ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਸਿਧਾਂਤਿਕ ਪ੍ਰਚਾਰਕਾਂ ਦਾ ਵਿਰੋਧ ਕਿਉਂ?
ਗੁਰੂਆਂ ਦੇ ਸਮੇਂ ਤੋਂ ਹੀ ਪੁਜਾਰੀ
ਬਿਰਤੀ ਸਿੱਖ ਸਿਧਾਂਤ ਵਿੱਚ ਰਲਾ ਪਉਣ ਦੇ ਯਤਨ ਵਿੱਚ ਸੀ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ
ਗਿਆਨ ਹੋਣ ਕਰਕੇ ਪੁਜਾਰੀ ਬਹੁਤਾ ਕਾਮਯਾਬ ਨਾ ਹੋ ਸਕਿਆ। ਸਮਾਂ ਬੀਤਣ ਨਾਲ ਹੌਲ਼ੀ ਹੌਲ਼ੀ ਸਿੱਖੀ
ਪ੍ਰਚਾਰ ਦੀ ਵਾਗਡੋਰ ਉਦਾਸੀਆਂ ਤੇ ਨਿਰਮਲੇ ਸਾਧਾਂ ਦੇ ਹੱਥਾਂ ਵਿੱਚ ਚਲੀ ਗਈ ਜਿਸ ਦਾ ਨਤੀਜਾ ਇਹ
ਨਿਕਲਿਆ ਕਿ ਸਿੱਖੀ ਵਿਚਾਰਧਾਰਾ ਦੀ ਥਾਂ `ਤੇ ਸਿੱਖਾਂ ਵਿੱਚ ਬ੍ਰਹਾਮਣੀ ਸੋਚ ਨੇ ਜਨਮ ਲੈ ਲਿਆ।
ਕਹਾਣੀ ਇੰਨੀ ਵੱਧ ਗਈ ਕਿ ਦੇਖਣ ਨੂੰ ਅਸੀਂ ਸਿੱਖ ਲੱਗਦੇ ਸੀ ਪਰ ਕਰਮ ਸਾਡੇ ਸਨਾਤਨੀ ਮਤ ਵਾਲੇ ਸਨ।
ਇਤਿਹਾਸ ਨੂੰ ਅਜੇਹੀ ਰੰਗਤ ਦਿੱਤੀ ਗਈ ਕਿ ਪੜ੍ਹਣ ਸੁਣਨ ਵਾਲਾ ਏਹੀ ਸਮਝਦਾ ਸੀ ਕੇ ਸ਼ਾਇਦ ਗੁਰੂਆਂ ਦਾ
ਜੀਵਨ ਦੇਵੀ-ਦੇਵਤਿਆਂ, ਰਮਾਇਣ ਤੇ ਮਹਾਂ ਭਾਰਤ ਵਰਗਾ ਹੀ ਹੋਣਾ ਹੈ। ਏੱਥੋਂ ਤੀਕ ਕੇ ਦਰਬਾਰ ਸਾਹਿਬ
ਦੀਆਂ ਪ੍ਰਕਰਮਾਂ ਵਿੱਚ ਵੀ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸਥਾਪਿਤ ਹੋ ਚੁੱਕੀਆਂ ਸਨ। ਗੁਰਬਾਣੀ
ਵਿਚਾਰਨ ਵਾਲੇ ਵਿਦਵਾਨਾਂ ਨੇ ਦੇਖਿਆ ਕਿ ਸ਼ਬਦ ਗੁਰਬਾਣੀ ਦਾ ਲਿਆ ਜਾਂਦਾ ਹੈ ਤੇ ਵਿਆਖਿਆ ਕਿਸੇ ਹੋਰ
ਗ੍ਰੰਥ ਦੇ ਸਿਧਾਂਤ ਦੀ ਕੀਤੀ ਜਾਂਦੀ ਹੈ। ਇਤਿਹਾਸ ਵੀ ਉਹ ਸੁਣਾਇਆ ਜਾ ਰਿਹਾ ਹੈ ਜੋ ਗੈਰ ਕੁਦਰਤੀ
ਹੋਵੇ। ਬੜੀ ਸ਼ਿਦਤ ਨਾਲ ਮਹਿਸੂਸ ਕੀਤਾ ਗਿਆ ਕਿ ਜਿਹੜਿਆਂ ਕਰਮ ਕਾਂਡਾਂ ਵਿਚੋਂ ਗੁਰੂ ਨਾਨਕ ਸਾਹਿਬ
ਜੀ ਨੇ ਸਾਨੂੰ ਕੱਢਿਆ ਸੀ ਓਸੇ ਹੀ ਨਿਵਾਣ ਵਾਲੀ ਅਵਸਥਾ ਵਿੱਚ ਅਸੀਂ ਫਿਰ ਚਲੇ ਗਏ ਹਾਂ।
ਸਿੱਖ ਕੌਮ ਦੀ ਅਜੇਹੀ ਤਰਾਸਦੀ ਦੇਖ ਕੇ ਵਿਚਾਰਵਾਨ ਵੀਰਾਂ ਨੇ ਸਿੰਘ ਸਭਾ ਲਾਹੌਰ ਕਾਇਮ ਕੀਤੀ।
ਗੁਰਬਾਣੀ ਸਿਧਾਂਤ ਦੀ ਵਿਚਾਰ ਗੁਰਬਾਣੀ ਅਨੁਸਾਰ ਹੀ ਕਰਨ ਦਾ ਯਤਨ ਅਰੰਭਿਆ। ਉਹਨਾਂ ਨੇ ਪੰਜਾਬੀ
ਜ਼ਬਾਨ ਦੀ ਪ੍ਰਫੁੱਲਤਾ, ਗੁਰਬਾਣੀ ਵਿਚਾਰ ਵਾਲਾ ਸਾਹਿਤ, ਮੈਗਜ਼ੀਨ ਤੇ ਸਿੱਖਾਂ ਵਿੱਚ ਵਿਦਿਆ ਦੇ
ਪਰਚਾਰ ਪਸਾਰ ਲਈ ਮੁੱਢਲੇ ਯਤਨ ਅਰੰਭੇ। ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦਾ ਯਤਨ ਕੀਤਾ। ਵਿਦਿਆ ਦੇ
ਪਸਾਰ ਲਈ ਪੰਜ ਮਾਰਚ ੧੮੯੨ ਨੂੰ ਖਾਲਸਾ ਕਾਲਜ ਹੋਂਦ ਵਿੱਚ ਆਇਆ। ਨਿਰ-ਸੰਦੇਹ ਸਿੱਖੀ ਦੇ ਸਿਧਾਂਤ
ਵਿੱਚ ਨਿਖਾਰ ਆਇਆ ਤੇ ਸਿੱਖ ਕੌਮ ਵਿੱਚ ਨਵੀਂ ਜਾਗਰਤੀ ਆਉਣੀ ਸ਼ੁਰੂ ਹੋਈ। ਪਰ ਉਸ ਸਮੇਂ ਸਭ ਤੋਂ
ਮਾੜੀ ਹਾਲਤ ਗੁਰਦੁਆਰਿਆਂ ਦੀ ਸੀ, ਜਿੰਨ੍ਹਾਂ ਵਿੱਚ ਮਨਮਤਿ ਦਾ ਪੂਰਾ ਜ਼ੋਰ ਸੀ ਕਿਉਂਕਿ ਪੁਜਾਰੀਆਂ
ਨੂੰ ਸਰਕਾਰੀ ਸਰਪ੍ਰੱਸਤੀ ਹਾਸਲ ਹੋਣ ਕਰਕੇ ਪੂਰੀ ਤਾਕਤ ਵਿੱਚ ਸਨ। ਏੱਥੇ ਇੱਕ ਉਚੇਚੇ ਤੌਰ `ਤੇ
ਨੋਟ ਕਰਨ ਵਾਲੀ ਵਿਚਾਰ ਹੈ ਕਿ ਇਸ ਸਮੇਂ ਦੌਰਾਨ ਕੋਈ ਵੀ ਸਾਧ-ਸੰਤ, ਮਹਾਂਪੁਰਸ਼, ਬ੍ਰਹਮ-ਗਿਆਨੀ,
ਡੇਰਾ, ਠਾਠ ਤੇ ਨਾ ਹੀ ਕਿਸੇ ਟਕਸਾਲ ਦਾ ਕੋਈ ਵਜੂਦ ਦਿਸਦਾ ਜੋ ਸਿੱਖੀ ਨਾਲ ਗਹਿਰਾ ਦਰਦ ਰੱਖਦਾ
ਹੋਵੇ ਹੈ। ਜੇ ਕਿਸੇ ਦਾ ਕੋਈ ਵਜੂਦ ਸੀ ਤਾਂ ਉਸ ਨੇ ਪੰਥ ਵਲੋਂ ਪੂਰੀ ਤਰ੍ਹਾਂ ਕਿਨਾਰਾ ਕੀਤਾ ਹੋਇਆ
ਸੀ। ਉਹ ਕਿਸੇ ਵੀ ਮੋਰਚੇ ਚਿਣ ਸ਼ਾਮਿਲ ਨਹੀਂ ਹੋਇਆ ਹੈ। ਇੰਜ ਕਹੀਏ ਕਿ ਸਿੱਖ ਕੌਮ ਵਿੱਚ ਕੋਈ
ਵੀ ਕੇਂਦਰੀ ਜੱਥੇਬੰਦੀ ਨਹੀਂ ਸੀ ਜੋ ਸਮੁੱਚੀ ਕੌਮ ਦੀ ਅਗਵਾਈ ਕਰ ਸਕਣ ਦੇ ਸਮਰੱਥ ਹੋਵੇ, ਹਾਂ
ਨਿਰਮਲਿਆਂ ਤੇ ਉਦਾਸੀਆਂ ਦੇ ਕੁੱਝ ਕੁ ਡੇਰੇ ਜ਼ਰੂਰ ਦਿਖਾਈ ਦੇਂਦੇ ਹਨ ਜਿੰਨਾਂ ਨੂੰ ਬ੍ਰਾਹਮਣੀ
ਕਰਮ-ਕਾਂਡ ਦੀ ਪੁੱਠ ਚੜ੍ਹੀ ਹੋਈ ਸੀ। ਗੁਰਦੁਆਰਿਆਂ ਵਿੱਚ ਵੀ ਇਹਨਾਂ ਡੇਰਿਆਂ ਦੇ ਹੀ ਪੜ੍ਹੇ ਹੋਏ
ਗ੍ਰੰਥੀ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ। ਇਹਨਾਂ ਨੂੰ ਦੇਵੀ ਦੇਵਤਿਆਂ ਤੋਂ ਬਿਨ ਹੋਰ ਦਿਸਦਾ ਹੀ
ਕੁੱਝ ਨਹੀਂ ਸੀ। ਇਸ ਸਮੇਂ ਵਿੱਚ ਜਿੰਨਾ ਵੀ ਸਿੱਖੀ ਵਿੱਚ ਸਾਹਿੱਤ ਪੈਦਾ ਹੋਇਆ ਹੈ ਉਸ ਵਿੱਚ
ਅਸਲੀਅਤ ਘੱਟ ਤੇ ਬ੍ਰਾਹਮਣੀ ਕਰਮ-ਕਾਂਡ ਦੀ ਰੂਪ ਰੇਖਾ ਜ਼ਿਆਦਾ ਦਿਸਦੀ ਹੈ। ਅੱਜ ਜਿਹੜਾ ਮਰਜ਼ੀ ਕੋਈ
ਦਾਅਵਾ ਕਰੀ ਜਾਏ ਪਰ ੧੯੨੦ ਤੀਕ ਸਿੰਘ ਸਭਾ ਲਹਿਰ ਨੂੰ ਛੱਡ ਕੇ ਬਾਕੀ ਸਾਡੀ ਕੋਈ ਵੀ ਕੌਮੀ
ਜੱਥੇਬੰਦੀ ਨਹੀਂ ਸੀ ਜੋ ਰਾਜਸੀ ਤੇ ਧਾਰਮਿਕ ਮੁੱਦਿਆਂ ਦੀ ਗੱਲ ਕਰਨ ਦੇ ਸਮਰੱਥ ਹੋਵੇ। ੧੯੨੦ ਵਿੱਚ
ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ ਹੈ ਤੇ ੧੯੨੫ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਹੋਂਦ ਵਿੱਚ ਆਈ ਹੈ।
ਮਿਸ਼ਨਰੀ ਕਾਲਜ ਦੀ ਉਤਪਤੀ--
ਸਿੰਘਾਂ ਨੂੰ ਲੰਬਾ ਸਮਾਂ ਗੁਲਾਮੀ ਨਾਲ ਜੂਝਦਿਆ ਹੋਇਆਂ ਆਪਣੇ ਘਰ ਬਾਰ ਤਿਆਗਣੇ ਪਏ। ਗਿਆਨੀ
ਗਿਆਨ ਸਿੰਘ ਲਿਖਦੇ ਹਨ—
ਫਿੱਡਾ ਜੈਸਾ ਟੂਟਆ ਜੂਲੜੂ ਸਾ ਕਾਠੀ ਰਸੜੂ ਰਕਾਬ ਜੂ ਰਸੜੂ ਲਗਾਮ ਜੂ
ਇਸ ਬਿਖਮ ਸਮੇਂ ਵਿੱਚ ਗੁਰਦੁਆਰਿਆਂ ਦਾ ਸਮੁੱਚਾ ਪ੍ਰਬੰਧ ਪਿਤਾ ਪੁਰਖੀ ਮਹੰਤਾਂ ਦੇ ਕਬਜ਼ੇ ਵਿੱਚ ਚਲਾ
ਗਿਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਹੰਤਾਂ ਨੇ ਇਤਿਹਾਸਕ ਗੁਰਦੁਆਰਿਆਂ ਦੀ ਮੁੱਢਲੇ ਸਮੇਂ ਵਿੱਚ
ਸੇਵਾ-ਸੰਭਾਲ਼ ਕੀਤੀ ਹੈ ਪਰ ਨਾਲ ਪ੍ਰਚਾਰ ਹਿੰਦੂ ਗ੍ਰੰਥਾਂ ਦਾ ਹੀ ਕਰਦੇ ਰਹੇ ਹਨ। ਦੂਜਾ ਲੰਬਾ ਸਮਾਂ
ਗੁਰਦੁਆਰਿਆਂ ਵਿੱਚ ਬੈਠਣ ਕਰਕੇ ਇਹਨਾਂ ਦੇ ਜੀਵਨ ਵਿੱਚ ਬਹੁਤ ਸਾਰੀਆਂ ਤੁਰੱਟੀਆਂ ਤੇ ਕਮੀਆਂ ਆ
ਗਈਆਂ ਸਨ। ਪਿਤਾ ਪੁਰਖੀ ਹੋਣ ਕਰਕੇ ਗੁਰਦੁਆਰਿਆਂ ਨੂੰ ਆਪਣੀ ਨਿਜੀ ਜਾਇਦਾਦ ਸਮਝਣ ਲੱਗ ਪਏ ਸਨ।
ਸਮੁੱਚੇ ਪ੍ਰਬੰਧ ਵਿੱਚ ਨਿਘਾਰ ਆ ਗਿਆ। ਏੱਥੋਂ ਤੱਕ ਕੇ ਗੁਰਦੁਆਰਾ ਨਨਕਾਣਾ ਸਾਹਿਬ ਦੇ ਅੰਦਰ
ਮਹੰਤਾਂ ਵਲੋਂ ਕੀਤੇ ਜਾਂਦੇ ਕੁਕਰਮਾਂ ਦੀ ਕਹਾਣੀ ਹਰ ਰੋਜ਼ ਲੰਬੀ ਹੁੰਦੀ ਜਾ ਰਹੀ ਸੀ। ਇਹਨਾਂ
ਮਹੰਤਾਂ ਰਾਂਹੀ ਗੁਰਦੁਆਰਿਆਂ ਦਾ ਪੂਰਾ ਬ੍ਰਹਮਣੀ ਕਰਨ ਹੋ ਚੁੱਕਿਆ ਸੀ।
ਸਿੱਖ ਕੌਮ ਦੇ ਸੂਝਵਾਨ ਲੀਡਰਾਂ ਨੇ ਇਹ ਫੈਸਲਾ ਲਿਆ ਕਿ ਗੁਰਦੁਆਰੇ ਸਿੱਖੀ ਦੇ ਪ੍ਰਚਾਰ ਲਈ ਹੋਣੇ
ਚਾਹੀਦੇ ਹਨ ਤੇ ਇਹਨਾਂ ਦਾ ਪ੍ਰਬੰਧ ਸੰਗਤ ਕੋਲ ਹੋਣਾ ਚਾਹੀਦਾ ਹੈ। ਪਰ ਪੁਜਾਰੀ ਮੰਨਣ ਲਈ ਤਿਆਰ
ਨਹੀਂ ਸਨ ਕਿਉਂਕਿ ਉਹਨਾਂ ਨੂੰ ਸਰਕਾਰ ਦੀ ਸਰਪ੍ਰਸਤੀ ਹਾਸਲ ਸੀ। ੨੧ ਫਰਵਰੀ ੧੯੨੧ ਨੂੰ ਗੁਰਦੁਆਰਾ
ਨਨਕਾਣਾ ਸਾਹਿਬ ਨੂੰ ੧੫੦ ਦੇ ਕਰੀਬ ਸਿੰਘਾਂ ਨੇ ਸ਼ਹੀਦੀਆਂ ਦੇ ਕੇ ਅਜ਼ਾਦ ਕਰਾਇਆ। ਸਰਕਾਰ ਨੂੰ ਝੁਕਣਾ
ਪਿਆ ਤੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਗਤ ਨੂੰ ਸੰਭਾਲ ਦਿੱਤਾ। ਨਨਕਾਣਾ ਸਾਹਿਬ ਦੀ ਧਰਤੀ `ਤੇ
ਸ਼ਹੀਦ ਹੋਏ ਕੌਮੀ ਪਰਵਾਨਿਆਂ ਦੇ ਅੱਧ ਸੜੇ ਮਾਸ ਦੇ ਟੁਕੜਿਆਂ ਨੂੰ ਇੱਕ ਥਾਂ `ਤੇ ਇਕੱਠਾ ਕਰਕੇ ੨੩
ਫਰਵਰੀ ੧੯੨੧ ਨੂੰ ਅਗਨ ਭੇਟ ਕੀਤਾ ਗਿਆ। ਉਸ ਅਸਥਾਨ ਨੂੰ ਸ਼ਹੀਦ ਗੰਜ ਆਖਿਆ ਜਾਂਦਾ ਹੈ। ਓਦੋਂ ਸਾਡੇ
ਪੁਰਖਿਆਂ ਨੇ ਇੱਕ ਫੈਸਲਾ ਲਿਆ ਕਿ ਸਿੱਖ ਕੌਮ ਵਿੱਚ ਗੁਰਬਾਣੀ ਸਿਧਾਂਤ ਦੀ ਜਾਗਰਤੀ ਲਿਆਉਣ ਲਈ ਤੇ
ਪੜ੍ਹੇ ਲਿਖੇ ਪ੍ਰਚਾਰਕ ਪੈਦਾ ਕਰਨ ਲਈ ਇੱਕ ਮਿਸ਼ਨਰੀ ਕਾਲਜ ਖੋਲ੍ਹਣਾ ਚਾਹੀਦਾ ਹੈ ਜੋ ਪੰਥ ਨੂੰ
ਦਰਪੇਸ਼ ਚਨੌਤੀਆਂ, ਧਾਰਮਿਕ ਕਰਮ ਕਾਂਡ ਤੇ ਸਮਾਜਿਕ ਬੁਰਾਈਆਂ ਬਾਰੇ ਜਾਣਕਾਰੀ ਦੇਣ ਦੇ ਸਮਰੱਥ ਹੋਵੇ।
੧੯੨੭ ਨੂੰ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ
ਉਦਮ ਕਰਕੇ ਅੰਮ੍ਰਿਤਸਰ ਵਿਖੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਪੁਤਲੀ ਘਰ ਅੰਮ੍ਰਿਤਸਰ ਖੋਲ੍ਹਿਆ ਗਿਆ। ਇਸ
ਕਾਲਜ ਨੇ ਪੰਥ ਲਈ ਉਚਕੋਟੀ ਦੇ ਵਿਦਵਾਨ ਤੇ ਊਘੇ ਪ੍ਰਚਾਰਕ ਪੈਦਾ ਕੀਤੇ, ਜਿਨ੍ਹਾਂ ਨੇ ਜੀ-ਜਾਨ ਨਾਲ
ਸਿੱਖ ਪੰਥ ਦੀ ਦਿਨ ਰਾਤ ਇੱਕ ਕਰਕੇ ਅਥਾਹ ਸੇਵਾ ਕੀਤੀ। ਏੱਥੇ ਇੱਕ ਫਿਰ ਧਿਆਨ ਦੇਣ ਵਾਲੀ ਗੱਲ ਹੈ
ਜੋ ਮੈਂ ਪਹਿਲਾਂ ਲਿਖ ਚੁੱਕਿਆਂ ਹਾਂ ਕਿ ਇਸ ਸਮੇਂ ਤੀਕ ਪੰਥ ਵਿੱਚ ਕੋਈ ਡੇਰਾ, ਸੰਤ-ਸਾਧ,
ਬ੍ਰਹਮ-ਗਿਆਨੀ, ਮਹਾਂਪੁਰਸ਼, ਟਕਸਾਲ, ਠਾਠ ਨਾ ਹੀ ਕਿਸੇ ਹੋਰ ਜੱਥੇਬੰਦੀ ਦਾ ਕੋਈ ਇਤਿਹਾਸ ਨਹੀਂ
ਮਿਲਦਾ ਜਿਸ ਨਾਲ ਮਨ ਨੂੰ ਇਹ ਤਸੱਲੀ ਹੁੰਦੀ ਹੋਵੇ ਕਿ ਇਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਹੈ।
ਫਿਰ ਹੌਲੀ ਹੌਲੀ ਸਿੱਖੀ ਦੇ ਪ੍ਰਚਾਰ ਲਈ ਹੋਰ ਮਿਸ਼ਨਰੀ ਕਾਲਜ ਵੀ ਖੋਲਣੇ ਸ਼ੁਰੂ ਹੋ ਗਏ। ਕੁੱਝ
ਸੂਝਵਾਨ ਵੀਰਾਂ ਨੇ ਗੁਰਮਤਿ ਮਿਸ਼ਨਰੀ ਦਾ ਪੱਤਰ ਵਿਹਾਰ ਕੋਰਸ ਸ਼ੁਰੂ ਕਰਕੇ ਕਿਰਤੀ ਵੀਰਾਂ ਅਤੇ
ਬੀਬੀਆਂ ਨੂੰ ਸਿੱਖੀ ਪ੍ਰਚਾਰ ਦੇ ਖੇਤਰ ਵਿੱਚ ਤੋਰਿਆ। ਭਾਂਵੇ ਇਹ ਯਤਨ ਤਾਂ ਬਹੁਤ ਹੋ ਰਹੇ ਸਨ ਪਰ
ਫਿਰ ਵੀ ਪੂਰਾ ਸਮਾਂ ਦੇਣ ਵਾਲੇ ਪ੍ਰਚਾਰਕਾਂ ਦੀ ਬਹੁਤ ਵੱਡੀ ਘਾਟ ਮਹਿਸੂਸ ਹੋ ਰਹੀ ਸੀ। ਇਸ ਲੋੜ
ਵਿਚੋਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਪੰਜਾਬੀ ਬਾਗ ਲੁਧਿਆਣਾ ਸਥਾਪਿਤ ਹੋਇਆ।
ਗੁਰਮਤਿ ਮਿਸ਼ਨਰੀ ਲਹਿਰ ਦੇ ਉਪਰਾਲੇ
ਇਸ ਲਹਿਰ ਦੇ ਉਪਰਾਲਿਆਂ ਸਦਕਾ ਵਿਸ਼ਵ ਪੱਧਰ ਦੇ ਵਿਦਵਾਨ ਲਿਖਾਰੀ, ਪ੍ਰਚਾਰਕ ਪੈਦਾ ਹੋਏ। ਸਭ
ਤੋਂ ਪਹਿਲਾਂ ਇਹ ਅਹਿਸਾਸ ਹੋਇਆ ਕਿ ਮਹਾਨ ਗੁਰਬਾਣੀ ਦੇ ਫਲਸਫੇ ਨੂੰ ਸੰਸਾਰ ਪੱਧਰ ਤੇ ਕਿਵੇਂ
ਲਿਜਾਇਆ ਜਾਏ। ਇਤਿਹਾਸ ਦੀ ਬਣਤਰ ਨੂੰ ਗੁਰਬਾਣੀ ਅਨੁਸਾਰ ਪੇਸ਼ ਕਰਨ ਦਾ ਯਤਨ ਕੀਤਾ ਗਿਆ। ਇਸ ਲਹਿਰ
ਦੇ ਉਪਰਾਲਿਆਂ ਸਦਕਾ ਹੀ ਗੁਰਮਤਿ ਦਾ ਬਹੁਤ ਸਾਰਾ ਸਿਧਾਂਤਿਕ ਸਾਹਿੱਤ ਪੈਦਾ ਹੋਇਆ ਹੈ। ਗੁਰਬਾਣੀ ਦੇ
ਅਰਥ ਬੋਧ ਦੀ ਸੋਝੀ ਆਉਣੀ ਸ਼ੁਰੂ ਹੋਈ। ਹਰ ਵਿਚਾਰ ਨੂੰ ਗੁਰਬਾਣੀ ਨਾਲ ਪਰਖਣ ਦੀ ਰੁਚੀ ਪੈਦਾ ਹੋਈ।
ਇਹ ਅਹਿਸਾਸ ਹੋਇਆ ਕਿ ਨਾਨਕਈ ਫਲਸਫਾ ਕਿਸੇ ਦਾ ਪਿਛਲੱਗ ਨਹੀਂ ਹੈ ਸਗੋਂ ਇਹ ਤੁਰਿਆ ਹੈ ਤੇ ਨਵੇਂ
ਰਾਹ ਬਣੇ ਹਨ। ਗੁਰਬਾਣੀ ਨੂੰ ਸਮਝਣ ਲਈ ਗੁਰਬਾਣੀ ਵਿਚੋਂ ਹੀ ਪ੍ਰਮਾਣ ਮਿਲ ਜਾਂਦੇ ਹਨ। ਇਸ ਲਹਿਰ ਨੇ
ਗੁਰਬਾਣੀ ਦੀ ਸਿਰਮੋਰਤਾ ਨੂੰ ਵਿਆਕਰਣਕ, ਵਿਗਿਆਨਕ, ਸਿਧਾਂਤਿਕ ਢੰਗ ਤਰੀਕੇ ਨਾਲ ਪਰਚਾਰਨ ਦਾ ਯਤਨ
ਕੀਤਾ ਹੈ। ਪੰਥ ਪ੍ਰਵਾਨਤ ਰਹਿਤ ਮਰਯਾਦਾ ਤੇ ਪਹਿਰਾ ਦਿੰਦਿਆਂ ਇਤਿਹਾਸ ਵਿਚੋਂ ਗੈਰ ਕੁਦਰਤੀ ਸਾਖੀਆਂ
ਤੇ ਗਪੌੜਿਆਂ ਦੀ ਸ਼ਨਾਖਤ ਕੀਤੀ।
ਸਿਧਾਂਤਿਕ ਪ੍ਰਚਾਰਕਾਂ ਦਾ ਵਿਰੋਧ ਕਿਉਂ?
ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਇਸ ਲਈ ਮਾਰ ਦਿੱਤਾ ਗਿਆ ਸੀ ਕਿ ਉਹ ਪੁਜਾਰੀਆਂ ਦੇ ਬਣਾਏ
ਧਰਮ ਨੂੰ ਮੰਨਣ ਲਈ ਤਿਆਰ ਨਹੀਂ ਸੀ। ਸੁਕਰਾਤ ਦੇ ਤਰਕ ਨੇ ਪੁਜਾਰੀਆਂ ਦੀਆਂ ਚੂਲ਼ਾਂ ਹਿਲਾ ਦਿੱਤੀਆਂ
ਸਨ। ਹਜ਼ਰਤ ਯੱਸੂ ਮਸੀਹ ਨੂੰ ਸੂਲੀ `ਤੇ ਇਸ ਲਈ ਚੜ੍ਹਨਾ ਪਿਆ ਕਿ ਉਹ ਪੁਜਾਰੀਆਂ ਦੇ ਸਥਾਪਿਤ
ਕਰਮ-ਕਾਂਡ ਨੂੰ ਮੁੱਢੋਂ ਰੱਦ ਕਰਦਾ ਸੀ। ਮਾਰਟਨ ਲੂਥਰ ਨੂੰ ਇਸਾਈ ਪਾਦਰੀਆਂ ਦੀ ਕਰੋਪੀ ਦਾ ਸ਼ਿਕਾਰ
ਇਸ ਲਈ ਹੋਣਾ ਪਿਆ ਕਿ ਉਹ ਤੀਹ ਦਿਨਾਰ ਦੇ ਕੇ ਪਾਪ ਬਖਸ਼ਾਉਣ ਵਾਲੇ ਕਰਮ ਨੂੰ ਸਿਰੇ ਦਾ ਪਾਖੰਡ ਕਿਹਾ
ਸੀ। ਇੱਕ ਪਾਸੇ ਮੂਲਵਾਦੀ ਪੁਜਾਰੀ ਹੋ ਗਏ ਤੇ ਦੂਜੇ ਪਾਸੇ ਸਿਧਾਂਤਿਕ ਵਿਚਾਰਧਾਰਾ ਨੇ ਜਨਮ ਲੈ ਲਿਆ।
ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਵਿੱਚ ਜਿੱਥੇ ਸਰਕਾਰ ਦੀ ਨੀਤੀ ਕੰਮ ਕਰਦੀ ਹੈ ਓੱਥੇ ਹਿੰਦੂ ਤੇ
ਇਸਲਾਮਿਕ ਪੁਜਾਰੀਆਂ ਦਾ ਬੜਾ ਵੱਡਾ ਰੋਲ ਰਿਹਾ ਹੈ। ਦੁਨੀਆਂ ਦਾ ਕੋਈ ਵੀ ਪੁਜਾਰੀ ਵਿਗਿਆਨਕ ਪੱਖ
ਨੂੰ ਮੰਨਣ ਲਈ ਤਿਆਰ ਨਹੀਂ ਹੋਏਗਾ। ਪੁਜਾਰੀ ਕਿਰਤੀਆਂ ਦੀ ਕਿਰਤ `ਤੇ ਪਲ਼ਦਾ ਹੈ। ਜਿੰਨੇ ਵੱਧ ਤੋਂ
ਵੱਧ ਕਰਮ-ਕਾਂਡ ਦੱਸੇਗਾ ਓਨੀ ਹੀ ਵੱਧ ਤੋਂ ਵੱਧ ਉਸ ਨੂੰ ਆਮਦਨ ਹੋਵੇਗੀ। ਪੁਜਾਰੀ ਹਮੇਸ਼ਾਂ ਸਰਕਾਰੀ
ਧਿਰ ਬਣ ਕੇ ਚਲਦਾ ਹੈ। ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ, ਸਰਕਾਰੀ ਤਸ਼ੱਦਦ ਤੇ ਸਰਕਾਰ ਦੀ ਹਰ
ਮਸਬਿਤ ਸਮੇਂ ਪੁਜਾਰੀ ਢਾਲ਼ ਬਣ ਕੇ ਖਲਾਉਂਦਾ ਹੈ। ਪੁਜਾਰੀ ਸਰਾਕਰੀ ਜ਼ੁਲਮਾਂ ਨੂੰ ਸਹੀ ਠਾਹਿਰਾਉਂਦਾ
ਹੈ। ਸਿੱਖ ਕੌਮ ਵਿੱਚ ਵੀ ਅੱਜ ਪੁਜਾਰੀਵਾਦ ਭਾਰੀ ਪੈ ਗਿਆ ਹੈ। ਗੁਰਬਾਣੀ ਸਿਧਾਂਤ ਨੂੰ ਸਮਝਣ ਦੀ
ਥਾਂ `ਤੇ ਪੁਰਾਣੀਆਂ ਘੱਸੀਆਂ ਪਿੱਟੀਆਂ ਰਵਾਇਤਾਂ ਨੂੰ ਧਰਮ ਸਮਝੀ ਬੈਠਾ ਹੈ।
ਕਿਸੇ ਸੰਸਥਾ ਜਾਂ ਉਸ ਦੀਆਂ ਪ੍ਰੰਪਰਾਵਾਂ ਨੂੰ ਖਤਮ ਕਰਨਾ ਹੋਵੇ ਤਾਂ ਘੱਟੋ ਘੱਟ ਡੇਢ ਸਦੀ ਲੱਗ
ਜਾਂਦੀ ਹੈ। ਸੰਸਥਾਵਾਂ ਨੂੰ ਖੋਰਾ ਲਗਾਉਣ ਲਈ ਉਸ ਦੇ ਬਰਾਬਰ ਏਦਾਂ ਦੇ ਅਸੂਲ ਦੱਸੇ ਜਾਂਦੇ ਹਨ
ਜਿਹੜੇ ਦੇਖਣ ਨੂੰ ਬਿਲਕੁਲ ਸਿੱਖੀ ਪਹਿਰਾਵੇ ਵਾਲੇ ਲਗਦੇ ਹਨ ਪਰ ਅੰਦਰ ਉਹਨਾਂ ਦੇ ਬ੍ਰਾਹਮਣੀ
ਸਿਧਾਂਤ ਭਰਿਆ ਹੁੰਦਾ ਹੈ। ਕੁੱਝ ਕੁ ਮਿਸਾਲਾਂ ਸਾਡੇ ਸਾਹਮਣੇ ਹਨ। ਜਿਸ ਤਰ੍ਹਾਂ ਕਈ ਡੇਰੇ ਵਾਲਿਆਂ
ਨੇ ਕੇਵਲ ਸੁਖਮਨੀ ਸਾਹਿਬ ਦੇ ਪਾਠ ਨੂੰ ਹੀ ਤਰਜੀਹ ਦੇਣੀ ਫਿਰ ਇਸ ਵਿੱਚ ਸੰਪਟ ਲਗਾ ਕੇ ਪਾਠ ਕਰਨ ਦੀ
ਵਿਧੀ ਵਿਧਾਨ ਪੈਦਾ ਕਰਨਾ। ਗੁਰੂਆਂ ਦੀ ਤਰਜ਼ `ਤੇ ਮਰ ਚੁੱਕੇ ਸਾਧਾਂ ਦੀਆਂ ਬਰਸੀਆਂ ਮਨਾਉਣੀਆਂ।
ਅਰਦਾਸ ਦੇ ਰੂਪ ਨੂੰ ਆਪਣੀ ਮਰਜ਼ੀ ਅਨੁਸਾਰ ਤਬਦੀਲ ਕਰ ਦੇਣਾ। ਗੁਰਦੁਆਰੇ ਦੇ ਨਾਮ ਤੋਂ ਪ੍ਰਹੇਜ਼
ਕਰਦਿਆਂ ਠਾਠ ਨਾਂ ਰੱਖ ਲੈਣੇ। ਸਭ ਤੋਂ ਵੱਡੀ ਮਾਰ ਮਾਰਦਿਆਂ ਇਹਨਾਂ ਨੇ ਗੁਰਬਾਣੀ ਕੀਰਤਨ ਛੱਡ ਕੇ
ਲੋਕ ਬੋਲੀਆਂ ਸ਼ੁਰੂ ਕੀਤੀਆਂ ਜਿਸ ਨੂੰ ਭੋਲੇ ਸਿੱਖਾਂ ਗੁਰਬਾਣੀ ਸਮਝ ਕੇ ਪ੍ਰਵਾਨਗੀ ਦੇ ਦਿੱਤੀ।
ਇਹਨਾਂ ਸਾਧਾਂ ਵਲੋਂ ਗੁਰਬਾਣੀ ਕੀਰਤਨ ਛੱਡ ਕੇ ਆਪਣੀ ਮਰਜ਼ੀ ਦੀਆਂ ਧਾਰਨਾ ਚਿਮਟਿਆਂ ਨਾਲ ਉੱਚੀ ਉੱਚੀ
ਗਾ ਕੇ ਕੌਮ ਨਾਲ ਧ੍ਰੋਅ ਕਮਾਇਆ ਹੈ। ਸ਼ਬਦ ਦੀ ਵਿਚਾਰ ਵਲੋਂ ਮੂੰਹ ਮੋੜਦਿਆਂ ਸੱਚ ਖੰਡ ਬਣਾਉਣੇ ਸ਼ੁਰੂ
ਕਰਾ ਦਿੱਤੇ। ਪੱਥਰ ਦੀਆਂ ਮੂਰਤੀਆਂ ਵਾਂਗ ਗੁਰੂ ਗੰਥ ਸਾਹਿਬ ਜੀ ਨੂੰ ਵੀ ਭੋਗ ਲਗਾਉਣੇ ਸ਼ੁਰੂ ਕਰਾ
ਦਿੱਤੇ ਹਨ। ਦੁੱਖ ਇਸ ਗੱਲ ਦਾ ਹੈ ਕਿ ਅਜੇਹੇ ਬੇ ਲੋੜੇ ਕਰਮ-ਕਾਂਡ ਸਾਧ ਸਿੱਖ ਸਿਧਾਂਤ ਬਣਾ ਕੇ ਪੇਸ਼
ਕਰ ਰਹੇ ਹਨ।
ਸਿਧਾਂਤਕਿ ਪ੍ਰਚਾਰਕ ਗੁਰੂ ਗ੍ਰੰਥ ਸਾਹਿਬ ਤੇ ਪੰਥ ਪ੍ਰਵਾਨਤ ਰਹਿਤ ਮਰਯਾਦਾ ਨੂੰ ਸਮਰਪਤ ਹੋ ਕੇ
ਸਿੱਖੀ ਦਾ ਪ੍ਰਚਾਰ ਕਰਦੇ ਹਨ ਜਦ ਕਿ ਡੇਰਾ ਵਾਦੀ ਬਿਰਤੀ ਆਪਣੇ ਡੇਰੇ ਦੀ ਬਣੀ ਹੋਈ ਮਰਯਾਦਾ ਨੂੰ
ਮੁੱਖ ਰੱਖ ਕੇ ਚਲਦੇ ਹਨ। ਅਸਲ ਵਿੱਚ ਵਿਰੋਧ ਓਦੋਂ ਸ਼ੁਰੂ ਹੁੰਦਾ ਹੈ ਜਦੋਂ ਇਹਨਾਂ ਦੇ ਬਾਬਿਆਂ ਵਲੋਂ
ਦਰਸਾਈਆਂ ਗਈਆਂ ਗੈਰ ਕੁਦਰਤੀ ਘਟਨਾਵਾਂ ਨੂੰ ਗੁਰਬਾਣੀ ਦੁਆਰਾ ਰੱਦ ਕੀਤਾ ਜਾਂਦਾ ਹੈ। ਫਿਰ ਇਹ
ਕਹਿੰਦੇ ਹਨ ਕਿ ਸਾਡੇ ਬਾਬੇ ਜੀ ਨੂੰ ਝੂਠਾ ਨਾ ਕਹੋ ਉਹ `ਤੇ ਜੀ ਪੂਰੇ ਬ੍ਰਹਮ ਗਿਆਨੀ ਹਨ।
ਸਿੱਖੀ ਦੇ ਵਿਹੜੇ ਵਿੱਚ ਇੱਕ ਉਹ ਵਿਚਾਰਧਾਰਾ ਕੰਮ ਕਰ ਰਹੀ ਹੈ ਜਿਹੜੀ ਗੁਰਬਾਣੀ ਦੀ ਕਸਵੱਟੀ `ਤੇ
ਪੂਰਾ ਨਹੀਂ ਉੱਤਰਦੀ। ਸਿਧਾਂਤਿਕ ਪਰਚਾਰਕ ਉਹ ਗੱਲ ਕਰਦਾ ਹੈ ਜਿਹੜੀ ਗੁਰਬਾਣੀ ਅਨੁਸਾਰ ਖਰੀ ਹੋਵੇ।
ਸਿਧਾਂਤਿਕ ਪਰਚਾਰਕਾਂ ਨੂੰ ਮੂਲ ਵਾਦੀ ਕਦੇ ਵੀ ਪ੍ਰਵਾਨ ਨਹੀਂ ਕਰਨਗੇ। ਮੂਲਵਾਦੀ ਕਹਿੰਦਾ ਹੈ ਸਾਡੇ
ਬਾਬਾ ਜੀ ਅਨੁਸਾਰ ਬੋਲਣ ਦਾ ਯਤਨ ਕਰੋ ਜਦ ਕਿ ਸਿਧਾਂਤਿਕ ਪਰਚਾਰਕ ਕਹਿੰਦਾ ਹੈ ਮੈਂ ਤਾਂ ਉਹ ਹੀ
ਬੋਲਾਂਗਾ ਜੋ ਗੁਰਬਾਣੀ ਦੀ ਕਸਵੱਟੀ `ਤੇ ਖਰਾ ਉੱਤਰੇਗਾ।
ਸੁਆਲ ਜੁਆਬ ਕਿਥੋਂ ਤੀਕ ਸਹੀ ਹਨ--
ਸੁਆਲ ਜੁਆਬ ਦਾ ਓੱਥੇ ਹੀ ਸਵਾਦ ਆ ਸਕਦਾ ਹੈ ਜਿੱਥੇ ਬਰਾਬਰ ਦੀ ਧਿਰ ਹੋਵੇ। ਜਿਸ ਤਰ੍ਹਾਂ ਕੋਈ
ਅਧਿਆਪਕ ਜਮਾਤ ਵਿੱਚ ਪੜ੍ਹਾ ਰਿਹਾ ਹੈ ਤੇ ਵਿਦਿਆਰਥੀ ਨੂੰ ਕਿਸੇ ਸਵਾਲ ਦੀ ਸਮਝ ਨਹੀਂ ਆਈ ਤਾਂ ਉਹ
ਅਧਿਆਪਕ ਪਾਸੋਂ ਫਿਰ ਸੁਆਲ ਪੁੱਛ ਸਕਦਾ ਹੈ। ਅਧਿਆਪਕ ਉਸ ਨੂੰ ਫਿਰ ਸਮਝਾਉਂਦਾ ਹੈ ਵਿਦਿਆਰਥੀ ਦੇ
ਖਾਨੇ ਵਿੱਚ ਗੱਲ ਬੈਠ ਜਾਂਦੀ ਹੈ। ਦੂਜਾ ਕਿਤੇ ਕੋਈ ਸੈਮੀਨਾਰ ਹੋ ਰਿਹਾ ਹੈ। ਜਦੋਂ ਬੁਲਾਰਾ ਬੋਲਦਾ
ਹੈ ਤਾਂ ਸਰੋਤਾ ਜਨ ਨੂੰ ਬੁਲਾਰੇ ਕੋਲੋਂ ਸਵਾਲ ਪੁੱਛਣ ਦਾ ਹੱਕ ਹੈ ਕਿ ਮੈਨੂੰ ਪੂਰੀ ਸਮਝ ਨਹੀਂ
ਲੱਗੀ ਇਸ ਲਈ ਦੁਬਾਰਾ ਸਮਝਾਇਆ ਜਾਏ। ਏੱਥੇ ਇੱਕ ਵਿਚਾਰ ਕੰਮ ਕਰਦਾ ਹੈ ਕਿ ਜੇ ਫਿਰ ਵੀ ਸਰੋਤੇ ਦੀ
ਤਸੱਲੀ ਨਹੀਂ ਹੁੰਦੀ ਤਾਂ ਸਵਾਲ ਪੁੱਛਣ ਵਾਲਾ ਚੁੱਪ ਕਰ ਜਾਂਦਾ ਹੈ। ਚਲੋ ਫਿਰ ਕਿਤੇ ਉੱਤਰ ਮਿਲ
ਜਾਏਗਾ। ਇਸ ਨੂੰ ਕਿਹਾ ਜਾਂਦਾ ਹੈ ਕਿ ਇੱਕ ਸੀਮਾ ਵਿੱਚ ਰਹਿ ਕੇ ਸੁਆਲ ਜੁਆਬ ਹੋਏ ਹਨ। ਤੀਜਾ ਵਿਚਾਰ
ਸੁਆਲ ਜੁਆਬ ਓੱਥੇ ਪੁੱਛੇ ਜਾਂਦੇ ਹਨ ਜਿੱਥੇ ਬਰਾਬਰ ਦੀਆਂ ਧਿਰਾਂ ਹੋਣ। ਸੰਸਾਰ ਪੱਧਰ `ਤੇ
ਵਿਗਿਆਨੀਆਂ ਦੀ ਵਿਚਾਰ ਗੋਸ਼ਟੀਆਂ ਹੁੰਦੀਆਂ ਹਨ ਕਦੇ ਕਿਤੇ ਰੌਲ਼ਾਂ ਨਹੀਂ ਪਿਆ। ਆਪੋ ਆਪਣੀ ਜਾਣਕਾਰੀ
ਵਿੱਚ ਵਾਧਾ ਕੀਤਾ ਜਾਂਦਾ ਹੈ। ਸਾਹਿਤਿਕ ਵਿਚਾਰ ਗੋਸ਼ਟੀਆਂ ਹੁੰਦੀਆਂ ਹਨ। ਸਰਕਾਰੀ ਮਹਿਕਮਿਆਂ ਦੀਆਂ
ਵਿਚਾਰ ਗੋਸ਼ਟੀਆਂ ਹੁੰਦੀਆਂ ਹਨ। ਵਿਧਾਨ ਸਭਾ ਵਿੱਚ ਸੁਆਬ ਜੁਆਬ ਹੁੰਦੇ ਹਨ। ਅਖਬਾਰਾਂ ਰਸਾਲਿਆਂ
ਵਿੱਚ ਆਪਣੀ ਜਾਣਕਾਰੀ ਵਾਧਾ ਕਰਨ ਲਈ ਸੁਆਲ ਪੁੱਛੇ ਜਾਂਦੇ ਹਨ ਜਿਸ ਦਾ ਸੂਝਵਾਨ ਜੁਆਬ ਦੇਂਦੇ ਹਨ।
ਸੁਆਲ ਜੁਆਬ ਕਰਨ ਦਾ ਲਾਭ ਸਾਰੀ ਮਨੁੱਖਤਾ ਨੂੰ ਹੂੰਦਾ ਹੈ। ਕਈ ਥਾਂਵਾਂ `ਤੇ ਪ੍ਰਬੰਧਕ ਸੁਆਲ ਲੈ ਕੇ
ਫਿਰ ਆਪ ਉੱਤਰ ਦੇਂਦੇ ਹਨ।
ਸਿੱਖ ਕੌਮ ਵਿੱਚ ਇੱਕ ਬਹੁਤ ਮਾਰੂ ਬਿਰਤੀ ਨੇ ਜਨਮ ਲਿਆ ਹੈ। ਹਰ ਜਣਾ ਖਣਾ ਸੁਆਲ ਪੁੱਛੀ ਜਾ ਰਿਹਾ
ਹੈ। ਸੁਆਲ ਪੁੱਛ ਕੇ ਜੁਆਬ ਆਪਣੇ ਅਨੁਸਾਰ ਮੰਗਣ ਦਾ ਯਤਨ ਕਰ ਰਿਹਾ ਹੈ। ਜੇ ਕਿਤੇ ਸੁਆਲ ਕਰਨ ਵਾਲੇ
ਨੂੰ ਮਾਇਕ ਫੜਾ ਦਿੱਤਾ ਜਾਏ ਤਾਂ ਉਹ ਸੁਆਲ ਕਰਨ ਦੀ ਥਾਂ `ਤੇ ਆਪਣੀ ਰਾਮ ਕਹਾਣੀ ਛੋਹ ਕੇ ਬੈਠ
ਜਾਂਦਾ ਹੈ।
ਸਾਡਾ ਮੰਨਣਾ ਹੈ ਕਿ ਸੁਆਲ ਜੁਆਬ ਹੋਣੇ ਚਾਹੀਦੇ ਹਨ। ਇਹਨਾਂ ਦੀ ਇੱਕ ਸੀਮਾ ਹੋਣੀ ਚਾਹੀਦੀ ਹੈ।
ਜਿੱਥੇ ਕਿਤੇ ਵੀ ਸੁਆਲ ਜੁਆਬ ਕਰਨ ਦਾ ਅਵਸਰ ਬਣਦਾ ਹੈ ਤਾਂ ਨਾਲ ਨਿਰਪੱਖ ਵਿਦਵਾਨਾਂ ਦਾ ਪੈਨਲ ਵੀ
ਹੋਣਾ ਚਾਹੀਦਾ ਹੈ ਜੋ ਠੀਕ ਨੂੰ ਠੀਕ ਤੇ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖਦੇ ਹੋਣ। ਅੱਜ ਤੀਕ
ਮਨਘੜਤ ਕਹਾਣੀਆਂ ਸੁਣਾਈਆਂ ਜਾਂਦੀਆਂ ਰਹੀਆਂ ਹਨ ਕਦੇ ਕਿਸੇ ਨੇ ਇਤਰਾਜ਼ ਨਹੀਂ ਕੀਤਾ। ਅਸੀਂ ਚਾਹੁੰਦੇ
ਹਾਂ ਜੇ ਸਿਧਾਂਤਿਕ ਪ੍ਰਚਾਰਕਾਂ ਪਾਸੋਂ ਸੁਆਲ ਪੁੱਛੇ ਜਾਂਦੇ ਹਨ ਤਾਂ ਹਰ ਸਾਧ ਪਾਸੋਂ ਵੀ ਸੁਆਲ
ਪੁੱਛਿਆ ਜਾਣਾ ਚਾਹੀਦਾ ਹੈ ਕਿ ਬਾਬਾ ਜੀ ਜੋ ਤੁਸੀਂ ਕਹਿ ਰਹੇ ਹੋ ਕੀ ਗੁਰਬਾਣੀ ਇਸ ਨੂੰ ਮਾਨਤਾ
ਦੇਂਦੀ ਹੈ?
ਕਦਰਤੀ ਸਿਧਾਂਤਿਕ ਪ੍ਰਚਾਰਕਾਂ ਦਾ ਵਿਰੋਧ ਹੁੰਦਾ ਆਇਆ ਹੈ ਕਿਉਂਕਿ ਜਿਹੜਾ ਵੀ ਤਰਕ `ਤੇ ਆਣ ਕੇ
ਵਿਚਾਰ ਦੇਏਗਾ ਪੁਜਾਰੀ ਨੂੰ ਉਹ ਚੰਗੇ ਨਹੀਂ ਲੱਣਗੇ ਇਸ ਲਈ ਸਿਧਾਂਤਿਕ ਪ੍ਰਚਾਰਕ ਦਾ ਵਿਰੋਧ ਹੁੰਦਾ
ਹੈ। ਇਹ ਠੀਕ ਹੈ ਕਿ ਸਾਧਾਂ ਦੀਆਂ ਗੱਲਾਂ ਲੋਕ ਸਿਰ ਸੁੱਟ ਕੇ ਮੰਨ ਰਹੇ ਹਨ ਤੇ ਸਿਧਾਂਤਿਕ
ਪ੍ਰਚਾਰਕਾਂ ਦਾ ਵਿਰੋਧ ਕਰਕੇ ਮਨ ਨੂੰ ਤਸੱਲੀ ਜ਼ਰੂਰ ਦੇ ਲੈਂਦੇ ਹਨ ਪਰ ਆਉਣ ਵਾਲੇ ਸਮੇਂ ਵਿੱਚ
ਪੜ੍ਹੇ ਲਿਖੇ ਬੱਚੇ ਨੇ ਓਸੇ ਗੱਲ ਨੂੰ ਹੀ ਮੰਨਣਾ ਹੈ ਜਿਹੜਾ ਸਿਧਾਂਤਿਕ, ਵਿਗਿਆਨਕ ਤੇ ਸੱਚ `ਤੇ
ਖਰਾ ਉੱਤਰੇਗਾ। ਗੈਰ ਕੁਦਰਤੀ ਕਿਸੇ ਵੀ ਵਿਚਾਰ ਨੂੰ ਬੱਚੇ ਨਹੀਂ ਮੰਨਣਗੇ।
ਇਕ ਵੀਰ ਸਵਾਲ ਕਰਦਾ ਹੈ ਕਿ ਜੀ ਮਿਸ਼ਨਰੀ ਸ਼ਬਦ ਗੁਰਬਾਣੀ ਵਿੱਚ ਲਿਖਿਆ ਹੋਇਆ ਹੈ? ਦੱਸੋ ਇਸਦਾ ਕੀ
ਉੱਤਰ ਦਿੱਤਾ ਜਾਏ? ਹੁਣ ਜਿਸ ਤਰ੍ਹਾਂ ਦਾ ਸੁਆਲ ਕੀਤਾ ਜਾਂਦਾ ਹੈ ਫਿਰ ਉੱਤਰ ਵੀ ਓਸੇ ਤਰ੍ਹਾਂ ਦਾ
ਹੋਣਾ ਚਾਹੀਦਾ ਹੈ। ਇਸ ਦਾ ਉੱਤਰ ਹੈ ਕਿ ਜੀ ਟੈਲੀਫੂਨ ਵਰਤਣਾ ਗੁਰਬਾਣੀ ਵਿੱਚ ਲਿਖਿਆ ਹੋਇਆ ਹੈ।
ਪੁਰਾਣੇ ਸਮੇਂ ਵਿੱਚ ਘੋੜਿਆਂ ਦੁਆਰਾ ਹੀ ਆਇਆ ਜਾਇਆ ਜਾਂਦਾ ਸੀ ਜਦ ਕਿ ਅੱਜ ਕਲ੍ਹ ਹਵਾਈ ਜਹਾਜ਼ਾਂ
`ਤੇ ਲੰਬੀ ਦੂਰੀ ਨੂੰ ਤਹਿ ਕੀਤਾ ਜਾਂਦੀ ਹੈ। ਗੁਰਬਾਣੀ ਵਿੱਚ ਖੂਹ ਟਿੰਡਾਂ ਲਿਖੀਆਂ ਮਿਲਦੀਆਂ ਹਨ
ਜਦ ਕੇ ਹੁਣ ਬੰਬੀਆਂ ਲੱਗੀਆਂ ਹੋਈਆਂ ਹਨ। ਪਹਿਲਾਂ ਲਕੜ ਦਾ ਬਾਲਣ ਤੇ ਚੁੱਲ੍ਹਿਆਂ ਦੀ ਵਰਤੋਂ ਹੁੰਦੀ
ਸੀ ਜਦ ਕੇ ਹੁਣ ਗੈਸ ਦੁਆਰਾ ਲੰਗਰ ਤਿਆਰ ਕੀਤਾ ਜਾਂਦਾ ਹੈ। ਦਰਬਾਰ ਸਾਹਿਬ ਅੰਦਰ ਰੋਟੀਆਂ ਪਕਾਉਣ ਲਈ
ਬਿਜਲਈ ਮਸ਼ੀਨ ਲਿਆਂਦੀ ਗਈ ਹੈ। ਹੱਥਾਂ ਵਾਲਾ ਕੰਮ ਘੱਟ ਹੋ ਗਿਆ ਹੈ। ਇੰਜ ਸਮੇਂ ਅਨੁਸਾਰ ਮਨੁੱਖੀ
ਜੀਵਨ ਵਿੱਚ ਵਰਤਣ ਵਾਲੀਆਂ ਚੀਜ਼ਾਂ ਵਿੱਚ ਤਬਦੀਲੀ ਆਉਂਦੀ ਰਹੀ ਹੈ ਤੇ ਆਉਂਦੀ ਰਹੇਗੀ ਪਰ ਇਖ਼ਲਾਕੀ
ਕਦਰਾਂ ਕੀਮਤਾਂ ਵਿੱਚ ਕਦੇ ਗਿਰਾਵਟ ਨਹੀਂ ਆਉਣੀ ਚਾਹੀਦੀ। ਗੁਰਬਾਣੀ ਵਿਗਿਆਨ ਦਾ ਵਿਰੋਧ ਨਹੀਂ ਕਰਦੀ
ਸਗੋਂ ਧਰਮੀ ਜੀਵਨ ਪ੍ਰਦਾਨ ਕਰਦੀ ਹੈ। ਵਿਗਿਆਨ ਸੰਸਾਰ ਲਈ ਸੁੱਖ ਸਹੂਲਤਾਂ ਪੈਦਾ ਕਰਨ ਦਾ ਯਤਨ ਕਰਦਾ
ਹੈ ਗੁਰਬਾਣੀ ਸਮੁੱਚੇ ਸੰਸਾਰ ਨੂੰ ਪਿਆਰ ਦੀ ਗਲਵੱਕੜੀ ਵਿੱਚ ਲੈ ਕੇ ਜ਼ਿੰਦਗੀ ਦੀ ਅਸਲੀਅਤ ਦਸਦੀ ਹੈ।