.

ਨਮੋ ਅੰਧਕਾਰੇ?

ਦਸਮ ਗ੍ਰੰਥ ਦਾ ਕੱਚਾ ਚਿੱਠਾ ਬਹੁਤ ਹੱਦ ਨੰਗਾ ਕਰ ਦਿਤਾ ਗਿਆ ਹੈ। ਹੈਰਾਣੀ ਦੀ ਗੱਲ ਹੈ ਕਿ ਆਕਾਰ ਵਿਚ ਜਿਤਨੀ ਰਚਨਾ ਈਸਵੀ 1469 ਤੋਂ 1708 ਦੌਰਾਣ ਛੇ ਨਾਨਕ ਸਰੂਪਾਂ ਅਤੇ ਹੋਰ ਭਗਤਾਂ ਆਦਿ ਦਾ ਵਿਸ਼ਾਲ ਸੰਕਲਣ ਹੈ, ਉਤਨੇ ਹੀ ਆਕਾਰ ਦੀ ਰਚਨਾ 44 ਕੁ ਸਾਲ ਦੀ ਉਮਰ (ਜਿਸ ਵਿਚੋਂ ਜ਼ਿਆਦਾਤਰ ਜੰਗੀ ਹਾਲਾਤਾਂ ਵਿਚ ਹੀ ਗੁਜ਼ਰੀ) ਵਿਚ ਦਸਵੇਂ ਪਾਤਸ਼ਾਹ ਜੀ ਦੇ ਨਾਂ ਨਾਲ ਜੋੜ ਦਿਤੀ ਜਾਂਦੀ ਹੈ। ਇਸ ਪਾਜ ਦੇ ਉਘੜਣ ਦੇ ਬਾਵਜੂਦ ਵੀ ਜੇ ਕੋਈ ਇਸ ਨੂੰ ਮਾਨਤਾ ਦਿੰਦਾ ਹੈ ਤਾਂ ਜਾਂ ਉਹ ‘ਅੰਨ੍ਹਾਂ ਸ਼ਰਧਾਲੂ’ ਹੈ ਜਾਂ ਫੇਰ ਪੁਜਾਰੀ ਸ਼੍ਰੇਣੀ ਦਾ ਲੋਕ-ਭਟਕਾਉ ਕਰਿੰਦਾ। ਵੈਸੇ ਵੀ ਕਿੱਸੇ ਵੀ ਮੁੱਦੇ ਬਾਰੇ ਸਾਰੇ ਜਾਗ੍ਰਿਤ ਹੋ ਹੀ ਜਾਣ ਐਸਾ ਸੰਭਵ ਨਹੀਂ ਹੁੰਦਾ। ਬਾਬਾ ਨਾਨਕ ਜੀ ਸਮੇਤ ਨਾਨਕ ਰਹਿਬਰਾਂ ਨੇ ਜਨੇਉ ਪਾਉਣ, ਮੂਰਤੀ ਪੂਜਾ, ਤੀਰਥ ਆਦਿ ਦਾ ਖੁੱਲ੍ਹਾ ਖੰਡਨ ਕੀਤਾ। ਕੀ ਸਾਰੇ ਸਮਾਜ ਨੇ ਇਹ ਕਰਮ ਕਾਂਡ ਤਿਆਗ ਦਿਤੇ ? ਨਹੀਂ, ਅੱਜ ਵੀ ਇਹ ਸਭ ਕੁਝ ਸਮਾਜ ਵਿਚ ਖੁੱਲ ਕੇ ਹੋ ਰਿਹਾ ਹੈ। ਉਲਟਾ ਉਨ੍ਹਾਂ ਦੇ ਨਾਂ ਨਾਲ ਗਲਤ ਤਰੀਕੇ ਜੋੜ ਕੇ ਸ਼ੁਰੂ ਕਰ ਦਿਤੇ ਗਏ ‘ਸਿੱਖ ਫਿਰਕੇ’ ਵਲੋਂ ‘ਕਿਰਪਾਣ’ ਨੂੰ ਜਨੇਉ, ‘ਆਦਿ ਗ੍ਰੰਥ’ ਨੂੰ ‘ਮੂਰਤੀ’ ਅਤੇ ਅੰਮ੍ਰਿਤਸਰ ਆਦਿ ‘ਤੀਰਥ’ ਬਣਾ ਕੇ ਆਪਣਾ ਜਲੂਸ ਆਪ ਕੱਡਿਆ ਹੋਇਆ ਹੈ ਤੇ ਨਾਂ ਨਾਨਕ ਜੀ ਦਾ ਲਾ ਦਿਤਾ ਗਿਆ ਹੈ। ਬਾਕੀ ਕਿਸੇ ਵੀ ਗ੍ਰੰਥ, ਈਸ਼ਟ, ਪੂਜਾ ਪੱਧਤੀ ਨੂੰ ਅਪਨਾਉਣ ਦਾ ਹਰ ਕਿਸੇ ਨੂੰ ਮੁੱਢਲਾ ਮਨੁੱਖੀ ਹੱਕ ਹੈ, ਅਸੀਂ ਗੱਲ ਗੁਰਮਤਿ ਕਸਵੱਟੀ ਦੇ ਆਧਾਰ ਤੇ ਉਸ ਨੂੰ ਪਰਖਣ ਦੀ ਕਰਨੀ ਹੈ।

ਬੇਸ਼ਕ ਦਸਮ ਗ੍ਰੰਥ ਬਾਰੇ ਕਾਫੀ ਹੱਦ ਤੱਕ ਸਮਾਜ ਵਿਚ ਜਾਗਰੂਕਤਾ ਆ ਚੁੱਕੀ ਹੈ ਅਤੇ ਅੰਨ੍ਹੇ ਸ਼ਰਧਾਲੂਆਂ, ਪੁਜਾਰੀ ਕਾਰਿੰਦਿਆਂ ਤੋਂ ਛੁੱਟ ਬਹੁਤ ਹੀ ਘੱਟ ਲੋਕ ਇਸ ਨੂੰ ਦਸਮ ਪਾਤਸ਼ਾਹ ਜੀ ਦੀ ਲਿਖਤ ਵਜੋਂ ਮਾਨਤਾ ਦੇ ਰਹੇ ਹਨ। ਪਰ ‘ਸਿੱਖ ਰਹਿਤ ਮਰਿਯਾਦਾ’ ਦੇ ਮਾਨਸਿਕ ਬੋਝ ਹੇਠ ‘ਸੱਚ ਦੇ ਰਾਹ ਤੇ ਤੁਰਣ ਦਾ ਯਤਨ ਕਰਨ ਵਾਲੇ ਕੁੱਝ ਸੱਜਣ ‘ਪੰਥਕ ਨਿਤਨੇਮ ਵਿਚਲੀਆਂ ਦਸਮ ਗ੍ਰੰਥੀ ਰਚਨਾਵਾਂ ਦੇ ਮਸਲੇ ਤੇ ਡਗਮਗ ਹੋਣ ਲਗਦੇ ਹਨ। ਉਨ੍ਹਾਂ ਵਲੋਂ ਇਹ ਸਵਾਲ ਕਈਂ ਵਾਰ ਪੇਸ਼ ਕੀਤਾ ਜਾਂਦਾ ਹੈ ਕਿ ਠੀਕ ਹੈ ਸਾਰਾ ਦਸਮ ਗ੍ਰੰਥ ਠੀਕ ਨਹੀਂ, ਪਰ ਜਾਪ, ਚੌਪਈ ਆਦਿ ਵਿਚ ਕੀ ਗਲਤ ਹੈ? ਚੌਪਈ ਬਾਰੇ ਤਾਂ ਬਹੁਤ ਲੋਕ ਗੱਲ ਕਰ ਚੁੱਕੇ ਹਨ, ਪਰ ਜਾਪ ਬਾਰੇ ਗੱਲ ਬਹੁਤ ਘੱਟ ਵਿਦਵਾਨਾਂ ਨੇ ਕੀਤੀ ਹੈ। ਅੱਜ ਇਸ ਬਾਰੇ ਸੰਖੇਪ ਵਿਚਾਰ ਗੁਰਮਤਿ ਤਰਕ ਦੇ ਆਧਾਰ ਤੇ ਕਰਨ ਦਾ ਨਿਮਾਣਾ ਯਤਨ ਕਰਦੇ ਹਾਂ।

ਅਖੌਤੀ ਦਸਮ ਗ੍ਰੰਥ ਦੀ ਵਿਚਲੀਆਂ ਮਿਲਗੋਭਾ ਰਚਨਾਵਾਂ ਦੀ ਗੰਭੀਰ ਪੜਚੋਲ ਤੋਂ ਇਹ ਸਮਝ ਆ ਜਾਂਦਾ ਹੈ ਕਿ ਇਸਦੇ ਮੁੱਖ ਲਿਖਾਰੀਆਂ ਦਾ ਇਸ਼ਟ ਮਹਾਂਕਾਲ ਅਤੇ ਕਾਲਕਾ ਦੇਵੀ ਹੈ, ਜੋ ਸਾਕਤ ਮੱਤ ਦੀ ਵਿਚਾਰਧਾਰਾ ਹੈ। ਇਸ ਮਹਾਂਕਾਲ ਦਾ ਸਰੂਪ ਵੀ ਬਹੁਤ ਹਾਸੋਹੀਣਾ ਅਤੇ ਭਿਆਨਕ ਇਨ੍ਹਾਂ ਰਚਨਾਵਾਂ ਵਿਚੋਂ ਹੀ ਮਿਲ ਜਾਂਦਾ ਹੈ। ਜਾਪ ਨਾਮਕ ਦਸਮ ਗ੍ਰੰਥੀ ਰਚਨਾ ਵਿਚ ਆਉਂਦਾ ਹੈ ‘ਨਮੋ ਅੰਧਕਾਰੇ’।

‘ਅੰਧਕਾਰ’ ਅਗਿਆਨਤਾ ਅਤੇ ਬੁਰਾਈ ਆਦਿ ਦਾ ਪ੍ਰਤੀਕ (ਨਾਂ-ਪੱਖੀ) ਮੰਨਿਆ ਜਾਂਦਾ ਹੈ। ਕੀ ਕੋਈ ਗੁਰਮਤਿ ਦੀ ਸਮਝ ਰੱਖਣ ਵਾਲਾ ‘ਅੰਧਕਾਰ’ (ਹਨੇਰੇ) ਨੂੰ ਨਮਸਕਾਰ (ਸਮਰਪਿਤ) ਕਰ ਸਕਦਾ ਹੈ? ਬਹੁਤੇ ਵਿਦਵਾਨ ‘ਗੁਰੂ’ ਦਾ ਅਧਿਆਤਮਕ ਅਰਥ ਕਰਦੇ ਹਨ ‘ਗੁ (ਹਨੇਰੇ) ਤੋਂ ਰੂ (ਪ੍ਰਕਾਸ਼) ਵੱਲ ਲਿਜਾਉਣ ਵਾਲਾ’। ਸਾਡੀ ਬੇਵਕੂਫੀ ਵੇਖੋ! ਅਸੀਂ ਉਸ ਰਹਿਬਰ ਨੂੰ ਹੀ ‘ਗੁਰੂ’ ਮੰਨਦੇ ਹੋਏ ਵੀ ‘ਅੰਧਕਾਰ ਨੂੰ ਨਮਸਕਾਰਾਂ’ ਕਰਦਾ ਵਿਖਾ ਰਹੇ ਹਾਂ ਜਿਸ ਬਾਰੇ ਸਾਡਾ ਦਾਅਵਾ ਹੈ ਕਿ ਜੋ ਸਾਨੂੰ ‘ਅੰਧਕਾਰ ਤੋਂ ਪ੍ਰਕਾਸ਼’ ਵੱਲ ਲੈ ਜਾਂਦਾ ਹੈ। ਗਿਆਨ ਦੇਣ ਰਾਹੀਂ ਆਪਣਾ ਤੋਰੀ-ਫੁਲਕਾ ਤੋਰਣ ਵਾਲਾ ‘ਗੁਰੂ’ ਜੇ ਐਸਾ ਕਹੇ ਤਾਂ ਉਸਦੀ ਚਾਲਾਕੀ ਸਮਝ ਆਉਂਦੀ ਹੈ, ਕਿਉਂਕਿ ਜੇ ਅੰਧਕਾਰ ਨਾ ਹੁੰਦਾ ਤਾਂ ਉਸ ਦਾ ਧੰਧਾ ਕਿਵੇਂ ਫਲਦਾ ? ਸੋ ਉਹ ਤਾਂ ‘ਅੰਧਕਾਰ’ ਨੂੰ ਨਮਸਕਾਰ ਕਰ ਸਕਦਾ ਹੈ। ਪਰ ਨਾਨਕ ਰਹਿਬਰਾਂ ਨਾਲ ਐਸੀ ਸੋਚ ਜੋੜਣਾ ਗੁਰਮਤਿ ਨਾਲ ‘ਧ੍ਰੋਹ’ ਨਹੀਂ ਤਾਂ ਹੋਰ ਕੀ ਹੈ?

ਸਿੱਖ ਸਮਾਜ ਵਿਚ ਵਿਆਖਿਆ ਦੇ ਖੇਤਰ ਵਿਚ ਪ੍ਰੋ. ਸਾਹਿਬ ਸਿੰਘ ਜੀ ਨੂੰ ਸਭ ਤੋਂ ਵੱਧ ਪ੍ਰਮਾਨਿਕ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਗੁਰਬਾਣੀ ਵਿਆਖਿਆ ਸੁਧਾਰ ਦਾ ਥੰਮ੍ਹ ਕਿਹਾ ਜਾਂਦਾ ਹੈ। ਉਨ੍ਹਾਂ ਨੇ ਵੀ ਪ੍ਰਚਲਿਤ ਨਿਤਨੇਮ ਵਿਚਲੀਆਂ ਦਸਮ ਗ੍ਰੰਥੀ ਰਚਨਾਵਾਂ ਨੂੰ ਮਾਨਤਾ ਦਿੰਦੇ ਹੋਏ ਵਿਆਖਿਆ ਕੀਤੀ ਹੈ। ਇਸਦਾ ਕਾਰਨ ‘ਰਹਿਤ ਮਰਿਯਾਦਾ’ ਦਾ ਮਾਨਸਿਕ ਬੋਝ ਸੀ ਜਾਂ ਕੁਝ ਹੋਰ ਅਸੀਂ ਨਹੀਂ ਜਾਣਦੇ। ਇਹ ਵੀ ਜ਼ਰੂਰੀ ਨਹੀਂ ਕਿ ਕੋਈ ਸ਼ਖਸੀਅਤ ਹਰ ਪੱਖੋ ਹੀ ਸੰਪੂਰਨ ਹੋਵੇ। ਅਸੀਂ ਉਨ੍ਹਾਂ ਦੀ ਜਾਪ ਦੀ ਵਿਆਖਿਆ ਦੇ ਆਧਾਰ ਤੇ ਪੜਚੋਲ ਕਰਾਂਗੇ ਕਿਉਂਕਿ ਉਨ੍ਹਾਂ ਦੀ ਵਿਆਖਿਆ ਸਿੱਖ ਸਮਾਜ ਵਿਚ ਕਾਫੀ ਹੱਦ ਤੱਕ ਪ੍ਰਮਾਨਿਕ ਮੰਨੀ ਜਾਂਦੀ ਹੈ।

‘ਨਮੋ ਅੰਧਕਾਰੇ’ ਵਾਲਾ ਬੰਦ ਕੁਝ ਇਸ ਤਰਾਂ ਹੈ

ਨਮੋ ਅੰਧਕਾਰੇ ਨਮੋ ਤੇਜ ਤੇਜੇ ॥

ਪ੍ਰੋ. ਸਾਹਿਬ ਸਿੰਘ ਇਸ ਬੰਦ ਦੇ ਅਰਥ ਲਿਖਦੇ ਹਨ

"ਹੇ ਪ੍ਰਭੂ! ਤੈਨੂੰ ਨਮਸ਼ਕਾਰ ਹੈ, ਘੁੱਪ ਹਨੇਰਾ ਵੀ ਤੂੰ ਹੀ ਹੈ ਅਤੇ ਮਹਾਨ ਚਮਕ ਵਾਲਾ ਪ੍ਰਕਾਸ਼ ਵੀ ਤੂੰ ਹੀ ਹੈਂ।"।

ਗੁਰਬਾਣੀ ਵਿਚ ਪ੍ਰਭੂ ਨੂੰ ਕਿਧਰੇ ਵੀ ਹਨੇਰਾ ਨਹੀਂ ਕਿਹਾ ਗਿਆ ਅਤੇ ਨਾ ਹੀ ਹਨੇਰੇ ਨੂੰ ਨਮਸਕਾਰ ਕੀਤੀ ਮਿਲਦੀ ਹੈ। ਬਲਕਿ ਗੁਰਬਾਣੀ ਵਿਚ ਤਾਂ ਗੁਰਵਾਕ ਸਮਝਾਉਂਦਾ ਹੈ ਕਿ ਹਨੇਰੇ ਵਿਚ ਕਦੀਂ ਸੁਖ ਨਹੀਂ ਹੋ ਸਕਦਾ।

ਅੰਧਕਾਰ ਸੁਖਿ ਕਬਹਿ ਨ ਸੋਈ ਹੈ ॥ (ਭਗਤ ਕਬੀਰ ਜੀ ਪੰਨਾ 325)

ਪ੍ਰੋ. ਜੀ ਨੇ ਤਾਂ ਸੰਪੂਰਨ ‘ਆਦਿ ਗ੍ਰੰਥ’ ਦਾ ਟੀਕਾ ਕੀਤਾ ਸੀ, ਕੀ ਉਨ੍ਹਾਂ ਨੂੰ ਇਸ ਵਿਚ ਕਿਧਰੇ ਹਨੇਰੇ ਨੂੰ ਨਮਸਕਾਰ ਦਾ ਸ਼ਬਦ ਮਿਲਿਆ ?

ਉਨ੍ਹਾਂ ਨੇ ਇਥੇ ਅਰਥ ਘੁਮਾ ਕੇ ਕੁਝ ਇਸ ਤਰਾਂ ਕਰ ਦਿਤੇ ਕਿ ਸਾਰਾ ਕੁਝ ਹੀ ਉਸ ਪ੍ਰਭੂ ਦਾ ਬਣਾਇਆ ਹੋਇਆ ਹੈ। ਸੋ ਹਨੇਰਾ ਵੀ ਉਸ ਦਾ ਹੀ ਬਣਾਇਆ ਹੈ। ਉਸ ਦੀ ਬਣਾਈ ਹਰ ਸ਼ੈ ਨੂੰ ਨਮਸਕਾਰ ਹੈ। ਪਰ ਕੀ ਇਹ ਸਹੀ ਪਹੁੰਚ ਹੈ? ਬਿਲਕੁਲ ਨਹੀਂ। ਇਹ ਹਕੀਕਤ ਹੈ ਕਿ ਬ੍ਰਹਿਮੰਡ ਦੀ ਹਰ ਸ਼ੈ ਉਸ ਪਰਮ ਸੱਤਾ ਦੇ ਬਣਾਈਆਂ ਵਸਤਾਂ ਅਤੇ ਨਿਯਮਾਂ ਹੇਠ ਵਿਚਰਦੀ ਹੈ। ਪਰ ਉਨ੍ਹਾਂ ਵਸਤਾਂ ਅਤੇ ਨਿਯਮਾਂ ਨੂੰ ‘ਨਾਂ-ਪੱਖੀ’ ਵਰਤੋਂ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ। ‘ਅੰਧਕਾਰ’ ਆਪਣੇ ਆਪ ਵਿਚ ਕੋਈ ਸ਼ੈ ਨਹੀਂ, ਬਲਕਿ ‘ਪ੍ਰਕਾਸ਼’ ਜਿਹੇ ਹਾਂ-ਪੱਖੀ ਰਵੱਈਐ ਦੀ ਅਣਹੋਂਦ ਰੂਪੀ ਨਾਂ-ਪੱਖੀ ਵਰਤਾਰਾ ਹੈ। ਇਸੇ ਲਈ ਗੁਰਬਾਣੀ ਵਿਚ ‘ਅੰਧਕਾਰ’ ਨੂੰ ਕਿਧਰੇ ਵੀ ਹਾਂ-ਪੱਖੀ ਨਹੀਂ ਲਿਆ ਗਿਆ।

ਅਸੀਂ ਮੰਨਦੇ ਹਾਂ ਕਿ ਇਸ ਬ੍ਰਹਿਮੰਡ ਦਾ ਹਰ ਵਰਤਾਰਾ ਉਸ ਦੇ ਨਿਯਮਾਂ ਵਿਚ ਹੈ। ਸੰਭੋਗ (ਸੈਕਸ) ਦਾ ਵਰਤਾਰਾ ਵੀ ਉਸੇ ਦੀ ਬਣਾਈ ਸ਼ੈ ਹੈ। ਇਸਦੀ ਹਾਂ-ਪੱਖੀ ਵਰਤੋਂ ‘ਰਜ਼ਾਮੰਦੀ ਨਾਲ ਕੀਤਾ ਜ਼ਾਇਜ ਸੰਭੋਗ’ ਹੈ। ਪਰ ਜਦੋਂ ਇਹੀ ਸੰਭੋਗ ਨਜ਼ਾਇਜ (ਨਾਂ-ਪੱਖੀ, ਅੰਧਕਾਰ) ਹੋ ਜਾਂਦਾ ਹੈ ਤਾਂ ‘ਬਲਾਤਕਾਰ’ ਕਹਿਲਾਉਂਦਾ ਹੈ। ਇਵੇਂ ਹੀ ਕਿਸੇ ਦਾ ਤ੍ਰਿਸਕਾਰ, ਹਤਿਆ ਕਰਨਾ, ਭ੍ਰਿਸ਼ਟਾਚਾਰ ਆਦਿ ਵਰਤਾਰੇ ਨਾਂ-ਪੱਖੀ (ਹਨੇਰਾ ਪੱਖ) ਹੁੰਦੇ ਹਨ। ਸਭ ਕੁਝ ਰੱਬ ਦਾ ਬਣਾਇਆ ਹੈ, ਸੋ ਹਰ ਰੂਪ ਨੂੰ ਨਮਸਕਾਰ ਹੈ ਦੀ ਕਸਵੱਟੀ ਤੇ, ਜੇ ਕੋਈ ਕਲ ਨੂੰ ਲਿਖ ਦੇਵੇ

‘ਨਮੋ ਬਲਾਤਕਾਰੇ ਨਮੋ ਤ੍ਰਿਸਕਾਰੇ

ਨਮੋ ਹਤਿਆਰੇ ਨਮੋ ਭ੍ਰਿਸ਼ਟਾਚਾਰੇ’

ਤਾਂ ਕੀ ਅਸੀਂ ‘ਦਸਮ ਦੁਆਰ’ (ਦਿਮਾਗ) ਨੂੰ ਬੰਦ ਕਰ ਕੇ ਉਸ ਨੂੰ ਵੀ ਸਤਿ-ਬੱਚਣ ਮੰਨ ਲਵਾਂਗੇ? ਅੰਨ੍ਹੀ ਸ਼ਰਧਾ ਦੇ ਸ਼ਿਕਾਰ ਆਮ ਸਿੱਖ ਜੇ ਐਸਾ ਮੰਨਣ ਤਾਂ ਗੱਲ ਸਮਝ ਆਉਂਦੀ ਹੈ। ਪਰ ਆਪਣੇ ਆਪ ਨੂੰ ਜਾਗਰੂਕ ਅਖਵਾਉਣ ਵਾਲੇ ਜੇ ਐਸਾ ਕਰਣਗੇ ਤਾਂ ਕਿਥੋਂ ਤੱਕ ਜ਼ਾਇਜ ਮੰਨਿਆ ਜਾਵੇਗਾ ? ਅਫਸੋਸ! ਸਾਡੇ ਸਮਾਜ ਵਿਚ ਆਪਣੇ ਆਪ ਨੂੰ ਗੁਰਮਤਿ ਦੇ ਵਿਦਵਾਨ ਵਜੋਂ ਪੇਸ਼ ਕਰਨ ਵਾਲੇ ਐਸੇ ਵੀ ਸੱਜਣ ਹਨ ਜੋ ਬ੍ਰਾਹਮਣੀ ‘ਕਰਮ-ਫਿਲਾਸਫੀ’ ਨੂੰ ਗੁਰਮਤਿ ਤੇ ਥੋਪਦੇ ਹੋਏ ਕੁਝ ਇਸ ਤਰਜ਼ ਦਾ ਵੀ ਲਿਖ ਜਾਂਦੇ ਹਨ ਕਿ ਜੇ ਕਿਸੇ ਛੇ ਸਾਲ ਦੀ ਬੱਚੀ ਦਾ ਬਲਾਤਕਾਰ ਹੋ ਜਾਂਦਾ ਹੈ ਤਾਂ ਇਸ ਦੀ ਦੋਸ਼ੀ ਉਹ ਬੱਚੀ ਖੁਦ ਹੈ (ਆਪਣੇ ਪਿਛਲੇ ਜਨਮ ਦੇ ਮਾੜੇ ਕਰਮਾਂ ਕਰ ਕੇ)। ਧੰਨ ਹਨ ਐਸੇ ਵਿਦਵਾਨਾਂ ਦੀ ਗੁਰਮਤਿ ਸਮਝ!

ਜਾਪ ਦੀ ਪ੍ਰਮਾਣਿਕ ਕਹੀ ਜਾਂਦੀ ਰਚਨਾ ਵਿਚ ਸਿਰਫ ਹਨੇਰੇ ਨੂੰ ਹੀ ਨਮਸਕਾਰ ਨਹੀਂ, ਰੱਬ ਨੂੰ ਕਲੇਸ਼ ਕਰਨ ਵਾਲਾ (ਨਮੋ ਕਲਹ ਕਰਤਾ , ਸਾਹਿਬ ਸਿੰਘ ਜੀ ਅਨੁਸਾਰ ਝਗੜੇ ਪੈਦਾ ਕਰਨ ਵਾਲਾ ਵੀ ਤੂੰ ਹੀ ਹੈਂ), ਜਾਲਮ ਕਰਮਾਂ ਵਾਲਾ (ਨਮੋ ਕ੍ਰੂਰ ਕਰਮੇ, ਸਾਹਿਬ ਸਿੰਘ ਜੀ ਅਨੁਸਾਰ ਨਿਰਦਈ ਕਰਮਾਂ ਵਾਲਾਂ) ਵੀ ਐਲਾਣਿਆ ਗਿਆ ਹੈ। ਗੁਰਬਾਣੀ ਵਿਚ ਕਿਧਰੇ ਵੀ ਰੱਬ ਨੂੰ ਇਸ ਸਰੂਪ ਵਿਚ ਨਹੀਂ ਦਰਸਾਇਆ ਗਿਆ ਬਲਕਿ ਉਸ ਨੂੰ ਰਹਿਮ ਵਾਲਾ, ਅੰਧਕਾਰ ਦਾ ਨਾਸ਼ ਕਰਨ ਵਾਲਾ ਆਦਿ ਹਾਂ-ਪੱਖੀ ਦਰਸਾਇਆ ਗਿਆ ਹੈ।

ਐਸੀਆਂ ਹੋਰ ਅਨੇਕਾਂ ਗੁਰਮਤਿ ਵਿਰੋਧੀ ਗੱਲਾਂ ਨਾਲ ਸਿਰਫ ‘ਜਾਪ’ ਹੀ ਨਹੀਂ ਸਮੁੱਚਾ ਦਸਮ ਗ੍ਰੰਥ ਹੀ ਭਰਿਆ ਪਿਆ ਹੈ। ਕੁੱਝ ਸੱਜਣ ਦਲੀਲ ਦਿੰਦੇ ਹਨ ਕਿ ਇਸ ਦੀਆਂ ਕੁਝ ਰਚਨਾਵਾਂ ਗੁਰਮਤਿ ਅਨੁਸਾਰੀ ਵੀ ਹਨ। ਬੇਸ਼ਕ ਇਸ ਪੂਰੇ ਗ੍ਰੰਥ ਵਿਚ ਚੰਦ ਕੁ ਬੰਦ ਗੁਰਮਤਿ ਅਨੁਸਾਰ ਸਹੀ ਵੀ ਹੋ ਸਕਦੇ ਹਨ। ਇਸ ਤਰਾਂ ਸੰਸਾਰ ਦੀਆਂ ਬਹੁੱਤੀਆਂ ਲਿਖਤਾਂ ਵਿਚ ਕੁਝ ਨਾ ਕੁਝ ਗੁਰਮਤਿ ਅਨੁਸਾਰੀ ਮਿਲ ਹੀ ਸਕਦਾ ਹੈ, ਪਰ ਕੀ ਉਨ੍ਹਾਂ ਨੂੰ ਨਾਨਕ ਸਰੂਪਾਂ ਦੀ ਰਚਨਾ ਮੰਨ ਲਿਆ ਜਾਵੇ ? ਦਸਮ ਗ੍ਰੰਥ ਜਿਹੇ ਗ੍ਰੰਥ (ਜੋ ਗੁਰਮਤਿ ਵਿਰੋਧੀ ਕੂੜ ਕਬਾੜ ਨਾਲ ਭਰਿਆ ਹੋਇਆ ਹੈ) ਨੂੰ ਕਿਸੇ ਵੀ ਰੂਪ ਵਿਚ ਦਸਵੇਂ ਨਾਨਕ ਸਰੂਪ ਨਾਲ ਜੋੜਨਾ ‘ਗੁਰਬਾਣੀ’ ਦੀ ਸੋਝੀ ਦੇ ਉਲਟ ਹੈ। ਐਸਾ ਜਾਂ ਤਾਂ ‘ਅੰਨ੍ਹਾਂ ਸ਼ਰਧਾਲੂ ਹੀ ਕਰ ਸਕਦਾ ਹੈ’ ਜਾਂ ਪੁਜਾਰੀ ਜਮਾਤ ਦਾ ਹਿੱਸਾ। ਤਮਾਮ ਠੋਸ ਸਬੂਤਾਂ ਦੇ ਹੁੰਦੇ ਹੋਏ ਇਸ ਦੇ ਕਿਸੇ ਵੀ ਅੰਸ਼ ਨੂੰ ਦਸ਼ਮੇਸ਼ ਪਿਤਾ ਨਾਲ ਜੋੜਨ ਵਾਲੇ ਸੱਜਣ ਨੂੰ ਆਪਣੇ ਆਪ ਨੂੰ ਗੁਰਬਾਣੀ ਦਾ ਸੱਚਾ ਪੈਰੋਕਾਰ ਹੋਣ ਦਾ ਭਰਮ ਨਹੀਂ ਪਾਲਣਾ ਚਾਹੀਦਾ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ

30 ਅਪਰੈਲ 2017 ਈਸਵੀ

[email protected]




.