. |
|
ਮਿਲਨ ਕੀ
ਬਰੀਆ (ਭਾਗ 6)
ਮੈਂ ਜਦੋਂ ਆਤਮਕ ਨੀਂਦ ਵਿਚ ਸੌਂ ਜਾਂਦਾ ਹਾਂ ਤਾਂ ਕਦੀ ਮੈਂ ਹਾਥੀ ਬਣ ਜਾਂਦਾ ਹਾਂ, ਕਦੀ ਕੁੱਤਾ ਬਣ
ਜਾਂਦਾ ਹਾਂ, ਕਦੀ ਭੈੜੇ ਬੋਲ ਬੋਲਦਾ ਹਾਂ। ਜੇ ਮੇਰੇ ਭੈੜੇ ਬੋਲ ਹਨ ਤਾਂ ਸਮਝ ਲਉ ਕਿ ਮੈਂ ਸੌਂ
ਗਿਆ। ਇੱਕ ਇੱਕ ਅਉਗੁਣ ਤੋਂ ਮੈਨੂੰ ਜਾਗਣਾ ਹੈ। ਸੋਈ ਜਾਗੀ ਲਈ ਕਰਨਾ ਕੀ ਪਏਗਾ? ਮੇਰੇ ਇੱਕ-ਇੱਕ
ਅਉਗੁਣ ਤੋਂ ਛੁੱਟਣ ਵਾਸਤੇ ਮੈਨੂੰ ਤੋਅਬਾ ਕਰਨੀ ਪਏਗੀ। ਜਿਉਂ-ਜਿਉਂ ਤੋਅਬਾ ਕਰਾਂਗੇ, ਆਪਣੇ ਅਉਗਣਾਂ
ਨੂੰ ਪਛਾਨਣ ਤੋਂ ਬਾਅਦ ਉਸ ਤੋਂ ਛੁੱਟਾਂਗੇ ਤੇ ਸਤਿਗੁਰ ਦੀ ਮਤਿ ਰੂਪੀ ਦਵਾਈ ਸਾਨੂੰ ਕਾਰਗਰ ਹੁੰਦੀ
ਜਾਏਗੀ। ਨਹੀਂ ਤਾਂ ਦਵਾਈ ਕਾਰਗਰ ਨਹੀਂ ਹੋਵੇਗੀ, ਸਾਨੂੰ ਖਾਣੀ ਹੀ ਨਹੀਂ ਆਏਗੀ।
ਡਾਕਟਰ ਕਹਿੰਦਾ ਹੈ ਆਪਣੀ ਬਿਮਾਰੀ ਨੂੰ ਠੀਕ ਕਰਨ ਲਈ ਸੌਣ ਵੇਲੇ ਇਹ ਦਵਾਈ ਲੈ ਲੈਣਾ। ਦਿਨ ਵਿਚ ਤਿਨ
ਚੱਮਚ ਦਵਾਈ ਲੈਣੀ ਹੈ। ਮਰੀਜ਼ ਕੁਝ ਦਿਨਾਂ ਬਾਅਦ ਆਇਆ... ਕਹਿੰਦਾ ਹੈ ਕਿ ਡਾਕਟਰ ਸਾਹਿਬ, ਮੈਂ ਠੀਕ
ਨਹੀਂ ਹੋਇਆ, ਕਿਉਂਕਿ ਮੇਰੇ ਘਰ ਤਿੰਨ ਚੱਮਚ ਨਹੀਂ ਹਨ। ਡਾਕਟਰ ਦੀ ਗਲ ਨੂੰ ਨਹੀਂ ਸਮਝਿਆ। ਸਾਧਸੰਗਤ
ਜੀ ਅਸੀਂ ਧਰਮ ਨੂੰ ਨਹੀਂ ਸਮਝਦੇ ਹਾਂ ਤਾਂ ਸਾਡੇ ਉੱਤੇ ਲਾਗੂ ਵੀ ਨਹੀਂ ਹੁੰਦਾ। ਸਮਝੀਏ ਤਾਂ ਲਾਗੂ
ਹੋ ਸਕਦਾ ਹੈ। ਬੜਾ ਸੌਖਾ ਹੈ।
ਜੇ ਡਾਕਟਰ ਕਹੇ ਕਿ ਤੁਹਾਨੂੰ ਹੁੱਕੇ ਨਾਲ ਦਮਾ ਹੋ ਗਿਆ ਹੈ। ਹੁੱਕੇ-ਪਾਣੀ ਤੋਂ ਦੂਰ ਰਿਹਾ ਕਰੋ।
ਥੋੜ੍ਹੇ ਦਿਨਾਂ ਬਾਅਦ ਪਤਾ ਲੱਗਾ ਕਿ ਦਮਾ ਹੋਰ ਵੱਧ ਗਿਆ, ਸਿਹਤ ਹੋਰ ਖਰਾਬ ਹੋ ਗਈ। ਮਰੀਜ਼ ਡਾਕਟਰ
ਕੋਲ ਦੁਬਾਰਾ ਗਿਆ ਤੇ ਕਹਿੰਦਾ ਕਿ ਮੈਂ ਤੇ ਹੁੱਕੇ ਪਾਣੀ ਤੋਂ ਦੂਰ ਰਹਿੰਦਾ ਹਾਂ। ਡਾਕਟਰ ਕਹਿੰਦਾ
ਕਿ, ਲਗਦਾ ਤੇ ਨਹੀਂ ਹੈ! ਤੁਹਾਡੇ ਮੂੰਹ ਤੋਂ ਤੰਬਾਕੂ ਪੀਣ ਦੀ ਹੁਣੇ ਵੀ ਦੁਰਗੰਧ ਆ ਰਹੀ ਹੈ। ਮਰੀਜ਼
ਕਹਿੰਦਾ ਕਿ ਮੈਂ ਹੁੱਕੇ-ਪਾਣੀ ਦਾ ਇੰਤੇਜ਼ਾਮ ਦੂਰ ਦੂਜੇ ਕਮਰੇ ਵਿਚ ਕਰ ਲਿਆ ਹੈ। ਉੱਥੋਂ ਪਾਈਪ ਲਗਾ
ਕੇ ਆਪਣੇ ਕਮਰੇ ਵਿਚ ਪੀਂਦਾ ਹਾਂ, ਪਰ ਹੁੱਕਾ ਤੇ ਦੂਰ ਹੀ ਰਹਿੰਦਾ ਹੈ।
ਇਹ ਨਿੱਕੇ-ਨਿੱਕੇ ਚੁਟਕਲੇ ਦਰਅਸਲ ਕਟਾਕਸ਼ ਹਨ। ਇਹ ਸਾਨੂੰ ਹਸਾਂਦੇ ਹਨ ਪਰ ਕਟਾਕਸ਼ ਵੀ ਸਮਝਣਾ ਹੈ
ਤਾਂ ਕਿ ਅਸੀਂ ਇਸ ਪਾਸੋਂ ਜਾਗੀਏ। ਜੇ ਜਾਗ ਜਾਵਾਂਗੇ ਤਾਂ ਮਰਨ ਤੋਂ ਬਾਅਦ ਵਾਲੇ ਸ੍ਵਰਗ ਨੂੰ ਭੁੱਲ
ਜਾਵਾਂਗੇ। ਜੇ ਜਾਗ ਜਾਵਾਂਗੇ ਤਾਂ ਇਸ ਮਿਲੇ ਜੀਵਨ ਨੂੰ ਅੱਜ ਹੀ ਸ੍ਵਰਗ ਬਣਾਵਾਂਗੇ। ਫਿਰ ਨਹੀਂ
ਕਹਾਂਗੇ ਕਿ ਮਰਨ ਤੋਂ ਬਾਅਦ ਸ੍ਵਰਗ ਜਾਣਾ ਹੈ। ਫਿਰ ਨਹੀਂ ਡਰਾਂਗੇ ਕਿ ਮਰਨ ਤੋਂ ਬਾਅਦ ਸਜਾ ਮਿਲਦੀ
ਹੈ ਜਾਂ ਨਹੀਂ। ਸਾਨੂੰ ਇਹ ਭੁਲੇਖਾ ਪਾਇਆ ਗਿਆ ਹੈ, ਧਰਮ ਦੇ ਨਾਮ ਤੋਂ ਸਾਨੂੰ ਡਰਾਇਆ ਗਿਆ ਹੈ। ਇੰਜ
ਕਰੋਗੇ ਤਾਂ ਸ੍ਵਰਗ ਵਿਚ ਜਾਉਗੇ, ਜੇ ਇਹ ਕਰਮ-ਕਾਂਡ ਨਹੀਂ ਕਰੋਗੇ ਤਾਂ ਨਰਕਾਂ ਵਿਚ ਜਾਵੋਗੇ। ਇਸ
ਤਰ੍ਹਾਂ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ ਕਿ ਮਨੁੱਖ ਡਰ ਹੀ ਜਾਂਦਾ ਹੈ। ਡਰ ਅਧੀਨ ਮਿਥੇ ਹੋਏ
ਕਰਮ-ਕਾਂਡ ਇਸ ਉੱਮੀਦ ਨਾਲ ਕਰੀ ਜਾਂਦਾ ਹੈ ਕਿ ਮਰਨ ਤੋਂ ਬਾਅਦ ਸ੍ਵਰਗ ਮਿਲੇਗਾ। ਜੇ ਇਹ ਕਰਮ ਕਾਂਡ
ਨਾ ਕੀਤੇ ਗਏ ਤਾਂ ਜਮ ਘਸੀਟ ਕੇ ਲੈ ਜਾਣਗੇ, ਨਰਕ ਵਿਚ ਘੜੀਸ ਕੇ ਲੈ ਜਾਣਗੇ। ਨਰਕ ਤੋਂ ਡਰ ਲਗਦਾ
ਹੈ।
ਇਕ ਮਨੁੱਖ ਲੈਕਚਰ ਦੇ ਰਿਹਾ ਸੀ ਕਿ ਚੰਗੇ ਕੰਮ ਕਰੋ, ਪੁੰਨ ਕਰੋ ਤਾਂ ਤੁਸੀਂ ਸ੍ਵਰਗ ਵਿਚ ਜਾ ਸਕਦੇ
ਹੋ। ਫਿਰ ਸਾਰਿਆਂ ਨੂੰ ਪੁੱਛਿਆ ਗਿਆ ਕਿ ਸਾਰਿਆਂ ਨੂੰ ਗਲ ਸਮਝ ਆ ਗਈ? ਤੇ ਹੱਥ ਖੜਾ ਕਰੋ ਕਿ ਸ੍ਵਰਗ
ਕੌਣ ਜਾਣਾ ਚਾਹੁੰਦਾ ਹੈ। ਸਾਰਿਆਂ ਨੇ ਹੱਥ ਖੜੇ ਕਰ ਦਿੱਤੇ। ਸਾਹਮਣੇ ਇਕ ਮਨੁੱਖ ਬੈਠਾ ਸੀ ਉਸਨੇ
ਹੱਥ ਖੜਾ ਨਹੀਂ ਕੀਤਾ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਿਉਂ ਨਹੀਂ ਸ੍ਵਰਗ ਜਾਣਾ ਚਾਹੁੰਦੇ?
ਉਹ ਕਹਿੰਦਾ ਹੈ ਕਿ ਨਹੀਂ ਮੈਂ ਚਾਹੁੰਦਾ ਹਾਂ ਕਿ ਮੇਰੀ ਵਹੁਟੀ ਸ੍ਵਰਗ ਜਾਵੇ। ਉਨ੍ਹਾਂ ਨੂੰ ਪੁੱਛਿਆ
ਗਿਆ ਕਿ ਤੁਸੀਂ ਸ੍ਵਰਗ ਕਿਉਂ ਨਹੀਂ ਜਾਣਾ ਚਾਹੁੰਦੇ? ਉਹ ਕਹਿੰਦਾ ਕਿ ਜੇ ਮੇਰੀ ਪਤਨੀ ਜਾਵੇਗੀ ਤਾਂ
ਮੈਂ ਇੱਥੇ ਸ੍ਵਰਗ ਬਣਾ ਸਕਾਂਗਾ ਨਾ!
ਮੇਰੀ ਭੈੜੀ ਮਤ ਮੈਨੂੰ ਵੈਸ਼ਯਾ ਬਣਾਉਂਦੀ ਹੈ। ਜਦੋਂ ਮੈਂ ਸਤਿਗੁਰ ਦੀ ਮਤ ਲਵਾਂਗਾ ਤਾਂ ਇਸਨੂੰ ਠੀਕ
ਕਰਾਂਗਾ ਅਤੇ ਮੇਰੇ ਹਿਰਦੇ ਰੂਪੀ ਧਰਤੀ ਵਿਚ ਸ੍ਵਰਗ ਬਣੇਗਾ। ਆਪਣੀ ਗੰਦੀ ਮੱਤ ਰੂਪੀ ਇਸਤ੍ਰੀ ਛੱਡਣੀ
ਪਏਗੀ। ਆਪਣੀ ਪਤਨੀ ਜਾਂ ਪਤੀ ਤੋਂ ਤਲਾਕ ਲੈਣ ਦੀ ਗਲ ਨਹੀਂ ਚਲ ਰਹੀ। ਮਾਂ-ਪਿਉ, ਭੈਣ-ਭਰਾ ਆਦਿ
ਪਰਵਾਰ ਛੱਡਕੇ ਜੰਗਲ ਵਿਚ ਜਾਣ ਦੀ ਗਲ ਨਹੀਂ ਚਲ ਰਹੀ। ਐ ਮਨੁੱਖ! ਤੂੰ ਆਪਣੀ ਭੈੜੀ ਮਤ ਤੋਂ ਛੁੱਟ
ਜਾ। ਤੁਫਾਨ ਵਿਚ ਵੱਡੇ-ਵੱਡੇ ਪੇੜ ਢਹਿ ਪੈਂਦੇ ਹਨ ਪਰ ਜੋ ਝੁਕਣਾ ਜਾਣਦੇ ਹਨ ਉਹ ਨਹੀਂ ਢਹਿੰਦੇ।
ਅਸੀਂ ਬਾਂਸ ਵਾਂਗੂੰ ਹੰਕਾਰੇ ਰਹਿੰਦੇ ਹਾਂ ਪਰ ਸੱਚ ਦੀ ਖੁਸ਼ਬੂ ਨਹੀਂ ਲੈਣਾ ਚਾਹੁੰਦੇ। ਬਾਂਸ ਕੀ
ਕਰਦਾ ਹੈ? ਬਾਂਸ ਚੰਦਨ ਦੇ ਕੋਲ ਰਹਿੰਦਾ ਹੈ ਪਰ ਚੰਦਨ ਦਾ ਗੁਣ ਨਹੀਂ ਲੈਂਦਾ। ਉਹ ਆਕੜਿਆ ਰਹਿੰਦਾ
ਹੈ। ਜੇਕਰ ਸੱਚ ਦਾ ਪੱਲਾ ਫੜਕੇ ਸੰਤੋਖੀ ਰਹਿੰਦੇ ਹਾਂ ਤਾਂ ਅਸੀਂ ਸੱਚ ਦੇ ਵਫਾਦਾਰ ਹਾਂ। ਵਫਾਦਾਰੀ
ਵਾਲਾ ਮੇਰਾ ਕੁੱਤੇ ਵਾਲਾ ਗੁਣ ਉਜਾਗਰ ਹੋ ਗਿਆ। ‘ਰਿਜਕੁ ਦੀਆ ਸਭ ਹੂ ਕਉ
ਤਦ ਕਾ’ (1403) ਪ੍ਰਾਪਤ ਹੋ ਗਿਆ।
ਇਕ ਕੁੱਤੇ ਦਾ ਨਾਮ ਰੱਖਿਆ ਗਿਆ ਹੈ ਸੰਤ ਬਰਨਾਰਡ। ਇਸ ਕੁੱਤੇ ਨੂੰ ਸੰਤ ਕਹਿਣਾ ਸ਼ੁਰੂ ਕਰ ਦਿੱਤਾ
ਜਦੋਂ ਤੋਂ ਇਹ ਕੁੱਤਾ ਬਰਫਾਨੀ ਪਹਾੜੀਆਂ ਤੇ ਲੋਕਾਂ ਦੇ ਮਿਰਤਕ ਸਰੀਰ ਜਾਂ ਜ਼ਖਮੀ ਲੋਕਾਂ ਨੂੰ ਘਸੀਟ
ਕੇ ਉਨ੍ਹਾਂ ਦੇ ਘਰ ਪਹੁੰਚਾ ਦੇਂਦਾ ਹੈ। ਇਹ ਕੁੱਤਾ ਚੰਗੇ ਕਰਮ ਕਰਦਾ ਹੈ ਤਾਂ ਉਸਨੂੰ ਸੰਤ ਕਹਿ
ਦਿੱਤਾ। ਆਪਣੇ ਨਾਲ ਟਾਕਰਾ ਕਰਕੇ ਵੇਖੀਏ।
ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ ॥ (489)
ਪਸ਼ੂ ਘਾਹ ਖਾਂਦੇ ਹਨ ਤੇ ਦੁਧ ਦੇਂਦੇ ਹਨ। ਅਸੀਂ ਚੰਗਾ ਭਲਾ ਖਾ ਪੀ ਕੇ ਹੰਡਾ ਕੇ, ਧ੍ਰਿਗਾਕਾਰ,
ਲਾਹਨਤ ਵਾਲੇ ਕੰਮ ਕਰਦੇ ਹਾਂ। ਇਸ ਜੀਵਨੀ ਤੋਂ ਅਸੀਂ ਉੱਪਰ ਉੱਠਣਾ ਹੈ। ਪਸ਼ੂਆਂ ਕੋਲੋਂ ਇਹ ਗੁਣ
ਲੈਣਾ ਹੈ। ਪੱਤੇ ਖਾਂਦੇ ਹਨ ਅਤੇ ਦੁੱਧ ਦੇਂਦੇ ਹਨ। ਅਸੀਂ ਤੇ ਸਵਾਦਲੇ ਭੋਜਨ ਖਾਂਦੇ ਹਾਂ, ਪਸ਼ੂਆਂ
ਦਾ ਦੁਧ ਵੀ ਪੀਂਦੇ ਹਾਂ ਪਰ ਲੋਕਾਂ ਦਾ ਖੂਨ ਚੂਸਦੇ ਹਾਂ।
ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ ॥
ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ ॥ (140)
ਲੋਕਾਂ ਦਾ ਅਸੀਂ ਖੂਨ ਚੂਸਦੇ ਹਾਂ, ਸਾਡਾ ਚਿਤ ਕਿਵੇਂ ਨਿਰਮਲ ਹੋ ਸਕਦਾ ਹੈ? ਸਾਨੂੰ ਸਮਝਾਇਆ ਹੈ ਕਿ
ਤੂੰ ਪਸ਼ੂ ਕੋਲੋਂ ਚੰਗੇ ਗੁਣ ਸਿੱਖ। ਪਸ਼ੂਆਂ ਦੀਆਂ ਗਲਤ ਆਦਤਾਂ ਨਾ ਸਿੱਖ। ਜੋ ਪਸ਼ੂ ਹਰੇ ਪੱਤੇ ਖਾ ਕੇ
ਦੁਧ ਦੇਂਦੇ ਹਨ, ਉਨ੍ਹਾਂ ਵਾਂਗੂੰ ਸਤਿਗੁਰ ਦੀ ਮਤ ਲੈ ਕੇ ਚੰਗੇ ਗੁਣਾਂ ਰੂਪੀ ਦੁਧ ਆਪਣੇ ਇੰਦ੍ਰੇ,
ਗਿਆਨ-ਇੰਦ੍ਰੇਆਂ ਨੂੰ ਵੰਡ। ਉੱਚੇ ਪਹਾੜ ਦੀ ਚੋਟੀ ਬਣਨ ਦੇ ਬਦਲੇ, ਤਲਾਬ ਜਾਂ ਝੀਲ ਬਣਕੇ ਮੀਹ ਦਾ
ਪਾਣੀ ਇਕਤਰ ਕਰੀਏ ਤਾਕਿ ਮਨੁੱਖਤਾ ਦੇ ਵੀ ਕੰਮ ਆਏ ਤੇ ਪਸ਼ੂਆਂ ਦੇ ਵੀ ਕੰਮ ਆ ਸਕੇ, ਪੰਛੀ ਵੀ ਉਸ
ਵਿਚੋਂ ਪਾਣੀ ਪੀ ਸੱਕਣ। ਵੈਰ ਵਿਰੋਧ, ਤੇਰ ਮੇਰ ਦੇ ਭੇਦ-ਭਾਵ ਨੂੰ ਛੱਡਕੇ, ਮਨੁੱਖ ਨੂੰ ਕਹਿ ਰਹੇ
ਹਨ ਕਿ ਤੂੰ ਖੁਦਗਰਜ਼ ਨਾ ਬਣ। ਨਿਮਰਤਾ ਭਰਪੂਰ ਜੀਵਨ ਜੀਅ। ਊਂਚ-ਨੀਚ ਦਾ ਭੇਦ ਮਿਟਾ ਦੇ -
ਫਰੀਦਾ ਮਨੁ ਮੈਦਾਨੁ ਕਰਿ ਟੋਏ ਟਿਬੇ ਲਾਹਿ ॥
ਅਗੈ ਮੂਲਿ ਨ ਆਵਸੀ ਦੋਜਕ ਸੰਦੀ ਭਾਹਿ ॥ (1381)
ਅਸੀਂ ਤਾਂ ਟੋਏ-ਟਿੱਬੇ ਰੱਖੇ ਹੋਏ ਹਨ। ਮੈਂ ਉੱਚਾ ਹਾਂ ਤੁਸੀਂ ਨੀਂਵੇ ਹੋ ਇਨ੍ਹਾਂ ਗੱਲਾਂ ਦਾ ਕੁਝ
ਵੀ ਨਹੀਂ ਹੁੰਦਾ। ਅਸੀਂ ਆਪਣੇ ਮਨ ਨੂੰ ਮੈਦਾਨ ਨਹੀਂ ਕੀਤਾ, ਪੱਧਰਾ ਨਹੀਂ ਕੀਤਾ। ਸਾਨੂੰ ਇਕ ਦੂਜੇ
ਤੋਂ ਅੱਗੇ ਵੱਧਣ ਦੀ ਬੀਮਾਰੀ ਚੰਮੜ ਗਈ ਹੈ। ਇਹ ਬੀਮਾਰੀ ਸਾਨੂੰ ਟੋਏ-ਟਿੱਬੇ ਵੱਲ ਧੱਕਦੀ ਜਾਂਦੀ
ਹੈ। ਅਸੀਂ ਆਪਣੇ ਮਾਤਾ-ਪਿਤਾ ਕੋਲੋਂ ਵੀ ਦੂਰ ਹੁੰਦੇ ਜਾਂ ਰਹੇ ਹਾਂ। ਆਪਣੇ ਕੰਮ ਵਿਚ ਤਰੱਕੀ ਕਰਨਾ,
ਅੱਗੇ ਵੱਧਣਾ ਮਾੜੀ ਗਲ ਨਹੀਂ ਪਰ ਇਹ ਵਾਲੀ ਬਿਰਤੀ ਕਿ ਮੈਂ ਹਰ ਹਾਲਤ ਵਿਚ ਸਾਰੇ ਕੰਮ ਕਰਕੇ ਇਹ
ਸਾਬਤ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਸੁੱਪਰ ਮੈਨ ਹਾਂ, ਮੈਂ ਹੀ ਸਭ ਤੋਂ ਅੱਗੇ ਹਾਂ। ਇਸ ਬਿਰਤੀ
ਤੋਂ ਛੁੱਟਣਾ ਹੈ। ਮੈਂ ਪੜ੍ਹਾਈ ਪੜ੍ਹਨੀ ਹੈ, ਨੰਬਰ ਜਿਤਨੇ ਮਰਜ਼ੀ ਆਣ, ਮੈਨੂੰ ਨੰਬਰਾਂ ਦੀ ਦੌੜ ਵਿਚ
ਨਹੀਂ ਪੈਣਾ। ਮੈਨੂੰ ਕੋਈ ਸੋਨੇ ਦਾ ਤਗਮਾ ਨਹੀਂ ਲੈਣਾ, ਜੇ ਨੰਬਰ ਚੰਗੇ ਆ ਵੀ ਜਾਣ ਤਾਂ ਮੈਂ
ਅਸਮਾਨੇ ਨਹੀਂ ਚੜ੍ਹਨਾ ਹੈ। ਅੱਜ ਦੇ ਨੌਜੁਆਨ ਬੱਚਿਆਂ ਨੂੰ ਕਾਮਪੀਟੀਸ਼ਨ ਦੀ ਟੈਂਸ਼ਨ ਨੇ ਹੀ ਸਤਾਇਆ
ਹੈ। ਇਸ ਲਈ ਉਸਨੂੰ ਦੌੜ ਵਿਚ ਪਤਾ ਹੀ ਨਹੀਂ ਚਲ ਰਿਹਾ ਕਿ ਮੈਂ ਕੁੱਤਾ, ਗਧਾ, ਸੱਪ ਆਦਿ ਪਸ਼ੂ ਬਿਰਤੀ
ਵਿਚ ਪੈ ਰਿਹਾ ਹਾਂ। ਮੈਂ ਬਣ ਕੀ ਰਿਹਾ ਹਾਂ ਮੈਨੂੰ ਪਤਾ ਨਹੀਂ ਚਲ ਰਿਹਾ। ਕੌਮਪੀਟੀਸ਼ਨ ਦੀ ਇਸ
ਬਿਮਾਰੀ ਤੋਂ ਛੁੱਟਣਾ ਹੈ। ਮੈਂ ਕੁਝ ਵੀ ਆਪਣੇ ਆਪ ਨੂੰ ਸਾਬਤ ਨਹੀਂ ਕਰਨਾ।
ਓਲੰਪਿਕ ਵਿਚ ਜੇ ਲਗਾਤਾਰ ਤਿਨ ਵਾਰੀ ਗੋਲਡ ਮੈਡਲ ਜਿੱਤੋ ਤਾਂ 12 ਸਾਲਾਂ ਲਈ ਉਹ ਗੋਲਡ ਮੈਡਲਿਸਟ
ਰਹਿੰਦਾ ਹੈ। ਛੋਟੀ ਜਿਹੀ ਕਿਸ਼ਤੀ ਜਿਸ ਵਿਚ ਇਕ ਮਨੁੱਖ ਬੈਠਾ ਹੁੰਦਾ ਹੈ ਉਸ ਵਿਚ ਬੈਠਕੇ ਉਹ ਰੇਸ
ਲਗਾਂਦਾ ਸੀ। ਦੋ ਵਾਰੀ ਉਹ ਜਿੱਤ ਚੁੱਕਾ ਸੀ। ਤੀਜੀ ਵਾਰੀ ਵੀ ਉਹ ਸਭ ਤੋਂ ਅੱਗੇ ਸੀ ਅਤੇ ਰੇਸ
ਜਿੱਤਣ ਹੀ ਵਾਲਾ ਸੀ ਕਿ ਅਚਾਨਕ ਉਸ ਨੂੰ ਪਾਣੀ ਵਿਚ ਅਜੀਬ ਹਲਚਲ ਮਹਿਸੂਸ ਹੋਈ। ਉਸਨੇ ਪਿੱਛੇ ਮੁੜ
ਕੇ ਵੇਖਿਆ ਕਿ ਪਿੱਛੇ ਵਾਲਾ ਖਿਡਾਰੀ ਪਾਣੀ ਵਿਚ ਮੂਦਾ ਹੋ ਗਿਆ ਸੀ ਅਤੇ ਆਪਣੀ ਪੇਟੀ ਖੋਲ੍ਹ ਨਹੀਂ
ਸੀ ਪਾ ਰਿਹਾ। ਉਹ ਜਿੱਤਣ ਦੇ ਬਹੁਤ ਕਰੀਬ ਸੀ ਅਤੇ ਉਹ ਜਾਣਦਾ ਸੀ ਕਿ ਜਿੱਤਣ ਤੇ ਟੀ.ਵੀ, ਅਖਬਾਰ
ਆਦਿ ਮੀਡੀਆ ਵਾਲੇ ਉਸ ਦਾ ਇੰਟਰਵਿਊ ਲੈਣਗੇ ਅਤੇ ਉਹ ਤੀਜੀ ਵਾਰ ਵਿਸ਼ਵ ਰਿਕਾਰਡ ਬਣਾਉਣ ਲੱਗਾ ਸੀ।
ਬਜਾਏ ਇਸ ਦੇ ਕਿ ਉਹ ਅੱਗੇ ਹੋ ਕੇ ਰੇਸ ਜਿੱਤਦਾ ਉਹ ਡੁੱਬ ਰਹੇ ਖਿਡਾਰੀ ਦੀ ਜਾਨ ਬਚਾਣ ਲਈ ਵਾਪਸ ਉਸ
ਵਲ ਗਿਆ ਅਤੇ ਉਸਨੂੰ ਬਚਾ ਲਿਆ। ਮੀਡੀਆ ਵਾਲੇ ਉਸਨੂੰ ਕਹਿੰਦੇ ਕਿ ਤੁਸੀਂ ਮੂਰਖ ਹੋ ਜੋ ਆਪਣੀ ਰੇਸ
ਛੱਡਕੇ ਦੂਜੇ ਨੂੰ ਬਚਾਉਣ ਲਈ ਚਲੇ ਗਏ। ਤੁਸੀਂ ਜਿੱਤ ਜਾਂਦੇ ਤਾਂ ਓਲੰਪਿਕ ਵਿਚ ਤੀਜੀ ਵਾਰੀ ਲਗਾਤਾਰ
ਤੁਸੀਂ ਜੇਤੂ ਹੋਣਾ ਸੀ। ਉਹ ਕਹਿੰਦਾ ਹੈ ਕਿ ਜਦੋਂ ਮੈਂ ਉਸਨੂੰ ਬਚਾਇਆ ਤਾਂ ਉਸ ਵਿਚ ਮੈਨੂੰ ਜ਼ਿਆਦਾ
ਖੁਸ਼ੀ ਮਿਲੀ। ਇਹ ਖੁਸ਼ੀ ਸੋਨੇ ਦੇ ਤਗਮੇ ਤੋਂ ਮਿਲਣ ਵਾਲੀ ਖੁਸ਼ੀ ਤੋਂ ਬਹੁਤ ਵੱਡੀ ਸੀ।
ਕਿਸੇ ਦੀ ਅੱਖ ਵਿਚ ਝਾਂਕ ਕੇ ਇਸ ਤਰ੍ਹਾਂ ਵੇਖ ਸਕੀਏ। ਕਿਸੇ ਦੀ ਜ਼ਿੰਦਗੀ ਬਚਾਉਣ ਲਈ ਇਸ ਤਰ੍ਹਾਂ
ਅਸੀਂ ਸੋਚ ਸਕਦੇ ਹਾਂ, ਕਿਸੇ ਦਾ ਭਲਾ ਕਰਕੇ, ਕਿਸੇ ਨਾਲ ਪਿਆਰ ਕਰਕੇ, ਉਸ ਨੂੰ ਸੁਖ ਦੇ ਕੇ। ਅੱਖਾਂ
ਵਿਚ ਝਾਂਕਣਾ ਹੀ ਨਹੀਂ ਆਉਂਦਾ। ਕੰਨ ਵੀ ਬੰਦ ਕੀਤੇ ਹੋਏ ਹਨ, ਅੱਖਾਂ ਵੀ ਬੰਦ ਕੀਤੀਆਂ ਹੋਈਆਂ ਹਨ।
ਅਸੀਂ ਤਾਂ ਚਾਰੋਂ ਪਾਸੇ ਵੈਰ-ਵਿਰੋਧ ਵਾਲਾ ਵਾਤਾਵਰਣ ਬਣਾਇਆ ਹੋਇਆ ਹੈ। ਅਸੀਂ ਤੇ ਕੁਝ ਸੁਣਨਾ ਹੀ
ਨਹੀਂ ਚਾਹੁੰਦੇ। ਸਤਿਗੁਰ ਦੀ ਮਤ ਲੈਕੇ, ਸੱਚ ਨਾਲ ਜੁੜ ਕੇ ਵੀ ਰੇਸ ਵਿਚ ਫਸੇ ਹੋਏ ਹਾਂ।
ਵੈਰ-ਵਿਰੋਧ ਦੇ ਬੰਧਨਾਂ ਤੋਂ ਛੁੱਟ ਸਕਦੇ ਹਾਂ।
ਇਸੇ ਤਰ੍ਹਾਂ ਮਨੁੱਖ ਕਈ ਜਾਨਵਰਾਂ ਦੇ ਵਤੀਰੇ ਧਾਰਨ ਕਰਕੇ ਦਿਨ ਵਿਚ ਬਹੁਤ ਵਾਰੀ ਆਪਣਾ ਜਨਮ ਬਦਲਦਾ
ਹੈ ਭਾਵ ਆਪਣੀ ਜੂਨ ਬਦਲਦਾ ਹੈ। ਇਹ ਬਦਲਾਹਟ ਜਿਊਂਦੇ ਜੀਅ ਹੀ ਆਂਦੀ ਹੈ, ਮਰਨ ਤੋਂ ਬਾਦ ਨਹੀਂ!
ਗੁਰਬਾਣੀ ਵਿਚ ਜਦੋਂ ਜੂਨਾਂ ਭੋਗਣ ਦੀ ਗਲ ਆਂਦੀ ਹੈ ਤਾਂ ਇਸੇ ਲਹਿਜ਼ੇ ਵਿਚ ਹੀ ਉਸ ਫਲਸਫੇ ਨੂੰ
ਸਮਝਣਾ ਹੈ। ਦਿਨ ਵਿਚ ਕਈ ਜਾਨਵਰਾਂ ਦੇ ਮੁਖੌਟੇ ਅਸੀਂ ਲਾਂਦੇ ਹਾਂ ਪਰ ਸੱਚ ਦਾ ਸਦੀਵੀ ਵੇਸ ਧਾਰਨ
ਨਹੀਂ ਕਰਦੇ ਹਾਂ। ਗੁਰਬਾਣੀ ਨੂੰ ਇਸ ਦ੍ਰਿਸ਼ਟੀਕੋਣ ਨਾਲ ਪੜ੍ਹਾਂਗੇ ਕਿ ਇਹ ਮੇਰੇ ਜਾਨਵਰਾਂ ਵਰਗੇ
ਵਤੀਰੇ ਦੀ ਗਲ ਕੀਤੀ ਗਈ ਹੈ ਤਾਂ ਇਸਨੂੰ ਪਛਾਣ ਕੇ ਇਨ੍ਹਾਂ ਤੋਂ ਛੁੱਟਣਾ ਵੀ ਚਾਹਾਂਗੇ।
ਵੀਰ ਭੁਪਿੰਦਰ ਸਿੰਘ
|
. |