.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਯੋਗਾ ਦੁਆਰਾ ਭਗਵਾ ਕਰਨ

ਮੋਟੇ ਤੌਰ `ਤੇ ਮਨੁੱਖੀ ਸਰੀਰ ਦੇ ਦੋ ਭਾਗ ਹਨ। ਇੱਕ ਅੰਦਰਲਾ ਤੇ ਦੂਜਾ ਬਾਹਰਲਾ ਭਾਗ ਹੈ। ਸਰੀਰ ਦੇ ਅੰਦਰ ਸਰੀਰ ਨੂੰ ਚਲਾਉਣ ਵਾਲੀ ਚੇਤੰਤਾ, ਆਤਮਾ, ਮਨ, ਸੰਕਲਪਾਂ ਵਿਕਲਪਾਂ ਦਾ ਘਰ ਤੇ ਸੋਚ ਇੱਕ ਨਾਮ ਹੇਠ ਹੀ ਆਉਂਦੇ ਹਨ। ਇਹ ਸਾਰੀ ਪ੍ਰਕਿਰਿਆ ਦਿਮਾਗੀ ਤਲ਼ ਦੀ ਹੈ। ਦਿਮਾਗ ਹੀ ਸਾਰੀ ਸੋਚ ਘੜਦਾ ਹੈ। ਦਿਮਾਗ ਹੀ ਫੁਰਨਿਆਂ ਦਾ ਘਰ ਹੈ। ਦਿਮਾਗੀ ਹੁਕਮ ਨਾਲ ਹੀ ਸਾਰਾ ਸਰੀਰ ਚਲਦਾ ਹੈ। ਦਿਮਾਗ ਦੀ ਖੁਰਾਕ ਕੇਵਲ ਚੰਗਾ ਗਿਆਨ ਹੀ ਹੈ। ਦਿਮਾਗ ਦੀ ਥਾਂ `ਤੇ ਦਿੱਲ ਸ਼ਬਦ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਅਸੀਂ ਕਹਿ ਦੇਂਦੇ ਹਾਂ ਕਿ ਮੇਰੇ ਦਿੱਲ ਵਿੱਚ ਕੋਈ ਗੱਲ ਨਹੀਂ ਹੈ ਜਾਂ ਪਤਾ ਨਹੀਂ ਉਸ ਦੇ ਦਿੱਲ ਵਿੱਚ ਕੀ ਚੱਲ ਰਿਹਾ ਹੈ। ਕਈ ਵਾਰੀ ਮਾੜਚੂ ਜੇਹੇ ਸਰੀਰ ਵੀ ਬਹੁਤ ਵੱਡੇ ਫੈਸਲੇ ਲੈਣ ਦੇ ਸਮਰੱਥ ਹੁੰਦੇ ਹਨ ਤੇ ਕਈ ਵਾਰੀ ਹਾਥੀਆਂ ਵਰਗੀਆਂ ਦੇਹਾਂ ਵੀ ਚੂਹਿਆਂ ਤੋਂ ਡਰ-ਮਾਰੀਆਂ ਕੰਬੀ ਜਾਂਦੀਆਂ ਹਨ। ਮਨੁੱਖ ਨੂੰ ਮਾਨਸਿਕ ਤੌਰ ਤੇ ਤਿਆਰ ਕਰਨ ਲਈ ਚੰਗਿਆਂ ਅਧਿਆਪਕਾਂ ਤੇ ਚੰਗੇ ਗਿਆਨ ਦੀ ਜ਼ਰੂਰਤ ਹੈ। ਬਹੁਤ ਦਫਾ ਮਨੁੱਖ ਸਹੀ ਸਮੇਂ ਸਹੀ ਫੈਸਲੇ ਨਹੀਂ ਲੈ ਸਕਦਾ। ਤਰੱਕੀ ਉਹ ਮਨੁੱਖ ਹੀ ਕਰ ਸਕਦਾ ਹੈ ਜਿਹੜਾ ਸੂਝ ਨਾਲ ਮੌਕੇ ਤੇ ਫੈਸਲੇ ਲੈਣ ਦੇ ਸਮਰੱਥ ਹੋਵੇ। ਜਿਹੜਾ ਲੜਾਈ ਦੇ ਮੈਦਾਨ ਵਿੱਚ ਘੋੜੇ ਹੀ ਬਦਲੀ ਜਾਏ ਉਹ ਹਮੇਸ਼ਾਂ ਮੈਦਾਨ ਵਿਚੋਂ ਹਾਰ ਕੇ ਵਾਪਸ ਆ ਜਾਂਦਾ ਹੈ।
ਗੁਰੂ ਨਾਨਕ ਸਾਹਿਬ ਜੀ ਨੇ ਬੜੀ ਡੂੰਘਿਆਈ ਨਾਲ ਸਮਾਜਿਕ, ਰਾਜਨੀਤਿਕ ਤੇ ਧਾਰਮਿਕ ਆਗੂਆਂ ਨੂੰ ਨੇੜਿਓਂ ਤੱਕਿਆ ਸੀ। ਨਤੀਜਨ ਉਹਨਾਂ ਨੇ ਜਿੱਥੇ ਤਿੰਨਾਂ ਸੰਸਥਾਵਾਂ ਦੇ ਨਿਘਾਰ ਦੀਆਂ ਕਮੀਆਂ ਦੱਸੀਆਂ ਓੱਥੇ ਪਰਜਾ ਨੂੰ ਗਿਆਨ ਹੀਣ ਦੱਸਿਆ। ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਇਨਸਾਨ ਨੂੰ ਖੁਦ ਮੁਖਤਿਆਰ ਬਣਾਇਆ ਕਿ ਤੈਨੂੰ ਕਿਸੇ ਧਾਰਮਿਕ ਆਗੂ ਪਾਸੋਂ ਆਪਣੀ ਹੋਣੀ ਦੇ ਫੈਸਲੇ ਕਰਾਉਣ ਦੀ ਲੋੜ ਨਹੀਂ ਸਗੋਂ ਤੁੰ ਆਪਣੇ ਫੈਸਲੇ ਖ਼ੁਦ ਕਰਨ ਦਾ ਯਤਨ ਕਰ। ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੇ ਸਿੱਖ ਨੂੰ ਖੁਦ-ਮੁਖਿਤਿਆਰ ਬਣਾਇਆ ਹੈ। ਜੇ ਕੌਮ ਵਲ ਨਿਗਾਹ ਮਾਰਦੇ ਹਾਂ ਤਾਂ ਸਾਨੂੰ ਇੰਜ ਲੱਗਦਾ ਹੈ ਕਿ ਸਿੱਖ ਧਰਮ ਵੱਖ ਵੱਖ ਸੰਪਰਦਾਵਾਂ, ਧਰਮਾ, ਡੇਰਿਆਂ ਤੇ ਸਾਧਾਂ ਦਾ ਪਿੱਛਲੱਗ ਬਣ ਕੇ ਰਹਿ ਗਿਆ ਹੈ। ਅੱਜ ਵੀ ਹਾਲਾਤ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਵਾਲੇ ਹੀ ਬਣੇ ਹੋਏ ਹਨ। ਭਾਰਤ ਵਿੱਚ ਸਦੀਆਂ ਦੇ ਬਣੇ ਹੋਏ ਮੰਦਰਾਂ ਨੂੰ ਅਹਿਮਦ ਸ਼ਾਹ ਅਬਦਾਲੀ ਜਾਂ ਮਹਿਮੂਦ ਗਜ਼ਨਵੀ ਵਰਗਿਆਂ ਨੇ ਮਿੰਟਾਂ ਸੈਕਿੰਟਾਂ ਵਿੱਚ ਹੀ ਨੇਸਤੋਬੂਦ ਕਰ ਕੇ ਰੱਖ ਦਿੱਤਾ ਸੀ ਤੇ ਧਰਮ ਦੇ ਨਾਂ `ਤੇ ਜਮ੍ਹਾ ਕੀਤੀ ਹੋਈ ਮਾਇਆ ਨੂੰ ਪੁਜਾਰੀਆਂ ਦੇ ਸਾਹਮਣੇ ਲੁੱਟ ਕੇ ਲੈ ਗਿਆ ਸੀ। ਭਾਰਤੀ ਪੁਜਾਰੀ ਟੱਲੀਆਂ ਵਜਾ ਰਿਹਾ ਸੀ ਕਿਤੇ ਸਵਰਗ ਦੀਆਂ ਟਿਕਟਾਂ ਬੁੱਕ ਕਰ ਰਿਹਾ ਸੀ ਜਾਂ ਯੋਗਾ ਕਰ ਰਿਹਾ ਸੀ। ਕਿਸੇ ਵੀ ਪੁਜਾਰੀ ਜਾਂ ਧਾਰਮਿਕ ਆਗੂ ਜਾਂ ਰਾਜਸੀ ਨੇਤਾਵਾਂ ਨੇ ਇਹਨਾਂ ਧਾੜਵੀਆਂ ਦਾ ਮੁਕਾਬਲਾ ਨਹੀਂ ਕੀਤਾ ਸੀ। ਇਹ ਤਾਂ ਮੁਹਾਵਰੇ ਹੀ ਬਣ ਗਏ ਸਨ ਕਿ ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ। ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸੂਰਬੀਰ ਬਹਾਦਰਾਂ ਤੋਂ ਲੈ ਕੇ ਹਰੀ ਸਿੰਘ ਨਲੂਵੇ ਵਰਗੇ ਬਹਾਦਰ ਜਰਨੈਲਾਂ ਨੇ ਧਾੜਵੀਆਂ ਦੇ ਸਦਾ ਲਈ ਮੂੰਹ ਮੋੜ ਦਿੱਤੇ ਸਨ।
ਭਾਰਤ ਵਿੱਚ ਵਿਹਲੜਾਂ ਦੀਆਂ ਧਾੜ੍ਹਾਂ ਆਮ ਫਿਰਦੀਆਂ ਦੇਖੀਆਂ ਜਾਂਦੀਆਂ ਸਨ ਤੇ ਅੱਜ ਵੀ ਹੈਣ। ਇਹ ਲੋਕ ਦਾਅਵਾ ਕਰਦੇ ਸਨ ਐ ਰਾਜਿਓ! ਭਾਰਤ ਵਿੱਚ ਵੱਸਣ ਵਾਲੇ ਲੋਕੋ! ਤੂਹਾਨੂੰ ਕਿਸੇ ਕਿਸਮ ਦਾ ਕੋਈ ਤੋਖਲਾ ਕਰਨ ਦੀ ਜ਼ਰੂਰਤ ਨਹੀਂ ਹੈ। ਜਦੋਂ ਵੀ ਬਾਬਰ ਵਰਗਾ ਹਮਲਵਰ ਭਾਰਤ ਵਿੱਚ ਆਏਗਾ ਤਾਂ ਸਾਡੀ ਭਜਨ ਬੰਦਗੀ ਉਸ ਦਾ ਮੁਕਾਬਲਾ ਕਰੇਗੀ। ਇਹਨਾਂ ਵਿਹਲੜਾਂ ਦੀਆਂ ਧਾੜਾਂ ਨੇ ਨਿਰਮੂਲ ਖ਼ਿਆਲ ਦਿੱਤਾ ਸੀ ਕਿ ਸਾਡੇ ਯੋਗਾ ਅਭਿਆਸ ਤੇ ਸਿਮਰਨ ਵਿੱਚ ਏੰਨੀ ਤਾਕਤ ਹੈ ਕਿ ਸਾਡੇ ਮੰਤਰ ਪੜ੍ਹਦਿਆਂ ਹੀ ਹਮਲਾਵਰਾਂ ਦੀਆਂ ਫੌਜਾਂ ਅੰਨ੍ਹੀਆਂ ਹੋ ਜਾਣਗੀਆਂ, ਉਹਨਾਂ ਨੂੰ ਕੁੱਝ ਵੀ ਨਹੀਂ ਦਿਸੇਗਾ। ਫਿਰ ਲੜਾਈ ਦੇ ਮੈਦਾਨ ਵਿੱਚ ਤੁਸੀਂ ਉਹਨਾਂ ਨੂੰ ਹਰਾ ਦਿਓਗੇ। ਅਜੇਹੇ ਥੋਥੇ ਵਿਚਾਰਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਨਿਕਾਰਦਿਆਂ ਕਿਹਾ ਸੀ ਕਿ ਭਾਰਤ ਦੇ ਲੋਕੋ ਜੇ ਤੁਸਾਂ ਇਹਨਾਂ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਈ ਤਾਂ ਤੁਸੀਂ ਸਦਾ ਲਈ ਗੁਲਾਮ ਹੋ ਜਾਵੋਗੇ। ਏਸੇ ਤਰ੍ਹਾਂ ਹੀ ਹੋਇਆ ਹਮਲਾਵਰ ਮਨੁੱਖੀ ਸਰੀਰਾਂ ਦੇ ਆਹੂ-ਲਹੁੰਦੇ ਰਹੇ, ਇਸਤ੍ਰੀਆਂ ਨੂੰ ਬੇ-ਪਤ ਕਰਦੇ ਰਹੇ ਤੇ ਬਾਕੀ ਵਿਹਲੜ ਜਾਪ ਤੇ ਜੋਗਾ ਕਰਦੇ ਰਹੇ। ਅੱਜ ਵੀ ਕੋਈ ਨੰਗ-ਮ-ਨੰਗ ਤੇ ਕੋਈ ਸਵਾਹ ਮਲ਼ ਕੇ ਧਰਮੀ ਹੋਣ ਦਾ ਢੌਂਗ ਰਚ ਰਿਹਾ ਹੈ। ਲੋਕ ਵੀ ਅਜੇਹੇ ਧਰਮੀਆਂ ਦੇ ਪਿੱਛੇ ਲੱਗ ਕੇ ਗੁਮਰਾਹ ਹੋ ਰਹੇ ਹਨ। ਗੁਰੁ ਨਾਨਕ ਸਾਹਿਬ ਜੀ ਦਾ ਵਾਕ ਹੈ--
ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ।। ੪।।
ਰਾਗ ਆਸਾ ਮਹਲਾ ੧ ਪੰਨਾ ੪੧੮
ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੇ ਮਾਨਸਿਕ ਪੱਖੋਂ ਕੰਮਜ਼ੋਰ ਹੋ ਚੁੱਕੀ ਮਨੁੱਖਤਾ ਨੂੰ ਰੱਬੀ ਗੁਣਾਂ ਦੇ ਵਿਚਾਰਾਂ ਨਾਲ ਪ੍ਰਪੱਕ ਕਰਕੇ ਆਤਮਿਕ ਤਲ਼ ਦੀ ਘਾੜਤ ਘੜੀ। ਭਾਰਤ ਵਿੱਚ ਘਸੀਆਂ ਪੁਰਾਣੀਆਂ ਰਵਾਇਤਾਂ ਨੂੰ ਖਤਮ ਕਰਕੇ ਨਵੀਂ ਰੌਸ਼ਨੀ ਦਿਖਾਈ।
ਅੱਜ ਭਾਰਤ ਅਜ਼ਾਦ ਹੈ। ਪਰ ਰਾਜ ਉਹਨਾਂ ਲੋਕਾਂ ਦੇ ਹੱਥ ਵਿੱਚ ਆ ਗਿਆ ਹੈ ਜੋ ਸਿਰਫ ਬਹੁ ਗਿਣਤੀ ਲੋਕਾਂ ਦੀ ਖੁਸ਼ੀ ਲਈ ਹੀ ਕੰਮ ਕਰਦੇ ਹਨ। ਧਰਮ ਦੇ ਨਾਂ ਤੇ ਵੋਟਾਂ ਲੈਣੀਆਂ ਹੀ ਇਹਨਾਂ ਦਾ ਮਕਸਦ ਰਹਿ ਗਿਆ ਜਾਪਦਾ ਹੈ। ਬਹੁ ਗਿਣਤੀ ਲੋਕਾਂ ਨੂੰ ਖੁਸ਼ ਕਰਨ ਲਈ ਘੱਟ ਗਿਣਤੀ ਭਾਈਚਾਰੇ ਨੂੰ ਦਬਾਇਆ ਜਾਣਾ ਹੀ ਇੱਕ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ। ਘੱਟ ਗਿਣਤੀ ਵਾਲੀਆਂ ਕੌਮਾਂ ਦਾ ਮਾਨਸਿਕ ਤੌਰ `ਤੇ ਭਗਵਾ-ਕਰਨ ਕੀਤਾ ਜਾ ਰਿਹਾ ਹੈ। ਇਸ ਦਾ ਵਿਸਥਾਰ ਭਾਈ ਕੁਲਬੀਰ ਸਿੰਘ ਕੋੜਾ ਦੁਆਰਾ ਲਿਖੀ ਪੁਸਤਕ `ਤੇ ਸਿੱਖ ਵੀ ਨਿਗਲ਼ਿਆ ਗਿਆ` ਵਿੱਚ ਵਿਸਥਾਰ ਨਾਲ ਪੜ੍ਹਿਆ ਜਾ ਸਕਦਾ ਹੈ। ਬੜੀ ਬਰੀਕੀ ਨਾਲ ਕੌਮਾਂ ਦਾ ਸਿਧਾਂਤ ਤਬਦੀਲ ਕੀਤਾ ਜਾ ਰਿਹਾ ਹੈ। ਭਾਰਤ ਵਿੱਚ ਧਰਮ ਦੇ ਨਾਂ `ਤੇ ਜ਼ਜਬਾਤ ਭੜਕਾ ਕੇ ਰਾਜਨੀਤਿਕ ਆਗੂ ਪੂਰਾ ਲਾਭ ਲੈਂਦੇ ਹਨ। ਸਾਰੀਆਂ ਰਾਜਨੀਤਿਕ ਪਾਰਟੀਆਂ ਲਗ-ਪਗ ਇਕੋ ਜੇਹੀਆਂ ਹੀ ਹਨ। ਦਿਨੇ ਇੱਕ ਦੁਜੇ ਦੇ ਵਿਰੁੱਧ ਭੜਾਸ ਕੱਢਦੀਆਂ ਹਨ ਤੇ ਰਾਤ ਨੂੰ ਇਕੋ ਥਾਂ ਤੇ ਖਾਣਾ ਖਾਂਦੇ ਹਨ ਤੇ ਇਸ ਨੂੰ ਉਹ ਸਿਸਟਾਚਾਰ ਕਹਿੰਦੇ ਹਨ।
ਜਨ ਸੰਘ ਦਾ ਸੁਧਰਿਆ ਹੋਇਆ ਰੂਪ ਭਾਰਤੀ ਜਨਤਾ ਪਾਰਟੀ ਹੈ ਤੇ ਇਸ ਦਾ ਥਿੰਕ ਟੈਂਕ ਆਰ. ਐਸ. ਐਸ. ਹੈ। ਉਸ ਦੀ ਮਿਹਰਬਾਨੀ ਨਾਲ ਹੀ ਮੁਕੰਮਲ ਤੌਰ ਤੇ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਰਾਜ ਕਰ ਰਹੀ ਹੈ। ਪਿੱਛਲੇ ਲੰਬੇ ਸਮੇਂ ਤੋਂ ਸਮੁੱਚੇ ਭਾਰਤ ਨੂੰ ਭਗਵੇ ਰੰਗ ਵਿੱਚ ਰੰਗਣ ਲਈ ਕਈ ਚਾਲਾਂ ਚਲਾਈਆਂ ਜਾ ਰਹੀਆਂ ਹਨ। ੨੧ ਜੂਨ ੨੦੧੫ ਨੂੰ ਸਾਰੇ ਭਾਰਤ ਵਿੱਚ ਹੀ ਨਹੀਂ, ਸਗੋਂ ਸਮੁੱਚੀ ਦੁਨੀਆਂ ਨੂੰ ਯੋਗਾ ਅਭਿਆਸ ਕਰਨ ਲਈ ਕਿਹਾ ਗਿਆ ਹੈ। ਅਖੇ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਨ ਲਈ ਕੇਵਲ ਜੋਗਾ ਅਭਿਆਸ ਹੀ ਪੱਕਾ ਇਲਾਜ ਹੈ। ਸਰਕਾਰ ਜੀ ਗਰੀਬ ਲੋਕਾਂ ਲਈ ਹਸਪਤਾਲ ਤਾਂ ਖੋਲ੍ਹ ਨਹੀਂ ਰਹੀ ਪਰ ਲੋਕਾਂ ਨੂੰ ਸਵੇਰੇ ਸਵੇਰੇ ਪਾਰਕਾਂ ਵਿੱਚ ਬਿਨਾ ਵਜਾ ਹੱਸਉਣ ਦਾ ਯਤਨ ਕੀਤਾ ਜਾ ਰਿਹਾ ਹੈ। ਅਖੇ ਏਦਾਂ ਕੀਤਿਆਂ ਫੇਫੜੇ ਠੀਕ ਰਹਿੰਦੇ ਹਨ। ਲੋਕ ਸੈਰ ਕਰ ਰਹੇ ਹੁੰਦੇ ਤੇ ਚੰਗੇ ਭਲੇ ਲੋਕ ਪੁੱਠੇ ਸਿੱਧੇ ਹੋ ਰਹੇ ਹੁੰਦੇ ਹਨ।
ਅਸੀਂ ਸਰੀਰਕ ਕਸਰਤ ਦੇ ਵਿਰੁੱਧ ਨਹੀਂ ਹਾਂ। ਹਰ ਮਨੁੱਖ ਨੂੰ ਸੈਰ, ਸਰੀਰਕ ਕਸਰਤ ਕਰਨੀ ਚਾਹੀਦੀ ਹੈ। ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਮਾਨਸਿਕ ਤੌਰ ਤੇ ਬਲ ਹੀਣ ਹੋ ਚੱਕੀ ਜਨਤਾ ਦਾ ਗੁਰਬਾਣੀ ਦੁਆਰਾ ਇਲਾਜ ਕੀਤਾ ਹੈ ਓੱਥੇ ਗੁਰੂ ਅੰਗਦ ਪਾਤਸ਼ਾਹ ਜੀ ਨੇ ਮੱਲ ਅਖਾੜੇ ਤਿਆਰ ਕਰਕੇ ਸਰੀਰਕ ਪੱਖੋ ਮਨੁੱਖ ਨੂੰ ਤਗੜਿਆਂ ਕੀਤਾ ਹੈ ਤਾਂ ਕਿ ਸਰੀਰਕ ਪੱਖੋਂ ਕਿਤੇ ਮਾਰ ਨਾ ਖਾ ਜਾਣ। ਯੋਗਾ ਤਾਂ ਓਦੋਂ ਵੀ ਸਾਰੇ ਭਾਰਤ ਵਿੱਚ ਸੀ ਜਦੋਂ ਧਾੜਵੀ ਦਿਨ ਦੀਵੀਂ ਭਾਰਤ ਨੂੰ ਲੁੱਟ ਦਾ ਸ਼ਿਕਾਰ ਬਣਾ ਰਹੇ ਸਨ। ਲੋਕ ਮਾਨਸਿਕ ਤੇ ਸਰੀਰਕ ਪੱਖੋਂ ਪੂਰੀ ਤਰ੍ਹਾਂ ਨਿਕਾਰੇ ਹੋ ਚੁੱਕੇ ਸਨ। ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਅਜੇਹੇ ਯੋਗ ਅਭਿਆਸ ਨੂੰ ਮੁੱਢੋਂ ਨਿਕਾਰਦੀ ਹੈ। ਸਰਰਿਕ ਕਸਰਤ ਕੋਈ ਮਾੜੀ ਗੱਲ ਨਹੀਂ ਪਰ ਇਸ ਦੀ ਤਹਿ ਵਿੱਚ ਛੁਪਿਆ ਹੋਇਆ ਭਗਵਾ ਕਰਨ ਬਹੁਤ ਖਤਰਨਾਕ ਹੈ ਜੋ ਘੱਟ ਗਿਣਤੀਆਂ ਲਈ ਬਹੁਤ ਘਾਤਕ ਹੈ। ਘੱਟ ਗਿਣਤੀਆਂ ਨੂੰ ਆਪਣੇ ਕਲ਼ਾਵੇ ਵਿੱਚ ਲੈਣ ਲਈ ਇਹ ਮੁੱਢਲੀ ਕਾਰਵਾਈ ਹੈ।
ਯੋਗਾ ਕੀ ਹੈ—
ਗੁਰਮਤਿ ਮਾਰਤੰਡ ਅਨੁਸਾਰ ਚਿੱਤ ਦੀਆਂ ਬਿਰਤੀਆਂ ਨੂੰ ਰੋਕਣ ਦਾ ਨਾਉਂ ਯੋਗਾ ਹੈ। ਇਸ ਦੇ ਅਭਿਆਸ ਦਾ ਫ਼ਲ਼ ਪੰਜ ਕਲੇਸ਼ ਅਵਿਦਿਆ, ਅਸਿਮਤਾ, ਰਾਗ ਦਵੈਸ਼, ਅਭਿਨਿਵੇਸ਼ਾਂ ਦੀ ਨਿਵ੍ਰਿੱਤੀ ਹੈ। ਪਤੰਜਲ ਆਦਿਕ ਰਿਸ਼ੀਆਂ ਨੇ ਯੋਗ ਦੇ ਅੱਠ ਅੰਗ ਪਵਿੱਤ੍ਰਤਾ, ਸੰਤੋਖ, ਤਪ, ਵਿਦਿਆ ਅਭਿਆਸ, ਹੋਮ, ਦਾਨ ਤੇ ਸ਼੍ਰਧਾ ਵਰਣਨ ਕੀਤੇ ਹਨ—
ਆਸਨ—ਯੋਗੀਆਂ ਨੇ ਚਉਰਾਸੀ ਲੱਖ ਜੂਨਾਂ ਦੀ ਬੈਠਕ ਵਿਚੋਂ ੮੪ ਆਸਨ ਮੰਨੇ ਹਨ। ਯੋਗਾ ਦਾ ਅਭਿਆਸ ਕਰਨ ਵਾਲੇ ਜ਼ਿਆਦਾ ਕੁੱਝ ਆਸਨਾਂ ਤੇ ਹੀ ਜ਼ੋਰ ਦੇਂਦੇ ਹਨ।
ਸਿੱਧਾਸਨ—ਗੁਦਾ ਅਰ ਲਿੰਗ ਵਿਚਕਾਰ ਜੋ ਨਾੜੀ ਹੈ, ਉਸ ਨੂੰ ਖਬੇ ਪੈਦ ਦੀ ਅੱਡੀ ਨਾਲ ਦਬਾਉਣਾ, ਸੱਜੇ ਪੈਦ ੀ ਅੱਡੀ ਪੇਂਡੂ ਉੱਤੇ ਰੱਖਣੀ, ਦੋਹਾਂ ਪੈਰਾਂ ਦੇ ਅਗੂੰਠੇ ਲੱਤਾਂ ਹੇਠ ਲੁਕੋ ਲੈਣੇ, ਛਾਤੀ ਤੋਂ ਚਾਰ ਉਂਗਲ ਦੀ ਵਿੱਥ ਰੱਖ ਕੇ ਟੋਡੀ ਨੂੰ ਅਚਲ ਕਰਨਾ, ਨੇਤ੍ਰਾਂ ਦੀ ਟਕ ਭੋਹਾਂ ਦੇ ਮਧ ਟਿਕਾਉਣੀ, ਤਲ਼ੀਆਂ ਉੱਤੇ ਨੂੰ ਕਰਕੇ ਦੋਵੇਂ ਹੱਥ ਪੱਟਾਂ ਉੱਪਰ ਅਡੋਲ ਰੱਖਣੇ।
ਪਦਮਾਸਨ—ਖੱਬੇ ਪੱਟ ਉੱਤੇ ਸੱਜਾ ਪੈਰ, ਅਰ ਸੱਜੇ ਉੱਤੇ ਖੱਬਾ ਪੈਰ ਰੱਖਣਾ, ਕਮਰ ਦਾ ਵਲ਼ ਕੱਢ ਕੇ ਸਿੱਧਾ ਬੈਠਣਾ, ਦੋਵੇਂ ਹੱਥ ਗੋਡਿਆਂ `ਤੇ ਰੱਖਣੇ, ਠੋਡੀ ਛਾਤੀ ਨਾਲ ਲਾ ਕੇ ਨੇਤ੍ਰਾਂ ਦੀ ਟਕ ਨੱਕ ਦੀ ਨੋਕ ਉੱਤੇ ਠਹਿਰਾਉਣੀ। ਜੇ ਪਿੱਠ ਪਿੱਛੋਂ ਦੀ ਦੋਵੇਂ ਬਾਹਵਾਂ ਲੈ ਜਾ ਕੇ ਸੱਜੇ ਹੱਥ ਨਾਲ ਸੱਜੇ ਪੈਰ ਅਤੇ ਖਬੇ ਹੱਥ ਨਾਲ ਖੱਬੇ ਪੈਰ ਦਾ ਅੰਗੂਠਾ ਪਕੜ ਲਿਆ ਜਾਏ ਤਾਂ ਇਸ ਦਾ ਨਾਮ ਬੱਧ ਪਦਮਾਸਨ ਹੈ।
ਪ੍ਰਾਣਾਯਾਮ—ਸਵਾਸਾਂ ਦੀ ਗਤੀ ਨੂੰ ਠਹਿਰਾਉਣ ਦਾ ਨਾਉਂ ਪ੍ਰਾਯਾਮ ਹੈ। ਯੋਗੀਆਂ ਨੇ ੭੨ ਹਜ਼ਾਰ ਨਾੜੀਆਂ ਮੰਨੀਆਂ ਹਨ ਤੇ ਦਸ ਨਾੜੀਆਂ ਪ੍ਰਾਯਾਮ ਦੀਆਂ ਸਹਾਇਕ ਮੰਨੀਆਂ ਹਨ। ਨੱਕ ਦੇ ਖਬੇ ਪਾਸੇ ਇੜਾ ਤੇ ਸੱਜੇ ਪਾਸੇ ਪਿੰਗਲਾ ਤੇ ਵਿਚਕਾਰਕੇ ਹਿੱਸੇ ਨੂੰ ਸੁਖਮਨਾ ਕਹਿੰਦੇ ਹਨ। ੧੨ ਵਾਰ ਓਅੰ ਮੰਤ੍ਰ ਜਪ ਕੇ ਸਵਾਸਾਂ ਨੂੰ ੧੬ ਵਾਰ ਸਵਾਸਾਂ ਨੂੰ ਅੰਦਰ ਠਹਿਰਾਉਣਾ ਤੇ ੧੦ ਵਾਰ ਓਅੰ ਜਾਪ ਨਾਲ ਸਵਾਸਾਂ ਨੂੰ ਬਾਹਰ ਦਾ ਰਸਤਾ ਦਿਖਾਲਣਾ ਹੈ। ਇਸ ਤਰ੍ਹਾਂ ਸੱਠ ਘੜੀ ਵਿੱਚ ੨੧੬੦੦ ਵਾਰੀ ਜਪ ਹੋ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਜੇਹੇ ਕਠਨ ਸਾਧਨਾ ਨੂੰ ਨਿਕਾਰਿਆ ਹੈ—
ਉਲਟਤ ਪਵਨ ਚਕ੍ਰ ਖਟੁ ਭੇਦੇ।।
ਗਉੜੀ ਕਬੀਰ ਜੀ

ਵਡਹੰਸ ਰਾਗ ਵਿੱਚ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ ਕਿ—
ਸਿਧਾ ਕੇ ਆਸਣ ਜੇ ਸਿਖੈ ਇੰਦ੍ਰੀ ਵਸਿ ਕਰਿ ਕਮਾਇ।।
ਮਨ ਕੀ ਮੈਲੁ ਨ ਉਤਰੈ ਹਉਮੈ ਮੈਲੁ ਨ ਜਾਇ।। ੨।।
ਪੰਨਾ ੫੫੮

ਗੁਰਬਾਣੀ ਵਿੱਚ ਜੋਗੀਆਂ ਦੇ ਸਾਧਨਾ ਦੀ ਉੱਚਤਾ ਨਹੀਂ ਮੰਨੀ ਗਈ। ਸਿੱਖਾਂ ਦਾ ਭਗਵਾ ਕਰਨ ਲਈ ਰਾਸ਼ਟਰੀ ਸਿੱਖ ਸੰਗਤ ਵਰਗੀਆਂ ਸੰਸਥਾਵਾਂ ਨੂੰ ਕਾਇਮ ਕਰਕੇ ਅਜੇਹੇ ਨਿਕਾਰਤਮਕ ਸਾਧਨਾ ਰਾਂਹੀ ਭਗਵਾ ਕਰਨ ਕੀਤਾ ਜਾ ਰਿਹਾ ਹੈ। ਸਿੱਖੀ ਸਿਧਾਂਤ ਨੂੰ ਬਹੁਤ ਵੱਡਾ ਖੋਰਾ ਹੈ। ਬਹੁਤ ਥਾਵਾਂ `ਤੇ ਸਿੱਖ ਵੀ ਗੁਰਬਾਣੀ ਦੇ ਸ਼ਬਦਾਂ ਦਾ ਅਧਾਰ ਬਣਾ ਕੇ ਜੋਗ ਮਤ ਅਨੁਸਾਰ ਨਾਮ ਜਪ ਰਹੇ ਹਨ। ਇਹ ਤਾਂ ਇੱਕ ਸ਼ੁਰੂਆਤ ਹੈ ਆਗੇ ਆਗੇ ਦੇਖੋ ਹੋਰ ਕੀ ਕੁੱਝ ਹੁੰਦਾ ਹੈ।
ਜੋਗਾ ਵਿਹਲੇ ਲੋਕਾਂ ਦਾ ਮਨ ਪਰਚਾਵੇ ਲਈ ਵਧੀਆ ਸਾਧਨ ਹੋ ਸਕਦਾ ਹੈ ਪਰ ਜਿਹੜੇ ਬਾਰ੍ਹਾਂ ਬਾਰ੍ਹਾਂ ਘੰਟੇ ਖੇਤਾਂ ਵਿੱਚ ਕੰਮ ਕਰਦੇ ਹਨ ਉਹਨਾਂ ਦਾ ਓਦਾਂ ਹੀ ਜੋਗਾ ਹੋਇਆ ਹੁੰਦਾ ਹੈ। ਸੜਕਾਂ `ਤੇ ਰੋੜੀ ਕੁੱਟਣ ਵਾਲਾ, ਕਾਰ ਖਾਨੇ ਵਿੱਚ ਮਘਦੀ ਭੱਠੀ ਤੇ ਕੰਮ ਕਰਨ ਵਾਲਾ, ਰਿਕਸ਼ਾ ਚਲਾਉਲਣ ਵਾਲਾ ਜਾਂ ਸੀਮੈਂਟ ਗਾਰਾ ਫੜਾਉਣ ਵਾਲਾ ਕੀ ਜੋਗਾ ਕਰੇਗਾ? ਉਹ ਤਾਂ ਓਦਾਂ ਹੀ ਸ਼ਾਮ ਨੂੰ ਨਿਢਾਲ ਹੋਇਆ ਹੁੰਦਾ ਹੈ। ਮੰਡੀਆਂ ਵਿੱਚ ਪੱਲੇਦਾਰ ਜਿੰਨ੍ਹਾਂ ਨੂੰ ਬਣਦੀ ਤਨਖਾਹ ਵੀ ਨਹੀਂ ਮਿਲ ਰਹੀ, ਉਹਨਾਂ ਨੂੰ ਮਜ਼ਬੂਰ ਹੋ ਕੇ ਹੜਤਾਲ ਵਾਲਾ ਰਸਤਾ ਅਖਤਿਆਰ ਕਰਨਾ ਪੈਂਦਾ ਹੈ ਭਲਾ ਦੱਸੋ ਉਹਨਾਂ ਨੇ ਜੋਗਾ ਤੋਂ ਕੀ ਕਰਾਉਣਾ ਹੈ। ਟੈਂਕੀਆਂ ਤੇ ਚੜੇ ਅਧਿਆਪਕਾਂ ਨੂੰ ਪੁੱਛੋ ਕਿ ਤੁਸਾਂ ਜੋਗਾ ਕਰਨਾ ਹੈ ਉਹ ਤੇ ਕਹਿੰਦੇ ਕਿ ਸਾਨੂੰ ਨੌਕਰੀ ਚਾਹੀਦੀ ਹੈ। ਮਜ਼ਦੂਰ ਕਹਿੰਦਾ ਹੈ ਮੈਨੂੰ ਦੋ ਵੇਲੇ ਦੀ ਰੋਟੀ ਚਾਹੀਦੀ ਹੈ।
ਭਾਰਤ ਵਿੱਚ ਕੁਦਰਤੀ ਸਾਧਨਾ ਦੀ ਬਹੁਤਾਤ ਹੋਣ ਦੇ ਬਾਵਜੂਦ ਵੀ ਲੋਕ ਗਰੀਬੀ ਦੀ ਰੇਖਾ ਤੋਂ ਥੱਲੇ ਜੀਵਨ ਬਸਰ ਕਰ ਰਹੇ ਹਨ। ਸਾਡੀ ਕੇਂਦਰੀ ਸਰਕਾਰ ਜਾਂ ਸੂਬਾ ਸਰਕਾਰਾਂ ਪਾਸ ਕੋਈ ਵਿਉਂਤ ਬੰਦੀ ਨਹੀਂ ਹੈ। ਸਭ ਤੋਂ ਮੁੱਢਲੀ ਲੋੜ ਵਿਦਿਆ ਤੇ ਸਿਹਤ ਦੀ ਹੈ। ਜੇ ਦੇਖਿਆ ਜਾਏ ਤਾਂ ਅਮੀਰ ਲੋਕਾਂ ਨੇ ਆਪਣਿਆਂ ਬੱਚਿਆਂ ਨੂੰ ਮਹਿੰਗੇ ਤੋਂ ਮਹਿੰਗੇ ਸਕੂਲਾਂ ਵਿੱਚ ਦਾਖਲ ਕਰਾਇਆ ਹੁੰਦਾ ਹੈ ਜਦ ਕਿ ਭਾਰਤ ਦੀ ੮੦ ਫੀ ਸਦੀ ਅਬਾਦੀ ਪਿੰਡਾਂ ਵਿੱਚ ਰਹਿ ਰਹੀ ਹੈ। ਕੁੱਝ ਕੁ ਸਕੂਲਾਂ ਨੂੰ ਛੱਡ ਕੇ ਬਹੁਤਿਆਂ ਸਕੂਲਾਂ ਦੇ ਸਹੀ ਅਰਥਾਂ ਵਿੱਚ ਪਖਾਨੇ ਹੀ ਨਹੀਂ ਹਨ ਜੇ ਹੈਣ ਤਾਂ ਉਹ ਵਰਤੋਂ ਦੇ ਕਾਬਲ ਨਹੀਂ ਹਨ। ਸੂਬਿਆਂ ਵਿੱਚ ਸਰਕਾਰੀ ਸਕੂਲਾਂ ਦੀ ਵੱਡੀ ਪੱਧਰ `ਤੇ ਘਾਟ ਹੈ। ਨਾਂ ਦੇ ਸਰਕਾਰੀ ਸਕੂਲ ਹੋਣਗੇ ਪਰ ਉਹਨਾਂ ਸਕੂਲਾਂ ਦਾ ਕੋਈ ਚੱਜ ਅਚਾਰ ਨਹੀਂ ਹੈ। ਇਹਨਾਂ ਸਕੂਲਾਂ ਦਾ ਮਿਆਰ ਏਨਾ ਡਿੱਗ ਚੁੱਕਾ ਹੈ ਕਿ ਲੋਕ ਔਖੇ ਹੋ ਕੇ ਵੀ ਮਹਿੰਗਿਆਂ ਸਕੂਲਾਂ ਵਲ ਨੂੰ ਜਾ ਰਹੇ ਹਨ। ਮਹਿੰਗੇ ਸਕੂਲ ਵੀ ਰਾਜਨੀਤਿਕ ਲੋਕਾਂ ਦੀ ਮਿਲੀ ਭੁਗਤ ਨਾਲ ਚੱਲਦੇ ਹਨ। ਦੂਸਰਾ ਸਿਹਤ ਦੀ ਸੰਭਾਲ਼ ਲਈ ਸਰਕਾਰੀ ਹਸਪਤਾਲ ਹੋਣੇ ਚਾਹੀਦੇ ਹਨ ਜੋ ਨਾ ਮਾਤਰ ਹੀ ਹਨ। ਲੋਕਾਂ ਦੀ ਸਿਹਤ ਵੀ ਅਮੀਰ ਲੋਕਾਂ ਦੀ ਭੇਟ ਚੜ ਗਈ ਹੈ। ਮਾੜਾ ਅਦਮੀ ਤਾਂ ਇਹਨਾਂ ਹਸਪਤਾਲਾਂ ਦੇ ਨੇੜੇ ਦੀ ਵੀ ਨਹੀਂ ਲੰਘ ਸਕਦਾ। ਕੀ ਕਾਰਨ ਹੈ ਕਿ ਸਰਕਾਰ ਸਰਕਾਰੀ ਹਸਪਤਾਲਾਂ ਵਲ ਧਿਆਨ ਨਹੀਂ ਦੇ ਰਹੀ। ਲੋਕਾਂ ਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਲਈ ਸਕੂਲ ਤੇ ਹਸਪਤਾਲ ਸਰਕਾਰੀ ਪ੍ਰਬੰਧ ਅਧੀਨ ਹੋਣੇ ਚਾਹੀਦੇ ਹਨ। ਇਹ ਅਦਾਰੇ ਸਰਕਾਰ ਦੇ ਅਧੀਨ ਹੋਣੇ ਚਾਹੀਦੇ ਹਨ ਜੇ ਪ੍ਰਾਈਵੇਟ ਸੰਸਥਾਵਾਂ ਚਲਦੀਆਂ ਹਨ ਤਾਂ ਉਹ ਵੀ ਸਰਕਾਰ ਦੀ ਨਜ਼ਰ ਵਿੱਚ ਹੋਣੀਆਂ ਚਾਹੀਦੀਆਂ ਹਨ। ਸਰਕਾਰੀ ਅਰਧ ਸਰਕਾਰੀ ਜਾਂ ਪ੍ਰਾਈਵੇਟ ਸੰਸਥਾਵਾਂ ਅਧੁਨਿਕ ਢੰਗ ਤਰੀਕੇ ਦੀਆਂ ਹੋਣੀਆਂ ਚਾਹੀਦੀਆਂ ਹਨ। ਮਾਂ ਨਿਆਣੇ ਨੂੰ ਚੁੱਪ ਕਰਾਉਣ ਲਈ ਦੁੱਧ ਜਾਂ ਸ਼ਾਹਿਦ ਵਾਲਾ ਨਿਪਲ ਮੂੰਹ ਨੂੰ ਲਗਾ ਦੇਂਦੀ ਹੈ ਬੱਚਾ ਪਰਚ ਜਾਂਦਾ ਹੈ ਤੇ ਮਾਂ ਅਰਾਮ ਨਾਲ ਆਪਣਾ ਕੰਮ ਕਰਦੀ ਰਹਿੰਦੀ ਹੈ, ਪਰ ਸਰਕਾਰ `ਤੇ ਲੋਕਾਂ ਦੇ ਮੂੰਹ ਵਿੱਚ ਉਹ ਨਿਪਲ ਪਾ ਰਹੀ ਹੈ ਜਿਸ ਵਿੱਚ ਨਾ ਦੁੱਧ ਹੈ ਤੇ ਨਾ ਹੀ ਸ਼ਾਹਿਦ ਹੈ।
ਸਰਕਾਰਾਂ ਅਜੇਹੇ ਸ਼ੋਸ਼ੇ ਛੱਡਦੀ ਰਹਿੰਦੀਆਂ ਰਹਿੰਦੀਆਂ ਹਨ ਜਿਸ ਨਾਲ ਲੋਕਾਂ ਦਾ ਮਨ ਪਰਚਿਆ ਰਹਿੰਦਾ ਹੈ।
ਪੰਜਾਬ ਭਾਰਤ ਦਾ ਇੱਕ ਛੋਟਾ ਜੇਹਾ ਸੂਬਾ ਹੈ ਪਰ ਪਿੱਛਲੇ ਪੰਜਾਹ ਦਿਨਾਂ ਵਿੱਚ ੩੬ ਕਿਰਸਾਨ ਆਤਮ ਹੱਤਿਆਵਾਂ ਕਰ ਚੁੱਕੇ ਹਨ। ਇਹ ਰਿਪੋਰਟ ਨਵੰਬਰ ੨੦੧੫ ਦੀ ਹੈ। ਕੀ ਕਾਰਨ ਹਨ ਕਿ ਸਰਕਾਰ ਏਦਾਂ ਦੇ ਬੁਨਿਆਦੀ ਨੁਕਤਿਆਂ ਵਲ ਧਿਆਨ ਨਹੀਂ ਦੇ ਰਹੀ। ਸਤਿਕਾਰ ਯੋਗ ਸਰਕਾਰ ਜੀਓ ਲੋਕਾਂ ਨੂੰ ਜੋਗਾ ਅੀਭਆਸ ਕਰਾਉਣਾ ਛੱਡ ਕੇ ਰੋਜ਼ਗਾਰ ਦੇਣ ਦਾ ਪ੍ਰਬੰਧ ਕਰੋ। ਗਰੀਬ ਹੋਰ ਗਰੀਬ ਤੇ ਅਮੀਰ ਹੋਰ ਅਮੀਰ ਹੋ ਰਿਹਾ ਹੈ। ਆਮ ਲੋਕਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ। ਅੱਜ ਵੀ ਬਹੁਤਿਆਂ ਲੋਕਾਂ ਕੋਲ ਚੁੱਲ੍ਹਾ ਗੈਸ ਨਹੀਂ ਹੈ ਜਿੰਨਾ ਪਾਸ ਹੈ ਉਹਨਾਂ ਨੂੰ ਸਵੇਰੇ ਹੀ ਲੰਬੀਆਂ ਲੰਬੀਆਂ ਕਤਾਰਾਂ ਵਿੱਚ ਲੱਗਣਾ ਹੈ। ਪੂਰੀ ਖੱਜਲ ਖੂਆਰੀ ਉਪਰੰਤ ਝੂੰਗੇ ਵਿੱਚ ਇੱਕ ਸਿਲੰਡਰ ਮਿਲਦਾ ਹੈ।
ਇੰਜ ਲਗਦਾ ਹੈ ਕਿ ਸਾਡੇ ਮੁਲਕ ਵਿੱਚ ਕੇਵਲ ਭਾਸ਼ਨਾ ਨਾਲ ਹੀ ਸਾਰਿਆ ਜਾਂਦਾ ਹੈ। ਲੋਕ ਦੋ ਸਮੇਂ ਦੀ ਰੋਟੀ ਤੋਂ ਦੁੱਖੀ ਬੈਠੇ ਹਨ ਪਰ ਦੇਸ਼ ਦਾ ਪ੍ਰਧਾਨ ਮੰਤਰੀ ਜੀ ਬੜੇ ਅਰਾਮ ਨਾਲ ਜੋਗਾ ਅਭਿਆਸ ਦਾ ਸ਼ੋਕ ਪਾਲ਼ ਰਹੇ ਹਨ। ਕੀ ਸਾਰੀਆਂ ਸਮੱਸਿਆਵਾਂ ਦਾ ਹੱਲ ਜੋਗਾ ਅਭਿਆਸ ਹੀ ਹੈ?
ਪਿੱਛਲਿਆਂ ਕੁੱਝ ਦਹਾਕਿਆਂ ਤੋਂ ਸਿੱਖਾਂ ਦਾ ਭਗਵਾ ਕਰਨ ਵਿੱਚ ਬੜੀ ਡੂੰਘੀ ਨੀਤੀ ਨਾਲ ਕਈ ਚਾਲਾਂ ਚਲਾਈਆਂ ਗਈਆਂ ਹਨ। ਜਿਸ ਤਰ੍ਹਾਂ ਕੁੱਝ ਢੌਂਗੀ ਸਾਧਾਂ ਨੇ ਕਥਾ ਦੇ ਨਾਂ `ਤੇ ਇੱਕ ਦੋ ਗੁਰਬਾਣੀਆਂ ਤੁਕਾਂ ਲੈ ਕੇ ਬਾਕੀ ਸਾਰਾ ਕੁੱਝ ਭਗਵਾ ਕਰਨ ਲਈ ਹੀ ਸੁਣਾਇਆ ਜਾ ਰਿਹਾ ਹੈ। ਇਸ ਨੂੰ ਕਿਹਾ ਜਾਂਦਾ ਹੈ ਕਿ ਹੌਲ਼ੀ ਹੌਲ਼ੀ ਜ਼ਹਿਰ ਦੇ ਕੇ ਮਾਰਨਾ। ਇਹਨਾਂ ਹਿੰਦੂ ਸਾਧਾਂ ਨੇ ਪੰਜਾਬੀਆਂ ਨੂੰ ਪੂਰੀ ਹਿੰਦੂ ਰੰਗਤ ਵਿੱਚ ਰੰਗ ਦਿੱਤਾ ਹੈ। ਇਹਨਾਂ ਸਾਧੂਆਂ ਵਾਂਗ ਸਿੱਖ ਵੀ ਆਪਣੀਆਂ ਉਂਗਲ਼ਾਂ ਵਿੱਚ ਨਗ ਪਵਾਈ ਫਿਰਦੇ ਹਨ। ਇਹਨਾਂ ਹਿੰਦੂ ਸਾਧਾਂ ਨੇ ਪੰਜਾਬ ਨੂੰ ਆਪਣੀ ਮੰਡੀ ਹੀ ਸਮਝ ਲਿਆ ਹੋਇਆ ਹੈ ਜਿਹੜਾ ਮਰਜ਼ੀ ਆਪਣੀ ਮਤ ਪੰਜਾਬੀਆਂ ਤੇ ਲੱਦ ਕੇ ਚਲਾ ਜਾਂਦਾ ਹੈ। ਏਹੀ ਕਾਰਨ ਹੈ ਕਿ ਸਿੱਖ ਸਾਧਾਂ ਨੇ ਵੀ ਹਿੰਦੂਆਂ ਵਾਂਗ ਹੀ ਨਾਲ ਜਪਾਉਣਾ ਜਾਂ ਗਿਣਤੀਆਂ ਮਿਣਤੀਆਂ ਦੇ ਪਾਠਾਂ ਵਿੱਚ ਉਲਝਾ ਕੇ ਰੱਖ ਦਿੱਤਾ ਹੈ।
ਭਾਰਤ ਦਾ ਕੋਈ ਟੀ ਵੀ ਚੈਨਲ ਦੇਖ ਲਓ ਸਵੇਰੇ ਤੋਂ ਹੀ ਜੋਤਸ਼ ਦੀ ਜਾਣਕਾਰੀ ਦੁਆਰਾ ਉਪਾਅ ਦੱਸੇ ਜਾ ਰਹੇ ਹਨ ਜਾਂ ਮੂਰਤੀਆਂ ਨੂੰ ਘਰਾਂ ਵਿੱਚ ਸਥਾਪਿਤ ਕਰਨ ਦੀਆਂ ਵਿਧੀਆਂ ਸਮਝਾਈਆਂ ਜਾ ਰਹੀਆਂ ਹਨ। ਜੇ ਇਹਨਾਂ ਮੂਰਤੀਆਂ ਜਾਂ ਸੰਕਟ ਮੋਚਨਾਂ ਵਿੱਚ ਕੋਈ ਗੈਬੀ ਸ਼ਕਤੀ ਹੈ ਤਾਂ ਫਿਰ ਇਹਨਾਂ ਨੂੰ ਬਾਰਡਰ ਤੇ ਤਾਇਨਾਤ ਕਰ ਦੇਣਾ ਚਾਹੀਦਾ ਹੈ ਕੀ ਲੋੜ ਪਈ ਹੈ ਫੋਜਾਂ ਦੀ ਭਰਤੀ ਕਰਨ ਦੀ। ਅਸਲੀ ਮੁਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਹੀ ਇਹ ਸਾਰਾ ਅੰਡਬਰ ਰਚਿਆ ਜਾ ਰਿਹਾ ਹੈ।
ਸਿੱਖ ਕੌਮ ਦੀ ਬਦ ਕਿਸਮਤੀ ਹੀ ਸਮਝੋ ਕੇ ਕਈ ਪ੍ਰਬੰਧਕ ਅਣਜਾਣੇ ਵਿੱਚ ਗੁਰਦੁਆਰਿਆਂ ਦੇ ਹਾਲ ਵਿੱਚ ਹੀ ਜੋਗਾ ਅਭਿਆਸ ਕਰਾਉਣਾ ਸ਼ੁਰੂ ਕਰ ਦਿੱਤਾ ਹੈ। ਮਲੇਸ਼ੀਆ ਦੇ ਇੱਕ ਗੁਰਦੁਆਰੇ ਵਿੱਚ ਹਫਤੇ ਵਿੱਚ ਇੱਕ ਦਿਨ ਪੂਰੀ ਚਿੱਟੀ ਵਿਛਾਈ ਕੀਤੀ ਜਾਂਦੀ ਹੈ ਤੇ ਸੰਗਤ ਸਾਹੋ ਸਾਹੀ ਹੋਈ ਜੋਗਾ ਅਭਿਆਸ ਕਰ ਰਹੀ ਹੁੰਦੀ ਹੈ। ਦਸ ਕੁ ਸਾਲ ਪਹਿਲੇ ਯੂ. ਐਸ. ਏ. ਦੇ ਇੱਕ ਗੁਰਦੁਆਰੇ ਦੇ ਪ੍ਰਧਾਨ ਨੇ ਬਾਬਾ ਰਾਮਦੇਵ ਨੂੰ ਏਰਿਆ ਪੋਰਟ `ਤੇ ਹੀ ਸੋਨੇ ਦਾ ਕੜਾ ਦਿੱਤਾ ਸੀ ਕਿ ਅੱਖੇ ਸਾਡੀ ਬੇਨਤੀ ਮੰਨ ਕੇ ਰਾਮ ਦੇਵ ਸਾਡੀ ਸੰਗਤ ਨੂੰ ਜੋਗਾ ਦੇ ਗੁਰ ਸਮਝਾਉਣ ਆ ਰਿਹਾ ਹੈ।
ਨਾਮਧਾਰੀ ਲਹਿਰ, ਰਾਧਾ ਸੁਆਮੀ, ਨਿੰਰਕਾਰੀ ਤੇ ਮੌਜੂਦਾ ਡੇਰਾਵਾਦ ਸਭ ਗੁਰਦੁਆਰਿਆਂ ਵਿਚੋਂ ਹੀ ਸ਼ੁਰੂ ਹੋਇਆ ਸੀ। ਆਰੀਆ ਸਮਾਜੀਆਂ ਨੇ ਵੀ ਪਹਿਲਾਂ ਪਹਿਲ ਗੁਰਦੁਆਰਿਆਂ ਦਾ ਅਧਾਰ ਬਣਾਇਆ ਸੀ। ਸਿੱਖ ਸਮੁੱਚੀ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਲੈਣੀ ਹੈ ਨਾ ਕਿ ਭਗਵਾ ਕਰਨ ਦਾ ਸ਼ਿਕਾਰ ਹੋਣਾ ਹੈ।
ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ ਸਾਡੇ ਮੁਕਤੀ ਦਾਤਾ ਸਤਿਗੁਰ ਨੇ ਜੋ ਸਿੱਖਾਂ ਲਈ ਯੋਗ ਵਿਧਾਨ ਕੀਤਾ ਹੈ, ਉਸ ਦਾ ਨਾਮ ਸਹਜ ਯੋਗ, ਤੱਤ ਯੋਗ, ਭਗਤਿ ਯੋਗ ਅਤੇ ਰਾਜ ਯੋਗ ਹੈ। ਇਸ ਦੇ ਸਾਧਨ, ਆਸਨ ਧਰਣਾ, ਧਿਆਨ ਸਮਾਧਿ ਆਦਿਕ ਭੀ ਨਿਰਾਲੇ ਹਨ। ਗੁਰਬਾਣੀ ਵਾਕ ਹੈ--
ਰਾਜ ਲੀਲਾ ਤੇਰੈ ਨਾਮਿ ਬਨਾਈ ॥ ਜੋਗੁ ਬਨਿਆ ਤੇਰਾ ਕੀਰਤਨੁ ਗਾਈ ॥੧॥
ਸਰਬ ਸੁਖਾ ਬਨੇ ਤੇਰੈ ਓਲ੍ਹ੍ਹੈ ॥ ਭ੍ਰਮ ਕੇ ਪਰਦੇ ਸਤਿਗੁਰ ਖੋਲ੍ਹ੍ਹੇ ॥੧॥ ਰਹਾਉ ॥
ਆਸਾ ਮਹਲਾ ੫ ਪੰਨਾ ੩੮੫




.