.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਸਿਮਰਨ ਦੇ ਨਾਂ `ਤੇ ਹੁਲੜਬਾਜੀ

ਪ੍ਰਸਿੱਧ ਸਾਂਇੰਸਦਾਨ ਗੈਲੀਲੀਓ ਦਾ ਜਨਮ ੧੫ ਫਰਵਰੀ ੧੫੬੪ ਈਸਵੀ ਨੂੰ ਇਟਲੀ ਦੇ ਪੀਸਾ ਸ਼ਹਿਰ ਵਿੱਚ ਹੋਇਆ ਸੀ। ਇਹ ਕਟੜ ਕੈਥੋਲਿਕ ਸੀ। ੧੭ ਸਾਲ ਦੀ ਉਮਰ ਵਿੱਚ ਇਸ ਨੇ ਗਿਰਜਾ ਘਰ ਵਿੱਚ ਲੈਂਪ ਹਿਲਦਾ ਦੇਖਿਆ ਤਾਂ ਇਸ ਦੇ ਦਿਮਾਗ ਨੇ ਕਈ ਨਵੇਂ ਸਵਾਲਾਂ ਨੂੰ ਜਨਮ ਦਿੱਤਾ। ਇਸ ਨੇ ਗਹੁ ਕਰਕੇ ਦੇਖਿਆ ਕਿ ਲੈਂਪ ਦੇ ਹਿਲਣ ਦਾ ਸਮਾਂ ਇਕਸਾਰ ਹੈ। ੧੫੯੦ ਈਸਵੀ ਨੂੰ ਇਸ ਨੇ ੧੮੦ ਫੁੱਟ ਦੀ ਉੱਚੀ ਇਮਾਰਤ ਤੋਂ ਦੋ ਗੋਲੇ ਸੁੱਟੇ ਇੱਕ ਦਾ ਭਾਰ ਇੱਕ ਪੋਂਡ ਤੇ ਦੂਜੇ ਦਾ ਭਾਰ ਸੌ ਪੋਂਡ ਸੀ। ਇਹ ਦੋਵੇਂ ਗੋਲੇ ਧਰਤੀ `ਤੇ ਇਕੱਠੇ ਹੀ ਡਿੱਗੇ ਸਨ ਜਦ ਕਿ ਇਸ ਤੋਂ ਪਹਿਲਾਂ ਅਰਸਤੂ ਦਾ ਖਿਆਲ ਸੀ ਕਿ ਭਾਰੀ ਚੀਜ਼ ਜ਼ਮੀਨ ਤੇ ਪਹਿਲਾਂ ਆ ਜਾਂਦੀ ਹੈ। ੧੬੧੬ ਈਸਵੀ ਨੂੰ ਇਸ ਨੇ ਧਰਤੀ ਦੇ ਘੁੰਮਣ ਤੇ ਗੋਲ ਹੋਣ ਦਾ ਸਿਧਾਂਤ ਪੇਸ਼ ਕੀਤਾ। ਸਮੇਂ ਦੇ ਧਾਰਮਿਕ ਆਗੂਆਂ ਨੇ ਫਤਵਾ ਜਾਰੀ ਕਰ ਦਿੱਤਾ ਕਿ ਗੈਲੀਲੀਓ ਝੂਠ ਬੋਲਦਾ ਹੈ ਕਿਉਂ ਕਿ ਸਾਡੀ ਧਾਰਮਿਕ ਪੁਸਤਕ ਵਿੱਚ ਇਹ ਲਿਖਿਆ ਹੋਇਆ ਕਿ ਸੂਰਜ ਘੁੰਮਦਾ ਹੈ ਜਦ ਕਿ ਧਰਤੀ ਇੱਕ ਥਾਂ ਖਲੋਤੀ ਹੋਈ ਹੈ। ਦੂਸਰਾ ਗੈਲੀਲੀਓ ਨੇ ਕਿਹਾ ਕਿ ਧਰਤੀ ਨੌਰੰਗੀ ਵਰਗੀ ਭਾਵ ਫੁੱਟਬਾਲ ਵਰਗੀ ਗੋਲ ਹੈ ਤਾਂ ਧਾਰਮਿਕ ਆਗੂਆਂ ਨੇ ਇਹ ਵੀ ਖਿਆਲ ਰੱਦ ਕਰ ਦਿੱਤਾ ਕਿ ਸਾਡੀ ਧਾਰਮਿਕ ਪੁਸਤਕ ਤਾਂ ਇਹ ਕਹਿੰਦੀ ਹੈ ਕਿ ਧਰਤੀ ਰੋਟੀ ਵਾਂਗ ਚਪਟੀ ਹੈ। ਇਸਾਈ ਧਾਰਮਿਕ ਆਗੂਆਂ ਨੇ ਫਤਵਾ ਜਾਰੀ ਕੀਤਾ ਕਿ ਗੈਲੀਲੀਓ ਝੂਠ ਬੋਲਦਾ ਹੈ ਤੇ ਇਹ ਸਜਾ ਦਾ ਹੱਕਦਾਰ ਹੈ। ਅਜੇਹੇ ਸਾਂਇੰਟਿਸਟ ਨੂੰ ਸੋੜੀ ਵਿਚਾਰ ਵਾਲੇ ਧਾਰਮਿਕ ਆਗੂਆਂ ਦੀ ਕਰੋਪੀ ਦਾ ਸ਼ਿਕਾਰ ਹੋਣਾ ਪਿਆ। ਅਖੀਰ ਗੈਲੀਲੀਓ ਨੇ ਕਿਹਾ ਕਿ ਧਾਰਮਿਕ ਆਗੂਓ ਤੁਸੀਂ ਆਖੋ ਧਰਤੀ ਨਹੀਂ ਘੁੰਮਦੀ, ਸਾਰੀ ਦੁਨੀਆਂ ਆਖੇ ਧਰਤੀ ਨਹੀਂ ਘੁੰਮਦੀ, ਮੈਂ ਵੀ ਕਹਿੰਦਾ ਹਾਂ ਕਿ ਧਰਤੀ ਨਹੀਂ ਘੁੰਮਦੀ ਪਰ ਹੁਣ ਧਰਤੀ ਨੇ ਘੁੰਮਣੋ ਨਹੀਂ ਹੱਟਣਾ ਇਸ ਨੇ ਘੁੰਮੀ ਹੀ ਜਾਣਾ ਹੈ ਕਿਉਂਕਿ ਮੈਨੂੰ ਧਰਤੀ ਦੇ ਘੁੰਮਣ ਦੇ ਨਿਯਮ ਦਾ ਪਤਾ ਲੱਗ ਗਿਆ ਹੈ। ਧਰਤੀ ਘੁੰਮਣ ਦੀ ਖੋਜ ਕਰਕੇ ੧੬੩੭ ਵਿੱਚ ਗੈਲੀਲੀਓ ਨੂੰ ਘਰ ਦੇ ਵਿੱਚ ਹੀ ਨਜ਼ਰ ਬੰਦ ਕਰ ਦਿੱਤਾ ਤੇ ਇਹ ਅੰਨ੍ਹਾ ਹੋ ਗਿਆ ਸੀ। ੮ ਜਨਵਰੀ ੧੬੪੨ ਈਸਵੀ ਨੂੰ ਫਾਨੀ ਸੰਸਾਰ ਛੱਡ ਗਿਆ ਤੇ ਪਿੱਛੇ ਰਹਿ ਗਈਆਂ ਨਵੀਆਂ ਖੋਜਾਂ। ਅਖੀਰ ਜੋਹਨਪਾਲ ਦੂਜੇ ਨੇ ਸਾਢੇ ਤਿੰਨ ਸਦੀਆਂ ਬਾਅਦ ਗੈਲੀਲੀਓ ਦੀ ਕਬਰ ਕੋਲ ਖਲੋ ਕਿ ਮੁਆਫ਼ੀ ਮੰਗੀ ਕਿ ਐ ਗਲੀਲੀਓ! “ਸਾਨੂੰ ਮੁਆਫ਼ ਕਰ ਦੇ ਅਸੀਂ ਗਲਤ ਸੀ ਤੇਰੀ ਖੋਜ ਸਹੀ ਸੀ। ਸਾਡੇ ਧਾਰਮਿਕ ਗ੍ਰੰਥਾਂ ਵਿੱਚ ਹੀ ਗੈਰਕੁਦਰਤੀ ਕਹਾਣੀਆਂ ਲਿਖੀਆਂ ਹੋਈਆਂ ਸਨ ਜਿੰਨਾਂ `ਤੇ ਸਾਡਾ ਯਕੀਨ ਸੀ ਤੇ ਅਸੀਂ ਉਹ ਹੀ ਲੋਕਾਂ ਨੂੰ ਪੜ੍ਹ ਕੇ ਸਣਾਉਂਦੇ ਰਹੇ ਹਾਂ”। ਡੂੰਘੀ ਸੋਚ ਰੱਖਣ ਵਾਲੇ ਇਸਾਈ ਪਾਦਰੀਆਂ ਨੇ ਆਪਣੇ ਧਾਰਮਿਕ ਗ੍ਰੰਥ ਵਿੱਚ ਕਈ ਸੋਧਾਂ ਕਰਕੇ ਸਮੇਂ ਦਾ ਹਾਣੀ ਬਣਾਉਣ ਦਾ ਯਤਨ ਦਾ ਯਤਨ ਕੀਤਾ ਹੈ।
ਇਸੇ ਤਰ੍ਹਾਂ ਦੀ ਹੀ ਕਹਾਣੀ ਅੱਜ ਸਿੱਖ ਕੌਮ ਨਾਲ ਹੋ ਰਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਦੋ ਦੂਣੀ ਚਾਰ ਵਾਂਗ ਅਟੱਲ ਤੇ ਸਦੀਵ ਕਾਲ ਹੈ। ਪਰ ਕੁੱਝ ਵਿਚਾਰ ਕਰਨ ਤੋਂ ਭੱਜਣ ਵਾਲੇ ਵੀਰ ਦੋ ਦੁਣੀ ਸਾਢੇ ਤਿੰਨ ਜਾਂ ਦੋ ਦੁਣੀ ਨੂੰ ਪੰਜ ਬਣਾਉਣ ਦਾ ਯਤਨ ਕਰ ਰਹੇ ਹਨ। ਦੋ ਦੁਣੀ ਚਾਰ ਮੰਨਣ ਲਈ ਤਿਆਰ ਹੀ ਨਹੀਂ ਹਨ। ਚਲੋ ਕੋਈ ਗੱਲ ਨਹੀਂ ਇਹ ਭਾਂਵੇ ਨਾਂ ਮੰਨਣ ਪਰ ਇਹਨਾਂ ਦਿਆਂ ਬੱਚਿਆਂ ਨੇ ਗੈਰਕੁਦਰਤੀ ਕਿਸੇ ਵੀ ਸਿਧਾਂਤ ਨੂੰ ਮੰਨਣਾ ਨਹੀਂ ਹੈ। ਦੁੱਖ ਇਸ ਗੱਲ ਦਾ ਕਿ ਅਸੀਂ ਅੱਜ ਬਾਹਰਲੇ ਪਹਿਰਾਵੇ ਨੂੰ ਹੀ ਧਰਮ ਸਮਝ ਲਿਆ ਹੋਇਆ ਹੈ। ਗੁਰਬਾਣੀ ਕੇਵਲ ਸਿੱਖਾਂ ਨੂੰ ਹੀ ਨਹੀਂ ਸਗੋਂ ਸਾਰੀ ਮਨੁੱਖਤਾ ਨੂੰ ਸਚਿਆਰ ਬਣਨ ਦਾ ਸੁਨੇਹਾ ਦੇ ਰਹੀ ਹੈ। ਗੁਰਬਾਣੀ ਅੰਦਰਲੇ ਤਲ਼ `ਤੇ ਧਰਮੀ ਬਣਾਉਂਦੀ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਨਾ ਸਮਝਣ ਕਰਕੇ ਅਸੀਂ ਬ੍ਰਹਾਮਣੀ ਕਰਮ ਕਾਂਡ ਨੂੰ ਤਰਜੀਹ ਦੇ ਰਹੇ ਹਾਂ। ਸਿੱਖ ਸਿਧਾਂਤ ਨੂੰ ਗੈਰਕੁਦਰਤੀ ਤੇ ਮਨ ਘੜਤ ਕਥਾ ਕਹਾਣੀਆਂ ਰਾਂਹੀ ਪੇਸ਼ ਕਰ ਰਹੇ ਹਾਂ। ਦੁਜਾ ਆਪੋ ਆਪਣੇ ਮਰ ਚੁੱਕੇ ਸਾਧਾਂ ਨੂੰ ਮਹਾਂਪੁਰਸ਼ਾਂ, ਬ੍ਰਹਮ ਗਿਆਨੀਆਂ ਤੇ ਸੰਤਾਂ ਵਲੋਂ ਕਹੀਆਂ ਹੋਈਆਂ ਥੋਥੀਆਂ ਦਲੀਲਾਂ ਨੂੰ ਸਿੱਖ ਧਰਮ`ਤੇ ਥੋਪ ਰਹੇ ਹਾਂ।
ਸਾਡੇ ਆਪਣੇ ਗੁਰਦੁਆਰਿਆਂ ਵਿੱਚ ਸਿਮਰਣ ਦੇ ਨਾਂ `ਤੇ ਹੁਲੜਬਾਜ਼ੀ ਕਰਨ ਵਾਲੇ ਭੁੱਲੜ ਲੋਕ ਉਸ ਵੇਲੇ ਦੇ ਪਾਦਰੀਆਂ ਨਾਲੋਂ ਕੋਈ ਵੱਖਰੀ ਸੋਚ ਨਹੀਂ ਰੱਖਦੇ। ਇਹਨਾਂ ਹੁਲੜਬਾਜ਼ਾਂ ਨੇ ਨਾ ਤਾਂ ਆਪ ਬਾਣੀ ਪੜ੍ਹੀ ਹੈ ਤੇ ਨਾ ਹੀ ਗੁਰਬਾਣੀ ਦੀ ਵਿਚਾਰ ਸੁਣੀ ਹੈ ਬੱਸ ਵਿਰੋਧ ਕਰਨਾ ਹੈ ਕਿਉਂਕਿ ਇਹ ਸਾਡੇ ਮਹਾਂ ਪੁਰਸ਼ਾਂ ਦੀ ਮਰਯਾਦਾ ਨੂੰ ਨਹੀਂ ਮੰਨਦੇ। ਭਾਈ ਸਰਬਜੀਤ ਸਿੰਘ ਜੀ ਧੂੰਦਾ ਦੀ ਅਮਰੀਕਾ ਪ੍ਰਚਾਰ ਫੇਰੀ ਸਮੇਂ ਵੀ ਬਾਹਰਲੀ ਦਿੱਖ ਦੁਮਾਲਿਆਂ ਤੇ ਚੋਲ਼ਿਆਂ ਵਾਲਿਆਂ ਨੇ ਕਥਾ ਸ਼ੁਰੂ ਹੁੰਦਿਆਂ ਹੀ ਸਿਮਰਣ ਕਰਨਾ ਸ਼ੁਰੂ ਕਰ ਦਿੱਤਾ। ਅਖੇ ਅਸੀਂ ਸ਼ਬਦ ਦੀ ਵਿਚਾਰ ਨਹੀਂ ਹੋਣ ਦੇਣੀ। ਪੁੱਛਿਆ ਕਿ ਸ਼ਬਦ ਦੀ ਵਿਚਾਰ ਕਿਉਂ ਨਹੀਂ ਹੋਣ ਦੇਣੀ ਉੱਤਰ ਇਹ ਸਾਡੇ ਮਹਾਂਪੁਰਸ਼ਾਂ ਦੇ ਵਿਰੁੱਧ ਬੋਲਦਾ ਹੈ। ਕੋਈ ਦਲੀਲ ਨਹੀਂ ਕੋਈ ਵਿਚਾਰ ਨਹੀਂ ਬੱਸ ਵਿਰੋਧ ਕਰਨਾ ਹੈ, ਕੀ ਇਹ ਸਿੱਖੀ ਦੀ ਕੋਈ ਸੇਵਾ ਹੈ ਜਾਂ ਹੁਲੜਬਾਜੀ? ਅਮਰੀਕਾ ਵਰਗੇ ਅਗਾਂਹ ਵਧੂ ਮੁਲਕ ਵਿੱਚ ਰਹਿੰਦਿਆਂ ਅਜੇਹੀਆਂ ਹੋਛੀਆਂ ਗੱਲਾਂ ਕਰਨੀਆਂ ਅਸੱਭਿਆਕ ਹਨ। ਇੰਜ ਕਥਾਵਾਚਕ ਦੇ ਅੱਗੇ ਬੈਠ ਕੇ ਸਿਮਰਨ ਕਰਨਾ ਸਿੱਧੀ ਹੁੜਬਾਜੀ ਹੈ। ਗੁਰਦੁਆਰੇ ਦੀ ਚਲ ਰਹੀ ਮਰਯਾਦਾ ਨੂੰ ਆਪਣੇ ਹੱਥ ਵਿੱਚ ਲੈਣਾ ਕੋਈ ਗੁਰਸਿੱਖੀ ਦੀ ਸੇਵਾ ਨਹੀਂ ਹੈ। ਇੰਝ ਕਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਨਾਲ ਕਿਸੇ ਵੀ ਗੁਰਦੁਆਰੇ ਤਮਾਸ਼ਾ ਦਿਖਾਇਆ ਜਾ ਸਕਦਾ ਹੈ ਜੋ ਬਹੁਤ ਹੀ ਨਿੰਦਣ ਯੋਗ ਹੈ। ਅਖੌਤੀ ਸਾਧਲਾਣਾ ਜੋ ਮਰਜ਼ੀ ਬੋਲੀ ਜਾਏ ਕਿਸੇ ਨੂੰ ਕੋਈ ਸਮੱਸਿਆ ਨਹੀਂ ਹੈ। ਪਰ ਜਿਹੜਾ ਸਿਧਾਂਤਿਕ ਗੱਲ ਕਰਦਾ ਹੈ ਉਸ ਦਾ ਇਹ ਵਿਰੋਧ ਜ਼ਰੂਰ ਕਰਦੇ ਹਨ। ਚਾਹੀਦਾ ਤਾਂ ਇਹ ਹੈ ਕਿ ਤੁਸੀਂ ਆਪਣੀ ਲੀਕ ਵੱਡੀ ਖਿੱਚੋ ਕਿ ਲੋਕ ਤੂਹਾਨੂੰ ਸੁਨਣ ਲੱਗ ਪੈਣ। ਕਲ੍ਹ ਨੂੰ ਕਿਸੇ ਵੀ ਗੁਰਦੁਆਰੇ ਪੰਦਰ੍ਹਾ ਵੀਹ ਲੋਕ ਇਕੱਠੇ ਹੋ ਖਲਰ ਪਾ ਸਕਦੇ ਹਨ। ਇਸ ਤਰ੍ਹਾਂ ਜੱਗ ਹਸਾਈ ਤੋਂ ਬਿਨਾ ਹੋਰ ਕੋਈ ਪ੍ਰਾਪਤੀ ਨਹੀਂ ਹੋ ਸਕਦੀ।
੨੧ ਫਰਵਰੀ ੧੯੨੧ ਨੂੰ ੧੫੦ ਦੇ ਕਰੀਬ ਸਿੰਘਾਂ ਨੇ ਆਪਣੀਆਂ ਸ਼ਹੀਦੀਆਂ ਦੇ ਕੇ ਗੁਰਦੁਆਰਾ ਨਨਕਾਣਾ ਸਾਹਿਬ ਮਹੰਤ ਦੇ ਕਬਜ਼ੇ ਤੋਂ ਅਜ਼ਾਦ ਕਰਾਇਆ ਸੀ। ੨੩ ਫਰਵਰੀ ੧੯੨੧ ਨੂੰ ਪੰਥ ਦੇ ਆਗੂਆਂ ਨੇ ਅੱਧ ਸੜੇ ਮਾਸ ਦੇ ਟੁਕੜਿਆਂ ਨੂੰ ਇਕੱਠੇ ਕਰਕੇ ਇੱਕ ਥਾਂ `ਤੇ ਅਗਨ ਭੇਟ ਕੀਤਾ। ਇਸ ਅਸਥਾਨ ਨੂੰ ਸ਼ਹੀਦ ਗੰਜ ਕਿਹਾ ਜਾਂਦਾ ਹੈ। ਨਨਕਾਣਾ ਸਹਿਬ ਦੇ ਸਾਕੇ ਸਮੇਂ ਸਾਡੇ ਵਿਦਵਾਨ ਆਗੂਆਂ ਨੇ ਸੋਚਿਆ ਕਿ ਆਪਣੀ ਕੌਮ ਨੂੰ ਪੜ੍ਹੇ ਲਿਖੇ ਪਰਚਾਰਕ ਦੇਣ ਲਈ ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਇੱਕ ਮਿਸ਼ਨਰੀ ਕਾਲਜ ਖੋਲ੍ਹਿਆ ਜਾਏ। ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ੧੯੨੭ ਨੂੰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਖੋਲ੍ਹਿਆ ਗਿਆ। ਨਿਰਸੰਦੇਹ ਇਸ ਕਾਲਜ ਨੇ ਬਹੁਤ ਵਧੀਆ ਪਰਚਾਰਕ ਦਿੱਤੇ ਤੇ ਇਹਨਾਂ ਪ੍ਰਚਾਰਕਾਂ ਜੀ-ਜਾਨ ਨਾਲ ਕੌਮ ਲਈ ਬਹੁਤ ਪੁਖਤਾ ਕੰਮ ਕੀਤਾ।
ਜਿਵੇਂ ਜਿਵੇਂ ਗੁਰਦੁਆਰਿਆਂ ਵਿੱਚ ਵਾਧਾ ਹੁੰਦਾ ਗਿਆ ਤਿਵੇਂ ਤਿਵੇਂ ਸੂਝਵਾਨ ਪਰਚਾਰਕਾਂ ਦੀ ਮੰਗ ਵਧਣ ਲੱਗੀ ਪਈ। ਇਸ ਲੋੜ ਨੂੰ ਪੂਰਾ ਕਰਨ ਲਈ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਹੋਂਦ ਵਿੱਚ ਆਇਆ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਸ ਕਾਲਜ ਦੇ ਵਿਦਿਆਰਥੀਆਂ ਨੇ ਨਿਰੋਲ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਅਧਾਰ ਬਣਾ ਕੇ ਸਮਾਜਿਕ ਬੁਰਾਈਆਂ, ਕੁਰੀਤੀਆਂ ਤੇ ਧਰਮ ਦੇ ਨਾਂ `ਤੇ ਕੀਤੇ ਜਾ ਰਹੇ ਕਰਮ ਕਾਂਡਾਂ ਦੀ ਸੰਗਤਾਂ ਨੂੰ ਭਰਪੂਰ ਜਾਣਕਾਰੀ ਦਿੱਤੀ ਹੈ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪੜ੍ਹੇ ਹੋਏ ਤੇ ਹੁਣ ਓੱਥੇ ਹੀ ਪੜ੍ਹਾ ਰਹੇ ਭਾਈ ਸਰਬਜੀਤ ਸਿੰਘ ਧੂੰਦਾ, ਭਾਈ ਸੁਖਵਿੰਦਰ ਸਿੰਘ ਦਦੇਹਰ, ਭਾਈ ਹਰਜਿੰਦਰ ਸਿੰਘ ਸਭਰਾਅ ਤੇ ਹੋਰ ਬਹੁਤ ਸਾਰੇ ਨਾਮੀ ਪਰਚਾਰਕ ਸ਼ਬਦ ਦੀ ਵਿਚਾਰ ਕਰਨ ਵਾਲੇ ਕੌਮ ਦੀ ਝੋਲ਼ੀ ਵਿੱਚ ਪਾਏ ਹਨ।
ਨਿਰਾ ਇਹ ਹੀ ਨਹੀਂ ਇਸ ਕਾਲਜ ਨੇ ਹੋਰ ਅਗਾਂਹ ਕਦਮ ਪੁੱਟਦਿਆਂ ਸੰਨ ੨੦੦੦ ਤੋਂ ਪਿੰਡਾਂ ਵਿੱਚ ਗੁਰਮਤਿ ਪਰਚਾਰ ਦੇ ਕੈਂਪ, ਗੁਰਮਤਿ ਪਰਚਾਰ ਕੇਂਦਰਾਂ ਰਾਂਹੀ ਨੌਜਵਾਨ ਪੀੜ੍ਹੀ ਦੀ ਸੰਭਾਲ ਕਰਨੀ ਤੇ ਸਿੱਖੀ ਲਹਿਰ ਦੇ ਪ੍ਰਗਰਾਮ ਦੇ ਕੇ ਕੌਮ ਵਿੱਚ ਗੁਰਬਾਣੀ ਪੜ੍ਹਨ ਸੁਣਨ ਦੀ ਚੇਤੰਤਾ ਪੈਦਾ ਕੀਤੀ ਹੈ। ਜਿਹੜਾ ਕੰਮ ਕਰੋੜਾਂ ਰੁਪਇਆਂ ਦੇ ਬਜਟ ਵਾਲੇ ਗੁਰਦੁਆਰਿਆਂ ਦੇ ਪ੍ਰਬੰਧਕ ਨਹੀਂ ਕਰ ਸਕੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਨੇ ਸੀਮਤ ਸਾਧਨਾ ਰਾਂਹੀ ਉਹ ਥੋੜੇ ਸਮੇਂ ਵਿੱਚ ਕਰ ਦਿਖਾਇਆ ਹੈ ਤੇ ਇਹ ਸੋਚ ਏਸੇ ਤਰ੍ਹਾਂ ਹੀ ਸੰਗਤਾਂ ਦੇ ਸਹਿਯੋਗ ਨਾਲ ਚਲਦੀ ਰਹੇਗੀ। ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਤੋਂ ਤੁਰਿਆ ਇਹ ਸੱਚ ਦਾ ਕਾਰਵਾ ਹੁਣ ਰੁਕੇਗਾ ਨਹੀਂ ਚਲਦਾ ਰਹੇਗਾ।
ਦੂਜੇ ਪਾਸੇ ਸਿੱਖ ਕੌਮ ਨੂੰ ਜਦੋਂ ਖਤਰਾ ਹੋਇਆ ਹੈ ਤਾਂ ਸਾਡੇ ਬਜ਼ੁਰਗਾਂ ਨੇ ਖੰਡੇ ਦੀ ਧਾਰ `ਤੇ ਨੱਚ ਨੱਚ ਕੇ ਸ਼ਹੀਦੀਆਂ ਦਿੱਤੀਆਂ ਹਨ। ਸਿੱਖ ਸਿਧਾਂਤ ਨੂੰ ਜਦੋਂ ਵੀ ਖਤਰਾ ਹੋਇਆ ਹੈ ਤਾਂ ਇਹ ਆਪਣਿਆਂ ਦੇ ਪਖੰਡ ਤੋਂ ਹੀ ਹੋਇਆ ਹੈ। ੧੯੦੫ ਤੀਕ ਸਿੱਖੀ ਦੇ ਵਿਹੜੇ ਵਿੱਚ ਕੋਈ ਵੀ ਸੰਤ ਨਾਂ ਦਾ ਵਿਆਕਤੀ ਨਹੀਂ ਸੀ। ਇਹ ਅੰਗਰੇਜ਼ ਦੀ ਫੌਜ ਵਿੱਚ ਪੈਦਾ ਹੋਏ ਸੰਤ ਹਨ, ਜਿੰਨ੍ਹਾਂ ਨੇ ਸਭ ਤੋਂ ਪਹਿਲਾਂ ਗੁਰਬਾਣੀ ਕੀਰਤਨ ਛੱਡ ਕੇ ਲੋਕ ਬੋਲੀਆਂ ਵਾਲਾ ਕੀਰਤਨ ਸ਼ੁਰੂ ਕੀਤਾ। ਸਿੱਖੀ `ਤੇ ਨਵੇਂ ਨਵੇਂ ਤਜਰਬੇ ਕਰਦਿਆਂ ਮਾਲਾ ਹੱਥਾਂ ਵਿੱਚ ਫੜਾ ਦਿੱਤੀਆਂ ਹੁਣ ਜਦੋਂ ਗੁਰਬਾਣੀ ਦੀ ਵਿਆਖਿਆ ਕੀਤੀ ਜਾਂਦੀ ਹੈ ਤਾ ਗੁਰਬਾਣੀ ਮਾਲਾ ਨੂੰ ਰੱਦ ਕਰਦੀ ਹੈ ਤਾਂ ਕੁਦਰਤੀ ਜਿਹੜਾ ਮਾਲਾ ਘੁਮਾ ਰਿਹਾ ਹੈ ਉਸ ਨੂੰ ਅਜੇਹੀ ਗੁਰਬਾਣੀ ਵਿਚਾਰ ਕਰਨ ਵਾਲਾ ਪ੍ਰਚਾਰਕ ਚੰਗਾ ਨਹੀਂ ਲੱਗੇਗਾ।
ਕਨੇਡਾ ਦੇ ਇੱਕ ਟੀ. ਵੀ. ਪ੍ਰੋਗਰਾਮ ਵਿੱਚ ਜੋ ਨਾਲ ਦੀ ਨਾਲ ਚੱਲ ਰਿਹਾ ਸੀ। ਸਵਾਲ ਪੁੱਛਣ ਵਾਲਾ ਇਸ ਗੱਲ `ਤੇ ਜ਼ੋਰ ਦੇ ਰਹਾ ਸੀ ਕਿ ਮੇਰੇ ਸਵਾਲ ਦਾ ਉੱਤਰ ਦਿਓ। ਮੈਂ ਕਿਹਾ ਕਿ ਮੇਰੇ ਭਾਈ! “ਮੈਂ ਉੱਤਰ ਤਾਂ ਦੇ ਦਿਆਂਗਾ ਪਰ ਇਸ ਦਾ ਫੈਸਲਾ ਕੌਣ ਕਰੇਗਾ ਮੈਂ ਸਹੀ ਉੱਤਰ ਦਿੱਤਾ ਹੈ”। ਦੂਜਾ ਮੈਂ ਪੁੱਛਿਆ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਗੁਰਬਾਣੀ ਦਾ ਪਾਠ ਅਰਥਾਂ ਨਾਲ ਕੀਤਾ ਹੈ? ਅੱਗੋਂ ਸਵਾਲ ਕਰਨ ਵਾਲਾ ਕਹਿੰਦਾ ਕਿ ਮੈਂ ਨਹੀਂ ਕੀਤਾ। ਫਿਰ ਪੁੱਛਿਆ ਕੀ ਤੁਸੀਂ ਗੁਰਇਤਿਹਾਸ ਤੇ ਸਿੱਖ ਇਤਿਹਾਸ ਪੜ੍ਹਿਆ ਹੈ? ਤਾਂ ਅੱਗੋ ਸਵਾਲ ਕਰਨ ਵਾਲਾ ਟਾਲ ਮਟੋਲ ਕਰਨ `ਤੇ ਉੱਤਰ ਆਇਆ। ਅਖੀਰ ਕਹਿੰਦਾ ਮੈਂ ਗੱਲ ਓੱਥੇ ਹੀ ਲਿਆ ਰਿਹਾ ਹਾਂ ਕਿ ਮਿਸ਼ਨਰੀ ਸਿਮਰਨ ਨੂੰ ਨਹੀਂ ਮੰਨਦੇ। ਮੈਂ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਦਾ ਇਹ ਵਿਸ਼ਾ ਨਹੀਂ ਹੈ ਅੱਜ ਦਾ ਵਿਸ਼ਾ ਤਾਂ ਕੇਵਲ ਸਿੱਖੀ ਦੇ ਵਿਹੜੇ ਵਿੱਚ ਆਏ ਕਰਮ-ਕਾਂਡ ਤਥਾ ਪਾਖੰਡ ਸਬੰਧੀ ਹੈ ਅਗਲੀ ਵਾਰੀ ਇਸ ਵਿਸ਼ੇ ਤੇ ਵਿਚਾਰ ਰੱਖ ਲਿਆ ਜੇ। ਦੂਜਾ ਕੀ ਤੁਸੀਂ ਦਸ ਸਕਦੇ ਹੋ ਕੇ ਅਸੀਂ ਕਿਹੜੇ ਸਿਮਰਣ ਨੂੰ ਨਹੀਂ ਮੰਨਦੇ? ਕੀ ਸਿਮਰਣ ਦੇ ਨਾਂ ਤੇ ਪੱਗਾਂ ਦਾ ਲੱਥ ਜਾਣਾ ਹਾਲੋਂ ਬੇਹਾਲ ਹੋ ਜਾਣਾ ਸਿਰ ਘੁਮਾਈ ਜਾਣਾ ਇਹ ਸਿਮਰਣ ਹੈ? ਤਾਂ ਅੱਗੋਂ ਸਵਾਲ ਕਰਨ ਵਾਲਾ ਕਹਿੰਦਾ ਕਿ ਇਸ ਦੇ ਤੇ ਅਸੀਂ ਵੀ ਉਲਟ ਹਾਂ। ਮੈਂ ਕਿਹਾ ਫਿਰ ਝਗੜਾ ਕਿਸ ਗੱਲ ਦਾ ਹੈ। ਸਿੱਖੀ ਸਹਿਜ ਤੇ ਵਿਚਾਰ ਦਾ ਮਾਰਗ ਸੀ ਪਰ ਅਸੀਂ ਜੋਗ ਮਤ ਵਲ ਨੂੰ ਵੱਧ ਰਹੇ ਹਾਂ।
ਏਦਾਂ ਦੀ ਇੱਕ ਵਿਚਾਰ ਫੇਸ ਬੁੱਕ ਤੇ ਪਈ ਹੋਈ ਹੈ। ਭਾਈ ਸਰਬਜੀਤ ਸਿੰਘ ਜੀ ਧੂੰਦਾ ਕਹਿ ਰਹੇ ਹਨ ਕਿ ਗੁਰਬਾਣੀ ਦੇ ਜਿੱਥੇ ਅੱਖਰੀਂ ਅਰਥ ਹਨ ਓੱਥੇ ਗੁਰਬਾਣੀ ਦਾ ਭਾਵ ਅਰਥ ਵੀ ਹੈ ਤੇ ਉਸ ਭਾਵ ਅਰਥ ਨੂੰ ਅਸੀਂ ਆਪਣੇ ਜੀਵਨ ਵਿੱਚ ਢਾਲਣਾ ਹੈ। ਉਹ ਮਿਸਾਲ ਦੇਂਦੇ ਹਨ ਕਿ ਜਿਸ ਤਰ੍ਹਾਂ --
ਜਲ ਕੀ ਮਛੁਲੀ, ਤਰਵਰਿ ਬਿਆਈ।।
ਦੇਖਤ ਕੁਤਰਾ ਲੈ ਗਈ ਬਿਲਾਈ।। ੨।।
ਭਾਈ ਧੂੰਦਾ ਜੀ ਸਮਝਾਉਂਦੇ ਹਨ ਕਿ ਇਹਨਾਂ ਤੁਕਾਂ ਦੇ ਅੱਖਰੀਂ ਅਰਥ ਇਹ ਬਣਦੇ ਹਨ ਕਿ ਜਲ ਵਿੱਚ ਰਹਿਣ ਮੱਛੀ ਵਾਲੀ ਰੁੱਖਾਂ ਤੇ ਚੜ੍ਹ ਕੇ ਬੱਚਿਆਂ ਨੂੰ ਜਨਮ ਦੇ ਰਹੀ ਹੈ। ਜਦ ਕਿ ਮੱਛੀ ਰੁੱਖ ਉੱਤੇ ਨਹੀਂ ਚੜ੍ਹ ਸਕਦੀ। ਜੇ ਮੱਛੀ ਰੁੱਖ `ਤੇ ਨਹੀਂ ਚੜ੍ਹ ਸਕਦੀ ਤਾਂ ਫਿਰ ਇਸ ਤੁਕ ਦਾ ਭਾਵ ਅਰਥ ਲਿਆ ਜਾਏਗਾ। ਜੋ ਸਤਸੰਗ ਦੇ ਆਸਰੇ ਜੀਊਣ ਵਾਲੀ ਜਿੰਦ ਸੰਸਾਰਕ ਕੰਮਾਂ ਵਿੱਚ ਰੁੱਝ ਗਈ ਹੈ, ਤ੍ਰਿਸ਼ਨਾ-ਬਿੱਲੀ ਇਸ ਦੇ ਸੰਤੋਖ ਨੂੰ ਸਾਡੇ ਵੇਖਦਿਆਂ ਹੀ ਫੜ ਲੈ ਗਈ ਹੈ।
ਹੈਰਾਨਗੀ ਦੀ ਗੱਲ ਦੇਖੋ ਅੱਗੋਂ ਸਵਾਲ ਕਰਨ ਵਾਲਾ ਸਿਧਾਂਤ ਸਮਝਣ ਦੀ ਥਾਂ `ਤੇ ਜਵਾਬ ਦੇ ਰਿਹਾ ਹੈ ਕਿ ਗੁਰੂ ਸਮਰੱਥ ਹੈ ਗੁਰੂ ਚਾਹੇ ਤਾਂ ਮੱਛੀ ਦਰੱਖਤ `ਤੇ ਚੜ੍ਹ ਸਕਦੀ ਹੈ। ਓੱਥੇ ਬੱਚਿਆਂ ਨੂੰ ਜਨਮ ਵੀ ਦੇ ਸਕਦੀ ਹੈ। ਅਜੇਹਿਆਂ ਬੰਦਿਆਂ ਨਾਲ ਦੱਸੋ ਕਿਹੜੀ ਵਿਚਾਰ ਕੀਤੀ ਜਾ ਸਕਦੀ ਹੈ? ਫਿਰ ਇਹਨਾਂ ਨੂੰ ਦਿਮਾਗੋਂ ਪੈਦਲ ਹੀ ਕਿਹਾ ਜਾ ਸਕਦਾ ਹੈ।
ਤਸਵੀਰ ਦਾ ਦੂਜਾ ਪਾਸਾ ਦੇਖੋ ਸਿੱਖ ਰਹਿਤ ਮਰਯਾਦਾ ਵਿੱਚ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਪਰ ਅਜੇਹੇ ਲੋਕ ਗੁਰੂ ਗ੍ਰੰਥ ਸਾਹਿਬ ਦੇ ਤੁੱਲ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਕਰਨ `ਤੇ ਤੁੱਲੇ ਹੋਏ ਹਨ। ਬਾਬਾ ਬੰਦਾ ਸਿੰਘ ਬਹਾਦਰ ਵਰਗੇ ਜਰਨੈਲ ਨੂੰ ਭੁੱਲ ਕੇ ਮਰ ਚੁੱਕੇ ਸਾਧਾਂ ਦੀਆਂ ਬਰਸੀਆਂ ਮਨਾਈਆਂ ਜਾ ਰਹੀਆਂ ਹਨ ਕਦੇ ਵੀ ਅਜੇਹੀ ਮਨਮਤ ਦੇ ਵਿਰੋਧ ਵਿੱਚ ਅਵਾਜ਼ ਇਹਨਾਂ ਨੇ ਨਹੀਂ ਉਠਾਈ। ਡੇਰਿਆਂ ਦੀ ਭੀੜ ਨੇ ਨਿਸ਼ਾਨ ਸਾਹਿਬ ਹੀ ਉਤਾਰ ਦਿੱਤੇ ਹਨ, ਲੰਗਰ ਦੀ ਮਰਯਾਦਾ ਨੂੰ ਸਦਾ ਲਈ ਵਿਸਾਰ ਦਿੱਤਾ ਹੈ। ਗੁਰਬਾਣੀ ਵਿਚਾਰ ਦੀ ਥਾਂ `ਤੇ ਇਹਨਾਂ ਡੇਰਿਆਂ ਨੇ ਸੰਪਟ ਪਾਠਾਂ ਨੂੰ ਨਵਾਂ ਜਨਮ ਦਿੱਤਾ ਹੈ। ਇਹਨਾਂ ਡੇਰਿਆਂ ਅੰਦਰ ਨਿਰੋਲ ਬ੍ਰਾਹਮਣੀ ਕਰਮ ਨੂੰ ਪਹਿਲ ਦਿੱਤੀ ਜਾ ਰਹੀ ਹੈ। ਦੁਪਹਿਰੇ ਚੁਪਹਿਰੇ ਕੱਟਣ ਵਾਲੀਆਂ ਮਨਮਤਾਂ ਚਾਲੂ ਹੋ ਰਹੀਆਂ ਹਨ ਪਰ ਇਹ ਧਰਮੀ ਯੋਧੇ ਅੱਖਾਂ ਮੀਚ ਕੇ ਅਣਦੇਖੀ ਕਰੀ ਜਾ ਰਹੇ ਹਨ। ਇਹਨਾਂ ਧਰਮੀ ਯੋਧਿਆਂ ਨੂੰ ਇਹ ਵੀ ਨਹੀਂ ਦਿਸਦਾ ਕਿ ਪੰਜਾਬ ਵਿੱਚ ਇਸ ਵਾਰੀ ੧੨੦੦੦ ਪਿੰਡ ਵਿੱਚ ੧੨੦੦੦ ਹਜ਼ਾਰ ਹੀ ਸ਼ਰਾਬ ਦਾ ਠੇਕਾ ਖੁਲ੍ਹ ਚੁੱਕਾ ਹੈ ਕਦੇ ਇਹਨਾਂ ਨੇ ਅਵਾਜ਼ ਨਹੀਂ ਉਠਾਈ।
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਨੇ ਸੰਗਤਾਂ ਦੇ ਸਹਿਯੋਗ ਨਾਲ ਜਿੱਥੇ ਪਰਚਾਰਕ ਦਾ ਢਾਈ ਸਾਲਾ ਕੋਰਸ ਕਰਾ ਰਹੀ ਹੈ ਓੱਥੇ ਵਣਜਾਰੇ-ਸ਼ਿਕਲੀਗਰ ਪਰਵਾਰਾਂ ਦਿਆਂ ਬੱਚਿਆਂ ਨੂੰ ਕੀਰਤਨ ਤੇ ਪਰਚਾਰਕ ਦਾ ਕੋਰਸ ਕਰਾ ਰਹੀ ਹੈ ਨਾਲ ਹੀ ਪੰਜਾਬ ਵਿੱਚ ਇਹ ਪਹਿਲਾ ਕਾਲਜ ਹੈ ਜਿੱਥੇ ਬੱਚੀਆਂ ਨੂੰ ਵੀ ਪਰਚਾਰਕ ਦਾ ਕੋਰਸ ਕਰਾਇਆ ਜਾ ਰਿਹਾ ਹੈ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਨੇ ਸੰਨ ੨੦੦੦ ਤੋਂ ਇੱਕ ਅਵਾਜ਼ ਦਿੱਤੀ ਹੈ ਕਿ ਆਓ ਆਪੋ ਆਪਣੇ ਪਿੰਡ ਦੀ ਸੰਭਾਲ਼ ਕਰੀਏ। ਦੇਸ-ਵਿਦੇਸ ਦੀਆਂ ਸੰਗਤਾਂ ਵਲੋਂ ਕਰੀਬ ੯੦ ਕੁ ਗੁਰਮਤਿ ਪ੍ਰਚਾਰ ਕੇਂਦਰ ਸਥਾਪਿਤ ਕਰ ਦਿੱਤੇ ਹਨ ਜਿਸ ਵਿੱਚ ੧੧੦ ਦੇ ਕਰੀਬ ਨੌ-ਜਵਾਨ ਪਰਚਾਰਕ ਸਿੱਖੀ ਦੇ ਪਰਚਾਰ ਵਿੱਚ ਲੱਗੇ ਹੋਏ ਹਨ। ਅਸੀਂ ਇਹ ਅਵਾਜ਼ ਦੇਂਦੇ ਹਾਂ ਕਿ ਆਓ ਆਪਸੀ ਵਿਰੋਧ ਨੂੰ ਛੱਡ ਕੇ ਸਿੱਖੀ ਦੇ ਪਰਚਾਰ ਖੇਤਰ ਵਿੱਚ ਆਪਣਾ ਬਣਦਾ ਯੋਗਦਾਨ ਪਾਓ।
ਭਾਈ ਸਰਬਜੀਤ ਸਿੰਘ ਜੀ ਧੂੰਦਾ ਵਰਗੇ ਨਿਧੜਕ ਪਰਚਾਰਕ ਜੋ ਨਿਰੋਲ ਗੁਰਬਾਣੀ ਨੂੰ ਸਮਰਪਤ ਹਨ ਉਹਨਾਂ ਦੀ ਅਵਾਜ਼ ਨੂੰ ਬੰਦ ਨਹੀਂ ਕੀਤਾ ਜਾ ਸਕਦਾ। ਗਿੱਦੜ ਭਬਕੀਆਂ ਨਾਲ ਕਦੇ ਸ਼ੇਰਾਂ ਨੂੰ ਨਹੀਂ ਡਰਾਇਆ ਧਮਕਾਇਆ ਜਾ ਸਕਦਾ। ਸੰਗਤਾਂ ਹੁਣ ਜਾਗ ਪਈਆਂ ਹਨ ਤੇ ਇਹਨਾਂ ਡੇਰਾਵਾਦੀਆਂ ਦੀਆਂ ਮਨਘੜਤ ਕਹਾਣੀਆਂ ਜ਼ਿਆਦਾ ਦੇਰ ਨਹੀਂ ਚਲਣੀਆਂ।




.