.

ਮਿਲਨ ਕੀ ਬਰੀਆ (ਭਾਗ 8)

ਕਈ ਜਨਮ ਗਜ ਮੀਨ ਕੁਰੰਗਾ ॥

ਆਪਣੀ ਕਿਸੀ ਵੀ ਪ੍ਰਾਪਤੀ ਕਰਕੇ, ਧਰਮ ਦੇ ਕਰਮਕਾਂਡ ਕਰਕੇ, ਪੂਰੇ ਹੰਕਾਰੀ ਹੋ ਜਾਂਦੇ ਹਾਂ ਤਾਂ ਮਾਨੋ ਅਸੀਂ ਹਾਥੀ (ਗਜ) ਹਾਂ। ਹਾਥੀ ਨਹਾ ਧੋ ਕੇ ਆਉਂਦਾ ਹੈ ਪਰ ਬਾਹਰ ਆਕੇ ਮਿੱਟੀ ਪਾ ਲੈਂਦਾ ਹੈ, ਇਸੇ ਤਰ੍ਹਾਂ ਅਸੀਂ ਧਾਰਮਕ ਅਸਥਾਨ ਤੇ ਬਹੁਤ ਨਿਮਾਣੇ ਬਣਕੇ ਜਾਂਦੇ ਹਾਂ ਪਰ ਬਾਹਰ ਆਂਦੇ ਹੀ ਆਪਣਾ ਨਿਮਰ ਸੁਭਾ ਛੱਡ ਦੇਂਦੇ ਹਾਂ। ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ ॥ ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ ॥ (1428)

ਇਹ ਚਾਰ ਟੰਗਾਂ ਵਾਲੇ, ਸੁੰਡ ਵਾਲੇ, ਹਾਥੀ ਦੀ ਗਲ ਨਹੀਂ ਹੈ। ਮੇਰੇ ਸੁਭਾ ਵਿਚ ਜਿਹੜਾ ਹੰਕਾਰੀ ਹਾਥੀ ਹੈ ਉਸਦੀ ਗਲ ਕੀਤੀ ਜਾ ਰਹੀ ਹੈ। ਜਿਸ ਇਨਸਾਨ ਦਾ ਅੰਦਰੋਂ ਹਾਥੀ ਸੰਵਰ ਜਾਏਗਾ ਉਸਨੂੰ ਕਾਮ ਨਹੀਂ ਸਤਾਏਗਾ। ਉਸਨੂੰ ਇਹ ਅੱਕਲ ਆ ਜਾਏਗੀ - ਪਰ ਬੇਟੀ ਕੋ ਬੇਟੀ ਜਾਨੇ ਪਰ ਇਸਤ੍ਰੀ ਕੋ ਮਾਤ ਬਖਾਨੇ। ਵੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾ ਜਾਣੇ। ਜਿਸਦਾ ਅੰਦਰ ਦਾ ਹਾਥੀ ਠੀਕ ਹੋ ਜਾਂਦਾ ਹੈ ਉਸਦਾ ਹੰਕਾਰ ਵੀ ਚਲਾ ਜਾਂਦਾ ਹੈ ਅਤੇ ਉਸਦਾ ਕਾਮ ਵੀ ਵਿਲੀਨ ਹੋ ਜਾਂਦਾ ਹੈ। ਜਦੋਂ ਕਦੀ ਕੋਈ ਮਨੁੱਖ ਕਿਸੀ ਇਸਤਰੀ ਦੀ ਪੱਤ ਲੁੱਟਦਾ ਹੈ ਤਾਂ ਮਾਨੋ ਪਹਿਲਾਂ ਉਹ ਆਤਮਕ ਤਲ ਤੇ ਹਾਥੀ ਦੀ ਜੂਨ ਧਾਰਨ ਕਰਦਾ ਹੈ। ਇਸ ਲਈ ਇਹ ਵਿਚਾਰਨਾ ਪਏਗਾ ਕਿ ਮਨੁੱਖ ਆਤਮਕ ਤਲ ਤੇ ਹਾਥੀ ਕਿਉਂ ਬਣਦਾ ਹੈ। ਸਾਨੂੰ ਸਮਸਿਆ ਦੀ ਜੜ ਤਕ ਪਹੁੰਚਣਾ ਹੈ।

ਅਸੀਂ ਅਵੇਸਲੇ ਹੋਣ ਕਾਰਨ ਵਿਕਾਰਾਂ ਵਿਚ ਫੱਸ ਜਾਂਦੇ ਹਾਂ। ਇਨ੍ਹਾਂ ਵਿਕਾਰਾਂ ਤੋਂ ਛੁਟਕਾਰਾ ਪਾਉਣ ਲਈ ਆਪਣੀ ਸੁੱਤੀ ਮਤ ਜਗਾਣੀ ਹੈ।

ਹਿਰਨ (ਕੁਰੰਗਾ) ਨੂੰ ਕੰਨਾਂ ਰਾਹੀਂ ਸੁਣਨ ਦੀ ਲਾਲਸਾ ਹੀ ਬਿਮਾਰੀ ਬਣ ਜਾਂਦੀ ਹੈ। ਸ਼ਿਕਾਰੀ ਡੰਡਾਹੇੜੀ ਵਜਾਉਂਦਾ ਹੈ ਜਿਸਦੀ ਅਵਾਜ਼ ਵਿਚ ਹਿਰਨ ਮਸਤ ਹੋ ਜਾਂਦਾ ਹੈ। ਸ਼ਿਕਾਰੀ ਸਾਹਮਣੇ ਆਕੇ ਉਸਨੂੰ ਪਕੜ ਲੈਂਦਾ ਹੈ, ਹਿਰਨ ਨੂੰ ਪਤਾ ਹੀ ਨਹੀਂ ਲਗਦਾ। ਹਿਰਨ ਵਾਂਗੂੰ ਅਸੀਂ ਵੀ ਵਿਕਾਰਾਂ ਦੀ ਧੁਨ ਵਿਚ ਮਸਤ ਹਾਂ ਅਤੇ ਹੋ ਰਹੀ ਖੁਆਰੀ ਤੋਂ ਅਵੇਸਲੇ ਹਾਂ।

ਮੱਛੀ ਨੂੰ ਜੀਭ ਦੇ ਰਸ ਦੀ ਤਾਂਘ ਹੁੰਦੀ ਹੈ। ਜਿੱਥੇ ਵੀ ਭੋਜਨ ਵੇਖਦੀ ਹੈ ਉਸ ਵਲ ਦੌੜਦੀ ਹੈ ਅਤੇ ਜੀਵਨ ਅਜਾਂਈ ਗਵਾ ਲੈਂਦੀ ਹੈ। ਉਹ ਆਪਣੇ ਅਵੇਸਲੇਪਨ ਵਿਚ ਖਾਂਣ ਦੀ ਚੀਜ਼ ਵੱਲ ਆਕਰਸ਼ਿਤ ਹੋਈ ਤੇ ਫਸ ਗਈ। ਕੀਤੇ ਕਾਰਣਿ ਪਾਕੜੀ ਕਾਲੁ ਨ ਟਲੈ ਸਿਰਾਹੁ ॥1॥ ਭਾਈ ਰੇ ਇਉ ਸਿਰਿ ਜਾਣਹੁ ਕਾਲੁ ॥ ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੁ ॥1॥ (55) ਇੰਜ ਮਨੁੱਖ ਤੇ ਵੀ ਆਤਮਕ ਮੌਤ ਆਉਂਦੀ ਹੈ ਜਦੋਂ ਉਹ ਲਾਲਚ ਕਾਰਨ ਕਿਸੇ ਵਸਤੂ ਵਲ ਆਕਰਸ਼ਿਤ ਹੁੰਦਾ ਹੈ। ਜਿਵੇਂ ਮੱਛੀ ਇਧਰ-ਉਧਰ ਭਜਦੀ ਹੈ ਉਸੇ ਤਰ੍ਹਾਂ ਮੇਰਾ ਵੀ ਵਿਵਹਾਰ ਬਣ ਗਿਆ ਹੈ, ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ ॥ (991) ਸਾਨੂੰ ਆਪਣੇ ਮੱਛੀ ਦੇ ਇਸ ਕਿਰਦਾਰ ਤੋਂ ਬੱਚਣਾ ਹੈ। ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ ॥ ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ ॥ (55) ਮਛਲੀ ਨੂੰ ਜਾਲ ਬਾਰੇ ਸਮਝ ਨਹੀਂ ਹੈ।

ਭੰਵਰਾ, ਪਤੰਗਾ, ਹਾਥੀ ਇਹ ਸਾਰੇ ਇੱਕ-ਇੱਕ ਰੋਗ ਕਰਕੇ ਫੜੇ ਜਾਂਦੇ ਹਨ ਪਰ ਜਿਸ ਮਨੁੱਖ ਦੇ ਵਿਚ ਅਨੇਕ ਜਾਨਵਰਾਂ ਦੀਆਂ ਨਕਾਰਾਤਮਕ ਬਿਰਤੀਆਂ ਹੋਣ ਤਾਂ ਉਸ ਦੀ ਕੀ ਆਸ ਕੀਤੀ ਜਾ ਸਕਦੀ ਹੈ। ਉਹ ਤੇ ਫਸ ਗਿਆ। ਗੁਰਬਾਣੀ ਦਾ ਫੁਰਮਾਨ ਹੈ - ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ ॥ ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ ॥ (486)

ਕਈ ਜਨਮ ਪੰਖੀ ਸਰਪ ਹੋਇਓ ॥ ਕਈ ਜਨਮ ਹੈਵਰ ਬ੍ਰਿਖ ਜੋਇਓ ॥

ਜਦੋਂ ਅਸੀਂ ਆਪਣੇ ਆਪ ਨੂੰ ਸਿਆਣਾ ਸਮਝਕੇ ਹੋਰਨਾਂ ਦੇ ਨੁਕਸ ਕੱਢਦੇ ਹਾਂ ਤਾਂ ਉਸ ਇੱਲ ਅਤੇ ਕਾਂ ਵਾਂਗੂੰ ਹਾਂ ਜੋ ਲੰਮੀ ਉਡਾਰੀ ਲਗਾਂਦੇ ਹਨ ਅਤੇ ਉਚਾਈ ਤੋਂ ਕੇਵਲ ਮਰਿਆ ਹੋਇਆ ਕੋਈ ਜੀਵ ਜਾਂ ਚੂਹਾ ਲਭਦੇ ਹਨ। ਜਿਥੈ ਡਿਠਾ ਮਿਰਤਕੋ ਇਲ ਬਹਿਠੀ ਆਇ ॥ 322 ਜਿਵੇਂ ਇਹ ਪੰਛੀ ਕੇਵਲ ਆਪਣੇ ਸ਼ਿਕਾਰ ਤਕ ਹੀ ਸੀਮਿਤ ਹੁੰਦੇ ਹਨ ਉਸੇ ਤਰ੍ਹਾਂ ਜੇ ਅਸੀਂ ਵੀ ਕੇਵਲ ਆਪਣੇ ਸੁਆਰਥ ਲਈ ਹੀ ਕੰਮ ਕਰਦੇ ਹਾਂ ਜਾਂ ਦੂਜਿਆਂ ਦਾ ਅਉਗੁਣ (ਮੁਰਦਾਰ) ਵੇਖਦੇ ਹਾਂ ਤਾਂ ਸਾਡੀ ਅੱਖ ਵੀ ਇੱਲ ਵਰਗੀ ਹੀ ਹੋਈ।

ਜੇ ਮੈਂ ਕੇਵਲ ਦੂਜਿਆਂ ਦੇ ਅਵਗੁਣ ਹੀ ਦੇਖਦਾ ਹਾਂ ਤਾਂ ਮੈਂ ਪੰਖੀ ਬਿਰਤੀ ਦਾ ਹਾਂ। ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹ ਦਿਸ ਜਾਇ ॥ ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ ॥ (1369) ਜਦੋਂ ਮੇਰਾ ਖਿਆਲ ਅਚਾਨਕ ਉਡ ਕੇ ਕਿਧਰੇ ਚਲਾ ਜਾਂਦਾ ਹੈ। ਜਦੋਂ ਮੈਂ ਧਰਮ ਨੂੰ ਅਪਣਾਉਂਦਾ ਨਹੀਂ ਹਾਂ ਪਰ ਧਰਮ ਦਾ ਸਭ ਕੁਝ ਯਾਦ ਕਰਕੇ, ਤੋਤਾ ਰਟਨੀ ਕਰਦਾ ਹਾਂ ਤਾਂ ਮੇਰਾ ਕਿਰਦਾਰ ਤੋਤੇ ਵਾਂਗ ਹੈ। ਤੋਤਾ ਉਹੀ ਬੋਲਦਾ ਹੈ ਜੋ ਉਸਨੂੰ ਰਟਾਇਆ ਜਾਂਦਾ ਹੈ। ਉਸਦਾ ਕੀ ਮਤਲਬ ਹੈ ਇਹ ਉਸਨੂੰ ਨਹੀਂ ਪਤਾ ਹੁੰਦਾ। ਮਨੁੱਖ ਜੇ ਧਰਮ ਦਾ ਗਿਆਨ ਕੇਵਲ ਰੱਟ ਲਏ ਤਾਂ ਤੋਤੇ ਦੀ ਨਿਆਈ ਹੀ ਹੈ।

ਮਨੁੱਖ ਦਾ ਮਨ ਜੇਕਰ ਭੈੜੀ ਮਤ ਦੇ ਪਿੱਛੇ ਚਲਦਾ ਹੈ ਤਾਂ ਭਟਕਦਾ ਹੈ। ਮਤ ਗਲਤ ਰਾਹ ਦਸਦੀ ਹੈ ਤੇ ਮਨ ਉਸ ਗਲਤ ਰਾਹ ਤੇ ਤੁਰ ਕੇ ਗਲਤ ਦਿਸ਼ਾ ਵਲ ਚਲਦਾ ਹੈ। ਜੇ ਮਤ ਗਲਤ ਰਾਹ ਸਿਖਾਵੇ ਤਾਂ ਮਾਨੋ ਰੱਬ ਨਾਲੋਂ ਵਿਛੋੜਾ ਹੋ ਜਾਂਦਾ ਹੈ। ਅਉਗੁਣਾਂ ਰੂਪੀ ਕਾਂ ਨੂੰ ਉਡਾਦੇ ਹੋਏ ਭਗਤ ਕਬੀਰ ਜੀ ਕਹਿੰਦੇ ਹਨ,

ਉਡਹੁ ਨ ਕਾਗਾ ਕਾਰੇ ॥ ਬੇਗਿ ਮਿਲੀਜੈ ਅਪੁਨੇ ਰਾਮ ਪਿਆਰੇ ॥ (338)

ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸਰਪ ਜੋਨਿ ਵਲਿ ਵਲਿ ਅਉਤਰੈ ॥ (526) ਦੂਜਿਆਂ ਦਾ ਹੱਕ ਮਾਰਕੇ ਮਾਇਆ ਇੱਕਠੀ ਕੀਤੀ ਤੇ ਉਸ ਤੇ ਆਪਣਾ ਹੱਕ ਜਤਲਾਉਣਾ ਇੰਜ ਹੈ ਜਿਵੇਂ ਸੱਪ ਪੈਸੇ ਉੱਤੇ ਫੱਨ ਖਿਲਾਰਕੇ ਬੈਠਾ ਹੋਵੇ। ਸੱਪ ਵਾਂਗੂੰ ਅਸੀਂ ਵੀ ਆਪਣੇ ਮੰਦੇ ਖਿਆਲਾਂ ਰੂਪੀ ਧਨ ਨੂੰ ਸਾਂਭ-ਸਾਂਭ ਕੇ ਰੱਖਦੇ ਹਾਂ। ਜੇ ਸਾਡੀ ਮਤ ਮੰਦੇ ਖਿਆਲ ਪੈਦਾ ਕਰਦੀ ਹੈ, ਉਨ੍ਹਾਂ ਨੂੰ ਖਾਂਦੀ ਤੇ ਹੰਡਾਦੀ ਹੈ ਤਾਂ ਇਹ ਮਾਇਆ ਰੂਪੀ ਸਰਪਨੀ ਕਹਿਲਾਉਂਦੀ ਹੈ। ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ ॥ (712) ਰੱਬੀ ਗੁਣਾਂ ਭਰਪੂਰ ਕਿਰਦਾਰ ਨਾ ਹੋਵੇ ਤਾਂ ਮਾਨੋ ਸੱਪ ਦੀ ਜੂਨ ਹੈ।

ਮੇਰੀ ਮਤ ਮੰਦੇ ਖਿਆਲ ਪੈਦਾ ਕਰਦੀ ਹੈ ਅਤੇ ਆਪਣੇ ਮੰਦੇ ਖਿਆਲਾਂ ਨੂੰ ਖਾਂਦੀ ਅਤੇ ਹੰਡਾਂਦੀ ਰਹਿੰਦੀ ਹੈ। ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਰਾਤਿ ਜਗਾਵਨ ਜਾਇ ॥ ਸਰਪਨਿ ਹੋਇ ਕੈ ਅਉਤਰੈ ਜਾਏ ਅਪੁਨੇ ਖਾਇ ॥ (1370) ਮਾਨੋ ਮੈਂ ਸੱਪ ਹੀ ਹਾਂ।

ਕਈ ਜਨਮ ਹੈਵਰ ਬ੍ਰਿਖ ਜੋਇਓ ॥

ਅਸੀਂ ਜੇ ਬੇਲੋੜੇ ਫਜ਼ੂਲ ਦੇ ਕੰਮਾਂ ਵਿਚ ਖੱਚਿਤ ਰਹਿੰਦੇ ਹਾਂ ਤਾਂ ਬੈਲ (ਬ੍ਰਿਖ) ਦੀ ਨਿਆਈ ਜੀਵਨ ਹੈ।

ਜੇ ਸਾਡੇ ਉਠਦੇ ਖਿਆਲ ਤੇਜ਼ੀ ਨਾਲ ਬਦਲਦੇ ਹਨ ਤਾਂ ਇਹ ਤੇਜ਼ ਘੋੜੇ (ਹੈਵਰ) ਦੇ ਸਮਾਨ ਹੈ। ਜਿਵੇਂ ਘੋੜਾ ਤੇਜ਼ੀ ਨਾਲ ਪੈਂਡਾ ਤੈਅ ਕਰਦਾ ਹੈ ਉਸੇ ਤਰ੍ਹਾਂ ਸਾਡੇ ਮਨ ਦੇ ਵਿਚਾਰ ਬੇ ਲਗਾਮ ਘੋੜੇ ਵਾਂਗੂੰ ਇੱਧਰ-ਉਧਰ ਭੱਜਦੇ ਹਨ। ਆਪਣੇ ਮਨ ਨੂੰ ਲਗਾਮ ਲਗਾਣੀ ਸਿਖਾਈ ਜਾ ਰਹੀ ਹੈ, ਦੇਇ ਮੁਹਾਰ ਲਗਾਮੁ ਪਹਿਰਾਵਉ ॥ ਸਗਲ ਤ ਜੀਨੁ ਗਗਨ ਦਉਰਾਵਉ ॥ (329) ਜੇ ਲਗਾਮ ਪਾ ਲਈ ਜਾਏ ਤਾਂ ਮਿਲਨ ਕੀ ਬਰੀਆ ਆ ਜਾਏਗੀ।

ਕਈ ਜਨਮ ਸੈਲ ਗਿਰਿ ਕਰਿਆ ॥ ਕਈ ਜਨਮ ਗਰਭ ਹਿਰਿ ਖਰਿਆ ॥ ਕਈ ਜਨਮ ਸਾਖ ਕਰਿ ਉਪਾਇਆ ॥ ਲਖ ਚਉਰਾਸੀਹ ਜੋਨਿ ਭ੍ਰਮਾਇਆ ॥2॥

‘ਸੈਲ ਗਿਰਿ’ ਕੀ ਹੁੰਦਾ ਹੈ? ਪਹਾੜਾਂ ਦੀ ਇਕ ਕਿਸਮ ਹੁੰਦੀ ਹੈ - ਖੁਸ਼ਕ ਪਹਾੜ ਅਤੇ ਦੂਜੀ ਕਿਸਮ ਦੇ ਪਹਾੜ ਹੁੰਦੇ ਹਨ ਜਿਨ੍ਹਾਂ ਤੇ ਹਰਿਆਵਲ ਹੁੰਦੀ ਹੈ। ਖੁਸ਼ਕ ਪਹਾੜਾਂ ਵਿਚ ਸੁੱਕੀ ਮਿੱਟੀ ਹੁੰਦੀ ਹੈ ਅਤੇ ਹਰਿਆਵਲ ਵਾਲੇ ਪਹਾੜਾਂ ਵਿਚ ਨਮੀ ਹੁੰਦੀ ਹੈ। ਇਹ ਸਾਰੇ ਖੁਸ਼ਕ ਅਤੇ ਨਮੀ ਵਾਲੇ ਪਹਾੜ ਦੇ ਗੁਣ ਮੇਰੇ ਵਿਚ ਆ ਗਏ ਹਨ। ਮੈਂ ਪੱਥਰ ਬਣ ਗਿਆ ਹਾਂ ਭਾਵ ਮੇਰਾ ਮਨ ਕਠੋਰ ਹੋ ਗਿਆ ਹੈ।

ਕਠੋਰ ਹਿਰਦੇ ਵਾਲੇ ਸੱਚ ਸੁਣਨਾ ਨਹੀਂ ਚਾਹੁੰਦੇ ਹਨ। ਉਹ ਸੱਚ ਦੇ ਨੇੜੇ ਨਹੀਂ ਬੈਠਦੇ - ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ ਸਤਿਗੁਰ ਪਾਸਿ ॥ (314)

ਜੇ ਸਾਡਾ ਚਿਤ ਕਠੋਰ ਹੈ ਤਾਂ ਅਸੀਂ ‘ਸੈਲ ਗਿਰਿ’ ਭਾਵ ਪਹਾੜ ਦੀ ਜੂਨੀ ਵਿਚ ਹਾਂ ਕਿਉਂਕਿ ਵਰਤਾਉ ਕਠੋਰਤਾ ਅਤੇ ਹੰਕਾਰ ਵਾਲਾ ਹੈ। ਲੋਕਾਂ ਦਾ ਦਾਣਾ-ਪਾਣੀ ਖੋਹਣ ਦਾ ਰੋਹਬ ਵਿਖਾਉਂਦੇ ਹਾਂ ਤਾਂ ਮਾਨੋ ਅਸੀਂ ਵਲੀ ਕੰਧਾਰੀ ਹਾਂ। ਕਠੋਰ ਹਿਰਦੇ ਵਾਲੇ ਨੂੰ ਸੱਚ ਸੁਣਨਾ ਪਸੰਦ ਨਹੀਂ ਹੁੰਦਾ।

ਕਨੈਡਾ ਇਕ ਸੱਜਣ ਮੈਨੂੰ ਮਿਲੇ ਤੇ ਆਪਣੀ ਹੱਡ ਬੀਤੀ ਦੱਸਣ ਲੱਗੇ। ਦਸਦੇ ਹਨ ਕਿ ਇਕ ਸਰਦੀਆਂ ਦੀ ਸਵੇਰ ਸੀ ਤੇ ਮੈਂ ਖਿੜਕੀ ਤੋਂ ਬਾਹਰ ਵੇਖਿਆ ਕਿ ਇੱਕ ਬਜ਼ੁਰਗ ਜਿਨ੍ਹਾਂ ਦੀ ਉਮਰ 85 ਸਾਲਾਂ ਦੀ ਸੀ, ਉਨ੍ਹਾਂ ਨੇ ਮੋਢੇ ਤੇ ਅੱਖਬਾਰਾਂ ਦਾ ਭਰਿਆ ਭਾਰਾ ਬੈਗ ਚੁਕਿਆ ਹੋਇਆ ਸੀ। ਉਹ ਇਕ-ਇਕ ਘਰ ਵਿਚ ਜਾ ਕੇ ਅੱਖਬਾਰ ਸੁੱਟ ਰਹੇ ਸੀ। ਉਹ ਸੱਜਣ ਘਰ ਅੰਦਰੋਂ ਖਿੜਕੀ ਤੋਂ ਇਹ ਦ੍ਰਿਸ਼ ਵੇਖ ਰਹੇ ਸੀ। ਉਨ੍ਹਾਂ ਕੋਲੋ ਰਿਹਾ ਨਾ ਗਿਆ ਅਤੇ ਘਰੋਂ ਬਾਹਰ ਨਿਕਲ ਕੇ ਭਾਪਾ ਜੀ ਨੂੰ ਕਹਿਣ ਲਗੇ ਕਿ ਇਤਨੀ ਠੰਡ ਹੈ ਤੇ ਤੁਸੀਂ ਅੱਖਬਾਰਾਂ ਸੁੱਟਦੇ ਪਏ ਹੋ। ਉਹ ਬਜ਼ੁਰਗ ਕਹਿਣ ਲੱਗੇ ਕਿ ਮੇਰੇ ਬੱਚਿਆਂ ਨੇ ਮੈਨੂੰ ਇਥੇ ਬੁਲਾਇਆ ਸੀ। ਮੈਨੂੰ 700 ਡਾਲਰ ਸਰਕਾਰ ਵੱਲੋਂ ਜਿਹੜੇ ਮਿਲਦੇ ਹਨ ਉਹ ਬੱਚੇ ਲੈ ਲੈਂਦੇ ਹਨ ਤੇ ਮੈਨੂੰ ਖਾਣ ਲਈ ਕੁਝ ਦੇਂਦੇ ਨਹੀਂ ਹਨ। ਮੈਨੂੰ ਕਹਿੰਦੇ ਹਨ ਕਿ ਤੁਸੀਂ ਆਪਣੇ ਪੈਸੇ ਕਮਾ ਕੇ ਲਿਆਓ। ਮੈਂ ਅੱਖਬਾਰ ਵੇਚਕੇ ਆਪਣੇ ਖਾਣ-ਪੀਣ ਦਾ ਪ੍ਰਬੰਧ ਕਰਦਾ ਹਾਂ। ਜੇ ਅਸੀਂ ਇਹ ਵੇਖ ਸੁਣ ਕੇ ਵੀ ਚੁੱਪ ਰਹੀਏ ਤਾਂ ਅਸੀਂ ਪੱਥਰ ਦਿੱਲ ਹਾਂ ਕਿ ਨਹੀਂ? ਅਸੀਂ ਪੱਥਰ ਹਾਂ! ‘ਕਈ ਜਨਮ ਸੈਲ ਗਿਰਿ ਕਰਿਆ’ ਸਾਡੇ ਤੇ ਵਾਪਰ ਰਿਹਾ ਹੈ।

ਇੱਕ ਪੁੱਤਰ ਨੂੰ ਉਸਦਾ ਪਿਤਾ ਕਹਿੰਦਾ ਹੈ ਕਿ, ਬੇਟਾ! ਮੈਂ ਸੇਵਾ ਮੁਕਤ ਹੋ ਚੁਕਾ ਹਾਂ। ਪੈਂਸ਼ਨ ਲੈਣ ਲਈ ਬੈਂਕ ਜਾਣਾ ਪੈਂਦਾ ਹੈ। ਪਹਿਲਾਂ ਮੇਰੇ ਵਿਚ ਤਾਕਤ ਸੀ ਮੈਂ ਬੈਂਕ ਚਲਾ ਜਾਂਦਾ ਸੀ। ਹੁਣ ਜਾ ਨਹੀਂ ਸਕਦਾ। ਤੁਸੀਂ ਮੈਨੂੰ ਸਕੂਟਰ ਜਾਂ ਕਾਰ ਤੇ ਬੈਂਕ ਲਿਜਾ ਸਕਦੇ ਹੋ? ਬੇਟਾ ਕਹਿੰਦਾ ਹੈ - "ਪਿਤਾ ਜੀ ਤੁਹਾਨੂੰ ਪਤਾ ਹੀ ਹੈ ਕਿਤਨਾ ਟ੍ਰੈਫਿਕ ਹੁੰਦਾ ਹੈ, ਮੈਨੂੰ ਕੰਮ ਤੇ ਵੀ ਜਾਣਾ ਹੈ! ਤੁਸੀਂ ਰਿਕਸ਼ਾ ਕਰ ਲਉ ਨਾ! ਕੀ ਹਰ ਵੇਲੇ ਤੁਸੀਂ ਮੇਰੇ ਪਿੱਛੇ ਪਏ ਰਹਿੰਦੇ ਹੋ ਕਿ ਪੈਂਸ਼ਨ ਲਈ ਬੈਂਕ ਲੈ ਜਾ। ਤੁਹਾਡੀ ਜਰਾ ਜਿੰਨੀ ਤੇ ਪੈਂਸ਼ਨ ਹੈ। ਮੇਰੀ ਇਤਨੀ ਤਨਖਾਹ, ਇਤਨੀ ਵੱਡੀ ਕੰਪਨੀ ਦੇ ਵਿਚ ਨੌਕਰੀ ਤੇ ਕੰਮ-ਕਾਜ ਹੈ"।

ਬੇਟਾ ਆਪਣੇ ਪਿਤਾ ਨਾਲ ਉੱਚੀ ਅਵਾਜ਼ ਵਿਚ ਗੱਲ ਕਰਨ ਲਗ ਪਿਆ। ਅਖੀਰ ਬੇਟੇ ਦੀ ਮਾਂ ਕਹਿੰਦੀ ਹੈ ਕਿ ਕਿਉਂ ਇਸਨੂੰ ਇਤਨਾ ਬੋਲਦੇ ਹੋ, ਰਿਕਸ਼ਾ ਕਰ ਲਉ, 10 ਰੁਪਏ ਹੀ ਤੇ ਲਗਦੇ ਹਨ। ਸੋ ਇਹ ਬਜ਼ੁਰਗ ਰਿਕਸ਼ਾ ਕਰਦੇ ਹਨ। ਰਿਕਸ਼ਾ ਵਾਲੇ ਨੂੰ ਕਹਿੰਦੇ ਕਿ ਬੇਟਾ ਮੈਨੂੰ ਬੈਂਕ ਲਿਜਾ ਸਕਦੇ ਹੋ? ਉੱਥੋਂ ਤਕ ਕਿਤਨੇ ਪੈਸੇ ਲੱਗਣਗੇ। ਉਹ ਕਹਿੰਦਾ ਹੈ 10 ਰੁਪਏ। ਬਜ਼ੁਰਗ ਕਹਿੰਦੇ ਚੰਗਾ, ਫਿਰ ਲੈ ਚਲ ਮੈਨੂੰ। ਰਿਕਸ਼ੇ ਤੇ ਬੈਠ ਗਏ ਅਤੇ ਬੈਂਕ ਪਹੁੰਚਕੇ ਉਤਰਨ ਵੇਲੇ ਰਿਕਸ਼ੇ ਵਾਲੇ ਨੂੰ ਕਹਿੰਦੇ ਹਨ ਕਿ ਤੁਹਾਨੂੰ ਮੈਂ ਕੁਝ ਪੈਸੇ ਫਾਲਤੂ ਦੇ ਦਵਾਂਗਾ, ਬੈਂਕ ਵਿਚ ਲੰਬੀ ਕਤਾਰ ਹੁੰਦੀ ਹੈ, ਕੀ ਤੁਸੀਂ ਮੇਰੇ ਆਉਣ ਦੀ ਉਡੀਕ ਕਰ ਸਕਦੇ ਹੋ? ਰਿਕਸ਼ੇ ਵਾਲੇ ਨੂੰ ਬਜ਼ੁਰਗਾਂ ਤੇ ਤਰਸ ਆ ਗਿਆ ਤੇ ਕਹਿੰਦਾ ਕਿ ਚੰਗਾ ਜੀ ਮੈਂ ਉਡੀਕ ਕਰਦਾ ਹਾਂ ਤੁਹਾਡੀ, ਤੁਸੀਂ ਬੈਂਕ ਤੋਂ ਆਪਣਾ ਕੰਮ ਕਰਕੇ ਆ ਜਾਉ। ਅੰਦਰ ਛੇਤੀ ਹੀ ਕੰਮ ਹੋ ਗਿਆ। ਰਿਕਸ਼ੇ ਤੇ ਬੈਠਕੇ ਬਜ਼ੁਰਗ ਬੋਲਣ ਲੱਗੇ ਕਿ ਬੈਂਕ ਵਿਚ ਤੇ ਕੰਮ ਛੇਤੀ ਹੀ ਹੋ ਗਿਆ ਤੇ ਤੁਹਾਨੂੰ ਉਡੀਕ ਵੀ ਨਹੀਂ ਕਰਨੀ ਪਈ। ਹੁਣ ਰਾਹ ਵਿਚ ਵਾਪਸੀ ਤੇ ਥੋੜਾ ਜਿਹਾ ਰਾਸ਼ਨ ਲੈਣਾ ਹੈ ਉੱਥੇ ਰੋਕ ਸਕਦੇ ਹੋ? ਰਿਕਸ਼ੇ ਵਾਲਾ ਕਹਿੰਦਾ ਕੋਈ ਗਲ ਨਹੀਂ। ਰਿਕਸ਼ੇ ਵਾਲਾ ਬਜ਼ੁਰਗ ਨੂੰ ਰਾਸ਼ਨ ਵਾਲੀ ਦੁਕਾਨ ਤੇ ਵੀ ਲੈ ਗਿਆ ਜੋ ਕਿ ਰਾਹ ਤੋਂ ਪਰੇ ਸੀ। ਜਦੋਂ ਰਾਸ਼ਨ ਲਿਆ ਤਾਂ ਬਜ਼ੁਰਗਾਂ ਕੋਲੋਂ ਥੈਲੇ ਚੁੱਕੇ ਨਹੀਂ ਗਏ। ਰਿਕਸ਼ੇ ਵਾਲੇ ਭਾਈ ਨੇ ਸਾਰੇ ਥੈਲੇ ਚੁੱਕ ਰਿਕਸ਼ੇ ਵਿਚ ਲੱਦੇ। ਬਜ਼ੁਰਗ ਖੁਸ਼ ਸਨ ਕਿ ਰਿਕਸ਼ੇ ਵਾਲੇ ਭਾਈ ਨੇ ਬੜੀ ਮਦਦ ਕੀਤੀ ਹੈ। ਘਰ ਪਹੁੰਚਦੇ ਸਾਰ ਆਪਣੀ ਘਰਵਾਲੀ ਨੂੰ ਕਹਿੰਦੇ ਹਨ ਕਿ ਤੁਸੀਂ ਰਿਕਸ਼ੇ ਤੋਂ ਸਮਾਨ ਉਤਰਵਾ ਲਵੋ। ਉਸਨੂੰ ਚਾਹ-ਪਾਣੀ ਪੁੱਛੋ। ਉਸਨੇ ਮੇਰੀ ਬੜੀ ਮਦਦ ਕੀਤੀ ਹੈ। ਉਸਨੂੰ 10 ਰੁਪਏ ਨਹੀਂ ਦੇਣੇ ਕਿਉਂਕਿ ਮੈਂ ਉਸਨੂੰ ਇੰਤਜ਼ਾਰ ਵੀ ਕਰਵਾਈ ਹੈ, ਰਾਸ਼ਨ ਵਾਲੇ ਕੋਲ ਵੀ ਲੈ ਗਿਆ ਸੀ, ਉਸਨੂੰ 20 ਰੁਪਏ ਦੇਣਾ। ਜਦੋਂ ਉਹ ਬਾਹਰ ਆਏ ਤੇ ਸੀਨ ਵੇਖਦੇ ਹਨ ਕਿ ਰਿਕਸ਼ੇਵਾਲੇ ਨੂੰ ਉਨ੍ਹਾਂ ਦੀ ਵਹੁਟੀ 20 ਰੁਪਏ ਦੇ ਰਹੀ ਸੀ। ਪਰ ਰਿਕਸ਼ੇਵਾਲਾ ਕਹਿੰਦਾ ਕਿ, "ਮੈਂ 20 ਰੁਪਏ ਨਹੀਂ ਲੈਣੇ"। ਉਨ੍ਹਾਂ ਦੀ ਘਰ ਵਾਲੀ ਰਿਕਸ਼ੇਵਾਲੇ ਨੂੰ ਜ਼ੋਰ ਦੇ ਕੇ ਕਹਿ ਰਹੀ ਸੀ ਨਹੀਂ 20 ਰੁਪਏ ਲੈ ਪਰ ਰਿਕਸ਼ੇਵਾਲਾ ਕਹਿੰਦਾ ਸੀ ਕਿ ਨਹੀਂ ਮੈਂ 20 ਰੁਪਏ ਨਹੀਂ ਲੈਣੇ। ਇਤਨੀ ਦੇਰ ਵਿਚ ਪੁੱਤਰ ਵੀ ਆ ਗਿਆ। ਆਂਦਿਆਂ ਹੀ ਉਸਨੇ ਰਿਕਸ਼ੇਵਾਲੇ ਨੂੰ ਕਿਹਾ ਕਿ ਤੈਨੂੰ ਸ਼ਰਮ ਨਹੀਂ ਆਉਂਦੀ, 10 ਰੁਪਏ ਦੀ ਥਾਂ 20 ਦੇ ਰਹੇ ਹਾਂ ਇਸ ਤੋਂ ਵੀ ਜ਼ਿਆਦਾ ਚਾਹੀਦੇ ਹਨ? ਬੇਟਾ ਕਹਿੰਦਾ ਹੈ ਕਿ ਚੰਗਾ ਇਸਨੂੰ 30 ਰੁਪਏ ਦੇ ਦੇਵੋ, ਜਾਨ ਛਡਾਉ! ਇਹ ਭੁੱਖੇ ਲੋਕ ਹਨ। ਇਸ ਤਰ੍ਹਾਂ ਪੁੱਤਰ ਨੇ ਰਿਕਸ਼ੇਵਾਲੇ ਨੂੰ ਉਲਾਹਮਾ ਦਿੱਤਾ। ਪਤਾ ਨਹੀਂ ਕਿ ਇਹ ਰਿਕਸ਼ੇਵਾਲੇ ਸਾਫ ਗਲ ਕਿਉਂ ਨਹੀਂ ਕਰਦੇ। ਬੜਾ ਉੱਚਾ ਬੋਲਿਆ। ਪਰ ਰਿਕਸ਼ੇਵਾਲਾ ਕਹਿੰਦਾ ਹੈ ਕਿ ਮੈਂ 20 ਰੁਪਏ ਨਹੀਂ ਲੈਣੇ! ਬਜ਼ੁਰਗਾਂ ਨੇ ਵੀ ਸਮਝਾਇਆ ਕਿ ਪੈਸੇ ਲੈ ਲੈ। ਰਿਕਸ਼ੇਵਾਲਾ ਕਹਿੰਦਾ ਹੈ ਬਜ਼ੁਰਗੋ! ਜਦੋਂ ਤੁਸੀਂ ਰਿਕਸ਼ਾ ਕੀਤਾ ਸੀ ਤਾਂ ਤੁਸੀਂ ਮੈਨੂੰ ਬੇਟਾ ਕਹਿਕੇ ਮੁਖਾਤਿਬ ਕੀਤਾ ਸੀ। ਜਦੋਂ ਤੁਸੀਂ ਬੇਟਾ ਬੋਲ ਦਿੱਤਾ ਹੈ ਤੇ ਪੈਸੇ ਕਿਵੇਂ ਲਵਾਂ। ਸਾਧਸੰਗਤ ਜੀ! ਇਹ ਰਿਕਸ਼ੇਵਾਲਾ (ਬੇਟਾ) ਪੱਥਰ ਤੋਂ ਮੋਮ ਦਿਲ ਹੋ ਗਿਆ ਹੈ। ਦੂਜੇ ਪਾਸੇ ਉਸਦਾ ਆਪਣਾ ਬੇਟਾ ‘ਸੈਲ ਗਿਰਿ’ ਭਾਵ ਪੱਥਰ ਦਿਲ ਹੋ ਗਿਆ ਹੈ।

ਅਸੀਂ ਕਿਵੇਂ ਪੱਥਰ ਦਿਲ ਹੋ ਗਏ ਹਾਂ। ਸਾਡੇ ਚਾਰੋਂ ਪਾਸੇ ਸਾਡੇ ਮਾਤਾ-ਪਿਤਾ ਕਿਤਨੇ ਹੀ ਲੋੜਵੰਦ, ਕਿਤਨੀਆਂ ਹੀ ਵਿਧਵਾਵਾਂ, ਕਿਤਨੇ ਇਨਸਾਨ ਦੁਖੀ ਹੋ ਰਹੇ ਹਨ। ਅਸੀਂ ਉਨ੍ਹਾਂ ਲਈ ਕੁਝ ਵੀ ਕਰਨ ਲਈ ਤਿਆਰ ਨਹੀਂ ਹਾਂ। ‘ਕਈ ਜਨਮ ਸੈਲ ਗਿਰਿ ਕਰਿਆ’ ਮੈ ਬੜਾ ਕੰਬ ਗਿਆ ਸੀ ਜਦੋਂ ਇਸ ਗਲ ਦੀ ਗਹਿਰਾਈ ਵਿਚ ਗਿਆ।

ਵੀਰ ਭੁਪਿੰਦਰ ਸਿੰਘ




.