.

ਆਵਾਗਵਣ

(ਕਿਸ਼ਤ ਚੌਥੀ)

ਜਰਨੈਲ ਸਿੰਘ

ਕੁਦਰਤੀ ਆਵਾਗਵਣ

ਗੁਰਬਾਣੀ ਵਿੱਚ ਇਹ ਗਲ ਵਾਰ ਵਾਰ ਕਹੀ ਗਈ ਹੈ ਕਿ ਕਰਤਾਰ ਦੇ ਹੁਕਮ ਤਹਿਤ ਸ੍ਰਿਸ਼ਟੀ ਅੰਦਰ ਸਰੀਰਕ ਪੱਧਰ ਤੇ ਲਗਾਤਾਰ ਜਨਮ ਅਤੇ ਮੌਤ ਹੋ ਰਹੀ ਹੈ ਅਤੇ ਉਦੋਂ ਤਕ ਜਾਰੀ ਰਹਿੰਦੀ ਹੈ ਜਦੋਂ ਤੱਕ ਕਰਤਾਰ ਸ੍ਰਿਸ਼ਟੀ ਸਮੇਟ ਕੇ ਮੁੜ ੴ ਦੀ ਅਵਸਥਾ ਵਿੱਚ ਨਹੀਂ ਚਲਾ ਜਾਂਦਾ। ਮਨੁੱਖ ਵੀ ਇਸ ਧਰਤੀ ਤੇ ਇੱਕ ਫਸਲ ਦੀ ਤਰ੍ਹਾਂ ਹੈ ਜੋ ਉਗਦੀ, ਪੱਕਦੀ ਤੇ ਫਿਰ ਮਿੱਟੀ ਨਾਲ ਮਿੱਟੀ ਹੋ ਜਾਂਦੀ ਹੈ। ਇਸ ਕੁਦਰਤੀ ਆਵਾਗਵਣ ਤੋਂ ਕਿਸੇ ਦਾ ਵੀ ਛੁਟਕਾਰਾ ਸੰਭਵ ਨਹੀਂ ਹੈ ਕਿਉਂਕਿ ਅਕਾਲ ਪੁਰਖ ਦੇ ਹਕਮ ਤਹਿਤ ਜੋ ਵੀ ਪੈਦਾ ਹੁੰਦਾ ਹੈ ਉਸ ਦੀ ਮੌਤ ਲਾਜ਼ਮੀ ਹੈ। ਕਾਦਰ ਦੇ ਇਸ ਹੁਕਮ ਨੂੰ ਇਹ ਗੁਰਵਾਕ ਬਿਆਨ ਕਰਦੇ ਨੇ "ਮ੍ਰਿਤ ਮੰਡਲ ਜਗੁ ਸਾਜਿਆ ਜਿਉ ਬਾਲੂ ਘਰ ਬਾਰ॥" ਪੰਨਾ 808."ਮਰਣੁ ਲਿਖਾਇ ਮੰਡਲ ਮਹਿ ਆਏ" ਪੰਨਾ 685."ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ॥" ਪੰਨਾ 1429. ਇਸ ਆਵਾਗਵਣ ਸਬੰਧੀ ਕੁੱਝ ਹੋਰ ਗੁਰਵਾਕ ਇਸ ਤਰ੍ਹਾ ਨੇ। ਇਸ ਨੂੰ ਕਰਤਾਰ ਦੀ ਖੇਡ ਜਾਂ ਚਲਤ ਵੀ ਕਿਹਾ ਗਿਆ ਹੈ।

ਸਭੁ ਜਗੁ ਆਪਿ ਉਪਾਇਓਨੁ ਆਵਣੁ ਜਾਣੁ ਸੰਸਾਰਾ॥ ਪੰਨਾ 583

ਹੁਕਮਿ ਮਰੈ ਹੁਕਮੇ ਹੀ ਜੀਵੈ॥ ਪਂਨਾ 962

ਆਵਣੁ ਜਾਣਾ ਰਖੈ ਨ ਕੋਈ॥ ਜੰਮਣ ਮਰਨ ਤਿਸੇ ਤੇ ਹੋਈ॥ ਪੰਨਾ 1057

ਆਵਣੁ ਜਾਣਾ ਸਭੁ ਚਲਤੁ ਤੁਮਾਰਾ॥ ਕਰਿ ਕਰਿ ਦੇਖੈ ਖੇਲੁ ਅਪਾਰਾ॥ ਪੰਨਾ 1077

ਇਹੁ ਤਉ ਰਚਨੁ ਰਚਿਆ ਕਰਤਾਰਿ॥ ਆਵਤ ਜਾਵਤ ਹੁਕਮਿ ਅਪਾਰਿ॥ ਪੰਨਾ 885

ਇਸ ਆਵਾਗਵਣ ਸਬੰਧੀ ਗੁਰਬਾਣੀ ਉਪਦੇਸ਼ ਦਿੰਦੀ ਹੈ ਕਿ ਸਾਨੂੰ ਸਦਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਦੁਨੀਆਂ ਤੇ ਕੋਈ ਵੀ ਸਦਾ ਨਹੀਂ ਰਹਿੰਦਾ। ਥੋੜਾ ਡੁੰਘਿਆਈ ਵਿੱਚ ਗਿਆਂ ਹੀ ਸਮਝ ਆ ਜਾਂਦੀ ਹੈ ਕਿ ਆਵਾਗਵਣ ਦਾ ਪ੍ਰਚਲਤ ਸਿਧਾਂਤ ਇਸ ਉਪਦੇਸ਼ ਦੇ ਉਲਟ ਜਾਂਦਾ ਹੈ। ਉਹ ਮਨੁੱਖ ਨੂੰ ਕਿਸੇ ਨ ਕਿਸੇ ਤਰੀਕੇ ਇਸ ਭਰਮ ਵਿੱਚ ਪਾਈ ਰੱਖਦਾ ਹੈ ਕਿ ਉਹ ਮੌਤ ਤੋਂ ਬਾਅਦ ਵੀ ਕਿਸੇ ਨਾ ਕਿਸੇ ਸੂਰਤ ਵਿੱਚ ਜਿੰਦਾ ਰਹੇਗਾ। ਗੁਰਬਾਣੀ ਮਨੁੱਖ ਨੂੰ ਆਪਣੀ ਮੌਤ ਯਾਦ ਰੱਖਣ ਦੇ ਨਾਲ ਹੀ ਉਸ ਨੂੰ ਇਹ ਵੀ ਸਮਝਾਉਂਦੀ ਹੈ ਕਿ ਇਸ ਸਾਰੀ ਰਚਨਾ ਕਰਤਾਰ ਦੀ ਹੈ ਜੋ ਵੀ ਜਿਸ ਜਿਸ ਤੱਤ ਤੋਂ ਪੈਦਾ ਹੁੰਦਾ ਹੈ ਮਰਨ ਉਪਰੰਤ ਮੁੜ ਹੁਕਮ ਅਨੁਸਾਰ ਉਸੇ ਤੱਤ ਵਿੱਚ ਸਮਾ ਜਾਂਦਾ ਹੈ। ਉਹਨਾਂ ਤੱਤਾ ਵਿਚੋਂ ਮੁੜ ਫਿਰ ਜੀਵਨ ਪੈਦਾ ਹੋ ਜਾਂਦਾ ਹੈ ਅਤੇ ਕਰਤਾਰ ਦੀ ਇਹ ਖੇਡ ਜਾਰੀ ਰਹਿੰਦੀ ਹੈ। ਇਸ ਹਿਸਾਬ ਨਾਲ ਇੱਕ ਤਰ੍ਹਾਂ ਕਦੇ ਮੌਤ ਨਹੀ ਹੁੰਦੀ ਅਤੇ ਕਦੇ ਜਨਮ ਨਹੀਂ ਹੁੰਦਾ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਨੇ "ਨਹ ਕੋ ਮੂਆ ਨ ਮਰਣੈ ਜੋਗੁ॥" ਪੰਨਾ 885 ਅਤੇ "ਨਹ ਕਿਛੁ ਜਨਮੈ ਨਹ ਕਿਛੁ ਮਰੈ॥" ਪੰਨਾ 281. ਇਸ ਗੱਲ ਨਾਲ ਵਿਗਿਆਨ ਵੀ ਸਹਿਮਤ ਹੈ। ਇਸ ਨੂੰ ਪੱਤਝੜੀ ਰੁੱਖ ਦੀ ਮਿਸਾਲ ਨਾਲ ਸਮਝਿਆ ਜਾ ਸਕਦਾ ਹੈ। ਪੱਤਝੜੀ ਰੁੱਖ ਨੂੰ ਬੇਅੰਤ ਪੱਤੇ ਲਗਦੇ ਨੇ। ਪੱਤਿਆਂ ਦੇ ਪੁੰਗਰਨ ਲਈ ਰੁਖ ਜੋ ਜੋ ਤੱਤ ਵੱਖ ਵੱਖ ਸੋਮਿਆਂ ਤੋਂ ਗ੍ਰਹਿਣ ਕਰਦੇ ਨੇ ਉਹ ਸਾਰੇ ਪੱਤੇ ਝੜਨ ਨਾਲ ਮੁੜ ਆਪੋ ਆਪਣੇ ਸੋਮਿਆਂ ਵਿੱਚ ਸਮਾ ਜਾਂਦੇ ਨੇ। ਇਹ ਹੀ ਹਾਲ ਮਨੁੱਖ ਸਮੇਤ ਬਾਕੀ ਕਾਇਨਾਤ ਦਾ ਹੈ। ਸੋ ਮੌਤ ਹੈ ਵੀ ਪਰ ਹੈ ਵੀ ਨਹੀਂ। ਮੌਤ ਛੋਟੇ (micro) ਪੱਧਰ ਤੇ ਵਾਪਰਦੀ ਹੈ ਪਰ ਵੱਡੇ (macro) ਪੱਧਰ ਤੇ ਮੌਤ ਗੈਰਹਾਜ਼ਰ ਹੈ। ਗੁਰਬਾਣੀ ਸਾਨੂੰ ਇਹ ਦੋਨੋਂ ਗੱਲਾਂ ਯਾਦ ਰੱਖਣ ਲਈ ਕਹਿੰਦੀ ਹੈ ਕਿਉਂਕਿ ਇਹ ਇੱਕ ਦੂਜੇ ਦੀਆਂ ਪੂਰਕ ਨੇ। ਛੋਟੇ ਪੱਧਰ ਤੇ ਮੌਤ ਹਰ ਪਲ ਵਾਪਰ ਰਹੀ ਹੈ ਪਰ ਮਰਨ ਵਾਲਾ ਮੁੜ ਨਹੀਂ ਜੰਮਦਾ ਕਿਉਂਕਿ ਵੱਡੇ ਪੱਧਰ ਤੇ ਕੋਈ ਮੌਤ ਨਹੀਂ ਹੋ ਰਹੀ। ਇਸੇ ਕਰਕੇ ਜਿਹੜਾ ਜਨਮ ਮਿਲਿਆ ਹੈ ਉਸ ਨੂੰ ਦੁਰਲੱਭ ਕਿਹਾ ਗਿਆ ਹੈ ਕਿਉਂਕਿ ਇਹ ਮੁੜ ਨਹੀਂ ਮਿਲਣਾ। ਕਬੀਰ ਸਾਹਿਬ ਇੱਕ ਫਲ ਦੀ ਮਿਸਾਲ ਦੇ ਕੇ ਸਮਝਾਉਂਦੇ ਨੇ "ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ॥ ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ॥ ਪੰਨਾ 1366. ਗੁਰੂ ਤੇਗ ਬਹਾਦਰ ਸਾਹਿਬ ਵੀ ਆਪਣੀ ਗਵਾਹੀ ਦਿੰਦੇ ਨੇ "ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ॥" ਪੰਨਾ 220. ਫਰੀਦ ਸਾਹਿਬ ਕਹਿੰਦੇ ਨੇ ਕਿ "ਜੇ ਜਾਣਾ ਮਰਿ ਜਾਈਆ ਘੁਮਿ ਨ ਆਈਐ॥ ਝੂਠੀ ਦੁਨੀਆਂ ਲਗਿ ਨ ਆਪੁ ਗਵਾਈਐ॥" ਪੰਨਾ 488. ਜਦੋ ਮਨੁੱਖ ਇਹ ਗੱਲ ਭੁੱਲ ਜਾਂਦਾ ਹੈ ਕਿ ਉਸ ਦੀ ਮੌਤ ਵੀ ਹੋਣੀ ਹੈ ਅਤੇ ਉਸਨੇ ਵਾਪਸ ਕਦੇ ਨਹੀਂ ਆਉਣਾ ਤਾਂ ਹੀ ਉਹ ਸਾਰੇ ਵਿਕਾਰ ਸਹੇੜ ਆਪਣੇ ਆਪ ਨੂੰ ਗਵਾ ਲੈਂਦਾ ਹੈ। ਪਰ ਇਹ ਸਭ ਵੀ ਕਰਤਾਰ ਦੀ ਖੇਡ ਹੈ। ਗੁਰੂ ਨਾਨਕ ਸਾਹਿਬ ਦਾ ਫੁਰਮਾਨ ਹੈ। "ਅਮਲੁ ਗਲੋਲਾ ਕੂੜ ਕਾ ਦਿੱਤਾ ਦੇਵਣਹਾਰਿ॥ ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ॥ ਸਚੁ ਮਿਲਿਆਂ ਤਿਨ ਸੋਫੀਆ ਰਾਖਣ ਕਉ ਦਰਵਾਰੁ॥" ਪੰਨਾ 15

ਜੀਉਂਦੇ ਜੀਅ ਆਵਾਗਵਣ

ਗੁਰਬਾਣੀ ਸਾਨੂੰ ਮ੍ਰਿਤਕ ਅਤੇ ਜੀਵਤ ਦੀ ਇੱਕ ਨਵੀਂ ਪ੍ਰੀਭਾਸ਼ਾ ਦਿੰਦੀ ਹੈ। ਆਮ ਤੌਰ ਤੇ ਜੋ ਆਦਮੀ ਸਾਹ ਲੈਂਦਾ ਹੈ ਉਸ ਨੂੰ ਜੀਉਂਦਾ ਕਹਿੰਦੇ ਨੇ ਅਤੇ ਜਦੋਂ ਸਾਹ ਆੳਣੋ ਹਟ ਜਾਏ ਤਾਂ ਉਸ ਨੂੰ ਮ੍ਰਿਤਕ ਕਿਹਾ ਜਾਂਦਾ ਹੈ। ਪਰ ਗੁਰਬਾਣੀ ਮੁਤਾਬਿਕ ਇੱਕ ਮੌਤ ਅਜਿਹੀ ਵੀ ਹੈ ਜੋ ਮਨੁੱਖ ਆਪਣੀ ਜ਼ਿੰਦਗੀ ਵਿੱਚ ਕਈ ਵਾਰ ਮਰਦਾ ਹੈ ਅਤੇ ਕਈ ਵਾਰ ਮੁੜ ਜੀਉਂਦਾ ਹੋ ਜਾਂਦਾ ਹੈ। ਬਲਕਿ ਉਹ ਇੱਕ ਦਿਨ ਵਿੱਚ ਵੀ ਕਈ ਵਾਰ ਮਰ ਕੇ ਜੀਉਂਦਾ ਹੋ ਜਾਂਦਾ ਹੈ। ਇਸ ਮੌਤ ਅਤੇ ਜਨਮ ਦਾ ਜ਼ਿਕਰ ਗੁਰ ਨਾਨਕ ਸਾਹਿਬ ਨੇ ਨਿਤਨੇਮ ਵਿੱਚ ਹੀ ਕਰ ਦਿੱਤਾ ਹੈ। "ਆਖਾ ਜੀਵਾ ਵਿਸਰੈ ਮਰਿ ਜਾਉ॥" ਪਂਨਾ 9. ਜ਼ਿੰਦਗੀ ਵਿੱਚ ਜਦੋਂ ਮਨੁੱਖ ਕਰਤਾਰ ਦੇ ਹੁਕਮ ਤੇ ਚਲਦਾ ਹੈ ਉਦੋਂ ਉਹ ਜੀਉਂਦਾ ਹੈ। ਹੁਕਮ ਭੁਲਣ ਸਾਰ ਹੀ ਉਸ ਦੀ ਮੌਤ ਹੋ ਜਾਂਦੀ ਹੈ। ਇਹ ਹੈ ਮਨੁਖ ਦਾ ਜੀਉਂਦੇ ਜੀਅ ਆਵਾਗਵਣ ਕਰਨਾ। ਗੁਰੂ ਗ੍ਰੰਥ ਸਾਹਿਬ ਵਿੱਚ ਇਸ ਦਾ ਬਹੁਤ ਵਾਰ ਜ਼ਿਕਰ ਆਉਂਦਾ ਹੈ। ਅਕਾਲ ਪੁਰਖ ਦੇ ਹੁਕਮ (ਨਾਮ) ਨੂੰ ਯਾਦ ਨਾ ਰੱਖਣਾ ਤਾਂ ਆਤਮਘਾਤ ਕਰਨਾ ਕਿਹਾ ਗਿਆ ਹੈ। "ਦੁਲਭ ਦੇਹ ਪਾਈ ਵਡਭਾਗੀ॥ ਨਾਮ ਨ ਜਪਹਿ ਤੇ ਆਤਮ ਘਾਤੀ॥" ਪੰਨਾ 188. ਗੁਰਬਾਣੀ ਚੋਂ ਕੁੱਝ ਹੋਰ ਪ੍ਰਮਾਣ ਇਸ ਤਰ੍ਹਾ ਨੇ।

ਮਿਰਤਕ ਦੇਹ ਸਾਧਸੰਗ ਬਿਹੂਨਾ॥ ਆਵਤ ਜਾਤ ਜੋਨੀ ਦੁਖ ਖੀਨਾ॥ ਪੰਨਾ 190

ਅਤਿ ਸੁਂਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ॥ ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ॥ ਪੰਨਾ 253

ਸੁਖ ਸਮੂਹਾ ਭੋਗ ਭੂਮਿ ਸਬਾਈ ਕੋ ਧਣੀ॥ ਨਾਨਕ ਹਭੋ ਰੋਗੁ ਮਿਰਤਕ ਨਾਮ ਬਿਹੂਣਿਆ॥ ਪੰਨਾ 1101

ਸਤਿਗੁਰੁ ਜਿਨੀ ਨ ਸੇਵਿੳ ਸਬਦਿ ਨ ਕੀਤੋ ਵੀਚਾਰੁ॥ ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ॥ ਪੰਨਾ 88

ਇਹੁ ਮਿਰਤਕੁ ਮੜਾ ਸਰੀਰੁ ਹੈ ਸਭੁ ਜਗੁ ਜਿਤੁ ਰਾਮ ਨਾਮੁ ਨਹੀ ਵਸਿਆ॥ ਰਾਮ ਨਮਿੁ ਗੁਰਿ ਉਦਕੁ ਚੁਆਇਆ ਫਿਰਿ ਹਰਿਆ ਹੋਆ ਰਸਿਆ॥ ਪੰਨਾ 1191

ਗੁਰਬਾਣੀ ਵਿੱਚ ਆਏ ਇਸ ਆਵਾਗਵਣ ਨੂੰ ਹੀ ਬਹੁਤ ਵਾਰੀ ਮਰਨ ਤੋਂ ਬਾਅਦ ਫਿਰ ਫਿਰ ਜੂਨਾ ਵਿੱਚ ਪੈਣਾ ਸਮਝ ਲਿਆ ਜਾਂਦਾ ਹੈ ਜੋ ਕਿ ਇੱਕ ਵੱਡੀ ਭੁੱਲ ਹੈ। ਕੁਦਰਤੀ ਆਵਾਗਵਣ ਦੇ ਉਲਟ ਇਸ ਆਵਾਗਵਣ ਤੋਂ ਛੁਟਕਾਰਾ ਸੰਭਵ ਹੈ। ਜਦੋਂ ਅਸੀਂ ਕਿਸੇ ਬੀਮਾਰੀ ਦੇ ਪੈਦਾ ਹੋਣ ਦਾ ਕਾਰਨ ਲੱਭ ਲਈਏ ਤਾਂ ਉਸ ਦਾ ਇਲਾਜ਼ ਕਰਨਾ ਸੌਖਾ ਹੋ ਜਾਂਦਾ ਹੈ। ਗੁਰਬਾਣੀ ਅਨੁਸਾਰ ਇਸ ਆਵਾਗਵਣ ਦਾ ਕਾਰਨ ਹਉਮੇ ਹੈ। ਹਉਮੇ ਵਿੱਚ ਮਨੁੱਖ ਜਿਸ ਕਰਤਾਰ ਨੇ ਉਸ ਦੇ ਤਨ ਮਨ ਦੀ ਰਚਨਾ ਕੀਤੀ ਉਸੇ ਨੂੰ ਭੁਲ ਆਪਣੇ ਆਪ ਨੂੰ ਹੀ ਰਚਨਹਾਰ ਸਮਝਣ ਲਗ ਜਾਂਦਾ ਹੈ। "ਮਨੁ ਤਨੁ ਥਾਪਿ ਕੀਆ ਸਭੁ ਅਪਨਾ ਏਹੋ ਆਵਣ ਜਾਣਾ॥ ਜਿਨ ਦੀਆ ਸੋ ਚਿਤਿ ਨ ਆਵੈ ਮੋਹਿ ਅੰਧੁ ਲਪਟਾਣਾ॥" ਪੰਨਾ 882. ਹਉਮੇ ਮਨੁੱਖ ਨੂੰ ਮਨਮੁੱਖ ਬਣਾਉਂਦੀ ਹੈ। ਇਸੇ ਕਰਕੇ ਗੁਰਬਾਣੀ ਵਿੱਚ ਇਹ ਵਾਰ ਵਾਰ ਕਿਹਾ ਗਿਆ ਹੈ ਕਿ ਮਨਮੁੱਖ ਮਨੁੱਖ ਆਵਾਗਵਣ ਦੇ ਚੱਕ੍ਰ ਵਿੱਚ ਫਸਿਆ ਰਹਿੰਦਾ ਹੈ। ਹਉਮੇ ਦਾ ਇਲਾਜ਼ ਨਾਮ ਹੈ ਜੋ ਗੁਰੂ ਦੇ ਸ਼ਬਦ ਤੋਂ ਮਿਲਦਾ ਹੈ। ਗੁਰੂ ਅੰਗਦ ਸਾਹਿਬ ਦਾ ਇੱਕ ਸਲੋਕ ਆਸਾ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਦੇ ਉਸ ਸੋਲਕ ਦੇ ਨਾਲ ਹੀ ਦਿਤਾ ਗਿਆ ਹੈ ਜਿਸ ਸਲੋਕ ਵਿੱਚ ਗੁਰ ਨਾਨਕ ਸਾਹਿਬ ਹਉਮੇ ਦੀ ਵਿਆਖਿਆ ਕਰਦੇ ਨੇ। ਅਸੀਂ ਉਪਰ ਇਸ ਸੋਲਕ ਦਾ ਪੂਰਾ ਪਾਠ ਅਤੇ ਵਿਆਖਿਆ ਸਮਝ ਚੁੱਕੇ ਹਾਂ। ਸਲੋਕ ਦੇ ਅਖੀਰ ਵਿੱਚ ਗੁਰ ਨਾਨਕ ਸਾਹਿਬ ਕਹਿੰਦੇ ਨੇ ਕਿ "ਹਉਮੈ ਬੂਝੈ ਤਾ ਦਰੁ ਸੂਝੈ"। ਇਹ ਕਿਵੇਂ ਸੰਭਵ ਹੁੰਦਾ ਹੈ ਇਸਦਾ ਜ਼ਿਕਰ ਗੁਰ ਅੰਗਦ ਸਾਹਿਬ ਆਪਣੇ ਸਲੋਕ ਵਿੱਚ ਕਰਦੇ ਨੇ। ਇਹ ਸਲੋਕ ਹਉਮੇ ਦੇ ਇਲਾਜ਼ ਵਾਰੇ ਹੈ। ਸਲੋਕ ਦਾ ਪੂਰਾ ਪਾਠ ਇਸ ਤਰ੍ਹਾਂ ਹੈ।

ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ॥ ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ॥ ਹਉਮੈ ਕਿਥਹੁ ਉਪਜੈ ਕਿਤੁ ਸੰਜਮਿ ਇਹ ਜਾਇ॥ ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ॥ ਹਉਮੈ ਦੀਰਘ ਰੋਗੁ ਦਾਰੂ ਭੀ ਇਸ ਮਾਹਿ॥ ਕਿਰਪਾ ਕਰੇ ਹੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ॥ ਨਾਨਕ ਕਹੈ ਸੁਣਹੁ ਜਨਹੁ ਇਤੁ ਸੰਜਿਮ ਦੁਖ ਜਾਹਿ॥ ਪਂਨਾ 466

ਹਉਮੇ ਦੀ ਲਪੇਟ ਵਿੱਚ ਆ ਮਨੁੱਖ ਅਜਿਹੇ ਕਰਮ ਕਰਦਾ ਹੋ ਜਿਸ ਕਾਰਨ ਉਹ ਵਾਰ ਵਾਰ ਜੰਮਦਾ ਮਰਦਾ ਹੈ। ਹਉਮੇ ਇੱਕ ਬੜਾ ਪੁਰਾਣਾ ਪੱਕਾ ਰੋਗ ਹੈ ਜੋ ਕਰਤਾਰ ਦੇ ਹੁਕਮ ਵਿੱਚ ਵਰਤ ਰਿਹਾ ਹੈ। ਇਸ ਦਾ ਇਲਾਜ਼ ਸਬਦ ਦੀ ਕਮਾਈ ਭਾਵ ਗੁਰੂ ਦੀ ਸਿਖਿਆ ਤੇ ਅਮਲ ਕਰ ਹੁਕਮ ਨੂੰ ਬੁਝਣਾ ਹੈ। ਜਦੋ ਨਾਮ ਜਾਂ ਹੁਕਮ ਦੀ ਸੋਝੀ ਹੋ ਜਾਂਦੀ ਹੈ ਤਾਂ ਹਉਮੈ ਆਪਣੇ ਆਪ ਖਤਮ ਹੋ ਜਾਂਦੀ ਹੈ। ਗੁਰ ਨਾਨਕ ਸਾਹਿਬ ਜਪ ਬਾਣੀ ਦੀ ਦੂਜੀ ਪੌੜੀ ਵਿੱਚ ਹੀ ਇਹ ਸਮਝਾਉਂਦੇ ਹਨ "ਨਾਨਕ ਹੁਕਮੈ ਜੇ ਬੁਝੈ ਤਾ ਹਉਮੈ ਕਹੇ ਨ ਕੋਇ॥" ਹਉਮੇ ਅਤੇ ਨਾਮ ਜਾਂ ਹੁਕਮ ਵਿੱਚ ਪਰਸਪਰ ਟਕਰਾਅ ਹੈ। ਇੱਕ ਦੀ ਹੋਂਦ ਦੂਜੇ ਲਈ ਖਤਰਾ ਹੈ। ਇਹ ਜੇ ਮੈ ਤਾਂ ਤੂੰ ਨਹੀਂ ਜੈ ਤੂ ਤਾਂ ਮੈ ਨਹੀਂ ਵਾਲੀ ਹਾਲਤ ਹੈ। ਗੁਰੂ ਸਾਹਿਬ ਇਸ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ। "ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇੱਕ ਠਾਇ॥" ਪੰਨਾ 560.

ਜਦੋਂ ਅਤੇ ਜਿੱਥੇ ਵੀ ਗੁਰਬਾਣੀ ਵਿੱਚ ਇਹ ਕਿਹਾ ਗਿਆ ਹੈ ਕਿ ਗੁਰੂ "ਮਿਰਤਕ ਕਉ ਜੀਵਾਲਨਹਾਰ" ਹੈ ਤਾਂ ਉਸ ਦਾ ਮਤਲਬ ਵੀ ਇਸੇ ਆਵਾਗਵਣ ਤੋਂ ਹੈ ਨ ਕੇ ਸਰੀਰਕ ਤੌਰ ਤੇ ਮਰੇ ਹੋਏ ਮਨੁੱਖ ਨੂੰ ਮੁੜ ਸੁਰਜੀਤ ਕਰਨ ਤੋਂ। ਗੁਰੂ ਦੀ ਸਿਖਿਆ ਨਾਲ ਜਦੋਂ ਫਿਰ ਤੋਂ ਅਕਾਲ ਪੁਰਖ ਦਾ ਹੁਕਮ ਮਨ ਵਿੱਚ ਵਸ ਜਾਏ ਤਾਂ ਮਨੁੱਖ ਫਿਰ ਤੋਂ ਜੀ ਉਠਦਾ ਹੈ। ਇਸੇ ਨੂੰ ਨਿਤਨੇਮ ਵਿੱਚ "ਸੂਕੇ ਕਾਸਟ ਹਰਿਆ" ਹੋਣਾ ਕਿਹਾ ਗਿਆ ਹੈ। ਇਥੇ ਇੱਕ ਗੱਲ ਜੋ ਸਾਡਾ ਧਿਆਨ ਮੰਗਦੀ ਹੈ ਉਹ ਇਹ ਹੈ ਕਿ ਗੁਰਬਾਣੀ ਜਿਸ ਆਵਾਗਵਣ ਦੀ ਗੱਲ ਕਰਦੀ ਹੈ ਉਸ ਵਿੱਚ ਕਈ ਕਈ ਜਨਮ ਨਹੀਂ ਉਡੀਕ ਕਰਨੀ ਪੈਂਦੀ ਬਲਕਿ ਇੱਕ ਛਿਣ ਵਿੱਚ ਹੀ ਮੁਰਦੇ ਤੋਂ ਜੀਉਂਦਾ ਹੋ ਜਾਂਦਾ ਹੈ। "ਸੂਕੇ ਹਰੇ ਕੀਏ ਖਿਨ ਮਾਹੇ॥" ਪੰਨਾ 191.

ਇਹ ਇੱਕ ਅਜੀਬ ਵਿਰੋਧਾਭਾਸ ਹੈ ਕਿ ਗੁਰਬਾਣੀ ਜਿਸ ਨੂੰ ਇਥੇ ਮਿਰਤਕ ਆਖਦੀ ਹੈ ਉਹ ਸੰਸਾਰ ਦੀਆਂ ਨਜ਼ਰਾਂ ਵਿੱਚ ਜੀਉਂਦਾ ਜਾਗਦਾ ਹੈ। ਬਲਕਿ ਜਿਹੜੇ ਲੋਕ ਹਉਮੇ ਨਾਲ ਲਬਰੇਜ਼ ਹੁੰਦੇ ਨੇ ਅਕਸਰ ਜ਼ਿੰਦਗੀ ਵਿੱਚ ਉਹ ਅਮੀਰ, ਬਲਵਾਨ, ਰਾਜੇ ਤਕ ਵੀ ਬਣ ਜਾਂਦੇ ਹਨ। ਇਸ ਲਈ ਕਈ ਵਾਰ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਅਸਲ ਜਿੰਦਗੀ ਤਾਂ ਇਹਨਾਂ ਦੀ ਹੈ ਬਾਕੀ ਤਾਂ ਬਸ ਦਿਨ ਕਟੀ ਕਰ ਰਹੇ ਨੇ। ਇਸ ਵਿਰੋਧਾਭਾਸ ਨੂੰ ਸਮਝਣ ਲਈ ਇੱਕ ਹੋਰ ਵਿਰੋਧਾਭਾਸ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਇਕੱ ਪਾਸੇ ਗਰੁਬਾਣੀ ਵਿੱਚ ਇਹ ਕਿਹਾ ਗਿਆ ਹੈ ਕਿ ਹਉਮੇ ਕਾਰਨ ਜੀਵਨ ਉਪਜਦਾ ਹੈ ਅਤੇ ਦੂਜੇ ਪਾਸੇ ਇਹ ਕਿਹਾ ਗਿਆ ਹੈ ਕਿ ਹਉਮੇ ਆਉਂਦੇ ਸਾਰ ਹੀ ਮਨੁਖ ਮਿਰਤਕ ਹੋ ਜਾਂਦਾ ਹੈ। ਇਹ ਵਿਰੋਧਾਭਾਸ ਇਸ ਕਰਕੇ ਪੈਦਾ ਹੁੰਦੇ ਨੇ ਕਿਉਂਕਿ ਅਸੀਂ ਗੁਰਬਾਣੀ ਵਿੱਚਲੇ ਦੋਨੋਂ ਆਵਾਗਵਣਾਂ ਨੂੰ ਰਲਗੱਡ ਕਰਕੇ ਦੇਖਦੇ ਹਾਂ। ਇਹਨਾਂ ਓਪਰੀ ਨਜ਼ਰੇ ਪ੍ਰਸਪਰ ਵਿਰੋਧੀ ਲਗਦੀਆਂ ਗੱਲਾਂ ਦੀ ਉਲਝਣ ਨੂੰ ਸਮਝਾਉਣ ਲਈ ਗੁਰਬਾਣੀ ਵਿੱਚ "ਜੀਵਤ ਮਿਰਤਕ" ਜਾਂ "ਮਰਜੀਵੜੇ" ਦਾ ਸੰਕਲਪ ਦਿੱਤਾ ਗਿਆ ਹੈ। ਕਬੀਰ ਸਾਹਿਬ ਦੇ ਬਚਨ ਨੇ "ਕਬੀਰ ਐਸਾ ਏਕੁ ਆਧੁ ਜੋ ਜੀਵਤ ਮਿਰਤਕੁ ਹੋਇ॥ ਨਿਰਭੈ ਹੋਇ ਕੈ ਗੁਨ ਰਵੈ ਜਤ ਪੇਖਉ ਤਤ ਸੋਇ॥" ਪੰਨਾ 1364॥ ਕਬੀਰ ਸਾਹਿਬ ਤਾਂ ਇਥੌਂ ਤਕ ਕਹਿੰਦੇ ਹਨ ਕਿ ਅਕਾਲ ਪੁਰਖ ਦੀ ਪਰਖ ਵਿੱਚ ਤਾਂ ਸਿਰਫ ਮਰਜੀਵੜਾ ਹੀ ਪੂਰਾ ਉਤਰਦਾ ਹੈ। "ਰਾਮ ਕਸਉਟੀ ਸੋ ਸਹੇ ਜੋ ਮਰਜੀਵਾ ਹੋਇ॥" ਪੰਨਾ 948. ਗੁਰੂ ਅਮਰਦਾਸ ਸਾਹਿਬ "ਮਰਜੀਵੜੇ" ਦੀ ਪ੍ਰੀਭਾਸਾ ਇਸ ਤਰ੍ਹਾਂ ਦਿੰਦੇ ਨੇ।

ਕਿਉ ਕਰਿ ਇਹੁ ਮਨੁ ਮਾਰੀਐ ਕਿਉ ਕਰਿ ਮਿਰਤਕੁ ਹੋਇ॥ ਕਹਿਆ ਸਬਦੁ ਨ ਮਾਨਈ ਹਉਮੈ ਛਡੈ ਨ ਕੋਇ॥ ਗੁਰ ਪਰਸਾਦੀ ਹਉਮੈ ਛੁਟੈ ਜੀਵਨ ਮੁਕਤੁ ਸੋ ਹੋਇ॥ ਨਾਨਕ ਜਿਸ ਨੋ ਬਖਸੈ ਤਿਸੁ ਮਿਲੈ ਤਿਸੁ ਬਿਘਨੁ ਨ ਲਾਗੈ ਕੋਇ॥ ਪੰਨਾ 948

ਇਸ ਪ੍ਰੀਭਾਸ਼ਾ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਮਰਜੀਵੜਾ ਉਹ ਹੈ ਜਿਸ ਨੇ ਗੁਰ ਕਿਰਪਾ ਰਾਹੀਂ ਸਬਦ ਨੂੰ ਮੰਨ ਆਪਣੀ ਹਉਮੇ ਤੋਂ ਛੁਟਕਾਰਾ ਪਾ ਲਿਆ। ਦੂਸਰੇ ਸ਼ਬਦਾਂ ਵਿੱਚ ਜੋ ਗੁਰੂ ਜਾਣੀ ਬਿਬੇਕ ਬੁਧ ਨੂੰ ਸਮਰਪਤ ਹੋ ਚੁਕਾ ਹੈ। ਇਹੀ ਗੱਲ ਗੁਰਬਾਣੀ ਵਿੱਚ ਕਈ ਤਰ੍ਹਾਂ ਨਾਲ ਕਹੀ ਗਈ ਹੈ। ਸ਼ਬਦ ਨੂੰ ਕਮਾਉਣਾ, ਸਬਦ ਤੋ ਮਰਨਾ, ਸਬਦ ਵਿੱਚ ਸਮਾਉਣਾ ਆਦਿ। ਮਰਜੀਵੜੇ ਹੀ ਭਗਤੀ ਕਰਨ ਦੇ ਕਾਬਲ ਨੇ ਅਤੇ ਉਹ ਹੀ ਗੁਰਮੁਖ ਹੁੰਦੇ ਨੇ। "ਭਗਤ ਕਰਹਿ ਮਰਜੀਵੜੇ ਗੁਰਮੁਖਿ ਭਗਤਿ ਸਦਾ ਹੋਇ॥" ਪੰਨਾ 589. ਗੁਰਮੁਖ ਬੰਦੇ ਹੁਕਮ ਵਿੱਚ ਰਹਿ ਜਨਮ ਮਰਨ ਤੋਂ ਅਡੋਲ ਹੋ ਜਾਂਦੇ ਨੇ। "ਜਨਮ ਮਰਣ ਨਿਹਚਲੁ ਭਏ ਗੁਰਮੁਖਿ ਨਾਮੁ ਧਿਆਇ॥" ਪੰਨਾ 1416. ਅਗਰ ਅਸੀ ਜਪ ਦੀ ਪਹਿਲੀ ਪੌੜੀ ਵਲ ਧਿਆਨ ਦੇਈਏ ਤਾਂ ਸਾਨੂੰ ਸਹਿਜੇ ਹੀ ਪਤਾ ਚਲ ਜਾਏਗਾ ਕਿ ਉਥੇ ਵੀ ਇਹੀ ਸਨੇਹਾ ਦਿੱਤਾ ਗਿਆ ਹੈ। ਸਿਰਫ ਹੁਕਮ ਤੇ ਚਲ ਸਚਿਆਰ ਹੋਣ ਨਾਲ ਹੀ ਕੂੜ ਦੀ ਦੀਵਾਰ ਟੁਟਦੀ ਹੈ। ਇਹ ਕੂੜ ਦੀਆਂ ਦੀਵਾਰਾਂ ਮੌਤ ਨੇ ਜਿਸ ਨੂੰ ਤੋੜ ਹੀ ਜ਼ਿੰਦਗੀ ਦਾ ਸੱਚ ਉਜਾਗਰ ਹੁੰਦਾ ਹੈ।

ਇਸ ਸਾਰੀ ਵਿਚਾਰ ਤੋਂ ਇਹ ਸਿਟਾ ਨਿਕਲਦਾ ਹੈ ਕਿ ਹਉਮੈ ਵਿੱਚ ਕੀਤੇ ਕਰਮ ਆਵਾਗਵਣ ਵਿੱਚ ਪਾਉਂਦੇ ਨੇ ਹੁਕਮ ਵਿੱਚ ਕੀਤੇ ਕੰਮ ਆਵਾਗਵਣ ਚੋਂ ਕੱਢਦੇ ਨੇ। ਜਿਨ੍ਹਾਂ ਅਭਾਗੇ ਮਨਮੁਖ ਬੰਦਿਆਂ ਨੂੰ ਸਤਿਗੁਰ (ਗਿਆਨ) ਨਹੀਂ ਮਿਲਦਾ ਉਹ ਆਵਾਗਵਣ ਵਿੱਚ ਫਸੇ ਰਹਿੰਦੇ ਨੇ। "ਭਾਗਹੀਨ ਸਤਿਗੁਰੁ ਨਹੀ ਪਾਇਆ ਮਨਮੁਖੁ ਗਰਭ ਜੂਨੀ ਨਿਤ ਪਉਦਾ ਜੀਉ॥" ਪੰਨਾ 95. ਜੋ ਭਾਗਾਂ ਵਾਲੇ ਗੁਰੂ ਦੇ ਗਿਆਨ ਨੁੰ ਪਰਨਾ ਜਾਂਦੇ ਹੇ ਉਹ ਨ ਮਰਦੇ ਨੇ ਨ ਹੀ ਜੰਮਦੇ ਨੇ। "ਗੁਰਮੁਖਿ ਮਰੈ ਨ ਜਨਮੈ ਗੁਰਮੁਖਿ ਸਬਦਿ ਸਮਾਹਾ ਹੇ॥" ਪੰਨਾ 1054

ਅਲਾਹਣੀਆਂ ਅਤੇ ਸਦੁ

ਗੁਰੂ ਗ੍ਰੰਥ ਸਾਹਿਬ ਵਿੱਚ ਦੋ ਬਾਣੀਆਂ ਅਜਿਹੀਆਂ ਹਨ ਜਿਨ੍ਹਾਂ ਦਾ ਸਿੱਧਾ ਸਬੰਧ ਮੋਤ ਨਾਲ ਹੈ। ਇਹਨਾਂ ਬਾਣੀਆਂ ਤੋਂ ਸਾਨੂੰ ਸੇਧ ਮਿਲਦੀ ਹੈ ਕਿ ਗੁਰਬਾਣੀ ਵਿੱਚ ਆਵਾਗਵਣ ਦਾ ਸਿਧਾਂਤ ਕੀ ਹੈ। ਅਲਾਹਣੀਆ ਗੁਰ ਨਾਨਕ ਸਾਹਿਬ ਦੀ ਰਚਨਾ ਹੈ। ਇਹ ਇੱਕ ਬੜੀ ਹੀ ਦਿਲਚਸਪ ਗਲ ਹੈ ਕਿ ਇਸ ਬਾਣੀ ਵਿੱਚ ਆਵਾਗਵਣ ਲਫ਼ਜ਼ ਸਿਰਫ ਇੱਕ ਵਾਰ ਵਰਤਿਆ ਗਿਆ ਹੈ ਉਹ ਵੀ ਜਨਮ ਅਤੇ ਮੌਤ ਦੇ ਅਰਥਾਂ ਵਿੱਚ ਨਾ ਕਿ ਵੱਖ ਵੱਖ ਜੂਨੀਆਂ ਵਿੱਚ ਪੈਣ ਦੇ ਅਰਥਾਂ ਵਿੱਚ। ਇਸ ਬਾਣੀ ਦੇ ਪੰਜ ਬੰਦ ਨੇ ਜਿਨ੍ਹਾ ਦਾ ਸੰਖੇਪ ਭਾਵ ਇਸ ਤਰ੍ਹਾਂ ਹੈ।

ਪਹਿਲੇ ਬੰਦ ਵਿੱਚ "ਢਾਹੇ ਢਾਹਿ ਉਸਾਰੇ ਆਪੇ ਹੁਕਮਿ ਸਵਾਰਣਹਾਰੋ॥" ਦੀ ਗੱਲ ਕੀਤੀ ਗਈ ਹੈ ਅਤੇ ਰੋਣ ਦੀ ਵਜਾਏ ਸਿਰਜਣਹਾਰ ਦੇ ਬਲਿਹਾਰੇ ਜਾਣ ਦੀ ਸਿਖਿਆ ਦਿੱਤੀ ਗਈ ਹੈ। ਕਿਉਂਕਿ ਹਰ ਇੱਕ ਦੀ ਮੌਤ ਲਾਜ਼ਮੀ ਹੈ। ਜੇ ਵੈਰਾਗ ਕਰਨਾ ਹੀ ਹੈ ਤਾਂ ਉਸ ਸਿਰਜਣਹਾਰ ਤੋਂ ਹੋਈ ਦੂਰੀ ਦਾ ਕਰੋ। ਦੂਜੇ ਬੰਦ ਵਿੱਚ ਮੌਤ ਨੂੰ ਮਾੜਾ ਕਹਿਣ ਤੋਂ ਵਰਜਿਆ ਹੈ ਕਿਉਂਕਿ "ਮਰਣੁ ਮੁਣਸਾ ਸੂਰਿਆ ਹਕੁ ਹੈ ਜੇ ਹੋਇ ਮਰਹਿ ਪਰਵਾਣੋ॥" ਕਿਉਂਕਿ ਇਹ ਸੰਸਾਰ ਇੱਕ ਖੇਡ ਹੈ ਜਿਸ ਵਿੱਚ ਸੂਰਮੇ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਜ਼ਿੰਦਗੀ ਦੀ ਬਾਜੀ ਮਾਰ ਜਾਂਦੇ ਹਨ। ਤੀਸਰੇ ਬੰਦ ਵਿੱਚ ਉਸ ਸਚੇ ਪਰਵਦਦਾਰ ਦੀ ਸਿਫਤ ਸਲਾਹ ਕਰਨ ਦੀ ਗਲ ਕੀਤੀ ਹੈ ਜਿਸ ਨੈ ਇਹ ਫਾਨੀ ਸੰਸਾਰ, ਸੂਰਜ, ਚੰਦ ਆਦਿ ਦੀ ਰਚਨਾ ਕੀਤੀ। "ਆਵਾ ਗਵਣੁ ਸਿਰਜਿਆ ਤੂ ਥਿਰੁ ਕਰਣੇਹਾਰੋ॥" ਉਹ ਆਪ ਸਦਾ ਸਦਾ ਹੈ ੳਸ ਦੀ ਰਚਨਾ ਵਿੱਚ ਜਨਮ ਮੌਤ ਲਾਜ਼ਮੀ ਹੈ। ਮੌਤ ਇਹ ਨਹੀਂ ਦੇਖਦੀ ਕੋਈ ਬੱਚਾ ਹੈ ਜਾਂ ਬਿਰਧ। ਇਸ ਬੰਦ ਵਿੱਚ ਜੀਵਤ ਮਰਨ ਦੀ ਵੀ ਗਲ ਕੀਤੀ ਗਈ ਹੈ। "ਜੀਵਤ ਮਰੇ ਸੁ ਜਾਣੀਅੇ ਪਿਰ ਸਚੜੈ ਹੇਤਿ ਪਿਆਰੇ॥" ਸੋ ਇੱਥੈ ਉਹਨਾ ਦੋਨਾਂ ਆਵਾਗਵਣਾਂ ਦਾ ਜ਼ਿਕਰ ਹੈ ਜਿਨ੍ਹਾ ਦੀ ਆਪਾਂ ਉਪਰ ਵਿਚਾਰ ਕੀਤੀ ਹੈ। ਚੌਥੇ ਬੰਦ ਵਿੱਚ ਜਿਸ ਪ੍ਰਭੂ ਨੇ ਜਗਤ ਰਚਨਾ ਕੀਤੀ ਉਸ ਨੂੰ ਸਦਾ ਨੇੜੇ ਸਮਝ ਕੇ ਜੀਉਣ ਦੀ ਤਗੀਦ ਕੀਤੀ ਹੈ ਕਿਉਂਕਿ "ਸਿਰਿ ਸਿਰਿ ਸਚੜੈ ਲਿਖਿਆ ਦੁਖੁ ਸੁਖੁ ਪੁਰਬਿ ਵੀਚਾਰੋਵਾ॥"। ਅਸੀਂ ਜੋ ਵੀ ਕਰਮ ਕਰਦੇ ਹੀ ਉਸ ਅਨੁਸਾਰ ਹੀ ਸਾਡੇ ਸੰਸਕਾਰ ਬਣਦੇ ਜਾਂਦੇ ਨੇ ਅਤੇ ਸਿਰਫ ਇਹ ਹੀ ਸਾਡੇ ਕੰਮ ਆਉਦੇ ਨੇ ਨ ਕਿ ਪਹਿਨੇ ਹੋਏ ਕਪੜੇ ਜਾਂ ਖਾਧੇ ਹੋਏ ਪਦਾਰਥ। ਪੰਜਵੇਂ ਬੰਦ ਵਿੱਚ ਮੌਤ ਦੇ ਅਟੱਲ ਹੋਣ ਦਾ ਜ਼ਿਕਰ ਹੈ। "ਬਾਬਾ ਆਇਆ ਹੈ ਉਠਿ ਚਲਣਾ ਇਹੁ ਜਗੁ ਝੂਠੁ ਪਸਾਰੋਵਾ॥" ਇਸ ਕਰਕੇ ਸੱਚੇ ਰੱਬ ਦੇ ਲੜ ਲਗਣ ਦੀ ਪ੍ਰੇਰਣਾ ਕੀਤੀ ਗਈ ਹੇ। ਮੌਤ ਤੇ ਸਾਰੇ ਰੋਂਦੇ ਨੇ ਪਰ ਨ ਤਾਂ ਰੋਇਆਂ ਮੌਤ ਟਲਦੀ ਹੈ ਅਤੇ ਨ ਹੀ ਕੋਈ ਕਿਸੇ ਦੀ ਜਗ੍ਹਾ ਮਰਦਾ ਹੈ। ਇਸ ਕਰਕੇ ਆਉ ਇੱਕ ਦੂਜੇ ਨੂੰ ਗਲ ਮਿਲ ਅਸੀਸ ਦੇਈਏ ਕਿ ਸਾਡਾ ਸੱਚੇ ਨਾਲ ਮੇਲ ਬਣਿਆ ਰਹੇ।

ਦੂਜੀ ਬਾਣੀ ਸਦੁ ਹੇ ਜੋ ਗੁਰ ਅਮਰਦਾਸ ਦੀ ਆਪਣੀ ਮੌਤ ਤੇ ਸਿਖਾਂ ਨੂੰ ਕੀਤੀ ਹਦਾਇਤ ਹੈ ਅਤੇ ੳਹਨਾਂ ਦੇ ਪੜੋਤੇ ਸੁੰਦਰ ਵਲੋ ਲਿਖੀ ਗਈ ਹੈ। ਇਸ ਬਾਣੀ ਅਨੁਸਾਰ ਗੁਰ ਅਮਰਦਾਸ ਨੇ ਆਪਣੀ ਮੌਤ ਤੇ ਸਿਖਾਂ ਨੂੰ ਰੋਣੋ ਵਰਜਿਆ ਕਿਉਕਿ ਇਹ "ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ" ਹੈ। ਰੋਣ ਦੀ ਵਜਾਏ ੳਹੁਨਾ ਪ੍ਰਭੂ ਦੇ ਗੁਣ ਗਾਇਨ ਕਰਨ ਦੀ ਹਦਾਇਤ ਕੀਤੀ। "ਅੰਤੈ ਸਤਿਗੁਰੁ ਬੋਲਿਆਂ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ॥" ਇਸ ਬਾਣੀ ਵਿੱਚ ਕਿਤੇ ਵੀ ਆਵਾਗਵਣ ਦਾ ਜ਼ਿਕਰ ਨਹੀਂ ਹੈ।

ਕੀ ਇਹ ਇੱਕ ਸਬੂਤ ਨਹੀਂ ਕਿ ਗੁਰਮਤਿ ਪ੍ਰਚਲਤ ਆਵਾਗਵਣ ਦਾ ਸੰਪੂਰਨ ਖੰਡਣ ਕਰਦੀ ਹੈ। ਦੋਨਾਂ ਬਾਣੀਆਂ ਦਾ ਮੌਤ ਨਾਲ ਸਬੰਧ ਹੋਣ ਦੇ ਬਾਵਜ਼ੂਦ ਵੀ ਆਵਾਗਵਣ ਦੇ ਵਿਸ਼ੇ ਨੂੰ ਛੇੜਿਆ ਤੱਕ ਨਹੀਂ।

ਕੁਝ ਸਵਾਲ

ਆਵਾਗਵਣ ਦੇ ਸਬੰਧ ਵਿੱਚ ਕਈ ਤਰ੍ਹਾਂ ਦੇ ਸਵਾਲ ਹਨ। ਕੁੱਝ ਉਹਨਾਂ ਵਲੋਂ ਵੀ ਕੀਤੇ ਜਾਂਦੇ ਹਨ ਜੋ ਨਾਸਤਕ ਕਹਾਉਂਦੇ ਨੇ ਅਤੇ ਕੁੱਝ ਉਹ ਲੋਕ ਵੀ ਕਰਦੇ ਨੇ ਜੋ ਗੁਰਬਾਣੀ ਨੂੰ ਭਿੰਨ ਭਿੰਨ ਜੂਨਾਂ ਵਾਲੇ ਆਵਾਗਵਣ ਦਾ ਸਮਰਥਕ ਕਹਿੰਦੇ ਨੇ।

  1. ਅਗਰ ਆਵਾਗਵਣ ਸਹੀ ਹੈ ਤਾਂ ਮਨੁੱਖੀ ਅਬਾਦੀ ਕਿਉਂ ਵਧ ਰਹੀ ਹੈ। ਇਸ ਸਵਾਲ ਦਾ ਪ੍ਰਚਲਤ ਆਵਾਗਵਣ ਦੇ ਸਿਧਾਂਤ ਕੋਲ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਹੈ। ਪਰ ਗੁਰਬਾਣੀ ਇਸ ਵਾਰੇ ਬਹੁਤ ਸਪਸ਼ਟ ਹੈ। ਜਨਮ ਦਾ ਕਾਰਨ ਹਉਮੇ ਹੈ। ਇਸ ਵਕਤ ਮਨੁੱਖੀ ਹਉਮੇ ਪ੍ਰਬਲ ਹੈ। ਉਹ ਆਪਣੀ ਹੋਂਦ ਦੀ ਜੱਦੋਜਹਦ ਵਿੱਚ ਬਾਕੀ ਜੂਨੀਆਂ ਨੂੰ ਹੜਪ ਰਿਹਾ ਹੈ। ਇਸ ਦਾ ਕੀ ਸਿੱਟਾ ਨਿਕਲੇਗਾ ਕਦੋ ਨਿਕਲੇਗਾ ਇਹ ਤਾਂ ਕਰਤਾਰ ਜਾਣੇ ਪਰ ਇੱਕ ਗੱਲ ਸਾਫ ਹੈ ਕਿ ਇਹ ਸਿੱਟਾ ਮਨੁੱਖ ਜਾਤੀ ਲਈ ਸੁਖਾਵਾਂ ਨਹੀਂ ਹੋਵੇਗਾ।
  2. ਅਗਰ ਕਰਮਾਂ ਦਾ ਅਗਲੇ ਜਨਮ ਵਿੱਚ ਕੋਈ ਅਸਰ ਨਹੀਂ ਤਾਂ ਲੋਕ ਅਮੀਰ ਗਰੀਬ, ਬੀਮਾਰ ਤੰਦਰੁਸਤ ਕਿਉਂ ਪੈਦਾ ਹੁੰਦੇ ਨੇ। ਗੁਰਬਾਣੀ ਇਸ ਵਾਰੇ ਵੀ ਬਹੁਤ ਸਪਸ਼ਟ ਹੈ। ਅਮੀਰ ਗਰੀਬ ਹੋਣ ਦਾ ਕਰਮਾਂ ਨਾਲ ਕੋਈ ਵਾਸਤਾ ਨਹੀਂ। ਸਮਾਜ ਦੀ ਕਾਣੀ ਵੰਡ ਸਮਾਜ ਦੀ ਉਪਜ ਹੈ। ਗੁਰਬਾਣੀ ਇਸ ਲਈ ਸੰਘਰਸ਼ ਦਾ ਸੱਦਾ ਦਿੰਦੀ ਹੈ। ਗੁਰੂਆਂ ਨੇ ਆਪ ਅੱਗੇ ਹੋ ਕਿ ਇਸ ਸੰਘਰਸ਼ ਦੀ ਅਗਵਾਈ ਕੀਤੀ। ਇੱਥੋਂ ਤਕ ਕਿ ਹਥਿਆਰਬੰਦ ਸੰਘਰਸ਼ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ। ਇਸੇ ਤਰ੍ਹਾਂ ਅਗਰ ਕੋਈ ਬੀਮਾਰ ਜਾਂ ਤੰਦਰੁਸਤ ਪੈਦਾ ਹੁੰਦਾ ਹੇ ਤਾਂ ਇਸ ਵਿੱਚ ਵੀ ਪਿਛਲੇ ਜਨਮ ਦੇ ਕਰਮਾਂ ਦਾ ਕੋਈ ਹੱਥ ਨਹੀਂ ਹੈ। ਇਹ ਸਭ ਵੀ ਸਮਾਜਿਕ, ਆਰਥਿਕ ਆਦਿ ਹਾਲਾਤਾਂ ਤੇ ਨਿਰਭਰ ਹੈ। ਇਸ ਵਾਰੇ ਵੀ ਗੁਰਬਾਣੀ ਇਹਨਾਂ ਹਾਲਾਤਾਂ ਨੂੰ ਬਦਲਣ ਦੀ ਵਕਾਲਤ ਕਰਦੀ ਹੈ। ਗੁਰੂਆ ਨੇ ਆਪ ਦਵਾਖਾਨੇ ਸ਼ੁਰੂ ਕਰਕੇ ਇਹ ਹੀ ਸੰਦੇਸ਼ ਤੇ ਸੰਕੇਤੇ ਦਿੱਤਾ ਹੈ।
  3. ਅਗਰ ਆਵਾਗਵਣ ਨਹੀਂ ਹੇ ਤਾਂ ਇਹ ਬਾਕੀ ਜੂਨਾਂ ਜੋ ਮਨੁੱਖਾਂ ਜੂਨ ਦੀ "ਪਨਿਹਾਰੀ" ਹਨ ਕਿਉਂ ਪੈਦਾ ਕੀਤਾ ਗਿਆ ਹੈ। ਇਹ ਗੱਲ ਇਸ ਹਿਸਾਬ ਨਾਲ ਕੀਤੀ ਜਾਂਦੀ ਹੈ ਕਿ ਬਾਕੀ ਸਭ ਜੂਨਾਂ ਮਨੁੱਖ ਤੋਂ ਭੈੜੀਆਂ ਜਾਂ ਮੰਦੀਆਂ ਹਨ। ਪਰ "ਪਨਿਹਾਰੀ" ਦਾ ਇਹ ਮਤਲਬ ਨਹੀਂ ਹੈ। ਗੁਰੂ ਸਾਹਿਬ ਨੇ ਇਹ ਜ਼ਰੂਰ ਕਿਹਾ ਹੀ ਕਿ "ਅਵਰ ਜੋਨਿ ਤੇਰੀ ਪਨਿਹਾਰੀ" ਪਰ ਉਹਨਾਂ ਦਾ ਇਹ ਭਾਵ ਬਿਲਕੁਲ ਨਹੀਂ ਹੈ ਕਿ ਹੋਰ ਜੋਨੀਆਂ ਮਨੱਖ ਜੋਨੀ ਤੋਂ ਮੰਦੀਆਂ ਹਨ। ਉਹ ਸਿਰਫ ਇਹ ਕਹਿ ਰਹੇ ਨੇ ਨਿ ਇਸ ਧਰਤੀ ਤੇ ਮਨੁੱਖ ਜਾਤੀ ਦਾ ਰਾਜ ਹੈ ਅਤੇ ਬਾਕੀ ਜਾਤੀਆਂ ਉਸ ਦਾ ਪਾਣੀ ਭਰ ਰਹੀਆਂ ਹਨ ਭਾਵ ਉਸ ਦੇ ਅਧੀਨ ਹਨ। ਅਧੀਨ ਹੋਣਾ ਇੱਕ ਗਲ ਹੈ ਪਰ ਚੰਗਾ ਜਾਂ ਮਾੜਾ ਹੋਣਾ ਦੂਸਰੀ ਗੱਲ। ਰਾਜਾ ਕਈ ਵਾਰ ਪਰਜਾ ਨਾਲੋਂ ਵੀ ਮਾੜਾ ਹੁੰਦਾ ਹੈ। ਰਹੀ ਗੱਲ ਇਹ ਸਭ ਜੂਨਾਂ ਦੇ ਪੈਦਾ ਹੋਣ ਦੀ। ਗੁਰਬਾਣੀ ਮੁਤਾਬਿਕ ਇਹ ਸਭ ਕਰਤੇ ਦੀ ਖੇਡ ਹੇ ਜੋ ਕਿਸੇ ਨੂੰ ਵੀ ਹਾਲੇ ਤਕ ਪੂਰੀ ਸਮਝ ਨਹੀਂ ਪਈ।
  4. ਅਗਰ ਆਵਾਗਵਣ ਨਹੀਂ ਹੈ ਤਾਂ ਐਹੋ ਜਿਹੇ ਕਿੱਸੇ ਕਿਉਂ ਅਖਬਾਰਾ ਦੀਆਂ ਸੁਰਖੀਆਂ ਬਣਦੇ ਨੇ ਜਿਥੇ ਕੋਈ ਬੱਚਾ ਆਪਣੇ ਪਿਛਲੇ ਜਨਮ ਦੀਆਂ ਗੱਲਾਂ ਯਾਦ ਕਰਦਾ ਹੈ ਅਤੇ ਆਪਣੇ ਪਿਛਲੇ ਜਨਮ ਦੇ ਰਿਸ਼ਤੇਦਾਰਾਂ ਅਤੇ ਘਰ ਨੂੰ ਵੀ ਪਹਿਚਾਣ ਲੈਂਦਾ ਹੈ। ਈਅਨ ਸਟੀਵਨਸਨ (11) ਨੇ ਕੋਈ ਦਰਜਨ ਦੇ ਕਰੀਬ ਕਿਤਾਬਾਂ ਲਿਖੀਆਂ ਹਨ ਜਿਨ੍ਹਾਂ ਵਿੱਚ ਅਜਿਹੇ ਕਿੱਸੇ ਬੜੀ ਬਰੀਕੀ ਨਾਲ ਬਿਆਨ ਕੀਤੇ ਹਨ। ਬੇਸ਼ੱਕ ਉਸਨੇ ਇੱਕ ਕਿਤਾਬ ਯੂਰਪ ਦੇ ਕੇਸਾਂ ਬਾਰੇ ਵੀ ਲਿਖੀ ਹੈ ਪਰ ਉਸਦੇ ਜ਼ਿਆਦਾਤਰ ਕਿੱਸੇ ਉਹਨਾ ਮੁਲਕਾਂ ਚੋਂ ਹੀ ਹਨ ਜਿਥੇ ਆਵਾਗਵਣ ਨੂੰ ਧਾਰਮਿਕ ਮਾਨਤਾ ਪ੍ਰਾਪਤ ਹੈ। ਪੌਲ ਐਡਵਰਡਜ਼ (12) ਨੇ ਸਟੀਵਨਸਨ ਦੇ ਕਿੱਸਿਆਂ ਦੀ ਪੜਚੋਲ ਕਰਕੇ ਇਹ ਕਿਹਾ ਕਿ ਇਹ ਸਭ ਸੁਣੀ ਸਣਾਈ ਗੱਲ (anecdotal) ਤੇ ਅਧਾਰਿਤ ਹਨ। ਉਸ ਦੇ ਕਹਿਣ ਮੁਤਾਬਿਕ ਸਾਰੇ ਸਬੂਤ ਛਾਂਟਵੀ ਸੋਚ (selective thinking) ਅਤੇ ਝੂਠੀਆਂ ਯਾਦਾਂ (False memories) ਤੋ ਪੈਦਾ ਹੋ ਰਹੇ ਨੇ। ਈਅਨ ਵਿਲਸਨ (13) ਅਨੁਸਾਰ ਬਹੁਤਾਤ ਕੇਸ ਗਰੀਬ ਘਰਾਂ ਦੇ ਬੱਚਿਆਂ ਵਲੋ ਅਮੀਰ ਵਿਅਕਤੀਆਂ ਤੋ ਪੁਨਰ ਜਨਮ ਦੇ ਬਹਾਨੇ ਪੇਸਾ ਵਟੋਰਨਾ ਹੋ ਸਕਦਾ ਹੈ। ਵਿਗਿਆਨੀ ਕਾਰਲ ਸੇਗਨ (14) ਅਤੇ ਸੈਮ ਹੈਰਿਸ (15) ਨੇ ਵੀ ਸਟੀਵਨਸਨ ਦੇ ਦਾਅਵਿਆਂ ਨੁੰ ਪੜਚੋਲ ਕਰ ਨਕਾਰਿਆ ਹੈ। ਭਾਸ਼ਾ ਵਿਗਿਆਨੀ ਸੈਰਾ ਟੋਮਸਨ ਨੇ ਭਾਸ਼ਾ ਦੇ ਅਧਾਰ ਤੇ ਇਹਨਾਂ ਦਾਅਵਿਆਂ ਦਾ ਖੰਡਨ ਕੀਤਾ ਹੈ। ਰਾਬ੍ਰਟ ਬੇਕਰ (16) ਨੇ ਇਹ ਕਿਹਾ ਹੈ ਕਿ ਮਨੋਵਿਗਿਆਨ ਦੇ ਮੁਤਾਬਿਕ ਇਹ ਸਾਰੇ ਦਾਅਵੇ Cryptomnesia ਅਤੇ Confabulation ਦੀ ਉਪਜ ਹਨ। ਸੋ ਇਹ ਦਾਅਵੇ ਕਿਸੇ ਲਿਹਾਜ਼ ਨਾਲ ਵੀ ਪੁਨਰ ਜਨਮ ਦਾ ਅਕੱਟ ਸਬੂਤ ਨਹੀਂ ਬਣ ਸਕੇ।
  5. ਦੁਨੀਆਂ ਵਿੱਚ ਬੇਤਹਾਸ਼ਾ ਜ਼ੁਲਮ ਹੋਏ ਨੇ ਅਤੇ ਹੋ ਰਹੇ ਨੇ – ਕੀ ਇਹ ਪਿਛਲੇ ਜਨਮ ਵਿੱਚ ਕੀਤੇ ਕਰਮਾ ਦਾ ਫਲ ਹਨ। ਹਿੰਦੂ ਧਰਮ ਦਾ ਆਵਾਗਵਣ ਦਾ ਸਿਧਾਂਤ ਤਾਂ ਇਸ ਦਾ ਉੱਤਰ ਹਾਂ ਵਿੱਚ ਦਿੰਦਾ ਹੈ ਪਰ ਗੁਰਬਾਣੀ ਇਸ ਦਾ ਉੱਤਰ ਨਾਂ ਵਿੱਚ ਦਿੰਦੀ ਹੈ। ਬਲਕਿ ਗੁਰਬਾਣੀ ਤਾਂ ਜੁਲਮ ਵਿਰੁੱਧ ਸੰਘਰਸ਼ ਦਾ ਸੁਨੇਹਾ ਦਿੰਦੀ ਹੈ ਅਤੇ ਲੋੜ ਪੈਣ ਤੇ ਹਥਿਆਰ ਚੁਕਣ ਲਈ ਵੀ ਪ੍ਰੇਰਦੀ ਹੈ।

ਸਾਰੰਸ਼

ਕੇਵਲ ਇਹ ਦੇਖ ਪੜ੍ਹ ਕੇ ਕਿ ਆਵਾਗਵਣ ਸ਼ਬਦ ਦੀ ਵਰਤੋਂ ਗੁਰਬਾਣੀ ਵਿੱਚ ਕੀਤੀ ਗਈ ਹੈ ਇਹ ਨਤੀਜ਼ਾ ਨਹੀਂ ਕੱਢਿਆ ਜਾ ਸਕਦਾ ਕਿ ਗੁਰਬਾਣੀ ਇਸ ਦੀ ਪ੍ਰੋੜਤਾ ਕਰਦੀ ਹੈ। ਸਾਨੂੰ ਗੁਰਬਾਣੀ ਦਾ ਸਮੁਚਾ ਫਲਸਫਾ ਸਮਝ ਇਹ ਨਿਰਨਾ ਕਰਨਾ ਪੈਣਾ ਹੈ। ਆਪਾਂ ਉਪਰ ਦਿੱਤੀ ਵਿਚਾਰ ਵਿੱਚ ਦੇਖ ਚੁਕੇ ਹਾਂ ਕਿ ਗੁਰਬਾਣੀ ਪ੍ਰਚਲਤ ਆਵਾਗਵਣ ਦਾ ਖੰਡਣ ਕਰ ਆਪਣਾ ਨਿਵੇਕਲਾ ਸਿਧਾਂਤ ਪੇਸ਼ ਕਰਦੀ ਹੈ। ਸਤੈ ਬਲਵੰਡਿ ਦੀ ਵਾਰ ਵਿੱਚ ਬਲਵੰਡਿ ਜੀ ਇੱਕ ਗੱਲ ਕਹਿੰਦੇ ਨੇ ਜੋ ਸਾਡਾ ਧਿਆਨ ਮੰਗਦੀ ਹੈ। ਉਹ ਕਹਿੰਦੇ ਨੇ ਕਿ ਗੁਰ ਸਾਹਿਬ ਨੇ ਸ਼ਬਦ ਨੂੰ ਰਿੜਕ ਕੇ ਆਵਾਗਵਣ ਨੂੰ ਸੋਹਣਾ ਬਣਾ ਦਿੱਤਾ। "ਮਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦੁ ਰਿੜਕਿਓੁਨ॥ ਚਉਦਹ ਰਤਨ ਨਿਕਾਲਿਅਨੁ ਕਰਿ ਆਵਾ ਗਉਣੁ ਚਿਲਕਿੳਨੁ॥" ਪੰਨਾ 967. ਇਥੋਂ ਇਹ ਗਲ ਬਿਲਕੁਲ ਸਾਫ ਹੋ ਜਾਂਦੀ ਹੈ ਕਿ ਗੁਰੂ ਸਾਹਿਬ ਨੇ ਆਵਾਗਵਣ ਨੂੰ ਨਵੀਂ ਪ੍ਰੀਭਾਸ਼ਾ ਦਿੱਤੀ ਹੈ। ਕਿਉਂਕਿ ਪ੍ਰਚਲਤ ਆਵਾਗਵਣ ਗੁਰਬਾਣੀ ਦੇ ਸਿਧਾਂਤ ਨਾਲ ਮੇਲ ਹੀ ਨਹੀਂ ਖਾਂਦਾ। ਮਿਸਾਲ ਦੇ ਤੌਰ ਤੇ ਗੁਰਬਾਣੀ ਕਹਿੰਦੀ ਹੈ ਕਿ ਕਾਦਰ ਕੁਦਰਤ ਦੀ ਰਚਨਾ ਕਰ ਵਿੱਚੇ ਹੀ ਆਪਣਾ ਆਸਣ ਜਮਾਈ ਬੈਠਾ ਹੈ। ਇਸ ਦੇ ਉਲਟ ਆਵਾਗਵਣ ਦਾ ਸਿਧਾਂਤ ਕਾਦਰ ਨੂੰ ਉਸਦੀ ਕੁਦਰਤ ਤੋਂ ਵੱਖ ਕਰਕੇ ਵੇਖ ਰਿਹਾ ਹੈ। ਉਹ ਕਿਤੇ ਦੂਰ ਬੈਠ ਫੈਸਲੇ ਕਰ ਰਿਹਾ ਹੈ। ਗੁਰਬਾਣੀ ਅਨੁਸਾਰ ਇਸ ਸ੍ਰਿਸ਼ਟੀ ਵਿੱਚ ਕਰਤਾਰ ਤੋਂ ਬਿਨਾ ਕੁੱਝ ਵੀ ਨਹੀਂ ਹੈ। ਸਾਰੀ ਕਾਇਨਾਤ ਉਸ ਦੀ ਹੋਂਦ ਨਾਲ ਭਰੀ ਪਈ ਹੈ। ਕਰਤਾਰ "ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ॥ ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰੁ॥ 1॥ ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ॥" ਪੰਨਾ 23

ਕਈ ਵਿਦਵਾਨ ਸੱਜਣ ਇਹ ਤਾਂ ਬੜੀ ਉੱਚੀ ਸੁਰ ਵਿੱਚ ਕਹਿੰਦੇ ਨੇ ਕਿ ਸਿਖ ਧਰਮ ਦਾ ਆਵਾਗਵਣ ਹਿੰਦੂ ਧਰਮ ਦੇ ਆਵਾਗਵਣ ਨਾਲੋਂ ਅੱਡ ਹੈ। ਪਰ ਘੁੰਮ ਘਮਾ ਕੇ ਉਹ ਵੀ ਹਿੰਦੂ ਧਰਮ ਵਾਲੇ ਆਵਾਗਵਣ ਦੀ ਹੀ ਪ੍ਰੋੜਤਾ ਕਰ ਜਾਂਦੇ ਨੇ। ਇੱਕ ਤਰ੍ਹਾਂ ਨਾਲ ਉਹ ਕੰਨ ਬਾਂਹ ਨੂੰ ਸਿਰ ਦੇ ਪਿਛਿਓਂ ਘੁਮਾ ਕੇ ਫੜਦੇ ਨੇ। ਅਸੀਂ ਸਾਰੇ ਜੀ ਪੀ ਐਸ ਦੀ ਵਰਤੋਂ ਕਰਦੇ ਹਾਂ। ਇਸ ਵਿੱਚ ਜਿਹੜਾ ਪਤਾ ਇੱਕ ਵਾਰ ਭਰ ਦਿਉ ਉਹ ਇਹ ਯਾਦ ਰੱਖਦਾ ਹੈ। ਭਾਰਤ ਅੰਦਰ ਰਹਿੰਦੇ ਹਰ ਵਿਅਕਤੀ ਦੇ ਜੀ ਪੀ ਐਸ (ਜਾਣੀ ਦਿਮਾਗ) ਵਿੱਚ ਉਸ ਨੂੰ ਪੁੱਛੇ ਬਗੈਰ ਹਿੰਦੂ ਧਰਮ ਵਾਲੇ ਆਵਾਗਵਣ ਦਾ ਪਤਾ ਭਰਿਆ ਜਾਂਦਾ ਹੈ। ਇਸ ਕਰਕੇ ਜਿਉਂ ਹੀ ਸਾਡਾ ਦਿਮਾਗ ਆਵਾਗਵਣ ਸੁਣਦਾ ਦੇਖਦਾ ਹੈ ਤਾਂ ਉਹ ਸਾਨੂੰ ਹਿੰਦੂ ਧਰਮ ਵਾਲੇ ਆਵਾਗਵਣ ਨੂੰ ਲੈ ਤੁਰਦਾ ਹੈ। ਗੁਰਬਾਣੀ ਵਿੱਚ ਆਵਾਗਵਣ ਸ਼ਬਦ ਬਹੁਤ ਵਾਰੀ ਆਇਆ ਹੈ ਪਰ ਗੁਰਬਾਣੀ ਇਸ ਨੂੰ ਨਵੇਂ ਅਰਥ ਦਿੰਦੀ ਹੈ। ਜਿਸ ਆਵਾਗਵਣ ਦੀ ਗਲ ਗੁਰਬਾਣੀ ਕਰਦੀ ਹੈ ਉਹ ਸਾਡੇ ਅੰਦਰ "ਸਤਿਗੁਰ ਕੈ ਜਨਮੇ" ਮਿਟਦਾ ਹੈ। ਸਤਿਗੁਰ ਦਾ ਅੰਦਰ ਕਿਵੇਂ ਜਨਮ ਹੁੰਦਾ ਹੈ? ਜਦੋਂ ਸਾਡੀ ਵਿਰਤੀ ਬਿਬੇਕ ਬੁਧ ਵਾਲੀ ਬਣ ਜਾਂਦੀ ਹੈ। ਤਾਂ ਹੀ ਅਸੀਂ "ਮਨਸਾ ਆਸਾ ਸਬਦਿ ਜਲਾਈ॥" ਪੰਨਾ 940 ਵਾਲੀ ਅਵਸਥਾ ਨੂੰ ਅਪੜ ਸਕਦੇ ਹਾਂ। ਫਿਰ ਅਸੀਂ ਅਕਾਲ ਪੁਰਖ ਦੇ ਹੁਕਮ ਦੀ ਰਜ਼ਾ ਵਿੱਚ ਤੁਰਦੇ ਹਾਂ।

ਗੁਰੂ ਨਾਨਕ ਸਾਹਿਬ ਦੇ ਬਚਨ ਨੇ "ਬਹੁਤਾ ਜੀਵਣੁ ਮੰਗੀਐ ਮੂਆ ਨ ਲੋੜੈ ਕੋਇ॥" ਪੰਨਾ 63. ਮਨੁੱਖ ਦੀ ਇਹ ਆਦਿ ਕਾਲ ਤੋਂ ਹੀ ਇੱਛਾ ਰਹੀ ਹੈ ਕਿ ਉਹ ਕਦੇ ਵੀ ਨਾ ਮਰੇ। ਮਨੁੱਖ ਦੇ ਮੌਤ ਤੋਂ ਇਨਕਾਰੀ ਹੋਣ ਦੀ ਹੀ ਉਪਜ ਹਨ ਆਵਾਗਵਣ ਜਾਂ ਪੁਨਰ ਜਨਮ ਦੇ ਸਿਧਾਂਤ। ਇਹ ਸਾਰੀ ਦੁਨੀਆਂ ਵਿੱਚ ਹੀ ਹਰ ਫਲਸਫੇ ਵਿੱਚ ਕਿਸੇ ਨ ਕਿਸੇ ਰੂਪ ਵਿੱਚ ਮੌਜ਼ੂਦ ਨੇ। ਮਿਸਰ ਦੀ ਸਭਿਅਤਾ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਮ੍ਰਿਤਕ ਵਿਅਕਤੀ ਦੀ ਰੂਹ ਹੇਠਾਂ ਪਾਤਾਲ ਵਿੱਚ ਚਲੀ ਜਾਂਦੀ ਹੈ ਜਿਥੇ ਉਸਦੇ ਕੀਤੇ ਕੰਮਾ ਮੁਤਾਬਿਕ ਉਸਦਾ ਫੈਸਲਾ ਹੁੰਦਾ ਹੈ ਅਤੇ ਫਿਰ ਉਹ ਵਾਪਸ ਸਰੀਰ ਵਿੱਚ ਆ ਜਾਂਦੀ ਹੈ। (17) ਇਸੇ ਕਰਕੇ ਉਹ ਮੁਰਦਿਆਂ ਦੀਆਂ ਲਾਸ਼ਾਂ ਨੂੰ ਸੰਭਾਲ ਕੇ ਰੱਖਦੇ ਸਨ। ਯੁਨਾਨੀ ਚਿੰਤਕ ਪੀਥਾਗੋਰਸ, ਐਮਪੀਡੋਕਲੀਜ਼ ਆਦਿ ਵੀ ਆਵਾਗਵਣ ਨੂੰ ਕਿਸੇ ਨ ਕਿਸੇ ਸ਼ਕਲ ਵਿੱਚ ਮੰਨਦੇ ਸਨ। ਸੁਕਰਾਤ ਵੀ ਰੂਹ ਦੇ ਅਮਰ ਹੋਣ ਵਿੱਚ ਵਿਸ਼ਵਾਸ਼ ਰੱਖਦਾ ਸੀ। ਇਸੇ ਕਰਕੇ ਮੌਤ ਵੇਲੇ ਅਡੋਲ ਰਿਹਾ। (18) ਪਰ ਇਥੇ ਇੱਕ ਗੱਲ ਗੌਰ ਕਰਨ ਵਾਲੀ ਇਹ ਹੈ ਕਿ ਭਾਰਤ ਵਿੱਚ ਵੀ ਵੇਦ ਕਾਲ ਦੌਰਾਨ ਇਹ ਸਿਧਾਂਤ ਆਤਮਾ ਦੇ ਅਮਰ ਹੋਣ ਤਕ ਹੀ ਸੀਮਤ ਸੀ। ਗੀਤਾ ਵਿੱਚਲਾ ਕ੍ਰਿਸ਼ਨ ਦਾ ਉਪਦੇਸ਼ ਵੀ ਕੁੱਝ ਇਸ ਤਰ੍ਹਾਂ ਦਾ ਹੀ ਹੈ। ਭਾਰਤ ਵਿੱਚ ਇਸ ਸਿਧਾਂਤ ਦੀ ਮੌਜੂਦਾ ਸ਼ਕਲ ਮਨੂ ਸਿਮ੍ਰਤਿ ਅਤੇ ਪੁਰਾਣਾ ਨੇ ਦਿੱਤੀ ਲਗਦੀ ਹੈ। ਇੰਜ ਲਗਦਾ ਹੈ ਕਿ ਆਰੀਅਨ ਲੋਕਾਂ ਵਲੋ ਭਾਰਤੀ ਲੋਕਾਂ ਨੂੰ ਗੁਲਾਮ ਰੱਖਣ ਦੀ ਇਹ ਤਰਕੀਬ ਸੀ ਜੋ ਬੇਹੱਦ ਕਾਮਯਾਬ ਰਹੀ। ਉਹਨਾਂ ਨੂੰ ਕਰਮਾਂ ਦੇ ਗਦੀਗੇੜ ਵਿੱਚ ਪਾ ਲੁੱਟਣ ਦਾ ਰਾਹ ਪੱਧਰਾ ਕੀਤਾ ਲਗਦਾ ਹੈ। ਗੁਰਬਾਣੀ ਇਸ ਸਭ ਦੇ ਖਿਲਾਫ ਇੱਕ ਬਗਾਵਤ ਸੀ ਅਤੇ ਹੈ।

ਹਵਾਲੇ

  1. ਦੇਖੋ Encyclopaedia Britanica ਵਿੱਚ ਇੰਦਰਾਜ਼ Reincarnation
  2. ਭਾਈ ਕਾਨ ਸਿੰਘ ਆਪਣੀ ਕਿਤਾਬ "ਹਮ ਹਿੰਦੂ ਨਹੀਂ" ਵਿੱਚ ਜਰੂਰ ਇਹ ਗੱਲ ਕਹਿੰਦੇ ਹਨ ਕਿ "ਸਿਖ" ਆਵਾਗਵਨ ਮੰਨਦੇ ਹਨ।
  3. ਇਹ ਜਾਣਕਾਰੀ ਮੈ ਇੰਟ੍ਰਨੈਟ ਤੌ ਲਈ ਹੈ ਜਿਥੇ ਇਸਦਾ ਹਵਾਲਾ ਇਸ ਤਰ੍ਹਾਂ ਦਿਤਾ ਗਿਆ ਹੈ। Chapple, Christopher Key, W Sargeant (Translator) (2010). The Bhagavad Gita: Twenty-fifth–Anniversary Edition. State University of New York Press.
  4. "The Boundaries of Knowledge in Buddhism, Christianity, and Science", by Paul David Numrich, p. 13, Vandenhoeck & Ruprecht.
  5. Quoted by Barbara O’Brien in her article "Rebirth and Reincarnation in Buddhism"
  6. "Monks, suppose that this great earth were totally covered with water, and a man were to toss a yoke with a single hole there. A wind from the east would push it west, a wind from the west would push it east. A wind from the north would push it south, a wind from the south would push it north. And suppose a blind sea-turtle were there. It would come to the surface once every one hundred years. Now what do you think: would that blind sea-turtle, coming to the surface once every one hundred years, stick his neck into the yoke with a single hole?"
  7. ਭਾਈ ਕਾਨ ਸਿੰਘ ਨੇ ਹੰਸ ਸ਼ਬਦ ਦੇ ਬਾਕੀ ਅਰਥ ਇਸ ਤਰ੍ਹਾਂ ਦਿੱਤੇ ਹਨ। ਸੂਰਜ, ਜੀਵਆਤਮਾ, ਵਿਵੇਕੀ, ਇੱਕ ਰਾਜਾ, ਚਿੱਟੇ ਕੇਸ਼, ਹੰਸ ਪ੍ਰਾਣਯਾਮ, ਹੰਸ ਅਵਤਾਰ, ਵਿਸ਼ਨੂੰ, ਸ਼ਿਵ, ਘੋੜਾ, ਇੱਕ ਛੰਦ, ਮਾਤ੍ਰਾ।
  8. On the Origin of Species, Charles Darwin, Penguin editon, Page 66
  9. ਗੁਰੂ ਅੰਗਦ ਸਾਹਿਬ ਆਪਣੇ ਸਲੋਕ ਵਿੱਚ ਇਹ ਗਲ ਸਮੁੰਦਰ ਵਿੱਚਲੇ ਜੀਵਾਂ ਵਾਰੇ ਕਹਿ ਰਹੇ ਹਨ। ਪਰ ਇਹ ਧਰਤੀ ਉਤਲੇ ਜੀਵਾਂ ਵਾਰੇ ਵੀ ਉਨ੍ਹੀਂ ਹੀ ਸੱਚ ਹੈ।
  10. ਤੁਮ ਕਤ ਬ੍ਰਾਹਮਣ ਹਮ ਕਤ ਸੂਦ॥ ਹਮ ਕਤ ਲੋਹੂ ਤੁਮ ਕਤ ਦੂਧ॥ ਪੰਨਾ 324
  11. Famous books by Ian Stevenson are. Twenty Cases Suggestive of Incarnation and Where Reincarnation and Biology Inersect.
  12. Reincarnation – A Critical Examinaion by Paul Edwards
  13. Mind Out of Time- Reincarnation Investigated by Ian Wilson
  14. The Demon Haunted World by Carl Sagan
  15. The End of Faith by Sam Harris
  16. Hidden Memories – Voices and Visions from Within by Robert A Baker
  17. The History of Westerm Philosophy by Bertrand Russell, Touchstone edition page 4
  18. ਭਾਈ ਕਾਹਨ ਸਿੰਘ ਆਪਣੇ ਮਹਾਨ ਕੋਸ਼ ਵਿੱਚ ਅਤੇ ਬਰਟਰੈਂਡ ਰੱਸਲ ਆਪਣੀ ਉਪਰੋਕਿਤ ਕਿਤਾਬ ਦੇ ਪੰਨ 92 ਤੇ ਇਸ ਗੱਲ ਦੀ ਗਵਾਹੀ ਭਰਦੇ ਨੇ।



.