ੴਸਤਿਗੁਰਪ੍ਰਸਾਦਿ।।
ਖਾਲਸਾ ਪੰਥ ਬਨਾਮ ਡੇਰਾਵਾਦ
(ਭਾਗ ਤੀਜਾ)
ਗੁਰਬਾਣੀ ਵਿੱਚ ਸੰਤ, ਸਾਧ, ਮਹਾਪੁਰਖ, ਬ੍ਰਹਮਗਿਆਨੀ ਆਦਿ ਸ਼ਬਦ
ਅਜ ਸਿੱਖ ਕੌਮ ਵਿੱਚ ਗੁਰਮਤਿ ਵਿਚਾਰਧਾਰਾ ਦੇ ਬਿਲਕੁਲ ਉਲਟ, ਕਈ ਨਵੀਆਂ
ਪੁਜਾਰੀ ਸ਼੍ਰੇਣੀਆਂ ਤਿਆਰ ਹੋ ਗਈਆਂ ਹਨ। ਬਹੁਤੀ ਜਗ੍ਹਾਂ ਤੇ ਤਾਂ ਗੁਰਦੁਆਰਿਆਂ ਦੇ ਗ੍ਰੰਥੀ ਹੀ
ਪੁਜਾਰੀ ਬਣ ਗਏ ਹਨ। ਇਸ ਤੋਂ ਇਲਾਵਾ ਤਖਤਾਂ ਦੇ ਅਖੌਤੀ ਜਥੇਦਾਰ ਅਤੇ ਦਰਬਾਰ ਸਾਹਿਬ ਆਦਿ
ਗੁਰਦੁਆਰਿਆਂ ਦੇ ਗ੍ਰੰਥੀ (ਸੇਵਾਦਾਰ) ਵੀ ਵੱਡੇ ਪੁਜਾਰੀ ਬਣੇ ਬੈਠੇ ਹਨ। (ਤਖਤਾਂ ਦੇ ਜਥੇਦਾਰਾਂ
ਬਾਰੇ ਵਧੇਰੇ ਜਾਣਕਾਰੀ ਲਈ ਇਸੇ ਕਲਮ ਤੋਂ ਲਿਖਤ ਕਿਤਾਬ "ਮਹੱਤਵਪੂਰਨ ਸਿੱਖ ਮੁੱਦੇ" ਪੜ੍ਹੀ ਜਾ
ਸਕਦੀ ਹੈ।) ਇਨ੍ਹਾਂ ਸਾਰਿਆਂ ਤੋਂ ਉਪਰ ਚਿੱਟੇ ਚੋਲਿਆਂ ਅਤੇ ਗੋਲ ਪੱਗਾਂ ਵਾਲੇ ਭੇਖੀਆਂ ਦਾ ਇੱਕ
ਹੱੜ ਜਿਹਾ ਆ ਗਿਆ ਹੈ। ਸਿੱਖ ਕੌਮ ਅੰਦਰ ਅਮਰਵੇਲ ਵਾਂਗੂ ਛਾ ਰਹੀ ਇਹ ਸਭ ਤੋ ਖਤਰਨਾਕ ਪੁਜਾਰੀ
ਸ਼੍ਰੇਣੀ ਹੈ। ਇਹ ਆਪਣੇ ਆਪ ਨੂੰ ਸੰਤ, ਮਹੰਤ, ਸਾਧ, ਮਹਾਪੁਰਖ ਅਤੇ ਬ੍ਰਹਮਗਿਆਨੀ ਅਖਵਾਉਂਦੇ ਹਨ।
ਆਪਣੇ ਆਪ ਨੂੰ ਧਰਮ ਦਾ ਠੇਕੇਦਾਰ ਸਾਬਤ ਕਰਨ ਲਈ, ਇਨ੍ਹਾਂ ਚਿੱਟੇ ਚੋਲਿਆਂ, ਨੰਗੀਆਂ ਲੱਤਾਂ ਅਤੇ
ਗੋਲ ਪੱਗਾਂ ਵਾਲੇ ਭੇਖੀਆਂ ਵਲੋਂ ਅਕਸਰ ਇਹ ਆਖਿਆ ਜਾਂਦਾ ਹੈ ਕਿ ਗੁਰਬਾਣੀ ਵੀ ਸੰਤ ਦੀ ਬੇਅੰਤ
ਮਹਿਮਾ ਦਸਦੀ ਹੈ। ਗੁਰਬਾਣੀ ਦੇ ਭਰਵੇਂ ਪ੍ਰਮਾਣ ਦਿੱਤੇ ਜਾਂਦੇ ਹਨ। ਜਿਵੇਂ:
"ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰੁ।। " {ਗਉੜੀ ਸੁਖਮਨੀ
ਮਹਲਾ ੫, ਪੰਨਾ ੨੭੯}
ਪ੍ਰਮਾਣ ਸੁਣਾ ਕੇ ਕਹਿੰਦੇ ਹਨ, ਜੋ ਵਿਅਕਤੀ ਸਾਡੀ ਸ਼ਰਨ ਵਿੱਚ ਆ ਜਾਵੇਗਾ,
ਉਸ ਦੇ ਜੀਵਨ ਦਾ ਉਧਾਰ ਹੋ ਜਾਵੇਗਾ।
"ਹਰਿ ਕੇ ਸੰਤ ਸੰਤ ਭਲ ਨੀਕੇ ਮਿਲਿ ਸੰਤ ਜਨਾ ਮਲੁ ਲਹੀਆ।। " (ਰਾਗੁ
ਕਾਨੜਾ ਚਉਪਦੇ ਮਹਲਾ ੪, ਪੰਨਾ ੨੯੪)
ਪ੍ਰਮਾਣ ਸੁਣਾਕੇ ਪ੍ਰਚਾਰਦੇ ਹਨ ਕਿ ਸਾਡੇ ਡੇਰੇ ਤੇ ਆਉਣ ਵਾਲਿਆਂ ਦੀ ਜਨਮਾਂ
ਜਨਮਾਂ ਦੀ ਪਾਪਾਂ ਦੀ ਮੈਲ ਲਹਿ ਜਾਂਦੀ ਹੈ, ਅਤੇ
"ਸੰਤ ਰੇਨੁ ਨਿਤਿ ਮਜਨੁ ਕਰੈ।। ਜਨਮ ਜਨਮ ਕੇ ਕਿਲਬਿਖ ਹਰੈ।। " (ਕਾਨੜਾ
ਮਹਲਾ ੫, ਪੰਨਾ ੧੩੦੦)
ਆਦਿ, ਪ੍ਰਮਾਣ ਸੁਣਾਕੇ ਇਨ੍ਹਾਂ ਦੇ ਚੇਲੇ ਚਾਟੇ ਭੋਲੇ-ਭਾਲੇ ਸਿੱਖਾਂ ਨੂੰ
ਇਨ੍ਹਾਂ ਦੇ ਚਰਨਾਂ ਉਤੇ ਮੱਥੇ ਟੇਕਣ ਲਈ ਪ੍ਰੇਰਦੇ ਹਨ ਅਤੇ ਇਨ੍ਹਾਂ ਠੱਗ ਮਹਾਪੁਰਖਾਂ ਦੀ ਚਰਨ ਧੂੜ
ਲੈਣ ਲਈ ਉਕਸਾਂਦੇ ਹਨ, ਇਥੋਂ ਤੱਕ ਕਿ ਇਨ੍ਹਾਂ ਦੇ ਪੈਰ ਧੋਕੇ, ਇਨ੍ਹਾਂ ਦਾ ਚਰਨਾਮ੍ਰਿਤ ਭੋਲੇ ਭਾਲੇ
ਸਿੱਖਾਂ ਨੂੰ ਪਿਆਇਆ ਜਾਂਦਾ ਹੈ। ਜੋ ਇਨ੍ਹਾਂ ਦੇ ਪਾਜ ਉਘੇੜਨ ਦੀ ਕੋਸ਼ਿਸ਼ ਕਰਦਾ ਹੈ, ਉਸ ਨੂੰ ਸੰਤ
ਨਿੰਦਕ ਕਹਿ ਕੇ ਖੂਬ ਭੰਡਿਆ ਜਾਂਦਾ ਹੈ। ਉਸ ਨੂੰ ਮਾੜਾ ਸਾਬਿਤ ਕਰਨ ਲਈ ਵੀ ਸੁਖਮਨੀ ਬਾਣੀ ਦੀ ਇੱਕ
ਅਸ਼ਟਪਦੀ ਸਮੇਤ ਗੁਰਬਾਣੀ ਦੇ ਕਈ ਪ੍ਰਮਾਣ ਦਿੱਤੇ ਜਾਂਦੇ ਹਨ। ਜਿਵੇਂ:
"ਸੰਤ ਕਾ ਨਿੰਦਕੁ ਮਹਾ ਅਤਤਾਈ।। ਸੰਤ ਕਾ ਨਿੰਦਕੁ ਖਿਨੁ ਟਿਕਨੁ ਨ
ਪਾਈ।। ਸੰਤ ਕਾ ਨਿੰਦਕੁ ਮਹਾ ਹਤਿਆਰਾ।।
ਸੰਤ ਕਾ ਨਿੰਦਕੁ ਪਰਮੇਸੁਰਿ ਮਾਰਾ।। " {ਗਉੜੀ ਸੁਖਮਨੀ ਮਹਲਾ ੫, ਪੰਨਾ
੨੮੦}
"ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ।। ੧।। " {ਗਉੜੀ
ਸੁਖਮਨੀ ਮਹਲਾ ੫, ਪੰਨਾ ੨੭੯}
ਸੁਖਮਨੀ ਬਾਣੀ ਦੀ ੨੩ਵੀਂ ਅਸ਼ਟਪਦੀ ਦੀ ਚੌਥੀ ਪਉੜੀ ਵਿੱਚ ਸੰਤ ਦੀ ਬਹੁਤ
ਮਹਿਮਾ ਕੀਤੀ ਗਈ ਹੈ। ਇਸ ਨੂੰ ਅਤੇ ਗੁਰਬਾਣੀ ਦੀਆਂ ਕੁੱਝ ਹੋਰ ਪੰਕਤੀਆਂ ਦੀ ਦੁਰਵਰਤੋਂ ਕਰਕੇ ਇਹ
ਅਖੌਤੀ ਸੰਤ ਆਪਣੀ ਪੂਜਾ ਕਰਵਾ ਰਹੇ ਹਨ। ਜੋ ਇਨ੍ਹਾਂ ਦੇ ਪਾਜ ਉਘੇੜਨ ਦੀ ਕੋਸ਼ਿਸ਼ ਕਰਦਾ ਹੈ, ਉਸ ਨੂੰ
ਸੰਤ ਨਿੰਦਕ ਆਖਿਆ ਜਾਂਦਾ ਹੈ। ਕੌਣ ਸੰਤ ਹੈ ਅਤੇ ਕੌਣ ਨਿੰਦਕ? ਇਹ ਨਿਰਣਾ ਕਰਨ ਲਈ, ਸਭ ਤੋਂ
ਪਹਿਲਾਂ ਇਹ ਵੇਖਣਾ ਪਵੇਗਾ ਕਿ ਗੁਰਬਾਣੀ ਦੇ ਵਿੱਚ ਸੰਤ, ਸਾਧ, ਮਹਾਪੁਰਖ, ਬ੍ਰਹਮਗਿਆਨੀ, ਬਾਬਾ ਆਦਿ
ਸ਼ਬਦ ਕਿਸ ਸੰਧਰਭ ਵਿੱਚ ਅਤੇ ਕਿਸ ਦੇ ਵਾਸਤੇ ਆਏ ਹਨ। ਆਓ ਪਹਿਲਾਂ ਵੇਖੀਏ ਕਿ ਗੁਰਬਾਣੀ ਵਿੱਚ ‘ਸੰਤ`
ਸ਼ਬਦ ਕਿਸ ਦੇ ਵਾਸਤੇ ਵਰਤਿਆ ਗਿਆ ਹੈ:
‘ਸੰਤ` ਸ਼ਬਦ ਗੁਰਬਾਣੀ ਵਿੱਚ ਦੋ ਰੂਪਾਂ ਵਿੱਚ ਆਇਆ ਹੈ, ਇਕ-ਵਚਨ ਅਤੇ
ਬਹੁ-ਵਚਨ। ਸੰਤ ਸ਼ਬਦ ਜਦੋਂ ਇੱਕ ਵਚਨ ਵਿੱਚ ਆਇਆ ਹੈ, ਤਾਂ ਅਕਾਲ-ਪੁਰਖ ਜਾਂ ਸਤਿਗੁਰੂ ਵਾਸਤੇ ਆਇਆ
ਹੈ। ਇਸ ਦੇ ਗੁਰਬਾਣੀ ਵਿੱਚ ਬੇਅੰਤ ਪ੍ਰਮਾਣ ਹਨ:
ਅਕਾਲ ਪੁਰਖ- ਸੰਤ:
ਗੱਲ ਨੂੰ ਪੂਰੀ ਤਰ੍ਹਾਂ ਸਮਝਣ ਲਈ ਹੇਠਲੇ ਪ੍ਰਮਾਣਾਂ ਵੱਲ ਧਿਆਨ ਦੇਈਏ:
"ਭਾਗੁ ਹੋਆ ਗੁਰਿ ਸੰਤੁ ਮਿਲਾਇਆ।। ਪ੍ਰਭੁ ਅਬਿਨਾਸੀ ਘਰ
ਮਹਿ ਪਾਇਆ।। " {ਮਾਝ ਮਹਲਾ ੫, ਪੰਨਾ ੯੭}
ਮੇਰੇ ਭਾਗ ਜਾਗ ਪਏ ਹਨ, ਗੁਰੂ ਨੇ ਮੈਨੂੰ ਸ਼ਾਂਤੀ ਦਾ ਸੋਮਾ ਪਰਮਾਤਮਾ ਮਿਲਾ
ਦਿੱਤਾ ਹੈ (ਗੁਰੂ ਦੀ ਕਿਰਪਾ ਨਾਲ ਉਸ) ਅਬਿਨਾਸੀ ਪ੍ਰਭੂ ਨੂੰ ਮੈਂ ਆਪਣੇ ਹਿਰਦੇ ਵਿੱਚ ਹੀ ਲੱਭ ਲਿਆ
ਹੈ।
ਇਥੇ ਗੁਰਿ ਦੇ ਰਾਰੇ ਨੂੰ ਸਿਹਾਰੀ ਹੈ, ਜਿਸ ਦਾ ਭਾਵ ਹੈ ਗੁਰੂ ਨੇ ਮਿਲਾਇਆ
ਹੈ, ਗੁਰੂ ਨੇ ਜਿਸ ਸੰਤ ਨੂੰ ਮਿਲਾਇਆ ਹੈ, ਉਹ ਦੂਜੀ ਪੰਗਤੀ ਵਿੱਚ ਸਪੱਸ਼ਟ ਹੈ, ‘ਪ੍ਰਭੁ ਅਬਿਨਾਸੀ`।
ਇਸੇ ਤਰ੍ਹਾਂ ਹੇਠਲੇ ਪ੍ਰਮਾਣ ਵਿੱਚ ਅਕਾਲ ਪੁਰਖ ਨੂੰ ਵੱਡਾ ਸਾਹਿਬ ਆਖਿਆ ਗਿਆ ਹੈ:
"ਹਰਿ ਇਕਸੈ ਦੀ ਮੈ ਟੇਕ ਹੈ ਜੋ ਸਿਰਿ ਸਭਣਾ ਸਮਰਥੁ।। ਸਤਿਗੁਰਿ ਸੰਤੁ
ਮਿਲਾਇਆ ਮਸਤਕਿ ਧਰਿ ਕੈ ਹਥੁ।।
ਵਡਾ ਸਾਹਿਬੁ ਗੁਰੂ ਮਿਲਾਇਆ ਜਿਨਿ ਤਾਰਿਆ ਸਗਲ ਜਗਤੁ।। " {ਸਲੋਕ ਮਃ
੫, ਪੰਨਾ ੯੫੮}
ਜੋ ਪਰਮਾਤਮਾ ਸਭ ਜੀਵਾਂ ਦੇ ਸਿਰ ਉਤੇ ਬਲੀ ਹੈ ਮੈਨੂੰ ਕੇਵਲ ਉਸੇ ਦਾ ਹੀ
ਆਸਰਾ ਹੈ, ਉਹ ਸ਼ਾਂਤੀ ਦਾ ਸੋਮਾ ਪਰਮਾਤਮਾ ਸਤਿਗੁਰੂ ਨੇ ਮੇਰੇ ਮੱਥੇ ਉੱਤੇ ਹੱਥ ਰੱਖ ਕੇ ਮੈਨੂੰ
ਮਿਲਾਇਆ ਹੈ, ਉਹ ਵੱਡਾ ਮਾਲਕ ਜਿਸ ਨੇ ਸਾਰਾ ਸੰਸਾਰ ਤਾਰਿਆ ਹੈ (ਭਾਵ, ਜੋ ਸਾਰੇ ਸੰਸਾਰ ਨੂੰ ਤਾਰਨ
ਦੇ ਸਮਰੱਥ ਹੈ) ਮੈਨੂੰ ਗੁਰੂ ਨੇ ਮਿਲਾਇਆ ਹੈ।
ਇਸੇ ਤਰ੍ਹਾਂ ਹੇਠਲੇ ਦੋਹਾਂ ਪ੍ਰਮਾਣਾਂ ਵਿੱਚ ਗੁਰੂ ਨੇ ਜਿਸ ਸੰਤ ਨਾਲ
ਮਿਲਾਇਆ ਹੈ, ਉਸ ਦੀ ਸਪਸ਼ਟਤਾ ਸਤਿਗੁਰੂ ਨੇ ਨਾਲ ਹੀ ਦੇ ਦਿੱਤੀ ਹੈ, ‘ਹਰਿ` ਭਾਵ ‘ਅਕਾਲ-ਪੁਰਖ`:
"ਮੇਰਾ ਪ੍ਰੀਤਮੁ ਮਿਤ੍ਰੁ ਹਰਿ ਪੁਰਖੁ ਸੁਜਾਣੁ ਜੀਉ।। ਗੁਰੁ ਮੇਲੇ ਸੰਤ
ਹਰਿ ਸੁਘੜੁ ਸੁਜਾਣੁ ਜੀਉ।। "
{ਗਉੜੀ ਮਾਝ ਮਹਲਾ ੪, ਪੰਨਾ ੧੭੫}
(ਮੈਨੂੰ ਯਕੀਨ ਬਣ ਚੁਕਾ ਹੈ ਕਿ) ਸੁਜਾਨ ਹਰੀ ਪੁਰਖ ਹੀ ਮੇਰਾ ਪ੍ਰੀਤਮ
ਹੈ, ਮੇਰਾ ਮਿੱਤਰ ਹੈ। ਗੁਰੂ ਹੀ ਉਸ ਸੰਤ ਸੁਜਾਨ ਸੁਘੜ ਹਰੀ ਨਾਲ ਮਿਲਾਂਦਾ ਹੈ।
"ਆਨੰਦ ਕਰਿ ਸੰਤ ਹਰਿ ਜਪਿ।। " {ਰਾਮਕਲੀ ਮਹਲਾ ੫, ਪੰਨਾ
੮੯੫}
ਸੰਤ-ਹਰੀ ਦਾ ਨਾਮ ਜਪਿਆ ਕਰ ਤੇ (ਇਸ ਤਰ੍ਹਾਂ) ਆਤਮਕ ਆਨੰਦ (ਸਦਾ) ਮਾਣ
।
ਗੁਰੂ- ਸੰਤ
ਇਸ ਤੋਂ ਇਲਾਵਾ ਬਹੁਤੀ ਵਾਰੀ ਸੰਤ ਸ਼ਬਦ ਜਦੋਂ ਇੱਕ ਵਚਨ ਵਿੱਚ ਆਇਆ ਹੈ ਤਾਂ
ਗੁਰੂ ਵਾਸਤੇ ਆਇਆ ਹੈ। ਹੇਠਲੇ ਕੁੱਝ ਪ੍ਰਮਾਣਾਂ ਤੋਂ ਇਹ ਗੱਲ ਬਿਲਕੁਲ ਸਪਸ਼ਟ ਹੋ ਜਾਂਦੀ ਹੈ:
"ਹਰਿ ਕਾ ਸੰਤੁ ਸਤਗੁਰੁ ਸਤ ਪੁਰਖਾ ਜੋ ਬੋਲੈ ਹਰਿ ਹਰਿ ਬਾਨੀ।। ਜੋ
ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ।। "
{ਧਨਾਸਰੀ ਮਹਲਾ ੪, ਪੰਨਾ ੬੬੭}
ਹੇ ਭਾਈ
!
ਗੁਰੂ ਮਹਾਂ ਪੁਰਖ ਹੈ, ਗੁਰੂ ਪਰਮਾਤਮਾ ਦਾ ਸੰਤ ਹੈ, ਜੇਹੜਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ
ਉਚਾਰਦਾ ਹੈ। ਜੇਹੜਾ ਜੇਹੜਾ ਮਨੁੱਖ ਇਸ ਬਾਣੀ ਨੂੰ ਪੜ੍ਹਦਾ ਸੁਣਦਾ ਹੈ, ਉਹ ਪਾਪਾਂ ਤੋਂ ਮੁਕਤ ਹੋ
ਜਾਂਦਾ ਹੈ। ਹੇ ਭਾਈ !
ਮੈਂ ਉਸ ਗੁਰੂ ਤੋਂ ਸਦਾ ਸਦਕੇ ਹਾਂ।
"
ਗੁਰੁ ਸੰਤੁ
ਪਾਇਆ ਪ੍ਰਭੁ ਧਿਆਇਆ ਸਗਲ ਇਛਾ ਪੁੰਨੀਆ।। " {ਰਾਗੁ ਸੂਹੀ ਛੰਤ ਮਹਲਾ ੫, ਪੰਨਾ ੭੭੮}
ਜਿਨ੍ਹਾਂ ਨੂੰ ਸੰਤ-ਗੁਰੂ ਮਿਲ ਪਿਆ, ਉਹਨਾਂ ਨੇ ਪ੍ਰਭੂ ਦਾ ਨਾਮ ਸਿਮਰਨਾ
ਸ਼ੁਰੂ ਕਰ ਦਿੱਤਾ, ਉਹਨਾਂ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋਣ ਲੱਗ ਪਈਆਂ।
"ਹਰਿ ਕਾ ਮਾਰਗੁ ਗੁਰ ਸੰਤਿ ਬਤਾਇਓ ਗੁਰਿ ਚਾਲ ਦਿਖਾਈ ਹਰਿ
ਚਾਲ।। " {ਨਟ ਮਹਲਾ ੪, ਪੰਨਾ ੯੭੭}
ਹੇ ਭਾਈ
!
ਸੰਤ-ਗੁਰੂ ਨੇ ਪਰਮਾਤਮਾ ਨੂੰ ਮਿਲਣ ਦਾ ਰਸਤਾ ਦੱਸਿਆ ਹੈ, ਗੁਰੂ ਨੇ ਪਰਮਾਤਮਾ ਦੇ ਰਾਹ ਉਤੇ ਤੁਰਨ
ਦੀ ਜਾਚ ਸਿਖਾਈ ਹੈ।
ਕਿਸੇ ਭੁਲੇਖੇ ਦੀ ਕੋਈ ਗੁੰਜਾਇਸ਼ ਹੀ ਨਹੀਂ, ਉਪਰਲੇ ਪ੍ਰਮਾਣਾਂ ਵਿਚ, ਪਹਿਲੀ
ਪੰਗਤੀ ਵਿੱਚ ਹੀ ਸਪੱਸ਼ਟ ਹੈ ਕਿ ਜਿਸ ਸੰਤ ਦੀ ਗੱਲ ਹੋ ਰਹੀ ਹੈ, ਉਹ ਹੋਰ ਕੋਈ ਨਹੀਂ ਸਿਰਫ ਸਤਿਗੁਰੂ
ਹੈ। ਇਸੇ ਤਰ੍ਹਾਂ ਹੇਠਲੇ ਪ੍ਰਮਾਣ ਵਿਚ, ਪਹਿਲੀ ਪੰਕਤੀ ਵਿੱਚ ਜੇ ਇਹ ਸਮਝਾਇਆ ਗਿਆ ਹੈ, ਕਿ ਭਾਗਾਂ
ਵਾਲੇ ਵਿਅਕਤੀ ਨੂੰ ਪਰਮਾਤਮਾ, ਸੰਤ ਨਾਲ ਮਿਲਾ ਦੇਂਦਾ ਹੈ ਤਾਂ ਦੂਸਰੀ ਪੰਕਤੀ ਵਿੱਚ ਨਾਲ ਹੀ ਸਪਸ਼ਟ
ਕਰ ਦਿੱਤਾ ਹੈ, ਕਿ ਉਹ ਸੰਤ ਗੁਰੂ ਤੇ ਕੇਵਲ ਗੁਰੂ ਹੈ।
"ਵਡਭਾਗੀ ਹਰਿ ਸੰਤੁ ਮਿਲਾਇਆ।। ਗੁਰਿ ਪੂਰੈ ਹਰਿਰਸੁ ਮੁਖਿ
ਪਾਇਆ।।
ਭਾਗਹੀਨ ਸਤਿਗੁਰੁ ਨਹੀ ਪਾਇਆ ਮਨਮੁਖ ਗਰਭ ਜੂਨੀ ਨਿਤਿ ਪਉਦਾ ਜੀਉ।।
" {ਮਾਝ ਮਹਲਾ ੪, ਪੰਨਾ ੯੫}
ਮੇਰੇ ਵੱਡੇ ਭਾਗਾਂ ਨਾਲ ਪਰਮਾਤਮਾ ਨੇ ਮੈਨੂੰ ਗੁਰੂ ਮਿਲਾ ਦਿੱਤਾ, ਤੇ (ਉਸ)
ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ-ਰਸ ਮੇਰੇ ਮੂੰਹ ਵਿੱਚ ਪਾ ਦਿੱਤਾ ਹੈ। ਨਿਭਾਗੇ ਬੰਦਿਆਂ ਨੂੰ ਹੀ
ਸਤਿਗੁਰੂ ਨਹੀਂ ਮਿਲਦਾ। ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਰਹਿੰਦਾ ਹੈ, ਉਹ ਸਦਾ ਜੂਨਾਂ
ਦੇ ਗੇੜ ਵਿੱਚ ਪਿਆ ਰਹਿੰਦਾ ਹੈ।
ਹੇਠਲੇ ਦੋ ਪ੍ਰਮਾਣਾਂ ਵਿਚ, ਪਹਿਲੀ ਪੰਕਤੀ ਵਿੱਚ ਗੁਰੂ ਦੀ ਬਖਸ਼ਿਸ਼ ਦੀ ਗੱਲ
ਕੀਤੀ ਗਈ ਹੈ, ਤਾਂ ਦੂਸਰੀ ਪੰਕਤੀ ਵਿੱਚ ਬਖਸ਼ਿਸ਼ ਕਰਨ ਵਾਲੇ ਸਤਿਗੁਰੂ ਨੂੰ ਸੰਤ ਕਹਿ ਕੇ ਸੰਬੋਧਿਤ
ਕੀਤਾ ਗਿਆ ਹੈ:
"ਜੋ ਗੁਰਿ ਦੀਆ ਸੁ ਮਨ ਕੈ ਕਾਮਿ।। ਸੰਤ ਕਾ ਕੀਆ ਸਤਿ ਕਰਿ
ਮਾਨਿ।। " {ਗਉੜੀ ਗੁਆਰੇਰੀ ਮਹਲਾ ੫, ਪੰਨਾ ੧੭੭}
(ਹੇ ਭਾਈ
!)
ਜੋ (ਉਪਦੇਸ਼) ਗੁਰੂ ਨੇ ਦਿੱਤਾ ਹੈ, ਉਹ (ਹਰੇਕ ਮਨੁੱਖ ਦੇ) ਮਨ ਦੇ ਕੰਮ ਆਉਂਦਾ ਹੈ, (ਇਸ ਵਾਸਤੇ,
ਹੇ ਭਾਈ !)
ਗੁਰੂ ਦੇ ਕੀਤੇ ਹੋਏ (ਇਸ ਉਪਕਾਰ ਨੂੰ) ਸਦਾ ਨਾਲ ਨਿਭਣ ਵਾਲਾ ਸਮਝ।
"
ਗਿਆਨ ਅੰਜਨੁ
ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ।।
ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ।। " {ਗਉੜੀ
ਸੁਖਮਨੀ ਮਃ ੫, ਪੰਨਾ ੨੯੩}
(ਜਿਸ ਮਨੁੱਖ ਨੂੰ) ਸਤਿਗੁਰੂ ਨੇ ਗਿਆਨ ਦਾ ਸੁਰਮਾ ਬਖ਼ਸ਼ਿਆ ਹੈ, ਉਸ ਦੇ
ਅਗਿਆਨ (ਰੂਪ) ਹਨੇਰੇ ਦਾ ਨਾਸ ਹੋ ਜਾਂਦਾ ਹੈ। ਹੇ ਨਾਨਕ
!
(ਜੋ ਮਨੁੱਖ) ਅਕਾਲ ਪੁਰਖ ਦੀ ਮੇਹਰ ਨਾਲ ਗੁਰੂ ਨੂੰ ਮਿਲਿਆ ਹੈ, ਉਸ ਦੇ ਮਨ ਵਿੱਚ (ਗਿਆਨ ਦਾ) ਚਾਨਣ
ਹੋ ਜਾਂਦਾ ਹੈ। ੧।
ਉਪਰੋਕਤ ਸਾਰੇ ਪ੍ਰਮਾਣਾਂ ਤੋਂ ਗੱਲ ਬਿਲਕੁਲ ਸਪਸ਼ਟ ਹੈ ਕਿ ਗੁਰੂ ਗ੍ਰੰਥ
ਸਾਹਿਬ ਵਿੱਚ ਸੰਤ ਸ਼ਬਦ ਜਦੋਂ ਵੀ ਇੱਕ ਵਚਨ ਵਿੱਚ ਆਇਆ ਹੈ ਤਾਂ ਕੁੱਝ ਜਗ੍ਹਾ ਤੇ ਅਕਾਲ ਪੁਰਖ ਵਾਸਤੇ
ਅਤੇ ਬਾਕੀ ਸਭ ਜਗ੍ਹਾ ਤੇ ਕੇਵਲ ਗੁਰੂ ਵਾਸਤੇ ਆਇਆ ਹੈ। ਕਈ ਜਗਿਆਸੂਆਂ ਦੇ ਮਨਾਂ ਵਿੱਚ ਇੱਕ ਸੁਆਲ ਆ
ਸਕਦਾ ਹੈ ਕਿ ਇਥੇ ਅਕਾਲ-ਪੁਰਖ ਅਤੇ ਗੁਰੂ ਦੋਹਾਂ ਵਾਸਤੇ ਹੀ ਸੰਤ ਸ਼ਬਦ ਕਿਉਂ ਵਰਤਿਆ ਗਿਆ ਹੈ?
ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਗੁਰਬਾਣੀ ਅਨੁਸਾਰ ਸਿੱਖ ਵਾਸਤੇ ਅਕਾਲ ਪੁਰਖ ਅਤੇ ਗੁਰੂ ਵਿੱਚ
ਕੋਈ ਭੇਦ ਨਹੀਂ। ਗੁਰੂ ਅਕਾਲ ਪੁਰਖ ਦਾ ਹੀ ਰੂਪ ਹੈ, ਇਸ ਗੱਲ ਦੀ ਪ੍ਰੋੜਤਾ ਕਰਦੇ ਗੁਰਬਾਣੀ ਵਿੱਚ
ਕਈ ਪ੍ਰਮਾਣ ਹਨ:
"ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ।।
ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ।। " {ਆਸਾ ਮਹਲਾ
੧, ਪੰਨਾ ੪੬੬}
ਕਿਸੇ ਮਨੁੱਖ ਨੂੰ ( ‘ਜਗ ਜੀਵਨੁ ਦਾਤਾ`) ਸਤਿਗੁਰ ਤੋਂ ਬਿਨਾ (ਭਾਵ,
ਸਤਿਗੁਰੂ ਦੀ ਸ਼ਰਨ ਪੈਣ ਤੋਂ ਬਿਨਾ) ਨਹੀਂ ਮਿਲਿਆ, (ਇਹ ਸੱਚ ਜਾਣੋ ਕਿ) ਕਿਸੇ ਮਨੁੱਖ ਨੂੰ ਸਤਿਗੁਰ
ਦੀ ਸ਼ਰਨ ਪੈਣ ਤੋਂ ਬਿਨਾ ( ‘ਜਗ ਜੀਵਨ ਦਾਤਾ`) ਨਹੀਂ ਮਿਲਿਆ। (ਕਿਉਂਕਿ ਪ੍ਰਭੂ ਨੇ) ਆਪਣੇ ਆਪ ਨੂੰ
ਰੱਖਿਆ ਹੀ ਸਤਿਗੁਰੂ ਦੇ ਅੰਦਰ ਹੈ, (ਭਾਵ, ਪ੍ਰਭੂ ਗੁਰੂ ਦੇ ਅੰਦਰ ਸਾਖਿਆਤ ਹੋਇਆ ਹੈ) (ਅਸਾਂ ਹੁਣ
ਇਹ ਗੱਲ ਸਭ ਨੂੰ) ਖੁਲ੍ਹਮ-ਖੁਲ੍ਹਾ ਆਖ ਕੇ ਸੁਣਾ ਦਿੱਤੀ ਹੈ।
"ਸਫਲ ਮੂਰਤਿ ਗੁਰਦੇਉ ਸੁਆਮੀ ਸਰਬ ਕਲਾ ਭਰਪੂਰੇ।।
ਨਾਨਕ ਗੁਰੁ ਪਾਰਬ੍ਰਹਮੁ ਪਰਮੇਸਰੁ ਸਦਾ ਸਦਾ ਹਜੂਰੇ।। " {ਰਾਗੁ
ਬਿਲਾਵਲੁ ਮਹਲਾ ੫, ਪੰਨਾ ੮੦੨}
ਗੁਰੂ ਸੁਆਮੀ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰਨ ਦੇ ਸਮਰੱਥ ਹੈ (ਕਿਉਂਕਿ)
ਉਹ ਸਾਰੀਆਂ ਤਾਕਤਾਂ ਦਾ ਮਾਲਕ ਹੈ
।
ਹੇ ਨਾਨਕ
!
ਗੁਰੂ ਪਰਮਾਤਮਾ ਦਾ ਰੂਪ ਹੈ ।
(ਆਪਣੇ ਸੇਵਕਾਂ ਦੇ) ਸਦਾ ਹੀ ਅੰਗ-ਸੰਗ ਰਹਿੰਦਾ ਹੈ ।
"
ਨਾਨਕ ਸੋਧੇ
ਸਿੰਮ੍ਰਿਤਿ ਬੇਦ।। ਪਾਰਬ੍ਰਹਮ ਗੁਰ ਨਾਹੀ ਭੇਦ।। " {ਭੈਰਉ ਮਹਲਾ ੫, ਪੰਨਾ ੧੧੪੨}
ਹੇ ਨਾਨਕ
!
(ਆਖ—ਹੇ ਭਾਈ !)
ਸਿੰਮ੍ਰਿਤੀਆਂ ਵੇਦ (ਆਦਿਕ ਧਰਮ-ਪੁਸਤਕ) ਖੋਜ ਵੇਖੇ ਹਨ (ਗੁਰੂ ਸਭ ਤੋਂ ਉੱਚਾ ਹੈ) ਗੁਰੂ ਅਤੇ
ਪਰਮਾਤਮਾ ਵਿੱਚ ਕੋਈ ਭੀ ਫ਼ਰਕ ਨਹੀਂ ਹੈ ।
ਸਾਧੂ -
ਇਸੇ ਤਰ੍ਹਾਂ ਸਾਧੂ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਇੱਕ ਵਚਨ ਆਇਆ
ਹੈ ਤਾਂ ਕੇਵਲ ਗੁਰੂ ਵਾਸਤੇ ਹੀ ਆਇਆ ਹੈ। ਜਿਵੇਂ:
"ਹਰਿ ਹਰਿ ਆਨਿ ਮਿਲਾਵਹੁ ਗੁਰੁ ਸਾਧੂ ਜਿਸੁ ਅਹਿਨਿਸਿ ਹਰਿ ਉਰਿ
ਧਾਰੀ।।
ਗੁਰਿ ਡੀਠੈ ਗੁਰ ਕਾ ਸਿਖੁ ਬਿਗਸੈ ਜਿਉ ਬਾਰਿਕੁ ਦੇਖਿ ਮਹਤਾਰੀ।। "
(ਮਲਾਰ ਮਹਲਾ ੪, ਪੰਨਾ ੧੨੬੩)
ਹੇ ਹਰੀ! (ਮਿਹਰ ਕਰ, ਮੈਨੂੰ ਉਹ) ਸਾਧੂ ਗੁਰੂ ਲਿਆ ਕੇ ਮਿਲਾ ਦੇ, ਜਿਸ ਦੇ
ਹਿਰਦੇ ਵਿਚ, ਹੇ ਹਰੀ! ਦਿਨ ਰਾਤ ਤੇਰਾ ਨਾਮ ਵੱਸਿਆ ਰਹਿੰਦਾ ਹੈ। ਹੇ ਭਾਈ! ਜੇ ਗੁਰੂ ਦਾ ਦਰਸ਼ਨ ਹੋ
ਜਾਏ, ਤਾਂ ਗੁਰੂ ਦਾ ਸਿੱਖ ਇਉਂ ਖ਼ੁਸ਼ ਹੁੰਦਾ ਹੈ ਜਿਵੇਂ ਬੱਚਾ (ਆਪਣੀ) ਮਾਂ ਨੂੰ ਵੇਖ ਕੇ।
"ਗੁਰ ਸਾਧੂ ਅੰਮ੍ਰਿਤ ਗਿਆਨ ਸਰਿ ਨਾਇਣੁ।।
ਸਭਿ ਕਿਲਵਿਖ ਪਾਪ ਗਏ ਗਾਵਾਇਣੁ।। " {ਰਾਗੁ ਭੈਰਉ ਮਹਲਾ ੪, ਪੰਨਾ ੧੧੩੪}
ਹੇ ਮੇਰੇ ਮਨ
!
ਜਿਹੜਾ ਮਨੁੱਖ ਗੁਰੂ ਦੇ ਆਤਮਕ ਜੀਵਨ ਦੇਣ ਵਾਲੇ ਗਿਆਨ-ਸਰੋਵਰ ਵਿੱਚ ਇਸ਼ਨਾਨ ਕਰਦਾ ਹੈ, ਉਸ ਦੇ ਸਾਰੇ
ਪਾਪ ਸਾਰੇ ਐਬ ਦੂਰ ਹੋ ਜਾਂਦੇ ਹਨ।
"
ਮੇਰੈ ਮਨਿ ਗੁਪਤ
ਹੀਰੁ ਹਰਿ ਰਾਖਾ।।
ਦੀਨ ਦਇਆਲਿ ਮਿਲਾਇਓ ਗੁਰੁ ਸਾਧੂ ਗੁਰਿ ਮਿਲਿਐ ਹੀਰੁ ਪਰਾਖਾ।। "
{ਜੈਤਸਰੀ ਮਹਲਾ ੪, ਪੰਨਾ ੬੬੬}
ਹੇ ਭਾਈ
!
ਮੇਰੇ ਮਨ ਵਿੱਚ ਪਰਮਾਤਮਾ ਨੇ ਆਪਣਾ ਨਾਮ-ਹੀਰਾ ਲੁਕਾ ਕੇ ਰੱਖਿਆ ਹੋਇਆ ਸੀ। ਦੀਨਾਂ ਉਤੇ ਦਇਆ ਕਰਨ
ਵਾਲੇ ਉਸ ਹਰੀ ਨੇ ਮੈਨੂੰ ਗੁਰੂ ਮਿਲਾ ਦਿੱਤਾ। ਗੁਰੂ ਮਿਲਣ ਨਾਲ ਮੈਂ ਉਹ ਹੀਰਾ ਪਰਖ ਲਿਆ (ਮੈਂ ਉਸ
ਹੀਰੇ ਦੀ ਕਦਰ ਸਮਝ ਲਈ)
ਉਪਰੋਕਤ ਸਾਰੇ ਪ੍ਰਮਾਣਾਂ ਵਿੱਚ ਜਿਥੇ ਵੀ ਸਾਧੂ ਲਫਜ਼ ਆਇਆ ਹੈ, ਸਤਿਗੁਰੂ ਨੇ
ਨਾਲ ਹੀ ਗੁਰੁ ਸ਼ਬਦ ਲਿੱਖ ਕੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਸਾਧੂ ਗੁਰੂ ਹੀ ਹੈ, ਹੋਰ ਕੋਈ
ਦੁਨਿਆਵੀ ਵਿਅਕਤੀ ਨਹੀਂ।
ਸੰਤ, ਸਾਧੂ-ਬਹੁਵਚਨ
ਗੁਰਬਾਣੀ ਵਿੱਚ ਜਿਥੇ ਵੀ ਸੰਤ ਜਾਂ ਸਾਧੂ ਸ਼ਬਦ ਬਹੁਵਚਨ ਵਿੱਚ ਆਇਆ ਹੈ, ਤਾਂ
ਇਹ ਸੰਗਤ ਵਾਸਤੇ ਆਇਆ ਹੈ। ਇਸ ਨੂੰ ਬਹੁਵਚਨ ਬਣਾਉਣ ਵਾਸਤੇ ਨਾਲ ਕਈ ਗੁਣ ਵਾਚਕ ਜਾਂ ਸਹਾਇਕ ਸ਼ਬਦ
ਰੂਪ ਵਰਤੇ ਗਏ ਹਨ, ਜਿਵੇ ਹੇਠਲੇ ਪ੍ਰਮਾਣ ਵਿੱਚ ‘ਸੰਤ` ਦੇ ਨਾਲ ‘ਜਨਾ` ਸ਼ਬਦ ਲੱਗ ਕੇ ਇਹ ਬਹੁਵਚਨ
ਬਣ ਗਿਆ ਹੈ:
"ਜਿਨ ਗੁਰਮੁਖਿ ਹਰਿ ਆਰਾਧਿਆ ਤਿਨ ਸੰਤ ਜਨਾ ਜੈਕਾਰੁ।। " {ਸਲੋਕ
ਮ: ੪, ਪੰਨਾ ੩੦੨}
ਉਹਨਾਂ ਸੰਤ ਜਨਾਂ ਨੂੰ ਹੀ ਵਡਿਆਈ ਮਿਲਦੀ ਹੈ, ਜਿਨ੍ਹਾਂ ਨੇ ਗੁਰੂ
ਦੇ ਸਨਮੁਖ ਹੋ ਕੇ ਸਿਮਰਨ ਕੀਤਾ ਹੈ।
ਇਸੇ ਤਰ੍ਹਾਂ ਹੇਠਲੇ ਸ਼ਬਦ ਵਿੱਚ ‘ਸੰਤ` ਦੇ ਨਾਲ ‘ਸੰਗਿ` ਜੋੜਨ ਨਾਲ, ਉਸ
ਤੋਂ ਹੇਠਲੇ ਸ਼ਬਦ ਵਿੱਚ ‘ਸਭਾ` ਜੋੜਨ ਨਾਲ, ਤੀਸਰੇ ਸ਼ਬਦ ਵਿੱਚ ‘ਸੰਗਤਿ` ਜੋੜਨ ਨਾਲ, ਅਤੇ ਚੌਥੇ ਸ਼ਬਦ
ਵਿੱਚ ‘ਸਾਜਨ` ਜੋੜਨ ਨਾਲ ਇਹ ਬਹੁਵਚਨ ਬਣ ਗਏ ਹਠ:
"ਤਾਹੂ ਸੰਗਿ ਨ ਧਨੁ ਚਲੈ ਗ੍ਰਿਹ ਜੋਬਣ ਨਹ ਰਾਜ।।
ਸੰਤ ਸੰਗਿ ਸਿਮਰਤ ਰਹਹੁ ਇਹੈ ਤੁਹਾਰੈ ਕਾਜ।। " {ਗਉੜੀ ਬਾਵਨ ਅਖਰੀ
ਮਹਲਾ ੫, ਪੰਨਾ ੨੫੭}
(ਮਾਇਆ ਵਾਲੀ) ਭਟਕਣਾ ਛੱਡ, ਧਨ, ਘਰ ਜੁਆਨੀ, ਰਾਜ ਕਿਸੇ ਚੀਜ਼ ਨੇ ਭੀ
ਤੇਰੇ ਨਾਲ ਨਹੀਂ ਜਾਣਾ; ਸਤਸੰਗ ਵਿੱਚ ਰਹਿ ਕੇ ਪ੍ਰਭੂ ਦਾ ਨਾਮ ਸਿਮਰਿਆ ਕਰ, ਬੱਸ
!
ਇਹੀ ਅੰਤ ਤੇਰੇ ਕੰਮ ਆਵੇਗਾ।
"
ਆਸਾ ਮਨਸਾ ਦੋਊ
ਬਿਨਾਸਤ ਤ੍ਰਿਹੁ ਗੁਣ ਆਸ ਨਿਰਾਸ ਭਈ।।
ਤੁਰੀਆਵਸਥਾ ਗੁਰਮੁਖਿ ਪਾਈਐ ਸੰਤ ਸਭਾ ਕੀ ਓਟ ਲਹੀ।। " {ਆਸਾ ਮਹਲਾ
੧, ਪੰਨਾ ੩੫੬}
ਗੁਰੂ ਦੀ ਸਰਨ ਪਿਆਂ ਹੀ ਮਾਇਆ ਵਾਲੀ ਆਸ ਤੇ ਲਾਲਸਾ ਮਿਟਦੀਆਂ ਹਨ,
ਤ੍ਰਿਗੁਣੀ ਮਾਇਆ ਦੀਆਂ ਆਸਾਂ ਤੋਂ ਨਿਰਲੇਪ ਰਹਿ ਸਕੀਦਾ ਹੈ। ਜਦੋਂ ਸਤਸੰਗ ਦਾ ਆਸਰਾ ਲਈਏ,
ਜਦੋਂ ਗੁਰੂ ਦੇ ਦੱਸੇ ਹੋਏ ਰਾਹੇ ਤੁਰੀਏ, ਤਦੋਂ ਹੀ ਉਹ ਆਤਮਕ ਅਵਸਥਾ ਬਣਦੀ ਹੈ ਜਿਥੇ ਮਾਇਆ ਪੋਹ ਨ
ਸਕੇ।
"ਸੰਤ ਸੰਗਤਿ ਸਿਉ ਮੇਲੁ ਭਇਆ ਹਰਿ ਹਰਿ ਨਾਮਿ ਸਮਾਏ ਰਾਮ।।
ਗੁਰ ਕੈ ਸਬਦਿ ਸਦ ਜੀਵਨ ਮੁਕਤ ਭਏ ਹਰਿ ਕੈ ਨਾਮਿ ਲਿਵ ਲਾਏ ਰਾਮ।। " {ਸੂਹੀ
ਮਹਲਾ ੩, ਪੰਨਾ ੭੭੧}
ਹੇ ਭਾਈ
!
ਜਿਨ੍ਹਾਂ ਮਨੁੱਖਾਂ ਦਾ ਸਾਧ ਸੰਗਤਿ ਨਾਲ ਮਿਲਾਪ ਹੋ ਜਾਂਦਾ ਹੈ, ਉਹ ਪਰਮਾਤਮਾ ਦੇ ਨਾਮ
ਵਿੱਚ ਲੀਨ ਰਹਿੰਦੇ ਹਨ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਵਿੱਚ ਸੁਰਤਿ ਜੋੜ ਕੇ ਉਹ
ਦੁਨੀਆਂ ਦੀ ਕਿਰਤ-ਕਾਰ ਕਰਦੇ ਹੋਏ ਹੀ ਮਾਇਆ ਵਲੋਂ ਨਿਰਲੇਪ ਰਹਿੰਦੇ ਹਨ।
"
ਚਿਤਵਉ ਵਾ ਅਉਸਰ ਮਨ
ਮਾਹਿ।।
ਹੋਇ ਇਕਤ੍ਰ ਮਿਲਹੁ ਸੰਤ ਸਾਜਨ ਗੁਣ ਗੋਬਿੰਦ ਨਿਤ ਗਾਹਿ।। " {ਸਾਰਗ
ਮਹਲਾ ੫, ਪੰਨਾ ੧੨੨੨}
ਹੇ ਭਾਈ
!
ਮੈਂ ਤਾਂ ਆਪਣੇ ਮਨ ਵਿੱਚ ਉਸ ਮੌਕੇ ਨੂੰ ਉਡੀਕਦਾ ਰਹਿੰਦਾ ਹਾਂ, ਜਦੋਂ ਮੈਂ ਸੰਤਾਂ ਸੱਜਣਾਂ
(ਸਤਿ ਸੰਗੀਆਂ) ਨੂੰ ਮਿਲਾਂ ਜਿਹੜੇ ਨਿੱਤ ਇਕੱਠੇ ਹੋ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ ।
ਉਪਰਲੇ ਸ਼ਬਦਾਂ ਵਿੱਚ ਜਿਵੇਂ ਗੁਣਵਾਚਕ ਜਾਂ ਸਹਾਇਕ ਲਫਜ਼ ਵਰਤਣ ਨਾਲ, ਬਹੁਵਚਨ
ਬਣ ਜਾਂਦਾ ਹੈ ਤਿਵੇਂ ਲਫਜ਼ ਦਾ ਸਰੂਪ ਬਦਲਣ ਨਾਲ ਵੀ ਇਹ ਬਹੁਵਚਨ ਬਣ ਜਾਂਦਾ ਹੈ ਜਿਵੇਂ ਹੇਠਲੇ
ਪ੍ਰਮਾਣਾਂ ਵਿੱਚ ਸੰਤਹੁ, ਸੰਤਾਂ, ਸੰਤੀ ਅਤੇ ਸੰਤਨ ਆਦਿ ਲਫਜ਼ ਵਰਤੇ ਗਏ ਹਨ:
"ਅਉਗਣੀ ਭਰਿਆ ਸਰੀਰੁ ਹੈ ਕਿਉ ਸੰਤਹੁ ਨਿਰਮਲੁ ਹੋਇ।।
ਗੁਰਮੁਖਿ ਗੁਣ ਵੇਹਾਝੀਅਹਿ ਮਲੁ ਹਉਮੈ ਕਢੈ ਧੋਇ।। " {ਮ: ੪, ਪੰਨਾ ੩੧੧}
(ਪ੍ਰਸ਼ਨ) ਹੇ ਸੰਤ ਜਨੋ
(ਸਤਿ
ਸੰਗੀਓ)! (ਇਹ) ਸਰੀਰ ਅਉਗਣਾਂ ਨਾਲ ਭਰਿਆ ਹੋਇਆ ਹੈ, ਸਾਫ਼ ਕਿਵੇਂ ਹੋ ਸਕਦਾ ਹੈ ?
(ਉੱਤਰ) ਸਤਿਗੁਰੂ ਦੇ ਸਨਮੁਖ ਹੋ ਕੇ ਗੁਣ ਖ਼ਰੀਦੇ ਜਾਣ, ਤਾਂ (ਇਸ ਤਰ੍ਹਾਂ
ਮਨੁੱਖਾ ਸਰੀਰ ਵਿਚੋਂ) ਹਉਮੈ-ਰੂਪ ਮੈਲ ਕੋਈ ਧੋ ਕੇ ਕੱਢ ਸਕਦਾ ਹੈ।
"
ਸੰਤਾ ਕੀ
ਹੋਇ ਦਾਸਰੀ ਏਹੁ ਅਚਾਰਾ ਸਿਖੁ ਰੀ।।
ਸਗਲ ਗੁਣਾ ਗੁਣ ਊਤਮੋ ਭਰਤਾ ਦੂਰਿ ਨ ਪਿਖੁ ਰੀ।। " {ਆਸਾ ਮਹਲਾ ੫, ਪੰਨਾ
੪੦੦}
ਹੇ ਮੇਰੀ ਸੋਹਣੀ ਜਿੰਦੇ
!
ਤੂੰ ਸਤਸੰਗੀਆਂ ਦੀ ਨਿਮਾਣੀ ਜਿਹੀ ਦਾਸੀ ਬਣੀ ਰਹੁ—ਬੱਸ !
ਇਹ ਕਰਤੱਬ ਸਿੱਖ, ਤੇ, ਹੇ ਜਿੰਦੇ !
ਉਸ ਖਸਮ-ਪ੍ਰਭੂ ਨੂੰ ਕਿਤੇ ਦੂਰ ਵੱਸਦਾ ਨਾਹ ਖ਼ਿਆਲ ਕਰ ਜੇਹੜਾ ਸਾਰੇ ਗੁਣਾਂ ਦਾ ਮਾਲਕ ਹੈ ਜੋ ਗੁਣਾਂ
ਕਰਕੇ ਸਭ ਤੋਂ ਸ੍ਰੇਸ਼ਟ ਹੈ।
"
ਅਗਿਆਨੁ ਅਧੇਰਾ
ਸੰਤੀ ਕਾਟਿਆ ਜੀਅ ਦਾਨੁ ਗੁਰ ਦੈਣੀ।।
ਕਰਿ ਕਿਰਪਾ ਕਰਿ ਲੀਨੋ ਅਪੁਨਾ ਜਲਤੇ ਸੀਤਲ ਹੋਣੀ।। {ਦੇਵਗੰਧਾਰੀ ੫, ਪੰਨਾ
੫੩੦}
ਹੇ ਭਾਈ
!
ਸੰਤ ਜਨਾਂ ਨੇ (ਮੇਰੇ ਅੰਦਰੋਂ) ਅਗਿਆਨ-ਹਨੇਰਾ ਕੱਟ ਦਿੱਤਾ ਹੈ, ਦੇਣਹਾਰ ਗੁਰੂ ਨੇ ਮੈਨੂੰ
ਆਤਮਕ ਜੀਵਨ ਦੀ ਦਾਤਿ ਬਖਸ਼ੀ ਹੈ। ਪ੍ਰਭੂ ਨੇ ਮੇਹਰ ਕਰ ਕੇ ਮੈਨੂੰ ਆਪਣਾ (ਸੇਵਕ) ਬਣਾ ਲਿਆ ਹੈ
(ਤ੍ਰਿਸ਼ਨਾ-ਅੱਗ ਵਿਚ) ਸੜ ਰਿਹਾ (ਸਾਂ, ਹੁਣ) ਮੈਂ ਸ਼ਾਂਤ-ਚਿੱਤ ਹੋ ਗਿਆ ਹਾਂ।
"
ਸੰਤਨ ਕਾ
ਦਾਨਾ ਰੂਖਾ ਸੋ ਸਰਬ ਨਿਧਾਨ।।
ਗ੍ਰਹਿ ਸਾਕਤ ਛਤੀਹ ਪ੍ਰਕਾਰ ਤੇ ਬਿਖੂ ਸਮਾਨ।। " {ਬਿਲਾਵਲੁ ਮਹਲਾ ੫, ਪੰਨਾ
੮੧੧}
ਹੇ ਭਾਈ
!
ਗੁਰਮੁਖਾਂ ਦੇ ਘਰ ਦੀ ਰੁੱਖੀ ਰੋਟੀ (ਜੇ ਮਿਲੇ ਤਾਂ ਉਸ ਨੂੰ ਦੁਨੀਆ ਦੇ) ਸਾਰੇ ਖ਼ਜ਼ਾਨੇ
(ਸਮਝ)। ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੇ ਘਰ ਵਿੱਚ (ਜੇ) ਕਈ ਕਿਸਮਾਂ ਦੇ ਭੋਜਨ (ਮਿਲਣ,
ਤਾਂ) ਉਹ ਜ਼ਹਿਰ ਵਰਗੇ (ਜਾਣ)।
ਉਪਰੋਕਤ ਪ੍ਰਮਾਣਾਂ ਰਾਹੀਂ ਜਿਥੇ ਇਹ ਸਪੱਸ਼ਟ ਹੁੰਦਾ ਹੈ, ਕਿ ਸੰਤ ਲਫਜ਼
ਬਹੁਵਚਨ ਕਿਵੇਂ ਬਣਦਾ ਹੈ, ਉਥੇ ਇਸ ਲੇਖ ਦੇ ਵਿਸ਼ੇ ਨਾਲ ਸਬੰਧਤ, ਮਹੱਤਵ ਪੂਰਨ ਸਮਝਣ ਵਾਲੀ ਗੱਲ ਇਹ
ਹੈ, ਕਿ ਗੁਰਬਾਣੀ ਵਿੱਚ ਜਿਥੇ ਵੀ ਸੰਤ ਸ਼ਬਦ ਬਹੁਵਚਨ ਵਿੱਚ ਆਉਂਦਾ ਹੈ, ਉਥੇ ਕਿਸੇ ਇੱਕ ਵਿਸ਼ੇਸ
ਵਿਅਕਤੀ ਜਾਂ ਵਿਅਕਤੀ ਸਮੂਹ ਵਾਸਤੇ ਨਹੀਂ, ਬਲਕਿ ਅਧਿਆਤਮ ਜੀਵਨ ਦੀ ਜਗਿਆਸੂ ਸੰਗਤ ਵਾਸਤੇ ਆਉਂਦਾ
ਹੈ, ਜਿਸਨੂੰ ਗੁਰਬਾਣੀ ਵਿੱਚ ਸਤਿਸੰਗਤ ਅਤੇ ਸਾਧਸੰਗਤ ਕਿਹਾ ਗਿਆ ਹੈ। ਗੁਰਬਾਣੀ ਦਾ ਅਭਿਆਸ ਕਰਦਾ,
ਅਕਾਲ-ਪੁਰਖ ਦੀ ਸਿਫਤ-ਸਲਾਹ ਵਿੱਚ ਜੁੜਿਆਂ, ਯਾ ਅਕਾਲ-ਪੁਰਖ ਨੂੰ ਹਿਰਦੇ ਵਿੱਚ ਵਸਾ ਕੇ ਆਪਣੀ
ਸੁਕ੍ਰਿਤ ਜਾਂ ਜੀਵਨ ਦਾ ਕੋਈ ਹੋਰ ਕਾਰ-ਵਿਹਾਰ ਕਰਦਾ ਹਰ ਵਿਅਕਤੀ ਸਤਿਸੰਗਤ ਕਰ ਰਿਹਾ ਹੈ ਅਤੇ ਉਸ
ਸਮੇਂ ਸੰਤ ਹੈ। ਭਾਵੇਂ ਉਹ ਇਹ ਕਾਰਜ ਗੁਰਦੁਆਰੇ ਵਿੱਚ ਜੁੜ ਕੇ ਕਰ ਰਿਹਾ ਹੈ, ਕਿਸੇ ਮਿਤ੍ਰ ਮੰਡਲੀ
ਵਿੱਚ ਯਾ ਇਕੱਲਾ ਆਪਣੇ ਘਰ ਵਿਚ। ਸਤਿਗੁਰੂ ਨੇ ਗੁਰਬਾਣੀ ਵਿੱਚ ਵੀ ਸਤਿਸੰਗਤ ਦੀ ਪ੍ਰਭਾਸ਼ਾ ਇੰਝ
ਦੱਸੀ ਹੈ:
"ਸਤਸੰਗਤਿ ਕੈਸੀ ਜਾਣੀਐ।। ਜਿਥੈ ਏਕੋ ਨਾਮੁ ਵਖਾਣੀਐ।।
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ।। ੫।। " {ਸਿਰੀ
ਰਾਗੁ ਮਹਲਾ ੧, ਪੰਨਾ ੭੨}
ਕਿਹੋ ਜਿਹੇ ਇਕੱਠ ਨੂੰ ਸਤ ਸੰਗਤਿ ਸਮਝਣਾ ਚਾਹੀਦਾ ਹੈ? (ਸਤਸੰਗਤਿ ਉਹ ਹੈ)
ਜਿੱਥੇ ਸਿਰਫ਼ ਪਰਮਾਤਮਾ ਦਾ ਨਾਮ ਸਲਾਹਿਆ ਜਾਂਦਾ ਹੈ। ਹੇ ਨਾਨਕ! ਸਤਿਗੁਰੂ ਨੇ ਇਹ ਗੱਲ ਸਮਝਾ ਦਿੱਤੀ
ਹੈ ਕਿ (ਸਤਸੰਗਤਿ ਵਿਚ) ਸਿਰਫ਼ ਪਰਮਾਤਮਾ ਦਾ ਨਾਮ ਜਪਣਾ ਹੀ (ਪ੍ਰਭੂ ਦਾ) ਹੁਕਮ ਹੈ। ੫।
ਇਥੇ ਇਹ ਗੱਲ ਵੀ ਸਮਝਣ ਵਾਲੀ ਹੈ ਕਿ ਸਤਿਸੰਗੀ ਸਤਿਸੰਗਤ ਵਿੱਚ ਜੁੜਿਆਂ ਹੀ
ਸੰਤ ਹੈ, ਸਗੋਂ ਸਤਿਸੰਗਤ ਵਿੱਚ ਜੁੜੇ ਸਾਰੇ ਸਤਿਸੰਗੀ ਜਨ ਉਸ ਵੇਲੇ ਸੰਤ ਹਨ, ਪਰ ਜੇ ਕੋਈ ਇਕੱਲਾ
ਆਪਣੇ ਸੰਤ ਹੋਣ ਦੇ ਦਾਅਵੇ ਕਰਦਾ ਫਿਰੇ ਤਾਂ ਗੱਲ ਸਪੱਸ਼ਟ ਹੈ ਕਿ ਉਸ ਨੇ ਸਤਿਸੰਗਤ ਦੀ ਪ੍ਰਭਾਸ਼ਾ ਹੀ
ਨਹੀਂ ਸਮਝੀ ਅਤੇ ਉਹ ਕੋਈ ਭੇਖੀ ਹੈ।
ਇਸੇ ਤਰ੍ਹਾਂ ਸਾਧੂ ਸ਼ਬਦ ਵੀ ਬਹੁਵਚਨ ਵਿੱਚ ਸਤਿਸੰਗਤਿ ਵਾਸਤੇ ਹੀ ਆਉਂਦਾ
ਹੈ। ਜਿਵੇਂ:
"ਸਾਧੋ ਮਨ ਕਾ ਮਾਨੁ ਤਿਆਗਉ।।
ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ।। " {ਰਾਗੁ ਗਉੜੀ
ਮਹਲਾ ੯, ਪੰਨਾ ੨੧੯}
ਹੇ ਸੰਤ ਜਨੋ
!
(ਆਪਣੇ) ਮਨ ਦਾ ਅਹੰਕਾਰ ਛੱਡ ਦਿਉ। ਕਾਮ ਅਤੇ
ਕ੍ਰੋਧ (ਭੀ) ਭੈੜੇ ਮਨੁੱਖ ਦੀ ਸੰਗਤਿ (ਵਾਂਗ ਹੀ) ਹੈ, ਇਸ ਤੋਂ (ਭੀ) ਦਿਨ ਰਾਤ (ਹਰ ਵੇਲੇ) ਪਰੇ
ਰਹੋ।
ਸਾਧੋ ਸ਼ਬਦ ਕਿਉਂਕਿ ਸੰਗਤ ਭਾਵ ਗੁਰਸਿੱਖਾਂ ਵਾਸਤੇ ਆਇਆ ਹੈ ਇਸੇ ਵਾਸਤੇ
ਸਤਿਗੁਰੂ ਹਉਮੈਂ ਅਤੇ ਵਿਕਾਰਾਂ ਦਾ ਤਿਆਗ ਕਰਨ ਦੀ ਸਿੱਖਿਆ ਦੇ ਰਹੇ ਹਨ। ਜੇ ਕਿਸੇ ਧਾਰਮਿਕ ਸ਼ਖਸ਼ੀਅਤ
ਵਾਸਤੇ ਆਇਆ ਹੁੰਦਾ ਤਾਂ ਉਸ ਨੂੰ ਤਾਂ ਇਹ ਗੱਲ ਕਹਿਣ ਦੀ ਜ਼ਰੂਰਤ ਹੀ ਨਹੀਂ ਹੋਣੀ ਚਾਹੀਦੀ ਕਿਉਂਕਿ
ਜੇ ਉਹ ਧਾਰਮਿਕ ਸਖਸ਼ੀਅਤ ਹੈ ਤਾਂ ਉਸ ਅੰਦਰ ਇਹ ਔਗੁਣ ਹੋਣੇ ਹੀ ਨਹੀਂ ਚਾਹੀਦੇ। ਇਸੇ ਤਰ੍ਹਾਂ ਹੇਠਲੇ
ਪ੍ਰਮਾਣ ਵਿੱਚ ਸਾਧ ਦੇ ਨਾਲ ਜਨਾ ਸ਼ਬਦ ਜੋੜਨ ਨਾਲ ਇਹ ਬਹੁਵਚਨ ਬਣ ਗਿਆ ਹੈ:
"ਜਿਨ ਕਉ ਦਇਆਲੁ ਹੋਆ ਮੇਰਾ ਸੁਆਮੀ ਤਿਨਾ ਸਾਧ ਜਨਾ ਪਗ ਚਕਟੀ।।
ਨਾਨਕ ਪਤਿਤ ਪਵਿਤ ਮਿਲਿ ਸੰਗਤਿ ਗੁਰ ਸਤਿਗੁਰ ਪਾਛੈ ਛੁਕਟੀ।। " {ਰਾਗੁ
ਦੇਵਗੰਧਾਰੀ ਮਹਲਾ ੪, ਪੰਨਾ ੫੨੮}
ਹੇ ਨਾਨਕ
!
(ਆਖ—) ਜਿਨ੍ਹਾਂ ਮਨੁੱਖਾਂ ਉਤੇ ਪਿਆਰਾ ਪ੍ਰਭੂ ਦਇਆਵਾਨ ਹੁੰਦਾ ਹੈ ਉਹ ਮਨੁੱਖ ਸੰਤ ਜਨਾਂ ਦੇ
ਭਾਵ ਸਤਿਸੰਗੀਆਂ ਦੇ ਪੈਰ ਪਰਸਦੇ ਰਹਿੰਦੇ ਹਨ। ਗੁਰੂ ਦੀ ਸੰਗਤਿ ਵਿੱਚ ਮਿਲ ਕੇ ਵਿਕਾਰੀ ਮਨੁੱਖ
ਭੀ ਚੰਗੇ ਆਚਰਨ ਵਾਲੇ ਬਣ ਜਾਂਦੇ ਹਨ, ਗੁਰੂ ਦੇ ਪਾਏ ਹੋਏ ਪੂਰਨਿਆਂ ਉੱਤੇ ਤੁਰ ਕੇ ਉਹ ਵਿਕਾਰਾਂ ਦੇ
ਪੰਜੇ ਵਿਚੋਂ ਬਚ ਨਿਕਲਦੇ ਹਨ।
ਸੁਖਮਨੀ ਬਾਣੀ ਦੀ ਸਤਵੀਂ ਪਉੜੀ ਸਾਧ ਦੇ ਬੇਅੰਤ ਗੁਣ ਦਰਸਾਉਂਦੀ ਹੈ।
ਉਪਰੋਕਤ ਪ੍ਰਮਾਣਾਂ ਤੋਂ ਇਹ ਸਪੱਸ਼ਟ ਹੈ ਕਿ ਗੁਰਬਾਣੀ ਵਿੱਚ ਇਹ ਸ਼ਬਦ ਇੱਕ ਵਚਨ ਵਿੱਚ ਗੁਰੂ ਪਾਤਿਸ਼ਾਹ
ਵਾਸਤੇ ਅਤੇ ਬਹੁਵਚਨ ਵਿੱਚ ਸਤਿਸੰਗਤ ਵਾਸਤੇ ਹੀ ਵਰਤਿਆ ਗਿਆ ਹੈ, ਸੋ ਉਥੇ ਜਿਸ ਸਾਧ ਦੀ ਵਡਿਆਈ
ਕੀਤੀ ਗਈ ਹੈ, ਉਹ ਹੋਰ ਕੋਈ ਨਹੀਂ, ਸਤਿਗੁਰੂ ਹੀ ਹਨ।
ਮਹਾਂ-ਪੁਰਖ:
ਇਸੇ ਤਰ੍ਹਾਂ ਗੁਰਬਾਣੀ ਦੇ ਹੇਠਲੇ ਪ੍ਰਮਾਣਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ
ਗੁਰੂ ਗ੍ਰੰਥ ਸਾਹਿਬ ਵਿੱਚ ਮਹਾ-ਪੁਰਖ ਸ਼ਬਦ ਵੀ ਗੁਰੂ ਵਾਸਤੇ ਹੀ ਵਰਤਿਆ ਗਿਆ ਹੈ:
"ਸਤਿਗੁਰੁ ਮਹਾ ਪੁਰਖੁ ਹੈ ਪਾਰਸੁ ਜੋ ਲਾਗੈ ਸੋ ਫਲੁ ਪਾਵੈਗੋ।। "
ਜਿਉ ਗੁਰ ਉਪਦੇਸਿ ਤਰੇ ਪ੍ਰਹਿਲਾਦਾ ਗੁਰੁ ਸੇਵਕ ਪੈਜ ਰਖਾਵੈਗੋ।। (ਕਾਨੜਾ
ਮਹਲਾ ੪, ਪੰਨਾ ੧੩੧੧)
ਹੇ ਭਾਈ! ਗੁਰੂ ਬਹੁਤ ਵੱਡਾ ਪੁਰਖ ਹੈ, ਗੁਰੂ ਪਾਰਸ ਹੈ। ਜਿਹੜਾ
ਮਨੁੱਖ (ਗੁਰੂ ਦੀ ਚਰਨੀਂ) ਲੱਗਦਾ ਹੈ ਉਹ (ਸ੍ਰੇਸ਼ਟ) ਫਲ ਪ੍ਰਾਪਤ ਕਰਦਾ ਹੈ। ਜਿਵੇਂ ਗੁਰੂ ਦੇ
ਉਪਦੇਸ਼ ਦੀ ਬਰਕਤਿ ਨਾਲ ਪ੍ਰਹਿਲਾਦ (ਆਦਿਕ ਕਈ) ਪਾਰ ਲੰਘ ਗਏ। ਹੇ ਭਾਈ! ਗੁਰੂ ਆਪਣੇ (ਸੇਵਕ) ਦੀ
ਇੱਜ਼ਤ (ਜ਼ਰੂਰ) ਰੱਖਦਾ ਹੈ।
ਉਪਰੋਕਤ ਪ੍ਰਮਾਣ ਦੀ ਪਹਿਲੀ ਪੰਕਤੀ ਵਿੱਚ ਜਿਥੇ ਸਤਿਗੁਰੂ ਨੂੰ ਮਹਾਪੁਰਖ
ਆਖਿਆ ਗਿਆ ਹੈ, ਨਾਲ ਹੀ ਦੂਸਰੀ ਪੰਕਤੀ ਵਿੱਚ ਗੁਰੂ ਪਾਰਸ ਨਾਲ ਛੂਹ ਕੇ ਕਿਵੇਂ ਆਪਣਾ ਜੀਵਨ ਸਫਲਾ
ਕੀਤਾ ਜਾਂਦਾ ਹੈ, ਉਸ ਦਾ ਪ੍ਰਮਾਣ ਵੀ ਦੇ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੇਠਲੇ ਪ੍ਰਮਾਣ ਵਿੱਚ ਵੀ
ਗੁਰੂ ਨੂੰ ਹੀ ਮਹਾਪੁਰਖ ਆਖਿਆ ਗਿਆ ਹੈ:
"ਹਰਿ ਹਰਿ ਨਾਮੁ ਸਦਾ ਸੁਖਦਾਤਾ।। ਹਰਿ ਕੈ ਰੰਗਿ ਮੇਰਾ ਮਨੁ ਰਾਤਾ।।
ਹਰਿ ਹਰਿ ਮਹਾ ਪੁਰਖੁ ਗੁਰੁ ਮੇਲਹੁ ਗੁਰ ਨਾਨਕ ਨਾਮਿ ਸੁਖੁ ਹੋਈ
ਰਾਮ।। " {ਜੈਤਸਰੀ ਮਹਲਾ ੪, ਪੰਨਾ ੬੯੩}
ਹੇ ਭਾਈ
!
ਪਰਮਾਤਮਾ ਦਾ ਨਾਮ ਸਦਾ ਸੁਖ ਦੇਣ ਵਾਲਾ ਹੈ। ਮੇਰਾ ਮਨ ਉਸ ਪਰਮਾਤਮਾ ਦੇ ਪਿਆਰ ਵਿੱਚ ਮਸਤ ਰਹਿੰਦਾ
ਹੈ। ਹੇ ਨਾਨਕ!
(ਆਖ—) ਹੇ ਹਰੀ!
ਮੈਨੂੰ ਗੁਰੂ ਮਹਾ ਪੁਰਖ ਮਿਲਾ। ਹੇ ਗੁਰੂ!
(ਤੇਰੇ ਬਖ਼ਸ਼ੇ) ਹਰਿ-ਨਾਮ ਵਿੱਚ ਜੁੜਿਆਂ ਆਤਮਕ ਆਨੰਦ ਮਿਲਦਾ ਹੈ। ੪।
ਇਨ੍ਹਾਂ ਦੋਹਾਂ ਪ੍ਰਮਾਣਾਂ ਤੋਂ ਤਾਂ ਆਪਣੇ ਆਪ ਸਪੱਸ਼ਟ ਹੋ ਰਿਹਾ ਹੈ ਕਿ
ਮਹਾਪੁਰਖ ਸ਼ਬਦ ਸਤਿਗੁਰੂ ਵਾਸਤੇ ਵਰਤਿਆ ਗਿਆ ਹੈ, ਇੱਕ ਤੀਸਰਾ ਪ੍ਰਮਾਣ ਹੋਰ ਵੇਖੀਏ:
"ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ।। ਇਹ ਬਾਣੀ ਮਹਾ ਪੁਰਖ
ਕੀ ਨਿਜ ਘਰਿ ਵਾਸਾ ਹੋਇ।। "
{ਰਾਮਕਲੀ ਮਹਲਾ ੧, ਪੰਨਾ ੯੩੫}
ਕੋਈ ਵਿਰਲਾ ਗੁਰਮੁਖ ਸਤਿਗੁਰੂ ਦੀ ਬਾਣੀ ਨੂੰ ਵਿਚਾਰਦਾ ਹੈ; ਉਹ ਬਾਣੀ
ਸਤਿਗੁਰੂ ਦੀ (ਐਸੀ) ਹੈ ਕਿ (ਇਸ ਦੀ ਵਿਚਾਰ ਨਾਲ) ਮਨੁੱਖ ਸ੍ਵੈ-ਸਰੂਪ ਵਿੱਚ ਟਿਕ ਜਾਂਦਾ ਹੈ।
ਇਥੇ ਬਾਣੀ ਦੀ ਵਿਚਾਰ ਕਰਨ ਵਾਲੇ ਨੂੰ ਗੁਰਮੁਖ ਆਖਿਆ ਗਿਆ ਹੈ ਅਤੇ ਨਾਲ ਇਹ
ਦ੍ਰਿੜ ਕਰਾਇਆ ਗਿਆ ਹੈ ਕਿ ਬਾਣੀ ਮਹਾਪੁਰਖ ਦੀ ਹੈ। ਹੁਣ ਭਲਾ ਇਸ ਵਿੱਚ ਕਿਸ ਨੂੰ ਕੋਈ ਸ਼ੱਕ ਹੋ
ਸਕਦਾ ਹੈ ਕਿ ਗੁਰਬਾਣੀ ਸਤਿਗੁਰੂ ਦੀ ਹੈ। ਸੋ ਇਨ੍ਹਾਂ ਸਾਰੇ ਪ੍ਰਮਾਣਾਂ ਵਿਚੋਂ ਹੀ ਸਪਸ਼ਟ ਹੋ ਰਿਹਾ
ਹੈ ਕਿ ਮਹਾਪੁਰਖ ਲਫਜ਼ ਗੁਰੂ ਪਾਤਿਸ਼ਾਹ ਵਾਸਤੇ ਵਰਤਿਆ ਗਿਆ ਹੈ। ਫਿਰ ਜਦੋਂ ਅਸੀਂ ਇਹ ਸ਼ਬਦ ਕਿਸੇ
ਦੁਨਿਆਵੀ ਵਿਅਕਤੀ ਵਾਸਤੇ ਵਰਤਦੇ ਹਾਂ ਤਾਂ ਕੀ ਅਸੀਂ ਉਸ ਵਿਅਕਤੀ ਦੀ ਬਰਾਬਰੀ ਸਤਿਗੁਰੂ ਨਾਲ ਕਰਕੇ
ਸਤਿਗੁਰੂ ਦਾ ਅਪਮਾਨ ਨਹੀਂ ਕਰ ਰਹੇ ਹੁੰਦੇ?
ਬ੍ਰਹਮਗਿਆਨੀ
ਇਹ ਸ਼ਬਦ ਵੀ ਅੱਜ ਕੱਲ ਤਕਰੀਬਨ ਹਰ ‘ਅਖੌਤੀ` ਸਿੱਖ ਸਾਧ ਵਲੋਂ ਆਪਣੀ ਡਿਗਰੀ
ਦੇ ਤੌਰ ਤੇ ਵਰਤਿਆ ਜਾ ਰਿਹਾ ਹੈ। ਬਲਕਿ ਇਹ ਤਾਂ ਸਤਿਗੁਰੂ ਤੋਂ ਵੀ ਬਹੁਤ ਅੱਗੇ ਨਿਕਲ ਗਏ ਹਨ,
ਕਿਉਂਕਿ ਇਨ੍ਹਾਂ ਦੇ ਛਪਦੇ ਇਸ਼ਤਿਹਾਰਾਂ ਵਿੱਚ ਅਕਸਰ ਇਨ੍ਹਾਂ ਨੂੰ ‘ਪੂਰਨ ਬ੍ਰਹਮਗਿਆਨੀ` ਲਿਖਿਆ
ਜਾਂਦਾ ਹੈ। ਇਸ ਵਿੱਚ ਕੋਈ ਸ਼ਕ ਨਹੀਂ ਕਿ ਗੁਰਬਾਣੀ ਬ੍ਰਹਮਗਿਆਨੀ ਦੀ ਬੇਅੰਤ ਉਪਮਾ ਦਸਦੀ ਹੈ। ਗਉੜੀ
ਰਾਗ ਵਿੱਚ ਸੁਖਮਨੀ ਬਾਣੀ ਦੀ ਅਠਵੀਂ ਪੂਰੀ ਅਸ਼ਟਪਦੀ ਸਤਿਗੁਰੂ ਅਰਜੁਨ ਪਾਤਿਸ਼ਾਹ ਨੇ ਬ੍ਰਹਮ ਗਿਆਨੀ
ਦੀਆਂ ਵਡਿਆਈਆਂ ਵਿੱਚ ਹੀ ਉਚਾਰਨ ਕੀਤੀ ਹੈ। ਇਸੇ ਅਸ਼ਟਪਦੀ ਵਿੱਚ ਸਤਿਗੁਰੂ ਨੇ ਬ੍ਰਹਮਗਿਆਨੀ ਦੀ
ਅਵਸਥਾ ਬਿਆਨ ਕੀਤੀ ਹੈ, ਉਸ ਦੇ ਕੁੱਝ ਵਿਸ਼ੇਸ ਗੁਣ ਦੱਸੇ ਹਨ। ਆਓ ਜਰ੍ਹਾ ਇਨ੍ਹਾਂ ਵਿਚੋਂ ਕੁੱਝ
ਗੁਣਾਂ ਨੂੰ ਵਿਚਾਰੀਏ:
"ਬ੍ਰਹਮਗਿਆਨੀ ਸਦਾ ਨਿਰਲੇਪ।। ਜੈਸੇ ਜਲ ਮਹਿ ਕਮਲ ਅਲੇਪ।। ਬ੍ਰਹਮਗਿਆਨੀ
ਸਦਾ ਨਿਰਦੋਖ।। ਜੈਸੇ ਸੂਰੁ ਸਰਬ ਕਉ ਸੋਖ।। ਬ੍ਰਹਮਗਿਆਨੀ ਕੈ ਦ੍ਰਿਸਟਿ ਸਮਾਨਿ।। ਜੈਸੇ ਰਾਜ ਰੰਕ
ਕਉ ਲਾਗੈ ਤੁਲਿ ਪਵਾਨ।। ਬ੍ਰਹਮਗਿਆਨੀ ਕੈ ਧੀਰਜੁ ਏਕ।। ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ।।
ਬ੍ਰਹਮਗਿਆਨੀ ਕਾ ਇਹੈ ਗੁਨਾਉ।। ਨਾਨਕ ਜਿਉ ਪਾਵਕ ਕਾ ਸਹਜ ਸੁਭਾਉ।। ੧।। " {ਗਉੜੀ ਸੁਖਮਨੀ ਮਃ
੫, ਪੰਨਾ ੨੭੨}
ਬ੍ਰਹਮਗਿਆਨੀ (ਮਨੁੱਖ ਵਿਕਾਰਾਂ ਵਲੋਂ) ਸਦਾ-ਬੇਦਾਗ਼ (ਰਹਿੰਦੇ ਹਨ) ਜਿਵੇਂ
ਪਾਣੀ ਵਿੱਚ (ਉੱਗੇ ਹੋਏ) ਕਉਲ ਫੁੱਲ (ਚਿੱਕੜ ਤੋਂ) ਸਾਫ਼ ਹੁੰਦੇ ਹਨ। ਜਿਵੇਂ ਸੂਰਜ ਸਾਰੇ (ਰਸਾਂ)
ਨੂੰ ਸੁਕਾ ਦੇਂਦਾ ਹੈ (ਤਿਵੇਂ) ਬ੍ਰਹਮਗਿਆਨੀ (ਮਨੁੱਖ) (ਸਾਰੇ ਪਾਪਾਂ ਨੂੰ ਸਾੜ ਦੇਂਦੇ ਹਨ) ਪਾਪਾਂ
ਤੋਂ ਬਚੇ ਰਹਿੰਦੇ ਹਨ। ਜਿਵੇਂ ਹਵਾ ਰਾਜੇ ਤੇ ਕੰਗਾਲ ਨੂੰ ਇਕੋ ਜਿਹੀ ਲੱਗਦੀ ਹੈ (ਤਿਵੇਂ)
ਬ੍ਰਹਮਗਿਆਨੀ ਦੇ ਅੰਦਰ (ਸਭ ਵਲ) ਇਕੋ ਜਿਹੀ ਨਜ਼ਰ (ਨਾਲ ਤੱਕਣ ਦਾ ਸੁਭਾਉ ਹੁੰਦਾ) ਹੈ। (ਕੋਈ ਭਲਾ
ਕਹੇ ਭਾਵੇਂ ਬੁਰਾ, ਪਰ) ਬ੍ਰਹਮਗਿਆਨੀ ਮਨੁੱਖਾਂ ਦੇ ਅੰਦਰ ਇਕ-ਤਾਰ ਹੌਸਲਾ (ਕਾਇਮ ਰਹਿੰਦਾ) ਹੈ,
ਜਿਵੇਂ ਧਰਤੀ ਨੂੰ ਕੋਈ ਤਾਂ ਖੋਤਰਦਾ ਹੈ, ਤੇ ਕੋਈ ਚੰਦਨ ਦੇ ਲੇਪਣ ਕਰਦਾ ਹੈ (ਪਰ ਧਰਤੀ ਨੂੰ ਪਰਵਾਹ
ਨਹੀਂ)। ਹੇ ਨਾਨਕ
!
ਜਿਵੇਂ ਅੱਗ ਦਾ ਕੁਦਰਤੀ ਸੁਭਾਉ ਹੈ (ਹਰੇਕ ਚੀਜ਼ ਦੀ ਮੈਲ ਸਾੜ ਦੇਣੀ) (ਤਿਵੇਂ) ਬ੍ਰਹਮਗਿਆਨੀ
ਮਨੁੱਖਾਂ ਦਾ (ਭੀ) ਇਹੀ ਗੁਣ ਹੈ।
"
ਬ੍ਰਹਮਗਿਆਨੀ
ਸਗਲ ਕੀ ਰੀਨਾ।। ਆਤਮ ਰਸੁ ਬ੍ਰਹਮਗਿਆਨੀ ਚੀਨਾ।। ਬ੍ਰਹਮਗਿਆਨੀ ਕੀ ਸਭ ਊਪਰਿ ਮਇਆ।। ਬ੍ਰਹਮਗਿਆਨੀ
ਤੇ ਕਛੁ ਬੁਰਾ ਨ ਭਇਆ।। ਬ੍ਰਹਮਗਿਆਨੀ ਸਦਾ ਸਮਦਰਸੀ।। ਬ੍ਰਹਮਗਿਆਨੀ ਕੀ ਦ੍ਰਿਸਟਿ ਅੰਮ੍ਰਿਤੁ
ਬਰਸੀ।। ਬ੍ਰਹਮਗਿਆਨੀ ਬੰਧਨ ਤੇ ਮੁਕਤਾ।। ਬ੍ਰਹਮਗਿਆਨੀ ਕੀ ਨਿਰਮਲ ਜੁਗਤਾ।। ਬ੍ਰਹਮਗਿਆਨੀ ਕਾ
ਭੋਜਨੁ ਗਿਆਨ।। ਨਾਨਕ ਬ੍ਰਹਮਗਿਆਨੀ ਕਾ ਬ੍ਰਹਮ ਧਿਆਨੁ।। ੩।। " {ਪੰਨਾ ੨੭੨-੨੭੩}
ਬ੍ਰਹਮਗਿਆਨੀ ਸਾਰੇ (ਬੰਦਿਆਂ) ਦੇ ਪੈਰਾਂ ਦੀ ਖ਼ਾਕ (ਹੋ ਕੇ ਰਹਿੰਦਾ) ਹੈ;
ਬ੍ਰਹਮਗਿਆਨੀ ਨੇ ਆਤਮਕ ਆਨੰਦ ਨੂੰ ਪਛਾਣ ਲਿਆ ਹੈ। ਬ੍ਰਹਮਗਿਆਨੀ ਦੀ ਸਭ ਉਤੇ ਖ਼ੁਸ਼ੀ ਹੁੰਦੀ ਹੈ
(ਭਾਵ, ਬ੍ਰਹਮ-ਗਿਆਨੀ ਸਭ ਨਾਲ ਹੱਸਦੇ-ਮੱਥੇ ਰਹਿੰਦਾ ਹੈ,) ਅਤੇ ਉਹ ਕੋਈ ਮੰਦਾ ਕੰਮ ਨਹੀਂ ਕਰਦਾ।
ਬ੍ਰਹਮਗਿਆਨੀ ਸਦਾ ਸਭ ਵਲ ਇਕੋ ਜਿਹੀ ਨਜ਼ਰ ਨਾਲ ਤੱਕਦਾ ਹੈ, ਉਸ ਦੀ ਨਜ਼ਰ ਤੋਂ (ਸਭ ਉਤੇ) ਅੰਮ੍ਰਿਤ
ਦੀ ਵਰਖਾ ਹੁੰਦੀ ਹੈ। ਬ੍ਰਹਮਗਿਆਨੀ (ਮਾਇਆ ਦੇ) ਬੰਧਨਾਂ ਤੋਂ ਆਜ਼ਾਦ ਹੁੰਦਾ ਹੈ, ਅਤੇ ਉਸ ਦੀ
ਜੀਵਨ-ਜੁਗਤੀ ਵਿਕਾਰਾਂ ਤੋਂ ਰਹਿਤ ਹੈ। (ਰੱਬੀ-) ਗਿਆਨ ਬ੍ਰਹਮਗਿਆਨੀ ਦੀ ਖ਼ੁਰਾਕ ਹੈ (ਭਾਵ,
ਬ੍ਰਹਮਗਿਆਨੀ ਦੀ ਆਤਮਕ ਜ਼ਿੰਦਗੀ ਦਾ ਆਸਰਾ ਹੈ), ਹੇ ਨਾਨਕ
!
ਬ੍ਰਹਮਗਿਆਨੀ ਦੀ ਸੁਰਤਿ ਅਕਾਲ ਪੁਰਖ ਨਾਲ ਜੁੜੀ ਰਹਿੰਦੀ ਹੈ।
"
ਬ੍ਰਹਮਗਿਆਨੀ ਸਭ
ਸ੍ਰਿਸਟਿ ਕਾ ਕਰਤਾ।। ਬ੍ਰਹਮਗਿਆਨੀ ਸਦ ਜੀਵੈ ਨਹੀ ਮਰਤਾ।। ਬ੍ਰਹਮਗਿਆਨੀ ਮੁਕਤਿ ਜੁਗਤਿ ਜੀਅ ਕਾ
ਦਾਤਾ।। ਬ੍ਰਹਮਗਿਆਨੀ ਪੂਰਨ ਪੁਰਖੁ ਬਿਧਾਤਾ।। ਬ੍ਰਹਮਗਿਆਨੀ ਅਨਾਥ ਕਾ ਨਾਥੁ।। ਬ੍ਰਹਮਗਿਆਨੀ ਕਾ ਸਭ
ਊਪਰਿ ਹਾਥੁ।। ਬ੍ਰਹਮਗਿਆਨੀ ਕਾ ਸਗਲ ਅਕਾਰੁ।। ਬ੍ਰਹਮਗਿਆਨੀ ਆਪਿ ਨਿਰੰਕਾਰੁ।। ਬ੍ਰਹਮਗਿਆਨੀ ਕੀ
ਸੋਭਾ ਬ੍ਰਹਮਗਿਆਨੀ ਬਣੀ।। ਨਾਨਕ ਬ੍ਰਹਮਗਿਆਨੀ ਸਰਬ ਕਾ ਧਨੀ।। "
{ਗਉੜੀ ਸੁਖਮਨੀ ਮਃ ੫, ਪੰਨਾ ੨੭੩-੨੭੪}
ਬ੍ਰਹਮਗਿਆਨੀ ਸਾਰੇ ਜਗਤ ਦਾ ਬਣਾਉਣ ਵਾਲਾ ਹੈ, ਸਦਾ ਹੀ ਜਿਊਂਦਾ ਹੈ, ਕਦੇ
(ਜਨਮ) ਮਰਨ ਦੇ ਗੇੜ ਵਿੱਚ ਨਹੀਂ ਆਉਂਦਾ। ਬ੍ਰਹਮਗਿਆਨੀ ਮੁਕਤੀ ਦਾ ਰਾਹ (ਦੱਸਣ ਵਾਲਾ ਤੇ ਉੱਚੀ
ਆਤਮਕ) ਜ਼ਿੰਦਗੀ ਦਾ ਦੇਣ ਵਾਲਾ ਹੈ, ਉਹੀ ਪੂਰਨ ਪੁਰਖ ਤੇ ਕਾਦਰ ਹੈ। ਬ੍ਰਹਮਗਿਆਨੀ ਨਿਖ਼ਸਮਿਆਂ ਦਾ
ਖ਼ਸਮ ਹੈ, ਸਭ ਦੀ ਸਹਾਇਤਾ ਕਰਦਾ ਹੈ। ਸਾਰਾ ਦਿੱਸਦਾ ਜਗਤ ਬ੍ਰਹਮਗਿਆਨੀ ਦਾ (ਆਪਣਾ) ਹੈ, ਉਹ (ਤਾਂ
ਪ੍ਰਤੱਖ) ਆਪ ਹੀ ਰੱਬ ਹੈ। ਬ੍ਰਹਮਗਿਆਨੀ ਦੀ ਮਹਿਮਾ (ਕੋਈ) ਬ੍ਰਹਮਗਿਆਨੀ ਹੀ ਕਰ ਸਕਦਾ ਹੈ; ਹੇ
ਨਾਨਕ
!
ਬ੍ਰਹਮਗਿਆਨੀ ਸਭ ਜੀਵਾਂ ਦਾ ਮਾਲਕ ਹੈ।
ਅਸੀਂ ਆਪ ਹੀ ਵਿਚਾਰ ਲਈਏ, ਕਿ ਕੀ ਇਹ ਗੁਣ ਕਿਸੇ ਆਮ ਦੁਨਿਆਵੀ ਵਿਅਕਤੀ
ਵਿੱਚ ਹੋ ਸਕਦੇ ਹਨ। ਜਿਸ ਵੇਲੇ ਕੋਈ ਇੱਕ ਬਾਬਾ ਮਰਦਾ ਹੈ, ਉਸ ਦੇ ਚੇਲਿਆਂ ਵਿੱਚ ਗੱਦੀ ਵਾਸਤੇ
ਲੜਾਈਆਂ ਹੁੰਦੀਆਂ ਅਤੇ ਫੇਰ ਇੱਕ ਦੀਆਂ ਤਿੰਨ-ਚਾਰ ਗੱਦੀਆਂ ਬਣਦੀਆਂ ਅਕਸਰ ਵੇਖੀਆਂ ਜਾਂਦੀਆਂ ਹਨ,
ਤਕਰੀਬਨ ਬਹੁਤੇ ਡੇਰਿਆਂ ਤੇ ਧੀਆਂ ਭੈਣਾਂ ਦੀ ਪੱਤ ਲੁੱਟੀ ਜਾਣ ਦੀਆਂ ਖਬਰਾਂ, ਇੱਕ ਆਮ ਜਿਹੀ ਗੱਲ
ਹੈ। ਦੂਸਰਿਆਂ ਨੂੰ ਮਾਇਆ ਤੋਂ ਨਿਰਲੇਪ ਰਹਿਣ ਦੀ ਸਿਖਿਆ ਦੇਣ ਵਾਲਿਆਂ ਕੋਲ ਆਪ ਸਿਵਾਏ ਮਾਇਆ ਦੇ
ਹੋਰ ਕੋਈ ਧੰਦਾ ਹੀ ਨਹੀਂ। ਡੇਰਿਆਂ ਦੇ ਨਾਂ ਤੇ ਆਲੀਸ਼ਾਨ ਮਹਿਲ, ਸੇਵਾਦਾਰਾਂ ਦੇ ਨਾਂ ਤੇ ਚਾਕਰਾਂ
ਦੀ ਫੌਜ, ਤੱਪ ਅਸਥਾਨ ਜਾਂ ਸੱਚਖੰਡ ਦੇ ਨਾਂ ਤੇ ਠੰਡੀ ਹਵਾ ਵਾਲਾ (
Air-conditioned)
ਕਮਰਾ (ਭਾਵੇਂ ਏਅਰ ਕੰਡੀਸ਼ਨਰ ਕਿਤੇ ਲੁਕਾ ਕੇ ਹੀ ਲਾਇਆ ਹੋਵੇ), ਅਤੇ ਵੱਡੀਆਂ ਵੱਡੀਆਂ ਕੀਮਤੀ
ਗੱਡੀਆਂ। ਜਿਨੀ ਵੱਡੀ ਗੱਡੀ, ਓਨਾ ਵੱਡਾ ਬਾਬਾ। ਕੀ ਐਸੇ ਈਰਖਾ, ਦਵੈਸ਼, ਕਾਮ, ਤ੍ਰਿਸ਼ਨਾ, ਅਹੰਕਾਰ
ਜਿਹੇ ਵਿਕਾਰਾਂ ਵਿੱਚ ਗਲਤਾਨ ਵਿਅਕਤੀਆਂ ਵਾਸਤੇ ਸਤਿਗੁਰੂ ਨੇ ਬ੍ਰਹਮਗਿਆਨੀ ਦਾ ਸਨਮਾਨ ਵਰਤਿਆ ਹੈ?
ਪਰ ਦੁੱਖ ਦੀ ਗੱਲ ਹੈ ਕਿ ਅੰਧੀ ਸ਼ਰਧਾ ਅਧੀਨ, ਇਨ੍ਹਾਂ ਦੇ ਸ਼ਰਧਾਲੂਆਂ ਨੂੰ ਇਹ ਸਾਰੇ ਔਗੁਣ ਨਜ਼ਰ
ਨਹੀਂ ਆਉਂਦੇ ਅਤੇ ਉਹ ਇਨ੍ਹਾਂ ਦੁਆਰਾ ਆਪੇ ਲਾਈ, ਬ੍ਰਹਮਗਿਆਨੀ ਦੀ ਇਸ ਡਿਗਰੀ ਨੂੰ ਸੱਚ ਸਮਝ ਕੇ
ਇਨ੍ਹਾਂ ਦੀ ਪੂਜਾ ਵਿੱਚ ਲੱਗੇ ਹੋਏ ਹਨ।
ਜੇ ਗੁਰਬਾਣੀ ਨੂੰ ਗਹੁ ਨਾਲ ਵਿਚਾਰੀਏ ਤਾ ਪਤਾ ਲਗਦਾ ਹੈ ਕਿ ਜੋ ਗੁਣ ਉਪਰ
ਬ੍ਰਹਮਗਿਆਨੀ ਦੇ ਦੱਸੇ ਹਨ, ਇਹੀ ਸਭ ਗੁਣ ਤਾਂ ਬਾਰ ਬਾਰ ਸਤਿਗੁਰੂ ਦੇ ਵੀ ਦਸੇ ਹਨ। ਹੇਠਲੇ ਕੁੱਝ
ਪ੍ਰਮਾਣ ਗੱਲ ਨੂੰ ਹੋਰ ਸਪੱਸ਼ਟ ਕਰ ਦੇਣਗੇ:
"ਸਫਲ ਮੂਰਤਿ ਗੁਰਦੇਉ ਸੁਆਮੀ ਸਰਬ ਕਲਾ ਭਰਪੂਰੇ।। ਨਾਨਕ ਗੁਰੁ
ਪਾਰਬ੍ਰਹਮੁ ਪਰਮੇਸਰੁ ਸਦਾ ਸਦਾ ਹਜੂਰੇ।। "
{ਰਾਗੁ ਬਿਲਾਵਲੁ ਮਹਲਾ ੫, ਪੰਨਾ ੮੦੨}
ਹੇ ਭਾਈ
!
ਗੁਰੂ ਸੁਆਮੀ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰਨ ਦੇ ਸਮਰੱਥ ਹੈ (ਕਿਉਂਕਿ) ਉਹ ਸਾਰੀਆਂ ਤਾਕਤਾਂ ਦਾ
ਮਾਲਕ ਹੈ ।
ਹੇ ਨਾਨਕ !
ਗੁਰੂ ਪਰਮਾਤਮਾ ਦਾ ਰੂਪ ਹੈ ।
(ਆਪਣੇ ਸੇਵਕਾਂ ਦੇ) ਸਦਾ ਹੀ ਅੰਗ-ਸੰਗ ਰਹਿੰਦਾ ਹੈ ।
"
ਸਲੋਕੁ।।
ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ।। ਗੁਰਦੇਵ ਸਖਾ ਅਗਿਆਨ ਭੰਜਨੁ ਗੁਰਦੇਵ
ਬੰਧਿਪ ਸਹੋਦਰਾ।। ਗੁਰਦੇਵ ਦਾਤਾ ਹਰਿ ਨਾਮੁ ਉਪਦੇਸੈ ਗੁਰਦੇਵ ਮੰਤੁ ਨਿਰੋਧਰਾ।। ਗੁਰਦੇਵ ਸਾਂਤਿ
ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸ ਪਰਾ।। ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ
ਅਪਰੰਪਰਾ।। ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ।। ਗੁਰਦੇਵ ਆਦਿ ਜੁਗਾਦਿ ਜੁਗੁ
ਜੁਗੁ ਗੁਰਦੇਵ ਮੰਤੁ ਹਰਿ ਜਪਿ ਉਧਰਾ।। ਗੁਰਦੇਵ ਸੰਗਤਿ ਪ੍ਰਭ ਮੇਲਿ ਕਰਿ ਕਿਰਪਾ ਹਮ ਮੂੜ ਪਾਪੀ
ਜਿਤੁ ਲਗਿ ਤਰਾ।। ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਰਾ।। ੧।। " {ਗਉੜੀ
ਬਾਵਨ ਅਖਰੀ ਮਹਲਾ ੫, ਪੰਨਾ ੨੬੨}
ਗੁਰੂ ਹੀ ਮਾਂ ਹੈ, ਗੁਰੂ ਹੀ ਪਿਉ ਹੈ (ਗੁਰੂ ਹੀ ਆਤਮਕ ਜਨਮ ਦੇਣ ਵਾਲਾ
ਹੈ), ਗੁਰੂ ਮਾਲਕ-ਪ੍ਰਭੂ ਦਾ ਰੂਪ ਹੈ। ਗੁਰੂ (ਮਾਇਆ ਦੇ ਮੋਹ ਦਾ) ਹਨੇਰਾ ਨਾਸ ਕਰਨ ਵਾਲਾ ਮਿੱਤਰ
ਹੈ, ਗੁਰੂ ਹੀ (ਤੋੜ ਨਿਭਣ ਵਾਲਾ) ਸੰਬੰਧੀ ਤੇ ਭਰਾ ਹੈ। ਗੁਰੂ (ਅਸਲੀ) ਦਾਤਾ ਹੈ ਜੋ ਪ੍ਰਭੂ ਦਾ
ਨਾਮ ਉਪਦੇਸ਼ਦਾ ਹੈ, ਗੁਰੂ ਦਾ ਉਪਦੇਸ਼ ਐਸਾ ਹੈ ਜਿਸ ਦਾ ਅਸਰ (ਕੋਈ ਵਿਕਾਰ ਆਦਿਕ) ਗਵਾ ਨਹੀਂ ਸਕਦਾ।
ਗੁਰੂ ਸ਼ਾਂਤੀ ਸੱਚ ਅਤੇ ਅਕਲ ਦਾ ਸਰੂਪ ਹੈ, ਗੁਰੂ ਇੱਕ ਐਸਾ ਪਾਰਸ ਹੈ ਜਿਸ ਦੀ ਛੋਹ ਪਾਰਸ ਦੀ ਛੋਹ
ਨਾਲੋਂ ਸ੍ਰੇਸ਼ਟ ਹੈ। ਗੁਰੂ (ਸੱਚਾ) ਤੀਰਥ ਹੈ, ਅੰਮ੍ਰਿਤ ਦਾ ਸਰੋਵਰ ਹੈ, ਗੁਰੂ ਦੇ ਗਿਆਨ (-ਜਲ) ਦਾ
ਇਸ਼ਨਾਨ (ਹੋਰ ਸਾਰੇ ਤੀਰਥਾਂ ਦੇ ਇਸ਼ਨਾਨ ਨਾਲੋਂ) ਬਹੁਤ ਹੀ ਸ੍ਰੇਸ਼ਟ ਹੈ। ਗੁਰੂ ਕਰਤਾਰ ਦਾ ਰੂਪ ਹੈ,
ਸਾਰੇ ਪਾਪਾਂ ਨੂੰ ਦੂਰ ਕਰਨ ਵਾਲਾ ਹੈ, ਗੁਰੂ ਵਿਕਾਰੀ ਬੰਦਿਆਂ (ਦੇ ਹਿਰਦੇ) ਨੂੰ ਪਵਿੱਤਰ ਕਰਨ
ਵਾਲਾ ਹੈ। ਜਦੋਂ ਤੋਂ ਜਗਤ ਬਣਿਆ ਹੈ ਗੁਰੂ ਸ਼ੂਰੂ ਤੋਂ ਹੀ ਹਰੇਕ ਜੁਗ ਵਿੱਚ (ਪਰਮਾਤਮਾ ਦੇ ਨਾਮ ਦਾ
ਉਪਦੇਸ਼-ਦਾਤਾ) ਹੈ। ਗੁਰੂ ਦਾ ਦਿੱਤਾ ਹੋਇਆ ਹਰਿ-ਨਾਮ ਮੰਤ੍ਰ ਜਪ ਕੇ (ਸੰਸਾਰ-ਸਮੁੰਦਰ ਦੇ ਵਿਕਾਰਾਂ
ਦੀਆਂ ਲਹਿਰਾਂ ਤੋਂ) ਪਾਰ ਲੰਘ ਜਾਈਦਾ ਹੈ। ਹੇ ਪ੍ਰਭੂ
!
ਮਿਹਰ ਕਰ, ਸਾਨੂੰ ਗੁਰੂ ਦੀ ਸੰਗਤਿ ਦੇਹ, ਤਾ ਕਿ ਅਸੀ ਮੂਰਖ ਪਾਪੀ ਉਸ ਦੀ ਸੰਗਤਿ ਵਿੱਚ (ਰਹਿ ਕੇ)
ਤਰ ਜਾਈਏ। ਗੁਰੂ ਪਰਮੇਸਰ ਪਾਰਬ੍ਰਹਮ ਦਾ ਰੂਪ ਹੈ। ਹੇ ਨਾਨਕ !
ਹਰੀ ਦੇ ਰੂਪ ਗੁਰੂ ਨੂੰ (ਸਦਾ) ਨਮਸਕਾਰ ਕਰਨੀ ਚਾਹੀਦੀ ਹੈ।
"
ਸਿਰੀ ਰਾਗੁ
ਮਹਲਾ ੫।।
ਗੁਰੁ ਪਰਮੇਸੁਰੁ ਪੂਜੀਐ ਮਨਿ ਤਨਿ ਲਾਇ ਪਿਆਰੁ।। ਸਤਿਗੁਰੁ ਦਾਤਾ ਜੀਅ ਕਾ ਸਭਸੈ ਦੇਇ ਅਧਾਰੁ।।
ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵੀਚਾਰੁ।। ਬਿਣੁ ਸਾਧੂ ਸੰਗਤਿ ਰਤਿਆ ਮਾਇਆ ਮੋਹੁ ਸਭੁ ਛਾਰੁ।। ੧।।
ਮੇਰੇ ਸਾਜਨ ਹਰਿ ਹਰਿ ਨਾਮੁ ਸਮਾਲਿ।। ਸਾਧੂ ਸੰਗਤਿ ਮਨਿ ਵਸੈ ਪੂਰਨ ਹੋਵੈ ਘਾਲ।। ੧।। ਰਹਾਉ।।
ਗੁਰੁ ਸਮਰਥੁ ਅਪਾਰੁ ਗੁਰੁ ਵਡਭਾਗੀ ਦਰਸਨੁ ਹੋਇ।। ਗੁਰੁ ਅਗੋਚਰੁ ਨਿਰਮਲਾ ਗੁਰ ਜੇਵਡੁ ਅਵਰੁ ਨ
ਕੋਇ।। ਗੁਰੁ ਕਰਤਾ ਗੁਰੁ ਕਰਣਹਾਰੁ ਗੁਰਮੁਖਿ ਸਚੀ ਸੋਇ।। ਗੁਰ ਤੇ ਬਾਹਰਿ ਕਿਛੁ ਨਹੀ ਗੁਰੁ ਕੀਤਾ
ਲੋੜੇ ਸੁ ਹੋਇ।। ੨।। ਗੁਰੁ ਤੀਰਥੁ ਗੁਰੁ ਪਾਰਜਾਤੁ ਗੁਰੁ ਮਨਸਾ ਪੂਰਣਹਾਰੁ।। ਗੁਰੁ ਦਾਤਾ ਹਰਿਨਾਮੁ
ਦੇਇ ਉਧਰੈ ਸਭੁ ਸੰਸਾਰੁ।। ਗੁਰੁ ਸਮਰਥੁ ਗੁਰੁ ਨਿਰੰਕਾਰੁ ਗੁਰੁ ਊਚਾ ਅਗਮ ਅਪਾਰੁ।। ਗੁਰ ਕੀ ਮਹਿਮਾ
ਅਗਮ ਹੈ ਕਿਆ ਕਥੈ ਕਥਨਹਾਰੁ।। ੩।। ਜਿਤਨੇ ਫਲ ਮਨਿ ਬਾਛੀਅਹਿ ਤਿਤੜੇ ਸਤਿਗੁਰ ਪਾਸਿ।। ਪੂਰਬਿ ਲਿਖੇ
ਪਾਵਣੇ ਸਾਚੁ ਨਾਮੁ ਦੇ ਰਾਸਿ।। ਸਤਿਗੁਰ ਸਰਣੀ ਆਇਆਂ ਬਾਹੁੜਿ ਨਹੀ ਬਿਣਾਸੁ।। ਹਰਿ ਨਾਨਕ ਕਦੇ ਨ
ਵਿਸਰਉ ਏਹੁ ਜੀਉ ਪਿੰਡੁ ਤੇਰਾ ਸਾਸੁ।। ੪।। " {ਪੰਨਾ
੫੨}
ਹੇ ਮੇਰੇ ਮਿੱਤਰ
!
ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿੱਚ ਵਸਾ (ਤੇ ਗੁਰੂ ਦੇ ਚਰਨਾਂ ਵਿੱਚ ਟਿਕਿਆ ਰਹੁ)। ਗੁਰੂ ਦੀ
ਸੰਗਿਤ ਵਿੱਚ ਰਿਹਾਂ (ਪਰਮਾਤਮਾ ਦਾ ਨਾਮ) ਮਨ ਵਿੱਚ ਵੱਸਦਾ ਹੈ, ਤੇ ਮਿਹਨਤ ਸਫਲ ਹੋ ਜਾਂਦੀ ਹੈ। ੧।
ਰਹਾਉ।
ਗੁਰੂ ਪਰਮਾਤਮਾ (ਦਾ ਰੂਪ) ਹੈ (ਗੁਰੂ ਵਾਸਤੇ ਆਪਣੇ) ਮਨ ਵਿੱਚ ਹਿਰਦੇ ਵਿੱਚ
ਪਿਆਰ ਬਣਾ ਕੇ (ਉਸ ਨੂੰ) ਆਪਣੇ ਹਿਰਦੇ ਵਿੱਚ ਆਦਰ ਦੀ ਥਾਂ ਦੇਣੀ ਚਾਹੀਦੀ ਹੈ। ਗੁਰੂ ਆਤਮਕ ਜੀਵਨ
ਦੇਣ ਵਾਲਾ ਹੈ, (ਗੁਰੂ) ਹਰੇਕ (ਸਰਨ ਆਏ) ਜੀਵ ਨੂੰ (ਪਰਮਾਤਮਾ ਦੇ ਨਾਮ ਦਾ) ਆਸਰਾ ਦੇਂਦਾ ਹੈ। ਸਭ
ਤੋਂ ਉੱਤਮ ਇਹੀ ਅਕਲ ਹੈ, ਕਿ ਗੁਰੂ ਦੇ ਬਚਨ ਕਮਾਏ ਜਾਣ (ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਘੜਿਆ
ਜਾਏ)। ਗੁਰੂ ਦੀ ਸੰਗਤਿ ਵਿੱਚ ਪਿਆਰ ਪਾਣ ਤੋਂ ਬਿਣਾ (ਇਹ) ਮਾਇਆ ਦਾ ਮੋਹ (ਜੋ) ਸਾਰੇ ਦਾ ਸਾਰਾ
ਵਿਅਰਥ ਹੈ (ਜੀਵ ਉੱਤੇ ਆਪਣਾ ਜ਼ੋਰ ਪਾਈ ਰੱਖਦਾ ਹੈ)। ੧।
ਗੁਰੂ ਸਭ ਤਾਕਤਾਂ ਦਾ ਮਾਲਕ ਹੈ, ਗੁਰੂ ਬੇਅੰਤ (ਗੁਣਾਂ ਵਾਲਾ) ਹੈ। ਵੱਡੇ
ਭਾਗਾਂ ਵਾਲੇ ਮਨੁੱਖ ਨੂੰ (ਹੀ) ਗੁਰੂ ਦਾ ਦਰਸਨ ਪ੍ਰਾਪਤ ਹੁੰਦਾ ਹੈ। ਗੁਰੂ (ਉਸ ਪ੍ਰਭੂ ਦਾ ਰੂਪ ਹੈ
ਜੋ) ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਗੁਰੂ ਪਵਿਤ੍ਰ-ਸਰੂਪ ਹੈ, ਗੁਰੂ ਜੇਡਾ ਵੱਡਾ
(ਸ਼ਖ਼ਸੀਅਤ ਵਾਲਾ) ਹੋਰ ਕੋਈ ਨਹੀਂ ਹੈ। ਗੁਰੂ ਕਰਤਾਰ (ਦਾ ਰੂਪ) ਹੈ, ਗੁਰੂ (ਉਸ ਪਰਮਾਤਮਾ ਦਾ ਰੂਪ
ਹੈ ਜੋ) ਸਭ ਕੁੱਝ ਕਰਨ ਦੇ ਸਮਰੱਥ ਹੈ। ਗੁਰੂ ਦੀ ਸਰਨ ਪਿਆਂ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ
ਹੈ। ਗੁਰੂ ਤੋਂ ਆਕੀ ਹੋ ਕੇ ਕੋਈ ਕੰਮ ਨਹੀਂ ਕੀਤਾ ਜਾ ਸਕਦਾ, ਜੋ ਕੁੱਝ ਗੁਰੂ ਕਰਨਾ ਚਾਹੁੰਦਾ ਹੈ
ਉਹੀ ਹੁੰਦਾ ਹੈ (ਭਾਵ, ਗੁਰੂ ਉਸ ਪ੍ਰਭੂ ਦਾ ਰੂਪ ਹੈ ਜਿਸ ਤੋਂ ਕੋਈ ਆਕੀ ਨਹੀਂ ਹੋ ਸਕਦਾ, ਤੇ ਜੋ
ਕੁੱਝ ਉਹ ਕਰਨਾ ਲੋੜਦਾ ਹੈ ਉਹੀ ਹੁੰਦਾ ਹੈ)। ੨।
ਗੁਰੂ (ਹੀ ਅਸਲ) ਤੀਰਥ ਹੈ, ਗੁਰੂ (ਹੀ) ਪਾਰਜਾਤ ਰੁੱਖ ਹੈ, ਗੁਰੂ ਹੀ
ਸਾਰੀਆਂ ਕਾਮਨਾਂ ਪੂਰੀਆਂ ਕਰਨ ਵਾਲਾ ਹੈ। ਗੁਰੂ ਹੀ (ਉਹ) ਦਾਤਾ ਹੈ (ਜੋ) ਪਰਮਾਤਮਾ ਦਾ ਨਾਮ ਦੇਂਦਾ
ਹੈ (ਜਿਸ ਦੀ ਬਰਕਤਿ ਨਾਲ) ਸਾਰਾ ਸੰਸਾਰ (ਵਿਕਾਰਾਂ ਤੋਂ) ਬਚਦਾ ਹੈ। ਗੁਰੂ (ਉਸ ਪਰਮਾਤਮਾ ਦਾ ਰੂਪ
ਹੈ ਜੋ) ਸਭ ਤਾਕਤਾਂ ਦਾ ਮਾਲਕ ਹੈ ਜਿਸ ਦਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ, ਜੋ ਸਭ ਤੋਂ
ਉੱਚਾ ਹੈ, ਅਪਹੁੰਚ ਹੈ ਤੇ ਬੇਅੰਤ ਹੈ। ਗੁਰੂ ਦੀ ਵਡਿਆਈ ਤਕ (ਲਫ਼ਜ਼ਾਂ ਦੀ ਰਾਹੀਂ) ਪਹੁੰਚਿਆ ਨਹੀਂ
ਜਾ ਸਕਦਾ। ਕੋਈ ਭੀ (ਸਿਆਣਾ ਤੋਂ ਸਿਆਣਾ) ਬਿਆਨ ਕਰਨ ਵਾਲਾ ਬਿਆਨ ਨਹੀਂ ਕਰ ਸਕਦਾ। ੩।
ਜਿਤਨੇ ਭੀ ਪਦਾਰਥਾਂ ਦੀ ਮਨ ਵਿੱਚ ਇੱਛਾ ਵਿੱਚ ਧਾਰੀਏ, ਉਹ ਸਾਰੇ ਹੀ ਗੁਰੂ
ਪਾਸੋਂ ਮਿਲ ਜਾਂਦੇ ਹਨ। ਪਹਿਲੇ ਜਨਮ ਵਿੱਚ ਕੀਤੀ ਨੇਕ ਕਮਾਈ ਦੇ ਲਿਖੇ ਲੇਖ ਅਨੁਸਾਰ (ਗੁਰੂ ਦੀ ਸਰਨ
ਪਿਆਂ) ਮਿਲ ਜਾਂਦੇ ਹਨ। ਗੁਰੂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਸਰਮਾਇਆ ਦੇਂਦਾ ਹੈ। ਜੇ
ਗੁਰੂ ਦੀ ਸਰਨ ਆ ਪਈਏ, ਤਾਂ ਉਸ ਤੋਂ ਮਿਲੇ ਆਤਮਕ ਜੀਵਨ ਦਾ ਮੁੜ ਕਦੇ ਨਾਸ ਨਹੀਂ ਹੁੰਦਾ। ਹੇ ਨਾਨਕ
!
(ਆਖ—) ਹੇ ਹਰੀ !
(ਗੁਰੂ ਦੀ ਸਰਨ ਪੈ ਕੇ) ਮੈਂ ਤੈਨੂੰ ਕਦੇ ਨਾਹ ਭੁਲਾਵਾਂ। ਮੇਰੀ ਇਹ ਜਿੰਦ ਮੇਰਾ ਇਹ ਸਰੀਰ ਤੇ
(ਸਰੀਰ ਵਿੱਚ ਆਉਂਦਾ) ਸਾਹ ਸਭ ਤੇਰਾ ਹੀ ਦਿੱਤਾ ਹੋਇਆ ਹੈ।
ਉਪਰੋਕਤ ਦਿੱਤੇ ਗਏ ਪ੍ਰਮਾਣਾਂ ਦੇ ਭਾਵ ਅਰਥ ਨੂੰ ਧਿਆਨ ਨਾਲ ਸਮਝੀਏ ਤਾਂ
ਗੁਰਬਾਣੀ ਇਨ੍ਹਾਂ ਸ਼ਬਦਾਂ ਵਿੱਚ ਦਰਸਾਏ ਗਏ ਗੁਰੂ ਦੇ ਇਹ ਸਭ ਉਹੀ ਗੁਣ ਹਨ ਜੋ ਉਪਰ ਬ੍ਰਹਮਗਿਆਨੀ ਦੇ
ਦਰਸਾਏ ਗਏ ਹਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਗੁਰਬਾਣੀ ਵਿੱਚ ਬ੍ਰਹਮਗਿਆਨੀ ਸ਼ਬਦ ਵੀ ਸਤਿਗੁਰੂ
ਵਾਸਤੇ ਹੀ ਆਇਆ ਹੈ। ਇਸ ਦਾ ਭਾਵ ਤਾਂ ਇਹ ਹੈ ਕਿ ਅਸੀਂ ਜਾਣੇ-ਅਨਜਾਣੇ ਕੁੱਝ ਵਿਅਕਤੀਆਂ ਨੂੰ
ਸਤਿਗੁਰੂ ਦੇ ਬਰਾਬਰ ਸਨਮਾਨ ਅਤੇ ਪਦਵੀ ਦੇਈ ਜਾ ਰਹੇ ਹਾਂ, ਇਸ ਤੋਂ ਵੱਡੀ ਭੁੱਲ ਅਤੇ ਆਪਣੇ
ਸਤਿਗੁਰੂ ਦੀ ਨਿਰਾਦਰੀ ਭਲਾ ਹੋਰ ਕੀ ਹੋ ਸਕਦੀ ਹੈ?
ਬਾਬਾ
ਸਭ ਤੋਂ ਜਿਆਦਾ ਪ੍ਰਚਲਤ ਲਫਜ਼ ਜੋ ਅਕਸਰ ਇਨ੍ਹਾਂ ਦੁਆਰਾ ਅਤੇ ਇਨ੍ਹਾਂ ਵਾਸਤੇ
ਵਰਤਿਆ ਜਾਂਦਾ ਹੈ, ਉਹ ਹੈ ਬਾਬਾ। ਇਹ ਲਫਜ਼ ਗੁਰਬਾਣੀ ਵਿੱਚ ਹੇਠ ਦਿੱਤੇ ਸੰਧਰਭ ਵਿੱਚ ਆਇਆ ਹੈ
ਬਾਬਾ- ਆਮ ਮਨੁੱਖ ਨੂੰ ਸੰਬੋਧਨ
ਸਭ ਤੋਂ ਪਹਿਲਾਂ ਤਾਂ ਗੁਰਬਾਣੀ ਵਿੱਚ ਆਮ ਲੋਕਾਈ ਨੂੰ ਸੰਬੋਧਨ ਕਰਨ ਲਈ ਇਹ
ਸ਼ਬਦ ਵਰਤਿਆ ਗਿਆ ਹੈ। ਜਿਵੇਂ:
"ਬਾਬਾ ਜੈ ਘਰਿ ਕਰਤੇ ਕੀਰਤਿ ਹੋਇ।। ਸੋ ਘਰੁ ਰਾਖੁ ਵਡਾਈ ਤੋਇ।। " {ਰਾਗੁ
ਆਸਾ ਮਹਲਾ ੧, ਪੰਨਾ
੧੨}
ਹੇ ਭਾਈ
!
ਜਿਸ (ਸਤਸੰਗ-) ਘਰ ਵਿੱਚ ਕਰਤਾਰ ਦੀ ਸਿਫ਼ਤਿ-ਸਾਲਾਹ ਹੁੰਦੀ ਹੈ, ਉਸ ਘਰ ਨੂੰ ਸਾਂਭ ਰੱਖ (ਉਸ ਸਤਸੰਗ
ਦਾ ਆਸਰਾ ਲਈ ਰੱਖ। ਇਸੇ ਵਿਚ) ਤੇਰੀ ਭਲਾਈ ਹੈ।
"
ਬਾਬਾ ਮਾਇਆ
ਰਚਨਾ ਧੋਹੁ।। ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹੁ ਨ ਓਹੁ।। " ਸਿਰੀ ਰਾਗੁ ਮਹਲਾ ੧, ਪੰਨਾ
੧੫}
ਹੇ ਭਾਈ! ਮਾਇਆ ਦੀ ਖੇਡ (ਜੀਵਾਂ ਲਈ) ਚਾਰ ਦਿਨ ਦੀ ਹੀ ਖੇਡ ਹੈ। ਪਰ ਇਸ
ਚਾਰ ਦਿਨ ਦੀ ਖੇਡ ਵਿੱਚ ਅੰਨ੍ਹੇ ਹੋਏ ਮਨੁੱਖ ਨੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਹੈ, ਨਾਹ ਮਾਇਆ
ਨਾਲ ਹੀ ਨਿਭਦੀ ਹੈ ਤੇ ਨਾਹ ਪ੍ਰਭੂ ਦਾ ਨਾਮ ਹੀ ਮਿਲਦਾ ਹੈ।
ਬਾਬਾ- ਅਕਾਲ ਪੁਰਖੁ
ਗੁਰਬਾਣੀ ਵਿੱਚ ਕਈ ਜਗ੍ਹਾ ਤੇ ਸਤਿਗੁਰੂ ਨੇ ਅਕਾਲ-ਪੁਰਖ ਨੂੰ ਵੀ ਬਾਬਾ ਲਫਜ਼
ਨਾਲ ਸੰਬੋਧਤ ਕੀਤਾ ਹੈ। ਜਿਵੇਂ:
"ਬਾਬਾ ਬਿਖੁ ਦੇਖਿਆ ਸੰਸਾਰੁ।। ਰਖਿਆ ਕਰਹੁ ਗੁਸਾਈ ਮੇਰੇ ਮੈ ਨਾਮੁ
ਤੇਰਾ ਆਧਾਰੁ।। " {ਆਸਾ ਮਹਲਾ ੫, ਪੰਨਾ ੩੮੨}
ਹੇ ਪ੍ਰਭੂ
!
ਮੈਂ ਵੇਖ ਲਿਆ ਹੈ ਕਿ ਸੰਸਾਰ (ਦਾ ਮੋਹ) ਜ਼ਹਰ ਹੈ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ)। ਹੇ
ਮੇਰੇ ਖਸਮ-ਪ੍ਰਭੂ !
(ਇਸ ਜ਼ਹਰ ਤੋਂ) ਮੈਨੂੰ ਬਚਾਈ ਰੱਖ, ਤੇਰਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣਿਆ ਰਹੇ।
"
ਆਦੇਸੁ ਬਾਬਾ
ਆਦੇਸੁ।। ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ।। " {ਰਾਗੁ ਆਸਾ ਮਹਲਾ ੧,
ਪੰਨਾ ੪੧੭}
ਹੇ ਅਕਾਲ ਪੁਰਖ
!
(ਬਿਪਤਾ ਵੇਲੇ ਸਾਡੇ ਜੀਵਾਂ ਦੀ ਤੈਨੂੰ ਹੀ) ਨਮਸਕਾਰ ਹੈ (ਹੋਰ ਕੇਹੜਾ ਆਸਰਾ ਹੋ ਸਕਦਾ ਹੈ ?)
ਹੇ ਆਦਿ ਪੁਰਖ !
(ਤੇਰੇ ਭਾਣਿਆਂ ਦਾ ਸਾਨੂੰ) ਭੇਤ ਨਹੀਂ ਮਿਲਦਾ। ਤੂੰ ਇਹ ਭਾਣੇ ਆਪ ਹੀ ਕਰ ਕੇ ਆਪ ਹੀ ਵੇਖ ਰਿਹਾ
ਹੈਂ। ੧। ਰਹਾਉ।
"
ਬਾਬਾ ਜਿਸੁ ਤੂ
ਦੇਹਿ ਸੋਈ ਜਨੁ ਪਾਵੈ।। ਪਾਵੈ ਤ ਸੋ ਜਨੁ ਦੇਹਿ ਜਿਸ ਨੋ ਹੋਰਿ ਕਿਆ ਕਰਹਿ ਵੇਚਾਰਿਆ।। "
{ਰਾਮਕਲੀ ਮਹਲਾ ੩, ਪੰਨਾ ੯੧੮}
ਹੇ ਪ੍ਰਭੂ
!
ਜਿਸ ਮਨੁੱਖ ਨੂੰ ਤੂੰ (ਆਤਮਕ ਆਨੰਦ ਦੀ ਦਾਤਿ) ਦੇਂਦਾ ਹੈਂ ਉਹ ਪ੍ਰਾਪਤ ਕਰਦਾ ਹੈ, ਉਹੀ ਮਨੁੱਖ (ਇਸ
ਦਾਤਿ ਨੂੰ) ਮਾਣਦਾ ਹੈ ਜਿਸ ਨੂੰ ਤੂੰ ਦਿੰਦਾ ਹੈਂ, ਹੋਰਨਾਂ ਵਿਚਾਰਿਆਂ ਦੀ (ਮਾਇਆ ਦੇ ਹੜ੍ਹ ਅੱਗੇ)
ਕੋਈ ਪੇਸ਼ ਨਹੀਂ ਜਾਂਦੀ।
ਬਾਬਾ-ਸਤਿਗੁਰੂ
ਇਹੀ ਬਾਬਾ ਲਫਜ਼ ਗੁਰਬਾਣੀ ਵਿੱਚ ਸਤਿਗੁਰੂ ਵਾਸਤੇ ਵੀ ਵਰਤਿਆ ਮਿਲਦਾ ਹੈ:
"ਬਾਬਾ ਮੈ ਵਰੁ ਦੇਹਿ ਮੈ ਹਰਿ ਵਰੁ ਭਾਵੈ ਤਿਸ ਕੀ ਬਲਿ ਰਾਮ ਜੀਉ।।
ਰਵਿ ਰਹਿਆ ਜੁਗ ਚਾਰਿ ਤ੍ਰਿਭਵਣ ਬਾਣੀ ਜਿਸ ਕੀ ਬਲਿ ਰਾਮ ਜੀਉ।। " {ਰਾਗੁ
ਸੂਹੀ ਛੰਤ ਮਹਲਾ ੧, ਪੰਨਾ ੭੬੩}
ਹੇ ਪਿਆਰੇ ਸਤਿਗੁਰੂ
!
ਮੈਨੂੰ ਖਸਮ-ਪ੍ਰਭੂ ਮਿਲਾ। (ਮੇਹਰ ਕਰ) ਮੈਨੂੰ ਉਹ ਪ੍ਰਭੂ-ਪਤੀ ਪਿਆਰਾ ਲੱਗੇ, ਮੈਂ ਉਸ ਤੋਂ ਸਦਕੇ
ਜਾਵਾਂ, ਜੋ ਸਦਾ ਹੀ ਹਰ ਥਾਂ ਵਿਆਪਕ ਹੈ, ਤਿੰਨਾਂ ਹੀ ਭਵਨਾਂ ਵਿੱਚ ਜਿਸ ਦਾ ਹੁਕਮ ਚੱਲ ਰਿਹਾ ਹੈ।
ਬਾਬਾ-ਗੁਰੂ ਨਾਨਕ ਪਾਤਿਸ਼ਾਹ
ਗੁਰੂ ਸਾਹਿਬਾਨ ਨੇ ਗੁਰੂ ਨਾਨਕ ਪਾਤਿਸ਼ਾਹ ਵਾਸਤੇ ਵੀ ਇਸ ਬਾਬਾ ਲਫਜ਼ ਦੀ
ਵਰਤੋਂ ਕੀਤੀ ਹੈ:
"ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ।। ਗੁਰਿ
ਤੀਜੀ ਪੀੜੀ ਵੀਚਾਰਿਆ ਕਿਆ ਹਥਿ ਏਨਾ ਵੇਚਾਰੇ।। ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ
ਤਾਰੇ।। " {ਸਲੋਕ ਮ: ੪, ਪੰਨਾ ੩੦੭}
ਜਿਨ੍ਹਾਂ ਮਨੁੱਖਾਂ ਨੂੰ ਬਾਬੇ (ਗੁਰੂ ਨਾਨਕ ਦੇਵ) ਨੇ ਮਨਮੁਖ ਕਰਾਰ ਦਿੱਤਾ,
ਉਹਨਾਂ ਅਹੰਕਾਰੀਆਂ ਨੂੰ ਗੁਰੂ ਅੰਗਦ ਨੇ ਭੀ ਝੂਠਾ ਮਿਥਿਆ। ਤੀਜੇ ਥਾਂ ਬੈਠੇ ਗੁਰੂ ਨੇ, ਜਿਸ ਨੇ
ਚੌਥੇ ਥਾਂ ਬੈਠੇ ਨੂੰ ਗੁਰੂ ਥਾਪਿਆ, ਵਿਚਾਰ ਕੀਤੀ ਕਿ ਇਹਨਾਂ ਕੰਗਾਲਾਂ ਦੇ ਕੀਹ ਵੱਸ
?
ਸੋ ਉਸ ਨੇ ਸਾਰੇ ਨਿੰਦਕ ਤੇ ਦੁਸ਼ਟ ਤਾਰ ਦਿੱਤੇ (ਭਾਵ, ਅਹੰਕਾਰ ਤੇ ਫਿਟੇਵੇਂ ਤੋਂ ਬਚਾ ਲਏ)।
"
ਬਿਣੁ ਗੁਰ ਪੂਰੇ
ਨਾਹੀ ਉਧਾਰੁ।। ਬਾਬਾ ਨਾਨਕੁ ਆਖੈ ਏਹੁ ਬੀਚਾਰੁ।। " {ਰਾਮਕਲੀ ਮਹਲਾ ੫, ਪੰਨਾ ੮੮੬}
ਹੇ ਭਾਈ
!
ਨਾਨਕ (ਤੈਨੂੰ) ਇਹ ਵਿਚਾਰ ਦੀ ਗੱਲ ਦੱਸਦਾ ਹੈ—ਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਣਾ (ਅਨੇਕਾਂ
ਜੂਨਾਂ ਤੋਂ) ਪਾਰ-ਉਤਾਰਾ ਨਹੀਂ ਹੋ ਸਕਦਾ ।
"
ਤਿਚਰੁ ਮੂਲਿ ਨ
ਥੁੜØੀਦੋ
ਜਿਚਰੁ ਆਪਿ ਕ੍ਰਿਪਾਲੁ।। ਸਬਦੁ ਅਖੁਟੁ ਬਾਬਾ ਨਾਨਕਾ ਖਾਹਿ ਖਰਚਿ ਧਨੁ ਮਾਲੁ।। "
(
ਸਲੋਕ ਮਹਲਾ ੫,
ਪੰਨਾ ੧੪੨੬)
ਹੇ ਨਾਨਕ! (ਆਖ—) ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਐਸਾ ਧਨ ਹੈ ਐਸਾ
ਮਾਲ ਹੈ ਜੋ ਕਦੇ ਮੁੱਕਦਾ ਨਹੀਂ। (ਇਸ ਧਨ ਨੂੰ ਆਪ) ਵਰਤਿਆ ਕਰ, (ਹੋਰਨਾਂ ਵਿੱਚ ਭੀ) ਵੰਡਿਆ ਕਰ।
ਜਿਤਨਾ ਚਿਰ ਪਰਮਾਤਮਾ ਆਪ ਦਇਆਵਾਨ ਰਹਿੰਦਾ ਹੈ, ਉਤਨਾ ਚਿਰ ਇਹ ਧਨ ਕਦੇ ਭੀ ਨਹੀਂ ਮੁੱਕਦਾ।
ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਨੇ ਤਾਂ ਆਪਣੀਆਂ ਵਾਰਾਂ
ਵਿੱਚ ਗੁਰੂ ਨਾਨਕ ਪਾਤਿਸ਼ਾਹ ਵਾਸਤੇ ਅਕਸਰ ‘ਬਾਬਾ` ਲਫਜ਼ ਵਰਤਿਆ ਹੈ
"ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ।। ਬਾਝਹੁ ਗੁਰੂ
ਗੁਬਾਰ ਹੈ ਹੈਹੈ ਕਰਦੀ ਸੁਣੀ ਲੁਕਾਈ।।
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ।। ਚੜ੍ਹਿਆ ਸੋਧਨ ਧਰਤ ਲੁਕਾਈ।। "
(੧-੨੪-੮)
"ਹੁਕਮੈ ਅੰਦਰਿ ਸਭ ਕੋ ਕੁਦਰਤਿ ਕਿਸ ਦੀ ਕਰੈ ਜਵਾਬਾ।। ਜਾਹਰ ਪੀਰੁ
ਜਗਤੁ ਗੁਰ ਬਾਬਾ।। " (੨੪-੪-੭)
"ਕਾਮ ਕ੍ਰੋਧੁ ਵਿਰੋਧੁ ਛਡਿ ਲੋਭ ਮੋਹੁ ਅਹੰਕਾਰਹੁ ਤਹਣਾ।। ਪੁਤੁ ਸਪੁਤੁ
ਬਬਾਣੇ ਲਹਣਾ।। " (੨੪-੭-੭)
ਜਿਵੇਂ ਅਸੀਂ ਆਮ ਸਮਾਜਕ ਜੀਵਨ ਵਿੱਚ ਆਪਣੇ ਕਿਸੇ ਬਜ਼ੁਰਗ ਨੂੰ ਸਨਮਾਨ ਦੇਣ
ਲਈ ‘ਬਾਬਾ ਜੀ` ਸ਼ਬਦ ਨਾਲ ਸੰਬੋਧਤ ਕਰਦੇ ਹਾਂ, ਤਿਵੇਂ ਭਾਈ ਗੁਰਦਾਸ ਜੀ ਨੇ ਧਰਮ ਦੇ ਖੇਤਰ ਵਿੱਚ ਇਹ
‘ਬਾਬਾ` ਦਾ ਸਨਮਾਨ ਸ਼ਬਦ, ‘ਗੁਰੂ ਨਾਨਕ ਪਾਤਿਸ਼ਾਹ` ਵਾਸਤੇ ਵਰਤਿਆ ਹੈ।
ਭਾਵੇਂ ਇਸ ਵਿਸ਼ੇ ਨਾਲ ਸਬੰਧਤ ਨਹੀਂ ਪਰ ਇਥੇ ਇੱਕ ਮਹੱਤਵਪੂਰਨ ਗੱਲ ਸਪੱਸ਼ਟ
ਕਰ ਦੇਣੀ ਹੋਰ ਲਾਹੇਵੰਦ ਹੋਵੇਗੀ, ਕਿ ਅੱਜ ਕੱਲ ਕੁੱਝ ਵਿਅਕਤੀਆਂ ਵਲੋਂ ਇਹ ਪ੍ਰਚਾਰਿਆ ਜਾ ਰਿਹਾ ਹੈ
ਕਿ ਕਿਉਂਕਿ ਭਾਈ ਗੁਰਦਾਸ ਜੀ ਨੇ, ਗੁਰੂ ਨਾਨਕ ਪਾਤਿਸ਼ਾਹ ਨੂੰ ਬਹੁਤ ਵਾਰ ‘ਬਾਬਾ` ਸ਼ਬਦ ਨਾਲ ਸੰਬੋਧਤ
ਕੀਤਾ ਹੈ, ਇਸ ਲਈ ਸਾਨੂੰ ਕੇਵਲ ‘ਬਾਬਾ ਨਾਨਕ` ਆਖਣਾ ਚਾਹੀਦਾ ਹੈ, ‘ਗੁਰੂ ਨਾਨਕ` ਨਹੀਂ ਆਖਣਾ
ਚਾਹੀਦਾ। ਮੈਂ ਨਿਰਣਾ ਨਹੀਂ ਕਰ ਸਕਿਆ ਕਿ ਇਹ ਇਨ੍ਹਾਂ ਲੋਕਾਂ ਦੀ ਅਗਿਆਨਤਾ ਸਮਝਾਂ ਜਾਂ ਕੋਈ ਵੱਡੀ
ਸ਼ਰਾਰਤ? ਜਿਵੇਂ ਕਿ ਅਸੀਂ ਉਪਰ ਕੁੱਝ ਪ੍ਰਮਾਣਾਂ ਵਿੱਚ ਵੇਖ ਚੁੱਕੇ ਹਾਂ, ਗੁਰੂ ਨਾਨਕ ਸਾਹਿਬ ਵਾਸਤੇ
ਗੁਰੂ ਸ਼ਬਦ ਤਾਂ ਗੁਰੂ ਸਹਿਬਾਨ ਨੇ ਆਪ ਕਈ ਵਾਰੀ ਵਰਤਿਆ ਹੈ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ
ਗੁਰੂ ਨਾਨਕ ਪਾਤਿਸ਼ਾਹ ਵਾਸਤੇ ਬਾਬਾ ਦੇ ਨਾਲ, ਗੁਰੂ ਅਤੇ ਸਤਿਗੁਰੂ ਲਫਜ਼ ਵੀ ਬਹੁਤ ਵਾਰੀ ਵਰਤਿਆ ਹੈ,
ਉਹ ਇਨ੍ਹਾਂ ਨੂੰ ਕਿਉਂ ਨਜ਼ਰ ਨਹੀਂ ਆਇਆ। ਕੁੱਝ ਇੱਕ ਪ੍ਰਮਾਣ ਹੇਠਾਂ ਦਿੱਤੇ ਹਨ:
"ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹਿੰ ਪਠਾਯਾ।। "
(੧-੨੩-੧)
"ਜੋਤੀ ਜੋਤ ਮਿਲਾਇਕੈ ਸਤਿਗੁਰ ਨਾਨਕ ਰੂਪ ਵਟਾਯਾ।। ਲਖ ਨ ਕੋਈ ਸਕਈ ਆਚਰਜੇ
ਆਚਰਜ ਦਿਖਾਯਾ।।
ਕਾਯਾਂ ਪਲਟ ਸਰੂਪ ਬਣਾਯਾ।। " (੧-੪੫-੬, ੭, ੮)
"ਸਤਿਗੁਰ ਨਾਨਕ ਦੇਉ ਗੁਰਾਂ ਗੁਰ ਹੋਇਆ।। " (੩-੧੨-੧)
ਸੋ ਬਿਨਾਂ ਸ਼ੱਕ ਨਾਨਕ ਸਤਿਗੂਰੂ ਹਨ, ਬਲਕਿ ਸੰਸਾਰ ਵਿੱਚ ਨਾਨਕ ਹੀ ਪਹਿਲੇ
ਪੂਰਨ ਗੁਰੂ ਹਨ। ਬਾਕੀ ਗੁਰੂ ਸਾਹਿਬਾਨ ਅੰਦਰ ਇਹੀ ਇਲਾਹੀ ਨਾਨਕ ਗਿਆਨ ਜੋਤਿ ਪ੍ਰਕਾਸ਼ ਹੋਣ ਕਾਰਨ,
ਉਹ ਸਾਰੇ ਵੀ ਪੂਰਨ ਗੁਰੂ ਬਣੇ। ਇਸ ਸਿਲਸਿਲੇ ਅਤੇ ਲੜੀ ਵਿੱਚ ਹੀ ਅੱਜ ਗੁਰੂ ਗ੍ਰੰਥ ਸਾਹਿਬ ਪੂਰਨ
ਗੁਰੂ ਹਨ। ਸੋ ਗੁਰੂ ਨਾਨਕ ਪਾਤਿਸ਼ਾਹ ਨਾਲੋਂ ਨਾ ਗੁਰੂ ਸ਼ਬਦ ਨਿਖੇੜਿਆ ਜਾ ਸਕਦਾ ਹੈ ਅਤੇ ਨਾ ਹੀ
ਬਾਬਾ।
ਕਿਉਂਕਿ ਭਾਈ ਗੁਰਦਾਸ ਜੀ ਨੇ ਧਰਮ ਦੀ ਦੁਨੀਆਂ ਦਾ ਬਾਬਾ ਹੋਣ ਦਾ ਸਨਮਾਨ,
ਕੇਵਲ ਗੁਰੂ ਨਾਨਕ ਪਾਤਿਸ਼ਾਹ ਨੂੰ ਦਿੱਤਾ ਹੈ, ਇਸੇ ਵਾਸਤੇ ਭਾਈ ਗੁਰਦਾਸ ਜੀ ਗੁਰੂ ਨਾਨਕ ਪਾਤਿਸ਼ਾਹ
ਨੂੰ ਜਗਤ ਗੁਰੂ ਕਹਿੰਦੇ ਹਨ:
"ਹੁਕਮੈ ਅੰਦਰਿ ਸਭ ਕੋ ਕੁਦਰਤਿ ਕਿਸ ਦੀ ਕਰੈ ਜਵਾਬਾ।। ਜਾਹਰ ਪੀਰੁ
ਜਗਤੁ ਗੁਰ ਬਾਬਾ।। " (੨੪-੪-੭)
"ਆਦਿ ਪੁਰਖੁ ਆਦੇਸੁ ਹੈ ਅਬਿਣਾਸੀ ਅਤਿ ਅਛਲ ਅਛੇਉ।। ਜਗਤੁ ਗੁਰੂ ਗੁਰੁ
ਨਾਨਕ ਦੇਉ।। " (੨੪-੨-੭)
ਭਾਈ ਗੁਰਦਾਸ ਜੀ ਦੀ ਇਸ ਪਵਿੱਤਰ ਭਾਵਨਾ ਨੂੰ ਵੇਖੀਏ, ਤਾਂ ਅੱਜ ਧਾਰਮਿਕ
ਖੇਤਰ ਵਿੱਚ ਗੁਰੂ ਨਾਨਕ ਪਾਤਿਸ਼ਾਹ ਤੋਂ ਇਲਾਵਾ ਹੋਰ ਕਿਸੇ ਨਾਲ ਬਾਬਾ ਸ਼ਬਦ ਵਰਤਣ ਦਾ ਅਧਿਕਾਰ ਕਿਸੇ
ਨੂੰ ਨਹੀਂ, ਪਰ ਸਿੱਖ ਕੌਮ ਵਿੱਚ ਅੱਜ ਜਣਾ-ਖਣਾ ਬਾਬਾ ਬਣੀ ਬੈਠਾ, ਬਾਬਾ ਨਾਨਕ ਦੀ ਬਰਾਬਰੀ ਕਰਦਾ
ਹੋਇਆ, ਬਾਬਾ ਨਾਨਕ ਨੂੰ ਮੂੰਹ ਚਿੜ੍ਹਾ ਰਿਹਾ ਹੈ। ਸੁਆਰਥੀ ਲੋਕਾਂ ਤਾਂ ਆਪਣੀਆਂ ਦੁਕਾਨਦਾਰੀਆਂ
ਚਲਾਉਣ ਲਈ ਇਹ ਪਖੰਡ ਕਰਨਾ ਹੀ ਹੋਇਆ, ਵਧੇਰੇ ਦੁੱਖ ਦੀ ਗੱਲ ਤਾਂ ਇਹ ਹੈ ਕਿ ਗੁਰੂ ਨਾਨਕ ਦੇ ਸਿੱਖ
ਅੱਜ ਬਾਬੇ ਨਾਨਕ ਨੂੰ ਛੱਡ ਕੇ ਇਨ੍ਹਾਂ ਅਖੌਤੀ ਬਾਬਿਆਂ ਮਗਰ ਤੁਰੇ ਫਿਰਦੇ ਹਨ।
ਉਪਰੋਕਤ ਸਮਝਣ ਤੋਂ ਬਾਅਦ, ਇਸ ਵਿੱਚ ਕੋਈ ਸ਼ੱਕ ਹੀ ਨਹੀਂ ਰਹਿ ਜਾਂਦਾ ਕਿ
ਇਨ੍ਹਾਂ ਸਭ ਲਫਜ਼ਾਂ ਦੀ ਦੁਰਵਰਤੋਂ ਹੋ ਰਹੀ ਹੈ। ਅਸਲ ਵਿੱਚ ਗੁਰਬਾਣੀ ਵਿੱਚ ਕਿਸੇ ਵਿਅਕਤੀ ਦੇ ਸੰਤ,
ਸਾਧ, ਮਹਾਪੁਰਖ, ਬਾਬਾ, ਹੋਣ ਦਾ ਕੋਈ ਸੰਕਲਪ ਹੀ ਨਹੀਂ। ਜੇ ਇਹ ਗੱਲ ਸਮਝ ਆ ਜਾਵੇ, ਤਾਂ ਇਹ ਵੀ
ਸਮਝ ਆ ਜਾਵੇਗਾ ਕਿ ਜੋ ਸਮਾਜ ਨੂੰ ਸੁਚੇਤ ਕਰਨ ਵਾਲਿਆਂ ਨੂੰ ਸੰਤ ਨਿੰਦਕ ਅਤੇ ਸੰਤ ਦੋਖੀ ਦੇ ਫਤਵੇ
ਜਾਰੀ ਕਰ ਰਹੇ ਹਨ, ਅਸਲ ਵਿਚ, ਉਹ ਆਪ ਸੰਤ/ਗੁਰੂ ਨਿੰਦਕ ਅਤੇ ਸੰਤ/ਗੁਰੂ ਦੋਖੀ ਹਨ, ਕਿਉਂਕਿ
ਗੁਰਬਾਣੀ ਵਿੱਚ ਇਹ ਸਾਰੇ ਲਫਜ਼ ਤਾਂ ਕੇਵਲ ਗੁਰੂ ਪਾਤਿਸ਼ਾਹ ਵਾਸਤੇ ਵਰਤੇ ਗਏ ਹਨ ਅਤੇ ਇਹ ਆਪਣੇ ਨਾਂ
ਨਾਲ ਇਹ ਸ਼ਬਦ ਵਰਤ ਕੇ, ਸਤਿਗੁਰੂ ਦਾ ਮੁਕਾਬਲਾ ਅਤੇ ਅਪਮਾਨ ਕਰ ਰਹੇ ਹਨ।
(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਸੰਪੂਰਨਤਾ ਦੇ ਨੇੜੇ
ਹੈ। ਇਸ ਦਾ ਇੱਕ ਭਾਗ ਹਰ ਹਫਤੇ ਇਸ ਵੈਬ ਸਾਈਟ ਤੇ ਛਾਪਿਆ ਜਾ ਰਿਹਾ ਹੈ। ਸੂਝਵਾਨ ਪਾਠਕਾਂ ਨੂੰ ਇਸ
ਬਾਰੇ ਉਸਾਰੂ ਸੁਝਾਅ ਦੇਣ ਦੀ ਬੇਨਤੀ ਕੀਤੀ ਜਾਂਦੀ ਹੈ। ਕਿਤਾਬ ਛਪਣ ਤੋਂ ਪਹਿਲਾਂ ਆਏ ਹਰ ਸੁਝਾਅ
ਨੂੰ ਜੀ ਆਇਆ ਆਖਿਆ ਜਾਵੇਗਾ ਅਤੇ ਲੇਖਕ ਸੁਝਾਅ ਭੇਜਣ ਵਾਲਿਆਂ ਦਾ ਧੰਨਵਾਦੀ ਹੋਵੇਗਾ)
ਰਾਜਿੰਦਰ ਸਿੰਘ
(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)
email: [email protected]