ਬੁੱਚੜ ਤਾਂ ਦੂਸਰੇ ਪਾਸੇ ਵੀ ਬਥੇਰੇ ਸਨ
ਕੁੱਝ ਦਿਨ ਪਹਿਲਾਂ ਪੰਜਾਬ ਦੇ ਰਹਿ
ਚੁੱਕੇ ਪੁਲੀਸ ਮੁਖੀ ਕੇ. ਪੀ. ਐੱਸ ਗਿੱਲ ਦੀ ਮੌਤ ਹੋ ਗਈ ਸੀ। ਬਹੁਤੇ ਸਿੱਖ ਇਸ ਨੂੰ ਬੁੱਚੜ ਨਾਲ
ਤੁਲਨਾ ਦਿੰਦੇ ਸਨ। ਕਿਉਂਕਿ ਇਸ ਤੇ ਬਹੁਤ ਸਾਰੇ ਝੂਠੇ ਪੁਲੀਸ ਮੁਕਾਬਲੇ ਬਣਾ ਕੇ ਮਾਰਨ ਦੇ ਦੋਸ਼
ਲਗਦੇ ਸਨ। ਜਸਵੰਤ ਸਿੰਘ ਖਾਲੜਾ ਨੂੰ ਮਾਰਨ ਵਿੱਚ ਵੀ ਇਸ ਦੀ ਸਮੂਲੀਅਤ ਦੱਸੀ ਜਾਂਦੀ ਹੈ। ਸ਼ਰਾਬ ਪੀ
ਕੇ ਜਨਾਨੀਆਂ ਨੂੰ ਛੇੜਨ ਦੇ ਕੇਸ ਵੀ ਚਲਦੇ ਰਹੇ ਹਨ। ਹੋ ਸਕਦਾ ਹੈ ਕਿ ਇਸ ਨੇ ਕਿਸੇ ਨਾਲ ਜਬਰ-ਜਨਾਹ
ਵੀ ਕੀਤਾ ਹੋਵੇ। ਇਤਨਾ ਕੁੱਝ ਹੋਣ ਦੇ ਬਾਵਜੂਦ ਵੀ ਤਕਰੀਬਨ ਸਾਰੀਆਂ ਹੀ ਸਿਆਸੀ ਪਾਰਟੀਆਂ ਇਸ ਦੀ
ਪ੍ਰਸੰਸਾ ਵੀ ਕਰਦੀਆਂ ਹਨ। ਫਿਰ ਕਾਰਨ ਕੀ ਹੈ ਕਿ ਇਤਨਾ ਜਾਲਮ ਪੁਲੀਸ ਅਫਸਰ ਹੋਣ ਤੇ ਵੀ ਸਿਆਸੀ ਲੋਕ
ਇਸ ਦੀ ਪ੍ਰਸੰਸਾ ਕਰਦੇ ਹਨ? ਕੀ ਇਸ ਦਾ ਕਾਰਨ ਇਹ ਤਾਂ ਨਹੀਂ ਹੈ ਕਿ ਅਖੌਤੀ ਖਾੜਕੂਆਂ ਤੋਂ ਵੀ ਲੋਕ
ਅੱਕੇ ਹੋਏ ਸਨ? ਕੀ ਖਾਲਿਸਤਾਨੀ ਯੋਧੇ ਵੀ ਆਮ ਲੋਕਾਂ ਨਾਲ ਘਿਨਾਉਣੇ ਜੁਲਮ ਤਾਂ ਨਹੀਂ ਸੀ ਕਰਦੇ? ਕੀ
ਉਹ ਵੀ ਆਮ ਲੋਕਾਂ ਦੀਆਂ ਧੀਆਂ ਭੈਣਾਂ ਨਾਲ ਖਿਲਵਾੜ ਤਾਂ ਨਹੀਂ ਸੀ ਕਰਦੇ? ਫਿਰੌਤੀਆਂ ਲੈਣੀਆਂ ਅਤੇ
ਕਤਲ ਕਰਨੇ ਕੀ ਉਹਨਾ ਦਾ ਆਮ ਵਰਤਾਰਾ ਨਹੀਂ ਸੀ? ਕਾਲੀ ਗਰਜ਼ ਕਾਰਵਾਈ ਤੋਂ ਪਹਿਲਾਂ ਕੀ ਦਰਬਾਰ ਸਾਹਿਬ
ਦੇ ਅਹਾਤੇ ਵਿੱਚ ਕਤਲ ਅਤੇ ਫਿਰੌਤੀਆਂ ਆਮ ਵਰਤਾਰਾ ਨਹੀਂ ਸੀ? ਜਮੀਨਾ, ਜਾਇਦਾਦਾਂ ਅਤੇ ਕੋਠੀਆਂ ਤੇ
ਧੱਕੇ ਨਾਲ ਕਬਜ਼ੇ ਕਰਨੇ ਵੀ ਕੀ ਕਈ ਕਥਿਤ ਖਾੜਕੂ ਸ਼ਾਮਲ ਨਹੀਂ ਸਨ? ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ
ਸਵਾਲ ਉਠਦੇ ਹਨ ਜਿਹਨਾ ਬਾਰੇ ਤਕਰੀਬਨ ਸਾਰੇ ਹੀ ਸਿੱਖ ਵਿਦਵਾਨ ਅਤੇ ਮੀਡੀਏ ਵਾਲੇ ਜਾਂ ਤਾਂ ਚੁੱਪ
ਰਹਿੰਦੇ ਹਨ ਅਤੇ ਜਾਂ ਫਿਰ ਦੱਬਵੀਂ ਅਵਾਜ਼ ਨਾਲ ਮਾੜਾ-ਮੋਟਾ ਕਿਤੇ ਜ਼ਿਕਰ ਕਰ ਦਿੰਦੇ ਹਨ।
ਆਓ ਹੁਣ ਕਥਿਤ ਖਾਲਿਸਤਾਨੀ ਧਰਮੀ ਬੁੱਚੜਾਂ ਦੀ ਇੱਕ ਕਹਾਣੀ ਵੀ ਸਾਂਝੀ ਕਰ ਲਈਏ। ਕੀ ਉਹ ਕੇ. ਪੀ.
ਐੱਸ ਗਿੱਲ ਨਾਲੋਂ ਘੱਟ ਬੁੱਚੜ ਸਨ ਜਾਂ ਵੱਧ। ਇਹ ਕਹਾਣੀ ਕੁੱਝ ਦਿਨ ਪਹਿਲਾਂ 9 ਮਈ 2017 ਨੂੰ
ਸਪੋਕਸਮੈਨ ਅਖਬਾਰ ਵਿੱਚ ਛਪੀ ਸੀ। ਲਓ ਪੜ੍ਹ ਲਓ ਇਹ ਕਹਾਣੀ ਜੋ ਕਿ ਲਾਲ ਅੱਖਰਾਂ ਵਿੱਚ ਹੈ:
ਵਿਛੜ ਗਏ ਦੋਸਤ ਨੂੰ ਯਾਦ ਕਰਦਿਆਂ
ਦੋਸਤੀ ਦੀ ਗੱਲ ਕਰਨ ਲਗਿਆਂ ਮੈਂ ਦਸਣਾ ਚਾਹਾਂਗਾ ਕਿ ਮੈਂ ਅੱਜ ਤਕ ਕਿਸੇ ਨੂੰ ਦੋਸਤ ਨਹੀਂ ਬਣਾਇਆ।
ਇਸ ਦਾ ਕਾਰਨ ਸ਼ਾਇਦ ਮੈਨੂੰ ਦੋਸਤੀ ਦੀ ਸਮਝ ਨਹੀਂ ਜਾਂ ਮੈਨੂੰ ਦੋਸਤ ਬਣਾਉਣ ਦਾ ਵੱਲ ਨਹੀਂ। ਫਿਰ ਵੀ
ਮੈਂ ਪੰਜ ਜਣਿਆਂ ਦਾ ਦੋਸਤ ਹਾਂ ਜਿਨ੍ਹਾਂ ਵਿਚੋਂ ਚਾਰ ਅਜੇ ਕਾਇਮ ਹਨ ਅਤੇ ਇਕ ਨੂੰ ਅਤਿਵਾਦ ਦੇ
ਕਾਲੇ ਦਿਨਾਂ ਨੇ ਮੈਥੋਂ ਖੋਹ ਲਿਆ। ਵਿਛੜ ਗਏ ਦੋਸਤ ਨੂੰ ਯਾਦ ਕਰ ਕੇ ਮਨ ਕਾਫ਼ੀ ਦਿਨਾਂ ਤੋਂ ਬੇਚੈਨ,
ਸੀ ਇਸ ਲਈ ਅਪਣਾ ਮਨ ਹੌਲਾ ਕਰਨ ਲਈ ਲਿਖਣ ਬੈਠ ਗਿਆ। ਪਰ ਇਸ ਤੋਂ ਪਹਿਲਾਂ ਬਚਪਨ ਦਾ ਇਕ ਵਾਕਿਆ
ਪਾਠਕਾਂ ਨਾਲ ਸਾਂਝਾ ਕਰਾਂਗਾ। ਛੇਵੀਂ ਜਮਾਤ ਵਿਚ ਪੜ੍ਹਦਿਆਂ ਇਕ ਦਿਨ ਬੀਬੀ ਜੀ (ਮੇਰੇ ਮਾਤਾ ਜੀ)
ਮੈਨੂੰ ਪੁੱਛਣ ਲਗੇ, ''ਰਣਧੀਰ ਅਕਸਰ ਵੇਖੀਦਾ ਹੈ ਕਿ ਜਿਨ੍ਹਾਂ ਘਰਾਂ ਵਿਚ ਕੁੜੀਆਂ ਹੁੰਦੀਆਂ ਹਨ
ਉਨ੍ਹਾਂ ਦੇ ਘਰ ਸਹੇਲੀਆਂ ਅਤੇ ਜਿਨ੍ਹਾਂ ਦੇ ਘਰ ਮੁੰਡੇ ਹੋਣ, ਉਨ੍ਹਾਂ ਦੇ ਦੋਸਤ ਆਉਂਦੇ-ਜਾਂਦੇ ਹਨ।
ਪਰ ਸਾਡੇ ਘਰ ਤੇਰਾ ਕੋਈ ਦੋਸਤ ਕਦੀ ਨਹੀਂ ਆਇਆ।'' ਜੋ ਜਵਾਬ ਮੈਂ ਦਿਤਾ ਤੁਸੀ ਉਸ ਨੂੰ ਸਿਰਫ਼ ਮੇਰੀ
ਹਾਜ਼ਰ ਜਵਾਬੀ ਹੀ ਕਹੋਗੇ ਕਿਉਂਕਿ ਉਸ ਵੇਲੇ ਇਸ ਦੀ ਗਹਿਰਾਈ ਦਾ ਮੈਨੂੰ ਵੀ ਕੋਈ ਖ਼ਾਸ ਗਿਆਨ ਨਹੀਂ
ਸੀ। ਮੇਰਾ ਜਵਾਬ ਸੀ : ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ।। ਚਰਨ ਸਿੰਘ ਮੇਰਾ ਕਾਲਜ ਦਾ
ਸਾਥੀ ਸੀ। ਸਾਦਗੀ ਅਤੇ ਸੱਚਾਈ ਵਿਚ ਸਾਡੇ ਦੋਹਾਂ ਵਿਚੋਂ ਕੋਈ ਵੀ ਉੱਨੀ ਨਹੀਂ ਸੀ। ਪਰ ਧਰਮ ਦੇ
ਮਾਮਲੇ ਵਿਚ ਸਾਡੇ ਵਿਚਾਰਾਂ ਵਿਚ 180 ਡਿਗਰੀ ਦਾ ਫ਼ਰਕ ਸੀ। ਉਹ ਅਪਣੇ ਆਪ ਨੂੰ ਅਗਾਂਹਵਧੂ ਵਿਚਾਰਾਂ
ਵਾਲਾ ਅਤੇ ਨਾਸਤਿਕ ਅਖਵਾਉਣ ਵਿਚ ਫ਼ਖ਼ਰ ਮਹਿਸੂਸ ਕਰਦਾ ਸੀ ਪਰ ਮੈਂ ਸਾਊ ਅਤੇ ਰੱਬ ਨੂੰ ਮੰਨਣ ਵਾਲਾ
ਹੋਣ ਵਿਚ ਸੰਤੁਸ਼ਟ ਸੀ। ਬਹਿਸ ਅਤੇ ਚੁੰਝ ਚਰਚਾ ਦਾ ਕੋਈ ਮੌਕਾ ਅਸੀ ਹੱਥੋਂ ਨਹੀਂ ਸੀ ਜਾਣ ਦਿੰਦੇ।
ਕਈ ਵਾਰੀ ਬਹਿਸ ਲੜਾਈ ਝਗੜੇ ਦੇ ਲਾਗੇ-ਚਾਗੇ ਖ਼ਤਮ ਹੁੰਦੀ ਅਤੇ ਉਸ ਦਿਨ ਸਾਡੀ ਬੋਲਚਾਲ ਵੀ ਬੰਦ ਹੋ
ਜਾਂਦੀ। ਅਗਲੇ ਦਿਨ ਇਕ-ਦੂਜੇ ਨੂੰ ਬੁਲਾਉਣ ਦੇ ਬਹਾਨੇ ਲਭਦੇ। ਇਕ ਕਹਿੰਦਾ, ''ਲੋਕ ਕਿਵੇਂ ਮੂੰਹ
ਸੁਜਾਈ ਫਿਰਦੇ ਨੇ।'' ਦੂਜੇ ਪਾਸਿਉਂ ਜਵਾਬ ਆਉਂਦਾ, ''ਲੋਕ ਅਪਣਾ ਮੂੰਹ ਨਹੀਂ ਵੇਖਦੇ।'' ਤੇ ਫਿਰ
ਸਾਡੀ ਸੁਲਹ ਹੋ ਜਾਂਦੀ, ਇਕ ਨਵੀਂ ਬਹਿਸ ਨੂੰ ਸ਼ੁਰੂ ਕਰਨ ਲਈ। ਕਾਲਜ ਦੇ ਮੈਗਜ਼ੀਨ ਵਿਚ ਮੇਰਾ ਇਕ ਲੇਖ
ਛਪਿਆ। ਲੇਖ ਗੁਰੂ ਨਾਨਕ ਬਾਰੇ ਸੀ। ਮੈਂ ਗੁਰੂ ਨਾਨਕ ਨੂੰ ਅਨੰਤ ਕਲਾ ਸੰਪੂਰਨ ਦੱਸ ਕੇ ਲਿਖਿਆ ਸੀ
ਕਿ ਕਿਵੇਂ ਗੁਰੂ ਜੀ ਨੇ ਅਜੋਕੇ ਸਾਇੰਸਦਾਨਾਂ ਤੋਂ ਪਹਿਲਾਂ ਹੀ ਧੁੰਧੂਕਾਰਾ ਦਾ ਜ਼ਿਕਰ ਕਰਦਿਆਂ ਕਿਹਾ
ਸੀ 'ਅਰਬਦ ਨਰਬਦ ਧੁੰਧੂਕਾਰਾ ਧਰਣਿ ਨਾ ਗਗਨਾ ਹੁਕਮੁ ਅਪਾਰਾ। ਨਾ ਦਿਨੁ ਰੈਨ ਨ ਚੰਦ ਨ ਸੂਰਜੁ ਸੁੰਨ
ਸਮਾਧਿ ਲਗਾਇਦਾ।' ਕਿ ਕਿਵੇਂ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਪ੍ਰਮਾਤਮਾ ਸੁੰਨ ਸਮਾਧੀ ਦੀ ਅਵਸਥਾ
ਵਿਚ ਸੀ ਅਤੇ ਫਿਰ ਸੰਸਾਰ ਦੀ ਉਤਪਤੀ ਬਾਰੇ ਸਾਨੂੰ ਸਮਝਾਇਆ 'ਕੀਤਾ ਪਸਾਉ ਏਕੋ ਕਵਾਉ' ਕਿ ਕਿਵੇਂ ਉਸ
ਦੇ ਇਕ ਵਾਕ ਨਾਲ ਸਾਰੀ ਸ੍ਰਿਸ਼ਟੀ ਹੋਂਦ ਵਿਚ ਆ ਗਈ। ਉਧਰ ਅਸੀ ਨਵੀਂ ਨਵੀਂ ਬਿੱਗ ਬੈਂਗ ਅਤੇ ਵਿਕਾਸ
ਦੇ ਸਿਧਾਂਤ ਦੀ ਪੜ੍ਹਾਈ ਪੜ੍ਹੀ ਸੀ। ਉਹ ਕਹੇ ਕਿ ਸ੍ਰਿਸ਼ਟੀ ਨੂੰ ਕਿਸੇ ਰੱਬ ਨੇ ਨਹੀਂ ਬਣਾਇਆ। ਮੈਂ
ਕਹਾਂ ਜੇ ਰੱਬ ਨੇ ਨਹੀਂ ਬਣਾਇਆ ਤਾਂ ਉਸ ਦਾ ਨਾਂ ਦੱਸੇ ਜਿਸ ਨੇ ਬਣਾਇਆ। ਅਪਣੀਆਂ-ਅਪਣੀਆਂ ਦਲੀਲਾਂ
ਦਿੰਦਿਆਂ ਜਦੋਂ ਗੱਲ ਕਿਸੇ ਪੱਤਣ ਨਾ ਲੱਗੀ ਤਾਂ ਉਹ ਮੈਨੂੰ ਕਹਿਣ ਲੱਗਾ, ''ਤੂੰ ਅਪਣੇ ਰੱਬ ਨੂੰ
ਕਹਿ ਕਿ ਮੇਰੇ ਹੱਥ ਵਿਚ ਫੜੀ ਸਾਈਕਲ ਦੀ ਚਾਬੀ ਦਾ ਲੱਡੂ ਬਣਾ ਦੇਵੇ।'' ਮੈਂ ਅਜੇ ਕੁੱਝ ਬੋਲਿਆ ਵੀ
ਨਹੀਂ ਸੀ ਕਿ ਉਹ ਮਜ਼ਾਕ ਦੇ ਲਹਿਜ਼ੇ ਵਿਚ ਕਹਿਣ ਲੱਗਾ, ''ਜੇ ਲੱਡੂ ਨਹੀਂ ਬਣਾ ਸਕਦਾ ਤਾਂ ਚਲੋ ਰੱਬ
ਨੂੰ ਕਹੋ ਕਿ ਇਸ ਦੀ ਮਿੱਟੀ ਹੀ ਬਣਾ ਦੇਵੇ।'' ਹੁਣ ਮੇਰਾ ਜਵਾਬ ਵੀ ਤਿਆਰ ਸੀ। ਮੈਂ ਕਿਹਾ, ''ਰੱਬ
ਏਨਾ ਵੀ ਵਿਹਲਾ ਨਹੀਂ ਕਿ ਦੋ ਮੂਰਖਾਂ ਦੀ ਲੜਾਈ ਵਿਚ ਬਿਨਾਂ ਵਜ੍ਹਾ ਕੁੱਦ ਪਵੇ।'' ਇਹ ਸੁਣ ਕੇ
ਬਾਕੀ ਸਾਥੀ ਹੱਸਣ ਲੱਗ ਪਏ ਅਤੇ ਇਸ ਤਰ੍ਹਾਂ ਗੱਲ ਆਈ-ਗਈ ਹੋ ਗਈ। ਇਹ ਸਿਲਸਿਲਾ ਪਤਾ ਨਹੀਂ ਅਜੇ ਹੋਰ
ਕਿੰਨੀ ਦੇਰ ਚਲਦਾ ਜੇ ਮੈਂ ਇਕ ਚਿੰਤਕ ਨੂੰ ਨਾ ਪੜ੍ਹਦਾ ਜੋ ਕਹਿੰਦਾ ਹੈ, ''ਪ੍ਰਮਾਤਮਾ ਇਸ ਕਰ ਕੇ
ਮਹਾਨ ਨਹੀਂ ਕਿ ਬਹੁਤ ਸਾਰੇ ਉਸ ਨੂੰ ਮੰਨਦੇ ਹਨ ਬਲਕਿ ਇਸ ਕਰ ਕੇ ਮਹਾਨ ਹੈ ਕਿ ਉਸ ਨੇ ਸਾਨੂੰ ਉਸ
ਨੂੰ ਨਾ ਮੰਨਣ ਦੀ ਖੁੱਲ੍ਹ ਦਿਤੀ ਹੋਈ ਹੈ।''ਉਹ ਭਾਵੇਂ ਰੱਬ ਨੂੰ ਨਹੀਂ ਸੀ ਮੰਨਦਾ ਪਰ ਕਦੇ-ਕਦਾਈਂ
ਗੁਰਦਵਾਰੇ ਪਤਾ ਨਹੀਂ ਕਿਉਂ ਹਾਜ਼ਰੀ ਭਰ ਆਉਂਦਾ ਸੀ। ਮੈਂ ਪ੍ਰੀ-ਇੰਜਨੀਅਰਿੰਗ (ਅਜਕਲ ਦੀ 10+2) ਕਰ
ਕੇ ਅੱਗੇ ਇੰਜਨੀਅਰਿੰਗ ਦੀ ਡਿਗਰੀ ਕਰਨਾ ਚਾਹੁੰਦਾ ਸੀ ਪਰ ਘਰ ਵਾਲੇ ਮੈਨੂੰ ਨੌਕਰੀ ਕਰਵਾ ਕੇ
ਵਿਆਹੁਣ ਲਈ ਕਾਹਲੇ ਸਨ। ਉਨ੍ਹਾਂ ਦਾ ਮਾਣ ਰੱਖਣ ਲਈ ਮੈਂ ਇਕ ਸਾਲ ਪ੍ਰਾਈਵੇਟ ਸਕੂਲ ਵਿਚ ਨੌਕਰੀ
ਕੀਤੀ ਪਰ ਅਗਲੇ ਸਾਲ ਫਿਰ ਕਾਲਜ ਵਿਚ ਦਾਖ਼ਲਾ ਲੈ ਲਿਆ। ਕਾਲਜ ਵਿਚ ਮੇਰੇ ਸਾਥੀ ਮੈਨੂੰ ਮਾਸਟਰ ਜੀ
ਕਹਿ ਕੇ ਬੁਲਾਉਂਦੇ ਸਨ। ਇਹ ਗੱਲ ਵਖਰੀ ਹੈ ਕਿ ਬੀ.ਐੱਡ. ਦੀ ਪੜ੍ਹਾਈ ਪੂਰੀ ਕਰ ਕੇ ਮੈਂ ਬੈਂਕ ਵਿਚ
ਭਰਤੀ ਹੋ ਗਿਆ ਪਰ ਚਰਨ ਸਿੰਘ ਅਤੇ ਸਾਥੀ ਸਾਇੰਸ ਮਾਸਟਰ ਲੱਗ ਗਏ। ਚਰਨ ਸਿੰਘ ਦੇ ਪ੍ਰਵਾਰ ਕੋਲ ਚੰਗੀ
ਜ਼ਮੀਨ ਸੀ। ਉਹ ਜ਼ਮੀਨ ਦਾ ਇਕੱਲਾ ਵਾਰਿਸ ਸੀ ਕਿਉਂਕਿ ਇਕੋ-ਇਕ ਭੈਣ ਦਾ ਵਿਆਹ ਹੋ ਚੁੱਕਾ ਸੀ ਅਤੇ ਉਹ
ਅਪਣੇ ਘਰ ਰਾਜ਼ੀ-ਖ਼ੁਸ਼ੀ ਸੀ। ਉਸ ਦੇ ਅਪਣੇ ਵਿਆਹ ਨੂੰ ਵੀ ਦਸ ਸਾਲ ਹੋ ਚੁੱਕੇ ਸਨ ਪਰ ਕੋਈ ਸੰਤਾਨ ਨਾ
ਹੋਣ ਕਰ ਕੇ ਉਸ ਨੇ ਅਪਣੀ ਭੈਣ ਦੀ ਧੀ ਨੂੰ ਅਪਣੀ ਧੀ ਬਣਾ ਕੇ ਘਰ ਲੈ ਆਂਦਾ। ਸ਼ਰੀਕ ਜਿਹੜੇ ਉਸ ਦੀ
ਜ਼ਮੀਨ ਉਤੇ ਅੱਖ ਰੱਖੀ ਬੈਠੇ ਸਨ ਇਸ ਗੱਲੋਂ ਡਾਹਢੇ ਔਖੇ ਸਨ। ਇਹ ਉਹ ਦਿਨ ਸਨ ਜਦੋਂ ਅਤਿਵਾਦ ਅਪਣੇ
ਸਿਖਰਾਂ ਤੇ ਸੀ। ਖਾੜਕੂ ਸਿੰਘ ਭਾਵੇਂ ਕਿਸੇ ਨੇਕ ਇਰਾਦੇ ਨਾਲ ਸਰਕਾਰ ਨਾਲ ਟੱਕਰ ਲੈਣ ਲਈ ਘਰੋਂ
ਨਿਕਲੇ ਸਨ ਪਰ ਹੌਲੀ-ਹੌਲੀ ਉਨ੍ਹਾਂ ਵਿਚ ਕੁੱਝ ਏਜੰਸੀਆਂ ਦੇ ਛੱਡੇ ਹੋਏ ਅਤੇ ਕੁੱਝ ਜ਼ਰਾਇਮ ਪੇਸ਼ਾ
ਲੋਕਾਂ ਨੇ ਘੁਸਪੈਠ ਕਰ ਲਈ ਸੀ। ਸਾਰੇ ਅਪਣੇ-ਆਪ ਨੂੰ ਸਿੰਘ ਅਖਵਾਉਂਦੇ ਸਨ। ਭਾਵੇਂ ਉਨ੍ਹਾਂ ਵਿਚ
ਜ਼ਿਆਦਾਤਰ ਮੋਨੇ ਹੁੰਦੇ ਸਨ। ਇਕ ਦਿਨ ਅਪਣੇ-ਆਪ
ਨੂੰ ਖਾੜਕੂ ਦੱਸਣ ਵਾਲੇ ਸੱਤ-ਅੱਠ ਮੁੰਡਿਆਂ ਦੇ ਟੋਲੇ ਨੇ ਅੱਧੀ ਰਾਤ ਚਰਨ ਸਿੰਘ ਨੂੰ ਆਣ ਦਬੋਚਿਆ।
ਉਸ ਨੂੰ ਛੱਤ ਨਾਲ ਪੁੱਠਾ ਟੰਗਣ ਤੋਂ ਪਹਿਲਾਂ ਉਸ ਉੱਪਰ ਦੋਸ਼ ਲਾਇਆ ਕਿ ਉਹ ਗੁਰੂ ਗ੍ਰੰਥ ਸਾਹਿਬ ਨੂੰ
ਇਕ ਕਿਤਾਬ ਦਸਦਾ ਹੈ ਅਤੇ ਸਕੂਲ ਵਿਚ ਬੱਚਿਆਂ ਨੂੰ ਨਾਸਤਕ ਬਣਾਉਂਦਾ ਹੈ। ਇਸ ਦੇ ਨਾਲ ਹੀ ਉਸ ਨੂੰ
ਜਿਊਂਦੇ ਨੂੰ ਸਾੜ ਦੇਣ ਦੀ ਸਜ਼ਾ ਵੀ ਸੁਣਾ ਦਿਤੀ। ਦੋਹਾਂ ਜੀਆਂ ਨੇ ਬੜੇ ਤਰਲੇ ਕੀਤੇ, ਵਾਸਤੇ ਪਾਏ
ਪਰ ਉਹ ਟੱਸ ਤੋਂ ਮੱਸ ਨਾ ਹੋਏ। ਇਕ ਪਾਸੇ ਉਸ ਦੇ ਸਿਰ ਹੇਠਾਂ ਬਾਲਣ ਦੀ ਢੇਰੀ ਲਾ ਦਿਤੀ ਅਤੇ ਦੂਜੇ
ਪਾਸੇ ਉਸ ਦੀ ਪਤਨੀ ਨੂੰ ਚਾਹ ਬਣਾਉਣ ਦਾ ਹੁਕਮ ਸੁਣਾ ਦਿਤਾ। ਕੰਬਦੇ ਹੱਥਾਂ ਨਾਲ ਪਤਨੀ ਨੇ ਚਾਹ
ਬਣਾਈ ਅਤੇ ਫਿਰ ਗਲ ਵਿਚ ਪੱਲਾ ਪਾ ਕੇ ਪਤੀ ਲਈ ਰਹਿਮ ਦੀ ਭੀਖ ਮੰਗੀ। ਉਨ੍ਹਾਂ ਦੇ ਇਨਕਾਰ ਕਰਨ ਤੇ
ਜਪੁਜੀ ਸਾਹਿਬ ਦਾ ਪਾਠ ਪੂਰਾ ਹੋਣ ਤਕ ਦੀ ਮੋਹਲਤ ਮੰਗੀ। ਉਸ ਨੇ ਉੱਚੀ ਆਵਾਜ਼ ਵਿਚ ਇਸ ਆਸ ਨਾਲ ਪਾਠ
ਕਰਨਾ ਸ਼ੁਰੂ ਕੀਤਾ ਕਿ ਸ਼ਾਇਦ ਪਾਠ ਸੁਣ ਕੇ ਹੀ ਉਨ੍ਹਾਂ ਦੇ ਹਿਰਦਿਆਂ ਵਿਚ ਰਹਿਮ ਆ ਜਾਵੇ। ਪਰ
ਦੁਸ਼ਟਾਂ ਨੂੰ ਨਾ ਰਹਿਮ ਆਉਣਾ ਸੀ ਅਤੇ ਨਾ ਆਇਆ। ਪਾਠ ਦੇ ਭੋਗ ਪੈਣ ਤੇ ਉਨ੍ਹਾਂ ਨੇ ਬਾਲਣ ਦੇ ਢੇਰ
ਨੂੰ ਲਾਂਬੂ ਲਾ ਦਿਤਾ। ਤੜਫ਼ਦੇ ਚਰਨ ਸਿੰਘ ਨੇ ਹਿੰਮਤ ਕਰ ਕੇ ਇਕ ਵਾਰੀ ਫਿਰ ਜਾਨ ਬਖਸ਼ੀ ਦੀ ਅਤੇ
ਉਨ੍ਹਾਂ ਦੀ ਹਰ ਸ਼ਰਤ ਮੰਨਣ ਦੀ ਦੁਹਾਈ ਦਿਤੀ ਪਰ ਉਨ੍ਹਾਂ ਉਤੇ ਕੋਈ ਅਸਰ ਨਾ ਹੋਇਆ। ਉਸ ਨੂੰ ਪੂਰੀ
ਤਰ੍ਹਾਂ ਅੱਗ ਦੇ ਹਵਾਲੇ ਕਰ ਕੇ ਜਿਉਂ ਹੀ ਉਹ ਘਰੋਂ ਨਿਕਲਣ ਲੱਗੇ ਤਾਂ ਪਤਨੀ ਪਾਣੀ ਦੀ ਬਾਲਟੀ ਲੈਣ
ਲਈ ਭੱਜੀ। ਖੜਕਾ ਸੁਣ ਕੇ ਜਮਦੂਤ ਵਾਪਸ ਮੁੜੇ ਅਤੇ ਮੱਧਮ ਹੋ ਰਹੀਆਂ ਅੱਗ ਦੀਆਂ ਲਪਟਾਂ ਉਪਰ ਹੋਰ
ਨਾੜ ਸੁੱਟ ਦਿਤਾ। ਹੁਣ ਚਰਨ ਸਿੰਘ ਦੀ ਆਵਾਜ਼ ਬੰਦ ਹੋ ਚੁੱਕੀ ਸੀ ਅਤੇ ਪਤਨੀ ਸੁੰਨ ਹੋ ਚੁੱਕੀ ਸੀ।
ਅਪਣੇ ਦੋਸਤ ਨੂੰ ਯਾਦ ਕਰਦਿਆਂ ਭਾਵੇਂ ਮੇਰੀਆਂ ਅੱਖਾਂ ਗਿੱਲੀਆਂ ਹੋ ਚੁੱਕੀਆਂ ਹਨ ਅਤੇ ਕੁੱਝ ਹੋਰ
ਕਹਿਣ ਦੀ ਹਾਲਤ ਨਹੀਂ ਰਹੀ ਪਰ ਮੈਨੂੰ ਪੂਰੀ ਉਮੀਦ ਹੈ ਕਿ
ਉਹ ਜ਼ਰੂਰ ਹੀ ਪ੍ਰਮਾਤਮਾ ਦੇ ਚਰਨਾਂ ਵਿਚ ਨਿਵਾਸ ਕਰ ਰਿਹਾ ਹੋਵੇਗਾ।
ਰਣਧੀਰ ਸਿੰਘ
ਸੰਪਰਕ : 94637-26344 –
ਕਿਸੇ ਦੇ ਵੱਖਰੇ ਵਿਚਾਰਾਂ ਕਾਰਨ ਕਿਸੇ ਨੂੰ ਜਿੰਦਾ ਸਾੜ ਦੇਣਾ ਕੀ ਇਹ ਇੱਕ ਇਨਸਾਨੀਅਤ ਦੀ ਨਿਸ਼ਾਨੀ
ਹੈ ਜਾਂ ਹੈਵਾਨੀਅਤ ਦੀ? ਕੀ ਇਸ ਤਰ੍ਹਾਂ ਦੇ ਬੰਦੇ ਬੁੱਚੜ ਨਹੀਂ ਸਨ? ਜੇ ਸਨ ਤਾਂ ਫਿਰ ਸਿੱਖਾਂ ਦੀ
ਜਬਾਨ ਇਹਨਾ ਬਾਰੇ ਕਿਉਂ ਚੁੱਪ ਹੈ? ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਅਗਨ ਭੇਟ ਹੋਣ ਬਾਰੇ ਆਮ ਹੀ
ਅਖਬਾਰਾਂ ਵਿੱਚ ਛਪਦਾ ਰਹਿੰਦਾ ਹੈ। ਕਈ ਵਾਰੀ ਕੋਈ ਸ਼ਰਾਰਤੀ ਸ਼ਰਾਰਤ ਕਰ ਜਾਂਦਾ ਹੈ ਅਤੇ ਕਈ ਵਾਰੀ
ਬਹੁਤੇ ਸ਼ਰਧਾਲੂ ਹੋਣ ਦਾ ਢੋਂਗ ਰਚਣ ਵਾਲੇ ਪੱਖੇ ਅਤੇ ਹੀਟਰ ਲਾ ਕੇ ਇਸ ਦਾ ਕਾਰਨ ਬਣਦੇ ਹਨ। ਜਦੋਂ
ਕੋਈ ਬੀੜ ਅਗਨ ਭੇਟ ਹੋ ਜਾਂਦੀ ਹੈ ਤਾਂ ਕੀ ਫਿਰ ਸਿੱਖਾਂ ਦਾ ਗੁਰੂ ਮਰ ਜਾਂਦਾ ਹੈ? ਸਰੀਰਕ ਮੌਤ
ਸਾਰਿਆਂ ਦੀ ਜਿੰਦਗੀ ਵਿੱਚ ਇਕੋ ਵਾਰ ਆਉਂਦੀ ਹੈ। ਜੇ ਕਰ ਸਿੱਖਾਂ ਦਾ ਗੁਰੂ ਮਰਦਾ ਨਹੀਂ ਤਾਂ ਫਿਰ
ਉਹ ਜੰਮਦਾ ਵੀ ਨਹੀਂ ਹੈ। ਸਿੱਖਾਂ ਦਾ ਗੁਰੂ ਤਾਂ ਗਿਆਨ ਹੈ। ਉਸ ਗਿਆਨ ਨੂੰ ਲਿਖਣ ਲਈ ਕਾਗਜ਼ ਦੀ ਲੋੜ
ਹੈ। ਇਹ ਵੱਡ ਅਕਾਰੀ ਗਿਆਨ ਵਾਲਾ ਗ੍ਰੰਥ ਇੱਕ ਕਿਤਾਬ ਦੀ ਤਰ੍ਹਾਂ ਛਾਪੇਖਾਨੇ ਵਿੱਚ ਹੀ ਛਪਦਾ ਹੈ।
ਜੇ ਕਰ ਇਹ ਨਹੀਂ ਛਪਦਾ ਤਾਂ ਦੱਸੋ ਕਿ ਇਹ ਅਕਾਸ਼ ਵਿੱਚ ਬਣਿਆ ਬਣਾਇਆ ਡਿਗਦਾ ਹੈ?
ਇਹ ਉਪਰ ਦੁਹਰਾਈ ਜੁਲਮੀ ਕਹਾਣੀ ਵਾਂਗ ਪਤਾ ਨਹੀਂ ਹੋਰ ਕਿਤਨੀਆਂ ਜੁਲਮੀ ਕਹਾਣੀਆਂ ਹੋਰ ਹੋਣਗੀਆਂ।
ਤਕਰੀਬਨ 99% ਸਿੱਖਾਂ ਨੂੰ ਝੂਠ ਬੋਲਣ ਦੀ ਆਦਤ ਹੈ। ਇਹ ਥੋੜਾ ਬਹੁਤ ਸੱਚ ਉਦੋਂ ਹੀ ਬੋਲਦੇ ਹਨ ਜਦੋਂ
ਪਾਣੀ ਸਿਰ ਤੋਂ ਲੰਘਣ ਲੱਗਦਾ ਹੈ। ਹੁਣ ਦੀਆਂ ਕੁੱਝ ਤਾਜੀਆਂ ਘਟਨਾਮਾਂ ਨੂੰ ਹੀ ਲੈ ਲਓ। ਦੱਸੋ ਭਾਈ
ਪੰਥ ਪ੍ਰੀਤ ਸਿੰਘ ਨੇ ਇਨਸਾਨੀਅਤ ਦਾ ਜਾਂ ਸਿੱਖਾਂ ਦਾ ਕੀ ਵਿਗਾੜ ਦਿੱਤਾ ਸੀ ਜਿਸ ਉਪਰ ਯੂਰਪ ਵਿੱਚ
ਕਥਿਤ ਖਾਲਿਸਤਾਨੀਆਂ ਵਲੋਂ ਹਮਲਾ ਕੀਤਾ ਗਿਆ ਸੀ ਅਤੇ ਕਈ ਇਹ ਵੀ ਕਹਿੰਦੇ ਹਨ ਕਿ ਉਸ ਨੂੰ ਮਾਰਨ ਦੀ
ਸਕੀਮ ਵੀ ਸੀ। ਜੇ ਬਾਹਰਲੇ ਦੇਸ਼ਾਂ ਵਿੱਚ ਆ ਕੇ ਵੀ ਇਹਨਾ ਨੂੰ ਕੋਈ ਅਕਲ ਨਹੀਂ ਆਈ ਤਾਂ ਪੰਜਾਬ ਵਿੱਚ
ਕੀ ਆਉਣੀ ਸੀ, ਜਿੱਥੇ ਕਿ ਸਾਰਾ ਕੁੱਝ ਹੀ ਭਰਿਸ਼ਟ ਹੈ। ਬਹੁਤੇ ਇਸ ਤਰ੍ਹਾਂ ਦੀ ਵਿਚਾਰਾਂ ਵਾਲੇ ਹੀ
ਸਨ। ਇਸ ਤਰ੍ਹਾਂ ਦੀ ਹੁਲੜਵਾਜ਼ੀ ਅਤੇ ਬੁਰਛਾਗਰਦੀ ਇਹ ਗੁਰਦੁਆਰਿਆਂ ਵਿੱਚ ਅਤੇ ਆਮ ਗਰੀਬ ਸਿੱਖਾਂ
ਨੂੰ ਕੁੱਟ ਮਾਰਨ ਕਰਨ ਦੀ ਗੱਲ ਇਹ ਕਈ ਦਹਾਕਿਆਂ ਤੋਂ ਕਰ ਰਹੇ ਹਨ। ਪਸ਼ੂ ਬਿਰਤੀ ਵਾਲਿਆਂ ਨੂੰ ਕੋਈ
ਪਸ਼ੂ ਬਿਰਤੀ ਵਾਲਾ ਹੀ ਠੀਕ ਕਰ ਸਕਦਾ ਹੈ, ਆਮ ਇਨਸਾਨ ਨਹੀਂ। ਮਾਰੇ ਗਏ ਸਾਰੇ ਹੀ ਨਿਰਦੋਸ਼ਾਂ ਨਾਲ
ਸਾਨੂੰ ਹਮਦਰਦੀ ਹੋਣੀ ਚਾਹੀਦੀ ਹੈ, ਉਸ ਦੇ ਖਿਆਲ ਭਾਵੇਂ ਕਿਹੋ ਜਿਹੇ ਵੀ ਹੋਣ। ਇਹਨਾ ਨਿਰਦੋਸ਼ਾਂ ਦੇ
ਕਾਤਲ ਭਾਵੇਂ ਕੇ. ਪੀ. ਐੱਸ. ਗਿੱਲ ਵਰਗੇ ਬੁੱਚੜ ਪੁਲਸੀਏ ਸਨ ਅਤੇ ਜਾਂ ਫਿਰ ਬੁੱਚੜ ਕਥਿਤ
ਖਾਲਿਸਤਾਨੀ।
ਮੱਖਣ ਸਿੰਘ ਪੁਰੇਵਾਲ,
ਮਈ 28, 2017.