. |
|
ਆਵਾਗਵਣ
(ਕਿਸ਼ਤ ਨੰ: 1)
ਜਰਨੈਲ ਸਿੰਘ
(ਸੰਪਾਦਕੀ ਨੋਟ:- ਸ: ਜਰਨੈਲ ਸਿੰਘ ਅਸਟ੍ਰੇਲੀਆ ਦਾ ਇਹ ਲੇਖ ਚਾਰ ਕਿਸ਼ਤਾਂ ਵਿੱਚ ਛਪੇਗਾ। ਪੂਰਾ ਚਾਰ
ਕਿਸ਼ਤਾਂ ਵਾਲਾ ਲੇਖ ਪੜ੍ਹ ਕੇ ਪਾਠਕ/ਲੇਖਕ ਆਪਣੇ ਵਿਚਾਰ ਦੇ ਸਕਦੇ ਹਨ ਜਾਂ ਕੋਈ ਸਵਾਲ ਜਵਾਬ ਕਰ
ਸਕਦੇ ਹਨ। ਉਂਜ ਤਾਂ ਇੱਥੇ ਛਪੀ ਹਰ ਲਿਖਤ ਬਾਰੇ ਤੁਸੀਂ ਜਦੋਂ ਮਰਜੀ ਆਪਣੇ ਵਿਚਾਰ ਤੁਹਾਡੇ ਆਪਣੇ
ਪੰਨੇ ਤੇ ਦੇ ਸਕਦੇ ਹੋ)
ਭਾਰਤ ਅੰਦਰ ਰਹਿ ਕੇ ਆਵਾਗਵਣ ਵਾਰੇ ਨਾ ਸੁਣਨਾ ਅਸੰਭਵ ਹੈ। ਭਾਰਤ ਵਿੱਚ
ਰਹਿੰਦੇ ਹਰ ਪੜੇ ਅਨਪੜੇ ਇਨਸਾਨ ਨੂੰ ਇਸ ਦੀ ਜਾਣਕਾਰੀ ਹੈ ਅਤੇ ਇਹ ਉਸ ਦੀ ਆਮ ਬੋਲ ਚਾਲ ਦਾ ਹਿੱਸਾ
ਵੀ ਹੈ। ਇਹ ਇੱਕ ਤਰ੍ਹਾਂ ਨਾਲ ਭਾਰਤ ਦੇ ਧਰਮ ਹੀ ਨਹੀਂ ਬਲਕਿ ਸਮਾਜਿਕ, ਸਭਿਆਚਾਰਿਕ ਅਤੇ ਬੌਧਿਕ
ਆਬੋ ਹਵਾ ਦਾ ਇੱਕ ਅੰਗ ਬਣ ਚੁੱਕਾ ਹੈ। ਮਨੁੱਖ ਤਾਂ ਇੱਕ ਪਾਸੇ, ਭਾਰਤ ਵਿੱਚ ਤਾਂ ਰੱਬ ਨੂੰ ਵੀ
ਆਵਾਗਵਣ ਦੇ ਚੱਕ੍ਰ ਵਿੱਚ ਪਾਇਆ ਹੋਇਆ ਹੈ। ਸੋ ਸੁਭਾਵਕ ਹੈ ਕਿ ਗੁਰਬਾਣੀ, ਜੋ ਭਾਰਤੀ ਲੋਕਾਂ ਨੂੰ
ਸੰਬੋਧਨ ਹੋ ਕੇ ਰਚੀ ਗਈ ਹੈ, ਵਿੱਚ ਇਸ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਹੁਣ ਇੱਕ ਬੜਾ ਹੀ ਅਹਿਮ
ਸਵਾਲ ਉਠਦਾ ਹੈ ਕਿ ਕੀ ਗਰੁਬਾਣੀ ਇਸ ਸਿਧਾਂਤ ਦੀ ਪ੍ਰੋੜਤਾ ਕਰਦੀ ਹੈ ਜਾਂ ਖੰਡਨ ਕਰਦੀ ਹੈ? ਇਸ ਲੇਖ
ਵਿੱਚ ਇਸੇ ਸਵਾਲ ਨੂੰ ਸਮਝਣ ਦਾ ਜਤਨ ਕੀਤਾ ਗਿਆ ਹੈ।
ਆਵਾਗਵਣ ਹੈ ਕੀ
ਮੌਤ ਇੱਕ ਅਜਿਹਾ ਸੱਚ ਹੈ ਜਿਸ ਨੂੰ ਮੰਨਣ ਲਈ ਮਨੁੱਖ ਕਦਾਚਿਤ ਤਿਆਰ ਨਹੀਂ
ਹੁੰਦਾ। ਇਹ ਇੱਕ ਅਜਿਹੀ ਬੁਝਾਰਤ ਹੈ ਜੋ ਮਨੁੱਖ ਨੂੰ ਆਦਿ ਕਾਲ ਤੋਂ ਹੀ ਪਰੇਸ਼ਾਨ ਕਰ ਰਹੀ ਹੈ। ਇਸ
ਨੂੰ ਸਮਝਣ ਦੇ ਯਤਨ ਉਹ ਜੁਗਾਂ ਜੁਗਾਂਤਰਾ ਤੋਂ ਕਰਦਾ ਆ ਰਿਹਾ ਹੈ। ਇਸੇ ਕਰਕੇ ਲੋਕ ਆਪਣੇ ਮੁਰਦਿਆਂ
ਦੀਆਂ ਲਾਸ਼ਾਂ ਨੂੰ ਆਪੋ ਆਪਣੀ ਸਮਝ ਅਤੇ ਵਿਸ਼ਵਾਸ਼ ਅਨੁਸਾਰ ਵੱਖਰੇ ਵੱਖਰੇ ਢੰਗ ਨਾਲ ਨਿਜੱਠਦੇ ਨੇ।
ਕੋਈ ਇਹਨਾਂ ਲਾਸ਼ਾ ਨੂੰ ਸ਼ੰਭਾਲ ਕੇ ਰੱਖਣ ਦੀ ਕੋਸ਼ਿਸ ਕਰਦਾ ਹੈ, ਕੋਈ ਇਹਨਾ ਲਾਸ਼ਾਂ ਦੇ ਵਰਤਣ ਹਿੱਤ
ਭੋਜਨ ਕੱਪੜੇ ਦਾ ਬੰਦੋਬਸਤ ਕਰਦਾ ਹੈ, ਕੋਈ ਲਾਸ਼ ਨੂੰ ਦਫਨ ਕਰਦਾ ਹੈ ਅਤੇ ਕੋਈ ਲਾਸ਼ ਨੂੰ ਫੂਕਣ ਬਾਅਦ
ਸ਼ਰਾਧ ਕਰਦਾ ਹੈ। ਚਲਾਕ ਲੋਕ ਮਨੁੱਖ ਦੀ ਇਸ ਗੁੰਝਲ ਨੂੰ ਸੁਲਝਾਉਣ ਦਾ ਝਾਂਸਾ ਦੇ ਉਸ ਦੀ ਹਰ ਪ੍ਰਕਾਰ
ਦੀ ਲੁੱਟ ਵੀ ਖੁਬ ਕਰਦੇ ਨੇ। ਵਿਦਵਾਨ ਲੋਕਾਂ ਨੇ ਵੀ ਮਨੁੱਖ ਦੀ ਇਸ ਚੇਸ਼ਟਾ ਪੂਰਤੀ ਲਈ ਆਪੋ ਆਪਣੀ
ਅਕਲ ਮੁਤਾਬਿਕ ਅਨੇਕਾਂ ਸਿਧਾਂਤ ਘੜੇ ਤੇ ਘੜ ਰਹੇ ਨੇ। ਆਵਾਗਵਣ ਦਾ ਸਿਧਾਂਤ ਵੀ ਇਸੇ ਸਿਲਸਲੇ ਦੀ
ਇੱਕ ਉਪਜ ਹੈ।
ਭਾਈ ਕਾਨ੍ਹ ਸਿੰਘ ਨੇ ਮਹਾਨ ਕੋਸ਼ ਵਿੱਚ ਇਸ ਲਫ਼ਜ਼ ਦੇ ਤਿੰਨ ਅਰਥ ਕੀਤੇ ਨੇ:
1. ਆਉਣਜਾਣ ਦੀ ਕ੍ਰਿਯਾ 2. ਜਨਮ ਮਰਣ 3.
ਜੀਵਆਤਮਾ ਦੇ ਸ਼ੁਭ ਅਸ਼ੁਭ ਕਰਮਾ ਦੇ ਫਲ ਭੋਗਣ ਲਈ ਮਨੁੱਖ ਪਸ਼ੂ ਪੰਖੀ ਆਦਿ ਚੌਰਾਸੀ ਲੱਖ ਜੂਨਾ ਵਿੱਚ
ਜੰਮਣਾ ਅਤੇ ਮਰਨਾ। ਇਸ ਸੰਸਾਰਚਕ੍ਰ ਤੋਂ ਆਤਮਗਯਾਨ ਪ੍ਰਾਪਤ ਹੋਣ ਪੁਰ, ਜਦ ਕਰਮਜਾਲ ਤੋਂ ਛੁਟਕਾਰਾ
ਹੁੰਦਾ ਹੈ ਤਦ ਜੀਵ ਮੁਕਤਿ ਪਾ ਕੇ ਸਦਾ ਲਈ ਆਵਾਗਮਨ ਤੋਂ ਰਹਿਤ ਹੋ ਜਾਂਦਾ ਹੈ। ਭਾਈ ਕਾਨ੍ਹ ਸਿੰਘ
ਅਨੁਸਾਰ ਸਿਆਣਿਆਂ ਨੇ ਆਵਾਗਵਣ ਦੇ ਤਿੰਨ ਭੇਦ ਕੀਤੇ ਨੇ:-
- ਜਦੋਂ ਕੋਈ ਬੱਚਾ ਪੈਦਾ ਹੁੰਦਾ ਹੈ ਉਸ ਲਈ ਰੱਬ ਉਸੇ ਵੇਲੇ ਨਵਾਂ ਆਤਮਾ ਨਹੀਂ ਸਿਰਜਦਾ।
ਆਤਮਾ ਪਹਿਲਾਂ ਤੋਂ ਹੀ ਮੌਜੂਦ ਰਹਿੰਦਾ ਹੈ ਪਰ ਵਿਦੇਹ ਦਸ਼ਾ ਵਿੱਚ। ਜਦੋ ਇਹ ਮਨੁੱਖ ਦੇਹ ਵਿੱਚ
ਪ੍ਰਵੇਸ਼ ਕਰਦਾ ਹੈ ਤਾਂ ਇਸ ਲਈ ਦੇਹ ਧਾਰਣ ਦਾ ਏਹੋ ਪਹਿਲਾ ਮੌਕਾ ਹੁੰਦਾ ਹੈ ਅਰ ਮਰਨ ਪਿੱਛੋਂ
ਅੱਗੋਂ ਭੀ ਕਦੇ ਦੇਹ ਨਹੀਂ ਧਾਰੇਗਾ। ਇਸ ਸਿਧਾਂਤ ਦਾ ਨਾਮ "ਪੂਰਵਅਸਿਤਤਵ" (
The
doctrine of pre-existence)
ਪ੍ਰਸਿਧ ਹੈ।
ਆਤਮਾ ਇਸ ਸਰੀਰ ਤੋਂ ਪਹਿਲਾਂ ਕੋਟਾਨ ਕੋਟ ਮਨੁੱਖ ਪਸ਼ੂ ਪੰਖੀ ਬਿਰਛ ਆਦਿਕ ਜੁਨੀਆਂ ਵਿੱਚ
ਭ੍ਰਮਣ ਕਰਦਾ ਰਿਹਾ ਹੈ, ਅਰ ਮੌਜੂਦਾ ਸ਼ਰੀਰ ਤਿਆਗਣ ਮਗਰੋਂ ਭੀ ਮੁੜ ਮਨੁੱਖਾ ਜੂਨ ਵਿੱਚ ਆਉਣ
ਤੋਂ ਪਹਿਲਾਂ ਕਈ ਪਸ਼ੂ ਪੰਖੀ ਬਿਰਛ ਆਦਿਕ ਜੁਨੀਆਂ ਵਿੱਚ ਜਨਮ ਲਏਗਾ। ਇਸ ਸਿਧਾਂਤ ਦਾ ਨਾਮ
ਤਨਾਸੁਖ ਅਥਵਾ ਯਥਾਰਥ ਆਵਾਗਮਨ (Transmigration
or metempsychosis) ਹੈ।
ਮਨੁੱਖ ਦਾ ਆਤਮਾ ਇਸ ਸ਼ਰੀਰ ਤੋਂ ਪਹਿਲੇ ਪੁਰਖ ਜਾਂ ਇਸਤ੍ਰੀ ਰੂਪ ਵਿੱਚ ਤਾਂ ਜਨਮ ਲੈਦਾ
ਰਿਹਾ ਹੈ ਪਰ ਪਸ਼ੂ ਪੰਖੀ ਬਿਰਛ ਆਦਿਕ ਹੋ ਕੇ ਕਦੇ ਨਹੀਂ ਜੰਮਿਆ, ਅਰ ਮੌਜੂਦਾ ਸ਼ਰੀਰ ਤਿਆਗਣ
ਮਗਰੋਂ ਵੀ ਇਹ ਮੁਕਤ ਹੋਣ ਤਕ ਪੁਰਖ ਜਾਂ ਇਸਤ੍ਰੀ ਰੂਪ ਵਿੱਚ ਹੀ ਪੁਨਰ ਜਨਮ ਧਾਰਣ ਕਰੇਗਾ। ਇਸ
ਸਿਧਾਂਤ ਦਾ ਨਾਉਂ ਪੁਨਰਭਵ (Reincarnation)
ਹੈ।
ਭਾਈ ਕਾਨ ਸਿੰਘ ਵਲੋਂ ਉੱਪਰ ਦਿਤੇ ਅਰਥ ਅਤੇ ਵਿਆਖਿਆ ਆਵਾਗਵਣ ਦੇ ਵੱਖ ਵੱਖ
ਸਿਧਾਂਤਾਂ ਦਾ ਸਾਰ ਹੈ।
Encyclopaedia Britanica
ਵਿੱਚ ਆਵਾਗਵਣ ਵਾਰੇ ਇੰਝ ਲਿਖਿਆ ਮਿਲਦਾ ਹੈ,
"
Reincarnation also called transmigration or metempsychosis in religion and
philosophy, rebirth of the aspect of an individual that persists after bodily
death- whether it be consciousness, mind or soul or some entity- in one or more
successive existences. Depending upon the tradition, these existences may be
human, animal, spiritual, or in some instances, vegetable."
Encyclopaedia Britanica
ਵਿੱਚ ਸਿੱਖ ਧਰਮ ਦੀ ਗਿਣਤੀ ਵੀ ਉਹਨਾਂ ਧਰਮਾਂ ਵਿੱਚ ਹੀ
ਕੀਤੀ ਗਈ ਹੈ ਜੋ ਆਵਾਗਵਣ ਦੇ ਧਾਰਨੀ ਹਨ। "The
major religions that hold belief in reincarnation, however are Asian regions,
especially Hinduism, Jainism, Budhism and Sikhism, all of which arose in India.
They all hold in common a doctrine of Karma, the law of cause and effect, which
states that what one does in this present life will have effect in the next
life. In Hinduism, the process of birth and rebirth-i.e. transmigration of
souls- is endless until one achieves moksha from the process. Moksha is achieved
when one realizes that that the eternal core of the individual (atman) and the
Absolute reality (brahman) are one." (1)
ਉਪਰ ਅਸੀਂ ਦੇਖ ਆਏਂ ਹਾਂ ਕਿ ਦੋਹਾਂ ਮੰਨੇ ਪ੍ਰਮੰਨੇ ਕੋਸ਼ਾਂ ਵਿੱਚ ਆਵਾਗਵਣ
ਦੀ ਵਿਆਖਿਆ ਇਕੋ ਜਿਹੀ ਹੈ। ਪਰ ਜਿਥੇ Encyclopaedia Britanica
ਸਪਸ਼ਟ ਰੂਪ ਵਿੱਚ ਸਿਖ ਧਰਮ ਨੂੰ ਵੀ ਆਵਾਗਵਣ ਦੇ
ਸਿਧਾਂਤ ਦਾ ਧਾਰਣੀ ਮੰਨਦਾ ਹੈ ਉਥੇ ਮਹਾਨ ਕੋਸ਼ ਇਸ ਵਾਰੇ ਚੁੱਪ ਹੈ। (2) ਇਸ ਨੂੰ ਹੋਰ ਗਹਿਰਾਈ
ਵਿੱਚ ਸਮਝਣ ਲਈ ਹੇਠਾਂ ਵੱਖ ਵੱਖ ਧਰਮਾ ਵਿੱਚ ਆਵਾਗਵਣ ਦੇ ਸਿਧਾਤ ਦਾ ਵੇਰਵਾ ਦਿੱਤਾ ਗਿਆ ਹੈ। ਇਸ
ਵੇਰਵੇ ਤੋਂ ਬਾਅਦ ਅਸੀਂ ਦੇਖਾਂਗੇ ਕਿ ਕੀ ਗੁਰਬਾਣੀ ਇਸ ਨਾਲ ਸਹਿਮਤ ਹੈ ਜਾਂ ਇਸ ਦਾ ਖੰਡਨ ਕਰ ਰਹੀ
ਹੈ, ਜਾਂ ਆਪਣਾ ਇੱਕ ਅਲਿਹਦਾ ਸਿਧਾਂਤ ਪੇਸ਼ ਕਰ ਰਹੀ ਹੈ।
ਹਿੰਦੂ ਧਰਮ
ਆਵਾਗਵਣ ਹਿੰਦੂ ਧਰਮ ਦੀ ਮੁੱਖ ਵਿਚਾਰਧਾਰਾ ਹੈ। ਦਰਅਸਲ ਅਗਰ ਆਵਾਗਵਣ ਨੂੰ
ਹਿੰਦੂ ਧਰਮ ਵਿੱਚੋਂ ਮਨਫੀ ਕਰ ਦਿੱਤਾ ਜਾਏ ਤਾਂ ਬਾਕੀ ਸੁੱਚ ਭਿੱਟ ਦੀਆਂ ਰਸਮਾਂ ਹੀ ਬੱਚਦੀਆਂ ਹਨ।
ਇਹ ਇੱਕ ਬੜੀ ਦਿਲਚਸਪ ਗਲ ਹੈ ਕਿ ਇਸ ਸਿਧਾਂਤ ਦਾ ਜ਼ਿਕਰ ਵੇਦਾਂ ਦੇ ਸਲੋਕਾਂ ਵਿੱਚ ਨਹੀਂ ਮਿਲਦਾ ਜਦ
ਕਿ ਵੇਦਾਂ ਨੂੰ ਹਿੰਦੂ ਧਰਮ ਦੇ ਮੁੱਖ ਗ੍ਰੰਥ ਮੰਨਿਆ ਜਾਂਦਾ ਹੈ। ਪਰ ਇਹਨਾਂ ਵੇਦਾਂ ਦੀ ਵਿਆਖਿਆ
ਕਰਦੇ ਬ੍ਰਹਮਾਨ ਸੂਤਰਾਂ ਵਿੱਚ ਜਰੂਰ ਮਿਲਦਾ ਹੈ। ਇਥੋਂ ਇਹ ਗਲ ਸਾਫ ਹੋ ਜਾਂਦੀ ਹੈ ਕਿ ਵੇਦਾ ਦੇ
ਰਚਣ ਸਮੇ ਆਵਾਗਵਣ ਦਾ ਸਿਧਾਂਤ ਅੱਜ ਵਾਲੀ ਸ਼ਕਲ ਵਿੱਚ ਮੌਜ਼ੂਦ ਨਹੀਂ ਸੀ। ਇਸ ਸਿਧਾਂਤ ਦੀ ਗੀਤਾ ਵਿੱਚ
ਕੀਤੀ ਵਿਆਖਿਆ ਮਿਲਦੀ ਹੈ ਜਦੋਂ ਕ੍ਰਿਸ਼ਨ ਜੀ ਕਹਿੰਦੇ ਨੇ "ਜਿਵੇ ਜੀਵ ਬਚਪਨ ਤੋਂ ਜਵਾਨੀ ਤੇ ਬੁਢੇਪੇ
ਵਿੱਚ ਦਾਖਲ ਹੁੰਦਾ ਹੈ ਤਿਵੇਂ ਮੌਤ ਤੋਂ ਬਾਅਦ ਇੱਕ ਸਰੀਰ ਛੱਡ ਦੂਸਰੇ ਸਰੀਰ ਨੂੰ ਧਾਰਣ ਕਰਦਾ ਹੈ।
ਇਸੇ ਕਰਕੇ ਸਿਅਣਾ ਬੰਦਾ ਮੌਤ ਨਾਂ ਦੀ ਇਸ ਤਬਦੀਲੀ ਤੋਂ ਪਰੇਸ਼ਾਨ ਨਹੀ ਹੁੰਦਾ। ਜਿਵੇਂ ਸਰੀਰ ਪੁਰਾਣੇ
ਕਪੜੇ ਲਾ ਨਵੇਂ ਕਪੜੇ ਪਾ ਲੈਂਦਾ ਹੈ ਤਿਵੇਂ ਆਤਮਾ ਜੋ ਅਮਰ ਹੈ ਪੁਰਾਣੇ ਸਰੀਰ ਤਿਆਗ ਨਵੈਂ ਸਰੀਰ
ਅੰਦਰ ਪ੍ਰਵੇਸ਼ ਕਰ ਜਾਂਦੀ ਹੈ। (3) ਉਪਨਿਸ਼ਦਾਂ ਵਿੱਚ ਇਸ ਸਿਧਾਂਤ ਦੀ ਵਿਅਖਿਆ ਮਿਲਦੀ ਹੈ। ਗਰੁੜ
ਪੁਰਾਣ ਅਤੇ ਮਨੂ ਸਿਮ੍ਰਤੀ ਵਿੱਚ ਤਾਂ ਇਹ ਵੇਰਵਾ ਵੀ ਮਿਲਦਾ ਹੈ ਕਿ ਕਿਹੜੇ ਮਾੜੇ ਕੰਮ ਕਰਨ ਨਾਲ
ਕਿਹੜੀ ਜੂਨ ਮਿਲਦੀ ਹੈ। ਹਿੰਦੂ ਧਰਮ ਦੇ ਆਵਾਗਵਣ ਦੇ ਸਿਧਾਂਤ ਦੇ ਮੁਖ ਨੁਕਤੇ ਇਸ ਪ੍ਰਕਾਰ ਹਨ।
- ਇਹ ਸੰਸਾਰ ਬਦਲਦਾ ਰਹਿੰਦਾ ਹੈ ਭਾਵ ਇਥੇ ਨਿਰੰਤਰ ਜਨਮ ਅਤੇ ਮੌਤ ਹੋ ਰਹੀ ਹੈ। ਸਾਰੇ ਜੀਵ
ਅਗਿਆਨਤਾ-ਕਰਮ-ਸੰਸਾਰ (ਜੰਮਣ-ਮਰਣ) ਦੇ ਭੈੜੇ ਚੱਕ੍ਰ ਵਿੱਚ ਫਸੇ ਹੋਏ ਨੇ।
- ਹਿੰਦੂ ਧਰਮ ਵਿੱਚ ਦੋ ਮੱਤ ਪ੍ਰਚਲਤ ਨੇ। ਮਾਧਵਾਚਾਰੀਆ ਦਾ ਦਵੈਤਵਾਦ ਅਤੇ ਅਦੀ
ਸ਼ੰਕਰਾਚਾਰੀਆ ਦਾ ਅਦਵੈਤਵਾਦ। ਦਵੈਤਵਾਦ ਵੇਦਾਂਤ ਦਾ ਮੰਨਣਾ ਹੈ ਕਿ ਆਤਮਾ ਅਤੇ ਬ੍ਰਹਮਾ ਅੱਡ
ਅੱਡ ਹਨ ਜਦ ਅਦਵੈਤਵਾਦ ਦਾ ਮੰਨਣਾ ਹੈ ਕਿ ਆਤਮਾ ਅਤੇ ਬ੍ਰਹਮਾ ਇਕੋ ਹੀ ਹਨ ਜਿਸ ਨੂੰ ਅਸੀਂ
ਅਗਿਆਨਤਾ ਬਸ ਅੱਡ ਅੱਡ ਸਮਝ ਰਹੇ ਹਾਂ। ਦੋਨੋਂ ਮੱਤ ਹੀ ਆਵਾਗਵਣ ਦੀ ਪ੍ਰੋੜਤਾ ਕਰਦੇ ਨੇ।
- ਪੁਨਰ ਜਨਮ ਆਤਮਾ ਦਾ ਹੁੰਦਾ ਹੈ। ਪਰ ਆਤਮਾ ਨੂੰ ਨਿਜ ਤੋਂ ਭਿੰਨ ਵੀ ਮੰਨਿਆ ਗਿਆ ਹੈ।
ਆਤਮਾ ਮਨੁੱਖ ਦੇ ਕਰਮਾਂ ਦਾ ਲੇਖਾਂ ਜੋਖਾ ਨਹੀਂ ਰੱਖਦੀ ਇਸ ਲਈ ਹਿੰਦੂ ਧਰਮ ਵਿੱਚ ਸੂਖਮ ਸਰੀਰ
ਦਾ ਸਿਧਾਂਤ ਘੜਿਆ ਗਿਆ। ਇਹ ਸੂਖਮ ਸਰੀਰ ਆਤਮਾ ਦੇ ਉਨ੍ਹਾਂ ਚਿਰ ਨਾਲ ਰਹਿੰਦਾ ਹੈ ਜਿੰਨੀ ਦੇਰ
ਕਰਮਾਂ ਦਾ ਹਿਸਾਬ ਕਿਤਾਬ ਮੁਕਾ ਮੁਕਤੀ ਪ੍ਰਾਪਤ ਨਹੀਂ ਹੁੰਦੀ। ਕਰਮਾਂ ਦਾ ਸਾਰਾ ਹਿਸਾਬ ਕਿਤਾਬ
ਸੂਖਮ ਸਰੀਰ `ਚ ਹੀ ਹੁੰਦਾ ਹੈ।
- ਹਿੰਦੂ ਧਰਮ ਦੇ ਆਵਾਗਵਣ ਦੇ ਸਿਧਾਂਤ ਦਾ ਧੁਰਾ ਕੀਤੇ ਕਰਮਾਂ ਦਾ ਲੈਣ ਦੇਣ ਹੈ। ਇਹ
ਉਪਨਿਸ਼ਦਾਂ, ਗਰੁੜ ਪੁਰਾਣ ਅਤੇ ਮਨੂ ਸਿਮ੍ਰਤੀ ਆਦਿ ਗ੍ਰੰਥਾ ਦੀ ਉਪਜ ਹੈ।
- ਕਰਮ ਸਿਧਾਂਤ ਅਨੁਸਾਰ ਸਤੋ ਕਰਮ ਕਰਨ ਵਾਲਿਆਂ ਨੰ ਸਵਰਗ ਲੋਕ, ਰਜੋ ਕਰਮ ਕਰਨ ਵਾਲਿਆਂ ਨੂੰ
ਮਾਤ ਲੋਕ ਅਤੇ ਤਮੋ ਕਰਮ ਕਰਨ ਵਾਲਿਆਂ ਨੂੰ ਪਤਾਲ ਲੋਕ ਵਿੱਚ ਵਿੱਚ ਜਨਮ ਲੈਣਾ ਪੈਂਦਾ ਹੈ।
- ਅਗਰ ਕੋਈ ਜੀਵ ਵਾਸਨਾ ਗ੍ਰਸਤ ਹੋ ਜਾਂਦਾ ਹੈ ਅਤੇ ਉਸ ਦੀ ਵਾਸਨਾ ਦੀ ਭੁਖ ਵਧਦੀ ਜਾਂਦੀ ਹੈ
ਤਾਂ ਇਸ ਵਾਸਨਾ ਪੂਰਤੀ ਲਈ ਉਹ ਵਾਰ ਵਾਰ ਜਨਮ ਲੈਂਦਾ ਹੈ।
- ਅਗਰ ਕੋਈ ਜੀਵ ਆਪਣੀ ਆਤਮਿਕ ਤ੍ਰਿਪਤੀ ਲਈ ਭਗਤੀ ਜਾਂ ਸਾਧਨਾ ਕਰ ਰਿਹਾ ਹੈ ਪਰ ਅਧਵਾਟੇ ਹੀ
ਮਰ ਜਾਂਦਾ ਹੈ ਤਾਂ ਉਹ ਇਸ ਅਧੂਰੇ ਕੰਮ ਨੂੰ ਪੂਰਾ ਕਰਨ ਲਈ ਫਿਰ ਜਨਮ ਲੈਂਦਾ ਹੈ।
- ਅਗਰ ਕੋਈ ਜੀਵ ਕਰਜ਼ ਮੋੜੇ ਵਗੈਰ ਮਰ ਜਾਂਦਾ ਹੈ ਤਾਂ ਉਹ ਇਹ ਕਰਜ਼ ਚੁਕਾਉਣ ਲਈ ਮੁੜ ਕਿਸੇ
ਰਿਸ਼ਤੇਦਾਰ, ਦੋਸਤ ਜਾਂ ਦੁਸ਼ਮਣ ਦੇ ਰੁਪ ਵਿੱਚ ਜਨਮ ਲੈਂਦਾ ਹੈ।
- ਕਿਸੇ ਰਿਸ਼ੀ ਆਦਿਕ ਦੇ ਸਰਾਪ ਕਾਰਣ ਮਨੁੱਖ ਜਾ ਕਿਸੇ ਹੋਰ ਜੂਨੀ ਵਿੱਚ ਜਨਮ ਲੈਣਾ ਪੈਂਦਾ
ਹੈ।
- ਮੁਕਤੀ ਪ੍ਰਾਪਤੀ ਲਈ ਮਨੁੱਖਾ ਜਨਮ ਲੈਣਾ ਜ਼ਰੂਰੀ ਹੈ।
- ਮਨੁੱਖ ਕਿਸ ਜਾਤ ਵਿੱਚ ਜੰਮਿਆਂ ਅਤੇ ਅਗਲੇ ਜਨਮ ਵਿੱਚ ਕਿਹੜੀ ਜਾਤ ਵਿੱਚ ਜੰਮੇਗਾ ਇਹ ਵੀ
ਉਸਦੇ ਕੀਤੇ ਕਰਮਾਂ ਤੇ ਨਿਰਭਰ ਕਰਦਾ ਹੈ।
- ਮਨੁੱਖ ਦਾ ਨਰ ਜਾਂ ਮਾਦਾ ਹੋਣਾ ਵੀ ਕੀਤੇ ਕਰਮਾਂ ਅਨੁਸਾਰ ਹੈ।
- ਹਰ ਮਾੜੈ ਕਰਮ ਦੀ ਅਗਲੇ ਜਨਮ ਵਿੱਚ ਖਾਸ ਸਜ਼ਾ ਵੀ ਹਿੰਦੂ ਸ਼ਾਸ਼ਤਰਾਂ ਵਿੱਚ ਮਿਥੀ ਗਈ ਹੈ।
ਬ੍ਰਾਹਮਣ, ਗਊ ਅਤੇ ਕੁਆਰੀ ਔਰਤ ਦੀ ਹੱਤਿਆ ਕਰਨ ਨਾਲ ਤਪਦਿਕ ਦਾ ਰੋਗੀ, ਕੁਬਾ ਅਤੇ ਕੋਹੜੀ
ਬਣਦਾ ਹੈ। ਗੁਰੂ ਇਸਤਰੀ ਨਾਲ ਸਬੰਧ ਰੱਖਣ ਵਾਲੇ ਦੀ ਚਮੜੀ ਖਰਾਬ ਹੋ ਜਾਂਦੀ ਹੈ। ਖਾਣਾ ਚੋਰੀ
ਕਰਨ ਵਾਲਾ ਚੂਹੇ, ਦਾਣੇ ਚੋਰੀ ਕਰਨ ਵਾਲਾ ਟਿੱਡੀ ਦੀ ਜੂਨੇ ਪੈਂਦਾ ਹੈ। ਇਤਿਆਦਿ। ਮਨੂ
ਸਿਮ੍ਰਤੀ ਵਿੱਚ ਇਹ ਸਾਰਾ ਵੇਰਵਾ ਦਿੱਤਾ ਗਿਆ ਹੈ।
- ਇੱਕ ਸਵਾਲ ਉਠਦਾ ਹੈ ਕਿ ਇਹਨਾਂ ਕਰਮਾ ਦਾ ਲੇਖਾ ਜੋਖਾ ਅਤੇ ਫੈਸਲ ਕੌਣ ਕਰਦਾ ਹੈ? ਇਸ ਲਈ
ਹਿੰਦੂ ਧਰਮ ਵਿੱਚ ਚਿਤਰਗੁਪਤ ਅਤੇ ਧਰਮ ਰਾਜ ਦਾ ਸੰਕਲਪ ਸਿਰਜਿਆ ਗਿਆ।
- ਹਿੰਦੂ ਧਰਮ ਵਿੱਚ ਸਤੀ ਪ੍ਰਥਾ ਦਾ ਸਬੰਧ ਵੀ ਪੁਨਰ ਜਨਮ ਨਾਲ ਹੈ। ਔਰਤ ਨੂੰ ਉਸਦੇ ਪਤੀ
ਨਾਲ ਇਹ ਕਹਿ ਕੇ ਸਾੜਿਆ ਜਾਂਦਾ ਸੀ ਕਿ ਉਹਨਾ ਦਾ ਸਾਥ ਅਗਲੇ ਜਨਮ ਵਿੱਚ ਵੀ ਬਣਿਆ ਰਹੇ।
- ਹਿੰਦੂ ਧਰਮ ਵਿੱਚ ਕੀਤੇ ਜਾਂਦੇ ਸਾਰੇ ਮ੍ਰਿਤਕ ਸੰਸਕਾਰ ਕਰਮ ਸਿਧਾਂਤ ਅਤੇ ਪੁਨਰ ਜਨਮ ਜਾਂ
ਆਵਾਗਵਣ ਦੇ ਸਿਧਾਂਤ ਦੀ ਹੀ ਉਪਜ ਹਨ।
ਬੁਧ ਧਰਮ
ਕਹਿੰਦੇ ਨੇ ਇੱਕ ਵਾਰ ਵਿਗਿਆਨੀ ਕਾਰਲ ਸੇਗਨ ਨੇ ਦਲਾਈ ਲਾਮਾ ਨੂੰ ਸਵਾਲ
ਕੀਤਾ ਕਿ ਅਗਰ ਵਿਗਿਆਨ ਪੁਨਰ ਜਨਮ ਨੂੰ ਗ਼ਲਤ ਸਾਬਤ ਕਰ ਦੇਵੇ ਫਿਰ ਕੀ ਬਣੂ। ਦਲਾਈ ਲਾਮਾ ਦਾ ਜਵਾਬ
ਸੀ ਕਿ ਅਗਰ ਪੁਨਰ ਜਨਮ ਝੂਠ ਸਾਬਤ ਹੋ ਜਾਏ ਤਾਂ ਤਿਬਤੀ ਬੁਧ ਧਰਮ ਇਸ ਨੂੰ ਛੱਡ ਦੇਵੇਗਾ ਪਰ ਇਹ
ਸਾਬਤ ਕਰਨਾ ਬਹੁਤ ਹੀ ਮੁਸ਼ਕਲ ਕੰਮ ਹੈ। (4) ਇਹ ਵੀ ਆਮ ਕਿਹਾ ਜਾਂਦਾ ਹੈ ਕਿ ਜਦੋਂ ਗੌਤਮ ਬੁਧ ਨੂੰ
ਇਲਹਾਮ ਹੋਇਆ ਤਾਂ ਉਸ ਨੂੰ ਆਪਣੇ ਸਾਰੇ ਪਹਿਲੇ ਜਨਮ ਯਾਦ ਆ ਗਏ ਸਨ। ਪਰ ਬੁਧ ਧਰਮ ਵਿੱਚ ਪੁਨਰ ਜਨਮ
ਜਾਂ ਆਵਾਗਵਣ ਵਾਰੇ ਕਾਫੀ ਮਤ ਭੇਦ ਵੀ ਪਾਏ ਜਾਂਦੇ ਹਨ। ਕੋਈ ਤਬਕਾ ਇਸ ਨੂੰ ਮੰਨਦਾ ਹੈ ਕੋਈ ਨਹੀ।
ਕੋਈ ਕਹਿੰਦਾ ਹੈ ਕਿ ਪੁਨਰ ਜਨਮ ਮੌਤ ਤੋਂ ਫੋਰਨ ਬਾਅਦ ਹੋ ਜਾਂਦਾ ਹੈ ਕੋਈ ਆਖਦਾ ਹੈ ਕਿ ਮੌਤ ਅਤੇ
ਪੁਨਰ ਜਨਮ ਵਿਚਕਾਰ ਇੱਕ ਆਰਜ਼ੀ ਅਵਸਥਾ ਆਉਂਦੀ ਹੋ ਜੋ 49 ਦਿਨ ਤਕ ਰਹਿੰਦੀ ਹੈ। ਜਪਾਨ ਵਿੱਚ ਬੁਧ
ਧਰਮ ਦਾ ਇੱਕ ਫਿਰਕਾ ( philosophical zen)
ਪੁਨਰ ਜਨਮ ਜਾਂ ਆਵਾਗਵਣ ਨੂੰ ਬਿਲਕੁਲ ਨਹੀਂ ਮੰਨਦਾ।
ਬੁਧ ਧਰਮ ਵਿੱਚ ਆਤਮਾ ਦੀ ਅਲਿਹਦਾ ਹੋਂਦ ਨੂੰ ਨਹੀਂ ਮੰਨਿਆ ਗਿਆ ਅਤੇ
ਅਨਾਤਮਾ ਦਾ ਸਿਧਾਂਤ ਦਿੱਤਾ ਗਿਆ ਹੈ। ਆਤਮਾ ਦੀ ਅਲਹਿਦਾ ਹੋਂਦ ਇੱਕ ਭਰਮ ਹੈ ਜੋ ਪੰਜ ਖੰਡਾ ਜਾਂ
ਤੱਤਾਂ ਦੀ ਉਪਜ ਹੈ। ਪੰਜ ਖੰਡ ( Aggregates
or skandha) ਇਸ ਤਰ੍ਹਾਂ ਹਨ – ਦੇਹ (body),
ਵੇਦਨਾ (feelings)
, ਸਮਝ (cognition),
ਸੰਸਕਾਰ (Mental contructions)
ਅਤੇ ਚੇਤਨਾ (Conciousness or life
force)। ਇਹ ਪੰਜੇ ਖੰਡ ਖੁਦ ਅਸਥਾਈ ਨੇ ਇਸ ਲਈ
ਸਥਾਈ ਆਤਮਾ ਨਾ ਦੀ ਕੋਈ ਚੀਜ਼ ਨਹੀਂ ਹੋ ਸਕਦੀ। ਪਰ ਸਾਨੂੰ ਆਤਮਾ ਦੀ ਹੋਂਦ ਦਾ ਭਰਮ ਹਮੇਸ਼ਾਂ ਬਣਿਆਂ
ਰਹਿੰਦਾ ਹੈ। ਇੱਕ ਭਿਕਸ਼ੂ ਦੇ ਸਵਾਲ ਦਾ ਉਤਰ ਦਿੰਦਿਆਂ ਬੁੱਧ ਨੇ ਕਿਹਾ ਸੀ॥
"Oh, Bhikshu, every moment you are
born, decay, and die." (5)।
ਕਹਿਣ ਦਾ ਭਾਵ ਜਿਵੇਂ ਜਿਵੇਂ ਹਰ ਪਲ ਇਹ ਭਰਮ
ਬਣਦਾ ਅਤੇ ਟੁਟਦਾ ਹੈ ਤਿਵੇਂ ਤਿਵੇਂ ਜਨਮ ਅਤੇ ਮੌਤ ਹੋ ਰਹੀ ਹੈ। ਫਿਰ ਸਵਾਲ ਉੱਠਦਾ ਹੈ ਕਿ ਅਗਰ
ਆਤਮਾ ਦੀ ਹੋਂਦ ਹੀ ਨਹੀਂ ਤਾਂ ਆਵਾਗਵਣ ਕੌਣ ਕਰਦਾ ਹੈ। ਇਸ ਵਾਰੇ ਇੱਕ ਮੱਤ ਇਹ ਹੈ ਕਿ ਮੌਤ ਵੇਲੇ
ਇਹ ਪੰਜੇ ਖੰਡ ਜਾਂ ਤੱਤ ਜ਼ਿੰਦਗੀ ਦੇ ਦਰਿਆ ਵਿੱਚ ਸਮਾ ਜਾਂਦੇ ਨੇ। ਜ਼ਿੰਦਗੀ ਦਾ ਦਰਿਆ ਨਿਰੰਤਰ ਵਗ
ਰਿਹਾ ਹੈ ਜਦੋਂ ਇਸ ਵਿੱਚ ਇਹ ਖੰਡ ਸਮੋਂਦੇ ਨੇ ਤਾਂ ਇੱਕ ਨਵਾਂ ਜੀਵਨ ਪੈਦਾ ਹੁੰਦਾ ਹੈ। ਨਵਾਂ ਜੀਵਨ
ਪੈਦਾ ਹੋਣਾ ਦਾ ਕਾਰਨ ਕਰਮ ਮੰਨ ਗਏ ਨੇ। ਜਿਵੇਂ ਇੱਕ ਦੀਵੇ ਨਾਲ ਦੂਜਾ ਦੀਵਾ ਜਗ ਪੈਂਦਾ ਹੈ। ਪਰ
ਕਰਮ ਇੱਕ ਜਨਮ ਤੋਂ ਦੂਜੇ ਜਨਮ ਵਿੱਚ ਨਹੀਂ ਜਾਂਦੇ। ਕਰਮਾਂ ਮੁਤਾਬਿਕ ਆਵਾਗਵਣ ਲਈ ਛੇ ਗਤੀਆਂ ਜਾ
ਭਵਚੱਕ੍ਰ ਮੰਨੇ ਗਏ ਨੇ। ਤਿੰਨ ਚੰਗੇ (ਦੇਵਾ, ਅਸੁਰਾ ਅਤੇ ਮਾਨਸ) ਅਤੇ ਤਿੰਨ ਮੰਦੇ (ਤਿਰੀਅਕ, ਪਰੇਤ
ਅਤੇ ਨਰਕ)। ਬੁਧ ਧਰਮ ਵਿੱਚ 12 ਕੜੀਆਂ ਦਾ ਵੀ ਜ਼ਿਕਰ ਆਂਉਂਦਾ ਹੈ ਜੋ ਮਨੁੱਖ ਦੇ ਅਗਿਆਨ ਤੋਂ ਸ਼ੁਰੂ
ਹੋ ਕੇ ਪੁਨਰ ਜਨਮ ਤਕ ਜਾਂਦੀਆਂ ਹਨ। ਜਦੋਂ ਅਗਿਆਨਤਾਂ ਖ਼ਤਮ ਹੋ ਜਾਂਦੀ ਹੈ ਤਾਂ ਆਵਾਗਵਣ ਵੀ ਖ਼ਤਮ ਹੋ
ਜਾਂਦਾ ਹੈ। ਇਸ ਨੂੰ ਨਿਰਵਾਣ ਪ੍ਰਾਪਤੀ ਕਿਹਾ ਗਿਆ ਹੈ। ਬੁਧ ਧਰਮ ਵਿੱਚ ਇਹ ਵੀ ਕਿਹਾਂ ਗਿਆ ਹੈ ਕਿ
ਮੁੜ ਕੇ ਮਨੁੱਖ ਦੀ ਜੂਨੇ ਆਉਣਾ ਲਗਭਗ ਅਸੰਭਵ ਅਤੇ ਇੱਕ ਇਤਫਾਕ ਹੀ ਹੈ। (6) ਇਸ ਨੂੰ ਚਿਗਾਲਾ ਸੂਤਰ
ਵਿੱਚ ਇੱਕ ਅੰਨੇ ਕੱਛੂਕੁਮੇ ਦੀ ਮਿਸਾਲ ਦੇ ਕੇ ਸਮਝਾਇਆ ਹੈ ਜੋ ਸਮੁੰਦਰ ਵਿੱਚੋਂ ਸੌ ਸਾਲ ਬਾਅਦ ਸਿਰ
ਪਾਣੀ ਉਪਰ ਚੁਕਦਾ ਹੈ ਅਤੇ ਪਾਣੀ ਉਪਰ ਇੱਕ ਜਾਲ ਹੈ ਜਿਸ ਵਿੱਚ ਕੇਵਲ ਇੱਕ ਛੇਦ ਹੈ ਅਤੇ ਇਹ ਜਾਲ
ਲਗਾਤਾਰ ਖੱਬੇ ਸੱਜੇ ਅਤੇ ਅਗੇ ਪਿੱਛੇ ਖਿਸਕ ਰਿਹਾ ਹੈ। ਜੋ ਸੰਭਾਵਨਾ ੳਸਦੇ ਸਿਰ ਦੀ ਛੇਦ ਵਿੱਚ ਫਸਣ
ਦੀ ਹੈ ਉਹ ਹੀ ਮਨੁੱਖਾ ਜਨਮ ਵਿੱਚ ਆਉਣ ਦੀ ਹੈ। ਇਸੇ ਕਰਕੇ ਇਸ ਦੁਰਲੱਭ ਜਨਮ ਦਾ ਪੂਰਾ ਪੂਰਾ ਲਾਭ
ਉਠਾਉਣ ਤੇ ਜ਼ੋਰ ਦਿੱਤਾ ਗਿਆ ਹੈ।
ਜੈਨ ਧਰਮ
ਜੈਨ ਮਤ ਰੱਬ ਦੀ ਹੋਂਦ ਤੋਂ ਮੁਨਕਰ ਹੈ ਪਰ ਆਵਾਗਵਣ ਅਤੇ ਕਰਮ ਸਿਧਾਂਤ ਨੂੰ
ਮਾਨਤਾ ਦਿੰਦਾ ਹੈ। ਜੇਹੋ ਜਿਹਾ ਕੋਈ ਕਰਮ ਕਰਦਾ ਹੈ ਓਹੋ ਜਿਹਾ ਉਸਦਾ ਅਗੇ ਜਨਮ ਹੁੰਦਾ ਹੈ। ਜਦੋ ਤਕ
ਕਰਮਾਂ ਦੀ ਪੂੰਜੀ ਖਤਮ ਨਹੀਂ ਹੁੰਦੀ ਪੁਨਰ ਜਨਮ ਹੁੰਦਾ ਰਹਿੰਦਾ ਹੈ। ਅਗਰ ਮਾੜੇ ਕਰਮ ਖਤਮ ਹੋ ਜਾਣ
ਅਤੇ ਚੰਗੇ ਕਰਮ ਬਚਦੇ ਹੋਣ ਤਾਂ ਵੀ ਪੁਨਰ ਜਨਮ ਹੋਏਗਾ। ਜੈਨ ਮਤ ਵਿੱਚ ਕਰਮ ਇੱਕ ਤਰ੍ਹਾ ਦੀ ਧੂੜ ਹੈ
ਜੋ ਜੀਵ ਦੀ ਆਤਮਾ ਨੂੰ ਉਸ ਦੇ ਕੰਮਾ, ਵਰਤਾਰੇ ਅਨੁਸਾਰ ਲਗਦੀ ਜਾਂਦੀ ਹੈ। ਆਪਣੇ ਆਪ ਵਿੱਚ ਇਸ ਧੂੜ
ਦੀ ਕੋਈ ਅਹਿਮੀਅਤ ਨਹੀ ਪਰ ਜਦੋਂ ਇਹ ਕਿਸੇ ਜੀਵ ਦੀ ਰੂਹ ਨਾਲ ਚਿੰਬੜ ਜਾਂਦੀ ਹੈ ਤਾਂ ਉਸ ਜੀਵ ਨੂੰ
ਆਵਾਗਵਣ ਦੇ ਚੱਕ੍ਰ ਵਿੱਚ ਪਾ ਦਿੰਦੀ ਹੈ। ਮਾੜੇ ਕਰਮ ਕਰਕੇ ਇੱਕ ਤਰ੍ਹਾਂ ਦੇ ਭੈੜੇ ਚੱਕ੍ਰਵਿਹੂ
ਵਿੱਚ ਫਸਣ ਵਾਲੀ ਗਲ ਹੈ ਕਿਉਂਕਿ ਮਾੜੇ ਕਰਮ ਹੋਰ ਮਾੜੇ ਕਰਮ ਕਮਾਉਣ ਲਗ ਪੈਂਦੇ ਨੇ। ਆਪਣੇ ਪ੍ਰਭਾਵ
ਅਨੁਸਾਰ ਕਰਮ ਅੱਠ ਤਰ੍ਹਾਂ ਦੇ ਮੰਨੇ ਗਏ ਨੇ। ਚਾਰ ਚੰਗੇ ਅਤੇ ਚਾਰ ਮੰਦੇ। ਮੰਦੇ ਕੰਮ ਹਨ- ਜੀਵ ਨੂੰ
ਭਰਮ ਜਾਲ ਵਿੱਚ ਪਾਉਣ, ਜੀਵ ਨੁੰ ਗਿਆਨ ਗ੍ਰਹਿਣ ਕਰਨ ਵਿੱਚ ਰੁਕਾਵਟ ਹੋਣ, ਜੀਵ ਦੇ ਅਨੁਭਵ ਵਿੱਚ
ਰੁਕਾਵਟ ਪਾਉਣ ਅਤੇ ਜੀਵ ਨੂੰ ਚੰਗੇ ਕਰਮ ਕਰਨ ਵਿੱਚ ਰੁਕਾਵਟ ਹੋਣ। ਚੰਗੇ ਕਰਮ ਹਨ- ਜੀਵ ਨੂੰ ਚੰਗੇ
ਮੰਦੇ ਦਾ ਅਹਿਸਾਸ ਕਰਾਉਣ, ਜੀਵ ਦਾ ਅਗਲਾ ਜਨਮ ਨਿਰਧਾਰਤ ਕਰਨ ਵਾਲੇ, ਜੀਵ ਦੇ ਅਗਲੇ ਜਨਮ ਦੀ ਉਮਰ
ਨਿਰਧਾਰਤ ਕਰਨ, ਅਗਲੇ ਜਨਮ ਦਾ ਰੁਤਬਾ ਨਿਰਧਾਰਤ ਕਰਨ ਵਾਲੇ। ਬੁਧ ਧਰਮ ਦੀ ਤਰ੍ਹਾਂ ਜੈਨ ਧਰਮ ਵਿੱਚ
ਵੀ ਪੁਨਰ ਜਨਮ ਲਈ ਕਈ ਪ੍ਰਕਾਰ ਦੀਆਂ ਗਤੀਆਂ ਮੰਨੀਆਂ ਗਈਆ ਹਨ। ਜੈਨ ਧਰਮ ਵਿੱਚ ਇਹ ਚਾਰ ਪ੍ਰਮੁਖ
ਹਨ। ਦੇਵ, ਮਾਨਸ, ਨਰਕੀ ਅਤੇ ਤਿਰੀਅੰਕਾ ( Tiryanca)
। ਆਪਣੇ ਕੀਤੇ ਕਰਮਾਂ ਅਨੁਸਾਰ ਪ੍ਰਾਣੀ ਇਹਨਾਂ
ਗਤੀਆਂ ਵਿੱਚ ਵਿਚਰਦੇ ਹਨ। ਇਹਨਾਂ ਗਤੀਆਂ ਦੀ ਅਗੇ ਹੋਰ ਉਪ ਵੰਡ ਅਤੇ ਉਪ ਵੰਡ ਦੀ ਹੋਰ ਵੀ ਛੋਟੀ
ਵੰਡ ਕੀਤੀ ਮਿਲਦੀ ਹੈ। ਪ੍ਰਾਣੀ ਇਹਨਾਂ ਗਤੀਆਂ ਵਿੱਚ 84 ਲੱਖ ਜੂਨਾਂ ਦਾ ਚੱਕ੍ਰ ਕੱਟਦਾ ਹੈ। ਜੈਨ
ਧਰਮ ਵਿੱਚ ਮੁਕਤੀ ਪ੍ਰਾਪਤੀ ਲਈ ਕੀਤੇ ਕਰਮਾ ਦੀ ਧੂੜ ਤੋਂ ਛੁਟਕਾਰ ਪਾਉਣਾ ਜ਼ਰੂਰੀ ਹੈ। ਅਹਿੰਸਾ,
ਤਪ, ਸਾਧਨਾ, ਗਿਆਨ ਅਤੇ ਅਨੁਸ਼ਾਸਨ ਕਰਮਾਂ ਤੋ ਅਜਾਦੀ ਲਈ ਸਹਾਈ ਹੁਦੇ ਨੇ। ਖੁਦਗਰਜ਼ੀ ਅਤੇ ਹਿੰਸਾ
ਨਾਲ ਮਾੜੇ ਕਰਮ ਵਧਦੇ ਨੇ। ਜਦੋ ਕਰਮਾਂ ਦੀ ਧੂੜ ਆਤਮਾ ਤੋਂ ਲੱਥ ਜਾਂਦੀ ਹੈ ਤਾਂ ਇਹ ਹਲਕੀ ਫੁਲਕੀ
ਹੋ ਬ੍ਰਹਿਮੰਡ ਦੇ ਉਪਰਲੇ ਅਰਸ਼ਾਂ ਵਿੱਚ ਜਾ ਵਸਦੀ ਹੈ।
ਮੱਧ ਪੂਰਬ ਦੇ ਧਰਮ
ਉਪਰ ਦਿੱਤੇ ਤਿੰਨੇ ਧਰਮ ਭਾਰਤੀ ਉਪ ਮਹਾਂ ਦੀਪ ਵਿੱਚ ਪੈਦਾ ਹੋਏ ਹਨ ਅਤੇ
ਇੱਕ ਤਰ੍ਹਾ ਨਾਲ ਸਿੱਖ ਧਰਮ ਦੇ ਗੁਆਂਢੀ ਹਨ। ਅਗਰ ਅਸੀਂ ਥੋੜਾ ਪੱਛਮ ਵੱਲ ਜਾਈਏ ਤਾਂ ਮੱਧ ਪੂਰਬ ਦੇ
ਇਲਾਕੇ ਵਿੱਚ ਜਨਮੇ ਚਾਰ ਵੱਡੇ ਧਰਮ ਮਿਲਦੇ ਨੇ। ਪਾਰਸੀ, ਯਹੂਦੀ, ਈਸਾਈ ਅਤੇ ਇਸਲਾਮ। ਇਹ ਸਾਰੇ ਧਰਮ
ਇੱਕ ਰੱਬ ਨੂੰ ਮੰਨਣ ਵਾਲੇ ਹਨ ਅਤੇ ਇਹਨਾ ਦੇ ਫਲਸਫੇ ਦਾ ਤਰਕ ਲੰਬਕਾਰੀ ਜਾ ਸਿੱਧੀ ਖੜਵੀਂ ਲਕੀਰ ਦੀ
ਤਰ੍ਹਾਂ ਹੈ। ਇਹਨਾਂ ਧਰਮਾਂ ਵਿੱਚ ਆਤਮਾ ਜਾਂ ਰੂਹ ਨੂੰ ਤਾਂ ਮਾਨਤਾ ਦਿੱਤੀ ਗਈ ਹੈ ਪਰ ਇਹ ਪੁਨਰ
ਜਨਮ ਨੂੰ ਨਹੀਂ ਮੰਨਦੇ। ਥੋੜੇ ਬਹੁਤ ਫਰਕ ਨਾਲ ਇਹਨਾਂ ਧਰਮਾਂ ਵਿੱਚ ਇਹ ਮੰਨਿਆ ਗਿਆ ਹੈ ਕਿ ਜਦੋਂ
ਪਰਲੋ ਆਏਗੀ ਤਾਂ ਕਿਆਮਤ ਦਾ ਦਿਨ ਆਏਗਾ ਉਦੋਂ ਸਾਰੀਆ ਰੂਹਾਂ ਮੁੜ ਕਾਇਮ (ਜੀਉਂਦੀਆਂ) ਹੋਣਗੀਆਂ ਅਤੇ
ਉਹਨਾਂ ਦਾ ਲੇਖਾ ਜੋਖਾ ਕਰ ਕਿਸੇ ਨੂੰ ਸਵਰਗ ਤੇ ਕਿਸੇ ਨੂੰ ਨਰਕ ਵਿੱਚ ਭੇਜਿਆ ਜਾਵੇਗਾ।
ਇਸ ਦੇ ਉਲਟ ਭਾਰਤੀ ਉਪ ਮਹਾਂ ਦੀਪ ਵਿੱਚ ਜਨਮੇ ਧਰਮਾਂ ਦੇ ਫਲਸਫੇ ਦਾ ਤਰਕ
ਗੋਲਕਾਰੀ ਹੈ। ਭਾਵ ਜੀਵ ਜਨਮ-ਮਰਨ ਅਤੇ ਫਿਰ ਜਨਮ ਮਰਨ ਦੇ ਇੱਕ ਚੱਕਰ ਵਿੱਚ ਘੁੰਮਦੇ ਦਰਸਾਏ ਗਏ ਨੇ।
ਜਦ ਕਿ ਮੱਧ ਪੂਰਬ ਦੇ ਧਰਮ ਇੱਕ ਜਨਮ ਤੋਂ ਤੁਰ ਮੌਤ ਤੇ ਸਮਾਪਤੀ ਕਰ ਦਿੰਦੇ ਨੇ। ਸਿੱਖ ਧਰਮ ਇਹਨਾਂ
ਦੋਨਾਂ ਨਾਲ ਪੂਰੇ ਤੌਰ ਤੇ ਨਹੀਂ ਮਿਲਦਾ। ਜਨਮ ਮੌਤ ਦਾ ਨਿਰੰਤਰ ਚੱਕਰ ਕਰਤੇ ਦੀ ਇੱਕ ਖੇਡ ਹੈ। ਪਰ
ਉਹ ਇਸ ਖੇਡ ਨੂੰ ਉਹ ਜਦੋਂ ਚਾਹੇ ਸਮਾਪਤ ਕਰ ਲੈਂਦਾ ਹੈ ਅਤੇ ਕਈ ਵਾਰ ਸਮਾਪਤ ਕਰ ਫਿਰ ਸ਼ੁਰੂ ਕਰ
ਚੁਕਾ ਹੈ। ਅਗੇ ਚਲ ਕਿ ਅਸੀਂ ਦੇਖਾਂਗੇ ਕਿ ਸਿਖ ਧਰਮ ਦਾ ਨਜ਼ਰੀਆਂ ਧਰਮਾਂ ਨਾਲੋਂ ਵਿਗਿਆਨ ਦੇ ਜ਼ਿਆਦਾ
ਨੇੜੇ ਹੈ। ਚਲਦਾ---
|
. |