ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੇ ਛਬੀਲ ਪਰੰਪਰਾ
ਪ੍ਰਮਾਣ-ਪੁਰਖ, ਪ੍ਰਤੱਖ-ਹਰਿ ਅਤੇ
ਸ਼ਹੀਦਾਂ ਦੇ ਸਿਰਤਾਜ ਬਣੇ ਸ੍ਰੀ ਗਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ, ਗੁਰਬਾਣੀ ਦੇ ਸੱਚ ਦੀ ਇੱਕ
ਜੀਊਂਦੀ-ਜਾਗਦੀ ਤੇ ਪ੍ਰਤੱਖ ਸ਼ਹਾਦਤ (ਗਵਾਹੀ) ਹੈ । ਇਹ ਪ੍ਰਤੱਖ ਪ੍ਰਮਾਣ ਹੈ ਇਸ ਸੱਚ ਦਾ ਹੈ ਕਿ
ਗੁਰਬਾਣੀ ਦੇ ਸ਼ਬਦ ਤੇ ਸਿਧਾਂਤ ਕੇਵਲ ਪ੍ਰੜ੍ਹਣ, ਸੁਣਨ, ਕਥਨ ਤੇ ਗਾਉਣ ਲਈ ਹੀ ਨਹੀਂ, ਸਗੋਂ ਇਨ੍ਹਾਂ
ਨੂੰ ਰੋਜ਼ਾਨਾ ਦੇ ਜੀਵਨ ਵਿੱਚ ਜੀਵਿਆ ਵੀ ਜਾ ਸਕਦਾ ਹੈ । ਕਿਉਂਕਿ, ਜੇ ਗੁਰਦੇਵ ਜੀ ਨੇ ਸ੍ਰੀ ਦਰਬਾਰ
ਸਾਹਿਬ ਅੰਮ੍ਰਿਤਸਰ ਵਿਖੇ ਸਰੰਦੇ ਦੀਆਂ ਤਰਬਾਂ ਛੇੜ ਕੇ ਗਾਇਆ ਕਿ “ਸੇਵਕ
ਕੀ ਓੜਕਿ ਨਿਬਹੀ ਪ੍ਰੀਤਿ ॥ ਜੀਵਤ ਸਾਹਿਬੁ ਸੇਵਿਓ ਅਪਨਾ, ਚਲਤੇ ਰਾਖਿਓ ਚੀਤਿ ॥” {ਪੰ. 1000}
ਤਾਂ ਉਹ 30 ਮਈ ਸੰਨ 1606 ਨੂੰ ਲਹੌਰ ਵਿੱਚ ਮੁਗਲੀਆ ਹਕੂਮਤ ਦੀ ਅੱਗ ਵਾਂਗ ਭੱਖਦੀ ਤੱਤੀ ਤਵੀ ’ਤੇ
ਚੌਂਕੜਾ ਮਾਰ ਕੇ ਲੂਸਦਿਆਂ ‘ਚਲਤੇ ਰਾਖਿਓ ਚੀਤਿ ॥” ਵਾਲੇ ਉਪਰੋਕਤ ਸੱਚ ਦੇ ਗਵਾਹ ਵੀ ਬਣੇ ।
ਸ਼ਹੀਦੀ ਵੇਲੇ ਸਤਿਗੁਰੂ ਜੀ ਨੂੰ ਮਿਲੇ ਤਸੀਹਿਆਂ ਤੇ ਚਲਾਣੇ ਦੀ ਸਾਰਿਆਂ ਨਾਲੋਂ ਤਸੱਲੀ ਬਖ਼ਸ਼ ਤੇ
ਨੇੜੇ ਦੀ ਖ਼ਬਰ ਭਾਈ ਗੁਰਦਾਸ ਜੀ ਨੂੰ ਹੀ ਸੀ । ਉਨ੍ਹਾਂ ਨੇ 24ਵੀਂ ਵਾਰ ਦੀ 23ਵੀਂ ਪਉੜੀ ਵਿੱਚ
ਲਿਖਿਆ ਹੈ ‘ਸ਼ਬਦ ਸੁਰਤ ਲਿਵ ਮਿਰਗ ਜਿਉਂ, ਭੀੜ ਪਈ ਚਿੱਤ ਅਵਰ ਨਾ ਆਣੀ” । ਭਾਵ, ਜਿਸ ਵੇਲੇ
ਹਜ਼ੂਰ ਨੂੰ ਤਸੀਹਿਆਂ ਦੀ ਡਾਢੀ ਔਕੜ ਬਣੀ, ਉਸ ਵੇਲੇ ਵੀ ਉਨ੍ਹਾਂ ਨੇ ‘ਤੇਰਾ ਕੀਆ ਮੀਠਾ ਲਾਗੈ’ ਵਰਗੀ
ਅਰਦਾਸ ਕਰਦਿਆਂ ਰੱਬੀ ਯਾਦ ਤੋਂ ਬਗੈਰ ਹੋਰ ਕੋਈ ਰੋਸ ਜਾਂ ਸ਼ਿਕਵਾ ਸ਼ਕਾਇਤ ਚਿੱਤ ਵਿੱਚ ਨਹੀਂ ਲਿਆਂਦਾ
। ਸਗੋਂ ਉਨ੍ਹਾਂ ਦੀ ਸੁਰਤ ਸ਼ਬਦ ਵਿੱਚ ਇਉਂ ਹੀ ਲੀਨ ਰਹੀ, ਜਿਵੇਂ ਕੋਈ ਹਿਰਨ ਫਾਹੀ ਵਿਚ ਫਸ ਕੇ ਵੀ
ਘੰਡਾ-ਹੇੜੇ ਦੇ ਨਾਦ ਉਪਰ ਮਸਤ ਰਹਿੰਦਾ ਹੈ ।
ਗੁਰਦੇਵ ਜੀ ਦੀ ਸ਼ਹਾਦਤ ਅਤੇ ਗੁਰਬਾਣੀ-ਸੱਚ ਦੇ ਹੋਰ ਵੀ ਅਨੇਕਾਂ ਪੱਖ ਹਨ, ਜਿਨ੍ਹਾਂ ਨੂੰ ਪ੍ਰਮਾਣਾਂ
ਸਹਿਤ ਵਿਸਥਾਰ ਪੂਰਵਕ ਪ੍ਰਗਟਾਇਆ ਜਾ ਸਕਦਾ ਹੈ । ਪਰ ਚੂੰ ਕਿ ਅੱਜ ਦੇ ਇਸ ਵਿਸ਼ੇਸ਼ ਲੇਖ ਦਾ ਮੁੱਖ
ਮਨੋਰਥ ਹਜ਼ੂਰ ਦੇ ਸ਼ਹੀਦੀ ਜੋੜ-ਮੇਲੇ ਨਾਲ ਜੁੜੀ ਹੋਈ ਛਬੀਲ ਦੀ ਪਰੰਪਰਾ ਦੇ ਸੱਚ ਨੂੰ ਸਿੱਖ ਸੰਗਤ
ਨਾਲ ਸਾਂਝਾ ਕਰਨਾ ਹੈ । ਕਿਉਂਕਿ, ਹਰ ਸਾਲ ਸ਼ਹੀਦੀ ਦਿਹਾੜੇ ’ਤੇ ਸਿੱਖ ਕੌਮ ਦਾ ਅਰਬਾਂ ਖ਼ਰਬਾਂ
ਰੁਪਿਆ, ਤਾਕਤ ਤੇ ਸਮਾਂ ਗੁਰਦੁਆਰਿਆਂ, ਗਲੀ ਮਹੱਲਿਆਂ ਅਤੇ ਸ਼ੜਕਾਂ ਦੇ ਚੌਰਾਹਿਆਂ ਉੱਤੇ ਕੜਾਹ
ਪ੍ਰਸ਼ਾਦ ਵਰਤਾਉਣ ਅਤੇ ਛਬੀਲਾਂ ਦੇ ਰੂਪ ਵਿੱਚ ਕੱਚੀ-ਲੱਸੀ ਤੇ ਸੈਂਕੜੇ ਕਿਸਮ ਦੇ ਸ਼ਰਬਤ ਪਿਲਾਉਣ ’ਤੇ
ਲੱਗ ਜਾਂਦਾ ਹੈ ।
ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਦੇ ਮੁੱਖ ਗ੍ਰੰਥੀ ਦੀ ਸੇਵਾ ਨਿਭਾਉਂਦਿਆਂ ਸੰਨ 1991 ਵਿੱਚ ਮੈਂ
ਪ੍ਰਿਸੀਪਲ ਸੁਰਜੀਤ ਸਿੰਘ ‘ਮਿਸ਼ਨਰੀ’ ਅਤੇ ਜਥੇਦਾਰ ਤਰਸੇਮ ਸਿੰਘ (ਸਾਬਕਾ ਚੇਅਰਮੈਨ ਧਰਮ ਪ੍ਰਚਾਰ
ਕਮੇਟੀ) ਦੇ ਸਹਿਯੋਗ ਨਾਲ ਸਿੱਖ ਨੌਜਵਾਨਾਂ ਰਾਹੀਂ ਸ਼ਹੀਦੀ ਦਿਹਾੜੇ ਦੀਆਂ ਛਬੀਲਾਂ ਦਾ ਸਰਵੇ ਕਰਵਾਇਆ
ਸੀ, ਉਸ ਮੁਤਾਬਿਕ ਇਕੱਲੇ ਦਿੱਲੀ ਸ਼ਹਿਰ ਵਿੱਚ ਹੀ ਇੱਕ ਲੱਖ ਰੂਹ-ਅਫ਼ਜ਼ੇ ਦੀ ਬੋਤਲ ਲੱਗੀ ਹੋਵੇਗੀ,
ਬਾਕੀ ਖੰਡ ਤੇ ਦੁੱਧ ਆਦਿਕ ਦਾ ਖਰਚਾ ਵੱਖਰਾ । ਹੁਣ ਹਿਸਾਬ ਲਗਾਓ ਦੇਸ਼ ਵਿਦੇਸ਼ ਵਿੱਚ ਲੱਗਣ ਵਾਲੀਆਂ
ਉਨ੍ਹਾਂ ਸ਼ਹੀਦੀ ਛਬੀਲਾਂ ਦਾ, ਜਿਨ੍ਹਾਂ ’ਤੇ ਖਰਚੇ ਜਾਂਦੇ ਕੌਮੀ ਸਮੇਂ ਤੇ ਸਰਮਾਏ ਦਾ ਕੋਈ ਅੰਦਾਜ਼ਾ
ਲਗਾਉਣਾ ਵੀ ਅਸੰਭਵ ਹੈ । ਕੀ ਇਤਨੀ ਤਾਕਤ ਤੇ ਸਰਮਾਏ ਨਾਲ ਕਰੋੜਾਂ ਦੀ ਗਿਣਤੀ ਵਿੱਚ ਰੁਲਦੇ-ਫਿਰਦੇ
ਸਿਕਲੀਗਰ ਸਿੱਖ ਭਰਾਵਾਂ ਅਤੇ ਹੋਰ ਗ਼ਰੀਬ ਸਿੱਖ ਨੌਜਵਾਨਾਂ ਦੀ ਵਿਦਿਆ, ਸੇਵਾ-ਸੰਭਾਲ ਤੇ ਰੋਜ਼ਗਾਰ ਲਈ
ਹਰ ਸਾਲ ਕਈ ਪ੍ਰੋਜੈਕਟ ਨਹੀਂ ਸ਼ੁਰੂ ਕੀਤੇ ਜਾ ਸਕਦੇ ?
ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ-ਕੋਸ਼ ਮੁਤਾਬਿਕ ‘ਛਬੀਲ’ ਅਰਬੀ ਦੇ ਲਫ਼ਜ਼ ‘ਸਬੀਲ’ ਦਾ ਪ੍ਰਾਕ੍ਰਿਤ
ਰੂਪ ਹੈ, ਜੋ ਖ਼ਾਸ ਕਰਕੇ ਉਸ ‘ਪਉ’ ਅਥਵਾ ‘ਪਿਆਉ’ ਲਈ ਵਰਤਿਆ ਜਾਂਦਾ ਹੈ, ਜਿਹੜਾ ਮੁਸਲਮਾਨਾਂ ਵੱਲੋਂ
ਮੁਹੱਰਮ ਦੇ ਪਹਿਲੇ 10 ਦਿਨਾਂ ਵਿੱਚ ਪਿਆਸਿਆਂ ਲਈ ਲਗਾਇਆ ਜਾਂਦਾ ਹੈ । ਇਸ ਦਾ ਅਰਥ ਹੈ- ਜਲ ਪੀਣ
ਦਾ ਅਸਥਾਨ । ਇਸ ਵੇਰਵੇ ਤੋਂ ਇਹ ਪੱਖ ਵੀ ਸਪਸ਼ਟ ਹੁੰਦਾ ਹੈ ਕਿ ਅਜਿਹੀ ‘ਛਬੀਲ’ਪਰੰਪਰਾ ਦਾ ਪਿਛੋਕੜ
ਇਸਲਾਮਿਕ ਹੈ, ਸਿੱਖੀ ਨਹੀਂ । ਕਿਉਂਕਿ ਇੱਕ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਾਨੂੰ
‘ਸਬੀਲ’ (ਛਬੀਲ) ਦੀ ਥਾਂ ‘ਪਿਆਉ’ ਲਫ਼ਜ਼ ਦਿੱਤਾ ਹੈ । ਅਤੇ ਦੂਜੇ, ਮੁਹੱਰਮ ਦੇ ਖ਼ਾਸ ਦਿਨਾਂ ਵਾਂਗ
ਕੇਵਲ ਕੁਝ ਸਮੇਂ ਲਈ ਗਲ਼ੀਆਂ ਮਹੱਲਿਆਂ ਵਿੱਚ ਛਬੀਲਾਂ ਲਗਾਉਣ ਦੀ ਥਾਂ ਉਨ੍ਹਾਂ ਥਾਵਾਂ ਅਤੇ ਰਸਤਿਆਂ
ਉਪਰ ‘ਪਿਆਉ’ ਲਗਾਉਣ ਦੀ ਪ੍ਰੇਰਨਾ ਕੀਤੀ ਹੈ, ਜਿਥੇ ਯਾਤਰੂਆਂ ਤੇ ਹੋਰ ਲੋਕਾਂ ਨੂੰ ਕੇਵਲ ਗਰਮੀ ਦੇ
ਮੌਸਮ ਵਿੱਚ ਹੀ ਨਹੀਂ । ਸਗੋਂ ਹਰੇਕ ਸਮੇਂ ਪੀਣ ਲਈ ਪਾਣੀ ਮਿਲਣਾ ਅਸੰਭਵ ਹੋਵੇ । ਦਿੱਲੀ ਵਿੱਚ
ਇਤਿਹਾਸਕ ਗੁਰਦੁਆਰਾ ‘ਨਾਨਕ ਪਿਆਉ’ ਇਸ ਹਕੀਕਤ ਦਾ ਅਕੱਟ ਪ੍ਰਮਾਣ ਹੈ, ਜਿਥੇ ਪਾਣੀ ਪਿਲਾਉਣ ਦੀ
ਸੇਵਾ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਹੱਥੀਂ ਨਿਭਾਈ । ‘ਪਿਆਉ’ ਦਾ ਅਰਥ ਹੈ - ਉਹ ਥਾਂ, ਜਿਥੇ
ਪਾਣੀ ਪਿਆਇਆ ਜਾਵੇ ।
ਇਥੇ ਪਹੁੰਚ ਕੇ ਇੱਕ ਪੱਖ ਹੋਰ ਵੀ ਪ੍ਰਗਟ ਹੁੰਦਾ ਹੈ ਕਿ ‘ਨਾਨਕੀ ਪਿਆਉ’ ਦੀ ਪਰੰਪਰਾ ਵਿੱਚ ਹੱਥੀਂ
ਸੇਵਾ ਕਰਨ ਦਾ ਸਕੰਲਪ ਵੀ ਛੁਪਿਆ ਹੋਇਆ ਹੈ, ਜਿਹੜਾ ਕਿ ਛਬੀਲ ਦੀ ਇਸਲਾਮਿਕ ਪਰੰਪਰਾ ਵਿੱਚ ਨਹੀਂ ।
ਕਿਉਂਕਿ ਉਥੇ ਕੇਵਲ ਪਾਣੀ ਪੀਣ ਦੀ ਥਾਂ ਹੀ ਉਪਲਬਧ ਕਰਵਾਈ ਜਾਂਦੀ ਹੈ, ਹੱਥੀਂ ਪਿਲਾਉਣ ਦੀ ਭਾਵਨਾ
ਨਹੀਂ । ਇਹੀ ਕਾਰਣ ਹੈ ਕਿ 19ਵੀਂ ਸਦੀ ਤਕ ਦੇ ਇਤਿਹਾਸ ਵਿੱਚ ਕਿਧਰੇ ਵੀ ਕੋਈ ਵਰਨਣ ਨਹੀਂ ਮਿਲਦਾ
ਕਿ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਜਾਂ ਕਿਸੇ ਹੋਰ ਗੁਰਪੁਰਬ ਵੇਲੇ ਹੁਣ ਵਾਂਗ ਵਿਸ਼ੇਸ਼
ਛਬੀਲਾਂ ਲਗਾਈਆਂ ਗਈਆਂ ਹੋਣ ਤੇ ਲੋਕਾਂ ਨੂੰ ਘੇਰ ਘੇਰ ਕੇ ਭਾਂਤ ਭਾਂਤ ਦੇ ਸ਼ਰਬਤ ਪਿਲਾਏ ਗਏ ਹੋਣ ।
ਹਾਂ, ਗੁਰਇਤਿਹਾਸ ਵਿੱਚ ਐਸਾ ਵਰਨਣ ਤਾਂ ਗੁਰੂ ਜੀ ਦੀ ਸ਼ਹਾਦਤ ਤੋਂ ਪਹਿਲਾਂ ਦੇ ਇਤਿਹਾਸ ਵੀ ਮਿਲਦਾ
ਹੈ ਕਿ ਗਰਮੀ ਦੇ ਮੌਸਮ ਵਿੱਚ ਦੂਰ-ਦੁਰਾਡੇ ਤੋਂ ਆਈਆਂ ਸਿੱਖ ਸੰਗਤਾਂ ਲਈ ਕਦੀ ਕਦਾਈਂ ਗੁੜ ਤੇ ਜੌਆਂ
ਦਾ ਸ਼ਰਬਤ ਬਣਾ ਕੇ ਜ਼ਰੂਰ ਪਿਲਾਇਆ ਜਾਂਦਾ ਸੀ, ਤਾਂ ਕਿ ਉਹ ਗਰਮੀ ਵਿੱਚ ਲੂ ਦੀ ਮਾਰ ਤੋਂ ਵੀ ਬਚ ਸਕਣ
ਅਤੇ ਥੋੜਾ ਗਲੂਕੋਜ਼ ਮਿਲਣ ਨਾਲ ਉਨ੍ਹਾਂ ਦੀ ਥਕਾਵਟ ਵੀ ਦੂਰ ਹੋ ਸਕੇ ।
ਹੁਣ ਵਾਲੀਆਂ ਛਬੀਲਾਂ ਤਾਂ 20ਵੀਂ ਸਦੀ ਦੀ ਉਪਜ ਹਨ ਅਤੇ ਉਸ ਦਾ ਮੁਖ ਕਾਰਣ ਹੈ ਗੁਰਇਤਿਹਾਸ ਪ੍ਰਤੀ
ਸਾਡੀ ਅਗਿਆਨਤਾ ਤੇ ਸਿੱਖ ਸੰਸਥਾਵਾਂ ਦਾ ਅਵੇਸਲਾਪਨ, ਜਿਸ ਕਰਕੇ ਅਸੀਂ ਪੰਥ ਵਿਰੋਧੀ ਸਾਜਸ਼ਾਂ ਦਾ
ਸ਼ਿਕਾਰ ਹੋ ਜਾਂਦੇ ਹਾਂ । ਜਿਵੇਂ ਬਿਪਰਵਾਦੀ ਤੇ ਬਿਪਰ-ਪੱਖੀ ਲੇਖਕਾਂ ਦੇ ਪ੍ਰਭਾਵ ਹੇਠ ਸੰਪ੍ਰਦਾਈ
ਸਿੱਖ ਪ੍ਰਚਾਰਕਾਂ ਅਤੇ ਢਾਡੀਆਂ ਕਵੀਸ਼ਰਾਂ ਨੇ ਅਜਿਹਾ ਪ੍ਰਚਾਰ ਕੀਤਾ ਕਿ ਜਦੋਂ ਗੁਰੂ ਜੀ ਨੂੰ ਭੁੱਖੇ
ਤਿਹਾਏ ਰੱਖ ਕੇ ਚੰਦੂ ਦੀ ਹਵੇਲੀ ਵਿੱਚ ਤਸੀਹੇ ਦਿੱਤੇ ਜਾ ਰਹੇ ਸਨ ਤਾਂ ਉਸ ਵੇਲੇ ਚੰਦੂ ਦੀ ਨੋਂਹ
ਨੇ ਪਹਿਰੇਦਾਰ ਸਿਪਾਹੀਆਂ ਨੂੰ ਰਿਸ਼ਵਤ ਵਜੋਂ ਆਪਣੇ ਗਹਿਣੇ ਦੇ ਕੇ ਗੁਰੂ ਜੀ ਨੂੰ ਠੰਡਾ ਸ਼ਰਬਤ
ਪਿਲਾਇਆ ਸੀ । ਅਖੇ ਉਹ ਵੀ ਗੁਰੂ ਜੀ ਦੇ ਜੋਤੀ-ਜੋਤ ਸਮਾਉਣ ਵੇਲੇ ਗੁਰੂ ਜੀ ਦੀ ਆਗਿਆ ਅਨੁਸਾਰ
ਪ੍ਰਾਣ ਤਿਆਗ ਕੇ ਬੈਕੁੰਠ ਧਾਮ ਪਹੁੰਚ ਗਈ ਸੀ । ਇਸ ਲਈ ਹੁਣ ਜਦੋਂ ਸਿੱਖ ਛਬੀਲਾਂ ਲਗਾਉਂਦੇ ਹਨ ਤਾਂ
ਗੁਰੂ ਜੀ ਨੂੰ ਸਵਰਗਾਂ ਵਿੱਚ ਵੀ ਠੰਡਕ ਪਹੁੰਚਦੀ ਹੈ ।
ਇਸ ਬਿਪਰਵਾਦੀ ਤੇ ਬਿਪਰ-ਪੱਖੀ ਪ੍ਰਚਾਰ ਦਾ ਪਹਿਲਾ ਅਧਾਰ ਬਣਿਆਂ 20ਵੀਂ ਸਦੀ ਦੇ ਆਰੰਭ ਵਿੱਚ
ਪ੍ਰਕਾਸ਼ਤ ਹੋਇਆ ਨਿਰਮਲੇ ਕਵੀ ਭਾਈ ਸੰਤੋਖ ਸਿੰਘ ਦਾ ਸੂਰਜ ਪ੍ਰਕਾਸ਼, ਜਿਸ ਨੇ ਚੰਦੂ ਦੀ ਨੋਂਹ ਨੂੰ
ਗੁਰੂ ਜੀ ਦੀ ਸ਼ਰਧਾਲੂ ਸਾਬਤ ਕੀਤਾ । ਇਸ ਉਪਰੰਤ ਸ਼ਰਬਤ ਪਿਲਾਉਣ ਦੀ ਕਹਾਣੀ ਜੋੜ ਦਿੱਤੀ ਹਿੰਦੂ ਮਹਾਂ
ਸਭਾ ਦੇ ਰੂਪ ਵਿੱਚ ਆਰ.ਐਸ.ਐਸ ਦੇ ਮੁੱਢਲੇ ਹਿੰਦੂ ਪ੍ਰਚਾਰਕਾਂ ਨੇ, ਜਿਨ੍ਹਾਂ ਦਾ ਸਾਰਾ ਜ਼ੋਰ ਇਹ
ਗੱਲ ਸਿੱਧ ਕਰਨ ’ਤੇ ਲੱਗਾ ਰਿਹਾ ਕਿ ਗੁਰੂ ਜੀ ਨੂੰ ਸ਼ਹੀਦ ਕਰਵਾਉਣ ਵਿੱਚ ਚੰਦੂ ਭਾਗੀਦਾਰ ਜਾਂ ਦੋਸ਼ੀ
ਨਹੀਂ ਸੀ । ਸਗੋਂ ਉਹ ਤਾਂ ਗੁਰੂ ਜੀ ਦਾ ਸ਼ਰਧਾਲੂ ਸਿੱਖ ਸੀ, ਜਿਸ ਨੇ ਦੋ ਕ੍ਰੋੜ ਰੁਪੈ ਜ਼ੁਰਮਾਨਾ
ਅਦਾ ਕਰਕੇ ਗੁਰੂ ਜੀ ਨੂੰ ਬਚਾਉਣ ਦਾ ਪੂਰਾ ਯਤਨ ਕੀਤਾ । ਡਾ. ਸੁਖਪ੍ਰੀਤ ਸਿੰਘ ਉੱਦੋਕੇ ਮੁਤਾਬਿਕ
ਇਸ ਛੋਛੇ ਦਾ ਅਧਾਰ ਹੈ ਸੰਨ 1925 ਦੇ ਕਰੀਬ ਲਿਖੀ ਆਰ.ਐਸ.ਐਸ ਦੇ ਮੋਢੀ ਗੋਲਵਾਲਕਰ ਦੇ ਸਾਥੀ
‘ਸਵਾਰਕਰ’ ਦੀ ਲਿਖੀ ਪੁਸਤਕ ‘ਦਾ ਸਿਕਸ ਗਲੋਰੀਅਸ ਪੇਜ਼ਿਜ਼ ਆਫ਼ ਇੰਡੀਅਨ ਹਿਸਟਰੀ’ । ਇਸੇ ਨੂੰ ਪਿੱਛੋਂ
ਜਾ ਕੇ ਹਿੰਦੀ ਵਿੱਚ ‘ਭਾਰਤੀਆ ਇਤਿਹਾਸ ਕੇ ਛੇ ਸਵਰਨੀਏ ਪ੍ਰਸ਼ਿਟ’ ਨਾਂ ਹੇਠ ਛਾਪਿਆ ਤੇ ਪ੍ਰਚਾਰਿਆ
ਗਿਆ ਹੈ ।
ਸ਼ੁਕਰ ਹੈ ਉਸ ਵੇਲੇ ਡਾ. ਗੰਡਾ ਸਿੰਘ ਤੇ ਕਰਮ ਸਿੰਘ ਵਰਗੇ ਗੁਰੂ ਤੇ ਪੰਥ ਨੂੰ ਸਮਰਪਤ ਖੋਜੀ
ਇਤਿਹਾਸਕਾਰ ਮਜੂਦ ਸਨ, ਜਿਨ੍ਹਾਂ ਨੇ 1931 ਵਿੱਚ ਜਹਾਂਗੀਰ ਦੀ ਨਿਜੀ ਡਾਇਰੀ ‘ਤੁਜ਼ਕ-ਇ- ਜਹਾਗੀਰੀ,
ਸ਼ੇਖ ਅਹਿਮਦ ਸਰਹੰਦੀ ਵੱਲੋਂ ਲਿਖੀਆਂ ਚਿੱਠੀਆਂ ‘ਮਕਤੂਬਤ-ਇ-ਰੁਬਾਨੀ’ ਅਤੇ ਗੁਰੂ ਕਾਲ ਦੇ
ਇਤਿਹਾਸਕਾਰ ਮੁਹਸਨਫ਼ਾਨੀ ਦੀ ਦੁਰਲਭ ਪੁਸਤਕ ‘ ਦਬਿਸਤਾਨ-ਇ-ਮਜ਼ਾਹਬ’ ਲੱਭ ਕੇ ਇੱਕ ਤਾਂ ਇਹ ਸਿੱਧ
ਕੀਤਾ ਕਿ ਗੁਰੂ ਜੀ ਦੀ ਸ਼ਹਾਦਤ ਨਿਰੋਲ ਸਿਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਤੇ ਆਦਿ ਬੀੜ (ਪੋਥੀ
ਸਾਹਿਬ) ਦੇ ਰੂਪ ਵਿੱਚ ਗੁਰਮਤ ਸਿਧਾਂਤਾਂ ਦੀ ਸ਼ੁਧਤਾ ਨੂੰ ਕਾਇਮ ਰੱਖਣ ਲਈ ਹੋਈ । ਦੂਜੇ, ਹਕੂਮਤ
ਵੱਲੋਂ ਗੁਰੂ ਅਰਜਨ ਸਾਹਿਬ ਜੀ ਨੂੰ ਕੋਈ ਜ਼ੁਰਮਾਨਾ ਨਹੀਂ ਸੀ ਕੀਤਾ ਗਿਆ । ਅਤੇ ਤੀਜੇ, ਗੁਰੂ ਜੀ ਦੀ
ਸ਼ਹੀਦੀ ਲਈ ਤਰਤੀਬਵਾਰ ਮੁੱਖ ਦੋਸ਼ੀ ਸਨ ਬਾਦਸ਼ਾਹ ਜਹਾਂਗੀਰ, ਲਹੌਰ ਦਾ ਸੂਬੇਦਾਰ ਸ਼ੇਖ ਮੁਰਤਜ਼ਾ ਖ਼ਾਨ ਤੇ
ਸ਼ੇਖ ਸਰਹੰਦੀ । ਪਰ, ਲਹੌਰ ਦਰਬਾਰ ਵਿੱਚ ਮਨੂੰਵਾਦੀ-ਸੋਚ ਦੀ ਨੁਮਾਇੰਦਗੀ ਕਰਨ ਵਾਲੇ ਚੰਦੂ ਨੂੰ ਵੀ
ਬਰੀ ਨਹੀਂ ਕੀਤਾ ਜਾ ਸਕਦਾ, ਜਿਹੜਾ ਉਪਰੋਕਤ ਤਿਗੜੀ ਦਾ ਹੱਥ ਠੋਕਾ ਬਣ ਕੇ ਗੁਰੂ ਜੀ ਨੂੰ ਤਸੀਹੇ
ਦੇਣ ਵਿੱਚ ਮੁਹਰੀ ਰੋਲ ਨਿਭਾਂਦਾ ਰਿਹਾ । ਕਿਉਂਕਿ, ਜੇ ਚੰਦੂ ਦੋਸ਼ੀ ਨਾ ਹੁੰਦਾ ਤਾਂ ਗੁਰੂ
ਹਰਿਗੋਬਿੰਦ ਸਾਹਿਬ ਵੇਲੇ ਗੁਰੂ ਦੇ ਸਿੱਖ ਚੰਦੂ ਦੇ ਜੱਦੀ ਪਿੰਡ ਕਲਾਨੌਰ ਖੜ ਕੇ ਉਸ ਨੂੰ ਸਜ਼ਾਇ ਮੌਤ
ਨਾ ਦਿੰਦੇ ।
ਜੇ ਚੰਦੂ ਪ੍ਰਵਾਰ ਗੁਰੂ ਜੀ ਦਾ ਸ਼ਰਧਾਲੂ ਹੁੰਦਾ ਤਾਂ ਭੱਟ-ਵਹੀਆਂ ਮੁਤਾਬਿਕ ਉਸ ਦਾ ਲੜਕਾ ਕਰਮਚੰਦ,
ਬਟਾਲੇ ਪਰਗਣੇ ਦੇ ਭਗਵਾਨ ਦਾਸ ਘੇਰੜ ਨਾਲ ਮਿਲ ਕੇ ਰੋਹੀਲਾ ਨਾਂ ਦੇ ਪਿੰਡ ਵਿੱਚ ਗੁਰੂ ਹਰਿਗੋਬਿੰਦ
ਸਾਹਿਬ ਜੀ ਤੇ ਹਮਲਾਵਰ ਨਾ ਹੁੰਦਾ ਅਤੇ ਫਿਰ ਇਨ੍ਹਾਂ ਦਾ ਹੀ ਰਿਸ਼ਤੇਦਾਰ ਖਤਰੀ ਸੁੱਚਾ ਨੰਦ ਸਰਹਿੰਦ
ਦੀ ਕਚਿਹਰੀ ਵਿੱਚ ਦਸਮ ਗੁਰੂ-ਪਾਤਸ਼ਾਹ ਅਤੇ ਉਨ੍ਹਾਂ ਦੇ ਸਾਹਿਬਜ਼ਾਦਿਆਂ ਪ੍ਰਤੀ ਜ਼ਹਿਰ ਨਾ ਉਗਲਦਾ ।
ਪਰ, ਦੁੱਖ ਦੀ ਗੱਲ ਹੈ ਕਿ ਜਿਹੜੇ ਗੁਰਸਿੱਖ ਪ੍ਰਚਾਰਕ ਇਤਿਹਾਸ ਦੇ ਉਪਰੋਕਤ ਤੱਥਾਂ ਅਤੇ ਗੁਰਬਾਣੀ
ਦੀ ਰੌਸ਼ਨੀ ਵਿੱਚ ਪਿੱਛਲੇ ਕੁਝ ਦਹਾਕਿਆਂ ਤੋਂ ਸ਼ਰਬਤੀ ਛਬੀਲਾਂ ਲਾਉਣ ਦੀ ਥਾਂ ਗੁਰਇਤਿਹਾਸ ਅਤੇ
ਗੁਰਮਤਿ ਸਾਹਿਤ ਦੀਆਂ ਛਬੀਲਾਂ ਲਾਉਣ ਦੀ ਵਕਾਲਤ ਕਰਦੇ ਆ ਰਹੇ ਹਨ; ਉਨ੍ਹਾਂ ਨੂੰ ਅਸ਼ਰਧਾਲੂ ਮਿਸ਼ਨਰੀ
ਕਹਿ ਕੇ ਭੰਡਿਆ ਜਾ ਰਿਹਾ ਹੈ । ਦੇਸ਼ ਵਿਦੇਸ਼ ਵਿਖੇ ਉਨ੍ਹਾਂ ਦੇ ਪ੍ਰਚਾਰ ਨੂੰ ਰੋਕਣ ਲਈ ਗੋਲੀਆਂ ਦਾ
ਨਿਸ਼ਾਨਾ ਬਣਾਇਆ ਜਾ ਰਿਹਾ ਹੈ । ਪਰ ਇੰਟਰਨੈਟ ਦੇ ਅਜੋਕੇ ਦੌਰ ਵਿੱਚ ਵੀ ਜਿਹੜੇ ਲੋਕ ਅਜੇ ਵੀ ਚੰਦੂ
ਦੀ ਨੋਂਹ ਨੂੰ ਗੁਰੂ ਜੀ ਸ਼ਰਧਾਲੂ ਦੱਸ ਕੇ ਉਸ ਦੀ ਹੱਥੀਂ ਸ਼ਰਬਤ ਪਿਲਾਈ ਜਾ ਰਹੇ ਹਨ, ਉਨ੍ਹਾਂ ਨੂੰ
ਸ਼ਰਧਾਲੂ ਤੇ ਟਕਸਾਲੀ ਪ੍ਰਚਾਰਕ ਦਸਿਆ ਜਾ ਰਿਹਾ ਹੈ । ਅਤਿਅੰਤ ਚਿੰਤਾਜਨਕ ਸਥਿਤੀ ਇਹ ਹੈ ਕਿ
ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਵਰਗੀਆਂ ਪ੍ਰਮੁਖ ਸਿੱਖ ਸੰਸਥਾਵਾਂ, ਜਿਨ੍ਹਾਂ ਨੇ ਕੌਮੀ
ਵਿਵਾਦਾਂ ਦਾ ਕੋਈ ਹੱਲ ਕੱਢਣਾ ਸੀ , ਉਹ ਕੇਵਲ ਮੂਕ ਦਰਸ਼ਕ ਬਣ ਕੇ ਤਮਾਸ਼ਗੀਰ ਹੀ ਨਹੀਂ ਬਣੀ ਬੈਠੀਆਂ
। ਸਗੋਂ ਤੱਤ ਗੁਰਮਤ ਪ੍ਰਚਾਰਕਾਂ ਦੇ ਕਾਤਲਾਂ ਤੇ ਖ਼ੂਨੀ ਛਬੀਲਾਂ ਲਗਾਉਣ ਵਾਲੇ ਹਮਲਾਵਰਾਂ ਨੂੰ ਆਪਣੀ
ਬੁੱਕਲ ਵਿੱਚ ਲਕੋਅ ਵੀ ਰਹੀਆਂ ਹਨ । ਹੋਰ ਬਦਕਿਸਮਤੀ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਂ ਹੇਠ
ਸਥਾਪਤ ਰਾਜਨੀਤਕ ਸਿੱਖ ਜਥੇਬੰਦੀਆਂ ਵੀ ਉਨ੍ਹਾਂ ਦਾ ਹੀ ਪੁਸ਼ਤ-ਪਨਾਹੀ ਕਰਦੀਆਂ ਜਾਪਦੀਆਂ ਹਨ ।
ਕਿਉਂਕਿ ਦਿੱਲੀ ਦੀ ਕੇਂਦਰੀ ਸਰਕਾਰ ਤੱਤ-ਗੁਰਮਤ ਦਾ ਪ੍ਰਚਾਰ ਨਹੀਂ ਚਹੁੰਦੀ ।
ਸਿੱਖ ਮਿਸ਼ਨਰੀ ਕਾਲਜ ਤਾਂ ਬੜੇ ਲੰਮੇ ਤੋਂ ਅਜਿਹਾ ਹੋਕਾ ਦੇ ਰਹੇ ਹਨ । ਪਰ ਹੁਣ ਕੁਝ ਦਿਨ ਪਹਿਲਾਂ
ਇੱਕ ਗੁਰਸਿੱਖ ਵਿਦਵਾਨ ਡਾ. ਸਵਰਨਦੀਪ ਸਿੰਘ ‘ਨੂਰ’ ਨੇ ਬੜਾ ਸੁਚੱਜਾ ਸੁਝਾਅ ਦਿੱਤਾ ਹੈ ਕਿ ਸਾਨੂੰ
ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ‘ਸ਼ਬਦ ਗੁਰੂ ਪ੍ਰਚਾਰ ਦਿਵਸ’ ਵਜੋਂ
ਮਨਾਉਣਾ ਚਾਹੀਦਾ ਹੈ ਅਤੇ ਇਸ ਦਿਨ ਗੁਰਮਤ ਸਾਹਿਤ ਦੀ ਛਬੀਲ ਵੀ ਲਾਉਣੀ ਚਾਹੀਦੀ ਹੈ । ਲੋੜਵੰਦ
ਬੱਚਿਆਂ ਨੂੰ ਕਾਪੀਆਂ ਪੈਨਸਲਾਂ ਆਦਿਕ ਵੀ ਵੰਡੀਆਂ ਜਾਣੀਆਂ ਚਾਹੀਦੀਆਂ । ਇਸ ਪ੍ਰਕਾਰ ਬੱਚਿਆਂ ਲਈ
ਗੁਰਮਤਿ ਕੁਇਜ਼ ਦੇ ਵਿਸ਼ੇਸ਼ ਪ੍ਰੋਗਰਾਮ ਉਲੀਕ ਕੇ ਗੁਰਪੁਰਬ ਦੇ ਸਾਰਥਕ ਨਤੀਜੇ ਕੱਢੇ ਜਾ ਸਕਦੇ ਹਨ ।
ਸੋ ਅੱਜ ਦੇ ਸ਼ਹੀਦੀ ਦਿਹਾੜੇ ਅਸੀਂ ਵੀ ਮੁੜ ਇਹੀ ਬੇਨਤੀ ਕਰਦੇ ਹਾਂ ਕਿ ਗੁਰਸਿੱਖ ਵੀਰੋ ਤੇ ਭੈਣੋ
ਕੇਵਲ ਇੱਕ ਦਿਨ ਛਬੀਲਾਂ ਲਾ ਕੇ ਕੌਮੀ ਸਰਮਾਇਆ ਨਾ ਲਟਾਓ । ਸਗੋਂ ਦਿੱਲੀ ਦੇ ‘ਨਾਨਕ ਪਿਆਉ’ਵਾਂਗ
ਉਨ੍ਹਾਂ ਇਲਾਕਿਆਂ ਤੇ ਸ਼ੜਕਾਂ ਆਦਿਕ ਸਥਾਨਾਂ ’ਤੇ ਸਾਦੇ ਅਤੇ ਠੰਡੇ ਪਾਣੀ ਦੇ ਪੱਕੇ ‘ਨਾਨਕ ਪਿਆਉ’
ਸਥਾਪਤ ਕਰੋ, ਜਿਥੇ ਪਾਣੀ ਦੀ ਥੁੜ ਹੈ । ਪਰ, ਬਹੁਤ ਲਾਜ਼ਮੀ ਉਹ ਥਾਵਾਂ ਗੁਰਮਤ ਲਿਟਰੇਚਰ ਵੰਡਣ ਦੇ
ਕੇਂਦਰ ਵੀ ਬਣਨ ।
ਗੁਰੂ ਤੇ ਪੰਥ ਦਾ ਦਾਸ : ਜਗਤਾਰ ਸਿੰਘ ਜਾਚਕ, ਨਿਊਯਾਰਕ