂ) ਤੇ ਤੁਕਾਂ ਦੀ ਅਯੋਗ ਵਰਤੋਂ
ਕਰਕੇ ਅਬੋਧ ਤੇ ਸਿੱਧੜ ਸ਼੍ਰੱਧਾਲੂਆਂ ਨੂੰ ਮੂਰਖ ਬਣਾਉਣਾ ਤੇ ਆਪਣਾ ਮਤਲਬ ਪੂਰਾ ਕਰਨਾ ਸਿੱਖ
ਨੇਤਾਵਾਂ (ਸਿਆਸੀ, ਧਾਰਮਿਕ, ਸਮਾਜਿਕ ਤੇ ਸਭਿਆਚਾਰਕ ਆਦਿ) ਦੀ ਪੁਰਾਣੀ ਵਾਦੀ ਹੈ। ਗੁਰਬਾਣੀ ਦੇ
ਸੱਚ ਨਾਲੋਂ ਟੁੱਟੇ ਹੋਏ ਸਿੱਖ ਵੀ ਸਿਧਾਏ ਹੋਏ ਪਸ਼ੂਆਂ ਦੀ ਤਰ੍ਹਾਂ ਫ਼ਰੇਬੀ ਲੀਡਰਾਂ ਦੇ ਫ਼ਰੇਬ-ਜਾਲ
ਵਿੱਚ ਉਲਝ ਕੇ ਔਝੜੇ ਪਏ ਰਹਿੰਦੇ ਹਨ। ਉਂਜ ਤਾਂ ਗੁਰਬਾਣੀ ਦੇ ਸ਼ਬਦਾਂ/ਲਫ਼ਜ਼ਾਂ ਦੀ ਹੁੰਦੀ ਅਯੋਗ
ਵਰਤੋਂ ਬਾਰੇ ਲਿਖਦੇ ਹੀ ਰਹੀਦਾ ਹੈ, ਪਰ ਇਸ ਲਿਖਤ ਵਿੱਚ ਗੁਰਬਾਣੀ ਵਿੱਚ ਆਮ ਵਰਤੇ ਗਏ ਦੋ
ਸਿੱਧਾਂਤਕ ਸ਼ਬਦਾਂ ਦੀ ਹੋ ਰਹੀ ਗ਼ਲਤ ਵਰਤੋਂ ਬਾਰੇ ਜ਼ਿਕਰ ਕਰਾਂਗੇ।
ਕਾਫ਼ੀ ਸਮੇਂ ਤੋਂ ਪੰਜਾਬ ਦੇ ਸਿਆਸੀ ਖੇਤ੍ਰ ਵਿੱਚ ਖੇਡੇ ਜਾ ਰਹੇ ਇੱਕ
ਹਾਸੋਹੀਣੇ ਨਾਟਕ ਦੀ ਸਚਿਤ੍ਰ ਖ਼ਬਰ ਦੇਖਣ/ਪੜ੍ਹਨ/ਸੁਣਨ ਵਿੱਚ ਆ ਰਹੀ ਹੈ। ਖ਼ਬਰ ਦੀ ਸੁਰਖੀ ਹੈ,
"ਸੰਗਤ ਦਰਸ਼ਨ" !
ਸਾਰਾ ਮੀਡੀਆ ਇਸ ਬੇਤੁਕੀ ਤੇ ਬੇਹੂਦਾ ਖ਼ਬਰ
ਨੂੰ ਬੜੇ ਫ਼ਖ਼ਰ ਨਾਲ ਛਾਪਦਾ ਤੇ ਪਰਸਾਰਦਾ ਹੈ, ਅਤੇ ਨਾਮ ਧਰੀਕ ਸਿੱਖ ਵੀ ਇਸ ਨੂੰ ਬੜੇ ਮਾਨ ਨਾਲ
ਵੇਖਦੇ/ਪੜ੍ਹਦੇ/ਸੁਣਦੇ ਹਨ! ਇਸ ਵਾਹਯਾਤ ਢਕੌਂਸਲੇ ਦਾ ‘ਨਾਇਕ’ (ਦਰਅਸਲ ਖਲਨਾਇਕ) ਕੋਈ ਹੋਰ ਨਹੀਂ
ਸਗੋਂ ‘ਸਿੱਖੀ’ ਅਤੇ ‘ਸਿੱਖ ਕੌਮ’ ਦਾ ਸਭ ਤੋਂ ਵੱਡਾ "ਪੰਥ-ਰਤਨ" ਨੇਤਾ ਪੰਜਾਬ ਦਾ ‘ਮਾਨਯੋਗ’
ਅਕਾਲੀ ਮੁੱਖ ਮੰਤਰੀ ਹੈ! ਖ਼ਬਰ ਦੇ ਹੋਰ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇਨ੍ਹਾਂ ਦੋਹਾਂ
ਸਿੱਧਾਂਤਿਕ ਪਦਾਂ, ਸੰਗਤ ਅਤੇ ਦਰਸ਼ਨ, ਦੇ ਅਰਥ ਸਮਝ ਲਈਏ:-
ਸੰਗਤ ਇੱਕ ਆਮ
ਨਾਂਵ ਹੈ ਜਿਸ ਦੇ ਅਰਥ ਹਨ: ਇਕੋ ਮਕਸਦ ਲਈ ਮਿਲ ਕੇ ਬੈਠੇ ਲੋਕਾਂ ਦਾ ਇਕੱਠ, ਸਭਾ, ਮਜਲਿਸ।
ਪਰੰਤੂ ਇਸ ਸ਼ਬਦ ਦੀ ਵਰਤੋਂ, ਆਮ ਤੌਰ
`ਤੇ, ਧਰਮ ਦੇ ਪ੍ਰਸੰਗ ਵਿੱਚ ਹੀ ਕੀਤੀ ਜਾਂਦੀ ਹੈ। ਸੰਗਤ ਗੁਰਮਤਿ ਦਾ ਇੱਕ ਪਰਮੁੱਖ ਸਿੱਧਾਂਤ
ਵੀ ਹੈ, ਜਿਸ ਦੇ ਅਰਥ ਹਨ: ਗੁਰੂ (ਗ੍ਰੰਥ) ਦੇ ਸਨਮੁੱਖ ਗੁਰਮਤਿ-ਗਿਆਨ ਦੇ ਜਿਗਿਆਸੂ ਸਿੱਖਾਂ ਦਾ ਉਹ
ਇਕੱਠ ਜਿਸ ਵਿੱਚ ਕੇਵਲ ਤੇ ਕੇਵਲ ਸਤਿਨਾਮ ਸਿਰਜਨਹਾਰ ਦੇ ਦੈਵੀ ਗੁਣਾਂ ਦਾ ਚਿੰਤਨ ਹੀ ਕੀਤਾ ਜਾਂਦਾ
ਹੈ।
ਦਰਸ਼ਨ ਵੀ
ਗੁਰਮਤਿ ਦਾ ਇੱਕ ਸਿੱਧਾਂਤਕ ਸ਼ਬਦ ਹੈ। ਇਸ ਦੇ ਅਰਥ ਹਨ: ਦੀਦਾਰ, ਝਲਕ। ਦਰਸ਼ਨ ਕਰਨ ਤੋਂ ਭਾਵ
ਹੈ: ਨਿਰਮਲ ਮਨ ਦੀਆਂ
ਅੱਖਾਂ ਨਾਲ ਨਿਹਾਰਨਾ/ਦੇਖਣਾ। ਗੁਰਬਾਣੀ ਵਿੱਚ ਇਹ ਸ਼ਬਦ ਗਿਆਨ-ਗੁਰੂ ਜਾਂ ਸੂਖਮ, ਅਸਥੂਲ਼ ਅਤੇ
ਅਦ੍ਰਿਸ਼ਟ ਅਕਾਲ ਪੁਰਖ ਦੇ ਦੀਦਾਰ ਲਈ ਹੀ ਵਰਤਿਆ ਗਿਆ ਹੈ।
ਗੁਰੂ (ਗ੍ਰੰਥ) ਦੇ ਸਿੱਖਾਂ/ਸੇਵਕਾਂ ਦੇ ਮਨਾਂ ਵਿੱਚ, ਗੁਰਬਾਣੀ ਵਿੱਚ ਆਮ
ਵਰਤੇ ਗਏ, ਇਨ੍ਹਾਂ ਪਦਾਂ (ਸੰਗਤ ਅਤੇ ਦਰਸ਼ਨ) ਵਾਸਤੇ ਅਥਾਹ ਸ਼੍ਰੱਧਾ ਤੇ ਸਤਿਕਾਰ
ਦੀ ਭਾਵਨਾ ਹੈ। ਉਨ੍ਹਾਂ ਦੀ ਇਸ ਧਾਰਮਿਕ ਭਾਵਨਾ ਦਾ ਨਾਜਾਇਜ਼ ਫ਼ਾਇਦਾ ਉਠਾਉਣ ਵਾਸਤੇ ਇਹ ਸ਼ਬਦ-ਜੁੱਟ (ਸੰਗਤ
ਦਰਸ਼ਨ) ਘੜਿਆ ਗਿਆ ਤੇ ਹੁਣ ਸੜੀ ਸਿਆਸਤ ਦੇ ਪਿੜ ਵਿੱਚ ਬੜੀ ਨਿਰਲੱਜਤਾ, ਮੱਕਾਰੀ ਤੇ ਢੀਠਤਾ
ਨਾਲ ਵਰਤਿਆ ਜਾ ਰਿਹਾ ਹੈ। ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ, ਇਸ ਸ਼ਬਦ-ਜੁੱਟ ਦੀ ਅਣਉਚਿਤ
ਵਰਤੋਂ ਕਰਨ ਵਾਲਾ ਕੋਈ ਹੋਰ ਨਹੀਂ ਸਗੋਂ ਗੁਰਮਤਿ/ਗੁਰਬਾਣੀ ਦੇ ਅਦਬ ਦਾ ਸੱਭ ਤੋਂ ਵੱਡਾ ਠੇਕੇਦਾਰ
ਪੰਜਾਬ ਦਾ ‘ਸਿੱਖ’ ਮੁੱਖ-ਮੰਤ੍ਰੀ ਹੀ ਹੈ! ! !
ਆਓ! ਹੁਣ "ਸੰਗਤ-ਦਰਸ਼ਨ" ਦੀ ਖ਼ਬਰ ਨੂੰ ਵਿਸਤਾਰ ਨਾਲ ਵਿਚਾਰੀਏ: ਖ਼ਬਰ
ਦੇ ਪਰਸਾਰਨ ਦਾ ਮੰਤਵ ਲੋਕਾਂ ਨੂੰ ਇਹ ਦੱਸਣਾ ਹੈ ਕਿ ਪੰਜਾਬ ਦੇ ਮੁੱਖ ਮੰਤ੍ਰੀ ‘ਸਾਹਿਬ’ ਨੂੰ
ਪੰਜਾਬ ਦੀ ਜੰਤਾ ਦਾ ਬਹੁਤ ਹੇਜ ਹੈ, ਇਸੇ ਲਈ ਪਿੰਡ-ਪਿੰਡ ਜਾ ਕੇ ਉਹ ਪੀੜਿਤ ਲੋਕਾਂ ਦੀਆਂ
ਮੁਸ਼ਕਿਲਾਂ, ਸਮੱਸਿਆਵਾਂ, ਤਕਲੀਫ਼ਾਂ ਤੇ ਸ਼ਿਕਾਇਤਾਂ ਸੁਣਦੇ ਹਨ ਤੇ ਫੇਰ ਉਨ੍ਹਾਂ ਸਮੱਸਿਅਵਾਂ ਦਾ
ਸਮਾਧਾਨ ਕਰਵਾਉਂਦੇ ਹਨ! ! ਪਰੰਤੂ, ਅਖ਼ਬਾਰਾਂ ਦੀਆਂ ਬਾਕੀ
99%
ਖ਼ਬਰਾਂ ਅਨੁਸਾਰ ਇਹ ਦਾਅਵਾ ਮੂਲੋਂ ਹੀ ਝੂਠਾ ਸਾਬਤ ਹੁੰਦਾ ਹੈ। ਸੱਚ ਤਾਂ ਇਹ ਹੈ ਕਿ ਅੱਜ ਪੰਜਾਬ
ਪੰਜਾਬੀਆਂ ਵਾਸਤੇ ਹਰ ਪੱਖੋਂ ਪੀੜਾਂ ਦਾ ਪਰਾਗਾ ਬਣ ਚੁੱਕਿਆ ਹੈ! ! ! ! ! ਸੋ, ਇਹ ਖ਼ਬਰ ਸਿਆਸਤ ਦੇ
ਪਿੜ ਦਾ ਕੋਰਾ ਝੂਠ ਹੈ, ਫ਼ਰੇਬ ਹੈ! ਦਰਅਸਲ, ਇਸ ਖ਼ਬਰ ਦਾ ਮੁੱਖ ਮਕਸਦ
"ਸੰਗਤ ਦਰਸ਼ਨ"
ਦੀ ਸੁਰਖ਼ੀ ਨਾਲ ਪੰਜਾਬ ਦੇ ਵੋਟਰਾਂ ਨੂੰ, ਉਨ੍ਹਾਂ ਦੀ
ਗੁਰਬਾਣੀ ਦੇ ਇਨ੍ਹਾਂ ਸ਼ਬਦਾਂ ਨਾਲ ਜੁੜੀ ਧਾਰਮਿਕ ਭਾਵਨਾ ਨੂੰ ਟੁੰਬ ਕੇ, ਵਰਗਲਾਉਣਾ ਤੇ ਉਨ੍ਹਾਂ
ਦੀਆਂ ਵੋਟਾਂ ਬਟੋਰਨਾ ਹੈ।
ਜੇ ਇਸ ਖ਼ਬਰ ਨਾਲ ਲੱਗੀਆਂ ਫ਼ੋਟੋਆਂ ਨੂੰ ਵੇਖੀਏ ਤਾਂ ਇਨ੍ਹਾਂ ਵਿੱਚ
"ਸੰਗਤ ਦਰਸ਼ਨ" ਵਾਲੀ ਕੋਈ ਗੱਲ ਨਜ਼ਰ ਨਹੀਂ ਆਉਂਦੀ! ਇੱਕ ਪਾਸੇ ਆਰਾਮ-ਦੇਹ ਸਿੰਘਾਸਨ ਉੱਤੇ
"ਸੰਗਤ ਦਰਸ਼ਨ" ਨਾਟਕ ਦਾ ਮੁੱਖ ਨਟ ਰਾਜ-ਸਿੰਘਾਸਨ ਦੇ ਹੰਕਾਰ ਨਾਲ ਉਫ਼ਨਿਆ ਬੈਠਾ ਦਿਖਾਈ ਦਿੰਦਾ ਹੈ
ਤੇ ਸਾਹਮਨੇ ਕੁੱਝ ਮਸਕੀਨ ਜਿਹੇ ਬੰਦੇ ਆਜਿਜ਼ੀ ਨਾਲ ਖੜੇ ਜਾਂ ਜ਼ਮੀਨ `ਤੇ ਬੈਠੇ ਨਜ਼ਰ ਆਉਂਦੇ ਹਨ। ਇਹ
ਵੀ ਕਿਹਾ ਜਾਂਦਾ ਹੈ ਕਿ ਮੁੱਖ ਮੰਤ੍ਰੀ ਦੇ ਸਾਹਮਨੇ ਖੜੇ ਜਾਂ ਉਸ ਦੇ `ਚਰਣਾਂ’ ਵਿੱਚ ਬੈਠੇ ਲੋਕ ਆਮ
ਜਨਤਾ ਨਹੀਂ ਸਗੋਂ ਬੈ-ਖ਼ਰੀਦ ਲਾਚਾਰ, ਵਿਹਲੜ ਜਾਂ ਨਸ਼ੇੜੀ ਬੰਦੇ ਹਨ! ! ! ਇਸ ਕਥਨ ਅਨੁਸਾਰ ਤਾਂ
ਇਨ੍ਹਾਂ ਲੋਕਾਂ ਨੂੰ ਜਮੂਰੇ ਕਹਿਣਾ ਵਧੇਰੇ ਢੁੱਕਦਾ ਹੈ! ! ਫ਼ੋਟੋ ਦੇਖ ਕੇ ਇਹ ਦੱਸਣਾ ਨਾ
ਮੁਮਕਿਨ ਹੈ ਕਿ ਸੰਗਤ ਕਿਹੜੀ ਹੈ ਤੇ ਕੌਣ ਕਿਸ ਦੇ ਦਰਸ਼ਨ ਕਰ ਰਿਹਾ ਹੈ? ? ਤਾਂ ਫਿਰ, ਕਿਸ ਤਰਕ
ਨਾਲ ਇਸ ਢਕੌਂਸਲੇ ਨੂੰ "ਸੰਗਤ ਦਰਸ਼ਨ" ਦਾ ਨਾਂ ਦਿੱਤਾ ਜਾਂਦਾ ਹੈ? ? ? ਜੇ ਕੋਈ ਸੱਜਨ
ਬਾ-ਦਲੀਲ ਦੱਸ ਸਕੇ ਤਾਂ ਜ਼ਰੂਰ ਦੱਸਣ ਦੀ ਕ੍ਰਿਪਾ ਕਰੇ!
ਪਾਠਕ ਸੱਜਨੋਂ! ਕੀ ਸਿਆਸੀ ਝੂਠਾਂ/ਚਲਿੱਤਰਾਂ/ਫ਼ਰੇਬਾਂ ਉੱਤੇ ਬਾਣੀ ਦੇ
ਪਵਿੱਤ੍ਰ ਪਦਾਂ ਦਾ ਪਰਦਾ ਪਾ ਕੇ ਲੋਕਾਂ ਨੂੰ ਉੱਲੂ ਬਣਾਉਣਾ ਤੇ ਆਪਣਾ ਉੱਲੂ ਸਿੱਧਾ ਕਰਨਾ ਗੁਰਬਾਣੀ
ਦੀ ਬੇਅਦਬੀ ਨਹੀਂ? ਜੇ ਇਹ ਬੇਅਦਬੀ ਹੈ ਤਾਂ ਇਸ ਖ਼ਬਰ ਨਾਲ ਗੁਰਬਾਣੀ ਦੇ ਅਦਬ ਦੇ ਠੇਕੇਦਾਰਾਂ
(ਜਥੇਦਾਰ, ਰਾਗੀ, ਪਰਚਾਰਕ, ਕਥਾਕਾਰ, ਅਣਗਿਣਤ ‘ਸਿੱਖ’, ‘ਸਿੰਘ’ ਤੇ ‘ਖ਼ਾਲਸਾ’ ਜਥੇਬੰਦੀਆਂ,
ਸਤਿਕਾਰ ਕਮੇਟੀਆਂ ਤੇ ‘ਵਿਦਵਾਨ’ ਲੇਖਕਾਂ ਦੀਆਂ ਜੁੰਡਲੀਆਂ ਵਗ਼ੈਰਾ ਵਗ਼ੈਰਾ) ਦੇ "ਧਾਰਮਿਕ ਹਿਰਦੇ
ਕਿਉਂ ਨਹੀਂ ਵਲੂਂਧਰੇ ਜਾਂਦੇ" ? ? ਉਹ ਸਾਰੇ ਗੁਰਬਾਣੀ ਦੀ ਇਸ ਘੋਰ ਬੇਅਦਬੀ ਵਿਰੁੱਧ ਉਭਾਸਰਨ ਤੋਂ
ਕਿਉਂ ਡਰਦੇ ਹਨ? ? ? ਕਿਉਂਕਿ, ਸੱਚ ਤਾਂ ਇਹ ਹੈ ਕਿ ਸਾਡੇ ਵਿੱਚੋਂ ਬਹੁਤੇ ‘ਸਿੱਖ’ ਦੰਭੀ ਹਨ! ! !
ਗੁਰਇੰਦਰ ਸਿੰਘ ਪਾਲ
ਜਨਵਰੀ
29, 2017.
|
. |