.

ੴਸਤਿਗੁਰਪ੍ਰਸਾਦਿ।।
ਖਾਲਸਾ ਪੰਥ ਬਨਾਮ ਡੇਰਾਵਾਦ
(ਭਾਗ ਛੇਵਾਂ)

ਕੀ ਵਿਹਲੜਾਂ ਦੀ ਫੌਜ ਨੂੰ ਸੰਤ ਆਖਿਆ ਜਾ ਸਕਦਾ ਹੈ?
ਇੱਕ ਹੋਰ ਵੱਡਾ ਸਿਧਾਂਤਕ ਪੱਖ ਵਿਚਾਰਨ ਦੀ ਲੋੜ ਹੈ। ਗੁਰੂ ਨਾਨਕ ਪਾਤਿਸ਼ਾਹ ਨੇ ਮਨੁੱਖਤਾ ਨੂੰ ਜੋ ਤਿੰਨ ਸੂਤਰੀ ਪ੍ਰੋਗਰਾਮ ਦਿੱਤਾ, ਉਹ ਹੈ ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਕੇ ਛੱਕਣਾ। ਇਥੇ ਸਭ ਤੋਂ ਪਹਿਲਾਂ ਗੱਲ ਕਿਰਤ ਕਰਨ ਦੀ ਹੈ। ਜੋ ਕਿਰਤੀ ਨਹੀਂ, ਉਹ ਨਾਮੀ ਕਦੇ ਨਹੀਂ ਹੋ ਸਕਦਾ। ਜਿਹੜਾ ਆਪ ਵਿਹਲੜ ਹੈ ਉਸ ਦੇ ਵੰਡ ਛਕਣ ਦਾ ਤਾਂ ਸੁਆਲ ਹੀ ਨਹੀਂ ਪੈਦਾ ਹੁੰਦਾ, ਕਿਉਂਕਿ ਵੰਡ ਛੱਕਣ ਦਾ ਭਾਵ ਇਹ ਨਹੀਂ ਕਿ ਲੋਕਾਂ ਕੋਲੋਂ ਪੈਸੇ ਇਕੱਠੇ ਕਰਕੇ ਲੰਗਰ ਲੁਆ ਦੇਣੇ, ਜਾਂ ਗੁਰਪੁਰਬ ਵਾਲੇ ਦਿਨ ਗੁਰਦੁਆਰੇ ਦੇ ਲੰਗਰ ਹਾਲ ਵਿੱਚ ਬੈਠਕੇ ਇਕੱਠੇ ਲੰਗਰ ਛੱਕ ਲੈਣਾ। ਬਲਕਿ ਵੰਡ ਛੱਕਣਾ ਹੈ, ਆਪਣੀ ਸੁਕ੍ਰਿਤ ਕਰਕੇ ਉਸ ਵਿਚੋਂ ਲੋੜਵੰਦਾਂ ਦੀ ਮਦਦ ਕਰਨੀ। ਗੁਰਬਾਣੀ ਵੀ ਸਾਨੂੰ ਆਦੇਸ਼ ਕਰਦੀ ਹੈ:
“ਘਾਲਿ ਖਾਇ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਹਿ ਸੇਇ।। “ (ਸਲੋਕ ਮਃ ੧, ਪੰਨਾ ੧੨੪੫)
ਜੋ ਮਨੁੱਖ ਮਿਹਨਤ ਨਾਲ ਕਮਾ ਕੇ (ਆਪ) ਖਾਂਦਾ ਹੈ ਤੇ ਉਸ ਕਮਾਈ ਵਿਚੋਂ ਕੁੱਝ (ਹੋਰਨਾਂ ਨੂੰ ਭੀ) ਦੇਂਦਾ ਹੈ, ਹੇ ਨਾਨਕ! ਅਜੇਹੇ ਬੰਦੇ ਹੀ ਜ਼ਿੰਦਗੀ ਦਾ ਸਹੀ ਰਸਤਾ ਪਛਾਣਦੇ ਹਨ।
“ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ।। ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ।।”
{ਸਲੋਕੁ ਮਃ ੫, ਪੰਨਾ ੫੨੨}
ਹੇ ਨਾਨਕ ! ਉੱਦਮ ਕਰਦਿਆਂ ਜੀਵਨ ਬਤੀਤ ਕਰਣਾ ਹੈ, ਕਮਾਈ ਕੀਤਿਆਂ ਸੁਖ ਮਾਣੀਦਾ ਹੈ; ਨਾਮ ਸਿਮਰਿਆਂ ਪਰਮਾਤਮਾ ਨੂੰ ਮਿਲ ਪਈਦਾ ਹੈ ਤੇ ਚਿੰਤਾ ਮਿਟ ਜਾਂਦੀ ਹੈ।
ਅੱਜ ਸਿੱਖ ਕੌਮ ਵਿੱਚ ਧਰਮ ਪ੍ਰਚਾਰ ਦੇ ਨਾਂਅ ਤੇ ਵਿਹਲੜਾਂ ਦੀ ਇੱਕ ਫੌਜ ਤੁਰੀ ਫਿਰਦੀ ਹੈ। ਪਖੰਡੀ ਬਾਬੇ ਤਾਂ ਹਨ ਹੀ, ਹਰ ਛੋਟੇ ਤੋਂ ਛੋਟੇ ਡੇਰੇ ਤੇ ਵੀ ੧੦-੨੦ ਚੇਲੇ ਹਨ, ਕਈਆਂ ਵਿੱਚ ਤਾਂ ਇਹ ਗਿਣਤੀ ੧੦੦ ਦੇ ਨੇੜੇ ਜਾਂ ਇਸ ਤੋਂ ਉਪਰ ਵੀ ਚਲੀ ਜਾਂਦੀ ਹੈ। ਇੱਕ ਅੰਦਾਜ਼ੇ ਮੁਤਾਬਿਕ ਸਿਰਫ ਪੰਜਾਬ ਵਿੱਚ ਇੱਕ ਲੱਖ ਤੋਂ ਵਧੇਰੇ ਵਿਹਲੜ ਕੌਮ ਅਤੇ ਸਮਾਜ ਉਤੇ ਵਾਧੂ ਦਾ ਬੋਝ ਬਣੇ ਹੋਏ ਹਨ। ਆਮ ਤੌਰ ਤੇ ਦਲੀਲ ਦਿੱਤੀ ਜਾਂਦੀ ਹੈ ਕਿ ਇਹ ਸਿੱਖ ਧਰਮ ਦਾ ਪ੍ਰਚਾਰ ਕਰ ਰਹੇ ਹਨ। ਕਿਤਨੀ ਮਜ਼ਾਕ ਦੀ ਗੱਲ ਹੈ ਕਿ ਜਿਹੜੇ ਆਪ ਸਿੱਖ ਦੀ ਪਰਿਭਾਸ਼ਾ ਤੇ ਹੀ ਖਰੇ ਨਹੀਂ ਉਤਰਦੇ, ਉਹ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ। ਸੋਚਣ ਵਾਲੀ ਗੱਲ ਹੈ ਕਿ ਕੀ ਗੁਰੂ ਨਾਨਕ ਪਾਤਿਸ਼ਾਹ ਨੇ ਧਰਮ ਦਾ ਪ੍ਰਚਾਰ ਨਹੀਂ ਸੀ ਕੀਤਾ? ਕੀ ਇਹ ਉਨ੍ਹਾਂ ਨਾਲੋਂ ਵੱਡੇ ਧਰਮ ਪ੍ਰਚਾਰਕ ਹਨ? ਗੁਰੂ ਨਾਨਕ ਪਾਤਿਸ਼ਾਹ, ਜਿਨ੍ਹਾਂ ਦੇ ਧਰਮ ਦਾ ਪ੍ਰਚਾਰ ਕਰਨ ਦੀ ਇਹ ਗੱਲ ਕਰਦੇ ਹਨ, ਨੇ ਤਾਂ ਕਦੇ ਸਮਾਜ ਤੇ ਬੋਝ ਬਣਨ ਦੀ ਕੋਸ਼ਿਸ਼ ਨਹੀਂ ਕੀਤੀ। ਆਪਣੇ ਪ੍ਰਚਾਰ ਦੌਰੇ, ਜਿਨ੍ਹਾਂ ਨੂੰ ਅਸੀਂ ਉਦਾਸੀਆਂ ਕਹਿੰਦੇ ਹਾਂ, ਸ਼ੁਰੂ ਕਰਨ ਤੋਂ ਪਹਿਲਾਂ ਸਤਿਗੁਰੂ ਨੇ ਨਵਾਬ ਦੌਲਤ ਰਾਏ ਦੇ ਮੋਦੀਖਾਨੇ ਵਿੱਚ ਨੌਕਰੀ ਕਰਕੇ ਸਫਰ ਵਾਸਤੇ ਪੂੰਜੀ ਇਕੱਤਰ ਕੀਤੀ। ਸਿਰਫ ਇਤਨਾ ਹੀ ਨਹੀਂ ਜਦੋਂ ਗੁਰੂ ਨਾਨਕ ਪਾਤਿਸ਼ਾਹ ਦੇ ਸਿੱਖਾਂ ਦੀ ਗਿਣਤੀ ਲੱਖਾਂ ਵਿੱਚ ਪੁੱਜ ਚੁੱਕੀ ਸੀ ਉਸ ਵੇਲੇ ਵੀ ਸਤਿਗੁਰੁ ਨੇ ਆਪਣੇ ਇਸ ਕਿਰਤ ਕਰਨ ਦੇ ਅਮੋਲਕ ਸਿਧਾਂਤ ਦਾ ਤਿਆਗ ਨਹੀਂ ਕੀਤਾ। ਉਦਾਸੀਆਂ ਤੋਂ ਵਾਪਸ ਆਕੇ ਕਰਤਾਰਪੁਰ ਵਿੱਚ ਖੇਤੀ ਕੀਤੀ। ਜਿਵੇਂ ਉਪਰ ਵੀ ਦੱਸਿਆ ਗਿਆ ਹੈ, ਜਦੋਂ ਭਾਈ ਲਹਿਣਾ ਜੀ (ਗੁਰੂ ਅੰਗਦ ਸਾਹਿਬ) ਪਹਿਲੀ ਵਾਰ ਗੁਰੂ ਨਾਨਕ ਪਾਤਿਸ਼ਾਹ ਨੂੰ ਮਿਲਣ ਆਏ ਤਾਂ ਸਤਿਗੁਰੂ ਆਪਣੇ ਖੇਤਾਂ ਵਿਚ, ਆਪਣੀ ਹੱਥੀਂ ਵਾਹੀ ਦੀ ਕਿਰਤ ਕਰ ਰਹੇ ਸਨ।
ਆਓ ਗੁਰੂ ਗ੍ਰੰਥ ਸਾਹਿਬ ਪਾਤਿਸ਼ਾਹ ਕੋਲੋਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਕੀ ਕਿਰਤ ਤਿਆਗ ਕੇ, ਆਪਣੇ ਨਾਂਅ ਨਾਲ ਸੰਤ ਮਹਾਪੁਰਖ ਆਦਿ ਲਕਬ ਲਾ ਕੇ, ਧਾਰਮਿਕ ਲਗਣ ਵਾਲਾ ਪਹਿਰਾਵਾ ਪਹਿਨ ਕੇ ਲੋਕਾਂ ਕੋਲੋਂ ਮੰਗਣਾ ਜਾਂ ਭੇਟਾ ਆਦਿ ਲੈਣੀਆਂ ਗੁਰਮਤਿ ਵਿੱਚ ਪਰਵਾਨ ਹਨ? ਸਤਿਗੁਰੂ ਦਾ ਪਾਵਨ ਫੁਰਮਾਨ ਹੈ:
“ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸੁ।। ਜੇ ਘਰਿ ਘਰਿ ਹੰਢੈ ਮੰਗਦਾ ਧਿਗੁ ਜੀਵਣੁ ਧਿਗੁ ਵੇਸੁ।। “
{ਸਲੋਕ ਮਃ ੩, ਪੰਨਾ ੫੫੦}
ਕੋਈ ਵਿਰਲਾ ਫ਼ਕੀਰ ਫ਼ਕੀਰੀ (ਦੇ ਆਦਰਸ਼) ਨੂੰ ਸਮਝਦਾ ਹੈ, (ਫ਼ਕੀਰ ਹੋ ਕੇ) ਜੇ ਘਰ ਘਰ ਮੰਗਦਾ ਫਿਰੇ, ਤਾਂ ਉਹਦੇ ਜੀਊਣ ਨੂੰ ਫਿਟਕਾਰ ਹੈ ਤੇ ਉਸ ਦੇ (ਫ਼ਕੀਰੀ-) ਜਾਮੇ ਨੂੰ ਫਿਟਕਾਰ ਹੈ।
ਸਤਿਗੁਰੂ ਐਸੇ ਫਕੀਰੀ ਭੇਖ ਬਣਾ ਕੇ ਲੋਕਾਂ ਕੋਲੋਂ ਮੰਗਣ ਵਾਲਿਆਂ ਦੇ ਜੀਵਨ ਨੂੰ ਵੀ ਫਿਟਕਾਰ ਯੋਗ ਦਸ ਰਹੇ ਹਨ ਅਤੇ ਉਨ੍ਹਾਂ ਦੇ ਐਸੇ ਪਹਿਰਾਵੇ ਨੂੰ ਵੀ। ਸਤਿਗੁਰੂ ਨੇ ਗੁਰਬਾਣੀ ਵਿੱਚ ਸਪੱਸ਼ਟ ਕਰ ਦਿੱਤਾ ਹੈ ਕਿ ਧਰਮ ਦੇ ਨਾਂਅ ਤੇ ਐਸੇ ਭੇਖ ਬਣਾਉਣੇ, ਡੇਰੇ ਚਲਾਉਣੇ, ਇਹ ਹੱਡ ਹਰਾਮ ਵਿਹਲੜ ਲੋਕਾਂ ਦਾ ਕੰਮ ਹੈ। ਸਤਿਗੁਰੂ ਸਾਨੂੰ ਸੁਚੇਤ ਕਰਦੇ ਹਨ ਕਿ ਐਸੇ ਲੋਕ ਆਪਣੇ ਆਪ ਨੂੰ ਸੰਤ ਸਾਧ ਅਖਵਾ ਕੇ ਮੰਗਣ ਤਾਂ ਨਾ ਉਨ੍ਹਾਂ ਨੂੰ ਕੋਈ ਮਾਇਆ ਭੇਟਾ ਆਦਿ ਦੇਣੀ ਚਾਹੀਦੀ ਹੈ ਅਤੇ ਨਾ ਹੀ ਐਸੇ ਲੋਕਾਂ ਦਾ ਕਦੇ ਸਤਿਕਾਰ ਕਰਨਾ ਚਾਹੀਦਾ ਹੈ। ਪਾਵਨ ਗੁਰਵਾਕ ਹੈ:
“ਗਿਆਨ ਵਿਹੂਣਾ ਗਾਵੈ ਗੀਤ।। ਭੁਖੇ ਮੁਲਾਂ ਘਰੇ ਮਸੀਤਿ।। ਮਖਟੂ ਹੋਇ ਕੈ ਕੰਨ ਪੜਾਏ।।
ਫਕਰੁ ਕਰੇ ਹੋਰੁ ਜਾਤਿ ਗਵਾਏ।। ਗੁਰੁ ਪੀਰੁ ਸਦਾਏ ਮੰਗਣ ਜਾਇ।। ਤਾ ਕੈ ਮੂਲਿ ਨ ਲਗੀਐ ਪਾਇ।। “
(ਸਲੋਕ ਮਃ ੧, ਪੰਨਾ ੧੨੪੫)
(ਪੰਡਿਤ ਦਾ ਇਹ ਹਾਲ ਹੈ ਕਿ) ਪਰਮਾਤਮਾ ਦੇ ਭਜਨ ਤਾਂ ਗਾਂਦਾ ਹੈ ਪਰ ਆਪ ਸਮਝ ਤੋਂ ਸੱਖਣਾ ਹੈ (ਭਾਵ, ਇਸ ਭਜਨ ਗਾਣ ਨੂੰ ਉਹ ਰੋਜ਼ੀ ਦਾ ਵਸੀਲਾ ਬਣਾਈ ਰੱਖਦਾ ਹੈ, ਸਮਝ ਉੱਚੀ ਨਹੀਂ ਹੋ ਸਕੀ)। ਭੁੱਖ ਦੇ ਮਾਰੇ ਹੋਏ ਮੁੱਲਾਂ ਦੀ ਮਸੀਤ ਭੀ ਰੋਜ਼ੀ ਦੀ ਖ਼ਾਤਰ ਹੀ ਹੈ (ਭਾਵ, ਮੁੱਲਾਂ ਨੇ ਭੀ ਬਾਂਗ ਨਮਾਜ਼ ਆਦਿਕ ਮਸੀਤ ਦੀ ਕ੍ਰਿਆ ਨੂੰ ਰੋਟੀ ਦਾ ਵਸੀਲਾ ਬਣਾਇਆ ਹੋਇਆ ਹੈ) (ਤੀਜਾ ਇਕ) ਹੋਰ ਹੈ ਜੋ ਹੱਡ-ਹਰਾਮ ਹੋਣ ਕਰਕੇ ਕੰਨ ਪੜਵਾ ਲੈਂਦਾ ਹੈ, ਫ਼ਕੀਰ ਬਣ ਜਾਂਦਾ ਹੈ, ਕੁਲ ਦੀ ਅਣਖ ਗਵਾ ਬੈਠਦਾ ਹੈ, (ਉਂਝ ਤਾਂ ਆਪਣੇ ਆਪ ਨੂੰ) ਗੁਰੂ ਪੀਰ ਅਖਵਾਂਦਾ ਹੈ (ਪਰ ਰੋਟੀ ਦਰ ਦਰ) ਮੰਗਦਾ ਫਿਰਦਾ ਹੈ; ਅਜੇਹੇ ਬੰਦੇ ਦੇ ਪੈਰੀਂ ਭੀ ਕਦੇ ਨਹੀਂ ਲੱਗਣਾ ਚਾਹੀਦਾ।
ਸਪੱਸ਼ਟ ਜਾਪਦਾ ਹੈ ਕਿ ਜਿਨ੍ਹਾਂ ਲੋਕਾਂ ਦੇ ਪ੍ਰਤੀ ਇਹ ਸ਼ਬਦ ਸਤਿਗੁਰੂ ਨੇ ਉਸ ਸਮੇਂ ਉਚਾਰਨ ਕੀਤਾ ਸੀ, ਅੱਜ ਦੇ ਇਹ ਅਖੌਤੀ ਡੇਰੇਦਾਰ ਉਨ੍ਹਾਂ ਦਾ ਹੀ ਬਦਲਿਆ ਹੋਇਆ ਰੂਪ ਹਨ। ਜਿਹੜਾ ਹੋਰ ਕਿਸੇ ਕੰਮ ਦੇ ਕਾਬਲ ਨਹੀਂ ਹੁੰਦਾ, ਜਾਂ ਹੱਡ ਹਰਾਮੀ ਹੁੰਦਾ ਹੈ, ਆਪਣੀ ਕਮੀਨਗੀ (ਜਿਸ ਨੂੰ ਉਹ ਚਤੁਰਾਈ ਸਮਝਦਾ ਹੈ) ਨਾਲ ਐਯਾਸ਼ੀ ਕਰਨੀ ਚਾਹੁੰਦਾ ਹੈ, ਉਹ ਉਠ ਕੇ ਡੇਰਾ ਬਣਾ ਲੈਂਦਾ ਹੈ ਅਤੇ ਫੇਰ ਚਲ ਸੋ ਚਲ। ਵਧ ਤੋਂ ਵਧ ਕਈ ਐਸੇ ਹੁੰਦੇ ਹਨ ਜਿਨ੍ਹਾਂ ਕੁੱਝ ਸਮਾਂ ਕਿਸੇ ਹੋਰ ਪਖੰਡੀ ਦੇ ਡੇਰੇ ਤੇ ਚੇਲਾ ਬਣ ਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਟਰੇਨਿੰਗ ਲਈ ਹੁੰਦੀ ਹੈ ਅਤੇ ਕਈਆਂ ਨੂੰ ਚਲਿਆ ਚਲਾਇਆ ਡੇਰਾ ਵਿਰਾਸਤ ਵਿੱਚ ਮਿਲ ਜਾਂਦਾ ਹੈ। ਇੱਕ ਗੱਲ ਤਾਂ ਪੱਕੀ ਹੈ ਕਿ ਭੋਲੇ ਭਾਲੇ ਲੋਕਾਂ ਦੀ ਅਗਿਆਨਤਾ ਦੇ ਕਾਰਨ ਹਰ ਡੇਰੇਦਾਰ ਦਿਨਾਂ ਵਿੱਚ ਹੀ ਕਰੋੜਾਂ ਦੀ ਜਾਇਦਾਦ ਦਾ ਮਾਲਕ ਬਣ ਜਾਂਦਾ ਹੈ।
ਕਈ ਡੇਰੇਦਾਰਾਂ ਦੇ ਪੈਰੋਕਾਰ ਇਹ ਆਖਣਗੇ ਕਿ ਉਹ ਸਾਡੇ ਕੋਲੋਂ ਮੰਗਦੇ ਥੋੜ੍ਹਾ ਹਨ, ਅਸੀਂ ਆਪ ਆਪਣੀ ਸ਼ਰਧਾ ਨਾਲ ਭੇਟਾ ਦੇਂਦੇ ਹਾਂ। ਗੁਰਬਾਣੀ ਵਿੱਚ ਉਹ ਹਰ ਕਮਾਈ ਜੋ ਹੱਕ ਸੱਚ ਦੀ, ਮਿਹਨਤ ਦੀ ਕਮਾਈ ਨਹੀਂ, ਉਸ ਨੂੰ ਭੀਖ ਜਾਂ ਦਾਨ ਆਖਿਆ ਗਿਆ ਹੈ। ਬਾਬਰ ਜਦੋਂ ਭਾਰਤ ਤੇ ਹਮਲਾਵਾਰ ਹੋਇਆ, ਉਸ ਨੇ ਲੋਕਾਂ ਦੀ ਕਤਲੋਗਾਰਤ ਕਰ ਕੇ, ਜ਼ੁਲਮ ਢਾਅ ਕੇ ਉਨ੍ਹਾਂ ਦਾ ਮਾਲ ਅਸਬਾਬ ਲੁਟਿਆ, ਗੁਰੁ ਨਾਨਕ ਸਾਹਿਬ ਨੇ ਉਸ ਲੁੱਟ ਨੂੰ ਵੀ ਦਾਨ ਦਾ ਨਾਂਅ ਹੀ ਦਿੱਤਾ ਹੈ:
“ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ।।
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ।। “ {ਤਿਲੰਗ ਮਹਲਾ ੧, ਪੰਨਾ ੭੨੨}
(ਬਾਬਰ) ਕਾਬਲ ਤੋਂ (ਫ਼ੌਜ ਜੋ, ਮਾਨੋ) ਪਾਪ-ਜ਼ੁਲਮ ਦੀ ਜੰਞ (ਹੈ) ਇਕੱਠੀ ਕਰ ਕੇ ਆ ਚੜ੍ਹਿਆ ਹੈ, ਅਤੇ ਜ਼ੋਰ-ਧੱਕੇ ਨਾਲ ਦਾਨ ਮੰਗ ਰਿਹਾ ਹੈ। (ਸੈਦਪੁਰ ਵਿਚੋਂ) ਹਯਾ ਤੇ ਧਰਮ ਦੋਵੇਂ ਲੋਪ ਹੋ ਚੁਕੇ ਹਨ, ਝੂਠ ਹੀ ਝੂਠ ਚੌਧਰੀ ਬਣਿਆ ਫਿਰਦਾ ਹੈ।
ਸਤਿਗੁਰੂ ਐਸੇ ਧਾਰਮਿਕ ਭੇਖ ਬਣਾ ਕੇ, ਥਾਂ-ਥਾਂ ਭਟਕਣ ਵਾਲੇ ਅਖੋਤੀ ਸਾਧਾਂ ਨੂੰ ਸਮਝਾਂਦੇ ਹਨ ਕਿ ਇਹ ਭਟਕਣਾ ਛੱਡ ਕੇ ਇੱਕ ਅਕਾਲ-ਪੁਰਖ ਦੇ ਚਰਨਾਂ ਨਾਲ ਮਨ ਜੋੜੋ, ਇੰਝ ਇਨਸਾਨਾਂ ਤੇ ਨਿਰਭਰਤਾ ਮੁੱਕ ਜਾਏਗੀ ਅਤੇ ਤੈਨੂੰ ਘਰ-ਘਰ ਮੰਗਣ ਦੀ ਸ਼ਰਮ ਨਹੀਂ ਉਠਾਉਣੀ ਪਵੇਗੀ। ਗੁਰਬਾਣੀ ਦਾ ਫੁਰਮਾਨ ਹੈ:
“ਜੋਗੀ ਬੈਸਿ ਰਹਹੁ ਦੁਬਿਧਾ ਦੁਖੁ ਭਾਗੈ।। ਘਰਿ ਘਰਿ ਮਾਗਤ ਲਾਜ ਨ ਲਾਗੈ।। “ {ਰਾਮਕਲੀ ਮਹਲਾ ੧, ਪੰਨਾ ੯੦੩}
ਹੇ ਜੋਗੀ ! ਆਪਣੇ ਮਨ ਨੂੰ ਪ੍ਰਭੂ-ਚਰਨਾਂ ਵਿੱਚ ਜੋੜ (ਇਸ ਤਰ੍ਹਾਂ) ਹੋਰ ਹੋਰ ਆਸਰਾ ਭਾਲਣ ਦੀ ਝਾਕ ਦਾ ਦੁੱਖ ਦੂਰ ਹੋ ਜਾਇਗਾ। ਘਰ ਘਰ (ਮੰਗਣ ਦੀ) ਸ਼ਰਮ ਭੀ ਨਾਹ ਉਠਾਣੀ ਪਏਗੀ।
ਇਥੇ ਭਾਈ ਮੰਝ ਦੀ ਸਾਖੀ ਵਿੱਚੋਂ ਇੱਕ ਪ੍ਰਮਾਣ ਸਾਂਝਾ ਕਰਨਾ ਬੜਾ ਯੋਗ ਹੋਵੇਗਾ। ਭਾਈ ਮੰਝ ਜਿਨ੍ਹਾਂ ਦਾ ਅਸਲ ਨਾਂ ਭਾਈ ਤਿਲਕਾ ਸੀ, ਉਤੇ ਗੁਰੂ ਅਰਜਨ ਸਾਹਿਬ ਦੇ ਪਾਵਨ ਬੋਲਾਂ ਦਾ ਇਤਨਾ ਪ੍ਰਭਾਵ ਹੋਇਆ ਕਿ ਸਰਵਰੀਏ ਤੋਂ ਗੁਰੂ ਪਾਤਿਸ਼ਾਹ ਦੇ ਸਿੱਖ ਬਣ ਗਏ। ਐਸਾ ਰੰਗ ਚੜਿਆ ਕਿ ਘਰ ਬਾਰ ਛੱਡ ਕੇ ਗੁਰੂ ਘਰ ਦੇ ਹੀ ਹੋ ਕੇ ਰਹਿ ਗਏ। ਰੋਜ਼ ਸਵੇਰੇ ਮੂੰਹ ਹਨੇਰੇ ਨਿਕਲ ਜਾਣਾ ਤੇ ਜੰਗਲ `ਚੋਂ ਜਾਕੇ ਗੁਰੂ ਘਰ ਦੇ ਲੰਗਰ ਵਾਸਤੇ ਲੱਕੜਾਂ ਕੱਟ ਕੇ ਲਿਆਉਣੀਆਂ। ਫਿਰ ਸਾਰੀ ਦਿਹਾੜੀ ਵੀ ਸੇਵਾ ਵਿੱਚ ਲਗੇ ਰਹਿਣਾ। ਇੱਕ ਦਿਨ ਇੱਕ ਸਿੱਖ ਨੇ ਸਤਿਗੁਰੂ ਅੱਗੇ ਭਾਈ ਮੰਝ ਦੀ ਤਾਰੀਫ ਕੀਤੀ ਕਿ ਭਾਈ ਮੰਝ ਬਹੁਤ ਸੇਵਾ ਕਰਦੇ ਹਨ। ਸਤਿਗੁਰੂ ਮੁਸਕਰਾ ਪਏ ਅਤੇ ਫੁਰਮਾਇਆ ਕਿ ਭਾਈ ਇਹ ਕਿਹੋ ਜਿਹੀ ਸੇਵਾ ਹੋਈ? ਸੇਵਾ ਕੀਤੀ ਤੇ ਉਸ ਬਦਲੇ ਗੁਰੂ ਘਰ `ਚੋਂ ਲੰਗਰ ਛੱਕ ਲਿਆ। ਜਦੋਂ ਗੱਲ ਭਾਈ ਮੰਝ ਕੋਲ ਪਹੁੰਚੀ ਤਾਂ ਭਾਈ ਮੰਝ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਕਿਰਤ ਤਿਆਗ ਕੇ ਕੀਤੀ ਸੇਵਾ ਤਾਂ ਗੁਰੂ ਘਰ ਵਿੱਚ ਪ੍ਰਵਾਨ ਨਹੀਂ ਹੈ। ਅਗਲੇ ਦਿਨ ਤੋਂ ਲਕੜਾਂ ਦੀਆਂ ਦੋ ਪੰਡਾਂ ਵੱਢ ਕੇ ਲਿਆਉਣੀਆਂ, ਇੱਕ ਗੁਰੂ ਕੇ ਲੰਗਰਾਂ ਵਾਸਤੇ ਅਤੇ ਦੂਸਰੀ ਮੰਡੀ ਵਿੱਚ ਵੇਚ ਕੇ ਆਪਣੇ ਜੀਵਨ ਨਿਰਬਾਹ ਦਾ ਸਾਧਨ ਬਨਾਉਣਾ।
ਕਈ ਅੰਧਵਿਸ਼ਵਾਸੀ ਸੱਜਣ ਇਹ ਕਹਿਣਗੇ ਕਿ ਜੀ ਇਹ ਅਖੌਤੀ ਮਹਾਪੁਰਖ ਸੰਗਤ ਦਾ ਦਿੱਤਾ ਪੈਸਾ ਆਪਣੇ ਤੇ ਥੋੜ੍ਹਾ ਖਰਚਦੇ ਹਨ, ਉਹ ਤਾਂ ਮਨੁੱਖਤਾ ਦੀ ਭਲਾਈ ਲਈ ਸਮਾਜਿਕ ਕਾਰਜਾਂ ਤੇ ਖਰਚ ਕਰਦੇ ਹਨ। ਪਹਿਲੀ ਗੱਲ ਤਾਂ ਇਹ ਕਿ ਜਿਹੜਾ ਆਪਣੇ ਤੇ ਖਰਚਦੇ ਹਨ, ਉਹ ਕਿਹੜਾ ਇਨ੍ਹਾਂ ਫੈਕਟਰੀਆਂ ਲਾਈਆਂ ਹੋਈਆਂ ਹਨ ਜਾਂ ਕਾਰੋਬਾਰ ਸਥਾਪਤ ਕੀਤੇ ਹੋਏ ਹਨ, ਜਿਥੋਂ ਕਮਾਈ ਆਉਂਦੀ ਹੈ? ਕਈ ਕਈ ਮਹਿੰਗੀਆਂ ਗੱਡੀਆਂ, ਦਰਜਨਾਂ ਸੇਵਕਾਂ ਦਾ ਖਰਚਾ ਅਤੇ ਹੋਰ ਐਸ਼ੋ-ਇਸ਼ਰਤ ਦਾ ਸਭ ਸਮਾਨ ਸੰਗਤ ਵਲੋਂ ਜਾਂ ਸੰਗਤ ਦੇ ਪੈਸੇ ਨਾਲ ਹੀ ਆਉਂਦਾ ਹੈ।
ਦੂਸਰਾ ਇਨ੍ਹਾਂ ਵਲੋਂ ਜੇ ਕੋਈ ਸਮਾਜਿਕ ਭਲਾਈ ਦੇ ਕੰਮ ਕਰਨ ਦਾ ਵਿਖਾਵਾ ਕੀਤਾ ਵੀ ਜਾਂਦਾ ਹੈ ਤਾਂ ਉਨ੍ਹਾਂ ਵਿੱਚ ਇਨ੍ਹਾਂ ਦੀ ਕਿਰਤ ਕਮਾਈ ਦਾ ਤਾਂ ਇੱਕ ਪੈਸਾ ਵੀ ਨਹੀਂ ਹੁੰਦਾ, ਸਗੋਂ ਸਭ ਕੁੱਝ ਲੋਕਾਂ ਕੋਲੋਂ ਠੱਗਿਆ ਹੋਇਆ ਹੀ ਹੁੰਦਾ ਹੈ, ਜਿਸ ਵਿਚੋਂ ਕੁੱਝ ਖਰਚ ਕਰਕੇ ਇਹ ਆਪਣੀ ਮਹਾਨਤਾ ਦਾ ਵਿਖਾਵਾ ਕਰ ਦੇਂਦੇ ਹਨ ਅਤੇ ਭੋਲੇ-ਭਾਲੇ ਲੋਕ ਇਨ੍ਹਾਂ ਨੂੰ ਹੋਰ ਮਾਇਆ ਨਾਲ ਲੱਦ ਦੇਂਦੇ ਹਨ ਕਿ ਬਾਬਾ ਜੀ ਬਹੁਤ ਸੇਵਾ ਅਤੇ ਪੁੰਨ-ਦਾਨ ਦੇ ਕਾਰਜ ਕਰਦੇ ਹਨ। ਬਲਕਿ ਇਹ ਤਾਂ ਮੌਕਾ ਲਭਦੇ ਹਨ ਕਿ ਕੋਈ ਐਸਾ ਮੌਕਾ ਮਿਲੇ ਤੇ ਇਹ ਸੇਵਾ ਦਾ ਵਿਖਾਵਾ ਕਰਕੇ ਲੋਕਾਂ ਨੂੰ ਭਰਮਾ ਸਕਣ ਅਤੇ ਹਜ਼ਾਰਾਂ ਖਰਚ ਕੇ ਲੱਖਾਂ ਇਕੱਠੇ ਕਰ ਸਕਣ। ਨਾਲੇ ਪੁੰਨ ਨਾਲੇ ਫਲੀਆਂ। ਇੱਕ ਤਾਂ ਇਸ ਬਹਾਨੇ ਮਾਇਆ ਹੋਰ ਇਕਤ੍ਰ ਹੋ ਗਈ, ਨਾਲੇ ਸ਼ੋਹਰਤ ਹੋਰ ਵੱਧ ਗਈ, ਨਾਲੇ ਸਿੱਖੀ ਸੇਵਕੀ ਵਿੱਚ ਹੋਰ ਵਾਧਾ ਹੋ ਗਿਆ।
ਇਨ੍ਹਾਂ ਵਲੋਂ ਸੰਗਤ ਦਾ ਠੱਗਿਆ ਪੈਸਾ ਕਿਨੇ ਮਹਾਨ ਕਾਰਜਾਂ ਤੇ ਖਰਚਿਆ ਜਾਂਦਾ ਹੈ, ਉਸ ਦੇ ਕੁੱਝ ਨਜ਼ਾਰੇ ਮੈਂ ਹੇਠਾਂ ਸਾਂਝੇ ਕਰ ਰਿਹਾ ਹਾਂ:
ਇਕ ਅਖੋਤੀ ਸੰਤ ਦਇਆ ਸਿੰਘ ਸੁਰਸਿੰਘ ਵਾਲੇ ਵਲੋਂ ਸੰਨ ੨੦੦੦ ਵਿੱਚ ਆਪਣੇ ਪੁੱਤਰ ਦਾ ਵਿਆਹ ਕੀਤਾ ਗਿਆ, ਜਿਸ ਉਤੇ ਉਸ ਵੇਲੇ ਚੌਦਾਂਹ ਕਰੋੜ ਰੁਪਏ ਖਰਚੇ ਗਏ। ਲਾੜਾ ਹੈਲੀਕਾਪਟਰ ਤੇ ਆਇਆ ਅਤੇ ਉਸ ਨੇ ਹਾਥੀ ਦੀ ਸਵਾਰੀ ਵੀ ਕੀਤੀ। ਵਿਆਹ ਵਾਸਤੇ ਤੰਬੂ ਕਨਾਤਾਂ ਲਾਉਣ ਲਈ ਪੰਜਾਹ ਕਿਲੇ ਜ਼ਮੀਨ ਵਿਚੋਂ ਬੀਜੀ ਹੋਈ ਕਣਕ ਆਦਿ ਕਟਵਾ ਦਿੱਤੀ ਗਈ। ਇਸ ਵਿਆਹ ਦੀ ਠਾਠ-ਬਾਠ ਦੇ ਚਰਚੇ ਬਹੁਤੀਆਂ ਪੰਜਾਬੀ ਅਖਬਾਰਾਂ ਵਿੱਚ ਹੋਏ। ਇਸ ਗੱਲ ਨੂੰ ਭਾਵੇਂ ਅਜੇ ਸਿਰਫ ਸਤਾਰ੍ਹਾਂ ਸਾਲ ਹੀ ਹੋਏ ਹਨ ਪਰ ਜਿਵੇਂ ਪਿਛਲੇ ਕੁੱਝ ਸਾਲਾਂ ਵਿੱਚ ਪੈਸੇ ਦੀ ਕੀਮਤ ਘੱਟੀ ਹੈ, ਅੱਜ ਇਸ ਨੂੰ ਸਹਿਜੇ ਹੀ ਅਜ ਦੇ ਸੌ ਕਰੋੜ ਦੇ ਬਰਾਬਰ ਕਿਹਾ ਜਾ ਸਕਦਾ ਹੈ।
ਇਕ ਹੋਰ ਡੇਰੇਦਾਰ ਜੋਗਾ ਸਿੰਘ ਬਧਨੀ ਵਾਲੇ ਦੇ ਲੜਕੇ ਦੇ ਵਿਆਹ ਦੀ ਬਰਾਤ ਵਿੱਚ ੬੫੦ ਗੱਡੀਆਂ ਸ਼ਾਮਲ ਹੋਈਆਂ। ਉਸ ਦੀ ਨੂੰਹ ਬਿਊਟੀ ਪਾਰਲਰ (ਨਾਈ ਦਾ ਦੁਕਾਨ ਦਾ ਬਦਲਿਆ ਹੋਇਆ ਨਾਂਅ ਅਤੇ ਰੂਪ) ਤੋਂ ਤਿਆਰ ਹੋ ਕੇ ਆਈ ਅਤੇ ਉਸ ਨੇ ਪਚਵੰਜਾ ਹਜ਼ਾਰ ਰੁਪਏ ਦਾ ਸੂਟ ਪਹਿਨਿਆ। ਜੋਰਾ ਸਿੰਘ ਦਾ ਪੁੱਤਰ ਵੀ ਬਿਊਟੀ ਪਾਰਲਰ ਤੋਂ ਤਿਆਰ ਹੋਕੇ ਆਇਆ ਅਤੇ ਉਸ ਨੇ ਜੋ ਸੂਟ ਪਹਿਨਿਆ ਉਸ ਦੀ ਕੀਮਤ ਪੈਂਤੀ ਹਜ਼ਾਰ ਰੁਪਏ ਸੀ। ਇਸ ਬਰਾਤ ਵਿੱਚ ੩੫੦੦ ਬਰਾਤੀ ਸ਼ਾਮਲ ਹੋਏ। ਇਸ ਵਿਆਹ ਤੇ ਵੀ ਪੰਦ੍ਰਾਹ ਕਰੋੜ ਰੁਪਏ ਤੋਂ ਵਧੇਰੇ ਖਰਚੇ ਦਸੇ ਜਾਂਦੇ ਹਨ। ਇਸ ਦੀ ਪੂਰੀ ਰਿਪੋਰਟ ੨੫ ਸਤੰਬਰ ੨੦੦੯ ਦੇ ਸਪੋਕਸਮੈਨ ਅਖਬਾਰ ਵਿੱਚ ਛਪੀ। ਦੁਨੀਆਂ ਨੂੰ ਸਾਦਗੀ ਦਾ ਉਪਦੇਸ਼ ਦੇਣ ਵਾਲਿਆਂ ਦੀ ਆਪਣੀ ਅਸਲੀਅਤ ਇਹ ਹੈ।

ਅੱਠ ਨੌ ਸਾਲ ਪਹਿਲੇ, ਇੱਕ ਗੁਰਮਤਿ ਕੈਂਪ ਦੇ ਸਿਲਸਿਲੇ ਵਿੱਚ ਦਾਸ ਨੂੰ ਸੇਵਾ ਨਿਭਾਉਣ ਲਈ ਕੱਟਕ (ਉੜੀਸਾ) ਜਾਣਾ ਪਿਆ। ਉਥੇ ਇੱਕ ਗੁਰਦੁਆਰਾ ਹੈ ‘ਦਾਤਨ ਸਾਹਿਬ`, ਜਿਥੇ ਗੁਰੂ ਨਾਨਕ ਪਾਤਿਸ਼ਾਹ ਨੇ ਚਰਨ ਪਾਏ ਦਸਿਆ ਜਾਂਦਾ ਹੈ। ਉਥੇ ਕੁੱਝ ਐਸੇ ਹੀ ਚੋਲਿਆਂ ਵਾਲੇ ਬਾਬੇ ਆਏ ਹੋਏ ਸਨ। ਮੈਂ ਉਥੇ ਦੇ ਪ੍ਰਬੰਧਕਾਂ ਨੂੰ ਪੁੱਛਿਆ ਕਿ ਕੀ ਇਨ੍ਹਾਂ ਦਾ ਇਥੇ ਕੋਈ ਪ੍ਰਚਾਰ ਦਾ ਪ੍ਰੋਗਰਾਮ ਚੱਲ ਰਿਹਾ ਹੈ? ਉਹ ਦਸਣ ਲੱਗੇ ਕਿ ਨਹੀਂ ਇਹ ਕੁੱਝ ਸਾਲ ਪਹਿਲਾਂ ਵੀ ਇਥੇ ਆਏ ਸਨ ਅਤੇ ਪੰਜ ਸੌ ਏਕੜ ਜ਼ਮੀਨ ਖਰੀਦ ਕੇ ਗਏ ਸਨ, ਹੁਣ ਫੇਰ ਇਹ ੫੦੦ ਏਕੜ ਜ਼ਮੀਨ ਹੋਰ ਖਰੀਦਣ ਆਏ ਹਨ। ਮੈਂ ਹੈਰਾਨ ਰਹਿ ਗਿਆ ਕਿ ਕਿਤਨਾ ਵਧੀਆ ਤਰੀਕਾ ਹੈ, ਲੁੱਟੋ ਪੰਜਾਬ ਵਿੱਚ ਸਿੱਖਾਂ ਨੂੰ ਅਤੇ ਜਾਇਦਾਦਾਂ ਬਾਹਰ ਦੂਰ ਸਥਾਨਾਂ ਤੇ ਬਣਾਓ, ਕਿਸੇ ਨੂੰ ਪਤਾ ਹੀ ਨਾ ਲੱਗੇ ਕਿ ਮਹਾਂਠੱਗਾਂ ਨੇ ਸੰਗਤ ਨੂੰ ਕਿਤਨਾ ਠੱਗਿਆ ਹੈ।
ਇਹ ਤਾਂ ਐਵੇਂ ਛਿਨ ਮਾਤਰ ਪ੍ਰਮਾਣ ਹਨ, ਅਸਲ ਸਚਾਈ ਸਾਰੇ ਡੇਰਿਆਂ ਅਤੇ ਡੇਰੇਦਾਰਾਂ ਦੀ ਇਹੀ ਹੈ। ਸਿੱਖੀ ਹੈ ਗਰੀਬੀ ਦੀ, ਨਿਮ੍ਰਤਾ ਦੀ। ਗੁਰੂ ਅਰਜਨ ਸਾਹਿਬ ਦਾ ਪਾਵਨ ਫੁਰਮਾਨ ਹੈ:
“ਗਰੀਬੀ ਗਦਾ ਹਮਾਰੀ।। ਖੰਨਾ ਸਗਲ ਰੇਨੁ ਛਾਰੀ।। “ {ਸੋਰਠਿ ਮਹਲਾ ੫, ਪੰਨਾ ੬੨੮}
ਹੇ ਭਾਈ ! ਨਿਮ੍ਰਤਾ-ਸੁਭਾਉ ਸਾਡੇ ਪਾਸ ਗੁਰਜ ਹੈ, ਸਭ ਦੀ ਚਰਨ-ਧੂੜ ਬਣੇ ਰਹਿਣਾ ਸਾਡੇ ਪਾਸ ਖੰਡਾ ਹੈ।
ਗੁਰੂ ਨਾਨਕ ਪਾਤਿਸ਼ਾਹ ਦੀ ਸਭ ਤੋਂ ਵੱਡੀ ਦੌਲਤ ਉਨ੍ਹਾਂ ਦੀ ਗਰੀਬੀ ਸੀ, ਉਹ ਅਕਾਲ ਪੁਰਖ ਕੋਲੋਂ ਨਿਮ੍ਰਤਾ ਦੀ ਇਹ ਅਮੋਲਕ ਦੌਲਤ ਲੈ ਕੇ ਆਏ ਸਨ। ਭਾਈ ਗੁਰਦਾਸ ਜੀ ਲਿਖਦੇ ਹਨ:
‘ਬਾਬਾ ਪੈਧਾ ਸਚ ਖੰਡ ਨਉ ਨਿਧਿ ਨਾਮ ਗਰੀਬੀ ਪਾਈ।। ` (੧-੨੪-੪)
ਸਿੱਖ ਨੂੰ ਇਹ ਨਿਮ੍ਰਤਾ ਦਾ ਅਮੋਲਕ ਗੁਣ ਆਪਣੇ ਸਤਿਗੁਰੂ ਕੋਲੋਂ ਵਿਰਾਸਤ ਵਿੱਚ ਮਿਲਿਆ ਹੈ। ਭਾਈ ਗੁਰਦਾਸ ਜੀ ਸਿੱਖੀ ਦੇ ਅਮੋਲਕ ਗੁਣ ਦਸਦੇ ਹੋਏ ਸਮਝਾਉਂਦੇ ਹਨ ਕਿ ਜਦੋਂ ਸਿੱਖ ਗੁਰੂ ਵੱਲ ਮੂੰਹ ਕਰ ਲੈਂਦਾ ਹੈ, ਭਾਵ ਗੁਰੂ ਦਾ ਉਪਦੇਸ਼ ਜੀਵਨ ਵਿੱਚ ਵਸਾ ਕੇ ਗੁਰਮੁਖ ਬਣ ਜਾਂਦਾ ਹੈ, ਉਸ ਦੇ ਜੀਵਨ ਵਿੱਚ ਗੁਰੂ ਦੇ ਸ਼ਬਦ ਦਾ ਵਾਸਾ ਹੋ ਜਾਂਦਾ ਹੈ ਅਤੇ ਉਹ ਸੱਚ ਨਾਲ ਜੁੜ ਜਾਂਦਾ ਹੈ ਤਾਂ ਉਸ ਦੀ ਸਾਰੀ ਹਉਮੈ ਖਤਮ ਹੋ ਜਾਂਦੀ ਹੈ ਅਤੇ ਜੀਵਨ ਵਿੱਚ ਗਰੀਬੀ ਭਾਵ ਨਿਮ੍ਰਤਾ ਆ ਜਾਂਦੀ ਹੈ:
‘ਗੁਰਮੁਖਿ ਸਚੁ ਗਿਰਾਉ ਸਬਦ ਵਸਾਇਆ।। ਮਿਟਿਆ ਗਰਬੁ ਗੁਆਉ ਗਰੀਬੀ ਛਾਇਆ।। ` (੨੨-੧੦-੫, ੬)
ਭਾਈ ਗੁਰਦਾਸ ਜੀ ਤਾਂ ਐਸੇ ਗੁਰਸਿੱਖ ਤੋਂ ਬਲਿਹਾਰ ਜਾਂਦੇ ਹਨ, ਜਿਸ ਦੇ ਜੀਵਨ ਵਿੱਚ ਗੁਰੂ ਦੀ ਮਤਿ ਆਉਣ ਨਾਲ, ਉਸ ਦੇ ਜੀਵਨ ਵਿੱਚ ਨਿਮ੍ਰਤਾ ਆ ਗਈ ਹੈ:
“ਹਉਂ ਤਿਸ ਘੋਲ ਘੁਮਾਇਆ ਗੁਰਮਤਿ ਰਿਦੇ ਗਰੀਬੀ ਆਵੈ।। “ (੧੨-੪-੧)
ਇਨ੍ਹਾਂ ਅਖੌਤੀ ਸਾਧਾਂ ਕੋਲ ਤਾਂ ਸਿਵਾਏ ਵੱਡੇ ਵੱਡੇ ਵਿਖਾਵਿਆਂ ਦੇ ਹੋਰ ਹੈ ਕੁੱਝ ਨਹੀਂ। ਭਾਵੇਂ ਚੋਲੇ ਚਿੱਟੇ, ਗੋਲ ਪੱਗਾਂ ਅਤੇ ਨੰਗੀਆਂ ਲੱਤਾਂ ਨਾਲ ਆਪਣੀ ਸਾਦਗੀ ਦਾ ਵਿਖਾਵਾ ਕਰਦੇ ਹਨ ਪਰ ਨਾਲ ਲੱਖਾਂ ਰੁਪਿਆਂ ਬਲਕਿ ਕਈਆਂ ਕੋਲ ਤਾਂ ਕਰੋੜ ਤੋਂ ਵਧੇਰੇ ਦੀਆਂ ਗੱਡੀਆਂ ਹਨ। ਅੱਗੇ ਪਿੱਛੇ ਵਧੀਆ ਅਤੇ ਅਤਿ ਉੱਚ ਤਕਨੀਕ ਦੇ ਹਥਿਆਰਾਂ ਨਾਲ ਲੈਸ ਅੰਗ-ਰਖਿਅਕ, ਡੇਰਿਆਂ ਦੇ ਨਾਂਅ ਤੇ ਆਲੀਸ਼ਾਨ ਮਹਿਲ, ਗੱਡਵਈਆਂ ਦੇ ਨਾਂਅ ਤੇ ਸੇਵਾਦਾਰਾਂ ਦੀ ਫੌਜ ਅਤੇ ਮੌਜੂਦਾ ਸਮੇਂ ਦੀ ਐਸ਼ੋ-ਇਸ਼ਰਤ ਦੀ ਹਰ ਵਸਤੂ ਅਤੇ ਸਹੂਲਤ। ਜੇ ਗੁਰੂ ਨਾਨਕ ਸਾਹਿਬ ਕੋਲ ਵੀ ਐਸਾ ਵਿਖਾਵਾ ਹੁੰਦਾ ਤਾਂ ਭਾਈ ਲਹਿਣਾ ਜੀ ਨੂੰ ਪੁੱਛਣ ਦੀ ਲੋੜ ਨਹੀਂ ਸੀ ਪੈਣੀ, ਉਨ੍ਹਾਂ ਦੂਰੋਂ ਹੀ ਪਹਿਚਾਣ ਜਾਣਾ ਸੀ ਕਿ ਇਹ ਗੁਰੂ ਨਾਨਕ ਹਨ। ਇਨ੍ਹਾਂ ਵਿਚੋਂ ਬਹੁਤ ਐਸੇ ਹਨ ਜੋ ਪੈਸੇ ਨੂੰ ਹੱਥ ਨਾ ਲਾਉਣ ਦਾ ਵੱਡਾ ਪਾਖੰਡ ਅਤੇ ਵਿਖਾਵਾ ਕਰਦੇ ਹਨ। ਇਹ ਗੱਲ ਅੱਜ ਤੱਕ ਨਹੀਂ ਸਮਝ ਆਈ ਕਿ ਫੇਰ ਇਤਨੇ ਵੱਡੇ ਵੱਡੇ ਡੇਰੇ ਅਤੇ ਗੱਡੀਆਂ ਦਾ ਕਾਫਲਾ ਕਾਹਦੇ ਨਾਲ ਤਿਆਰ ਹੁੰਦਾ ਹੈ? ਰੋਜ਼ ਦਿਹਾੜੀ ਇਨ੍ਹਾਂ ਗੱਡੀਆਂ ਵਾਸਤੇ ਹਜ਼ਾਰਾਂ ਦਾ ਪੈਟ੍ਰੋਲ ਕਿਥੋਂ ਆਉਂਦਾ ਹੈ?
ਨਿਮ੍ਰਤਾ ਇਤਨੀ ਹੈ ਕਿ ਆਪੇ ਆਪਣੇ ਆਪ ਨੂੰ ਸੰਤ, ਮਹੰਤ, ੧੦੮, ੧੦੦੮ ਅਤੇ ਮਹਾਪੁਰਖ ਵਰਗੀਆਂ ਡਿਗਰੀਆਂ ਨਾਲ ਸੁਸ਼ੋਭਤ ਕਰ ਲੈਂਦੇ ਹਨ। ਜੇ ਕਿਤੇ ਕੋਈ ਜਾਣੇ-ਅਨਜਾਣੇ ਇਨ੍ਹਾਂ ਦੀਆਂ ਡਿਗਰੀਆਂ ਬਗੈਰ ਇਨ੍ਹਾਂ ਦਾ ਨਾਂਅ ਛਾਪ ਦੇਵੇ ਜਾਂ ਲੈ ਲਵੇ ਤਾਂ ਜੋ ਗੁੱਸੇ ਦੀ ਅੱਗ ਇਨ੍ਹਾਂ ਅੰਦਰ ਭਬਕਦੀ ਹੈ, ਉਹ ਵੇਖਣ ਵਾਲੀ ਹੁੰਦੀ ਹੈ। ਮੇਰੇ ਅੱਖੀਂ ਵੇਖਣ ਦੀ ਗੱਲ ਹੈ ਕਿ ਚੰਡੀਗੜ੍ਹ ਦੇ ੩੪ ਸੈਕਟਰ ਦੇ ਗੁਰਦੁਆਰੇ ਵਿੱਚ ਇੱਕ ਵੱਡੇ ਸਮਾਗਮ ਮੌਕੇ, ਇੱਕ ਮਸ਼ਹੂਰ ਕੀਰਤਨੀਆ ਜੋ ਆਪਣੇ ਨਾਂਅ ਨਾਲ ਇਹੀ ਸੰਤ ਦਾ ਲਕਬ ਜੋੜਦਾ ਹੈ, ਨੂੰ ਸਟੇਜ ਸਕੱਤਰ ਨੇ ਸਟੇਜ ਤੇ ਸੰਤ ਜੀ ਦੀ ਬਜਾਏ ਭਾਈ ਸਾਹਿਬ ਕਹਿ ਦਿੱਤਾ। ਬਾਹਰ ਨਿਕਲਦੇ ਹੀ ਉਸ ਅਖੌਤੀ ਸੰਤ ਨੇ ਉਸ ਸਟੇਜ ਸਕੱਤਰ ਤੇ ਜਿਥੇ ਆਪਣੇ ਗੁੱਸੇ ਦਾ ਭਰਪੂਰ ਉਬਾਲ ਕੱਢਿਆ ਉਥੇ ਇਹ ਵੀ ਧਮਕੀ ਦੇ ਦਿੱਤੀ ਕਿ ਉਸ ਨੇ ਅੱਗੋਂ ਉਨ੍ਹਾਂ ਦੇ ਗੁਰਦੁਆਰੇ ਕਿਸੇ ਪ੍ਰੋਗਰਾਮ ਵਾਸਤੇ ਆਉਣਾ ਨਹੀਂ। ਖੈਰ ਸਟੇਜ ਸਕੱਤਰ ਵੀ ਤਕੜਾ ਸੀ, ਉਸ ਨੇ ਵੀ ਮੂੰਹ ਤੇ ਮਾਰੀ ਕਿ ਭਾਈ ਸਾਹਿਬ ਜੇ ਤੁਹਾਡੇ ਅੰਦਰ ਇਤਨੀ ਹਉਮੈ ਹੈ ਤਾਂ ਅਸੀਂ ਤੁਹਾਨੂੰ ਅੱਗੋਂ ਬੁਲਾਉਣਾ ਹੀ ਨਹੀਂ।
ਇਹ ਸਾਰੇ ਆਪਣੇ ਆਪ ਨੂੰ ਬ੍ਰਹਮਗਿਆਨੀ, ਬਲਕਿ ਕਈ ਤਾਂ ਪੂਰਨ ਬ੍ਰਹਮਗਿਆਨੀ ਸਦਾਉਂਦੇ ਹਨ। (ਪਤਾ ਨਹੀਂ ਇਹ ਪੂਰਨ ਅਤੇ ਅਪੂਰਨ ਦਾ ਕੀ ਭੇਦ ਹੈ?) ਗੁਰੂ ਗ੍ਰੰਥ ਸਾਹਿਬ ਪਾਤਿਸ਼ਾਹ ਦੀ ਬਾਣੀ ਬ੍ਰਹਮਗਿਆਨੀ ਦੇ ਗੁਣ ਦਸਦੀ ਹੋਈ ਫੁਰਮਾਉਂਦੀ ਹੈ:
“ਬ੍ਰਹਮਗਿਆਨੀ ਕੈ ਗਰੀਬੀ ਸਮਾਹਾ।। ਬ੍ਰਹਮਗਿਆਨੀ ਪਰਉਪਕਾਰ ਉਮਾਹਾ।। “ {ਗਉੜੀ ਸੁਖਮਨੀ ਮਃ ੫, ਪੰਨਾ ੨੭੩}
ਬ੍ਰਹਮਗਿਆਨੀ ਦੇ ਹਿਰਦੇ ਵਿੱਚ ਗਰੀਬੀ ਟਿਕੀ ਰਹਿੰਦੀ ਹੈ, ਅਤੇ ਉਸ ਨੂੰ ਦੂਜਿਆਂ ਦੀ ਭਲਾਈ ਕਰਨ ਦਾ (ਸਦਾ) ਚਾਉ (ਚੜ੍ਹਿਆ ਰਹਿੰਦਾ) ਹੈ।
ਇਨ੍ਹਾਂ ਅੰਦਰ ਇਤਨੀ ਗਰੀਬੀ ਹੈ ਕਿ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਆਸਣ ਲਾ ਕੇ ਬੈਠਣ ਅਤੇ ਸਤਿਗੁਰੂ ਦੀ ਹਜ਼ੂਰੀ ਵਿੱਚ ਆਪਣੇ ਪੈਰਾਂ ਤੇ ਮੱਥਾ ਟਿਕਾਉਣ ਵਿੱਚ ਵੀ ਇਨ੍ਹਾਂ ਨੂੰ ਸ਼ਰਮ ਨਹੀਂ ਆਉਂਦੀ।
ਸੱਚਾਈ ਇਹ ਹੈ ਕਿ ਅੱਜ ਗੁਰੂ ਨਾਨਕ ਪਾਤਿਸ਼ਾਹ ਦੀ ਸਿੱਖੀ ਦੇ ਪ੍ਰਚਾਰ ਦੇ ਨਾਂਅ ਤੇ ਪਖੰਡੀ ਵਿਹਲੜਾਂ ਦੀ ਫੌਜ ਤਿਆਰ ਹੋ ਗਈ ਹੈ। ਦੁੱਖ ਦੀ ਗੱਲ ਇਹ ਹੈ ਕਿ ਅਸੀਂ ਕਦੇ ਗਹਿਰਾਈ ਵਿੱਚ ਸੋਚਦੇ ਹੀ ਨਹੀਂ। ਹਰ ਚੀਜ਼ ਅਤੇ ਕਰਮ ਨੂੰ ਉਸ ਦੇ ਨਤੀਜਿਆਂ ਅਤੇ ਪ੍ਰਾਪਤੀਆਂ ਤੋਂ ਪਰਖਣਾ ਚਾਹੀਦਾ ਹੈ। ਜਿੰਨੇ ਇਹ ਚਿੱਟੇ ਚੋਲਿਆਂ ਅਤੇ ਗੋਲ ਪੱਗਾਂ ਵਾਲੇ ਵਿਹਲੜ ਅੱਜ ਪੰਜਾਬ ਦੀ ਧਰਤੀ ਤੇ ਤੁਰੇ ਫਿਰਦੇ ਹਨ, ਜੇ ਇਹ ਧਰਮੀ ਹੁੰਦੇ, ਧਰਮ ਦਾ ਪ੍ਰਚਾਰ ਕਰ ਰਹੇ ਹੁੰਦੇ, ਤਾਂ ਅੱਜ ਇਥੇ ਨਸ਼ਿਆਂ ਦਾ ਦਰਿਆ ਨਾਂ ਵੱਗ ਰਿਹਾ ਹੁੰਦਾ ਅਤੇ ਨਾ ਹੀ ਪਤਿਤਪੁਣੇ ਦੀ ਹਨੇਰੀ ਝੁੱਲੀ ਹੁੰਦੀ, ਸਗੋਂ ਆਦਰਸ਼ਕ ਗੁਰਸਿੱਖੀ ਜੀਵਨ ਦੀ ਠੰਡੀ ਠੰਡੀ ਪੌਣ ਵੱਗ ਰਹੀ ਹੁੰਦੀ। ਐਸੇ ਵਿਹਲੜਾਂ ਨੂੰ ਸੰਤ ਕਹਿਣਾ ਯਾ ਧਰਮੀਂ ਸਮਝ ਕੇ ਵਿਸ਼ੇਸ਼ ਸਤਿਕਾਰ ਦੇਣਾ ਗੁਰੂ ਨਾਨਕ ਪਾਤਿਸ਼ਾਹ ਦੇ ਅਮੋਲਕ ਸਿਧਾਂਤਾਂ ਦਾ ਨਿਰਾਦਰ ਕਰਨਾ ਹੈ।
(ਦਾਸ ਦੀ ਨਵੀਂ ਕਿਤਾਬ “ਖਾਲਸਾ ਪੰਥ ਬਨਾਮ ਡੇਰਾਵਾਦ” ਸੰਪੂਰਨਤਾ ਦੇ ਨੇੜੇ ਹੈ। ਇਸ ਦਾ ਇੱਕ ਭਾਗ ਹਰ ਹਫਤੇ ਇਸ ਵੈਬ ਸਾਈਟ ਤੇ ਛਾਪਿਆ ਜਾ ਰਿਹਾ ਹੈ। ਸੂਝਵਾਨ ਪਾਠਕਾਂ ਨੂੰ ਇਸ ਬਾਰੇ ਉਸਾਰੂ ਸੁਝਾਅ ਦੇਣ ਦੀ ਬੇਨਤੀ ਕੀਤੀ ਜਾਂਦੀ ਹੈ। ਕਿਤਾਬ ਛਪਣ ਤੋਂ ਪਹਿਲਾਂ ਆਏ ਹਰ ਸੁਝਾਅ ਨੂੰ ਜੀ ਆਇਆ ਆਖਿਆ ਜਾਵੇਗਾ ਅਤੇ ਲੇਖਕ ਸੁਝਾਅ ਭੇਜਣ ਵਾਲਿਆਂ ਦਾ ਧੰਨਵਾਦੀ ਹੋਵੇਗਾ)
ਰਾਜਿੰਦਰ ਸਿੰਘ
(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)
email: [email protected]




.