.

ਸਾਕਤ ਸਿਉ ਭੂਲਿ ਨਹੀ ਕਹੀਐ॥ …

ਇਹ ਇੱਕ ਸਰਵਮਾਨੀ ਪ੍ਰਵਾਣਿਤ ਸੱਚਾਈ ਹੈ ਕਿ ਜੀਵਾਂ ਦਾ ਜਨਮ-ਜਾਤ ਸੁਭਾਉ ਕਦੇ ਨਹੀਂ ਬਦਲਦਾ। ਇਸ ਤੱਥ ਨੂੰ ਦਰਸਾਉਂਦੀਆਂ ਕਈ ਲੋਕੋਕਤੀਆਂ ਵੀ ਪ੍ਰਚੱਲਿਤ ਹਨ, ਜਿਵੇਂ: ਰੱਸੀ ਸੜ ਜਾਂਦੀ ਹੈ ਪਰ ਉਸ ਦਾ ਵਲ ਨਹੀਂ ਜਾਂਦਾ; ਕੋਇਲੇ ਤੇ ਕਾਲਖ ਦਾ ਸੰਬੰਧ ਸਦੀਵੀ ਹੁੰਦਾ ਹੈ; ਕੁੱਤੇ ਦੀ ਦੁਮ (ਪੂਛ) ਕਦੇ ਸਿੱਧੀ ਨਹੀਂ ਹੁੰਦੀ; ਕੁੱਤਾ ਕਿਸੇ ਵੀ ਹਾਲਤ ਵਿੱਚ ਆਪਣੀ ਚੱਕੀ ਚੱਟਣ ਦੀ ਆਦਤ ਨਹੀਂ ਬਦਲਦਾ; ਖੋਤਾ ਚੋਆ ਚੰਦਨ ਨੂੰ ਨਜ਼ਰਅੰਦਾਜ਼ ਕਰਕੇ ਖੇਹ ਉੱਤੇ ਲਿਟ ਕੇ ਹੀ ਖ਼ੁਸ਼ ਰਹਿੰਦਾ ਹੈ ……ਆਦਿ। ਇਸੇ ਤਰ੍ਹਾਂ, ਰੱਬ ਦੀ ਹੋਂਦ ਤੋਂ ਮੁਨਕਿਰ ਤਾਮਸੀ ਸੁਭਾਉ ਵਾਲਾ ਮਾਇਆ-ਪੂਜ ਸਾਕਤ ਨਾਮ-ਅੰਮ੍ਰਿਤ ਨੂੰ ਤਿਆਗ ਕੇ ਮਾਇਆ ਅਤੇ ਇਸ ਦੀ ਕੁੱਖੋਂ ਜਨਮੇ ਘਾਤਿਕ ਵਿਕਾਰਾਂ ਦੀ ਖੇਹ ਵਿੱਚ ਖੇਡ ਕੇ ਹੀ ਖ਼ੁਸ਼ ਰਹਿਣ ਦੀ ਆਪਣੀ ਅਮਾਨਵੀ ਆਦਤ ਨਹੀਂ ਤਿਆਗ ਸਕਦਾ। ਜਿਹੜਾ ਬੰਦਾ ਰੱਬ ਦੀ ਹੋਂਦ ਨੂੰ ਹੀ ਨਹੀਂ ਮੰਨਦਾ, ਉਸ ਨੂੰ ਅਧਿਆਤਮਿਕ ਗਿਆਨ ਦੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਨੀ ਆਪਣੇ ਲਈ ਖ਼ਤਰਾ ਸਹੇੜਨ ਦੇ ਸਮਾਨ ਹੈ। ਗੁਰਬਾਣੀ ਦੇ ਕਈ ਸ਼ਬਦਾਂ ਵਿੱਚ ਸਾਕਤਾਂ ਦੇ ਇਸ ਘਿਣਾਉਣੇ ਕਿਰਦਾਰ ਨੂੰ ਬੜੇ ਦਲੀਲਮਈ ਢੰਗ ਨਾਲ ਬਿਆਨ ਕੀਤਾ ਗਿਆ ਹੈ। ਕਬੀਰ ਜੀ ਦਾ ਫ਼ਰਮਾਨ ਹੈ:-

ਕਹਾ ਸੁਆਨ ਕਉ ਸਿੰਮ੍ਰਿਤਿ ਸੁਨਾਏ॥ ਕਹਾ ਸਾਕਤ ਪਹਿ ਹਰਿ ਗੁਨ ਗਾਏ॥ ੧॥ ਰਾਮ ਰਾਮ ਰਾਮ ਰਾਮ ਰਮੇ ਰਮਿ ਰਹੀਐ॥ ਸਾਕਤ ਸਿਉ ਭੂਲਿ ਨਹੀ ਕਹੀਐ॥ ੧॥ ਰਹਾਉ॥

ਕਊਆ ਕਹਾ ਕਪੂਰ ਚਰਾਏ॥ ਕਹ ਬਿਸੀਅਰ ਕਉ ਦੂਧੁ ਪੀਆਏ॥ ੨॥

ਸਤ ਸੰਗਤਿ ਮਿਲਿ ਬਿਬੇਕ ਬੁਧਿ ਹੋਈ॥ ਪਾਰਸੁ ਪਰਸਿ ਲੋਹਾ ਕੰਚਨੁ ਸੋਈ॥ ੩॥ ਸਾਕਤੁ ਸੁਆਨੁ ਸਭੁ ਕਰੇ ਕਰਾਇਆ॥ ਜੋ ਧੁਰਿ ਲਿਖਿਆ ਸੁ ਕਰਮ ਕਮਾਇਆ॥ ੪॥

ਅਮ੍ਰਿਤੁ ਲੈ ਲੈ ਨੀਮੁ ਸਿੰਚਾਈ॥ ਕਹਤ ਕਬੀਰ ਉਆ ਕੋ ਸਹਜੁ ਨ ਜਾਈ॥ ੫॥ ਆਸਾ ਕਬੀਰ ਜੀ

ਸ਼ਬਦ ਅਰਥ:- ਕਹਾ: ਕਿਸ ਲਾਭ ਵਾਸਤੇ, ਕਾਹਦੇ ਲਈ। ਸੁਆਨ: ਕੂਕਰ, ਕੁੱਤਾ। ਸਿੰਮ੍ਰਿਤਿ: ਧਰਮ-ਗ੍ਰੰਥ। ਪਹਿ: ਕੋਲ, ਪਾਸ। ੧। ਰਮੇ ਰਮਿ ਰਹੀਐ: ਹਰ ਵਕਤ ਸਿਮਰਦੇ ਰਹੀਏ। ਸਾਕਤ: ਪ੍ਰਭੂ ਦੀ ਹੋਂਦ ਨੂੰ ਨਾ ਮੰਨਣ ਵਾਲਾ, ਨਾਸਤਿਕ, ਦਾਤਾਰ ਦੀਆਂ ਦਾਤਾਂ ਤੋਂ ਇਨਕਾਰ ਕਰਨ ਵਾਲਾ, ਮਾਇਆ ਦਾ ਪੁਜਾਰੀ, ਇਨਸਾਨੀਯਤ ਤੋਂ ਗਿਰਿਆ ਹੋਇਆ ਮਨੁੱਖ, ਪਤਿਤ। ੧। ਰਹਾਉ।

ਕਹਾ: ਕਿਉਂ, ਕਿਸ ਵਾਸਤੇ। ਕਪੂਰ: ਕਾਫ਼ੂਰ, ਇੱਕ ਰੁੱਖ ਦੇ ਰਸ ਤੋਂ ਬਣਿਆ ਗੁਣਕਾਰੀ ਪਦਾਰਥ ਜੋ ਕਈ ਰੋਗਾਂ ਦੀ ਦਵਾ ਹੈ, ਕਾਫ਼ੂਰ ਨੂੰ ਪੂਜਾ ਸਮੇਂ ਇਸ਼ਟ-ਦੇਵ ਅੱਗੇ ਜਲਾਇਆ ਵੀ ਜਾਂਦਾ ਹੈ। ਚਰਾਏ: ਚੁਗਾਉਣਾ, ਖੁਆਉਣਾ। ਬਿਸੀਅਰ: ਜ਼ਹਿਰੀਲਾ ਸੱਪ। ੨।

ਬਿਬੇਕ ਬੁਧਿ: ਵਿਵੇਚਨ ਸ਼ਕਤੀ (power of reasoning), ਸਹੀ ਗ਼ਲਤ ਦੀ ਪਹਿਚਾਨ ਕਰਨ ਵਾਲੀ ਬੁੱਧੀ। ਪਰਸਿ: ਪਰਸਣਾ=ਛੂਹਣਾ; ਪਰਸਿ: ਛੂਹ ਕੇ। ਕੰਚਨੁ: ਸੋਨਾ, ਕੀਮਤੀ ਧਾਤ। ਸੋਈ: ਉਹੀ ਨਿਗੁਣਾ ਲੋਹਾ। ੩। ਧੁਰਿ ਲਿਖਿਆ: ਮਨੁੱਖ ਦੇ ਕੀਤੇ ਪੂਰਬਲੇ ਕਰਮਾਂ ਅਨੁਸਾਰ। ੪। ਅੰਮ੍ਰਿਤੁ: ਮ੍ਰਿਤ-ਸੰਜੀਵਨੀ, ਉਹ ਕੀਮੀਆਈ ਪਦਾਰਥ ਜਿਸ ਦੇ ਸੇਵਨ ਨਾਲ ਮਨੁੱਖ ਦੀ (ਆਤਮਿਕ) ਮੌਤ ਨਹੀਂ ਹੁੰਦੀ, ਗੁਰਮਤਿ ਅਨੁਸਾਰ: ਹਰਿਨਾਮਨੀਮੁ: ਨਿੰਮ, ਇੱਕ ਅਤਿ ਕੌੜਾ ਬ੍ਰਿਛ। ਸਿੰਚਾਈ: ਸਿੰਜਣਾ: ਪਾਣੀ ਦੇਣਾ। ਉਆ ਕੋ: ਉਸ (ਨਿੰਮ) ਦਾ। ਸਹਜੁ: ਜਨਮ-ਜਾਤ ਸੁਭਾ, ਸੀਰਤ। ੫।

ਭਾਵ ਅਰਥ:- (ਜਿਵੇਂ) ਕੁੱਤੇ ਨੂੰ ਗ੍ਰੰਥ-ਬਾਣੀ ਸੁਣਾਉਣ ਦਾ ਕੋਈ ਫ਼ਾਇਦਾ ਨਹੀਂ। (ਤਿਵੇਂ) ਰੱਬ ਨਾਲੋਂ ਟੁੱਟੇ ਹੋਏ ਮਾਇਆ-ਪੂਜ ਮਨੁੱਖ (ਸਾਕਤ) ਅੱਗੇ ਪ੍ਰਭੂ ਦੇ ਗੁਣਾਂ ਦਾ ਗਾਇਨ ਕਰਨ ਦਾ ਵੀ ਕੋਈ ਲਾਭ ਨਹੀਂ। ੧।

ਸਾਨੂੰ ਆਪ ਹਮੇਸ਼ਾ ਹਰਿਨਾਮ ਸਿਮਰਦੇ ਰਹਿਣਾ ਚਾਹੀਦਾ ਹੈ। (ਪਰੰਤੂ) ਰੱਬ ਨਾਲੋਂ ਟੁੱਟੇ ਹੋਏ ਮਾਇਆਧਾਰੀ ਮਨੁੱਖ ਨੂੰ ਭੁੱਲ ਕੇ ਵੀ ਨਾਮ-ਸਿਮਰਨ ਦੀ ਸਿੱਖਿਆ ਨਹੀਂ ਦੇਣੀ ਚਾਹੀਦੀ। ੧। ਰਹਾਉ।

(ਗੰਦਗੀ ਖਾਣ ਦੇ ਆਦੀ) ਕਾਂ ਨੂੰ ਗੁਣਕਾਰੀ ਕਾਫ਼ੂਰ ਖਵਾਉਣ ਦਾ ਕੋਈ ਫ਼ਾਇਦਾ ਨਹੀਂ (ਕਿਉਂਕਿ ਉਹ ਕਾਫ਼ੂਰ ਖਾ ਕੇ ਵੀ ਗੰਦਗੀ ਖਾਣ ਤੋਂ ਬਾਜ਼ ਨਹੀਂ ਆਵੇ ਗਾ)। ਜ਼ਹਿਰੀਲੇ ਸੱਪ ਨੂੰ ਦੁੱਧ ਪਿਆਉਣ ਦਾ ਵੀ ਕੋਈ ਲਾਭ ਨਹੀਂ (ਕਿਉਂਕਿ ਉਹ ਦੁੱਧ-ਅੰਮ੍ਰਿਤ ਪੀ ਕੇ ਵੀ ਦੁੱਧ ਪਿਆਉਣ ਵਾਲੇ ਨੂੰ ਹੀ ਡੰਗ ਮਾਰੇ ਗਾ)। ੨।

ਜਿਵੇਂ ਪਾਰਸ ਨੂੰ ਛੂਹ ਕੇ ਨਿਗੁਣਾ ਲੋਹਾ ਸੋਨਾ ਬਣ ਜਾਂਦਾ ਹੈ ਤਿਵੇਂ ਸੱਚੀ ਸੰਗਤ ਵਿੱਚ ਬੈਠ ਕੇ ਨਾਮ-ਸਿਮਰਨ ਕਰਨ ਨਾਲ ਬਿਬੇਕ ਬੁੱਧ ਪ੍ਰਾਪਤ ਹੁੰਦੀ ਹੈ। ੩।

ਸਾਕਤ ਜਾਂ ਕੁੱਤਾ ਜੋ ਕੁੱਝ ਵੀ ਕਰਦਾ ਹੈ ਉਹ ਆਪਣੇ ਤਾਮਸੀ ਸੁਭਾਉ ਦਾ ਪ੍ਰੇਰਿਆ ਹੋਇਆ ਹੀ ਕਰਦਾ ਹੈ। ਪੂਰਬਲੇ ਨਿਖਿਧ/ਮਾੜੇ ਕਰਮਾਂ ਅਨੁਸਾਰ ਜੋ ਕੁਛ ਉਸ ਦੇ ਮੱਥੇ `ਤੇ ਲਿਖਿਆ ਗਿਆ ਹੈ, ਉਸੇ ਅਨੁਸਾਰ ਉਹ ਕਰਮ ਕਰਦਾ ਹੈ। ੪।

ਕਬੀਰ ਕਹਿੰਦਾ ਹੈ ਕਿ, ਮਿੱਠੇ ਅੰਮ੍ਰਿਤ-ਜਲ ਨਾਲ ਨਿੰਮ ਨੂੰ ਬਾਰ ਬਾਰ ਸਿੰਜਣ ਨਾਲ ਵੀ ਉਸ ਦੀ ਅੰਦਰਲੀ ਕੁੜੱਤਣ ਨਹੀਂ ਮਰਦੀ। ੫।

ਉਕਤ ਵਿਚਾਰੇ ਸ਼ਬਦ ਦਾ ਸਾਰੰਸ਼:- ਜੀਵਨ-ਮੁਕਤ ਹੋਣ ਵਾਸਤੇ ਨਿਰਮੈਲ ਮਨ ਨਾਲ ਪ੍ਰਭੂ ਦਾ ਨਾਮ ਸਿਮਰਦੇ ਰਹਿਣਾ ਚਾਹੀਦਾ ਹੈ। ਨਾਮ-ਸਿਮਰਨ ਲਈ ਬਿਬੇਕ ਬੁਧਿ ਦੀ ਲੋੜ ਹੈ; ਇਹ ਬਿਬੇਕ ਬੁਧਿ ਸੱਚੀ ਸੰਗਤ ਵਿੱਚ ਬੈਠ ਕੇ ਨਾਮ-ਚਰਚਾ ਕਰਨ ਨਾਲ ਹੀ ਪ੍ਰਾਪਤ ਹੁੰਦੀ ਹੈ। ਕਬੀਰ ਜੀ ਦੇ ਕਥਨ ਅਨੁਸਾਰ, ਇਹ ਸਿੱਧਾਂਤ ਸਾਕਤਾਂ ਵਾਸਤੇ ਨਹੀਂ ਹੈ; ਕਿਉਂਕਿ ਉਨ੍ਹਾਂ (ਸਾਕਤਾਂ) ਦਾ ਜਨਮ-ਜਾਤ ਸੁਭਾਉ ਕੁੱਤੇ, ਕਾਂ, ਸੱਪ ਤੇ ਨਿੰਮ ਦੇ ਸੁਭਾਉੇ ਵਾਂਗ ਅਬਦਲ ਹੁੰਦਾ ਹੈ। ਸਾਕਤਾਂ ਸਾਹਮਨੇ ਗਿਆਨ ਦੀ ਗੱਲ ਕਰਨੀ ਆਪਣੀ ਜਾਨ ਜੋਖੋਂ ਵਿੱਚ ਪਾਉਣ ਦੇ ਸਮਾਨ ਹੈ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ! ਹਰ ਰੋਜ਼ ਗੁਰਮਤਿ-ਗਿਆਨ ਦਾ ਸੱਚਾ ਪ੍ਰਚਾਰ ਕਰਨ ਵਾਲਿਆਂ ਉੱਤੇ ਇਨਸਾਨੀਅਤ ਤੋਂ ਗਿਰੇ ਹੋਏ ਹੁੱਲੜਬਾਜ਼ ਸਾਕਤਾਂ ਵੱਲੋਂ ਹੁੰਦੇ ਵਹਿਸ਼ੀਆਨਾ ਹਮਲੇ ਇਸ ਸੱਚ ਦਾ ਅਕੱਟ ਸਬੂਤ ਹਨ।

ਸਾਕਤ ਸਿਉ ਭੂਲਿ ਨਹੀ ਕਹੀਐ॥ ਦੇ ਗੁਰਮਤੀ ਉਪਦੇਸ਼ ਉੱਤੇ ਅਮਲ ਕਰਨ ਦੇ ਰਾਹ ਵਿੱਚ ਸੱਚੇ ਗੁਰਸਿੱਖਾਂ ਵਾਸਤੇ ਦੋ ਵੱਡੀਆਂ ਰੁਕਾਵਟਾਂ ਹਨ: ਪਹਿਲੀ, ਧਰਮਸ਼ਾਲਾਵਾਂ (ਅੱਜ ਦੇ ਗੁਰੂਦਵਾਰੇ) ਜਿੱਥੇ ਸਿੱਖਾਂ-ਸੇਵਕਾਂ ਨੇ ਸੱਚੀ ਸੰਗਤ ਵਿੱਚ ਬੈਠ ਕੇ ਨਾਮ-ਸਿਮਰਨ ਕਰਨਾ ਹੈ, ਉੱਤੇ ਉਨ੍ਹਾਂ ਮਾਇਆਧਾਰੀ ਸਾਕਤਾਂ ਦਾ ਕਬਜ਼ਾ ਹੈ ਜਿਨ੍ਹਾਂ ਦੀ ਅਕਲ ਉੱਤੇ ਹਉਮੈਂ ਦਾ ਪਰਦਾ ਪਿਆ ਹੋਇਆ ਹੈ। ਹਉਮੈਂ-ਮਾਰੇ ਇਨ੍ਹਾਂ ਬੂਝੜ ਸਾਕਤਾਂ ਨੇ ਆਪਣੀਆਂ ਕਾਲੀਆਂ ਕਰਤੂਤਾਂ ਨਾਲ ਗੁਰੂਦਵਾਰਿਆਂ ਦਾ ਪਵਿਤ੍ਰ ਮਾਹੌਲ ਇਤਨਾ ਗੰਧਲਾ ਕਰ ਰੱਖਿਆ ਹੈ ਕਿ ਉੱਥੇ ਗਏ ਸ਼੍ਰੱਧਾਲੂਆਂ ਨੂੰ ਨਾ ਤਾਂ ਰੱਬ ਦੇ ਦਰਸ਼ਨ ਹੁੰਦੇ ਹਨ, ਨਾ ਗਿਆਨ-ਗੁਰੂ ਦੀ ਝਲਕ ਨਸੀਬ ਹੁੰਦੀ ਹੈ ਅਤੇ ਨਾ ਹੀ ਸੱਚੀ ਸੰਗਤ, ਜਿਸ ਵਿੱਚ ਬੈਠ ਕੇ ਨਾਮ-ਚਰਚਾ ਕੀਤੀ/ਸੁਣੀ ਜਾ ਸਕੇ, ਨਜ਼ਰ ਆਉਂਦੀ ਹੈ! ਜੇ ਨਜ਼ਰ ਆਉਂਦਾ ਹੈ ਤਾਂ ਸਿਰਫ ਹੁੱਲੜਬਾਜ਼ ਸਾਕਤ-ਜੁੰਡਲੀਆਂ, ਅੰਧਵਿਸ਼ਵਾਸੀ ਲੋਕ, ਅੰਧਵਿਸ਼ਵਾਸੀਆਂ ਦੀ ਛਲ-ਕਪਟ ਤੇ ਕਰਮਕਾਂਡਾਂ ਨਾਲ ਕੀਤੀ ਜਾਂਦੀ ਲੁੱਟ ਅਤੇ ਜਾਂ ਫਿਰ ਨਾਮ ਧਰੀਕ ਸਿੱਖਾਂ, ਸਿੰਘਾਂ ਤੇ ਖ਼ਾਲਸਿਆਂ ਦੀਆਂ ਆਪਸੀ ਵਹਿਸ਼ੀਆਨਾ ਮੁੱਠ-ਭੇੜਾਂ, ਗੰਦਾ ਗਾਲੀ ਗਲੋਚ ਤੇ ਵੱਡੇ ਪੱਧਰ `ਤੇ ਗੁੰਡਾਗਰਦੀ ਅਤੇ ਗੁੰਡਾਗਰਦੀ ਨੂੰ ਰੋਕਣ ਲਈ ਪੁਲੀਸ ਫ਼ੋਰਸ! ! ਵਾਹ ਵਾਹ! ਕੀ ਕਹਿਣੇ ਐਹੋ ਜੇਹੀ ਸਿੱਖੀ ਦੇ! ! !

ਦੂਜੀ ਵੱਡੀ ਰੁਕਾਵਟ ਇਹ ਹੈ ਕਿ ਜੇ ਕੁੱਝ ਗਿਣੇ-ਚੁਣੇ ਸੱਚੇ ਨਾਮ-ਲੇਵਾ ਲੋਕ, ਗੁੰਡੇ ਸਾਕਤਾਂ ਦੇ ਕਬਜ਼ੇ ਵਾਲੇ ਗੁਰੂਦਵਾਰੇ ਤੋਂ ਅਲੱਗ, ਕਿਤੇ ਹੋਰ ਮਿਲ ਬੈਠ ਕੇ ਨਾਮ-ਚਰਚਾ ਕਰਨ/ਸੁਣਨ ਲਈ ਇਕੱਠੇ ਹੁੰਦੇ ਹਨ ਤਾਂ, ਗੁਰਮਤਿ-ਦ੍ਰੋਹੀ ਸਾਕਤ ਤੇ ਉਨ੍ਹਾਂ ਦੇ ਪਿੱਛੇ ਲੱਗੇ ਉਜੱਡ ਹੁੱਲੜਬਾਜ਼ ਉੱਥੇ ਵੀ ਊਧਮ ਮਚਾਉਣ ਤੇ ਮਾਰ-ਧਾੜ ਕਰਨ ਪਹੁੰਚ ਜਾਂਦੇ ਹਨ! … …

‘ਆਲੀਸ਼ਾਨ’ ਗੁਰੂਦਵਾਰਿਆਂ ਵਿੱਚ, ‘ਸਿੱਖ’ ਸਾਕਤਾਂ ਵੱਲੋਂ, ਸ਼ਰਮ ਨੂੰ ਵੀ ਸ਼ਰਮਸਾਰ ਕਰਨ ਵਾਲੇ, ਦਿਖਾਏ ਜਾਂਦੇ ਇਨ੍ਹਾਂ ‘ਸੁੰਦਰ’ ਤੇ ‘ਮਨਮੋਹਕ’ ਨਜ਼ਾਰਿਆਂ ਨੇ ‘ਸਿੱਖਾਂ’ ਦੀ ਸੰਸਾਰ ਭਰ ਵਿੱਚ ਬੜੀ ਸੁਹਣੀ ‘ਵੱਖਰੀ ਪਹਿਚਾਨ’ ਬਣਾਈ ਹੈ ਤੇ ਹਰ ਰੋਜ਼ ਬਣਾ ਰਹੇ ਹਨ! ! ਇਸ ‘ਵੱਖਰੀ ਪਹਿਚਾਨ’ ਬਣਾਉਣ ਦਾ ਸਿਹਰਾ ਗੁਰਮਤਿ ਦੇ ਕਥਿਤ ਰਖਵਾਲਿਆਂ (ਅਕਾਲ਼ੀਆਂ, ਜਥੇਦਾਰਾਂ, ਪ੍ਰਬੰਧਕ ਕਮੇਟੀਆਂ, ਪੁਜਾਰੀਆਂ ਤੇ ਇਨ੍ਹਾਂ ਮਗਰ ਲੱਗੇ ਅਕਲ ਦੇ ਅੰਨ੍ਹੇ ਪਿਛਲੱਗਾਂ) ਦੇ ਸਿਰ ਹੈ! ! ! ! ਅਕਾਲੀ ਲੀਡਰਾਂ ਤੇ ਜਥੇਦਾਰਾਂ ਵਗ਼ੈਰਾ ਵੱਲੋਂ ਹਰ ਦਿਨ ਦਾਗੇ ਜਾਂਦੇ ਝੂਠੇ, ਬੇਹੂਦਾ, ਬੇਤੁਕੇ ਤੇ ਹਾਸੋਹੀਣੇ ਬਿਆਨ* ਇਸ ਤੱਥ ਦਾ ਪ੍ਰਮਾਣ ਹਨ! ! !

ਗੁਰਇੰਦਰ ਸਿੰਘ ਪਾਲ

ਮਈ 21, 2017.




.