.

ਮਿਲਨ ਕੀ ਬਰੀਆ (ਭਾਗ 7)

ਮਨੁੱਖਤਾ ਭਰਪੂਰ ਜੀਵਨ ਜਿਊਣ ਲਈ ਜਾਨਵਰਾਂ ਵਾਲਾ ਵਤੀਰਾ ਛੱਡਣਾ ਪੈਂਦਾ ਹੈ। ਗੁਰਬਾਣੀ ਦਾ ਫੁਰਮਾਨ ਹੈ - ਗੁਰੁ ਦਰੀਆਉ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿ ਮੈਲੁ ਹਰੈ ॥ ਸਤਿਗੁਰਿ ਪਾਇਐ ਪੂਰਾ ਨਾਵਣੁ ਪਸੂ ਪਰੇਤਹੁ ਦੇਵ ਕਰੈ ॥ (1329) ਐ ਮੇਰੇ ਮਨ ਤੂੰ ਰੱਬੀ ਗੁਣ ਲੈਕੇ ਆਪਣੀ ਪਸ਼ੁਤਾ ਤੋਂ ਛੁੱਟ ਸਕਦਾ ਹੈਂ ਅਤੇ ਇਨਸਾਨੀਅਤ ਭਰਪੂਰ ਜੀਵਨ ਜੀਅ ਸਕਦਾ ਹੈਂ।

ਨੋਟ: ਮੈਨੂੰ ਪਿਛਲੇ 40 ਸਾਲਾਂ ਵਿਚ ਇਹ ਸਵਾਲ ਕਈ ਵਾਰੀ ਪੁਛਿਆ ਗਿਆ ਕਿ, ਵੀਰ ਜੀ! ਜੇਕਰ ਪਿਛਲੇ ਜਨਮ ਦੇ ਮੱਥੇ ਲਿਖੇ ਭਾਗ ਨਹੀਂ ਹੁੰਦੇ ਅਤੇ ਮਰਨ ਤੋਂ ਬਾਅਦ ਰੱਬ ਸਜ਼ਾ ਨਹੀਂ ਦੇਂਦਾ ਤਾਂ ਫਿਰ ਇਸ ਸ਼ਬਦ ਦੇ ਕੀ ਅਰਥ ਕਰੋਗੇ - ਕਈ ਜਨਮ ਭਏ ਕੀਟ ਪਤੰਗਾ ॥ ਕਈ ਜਨਮ ਗਜ ਮੀਨ ਕੁਰੰਗਾ ॥ ਲੋਕੀ ਬੜੇ ਵਿਅੰਗਾਤਮਕ ਲਹਿਜ਼ੇ ਨਾਲ ਪੁੱਛਦੇ ਹਨ। ਗੁਰਬਾਣੀ ਦਾ ਆਸਰਾ ਲੈ ਕੇ ਮੈਨੂੰ ਜੋ ਇਸ ਸ਼ਬਦ ਬਾਰੇ ਸਮਝ ਆਈ ਹੈ ਉਹ ਸਾਂਝ ਕਰਨ ਦਾ ਨਿਮਾਣਾ ਜਿਹਾ ਜਤਨ ਕੀਤਾ ਹੈ।

ਇਸ ਸ਼ਬਦ ਦਾ ਰਹਾਉ ਹੈ -

ਮਿਲੁ ਜਗਦੀਸ ਮਿਲਨ ਕੀ ਬਰੀਆ ॥

ਚਿਰੰਕਾਲ ਇਹ ਦੇਹ ਸੰਜਰੀਆ ॥1॥ ਰਹਾਉ ॥

ਪਿਛਲੇ ਹਫਤਿਆਂ ਵਿਚ ਕੀਤੀ ਵਿਚਾਰ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਅਸੀਂ ਕਿਵੇਂ ਕੁੱਤੇ, ਸੱਪ, ਬਗਲਾ ਬਣ ਜਾਂਦੇ ਹਾਂ। ਜੇ ਅਸੀਂ ਇਹ ਮੰਨਦੇ ਹਾਂ ਕਿ ਮੈਂ ਸਿੰਮਲ ਰੁੱਖ ਵਾਂਗੂੰ ਵਿਖਾਵਾ ਕਰਦਾ ਹਾਂ। ਕੋਈ ਸਾਨੂੰ ਧਰਮੀ ਅਤੇ ਭਲਾ ਮਨੁੱਖ ਸਮਝਕੇ ਸਾਡੇ ਨੇੜੇ ਆਉਂਦਾ ਹੈ ਤਾਂ ਉਸਦਾ ਨੁਕਸਾਨ ਕਰਨ ਦੀ ਸੋਚ ਰੱਖਦੇ ਹਾਂ। ਮੇਰੇ ਨਜ਼ਦੀਕ ਕੋਈ ਆਵੇ ਤਾਂ ਉਸਨੂੰ ਗਾਹਲਾਂ ਕਢਦਾ ਹਾਂ। ਜੇ ਇਸ ਵਿਗਾੜੂ ਸੋਚ ਬਾਰੇ ਸੋਝੀ ਹੋ ਜਾਏ ਤਾਂ ਰੱਬੀ ਮਿਲਨ ਲਈ ਉਪਰਾਲਾ ਵੀ ਅਰੰਭ ਹੋ ਜਾਏਗਾ। ‘ਮਿਲਨ’ ਭਾਵ ਰੱਬੀ ਗੁਣਾ ਵਾਲਾ ਕਿਰਦਾਰ ਬਣ ਹੀ ਜਾਏਗਾ।

ਆਪਣੇ ਸਰੀਰ ਰੂਪੀ ਜਗਤ ਦੇ ਈਸ਼ ਨੂੰ ਮਿਲਣਾ ਹੈ ਜਿਸਨੂੰ ਮਿਲਣ ਲਈ ਅਸੀਂ ਦੇਰੀ (ਟਾਲ-ਮਟੋਲ) ਕਰਦੇ ਰਹੇ ਹਾਂ। ਮਿਹਨਤ ਕਰਕੇ ਰੱਬੀ ਗੁਣਾਂ ਵਾਲਾ ਆਪਣਾ ਕਿਰਦਾਰ ਬਣਾਈਏ ਤਾਂ ਇਸਨੂੰ ਚਿਰੰਕਾਲ ਇਹ ਦੇਹ ਸੰਜਰੀਆ ਕਹਿੰਦੇ ਹਨ। ਸਹਿਜੇ-ਸਹਿਜੇ ਇਨਸਾਨੀਅਤ ਭਰਪੂਰ ਕਿਰਦਾਰ ਬਣਾਈਏ। ‘ਸੰਜਰੀਆ’ ਹੁੰਦਾ ਹੈ ਸੰਚਿਤ ਕਰਨਾ, ਇਕੱਠਾ ਕਰਨਾ। ਜੇ ਅਸੀਂ ਭੈੜੇ, ਮਾੜੇ ਖਿਆਲ ਇੱਕਠੇ ਕਰਦੇ ਰਹਾਂਗੇ ਤਾਂ ਅਸੰਤੋਖ ਅਤੇ ਬੇਚੈਨੀ ਵਾਲਾ ਕਿਰਦਾਰ ਬਣ ਜਾਏਗਾ। ਸੋ, ਅਸੀਂ ਇਸ ਵਲ ਧਿਆਨ ਕੇਂਦ੍ਰਿਤ ਕਰੀਏ ਕਿ ਅੱਜ ਅਸੀਂ ਕਿਵੇਂ ਜਾਨਵਰਾਂ ਵਾਲਾ ਜੀਵਨ ਜਿਊਂਦੇ ਹਾਂ। ਜੇ ਅਸੀਂ ਆਪਣੀ ਜਾਨਵਰ ਬਿਰਤੀ ਵਾਲਾ ਰਵੱਈਆ ਨਾ ਛੱਡਿਆ ਤਾਂ ਕੋਮਲਤਾ, ਮਿਠਾਸ, ਹਮਦਰਦੀ, ਨਿਮਰਤਾ ਅਤੇ ਸੰਤੋਖੀ ਜੀਵਨ ਨਹੀਂ ਬਣ ਸਕੇਗਾ।

ਸਾਡੇ ਸੁਭਾ ਅੰਦਰ ਜਿਨ੍ਹੀਆਂ ਵੀ ਜਾਨਵਰ ਬਿਰਤੀਆਂ ਹਨ ਉਹ ਪਿਛਲੇ ਜਨਮ ਤੋਂ ਨਹੀਂ ਆਈਆਂ ਹਨ। ਜਦੋਂ ਅਸੀਂ ਆਤਮਕ ਤੌਰ ਤੇ ਸੁਤੇ ਹੁੰਦੇ ਹਾਂ, ਅਵੇਸਲੇ ਹੁੰਦੇ ਹਾਂ ਤਾਂ ਜਾਨਵਰ ਬਿਰਤੀਆਂ ਹੌਲੀ-ਹੌਲੀ ਸਾਡੇ ਆਚਰਨ ਦਾ ਅੰਗ ਬਣ ਜਾਂਦੀਆਂ ਹਨ। ਸਾਨੂੰ ਪਤਾ ਹੀ ਨਹੀਂ ਚਲਦਾ ਕਿ ਕਿਵੇਂ ਸਾਡਾ ਵਿਹਾਰ ਵਿਗੜ ਜਾਂਦਾ ਹੈ। ਜਿਤਨੇ ਵੀ ਸਾਡੇ ਕਿਰਦਾਰ ਅੰਦਰ ਜਾਨਵਰ ਬਿਰਤੀਆਂ ਹਨ ਇਨ੍ਹਾਂ ਨੂੰ ਧਰਮ ਦਾ ਰਿਜ਼ਕ ਦੇਣਾ ਹੈ ਤਾਂ ਕਿ ਇਹ ਸਾਰੀਆਂ ਮਾੜੀਆਂ ਬਿਰਤੀਆਂ ਠੀਕ ਹੋ ਜਾਣ। ਸਾਡੀ ਬਿਰਤੀ ਦਾ ਹਾਥੀ, ਕੁੱਤਾ, ਸੱਪ ਆਦਿ ਸਾਰੇ ਜਾਨਵਰ ਠੀਕ ਰਾਹ ਤੇ ਟੁਰਨ। ਚਵਰਾਸੀਹ ਲਖ ਜੋਨਿ ਉਪਾਈ ਰਿਜਕੁ ਦੀਆ ਸਭ ਹੂ ਕਉ ਤਦ ਕਾ ॥ (1403)

ਹਾਥੀ ਕਾਮੀ ਹੁੰਦਾ ਹੈ ਅਤੇ ਹਾਥੀ ਨੂੰ ਫੜਨ ਲਈ ਕੇਵਲ ਇੱਕ ਪਤਲਾ ਜਿਹਾ ਮਹਾਵਤ ਬੜੇ ਅਰਾਮ ਦੇ ਨਾਲ ਖੱਡਾ ਖੋਦਦਾ ਹੈ ਅਤੇ ਉਸ ਉੱਤੇ ਕੱਚੀ ਘਾਹ ਦੀ ਛੱਤ ਬਣਾ ਦੇਂਦਾ ਹੈ ਜਿਸ ਉੱਤੇ ਕਾਗਜ਼ ਦੀ ਹਥਨੀ ਖੜੀ ਕਰ ਦੇਂਦਾ ਹੈ। ਹਾਥੀ ਕਾਮੀ ਬਿਰਤੀ ਅਧੀਨ ਉਸ ਵਲ ਭੱਜ ਕੇ ਜਾਂਦਾ ਹੈ ਅਤੇ ਖੱਡੇ ਵਿਚ ਢਹਿ ਪੈਂਦਾ ਹੈ। ਸ਼ਿਕਾਰੀ-ਮਹਾਵਤ ਇਸਨੂੰ ਬਹੁਤ ਦਿਨ ਤਕ ਭੁੱਖਾ ਰੱਖਕੇ ਅੰਕੁਸ਼ ਮਾਰ-ਮਾਰਕੇ ਆਪਣੇ ਕਾਬੂ ਕਰ ਲੈਂਦਾ ਹੈ। ਕਾਲਬੂਤ ਕੀ ਹਸਤਨੀ ਮਨ ਬਉਰਾ ਰੇ ਚਲਤੁ ਰਚਿਓ ਜਗਦੀਸ ॥ (335) ਇਸੇ ਤਰ੍ਹਾਂ ਅਸੀਂ ਜਾਨਵਰਾਂ ਦੀ ਬਿਰਤੀ ਨੂੰ ਇਕਤਰ ਕਰ ਲੈਂਦੇ ਹਾਂ ਪਰ ਪਤਾ ਨਹੀਂ ਚਲਦਾ ਕਿ ਕਿਵੇਂ ਵਿਕਾਰਾਂ ਰੂਪੀ ਖੱਡੇ ਵਿਚ ਢਹਿ ਪੈਂਦੇ ਹਾਂ।

ਹੁਣ ਮੇਰੀ ਇਹ ਚਾਹਤ ਹੈ ਕਿ ਮੇਰਾ ਮਿਲਨ ਮੇਰੇ ਅੰਤਰ-ਆਤਮੇ ਵਿਚ ਵਸਦੇ ਰੱਬ ਨਾਲ ਹੋ ਜਾਏ।

ਕਈ ਜਨਮ ਭਏ ਕੀਟ ਪਤੰਗਾ ॥

‘ਭਏ’ ਦਾ ਅਰਥ ਹੈ ‘ਹੋਣਾ’। ਬ੍ਰਜ-ਭਾਸ਼ਾ ਵਿਚ ‘ਮੇਰੇ ਸਈਆਂ ਭਏ ਕੋਤਵਾਲ’ ਦਾ ਅਰਥ ਹੈ ਕਿ ਮੇਰੇ ਸਈਆਂ ਜੀ ਕੋਤਵਾਲ ਬਣ ਗਏ ਹਨ। ਇਹ ਵਰਤਮਾਨ ਦੀ ਗਲ ਹੈ। ‘ਭਏ’ ਦਾ ਭਾਵ ਹੈ ਕਿ ਜੋ ਮੇਰੇ ਉੱਤੇ ਵਾਪਰ ਰਿਹਾ ਹੈ। ਸੋ, ਜਦੋਂ ਅਸੀਂ ਇਸ ਸ਼ਬਦ ਦੇ ਅੰਤਰੀਵ ਭਾਵ ਸਮਝਦੇ ਹਾਂ ਤਾਂ ਇੰਜ ਜਾਪਦਾ ਹੈ ਕਿ ਇਸ ਸ਼ਬਦ ਦੀਆਂ ਸਾਰੀਆਂ ਅਵਸਥਾਵਾਂ ਮੇਰੇ ਮਨ ਤੇ ਵਾਪਰ ਰਹੀਆਂ ਹਨ।

ਜੇ ਅਸੀਂ ਇਹ ਮਹਿਸੂਸ ਕਰ ਪਾਈਏ ਕਿ ਜਿਤਨੇ ਧਰਤੀ ਤੇ ਜੀਵ-ਜੰਤ ਹਨ ਉਨ੍ਹਾਂ ਦੇ ਅਉਗੁਣਾਂ ਦੀ ਤੁਲਨਾ ਸਾਡੇ ਵਤੀਰੇ ਨਾਲ ਕੀਤੀ ਗਈ ਹੈ ਕਿਉਂਕਿ ਅਸੀਂ ਉਨ੍ਹਾਂ ਵਰਗਾ ਸੁਭਾ ਪਕਾ ਲਿਆ ਹੈ। ਸਾਡਾ ਕਿਰਦਾਰ ਕੀੜੇ-ਪਤੰਗੇ ਵਾਲਾ ਬਣ ਗਿਆ ਹੈ। ਪਰ ਮੇਰੇ ਸਰੀਰ ਨੂੰ ਅਉਗੁਣ ਰੂਪੀ ਕੀੜਿਆਂ ਦੀ ਲੋੜ ਨਹੀਂ ਹੈ ਪਰ ਫਿਰ ਵੀ ਮੈਂ ਉਨ੍ਹਾਂ ਨੂੰ ਆਪਣੇ ਅੰਦਰ ਸਾਂਭੀ ਰੱਖਦਾ ਹਾਂ। ਜੇ ਅਸੀਂ ਅਉਗੁਣੀ ਜੀਵਨ ਜਿਊਂਦੇ ਹਾਂ ਤਾਂ ਵਿਸ਼ਟਾ ਦੇ ਕੀੜੇ ਤੋਂ ਵੱਧ ਕੁਝ ਵੀ ਨਹੀਂ। ਵੇਖਣ ਨੂੰ ਇਨਸਾਨ ਲਗਦੇ ਹਾਂ ਪਰ ਅੰਦਰੋਂ ਵਿਸ਼ਟਾ ਦੇ ਕੀੜੇ ਦੇ ਸਮਾਨ ਹਾਂ।

ਅਸੀਂ ਵਿਸ਼ਟਾ ਦੇ ਕੀੜੇ ਕਦੋਂ ਬਣਦੇ ਹਾਂ? ਜਦੋਂ ਮੇਰੇ ਮਨ ਦੇ ਜਗਤ ਦਾ ਈਸ਼ ਮੇਰੇ ਕੋਲ ਨਹੀਂ ਹੈ, ਮੈਂ ਉਸਤੋਂ ਵਿਛੁੜਿਆ ਹੋਇਆ ਹਾਂ, ਮੈਂ ਬਿਬੇਕ ਬੁਧ ਨਹੀਂ ਲੈਂਦਾ। ਵਿਸਟਾ ਅੰਦਰਿ ਵਾਸੁ ਹੈ ਫਿਰਿ ਫਿਰਿ ਜੂਨੀ ਪਾਇ ॥ ਨਾਨਕ ਬਿਨੁ ਨਾਵੈ ਜਮੁ ਮਾਰਸੀ ਅੰਤਿ ਗਇਆ ਪਛੁਤਾਇ ॥ (591) ਜਦੋਂ ਮੈਂ ਧਰਮ ਨੂੰ ਆਪਣਾਉਂਦਾ ਨਹੀਂ ਹਾਂ ਤਾਂ ਵਿਸ਼ਟਾ ਦੇ ਕੀੜੇ ਦੇ ਤੁਲ ਹੀ ਹਾਂ।

ਗੁਰਬਾਣੀ ਦਾ ਕਥਨ ਹੈ ਕਿ –

ਧ੍ਰਿਗੁ ਖਾਣਾ ਧ੍ਰਿਗੁ ਪੈਨ੍ਣਾ ਜਿਨ੍ਾ ਦੂਜੈ ਭਾਇ ਪਿਆਰੁ ॥ ਬਿਸਟਾ ਕੇ ਕੀੜੇ ਬਿਸਟਾ ਰਾਤੇ ਮਰਿ ਜੰਮਹਿ ਹੋਹਿ ਖੁਆਰੁ ॥ (1347)

ਜੋ ਜਾਨੈ ਮੈ ਜੋਬਨਵੰਤੁ ॥ ਸੋ ਹੋਵਤ ਬਿਸਟਾ ਕਾ ਜੰਤੁ ॥ (278)

ਜਿਸ ਨੂੰ ਆਪਣੀ ਸੁੰਦਰਤਾ ਅਤੇ ਜੋਬਨ ਦਾ ਹੰਕਾਰ ਹੈ ਉਹ ਵਿਸ਼ਟਾ ਦਾ ਜੰਤ ਹੈ, ਕੀੜਾ ਹੈ। ਜੇ ਮੇਰੀਆਂ ਅੱਖਾਂ ਪਦਾਰਥਕ ਚਕਾਚੌਂਧ ਵੇਖਕੇ ਉਨ੍ਹਾਂ ਵਲ ਆਕਰਸ਼ਿਤ ਹੁੰਦੀਆਂ ਹਨ ਤਾਂ ਮਾਨੋ ਮੈਂ ਪਤੰਗਾ ਹਾਂ। ਪਤੰਗੇ ਵਾਂਗੂੰ ਆਪਣਾ ਜੀਵਨ ਖੁਆਰ ਕਰ (ਜਲਾ) ਲੈਂਦਾ ਹਾਂ। ਦ੍ਰਿਸਟਿ ਰੋਗਿ ਪਚਿ ਮੁਏ ਪਤੰਗਾ ॥ (1140) ਇਹ ਮੇਰੀ ਪਰਿਭਾਸ਼ਾ ਨਹੀਂ ਹੈ, ਇਹ ਅਸੀਂ ਗੁਰਬਾਣੀ ਤੋਂ ਪੁੱਛ ਰਹੇ ਹਾਂ ਅਤੇ ਆਪਣੀ ਪੜਚੋਲ ਕਰ ਰਹੇ ਹਾਂ।

ਕੀ ਮੈਂ ਵਿਸ਼ਟਾ ਤੋਂ ਛੁੱਟਣਾ ਚਾਹੁੰਦਾ ਹਾਂ? ਗੰਦਗੀ ਤੋਂ ਛੁੱਟਣਾ ਚਾਹੁੰਦਾ ਹਾਂ? ਜੇ ਮੈਂ ਚਾਹੁੰਦਾ ਹਾਂ ਤਾਂ ਹਾਸਲ ਵੀ ਕਰ ਹੀ ਲਵਾਂਗਾ। ਦਿਨੁ ਰਾਤਿ ਕਮਾਇਅੜੋ ਸੋ ਆਇਓ ਮਾਥੈ ॥ (461)

ਜਾਨਵਰ ਬਿਰਤੀ ਹੀ ਮੇਰੇ ਆਵਾਗਵਣ (ਆਵਣ ਜਾਣਾ) ਦਾ ਕਾਰਨ ਹੈ। ਮਨੁ ਤਨੁ ਥਾਪਿ ਕੀਆ ਸਭੁ ਅਪਨਾ ਏਹੋ ਆਵਣ ਜਾਣਾ ॥ (882) ਇਸਨੂੰ ਕਈ ਜਨਮ ਵਿਛੜਿਆ ਕਹਿੰਦੇ ਹਨ। ਜੇ ਗੁਣ ਧਾਰਨ ਕਰ ਲਈਏ ਤਾਂ ਇਸਨੂੰ ਰੱਬੀ ਮਿਲਨ ਦੀ ਅਵਸਥਾ ਕਹਿੰਦੇ ਹਨ। ਰੱਬ ਦਾ ਕੋਈ ਰੇਖ ਭੇਖ ਨਹੀਂ ਹੈ, ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥ ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ॥ (283)

ਜੇ ਅਸੀਂ ਆਪਣੇ ਜਾਨਵਰ ਵਿਵਹਾਰ ਨੂੰ ਸੰਵਾਰੀਏ ਤਾਂ ਇਹੀ ਰੱਬੀ ਮਿਲਨ ਦਾ ਲਖਾਇਕ ਹੈ।

ਵੀਰ ਭੁਪਿੰਦਰ ਸਿੰਘ




.