ਬੱਚੇ ਮਾਤਾ ਪਿਤਾ ਦਾ ਕਹਿਣਾ ਕਿਉਂ ਨਹੀਂ ਮੰਨਦੇ ਹਨ? (ਭਾਗ ੨)
ਕੀ ਮਾਤਾ ਪਿਤਾ ਇਸ ਦੇ ਖੁਦ ਜ਼ਿੰਮੇਵਾਰ ਹਨ?
Why children do not listen to the parents? (Part 2)
Are parents responsible for this behavior?
ਮਾਤਾ ਪਿਤਾ ਆਪਣੇ ਬੱਚਿਆਂ ਨਾਲ ਜਿਸ ਤਰ੍ਹਾਂ ਗੱਲਬਾਤ ਕਰਦੇ ਹਨ, ਆਪਸ ਵਿੱਚ
ਤੇ ਆਪਣੇ ਤੋਂ ਵੱਡੇ ਤੇ ਛੋਟੇ ਲੋਕਾਂ ਨਾਲ ਵਰਤਾਉ ਕਰਦੇ ਹਨ, ਉਸ ਦਾ ਬੱਚਿਆਂ ਦੇ ਵਿਕਾਸ ਉੱਪਰ
ਬਹੁਤ ਡੂੰਘਾ ਅਸਰ ਪੈਂਦਾ ਹੈ। ਜਿਸ ਤਰ੍ਹਾਂ ਆਸੇ ਪਾਸੇ ਦੇ ਲੋਕ ਇੱਕ ਦੂਸਰੇ ਨਾਲ ਗੱਲਬਾਤ ਕਰਦੇ
ਹਨ, ਬੱਚਾ ਉਹ ਵੀ ਸਭ ਕੁੱਝ ਵੇਖਦਾ ਰਹਿੰਦਾ ਹੈ ਤੇ ਉਸੇ ਤਰ੍ਹਾਂ ਹੀ ਬੋਲਣਾ ਤੇ ਚਲਣਾ ਸਿਖ ਜਾਂਦਾ
ਹੈ। ਜਿਸ ਤਰ੍ਹਾਂ ਦੇ ਕਰਮ ਮਾਤਾ ਪਿਤਾ ਤੇ ਆਸੇ ਪਾਸੇ ਦੇ ਲੋਕ ਕਰਦੇ ਹਨ, ਬੱਚੇ ਵੀ ਅਜੇਹੇ ਕਰਮ
ਕਰਨੇ ਸਿੱਖ ਜਾਂਦੇ ਹਨ। ਅਸੀਂ ਜਿਸ ਤਰ੍ਹਾਂ ਦਾ ਬੀਜ ਬੀਜਦੇ ਹਾਂ, ਫਲ ਵੀ ਉਸੇ ਅਨੁਸਾਰ ਹੀ ਪੈਦਾ
ਹੋਵੇਗਾ। ਭਾਵ ਅਸੀਂ ਜਿਸ ਤਰ੍ਹਾਂ ਦੇ ਕਰਮ ਕਰਦੇ ਹਾਂ, ਨਤੀਜੇ ਵੀ ਉਸੇ ਅਨੁਸਾਰ ਹੀ ਨਿਕਲਣਗੇ।
ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ॥
(੧੩੪)
ਅਕਸਰ ਵੇਖਣ ਵਿੱਚ ਆਂਉਂਦਾ ਹੈ, ਕਿ ਮਾਤਾ ਪਿਤਾ ਆਪਣੇ ਬੱਚਿਆਂ ਨਾਲ ਤਿੰਨ
ਤਰੀਕਿਆਂ ਨਾਲ ਗੱਲਬਾਤ ਕਰਦੇ ਹਨ:
ਕ੍ਰੋਧੀ ਮਾਤਾ ਪਿਤਾ ਆਪਣੇ ਬੱਚਿਆਂ ਨਾਲ ਉੱਚੀ ਉੱਚੀ ਚੀਕ ਕੇ ਗੁਸੇ ਨਾਲ ਬੋਲਦੇ ਰਹਿੰਦੇ ਹਨ
ਤੇ ਉਨ੍ਹਾਂ ਨੂੰ ਅਕਸਰ ਮਾਰਦੇ ਰਹਿੰਦੇ ਹਨ। ਅਜੇਹੇ ਵਾਤਾਵਰਨ ਵਿੱਚ ਕਈ ਬੱਚੇ ਤਾਂ ਡਰੇ ਤੇ ਸਹਿਮੇ
ਰਹਿੰਦੇ ਹਨ, ਕਈ ਘਰੋਂ ਬਾਹਰ ਖੇਡਣਾਂ ਹੀ ਪਸੰਦ ਕਰਦੇ ਹਨ ਤੇ ਕਈ ਵਾਰੀ ਉਹ ਉਲਟਾ ਗੁਸੇ ਵਿੱਚ ਆ ਕੇ
ਜਵਾਬ ਦੇਣਾਂ ਵੀ ਸਿਖ ਜਾਂਦੇ ਹਨ। ਅਜੇਹੇ ਹਾਲਾਤਾਂ ਵਿੱਚ ਅਕਸਰ ਬੱਚੇ ਮਾਤਾ ਪਿਤਾ ਦਾ ਕਹਿੰਣਾਂ
ਮੰਨਣਾ ਬੰਦ ਕਰ ਦਿੰਦੇ ਹਨ, ਤੇ ਬਗਾਵਤੀ ਤਰੀਕਾ ਅਪਨਾ ਲੈਂਦੇ ਹਨ।
ਕਾਮੁ ਕ੍ਰੋਧੁ ਕਾਇਆ ਕਉ ਗਾਲੈ॥ ਜਿਉ ਕੰਚਨ ਸੋਹਾਗਾ ਢਾਲੈ
॥
(੯੩੨)
ਦੂਸਰੀ
ਤਰ੍ਹਾਂ ਦੇ ਮਾਤਾ ਪਿਤਾ ਅਜੇਹੇ ਵੀ ਹਨ, ਜਿਹੜੇ ਆਪਣੇ ਬੱਚਿਆਂ ਨੂੰ ਕੁੱਝ ਵੀ ਨਹੀਂ ਕਹਿੰਦੇ ਹਨ।
ਅਜੇਹੇ ਮਾਤਾ ਪਿਤਾ ਆਪਣੇ ਬੱਚਿਆਂ ਨਾਲ ਬੜੀ
ਹੌਲੀ ਹੌਲੀ ਤੇ ਹਮੇਸ਼ਾਂ ਸੁਚੇਤ ਹੋ ਕੇ ਬੋਲਦੇ ਰਹਿੰਦੇ ਹਨ। ਪਰੰਤੂ ਕਈ ਵਾਰੀ ਅਜੇਹੀ ਸਥਿੱਤੀ ਬਣ
ਜਾਂਦੀ ਹੈ ਕਿ ਅਜੇਹੇ ਮਾਤਾ ਪਿਤਾ ਦੇ ਅੰਦਰ ਵੀ ਕ੍ਰੋਧ ਇਕੱਠਾ ਹੁੰਦਾ ਰਹਿੰਦਾ ਹੈ ਤੇ ਇਕੋ ਵਾਰੀ
ਬੱਚਿਆਂ ਉੱਪਰ ਭੜਾਸ ਬਣ ਕੇ ਬਾਹਰ ਨਿਕਲ ਜਾਂਦਾ ਹੈ। ਪਰੰਤੂ ਗੁਰਬਾਣੀ ਤਾਂ ਹਰੇਕ ਸਥਿਤੀ ਵਿੱਚ
ਸਿੱਖ ਨੂੰ ਗੁਰਮੁਖਿ ਰਹਿਣ ਲਈ ਸਿਖਿਆ ਦਿੰਦੀ ਹੈ। ਅਜੇਹੇ ਬੱਚੇ ਅਕਸਰ ਜਿਦੀ ਬਣ ਜਾਂਦੇ ਹਨ, ਕੁੱਝ
ਕੁ ਸਮਝਦਾਰ ਵੀ ਬਣ ਜਾਂਦੇ ਹਨ, ਪਰੰਤੂ ਕਈ ਵਾਰੀ ਆਪਣੀ ਜਿਦ ਪੂਰੀ ਕਰਵਾਣ ਲਈ ਢੀਠ ਵੀ ਬਣ ਜਾਂਦੇ
ਹਨ। ਅਕਸਰ ਬਜੁਰਗ ਵੀ ਆਪਣੇ ਪੋਤਰੇ ਪੋਤਰੀਆਂ ਨਾਲ ਦੋਸਤੀ ਤੇ ਲਾਡ ਕਰਨ ਲਈ ਉਨ੍ਹਾਂ ਦੀ ਹਰੇਕ ਜਿਦ
ਪੂਰੀ ਕਰਦੇ ਰਹਿੰਦੇ ਹਨ, ਜਿਸ ਨਾਲ ਕਈ ਵਾਰੀ ਬੱਚੇ ਵਿਗੜ ਜਾਂਦੇ ਹਨ।
ਗੁਰਮੁਖਿ ਬੁਢੇ ਕਦੇ ਨਾਹੀ ਜਿਨਾੑ ਅੰਤਰਿ ਸੁਰਤਿ ਗਿਆਨੁ॥
ਸਦਾ ਸਦਾ ਹਰਿ ਗੁਣ ਰਵਹਿ ਅੰਤਰਿ ਸਹਜ ਧਿਆਨੁ॥ (੧੪੧੮)
ਤੀਸਰੀ
ਤਰ੍ਹਾਂ ਦੇ ਮਾਤਾ ਪਿਤਾ ਅਜੇਹੇ ਹਨ, ਜਿਹੜੇ ਕਿ ਸੁਚੇਤ, ਸਵੈ ਭਰੋਸੇ ਤੇ ਪੱਕੇ ਤਰੀਕੇ ਨਾਲ ਗਲਬਾਤ
ਕਰਦੇ ਹਨ। ਅਜੇਹੇ ਤਰੀਕੇ ਨਾਲ ਸਭ ਤਰ੍ਹਾਂ
ਦੀ ਉੱਮਰ ਦੇ ਬੱਚਿਆਂ ਨਾਲ ਗਲਬਾਤ ਕੀਤੀ ਜਾ ਸਕਦੀ ਹੈ। ਅਜੇਹੇ ਮਾਤਾ ਪਿਤਾ ਆਪਣੇ ਬੱਚਿਆਂ ਨਾਲ
ਸਪੱਸ਼ਟ, ਠੀਕ, ਪਿਆਰ, ਭਰੋਸੇ ਤੇ ਵਿਸ਼ਵਾਸ ਨਾਲ ਗਲਬਾਤ ਕਰਦੇ ਹਨ। ਅਜੇਹੇ ਵਾਤਾਵਰਨ ਵਿੱਚ ਬੱਚਿਆਂ
ਦਾ ਵਿਕਾਸ ਚੰਗਾ ਹੁੰਦਾ ਹੈ ਤੇ ਬੱਚਿਆਂ ਨੂੰ ਸਮਝ ਆ ਜਾਂਦੀ ਹੈ, ਕਿ ਉਨ੍ਹਾਂ ਦੇ ਮਾਤਾ ਪਿਤਾ ਕੀ
ਚਾਹੁੰਦੇ ਹਨ ਤੇ ਕਿਸ ਤਰ੍ਹਾਂ ਚਾਹੁੰਦੇ ਹਨ। ਆਪਸੀ ਤਾਲਮੇਲ ਕਰਕੇ ਅਜੇਹੇ ਬੱਚੇ ਕਈ ਤਰ੍ਹਾਂ ਦੇ
ਹੁਨਰ ਬਚਪਨ ਵਿੱਚ ਹੀ ਸਿਖ ਜਾਂਦੇ ਹਨ। ਇਸ ਤਰ੍ਹਾਂ ਦਾ ਜੀਵਨ ਤੇ ਸੇਧ ਇੱਕ ਗੁਰਮੁਖ ਪਰਵਾਰ ਦੇ
ਸਕਦਾ ਹੈ, ਜੋ ਗੁਰੂ ਦੇ ਪੂਰਨਿਆਂ ਤੇ ਚਲਣ ਵਾਲਾ ਹੋਵੇ ਤੇ ਅਕਾਲ ਪੁਰਖੁ ਤੇ ਭਰੋਸਾ ਰੱਖਣ ਵਾਲਾ
ਹੋਵੇ। ਇਸ ਲਈ ਨਾਮੁ ਰੂਪੀ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਹੁਕਮੁ ਨੂੰ ਸਮਝਣਾ ਹੈ, ਤੇ ਜੀਵਨ
ਵਿੱਚ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਚਲਣਾ ਸਿਖਣਾ ਹੈ।
"ਚੰਗਿਆਈਆ ਬੁਰਿਆਈਆ, ਵਾਚੈ ਧਰਮੁ ਹਦੂਰਿ॥ ਕਰਮੀ ਆਪੋ ਆਪਣੀ, ਕੇ ਨੇੜੈ ਕੇ
ਦੂਰਿ॥ ਜਿਨੀ ਨਾਮੁ ਧਿਆਇਆ, ਗਏ ਮਸਕਤਿ ਘਾਲਿ॥ ਨਾਨਕ ਤੇ ਮੁਖ ਉਜਲੇ, ਕੇਤੀ ਛੁਟੀ ਨਾਲਿ॥ ੧॥ (੮) "
ਆਮ ਤੌਰ ਤੇ ਤਿੰਨ ਮੁੱਖ ਕਾਰਨ ਹਨ, ਜਿਨ੍ਹਾਂ ਕਰਕੇ ਬੱਚੇ ਆਪਣੇ ਮਾਤਾ ਪਿਤਾ
ਦਾ ਕਹਿਣਾ ਨਹੀਂ ਮੰਨਦੇ ਹਨ।
ਮਾਤਾ ਪਿਤਾ ਬੱਚਿਆਂ ਨੂੰ ਨਹੀਂ ਸੁਣਦੇ ਹਨ:
ਅਸੀਂ ਜੋ ਵੀ ਅਸਮਾਨ ਵਿੱਚ ਉੱਪਰ ਸੁਟਦੇ ਹਾਂ, ਉਹ ਵਾਪਿਸ
ਸਾਡੇ ਕੋਲ ਆ ਜਾਂਦਾ ਹੈ। ਜੇਕਰ ਅਸੀਂ ਕੁੱਝ ਨਹੀਂ ਸੁਟਦੇ ਹਾਂ ਤਾਂ ਜਰੂਰੀ ਨਹੀਂ ਕਿ ਸਾਡੇ ਕੋਲ
ਕੁੱਝ ਵਾਪਿਸ ਆਵੇ। ਇਹੋ ਹੀ ਬੱਚਿਆਂ ਦੇ ਸੁਣਨ ਸਬੰਧੀ ਹੈ। ਜੇਕਰ ਅਸੀਂ ਬੱਚਿਆਂ ਨੂੰ ਨਹੀਂ ਸੁਣਦੇ
ਹਾਂ, ਉਨ੍ਹਾਂ ਲਈ ਉਚੇਚਾ ਸਮਾਂ ਨਹੀਂ ਕੱਢਦੇ ਹਾਂ ਤਾਂ ਅਸੀਂ ਬੱਚਿਆਂ ਕੋਲੋ ਕਿਸ ਤਰ੍ਹਾਂ ਆਸ ਰੱਖ
ਸਕਦੇ ਹਾਂ? ਮਾਤਾ ਪਿਤਾ ਨੂੰ ਬੱਚਿਆਂ ਨਾਲ ਗੱਲਬਾਤ ਕਰਨ ਲਈ ਉਚੇਚਾ ਸਮਾਂ ਕੱਢਣਾ ਚਾਹੀਦਾ ਹੈ, ਤਾਂ
ਜੋ ਉਨ੍ਹਾਂ ਦਾ ਬੱਚਿਆਂ ਨਾਲ ਸੰਬੰਧ ਬਣਿਆ ਰਹੇ। ਗੁਰਬਾਣੀ ਵਿੱਚ ਵੀ ਇਹੀ ਸਮਝਾਂਇਆ ਗਿਆ ਹੈ ਕਿ
ਜੇਕਰ ਅਸੀਂ ਗੁਰੂ ਦੀ ਸਿਖਿਆ ਧਿਆਨ ਨਾਲ ਨਹੀਂ ਸੁਣਦੇ ਹਾਂ, ਤੇ ਉਸ ਅਨੁਸਾਰ ਨਹੀਂ ਚਲਦੇ ਹਾਂ ਤਾਂ
ਸਾਡਾ ਸਭ ਕੁੱਝ ਕੀਤਾ ਕਰਾਇਆ ਨਿਹਫਲ ਹੋ ਜਾਂਦਾ ਹੈ।
ਗੁਰ ਤੇ ਮੁਹੁ ਫੇਰੇ ਜੇ ਕੋਈ ਗੁਰ ਕਾ ਕਹਿਆ ਨ ਚਿਤਿ ਧਰੈ॥ ਕਰਿ ਆਚਾਰ ਬਹੁ
ਸੰਪਉ ਸੰਚੈ ਜੋ ਕਿਛੁ ਕਰੈ ਸੁ ਨਰਕਿ ਪਰੈ
॥
੪॥ (੧੩੩੪)
ਅਸੀਂ ਕਈ ਵਾਰੀ ਬੱਚਿਆਂ ਸਾਹਮਣੇ ਝੂਠ ਬੋਲਦੇ ਹਾਂ
:
ਇਹ ਦੂਸਰਾ ਵੱਡਾ ਕਾਰਨ ਇਹ ਹੈ ਕਿ ਅਸੀਂ ਕਈ ਵਾਰੀ ਬੱਚਿਆਂ ਸਾਹਮਣੇ ਦੂਸਰਿਆਂ ਨਾਲ ਝੂਠ ਬੋਲਦੇ
ਹਾਂ, ਤੇ ਜਾਂ ਦੂਸਰਿਆਂ ਲੋਕਾਂ ਦੀ ਚੁਗਲੀ ਕਰਦੇ ਰਹਿੰਦੇ ਹਾਂ। ਬੱਚੇ ਇਹ ਸਭ ਕੁੱਝ ਵੇਖਦੇ ਰਹਿੰਦੇ
ਹਨ ਤੇ ਅਜੇਹਾ ਕਰਨ ਨਾਲ ਹੌਲੀ ਹੌਲੀ ਬੱਚਿਆਂ ਨੂੰ ਵੀ ਝੂਠ ਬੋਲਣ ਦੀ ਆਦਤ ਪੈ ਜਾਂਦੀ ਹੈ। ਅਸੀਂ
ਆਪਣੇ ਬੱਚਿਆਂ ਸਾਹਮਣੇ ਆਪਣਾ ਸਤੱਰ ਆਪ ਨੀਵਾਂ ਕਰ ਲੈਂਦੇ ਹਾਂ। ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ
ਅਸੀਂ ਬੱਚਿਆਂ ਨੂੰ ਆਪ ਹੀ ਵਿਗਾੜ ਲੈਂਦੇ ਹਾਂ।
ਸਲੋਕ ਮਃ ੧॥
ਕੂੜੁ ਬੋਲਿ ਮੁਰਦਾਰੁ ਖਾਇ॥ ਅਵਰੀ
ਨੋ ਸਮਝਾਵਣਿ ਜਾਇ॥ ਮੁਠਾ ਆਪਿ ਮੁਹਾਏ ਸਾਥੈ॥
ਨਾਨਕ ਐਸਾ ਆਗੂ ਜਾਪੈ॥ ੧॥ (੧੩੯, ੧੪੦)
ਜੇ ਜਾਣਾ ਮਰਿ ਜਾਈਐ ਘੁਮਿ ਨ ਆਈਐ॥ ਝੂਠੀ ਦੁਨੀਆ ਲਗਿ ਨ ਆਪੁ ਵਞਾਈਐ
॥
੨॥ ਬੋਲੀਐ ਸਚੁ ਧਰਮੁ ਝੂਠੁ ਨ
ਬੋਲੀਐ॥ ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ॥ ੩॥
(੪੮੮)
ਅਸੀਂ ਜੋ ਕਹਿੰਦੇ ਹਾਂ ਉਹ ਕਰਦੇ ਨਹੀਂ:
ਆਮ ਵੇਖਣ ਵਿੱਚ ਆਂਉਂਦਾ ਹੈ ਕਿ ਮਾਤਾ ਪਿਤਾ ਬੱਚੇ ਨੂੰ
ਕੁੱਝ ਲੈਣ ਜਾਂ ਕਿਤੇ ਲਿਜਾਣ ਦਾ ਵਾਇਦਾ ਤਾਂ ਕਰਦੇ ਹਨ, ਪਰੰਤੂ ਬਾਅਦ ਵਿੱਚ ਭੁਲ ਜਾਂਦੇ ਹਨ ਤੇ
ਜਾਂ ਟਾਲਮਟੋਲ ਕਰਦੇ ਰਹਿੰਦੇ ਹਨ। ਅਸਲੀਅਤ ਇਹ ਹੈ ਕਿ ਅਸੀਂ ਭਾਂਵੇ ਭੁਲ ਜਾਈਏ ਪਰੰਤੂ ਬੱਚੇ ਨਹੀਂ
ਭੁਲਦੇ ਹਨ। ਕੀ ਅਸੀਂ ਇਹ ਸੋਚਿਆ ਹੈ ਕਿ ਅਜੇਹਾ ਝੂਠ ਕਦੋਂ ਤਕ ਚਲ ਸਕਦਾ ਹੈ। ਇਹੀ ਕਾਰਨ ਹੈ ਕਿ
ਅਸੀਂ ਬੱਚਿਆਂ ਦਾ ਵਿਸ਼ਵਾਸ ਖੋ ਬੈਠਦੇ ਹਾਂ। ਇਸ ਲਈ ਕਸੂਰ ਬੱਚਿਆਂ ਦਾ ਨਹੀਂ ਹੈ, ਇਹ ਸਾਡਾ ਆਪਣਾ
ਕਸੂਰ ਹੈ। ਇਸ ਲਈ ਜੇਕਰ ਚੰਗੇ ਫਲ ਦੀ ਆਸ ਰੱਖਦੇ ਹਾਂ ਤਾਂ ਬੀਜ ਵੀ ਚੰਗਾ ਹੀ ਬੀਜਣਾ ਪਵੇਗਾ।
ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ॥ ਹੰਢੈ ਉਂਨ ਕਤਾਇਦਾ ਪੈਧਾ
ਲੋੜੈ ਪਟੁ॥ ੨੩॥ (੧੩੭੯)
ਜਿਨੀ ਦੇਰ ਤਕ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਕਹਿਣਾ ਮੰਨਣਾ ਨਹੀਂ ਸਿਖਾਂਦੇ ਹਨ, ਉਤਨੀ ਦੇਰ ਤਕ
ਬੱਚੇ ਵੀ ਕਹਿਣਾ ਮੰਨਣਾਂ ਨਹੀਂ ਸਿਖਦੇ ਹਨ।
ਬੱਚੇ ਮਰਜੀ ਦੇ ਮਾਲਕ ਹੁੰਦੇ ਹਨ ਤੇ ਉਹ ਵੀ ਆਪਣੇ ਆਪ ਨੂੰ ਵੱਡਿਆਂ ਤੋਂ ਘਟ ਨਹੀਂ ਸਮਝਦੇ ਹਨ। ਇਸ
ਲਈ ਸਿਖਲਾਈ ਛੋਟੀ ਉੱਮਰ ਤੋਂ ਹੀ ਆਰੰਭ ਕਰ ਦੇਣੀ ਚਾਹੀਦੀ ਹੈ। ਜਿਸ ਤਰ੍ਹਾਂ ਵੱਡਿਆਂ ਨੂੰ ਟੋਕਾ
ਟਾਕੀ ਪਸੰਦ ਨਹੀਂ, ਠੀਕ ਉਸੇ ਤਰ੍ਹਾਂ ਬੱਚਿਆਂ ਨੂੰ ਵੀ ਟੋਕਾ ਟਾਕੀ ਪਸੰਦ ਨਹੀਂ। ਖੇਡ ਰਹੇ ਬੱਚੇ
ਨੂੰ ਜੇਕਰ ਕੁੱਝ ਹੋਰ ਕੰਮ ਕਰਨ ਲਈ ਜਾਂ ਪੜ੍ਹਨ ਲਈ ਕਿਹਾ ਜਾਵੇ ਤਾਂ ਉਹ ਅਣਸੁਣਿਆ ਕਰ ਦਿੰਦਾ ਹੈ।
ਵੱਡਿਆਂ ਵਾਂਗੂ ਬੱਚਿਆਂ ਨੂੰ ਵੀ ਜੋ ਉਹ ਕਰ ਰਹੇ ਹੁੰਦੇ ਹਨ, ਉਹੀ ਪਿਆਰਾ ਲਗਦਾ ਹੈ। ਕਈ ਵਾਰੀ ਇਹ
ਵੀ ਹੁੰਦਾ ਹੈ, ਕਿ ਵਾਰ ਵਾਰ ਕਹਿਣ ਤੇ ਵੀ ਬੱਚੇ ਨਹੀਂ ਸੁਣਦੇ ਹਨ।
"ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ॥ ਪਤਿ ਪਰਵਾਣਾ ਪਿਛੈ ਪਾਈਐ
ਤਾ ਨਾਨਕ ਤੋਲਿਆ ਜਾਪੈ॥ ੨॥" (੪੬੮-੪੬੯)
ਬਹੁਤ ਸਾਰੇ ਮਾਤਾ ਪਿਤਾ ਆਪਣੇ ਬੱਚਿਆਂ ਦੇ ਪਿਛੇ ਪਏ ਰਹਿੰਦੇ ਹਨ
,
ਕਿ ਬੁਰਸ਼ ਕਰ, ਖਾਣਾਂ ਖਾ, ਸਫਾਈ ਰੱਖ, ਘਰ ਦਾ ਕੰਮ ਕਰ, ਜਲਦੀ ਸੌ, ਆਦਿ। ਕਈ ਵਾਰੀ ਬੱਚੇ ਪਰਵਾਹ
ਤਕ ਨਹੀਂ ਕਰਦੇ, ਬਿਨਾ ਸੁਣੇ ਅਣਗੌਲਿਆ ਕਰ ਦਿੰਦੇ ਹਨ। ਜੇਕਰ ਮਾਤਾ ਪਿਤਾ ਆਪ ਖੁਦ ਦੇਰ ਨਾਲ ਸੌਦੇ
ਹਨ, ਜਾਂ ਟੀ. ਵੀ. ਵੇਖਦੇ ਰਹਿੰਦੇ ਹਨ ਤਾਂ ਉਹ ਬੱਚਿਆਂ ਨੂੰ ਜਲਦੀ ਸੌਣ ਲਈ ਕਿਸ ਤਰ੍ਹਾਂ ਸਿਖਾ
ਸਕਦੇ ਹਨ। ਬੱਚਿਆਂ ਨੂੰ ਮਾਤਾ ਪਿਤਾ ਦੀ ਸਿਖਿਆ ਇਸ ਤਰ੍ਹਾਂ ਲਗਦੀ ਹੈ, ਜਿਸ ਤਰ੍ਹਾਂ ਅਸੀਂ ਟੀ.
ਵੀ. ਦੀ ਐਡ ਵੇਖਦੇ ਹਾਂ, ਜਬਰਦਸਤੀ ਵੇਖਣੀ ਤੇ ਸੁਣਨੀ ਤਾਂ ਪੈਂਦੀ ਹੈ, ਪਰੰਤੂ ਅਸੀਂ ਕੋਈ ਪਰਵਾਹ
ਨਹੀਂ ਕਰਦੇ ਹਾਂ। ਇਸ ਲਈ ਬੱਚਿਆਂ ਦੇ ਪਿਛੇ ਪੈ ਕੇ ਜਾਂ ਡਰ ਪੈਦਾ ਕਰਕੇ ਕਹਿਣਾ ਮੰਨਣ ਦੀ ਆਦਤ
ਨਹੀਂ ਪਾਣੀ ਹੈ, ਬਲਕਿ ਉਨ੍ਹਾਂ ਨਾਲ ਪਿਆਰ ਪਾ ਕੇ ਸਿਖਿਆ ਦੇਣੀ ਹੈ।
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ
ਤਾਹਿ ਬਖਾਨਿ॥ ੧੬॥ (੧੪੨੭)
ਕਈ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਲੰਮੇ ਲੰਮੇ ਲੈਕਚਰ ਦਿੰਦੇ ਰਹਿੰਦੇ ਹਨ:
ਬੱਚੇ ਕਿਨਾਂ ਕੁ ਸੁਣਦੇ ਹਨ, ਇਹ ਨਿਰਭਰ
ਕਰਦਾ ਹੈ, ਕਿ ਮਾਤਾ ਪਿਤਾ ਬੱਚੇ ਨੂੰ ਕੀ ਬੋਲਦੇ ਹਨ, ਤੇ ਕਿਸ ਤਰ੍ਹਾਂ ਬੋਲਦੇ ਹਨ। ਬੱਚੇ ਇਹ ਸਮਝਣ
ਲਗ ਜਾਂਦੇ ਹਨ ਕਿ ਮਾਤਾ ਪਿਤਾ ਨੂੰ ਤਾਂ ਬੋਲਣ ਦੀ ਆਦਤ ਹੈ, ਜਿਸ ਕਰਕੇ ਬੋਲਦੇ ਰਹਿੰਦੇ ਹਨ। ਬੱਚਾ
ਜਿਆਦਾ ਲੰਮੀਆਂ ਗੱਲਾਂ ਨਹੀਂ ਸਮਝ ਸਕਦਾ ਹੈ, ਇਸ ਲਈ ਕੁੱਝ ਕੁ ਸ਼ਬਦਾਂ ਵਿੱਚ ਆਪਣੀ ਗੱਲ ਪੂਰੀ ਕਰਨੀ
ਚਾਹੀਦੀ ਹੈ, ਤੇ ਬੱਚੇ ਨੂੰ ਆਪ ਬੋਲਣ ਦਾ ਮੌਕਾ ਵੀ ਦੇਣਾ ਚਾਹੀਦਾ ਹੈ। ਬੱਚੇ ਦੀ ਉਮਰ ਨੂੰ ਧਿਆਨ
ਵਿੱਚ ਰੱਖਦੇ ਹੋਏ, ਸਥਿਤੀ ਅਨੁਸਾਰ ਬੱਚੇ ਨੂੰ ਸਰਲ ਤਰੀਕੇ ਨਾਲ ਸਮਝਾਣ ਦੀ ਕੋਸ਼ਿਸ਼ ਕਰਨੀ ਚਾਹੀਦੀ
ਹੈ।
ਸਲੋਕ ਮਃ ੧॥
ਕੁਦਰਤਿ ਕਰਿ ਕੈ ਵਸਿਆ ਸੋਇ॥ ਵਖਤੁ
ਵੀਚਾਰੇ ਸੁ ਬੰਦਾ ਹੋਇ॥ (੮੩, ੮੪)
ਕਈ ਮਾਤਾ
ਪਿਤਾ ਆਪਣੇ ਬੱਚਿਆਂ ਨੂੰ ਕਹਿੰਦੇ ਰਹਿੰਦੇ ਹਨ, ਕਿ ਇਹ ਨਹੀਂ ਕਰਨਾ, ਇਸ ਤਰ੍ਹਾਂ ਨਹੀਂ ਕਰਨਾ, ਇਹ
ਕਿਉਂ ਕੀਤਾ? ਅਜੇਹੇ ਸ਼ਬਦਾ ਕਰਕੇ ਬੱਚਾ
ਸੋਚਦਾ ਹੈ, ਕਿ ਉਸ ਨੂੰ ਧਮਕਾਇਆ ਜਾ ਰਿਹਾ ਹੈ, ਉਸ ਤੇ ਹਮਲਾ ਕੀਤਾ ਜਾ ਰਿਹਾ ਹੈ, ਉਸ ਦੇ
ਸਵੈਭਿਮਾਨ ਤੇ ਚੋਟ ਮਾਰੀ ਜਾ ਰਹੀ ਹੈ। ਬੱਚਾ ਇਸ ਦਾ ਕਾਰਨ ਨਹੀਂ ਸਮਝ ਸਕਦਾ ਹੈ, ਜਿਸ ਕਰਕੇ ਬੱਚਾ
ਸੁਣਨਾ ਬੰਦ ਕਰ ਦਿੰਦਾ ਹੈ।
ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ॥
ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ॥ ੧੨੯॥ (੧੩੮੪)
ਕਈ ਮਾਤਾ
ਪਿਤਾ ਨੂੰ ਆਪਣੇ ਬੱਚਿਆਂ ਉੱਚੀ ਆਵਾਜ਼ ਵਿੱਚ ਬੁਲਾਉਂਣ ਦੀ ਆਦਤ ਹੁੰਦੀ ਹੈ।
ਜਿਸ ਕਰਕੇ ਬੱਚਿਆਂ ਦੀ ਵੀ ਆਦਤ ਬਣ ਜਾਂਦੀ ਹੈ, ਕਿ ਉਹ
ਉਦੋਂ ਹੀ ਸੁਣਦੇ ਹਨ, ਜਦੋਂ ਉਨ੍ਹਾਂ ਨਾਲ ਉੱਚੀ ਆਵਾਜ਼ ਵਿੱਚ ਚੀਕ ਕੇ ਬੋਲਿਆ ਜਾਵੇ। ਗੁਰਬਾਣੀ ਤਾਂ
ਸਾਨੂੰ ਮਿਠਾ ਬੋਲ ਕੇ ਪਿਆਰ ਪਾਣ ਦੀ ਸਿਖਿਆਂ ਦਿੰਦੀ ਹੈ।
ਕਈ ਮਾਤਾ ਪਿਤਾ ਸੋਚਦੇ ਹਨ, ਕਿ ਉੱਚੀ ਆਵਾਜ਼ ਵਿੱਚ ਬੋਲਣ ਨਾਲ ਬੱਚੇ ਠੀਕ
ਤਰ੍ਹਾਂ ਸੁਣਦੇ ਹਨ।
ਇਹ ਵੀ ਵੇਖਣ ਵਿੱਚ
ਆਂਉਂਦਾ ਹੈ ਕਿ ਕਈ ਵਾਰੀ ਮਾਤਾ ਪਿਤਾ ਆਪਣੇ ਗੁਸੇ ਦੀ ਭੜਾਸ ਬੱਚੇ ਉੱਪਰ ਕੱਢ ਦਿੰਦੇ ਹਨ। ਅਜੇਹੀ
ਹਾਲਤ ਵਿੱਚ ਬੱਚੇ ਇਕੱਲੇ ਰਹਿਣਾਂ ਠੀਕ ਸਮਝਦੇ ਹਨ ਤੇ ਨਾ ਤਾਂ ਕੋਈ ਗੱਲ ਕਰਦੇ ਹਨ ਤੇ ਨਾ ਹੀ
ਸੁਣਦੇ ਹਨ। ਕੁੱਝ ਹਾਲਤਾਂ ਵਿੱਚ ਉਲਟਾ ਜਵਾਬ ਵੀ ਦੇ ਸਕਦੇ ਹਨ। ਅਜੇਹੀ ਸਥਿਤੀ ਵਿੱਚ ਬੱਚੇ ਨਾਲ
ਹੌਲੀ ਤੇ ਪਿਆਰ ਨਾਲ ਗੱਲ ਕਰਨੀ ਚਾਹੀਦੀ ਹੈ। ਉੱਚੀ ਆਵਾਜ਼ ਵਿੱਚ ਚੀਕਣ ਨਾਲ ਕੋਈ ਲਾਭ ਨਹੀਂ ਹੋਣਾ
ਹੈ।
ਗੰਢੁ ਪਰੀਤੀ ਮਿਠੇ ਬੋਲ
॥
(੧੪੩)
ਕਈ ਵਾਰੀ
ਜਦੋਂ ਕਿ ਬੱਚਾ ਆਪਣੇ ਕਿਸੇ ਹੋਰ ਕੰਮ ਵਿੱਚ ਰੁਝਾ ਹੁੰਦਾ ਹੈ ਤਾਂ ਮਾਤਾ ਪਿਤਾ ਬੱਚੇ ਨਾਲ ਗੱਲਾਂ
ਕਰਨ ਲਗ ਪੈਂਦੇ ਹਨ ਜਾਂ ਉਸ ਨੂੰ ਕੁੱਝ ਕਹਿਣ ਲਗ ਪੈਂਦੇ ਹਨ।
ਅਜੇਹੀ ਸਥਿਤੀ ਵਿੱਚ ਜਾਂ ਤਾਂ ਬੱਚੇ ਦਾ ਧਿਆਨ ਹੀ ਨਹੀਂ
ਹੁੰਦਾ ਹੈ ਤੇ ਜਾਂ ਬੱਚਾ ਉਸ ਵੱਲ ਆਪਣੀ ਤਵੋਜੋ ਨਹੀਂ ਦਿੰਦਾ ਹੈ। ਅਜੇਹੀ ਸਥਿਤੀ ਵਿੱਚ ਬੱਚੇ ਦਾ
ਧਿਆਨ ਆਪਣੇ ਵੱਲ ਕੇਂਦਰਿਤ ਕਰਨਾ ਬਹੁਤ ਜਰੂਰੀ ਹੈ। ਬੱਚਿਆਂ ਨਾਲ ਅੱਖਾਂ ਨਾਲ ਅੱਖਾਂ ਮਿਲਾ ਕੇ
ਸਾਂਝ ਪੈਦਾ ਕਰਨੀ ਬਹੁਤ ਸਹਾਇਕ ਹੁੰਦੀ ਹੈ।
ਵਿਣੁ ਗਾਹਕ ਗੁਣ ਵੇਚੀਐ ਤਉ ਗੁਣੁ ਸਹਘੋ ਜਾਇ॥ ਗੁਣ ਕਾ ਗਾਹਕੁ ਜੇ ਮਿਲੈ ਤਉ
ਗੁਣੁ ਲਾਖ ਵਿਕਾਇ
॥ (੧੦੮੬, ੧੦੮੭)
ਜੇਕਰ ਬੱਚੇ ਆਪਣੀ ਮਰਜ਼ੀ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨਾਲ ਜਬਰਦਸਤੀ
ਨਹੀਂ ਕਰਨੀ ਚਾਹੀਦੀ
। ਰੋਅਬ ਪਾਣ ਵਾਲੇ ਮਾਤਾ
ਪਿਤਾ ਵਾਸਤੇ ਕਈ ਵਾਰੀ ਇਹ ਮੁਸ਼ਕਲ ਹੋ ਜਾਂਦਾ ਹੈ। ਕਈ ਵਾਰੀ ਤਾਂ ਬੱਚੇ ਸੁਣ ਲੈਂਦੇ ਹਨ, ਤੇ ਕਈ
ਵਾਰੀ ਆਪਸ ਵਿੱਚ ਟਕਰਾਵ ਵੀ ਹੋ ਜਾਂਦਾ ਹੈ, ਜਿਸ ਕਰਕੇ ਬੱਚੇ ਸੁਣਨਾਂ ਬੰਦ ਕਰ ਦਿੰਦੇ ਹਨ। ਇਸ ਲਈ
ਪਹਿਲਾਂ ਸਥਿਤੀ ਨੂੰ ਸਮਝਣਾ ਹੈ ਤੇ ਫਿਰ ਉਸ ਆਨੁਸਾਰ ਕਹਿਣਾ ਜਾਂ ਕਰਨਾ ਚਾਹੀਦਾ ਹੈ।
ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ॥
(੧੪੧੦)
ਮਾਤਾ ਪਿਤਾ ਨਾਲ ਰਹਿ ਕੇ ਬੱਚਿਆਂ ਨੂੰ ਵੀ ਪਤਾ ਲਗ ਜਾਂਦਾ ਹੈ ਕਿ ਮਾਤਾ
ਪਿਤਾ ਕਿਸ ਤਰ੍ਹਾਂ ਦੀ ਸਥਿਤੀ ਵਿੱਚ ਕਿਨੀ ਵਾਰੀ ਬੁਲਾਉਂਣਗੇ।
ਜੇਕਰ ਬੱਚਾ ਇੱਕ ਦੋ ਵਾਰੀ ਕਹਿਣ ਨਾਲ ਨਹੀਂ ਸੁਣਦਾ ਹੈ
ਤਾਂ ਵਾਰ ਵਾਰ ਕਹਿੰਣ ਨਾਲ ਕੋਈ ਫਾਇਦਾ ਨਹੀਂ ਹੋਣਾ ਹੈ। ਇਸ ਲਈ ਆਪਣੇ ਅੰਦਰ ਵੀਚਾਰਨਾ ਹੈ ਕਿ ਇਸ
ਦਾ ਕੀ ਕਾਰਨ ਹੈ ਤੇ ਕਿਸ ਤਰ੍ਹਾਂ ਹਲ ਲੱਭਿਆ ਜਾ ਸਕਦਾ ਹੈ। ਜਿਸ ਤਰ੍ਹਾਂ ਅਕਾਲ ਪੁਰਖੁ ਨੂੰ ਵਾਰ
ਵਾਰ ਕਿਸੇ ਖਾਸ ਨਾਂ ਨਾਲ ਬੁਲਾਣ ਨਾਲ ਕੋਈ ਲਾਭ ਨਹੀਂ ਹੋਣਾ ਹੈ, ਠੀਕ ਉਸੇ ਤਰ੍ਹਾਂ ਬੱਚੇ ਨੂੰ ਵਾਰ
ਵਾਰ ਕਹਿਣ ਨਾਲ ਕੋਈ ਖਾਸ ਲਾਭ ਨਹੀਂ ਹੋਣਾ ਹੈ। ਜਿਸ ਤਰ੍ਹਾਂ ਅਕਾਲ ਪੁਰਖੁ ਨੂੰ ਪਾਣ ਲਈ ਉਸ ਦੇ
ਗੁਣਾਂ ਨਾਲ ਸਾਂਝ ਪਾਣੀ ਹੈ, ਠੀਕ ਉਸੇ ਤਰ੍ਹਾਂ ਬੱਚੇ ਨਾਲ ਪ੍ਰੇਮ ਨਾਲ ਸਾਂਝ ਪਾਣੀ ਹੈ।
ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ॥ ਜਾ ਕਾਰਨਿ ਤੂੰ ਬਾਂਗ
ਦੇਹਿ ਦਿਲ ਹੀ ਭੀਤਰਿ ਜੋਇ
॥ ੧੮੪॥ (੧੩੭੪)
ਮਾਤਾ ਪਿਤਾ ਨੂੰ ਆਪਣੇ ਬੱਚਿਆਂ ਲਈ ਇੱਕ ਚੰਗਾ ਰੋਲ ਮਾਡਲ ਬਣਨਾ ਚਾਹੀਦਾ ਹੈ
:
ਬੱਚੇ ਅਕਸਰ ਆਪਣੇ ਮਾਤਾ ਪਿਤਾ ਦੀ ਨਕਲ ਕਰਦੇ ਹਨ। ਜੇਕਰ ਮਾਤਾ ਪਿਤਾ ਆਪਣੇ ਬੱਚੇ ਦੀ ਗੱਲ ਧਿਆਨ
ਨਾਲ ਸੁਣਦੇ ਹਨ ਤਾਂ ਬੱਚੇ ਵੀ ਮਾਤਾ ਪਿਤਾ ਦੀ ਗੱਲਾਂ ਧਿਆਨ ਨਾਲ ਸੁਣਨਾ ਸਿਖ ਜਾਂਦੇ ਹਨ। ਜੇਕਰ
ਮਾਤਾ ਪਿਤਾ ਜਦੋਂ ਕਿਸੇ ਦੂਸਰੇ ਨਾਲ ਗੱਲਾਂ ਕਰਨ ਵੇਲੇ ਉਸ ਦੀ ਗੱਲ ਧਿਆਨ ਨਾਲ ਨਹੀਂ ਸੁਣਦੇ ਹਨ
ਤਾਂ ਬੱਚੇ ਵੀ ਨਾ ਸੁਣਨ ਵਾਲੀ ਆਦਤ ਸਿਖ ਜਾਂਦੇ ਹਨ। ਆਪਣੇ ਜੀਵਨ ਸਾਥੀ ਨਾਲ ਨਾ ਤਾਂ ਉੱਚੀ ਬੋਲਣਾ
ਚਾਹੀਦਾ ਹੈ ਤੇ ਨਾ ਹੀ ਲੜਨਾਂ ਚਾਹੀਦਾ ਹੈ, ਤੇ ਨਾ ਹੀ ਉਸ ਦੀ ਕਹੀ ਗੱਲ ਵੱਲ ਬੇਧਿਆਨੇ ਹੋਣਾ
ਚਾਹੀਦਾ ਹੈ। ਬੱਚੇ ਇਹ ਸਭ ਕੁੱਝ ਵੇਖਦੇ ਰਹਿੰਦੇ ਹਨ ਤੇ ਮਾਤਾ ਪਿਤਾ ਦੀਆਂ ਨਕਲਾਂ ਵੀ ਲਾਂਉਂਦੇ
ਰਹਿੰਦੇ ਹਨ। ਇਹ ਸਭ ਕੁੱਝ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਮਾਤਾ ਪਿਤਾ ਨੂੰ ਪਤਾ ਵੀ ਨਹੀਂ ਲਗਦਾ।
ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ॥ ਰਾਮ ਨਾਮ ਜਪੁ ਹਿਰਦੈ
ਜਾਪੈ ਮੁਖ ਤੇ ਸਗਲ ਸੁਨਾਵੈ॥ ੨॥
(੩੮੧)
ਕਰਤਨ ਮਹਿ ਤੂੰ ਕਰਤਾ ਕਹੀਅਹਿ ਆਚਾਰਨ ਮਹਿ ਆਚਾਰੀ॥ ਸਾਹਨ ਮਹਿ ਤੂੰ ਸਾਚਾ
ਸਾਹਾ ਵਾਪਾਰਨ ਮਹਿ ਵਾਪਾਰੀ
॥ ੪॥ (੫੦੭, ੫੦੮)
ਜੇਕਰ ਇਹ ਸਭ ਕੁੱਝ ਕੁੱਝ ਕਰਨ ਤੋਂ ਬਾਅਦ ਵੀ ਬੱਚੇ ਆਪਣੇ ਮਾਤਾ ਪਿਤਾ ਨੂੰ
ਨਹੀਂ ਸੁਣਦੇ ਹਨ ਤਾਂ ਹੋ ਸਕਦਾ ਹੈ ਕੋਈ ਗੁਝਾ ਅੰਦਰੂਨੀ, ਪਰਿਵਾਰਿਕ ਜਾਂ ਸਰੀਰਕ ਕਾਰਨ ਹੋਵੇ।
ਅਜੇਹੀ ਸਥਿਤੀ ਵਿੱਚ ਕਈ ਵਾਰੀ ਬੱਚੇ ਆਪਣੀ ਮੁਸ਼ਕਲ ਆਪਣੇ ਦੋਸਤਾਂ ਨਾਲ ਸਾਂਝੀ ਕਰ ਲੈਂਦੇ ਹਨ। ਜੇਕਰ
ਕੋਈ ਸਰੀਰਕ ਕਾਰਨ, ਬੀਮਾਰੀ ਜਾਂ ਮਾਨਸਿਕ ਕਾਰਨ ਹੋਵੇ ਤਾਂ ਡਾਕਟਰ ਦੀ ਸਲਾਹ ਲੈ ਲੈਂਣੀ ਚਾਹੀਦੀ
ਹੈ। ਗੁਰਬਾਣੀ ਤੋਂ ਸਿਖਿਆ ਲੈ ਕੇ ਤੇ ਉਸ ਅਨੁਸਾਰ ਚਲ ਕੇ ਅਸੀਂ ਆਪਣੇ ਬਹੁਤ ਸਾਰੇ ਮਾਨਸਿਕ ਰੋਗ ਤੇ
ਤਨਾਵ ਦੂਰ ਹੋ ਸਕਦੇ ਹਨ। ਜਿਸ ਸਦਕਾ ਅਸੀਂ ਤੰਦਰੁਸਤ ਤੇ ਖੁਸ਼ਹਾਲ ਜੀਵਨ ਬਤੀਤ ਕਰ ਸਕਦੇ ਹਾਂ।
ਮੇਰਾ ਬੈਦੁ ਗੁਰੂ ਗੋਵਿੰਦਾ॥ ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ
ਕੀ ਫੰਧਾ॥ ੧॥ ਰਹਾਉ॥ (੬੧੮)
ਹੰਕਾਰੀ ਤੇ ਲਾਲਚੀ ਮਨੁੱਖ ਅਪਣੇ ਮਾਂ, ਪਿਉ, ਪੁੱਤਰ, ਧੀਆਂ ਤੇ ਮਾਇਆ ਨੂੰ
ਹੀ ਸਭ ਕੁੱਝ ਸਮਝਦਾ ਹੈ, ਪਰ ਇਨ੍ਹਾਂ ਵਿਚੋਂ ਕੋਈ ਵੀ ਜੀਵ ਦਾ ਸਦਾ ਲਈ ਸਾਥੀ ਨਹੀਂ ਬਣ ਸਕਦਾ, ਤੇ
ਦੁਖ ਆਉਣ ਤੇ ਵੀ ਸਹਾਈ ਨਹੀਂ ਹੋ ਸਕਦਾ ਹੈ। ਜੇ ਕਰ ਗੁਰੂ ਦੀ ਸੰਗਤ, ਭਾਵ ਬਾਣੀ ਨੂੰ ਆਪਣੇ ਹਿਰਦੇ
ਵਿੱਚ ਟਿਕਾ ਲਈਏ ਤਾਂ ਸਾਰੇ ਦੁਖ ਤੇ ਕਲੇਸ਼ ਦੂਰ ਕਰ ਸਕਦੇ ਹਾਂ। ਅਕਾਲ ਪੁਰਖੁ ਆਪ ਸਭ ਜੀਵਾਂ ਵਿੱਚ
ਵਿਆਪਕ ਹੈ। ਜੇ ਕਰ ਉਸ ਅਕਾਲ ਪੁਰਖੁ ਨੂੰ ਗੁਰਬਾਣੀ ਦੁਆਰਾ ਹਰੇਕ ਹਿਰਦੇ ਵਿੱਚ ਵਸਦਾ ਵੇਖ ਲਈਏ ਤੇ
ਹਮੇਸ਼ਾਂ ਯਾਦ ਰੱਖੀਏ ਤਾਂ ਦੁਖ ਸਾਡੇ ਉਤੇ ਕੋਈ ਜ਼ੋਰ ਨਹੀਂ ਪਾ ਸਕਣਗੇ।
ਬਿਲਾਵਲੁ ਮਹਲਾ ੫॥
ਮਾਤ ਪਿਤਾ ਸੁਤ ਸਾਥਿ ਨ ਮਾਇਆ॥
ਸਾਧਸੰਗਿ ਸਭੁ ਦੂਖੁ ਮਿਟਾਇਆ॥ ੧॥
ਰਵਿ ਰਹਿਆ ਪ੍ਰਭੁ ਸਭ ਮਹਿ ਆਪੇ॥ ਹਰਿ
ਜਪੁ ਰਸਨਾ ਦੁਖੁ ਨ ਵਿਆਪੇ॥ ੧॥ ਰਹਾਉ॥ (੮੦੪)
ਇਸ ਲਈ ਜੇਕਰ ਅਸੀਂ ਗੁਰਬਾਣੀ ਨੂੰ ਆਪਣਾ ਸਾਥੀ ਤੇ ਸਹਾਇਕ ਬਣਾ ਲਈਏ ਤਾਂ
ਅਸੀਂ ਆਪਣੀਆਂ ਸਾਰੀਆਂ ਮੁਸ਼ਕਲਾਂ ਤੇ ਕਾਬੂ ਪਾ ਸਕਦੇ ਹਾਂ, ਜੀਵਨ ਨੂੰ ਸਹੀ ਦਿਸ਼ਾਂ ਦੇ ਕੇ ਆਪਣਾ ਤੇ
ਆਪਣੇ ਬੱਚਿਆਂ ਦਾ ਜੀਵਨ ਖੁਸ਼ਹਾਲ ਬਣਾ ਸਕਦੇ ਹਾਂ।
ਗੁਰਸਿਖ ਮੀਤ ਚਲਹੁ ਗੁਰ ਚਾਲੀ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ
ਕਥਾ ਨਿਰਾਲੀ॥ ੧॥ ਰਹਾਉ॥
(੬੬੭)
"ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ"
(Dr. Sarbjit Singh)
Vashi, Navi Mumbai - 400703.
Email = [email protected],
Web= http://www.geocities.ws/sarbjitsingh/
http://www.sikhmarg.com/article-dr-sarbjit.html