. |
|
ਮਿਲਨ ਕੀ ਬਰੀਆ (ਭਾਗ 5)
5. ਹਿਰਨ ਦੀ ਜੂਨ:
ਜਦੋਂ ਅਸੀਂ ਕੰਨ ਰਸ ਵਿਚ ਮਗਨ ਹੁੰਦੇ ਹਾਂ ਤਾਂ ਮਾਨੋ ਹਿਰਨ ਦੀ ਜੂਨ ਵਿਚ ਹਾਂ।
6. ਖੋਤੇ ਦੀ ਜੂਨ:
ਘਮੰਡੀ ਮਨੁੱਖ ਖੋਤੇ ਦੀ ਜੂਨ ਵਿਚ ਹੁੰਦੇ ਹਨ। ਗੁਰਬਾਣੀ ਦਾ ਫੁਰਮਾਣ ਹੈ -
ਨਾਨਕ ਸੇ ਨਰ ਅਸਲਿ ਖਰ ਜਿ ਬਿਨੁ
ਗੁਣ ਗਰਬੁ ਕਰੰਤਿ ॥ (734) ਜੇ ਅਸੀਂ ਧਰਮ
ਗ੍ਰੰਥ ਪੜ੍ਹ ਕੇ ਯਾਦ ਕਰ ਲਈਏ, ਬਹਿਸਾਂ ਕਰੀਏ ਪਰ ਅਮਲੀ ਜੀਵਨ ਨਾ ਜੀਵੀਏ ਤਾਂ ਖੋਤੇ ਦੀ ਜੂਨ ਹੈ।
ਪੜ੍ਹਾਈ ਕਰਕੇ ਜੇ ਕਰਤੂਤਾਂ ਗਧੇ ਵਾਂਗੂੰ ਹੈ ਤਾਂ ਅਸੀਂ ਮਨੁੱਖ ਦੀ ਜੂਨੀ ਵਿਚ ਨਹੀਂ ਹਾਂ।
7. ਬਗਲੇ ਦੀ ਜੂਨ:
ਧਾਰਮਕ ਸਥਾਨ ਤੇ ਜਾ ਕੇ ਜੇ ਅੱਖਾਂ ਨੂਟ ਕੇ ਜਾਂ ਨਿਮਾਣੇ ਹੋਕੇ ਕੋਈ ਵੀ ਕਰਮਕਾਂਡ ਕਰਦੇ ਹਾਂ ਪਰ
ਉਸ ਅਸਥਾਨ ਤੋਂ ਨਿਕਲਦੇ ਹੀ ਆਪਣੀ ਨਿਰਮਾਣਤਾ ਛੱਡ ਦੇਂਦੇ ਹਾਂ। ਇਹ ਹੂ-ਬਹੂ ਬਗਲੇ ਦੀ ਨਿਆਈ ਹੈ ਜੋ
ਇੱਕ ਟੰਗ ਤੇ ਖੜਾ ਹੋਕੇ ਮੱਛੀ ਦਾ ਸ਼ਿਕਾਰ ਕਰਦਾ ਹੈ। ਐਸਾ ਵਤੀਰਾ ਬਗਲੇ ਦੀ ਨਿਆਈ ਹੈ।
ਇਕਿ ਅਪਣੈ ਸੁਆਇ ਆਇ ਬਹਹਿ ਗੁਰ
ਆਗੈ ਜਿਉ ਬਗੁਲ ਸਮਾਧਿ ਲਗਾਈਐ ॥ (84)।
ਸਾਨੂੰ ਸਾਰਿਆਂ ਨੂੰ ਰੱਬ ਪਿਤਾ ਨੇ ਸਮਾਂ (ਬਰੀਆ, ਵੇਲਾ) ਸੰਭਾਲਣ ਲਈ ਦਿੱਤਾ ਹੈ ਪਰ ਅਸੀਂ ਦੂਜਾ
ਭਾਉ ਰੱਖਦੇ ਹਾਂ। ਭਾਵ ਧਰਮ ਸਥਾਨ ਤੇ ਤਾਂ ਜਾਂਦੇ ਹਾਂ ਪਰ ਉੱਥੋਂ ਕੇਵਲ ਪਦਾਰਥਕ ਮੰਗ ਮੰਗਦੇ ਹਾਂ।
ਧਰਮ ਦਾ ਕੀਮਤੀ ਫਲਸਫਾ ਨਹੀਂ ਲੈਂਦੇ ਹਾਂ। ਰੱਬੀ ਗੁਣਾਂ ਭਰਪੂਰ ਜੀਵਨ-ਜਾਚ ਨਹੀਂ ਸਿੱਖਦੇ ਹਾਂ।
ਕੇਵਲ ਬਗਲਾ ਭਗਤੀ ਕਰਦੇ ਹਾਂ।
8. ਰੁੱਖ ਦੀ ਜੂਨ:
ਸਿੰਮਲ ਦਾ ਰੁੱਖ ਬੜਾ ਉੱਚਾ-ਲੰਮਾ ਹੁੰਦਾ ਹੈ। ਤੋਤੇ ਵਿਚਾਰੇ ਆਉਂਦੇ ਹਨ ਪਰ ਉਸ ਰੁੱਖ ਦੇ ਪੱਤੇ,
ਫੁੱਲ, ਫੱਲ ਆਦਿ ਕੁਝ ਵੀ ਉਨ੍ਹਾਂ ਦੇ ਕੰਮ ਦਾ ਨਹੀਂ ਹੁੰਦਾ। ਜੇ ਬਾਹਰੋਂ ਕੇਵਲ ਧਰਮੀ ਭੇਖ ਬਣਾਇਆ
ਹੈ ਤਾਂ ਮਾਨੋ ਸਿੰਮਲ ਰੁੱਖ ਦੀ ਜੂਨ ਵਿਚ ਹੀ ਹਾਂ।
ਸਿੰਮਲ ਰੁਖੁ ਸਰੀਰੁ ਮੈ ਮੈਜਨ
ਦੇਖਿ ਭੁਲੰਨਿ੍ ॥ (729) ਅਤੇ
ਸਿੰਮਲ ਰੁਖੁ ਸਰਾਇਰਾ ਅਤਿ ਦੀਰਘ
ਅਤਿ ਮੁਚੁ ॥ ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ ॥ ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ
॥ (470) ਸਿੰਮਲ ਰੁੱਖ ਵਰਗਾ ਸਾਡਾ ਵਤੀਰਾ
ਬਣ ਗਿਆ ਹੈ, ਮਾਨੋ ਸਿੰਮਲ ਰੁੱਖ ਦੀ ਜੂਨ ਵਿਚ ਪੈ ਗਏ ਹਾਂ। ਮਰਨ ਤੋਂ ਬਾਅਦ ਬਣਾਂਗੇ ਜਾਂ ਨਹੀਂ ਇਸ
ਵਿਸ਼ੇ ਤੇ ਚਰਚਾ ਨਹੀਂ ਕਰ ਰਹੇ ਹਾਂ।
9. ਗਰਭ ਦੀ ਜੂਨ: ਜੇ
ਕੋਈ ਇਹ ਦਾਅਵਾ ਕਰੇ ਕਿ ਮੇਰੇ ਬਿਨਾ ਕੰਮ ਨਹੀਂ ਸੰਵਰੇਗਾ ਤਾਂ ਉਹ ਗਰਭ ਜੂਨ ਵਿਚ ਹੈ। ਜੇ ਪਤੀ
ਸਮਝੇ ਕਿ ਮੈਂ ਜੇ ਨਾ ਕਮਾਵਾਂ ਤਾਂ ਘਰ ਦਾ ਖਰਚਾ ਨਹੀਂ ਚਲ ਸਕਦਾ, ਤਾਂ ਇਹ ਉਸਦੀ ਭੁੱਲ ਹੋਵੇਗੀ।
ਐਸੀ ਮਾਨਸਿਕਤਾ ਗਰਭ ਜੂਨ ਦੀ ਲਖਾਇਕ ਹੈ।
ਜਬ ਇਹ ਜਾਨੈ ਮੈ ਕਿਛੁ ਕਰਤਾ ॥ ਤਬ
ਲਗੁ ਗਰਭ ਜੋਨਿ ਮਹਿ ਫਿਰਤਾ ॥ (278)।
10. ਮੱਖੀ ਦੀ ਜੂਨ:
ਜੇ ਅਸੀਂ ਸੱਚ ਦੀ ਸੰਗਤ ਕਰਨ ਲਈ ਇੱਕਠੇ ਹੁੰਦੇ ਹਾਂ ਤਾਂ ਮਾਨੋ ਸ਼ਹਿਦ ਦੀ ਮੱਖੀਆਂ ਵਾਂਗ ਹਾਂ -
ਸਤਸੰਗਤਿ ਮਿਲਿ ਰਹੀਐ
ਮਾਧਉ ਜੈਸੇ ਮਧੁਪ ਮਖੀਰਾ ॥ (486) ਪਰ ਜੇਕਰ
ਅਸੀਂ ਗੰਦਗੀ, ਨਿੰਦਾ, ਭੈੜ ਆਦਿ ਕਰਨ ਲਈ ਮਨਸੂਬੇ ਬਣਾਉਂਦੇ ਹਾਂ ਤਾਂ ਅਸੀਂ ਗੰਦਗੀ ਦੀ ਮੱਖੀ ਹਾਂ।
11. ਵੈਸ਼ਯਾ ਦੀ ਜੂਨੀ:
ਨੋਟ: ਵੈਸੇ ਤਾਂ ਵੈਸ਼ਯਾ ਮਨੁੱਖ ਹੀ ਹੁੰਦੀ ਹੈ ਪਰ ਗੁਰਬਾਣੀ ਵਿਚ ਇਸਨੂੰ ਜੂਨ ਮੰਨਿਆ ਗਿਆ ਹੈ। ਇਸ
ਤੋਂ ਵੀ ਇਹ ਗਲ ਸਪਸ਼ਟ ਹੁੰਦੀ ਹੈ ਕਿ ਜੇ ਕਰ ਸੁਭਾ ਵੈਸ਼ਯਾ ਵਾਲਾ ਹੈ ਤਾਂ ਵੈਸ਼ਯਾ ਦੀ ਜੂਨੀ ਹੈ।
ਜਿਸ ਇਸਤਰੀ ਨੂੰ ਜ਼ਬਰਦਸਤੀ ਜਾਂ ਉਸਦੀ ਆਪਣੀ ਮਜਬੂਰੀ ਕਾਰਨ ਉਸਨੂੰ ਚਾਰ
ਦਿਵਾਰੀ ਵਿਚ ਬੰਦ ਕਰਕੇ ਮਰਦਾਂ ਨੇ ਆਪਣੀ ਵਾਸ਼ਨਾ ਪੂਰੀ ਕਰਨ ਲਈ ਰੱਖਿਆ ਹੈ, ਗੁਰਬਾਣੀ ਅਨੁਸਾਰ ਉਸ
ਇਸਤ੍ਰੀ ਨੂੰ ਵੈਸ਼ਯਾ ਨਹੀਂ ਕਹਿੰਦੇ ਹਨ। ਗੁਰਬਾਣੀ ਦਾ ਕਥਨ ਹੈ, -
ਅੰਤਿ ਕਾਲਿ ਜੋ ਇਸਤ੍ਰੀ ਸਿਮਰੈ
ਐਸੀ ਚਿੰਤਾ ਮਹਿ ਜੇ ਮਰੈ ॥ ਬੇਸਵਾ ਜੋਨਿ ਵਲਿ ਵਲਿ ਅਉਤਰੈ ॥
ਇਸ ਸ਼ਬਦ ਵਿਚ ਕਹਿੰਦੇ ਹਨ ਕਿ ਜੇ ਮਨੁੱਖ ਦੀ ਆਤਮਕ ਮੌਤ (ਅੰਤ ਕਾਲ) ਦਾ
ਕਾਰਨ ਆਪਣਾ ਦੀਨ-ਇਮਾਨ ਵੇਚਣਾ ਹੈ ਅਤੇ ਲੋਕਾਂ ਨੂੰ ਲੁੱਟਣਾ ਹੈ ਤਾਂ ਉਹ ਵੈਸ਼ਯਾ ਦੀ ਜੂਨ ਵਿਚ ਹੈ।
ਆਪਣੇ ਕਿਰਦਾਰ ਤੋਂ ਡਿੱਗ ਕੇ ਰਿਸ਼ਵਤ ਲੈਣਾ, ਭ੍ਰਸ਼ਟਾਚਾਰ ਕਰਨਾ ਹੀ ਵੈਸ਼ਯਾਪੁਣਾ ਹੈ। ਜੇ ਕੋਈ ਮਨੁੱਖ
ਧਾਰਮਕ ਲਿਬਾਸ ਪਾ ਕੇ, ਲੋਕਾਂ ਨੂੰ ਠੱਗਦਾ ਹੈ, ਸੱਚ ਨਹੀਂ ਬੋਲਦਾ ਅਤੇ ਲੋਕਾਂ ਨੂੰ ਮੂਰਖ ਬਣਾਉਂਦਾ
ਹੈ ਤਾਂ ਉਹ ਵੈਸ਼ਯਾ ਦੀ ਜੂਨ ਵਿਚ ਹੈ ਕਿਉਂਕਿ ਉਹ ਆਪਣਾ ਦੀਨ-ਈਮਾਨ ਵੇਚ ਰਿਹਾ ਹੈ।
ਵੈਸ਼ਯਾ ਕੋਈ ਅਲਗ ਜੂਨ ਨਹੀਂ ਹੁੰਦੀ। ਉਹ ਇਕ ਇਨਸਾਨ ਹੈ। ਜਿਸਦਾ ਨਾਂ ਸਮਾਜ
ਨੇ ਵੈਸ਼ਯਾ ਰੱਖਿਆ ਹੈ ਉਸ ਦੀ ਜ਼ਰੂਰ ਕੋਈ ਮਜਬੂਰੀ ਹੈ। ਲੋਕ ਆਪਣੀ ਵਾਸਨਾ ਪੂਰੀ ਕਰਨ ਲਈ ਉਸ ਕੋਲ
ਜਾਂਦੇ ਹਨ। ਮਰਦਾਨਗੀ ਦੇ ਨਾਂ ਧੱਬਾ ਹੈ ਜਿਸਨੇ ਇਕ ਸਤਾਈ ਹੋਈ ਇਸਤ੍ਰੀ ਨੂੰ ਐਸਾ ਕੰਮ ਕਰਨ ਤੇ
ਮਜਬੂਰ ਕੀਤਾ ਹੈ।
12. ਭੰਵਰਾ: ਭੰਵਰੇ
ਤੋਂ ਚੰਗੀ ਅਤੇ ਮੰਦੀ ਗੱਲਾਂ ਦਾ ਭੇਦ ਸਿਖਣਾ -
ੳ) ਮੰਦੀਆਂ ਗੱਲਾਂ ਦਾ ਪ੍ਰਤੀਕ: ਅਸੀਂ ਸਭ ਜਾਣਦੇ ਹਾਂ ਭੰਵਰਾਂ
ਭਾਂਤ-ਭਾਂਤ ਦੇ ਫੁੱਲਾਂ ਤੇ ਬੈਠਦਾ ਹੈ, ਖੁਸ਼ਬੂ ਲੈਂਦਾ ਹੈ। ਕਈ ਦਫਾ ਫੁੱਲ ਤੇ ਬੈਠਾ ਇਤਨਾ ਮਸਤ ਹੋ
ਜਾਂਦਾ ਹੈ ਕਿ ਫੁੱਲ ਬੰਦ ਹੋ ਜਾਏ ਤਾਂ ਭੰਵਰਾ ਅੰਦਰ ਹੀ ਫਸ ਜਾਂਦਾ ਹੈ। ਭਵਰੁ ਲੋਭੀ ਕੁਸਮ
ਬਾਸੁ ਕਾ ਮਿਲਿ ਆਪੁ ਬੰਧਾਵੈ ॥ (708) ਇਸੇ ਫੁਰਮਾਨ ਨੂੰ ਦ੍ਰਿੜਾਉਂਦਾ ਹੈ। ਚਮੇਲੀ ਦੇ ਫੁਲ
ਵਿਚ ਇਤਰ ਦੀ ਖੁਸ਼ਬੂ ਹੁੰਦੀ ਹੈ ਲੇਕਿਨ ਭੰਵਰਾ ‘ਬਸੰਤ ਚਮੇਲੀ’ ਦੇ ਫੁਲ ਤੇ ਨਹੀਂ ਬੈਠਦਾ
ਕਿਉਂਕਿ ਉਸ ਵਿਚ ਸੁਗੰਧੀ ਨਹੀਂ ਹੁੰਦੀ। ਪਰ ਸ਼ਾਇਰ ਕਹਿੰਦਾ ਹੈ ਕਿ ਭੰਵਰੇ ਨੂੰ ਬਸੰਤ ਚਮੇਲੀ ਦਾ
ਫੁਲ ਇਸ ਕਰਕੇ ਨਹੀਂ ਬੈਠਣ ਦੇਂਦਾ ਕਿਉਂਕਿ ਉਹ ਭਾਂਤ-ਭਾਂਤ ਦੇ ਫੁਲਾਂ ਤੇ ਭਟਕਦਾ ਹੈ। ਪ੍ਰਤੀਕ ਨੂੰ
ਸਮਝਣਾ ਹੈ ਕਿ ਭੰਵਰਾ ਅਨੇਕਾਂ ਕਿਸਮਾਂ ਦੇ ਪਦਾਰਥਾਂ ਦੇ ਚਸਕੇ ਵਿਚ ਅੰਦਰ ਦੀ ਰੱਬੀ ਗੁਣਾਂ ਦੀ
ਖੁਸ਼ਬੂ ਤੋਂ ਵਾਂਝਾ ਰਹਿ ਜਾਂਦਾ ਹੈ। ਭਾਵ ਪਦਾਰਥਾਂ ਦੇ ਚਸਕੇ ਵਿਚ ਖੱਚਿਤ ਬਿੱਖ ਜੀਵਨ ਹੈ।
ਅ) ਚੰਗੀ ਗਲ ਦਾ ਪ੍ਰਤੀਕ
‘ਭਵਰੁ ਤੁਮ੍ਾਰਾ ਇਹੁ ਮਨੁ ਹੋਵਉ
ਹਰਿ ਚਰਣਾ ਹੋਹੁ ਕਉਲਾ ॥’ (496) ਐ ਮਨ
ਤੈਨੂੰ ਕੰਵਲ ਦੇ ਫੁਲ ਤੇ ਬੈਠਾ ਭੰਵਰਾ ਬਣਨਾ ਚਾਹੀਦਾ ਹੈ। ਕਿਉਂਕਿ ਕੰਵਲ ਦਾ ਫੁੱਲ ਚਿਕੜ ਵਿਚ ਰਹਿ
ਕੇ ਉੱਪਰ ਸੂਰਜ ਵਲ ਮੁੱਖ ਕਰਕੇ ਰਹਿੰਦਾ ਹੈ ਪਰ ਚਿੱਕੜ ਤੋਂ ਨਿਰਲੇਪ ਰਹਿੰਦਾ ਹੈ। ਇਸ ਪ੍ਰਤੀਕ ਤੋਂ
ਸਮਝਣਾ ਹੈ ਕਿ ਐ ਮਨ ਦੁਨੀਆ ਦੇ ਸੁਖਾਂ ਰੂਪੀ ਚਿੱਕੜ ਵਿਚ ਰਹਿੰਦਿਆ ਉਸ ਤੋਂ ਨਿਰਲੇਪ ਰਹਿਣਾ ਹੈ।
ਦੁਨੀਆ ਦੇ ਸਾਰੇ ਸੁੱਖਾਂ ਵਿਚ
‘ਮੰਨੈ ਮਗੁ ਨ ਚਲੈ ਪੰਥੁ ॥’
(3) ਵਾਂਗੂ ਜਮਾਂ ਦੇ ਰਸਤੇ (ਮਗ) ਤੇ ਨਹੀਂ ਚਲਣਾ। ਨਿਰਲੇਪ ਨਿਰੰਜਨ ਰਹਿਣ ਦੀ ਸੁਮਤ ਧਰਮ ਤੋਂ
ਸਿੱਖਣੀ ਹੈ।
ਮਨੁੱਖ ਦੇ ਮਨ ਨੂੰ ਸਮਝਣਾ ਹੈ ਕਿ ਦੁਨੀਆ ਦੇ ਰੰਗ ਤਮਾਸ਼ੇ ਸੁੱਖ-ਸਹੂਲਤਾਂ
ਦੇ ਖੱਚਿਤ ਮਸਤ ਪਦਾਰਥਾਂ ਦੀ ਮੁਥਾਜੀ ਵਿਚ ਰਹਿਣਾ ਆਤਮਕ ਮੌਤ ਸਹੇੜਨਾ ਹੈ। ਜਾਂ ਸਤਿਗੁਰ ਦੀ ਮਤ
ਰਾਹੀਂ ਬਿਬੇਕ ਬੁਧ ਲੈਕੇ ਆਤਮਕ ਸੁਖ ਲਈ ਪਦਾਰਥਾਂ ਦੇ ਚਸਕੇ, ਖੱਚਤ ਸੁਭਾ ਤੋਂ ਛੁੱਟਣਾ ਹੈ।
ਮੈਂ ਹਰ-ਰੋਜ਼ ਨਰਕ ਭੋਗਦਾ ਹਾਂ।
‘ਮਨਮੁਖੁ ਗਰਭ ਜੂਨੀ ਨਿਤਿ ਪਉਦਾ
ਜੀਉ’ ਰੋਜ਼-ਰੋਜ਼ ਰੂਪ ਵਟਾਉਂਦਾ ਹਾਂ, ਮਖੌਟੇ
ਬਦਲਦਾ ਹਾਂ, ਮੈਂ ਬਹਿਰੂਪੀਆਂ ਹਾਂ, ਮੈਂ
‘ਜੀਅਹੁ ਮੈਲੇ ਬਾਹਰਹੁ ਨਿਰਮਲ ॥’
ਹਾਂ।
ਹੁਣ ਮੇਰੀ ਸ਼ਖਸੀਅਤ ਉਭਾਰਨ ਲੱਗੇ ਹਨ ਮੈਨੂੰ ਕਹਿੰਦੇ ਹਨ ਕਿ ਸਤਿਗੁਰ ਦੀ ਮਤ
ਲੈ ਲੈ ਨਾ! ਮਤ ਨੂੰ ਜਗਾ ਲੈ ਤੇ ਇਨ੍ਹਾਂ ਚੁਰਾਸੀ ਲੱਖ ਜੂਨਾਂ ਦੇ ਚੱਕਰਵੀਯੂ ਵਿਚੋਂ ਨਿਕਲ ਸਕਦਾ
ਹੈਂ। ਦੁਰਲਭ ਦੇਹ ਪ੍ਰਾਪਤ ਹੋ ਸਕਦੀ ਹੈ। ਚੰਗੇ ਗੁਣਾਂ ਵਾਲੀ ਦੇਹ ਪ੍ਰਾਪਤ ਹੋ ਸਕਦੀ ਹੈ।
ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ
ਲਈਜੈ ॥ (765)
ਇਹ ਜਿਹੜੇ ਭੈੜੇ-ਭੈੜੇ ਮੰਦੇ ਖਿਆਲਾਂ ਨਾਲ ਜਿਊਂਦਾ ਹੈ। ਜਨਮ ਜਨਮ ਕੀ ਸੋਈ
ਜਾਗੀ, ਇਸਨੂੰ ਜਗਾ ਲੈ। ਮੈਂ ਜਦੋਂ ਸੌ ਜਾਂਦਾ ਹਾਂ ਤਾਂ ਮੇਰੀ ਮਤ ਵੀ ਸੌ ਜਾਂਦੀ ਹੈ ਤਾਂ ਮੈਂ
ਹਾਥੀ ਬਣ ਜਾਂਦਾ ਹਾਂ। ਸੌ ਜਾਂਦਾ ਹਾਂ ਤਾਂ ਕੁੱਤਾ ਬਣ ਜਾਂਦਾ ਹਾਂ। ਸੌਂ ਜਾਂਦਾ ਹਾਂ ਤਾਂ ਭੈੜੇ
ਬੋਲ ਬੋਲਦਾ ਹਾਂ। ਮੇਰੇ ਭੈੜੇ ਬੋਲ, ਸਮਝ ਲਉ ਕਿ ਮੈਂ ਸੌ ਗਿਆ। ਇੱਕ ਇੱਕ ਅਉਗੁਣ ਤੋਂ ਮੈਨੂੰ
ਜਾਗਣਾ ਹੈ। ਸੋਈ ਜਾਗੀ ਲਈ ਕਰਨਾ ਕੀ ਪਏਗਾ? ਮੇਰੇ ਇੱਕ-ਇੱਕ ਅਉਗੁਣ ਤੋਂ ਛੁੱਟਣ ਵਾਸਤੇ ਮੈਨੂੰ
ਤੋਅਬਾ ਕਰਨੀ ਪਏਗੀ। ਜਿਉਂ-ਜਿਉਂ ਤੋਅਬਾ ਕਰਾਂਗੇ, ਆਪਣੇ ਅਉਗਣਾਂ ਨੂੰ ਪਛਾਨਣ ਤੋਂ ਬਾਅਦ ਉਸ ਤੋਂ
ਛੁੱਟਾਂਗੇ ਤੇ ਸਤਿਗੁਰ ਦੀ ਮਤ ਰੂਪੀ ਦਵਾਈ ਸਾਨੂੰ ਕਾਰਗਰ ਹੁੰਦੀ ਜਾਏਗੀ। ਨਹੀਂ ਤਾਂ ਦਵਾਈ ਕਾਰਗਰ
ਨਹੀਂ ਹੋਵੇਗੀ, ਸਾਨੂੰ ਖਾਣੀ ਹੀ ਨਹੀਂ ਆਏਗੀ।
ਵੀਰ ਭੁਪਿੰਦਰ ਸਿੰਘ
|
. |