. |
|
ਸਾਡਾ ਮਿਸ਼ਨ ਕੀ ਹੋਵੇ ?
ਇਕ ਫਿਰਕੇ ਦਾ ਸਤਹੀ ਸੁਧਾਰ ਜਾਂ ਗੁਰਮਤਿ ਇਨਕਲਾਬ ਦੀ ਪੁਨਰ-ਸੁਰਜੀਤੀ
ਗੁਰਮਤਿ ਇਨਕਲਾਬ ਦੇ ਲਾਸਾਣੀ ਸਫਰ ਤੋਂ ਸ਼ੁਰੂ ਹੋ ਕੇ ਇਕ ਸੌੜੇ ਫਿਰਕੇ ਦਾ
ਰੂਪ ਧਾਰਨ ਕਰ ਚੁੱਕੇ ‘ਸਿੱਖ ਸਮਾਜ’ ਵਿਚ ਅਨੇਕਾਂ ਧੜੇ ਪੈਦਾ ਹੋ ਚੁੱਕੇ ਹਨ। ਇਨ੍ਹਾਂ ਧੜਿਆਂ ਨੂੰ
ਮੁੱਖ ਰੂਪ ਵਿਚ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ। ਇਕ ਤਬਕਾ ਸੰਪਰਦਾਈ ਹੈ, ਜੋ ਕਿਸੇ ਵੀ
ਤਰਾਂ ਪ੍ਰਚਲਿਤ ਮਾਨਤਾਵਾਂ ਨੂੰ ਪੁਰਾਤਨ ਮਰਿਯਾਦਾ ਦੇ ਨਾਮ ਦੇ ਕੇ ਅੱਖਾਂ ਮੁੰਦ ਕੇ ਪ੍ਰੌੜਤਾ ਕਰਨ
ਨੂੰ ਸਹੀ ਮੰਨਦਾ ਹੈ। ਦੂਜਾ ਤਬਕਾ ਪ੍ਰਚਲਿਤ ਮਾਨਤਾਵਾਂ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਕੇ
ਸਹੀ/ਗਲਤ ਦਾ ਫੈਸਲਾ ਕਰਨ ਦਾ ਹੋਕਾ ਦਿੰਦਾ ਹੈ। ਇਨ੍ਹਾਂ ਤਬਕਿਆਂ ਵਿਚ ਹਮੇਸ਼ਾਂ ਹੀ ਇੱਟ-ਖੜੱਕਾ
ਲਗਿਆ ਰਹਿੰਦਾ ਹੈ। ਕਈਂ ਵਾਰ ਗੱਲ ਸਮਰਥਕਾਂ ਦੀ ਬਦ-ਜ਼ੁਬਾਨੀ ਅਤੇ ਗਾਲੀਂ-ਗਲੋਚ ਤੋਂ ਅੱਗੇ ਜਾ ਕੇ
ਇਕ ਦੁਜੇ ਦੀਆਂ ਪੱਗਾਂ ਲਾਹੁਣ ਜਾਂ ਜਾਨੀ ਹਮਲਿਆਂ ਤੱਕ ਵੀ ਚਲੀ ਜਾਂਦੀ ਹੈ।
ਪ੍ਰਚਾਰਕ ਪੰਥਪ੍ਰੀਤ ਸਿੰਘ ਜੀ ਤੇ
ਹੋਇਆ ਹਮਲਾ ਇਸ ਦੀ ਤਾਜ਼ਾ ਮਿਸਾਲ ਹੈ।
ਦੋਨਾਂ ਹੀ ਧਿਰਾਂ ਆਪਣੇ ਆਪ ਨੂੰ
ਗੁਰਮਤਿ ਪੱਖੀ ਹੋਣ ਦਾ ਦਾਅਵਾ ਅਤੇ ਦੁਜੇ ਨੂੰ ਆਰ ਐਸ ਐਸ ਦੇ ਏਜੰਟ ਹੋਣ ਦਾ ਇਲਜ਼ਾਮ ਲਾਉਂਦੀਆਂ ਹਨ।
ਸੋਸ਼ਲ ਮੀਡੀਆ ਤੇ ਇਨ੍ਹਾਂ ਦੋਹਾਂ ਧਿਰਾਂ ਦੇ ਸਮਰਥਕਾਂ ਦੀਆਂ ਪੋਸਟਾਂ ਦੀ ਸ਼ਬਦਾਵਲੀ ਦੇਖ ਕੇ ਇਹ
ਸਪਸ਼ਟ ਹੋ ਜਾਂਦਾ ਹੈ ਕਿ
ਗੁਰਮਤਿ ਵਿਹਾਰ ਦੋਹਾਂ ਧਿਰਾਂ ਵਿਚੋਂ ਹੀ ਨਦਾਰਦ ਹੈ।
ਇਕ ਪਾਸੇ ਬੇਵਕੂਫ ਸੱਜਣ ਪੰਥਪ੍ਰੀਤ ਸਿੰਘ ਨੂੰ
‘ਗੰਦ ਪ੍ਰੀਤ’
ਆਦਿ ਲਿਖ ਕੇ ਨਫਰਤ ਝਾੜ ਰਹੇ ਹਨ ਤਾਂ ਦੁਜੇ ਪਾਸੇ ਆਪਣੇ ਆਪ ਨੂੰ ਜਾਗਰੂਕ ਕਹਾਉਣ ਵਾਲੇ ਸੱਜਣ
ਗੁਰਪ੍ਰੀਤ ਸਿੰਘ ਕੈਲੋਫੋਰਨੀਆਂ ਨੂੰ
‘ਕਾਲੂ ਕਾਲੇਫੁਰਨੇ’
ਕਹਿ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਨ੍ਹਾਂ ਦੋਹਾਂ ਧਿਰਾਂ ਦੀ ਤੂੰ-ਤੂੰ, ਮੈਂ-ਮੈਂ ਦੇਖ ਕੇ
ਗੁਰਬਾਣੀ ਦਾ ਇਹ ਵਾਕ ਚੇਤੇ ਆਉਂਦਾ ਹੈ
‘ਸਚ ਕਿਨਾਰੇ ਰਹਿ ਗਇਆ ਖਹਿ ਮਰਦੇ
ਬਾਹਮਣ ਮਉਲਾਣੇ॥’
ਸਿੱਖ ਸਮਾਜ ਵਿਚ ਇਸ ਵਿਵਾਦ ਦੀ ਮੁੱਖ ਜੜ੍ਹ ਅਖੌਤੀ ਦਸਮ ਗ੍ਰੰਥ ਹੈ, ਜਿਸਦਾ
ਅਸਲ ਨਾਂ ‘ਬਚਿਤ੍ਰ ਨਾਟਕ’ ਹੈ। ਪਰ ਇਸ ਤਰਾਂ ਦਾ
ਵਿਵਾਦ ਕੋਈ ਨਵਾਂ ਜਾਂ ਸਿੱਖ ਸਮਾਜ ਦਾ ਹੀ ਨਹੀਂ ਹੈ। ਲਗਭਗ ਸਾਰਿਆਂ ਪ੍ਰਚਲਿਤ ਮੱਤਾਂ ਵਿਚ ਐਸੇ
ਵਿਵਾਦ ਚਲਦੇ ਹੀ ਰਹੇ ਹਨ। ਇਹ ਵਿਵਾਦ ਪੁਜਾਰੀਵਾਦ ਬਨਾਮ ਮਾਨਵ-ਵਾਦੀ ਧਿਰਾਂ ਵਿਚ ਹਮੇਸ਼ਾਂ ਹੀ ਚਲਦਾ
ਰਿਹਾ ਹੈ। ਉਹ ਭਾਂਵੇ ਇਸਾਈ ਮੱਤ ਵਿਚਲਾ ਕੈਥੋਲਿਕ ਬਨਾਮ ਪ੍ਰੌਟੇਸਟੰਟ ਦਾ ਹੋਵੇ, ਬੁੱਧ ਮੱਤ ਵਿਚਲੇ
ਹੀਨ-ਯਾਨ ਬਨਾਮ ਮਹਾ-ਯਾਨ, ਇਸਲਾਮ ਵਿਚਲੇ ਸ਼ੀਆ ਬਨਾਮ ਸੁੰਨੀ ਜਾਂ ਬ੍ਰਾਹਮਣੀ ਮੱਤ ਵਿਚਲੇ ਆਰਿਆ
ਸਮਾਜ ਬਨਾਮ ਸਨਾਤਨ ਮੱਤ ਆਦਿ ਦਾ ਹੋਵੇ। ਇਹ ਮਤਭੇਦ ਹਮੇਸ਼ਾਂ ਹੀ ਚਲਦੇ ਰਹੇ ਹਨ।
ਸੋ ਉਪਰੋਂ ਬਚਿਤ੍ਰ ਨਾਟਕ ਕਾਰਨ ਨਜ਼ਰ
ਆਉਂਦਾ ਕਾਟੋ-ਕਲੇਸ਼ ਅਸਲ ਵਿਚ ਸੁਧਾਰਵਾਦ ਬਨਾਮ ਰੂੜੀਵਾਦ ਦਾ ਝਗੜਾ ਹੀ ਹੈ।
ਜੇ ਦਸਮ ਗ੍ਰੰਥ ਦੀ ਸ਼ੁਰੂਆਤ ਦੇ ਪਿੱਛੇ ਮੂਲ ਮਕਸਦ ਦੀ ਵਿਚਾਰ ਕਰੀਏ ਤਾਂ
ਕੁਝ ਇਸ ਤਰਾਂ ਹੈ। ਬਾਬਾ ਨਾਨਕ ਜੀ ਵਲੋਂ ਸ਼ੁਰੂ ਕੀਤੇ ਗੁਰਮਤਿ ਇਨਕਲਾਬ ਨੇ ਪੁਜਾਰੀ ਸ਼ੇ੍ਰਣੀ ਵਲੋਂ
ਸਮਾਜ ਵਿਚ ਸਥਾਪਿਤ ਕਰ ਦਿਤੇ ਗਏ ਭਰਮਜਾਲ ਦੀ ਨੀਂਹ ਹਿਲਾ ਦਿਤੀ ਸੀ। ਇਸ ਇਨਕਲਾਬ ਦਾ ਮੂਲ ਹਥਿਆਰ,
ਸਰਲ ਅਤੇ ਲੋਕ ਭਾਸ਼ਾ ਵਿਚ ਰਚਿਤ,
‘ਗੁਰਬਾਣੀ’
ਬਣ ਰਹੀ ਸੀ। ਇਸ ਗੁਰਬਾਣੀ ਦੇ ਪ੍ਰਭਾਵ ਨੂੰ ਕਮਜ਼ੋਰ ਕਰਨ ਲਈ ‘ਨਾਨਕ
ਛਾਪ’ ਹੇਠ ਨਕਲੀ ਬਾਣੀ ਵੀ ਰਚੀ ਜਾਣ ਲਗ ਪਈ।
ਪੰਜਵੇਂ ਪਾਤਸ਼ਾਹ ਵਲੋਂ ‘ਸ਼ਬਦ ਗੁਰੁ ਗ੍ਰੰਥ ਸਾਹਿਬ’ ਦੀ ਸੰਪਾਦਨਾ ਨੇ ਪੁਜਾਰੀ ਜਮਾਤ ਦੀਆਂ ਇਨ੍ਹਾਂ
ਸਾਜਿਸ਼ਾਂ ਨੂੰ ਤਕੜਾ ਝਟਕਾ ਦਿਤਾ। ਦਸਵੇਂ ਪਾਤਸ਼ਾਹ ਜੀ ਨੇ ਦਮਦਮੀ ਸਰੂਪ ਦੇ ਰੂਪ ਵਿਚ ਨੌਵੇਂ
ਪਾਤਸ਼ਾਹ ਜੀ ਦੀ ਬਾਣੀ ਇਸ ਵਿਚ ਸ਼ਾਮਿਲ ਕਰਕੇ ਇਸ ਗ੍ਰੰਥ ਨੂੰ ਫਾਈਨਲ ਰੂਪ ਦੇ ਦਿਤਾ ਅਤੇ ਸ਼ਖਸੀ
ਰਹਿਬਰੀ ਦੇ ਕੌਤਕ ਨੂੰ ਸਮੇਟਦੇ ਹੋਏ, ਇਸ ਇਨਕਲਾਬੀ ਕਾਫਲੇ ਨੂੰ ਪੂਰਣ ਰੂਪ ਵਿਚ ‘ਸ਼ਬਦ ਗੁਰੂ ਗ੍ਰੰਥ
ਸਾਹਿਬ’ ਜੀ ਦੀ ਅਗਵਾਈ ਵਿਚ ਤੁਰਣ ਅਤੇ ਸਮੁੱਚੇ ਵਿਸ਼ਵ ਭਾਈਚਾਰੇ ਵਿਚ ਇਨਕਲਾਬ ਨੂੰ ਫੈਲਾਉਣ ਦੀ
ਜਿੰਮੇਵਾਰੀ ਸੌਂਪੀ ਗਈ।
ਉਨ੍ਹਾਂ ਵਲੋਂ ਆਪਣੀ ਸ਼ਖਸੀ ਅਗਵਾਈ ਦੌਰਾਣ ਠੋਸ ਰੂਪ ਵਿਚ ਕਿਸੇ ਵੀ ਹੋਰ ਰਚਨਾ ਨੂੰ ਗੁਰਬਾਣੀ ਬਰਾਬਰ
ਸਥਾਪਿਤ ਕਰਨ ਦਾ ਜ਼ਿਕਰ ਤੱਕ ਨਹੀਂ ਆਉਂਦਾ।
ਪੁਜਾਰੀ ਸ਼੍ਰੇਣੀ ਨੇ
‘ਰਾਗਮਾਲਾ’
ਅਤੇ ਹੋਰ ਥੋੜੀ-ਬਹੁਤ ਛੇੜਛਾੜ ਰਾਹੀਂ ਇਸ ਮੂਲ ਸੋਮੇ ਵਿਚ ਮਿਲਾਵਟ ਕਰਨ ਦੇ ਯਤਨ ਵੀ ਕੀਤੇ ਗਏ
ਜਿਨ੍ਹਾਂ ਦਾ ਸਬੂਤ ਇਤਿਹਾਸ ਵਿਚ ‘ਖਾਰੀ ਬੀੜ’ ਆਦਿ ਦੇ ਜ਼ਿਕਰ ਦੇ ਰੂਪ ਵਿਚ ਆਉਂਦਾ ਹੈ। ਕਰਤਾਰਪੁਰੀ
ਬੀੜ ਆਦਿ ਨੇ ਨਾਮ ਹੇਠ ਪ੍ਰਮਾਨਿਕ ਕਹੇ ਜਾਂਦੇ ਸੋਮਿਆਂ ਸਮੇਤ ਬਹੁਤੇ ਪੁਰਾਤਨ ਸਰੂਪਾਂ ਵਿਚ ਕੁਝ
ਕੱਚੀਆਂ ਰਚਨਾਵਾਂ (ਪ੍ਰਾਣ ਸੰਗਲੀ ਆਦਿ) ਨੂੰ ਥਾਂ ਥਾਂ ਘੁਸੇੜਨ, ਲਿਖ ਕੇ ਹੜਤਾਲ ਫੇਰਨ ਆਦਿ ਦੇ
ਯਤਨ ਇਸ ਦਾ ਅਕੱਟ ਸਬੂਤ ਹਨ। ਪਰ ਛੇਤੀ ਹੀ ਇਹ ਗੱਲ ਪੁਜਾਰੀ ਸ਼੍ਰੇਣੀ ਦੇ ਦਿਮਾਗ ਵਿਚ ਬੈਠ ਗਈ ਕਿ
‘ਆਦਿ ਗ੍ਰੰਥ’
ਦੇ ਸਰੂਪ ਨਾਲ ਛੋਟੀਆਂ ਮੋਟੀਆਂ ਛੇੜਖਾਣੀਆਂ ਇਕ ਤਾਂ ਆਸਾਨੀ ਨਾਲ ਪਛਾਣੀਆਂ ਜਾਂਦੀਆਂ ਹਨ ਅਤੇ ਦੂਜਾ
ਗੁਰਮਤਿ ਇਨਕਲਾਬ ਨੂੰ ਭਟਕਾਉਣ ਲਈ ਨਾ-ਕਾਫੀ ਹਨ।
ਇਸ ਲਈ ਉਨ੍ਹਾਂ ਨੇ ‘ਗੁਰਬਾਣੀ’ ਵਿਚਾਰ
ਨਾਲ ਪੈਦਾ ਹੋ ਰਹੇ ਤਰਕ ਗਿਆਨ ਦੇ ਜ਼ਜਬੇ ਨੂੰ ਘਟਾਉਣ ਲਈ ‘ਬੇਲੋੜੀ ਸ਼ਰਧਾ’ ਨੂੰ ਸਤਿਕਾਰ ਦੇ ਨਾਂ
ਹੇਠ ਉਭਾਰ ਕੇ, ਵਿਚਾਰ ਦੀ ਪ੍ਰਵਿਰਤੀ ਨੂੰ ਛੁਟਿਆਉਣ ਦੇ ਯਤਨ ਕਰਨੇ ਸ਼ੁਰੂ ਕੀਤੇ।
‘ਨਾਨਕ ਸਰੂਪਾਂ’ ਦੇ ਸ਼ਖਸੀ ਸਰੂਪ ਪ੍ਰਤੀ ਵਿਚਾਰ-ਵਿਹੁਣੀ ਅਥਾਹ ਸ਼ਰਧਾ ਨੂੰ ਬੜ੍ਹਾਵਾ ਦਿਤਾ ਗਿਆ।
ਪੁਜਾਰੀ ਤਾਕਤਾਂ ਦਾ ਦੂਜਾ ਵੱਡਾ ਕਦਮ ਇਹ ਸੀ ਕਿ ਨਾਨਕ ਸਰੂਪਾਂ ਦੇ ਨਾਂ ਨਾਲ ਜੋੜ ਕਿ ਐਸੀਆਂ
ਰਚਨਾਵਾਂ ਨੂੰ ਸਿੱਖ ਸਮਾਜ ਵਿਚ ਪ੍ਰਮਾਣਿਕ ਬਣਾਉਣ ਦੇ ਜਤਨ ਕਰਨਾ ਜੋ ਸਿਧਾਂਤ ਰੂਪ ਵਿਚ ‘ਗੁਰਬਾਣੀ’
ਨੂੰ ਕੱਟਦੀਆਂ ਹੋਣ। ਐਸੀਆਂ ਕੋਸ਼ਿਸ਼ਾਂ ਨੂੰ ਕਾਮਯਾਬ ਬਣਾਉਣ ਵਿਚ ‘ਬੇਲੋੜੀ ਸ਼ਰਧਾ’ ਨੇ ਹੀ ਸਾਥ ਦੇਣਾ
ਸੀ। ਇਸ ਲਈ ਇਸ ‘ਸ਼ਰਧਾ ਪ੍ਰਵਿਰਤੀ’ ਨੂੰ ਸਿੱਖੀ ਦਾ ਮੂਲ ਤੱਤ ਬਣਾ ਕੇ ਬੜ੍ਹਾਵਾ ਦਿਤਾ ਜਾਂਦਾ
ਰਿਹਾ।
1708 ਤੋਂ ਬਾਅਦ ‘ਸ਼ਬਦ ਗੁਰੁ ਗ੍ਰੰਥ ਸਾਹਿਬ’ ਜੀ ਦੇ ਸ਼ਰੀਕ ਵਜੋਂ
ਹੋਲੀ-ਹੋਲੀ ਇਹ ਰਚਨਾਵਾਂ ਸਿੱਖ ਸਮਾਜ ਦੇ ਵਿਹੜੇ ਵਿਚ ਪ੍ਰਚਲਿਤ ਕੀਤੀਆਂ ਜਾਣ ਲਗ ਪਈਆਂ।
ਐਸੀਆਂ ਰਚਨਾਵਾਂ ਵਿਚੋਂ ਇਕ ਕੋਸ਼ਿਸ਼ ਸੀ ‘ਬਚਿਤ੍ਰ ਨਾਟਕ’(ਮੌਜੂਦਾ ਪ੍ਰਚਲਿਤ ਕਰ ਦਿਤਾ ਗਿਆ ਨਾਂ ਦਸਮ
ਗੰ੍ਰਥ) । ਸਰਬ ਲੋਹ ਗ੍ਰੰਥ ਆਦਿ ਹੋਰ ਵੀ ਕਈਂ
ਹਨ। ਦੋ ਕੁ ਦਿਨ ਪਹਿਲਾਂ ਫੇਸ-ਬੁਕ ਤੇ ਐਸੇ ਹੀ ਇਕ ਅੰਨ੍ਹੇ ਸ਼ਰਧਾਲੂ ਨੇ ਅਖੌਤੀ ਦਸਮ ਗ੍ਰੰਥ ਬਾਰੇ
ਸੁਚੇਤ ਕਰਦੀ ਇਕ ਪੋਸਟ ਹੇਠ ਕੁਝ ਇਸ ਤਰਾਂ ਦਾ ਕਮੈਂਟ ਪਾਇਆ ਕਿ ਕੌਣ ਕਹਿੰਦਾ ਹੈ ਕਿ ਸਾਡਾ ਇਕ ਹੀ
ਗ੍ਰੰਥ ਹੈ, ਸਿੱਖਾਂ ਦੇ ਸੈਕੜੇਂ ਗ੍ਰੰਥ ਹਨ। ਹੁਣ ਇਸ ‘ਸੈਂਕੜੇ’ ਵਿਚ ਉਸ ਦੇ ਦਿਮਾਗ ਵਿਚ ਹੋਰ
ਕਿਹੜੇ ਕਿਹੜੇ ਨੇ ਉਹੀ ਜਾਣਦਾ ਹੈ ?
ਗੱਲ ਕਰ ਰਹੇ ਸੀ ‘ਬਚਿਤ੍ਰ ਨਾਟਕ’ ਦੀ।
ਇਸ ਦੇ ਸੰਕਲਣ ਨੂੰ ਪ੍ਰਮਾਣਿਕ ਸਾਬਿਤ ਕਰਨ ਲਈ ਪੁਜਾਰੀ ਸ਼੍ਰੇਣੀ ਨੇ ਇਸ ਦਾ ਸੰਕਲਨ ਕਰਤਾ ਹੋਣਾ
ਦਸਵੇਂ ਪਾਤਸ਼ਾਹ ਜੀ ਦੇ ਨਿਕਟਵਰਤੀ ਮੰਨੇ ਜਾਂਦੇ ਭਾਈ ਮਨੀ ਸਿੰਘ ਨਾਲ ਜੋੜ ਦਿਤਾ। ਇਸੇ ਪਹੁੰਚ ਹੇਠ
ਗੁਰਮਤਿ ਦੀ ਕਾਟ ਕਰਦੇ ਅਨੇਕਾਂ ਰਹਿਤ ਨਾਮੇ, ਨਿਕਟਵਰਤੀ ਸਿੱਖਾਂ ਦੇ ਨਾਂ ਨਾਲ ਜੋੜੇ ਮਿਲਦੇ ਹਨ।
ਇਸ ਗ੍ਰੰਥ ਨੂੰ ਹੋਲੀ ਹੋਲੀ
ਸਿੱਖਾਂ ਵਿਚ ਪ੍ਰਮਾਣਿਕ ਬਣਾਉਣ ਦੇ ਲਈ ਇਸ ਦੀਆਂ ਕੁਝ ਰਚਨਾਵਾਂ ਨੂੰ ਰੋਜ਼ਾਨਾ ਨਿਤਨੇਮ ਦੀਆਂ ਕਹੀਆਂ
ਜਾਂਦੀਆਂ ਬਾਣੀਆਂ ਵਿਚ ਸ਼ਾਮਿਲ ਕਰ ਦਿਤਾ ਗਿਆ। ਇਸ
ਗ੍ਰੰਥ ਨੂੰ ਦਸਵੇਂ ਪਾਤਸ਼ਾਹ ਦਾ ਦਰਸਾਉਣ ਲਈ ਹੋਲੀ ਹੋਲੀ ਇਸ ਦਾ ਨਾਂ ਵੀ ਸਮੇਂ ਨਾਲ ‘ਦਸਮ ਗ੍ਰੰਥ’
ਪ੍ਰਚਲਿਤ ਕਰ ਦਿਤਾ ਗਿਆ ਅਤੇ ਕੁਝ ਮਹਾਂਰਥੀ ਤਾਂ ਇਸਨੂੰ
‘ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ’
ਲਿਖਣ ਤੱਕ ਵੀ ਚਲੇ ਗਏ ਹਨ। ਸ਼ਬਦ ਗੁਰੁ ਗ੍ਰੰਥ ਸਾਹਿਬ ਜੀ ਦੇ ਸ਼ਰੀਕ ਵਜੋਂ ਇਸ ਗ੍ਰੰਥ ਨੂੰ ਸਥਾਪਿਤ
ਕਰਨ ਦੀਆਂ ਕੋਸ਼ਿਸ਼ਾਂ ਦੀ ਕਾਮਯਾਬੀ ਦਾ ਸਬੂਤ ਸਿੱਖ ਸਮਾਜ ਦੇ ਦੋ ਤਖਤਾਂ (ਕੁਲ ਪੰਜ) ਤੇ ਇਸ ਦਾ
ਸਥਾਪਨ ‘ਆਦਿ ਗ੍ਰੰਥ’ ਦੇ ਬਰਾਬਰ ਕੀਤਾ ਜਾ ਰਿਹਾ ਹੈ ਤੇ ਆਮ ਸਿੱਖ ਨੂੰ ਇਸ ਨੂੰ ਮੱਥੇ ਟੇਕਣ ਵਿਚ
ਕੋਈ ਮਾਨਸਿਕ ਪਰੇਸ਼ਾਨੀ ਨਹੀਂ ਹੁੰਦੀ, ਕਿਉਂਕਿ ਆਮ ਸਿੱਖ ਲਈ ‘ਆਦਿ ਗ੍ਰੰਥ’ ਨੂੰ ਵੀ ਮੱਥਾ ਟੇਕਣਾ
‘ਅੰਨ੍ਹੀ ਸ਼ਰਧਾ’ ਹੇਠ ਮੂਰਤੀ ਨੂੰ ਮੱਥਾ ਟੇਕਣ ਵਾਲਾ ਇਕ ‘ਰਸਮੀ ਧਾਰਮਿਕ ਕਰਮ’ ਹੀ ਹੈ।
ਐਸਾ ਨਹੀਂ ਕਿ ਇਸ ਕਿਤਾਬ ਨੂੰ ਹੋਲੀ ਹੋਲੀ ਗ੍ਰੰਥ ਦਾ ਵੱਡਾ ਰੂਪ ਦੇ ਕੇ,
ਸਿੱਖ ਸਮਾਜ ਵਿਚ ਸਥਾਪਿਤ ਕਰਨ ਦੇ ਯਤਨਾਂ ਦਾ ਕੋਈ ਵਿਰੋਧ ਨਹੀਂ ਹੋਇਆ।
ਇਸ ਪਹੁੰਚ ਦਾ ਵਿਰੋਧ ਸ਼ੁਰੂ ਤੋਂ ਹੀ ਹੁੰਦਾ ਰਿਹਾ ਹੈ। ਪਰ ਅੰਨ੍ਹੀ ਸ਼ਰਧਾ ਨੂੰ ‘ਸਿੱਖੀ’ ਮੰਨ ਬੈਠੇ
ਆਮ ਸਿੱਖ ਸਮਾਜ ਦੀ ਮਾਨਸਿਕਤਾ ਦੇ ਮਾਹੌਲ ਵਿਚ ਐਸਾ ਵਿਰੋਧ
‘ਨਗਾਰ ਖਾਣੇ ਵਿਚ ਤੂਤੀ’
ਹੀ ਸਾਬਿਤ ਹੁੰਦਾ ਰਿਹਾ।
ਮੱਸੇ ਰੰਘੜ ਦੇ ਸਫਾਏ ਵਾਲੇ ਇਤਿਹਾਸਿਕ ਹਵਾਲੇ ਨਾਲ ਜੁੜੀ ‘ਬਚਿਤ੍ਰ ਨਾਟਕ’ ਦੇ ਖਿਲਾਰ ਨੂੰ
‘ਕੱਠਿਆਂ’ ਰੱਖਣ ਦੀ ਸਾਖੀ ਹੀ ਇਨ੍ਹਾਂ ਸਾਜ਼ਿਸ਼ਾਂ ਨੂੰ ਬੇ-ਨਕਾਬ ਕਰਨ ਲਈ ਕਾਫੀ ਹੈ ਕਿ ‘ਬਚਿਤ੍ਰ
ਨਾਟਕ’ ਤੋਂ ‘ਦਸਮ ਗ੍ਰੰਥ’ ਦਾ ਸਫਰ ਕਿਵੇਂ ਤੈਅ ਕੀਤਾ ਗਿਆ।
ਹੋਰ ਤਾਂ ਹੋਰ ਮੌਜੂਦਾ ਸਮੇਂ ਵਿਚ ਛੱਪ ਰਹੇ ਗ੍ਰੰਥ ਦੀ ਭੂਮਿਕਾ ਵਿਚ 19 ਵੀਂ ਸਦੀ ਦੇ ਆਖਰੀ ਦਹਾਕੇ
ਵਿਚ ਬਣੀ ‘ਸੋਧਕ ਕਮੇਟੀ’ ਦੀ ਰਿਪੋਰਟ ਹੀ ਇਹ ਸਾਫ ਕਰ ਦਿੰਦੀ ਹੈ ਕਿ ਈਸਵੀ 1890 ਤੱਕ ਵੀ ਇਸ
ਬਚਿਤ੍ਰ ਨਾਟਕੀ ਖਿਲਾਰ ਦਾ ਮੁੰਹ ਮੱਥਾ ਹੀ ਸਪਸ਼ਟ ਨਹੀਂ ਸੀ।
ਇਹ ਸੱਚਾਈ ਹੈ ਕਿ ਇਸ ਗ੍ਰੰਥ ਦੀ ਸਿੱਖ ਸਮਾਜ ਵਿਚ ਸਥਾਪਤੀ ਦਾ ਵਿਰੋਧ ਸ਼ੁਰੂ
ਤੋਂ ਹੀ ਹੁੰਦਾ ਰਿਹਾ ਹੈ, ਪਰ ਸਿੱਖਾਂ ਦਾ ਸਹੀ ਇਤਿਹਾਸ ਨਾ ਸੰਭਾਲਿਆ ਹੋਣ ਕਾਰਨ ਉਸ ਵਿਰੋਧ ਦੀ
ਸਪਸ਼ਟ ਪਛਾਣ ਕਰਨਾ ਮੁਸ਼ਕਿਲ ਹੋ ਜਾਂਦਾ ਹੈ ।
ਆਧੁਨਿਕ ਦੌਰ ਵਿਚ ਇਸ ਗ੍ਰੰਥ ਵਿਚਲੀ ਗੁਰਮਤਿ ਅਤੇ ਸਮਾਜ ਵਿਰੋਧੀ ਤੱਤਾਂ ਰੂਪੀ ਕੂੜ ਦਾ ਪਾਜ ਉਘਾੜਨ
ਦੇ ਠੋਸ ਯਤਨ ਡਾ. ਰਤਨ ਸਿੰਘ ਜੱਗੀ ਦੇ ਇਸ ਸੰਬੰਧੀ ਖੋਜ ਅਤੇ ਗਿਆਨੀ ਭਾਗ ਸਿੰਘ ਅੰਬਾਲਾ ਦੇ
ਪ੍ਰਚਾਰਕ ਵਜੋਂ ਵਿਰੋਧ ਰਾਹੀਂ ਕੀਤੇ ਗਏ। ਇਸ
ਉਪਰੰਤ ਮਿਸ਼ਨਰੀ ਕਾਲਜਾਂ ਨੇ
‘ਮੀਂਗਨਾਂ ਪਾ ਕੇ ਦੁਧ ਦੇਣ ਦੀ ਤਰਜ਼ ’ਤੇ’ ਇਸ
ਬਾਰੇ ਗੱਲ ਤੇ ਕੀਤੀ । ਪਰ
ਇਸਦੇ ਕੂੜ ਦਾ ਪਾਜ ਉਘੇੜਣ ਲਈ ਠੋਸ ਮਜ਼ਬੂਤ ਕਦਮ ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੇ ਗੁਰਮਤਿ ਦੀ
ਰੋਸ਼ਨੀ ਵਿਚ ਲਿਖੀ ਆਪਣੀ ਪੁਸਤਕ ਲੜੀ ‘ਬਿਪ੍ਰਨ ਕੀ ਰੀਤ ਤੋਂ ਸੱਚ ਦਾ ਮਾਰਗ –ਭਾਗ ਦਸਵਾਂ’ ਰਾਹੀਂ
ਚੁੱਕੇ। ਇਸ ਕੰਮ ਨੂੰ ਆਧਾਰ ਬਣਾ ਕੇ ਇਸ ਗ੍ਰੰਥ
ਦੇ ਕੱਚੇ-ਪਣ ਬਾਰੇ ਖੁੱਲ ਕੇ ਗੱਲ ਕਰਨੀ ਕਈਂ ਵਿਦਵਾਨਾਂ ਨੇ ਸ਼ੁਰੂ ਕਰ ਦਿਤੀ। ਐਸੇ ਵਿਦਵਾਨ ਮਿਸ਼ਨਰੀ
ਕਾਲਜਾਂ ਵਲੋਂ ‘ਸਿੱਖ ਰਹਿਤ ਮਰਿਯਾਦਾ’ ਦੀ ਆਪ ਬਣਾਈਆਂ ਬੇੜੀਆਂ ਨੂੰ ਕੱਟਦਿਆਂ ਖੁੱਲ ਕੇ ਸੱਚ ਪੇਸ਼
ਕਰਨ ਲਗ ਪਏ। ਸੋਸ਼ਲ ਮੀਡੀਆ ਨੇ ਇਸ ਪ੍ਰਚਾਰ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਿਚ ਹੋਰ ਵੀ ਵੱਡਾ ਰੋਲ
ਅਦਾ ਕੀਤਾ। ਪੁਜਾਰੀ ਜਮਾਤ ਨੂੰ ਇਸ ਜਾਗ੍ਰਤੀ ਨਾਲ ਸਾੜਾ ਵੀ ਕਾਫੀ ਹੋਇਆ ਅਤੇ ਉਨ੍ਹਾਂ ਨੇ ਅਕਾਲ
ਤਖਤ ਦੇ ਨਾਂ ਤੇ ਪੁਜਾਰੀ ਫਤਵਿਆਂ ਰਾਹੀਂ ਇਸ ਨੂੰ ਰੋਕਣ ਦੇ ਨਾਕਾਮ ਯਤਨ ਵੀ ਕੀਤੇ। ਇਨ੍ਹਾਂ ਯਤਨਾਂ
ਨੇ ਉਲਟਾ ਉਨ੍ਹਾਂ ਦੇ ਅਕਾਲ ਤਖਤੀ ਪੁਜਾਰੀ ਵਿਵਸਥਾ ਦਾ ਰਸੂਖ ਹੀ ਘਟਾ ਦਿਤਾ।
ਦਸਮ ਗ੍ਰੰਥ ਦਾ ਕੱਚਾ ਚਿੱਠਾ ਬਹੁਤ ਹੱਦ ਤੱਕ ਨੰਗਾ ਕਰ ਦਿਤਾ ਗਿਆ ਹੈ।
ਹੈਰਾਣੀ ਦੀ ਗੱਲ ਹੈ ਕਿ ਆਕਾਰ ਵਿਚ ਜਿਤਨੀ ਰਚਨਾ ਈਸਵੀ 1469 ਤੋਂ 1708 ਦੌਰਾਣ ਛੇ ਨਾਨਕ ਸਰੂਪਾਂ
ਅਤੇ ਹੋਰ ਭਗਤਾਂ ਆਦਿ ਦਾ ਵਿਸ਼ਾਲ ਸੰਕਲਣ ਹੈ, ਉਤਨੇ ਹੀ ਆਕਾਰ ਦੀ ਰਚਨਾ 44 ਕੁ ਸਾਲ ਦੀ ਉਮਰ (ਜਿਸ
ਵਿਚੋਂ ਜ਼ਿਆਦਾਤਰ ਜੰਗੀ ਹਾਲਾਤਾਂ ਵਿਚ ਹੀ ਗੁਜ਼ਰੀ) ਵਿਚ ਦਸਵੇਂ ਪਾਤਸ਼ਾਹ ਜੀ ਦੇ ਨਾਂ ਨਾਲ ਜੋੜ ਦਿਤੀ
ਜਾਂਦੀ ਹੈ। ਇਸ ਪਾਜ ਦੇ ਉਘੜਣ ਦੇ ਬਾਵਜੂਦ ਵੀ ਜੇ ਕੋਈ ਇਸ ਨੂੰ ਮਾਨਤਾ ਦਿੰਦਾ ਹੈ ਤਾਂ, ਜਾਂ ਤਾਂ
ਉਹ ‘ਅੰਨ੍ਹਾਂ ਸ਼ਰਧਾਲੂ’ ਹੈ ਜਾਂ ਫੇਰ ਪੁਜਾਰੀ ਸ਼੍ਰੇਣੀ ਦਾ ਲੋਕ-ਭਟਕਾਉ ਕਰਿੰਦਾ। ਵੈਸੇ ਵੀ ਕਿੱਸੇ
ਵੀ ਮੁੱਦੇ ਬਾਰੇ ਸਾਰੇ ਜਾਗ੍ਰਿਤ ਹੋ ਹੀ ਜਾਣ ਐਸਾ ਸੰਭਵ ਨਹੀਂ ਹੁੰਦਾ। ਬਾਬਾ ਨਾਨਕ ਜੀ ਸਮੇਤ ਨਾਨਕ
ਰਹਿਬਰਾਂ ਨੇ ਜਨੇਉ ਪਾਉਣ, ਮੂਰਤੀ ਪੂਜਾ, ਤੀਰਥ ਆਦਿ ਦਾ ਖੁੱਲ੍ਹਾ ਖੰਡਨ ਕੀਤਾ। ਕੀ ਸਾਰੇ ਸਮਾਜ ਨੇ
ਇਹ ਕਰਮ ਕਾਂਡ ਤਿਆਗ ਦਿਤੇ ? ਨਹੀਂ, ਅੱਜ ਵੀ ਇਹ ਸਭ ਕੁਝ ਸਮਾਜ ਵਿਚ ਖੁੱਲ ਕੇ ਹੋ ਰਿਹਾ ਹੈ।
ਉਲਟਾ ਉਨ੍ਹਾਂ ਦੇ ਨਾਂ ਨਾਲ
ਜੋੜ ਕੇ ਸ਼ੁਰੂ ਕਰ ਦਿਤੇ ਗਏ ‘ਸਿੱਖ ਫਿਰਕੇ’ ਵਲੋਂ ‘ਕਿਰਪਾਣ’ ਨੂੰ ਜਨੇਉ, ‘ਆਦਿ ਗ੍ਰੰਥ’ ਨੂੰ
‘ਮੂਰਤੀ’ ਅਤੇ ਅੰਮ੍ਰਿਤਸਰ ਆਦਿ ‘ਤੀਰਥ’ ਬਣਾ ਕੇ ਆਪਣਾ ਜਲੂਸ ਆਪ ਕੱਡਿਆ ਹੋਇਆ ਹੈ, ਤੇ ਨਾਂ ਨਾਨਕ
ਜੀ ਦਾ ਲਾ ਦਿਤਾ ਗਿਆ ਹੈ।
ਬਾਕੀ ਕਿਸੇ ਵੀ ਗ੍ਰੰਥ, ਇਸ਼ਟ, ਪੂਜਾ
ਪੱਧਤੀ ਨੂੰ ਅਪਨਾਉਣ ਦਾ ਹਰ ਕਿਸੇ ਨੂੰ ਮੁੱਢਲਾ ਮਨੁੱਖੀ ਹੱਕ ਹੈ, ਅਸੀਂ ਗੱਲ ਗੁਰਮਤਿ ਕਸਵੱਟੀ ਦੇ
ਆਧਾਰ ਤੇ ਉਸ ਨੂੰ ਪਰਖਣ ਦੀ ਕਰਨੀ ਹੈ।
ਹੁਣ ਕੁੱਝ ਖਰੀਆਂ ਖਰੀਆਂ ਗੱਲਾਂ ਪੰਥ ਦਾ ਸੁਚੇਤ ਤਬਕਾ ਸਮਝਨ ਵਾਲੇ ਤਬਕੇ
ਨਾਲ ਕਰਦੇ ਹਾਂ। ਕੀ ਅਸੀਂ ਕਦੀਂ ਬਾਬਾ ਨਾਨਕ ਜੀ
ਤੋਂ ਅਸਲ ਸੇਧ ਲੈਣ ਦੀ ਕੋਸ਼ਿਸ਼ ਕੀਤੀ ਹੈ? ਬਾਬਾ ਨਾਨਕ ਜੀ ਨੇ ਗੁਰਬਾਣੀ ਰਾਹੀਂ ਪ੍ਰਚਲਿਤ ਮੱਤਾਂ
ਦੀਆਂ ਪੁਸਤਕਾਂ ਅਤੇ ਮਾਨਤਾਵਾਂ ਦਾ ਭਰਵਾਂ ਖੰਡਨ ਕੀਤਾ।
ਪਰ ਕਿਧਰੇ ਉਨ੍ਹਾਂ ਨੇ ਇਹ ਕੋਸ਼ਿਸ਼ ਵੀ
ਕੀਤੀ ਕਿ ਅਸੀਂ ਇਨ੍ਹਾਂ ਵਿਚਾਰਧਾਰਾਵਾਂ ਨੂੰ ਖਤਮ ਕਰਕੇ ਹੀ ਅੱਗੇ ਦੀ ਗੱਲ ਕਰਨੀ ਹੈ?
ਕੀ ਉਨ੍ਹਾਂ ਨੇ ਇਹ ਕਿਹਾ ਕਿ ਅਸੀਂ ਜਨੇਉ ਨੂੰ ਖਤਮ ਕਰਕੇ
ਹੀ ਹੋਰ ਕੋਈ ਗੱਲ ਕਰਨੀ ਹੈ? ਬਿਲਕੁਲ ਨਹੀਂ, ਜਨੇਉ, ਮੂਰਤੀ ਪੂਜਾ ਆਦਿ ਅੱਜ ਵੀ ਚਲ ਰਹੀ ਹੈ।
ਉਨ੍ਹਾਂ ਦਾ ਸਰਲ ਅਤੇ ਸਪਸ਼ਟ
ਜਿਹਾ ਤਰੀਕਾ ਸੀ ਕਿ ਪੁਜਾਰੀਵਾਦੀ ਤਾਕਤਾਂ ਨਾਲ ਬੇਲੋੜੇ ਸ਼ਰੀਰਕ ਟਕਰਾਵ ਦੀ ਥਾਂ ਆਪਣੇ ਵਿਚਾਰ ਠੋਸ
ਤਰੀਕੇ ਨਾਲ ਪੇਸ਼ ਕਰਦੇ ਜਾਉ। ਜਿਸਨੂੰ ਚੰਗਾ ਲਗੇਗਾ ਉਹ ਅਪਨਾ ਲਵੇਗਾ। ਜੋ ਨਹੀਂ ਅਪਨਾਉਂਦਾ, ਉਸ
ਨਾਲ ਕੋਈ ਗਿੱਲਾ ਨਹੀਂ।
ਪਰ
ਅਸੀਂ ਕੀ ਕਰ ਰਹੇ ਹਾਂ ? ਅਸੀਂ ਪੁਜਾਰੀਵਾਦੀ
ਤਾਕਤਾਂ ਨਾਲ ਉੁਨ੍ਹਾਂ ਵਾਂਗੂ ਨੀਂਵੇ ਪੱਧਰ ਤੱਕ ਜਾ ਕੇ ਉਲਝ ਰਹੇ ਹਾਂ। ਉਪਰ ਦਿੱਤੀ ਮਿਸਾਲ
ਅਨੁਸਾਰ ਜੇ ਪੁਜਾਰੀਵਾਦੀ ਧਿਰ ਪੰਥਪ੍ਰੀਤ ਸਿੰਘ ਜੀ ਨੂੰ ‘ਗੰਦ ਪ੍ਰੀਤ’ ਆਦਿ ਕਹਿ ਰਹੀ ਹੈ ਤਾਂ
ਆਪਣੇ ਆਪ ਨੂੰ ਪੰਥ ਦਾ ਸਭ
ਤੋਂ ਵੱਧ ਇਨਕਲਾਬੀ ਹਿੱਸਾ ਮੰਨਣ ਵਾਲੀ ‘ਖਾਲਸਾ ਨਿਉਜ਼ ਟੀਮ’ ਅਤੇ ਉਨ੍ਹਾਂ ਦੇ ਸਮਰਥਕ ਗੁਰਪ੍ਰੀਤ
ਸਿੰਘ ਨੂੰ ‘ਕਾਲੂ ਕਾਲੇਫੁਰਨੇ’ ਆਦਿ ਕਹਿ ਕੇ ਭੰਡ ਰਹੀ ਹੈ।
ਇਥੋਂ ਤੱਕ ਹੀ ਨਹੀਂ ਉਹ ਗੁਰਪ੍ਰੀਤ ਸਿੰਘ ਦਾ ਪਿਛੋਕੜ ਪੁਜਾਰੀਵਾਦੀ ਧਿਰਾਂ (ਸੰਤਾ ਸਿੰਘ ਨਿਹੰਗ ਦਾ
ਡੇਰਾ, ਸੱਚ ਖੋਜ ਅਕੈਡਮੀ ਆਦਿ) ਨਾਲ ਲੱਭ ਕੇ ਆਪਣੇ ਆਪ ਨੂੰ ਬਹੁਤ ਹੀ ਵੱਡੇ ਭਲਵਾਨ ਸਾਬਿਤ ਕਰ ਰਹੇ
ਹਨ। ਹੋਰ ਤਾਂ ਹੋਰ, ਉਹ ਤਾਂ ਉਸ ਦੀ ਮਾਤਾ ਦੇ ਜੀਵਨ ਤੇ ਕਿੱਚੜ ਉਛਾਲਣ ਨੂੰ ਵੀ ‘ਪੰਥ-ਪ੍ਰਸਤੀ’
ਸਮਝ ਕੇ ਭਲਵਾਨੀ ਕਰ ਰਹੇ ਹਨ। ਸੰਤਾਂ ਸਿੰਘ ਨਿਹੰਗ ਵਲੋਂ ‘ਨੀਵੀਂ ਜਾਤ’ ਕਾਰਨ ਉਨ੍ਹਾਂ ਨੂੰ ਡੇਰੇ
ਤੋਂ ਬੇ-ਇੱਜ਼ਤ ਕਰ ਕੇ ਕੱਡਣ ਦੀ ਗੁਰਮਤਿ ਵਿਰੋਧੀ ਸੋਚ ਨੂੰ ਅਸੀਂ ਉਸ ਦੇ ਵਿਰੋਧ ਵਿਚ ਭੁਗਤਾਂ ਰਹੇ
ਹਾਂ। ਜੇ ਗੁਰਪ੍ਰੀਤ ਦਸਮ
ਗੰ੍ਰੰਥ ਸਮੇਤ ਹੋਰ ਮੁਦਿੱਆਂ ਤੇ ਨੀਵੇਂ ਪੱਧਰ ਤੇ ਜਾ ਕੇ ਵਿਰੋਧ ਕਰ ਰਿਹਾ ਹੈ ਤਾਂ ਸੰਪਰਦਾਈ
ਧਿਰਾਂ ਵਿਚ ਹੋਈ ਉਸ ਦੀ ਪਰਵਰਿਸ਼ ਦਾ ਸੁਭਾਵਿਕ ਹੀ ਨਤੀਜਾ ਹੈ।
ਇਸ ਵਿਚ ਪਾਜ਼ ਖੁੱਲਣ ਵਾਲੀ ਕਿਹੜੀ ਗੱਲ
ਹੋ ਗਈ ? ਅਸੀਂ ਕਿਸ ਨਿਵਾਣ ਵੱਲ ਜਾ ਰਹੇ ਹਾਂ?
ਖਾਲਸਾ ਨਿਉਜ਼ ਦੀ ਟੀਮ ਤਾਂ ਪ੍ਰੋ. ਦਰਸ਼ਨ ਸਿੰਘ ਜੀ ਨੂੰ ਆਪਣੇ ਸੰਘਰਸ਼ ਦਾ
ਸਰਪ੍ਰਸਤ ਮੰਨਦੀ ਹੈ। ਪਰ ਅਸਲ ਵਿਚ ਸ਼ਾਇਦ ਉਨ੍ਹਾਂ ਨੂੰ ਅਡਵਾਨੀ ਆਦਿ ਵਾਂਗੂ ਹੁਣ ‘ਮਾਰਗ-ਦਰਸ਼ਕ
ਮੰਡਲ’ ਵਿਚ ਸਜਾ ਕੇ ਨਿਸ਼ਕ੍ਰਿਅ ਕਰ ਦਿਤਾ ਗਿਆ ਹੈ। ਨਹੀਂ ਤਾਂ, ਹੁਣ ਤੱਕ ਪ੍ਰੋ. ਦਰਸ਼ਨ ਸਿੰਘ ਜੀ
ਦਾ ਇਕ ਬਿਆਨ ਤਾਂ ਆ ਜਾਣਾ ਚਾਹੀਦਾ ਸੀ ਕਿ ਮੈਂ ਇਸ ਨੀਂਵੇ ਪੱਧਰ ਦੀ ਸਿਧਾਂਤ ਵਿਰੋਧੀ ਲੜਾਈ ਨਾਲ
ਸਹਿਮਤ ਨਹੀਂ। ਵੀਰ ਪੰਥਪ੍ਰੀਤ
ਸਿੰਘ ਜੀ ਨੇ ਵੀ ਐਸਾ ਕੋਈ ਬਿਆਨ ਨਹੀਂ ਦਿਤਾ ਕਿ ਸਿਧਾਂਤਕ ਵਿਰੋਧਤਾ ਨੂੰ ਪੁਜਾਰੀਵਾਦੀ ਧਿਰਾਂ
ਵਾਂਗੂ ਹੇਠਲੇ ਪੱਧਰ ਤੇ ਲਿਜਾੳੇੁਣ ਦੀ ਪਹੁੰਚ ਨਾਲ ਮੈਂ ਸਹਿਮਤ ਨਹੀਂ।
‘ਤੱਤ ਗੁਰਮਤਿ ਪਰਿਵਾਰ’ ਵੀਰ ਪੰਥਪ੍ਰੀਤ ਸਿੰਘ ਜੀ ਤੇ ਹੋਏ ਹਮਲੇ ਨੂੰ ਸਹੀ
ਨਹੀਂ ਮੰਨਦਾ। ਪਰ ਇਹ ਤਾਂ ਪੁਜਾਰੀਵਾਦੀ ਧਿਰਾਂ ਸ਼ੁਰੂ ਤੋਂ ਹੀ ਕਰਦੀਆਂ ਆਈਆਂ ਹਨ। ਇਸ ਖੇਤਰ ਵਿਚ
ਐਸਾ ਸੁਭਾਵਿਕ ਹੀ ਹੈ, ਕਿਉਂਕਿ ਆਮ ਮਨੁੱਖ ਨੂੰ ਧਰਮ ਦੇ ਨਾਂ ਹੇਠ ਇਨ੍ਹਾਂ ਤਾਕਤਾਂ ਨੇ ਮਾਨਸਿਕ
ਗੁਲਾਮ ਬਣਾ ਰਖਿਆ ਹੈ। ਪਰ
ਅਸੀਂ ਵੇਖਣਾ ਹੈ ਕਿ ਆਪਣਾ ਸੰਘਰਸ਼ ਬਾਬਾ ਨਾਨਕ ਦੀ ਸੇਧ ਵਿਚ ਅੱਗੇ ਤੋਰਨਾ ਹੈ ਜਾਂ ਇਨ੍ਹਾਂ ਪੁਜਾਰੀ
ਤਾਕਤਾਂ ਦੇ ਕੰਪੀਟੀਸ਼ਨ ਵਿਚ ਆ ਕੇ ਹੇਠਲੇ ਪੱਧਰ ਰਾਹੀਂ?
‘ਗਾਲ ਦਾ ਬਦਲਾ ਗਾਲ’ ਦੀ
ਪਹੁੰਚ ਕਦੇ ਵੀ ਗੁਰਬਾਣੀ ਦੀ ਸੇਧ
‘ਕਬੀਰ ਸੰਤੁ ਨ ਛਾਡੈ ਸੰਤਈ ਜਉ ਕੋਟਿਕ
ਮਿਲਹਿ ਅਸੰਤ॥’ ਤੋਂ ਅੱਛੀ
ਨਹੀਂ ਹੋ ਸਕਦੀ।
ਸੋ ਤੱਤ ਗੁਰਮਤਿ ਪਰਿਵਾਰ ‘ਖਾਲਸਾ
ਨਿਉਜ਼’ ਸਮੇਤ ਸੁਚੇਤ ਮੰਨੀ ਜਾਂਦੀਆਂ ਧਿਰਾਂ/ਸੱਜਣਾਂ ਵਲੋਂ ਅਪਨਾਈ ਜਾ ਰਹੀ ਐਸੀ ਨੀਂਵੇ ਪੱਧਰ ਦੇ
ਵਿਰੋਧ ਨੂੰ ਗਲਤ ਮੰਨਦਾ ਹੈ ਅਤੇ ਉਸ ਦਾ ਸਮਰਥਨ ਨਹੀਂ ਕਰਦਾ।
ਅਸੀਂ ਪ੍ਰੋ. ਦਰਸ਼ਨ ਸਿੰਘ ਜੀ ਅਤੇ ਪੰਥਪ੍ਰੀਤ ਸਿੰਘ ਜੀ ਸਮੇਤ ਬਾਬਾ ਨਾਨਕ ਨੂੰ ਸਹੀ ਮਾਇਨੇ ਵਿਚ
ਆਪਣਾ ਰਹਿਬਰ ਮੰਨਣ ਵਾਲੇ ਹਰ ਸੱਜਣ ਨੂੰ, ਇਸ ਗਲਤ ਪਹੁੰਚ ਦਾ ਖੁੱਲ ਕੇ ਵਿਰੋਧ ਕਰਨ ਦੀ ਅਪੀਲ ਕਰਦੇ
ਹਾਂ।
ਇਕ
ਮੁੱਖ ਨੁਕਤਾ ਇਹ ਵੀ ਹੈ ਕਿ ਅਸੀਂ ਆਪਣੇ ਆਪ ਨੂੰ ਹਿੰਦੂ, ਇਸਲਾਮ ਵਾਂਗੂ ਸਿੱਖ ਫਿਰਕੇ ਦਾ ਹਿੱਸਾ
ਮੰਨ ਕੇ ਪ੍ਰਚਾਰ ਕਰਦੇ ਹਾਂ ਜਾਂ ਫੇਰ ਬਾਬਾ ਨਾਨਕ ਵਾਂਗੂ ‘
ਨਾ ਹਮ ਹਿੰਦੂ ਨ ਮੁਸਲਮਾਨ ॥‘
ਦੀ ਰੱਬੀ ਸੱਚ ਦੇ ਪੈਰੋਕਾਰ ਬਣ ਕੇ?
ਹੁਣ ਤੱਕ ਅਸੀਂ ਇਕ ਫਿਰਕੇ ਦਾ ਹਿੱਸਾ ਬਣ ਕੇ ਹੀ ਬਾਬਾ ਨਾਨਕ ਨਾਲ ਜੁੜਣ ਦਾ ਭਰਮ ਪਾਲ ਰਹੇ ਹਾਂ।
ਤਾਂ ਹੀ ਸਾਡਾ ਪ੍ਰਚਾਰ ਦੁਬਿਧਾ ਦਾ ਸ਼ਿਕਾਰ ਹੈ। ਤਾਂ ਹੀ ਸਾਨੂੰ ਇਹ ਲਗਦਾ ਹੈ ਕਿ ਫਲਾਣੀ ਥਾਂ ਤੋਂ
ਦਸਮ ਗ੍ਰੰਥ ਦਾ ਪ੍ਰਕਾਸ਼ ਚੁਕਵਾਣਾ ਹੈ, ਢਿਮਕਾਣੀ ਥਾਂ ਤੋਂ ਇਹ ਕੁਰੀਤੀ ਹਟਵਾਉਣੀ ਹੈ। ਅਸੀਂ ਬਾਬਾ
ਨਾਨਕ ਜੀ ਦੇ ਪ੍ਰਚਾਰ ਢੰਗ ਨੂੰ ਭੁੱਲ ਜਾਂਦੇ ਹਾਂ
ਕਿ ਉਨ੍ਹਾਂ ਦੇ ਕਿਸੇ ਪੁਜਾਰੀ ਸਥਲ
ਤੋਂ ਕੋਈ ਕੁਰੀਤੀ ਹਟਾਉਣ ਦੀ ਜ਼ਿੱਦ ਧਾਰਨ ਦੀ ਥਾਂ ਆਮ ਲੋਕਾਂ ਨੂੰ ਸੱਚ ਸਮਝਾਉਣ ਨੂੰ ਹੀ ਪਹਿਲ
ਦਿਤੀ। ਤਾਂ ਹੀ ਉਨ੍ਹਾਂ ਦਾ ਪੁਜਾਰੀ ਤਾਕਤਾਂ ਨਾਲ
ਸੰਵਾਦ ਤਾਂ ਹੋਇਆ, ਪਰ ਸ਼ਰੀਰਕ ਟਕਰਾਅ ਬਹੁਤ ਘੱਟ ਹੋਇਆ। ਉਨ੍ਹਾਂ ਨੇ ਕਦੇ ਵੀ ਆਪਣੇ ਆਪ ਨੂੰ
ਸਥਾਪਿਤ ਫਿਰਕਿਆਂ ਦਾ ਹਿੱਸਾ ਮੰਨ ਕੇ ਸਤਹੀ ਸੁਧਾਰ ਦੇ ਜਤਨ ਨਹੀਂ ਕੀਤੇ, ਬਲਕਿ ਫਿਰਕਿਆਂ ਦੀ ਵਲਗਣ
ਤੋਂ ਉਪਰ ਉਠ ਕੇ ਸੱਚ ਨਾਲ ਜੁੜਣ ਦਾ ਇਨਕਲਾਬੀ ਹੋਕਾ ਦਿੱਤਾ।
ਪੰਥਪ੍ਰੀਤ ਸਿੰਘ ਜੀ ਸਮੇਤ ਸਾਡੇ
ਸਾਰਿਆਂ ਦੀ ਜਾਗਰੂਕਤਾ ‘ਸਿੱਖ ਰਹਿਤ ਮਰਿਯਾਦਾ’ ਜਾਂ ‘ਅਕਾਲ ਤਖਤੀ ਪੁਜਾਰੀ ਵਿਵਸਥਾ’ ਦੇ ਬੁਲਾਵਿਆਂ
ਤੇ ਜਦੋਂ ਦੁਬਕ ਕੇ ਸੱਚ ਦੇ ਵਿਰੁਧ ਖੜੀ ਹੋ ਜਾਂਦੀ ਹੈ ਤਾਂ ਉਸ ਸਮੇਂ ਅਸੀਂ ਬਾਬਾ ਨਾਨਕ ਦੇ ਨਾਂ
ਤੇ ਹੀ, ਉਨ੍ਹਾਂ ਦੀ ਵਿਚਾਰਧਾਰਾ ਦੇ ਬੀਜ-ਨਾਸ਼ ਲਈ ਖੜੀ ਕਰ ਦਿਤੀ ਗਈ ‘ਸਿੱਖ ਫਿਰਕੇ’ ਦਾ ਹਿੱਸਾ ਬਣ
ਜਾਂਦੇ ਹਾਂ।
‘ਤੱਤ ਗੁਰਮਤਿ ਪਰਿਵਾਰ’ ਸੱਚ ਨਾਲ ਜੁੜ ਕੇ ਸਮੁੱਚੀ ਮਨੁੱਖਤਾ ਤੱਕ
ਪਹੁੰਚਾਉਣ ਦੇ ਚਾਹਵਾਨ ਸੱਜਣਾਂ ਨੂੰ ਇਹ ਠੋਸ ਫੈਸਲਾ ਕਰਨ ਦਾ ਹੋਕਾ ਦਿੰਦਾ ਹੈ ਕਿ ਅਸੀਂ ਬਾਬਾ
ਨਾਨਕ ਦੀ ਦਿੱਤੀ ਗੁਰਬਾਣੀ ਸੇਧ ਵਿਚ ‘ਗੁਰਮਤਿ ਇਨਕਲਾਬ’ ਦੇ ਪਾਂਧੀ ਬਨਣਾ ਹੈ ਜਾਂ ਫੇਰ ਸਿੱਖ
ਫਿਰਕੇ ਦਾ ਇਕ ਹਿੱਸਾ ਮਾਤਰ ਬਣ ਕੇ ਬਾਬਾ ਨਾਨਕ ਦੇ ਪੈਰੋਕਾਰ ਹੋਣ ਦਾ ਭਰਮ ਪਾਲੀ ਰੱਖਣਾ ਹੈ।
ਜੇ ਅਸੀਂ ਗੁਰਮਤਿ ਇਨਕਲਾਬ ਦੇ ਪਾਂਧੀ ਹੋਣ ਦਾ ਦਮ
ਰੱਖਦੇ ਹਾਂ ਤਾਂ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਦਸਮ ਗ੍ਰੰਥ ਵਿਵਾਦ ਤੋਂ ਅੱਗੇ ਜਾ ਕੇ
ਉਨ੍ਹਾਂ ਸੁਖਮ ਕਾਰਨਾਂ ਦਾ ਵਿਸ਼ਲੇਸ਼ਨ ਅਤੇ ਪ੍ਰਚਾਰ ਵੀ ਕਰਨਾ ਹੈ ਜਿਸ ਨੇ ਇਕ ਲਾਸਾਣੀ ਇਨਕਲਾਬ ਨੂੰ
ਇਕ ਸੰਕੀਰਨ ਫਿਰਕੇ ਦਾ ਰੂਪ ਦੇ ਦਿਤਾ। ਬਾਬਾ ਨਾਨਕ ਦੀ ਸੇਧ ਵਿਚ ਸੰਪਰਦਾਈਂ ਧਿਰਾਂ ਨਾਲ ਨੀਵੇਂ
ਪੱਧਰ ਦੀ ਇਲਜ਼ਾਮ ਤਰਾਸ਼ੀ ਵਿਚ ਉਲਝ ਕੇ ਆਪਣੀ ਸ਼ਕਤੀ ਗੁਆਉਣ ਦੀ ਥਾਂ ਖਰੀ ਗੱਲ ਸਪਸ਼ਟਤਾ ਨਾਲ, ਬਿਨਾ
ਲਾਗ ਲਪੇਟ ਦੇ ਲੋਕਾਂ ਸਾਹਮਣੇ ਰੱਖਣੀ ਹੈ।
ਸਾਨੂੰ ਫੈਸਲਾ ਕਰਨਾ ਹੀ ਪੈਣਾ ਹੈ ਕਿ
ਅਸੀਂ ਇਸ ਸਥਾਪਿਤ ਹੋ ਚੁੱਕੇ ਫਿਰਕੇ ਵਿਚ ‘ਸਤਹੀ ਸੁਧਾਰ’ ਨੂੰ ਮਕਸਦ ਬਣਾਉਣਾ ਹੈ ਜਾਂ ਸਮੁੱਚੀ
ਮਾਨਵਤਾ ਲਈ ਵਰਦਾਨ ‘ਗੁਰਮਤਿ ਇਨਕਲਾਬ’ ਨੂੰ ਇਸਦੇ ਮੂਲ-ਰੂਪ ਵਿਚ ਪੁਨਰ-ਸੁਰਜੀਤ ਕਰਨ ਦਾ ਮਿਸ਼ਨ ਲੈ
ਕੇ ਤੁਰਨਾ ਹੈ?
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
21 ਮਈ 2017 (ਈਸਵੀ)
|
. |