ਅਜੂਨੀ ਸੈਭੰ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਅਜੂਨੀ ਤੇ ਸੈਭੰ
ਅਜੂਨੀ ਤੇ ਸੈਭੰ ਵਾਹਿਗੁਰੂ ਦੀਆਂ ਦੋ ਅੱਡ ਅੱਡ ਖਾਸੀਅਤਾਂ (ਲੱਛਣ) ਹਨ:
ਅਲਖ ਅਪਾਰ ਅਗੰਮ ਅਗੋਚਰ ਨਾ ਤਿਸੁ ਕਾਲੁ ਨ ਕਰਮਾ ॥ ਜਾਤਿ ਅਜਾਤਿ ਅਜੋਨੀ
ਸੰਭਉ ਨਾ ਤਿਸੁ ਭਾਉ ਨ ਭਰਮਾ ॥ ੧ ॥ (ਪੰਨਾ ੫੯੭)
ਅਜੂਨੀ
ਅ+ਜੂਨੀ= ਜੋ ਕਿਸੇ ਜੂਨ ਵਿਚ ਨਹੀਂ ਪੈਂਦਾ। ਜੋ ਜੀਵਾਂ ਅਵਤਾਰਾਂ ਵਾਂਗੂੰ ਜਨਮ ਵਿਚ ਆਉਣ ਵਾਲਾ
ਨਹੀਂ, ਜੂਨ ਤੋਂ ਰਹਿਤ ਹੈ, ਜੂਨਾਂ (ਜਨਮ-ਮਰਨ) ਦੇ ਚੱਕਰ ਵਿਚ ਨਹੀਂ ; ਮਰਨ ਜਿਉਣ ਵਿਚ ਨਹੀਂ, ਉਸ
ਦੀ ਹੋਂਦ ਦਾ ਕੋਈ ਕਾਰਨ ਨਹੀਂ।ਇਸ ਨੂੰ ਅਜੋਨੀ ਵੀ ਲਿਖਿਆ ਗਿਆ ਹੈ ਜਿਸ ਦਾ ਭਾਵ ਉਹ ਕਿਸੇ ਯੋਨੀ
ਰਾਹੀਂ ਹੋਂਦ ਵਿਚ ਨਹੀਂ ਆਇਆ। ਪ੍ਰਭੂ ਬਿਆਨੋਂ ਬਾਹਰ, ਬੇਅੰਤ, ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ
ਉਚੇਰਾ ਹੈ ਤੇ ਕਾਲ (ਮੌਤ) ਅਤੇ ਪ੍ਰਾਲਬਧ ਦੇ ਅਧੀਨ ਨਹੀਂ। ਉਸ ਦੀ ਕੋਈ ਜਾਤ ਨਹੀਂ, ਉਹ ਜੂਨਾਂ ਵਿਚ
ਨਹੀਂ ਪੈਂਦਾ ਭਾਵ ਜਨਮ-ਮਰਨ ਤੋਂ ਪਰੇ ਹੈ ਕਿਉਂਕਿ ਉਸ ਦਾ ਪ੍ਰਕਾਸ਼ ਅਪਣੇ ਆਪ ਤੋਂ ਹੋਇਆ ਹੈ ਅਤੇ
ਸੰਕਲਪ ਤੇ ਸੰਦੇਹ ਦੇ ਬਗੈਰ ਹੈ।ਮੈਂ ਉਸ ਸੱਚੇ ਸਚਿਆਰ ਦੇ ਕੁਰਬਾਣ ਜਾਵਾਂ।ਉਸ ਦੇ ਕੋਈ ਸਰੂਪ ਨਹੀਂ,
ਕੋਈ ਰੰਗ ਨਹੀਂ ਕੋਈ ਨੁਹਾਰ ਨਹੀਂ।ਉਸਦਾ ਨੀਸਾਣ ਸੱਚਾ ਸ਼ਬਦ (ਨਾਮ) ਹੈ।ਉਸ ਦੇ ਮਾਂ, ਪਿਉ, ਪੁਤ੍ਰ
ਅਤੇ ਸੰਬੰਧੀ ਕੋਈ ਨਹੀਂ।ਉਸ ਨੂੰ ਕਾਮ ਦੀ ਇੱਛਾ ਨਹੀਂ ਤੇ ਨਾ ਹੀ ਉਸਦੀ ਕੋਈ ਪਤਨੀ ਹੈ।ਉਹ ਵੰਸ਼
ਰਹਿਤ, ਪਵਿਤ੍ਰ, ਵਿਸ਼ਾਲ, ਅਤੇ ਬੇਅੰਤ ਹੈ, ਉਸ ਦਾ ਨੂਰ ਸਭਨਾਂ ਅੰਦਰ ਵਿਆਪਕ ਹੈ।ਹਰ ਹਿਰਦੇ ਵਿਚ
ਵਾਹਿਗੁਰੂ ਵਸਦਾ ਹੈ ਹਰ ਸਰੀਰ ਵਿਚ ਉਸੇ ਦੀ ਜੋਤ ਹੈ।
ਅਲਖ ਅਪਾਰ ਅਗੰਮ ਅਗੋਚਰ ਨਾ ਤਿਸੁ ਕਾਲੁ ਨ ਕਰਮਾ ॥ ਜਾਤਿ ਅਜਾਤਿ ਅਜੋਨੀ
ਸੰਭਉ ਨਾ ਤਿਸੁ ਭਾਉ ਨ ਭਰਮਾ ॥ ੧ ॥ ਸਾਚੇ ਸਚਿਆਰ ਵਿਟਹੁ ਕੁਰਬਾਣੁ ॥ ਨਾ ਤਿਸੁ ਰੂਪ ਵਰਨੁ ਨਹੀ
ਰੇਖਿਆ ਸਾਚੈ ਸਬਦਿ ਨੀਸਾਣੁ ॥ ਰਹਾਉ ॥ ਨਾ ਤਿਸੁ ਮਾਤ ਪਿਤਾ ਸੁਤ ਬੰਧਪ ਨਾ ਤਿਸੁ ਕਾਮੁ ਨ ਨਾਰੀ ॥
ਅਕੁਲ ਨਿਰੰਜਨ ਅਪਰ ਪਰੰਪਰੁ ਸਗਲੀ ਜੋਤਿ ਤੁਮਾਰੀ ॥ ੨ ॥ ਘਟ ਘਟ ਅੰਤਰਿ ਬ੍ਰਹਮੁ ਲੁਕਾਇਆ ਘਟਿ ਘਟਿ
ਜੋਤਿ ਸਬਾਈ ॥ (ਪੰਨਾ ੫੯੭)
ਪ੍ਰਭੂ ਬਿਆਨੋਂ ਬਾਹਰ, ਬੇਅੰਤ, ਪਹੁੰਚ ਤੋਂ ਪਰੇ ਕਿਸੇ ਦੇ ਅਧੀਨ ਨਹੀਂ, ਜੂਨਾਂ ਤੋਂ ਬਾਹਰਾ ਜਾਂ
ਯੋਨੀ ਰਾਹੀਂ ਪੈਦਾ ਨਾ ਹੋਣ ਵਾਲਾ ਜੇ ਸੱਚੇ ਗੁਰੂ ਨੂੰ ਭਾਵੇ ਤਾਂ ਹੀ ਪਾਇਆ ਜਾ ਸਕਦਾ ਹੈ।
ਵਾਹਿਗੁਰੂ ਜੂਨਾਂ ਵਿਚ ਨਹੀਂ ਤੇ ਅੱਗੇ ਜੂਨਾਂ ਵਿਚ ਪਵੇਗਾ ਭੀ ਨਹੀਂ ਤੂੰ ਉਸ ਵਾਹਿਗੁਰੂ ਨੂੰ ਅਪਣੇ
ਹਿਰਦੇ ਅੰਦਰ ਹੀ ਵੇਖ।
ਬ੍ਰਹਮੁ ਅਜੋਨੀ ਹੈ ਭੀ ਹੋਨੀ ਘਟ ਭੀਤਰਿ ਦੇਖੁ ਮੁਰਾਰੀ ਜੀਓ।।
ਨਾ ਤਾਂ ਉਸ ਨੂੰ ਕਿਸੇ ਨਾ ਥਾਪਿਆ ਹੈ ਤੇ ਨਾ ਹੀ ਉਸਨੂੰ ਕਿਸੇ ਨੇ ਰਚਿਆ ਹੈ। ਉਹ ਖਾਕੋਂ ਬਿਨ ਅਪਣੇ
ਆਪ ਹੀ ਹੋਂਦ ਵਿਚ ਆਇਆ:
ਥਾਪਿਆ ਨ ਜਾਇ ਕੀਤਾ ਨ ਹੋਇ।। ਆਪੇ ਆਪਿ ਨਿਰੰਜਨੁ ਸੋਇ।।(ਪੰਨਾ ੨)
ਨਾ ਉਹ ਮਰਦਾ ਹੈ ਨਾ ਉਹ ਆਉਣ ਜਾਣ ਦੇ ਚੱਕਰਾਂ ਵਿਚ ਹੈ। ਉਹ ਤਾਂ ਹਰ ਥਾਂ ਸਮਾਇਆ ਹੋਇਆ ਹੈ।
ਜਨਮਿ ਨ ਮਰੈ ਨ ਆਵੈ ਨ ਜਾਇ।। ਨਾਨਕ ਕਾ ਪ੍ਰਭ ਰਹਿਓ ਸਮਾਇ।। (ਪੰਨਾ
੧੧੩੬)
ਨ ਆਵੈ ਨਾ ਜਾਈ।। (ਪੰਨਾ ੫੯੨)
ਨਾ ਤਿਸੁ ਮਰਣੁ ਨ ਆਵਣ ਜਾਣ।। (ਪੰਨਾ ੬੮੬)
ਨ ਇਹੁ ਬਿਨਸੈ ਨਾ ਇਹੁ ਜਾਇ।।ਆਦਿ ਜੁਗਾਦੀ ਰਹਿਆ ਸਮਾਇ।।(ਪੰਨਾ ੮੬੮)
ਨਾ ਓਹੁ ਮਰੈ ਨ ਹੋਵੈ ਸੋਗੁ।।ਦੇਦਾ ਰਹੈ ਨ ਚੂਕੈ ਭੋਗੁ।।(ਪੰਨਾ ੯)
ਨਾ ਓਇ ਜਨਮਹਿ ਨਾ ਮਰਹਿ ਨ ਓਹਿ ਦੁਖ ਸਹੰਨਿ।।(ਪੰਨਾ ੭੫੬)
ਜਨਮ ਮਰਣ ਤੇ ਰਹਤ ਨਾਰਾਇਣ ॥ ੧ ॥ (ਪੰਨਾ ੧੧੩੬)
ਓਹੁ ਜਨਮਿ ਨ ਮਰੈ ਰੇ ਸਾਕਤ ਢੋਰ ॥ ੨ ॥ (ਪੰਨਾ ੧੧੩੬)
ਜਨਮਿ ਨ ਮਰੈ ਨ ਆਵੈ ਨ ਜਾਇ ॥ ਨਾਨਕ ਕਾ ਪ੍ਰਭੁ ਰਹਿਓ ਸਮਾਇ ॥ ੪ ॥ ੧ ॥(ਪੰਨਾ ੧੧੩੬)
ਉਸ ਦੇ ਮਾਤਾ ਪਿਤਾ ਨਹੀਂ ਕਿਉਂਕਿ ਉਹ ਤਾਂ ਗਰਭ ਯੋਨੀ ਵਿਚ ਪਿਆ ਹੀ ਨਹੀਂ। ਨਾ ਉਸਦਾ ਕੋਈ ਅਪਣਾ
ਸਰੀਰ ਹੈ ਨਾ ਉਸ ਵਿਚ ਰਕਤੁ ਹੈ:
ਨਾ ਤਿਸੁ ਮਾਤ ਪਿਤਾ ਸੁਤ ਭ੍ਰਾਤਾ।। (ਪੰਨਾ ੧੦੨੧)
ਨਾ ਤਿਸੁ ਮਾਤ ਪਿਤਾ ਸੁਤ ਬੰਧਪ ਨਾ ਤਿਸ ਕਾਮੁ ਨ ਨਾਰੀ।। (ਪੰਨਾ ੫੯੭)
ਨਾ ਇਸੁ ਬਾਪੁ ਨਹੀ ਇਸੁ ਮਾਇਆ।। (ਪੰਨਾ ੮੬੮)
ਨਾ ਇਸੁ ਮਾਇ ਨ ਕਾਹੂ ਪੂਤਾ।। (ਪੰਨਾ ੮੭੧)
ਨਾ ਕਿਸ ਕਾ ਪੂਤੁ ਨ ਕਿਸ ਕੀ ਮਾਈ।। ਪੰਨਾ ੩੫੭)
ਨਾ ਤਿਸੁ ਬਾਪੁ ਨਾ ਮਾਇ ਕਿਨਿ ਤੂ ਜਾਇਆ।।(ਪੰਨਾ ੧੨੭੯)
ਨਾ ਇਸੁ ਪਿੰਡੁ ਨ ਰਕਤੁ ਰਾਤੀ।। (ਪੰਨਾ ੮੭੧)
ਵਾਹਿਗੁਰੂ ਨਾ ਇਨਸਾਨ ਹੈ ਨਾ ਦੇਵਤਾ ਹੈ; ਨਾ ਹੀ ਇਹ ਅਪਣੇ ਆਪ ਨੂੰ ਜਤੀ ਅਖਵਾਉਂਦਾ ਹੈ। ਨਾ ਇਹ
ਯੋਗੀ ਹੈ ਨਾ ਅਵਧੂਤ। ਨਾ ਇਸ ਦੀ ਕੋਈ ਮਾਂ ਹੈ ਨਾ ਇਹ ਕਿਸੇ ਦਾ ਪੁੱਤ ਹੈ।ਇਸ ਸਾਰੇ ਵਿਸ਼ਵ ਮੰਦਿਰ
ਵਿਚ ਉਹ ਵਾਹਿਗੁਰੂ ਵਸਦਾ ਹੈ ਜਿਸਦਾ ਅੰਤ ਕੋਈ ਨਹੀਂ ਪਾ ਸਕਦਾ। ਨਾ ਇਹ ਗ੍ਰਹਿਸਥੀ ਹੈ ਨਾ ਉਦਾਸੀ
ਹੈ। ਨਾ ਇਹ ਰਾਜਾ ਹੈ ਨਾ ਭਿਖਾਰੀ ਹੈ।ਨਾ ਇਸ ਦਾ ਸਰੀਰ ਹੈ ਨਾ ਇਹ ਰਕਤ-ਰੰਜਿਤ ਹੈ। ਨਾ ਇਹ
ਬ੍ਰਾਹਮਣ ਹੈ ਨਾ ਖੱਤਰੀ। ਨਾ ਇਹ ਤਪਾ (ਜੋ ਤਪ ਵਿਚ ਮਗਨ ਹੋਵੇ) ਨਾ ਇਹ ਸ਼ੇਖ ਹੈ।ਨਾ ਇਹ ਜਿਉਂਦਾ
ਦਿਸਦਾ ਹੈ ਨਾ ਮਰਦਾ ਦੇਖ ਸਕਦੇ ਹਾਂ।ਜੋ ਇਸਦੀ ਮੌਤ ਤੇ ਰੋਵੇਗਾ ਉਹ ਝੂਠ ਹੀ ਰੋਵੇਗਾ ਤੇ ਅਪਣੀ ਇਜ਼ਤ
ਗੁਆ ਬੈਠੇਗਾ।ਕਬੀਰ ਜੀ ਕਹਿੰਦੇ ਹਨ ਕਿ ਗਰੂ ਦੀ ਮਿਹਰ ਸਦਕਾ ਮੈਂ ਇਸ ਨੂੰ ਪਾਇਆ ਹੈ ਤੇ ਇਸ ਨੇ
ਮੇਰਾ ਜੀਵਣ-ਮਰਣ ਦੋਨੋਂ ਮੇਟ ਦਿਤੇ ਹਨ।ਵਾਹਿਗੁਰੂ ਦੀ ਅੰਸ ਇਹੋ ਹੈ ਜਿਸ ਦਾ ਲਿਖਿਆ ਮੇਟਿਆ ਨਹੀਂ
ਜਾ ਸਕਦਾ:
ਨਾ ਇਹੁ ਮਾਨਸੁ ਨਾ ਇਹੁ ਦੇਉ ॥ ਨਾ ਇਹੁ ਜਤੀ ਕਹਾਵੈ ਸੇਉ ॥ ਨਾ ਇਹੁ
ਜੋਗੀ ਨਾ ਅਵਧੂਤਾ ॥
ਨਾ ਇਸੁ ਮਾਇ ਨ ਕਾਹੂ ਪੂਤਾ ॥ ੧ ॥ ਇਆ ਮੰਦਰ ਮਹਿ ਕੌਨ ਬਸਾਈ ॥ ਤਾ ਕਾ ਅੰਤੁ ਨ ਕੋਊ ਪਾਈ ॥ ੧ ॥
ਰਹਾਉ ॥ ਨਾ ਇਹੁ ਗਿਰਹੀ ਨਾ ਓਦਾਸੀ ॥ ਨਾ ਇਹੁ ਰਾਜ ਨ ਭੀਖ ਮੰਗਾਸੀ ॥ ਨਾ ਇਸੁ ਪਿੰਡੁ ਨ ਰਕਤੂ
ਰਾਤੀ ॥
ਨਾ ਇਹੁ ਬ੍ਰਹਮਨੁ ਨਾ ਇਹੁ ਖਾਤੀ ॥ ੨ ਰ॥ ਨਾ ਇਹੁ ਤਪਾ ਕਹਾਵੈ ਸੇਖੁ ॥ ਨਾ ਇਹੁ ਜੀਵੈ ਨ ਮਰਤਾ
ਦੇਖੁ ॥ ਇਸੁ
ਮਰਤੇ ਕਉ ਜੇ ਕੋਊ ਰੋਵੈ ॥ ਜੋ ਰੋਵੈ ਸੋਈ ਪਤਿ ਖੋਵੈ ॥ ੩ ॥ ਗੁਰ ਪ੍ਰਸਾਦਿ ਮੈ ਡਗਰੋ ਪਾਇਆ ॥ ਜੀਵਨ
ਮਰਨੁ
ਦੋਊ ਮਿਟਵਾਇਆ ॥ ਕਹੁ ਕਬੀਰ ਇਹੁ ਰਾਮ ਕੀ ਅੰਸੁ ॥ ਜਸ ਕਾਗਦ ਪਰ ਮਿਟੈ ਨ ਮੰਸੁ ॥ ੪ ॥ (ਪੰਨਾ ੮੭੧)
ਪ੍ਰਮਾਤਮਾ ਕਦੇ ਕਿਸੇ ਸੰਕਟ ਵਿਚ ਨਹੀਂ ਪੈਂਦਾ, ਨਾਂ ਹੀ ਉਹ ਜੀਣ ਮਰਨ ਦੇ ਚੱਕਰ ਵਿਚ ਪੈਂਦਾ ਹੈ।
ਕਬੀਰ ਜੀ ਕਹਿੰਦੇ ਹਨ ਕਿ ਉਸ ਦਾ ਪ੍ਰਮਾਤਮਾ ਤਾਂ ਅਜਿਹਾ ਹੈ ਜਿਸ ਦੇ ਮਾਂ ਬਾਪ ਹੈ ਹੀ ਨਹੀਂ:
ਸੰਕਟਿ ਨਹੀ ਪਰੈ ਜੋਨਿ ਨਹੀ ਆਵੈ, ਨਾਮੁ ਨਿਰੰਜਨ ਜਾ ਕੋ ਰੇ। ਕਬੀਰ ਕੋ
ਸੁਆਮੀ ਐਸੋ ਠਾਕੁਰ, ਜਾ ਕੇ ਮਾਈ ਨ ਬਾਪੋ ਰੇ।। (ਪੰਨਾ ੩੩੯)
ਜੋ ਕਦੇ ਜੰਮਦਾ ਮਰਦਾ ਨਹੀਂ ਉਸ ਨਾਲ ਨਾਤਾ ਜੋੜਣਾ ਦੁਖਾਂ ਤੋਂ ਦੂਰ ਸਦਾ ਸੁਹਾਗਣ ਬਣਨਾ ਹੈ:
ਨ ਹਰਿ ਮਰੈ ਨ ਕਦੇ ਦੁਖੁ ਲਾਗੈ ਸਦਾ ਸੁਹਾਗਣਿ ਨਾਰ।। (ਪੰਨਾ ੬੫੧)
ਮਨਮੁਖ ਵਾਹਿਗੁਰੂ ਦੇ ਭਾਣੇ ਵਿਚ, ਰਜ਼ਾ ਵਿਚ ਨਹੀਂ ਹੁੰਦਾ ਤੇ ਮਾਇਆ ਮੋਹਿਆ ਕਾਮ, ਕ੍ਰੋਧ ਲੋਭ,
ਮੋਹ, ਹੰਕਾਰ ਵਿਚ ਗ੍ਰਸਿਆ ਵਾਰ ਵਾਰ ਜਨਮ ਲੈਂਦਾ ਹੈ ਜੂਨਾਂ ਵਿਚ ਭਰਮਦਾ ਹੈ:
ਭਾਗਹੀਨ ਸਤਿਗੁਰੁ ਨਹੀ ਪਾਇਆ ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ ॥ ੩
॥(ਪੰਨਾ ੯੫)
ਭਾਣੈ ਭਰਮਿ ਭਵੈ ਬਹੁ ਜੂਨੀ ਸਭ ਕਿਛੁ ਤਿਸੈ ਰਜਾਈ ਜੀਉ ॥ (ਪੰਨਾ ੯੮)
ਏਤੁ ਮੋਹਿ ਫਿਰਿ ਜੂਨੀ ਪਾਹਿ ॥ ਮੋਹੇ ਲਾਗਾ ਜਮ ਪੁਰਿ ਜਾਹਿ ॥ ੪ ॥ (ਪੰਨਾ ੩੫੬)
ਬਿਖਿਆ ਮਾਤੇ ਕਿਛੁ ਸੂਝੈ ਨਾਹੀ ਫਿਰਿ ਫਿਰਿ ਜੂਨੀ ਆਵਣਿਆ ॥ ੧ ॥ (ਪੰਨਾ ੧੨੮)
ਸਰਬ ਜੀਆ ਮਹਿ ਏਕੋ ਰਵੈ ॥ ਮਨਮੁਖਿ ਅਹੰਕਾਰੀ ਫਿਰਿ ਜੂਨੀ ਭਵੈ ॥ (ਪੰਨਾ ੨੨੮)
ਮਨਮੁਖੁ ਪ੍ਰਾਣੀ ਮੁਗਧੁ ਹੈ ਨਾਮਹੀਣ ਭਰਮਾਇ ॥ ਬਿਨ ਗੁਰ ਮਨੂਆ ਨਾ ਟਿਕੈ ਫਿਰਿ ਫਿਰਿ ਜੂਨੀ ਪਾਇ ॥
(ਪੰਨਾ ੩੧੩)
ਮਾਇਆ ਮੋਹਣੀ ਮੋਹਿਆ ਫਿਰਿ ਫਿਰਿ ਜੂਨੀ ਭਵਾਹਿ ॥ (ਪੰਨਾ ੪੪੧)
ਜਨਮ ਮਰਨ ਤੇ ਜੂਨੀਆਂ ਦਾ ਚੱਕਰ ਤਾਂ ਪ੍ਰਮ ਪਿਤਾ ਪ੍ਰਮੇਸ਼ਵਰ ਹੀ ਕੱਟ ਸਕਦਾ ਹੈ ਜੋ ਆਪ ਜੂਨ ਰਹਿਤ
ਹੈ। ਸਤਿਗੁਰੂ ਤੋਂ ਸਿਖਿਆ ਪਾ, ਵਾਹਿਗੁਰੂ ਨਾਮ ਵਿਚ ਧਿਆਨ ਲਾਕੇ ਉਸ ਦੇ ਦਿਆਲੂ ਹੋਣ ਤੇ ਉਸ ਨਾਲ
ਮਿਲਣ ਪਿੱਛੋਂ ਹੀ ਜੂਨਾਂ ਦੇ ਚੱਕਰ ਤੋਂ ਛੁਟਕਾਰਾ ਮਿਲਣਾ ਹੈ:
ਜਜੈ ਜੋਤਿ ਹਿਰਿ ਲਈ ਤੇਰੀ ਮੂੜੇ ਅੰਤਿ ਗਇਆ ਪਛੁਤਾਵਹਿਗਾ ॥ ਏਕੁ ਸਬਦੁ
ਤੂੰ ਚੀਨਹਿ ਨਾਹੀ ਫਿਰਿ ਫਿਰਿ ਜੂਨੀ ਆਵਹਿਗਾ
॥ ੪ ॥ (ਪੰਨਾ ੪੩੪)
ਹਰਿ ਪ੍ਰਭੁ ਆਪਿ ਦਇਆਲ ਹੋਹਿ ਤਾਂ ਸਤਿਗੁਰੁ ਮਿਲਿਆ ਆਇ ॥ ਜਨ ਨਾਨਕ ਨਾਮੁ ਸਲਾਹਿ ਤੂ ਜਨਮ ਮਰਣ
ਦੁਖੁ ਜਾਇ ॥ ੧ ॥ (ਪੰਨਾ ੩੧੩)
ਸੈਭੰ:
ਸੈਭੰ= ਵਾਹਿਗੁਰੂ ਦਾ ਪ੍ਰਕਾਸ਼ ਅਪਣੇ ਆਪ ਤੋਂ ਹੈ ਭਾਵ ਉਹ ਸਵੈ-ਸਿਰਜਿਆ ਹੈ।
ਆਪੇ ਆਪਿ ਨਿਰੰਜਨਾ ਜਿਨਿ ਆਪੁ ਉਪਾਇਆ। (ਪੰਨਾ ੧੨੩੭)
ਆਪਨ ਆਪੁ ਆਪਹਿ ਉਪਾਇਓ।। (ਪੰਨਾ ੨੫੦)
ਪ੍ਰਭੂ ਬਿਆਨੋਂ ਬਾਹਰ, ਬੇਅੰਤ, ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ ਤੇ ਕਾਲ (ਮੌਤ)
ਅਤੇ ਪ੍ਰਾਲਬਧ ਦੇ ਅਧੀਨ ਨਹੀਂ। ਉਸ ਦੀ ਕੋਈ ਜਾਤ ਨਹੀਂ, ਉਹ ਜੂਨਾਂ ਵਿਚ ਨਹੀਂ ਪੈਂਦਾ ਭਾਵ
ਜਨਮ-ਮਰਨ ਤੋਂ ਪਰੇ ਹੈ ਕਿਉਂਕਿ ਉਸ ਦਾ ਪ੍ਰਕਾਸ਼ ਅਪਣੇ ਆਪ ਤੋਂ ਹੋਇਆ ਹੈ ਅਤੇ ਸੰਕਲਪ ਤੇ ਸੰਦੇਹ ਦੇ
ਬਗੈਰ ਹੈ।
ਅਲਖ ਅਪਾਰ ਅਗੰਮ ਅਗੋਚਰ ਨਾ ਤਿਸੁ ਕਾਲੁ ਨ ਕਰਮਾ ॥ ਜਾਤਿ ਅਜਾਤਿ ਅਜੋਨੀ
ਸੰਭਉ ਨਾ ਤਿਸੁ ਭਾਉ ਨ ਭਰਮਾ ॥ ੧ ॥ (ਪੰਨਾ ੫੯੭)
ਵਾਹਿਗੁਰੂ ਨੂੰ ਨਾ ਥਾਪਿਆ ਜਾ ਸਕਦਾ ਹੈ ਨਾ ਸਿਰਜਿਆ । ਪਵਿਤ੍ਰ ਪ੍ਰਮਾਤਮਾ ਨੇ ਅਪਣਾ ਆਪਾ ਆਪ ਹੀ
ਸਿਰਜਿਆ ਹੈ, ਉਸ ਦਾ ਪ੍ਰਕਾਸ਼ ਤਾਂ ਅਪਣੇ ਆਪ ਤੋਂ ਹੀ ਹੋਇਆ ਹੈ;
ਥਾਪਿਆ ਨ ਜਾਇ ਕੀਤਾ ਨ ਹੋਇ।। ਆਪੇ ਆਪਿ ਨਿਰੰਜਨੁ ਸੋਇ।।(ਜਪੁਜੀ, ਪੰਨਾ
੨)
ਉਸਨੇ ਅਪਣਾ ਆਪਾ ਆਪ ਸਿਰਜਿਆ ਹੈ ਤੇ ਆਪ ਹੀ ਨਾਉ ਵੀ ਦੇ ਦਿਤਾ ਹੈ। ਆਪੇ ਦੇ ਪਰਕਾਸ਼ ਪਿਛੋਂ ਉਸ ਨੇ
ਕੁਦਰਤ ਦੀ ਰਚਨਾ ਕੀਤੀ ਤੇ ਇਸ ਵਿਚ ਚਾਅ ਨਾਲ ਆਸਣ ਲਾਕੇ ਬੈਠ ਗਿਆ।
ਆਪੀਨੈ ਆਪੁ ਸਾਜਿਓ, ਆਪੀਨੈ ਰਚਿਓ ਨਾਉ।ਦੁਯੀ ਕਦਰਤਿ ਸਾਜੀਐ, ਕਰਿ ਆਸਣਿ
ਡਿਠੋ ਚਾਓ।। (ਪੰਨਾ ੪੬੩)
ਕੁਦਰਤਿ ਕਰਿ ਕੈ ਵਸਿਆ ਸੋਇ।। (ਪੰਨਾ ੮੩)
ਵਾਹਿਗੁਰੂ ਆਪ ਹੀ ਲਿਖਣ ਵਾਲੀ ਪੱਟੀ ਹੈ ਭਾਵ ਧਰਾਤਲ ਹੈ ਤੇ ਉਸ ਉਪਰ ਜੋ ਲਿਖਿਆ ਹੈ ਉਹ ਵੀ ਆਪ ਹੀ
ਹੈ।। ਗੁਰੂ ਜੀ ਕਹਿੰਦੇ ਹਨ ਵਾਹਿਗੁਰੂ ਇੱਕੋ ਹੀ ਹੈ (ਅਪਣੀ ਸ਼੍ਰਿਸ਼ਟੀ ਸਮੇਤ), ਉਸ ਬਿਨ ਦੂਜਾ ਹੋਰ
ਕੌਣ ਹੈ?
ਆਪੇ ਪਟੀ ਕਲਮ ਆਪਿ ਉਪਰ ਲੇਖੁ ਭੀ ਤੂੰ ।।ਏਕੋ ਕਹੀਐ ਨਾਨਕਾ ਦੂਜਾ ਕਾਹੇ
ਕੂ? (ਪੰਨਾ ੧੨੯੧)
ਵਾਹਿਗੁਰੂ ਆਪ ਹੀ ਮਾਛੀ ਹੈ, ਆਪੇ ਮਛਲੀ ਤੇ ਆਪੇ ਹੀ ਜਾਲ। ਆਪ ਹੀ ਜਾਲ ਦੀਆਂ ਤੰਦਾਂ ਜੋੜਣ ਵਾਲਾ
ਮਣਕਾ ਹੈ ਤੇ ਆਪ ਹੀ ਮਣਕੇ ਅੰਦਰ ਦਾ ਲਾਲ ਹੈ। ਉਸ ਤੋਂ ਕੁਝ ਵੀ ਭਿੰਨ ਨਹੀਂ।
ਆਪੇ ਮਾਛੀ ਮਛੁਲੀ, ਆਪੇ ਪਾਣੀ ਜਾਲੁ।।ਆਪੇ ਜਾਲ ਮਣਕੜਾ, ਆਪੇ ਅੰਦਰਿ
ਲਾਲੁ।। (ਪੰਨਾ ੨੩)
ਵੱਖ ਵੱਖ ਤਰ੍ਹਾਂ ਜੀਵਾਂ ਨੂੰ ਉਹ ਰਚ ਕੇ ਵਿਸ਼ਵ ਵਿਚ ਭੇਜਦਾ ਹੇ ਤੇ ਵੱਖ ਵੱਖ ਤਰ੍ਹਾਂ ਉਹ ਜੀਵਾਂ
ਨੂੰ ਲੈ ਜਾਂਦਾ ਹੈ। ਉਹ ਆਪੇ ਹੀ ਜੀਆਂ ਨੂੰ ਜੱਗਤ ਤੇ ਥਾਪਦਾ ਹੈ ਅਤੇ ਆਪੇ ਹੀ ਉਨ੍ਹਾਂ ਦੇ ਏਨੇ
ਵੇਸ ਕਰਾਉਂਦਾ ਹੈ।
ਜਿਨਸਿ ਥਾਪਿ ਜੀਆਂ ਕਉ ਭੇਜੈ ਜਿਨਸਿ ਥਾਪਿ ਲੈ ਜਾਵੈ ॥ ਆਪੇ ਥਾਪਿ
ਉਥਾਪੈ ਆਪੇ ਏਤੇ ਵੇਸ ਕਰਾਵੈ ॥ (ਪੰਨਾ ੧੨੩੭)
ਸਾਰੇ ਜਗਤ ਦਾ ਖੇਲ੍ਹ ਉਸ ਦਾ ਹੀ ਰਚਾਇਆ ਹੋਇਆ ਹੈ। ਤਮੋ, ਰਜੋ ਤੇ ਸਤੋ ਤਿੰਨੇ ਗੁਣ ਉਸ ਨੇ ਹੀ
ਸਿਰਜ ਕੇ ਪ੍ਰਾਣੀਆਂ ਦਾ ਮਾਇਆ ਨਾਲ ਮੋਹ ਵਧਾ ਦਿਤਾ ਹੈ। ਗੁਰੂ ਦੀ ਮਿਹਰ ਸਦਕਾ ਜੋ ਜਨ ਵਾਹਿਗੁਰੂ
ਨੂੰ ਭਾ ਜਾਂਦੇ ਹਨ ਉਹ ਮਾਇਆ ਦੇ ਖਲਜਗਣ ਤੋਂ ਉਪਰ ਉਠ ਜਾਂਦੇ ਹਨ। ਗੁਰੂ ਜੀ ਫੁਰਮਾਉਂਦੇ ਹਨ
ਉਨ੍ਹਾਂ ਦੇ ਹਿਰਦੇ ਵਿੱਚ ਸੱਚ ਵਸ ਜਾਂਦਾ ਹੈ ਤੇ ਉਹ ਸਭ ਸੱਚੇ ਪ੍ਰਮਾਤਮਾ ਵਿਚ ਸਮਾ ਜਾਦੇ ਹਨ।
ਆਪੇ ਖੇਲੁ ਰਚਾਇਓਨੁ ਸਭੁ ਜਗਤੁ ਸਬਾਇਆ ॥ ਤ੍ਰੈ ਗੁਣ ਆਪਿ ਸਿਰਜਿਅਨੁ
ਮਾਇਆ ਮੋਹੁ ਵਧਾਇਆ ॥ ਗੁਰ ਪਰਸਾਦੀ ਉਬਰੇ ਜਿਨ ਭਾਣਾ ਭਾਇਆ ॥ ਨਾਨਕ ਸਚੁ ਵਰਤਦਾ ਸਭ ਸਚਿ ਸਮਾਇਆ ॥
੧ ॥ (ਪੰਨਾ ੧੨੩੭)
ਅ+ਜੂਨੀ= ਜੋ ਕਿਸੇ ਜੂਨ ਵਿਚ ਨਹੀਂ ਪੈਂਦਾ। ਜੋ ਜੀਵਾਂ ਅਵਤਾਰਾਂ ਵਾਂਗੂੰ ਜਨਮ ਵਿਚ ਆਉਣ ਵਾਲਾ
ਨਹੀਂ, ਜੂਨ ਤੋਂ ਰਹਿਤ ਹੈ, ਜੂਨਾਂ (ਜਨਮ-ਮਰਨ) ਦੇ ਚੱਕਰ ਵਿਚ ਨਹੀਂ ; ਮਰਨ ਜਿਉਣ ਵਿਚ ਨਹੀਂ, ਉਸ
ਦੀ ਹੋਂਦ ਦਾ ਕੋਈ ਕਾਰਨ ਨਹੀਂ।ਇਸ ਨੂੰ ਅਜੋਨੀ ਵੀ ਲਿਖਿਆ ਗਿਆ ਹੈ ਜਿਸ ਦਾ ਭਾਵ ਉਹ ਕਿਸੇ ਯੋਨੀ
ਰਾਹੀਂ ਹੋਂਦ ਵਿਚ ਨਹੀਂ ਆਇਆ। ਪ੍ਰਭੂ ਬਿਆਨੋਂ ਬਾਹਰ, ਬੇਅੰਤ, ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ
ਉਚੇਰਾ ਹੈ ਤੇ ਕਾਲ (ਮੌਤ) ਅਤੇ ਪ੍ਰਾਲਬਧ ਦੇ ਅਧੀਨ ਨਹੀਂ। ਉਸ ਦੀ ਕੋਈ ਜਾਤ ਨਹੀਂ, ਉਹ ਜੂਨਾਂ ਵਿਚ
ਨਹੀਂ ਪੈਂਦਾ ਭਾਵ ਜਨਮ-ਮਰਨ ਤੋਂ ਪਰੇ ਹੈ ਕਿਉਂਕਿ ਉਸ ਦਾ ਪ੍ਰਕਾਸ਼ ਅਪਣੇ ਆਪ ਤੋਂ ਹੋਇਆ ਹੈ ਅਤੇ
ਸੰਕਲਪ ਤੇ ਸੰਦੇਹ ਦੇ ਬਗੈਰ ਹੈ।ਮੈਂ ਉਸ ਸੱਚੇ ਸਚਿਆਰ ਦੇ ਕੁਰਬਾਣ ਜਾਵਾਂ।ਉਸ ਦੇ ਕੋਈ ਸਰੂਪ ਨਹੀਂ,
ਕੋਈ ਰੰਗ ਨਹੀਂ ਕੋਈ ਨੁਹਾਰ ਨਹੀਂ।ਉਸਦਾ ਨੀਸਾਣ ਸੱਚਾ ਸ਼ਬਦ (ਨਾਮ) ਹੈ।ਉਸ ਦੇ ਮਾਂ, ਪਿਉ, ਪੁਤ੍ਰ
ਅਤੇ ਸੰਬੰਧੀ ਕੋਈ ਨਹੀਂ।ਉਸ ਨੂੰ ਕਾਮ ਦੀ ਇੱਛਾ ਨਹੀਂ ਤੇ ਨਾ ਹੀ ਉਸਦੀ ਕੋਈ ਪਤਨੀ ਹੈ।ਉਹ ਵੰਸ਼
ਰਹਿਤ, ਪਵਿਤ੍ਰ, ਵਿਸ਼ਾਲ, ਅਤੇ ਬੇਅੰਤ ਹੈ, ਉਸ ਦਾ ਨੂਰ ਸਭਨਾਂ ਅੰਦਰ ਵਿਆਪਕ ਹੈ।ਹਰ ਹਿਰਦੇ ਵਿਚ
ਵਾਹਿਗੁਰੂ ਵਸਦਾ ਹੈ ਹਰ ਸਰੀਰ ਵਿਚ ਉਸੇ ਦੀ ਜੋਤ ਹੈ।ਜਨਮ ਮਰਨ ਤੇ ਜੂਨੀਆਂ ਦਾ ਚੱਕਰ ਤਾਂ ਪ੍ਰਮ
ਪਿਤਾ ਪ੍ਰਮੇਸ਼ਵਰ ਹੀ ਕੱਟ ਸਕਦਾ ਹੈ ਜੋ ਆਪ ਜੂਨ ਰਹਿਤ ਹੈ। ਸਤਿਗੁਰੂ ਤੋਂ ਸਿਖਿਆ ਪਾ, ਵਾਹਿਗੁਰੂ
ਨਾਮ ਵਿਚ ਧਿਆਨ ਲਾਕੇ ਉਸ ਦੇ ਦਿਆਲੂ ਹੋਣ ਤੇ ਉਸ ਨਾਲ ਮਿਲਣ ਪਿੱਛੋਂ ਹੀ ਜੂਨਾਂ ਦੇ ਚੱਕਰ ਤੋਂ
ਛੁਟਕਾਰਾ ਮਿਲਣਾ ਹੈ:
ਸੈਭੰ= ਵਾਹਿਗੁਰੂ ਦਾ ਪ੍ਰਕਾਸ਼ ਅਪਣੇ ਆਪ ਤੋਂ ਹੈ ਭਾਵ ਉਹ ਸਵੈ-ਸਿਰਜਿਆ ਹੈ।ਵਾਹਿਗੁਰੂ ਨੂੰ ਨਾ
ਥਾਪਿਆ ਜਾ ਸਕਦਾ ਹੈ ਨਾ ਸਿਰਜਿਆ । ਪਵਿਤ੍ਰ ਪ੍ਰਮਾਤਮਾ ਨੇ ਅਪਣਾ ਆਪਾ ਆਪ ਹੀ ਸਿਰਜਿਆ ਹੈ, ਉਸ ਦਾ
ਪ੍ਰਕਾਸ਼ ਤਾਂ ਅਪਣੇ ਆਪ ਤੋਂ ਹੀ ਹੋਇਆ ਹੈ।ਉਸਨੇ ਅਪਣਾ ਆਪਾ ਆਪ ਸਿਰਜਿਆ ਹੈ ਤੇ ਆਪ ਹੀ ਨਾਉ ਵੀ ਦੇ
ਦਿਤਾ ਹੈ। ਆਪੇ ਦੇ ਪਰਕਾਸ਼ ਪਿਛੋਂ ਉਸ ਨੇ ਕੁਦਰਤ ਦੀ ਰਚਨਾ ਕੀਤੀ ਤੇ ਇਸ ਵਿਚ ਚਾਅ ਨਾਲ ਆਸਣ ਲਾਕੇ
ਬੈਠ ਗਿਆ।ਵੱਖ ਵੱਖ ਤਰ੍ਹਾਂ ਜੀਵਾਂ ਨੂੰ ਉਹ ਰਚ ਕੇ ਵਿਸ਼ਵ ਵਿਚ ਭੇਜਦਾ ਹੇ ਤੇ ਵੱਖ ਵੱਖ ਤਰ੍ਹਾਂ ਉਹ
ਜੀਵਾਂ ਨੂੰ ਲੈ ਜਾਂਦਾ ਹੈ। ਉਹ ਆਪੇ ਹੀ ਜੀਆਂ ਨੂੰ ਜੱਗਤ ਤੇ ਥਾਪਦਾ ਹੈ ਅਤੇ ਆਪੇ ਹੀ ਉਨ੍ਹਾਂ ਦੇ
ਏਨੇ ਵੇਸ ਕਰਾਉਂਦਾ ਹੈ।ਸਾਰੇ ਜਗਤ ਦਾ ਖੇਲ੍ਹ ਉਸ ਦਾ ਹੀ ਰਚਾਇਆ ਹੋਇਆ ਹੈ। ਤਮੋ, ਰਜੋ ਤੇ ਸਤੋ
ਤਿੰਨੇ ਗੁਣ ਉਸ ਨੇ ਹੀ ਸਿਰਜ ਕੇ ਪ੍ਰਾਣੀਆਂ ਦਾ ਮਾਇਆ ਨਾਲ ਮੋਹ ਵਧਾ ਦਿਤਾ ਹੈ। ਗੁਰੂ ਦੀ ਮਿਹਰ
ਸਦਕਾ ਜੋ ਜਨ ਵਾਹਿਗੁਰੂ ਨੂੰ ਭਾ ਜਾਂਦੇ ਹਨ ਉਹ ਮਾਇਆ ਦੇ ਖਲਜਗਣ ਤੋਂ ਉਪਰ ਉਠ ਜਾਂਦੇ ਹਨ। ਗੁਰੂ
ਜੀ ਫੁਰਮਾਉਂਦੇ ਹਨ ਉਨ੍ਹਾਂ ਦੇ ਹਿਰਦੇ ਵਿੱਚ ਸੱਚ ਵਸ ਜਾਂਦਾ ਹੈ ਤੇ ਉਹ ਸਭ ਸੱਚੇ ਪ੍ਰਮਾਤਮਾ ਵਿਚ
ਸਮਾ ਜਾਦੇ ਹਨ।