. |
|
ਬਸੰਤ ਪੰਚਮੀ ਬਨਾਮ ‘ਸਰਸਵਤੀ ਦੇਵੀ` ਦਿਵਸ
ਪ੍ਰਾਚੀਨ ਕਾਲ ਤੋਂ ਸੰਸਾਰ ਭਰ ਦੇ ਲੋਕ ਹਰੇਕ ਰੁੱਤ ਦੇ ਪਲਟੇ ਉੱਤੇ ਆਪਣੇ
ਦਿਲੀ-ਭਾਵ ਤੇ ਹੁਲਾਸ ਪ੍ਰਗਟਾਉਣ ਲਈ ਕੋਈ-ਨ-ਕੋਈ ਤਿਉਹਾਰ ਮਨਾਉਂਦੇ ਆ ਰਹੇ ਹਨ। ਕਿਉਂਕਿ, ਕੁਦਰਤੀ
ਨਿਯਮ ਅਧੀਨ ਮਨੁੱਖੀ ਤਨ ਤੇ ਮਨ ਰੁੱਤੀ ਪ੍ਰਭਾਵ ਕ਼ਬੂਲ ਕੇ ਦੁਖੀ ਤੇ ਸੁਖੀ ਹੁੰਦੇ ਹੋਏ ਢਲਦੇ ਤੇ
ਬਦਲਦੇ ਹਨ। ਗੁਰੂ ਨਾਨਕ ਸਾਹਿਬ ਦਾ ਬਚਨ ਹੈ
"ਜੇਹੀ ਰੁਤਿ, ਕਾਇਆ ਸੁਖੁ ਤੇਹਾ;
ਤੇਹੋ ਜੇਹੀ ਦੇਹੀ।। {ਗੁਰੂ ਗ੍ਰੰਥ. ੧੨੫੪} ਪਰ,
ਦੇਵੀ-ਦੇਵਤਿਆਂ ਦੇ ਉਪਾਸ਼ਕ ਤੇ ਸੰਪਰਦਾਈ ਲੋਕਾਂ ਨੇ ਆਪਣੇ ਆਪਣੇ ਇਸ਼ਟ ਨੂੰ ਲੋਕਾਂ ਦੇ ਦਿਲ ਦਿਮਾਗ
ਵਿੱਚ ਬੈਠਾਉਣ ਤੇ ਪ੍ਰਸਿੱਧੀ ਲਈ ਸਰਬ-ਸਾਂਝੇ ਰੁੱਤੀ ਤਿਉਹਾਰਾਂ ਵਿੱਚ ਫ਼ਿਰਕਾਪ੍ਰਸਤੀ ਦਾ ਜ਼ਹਿਰ ਘੋਲ
ਦਿੱਤਾ ਹੈ। ਸਿੱਟਾ ਇਹ ਨਿਕਲਿਆ ਕਿ ਜਿਹੜੇ ਤਿਉਹਾਰ ਸਦੀਆਂ ਤੋਂ ਮਨੁੱਖੀ ਭਾਈਚਾਰੇ ਦੀਆਂ ਸਾਂਝਾਂ
ਪੱਕੀਆਂ ਕਰਨ ਦਾ ਸਾਧਨ ਬਣਦੇ ਆ ਰਹੇ ਸਨ; ਉਨ੍ਹਾਂ ਦੀ ਵਰਣ ਵੰਡ ਹੋ ਗਈ ਤੇ ਉਹ ਸਮਾਜਿਕ ਊਚ-ਨੀਚ ਤੇ
ਨਸਲੀ ਵਿਤਕਰਿਆਂ ਦੀਆਂ ਵਿੱਥਾਂ ਮਿਟਾਉਣ ਦੀ ਥਾਂ ਹੌਲੀ ਹੌਲੀ ਦੀਵਾਰਾਂ ਵਾਂਗ ਖੜੇ ਦਿਸਣ ਲੱਗੇ।
ਮਾਘ ਸੁਦੀ ਪੰਚਮੀ ਦੀ ਥਿੱਤ, ਜਿਸ ਨੂੰ ਬਸੰਤ ਪੰਚਮੀ ਪ੍ਰਚਾਰਿਆ ਜਾਂਦਾ ਹੈ,
ਇਹ ਵੀ ਤਾਂ ਅਸਲ ਵਿੱਚ ਸਰਸਵਤੀ ਦੇਵੀ ਦਾ ਪ੍ਰਗਟ ਦਿਵਸ ਹੈ, ਜਿਸ ਨੂੰ ਲੋਕਾਂ ਵਿੱਚ ਪ੍ਰਚਲਿਤ ਕਰਨ
ਲਈ ਦੇਵੀ ਉਪਾਸ਼ਕਾਂ ਨੇ ਚਲਾਕੀ ਦੁਆਰਾ ਬਸੰਤ ਦੇ ਤਿਉਹਾਰ ਨਾਲ ਜੋੜ ਦਿੱਤਾ ਹੈ। ਕਿਉਂਕਿ, ਇੱਕ ਤਾਂ
ਪੁਰਾਣਿਕ ਕਥਾਵਾਂ ਮੁਤਾਬਿਕ ਇਹ ਓਹੀ ਦਿਨ ਹੈ, ਜਦੋਂ ਸ੍ਰਿਸ਼ਟੀ ਰਚਨਾ ਕਰਨ ਉਪਰੰਤ ਬ੍ਰਹਮਾ ਜੀ ਨੇ
ਵੇਖਿਆ ਕਿ ਸਾਰੇ ਪਾਸੇ ਸੁੰਨਸਾਨ ਹੈ। ਸਭ ਜੀਵ-ਜੰਤੂ ਚੁੱਪ-ਚਾਪ ਤੇ ਉਦਾਸ ਹਨ। ਕੋਈ ਸੰਗੀਤਕ ਖੇੜਾ
ਨਹੀਂ ਹੈ। ਐਸਾ ਵੇਖ ਕੇ ਉਨ੍ਹਾਂ ਨੇ ਆਪਣੇ ਕਰਮੰਡਲ ਦਾ ਜਲ ਚਿੱਟੇ ਕਮਲ ਫੁੱਲ `ਤੇ ਛਿੜਕਿਆ, ਜਿਸ
`ਤੇ ਫੁੱਲ ਵਿਚੋਂ ਇੱਕ ਅਤਿ ਸੁੰਦਰ ਦੇਵੀ ਪ੍ਰਗਟ ਹੋਈ, ਜਿਸ ਨੇ ਚਿੱਟੇ ਕਪੜੇ ਪਹਿਨੇ ਹੋਏ ਸਨ। ਇਸ
ਦੇ ਇੱਕ ਹੱਥ ਵਿੱਚ ਕਿਤਾਬ ਤੇ ਇੱਕ ਵਿੱਚ ਮਾਲਾ ਸੀ ਅਤੇ ਦੋ ਹੱਥਾਂ ਨਾਲ ਵੀਣਾ ਵਜਾ ਰਹੀ ਸੀ। ਇਸੇ
ਲਈ ਸਰਸਵਤੀ ਦੇਵੀ ਨੂੰ ਵੀਣਾ-ਵਾਦਿਨੀ, ਬਾਣੀ ਤੇ ਸ਼ਾਰਦਾ ਨਾਵਾਂ ਨਾਲ ਵੀ ਬਿਆਨ ਕੀਤਾ ਜਾਂਦਾ ਹੈ,
ਜਿਸ ਨੇ ਸੰਸਾਰ ਨੂੰ ਵਿਦਿਆ ਤੇ ਬਾਣੀ (ਕਾਵਿਕ ਬੋਲਾਂ) ਦੀ ਬਖਸ਼ਸ਼ ਕੀਤੀ।
ਜੇ ਹਿੰਦੂ ਪ੍ਰਚਾਰਕਾਂ ਨੂੰ ਪੁੱਛੋ ਕਿ ਬਸੰਤ ਪੰਚਮੀ ਦੀ ਥਿੱਤ, ਬਸੰਤ ਰੁੱਤ
ਤੋਂ ੪੦ ਦਿਨ ਪਹਿਲਾਂ ਮਾਘ ਮਹੀਨੇ ਵਿੱਚ ਕਿਵੇਂ ਆ ਗਈ? ਭਾਰਤ ਦੇ ਸੰਸਕ੍ਰਿਤ ਸਾਹਿਤ ਅਤੇ ਸ੍ਰੀ
ਗੁਰੂ ਗ੍ਰੰਥ ਸਾਹਿਬ ਦੇ
"ਰੁਤਿ ਸਰਸ ਬਸੰਤ ਮਾਹ, ਚੇਤੁ ਵੈਸਾਖ ਸੁਖ ਮਾਸੁ ਜੀਉ।। (ਪੰ. ੯੨੭)
ਗੁਰਵਾਕ ਮੁਤਾਬਿਕ `ਚੇਤ ਤੇ ਵੈਸਾਖ` ਹੀ ਬਸੰਤ ਰੁੱਤ ਦੇ
ਮਹੀਨੇ ਮੰਨੇ ਗਏ ਹਨ। ‘ਮਾਘ` ਮਹੀਨੇ ਨੂੰ ਤਾਂ ‘ਹਿਮਕਰ` (ਬਰਫ਼ਾਨੀ) ਨਾਂ ਦੇ ਕੇ ਸ਼ਰਦੀ ਦੀ ਪਤਝੜੀ
ਠੰਡੀ ਰੁੱਤ ਹੀ ਮੰਨਿਆ ਹੈ। ਜਿਵੇਂ ਕਿ ਗੁਰਵਾਕ ਹੈ
"ਹਿਮਕਰ ਰੁਤਿ ਮਨਿ ਭਾਵਤੀ, ਮਾਘੁ
ਫਗਣੁ ਗੁਣਵੰਤ ਜੀਉ।। " {ਪੰ. ੯੨੯} ਵੈਸੇ ਵੀ
‘ਭਾਰਤੀ ਪ੍ਰੰਪਰਾ ਵਿੱਚ ਬਸੰਤ ਰੁੱਤ ਦੀ ਆਮਦ ਦਾ ਤਿਉਹਾਰ ਚੰਦਰ ਸਾਲ ਅਤੇ ਫਗਣ ਮਹੀਨੇ ਦਾ ਆਖਰੀ
ਦਿਨ ‘ਹੋਲੀ` ਹੈ ਅਤੇ ਖ਼ਾਲਸਈ ਪ੍ਰੰਪਰਾ ਵਿੱਚ ‘ਹੋਲਾ ਮਹੱਲਾ`। ਕਿਉਂਕਿ, ਗੁਰਬਾਣੀ ਕੂਕ ਰਹੀ ਹੈ
"ਚੇਤੁ ਬਸੰਤੁ ਭਲਾ ਭਵਰ
ਸੁਹਾਵੜੇ।। " {ਪੰ. ੧੧੦੭} ਤਾਂ ਫਿਰ ਵੀ
ਪੁਰਾਣਿਕ ਕਥਾ ਦੱਸ ਕੇ ਮਨਘੜਤ ਉੱਤਰ ਮਿਲਦਾ ਹੈ ਕਿ ਬਾਕੀ ਦੀਆਂ ਪੰਜ ਰੁੱਤਾਂ ਨੇ ਬਸੰਤ ਨੂੰ ਆਪਣੀ
ਰਾਣੀ ਮੰਨ ਕੇ ੮-੮ ਦਿਨ ਭੇਟ ਕਰ ਦਿੱਤੇ, ਜਿਸ ਕਰਕੇ ਇਸ ਦੀ ਉਮਰ ਦੂਜੀਆਂ ਰੁੱਤਾਂ ਨਾਲੋਂ ੪੦ ਦਿਨ
ਵਧੇਰੇ ਹੋ ਗਈ। ਜਿਵੇਂ ਕਿ ਉਪਰੋਕਤ ਦੋਵੇਂ ਕਥਾਵਾਂ ਦਾ ਹਵਾਲਾ ਦਿੱਤਾ ਹੈ ਸ੍ਰੀ ਸੱਤ ਪ੍ਰਕਾਸ਼
ਸਿੰਗਲਾ ਨੇ ੧ ਫਰਵਰੀ ੨੦੧੭ ਦੀ ਜਗਬਾਨੀ (ਜਲੰਧਰ) ਦੀ ਪੰਜਾਬੀ ਐਡੀਸ਼ਨ ਵਿੱਚ।
ਪ੍ਰੰਤੂ ਦੁੱਖ ਦੀ ਗੱਲ ਇਹ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ
ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਤੇ ਸ੍ਰੀ ਛੇਹਰਟਾ ਸਾਹਿਬ ਅੰਮ੍ਰਿਤਸਰ ਵਰਗੇ
ਇਤਿਹਾਸਕ ਗੁਰਦੁਆਰਿਆਂ ਵਿਖੇ ਬਸੰਤ-ਪੰਚਮੀ ਦੇ ਮੇਲੇ ਮਨਾਏ ਜਾਂਦੇ ਹਨ। ਕਈ ਗੁਰਦੁਆਰਾ ਸਾਹਿਬਾਨ
ਵਿਖੇ ਵਿੱਚ ਇਸ ਦਿਹਾੜੇ ਬਸੰਤ ਰਾਗ `ਤੇ ਅਧਾਰਿਤ ਵਿਸ਼ੇਸ਼ ਕੀਰਤਨ ਦਰਬਾਰ ਹੁੰਦੇ ਹਨ। ਸ੍ਰੀ ਦਰਬਾਰ
ਸਾਹਿਬ ਅੰਮ੍ਰਿਤਸਰ ਵਿਖੇ ਤਾਂ ਮਾਘੀ ਤੋਂ ਹੀ ਬਸੰਤ ਰਾਗ ਦਾ ਗਾਇਨ ਸ਼ੁਰੂ ਕਰ ਦਿੱਤਾ ਜਾਂਦਾ ਹੈ। ਜਦ
ਕਿ ਗੁਰਬਾਣੀ ਦੇ ਉਪਰੋਕਤ ਗੁਰਵਾਕਾਂ ਦੀ ਰੋਸ਼ਨੀ ਵਿੱਚ ਮਾਘ ਫ਼ਗਣ ਹਿਮਕਰ ਰੁੱਤ ਦੇ ਮਹੀਨੇ ਹਨ, ਬਸੰਤ
ਰੁੱਤ ਦੇ ਨਹੀਂ। ਬਸੰਤ ਸ਼ੁਰੂ ਹੁੰਦੀ ਹੈ ਪਹਿਲੀ ਚੇਤ੍ਰ ਤੋਂ। ਇਹੀ ਕਾਰਣ ਸੀ ਕਿ ਸ੍ਰ. ਪਾਲ ਸਿੰਘ
ਪੁਰੇਵਾਲ ਨੇ ਨਾਨਕਸ਼ਾਹੀ ਕੈਲੰਡਰ ਵਿੱਚ ਹੋਲੇ ਮਹੱਲੇ ਦਾ ਦਿਹਾੜਾ ਪਹਿਲੀ ਚੇਤ੍ਰ ਹੀ ਨਿਸ਼ਚਤ ਕੀਤਾ,
ਜੋ ਕਿ "ਸੂਰਜੁ ਏਕੋ
ਰੁਤਿ ਅਨੇਕ।। " {ਪੰ. ੧੨} ਗੁਰਵਾਕ ਤੋਂ ਇਲਾਵਾ
ਵਿਗਿਆਨਕ ਦ੍ਰਿਸ਼ਟੀਕੋਨ ਤੋਂ ਵੀ ਸਹੀ ਹੈ। ਕਿਉਂਕਿ, ਸਾਰੇ ਸੰਸਾਰ ਦੇ ਖਗੋਲ ਵਿਗਿਆਨੀ ਮੰਨਦੇ ਹਨ ਕਿ
ਰੁੱਤਾਂ ਦਾ ਸਬੰਧ ਸੂਰਜ ਨਾਲ ਹੈ, ਚੰਦ੍ਰਮਾ ਨਾਲ ਨਹੀਂ।
ਗੁਰਸਿੱਖਾਂ ਲਈ ਹੋਰ ਚਿੰਤਾ-ਜਨਕ ਸਥਿਤੀ ਇਹ ਹੈ ਕਿ ੧ ਫਰਵਰੀ ੨੦੧੭ ਨੂੰ
‘ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲ਼ਡ ਯੂਨੀਵਰਸਿਟੀ` ਵਿੱਚ ਵੀ ‘ਸਰਸਵਤੀ ਉਤਸ਼ਵ` ਦੀ ਮਾਘ ਸੁਦੀ ਪੰਚਮੀ
(ਬਸੰਤ ਪੰਚਮੀ) ਨੂੰ ਬਸੰਤ ਰੁੱਤ ਦਾ ਤਿਉਹਾਰ ਦੱਸ ਕੇ ਵਿਦਿਆਰਥੀਆਂ ਪਾਸੋਂ ਪਤੰਗਬਾਜ਼ੀ ਕਰਵਾਈ ਗਈ
ਹੈ। ਇਹ ਖ਼ਬਰ ਪੜ੍ਹ ਕੇ ਤਾਂ ਮੈਨੂੰ ਸੁਭਾਵਿਕ ਹੀ ਮੌਲਾਨਾ ਇਕਬਾਲ ਦੀ ਉਹ ਸ਼ਕਾਇਤ ਭਰੀ ਫ਼ਰਿਆਦ ਯਾਦ ਆ
ਗਈ, ਜਿਸ ਵਿੱਚ ਉਹ ਆਖਦਾ ਹੈ " ਸ਼ਕਾਇਤ
ਹੈ ਮੁਝੇ ਯਾ ਰੱਬ! ਖ਼ੁਦਾਵੰਦਾਨਿ ਮਕਤਬ ਸੇ; ਕਿ ਸਬਕ ਸ਼ਾਹੀਂ (ਬਾਜ਼ਾਂ) ਕੇ ਬੱਚੋਂ ਕੋ ਦੇ ਰਹੇ ਹੈਂ
ਖ਼ਾਕਬਾਜ਼ੀ ਕਾ। " ਕਿਉਂਕਿ ਇਹ ਯੂਨੀਵਰਸਿਟੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦਾ ਉਹ ਪ੍ਰਮੁੱਖ ਵਿਦਿਅਕ ਅਦਾਰਾ ਹੈ, ਜਿਸ
ਦਾ ਮੁੱਖ ਮਨੋਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖੋਜ-ਕਰਾਜਾਂ ਤੋਂ ਇਲਾਵਾ ਵਿਦਿਆਰਥੀਆਂ ਨੂੰ ਹਰ
ਪ੍ਰਕਾਰ ਦੀ ਵਿਦਿਆ ਦਿੰਦਿਆਂ ਗੁਰਬਾਣੀ ਦੇ ਸਰਬੋਤਮ ਫ਼ਲਸਫ਼ੇ ਤੋਂ ਜਾਣੂ ਕਰਾਉਣਾ ਵੀ ਹੈ।
ਇਸ ਲਈ ਚਾਹੀਦਾ ਤਾਂ ਇਹ ਸੀ ਕਿ ਅਧਿਆਪਕ ਵਿਦਿਆਰਥੀਆਂ ਨੂੰ ਸਮਝਾਉਂਦੇ ਕਿ
ਖੁਸ਼ੀਆਂ ਖੇੜੇ ਜਾਂ ਮਨੋਰੰਜਨ ਲਈ ਗੁਰਸਿੱਖ ਕਿਸੇ ਬਸੰਤ ਪੰਚਮੀ ਵਰਗੇ ਦਿਹਾੜੇ ਜਾਂ ਰੁੱਤ ਦਾ ਮੁਥਾਜ
ਨਹੀਂ। ਕਿਉਂਕਿ, ਸਿੱਖੀ ਵਿੱਚ ਸਦਾ-ਬਸੰਤ ਦਾ ਸਕੰਲਪ ਹੈ।
"ਸਦਾ ਬਸੰਤੁ, ਗੁਰ ਸਬਦੁ ਵੀਚਾਰੇ।।
ਰਾਮ ਨਾਮੁ ਰਾਖੈ ਉਰ ਧਾਰੇ।। {ਪੰ. ੧੧੭੬} " ਉਹ
ਗੁਰਸ਼ਬਦ ਵੀਚਾਰ ਦੀ ਰੌਸ਼ਨੀ ਵਿੱਚ ਆਪਣੀ ਹਿਰਦੇ ਰੂਪ ਧਰਤੀ ਅੰਦਰ ਰੱਬੀ-ਨਾਮ ਦਾ ਅਜਿਹਾ ਬੀਜ ਬੋ
ਲੈਂਦਾ ਹੈ, ਜਿਹੜਾ ਉੱਗ ਕੇ ਬਾਰਾਂ ਮਹੀਨੇ ਹੀ ਫਲ਼ਿਆ ਫੁੱਲਿਆ ਰਹਿੰਦਾ ਹੈ। ਉਸ ਦੀ ਠੰਡੀ ਛਾਂ ਤੇ
ਵੈਰਾਗਮਈ ਗਹਿਰ-ਗੰਭੀਰੇ ਫਲ ਮਾਨਵੀ ਗਿਆਨ ਇੰਦ੍ਰਿਆਂ ਲਈ ਸਦਾ ਦੀ ਬਸੰਤ ਬਹਾਰ ਬਣਾਈ ਰੱਖਦੇ ਹਨ।
"ਕਬੀਰ! ਐਸਾ ਬੀਜੁ ਬੋਇ;
ਬਾਰਹ ਮਾਸ ਫਲੰਤ।। ਸੀਤਲ ਛਾਇਆ, ਗਹਿਰ ਫਲ; ਪੰਖੀ ਕੇਲ ਕਰੰਤ।। " {ਪੰ. ੧੩੭੬}
ਕਿਉਂਕਿ ਬਸੰਤ ਰੁੱਤ ਤਾਂ ਉਨ੍ਹਾਂ ਦੇ ਹੀ ਭਾ ਦੀ ਹੈ,
ਜਿਨ੍ਹਾਂ ਜੀਵ ਰੂਪ ਇਸਤ੍ਰੀਆਂ ਦੇ ਹਿਰਦੇ ਰੂਪੀ ਘਰਾਂ ਵਿੱਚ ਪ੍ਰਭੂ ਕੰਤ ਜੀ ਵਸਦੇ ਹਨ। ਬਾਕੀ
ਵਿਜੋਗਣਾਂ ਤਾਂ ਦਿਨ ਰਾਤ ਸੜਦੀਆਂ ਹੀ ਰਹਿੰਦੀਆਂ ਹਨ, ਬਾਹਰ ਭਾਵੇਂ ਕਿਨ੍ਹਾਂ ਵੀ ਸੁਹਾਵਣਾ ਮੌਸਮ
ਹੋਵੇ:
ਨਾਨਕ! ਤਿਨਾ ਬਸੰਤੁ ਹੈ; ਜਿਨੑ ਘਰਿ ਵਸਿਆ ਕੰਤੁ।।
ਜਿਨ ਕੇ ਕੰਤ ਦਿਸਾਪੁਰੀ (ਪ੍ਰਦੇਸੀ) ; ਸੇ ਅਹਿਨਿਸਿ ਫਿਰਹਿ ਜਲੰਤ।। {ਪੰ.
੭੯੧}
ਇਹ ਵੀ ਦੱਸਣਾ ਬਣਦਾ ਸੀ ਕਿ ਸਿਧਾਂਤਕ ਦ੍ਰਿਸ਼ਟੀ ਤੋਂ ਗੁਰਬਾਣੀ ਦੇਵੀ
ਦੇਵਤਿਆਂ ਦੀ ਹੋਂਦ ਨੂੰ ਪ੍ਰਵਾਨ ਹੀ ਨਹੀਂ ਕਰਦੀ। ਹਾਂ, ਜੇ ਕਿਧਰੇ ਰੱਬੀ ਵਡਿਆਈ ਦਰਸਾਉਣ ਲਈ
ਇਨ੍ਹਾਂ ਦਾ ਜ਼ਿਕਰ ਕੀਤਾ ਵੀ ਹੈ ਤਾਂ ਦਾਸ ਦਾਸੀਆਂ ਦੇ ਰੂਪ ਵਿੱਚ, ਮਾਲਕ ਕਰਤੇ ਤੇ ਦਾਤੇ ਦੇ ਤੌਰ
`ਤੇ ਨਹੀਂ। ਜਿਵੇਂ ਗੁਰੂ ਨਾਨਕ ਸਾਹਿਬ ਜੀ ਫ਼ਰਮਾਂਦੇ ਹਨ ਕਿ ਹੇ ਪ੍ਰਭੂ ! ਇਸ ਤ੍ਰਿਭਵਣੀ ਸੰਸਾਰ
ਵਿੱਚ ਨਾਰਦ ਆਦਿਕ ਵੱਡੇ ਵੱਡੇ ਰਿਸ਼ੀ ਤੇ ਸ਼ਾਰਦਾ (ਸਰਸਵਤੀ) ਵਰਗੀਆਂ ਬੇਅੰਤ ਦੇਵੀਆਂ ਸਭ ਤੇਰੇ ਹੀ
ਦਰ ਦੇ ਸੇਵਕ ਹਨ। ਇਹ ਸਾਰੀ ਰਚਨਾ ਤੇਰੀ ਹੀ ਰਚੀ ਹੋਈ ਹੈ, ਇਹ ਸਾਰਾ ਸੰਸਾਰ ਤੇਰਾ ਹੀ ਬਣਾਇਆ ਹੋਇਆ
ਹੈ । ਹਰੇਕ ਜੀਵ ਦੇ ਸਿਰ ਉਤੇ ਰਾਜ਼ਕ ਇੱਕ ਤੁੰਹੀ ਹੈਂ :
ਨਾਰਦ, ਸਾਰਦ, ਸੇਵਕ ਤੇਰੇ।। ਤ੍ਰਿਭਵਣਿ ਸੇਵਕ ਵਡਹੁ ਵਡੇਰੇ।।
ਸਭ ਤੇਰੀ ਕੁਦਰਤਿ, ਤੂ ਸਿਰਿ ਸਿਰਿ ਦਾਤਾ; ਸਭੁ ਤੇਰੋ ਕਾਰਣੁ ਕੀਨਾ ਹੇ।।
{ਗੁਰੂ ਗ੍ਰੰਥ. ੧੦੨੮}
ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ ਕਿ ਕਿ ਜਿਹੜਾ ਪ੍ਰਭੂ ਮੇਰੇ ਹਿਰਦੇ ਤੀਰਥ
`ਤੇ ਵਸਦਾ ਹੈ, ਨਾਰਦੁ ਮੁਨੀ ਤੇ ਸਰਸਵਤੀ (ਸ਼ਾਰਦਾ) ਦੇਵੀ ਉਸ ਦੀ ਸੇਵਾ ਕਰ ਰਹੇ ਹਨ ਅਤੇ ਲੱਛਮੀ ਉਸ
ਦੇ ਕੋਲ ਟਹਿਲਣ ਬਣ ਕੇ ਬੈਠੀ ਹੋਈ ਹੈ:
ਨਾਰਦ ਸਾਰਦ ਕਰਹਿ ਖਵਾਸੀ।। ਪਾਸਿ ਬੈਠੀ ਬੀਬੀ ਕਵਲਾ ਦਾਸੀ।। { ਪੰ.
੪੭੯}
ਪ੍ਰੰਤੂ ਬਾਣੀਕਾਰ ਗੁਰੂ ਸਾਹਿਬਾਨ ਤੇ ਭਗਤ-ਜਨਾਂ ਇਤਨੇ ਚੇਤੰਨ ਹਨ ਕਿ
ਕਾਵਿਕ ਅਲੰਕਾਰ ਵਜੋਂ ਅਜਿਹੇ ਪੌਰਾਣਿਕ ਹਵਾਲੇ ਦੇ ਕੇ ਨਾਲ ਤਨਜ਼ ਸਹਿਤ ਸੁਚੇਤ ਵੀ ਕੀਤਾ ਹੈ ਕਿ
ਜਿਹੜੇ ਲੋਕ ਮਾਲਕ ਪ੍ਰਭੂ ਨੂੰ ਛੱਡ ਕੇ ਦਾਸ ਦਾਸੀਆਂ ਨੂੰ ਪੂਜਦੇ ਹਨ, ਉਹ ਮਨਮੁਖ ਤੇ ਅੰਧ-ਅਗਿਆਨੀ
ਹਨ: ਠਾਕੁਰੁ ਛੋਡਿ ਦਾਸੀ ਕਉ
ਸਿਮਰਹਿ, ਮਨਮੁਖ ਅੰਧ ਅਗਿਆਨਾ।। {ਪੰ. ੧੧੩੮}
ਕਿਉਂਕਿ, ਉਨ੍ਹਾਂ ਪਾਸੋਂ ਕੁੱਝ ਮਿਲਣ ਵਾਲਾ ਨਹੀਂ। ਜਿਹੜੇ ਲੋਕ ਮੂਰਤੀਆਂ ਦੇ ਰੂਪ ਵਿੱਚ ਦੇਵੀ
ਦੇਵਤਿਆਂ ਨੂੰ ਪੂਜਦੇ ਹਨ, ਉਨ੍ਹਾਂ ਨੂੰ ਸੋਚਣ ਦੀ ਲੋੜ ਹੈ ਕਿ ਜਿਹੜੇ ਪੱਥਰ (ਮੂਰਤੀਆਂ) ਪਾਣੀ ਨਾਲ
ਨਿੱਤ ਧੋਂਦਿਆਂ ਵੀ ਪਾਣੀ ਵਿੱਚ ਡੁੱਬ ਜਾਂਦੇ ਹਨ, ਉਹ ਆਪਣੇ ਪੁਜਾਰੀਆਂ ਨੂੰ ਸੰਸਾਰ-ਸਮੁੰਦਰ ਤੋਂ
ਕਿਵੇਂ ਤਾਰ ਸਕਦੇ ਹਨ ? :
ਦੇਵੀ ਦੇਵਾ ਪੂਜੀਐ, ਭਾਈ! ਕਿਆ ਮਾਗਉ, ਕਿਆ ਦੇਹਿ।।
ਪਾਹਣੁ ਨੀਰਿ ਪਖਾਲੀਐ, ਭਾਈ! ਜਲ ਮਹਿ ਬੂਡਹਿ ਤੇਹਿ।। {ਗੁਰੂ ਗ੍ਰੰਥ. ੬੩੭}
ਦਾਸ (ਜਾਚਕ) ਦਾ ਪੂਰਨ ਨਿਸ਼ਚਾ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ
ਸਮੇਤ ਇਤਿਹਾਸਕ ਗੁਰਦੁਆਰਿਆਂ ਵਿੱਚ ਮਾਘ ਸੁਦੀ ਪੰਚਮੀ ਦਾ ਸਰਸਵਤੀ ਦਿਵਸ ਬਸੰਤ-ਪੰਚਮੀ ਦੇ ਨਾਂ ਹੇਠ
ਮਨਾਉਣਾ ਮਹਾਰਾਜਾ ਰਣਜੀਤ ਸਿੰਘ ਜੀ ਰਾਜ-ਕਾਲ ਵੇਲੇ ਸ਼ੁਰੂ ਹੋਇਆ। ਕਿਉਂਕਿ, ਉਸ ਵੇਲੇ ਸ੍ਰੀ ਦਰਬਾਰ
ਸਾਹਿਬ ਦੇ ਮੁੱਖ ਪੁਜਾਰੀ ਸਨ ਗਿਆਨੀ ਸੰਤ ਸਿੰਘ ਨਿਰਮਲੇ, ਜੋ ਦੇਵੀ ਦੇਵਤਿਆਂ ਦੇ ਇਤਨੇ ਉਪਾਸ਼ਕ ਸਨ
ਕਿ ਉਨ੍ਹਾਂ ਨੇ ਆਪਣੇ ਘਰ ਦੇ ਮੁਖ ਦਰਵਾਜ਼ੇ ਉੱਤੇ ਗਣੇਸ਼ ਦੀ ਮੂਰਤੀ ਜੜੀ ਹੋਈ ਸੀ। ਗਿਆਨੀ ਜੀ ਦੇ
ਸਰਸਵਤੀ ਉਪਾਸ਼ਕ ਹੋਣ ਦਾ ਹੋਰ ਪੱਕਾ ਸਬੂਤ ਇਹ ਹੈ ਕਿ ਉਨ੍ਹਾਂ ਦਾ ਸ਼ਗਿਰਦ ਭਾਈ ਸੰਤੋਖ ਸਿੰਘ, ਜਿਸ
ਨੇ ੧੯ਵੀਂ ਸਦੀ ਦੇ ਅੰਤ ਵਿੱਚ ਗੁਰਪ੍ਰਤਾਪ ਸੂਰਜ (ਸੂਰਜ ਪ੍ਰਕਾਸ਼) ਵਰਗੇ ਵੱਡ ਅਕਾਰੀ ਇਤਿਹਾਸਕ
ਗ੍ਰੰਥ ਦੀ ਰਚਨਾ ਕੀਤੀ, ਹਰੇਕ ਅਧਿਆਇ ਨੂੰ ਸ਼ੁਰੂ ਕਰਨ ਵੇਲੇ ਸਰਸਵਤੀ ਦੇਵੀ ਦਾ ਮੰਗਲ ਕਰਦਾ ਹੈ। ਉਸ
ਦੀ ਸਰੀਰਕ ਸੁੰਦਰਤਾ ਤੇ ਆਤਮਕ ਗੁਣਾਂ ਨੂੰ ਸਲਾਹੁੰਦਾ ਹੈ। ਜਿਵੇਂ:
ਚੌਪਈ: ਸਾਰਦ ਬਰਦਾ, ਸੁਮਤਿ ਬਿਸਾਰਦ। ਸਾਰਦ ਚੰਦ ਬਦਨ ਤੇ ਭਾ ਰਦ।
ਪਾਰਦ ਬਦਨੀ, ਤਨ ਦੁਤਿ ਨਾਰਦ। ਦਾਰਿਤ ਹਰਤਾ, ਦਾਸਨਿ ਸਾਰਦ।
{ਰਾਸ਼ਿ
੨, ਪੰ. ੨੩}
ਅਰਥ: ਚੰਗੀ ਬੁਧੀ ਦੇ ਵਰ ਦਾਨ ਦੇਣ ਵਿੱਚ ਸਰਸਵਤੀ ਪ੍ਰਸਿੱਧ ਹੈ। ਮੂੰਹ
(ਜਿਸ ਦਾ ਇਨਾਂ ਸੋਹਣਾ ਹੈ ਕਿ) ਚੰਦ੍ਰਮਾ ਦੀ ਸ਼ੋਭਾ ਨੂੰ ਮਾਤ ਕਰ ਦਿੰਦਾ ਹੈ। ਰੰਗ ਜਿਸ ਦਾ ਪਾਰੇ
ਵਰਗਾ (ਚਿੱਟਾ ਤੇ ਲੁਸ ਲੁਸ ਕਰਦਾ) ਹੈ (ਤੇ ਜਿਸ ਦੇ) ਤਨ ਦੀ ਦੁਤਿ ਨਾਰਦ ਵਰਗੀ (ਕੁਸ਼ਲ ਹੈ), ਜੋ
ਦਾਸਾਂ ਦੇ ਦਰਿਦ੍ਰ ਦੂਰ ਕਰਨ ਵਾਲੀ ਤੇ ਸ੍ਰੇਸ਼ਟਾ ਦੀ ਦਾਤੀ ਹੈ।
ਕਿਉਂਕਿ, ਬ੍ਰਾਹਮਣੀ ਵਿਸ਼ਵਾਸ਼ ਮੁਤਾਬਿਕ ਗਣੇਸ਼ ਨੂੰ ਬੁੱਧੀ ਦਾਤਾ, ਵਿਘਨ
ਵਿਨਾਸ਼ਕ ਤੇ ਸਭ ਤੋਂ ਤੇਜ਼ ਲਿਖਾਰੀ ਮੰਨਿਆ ਜਾਂਦਾ ਹੈ ਅਤੇ ਸਰਸਵਤੀ ਦੇਵੀ ਨੂੰ ਵਿਦਿਆ ਅਤੇ ਬਾਣੀ ਦੀ
ਦਾਤੀ ਤੇ ਸਭ ਤੋਂ ਵਧੀਆ ਵਕਤਾ ਕਹਿ ਕੇ ਸਲਾਹਿਆ ਜਾਂਦਾ ਹੈ। ਬਚਿਤ੍ਰ ਨਾਟਕ ਦੇ ਲਿਖਾਰੀ ਨੇ ਕਾਲ ਜੂ
ਕੀ ਉਸਤਤਿ ਕਰਦਿਆਂ ਇੱਕ ਸਵੈਯੇ ਵਿੱਚ ਸਰਸਵਤੀ ਨੂੰ ਵਕਤੇ ਅਤੇ ਗਣੇਸ਼ ਨੂੰ ਲੇਖਕ ਦੇ ਰੂਪ ਵਿੱਚ ਇਉਂ
ਅੰਕਿਤ ਕੀਤਾ ਹੈ- ਸਾਰਸੁਤੀ
ਬਕਤਾ ਕਰਿ ਕੈ, ਜੁਗ ਕੋਟਿ ਗਨੇਸ ਕੈ ਹਾਥਿ ਲਿਖੈਹੋ।। ਕਾਲ ਕ੍ਰਿਪਾਨ ਬਿਨਾ ਬਿਨਤੀ, ਨ ਤਊ ਤੁਮ ਕੋ
ਪ੍ਰਭ ਨੈਕੁ ਰਿਝੈਹੋ।। ੧੦੧।। ਇਹੀ ਕਾਰਣ ਹੈ ਕਿ
ਗਣੇਸ਼ ਉਤਸ਼ਵ ਮਨਾਉਣ ਲਈ ਮਾਘ ਸੁਦੀ ਚੌਥ (ਗਣੇਸ਼-ਚਤੁਰਥੀ) ਅਤੇ ਸਰਸਵਤੀ ਉਤਸ਼ਵ ਲਈ ਮਾਘ ਸੁਦੀ ਪੰਚਮੀ
(ਬਸੰਤ ਪੰਚਮੀ) ਦੇ ਦਿਹਾੜੇ ਅੱਗੜ ਪਿੱਛੜ ਜੁੜਵੇਂ ਹੀ ਰੱਖ ਗਏ ਹਨ।
ਇਸ ਲਈ ਸਿੱਖੀ ਦੇ ਹਤੈਸ਼ੀ ਤੇ ਮਾਨਵ-ਹਿਤਕਾਰੀ ਵਿਦਵਾਨ ਲੇਖਕਾਂ, ਸੂਝਵਾਨ
ਪ੍ਰਚਾਰਕਾਂ ਅਤੇ ਹਜ਼ੂਰੀ ਕੀਰਤਨੀਆਂ ਨੂੰ ਅਦਬ ਸਹਿਤ ਬੇਨਤੀ ਹੈ ਕਿ ਉਪਰੋਕਤ ਸੱਚਾਈ ਨੂੰ ਸਿੱਖ
ਸੰਗਤਾਂ ਤੇ ਸਿੱਖ ਸੰਸਥਾਵਾਂ ਦੇ ਪ੍ਰਬੰਧਕਾਂ ਤੱਕ ਪਹੁੰਚਾਣ ਦੀ ਅਤੇ
ਸਿੱਖ ਮਾਰਗ ਵੈਬਸਾਈਟ
ਰਾਹੀਂ ਇਸ ਵਿਸ਼ੇ ਬਾਰੇ ਹੋਰ ਜਾਣਕਾਰੀ ਮੁਹੱਈਆ ਕਰਵਾਉਣ ਦੀ
ਸਾਰੇ ਖੇਚਲ ਕਰਨ। ਕਿਉਂਕਿ, ‘ਬਸੰਤ ਪੰਚਮੀ` ਦਾ ਉਤਸ਼ਵ ਸਿੱਖੀ ਦੇ ਬ੍ਰਾਹਮਣੀਕਰਨ ਦੀ ਸਾਜਿਸ਼ ਸਦਕਾ
ਹੀ ਗੁਰਦੁਆਰਿਆਂ ਦੇ ਸਮਾਗਮਾਂ ਦਾ ਇੱਕ ਅੰਗ ਬਣਿਆ ਹੈ ਕਿਉਂਕਿ, ਨਾ ਤਾਂ ਇਹ ਦਿਹਾੜਾ ਕਿਸੇ
ਗੁਰਪੁਰਬ ਨਾਲ ਸਬੰਧਤ ਹੈ ਅਤੇ ਨਾ ਇਹ ਕੋਈ ਸਾਂਝਾ ਰੁੱਤੀ ਤਿਉਹਾਰ। ਇਹ ਹੈ ਬ੍ਰਾਹਮਣਾਂ ਦੀ ਕਲਪਤ
ਸਰਸਵਤੀ ਦੇਵੀ ਦੇ ਕਥਿਤ ਜਨਮ ਦਾ ਉਤਸ਼ਵ ਦਿਵਸ, ਜਿਸ ਨੂੰ ਸਮਾਜ ਭਾਈਚਾਰੇ ਦੇ ਜ਼ਿਹਨ ਵਿੱਚ ਪ੍ਰਪੱਕ
ਕਰਨ ਲਈ ਧੱਕੇ ਨਾਲ ਹੀ ਬਸੰਤ ਰੁੱਤ ਨਾਲ ਸਬੰਧਤ ਕਰ ਦਿੱਤਾ ਗਿਆ ਹੈ।
ਭੁੱਲ-ਚੁੱਕ ਮੁਆਫ਼।
ਜਗਤਾਰ ਸਿੰਘ ਜਾਚਕ, ਨਿਊਯਾਰਕ। ਮਿਤੀ-੯
ਫਰਵਰੀ ੨੦੧੭
|
. |