ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਨਵੀਆਂ ਕਾਢਾਂ ਦੀ ਵਰਤੋਂ ਅਤੇ ਟੈਲੀਫੂਨ
ਪੱਤਿਆਂ ਨਾਲ ਤਨ ਢੱਕਣ ਵਾਲੇ ਮਨੁੱਖ ਨੇ ਕੀਮਤੀ ਤੋਂ ਕੀਮਤੀ ਕਪੜਾ ਪਹਿਨਣ ਦੀ ਸਮਰੱਥਾ ਬਣਾ ਲਈ ਹੈ।
ਪਿੱਛੇ ਜੇਹੇ ਭਾਰਤ ਵਰਗੇ ਗਰੀਬ ਮੁਲਕ ਦੇ ਪ੍ਰਧਾਨ ਮੰਤ੍ਰੀ ਨੇ ਹੀ ਦਸ ਲੱਖ ਦਾ ਕੋਟ ਪੈਂਟ ਸਿਵਾਂ
ਕੇ ਆਪਣੇ ਗਲ਼ ਪਾਇਆ ਸੀ ਤਾਂ ਸਾਰੇ ਹਾਇਆ ਹਾਏ ਹਾਏ ਹੋਈ ਸੀ। ਊਠਾਂ, ਘੋੜਿਆਂ, ਹਾਥੀਆਂ ਤੇ ਬੈਲ
ਗੱਡੀਆਂ ਤੇ ਸਫਰ ਕਰਨ ਵਾਲੇ ਖੁਦਾ ਦੇ ਬੇਟੇ ਨੇ ਹੁਣ ਆਪਣੇ ਹਵਾਈ ਜਾਹਜ਼ ਰੱਖੇ ਹੋਏ ਹਨ। ਮੀਂਹ
ਹਨੇਰੀ ਤੋਂ ਬਚਣ ਲਈ ਭੱਜ ਕੇ ਰੁੱਖਾਂ ਹੇਠ ਜਾਣ ਵਾਲੇ ਨੇ ਆਲੀਸ਼ਾਨ ਇਮਾਰਤਾਂ ਸਿਰਜ ਲਈਆਂ ਹਨ। ਗਰਮੀ
ਸਰਦੀ ਤੋਂ ਬਚਣ ਲਈ ਆਪਣਾ ਅਗਾਹੂੰ ਪ੍ਰਬੰਧ ਕਰ ਲਿਆ ਹੈ। ਚਿੱਠੀਆਂ ਜਰੀਏ ਪਹੁੰਚਣ ਵਾਲਾ ਸੁਨੇਹਾਂ
ਹੁਣ ਕੁੱਝ ਸੈਕਿੰਟਾਂ ਵਿੱਚ ਆਪਣੀ ਚਿੱਠੀ ਇੱਕ ਥਾਂ ਤੋਂ ਦੂਜੀ ਥਾਂ `ਤੇ ਪਹੁੰਚਾ ਦੇਂਦਾ ਹੈ।
ਦੁਰੋਂ ਅਵਾਜ਼ਾਂ ਮਾਰਨ ਵਾਲਾ ਹੁਣ ਘਰ ਵਿੱਚ ਹੀ ਇੱਕ ਥਾਂ ਤੋਂ ਬੈਠਾ ਹੋਇਆ ਟੈਲੀਫੂਨ ਰਾਂਹੀ ਹੀ ਕਹਿ
ਦੇਂਦਾ ਹੈ ਕਿ ਮੇਰੇ ਲਈ ਚਾਹ ਤਿਆਰ ਕਰ ਦਿਓ। ਕਹਿ ਸਕਦੇ ਹਾਂ ਕਿ ਮਨੁੱਖ ਦੇ ਤੇਜ਼ ਤਰਾਰ ਦਿਮਾਗ ਨੇ
ਆਪਣੇ ਸੁਖ ਲਈ ਬਹੁਤ ਕੁੱਝ ਪੈਦਾ ਕਰ ਲਿਆ ਹੈ। ਅਜੇ ਹੋਰ ਸੁਖ ਭਾਲਣ ਦੀ ਇਸ ਨੂੰ ਤਾਂਘ ਲੱਗੀ ਹੋਈ
ਹੈ। ਵਿਆਗਨਕ ਖੋਜ ਦੀ ਕੋਈ ਸੀਮਾ ਨਹੀਂ ਹੈ ਤੇ ਹਰ ਰੋਜ਼ ਵਿਸਥਾਰ ਤੇ ਵਿਸਥਾਰ ਹੋ ਰਿਹਾ ਹੈ।
ਇਹ ਇੱਕ ਕੁਦਰਤੀ ਸੁਭਾਅ ਹੈ ਕਿ ਜਿੱਥੇ ਰਾਤ ਹੈ ਓੱਥੇ ਦਿਨ ਵੀ ਨਾਲ ਹੀ ਆਉਣਾ ਹੈ। ਜੇ ਜਵਾਨੀ ਵਿੱਚ
ਪੈਰ ਰੱਖਿਆ ਹੈ ਤਾਂ ਸੁਭਵਿਕ ਗੱਲ ਹੈ ਓੱਥੇ ਬੁਢੇਪਾ ਵੀ ਜ਼ਰੂਰ ਆਏਗਾ। ਮਨੁੱਖ ਦੀ ਮਾਨਸਿਕ ਕੰਮਜ਼ੋਰੀ
ਹੈ ਕਿ ਇਹ ਹਰ ਵੇਲੇ ਆਪਣੇ ਲਈ ਹੀ ਸੁਖ ਭਾਲਦਾ ਹੈ ਤੇ ਏਸੇ ਹੋੜ ਵਿੱਚ ਹੀ ਹਰ ਵੇਲੇ ਲੱਗਿਆ ਹੋਇਆ
ਹੈ। ਕੁੱਝ ਖੋਜਾਂ ਏਦਾਂ ਦੀਆਂ ਹਨ ਜਿਹੜੀਆਂ ਸਾਡੀ ਸਮਝ ਤੋਂ ਬਾਹਰ ਦੀਆਂ ਹਨ। ਜਿਸ ਤਰ੍ਹਾਂ ਡਾਕਟਰੀ
ਖੇਤਰ ਵਾਲੀਆਂ ਖੋਜਾਂ ਦਾ ਮਨੁੱਖ ਨੂੰ ਲਾਭ ਤਾਂ ਹੋ ਸਕਦਾ ਹੈ ਪਰ ਜਾਣਕਾਰੀ ਡਾਕਟਰ ਹੀ ਰੱਖਦਾ ਹੈ।
ਨਵੀਂ ਤੋਂ ਨਵੀਂ ਮਸ਼ੀਨਰੀ ਦਾ ਲਾਭ ਕਾਰਖਾਨੇ ਵਾਲੇ ਨੂੰ ਹੋ ਸਕਦਾ ਹੈ ਤੇ ਬਹੁਤ ਦੂਰ ਜਾ ਕੇ ਖਪਤਕਾਰ
ਨੂੰ ਉਸ ਦਾ ਲਾਭ ਪਹੁੰਚਦਾ ਹੈ। ਕਿਹਾ ਜਾ ਸਕਦਾ ਹੈ ਕਿ ਹਰ ਖੋਜ ਸਿੱਧੇ ਅਸਿੱਧੇ ਰੂਪ ਵਿੱਚ ਮਨੁੱਖ
ਦੇ ਲਾਭ ਲਈ ਹੈ।
ਅਜੋਕੇ ਸਮੇਂ ਵਿੱਚ ਇਹਨਾਂ ਸਾਰੀਆਂ ਕਾਢਾਂ ਵਿਚੋਂ ਸਭ ਤੋਂ ਵੱਧ ਪ੍ਰਭਾਵਤ ਕਰਨ ਵਾਲੀ ਟੈਲੀਫੂਨ ਦੀ
ਖੋਜ ਹੈ। ਛੋਟੇ ਬੱਚਿਆਂ ਤੋਂ ਲੈ ਕੇ ਦਸਵੀਂ ਬਾਰ੍ਹਵੀਂ ਜਮਾਤ ਦੇ ਬੱਚਿਆਂ ਨੂੰ ਕੁੱਝ ਲੇਖ ਲਿਖਾਏ
ਜਾਂਦੇ ਹਨ। ਅਧਿਆਪਕ ਵਲੋਂ ਦੱਸੇ ਵਿਸ਼ਿਆਂ ਤੇ ਬੱਚੇ ਲੇਖ ਲਿਖਦੇ ਹਨ ਜਿਸ ਤਰ੍ਹਾਂ ਸਿਨੇਮੇ ਦੇ ਹਾਣ
ਅਤੇ ਲਾਭ ਦੱਸੇ ਜਾਣ, ਅਖਬਾਰਾਂ ਦੇ ਹਾਣ ਤੇ ਲਾਭ ਦੱਸੇ ਜਾਣ। ਏਦਾਂ ਕਿਹਾ ਜਾ ਸਕਦਾ ਹੈ ਕਿ ਇਹਨਾਂ
ਦੀਆਂ ਹਾਨੀਆਂ ਤੇ ਲਾਭ ਚੰਗੀ ਤਰ੍ਹਾਂ ਬੱਚੇ ਦੇ ਮਨ ਵਿੱਚ ਬੈਠਾ ਦਿੱਤੇ ਜਾਂਦੇ ਸਨ। ਲਗਦੇ ਚਾਰੇ
ਅਸੀਂ ਇਹਨਾਂ ਦੀਆਂ ਹਾਨੀਆਂ ਨੂੰ ਹੀ ਦੇਖਦੇ ਰਹੇ ਹਾਂ ਅੱਜ ਤੱਕ ਮਨ ਵਿੱਚ ਏਹੀ ਪ੍ਰਭਾਵ ਬਣਿਆ ਹੋਇਆ
ਹੈ ਕਿ ਅਖਬਾਰ ਨੂੰ ਉਨਾਂ ਕੁ ਪੜ੍ਹਿਆ ਜਾਏ ਜਿਸ ਨਾਲ ਨਵੀਂ ਜਾਣਕਾਰੀ ਪ੍ਰਾਪਤ ਹੋਵੇ ਸਾਰਾ ਦਿਨ
ਅਖਬਾਰ ਲੈ ਕੇ ਨਾ ਪੜ੍ਹਿਆ ਜਾਏ। ਜੇ ਕਿਸੇ ਧਾਰਮਿਕ ਅਸਥਾਨ ਦਾ ਪੁਜਾਰੀ ਮਾੜਾ ਹੋ ਜਾਏ ਤਾਂ ਮੰਦਰ
ਗੁਰਦੁਆਰੇ ਦੀ ਇਮਾਰਤ ਨੂੰ ਨਹੀਂ ਢਾਹਿਆ ਜਾਂਦਾ। ਏਦਾਂ ਹੀ ਜੇ ਅਖਬਾਰ ਘਰ ਵਿੱਚ ਆਈ ਹੈ ਤਾਂ
ਮੋਟੀਆਂ ਖਬਰਾਂ ਦੀ ਜਾਣਕਾਰੀ ਹਾਸਲ ਕਰ ਲਓ ਜਾਂ ਚੰਗਿਆਂ ਲੇਖਾਂ ਵਲ ਨਿਗਾਹ ਮਾਰਨੀ ਚਾਹੀਦੀ ਹੈ ਤੇ
ਧਿਆਨ ਪੂਰਵਕ ਉਹਨਾਂ ਨੂੰ ਪੜ੍ਹਨਾ ਚਾਹੀਦਾ ਹੈ। ਪਰ ਹੋਇਆ ਇਹ ਹੈ ਕਿ ਬਹੁਤੇ ਅਫਸਰ ਆਪਣੇ ਕੰਮ ਦੇ
ਸਮੇਂ ਜਾਂ ਅਧਿਆਪਕ ਜਮਾਤ ਵਿੱਚ ਅਖਬਾਰ ਪੜ੍ਹਨੀ ਸ਼ੂਰੂ ਕਰ ਦੇਵੇ ਤਾਂ ਕੁਦਰਤੀ ਗੱਲ ਹੈ ਇਹ ਅਖਬਾਰ
ਲਾਭਦਾਇਕ ਹੁੰਦੀ ਹੋਈ ਹਾਨੀਕਾਰਕ ਬਣ ਜਾਂਦੀ ਹੈ। ਏਸੇ ਤਰ੍ਹਾਂ ਸਿਨੇਮਾਂ ਕੋਈ ਮਾੜੀ ਚੀਜ਼ ਨਹੀਂ ਹੈ
ਪਰ ਏੱਥੇ ਇਹ ਵਿਚਾਰਨ ਵਾਲੀ ਗੱਲ ਹੈ ਕਿ ਸਾਡਾ ਆਪਣਾ ਨਜ਼ਰੀਆ ਕੀ ਹੈ? ਦੂਸਰਾ ਅਸੀਂ ਫਿਲਮ ਕਿਸ
ਤਰੀਕੇ ਨਾਲ ਦੇਖਦੇ ਹਾਂ। ਤੀਜਾ ਮਨੁੱਖ ਦੇ ਭਲੇ ਲਈ ਸਿਨੇਮਾ ਪ੍ਰਚਾਰ ਦਾ ਵਧੀਆ ਮਾਧਿਅਮ ਹੈ। ਕਈ
ਪੁਸਤਕਾਂ ਪੜ੍ਹਨ ਨਾਲੋਂ ਥੋੜੇ ਸਮੇਂ ਵਿੱਚ ਬਹੁਤੀ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ ਪਰ ਜੇ
ਵਿਦਿਆਰਥੀ ਸਕੂਲੋਂ ਭੱਜ ਕੇ ਸਿਨੇਮਾ ਦੇਖਦਾ ਹੈ ਤਾਂ ਕੁਦਰਤੀ ਸਿਨੇਮਾ ਕੁੱਝ ਲਾਭ ਦੇਣ ਦੀ ਥਾਂ `ਤੇ
ਬੱਚੇ ਦੀ ਜ਼ਿੰਦਗੀ ਦਾ ਖੌਅ ਬਣ ਜਾਏਗਾ। ਕਿਹਾ ਜਾ ਸਕਦਾ ਹੈ ਕਿ ਹਰੇਕ ਚੀਜ਼ ਦਾ ਲਾਭ ਹੈ ਪਰ ਜੇ
ਇਤਿਆਦ ਨਾ ਵਰਤਿਆ ਜਾਏ ਤਾਂ ਇਹ ਹਾਨੀਕਾਰਕ ਵੀ ਬਣ ਜਾਂਦੀ ਹੈ। ਹੁਣ ਲੰਗਰ ਹੀ ਲੈ ਲੈਂਦੇ ਹਾਂ
ਸਿੱਖਾਂ ਲਈ ਲੰਗਰ ਬੜੀ ਕੀਮਤੀ ਵਸਤੂ ਹੈ। ਜੇ ਲੋੜ ਅਨੁਸਾਰ ਲੰਗਰ ਛੱਕਿਆ ਜਾਏ ਤਾਂ ਲਾਭ ਹੋਏਗਾ ਜੇ
ਸਵਾਦ ਕਰਕੇ ਵੱਧ ਛੱਕਿਆ ਜਾਏ ਤਾਂ ਲੰਗਰ ਆਪਣੇ ਆਪ ਹੀ ਮਨੁੱਖ ਲਈ ਦਵਾਈ ਦਾ ਘਰ ਬਣ ਜਾਏਗਾ। ਦੂਸਰਾ
ਲੰਗਰਾਂ ਦੇ ਨਾਂ `ਤੇ ਕੀਤੀ ਜਾਂਦੀ ਉਗਰਾਹੀ ਆਪਣੇ ਹਿੱਤਾਂ ਲਈ ਵਰਤਣੀ ਕੌਮੀ ਨੁਕਸਾਨ ਹੈ। ਹਰ ਚੀਜ਼
ਦਾ ਲਾਭ ਵੀ ਹੈ ਤੇ ਹਾਨੀ ਵੀ ਹੈ। ਕਿੰਨਾ ਚੰਗਾ ਹੋਵੇ ਜੇ ਉਸ ਦੇ ਲਾਭ ਨੂੰ ਵਰਤਿਆ ਜਾਏ ਤਾਂ ਸਾਡਾ
ਜੀਵਨ ਹਾਨੀਆਂ ਤੋਂ ਬਚ ਸਕਦਾ ਹੈ।
ਅਜੋਕੇ ਯੁੱਗ ਵਿੱਚ ਟੈਲੀਫੂਨ ਜਾਂ ਟੈਲੀਵੀਜਨ ਦੀ ਬਹੁਤ ਹੀ ਦਿੱਲਚਸਪ ਕਾਢ ਹੈ। ਸਭ ਤੋਂ ਵੱਧ
ਮਨੁੱਖ ਦੇ ਨੇੜੇ ਏਹੀ ਹਨ। ਹੁਣ ਮਨੁੱਖ ਤੇ ਨਿਰਭਰ ਕਰਦਾ ਹੈ ਕਿ ਇਸ ਨੇ ਇਹਨਾਂ ਦੀ ਵਰਤੋਂ ਕਿਵੇਂ
ਕਰਨੀ ਹੈ। ਪਿੱਛਲੇ ਸਾਲ ਅਸੀਂ ਸਿੱਖੀ ਲਹਿਰ ਦੇ ਪ੍ਰੋਗਰਾਮ ਹੇਠ ਜੰਮੂ ਗਏ ਸੀ। ਓੱਥੇ ਪਹਿਲੀ ਵਾਰ
ਟੈਲੀਫੂਨ ਦਾ ਪੰਜਾਬੀ ਨਾਮ ਸੁਣਿਆ ਕਿ ਇਹ ਗੱਲਾਂ ਦੀ ਗੁਥਲੀ ਹੈ ਅਸਲ ਵਿੱਚ ਏਦਾਂ ਕਿਹਾ ਜਾ ਸਕਦਾ
ਹੈ ਕਿ ਟੈਲੀਫੂਨ ਦਾ ਅਸਲ ਨਾਂ ਝੂਠ ਦੀ ਗੁਥਲੀ ਹੈ। ਸੁੱਖ ਸੁਨੇਹਾਂ ਦੇਣ ਲਈ ਟੈਲੀਫੂਨ ਦਾ ਬਹੁਤ
ਲਾਭ ਹੈ। ਅੱਜ ਦੇ ਯੁੱਗ ਵਿੱਚ ਚੋਰੀਆਂ, ਯਾਰੀਆਂ, ਡਾਕੇ, ਕਤਲ ਆਦਿਕ ਟੈਲੀਫੂਨ ਦੇ ਜ਼ਰੀਏ ਬਹੁਤ
ਛੇਤੀ ਪੁਲੀਸ ਮੁਜਲਮ ਤਕ ਪਹੁੰਚ ਜਾਂਦੀ ਹੈ। ਪੇਚੀਦਗੀ ਵਾਲੇ ਮੁਅਮਲਿਆਂ ਨੂੰ ਵੀ ਬਹੁਤ ਸੌਖੇ ਢੰਗ
ਨਾਲ ਟੈਲੀਫੂਨ ਦੁਆਰਾ ਹੱਲ ਕਰ ਲਿਆ ਜਾਂਦਾ ਹੈ। ਬਾਹਰਲੇ ਮੁਲਕ ਵਿੱਚ ਬੈਠਿਆਂ ਆਪਣੇ ਮਿੱਤਰਾਂ ਨਾਲ
ਘੰਟਿਆਂ ਬੱਧੀ ਘਰ ਦੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਹਨ। ਲੋੜ ਅਨੁਸਾਰ ਇਸ ਦੀ ਵਰਤੋਂ ਮਨੁੱਖ ਨੂੰ
ਉੱਨਤੀ ਦੇ ਰਾਹ ਪਉਂਦੀ ਹੈ। ਬੈਂਕਾ ਦਾ ਕੰਮ ਸੌਖਾ ਹੋ ਗਿਆ ਹੈ, ਰੇਲਵੇ ਹਵਾਈ ਜਾਹਾਜ਼ ਦੀਆਂ ਟਿਕਟਾਂ
ਆਦ ਦੇ ਕਾਗਜ਼ ਚੁੱਕਣ ਦੀ ਲੋੜ ਨਹੀਂ ਸਿਰਫ ਆਪਣੇ ਮੁਬਾਇਲ ਤੇ ਆਇਆ ਸੁਨੇਹਾ ਹੀ ਕਾਫੀ ਹੈ। ਟੈਲੀਫੂਨ
ਦੁਆਰਾ ਬੰਦਾ ਬੰਦੇ ਦੇ ਬਹੁਤ ਨਜ਼ਦੀਕ ਆਇਆ ਹੈ। ਜਿਹੜੀਆਂ ਗੱਲਾਂ ਨੂੰ ਮਹੀਨਿਆਂ ਬੱਧੀ ਸਮਾਂ ਲਗਦਾ
ਸੀ ਉਹ ਹੁਣ ਕੁੱਝ ਸੈਕਿੰਟਾਂ ਵਿੱਚ ਹੀ ਸੁਣੀਆਂ ਜਾ ਸਕਦੀਆਂ ਹਨ। ਟੈਲੀਫੂਨ ਦੀ ਲੋੜ ਅੱਜ ਹਰ ਮਨੁੱਖ
ਲਈ ਬੜੀ ਜ਼ਰੂਰੀ ਹੈ। ਦੂਸਰਾ ਕੁੱਝ ਸਾਲਾਂ ਤੋਂ ਟੈਲੀਫੂਨ ਨੇ ਆਪਣੇ ਵਿੱਚ ਬਹੁਤ ਸਾਰੇ ਕਰਤੱਵ ਸੰਭਾਲ਼
ਲਏ ਹਨ ਭਾਵ ਫੰਕਸ਼ਨ ਏਨੇ ਹੋ ਗਏ ਹਨ ਕਿ ਸਾਰੇ ਫੰਕਸ਼ਨ ਸਾਰੇ ਬੰਦੇ ਚਲਾ ਨਹੀਂ ਸਕਦੇ।
ਪਹਿਲਾਂ ਕਿਸੇ ਦੇ ਘਰ ਬੰਦਾ ਜਾਂਦਾ ਸੀ ਤਾਂ ਹਾਲ ਚਾਲ ਪੁੱਛਦਾ ਸੀ ਫਿਰ ਆਪਣਾ ਹਾਲ ਚਾਲ ਦਸਦਾ
ਸੀ, ਅੱਗੋਂ ਉਸ ਨੂੰ ਵੀ ਪਾਣੀ ਚਾਹ ਆਦਿ ਪੁੱਛਿਆ ਜਾਂਦਾ ਸੀ। ਹੁਣ ਜਦੋਂ ਬੰਦਾ ਕਿਸੇ ਦੇ ਘਰ ਜਾਂਦਾ
ਹੈ ਤਾਂ ਪਹਿਲਾ ਸੁਆਲ ਹੁੰਦਾ ਹੈ ਕੀ ਤੁਹਡੇ ਘਰ ਬਰੀਕ ਪਿੰਨ ਵਾਲਾ ਚਾਰਜਰ ਹੈਗਾ? ਜੇ ਨਹੀਂ ਹੈਗਾ
ਤਾਂ ਗੁਆਢੀਆਂ ਵਲੋਂ ਮੰਗ ਕੇ ਲਿਆ ਦਿਆ ਜੇ। ਬਹੁਤ ਜ਼ਰੂਰੀ ਹੈ ਮੈਂ ਫੇਸਬੁੱਕ ਦੇਖਣੀ ਆਂ ਸਵੇਰ ਦੀ
ਦੇਖੀ ਨਹੀਂ ਆ। ਬਹੁਤੇ ਲੋਕ ਤਾਂ ਆਪਣਾ ਚਾਰਜਰ ਹੀ ਭੁੱਲ ਜਾਂਦੇ ਹਨ। ਕਈ ਮਹਿਮਾਨ ਘਰਵਾਲਿਆਂ ਦਾ
ਦਿੱਤਾ ਹੋਇਆ ਚਾਰਜ ਨਾਲ ਹੀ ਲੈ ਜਾਂਦੇ ਹਨ ਅਖੇ ਮੈਨੂੰ ਗੱਲਾਂ ਗੱਲਾਂ ਵਿੱਚ ਚੇਤਾ ਹੀ ਭੁੱਲ ਗਿਆ
ਸੀ।
ਹਨੇਰ ਸਾਂਈਂ ਦਾ ਜਦੋਂ ਵੀ ਕਿਸੇ ਨੂੰ ਕੋਈ ਮਿਲਣ ਜਾਂਦਾ ਹੈ ਤਾਂ ਮਾੜੀ ਮੋਟੀ ਸਲਾਮ ਦੁਆ ਹੰਦੀ ਹੈ
ਫਿਰ ਆਪੋ ਆਪਣਾ ਮੁਬਾਇਲ ਆਪਣਿਆਂ ਹੱਥਾਂ ਵਿੱਚ ਫੜ ਕੇ ਬਿਨਾ ਕਿਸੇ ਦੇ ਗੱਲ ਕੀਤਿਆਂ ਨਿੰਮ ਪੀਤੀ
ਵਾਂਗ ਮੂੰਹ ਬਣਾ ਕੇ ਆਪਣੇ ਮੁਬਾਇਲ ਨੂੰ ਪਲੋਸੀ ਜਾਣਗੇ। ਕਈ ਮੁਬਾਇਲ ਤੇ ਨਹੁੰਦਰਾਂ ਮਾਰੀ ਜਣਗੇ ਤੇ
ਕਈ ਇਸ ਤਰ੍ਹਾਂ ਵਰਤੋਂ ਕਰਦੇ ਹਨ ਜਿਸ ਤਰ੍ਹਾਂ ਸਿਰ ਵਿਚੋਂ ਜੂੰਆਂ ਕੱਢੀ ਦੀਆਂ ਹਨ। ਚਾਰ ਬੰਦੇ ਕਦੇ
ਵੀ ਕਿਸੇ ਵਿਸ਼ੇ ਤੇ ਗੱਲ ਨਹੀਂ ਕਰਨਗੇ ਸਗੋਂ ਬੈਠੇ ਇੱਕ ਦੂਜੇ ਨੂੰ ਪੁੱਠੀਆਂ ਸਿੱਧੀਆਂ ਫੋਟੋਆਂ
ਭੇਜੀ ਜਾਣਗੇ। ਕਈ ਤਾਂ ਏਨੇ ਕਾਹਲੇ ਹੁੰਦੇ ਹਨ ਕਿ ਕੋਲ ਬੈਠੇ ਦਾ ਮੁਬਾਇਲ ਫੜ ਕੇ ਦੇਖਣ ਲੱਗ ਪੈਣਗੇ
ਕਿ ਮੇਰੇ ਵਲੋਂ ਭੇਜੀ ਹੋਈ ਫੋਟੋ ਦੇਖੀ ਆ ਕਿ ਨਹੀਂ। ਦੁਨੀਆਂ ਦਾ ਸਲੀਕਾ ਹੈ ਕਿ ਆਪਣੇ ਤੋਂ ਵੱਡੇ
ਜਾਂ ਰੁਤਬੇ ਅਨੁਸਾਰ ਉਸ ਦੀ ਗੱਲ ਨੂੰ ਧਿਆਨ ਪੂਰਵਕ ਸੁਣਿਆ ਜਾਏ। ਜਦੋਂ ਆਪਸ ਵਿੱਚ ਬੈਠਦੇ ਹਾਂ ਤਾਂ
ਕੋਈ ਉਸਾਰੂ ਗੱਲ ਕੀਤੀ ਜਾਏ ਕੋਈ ਘਰ ਦੀ ਸਮੱਸਿਆ ਵਿਚਾਰੀ ਜਾਏ। ਕਿਸੇ ਵਿਆਹ ਚਲੇ ਜਾਓ ਕਿਸੇ ਦੇ ਘਰ
ਚਲੇ ਜਾਓ ਕਿਸੇ ਦਫਤਰ ਵਿੱਚ ਚਲੇ ਜਾਓ ਸਭ ਆਪੋ ਆਪਣਾ ਮੁਬਾਇਲ ਫੜ ਕੇ ਉਸ ਨੂੰ ਚੂੰਢੀਆਂ ਵੱਢ ਰਹੇ
ਦਿਖਾਈ ਦੇਣਗੇ।
ਮੁਬਾਇਲ ਵਿੱਚ ਬਹੁਤ ਹੀ ਫੰਕਸ਼ਨ ਹਨ। ਕੋਈ ਫੇਸ ਬੁਕ ਤੇ ਲੱਗਿਆ ਹੋਇਆ ਹੈ ਕੋਈ ਵੱਟਸਅਪ ਦੀ ਢਿੱਬਰੀ
ਘੁਮਾਈ ਜਾਂਦਾ ਹੈ ਕੋਈ ਟਵਿੱਟਰ ਤੇ ਲੱਗਿਆ ਦਿਸਦਾ ਹੈ। ਕੋਈ ਫੋਕਟ ਦੀ ਬਹਿਸ ਵਿੱਚ ਉਲ਼ਝਿਆ ਹੋਇਆ ਹੈ
ਤੇ ਕਈ ਆਪਸ ਵਿੱਚ ਮਿਹਣਿਓਂ ਮੇਣੀ ਹੋਈ ਜਾ ਰਹੇ ਨੇ। ਕਈ ਤਾਂ ਏਦਾਂ ਪੇਸ਼ ਆਉਣਗੇ ਜਿਵੇਂ ਹੁਣੇ ਹੀ
ਕੋਈ ਨਵਾਂ ਮਾਰਕਾ ਮਾਰਿਆ ਹੁੰਦਾ ਹੈ। ਬੇ-ਲੋੜੀਆਂ ਤਲਖੀਆਂ ਅਸੀਂ ਆਪਸ ਵਿੱਚ ਬਹੁਤ ਵਧਾਈਆਂ ਹੋਈਆਂ
ਨੇ। ਕੋਈ ਚੀਜ਼ ਮਾੜੀ ਨਹੀਂ ਹੈ ਉਸ ਦਾ ਦੁਰ-ਪ੍ਰਜੋਗ ਮਾੜਾ ਹੈ। ਸਾਡਾ ਕਦਾਚਿੱਤ ਇਹ ਭਾਵ ਨਹੀਂ ਹੈ
ਕਿ ਮੁਬਾਇਲ ਨਹੀਂ ਹੋਣਾ ਚਾਹੀਦਾ ਸਗੋਂ ਸਾਡਾ ਖਿਆਲ ਹੈ ਕਿ ਇਸ ਦੀ ਵਰਤੋਂ ਸਹੀ ਹੋਣੀ ਚਾਹੀਦੀ ਹੈ।
ਕੁਝ ਸਮੱਸਿਆਵਾਂ ਬੱਚਿਆਂ ਦੀ ਸੰਗਤ ਦੀਆਂ ਹਨ। ਜੇ ਇੱਕ ਕੋਲ ਮਹਿੰਗਾ ਟੈਲੀਫੂਨ ਹੈ ਤਾਂ ਦੂਜਾ ਵੀ
ਔਖਾ ਹੋ ਕੇ ਉਸ ਨਾਲੋਂ ਮਹਿੰਗਾ ਟੈਲੀਫੂਨ ਲੈ ਕੇ ਆਉਂਦਾ ਹੈ। ਮੈਂ ਸਮਝਦਾ ਹਾਂ ਕਿ ਕਿਸ਼ੋਰ ਉਮਰ
ਵਿੱਚ ਟੈਲੀਫੂਨ ਦੀ ਵਰਤੋਂ ਸਬੰਧੀ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ। ਕਈਆਂ ਨੇ ਮੁਬਾਇਲ ਦੀ ਦੁਰ
ਵਰਤੋਂ ਕਰਕੇ ਆਪਣਾ ਆਉਣ ਵਾਲਾ ਜੀਵਨ ਹੀ ਤਬਾਹ ਕਰ ਲਿਆ ਹੈ। ਕਈ ਬੱਚਿਆਂ ਨੇ ਮਿਹਨਤ ਕਰਨੀ ਛੱਡ
ਦਿੱਤੀ ਹੈ ਕਈ ਸਿਆਣੇ-ਬਿਆਣੇ ਬੰਦਿਆਂ ਨੇ ਆਪਣਾ ਸਮਾਂ ਵਿਅਰਥ ਵਿੱਚ ਗੁਆ ਲਿਆ ਹੈ ਤੇ ਕਈਆਂ ਨੇ
ਆਪਣੇ ਲਈ ਤਰੱਕੀ ਦੇ ਰਾਹ ਰੋਕ ਲਏ ਹਨ।
ਘਰਾਂ ਵਿੱਚ ਕਈ ਸੁਆਣੀਆਂ ਨੇ ਵਿਆਰਥ ਦੀ ਫੇਸਬੁੱਕ ਵਰਤਦਿਆਂ ਹੋਇਆਂ ਸਮੇਂ ਸਿਰ ਰੋਟੀ ਪਾਣੀ ਤਿਆਰ
ਨਹੀਂ ਕੀਤਾ ਜਿਸ ਕਰਕੇ ਘਰ ਵਿੱਚ ਬੇਇਤਫ਼ਾਕੀ ਤੇ ਕ੍ਰੋਧ ਨੇ ਜਨਮ ਲਿਆ ਹੈ। ਬਹੁਤ ਸਾਰੀਆਂ ਮੀਟਿੰਗਾਂ
ਵਿੱਚ ਮੈਨੂੰ ਜਾਣ ਦਾ ਮੌਕਾ ਬਣਦਾ ਰਹਿੰਦਾ ਹੈ ਉਹਨਾਂ ਮੀਟਿੰਗਾਂ ਵਿੱਚ ਕਈ ਵਾਰੀ ਕਹਿ ਕੇ ਟੈਲੀਫੂਨ
ਬੰਦ ਕਰਾਉਣਾ ਪੈਂਦਾ ਹੈ। ਮੀਟਿੰਗ ਵਿੱਚ ਬੈਠਾ ਹੀ ਕਹੀ ਜਾਏਗਾ ਹੈਂ ਮੈਂ ਸੁਣਿਆਂ ਨੀਂ—ਹੈਂ ਕੀ
ਕਿਹਾ ਈ ਫਿਰ ਦੱਸੀਂ, ਅੱਛਾ ਅੱਛਾ ਬੰਦਿਆਂ ਵਿੱਚ ਬੈਠਾ ਬੇ-ਤਰਤੀਬੀ ਵਾਲਾ ਹਾਸਾ ਹੱਸੇਗਾ ਹੀਂ ਹੀਂ
ਹੀਂ। ਇਹ ਪਤਾ ਹੀ ਨਹੀਂ ਹੈ ਕਿ ਮੈਂ ਕਿੱਥੈ ਬੈਠਾ ਹੋਇਆ ਹਾਂ।
ਸਹੀ ਵਰਤੋਂ ਨਾਲ ਬੰਦੇ ਦੀ ਤਰੱਕੀ ਹੁੰਦੀ ਹੈ ਪਰ ਗਲਤ ਵਰਤੋਂ ਨਾਲ ਆਰਥਿਕ, ਪ੍ਰਵਾਰਕ ਤੇ ਮਾਨਸਿਕ
ਨੁਕਸਾਨ ਹੁੰਦਾ ਹੈ ਜਿਸ ਦੀ ਭਰਪਾਈ ਹੋਣੀ ਮੁਸ਼ਕਲ ਹੁੰਦੀ ਹੈ ਕਿਸੇ ਵਿਦਵਾਨ ਦਾ ਖਿਆਲ ਹੈ—
ਤਾਰੀਖ਼ ਕੀ ਗਹਿਰਾਈਓਂ ਨੇ, ਵਹੁ ਸਫ਼ਾ ਭੀ ਦੇਖਾ ਹੈ।
ਲਮਹੋਂ ਨੇ ਖ਼ਤਾ ਕੀ ਹੈ, ਸਦੀਓਂ ਨੇ ਸਜ਼ਾ ਪਾਈ ਹੈ।
ਇਕ ਹੋਰ ਵਿਦਵਾਨ ਦਾ ਖਿਆਲ ਹੈ ਕਿ ਜਿਸ ਨੂੰ ਮੈਂ ਬਹੁਤ ਚੰਗਾ ਸਮਝਦਾ ਸੀ ਉਹ ਹੀ ਤਰੱਕੀ ਦੇ ਰਾਹ
ਵਿੱਚ ਰੋੜਾ ਬਣ ਗਿਆ—
ਜਿਨੋਂ ਕੋ ਹਾਰ ਸਮਝਾ ਥਾ, ਗਲਾ ਆਪਨਾ ਸਜਾਨੇ ਕੋ।
ਵਹੁ ਕਾਲੇ ਨਾਗ ਬਣ ਬੈਠੇ, ਮੇਰੇ ਹੀ ਕਾਟ ਖਾਨੇ ਕੋ।
ਟੈਲੀਫੂਨ ਦੀਆਂ ਕੰਪਨੀਆਂ ਵਲੋਂ ਜਿਹੜੀ ਗਾਹਕ ਨਾਲ ਦੁਰਦਸ਼ਾ ਕੀਤੀ ਜਾਂਦੀ ਹੈ ਉਹ ਵੀ ਜੱਗੋਂ
ਤੇਰ੍ਹਵੀਂ ਹੈ। ਘੜੀ ਮੁੜੀ ਸੁਨੇਹੇ ਆਈ ਜਾਣਗੇ। ਭੋਲ ਭੁਲੇਖੇ ਕਦੇ ਟੈਲੀਫੂਨ ਉਠਾ ਲਓ ਤਾਂ ਅੱਗੋਂ
ਅਵਾਜ਼ ਆਉਂਦੀ ਹੈ, “ਕਿਆ ਮੈਂ ਆਪ ਕਾ ਨਾਮ ਪੂਛ ਸਕਤਾ ਹੂੰ? ਕਿਆ ਯੇ ਆਪ ਕਾ ਹੀ ਨੰਬਰ ਹੈ”। ਫਿਰ
ਆਪਣੀ ਰਾਮ ਕਹਾਣੀ ਛੋਅ ਕੇ ਬੈਠ ਜਾਂਦਾ ਹੈ। ਪਤਾ ਓਦੋਂ ਹੀ ਚਲਦਾ ਹੈ ਜਦੋਂ ਅਗਲੇ ਮਹੀਨੇ ਦੁਗਣਾ
ਬਿੱਲ ਆ ਜਾਂਦਾ ਹੈ। ਜੇ ਕਦੇ ਇਹਨਾਂ ਕੋਲੋਂ ਵੱਧ ਪੈਸਿਆਂ ਸਬੰਧੀ ਪੁੱਛਿਆ ਜਾਏ ਤਾਂ ਇਹ ਢੀਠਾਂ
ਵਾਂਗ ਹੱਸਦਿਆਂ ਕਹਿਣਗੇ ਜੀ ਤੁਸੀ ਇਹ ਸਰਵਿਸ ਲਵਾਈ ਹੈ। ਮੇਰਾ ਪਹਿਲਾ ਸੁਆਲ ਹੁੰਦਾ ਹੈ ਕਿ ਕੀ
ਤੈਨੂੰ ਪੰਜਾਬੀ ਆਉਂਦੀ ਹੈ ਅੱਗੋਂ ਜੁਆਬ ਮਿਲਦਾ ਹੈ ਹਾਂ ਜੀ ਮੈਨੂੰ ਆਉਂਦੀ ਹੈ ਫਿਰ ਕਹੀਦਾ ਹੈ ਕਿ
ਏਡਾ ਔਖਾ ਹੋ ਕੇ ਗੁਲਾਬੀ ਹਿੰਦੀ ਨੂੰ ਕਿਸ ਲਈ ਮੂੰਹ ਮਾਰ ਰਿਹਾਂ ਏਂ। ਭਲਿਆ ਤੂੰ ਪੰਜਾਬੀ ਵਿੱਚ
ਗੱਲ ਕਰ ਲੈ। ਕਦੇ ਇਹ ਤੀਹ ਰੁਪਏ ਕੱਟ ਲੈਂਦੇ ਨੇ ਅਖੇ ਜੀ ਤੁਸੀਂ ਨਵੀਂ ਟਿਊਨ ਫਿੱਟ ਕਰਾਈ ਹੈ।
ਬਿਨਾ ਦਸੇ ਪੈਸਿਆਂ ਦਾ ਬਿੱਲ ਬਣਾਈ ਜਾਂਦੇ ਹਨ ਜੇ ਕੋਈ ਉਜਰਦਾਰੀ ਕਰਦਾ ਹੈ ਤਾਂ ਉਸ ਨੂੰ ਕੋਈ ਰਾਹ
ਨਹੀਂ ਦੇਂਦੇ।
ਆਮ ਗਾਹਕ ਤਾਂ ਕਈ ਵਾਰੀ ਇਹਨਾਂ ਝੰਜਟਾਂ ਵਿੱਚ ਪੈਂਦਾ ਹੀ ਨਹੀਂ ਹੈ। ਗਾਹਕ ਕਹਿੰਦਾ ਹੈ ਚਲੋ ਕੋਈ
ਗੱਲ ਨਹੀਂ ਹੈ, ਦਿਓ ਪੈਸੇ ਤੇ ਖਹਿੜਾ ਛਡਾਓ ਇਹਨਾਂ ਕੋਲੋਂ। ਇੱਕ ਦਿਨ ਕਾਲਜ ਵਿੱਚ ਏਰਿਆ ਟੈਲ ਵਾਲੇ
ਦੋ ਆਦਮੀ ਆਏ ਉਹਨਾਂ ਨੇ ਆਪਣੇ ਵਲੋਂ ਲਾਭਕਾਰੀ ਯੋਜਨਾ ਦੱਸੀ। ਉਹਨਾਂ ਨੇ ਤਰਲ਼ਿਆਂ ਨਾਲ ਸਾਨੂੰ ਆਪਣੇ
ਗਾਹਕ ਬਣਾ ਲਿਆ। ਜਨੀ ਕਿ ਹੁਣ ਅਸੀਂ ਉਹਨਾਂ ਦੇ ਸ਼ਿਕਾਰੀ ਜਾਲ ਵਿੱਚ ਫਸ ਗਏ। ਫਿਰ ਕੀ ਸੀ ਕਈ ਵਾਰੀ
ਉਹਨਾਂ ਨੂੰ ਸੁਨੇਹੇ ਦਿੱਤੇ ਕਿ ਭਈ ਮੈਨੂੰ ਵਾਧੂ ਦੀਆਂ ਕਾਲਾਂ ਨਾ ਕਰੋ। ਮੈਨੂੰ ਆਮ ਕਰਕੇ ਸਤ ਸੌ
ਤੋਂ ਲੈ ਕੇ ਅੱਠ ਸੌ ਦੇ ਵਿਚਾਲੇ ਵਿਚਾਲੇ ਟੈਲੀਫੂਨ ਦਾ ਬਿੱਲ ਆਉਂਦਾ ਰਿਹਾ ਹੈ। ਹੁਣ ਇਸ ਵਾਰੀ
੧੪੨੯ /- ਰੁਪਏ ਬਿੱਲ ਆ ਗਿਆ। ਮੈਂ ਕਈਆਂ ਨਾਲ ਵਿਚਾਰ ਸਾਂਝੇ ਕੀਤੇ ਕਿਸੇ ਕਿਹਾ ਸੁਵਿਧਾ ਕੇਂਦਰ
ਵਿੱਚ ਜਾਓ ਕਿਸੇ ਕੋਈ ਸਲਾਹ ਦਿੱਤੀ ਤੇ ਕਿਸੇ ਨੇ ਕੋਈ ਸਲਾਹ ਦਿੱਤੀ। ਚਲੋਂ ਮੈਂ ਸੁਵਿਧਾ ਕੇਂਦਰ
ਵਿੱਚ ਚਲਾ ਗਿਆ। ਉਹਨਾਂ ਅੱਗੇ ਜਾ ਕੇ ਦੁਹਾਈ ਪਾਹਰਿਆ ਕੀਤੀ ਤਾਂ ਉਹ ਖਚਰਾ ਜੇਹਾ ਹਾਸਾ ਹੱਸ ਕੇ
ਕਹਿਣ ਲੱਗੇ ਤੁਹਾਡੀ ਬਾਹਰਲੇ ਮੁਲਕ ਵਾਲੀ ਸਹੂਲਤ ਹਟਾ ਦਿੱਤੀ ਗਈ ਹੈ ਮੈਂ ਕਿਹਾ ਮੇਰਾ ਦਿਮਾਗ ਖਰਾਬ
ਹੈ ਕਿ ਮੈਂ ਇਹ ਸਹੂਲਤ ਹਟਾ ਲਵਾਂ। ਉਹ ਕਹਿਣ ਲੱਗੇ ਤੁਸੀਂ ਪਿੱਛੇ ਦਫਤਰ ਨਾਲ ਗੱਲ ਕਰੋ। ਮੇਰੀ
ਜਾਣੇ ਬੁਲਾ ਇਹ ਕੀ ਸਿਆਪਾ ਪੈ ਗਿਆ ਹੈ। ਮੈਂ ਦੱਸੇ ਨੰਬਰ ਤੇ ਕਾਲ ਕੀਤੀ ਅੱਗੋਂ ਕਹੀ ਜਾਣ ਜੀ ਇਹ
ਬਟਨ ਦੱਬੋ ਏਦਾਂ ਮੇਰੇ ਕੋਲੋਂ ਕਈ ਬਟਨ ਦਬਾਅ ਲਏ। ਮੈਨੂੰ ਕਹਿਣ ਲੱਗੇ ਤੁਸੀਂ ਹੁਣ ਸੁਣਦੇ ਰਹੋ।
ਮੈਨੂੰ ਏਦਾਂ ਸੁਣਾਈ ਹੋ ਰਹੀ ਸੀ ਜਿਵੇਂ ਮਰਿਆਂ ਲੀਡਰਾਂ `ਤੇ ਸਰਕਾਰ ਵਲੋਂ ਸ਼ਹਿਨਾਈਆਂ ਵਜਾਈਆਂ
ਜਾਂਦੀਆਂ ਹਨ। ਸਮਾਂ ਬਤੀਤ ਹੋਣ ਤੇ ਅੱਗੋਂ ਅਵਾਜ਼ ਆਈ ਕਿ ਮੈਂ ਆਪ ਕੀ ਕਿਆ ਮਦਦ ਕਰੂੰ? ਮੈਂ ਕਿਹਾ
ਬੀਬਾ ਮੈਨੂੰ ਚੰਗੇ ਭਲੇ ਨੂੰ ਏਨੇ ਪੈਸੇ ਪਾ ਦਿੱਤੇ ਜੇ ਮੇਰਾ ਜੂਨ ਮਹੀਨੇ ਵਾਲਾ ਹੀ ਸਟੇਸ ਰਹਿਣ
ਦਿਓ ਅੱਗੋਂ ਬੀਬੀ ਕਹੇ ਕਿ ਜੇ ਤੁਸੀਂ ਆਪ ਹੀ ਇਸ ਸਹੂਲਤ ਕਟਾ ਦਿੱਤੀ ਹੈ। ਮੈਂ ਕਿਹਾ ਬੀਬਾ ਮੈਨੂੰ
ਕੁੱਤੇ ਵੱਢਿਆ ਕਿ ਮੈਂ ਵੱਧ ਬਿੱਲ ਭਰਾਂ। ਬੀਬੀ ਨੇ ਕੋਈ ਰਾਹ ਖਹਿੜਾ ਨਹੀਂ ਦਿੱਤਾ। ਅਖੀਰ ਮੈਂ
ਕਿਹਾ ਤੇਰੇ ਤੋਂ ਵੱਡਾ ਵੀ ਹੈਗਾ ਤਾਂ ਮੇਰੀ ਉਸ ਨਾਲ ਗੱਲ ਕਰਾ ਦੇ ਕਹਿੰਦੀ ਫਿਰ ਚੁੱਪ ਕਰਕੇ ਸੁਣਦੇ
ਰਹੋ ਮੈਂ ਅਗਾਂਹ ਤੁਹਾਡੀ ਗੱਲ ਕਰਾ ਦੇਂਦੀ ਹਾਂ। ਮਰਿਆਂ ਦੀ ਸ਼ਹਿਨਾਈ ਸੁਣਨ ਤੇ ਮੈਨੂੰ ਫਿਰ ਲਾ
ਦਿੱਤਾ। ਅੱਗੋਂ ਸਜਰੀ ਮਾਲਸ਼ ਕਰਕੇ ਆਏ ਭੱਦਰ ਪੁਰਸ਼ ਨੂੰ ਮੈਂ ਫਿਰ ਆਪਣੀ ਸਾਰੀ ਰਾਮ ਕਹਾਣੀ ਸੁਣਾਈ
ਉਹ ਅੱਗੋਂ ਕਹਿੰਦਾ ਕਿ ਜੀ ਕੰਪਨੀ ਨੇ ਤੁਹਾਡਾ ਪਲੈਨ ਬਦਲ ਦਿੱਤਾ ਹੈ। ਹੁਣ ਤੂਹਾਨੂੰ ਏਨਾਂ ਹੀ
ਬਿੱਲ ਆਇਆ ਕਰੇਗਾ। ਉਹ ਮੈਨੂੰ ਇਹ ਸਮਝਾਉਂਦਾ ਰਿਹਾ ਕਿ ਅਸੀਂ ਜੋ ਕੁੱਝ ਕੀਤਾ ਸਾਰਾ ਠੀਕ ਹੀ ਕੀਤਾ
ਹੈ। ਫਿਰ ਮੈਂ ਕਿਹਾ ਕਿ ਮੇਰਾ ਨੰਬਰ ਹੀ ਕੱਟ ਦਿਓ ਅਖੀਰ ਉਹ ਕਹਿਣ ਲੱਗਾ ਕਿ ਮੈਂ ਤੁਹਾਡੀ ਇਹ
ਰਿਪੋਰਟ ਊਪਰ ਭੇਜ ਦੇਣ ਲੱਗਾ ਹਾਂ ਤੂਹਾਨੂੰ ੪੮ ਘੰਟਿਆਂ ਵਿੱਚ ਜੁਆਬ ਆਏਗਾ। ਬਿੱਲ ਘੱਟ ਕਰਨ ਦਾ ਉਸ
ਨੇ ਕੋਈ ਵਾਅਦਾ ਨਹੀਂ ਕੀਤਾ ਸੀ। ੪੮ ਘਟਿਆਂ ਦਾ ਸਮਾਂ ਬੀਤ ਗਿਆ ਪਰ ਕੋਈ ਸੁਨੇਹਾਂ ਨਹੀਂ ਆਇਆ ੭੨
ਘੰਟਿਆਂ ਬਆਦ ਮੈਂ ਫਿਰ ਟੈਲੀਫੂਨ ਕੀਤਾ ਕਿ ਬਈ ਮੇਰੇ ਬਿੱਲ ਦਾ ਕੀ ਕੀਤਾ ਜੇ ਅੱਗੋਂ ਅਵਾਜ਼ ਆਉਂਦੀ
ਹੈ, ਤੂਹਨੂੰ ਕੀ ਸਮੱਸਿਆ ਹੈ? ਵੀਹ ਮਿੰਟ ਲਾ ਕੇ ਉਸ ਨੂੰ ਫਿਰ ਪੂਰੀ ਗੱਲ ਸਮਝਾਈ ਤੇ ਨਾਲ ਪੁੱਛਿਆ
ਕੇ ਤੁਸੀਂ ਮੇਰੀ ਜਗ੍ਹਾ ਹੋਵੋ ਤਾਂ ਕੀ ਤੁਸੀਂ ੧੪੨੯ ਰੁਪਏ ਬਿੱਲ ਦੇ ਦਿਓਗੇ? ਅੱਗੋਂ ਇਹ ਵੀਰ ਕਹਿਣ
ਲੱਗਾ ਕਿ ਵਾਕਿਆ ਹੀ ਤੁਹਾਡਾ ਬਿੱਲ ਵੱਧ ਆਇਆ ਹੈ ਮੈਂ ਹੁਣ ਤੁਹਾਡੀ ਬੇਨਤੀ ਉਪਰ ਭੇਜਣ ਲੱਗਾ ਹਾਂ।
ਮੈਂ ਕਿਹਾ ਪਹਿਲੀ ਬੇਨਤੀ ਦਾ ਕੀ ਬਣਿਆ ਉਹ ਵੀਰ ਕਹਿਣ ਲੱਗਾ ਪਹਿਲੀ ਤੁਹਡੀ ਬੇਨਤੀ ਕੀਤੀ ਹੀ ਕੋਈ
ਨਹੀਂ ਗਈ। ਹੁਣ ਤੂਹਾਨੂੰ ੨੪ ਘੰਟੇ ਵਿੱਚ ਕਾਲ ਆਏਗੀ।
ਅਖੀਰ ਮੈਂ ਇਹਨਾਂ ਦੇ ਅਸਲੀ ਦਫਤਰ ਗਿਆ ਜਿਹੜਾ ਮੋਗਾ ਰੋਡ ਤੇ ਸਥਿੱਤ ਹੈ। ਤਿੰਨ ਦਿਨ ਗੇੜੇ ਤੇ
ਗੇੜੇ ਕੱਢੇ ਕੋਈ ਗੱਲ ਨਹੀਂ ਬਣੀ। ਤਿੰਨਾਂ ਕੁਰਸੀਆਂ ਤੇ ਕਦੇ ਲੜਕੇ ਬੈਠ ਜਾਂਦੇ ਨੇ ਤੇ ਪਿੱਛੇ
ਕੁੜੀਆਂ ਖੜੀਆਂ ਹੋ ਜਾਂਦੀਆਂ ਨੇ ਜੇ ਕੁੜੀਆਂ ਬੈਠਦੀਆਂ ਹਨ ਤਾਂ ਪਿੱਛੇ ਮੁੰਡੇ ਖੜੇ ਹੋ ਕੇ ਆਪਣੇ
ਪੋਟੇ ਚਲਾਈ ਜਾਂਦੇ ਹਨ। ਇਸ ਦਾ ਅਰਥ ਹੈ ਪਤਾ ਦੋਹਾਂ ਨੂੰ ਹੀ ਕੁੱਝ ਨਹੀਂ ਹੈ ਫਿਰ ਆਪਣੇ ਤੋਂ ਵੱਡੇ
ਨੂੰ ਪੁੱਛੀ ਜਾਣਗੇ। ਸਰ ਦੱਸਿਆ ਜੇ ਹੁਣ ਕੀ ਕਰਨਾ ਹੈ। ਅਖੀਰ ਦੁੱਖੀ ਹੋ ਕੇ ਜਦੋਂ ਕੋਈ ਹੱਲ ਨਾ
ਨਿਕਲਿਆ ਤਾਂ ਮੈਂ ਬਿੱਲ ਵਾਲਾ ਨੰਬਰ ਹੀ ਕਟਾ ਦਿੱਤਾ। ਜਨੀ ਕਿ ਮੈਨੂੰ ਇਹਨਾਂ ਨੇ ਕੋਈ ਰਾਹ ਨਹੀਂ
ਦਿੱਤਾ।
ਟੈਲੀਫੂਨ ਦੇ ਜਿੱਥੇ ਲਾਭ ਬਹੁਤ ਵੱਡੇ ਹਨ ਜੇ ਇਸ ਦੀ ਸਹੀ ਵਰਤੋਂ ਨਾ ਕੀਤੀ ਜਾਏ ਤਾਂ ਨੁਕਸਾਨ ਵੀ
ਬਹੁਤ ਵੱਡੇ ਹਨ। ਟੈਲੀ ਫੂਨ ਵਾਲੀਆਂ ਕੰਪਨੀਆਂ ਆਪਣੀ ਮਨ ਮਰਜ਼ੀ ਕਰਦੀਆਂ ਹਨ ਤੇ ਸੁਣਵਾਈ ਵੀ ਕੋਈ
ਨਹੀਂ ਹੁੰਦੀ।