ਪੰਜਾਬ ਵਿਧਾਨ ਸਭਾ ਚੋਣਾ ਇੱਕਾ-ਦੁੱਕਾ ਘਟਨਾਵਾਂ ਤੋਂ ਬਿਨਾ ਸੁੱਖ ਸਬੀਲੀ
ਲੰਘ ਗਈਆਂ ਹਨ ਪਰ ਨਤੀਜਾ ਆਉਣਾ ਬਾਕੀ ਹੈ। ਹੁਣ 11 ਮਚਾਰ ਨੂੰ ਪਤਾ ਲੱਗੇਗਾ ਕਿ ਆਉਣ ਵਾਲੇ ਪੰਜ
ਸਾਲਾਂ ਲਈ ਪੰਜਾਬ ਦਾ ਰਾਜ ਪ੍ਰਬੰਧ ਕੌਣ ਸੰਭਾਲੇਗਾ। ਚੋਣ ਪ੍ਰਚਾਰ ਵੇਲੇ ਬਹੁਤ ਸਾਰੀਆਂ ਅਜੇਹੀਆਂ
ਘਟਨਾਵਾਂ ਅਖਬਾਰੀ ਸੁਰਖੀਆਂ ਦਾ ਸਿੰਗਾਰ ਬਣੀਆਂ, ਜਿਨ੍ਹਾਂ ਨੇ ਸਾਰੇ ਪੰਜਾਬੀਆਂ ਦਾ ਧਿਆਨ ਆਪਣੇ
ਵੱਲ ਖਿਚਿਆ। ਕੁਝ ਘਟਨਾਵਾਂ ਅਜੇਹੀਆਂ ਵੀ ਵਾਪਰੀਆਂ ਜਿਨ੍ਹਾਂ ਨੇ ਖਾਸ ਤੌਰ ਤੇ ਸਿੱਖਾਂ ਨੂੰ
ਪ੍ਰਵਾਭਿਤ ਕੀਤਾ। ਵੋਟਾਂ ਤੋਂ ਦੋ ਦਿਨ ਪਹਿਲਾ ਖਬਰ ਆਈ ਕਿ ਬਾਦਲ ਦਲ ਦੇ ਕੁਝ ਉਮੀਦਵਾਰਾਂ ਵੱਲੋ
ਸਿਰਸੇ ਵਾਲੇ ਦੇ ਚੇਲਿਆਂ ਨੂੰ ਆਪਣੇ ਹੱਕ `ਚ ਭੁਗਤਾਉਣ ਲਈ ਖਾਸ ਤੌਰ ਤੇ ਯਤਨ ਕੀਤਾ ਗਿਆ। ਡੇਰਾ
ਸਿਰਸਾ ਦੇ ਸਿਆਸੀ ਵਿੰਗ ਵੱਲੋਂ ਕੀਤੀ ਗਈ ਇਕੱਤ੍ਰਤਾ ਵਿੱਚ ਬਾਦਲ ਦਲ ਦੇ ਉਮੀਦਵਾਰ ਜਨਮੇਜਾ ਸਿੰਘ
ਸੇਖੋਂ, ਸਿਕੰਦਰ ਸਿੰਘ ਮਲੂਕਾ ਅਤੇ ਜੀਤ ਮਹਿੰਦਰ ਸਿੰਘ ਖਾਸ ਤੌਰ ਤੇ ਸ਼ਾਮਿਲ ਹੋਏ ਸਨ। ਸਿਆਸੀ
ਵਿਰੋਧੀਆਂ ਵੱਲੋ ਇਸ ਦੀ ਕਾਫੀ ਅਲੋਚਨਾ ਕੀਤੀ ਗਈ ਜੋ ਸਿਧਾਂਤਕ ਘੱਟ ਪਰ ਸਿਆਸੀ ਜਿਆਦਾ ਸੀ। ਇਸੇ
ਲੜੀ ਵਿੱਚ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸ਼ਕਾਇਤ ਕਰਨ ਦੀ ਵੀ ਦੌੜ ਲੱਗ ਗਈ। ਪਰ ਜਥੇਦਾਰ
ਗਿਆਨੀ ਗੁਰਬਚਨ ਸਿੰਘ ਵੀ ਅਜੇਹੇ ਖਿਲਾੜੀ ਹਨ ਜਿੰਨਾ ਨੇ ਸਭ ਕੁਝ ਵੇਖ-ਸੁਣ ਕੇ ਅਣਡਿੱਠ ਕਰਨ `ਚ ਹੀ
ਭਲਾਈ ਸਮਝੀ ਅਤੇ ਵੋਟਾਂ ਤੋਂ ਪਹਿਲਾ ਕੋਈ ਅਜੇਹੀ ਕਾਰਵਈ ਕਰਨ ਤੋਂ ਸੰਕੋਚ ਹੀ ਕੀਤਾ ਜਿਸ ਨਾਲ
ਉਨ੍ਹਾਂ ਦੇ ਰਿਜਕ ਦਾਤਿਆਂ ਨੂੰ ਕੋਈ ਮੁਸ਼ਕਲ ਆ ਸਕਦੀ ਹੋਵੇ। ਸ਼ਨਿਚਰਵਾਰ 4 ਫਰਵਰੀ ਸ਼ਾਮ ਦੇ 5 ਵਜੇ
ਵੋਟਾ ਦਾ ਸਮਾਂ ਖਤਮ ਹੁੰਦਿਆ ਸਾਰ ਹੀ, ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ
ਮਨਜੀਤ ਸਿੰਘ ਦਾ ਬਿਆਨ ਆ ਗਿਆ ਕਿ ਅਸੀਂ ਸਿਰਸਾ ਡੇਰੇ ਦਾ ਵਿਰੋਧ ਕਰਦੇ ਹਾਂ। ਕਿੰਨੀ ਹੈਰਾਨੀ ਦੀ
ਗੱਲ ਹੈ ਕਿ ਬਠਿੰਡੇ ਵਾਪਰੀ ਘਟਨਾ ਦੀ ਖਬਰ ਦਿੱਲੀ (ਲੱਗ ਭੱਗ 200 ਮੀਲ ਦੀ ਦੂਰੀ) ਪੁੱਜਣ ਨੂੰ
ਕਿੰਨਾ ਸਮਾਂ ਲੱਗ ਗਿਆ। ਹੁਣ ਗਿਆਨੀ ਗੁਰਬਚਨ ਸਿੰਘ ਨੂੰ ਵੀ ਅਕਾਲ ਤਖਤ ਸਾਹਿਬ ਵੱਲੋਂ ਕਈ ਸਾਲ
ਪਹਿਲਾਂ (ਮਈ 2007) ਜਾਰੀ ਹੋਏ ਹੁਕਮ ਨਾਮੇ ਦਾ ਚੇਤਾ ਆ ਗਿਆ ਹੈ ਕਿ ਬਾਦਲ ਦਲੀਆਂ ਨੇ ਤਾਂ ਉਸ ਦੀ
ਅਵੱਗਿਆ ਕਰ ਦਿੱਤੀ ਹੈ। ਸਾਰੇ ਘਟਨਾ ਕਰਮ ਦੀ ਪੜਤਾਲ ਕਰਕੇ ਰਿਪੋਰਟ ਅਕਾਲ ਤਖਤ ਸਾਹਿਬ ਤੇ ਭੇਜਣ
ਲਈ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਚਾੜ ਦਿੱਤੇ ਗਏ ਹਨ। ਹੁਣ ਕਮੇਟੀ ਵੱਲੋਂ
ਜਾਣੇ-ਪਹਿਚਾਣੇ, ਪੜਤਾਲ ਕਰਨ ਦੇ ਮਾਹਿਰ ਸੱਜਣਾ ਦੀ ਇਕ ਕਮੇਟੀ ਬਣਾਈ ਜਾਵੇਗੀ। ਉਹ ਕਮੇਟੀ ਪੜਤਾਲ
ਕਰਕੇ ਕੀ ਰਿਪੋਟਰ ਦੇਵੇਗੀ, ਰਿਪੋਰਟ ਦੇਵੇਗੀ ਵੀ ਜਾਂ ਨਹੀਂ? ਅਤੇ ਉਸ ਤੇ ਕੀ ਕਾਰਾਵਾਈ ਹੋਵੇਗੀ
ਜਾਂ ਨਹੀਂ, ਇਸ ਦੀ ਤਾਂ ਉਡੀਕ ਹੀ ਕੀਤੀ ਜਾ ਸਕਦੀ ਹੈ।
ਪਾਠਕਾਂ ਨੂੰ ਯਾਦ ਹੋਵੇਗਾ ਕਿ 10 ਨਵੰਬਰ 2006 ਨੂੰ ਦਸਮ ਗ੍ਰੰਥ ਬਾਰੇ, ਗੁਰਦਵਾਰਾ ਗੁਰ ਗਿਆਨ
ਪ੍ਰਕਾਸ਼ ਜਵੱਦੀ ਟਕਸਾਲ ਦੇ ਪ੍ਰਬੰਧਕਾਂ ਵੱਲੋਂ "ਸ਼ਬਦ ਮੁਰਤਿ ਸ਼੍ਰੀ ਦਸਮ ਗ੍ਰੰਥ" ਇਕ
ਸੈਮੀਨਾਰ ਕਰਾਇਆ ਗਿਆ ਸੀ। ਇਸ ਸੈਮੀਨਾਰ ਵਿੱਚ ਹੋਰ ਦਿਦਵਾਨਾਂ ਤੋਂ ਇਲਾਵਾ ਗਿਆਨੀ ਗੁਰਬਚਨ ਸਿੰਘ
ਨੇ ਵੀ, ਅਖੌਤੀ ਦਸਮ ਗ੍ਰੰਥ ਸਬੰਧੀ ਆਪਣੀ ਖੋਜ ਸਾਂਝੀ ਕੀਤੀ ਸੀ। ਇਹ ਸੈਮੀਨਾਰ ਅਕਾਲ ਤਖਤ ਸਾਹਿਬ
ਵੱਲੋ ਜਾਰੀ ਹੋਏ ਹੁਕਮਨਾਮੇਂ ਦੀ ਸਪੱਸ਼ਟ ਅਵੱਗਿਆ ਸੀ। ਅਕਾਲ ਤਖਤ ਦੇ ਉਸ ਵੇਲੇ ਦੇ ਮੁੱਖ ਗ੍ਰੰਥੀ
ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ 14 ਮਈ 2000 ਈ: ਨੂੰ ਇਕ ਹੁਕਮ ਰਾਹੀਂ, ਦਸਮ ਗ੍ਰੰਥ ਬਾਰੇ ਹਰ
ਤਰ੍ਹਾਂ ਦੀ ਚਰਚਾ ਕਰਨ ਤੇ ਪਾਬੰਧੀ ਲਾ ਦਿੱਤੀ ਸੀ। ਪਰ ਕੁਝ ਵਿਦਵਾਨਾਂ ਵੱਲੋ ਜਦੋਂ ਅਖੌਤੀ ਦਸਮ
ਗ੍ਰੰਥ ਦੀ ਅਸਲੀਅਤ ਨੂੰ ਸੰਗਤਾਂ ਨਾਲ ਸਾਝੀ ਕਰਨ ਦੇ ਮੰਤਵ ਨਾਲ ਲੇਖ ਲਿਖੇ ਗਏ ਅਤੇ ਅਖਬਾਰਾਂ
ਵੱਲੋਂ ਛਾਪੇ ਗਏ ਤਾਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ 7 ਅਗਸਤ ਨੂੰ ਇਕ ਹੋਰ ਚੇਤਾਵਨੀ ਪੱਤਰ
ਜਾਰੀ ਕੀਤਾ, "ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ
ਇਸ ਅਨੂਸ਼ਾਸਨ ਹੀਣਤਾ ਦਾ ਗੰਭੀਰ ਨੋਟਿਸ ਲਿਆ ਗਿਆ ਹੈ। ਸਾਰੇ ਸਿੱਖ ਵਿਦਵਾਨਾਂ ਨੂੰ ਫਿਰ ਕਰੜੀ
ਹਦਾਇਤ ਕੀਤੀ ਜਾਂਦੀ ਹੈ ਕਿ ਇਸ ਵਿਸ਼ੇ ਸਬੰਧੀ ਕੋਈ ਲੇਖ ਅੱਗੋਂ ਤੋਂ ਅਖਬਾਰ ਵਿੱਚ ਨਾ ਦੇਣ। ਜੋ ਕੋਈ
ਸਿੱਖ ਵਿਦਵਾਨ ਅੱਜ ਮਿਤੀ 7-8-2000 ਤੋਂ ਇਸ ਹਦਾਇਤ ਦੀ ਉਲੰਘਣਾ ਕਰਦਾ ਹੈ ਉਹ ਆਪਣੇ ਆਪ ਨੂੰ ਸ਼੍ਰੀ
ਅਕਾਲ ਤਖਤ ਸਾਹਿਬ ਦਾ ਦੋਸ਼ੀ ਬਣਾਏਗਾ"।
ਸਪੱਸ਼ਟ ਹੈ ਕਿ 10 ਨਵੰਬਰ 2006 ਨੂੰ ਗਿਆਨੀ ਗੁਰਬਚਨ ਸਿੰਘ ਵੱਲੋਂ , ਇਕ ਸੈਮੀਨਾਰ ਵਿੱਚ ਦਸਮ
ਗ੍ਰੰਥ ਬਾਰੇ ਪੜਿਆ ਗਿਆ ਖੋਜ ਪੱਤਰ, ਸ਼੍ਰੀ ਅਕਾਲ ਤਖਤ ਸਾਹਿਬ ਵੱਲੋ ਜਾਰੀ ਹੋਏ 14 ਮਈ 2000 ਵਾਲੇ
ਹੁਕਮਨਾਮੇਂ ਦੀ ਅਤੇ ਫਿਰ 7 ਅਗਸਤ 2000 ਨੂੰ ਜਾਰੀ ਕੀਤੀ ਗਈ ਕਰੜੀ ਹਦਾਇਤ ਦੀ ਅਵੱਗਿਆ ਕਰਨ ਕਰਕੇ,
ਖੁਦ ਅਕਾਲ ਤਖਤ ਦਾ ਦੋਸ਼ੀ ਹੈ। ਯਾਦ ਰਹੇ 11 ਮਈ 2009 ਨੂੰ "ਸਿੱਖ ਕਲਚਰਲ ਸੁਸਾਇਟੀ ਨਿਉਯਾਰਕ"
ਦੇ ਪ੍ਰਬੰਧਕਾਂ ਵੱਲੋਂ, ਅਖੌਤੀ ਦਸਮ ਗ੍ਰੰਥ ਬਾਰੇ ਰੱਖੀ ਗਈ ਵਿਚਾਰ ਚਰਚਾ ਵਿੱਚੋਂ ਆਖਰੀ ਸਮੇਂ,
ਹਰੀ ਸਿੰਘ ਰੰਧਾਵਾ, ਇਸੇ ਹੁਕਮਨਾਮੇ ਦਾ ਹਵਾਲਾ ਦੇ ਕੇ ਹਰਨ ਹੋ ਗਿਆ ਸੀ। 10 ਨਵੰਬਰ 2006 ਨੂੰ
ਜਵੱਦੀ ਟਕਸਾਲ ਵਿਖੇ, ਅਕਾਲ ਤਖਤ ਸਾਹਿਬ ਦੇ ਹੁਕਮਨਾਂਮੇ ਦੀ ਹੋਈ ਅਵੱਗਿਆ ਕਾਰਨ ਹੋਈ ਚਰਚਾ ਤੋਂ
ਪਿਛੋ 27 ਨਵੰਬਰ 2006 ਨੂੰ 10 ਨਵੰਬਰ 2000 ਵਾਲਾ ਹੁਕਮਾਨਾ ਵਾਪਸ ਲੈ ਲਿਆ ਗਿਆ ਸੀ ਤਾਂ ਜੋ
ਅਖੌਤੀ ਗ੍ਰੰਥ ਦੇ ਹਮਾਇਤੀਆਂ ਖਿਲਾਫ ਕੋਈ ਕਰਾਵਾਈ ਨਾ ਕਰਨੀ ਪਵੇ। ਪਰ! ਜਾਰੀ ਹੋਏ ਹੁਕਨਾਮੇ ਦੀ
ਅਵੱਗਿਆ ਤਾਂ 10 ਨਵੰਬਰ ਨੂੰ ਹੋ ਚੁੱਕੀ ਸੀ। ਜਿਸ ਕਾਰਨ ਹੋਰਨਾ ਸਮੇਤ ਗਿਅਨੀ ਗੁਰਬਚਨ ਸਿੰਘ ਖੁਦ
ਵੀ ਤਨਖਾਹੀਆ ਹੈ। ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੋਏ ਹੁਕਮਨਾਮੇ ਦੀ ਜਾਣਬੁੱਝ ਕੇ ਕੀਤੀ ਗਈ
ਅਵੱਗਿਆ ਕਾਰਨ ਦੋਸ਼ੀ ਬਣੇ ਗਿਆਨੀ ਗਰਬਚਨ ਸਿੰਘ ਵੱਲੋਂ, ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਆਪਣੀ ਭੁਲ
ਬਖਸ਼ਾਉਣ, ਭਾਂਡੇ ਮਾਜਣ ਜਾਂ ਜੋੜੇ ਝਾੜਨ ਦੀ ਖਬਰ ਕਦੇ ਨਹੀਂ ਆਈ। ਜਿਸ ਕਾਰਨ ਉਹ ਅੱਜ ਵੀ ਦੋਸ਼ੀ ਹੈ।
ਇਕ ਦੋਸ਼ੀ ਜਿੰਨਾ ਚਿਰ ਆਪ ਪੇਸ਼ ਹੋ ਕਿ ਦੋਸ਼ ਮੁਕਤ ਨਹੀਂ ਹੁੰਦਾ, ਉਸ ਨੂੰ ਕਿਸੇ ਦੂਜੇ ਖਿਲਾਫ, ਉਸੇ
ਦੋਸ਼ ਕਾਰਨ ਕਰਵਾਈ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਇਸ ਲਈ ਬਾਦਲ ਦਲੀਆਂ ਨੂੰ ਸਿਰਸੇ ਵਾਲੇ ਤੋਂ
ਵੋਟਾਂ ਵਿੱਚ ਸਹਿਯੋਗ ਲੈਣ ਕਾਰਨ, ਗਿਆਨੀ ਗੁਰਬਚਨ ਸਿੰਘ ਵੱਲੋਂ ਕਿਸੇ ਹੋਣ ਵਾਲੀ ਸੰਭਾਵੀ ਕਾਰਵਾਈ
ਤੋਂ ਡਰਨ ਦੀ ਲੋੜ ਨਹੀ ਹੈ।