ਗਾਵਹੁ ਸਚੀ ਬਾਣੀ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 920 ਉੱਤੇ ਸ੍ਰੀ ਗੁਰੂ ਅਮਰਦਾਸ
ਪਾਤਸ਼ਾਹ ਆਪਣੀ ਰਚਨਾ ‘ਅਨੰਦ ਸਾਹਿਬ’ ਵਿਚ ਗੁਰਬਾਣੀ ਬਾਰੇ ਇਉਂ ਬਿਆਨ ਕਰਦੇ ਹਨ-
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥ ਬਾਣੀ ਤ ਗਾਵਹੁ
ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥ ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ ॥ ਪੀਵਹੁ
ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ ॥ ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ॥
(ਗੁਰੂ ਗ੍ਰੰਥ ਸਾਹਿਬ, ਪੰਨਾ 917)
ਸਚੀ ਬਾਣੀ ਕਿਉਂ ਗਾਉਣੀ ਹੈ? ਇਸ ਦਾ ਜਵਾਬ ਆਪ ਹੀ ਪਉੜੀ ਨੰ: 24 ਵਿਚ ਦੇ
ਰਹੇ ਹਨ ਅਤੇ ਕਹਿੰਦੇ ਹਨ:
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ
ਕਚੀ ਬਾਣੀ ॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ
ਜਾਣੀ ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ
ਕਚੀ ਬਾਣੀ ॥
(ਗੁਰੂ ਗ੍ਰੰਥ ਸਾਹਿਬ, ਪੰਨਾ 917)
ਆਮ ਤੌਰ ਤੇ ਇਸ ਸੰਸਾਰ ਦਾ ਹਰ ਵਿਅਕਤੀ ਕਿਸੇ ਨਾ ਕਿਸੇ ਰੂਪ ਵਿਚ,
ਵੇਲੇ-ਕੁਵੇਲੇ, ਦਿਨੇ-ਰਾਤ, ਸਵਰੇ-ਸ਼ਾਮ, ਦੁੱਖ-ਸੁੱਖ, ਖੁਸ਼ੀ-ਗਮੀ, ਜਨਮ-ਮਰਨ, ਵਿਆਹ-ਸ਼ਾਦੀ-ਮੰਗਣਾ
ਆਦਿ ਸਮੇਂ ਕੁਝ ਨਾ ਕੁਝ ਗਾਉਂਦਾ ਹੈ। ਉਸਨੂੰ ਗਾਉਣਾ ਆਉਂਦਾ ਹੈ ਜਾਂ ਨਹੀਂ, ਕਿਹੜੀ ਚੀਜ਼ ਕਿਹੜੇ
ਵੇਲੇ ਗਾਉਣੀ ਹੈ ਉਸ ਦਾ ਉਸ ਨੂੰ ਪਤਾ ਹੈ ਜਾਂ ਨਹੀਂ ਇਹ ਵੱਖਰੀ ਗੱਲ ਹੈ ਪਰ ਉਹ ਗਾਉਂਦਾ ਜ਼ਰੂਰ ਹੈ।
ਆਪੋ ਆਪਣੀ ਰੁਚੀ, ਵਾਤਾਵਰਨ, ਸੰਗਤ ਆਦਿ ਮੁਤਾਬਿਕ, ਕਿਸੇ ਨੂੰ ਲਚਰ ਗੀਤ
ਪਿਆਰੇ ਹਨ, ਕਿਸੇ ਨੂੰ ਕਵਿਤਾ ਪਿਆਰੀ ਹੈ, ਕਿਸੇ ਨੂੰ ਧਾਰਮਿਕ ਗੀਤ, ਭਜਨ, ਗੁਰਬਾਣੀ ਆਦਿ ਚੰਗੇ
ਲੱਗਦੇ ਹਨ। ਇਸੇ ਤਰ੍ਹਾਂ ਕਿਸੇ ਨੂੰ ਕਵਾਲੀ, ਕਿਸੇ ਨੂੰ ਪੱਕੇ ਰਾਗ, ਕਿਸੇ ਨੂੰ ਲੋਕ ਗੀਤ ਪਿਆਰੇ
ਲੱਗਦੇ ਹਨ, ਕਿਸੇ ਨੂੰ ਕੋਈ ਚੀਜ਼ ਪਿਆਰੀ ਹੈ, ਕਿਸੇ ਨੂੰ ਹੋਰ।
ਗਾਉਣ ਦਾ ਤਰੀਕਾ ਅਤੇ ਮਕਸਦ ਵੀ ਆਪੋ ਆਪਣਾ ਹੈ। ਕੋਈ ਪੈਸਿਆਂ (ਰੋਜ਼ੀ) ਲਈ
ਗਾਉਂਦਾ ਹੈ, ਕੋਈ ਵਾਹ ਵਾਹ ਖੱਟਣ ਵਾਸਤੇ, ਕੋਈ ਖੁਸ਼ੀ ਲਈ ਆਦਿ। ਕਿਸੇ ਨੂੰ ਗਾਉਣ ਵਾਲੀ ਕੁੜੀ,
ਕਿਸੇ ਨੂੰ ਮੁੰਡਾ, ਕਿਸੇ ਨੂੰ ਰਾਗੀ, ਢਾਡੀ, ਕਵੀਸ਼ਰ ਆਦਿ ਚੰਗੇ ਲੱਗਦੇ ਹਨ।
ਗੁਰੂ ਸਾਹਿਬਾਂ ਵੱਲੋਂ ਵੀ ਸਿੱਖਾਂ ਨੂੰ ਗਾਉਣ, ਪੜ੍ਹਨ ਅਤੇ ਸੁਣਨ ਦੀ
ਹਦਾਇਤ ਹੈ ਪਰ ਉਹ ਹੈ ਸਿਰਫ ਤੇ ਸਿਰਫ ਗੁਰਬਾਣੀ ਨੂੰ ਸੁਣਨਾ, ਪੜ੍ਹਨਾ ਤੇ ਗਾਉਣਾ ਜਿਸ ਤਰ੍ਹਾਂ
ਤੀਜੇ ਪਾਤਸ਼ਾਹ ਜੀ ਨੇ ਉੱਪਰ ਦੱਸਿਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਹਨ ਕਿ ਮਨੁੱਖਾ
ਜੀਵਨ ਦਾ ਮਨੋਰਥ ਹੈ ਹੀ ਗੁਰਬਾਣੀ ਪੜ੍ਹਨਾ, ਸੁਣਨਾ ਅਤੇ ਸਮਝਣਾ ਅਤੇ ਉਸ ਮੁਤਾਬਿਕ ਆਪਣਾ ਜੀਵਨ
ਢਾਲਣਾ।
ਆਇਓ ਸੁਨਨ ਪੜਨ ਕਉ ਬਾਣੀ ॥ ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ
ਪਰਾਣੀ ॥1॥ ਰਹਾਉ ॥
(ਗੁਰੂ ਗ੍ਰੰਥ ਸਾਹਿਬ, ਪੰਨਾ 1219)
ਸਤਿਗੁਰ ਬਚਨ ਤੁਮ੍ਾਰੇ ॥ ਨਿਰਗੁਣ ਨਿਸਤਾਰੇ ॥1॥ ਰਹਾਉ ॥
(ਗੁਰੂ ਗ੍ਰੰਥ ਸਾਹਿਬ, ਪੰਨਾ 406)
ਦੇਖਿਆ ਜਾਵੇ ਤਾਂ ਗੁਰਬਾਣੀ ਤਾਂ ਰਾਗਾਂ ਦਾ ਭੰਡਾਰ ਹੈ ਜਿਸ ਵਿਚ 31 ਰਾਗਾਂ
ਵਿਚ ਬਾਣੀ ਰਚੀ ਗਈ ਹੈ। ਪਾਤਸ਼ਾਹ ਨੇ ਗੁਰਬਾਣੀ ਗਾਉਣ ਦੇ ਢੰਗ ਤਰੀਕੇ ਵੀ ਦੱਸੇ ਹਨ ਜਿਵੇਂ ਕਿ:
1. ਰਾਗ ਆਸਾ ਕੀ ਵਾਰ...
ਟੁੰਡੇ ਅਸਰਾਜੈ ਕੀ ਧੁਨੀ॥
(ਪੰਨਾ 462)
2. ਵਾਰ ਮਾਝ ਕੀ...
ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ
ਧੁਨੀ ਗਾਵਣੀ ॥ (ਪੰਨਾ 137)
3. ਰਾਮਕਲੀ ਕੀ ਵਾਰ...
ਜੋਧੈ ਵੀਰੈ ਪੂਰਬਾਣੀ ਕੀ ਧੁਨੀ॥
(ਪੰਨਾ 947) ਆਦਿ।
ਇਹ ਵੱਖਰੀ ਗੱਲ ਹੈ ਕਿ ਅੱਜ ਦੇ ਕੁਝ ਗਿਣਵੇਂ ਰਾਗੀਆਂ ਤੋਂ ਇਲਾਵਾ ਕੋਈ
ਰਾਗੀ, ਇਨ੍ਹਾਂ ਗੁਰੂ ਹੁਕਮਾਂ ਦੀ ਪ੍ਰਵਾਹ ਨਹੀਂ ਕਰਦੇ ਅਤੇ ਨਾ ਹੀ ਉਨ੍ਹਾਂ ਨੂੰ ਇਨ੍ਹਾਂ ਧੁਨਾ ਦਾ
ਗਿਆਨ ਹੈ।
ਬਹੁਤ ਵਾਰੀ ਆਮ ਸੁਣਿਆ ਜਾਂਦਾ ਹੈ ਕਿ ਅੱਜ ਰਾਗੀ ਸਿੰਘਾਂ ਨੇ ਬਹੁਤ ਸੁਹਣਾ
ਕੀਰਤਨ ਕੀਤਾ। ਪਰ ਪੁੱਛਣ ਤੇ ਪਤਾ ਲੱਗਦਾ ਹੈ ਕਿ ਇਨ੍ਹਾਂ ਸਰੋਤਿਆਂ ਨੂੰ ਰਾਗ, ਪੰਨਾ, ਰਹਾਉ, ਸ਼ਬਦ
ਦੇ ਸਮੁੱਚੇ ਭਾਵ ਦਾ ਕੋਈ ਪਤਾ ਨਹੀਂ। ਤਾਂ ਫਿਰ ਕੀਰਤਨ ਸੁਣਨ ਦਾ ਕੀ ਲਾਭ ਹੋਇਆ?
ਨੋਟ: 1. ਰਾਗਾਂ ਵਿਚ ਗੁਰਬਾਣੀ ਗਾਉਣ ਨੂੰ ਹੀ ਕੀਰਤਨ ਕਿਹਾ ਜਾਂਦਾ ਹੈ।
2. ਹਰ ਸ਼ਬਦ (ਪਉੜੀਆਂ ਤੋਂ ਛੁੱਟ ਵਿਚ, ਆਮ ਕਰਕੇ ਰਹਾਉ ਦੀ ਤੁੱਕ ਹੁੰਦੀ ਹੈ
ਜਿਸ ਵਿਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਗੁਰੂ ਹੁਕਮਾਂ ਮੁਤਾਬਿਕ ‘ਰਹਾਉ’ ਦੀ ਤੁੱਕ ਨੂੰ ਸਥਾਈ
ਬਣਾ ਕੇ ਕੀਰਤਨ ਕਰਨਾ ਚਾਹੀਦਾ ਹੈ। 95 ਪ੍ਰਤੀਸ਼ਤ ਰਾਗੀ ਇਸ ਪਾਸੇ ਲਾਪ੍ਰਵਾਹੀ ਵਰਤਦੇ ਹਨ ਅਤੇ
ਜਿਹੜੀ ਤੁੱਕ ਚੰਗੀ ਲੱਗੀ ਲੈ ਕੇ ਕੀਰਤਨ ਕਰਨਾ ਸ਼ੁਰੂ ਕਰ ਦੇਂਦੇ ਹਨ ਜੋ ਕਿ ਗੁਰਬਾਣੀ ਅਤੇ ਗੁਰੂ
ਸਾਹਿਬਾਂ ਦਾ ਘੋਰ ਅਪਮਾਨ ਅਤੇ ਨਿਰਾਦਰੀ ਹੈ ਕਿਉਂਕਿ ਇਸ ਤਰ੍ਹਾਂ ਸ਼ਬਦ ਦੇ ਅਸਲੀ ਭਾਵ ਅਲੋਪ ਹੋ
ਜਾਂਦੇ ਹਨ। ਚਾਹੀਦਾ ਤਾਂ ਇਹੀ ਹੈ ਕਿ ਗੁਰੂ ਹੁਕਮਾਂ ਅਨੁਸਾਰ ‘ਰਾਗਾਂ’ ਵਿਚ ਹੀ ਅਤੇ ‘ਰਹਾਉ’ ਦੀ
ਤੁੱਕ ਨੂੰ ਸਥਾਈ ਬਣਾ ਕੇ ਗੁਰਬਾਣੀ ਗਾਈ ਜਾਵੇ। ਪ੍ਰਬੰਧਕ ਵੀਰ/ਭੈਣਾਂ ਇਸ ਪਾਸੇ ਖਾਸ ਧਿਆਨ ਦੇਣ
ਕਿਉਂਕਿ ਰਾਗੀ ਸਿੰਘ ਪ੍ਰਬੰਧਕਾਂ ਦੀ ਹੀ ਗੱਲ ਸੁਣਨਗੇ ਅਤੇ ਹੁਕਮ ਮੰਨਣਗੇ।
ਹਰ ਲਿਖਾਰੀ ਦਾ ਲਿਖਣ, ਬੋਲਣ ਦਾ ਢੰਗ ਅਤੇ ਮਕਸਦ ਭੀ ਆਪਣਾ ਆਪਣਾ ਹੁੰਦਾ
ਹੈ। ਕੋਈ ਪੈਸਿਆਂ/ਰੋਜ਼ੀ ਵਾਸਤੇ ਲਿਖਦਾ ਹੈ, ਕੋਈ ਵਾਹ-ਵਾਹ ਵਾਸਤੇ ਆਦਿ। ਇਸ ਕਰਕੇ ਇਹ ਜ਼ਰੂਰੀ ਨਹੀਂ
ਕਿ ਜੋ ਉਹ ਲਿਖ/ਬੋਲ ਰਿਹਾ ਹੈ ਉਹ ਆਪਣਾ ਜੀਵਨ ਉਸ ਮੁਤਾਬਿਕ ਜੀਅ ਰਿਹਾ ਹੋਵੇ ਪਰ ਗੁਰਬਾਣੀ ਦੀ ਇਹ
ਖੂਬੀ ਹੈ ਕਿ ਇਹ ਪਰਮਾਤਮਾ ਨਾਲ ਇੱਕਮਿਕ ਹੋ ਕੇ ਲਿਖੀ ਗਈ ਹੈ। ਸਿੱਖਾਂ ਦੇ ਵੱਡੇ ਭਾਗ ਹਨ ਕਿ ਗੁਰੂ
ਸਾਹਿਬਾਂ ਦੀ ਰਚਨਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਸ਼ੁੱਧ ਰੂਪ ਵਿਚ ਸਾਡੇ ਪਾਸ ਸੁਰਖਿਅਤ ਅਤੇ
ਮੌਜੂਦ ਹੈ ਅਤੇ ਕੋਸ਼ਿਸ਼ਾਂ ਦੇ ਬਾਵਜੂਦ ਵੀ ਦੋਖੀ ਇਸ ਵਿਚ ਮਿਲਾਵਟ ਨਹੀਂ ਕਰ ਸਕੇ। ਇਸੇ ਕਰਕੇ ਇਸ
ਨੂੰ ‘ਗੁਰੂ ਗ੍ਰੰਥ’ ਦੀ ਪਦਵੀ ਦਿੱਤੀ ਗਈ ਹੈ। ਗੁਰਬਾਣੀ ਬਾਰੇ ਗੁਰੂ ਸਾਹਿਬਾਂ ਦੇ ਹੁਕਮ ਹਨ:
1. ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ (722)
2. ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ ॥ (763)
3. ਬੇਸੁਮਾਰ ਅਥਾਹ ਅਗਨਤ ਅਤੋਲੈ ॥ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ ॥
(292)
4. ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ ॥ ਜਿਉ ਕਾਸੀ ਉਪਦੇਸੁ
ਹੋਇ ਮਾਨਸ ਮਰਤੀ ਬਾਰ ॥ (335)
5. ਪੋਥੀ ਪਰਮੇਸਰ ਕਾ ਥਾਨੁ ॥ ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ
ਗਿਆਨੁ ॥ (1226)
6. ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਜੋ ਬੋਲੈ ਸੋ ਮੁਖਿ ਅੰਮ੍ਰਿਤੁ ਪਾਵੈ ॥
(494)
7. ਅੰਮ੍ਰਿਤ ਬਾਣੀ ਗੁਰ ਕੀ ਮੀਠੀ ॥ ਗੁਰਮੁਖਿ ਵਿਰਲੈ ਕਿਨੈ ਚਖਿ ਡੀਠੀ ॥
(113)
8. ਸਤਿਗੁਰ ਕੀ ਜਿਸ ਨੋ ਮਤਿ ਆਵੈ ਸੋ ਸਤਿਗੁਰ ਮਾਹਿ ਸਮਾਨਾ ॥ ਇਹ ਬਾਣੀ ਜੋ
ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ ॥1॥ ਰਹਾਉ ॥ (797)
9. ਜਪਿ ਮਨ ਮੇਰੇ ਗੋਵਿੰਦ ਕੀ ਬਾਣੀ ॥ ਸਾਧੂ ਜਨ ਰਾਮੁ ਰਸਨ ਵਖਾਣੀ ॥1॥
ਰਹਾਉ ॥ (192)
ਭਾਈ ਸਾਹਿਬ ਭਾਈ ਗੁਰਦਾਸ ਆਪਣੀ ਰਚਨਾ ਕਵਿਤ ਸਵੱਯੇ ਵਿਚ ਕਵਿਤ ਨੰ: 546
ਗੁਰਬਾਣੀ ਸੰਬੰਧੀ ਇਸ ਤਰ੍ਹਾਂ ਲਿਖਦੇ ਹਨ:
ਜੈਸੇ ਤਉ ਸਕਲ ਨਿਧਿ ਪੂਰਨ ਸਮੁੰਦ੍ਰ ਬਿਖੈ ਹੰਸ ਮਰਜਵਿਾ ਨਿਹਚੈ ਪ੍ਰਸਾਦੁ
ਪਾਵਈ ॥ ਜੈਸੇ ਪਰਬਤਿ ਹੀਰਾ ਮਾਨਕ ਪਾਰਸ ਸਿਧ ਖਨਵਾਰਾ ਖਨਿ ਜਗਿ ਪ੍ਰਗਟਾਵਈ ॥ ਜੈਸੇ ਬਨ ਬਿਖੈ
ਮਲਿਆਗਰ ਸੌਧਾ ਕਪੂਰ ਸੋਧ ਕੈ ਸੁਬਾਸੀ ਸੁਬਾਸ ਬਿਹਸਾਵਈ ॥ ਤੈਸੇ ਗੁਰਬਾਨੀ ਬਿਖੈ ਸਕਲ ਪਦਾਰਥ ਹੈ
ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵਈ ॥546॥
(ਭਾਈ ਗੁਰਦਾਸ, ਵਾਰ 42 ਪਉੜੀ 546)
ਪਦ ਅਰਥ: ਪਰਸਾਦੁ: ਖੁਸ਼, ਖਨਵਾਰਾ: ਖਾਨਾ ਖੋਦਣ ਵਾਲਾ, ਸਿਧ-ਸ਼ੁੱਧ,
ਸਕਲ: ਸਾਰੇ।
ਜਿਵੇਂ ਕਿ ਰਤਨਾ, ਹੀਰਿਆਂ ਦੀਆਂ ਨਿਧੀਆਂ, ਸਮੁੰਦਰ ਵਿਚ ਭਰਪੂਰ ਹਨ, ਪਰ
ਕੋਈ ਸਮੁੰਦਰ ਦੀ ਤਹਿ ਦਾ ਪਾਰਖੂ-ਹੰਸ ਟੁੱਭੀ ਮਾਰਨ ਵਾਲਾ ਹੀ ਨਿਹਚੇ ਕਰਕੇ ਰਤਨਾ ਆਦਿ ਦੀ ਪ੍ਰਾਪਤੀ
ਦਾ ਅਨੰਦ ਪ੍ਰਾਪਤ ਕਰਦਾ ਹੈ।
ਜਿਵੇਂ ਪਰਬਤ ਦੀਆਂ ਖਾਨਾ ਵੀ ਹੀਰੇ, ਮਾਣਕ ਅਤੇ ਸ਼ੁੱਧ ਨਿਰਮਲ ਕਰਨ ਵਾਲੇ
ਪਾਰਸ ਆਦਿ ਪਦਾਰਥ ਹੁੰਦੇ ਹਨ, ਪਰ ਕੋਈ ਖਾਨਾ ਖੋਦਣ ਵਾਲਾ ਹੀ ਖੋਦ ਕੇ ਉਨ੍ਹਾਂ ਪਦਾਰਥਾਂ ਨੂੰ ਜਗਤ
ਵਿਚ ਪ੍ਰਗਟਾਉਂਦਾ ਹੈ।
ਜਿਵੇਂ ਜੰਗਲ ਵਿਚ ਸੁਗੰਧਤ ਸਫੈਦ ਚੰਦਨ, ਕਈ ਸੁਗੰਧਤ ਪਦਾਰਥ ਤੇ ਮੁਸ਼ਕ ਕਪੂਰ
ਆਦਿ ਹੁੰਦੇ ਹਨ, ਪਰ ਕੋਈ ਆਤਰ ਹੀ ਉਨ੍ਹਾਂ ਸੁਗੰਧਤ ਪਦਾਰਥਾਂ ਨੂੰ ਢੂੰਡ ਭਾਲ ਕੇ, ਸੁਗੰਧੀ
ਮਹਿਕਾਉਂਦਾ ਹੈ।
ਇਸੇ ਤਰ੍ਹਾਂ ਗੁਰਬਾਣੀ ਵਿਚ ਸਾਰੇ ਪਦਾਰਥ ਮੌਜੂਦ ਹਨ, ਪਰ ਜਿਹੜਾ ਜਿਹੜਾ
ਗੁਰਬਾਣੀ ਖੋਜਦਾ ਹੈ, ਟੁੱਭੀ ਲਾਉਂਦਾ ਹੈ, ਓਹੀ ਓਹੀ ਮਨੁੱਖ ਮਨ-ਇੱਛਤ ਪਦਾਰਥ ਉਜਾਗਰ ਕਰ ਲੈਂਦਾ
ਹੈ।
ਸੰਖੇਪ ਸ਼ਬਦਾਂ ਵਿਚ ਆਪ ਜੀ ਨੂੰ ਗੁਰਬਾਣੀ ਵਿਚੋਂ ਗੁਰੂ ਹੁਕਮ ਦੱਸਣ ਦੀ
ਕੋਸ਼ਿਸ਼ ਕਰ ਰਹੇ ਹਾਂ। ਵਿਸਥਾਰ ਵਿਚ, ਜੇ ਗੁਰੂ ਨੇ ਚਾਹਿਆ ਤਾਂ, ਇਨ੍ਹਾਂ ਨੂੰ ਲੇਖਾਂ ਦਾ ਰੂਪ
ਦਿੱਤਾ ਜਾਵੇਗਾ।
1. ਅਸੀਂ ਸਿਰਫ ਤੇ ਸਿਰਫ
ਪਰਮਾਤਮਾ ਨੂੰ ਮੰਨਣਾ ਹੈ।
ਦੇਵੀ ਦੇਵਤਾ ਪਰਮਾਤਮਾ ਦੀ ਬਰਾਬਰੀ ਨਹੀਂ ਕਰ ਸਕਦੇ। ਇਸ ਕਰਕੇ ਉਨ੍ਹਾਂ ਦੀ ਪਰਮਾਤਮਾ ਤੁਲ
ਸੇਵਾ/ਮੰਨਤਾ ਨਹੀਂ ਹੋ ਸਕਦੀ।
ੳ.
ਦੂਜੀ ਕਾਰੈ ਲਗਿ ਜਨਮੁ ਗਵਾਈਐ ॥ (114)
ਅ.
ਦੂਜੀ ਸੇਵਾ ਜੀਵਨੁ ਬਿਰਥਾ ॥ ਕਛੂ ਨ ਹੋਈ ਹੈ ਪੂਰਨ ਅਰਥਾ ॥
(1182)
ੲ.
ਸਾਹਿਬੁ ਮੇਰਾ ਏਕੋ ਹੈ ॥ ਏਕੋ ਹੈ ਭਾਈ
ਏਕੋ ਹੈ ॥1॥ ਰਹਾਉ ॥ (350)
ਸ.
ਕਾਚੇ ਗੁਰ ਤੇ ਮੁਕਤਿ ਨ ਹੂਆ ॥ (932)
2. ਸਭ ਮਨੁੱਖ ਬਰਾਬਰ ਹਨ। ਇੱਥੇ
ਕੋਈ ਉੱਚਾ ਨੀਵਾਂ, ਜਾਤ-ਪਾਤ ਨਹੀਂ
ਹੈ।
ਫਕੜ ਜਾਤੀ ਫਕੜੁ ਨਾਉ ॥ ਸਭਨਾ ਜੀਆ ਇਕਾ ਛਾਉ ॥ ਆਪਹੁ ਜੇ ਕੋ ਭਲਾ ਕਹਾਏ ॥
ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਏ ॥1॥
(83)
3.
ਚੋਰੀ ਨਹੀਂ ਕਰਨੀ:
ਚੋਰ ਕੀ ਹਾਮਾ ਭਰੇ ਨ ਕੋਇ ॥ ਚੋਰੁ ਕੀਆ ਚੰਗਾ ਕਿਉ ਹੋਇ ॥
(662)
4.
ਪਰ
ਇਸਤਰੀ ਪਰ ਪੁਰਸ਼ ਦਾ ਗਮਨ ਨਹੀਂ ਕਰਨਾ:
ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ ॥
(403)
5.
ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਰਤੋਂ ਨਹੀਂ ਕਰਨੀ:
ੳ.
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥
(554)
ਅ.
ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ॥
(399)
ੲ.
ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ
ਜਨ ਕਰਤ ਨਹੀ ਪਾਨੰ ॥ ਸੁਰਾ ਅਪਵਿਤ੍ਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਇ ਆਨੰ ॥
(1293)
6.
ਕਿਸੇ ਦੀ ਨਿੰਦਾ ਨਹੀਂ ਕਰਨੀ:
ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ ॥ ਮੁਹ ਕਾਲੇ ਤਿਨ ਨਿੰਦਕਾ
ਨਰਕੇ ਘੋਰਿ ਪਵੰਨਿ ॥
(755)
7.
ਪ੍ਰਭੂ ਪ੍ਰਾਪਤੀ ਲਈ ਵਰਤ ਆਦਿ ਰੱਖਣ ਯੋਗ ਨਹੀਂ:
ਛੋਡਹਿ ਅੰਨੁ ਕਰਹਿ ਪਾਖੰਡ ॥ ਨਾ ਸੋਹਾਗਨਿ ਨਾ ਓਹਿ ਰੰਡ ॥ ਜਗ ਮਹਿ ਬਕਤੇ
ਦੂਧਾਧਾਰੀ ॥ ਗੁਪਤੀ ਖਾਵਹਿ ਵਟਿਕਾ ਸਾਰੀ ॥3॥ ਅੰਨੈ ਬਿਨਾ ਨ ਹੋਇ ਸੁਕਾਲੁ ॥ ਤਜਿਐ ਅੰਨਿ ਨ ਮਿਲੈ
ਗੁਪਾਲੁ ॥ ਕਹੁ ਕਬੀਰ ਹਮ ਐਸੇ ਜਾਨਿਆ ॥ ਧੰਨੁ ਅਨਾਦਿ ਠਾਕੁਰ ਮਨੁ ਮਾਨਿਆ ॥4॥
(873)
8.
ਕਾਮ-ਕ੍ਰੋਧ ਨੂੰ ਕੰਟਰੋਲ ਵਿਚ ਰੱਖਣਾ ਹੈ, ਤਿਆਗਣਾ ਨਹੀਂ:
ਕਾਮੁ ਕ੍ਰੋਧੁ ਕਾਇਆ ਕਉ ਗਾਲੈ ॥ ਜਿਉ ਕੰਚਨ ਸੋਹਾਗਾ ਢਾਲੈ ॥
(932)
9.
ਧਾਗੇ ਤਵੀਤ ਨਹੀਂ ਕਰਨੇ, ਇਹ ਫਿਟਕਾਰਣ ਯੋਗ ਕਰਮ ਹਨ:
ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ ॥ ਖੇਤੀ ਜਿਨ ਕੀ
ਉਜੜੈ ਖਲਵਾੜੇ ਕਿਆ ਥਾਉ ॥
(1245)
10.
ਧਰਮ ਦੀ ਕ੍ਰਿਤ ਕਰਨੀ, ਨਾਮ ਜਪਣਾ, ਅਤੇ ਵੰਡ ਛੱਕਣਾ ਹੈ। ਇਸ ਤਰ੍ਹਾਂ ਜੀਵਨ ਸਫਲ ਹੁੰਦਾ ਹੈ।
ਗਿਆਨ ਵਿਹੂਣਾ ਗਾਵੈ ਗੀਤ ॥ ਭੁਖੇ ਮੁਲਾਂ ਘਰੇ ਮਸੀਤਿ ॥ ਮਖਟੂ ਹੋਇ ਕੈ ਕੰਨ
ਪੜਾਏ ॥ ਫਕਰੁ ਕਰੇ ਹੋਰੁ ਜਾਤਿ ਗਵਾਏ ॥ ਗੁਰੁ ਪੀਰੁ ਸਦਾਏ ਮੰਗਣ ਜਾਇ ॥ ਤਾ ਕੈ ਮੂਲਿ ਨ ਲਗੀਐ ਪਾਇ
॥ ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥1॥
(1245)
11.
ਗਰੀਬਾਂ ਆਦਿ ਨਾਲ ਧੱਕਾ ਨਹੀਂ ਕਰਨਾ:
ਗਰੀਬਾ ਉਪਰਿ ਜਿ ਖਿੰਜੈ ਦਾੜੀ ॥ ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ ॥1॥
ਪੂਰਾ ਨਿਆਉ ਕਰੇ ਕਰਤਾਰੁ ॥ ਅਪੁਨੇ ਦਾਸ ਕਉ ਰਾਖਨਹਾਰੁ ॥1॥ ਰਹਾਉ ॥
(199)
ਗੁਰਬਾਣੀ ਕੋਈ ਜੰਤਰ, ਮੰਤਰ ਜਾਂ ਤੰਤਰ ਨਹੀਂ ਹੈ। ਇਸ ਦਾ ਪਾਠ ਤੋਤੇ ਰਟਨੀ
ਵਾਂਗ ਕਰਨ ਦਾ ਕੋਈ ਫਾਇਦਾ ਨਹੀਂ ਹੈ। ਗੁਰਬਾਣੀ ਦਾ ਪਾਠ ਕਰਨ, ਸੁਣਾਨ ਜਾਂ ਗਾਉਣ ਦਾ ਤਾਂ ਹੀ
ਫਾਇਦਾ ਹੈ ਜਦ ਅਸੀਂ ਗੁਰਬਾਣੀ ਨੂੰ ਸਮਝਾਂਗੇ ਅਤੇ ਸਮਝ ਕੇ ਗੁਰੂ ਹੁਕਮਾਂ ਮੁਤਾਬਿਕ ਆਪਣਾ ਜੀਵਨ
ਬਤੀਤ ਕਰਾਂਗੇ। ਕਿਉਂਕਿ:
ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ॥ ਗਾਵਿਆ
ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥1॥
(669)
ਸਾਡਾ ਫਰਜ਼ ਹੈ ਕਿ ਗੁਰੂ ਹੁਕਮਾਂ ਦੀ ਪਾਣਾ ਕਰੀਏ।
1.
ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ ॥
(314)
2.
ਗੁਰਸਿਖੀ ਕਾ ਕਰਮੁ ਏਹੁ, ਗੁਰ ਫੁਰਮਾਏ
ਗੁਰਸਿਖ ਕਰਣਾ॥ (ਭਾਈ ਗੁਰਦਾਸ, ਵਾਰ 28
ਪਉੜੀ 10)
ਗੁਰੂ ਕ੍ਰਿਪਾ ਕਰਨ, ਸਾਨੂੰ ਗੁਰਬਾਣੀ ਪੜ੍ਹਨ, ਸੁਨਣ, ਅਤੇ ਗਾਉਣ ਦੇ
ਨਾਲ-ਨਾਲ ਗੁਰਬਾਣੀ ਨੂੰ ਸਮਝਣ ਅਤੇ ਉਸ ਮੁਤਾਬਿਕ ਜੀਵਨ ਜਿਊਣ ਦੀ ਬੁੱਧੀ ਬਖਸ਼ਣ।
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਿਹ ॥
ਬਲਬਿੰਦਰ ਸਿੰਘ ਅਸਟ੍ਰੇਲੀਆ