ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰਸਿੱਖੀ ਦਾ ਧੁਰਾ ਹੈ। ਗੁਰਮਤਿ ਕੀ
ਹੈ, ਇਸ ਬਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਨੂੰ ਵਿਚਾਰਨ ਤੋਂ ਹੀ ਪਤਾ ਲੱਗੇਗਾ।
ਗੁਰਬਾਣੀ ਵਿੱਚ ਮਨੁੱਖ ਨੂੰ ਸੱਚ ਦੀ ਸੋਝੀ ਦੇਣ ਲਈ ਪ੍ਰਚਲਤ ਰਸਮੋਂ ਰਿਵਾਜ਼ਾਂ, ਦਿਨਾਂ, ਤਿਓਹਾਰਾਂ
ਆਦਿ ਦੇ ਨਾਂ ਹੇਠ ਬੜੇ ਸੁਚੱਜੇ ਢੰਗ ਦੁਆਰਾ ਮਨੂੱਖ ਨੂੰ ਸੱਚ ਨਾਲ ਜ਼ੋੜਿਆ ਗਿਆ ਹੈ। ਇਸੇ ਤਰ੍ਹਾਂ
ਵਿਆਹ ਦੇ ਨਾਂ ਹੇਠ ਮਨੁੱਖ ਨੂੰ ਅਸਲ ਵਿਆਹ ਦੀ ਗੱਲ ਸਮਝਾਈ ਹੈ। ਵਿਆਹ, ਮੈਰਿਜ਼ ਆਦਿ ਅਲੱਗ-ਅਲੱਗ
ਭਾਸ਼ਾਵਾਂ ਦੇ ਸ਼ਬਦ ਹਨ। ਜਿਨ੍ਹਾਂ ਦਾ ਭਾਵ ਮਿਲਾਪ ਹੈ। ਗੁਰਬਾਣੀ ਵਿੱਚ ਸਭ ਨੂੰ ਪ੍ਰਭੂ ਦੀਆਂ ਜੀਵ
ਰੂਪੀ ਇਸਤਰੀਆਂ ਆਖਿਆ ਗਿਆ ਹੈ ਜਿਵੇਂ:
ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ।। (591)
ਭਨਤਿ ਨਾਨਕੁ ਸਭਨਾ ਕਾ ਪਿਰੁ ਏਕੋ ਸੋਇ।।
ਜਿਸ ਨੋ ਨਦਰਿ ਕਰੇ ਸਾ ਸੋਹਾਗਣਿ ਹੋਇ।। (351)
ਠਾਕੁਰੁ ਏਕੁ ਸਬਾਈ ਨਾਰਿ।। (933)।
ਭਾਵ ਸਭ ਦਾ ਕੇਵਲ ਤੇ ਕੇਵਲ ਇੱਕ ਹੀ ਮਾਲਕ, ਪਤੀ ਹੈ ਹੋਰ ਸਭ ਉਸ ਪ੍ਰਭੂ
ਪਤੀ ਦੀਆਂ ਜੀਵ ਰੂਪੀ ਇਸਤਰੀਆਂ ਹਨ। ਇਹ ਸਾਰੀਆਂ ਜੀਵ ਰੂਪੀ ਇਸਤਰੀਆਂ ਉਸ ਪ੍ਰਭੂ ਨੂੰ ਮਿਲ ਸਕਦੀਆਂ
ਹਨ। ਬਸ ਗੁਰਬਾਣੀ ਪ੍ਰਭੂ ਪ੍ਰਤੀ ਦੇ ਮਿਲਾਪ ਦਾ ਤਰੀਕਾ ਸਮਝਾਉਂਦੀ ਹੈ ਕਿ ਹਰ ਜੀਵ ਰੂਪੀ ਇਸਤਰੀ
ਸੁਹਾਗਣ ਬਣ ਸਕਦੀ ਹੈ, ਉਸ ਦਾ ਪ੍ਰਭੂ ਪਤੀ ਨਾਲ ਵਿਆਹ ਹੋ ਸਕਦਾ ਹੈ ਜੇਕਰ ਉਸ ਨੂੰ ਪ੍ਰਭੂ ਪਤੀ ਨਾਲ
ਮਿਲਣ ਦਾ ਢੰਗ ਆ ਜਾਏ ਜਿਸ ਸਬੰਧੀ ਗੁਰਬਾਣੀ ਵਿੱਚ ਗਿਆਨ ਇਸ ਪ੍ਰਕਾਰ ਹੈ:-
ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵੰਝਾਈ ਛੋੜਿਆ ਹਭੁ ਕਿਝੁ ਤਿਆਗੀ।।
ਹਭੇ ਸਾਕ ਕੂੜਾਵੈ ਡਿਠੇ ਤਉ ਪਲੈ ਤੈਡੇ ਲਾਗੀ।। (963)
ਪ੍ਰਭੂ ਪਤੀ ਨੂੰ ਮਿਲਣ ਲਈ ਇਹ ਢੰਗ ਕਿ ਉਸਤਤਿ, ਵਧਾ ਕੇ ਕੀਤੀ ਗਈ ਗੱਲ,
ਨਿੰਦਾ ਘਟਾ ਕੇ ਕੀਤੀ ਗਈ ਗੱਲ ਹੈ। ਮਨੁੱਖ ਲਾਭ ਲੈਣ ਲਈ, ਸੁ-ਆਰਥ (ਆਪਣਾ ਮਤਲਬ) ਲਈ ਮਿੱਠਾ ਵੀ
ਬੋਲਦਾ ਹੈ ਨਿਮਰਤਾ ਵੀ ਦਿਖਾਉਂਦਾ ਹੈ ਪਰ ਸੁਭਾਅ (ਸਹਿਜ) ਮਿੱਠਾ ਬੋਲਣ ਦਾ ਨਹੀਂ ਹੈ। ਮਨੁੱਖ ਨੂੰ
ਇਨ੍ਹਾਂ ਗੱਲਾਂ ਦਾ ਤਿਆਗ ਕਰਨਾ ਪਵੇਗਾ। ਇਥੇ ਸਕੇ ਸਬੰਧੀਆਂ ਦੀ ਗੱਲ ਨਹੀਂ ਹੈ। ਇਹ ਦੁਨਿਆਵੀ
ਰਿਸ਼ਤੇ ਝ੍ਹੂਠੇ ਕਿਵੇਂ ਹੋਏ ਕਿਉਂਕਿ ਇਹ ਵੀ ਪ੍ਰਭੂ ਦੇ ਬਣਾਏ ਹੋਏ ਹਨ (ਇਹ ਵਿਸ ਸੰਸਾਰ ਤੁਮ
ਦੇਖਦੇ ਇਹ ਹਰਿ ਕਾ ਰੂਪ ਹੈ)। ਮਨੁੱਖ ਦੇ ਅਸਲ ਸਕੇ ਸਬੰਧੀ ਉਸ ਦੇ ਆਪਣੇ ਮਨ ਦੇ ਖਿਆਲ
ਹਨ। ਜਦੋਂ ਕਿਸੇ ਮਨੁੱਖ ਨੇ ਪ੍ਰਭੂ ਨਾਲ ਜੁੜਨਾ ਹੋਵੇ ਤਾਂ ਉਸ ਨੂੰ ਆਪਣੇ ਸਕੇ ਸਬੰਧੀ, ਆਪਣੀ ਮਨ
ਦੀ ਮਤਿ ਤਿਆਗਣੀ ਪੈਂਦੀ ਹੈ। ਕਿਉਂਕਿ ਇਹ ਹਉਮੈਂ ਵਾਲੀ ਮਤਿ ਪ੍ਰਭੂ ਦੇ ਮਿਲਣ ਦੇ ਰਸਤੇ ਵਿੱਚ
ਰੁਕਾਵਟ ਹੈ। ਮਨੁੱਖ ਸਭ ਕੁੱਝ ਜਾਣਦਾ ਹੋਇਆ ਵੀ ਆਪਣੇ ਝੂਠੇ ਅਹੰਕਾਰ ਵੱਸ ਸੱਚ ਦਾ ਪੱਲਾ ਨਹੀਂ
ਫੜਦਾ। ਇਸ ਲਈ ਇਸ ਦਾ ਤਿਆਗ ਤਾਂ ਕਰਨਾ ਹੀ ਪਵੇਗਾ ਤਾਂ ਹੀ ਪ੍ਰਭੂ ਦੇ ਪਲੇ ਲੱਗਿਆ ਜਾ ਸਕਦਾ ਹੈ
ਭਾਵ ਪ੍ਰਭੂ ਦੇ ਮਾਰਗ ਤੇ ਚੱਲਿਆ ਜਾ ਸਕਦਾ ਹੈ। ਇਹ ਮੰਨਣਾ ਹੀ ਪਵੇਗਾ ਕਿ ਮੇਰੀ ਮਤਿ ਥੋੜੀ ਹੈ,
ਊਣੀ ਹੈ ਅਤੇ ਅਧੂਰੀ ਹੈ ਤਾਂ ਹੀ ਪ੍ਰਮਾਤਮਾ ਦਾ ਪੱਲਾ ਫੜਿਆ ਜਾ ਸਕਦਾ ਹੈ।
ਵੀਆਹੁ ਹੋਆ ਮੇਰੇ ਬਾਬਲਾ ਗੁਰਮੁਖੇ ਹਰਿ ਪਾਇਆ।।
ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨ ਪਰਚੰਡੁ ਬੁਲਾਇਆ।।
ਬਲਿਆ ਗੁਰ ਗਿਆਨ ਅੰਧੇਰਾ ਬਿਨਿਸਿਆ ਹਰਿ ਰਤਨੁ ਪਦਾਰਥ ਲਾਧਾ।।
ਹਉਮੈ ਰੋਗੁ ਗਇਆ ਦੁਖੁ ਲਾਥਾ ਆਪੁ ਆਪੈ ਗੁਰਮਤਿ ਖਾਧਾ।।
ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨਾ ਕਦੇ ਮਰੈ ਨ ਜਾਇਆ।।
ਵੀਆਹੁ ਹੋਆ ਮੇਰੇ ਬਾਬਲਾ ਗੁਰਮੁਖੇ ਹਰਿ ਪਾਇਆ।। (78)
ਇਨ੍ਹਾਂ ਪੰਕਤੀਆਂ ਵਿੱਚ ਪ੍ਰਭੂ ਮਿਲਾਪ ਦੀ ਗੱਲ ਕੀਤੀ ਗਈ ਹੈ ਕਿ ਸੱਚ ਦੀ
ਸ਼ਰਨ ਪਿਆਂ ਮੇਰਾ ਪ੍ਰਭੂ ਪਤੀ ਨਾਲ ਮਿਲਾਪ ਹੋ ਗਿਆ ਹੈ। ਗੁਰਬਾਣੀ ਅਨੁਸਾਰ ਆਤਮਕ ਜੀਵਨ ਲਈ ਸੰਤੋਖ
ਰੂਪੀ ਪਿਤਾ ਬਾਬਲ (ਪਿਤਾ) ਹੈ। ਇਸ ਸੰਤੋਖ ਰੂਪੀ ਪਿਤਾ ਹੋਣ ਕਰਕੇ ਵੀ ਪ੍ਰਭੂ ਨਾਲ ਮਿਲਾਪ ਹੁੰਦਾ
ਹੈ। ਸੱਚ ਦੇ ਗਿਆਨ ਨੇ ਅਗਿਆਨਤਾ ਦਾ ਹਨੇਰਾ (ਲੋਭ ਰੂਪੀ ਹਨੇਰਾ) ਖਤਮ ਕਰ ਦਿੱਤਾ ਭਾਵ ਹੁਣ ਕਿਸੇ
ਵੀ ਤਰ੍ਹਾਂ ਦਾ ਲੋਭ ਨਹੀਂ ਰਿਹਾ। ਗੁਰੂ ਦੇ ਗਿਆਨ ਰੂਪੀ ਸੂਰਜ ਦੇ ਉਦੇ ਹੋਣ ਨਾਲ ਅੰਦਰ ਜ਼ੋ
ਵਿਕਾਰਾਂ ਦਾ ਹਨੇਰਾ ਬਣਿਆ ਹੋਇਆ ਸੀ, ਮਿਟ ਗਿਆ ਅਤੇ ਸੱਚ ਰੂਪੀ ਪ੍ਰਭੂ ਰਤਨ ਲੱਭ ਗਿਆ। ਜਿਸ
ਤਰ੍ਹਾਂ ਹਨੇਰੇ ਵਿੱਚ ਥੋੜਾ ਜਿਹਾ ਪ੍ਰਕਾਸ਼ ਕਰਦਿਆਂ ਹੀ ਹਨੇਰਾ ਗਾਇਬ ਹੋ ਜਾਂਦਾ ਹੈ ਇਸੇ ਤਰ੍ਹਾਂ
ਗੁਰਬਾਣੀ ਦੇ ਗਿਆਨ ਰਾਹੀਂ ਅੰਦਰ ਅਗਿਆਨ ਮਿਟਦਿਆਂ ਸਮਾਂ ਨਹੀਂ ਲੱਗਦਾ। ਸੱਚ ਦੇ ਗਿਆਨ ਦੀ ਪ੍ਰਾਪਤੀ
ਨਾਲ ਮੇਰੇ ਅੰਦਰੋਂ ਆਪਣੀ ਵਿਕਾਰਾਂ ਵਾਲੀ ਮਤਿ, ਜ਼ੋ ਦੁੱਖਾਂ ਦਾ ਮੂਲ ਕਾਰਨ ਸੀ, ਦੂਰ ਹੋ ਗਈ। ਗੁਰੂ
ਦੀ ਮਤਿ ਤੇ ਤੁਰਿਆਂ ਮੇਰੀ ਹਉਮੈ ਅੰਦਰੋਂ ਹੀ ਮਿਟ ਗਈ। ਜਿਸ ਪ੍ਰਭੂ ਦੀ ਹਸਤੀ ਕਾਲ ਤੋਂ ਰਹਿਤ ਹੈ,
ਪ੍ਰਭੂ ਨੂੰ ਆਉਣ ਲਈ ਕਿਸੇ ਖਾਸ ਯੁੱਗ ਦੀ, ਸਮੇਂ ਦਾ ਮੁਹਤਾਜ ਨਹੀਂ ਹੈ। ਐਸਾ ਪਤੀ ਜ਼ੋ ਬਿਨਸਦਾ
ਨਹੀਂ ਨਾ ਹੀ ਕੋਈ ਕਿਸੇ ਯੁੱਗ ਵਿੱਚ ਅਵਤਾਰ ਧਾਰਦਾ ਹੈ (ਅਜੂਨੀ) ਜੀਵ ਰੂਪੀ ਇਸਤਰੀ ਮਿਲ ਜਾਂਦਾ
ਹੈ, ਭਾਵ ਉਸ ਨੂੰ ਇਸ ਗੱਲ ਦੀ ਸਮਝ ਮਿਲ ਜਾਂਦੀ ਹੈ ਕਿ ਉਹ ਅਬਿਨਾਸ਼ੀ (ਨਾਸ਼ ਨਾ ਹੋਣ ਵਾਲਾ) ਹੈ। ਇਸ
ਤਰ੍ਹਾਂ ਜੀਵ ਰੂਪੀ ਇਸਤਰੀ ਦਾ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਪਤੀ ਨਾਲ ਮਿਲਾਪ ਹੋ ਗਿਆ ਸਮਝਣਾ ਹੈ।
ਹੁਣ ਲਾਵਾਂ ਦੇ ਪਾਠ ਦੀ ਲੜੀਵਾਰ ਵਿਚਾਰ ਕਰਾਂਗੇ:
ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ।।
ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ।।
ਧਰਮੁ ਦ੍ਰਿੜਹੁ ਹਰਿਨਾਮੁ ਧਿਆਵਹੁ ਸਿਮ੍ਰਤਿ ਨਾਮੁ ਦ੍ਰਿੜਾਇਆ।।
ਸਤਿਗੁਰੁ ਗੁਰੁ ਪੂਰਾ ਆਰਾਧਹੁ ਸਭਿ ਕਿਲਵਿਖ ਪਾਪ ਗਵਾਇਆ।।
ਸਹਜ ਅਨੰਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ।।
ਜਨੁ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ।। (773-74)
ਪ੍ਰਭੂ ਨਾਲ ਮਿਲਾਪ ਦਾ ਪਹਿਲਾ ਕਦਮ (ਪਹਿਲੀ ਲਾਵ) ਬਾਰੇ ਗੁਰਬਾਣੀ ਦਾ
ਫੁਰਮਾਨ ਹੈ ਕਿ ਹੇ ਪ੍ਰਭੂ ਮੈਂ ਤੈਥੋਂ ਕੁਰਬਾਨ ਜਾਂਦਾ ਹਾਂ। ਗੁਰਬਾਣੀ ਦੀ ਸਮਝ ਆ ਜਾਣ ਨਾਲ ਤੇਰੀ
ਸਮਝ ਪੈ ਗਈ ਹੈ। ਸੱਚ ਦੇ ਗਿਆਨ ਸਦਕੇ ਹੀ ਤੇਰੇ ਨਾਮ ਵਿੱਚ ਗਿੱਝ ਗਿਆ ਹਾਂ ਭਾਵ ਹੁਣ ਮੈਨੂੰ ਤੇਰੇ
ਹੁਕਮ ਵਿੱਚ ਚੱਲਣਾ ਹੀ ਚੰਗਾ ਲੱਗਦਾ ਹੈ। ਗੁਰੂ ਦੀ ਸਿੱਖਿਆ ਨੂੰ ਮਨ ਵਿੱਚ ਪੱਕਾ ਕਰਨਾ ਅਤੇ ਉਸ
ਅਨੁਸਾਰ ਚੱਲਣਾ ਹੀ ਪ੍ਰਭੂ ਨਾਲ ਮਿਲਾਪ ਦਾ ਪਹਿਲਾ ਕਦਮ (ਪਹਿਲੀ ਲਾਵ) ਹੈ। ਗੁਰੂ ਗ੍ਰੰਥ ਸਾਹਿਬ ਜੀ
ਦੀ ਬਾਣੀ, ਪ੍ਰਭੂ ਦਾ ਗਿਆਨ (ਬ੍ਰਹਮਾ ਵੇਦੁ) ਹੀ ਆਪਣੇ ਹਿਰਦੇ ਵਿੱਚ ਪੱਕਾ ਕਰਨਾ ਹੈ। ਇਹ ਸਿੱਖਿਆ
ਹੀ ਸਾਰੇ ਵਿਕਾਰਾਂ ਦੇ ਪਾਪ ਕੱਟਣ ਲਈ ਲਾਹੇਵੰਦ ਹੈ। ਤਾਂ ਤੇ ਸੱਚ ਦੇ ਗਿਆਨ ਨੂੰ ਹੀ ਆਪਣੇ ਹਿਰਦੇ
ਵਿੱਚ ਪੱਕਾ ਕਰਨਾ ਚਾਹੀਦਾ ਹੈ। ਇਹੀ ਸੱਚ ਦੇ ਗਿਆਨ ਨੂੰ ਮਨ ਵਿੱਚ ਪੱਕਾ ਕਰਨਾ ਹੈ ਅਤੇ ਇਹ ਹੀ ਹਰੀ
ਦੇ ਨਾਮ ਦੀ ਅਰਾਧਣਾ ਕਰਨਾ ਹੈ। ਗੁਰੂ ਦੇ ਗਿਆਨ ਨੂੰ ਯਾਦ ਰੱਖਣਾ (ਸਿਮ੍ਰਤਿ ਨਾਮੁ) ਹੀ ਪ੍ਰਭੂ ਦਾ
ਨਾਮ ਦ੍ਰਿੜ ਕਰਨਾ ਹੈ। ਗੁਰੂ ਦਾ ਗਿਆਨ (ਪ੍ਰਭੂ ਦੇ ਅਟੱਲ ਨਿਯਮ) ਸਦਾ ਅਟੱਲ ਰਹਿਣ ਵਾਲਾ ਹੈ ਇਸ
ਨੂੰ ਚੇਤੇ ਰੱਖਣਾ ਚਾਹੀਦਾ ਹੈ ਇਹ ਸਾਰੇ ਕਲੇਸ਼/ਪਾਪ ਜੋ ਵਿਸ਼ੇ ਵਿਕਾਰਾਂ ਤੋਂ ਪੈਦਾ ਹੁੰਦੇ ਹਨ,
ਮਿਟਾ ਦਿੰਦਾ ਹੈ। ਜਦੋਂ ਮਨੁੱਖ ਨੂੰ ਹਰੀ ਦਾ ਨਾਮ ਭਾਵ ਗੁਰੂ ਦਾ ਆਖਿਆ ਚੰਗਾ ਲੱਗਣ ਲੱਗ ਜਾਂਦਾ ਹੈ
ਤਾਂ ਮਨ ਗੁਰੂ ਉਪਦੇਸ਼ ਨੂੰ ਮੰਨਣ ਲੱਗ ਜਾਂਦਾ ਹੈ। ਇਸ ਮਨ ਨੂੰ ਅਡੋਲਤਾ (ਵਿਕਾਰਾਂ ਤੋਂ ਰਹਿਤ
ਅਵੱਸਥਾ) ਦਾ ਸੁੱਖ ਪ੍ਰਾਪਤ ਹੋ ਜਾਂਦਾ ਹੈ ਅਤੇ ਪ੍ਰਭੂ ਗਿਆਨ ਪ੍ਰਾਪਤ ਹੋਣ ਕਰਕੇ ਵੱਡੇ ਭਾਗਾਂ
ਵਾਲਾ ਬਣ ਜਾਂਦਾ ਹੈ। ਨਾਨਕ ਕਹਿੰਦੇ ਹਨ ਕਿ ਗੁਰੂ ਦੀ ਸਿੱਖਿਆਂ ਨੂੰ ਸਮਝਣਾ ਹੀ ਪ੍ਰਭੂ ਦੇ ਮਿਲਾਪ
ਦੀ ਆਰੰਭਤਾ ਦਾ ਪਹਿਲਾ ਕਦਮ ਹੈ।
ਹਰਿ ਦੁਜ਼ੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ ਬਲਿ ਰਾਮ ਜੀਉ।।
ਨਿਰਭਉ ਭੈ ਮਨੁ ਹੋਇ ਹਉਮੈ ਮੈਲੁ ਗਵਾਇਆ ਬਲਿ ਰਾਮ ਜੀਉ।।
ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ ਰਾਮੁ ਹਦੂਰੇ।।
ਹਰਿ ਆਤਮ ਰਾਮੁ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ।।
ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਮਿਲਿ ਹਰਿ ਜਨੁ ਮੰਗਲ ਗਾਏ।।
ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ।। (774)
ਪ੍ਰਭੂ ਨਾਲ ਮਿਲਾਪ ਦੀ ਦੂਜੀ ਅਵੱਸਥਾ (ਦੂਜੀ ਲਾਵ) ਦਾ ਜ਼ਿਕਰ ਇਊਂ ਹੈ
ਕਿ ਹੇ ਸਭ ਜਗ੍ਹਾਂ ਤੇ ਵਿਆਪਕ ਪ੍ਰਭੂ ਮੈਂ ਤੈਥੋਂ ਕੁਰਬਾਨ ਜਾਂਦਾ ਹਾਂ। ਦੂਜੇ ਮਿਲਾਪ ਦੇ ਕਦਮ ਦੀ
ਗੱਲ ਕਰਦਿਆਂ ਪਾਤਸ਼ਾਹ ਬਿਆਨ ਕਰਦੇ ਹਨ ਕਿ ਇਸ ਅਵੱਸਥਾ ਵਿੱਚ ਗੁਰੂ ਸ਼ਬਦ ਦੀ ਇਸ ਤਰ੍ਹਾ ਸੋਝੀ ਹੋ
ਜਾਂਦੀ ਹੈ, ਭਾਵ ਗੁਰੂ ਦਾ ਮਿਲਣਾ ਕੀ ਹੈ ਇਸ ਗੱਲ ਦਾ ਪਤਾ ਲੱਗ ਜਾਦਾ ਹੈ। ਹੁਣ ਇਹ ਮਨ ਜ਼ੋ
ਵਿਕਾਰਾਂ ਤੋਂ ਡਰਦਾ ਸੀ, ਨਿਡਰ ਹੋਣ ਕਰਕੇ ਆਪਣੇ ਹੀ ਬਣਾਏ ਵਿਕਾਰਾਂ ਵਾਲੇ ਸੰਸਾਰ (ਹਉਮੈਂ) ਦੀ
ਮੈਲ ਨੂੰ ਖਤਮ ਕਰਨਯੋਗ ਹੋ ਜਾਂਦਾ ਹੈ। ਪ੍ਰਭੂ ਦਾ ਨਿਰਮਲ ਭਉ, ਪਵਿਤ੍ਰ ਡਰ (ਜਦੋਂ ਮਨ ਵਿਕਾਰ ਕਰਨ
ਤੋਂ ਗੁਰੇਜ਼ ਕਰਦਾ ਹੈ ਤਾਂ ਪ੍ਰਭੂ ਦਾ ਨਿਰਮਲ ਭੈ ਪੈਦਾ ਹੁੰਦਾ ਹੈ ਜਿਸ ਕਰਕੇ ਹੁਣ ਮਨ ਵਿਕਾਰ ਕਰਨ
ਤੋਂ ਡਰਦਾ ਹੈ, ਪ੍ਰਾਪਤ ਹੋ ਜਾਂਦਾ ਹੈ। ਮਨ ਹਰੀ ਦੇ ਗੁਣਾ ਵਿੱਚ ਓਤ ਪਰੋਤ ਹੋਣ ਕਰਕੇ ਹਰੀ ਨੂੰ ਹਰ
ਜਗ੍ਹਾਂ ਰਮਿਆ ਹੀ ਵੇਖਦਾ ਹੈ ਜ਼ੋ ਦਿਸੈ ਸੋ ਤੇਰਾ ਰੂਪ। ਪ੍ਰਭੂ ਦੇ ਬਣੇ ਸੰਸਾਰ
ਵਿੱਚ ਉਸ ਪ੍ਰਮਾਤਮਾ ਨੂੰ ਪ੍ਰਤੱਖ ਵੇਖਦਾ ਹੈ, ਭਾਵ ਉਹ ਵਿਤਕਰਿਆਂ ਤੋਂ ਉਪਰ ਹੋ ਜਾਂਦਾ ਹੈ। ਹਰੀ
ਜੇ ਸਾਡੀ ਛੋਟੀ ਜਿਹੀ ਆਤਮਾ ਦੇ ਰੂਪ ਵਿੱਚ ਹੈ, ਉਸੇ ਦਾ ਸਾਰਾ ਪਸਾਰਾ ਪ੍ਰਤੀਤ ਹੁੰਦਾ ਹੈ (ਜ਼ੋ
ਬ੍ਰਹਮੰਡੇ ਸੋਈ ਪਿੰਡੈ)। ਹਰ ਥਾਂ ਤੇ ਉਸ ਦੀ ਹੋਂਦ ਹੀ ਮਹਿਸੂਸ ਹੁੰਦੀ ਹੈ। ਨਿਰਗੁਣ
ਆਪ ਸਰਗੁਣਿ ਭੀ ਉਹੀ ਵਾਲੀ ਅਵੱਸਥਾ ਸਮਝਣ ਤੋਂ ਬਾਅਦ ਮਨੁੱਖੀ ਮਨ ਹਰੀ ਦੇ ਗੁਣ ਜ਼ੋ ਅਸਲ
ਮੰਗਲ (ਖੁਸ਼ੀ ਦੇ ਗੀਤ ਹਨ) ਵਿੱਚ ਲੀਨ ਰਹਿੰਦਾ ਹੈ। ਜਿਸ ਨਾਲ ਪਿਆਰ ਹੋਵੇ ਉਸ ਦੀ ਗੱਲ ਕਰਨੀ ਹੀ
ਚੰਗੀ ਲੱਗਦੀ ਹੈ ਉਸੇ ਤਰ੍ਹਾਂ ਹੁਣ ਮਨ ਪ੍ਰਭੂ ਗੁਣਾਂ ਨੂੰ ਹੀ ਚੇਤੇ ਕਰਦਾ ਹੈ। ਇਹ ਹੈ ਜੀਵ ਰੂਪੀ
ਇਸਤਰੀ ਦੀ ਪ੍ਰਭੂ ਪ੍ਰਤੀ ਨਾਲ ਦੂਜੀ ਲਾਵ (ਦੁਜ਼ੇ ਮਿਲਾਪ ਦੀ ਅਵੱਸਥਾ) ਜਿਸ ਵਿੱਚ ਹਰੀ ਗੁਣਾਂ ਦੇ
ਮੰਗਲ ਗਾਏ ਜਾਂਦੇ ਹਨ ਅਤੇ ਮਨ ਅਨੰਦ ਵਿੱਚ ਰਹਿੰਦਾ ਹੈ।
ਹਰਿ ਤੀਜੜੀ ਲਾਵ ਮਨਿ ਚਾਉ ਭਇਆ ਬੈਰਾਗੀਆ ਬਲਿ ਰਾਮ ਜੀਉ।।
ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗੀਆ ਬਲਿ ਰਾਮ ਜੀਉ।।
ਨਿਰਮਲੁ ਹਰਿ ਪਾਇਆ ਹਰਿ ਗੁਣ ਗਾਇਆ ਮੁਖਿ ਬੋਲੀ ਹਰਿ ਬਾਣੀ।।
ਸੰਤ ਜਨਾ ਵਡਭਾਗੀ ਪਾਇਆ ਹਰਿ ਕਥੀਐ ਅਕਥ ਕਹਾਣੀ।।
ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ ਹਰਿ ਜਪੀਐ ਮਸਤਕਿ ਭਾਗੁ ਜੀਉ।।
ਜਨੁ ਨਾਨਕ ਬੋਲੈ ਤੀਜੀ ਲਾਵੈ ਹਰਿ ਉਪਜੈ ਮਨਿ ਬੈਰਾਗੁ ਜੀਉ।। (774)
ਤੀਜੀ ਮਿਲਾਪ ਦੀ ਅਵੱਸਥਾ (ਤੀਜ਼ੀ ਲਾਵ) ਦਾ ਜ਼ਿਕਰ ਕਰਦੇ ਹੋਏ ਫੁਰਮਾਨ
ਹੈ ਕਿ ਇਸ ਅਵੱਸਥਾ ਵਿੱਚ ਪ੍ਰਭੂ ਮਾਰਗ ਤੇ ਚੱਲਣ ਵਾਲਿਆਂ ਦੇ ਮਨ ਵਿੱਚ ਪ੍ਰਭੂ ਨੂੰ ਮਿਲਣ ਲਈ
ਉਤਸ਼ਾਹ ਪੈਦਾ ਹੋ ਜਾਂਦਾ ਹੈ। ਬੈਰਾਗੀਆ ਦਾ ਭਾਵ ਜਿਨ੍ਹਾਂ ਨੇ ਵਿਕਾਰਾਂ ਤੋਂ ਤੋਬਾ ਕਰ ਲਈ ਹੈ,
ਵਿਸ਼ੇ ਵਿਕਾਰਾਂ ਤੋਂ ਖਲਾਸੀ ਪਾ ਲਈ ਹੈ ਅਤੇ ਪ੍ਰਭੂ ਨੂੰ ਮਿਲਣ ਦੀ ਇੱਛਾ ਦਾ ਚਾਉ ਪੈਦਾ ਹੋ ਗਿਆ
ਹੈ। ਇਹ ਚਾਉ ਪੈਦਾ ਹੋਣ ਕਰਕੇ ਐ ਸਰਬ ਵਿਆਪਕ ਰਾਮ ਮੈਂ ਤੈਥੋਂ ਕੁਰਬਾਨ ਜਾਂਦਾ ਹਾਂ। ਸੰਤ ਜਨਾ ਦਾ
ਭਾਵ ਪ੍ਰਭੂ ਗੁਣ ਹੈ। ਪ੍ਰਭੂ ਦੇ ਮਿਲਾਪ ਵਾਲੇ ਗੁਣ ਦੀ ਸਮਝ ਲੱਗ ਜਾਣੀ ਵੱਡੇ ਭਾਗਾਂ ਦੀ ਨਿਸ਼ਾਨੀ
ਹੈ। ਪ੍ਰਭੂ ਗੁਣਾ ਨੂੰ ਜੀਵਨ ਦਾ ਆਧਾਰ ਬਨਾਉਣਾ ਵੱਡੇ ਭਾਗਾਂ ਵਾਲੇ ਬਣਨਾ ਹੈ। ਗੁਰਬਾਣੀ ਦੇ ਗਿਆਨ
ਰਾਹੀਂ ਜਦੋਂ ਪ੍ਰਭੂ ਦੇ ਮਿਲਾਪ ਦੇ ਗੁਣਾ ਦਾ ਮਿਲਾਪ ਹੋਇਆ ਤਾਂ ਮੈਂ ਵੱਡੇ ਭਾਗਾਂ ਨਾਲ ਹਰੀ ਨੂੰ
ਪਾ ਲਿਆ। ਇਸ ਲਈ ਐ ਸਭ ਥਾਂ ਵਿਆਪਕ ਪ੍ਰਭੂ ਮੈਂ ਤੈਥੋਂ ਕੁਰਬਾਣ ਜਾਂਦਾ ਹਾਂ। ਜਿਸ ਪ੍ਰਭੂ ਵਿੱਚ
ਕਿਸੀ ਵੀ ਤਰ੍ਹਾਂ ਦੀ ਮੈਲ ਨਹੀਂ ਜਿਸ ਵਿੱਚ ਕੋਈ ਵੀ ਐਬ ਵਿਕਾਰ ਨਹੀਂ ਹੈ, ਜ਼ੋ ਪਵਿਤ੍ਰ
ਪਵਿਤ੍ਰ ਪੁਨੀਤ ਹੈ। ਅਸਲ ਵਿੱਚ ਮਨੁੱਖ ਨੇ ਇਸ ਤਰ੍ਹਾਂ ਨਿਰਮਲੁ ਬਣਨਾ ਹੈ ਹਰਿ ਜਨ
ਐਸਾ ਚਾਹੀਏ ਜੈਸਾ ਹਰਿ ਹੀ ਹੋਏ। ਇਸ ਤਰ੍ਹਾਂ ਨਿਰਮਲ ਹੋ ਕੇ ਪ੍ਰਭੂ ਗੁਣਾ ਨੂੰ ਚੇਤੇ
ਕਰਨਾ ਹੈ ਅਤੇ ਮਨੁੱਖ ਦੀ ਸਾਰੀ ਜੀਵਨ ਸ਼ੈਲੀ ਇਸ ਆਧਾਰ ਤੇ ਹੋਣੀ ਚਾਹੀਦੀ ਹੈ (ਮੁਖਿ ਬੋਲੀ ਹਰਿ
ਬੈਣੀ)। ਮੁੱਖ ਰਾਹੀਂ ਬੋਲਣ ਦਾ ਭਾਵ ਕੇਵਲ ਮੂੰਹ ਨਾਲ ਬੋਲਣਾ ਨਹੀਂ ਹੈ। ਪ੍ਰਭੂ ਗੁਣਾ ਨਾਲ ਸਾਂਝ
ਕਰਕੇ ਵੱਡੇ ਭਾਗ ਹੋਣ ਕਰਕੇ ਉਸ ਪ੍ਰਭੂ ਨੂੰ ਮਿਲਣ ਦੀ ਜੁਗਤੀ ਸਿੱਖਣੀ ਹੈ। ਜਿਹੜਾ ਪ੍ਰਭੂ ਕਥਨ
ਵਿੱਚ ਨਹੀਂ ਆ ਸਕਦਾ ਉਸ ਪ੍ਰਭੂ ਦੀ ਸਿਫਤ ਸਾਲਾਹ ਦੀ ਜਾਂਚ ਪ੍ਰਭੂ ਗੁਣਾ ਦੁਆਰਾ ਕਰਨ ਦੀ ਜਾਂਚ ਮਿਲ
ਜਾਂਦੀ ਹੈ। ਚੌਥੇ ਨਾਨਕ ਬਿਆਨ ਕਰਦੇ ਹਨ ਕਿ ਪ੍ਰਭੂ ਦੀ ਸੋਹਣੀ ਤੀਜੀ ਲਾਵ, ਪ੍ਰਭੂ ਮਿਲਾਪ ਦੀ ਤੀਜੀ
ਅਵੱਸਥਾ ਵਿੱਚ ਹਰੀ ਨੂੰ ਮਿਲਣ ਲਈ ਮਨ ਵਿੱਚ ਤੀਬਰ ਤਾਂਘ (ਬੈਰਾਗ) ਪੈਦਾ ਹੋਣਾ ਵੀ ਹੈ। ਮਨ ਹੁਣ
ਮਾਇਆ ਤੋਂ ਉਪਰਾਮ ਹੋ ਗਿਆ ਹੈ ਪਰ ਇਸ ਦੇ ਨਾਲ ਮਨ ਵਿੱਚ ਪ੍ਰਭੂ ਮਿਲਣ ਦਾ ਬੈਰਾਗ ਵੀ ਪੈਦਾ ਹੋ
ਜਾਂਦਾ ਹੈ। ਪ੍ਰਭੂ ਨੁੰ ਮਿਲਣ ਲਈ ਤਾਂਘ ਭਾਵ ਮਨ ਵਿੱਚ ਪ੍ਰਮਾਤਮਾ ਨੁੰ ਮਿਲਣ ਦੀ ਉਦਾਸੀ ਪੈਦਾ ਹੋ
ਜਾਂਦੀ ਹੈ ਕਿ ਪਤੀ ਪ੍ਰਮੇਸ਼ਰ ਦਾ ਮਿਲਾਪ ਕਦੋਂ ਹੋਵੇਗਾ।
ਹਰਿ ਚਉਥੜੀ ਲਾਵ ਮਨਿ ਸਹਜੁ ਭਇਆ ਹਰਿ ਪਾਇਆ ਬਲਿ ਰਾਮ ਜੀਉ।।
ਗੁਰਮੁਖਿ ਮਿਲਿਆ ਸੁਭਾਇ ਹਰਿ ਮਨਿ ਤਨਿ ਮੀਠਾ ਲਾਇਆ ਬਲਿ ਰਾਮ ਜੀਉ।।
ਹਰਿ ਮੀਠਾ ਲਾਇਆ ਮੇਰੇ ਪ੍ਰਭ ਭਾਇਆ ਅਨਦਿਨ ਹਰਿ ਲਿਵ ਲਾਈ।।
ਮਨ ਚਿੰਦਿਆ ਫਲੁ ਪਾਇਆ ਸੁਆਮੀ ਹਰਿ ਨਾਮ ਵਜੀ ਵਧਾਈ।।
ਜਨੁ ਨਾਨਕ ਬੋਲੇ ਚਉਥੀ ਲਾਵੈ ਹਰਿ ਪਾਇਆ ਪ੍ਰਭੂ ਅਵਿਨਾਸੀ।। (774)
ਪ੍ਰਭੂ ਨਾਲ ਮਿਲਾਪ ਦਾ ਚੌਥਾ ਕਦਮ (ਚੌਥੀ ਲਾਵ) ਦਾ ਜ਼ਿਕਰ ਕਰਦੇ ਹੋਏ
ਗੁਰਬਾਣੀ ਸਮਝਾਉਂਦੀ ਹੈ। ਕਿ ਮਨ ਵਿੱਚ ਟਿਕਾਉ ਹੋ ਗਿਆ ਭਾਵ ਮਨ ਵਿਕਾਰਾਂ ਵੱਲੋਂ ਬਿਲਕੁਲ ਸ਼ਾਂਤ ਹੋ
ਗਿਆ ਅਤੇ ਇਸ ਮਨ ਦੇ ਵਿਕਾਰਾਂ ਵੱਲੋਂ ਅਡੋਲ ਹੋਣ ਨਾਲ ਪ੍ਰਭੂ ਪਤੀ ਦਾ ਮਿਲਾਪ ਹੋ ਗਿਆ। ਇਹ ਮਿਲਾਪ
ਸੱਚ ਦੇ ਗਿਆਨ ਨੂੰ ਜੀਵਨ ਵਿੱਚ ਸਨਮੁੱਖ ਰੱਖ ਕੇ ਹੀ ਪ੍ਰਭੂ ਦੀ ਪ੍ਰਾਪਤ ਹੋਈ ਹੈ। ਮਨ ਵਿੱਚ ਤਨ
ਪ੍ਰਭੁ ਮਿਠਾ ਲੱਗਣ ਲੱਗ ਪਿਆ ਹੈ ਭਾਵ ਮਨ ਨੂੰ ਪ੍ਰਭੂ ਦੇ ਗੁਣ ਚੰਗੇ ਲੱਗਦੇ ਹਨ ਅਤੇ ਤਨ ਤੇ ਤਲ ਤੇ
ਕਰਮ ਇੰਦਰਿਆਂ ਅਤੇ ਗਿਆਨ ਇੰਦਰਿਆਂ ਰਾਹੀਂ ਪ੍ਰਭੂ ਦੇ ਅਟੱਲ ਨਿਯਮਾਂ ਅਨੁਸਾਰ ਚੱਲਣ ਦੀ ਜਾਂਚ
ਮਿੱਠੀ ਲੱਗਦੀ ਹੈ। ਇਸ ਤਰ੍ਹਾਂ ਮਨ ਤਨ ਵਿੱਚ ਪ੍ਰਭੂ ਚੰਗਾ ਲੱਗਣ ਨਾਲ ਪ੍ਰਭੂ ਪਤੀ ਨੂੰ ਜੀਵ ਰੂਪੀ
ਇਸਤਰੀ ਚੰਗੀ ਲੱਗਣ ਲੱਗਦੀ ਹੈ ਅਤੇ ਫਿਰ ਦਿਨ ਰਾਤ ਹਰ ਵੇਲੇ ਹੀ ਮਨ ਵਿੱਚ ਪ੍ਰਭੂ ਪਤੀ ਦੀ ਯਾਦ ਬਣੀ
ਰਹਿੰਦੀ ਹੈ। ਜੋ ਮਨ ਵਿੱਚ ਪ੍ਰਭੂ ਮਿਲਾਪ ਲਈ ਕਾਜ ਰਚਾਇਆ ਸੀ ਉਸ ਫਲ ਦੀ ਪ੍ਰਾਪਤੀ ਹੋ ਗਈ ਅਤੇ
ਹਿਰਦੇ ਵਿੱਚ ਹਰੀ ਦੇ ਨਾਮ ਦੀ ਤਾਰ ਇੱਕ ਰਸ ਚੱਲਦੀ ਰਹਿੰਦੀ ਹੈ ਭਾਵ ਮਨ ਹਰ ਸਮੇਂ ਅਨੰਦ ਵਿੱਚ ਹੈ।
ਪਾਤਸ਼ਾਹ ਦੱਸਦੇ ਹਨ ਕਿ ਇਸ ਚੌਥੀ ਲਾਵ, ਮਨ ਦੀ ਅਵੱਸਥਾ ਵਿੱਚ ਪੁੱਜ ਕੇ ਪ੍ਰਭੂ ਪਤੀ ਜ਼ੋ ਕਦੇ ਨਾਸ਼
ਨਹੀਂ ਹੁੰਦਾ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਜੀਵ ਰੂਪੀ ਇਸਤਰੀ ਸਦਾ ਸੁਹਾਗਣ ਬਣ ਜਾਂਦੀ ਹੈ
ਭਾਵ ਜਿਸ ਪ੍ਰਭੂ ਤੋਂ ਵਿਛੁੱੜੀ ਸੀ ਉਸ ਵਿੱਚ ਲੀਨ ਰਹਿੰਦੀ ਹੈ।