.

ੴਸਤਿਗੁਰਪ੍ਰਸਾਦਿ।।

ਖਾਲਸਾ ਪੰਥ ਬਨਾਮ ਡੇਰਾਵਾਦ

(ਭਾਗ ਨੌਵਾਂ)

ਪਹਿਰਾਵੇ ਤੋਂ ਇਲਾਵਾ ਹੋਰ ਭੇਖ:

ਬੇਸ਼ਕ ਭੋਲੇ ਭਾਲੇ ਲੋਕਾਂ ਨੂੰ ਭਰਮਾਉਣ ਲਈ ਪਹਿਰਾਵਾ ਇੱਕ ਬਹੁਤ ਵੱਡਾ ਭੇਖ ਹੈ, ਪਰ ਇਨ੍ਹਾਂ ਡੇਰੇਦਾਰਾਂ ਵਲੋਂ ਆਪਣੇ ਆਪ ਨੂੰ ਧਰਮੀ ਸਾਬਤ ਕਰਨ ਲਈ ਅਤੇ ਲੋਕਾਈ ਨੂੰ ਆਪਣੇ ਮਗਰ ਲਾਉਣ ਲਈ ਹੋਰ ਵੀ ਕਈ ਭੇਖ ਬਣਾਏ ਜਾਂਦੇ ਹਨ। ਇਨ੍ਹਾਂ ਵਿੱਚ ਇੱਕ ਪ੍ਰਮੁੱਖ ਹੈ ‘ਬ੍ਰਹਮਚਾਰਯ`।

ਬ੍ਰਹਮਚਾਰਯ

ਬ੍ਰਹਮਚਾਰਯ ਦਾ ਸ਼ਬਦੀ ਅਰਥ ਹੈ ਕਾਮ ਨੂੰ ਰੋਕਣਾ ਭਾਵ ਕਿਸੇ ਨਾਲ ਕਾਮ ਸੰਬਧ ਨਾ ਬਣਾਉਣੇ। ਬਿਪਰਵਾਦੀ ਵਿਵਸਥਾ ਵਿੱਚ ਜੀਵਨ ਦੇ ਜੋ ਚਾਰ ਆਸ਼੍ਰਮ ਦਸੇ ਗਏ ਹਨ, ਉਨ੍ਹਾਂ ਵਿੱਚ ਸਭ ਤੋਂ ਪਹਿਲਾ ਇਹ ਬ੍ਰਹਮਚਰਯ ਆਸ਼ਰਮ ਹੈ, ਜਿਸ ਦਾ ਭਾਵ ਹੈ ਕਿ ੨੫ ਸਾਲ ਦੀ ਉਮਰ ਤੱਕ ਆਪਣੇ ਕਾਮ ਵੇਗ ਤੇ ਕਾਬੂ ਰਖਣਾ। ਬ੍ਰਹਮਚਾਰਯ ਦਾ ਭੇਖ ਜੋਗੀਆਂ ਦੇ ਕੁੱਝ ਫਿਰਕਿਆਂ ਵਿੱਚ ਵਧੇਰੇ ਪ੍ਰਚਲਤ ਹੈ, ਇਹ ਲੋਕ ਵਿਆਹ ਨਹੀਂ ਕਰਾਉਂਦੇ ਅਤੇ ਆਪਣੇ ਕਾਮ ਵੇਗ ਤੇ ਕਾਬੂ ਰਖਣ ਅਤੇ ਕਿਸੇ ਇਸਤ੍ਰੀ ਨਾਲ ਸਬੰਧ ਨਾ ਬਣਾਉਣ ਨੂੰ ਬੜਾ ਪਵਿੱਤਰ ਧਰਮ ਦਾ ਕਰਮ ਸਮਝਦੇ ਹਨ। ਇਨ੍ਹਾਂ ਵਿੱਚ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਜੋ ਕੱਚੀ ਉਮਰ ਤੋਂ ਇਨ੍ਹਾਂ ਜੋਗੀਆਂ ਨਾਲ ਰੱਲ ਜਾਂਦੇ ਹਨ ਅਤੇ ਸਾਰਾ ਜੀਵਨ ਵਿਆਹ ਨਹੀਂ ਕਰਾਉਂਦੇ, ਦੂਸਰੇ ਜੋ ਕੁੱਝ ਸਮਾਂ ਗ੍ਰਿਹਸਤ ਜੀਵਨ ਭੋਗਣ ਤੋਂ ਬਾਅਦ ਜੋਗ ਧਾਰਨ ਕਰ ਲੈਂਦੇ ਹਨ ਅਤੇ ਫਿਰ ਇਸਤ੍ਰੀ ਦਾ ਤਿਆਗ ਕਰ ਦੇਂਦੇ ਹਨ। ਇਸੇ ਤਰ੍ਹਾਂ ਜੈਨ ਮੱਤ ਵਿੱਚ ਵੀ ਬ੍ਰਹਮਚਰਯ ਦਾ ਚਲਨ ਹੈ। ਪਹਿਲਾਂ ਜੈਨ ਮੱਤ ਦੀਆਂ ਚਾਰ ਮੁੱਖ ਸਿਖਿਆਵਾਂ ਹੁੰਦੀਆਂ ਸਨ; ਅਹਿੰਸਾ, ਸੁਨਚਿਤ (ਝੂਠ ਨਹੀਂ ਬੋਲਣਾ), ਅਸਤਯ ਅਤੇ ਅਪੀਗ੍ਰਿਹ। ਇਨ੍ਹਾਂ ਨੂੰ ਚਤ੍ਰਮਯ ਕਿਹਾ ਜਾਂਦਾ ਸੀ। ਮਗਰੋਂ ਵਰਧਮਾਨ ਮਹਾਂਵੀਰ ਨੇ ਇਨ੍ਹਾਂ ਪ੍ਰਣਾਂ ਵਿੱਚ ਬ੍ਰਹਮਚਰਯ ਨੂੰ ਵੀ ਜੋੜ ਦਿੱਤਾ, ਉਦੋਂ ਤੋਂ ਇਨ੍ਹਾਂ ਪੰਜ ਸਿਖਿਆਵਾਂ ਨੂੰ ਪੰਚ ਵਤ ਕਿਹਾ ਜਾਣ ਲੱਗਾ। ਇਨ੍ਹਾਂ ਦੇ ਆਮ ਪੈਰੋਕਾਰ ਤਾਂ ਇਹ ਬ੍ਰਹਮਚਰਯ ਵਾਲਾ ਵਰਤ ਨਹੀਂ ਨਿਭਾਉਂਦੇ ਪਰ ਇਨ੍ਹਾਂ ਦੇ ਕੁੱਝ ਭਿਕਸ਼ੂ ਬ੍ਰਹਮਚਾਰੀ ਰਹਿੰਦੇ ਹਨ। ਐਸੇ ਲੋਕਾਂ ਬਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਫੁਰਮਾਉਂਦੀ ਹੈ:

"ਬ੍ਰਹਮਚਾਰਿ ਬ੍ਰਹਮਚਜੁ ਕੀਨਾ ਹਿਰਦੈ ਭਇਆ ਗੁਮਾਨਾ।।

ਸੰਨਿਆਸੀ ਹੋਇ ਕੈ ਤੀਰਥਿ ਭ੍ਰਮਿਓ ਉਸੁ ਮਹਿ ਕ੍ਰੋਧੁ ਬਿਗਾਨਾ।। " ਮਾਰੂ ਮਹਲਾ ੫, ਪੰਨਾ ੧੦੦੩}

ਕਿਸੇ ਬ੍ਰਹਮਚਾਰੀ ਨੇ ਕਾਮ-ਵਾਸਨਾ ਰੋਕਣ ਦਾ ਅੱਭਿਆਸ ਕਰ ਲਿਆ ਹੈ, (ਪਰ ਉਸ ਦੇ) ਹਿਰਦੇ ਵਿੱਚ (ਇਸੇ ਗੱਲ ਦਾ) ਅਹੰਕਾਰ ਪੈਦਾ ਹੋ ਗਿਆ ਹੈ, (ਕੋਈ) ਸੰਨਿਆਸੀ ਬਣ ਕੇ (ਹਰੇਕ) ਤੀਰਥ ਉਤੇ ਭੌਂ ਰਿਹਾ ਹੈ; ਉਸ ਦੇ ਅੰਦਰ ਉਸ ਨੂੰ ਮੂਰਖ ਬਣਾ ਦੇਣ ਵਾਲਾ ਕ੍ਰੋਧ ਪੈਦਾ ਹੋ ਗਿਆ ਹੈ (ਦੱਸ, ਪੰਡਿਤ ! ਮੈਂ ਅਜਿਹਾ ਮਨੁੱਖ ਕਿੱਥੋਂ ਲੱਭਾਂ ਜੋ ਆਪ ਮੁਕਤ ਹੋਵੇ)।

"ਸੰਨਿਆਸੀ ਬਿਭੂਤ ਲਾਇ ਦੇਹ ਸਵਾਰੀ।। ਪਰ ਤ੍ਰਿਅ ਤਿਆਗੁ ਕਰੀ ਬ੍ਰਹਮਚਾਰੀ।।

ਮੈ ਮੂਰਖ ਹਰਿ ਆਸ ਤੁਮਾਰੀ।। " {ਗਉੜੀ ਗੁਆਰੇਰੀ ਮਹਲਾ ੪, ਪੰਨਾ ੧੬੪}

ਸੰਨਿਆਸੀ ਨੇ ਸੁਆਹ ਮਲ ਕੇ ਆਪਣੇ ਸਰੀਰ ਨੂੰ ਸਵਾਰਿਆ ਹੋਇਆ ਹੈ, ਉਸ ਨੇ ਪਰਾਈ ਇਸਤ੍ਰੀ ਦਾ ਤਿਆਗ ਕਰ ਕੇ ਬ੍ਰਹਮ ਚਰਜ ਧਾਰਨ ਕੀਤਾ ਹੋਇਆ ਹੈ (ਉਸ ਨੇ ਨਿਰੇ ਬ੍ਰਹਮ ਚਰਜ ਨੂੰ ਆਪਣੇ ਆਤਮਕ ਜੀਵਨ ਦਾ ਸਹਾਰਾ ਬਣਾਇਆ ਹੋਇਆ ਹੈ, ਉਸ ਦੀਆਂ ਨਿਗਾਹਾਂ ਵਿੱਚ ਮੇਰੇ ਵਰਗਾ ਗ੍ਰਿਹਸਤੀ ਮੂਰਖ ਹੈ, ਪਰ) ਹੇ ਹਰੀ ! ਮੈਂ ਮੂਰਖ ਨੂੰ ਤੇਰੇ ਨਾਮ ਦਾ ਹੀ ਆਸਰਾ ਹੈ।

ਕਾਮ ਮਨੁੱਖੀ ਜੀਵਨ ਦੀ ਇੱਕ ਐਸੀ ਕੁਦਰਤੀ ਵਾਸਨਾ ਹੈ, ਜਿਸ ਨੂੰ ਜਤਨ ਕਰ ਕੇ ਵੀ ਪੂਰਨ ਰੂਪ ਵਿੱਚ ਮਾਰਿਆ ਨਹੀਂ ਜਾ ਸਕਦਾ। ਪਾਵਨ ਗੁਰਬਾਣੀ ਇਸ ਗੱਲ ਦੀ ਪ੍ਰੋੜਤਾ ਕਰਦੀ ਹੈ:

"ਜਤਨ ਕਰੈ ਬਿੰਦੁ ਕਿਵੈ ਨ ਰਹਾਈ।। ਮਨੂਆ ਡੋਲੈ ਨਰਕੇ ਪਾਈ।।

ਜਮ ਪੁਰਿ ਬਾਧੋ ਲਹੈ ਸਜਾਈ।। ਬਿਣੁ ਨਾਵੈ ਜੀਉ ਜਲਿ ਬਲਿ ਜਾਈ।। " {ਰਾਮਕਲੀ ਮਹਲਾ ੧, ਪੰਨਾ ੯੦੬}

(ਬਣ-ਵਾਸ, ਡੂਗਰ-ਵਾਸ, ਹਠ, ਨਿਗ੍ਰਹ, ਤੀਰਥ-ਇਸ਼ਨਾਨ ਆਦਿਕ) ਜਤਨ ਮਨੁੱਖ ਕਰਦਾ ਹੈ, ਅਜੇਹੇ ਕਿਸੇ ਭੀ ਤਰੀਕੇ ਨਾਲ ਕਾਮ-ਵਾਸਨਾ ਰੋਕੀ ਨਹੀਂ ਜਾ ਸਕਦੀ, ਮਨ ਡੋਲਦਾ ਹੀ ਰਹਿੰਦਾ ਹੈ ਤੇ ਜੀਵ ਨਰਕ ਵਿੱਚ ਹੀ ਪਿਆ ਰਹਿੰਦਾ ਹੈ, ਕਾਮ-ਵਾਸ਼ਨਾ ਆਦਿਕ ਵਿਕਾਰਾਂ ਵਿੱਚ ਬੱਝਾ ਹੋਇਆ ਜਮਰਾਜ ਦੀ ਪੁਰੀ ਵਿੱਚ (ਆਤਮਕ ਕਲੇਸ਼ਾਂ ਦੀ) ਸਜ਼ਾ ਭੁਗਤਦਾ ਹੈ। ਪਰਮਾਤਮਾ ਦੇ ਨਾਮ ਤੋਂ ਬਿਣਾ ਜਿੰਦ ਵਿਕਾਰਾਂ ਵਿੱਚ ਸੜਦੀ ਭੁੱਜਦੀ ਰਹਿੰਦੀ ਹੈ।

"ਇਕਿ ਬਿੰਦੁ ਜਤਨ ਕਰਿ ਰਾਖਦੇ ਸੇ ਜਤੀ ਕਹਾਵਹਿ।।

ਬਿਣੁ ਗੁਰ ਸਬਦ ਨ ਛੂਟਹੀ ਭ੍ਰਮਿ ਆਵਹਿ ਜਾਵਹਿ।। " {ਆਸਾ ਮਹਲਾ ੧, ਪੰਨਾ ੪੧੯}

ਅਨੇਕਾਂ ਬੰਦੇ ਐਸੇ ਹਨ ਜੋ ਜਤਨ ਕਰ ਕੇ ਵੀਰਜ ਨੂੰ ਰੋਕ ਰੱਖਦੇ ਹਨ, ਤੇ ਆਪਣੇ ਆਪ ਨੂੰ ਜਤੀ ਸਦਾਂਦੇ ਹਨ। ਪਰ ਗੁਰੂ ਦੇ ਸ਼ਬਦ ਤੋਂ ਬਿਣਾ ਉਹ ਭੀ (ਕ੍ਰੋਧ ਆਦਿਕ ਤਾਮਸੀ ਸੁਭਾਵ ਤੋਂ) ਖ਼ਲਾਸੀ ਨਹੀਂ ਪ੍ਰਾਪਤ ਕਰਦੇ। (ਜਤੀ ਹੋਣ ਦੀ ਹੀ) ਭਟਕਣਾ ਵਿੱਚ ਪੈ ਕੇ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ।

ਬਲਕਿ ਕਾਮ ਦੀ ਗਿਣਤੀ ਵੀ ਉਨ੍ਹਾਂ ਚਾਰ ਅਮੋਲਕ ਪਦਾਰਥਾਂ ਵਿੱਚ ਆਉਂਦੀ ਹੈ, ਜਿਨ੍ਹਾਂ ਦੀ ਮੰਗ ਸੰਸਾਰ ਦਾ ਹਰ ਮਨੁੱਖ ਕਰਦਾ ਹੈ। ਗੁਰਬਾਣੀ ਦਾ ਫੁਰਮਾਨ ਹੈ:

"ਧਰਮ ਅਰਥ ਅਰੁ ਕਾਮ ਮੋਖ ਮੁਕਤਿ ਪਦਾਰਥ ਨਾਥ।।

ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ।। " {ਰਾਮਕਲੀ ਮਹਲਾ ੫, ਪੰਨਾ ੯੨੭}

ਹੇ ਨਾਨਕ ! (ਦੁਨੀਆ ਦੇ ਪ੍ਰਸਿੱਧ ਚਾਰ ਪਦਾਰਥ) ਧਰਮ ਅਰਥ ਕਾਮ ਅਤੇ ਮੋਖ ਦਾ ਮਾਲਕ ਪ੍ਰਭੂ ਆਪ ਹੈ। ਜਿਸ ਮਨੁੱਖ ਦੇ ਮੱਥੇ ਉੱਤੇ ਲੇਖ ਲਿਖਿਆ ਹੋਇਆ ਹੋਵੇ (ਉਸ ਨੂੰ ਉਹ ਪ੍ਰਭੂ ਆ ਮਿਲਦਾ ਹੈ ਅਤੇ) ਉਸ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ।

ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਇਨ੍ਹਾਂ ਚਾਰੋ ਅਮੋਲਕ ਪਦਾਰਥਾਂ ਦਾ ਦਾਤਾ ਉਹ ਅਕਾਲ ਪੁਰਖ ਆਪ ਹੈ:

"ਅਰਥ ਧਰਮ ਕਾਮ ਮੋਖ ਕਾ ਦਾਤਾ।। ਪੂਰੀ ਭਈ ਸਿਮਰਿ ਸਿਮਰਿ ਬਿਧਾਤਾ।। " {ਬਿਲਾਵਲੁ ਮਹਲਾ ੫, ਪੰਨਾ ੮੦੫}

ਹੇ ਭਾਈ ! (ਦੁਨੀਆ ਦੇ ਪ੍ਰਸਿੱਧ ਮੰਨੇ ਹੋਏ ਚਾਰ ਪਦਾਰਥਾਂ) ਧਰਮ ਅਰਥ ਕਾਮ ਮੋਖ ਦਾ ਦੇਣ ਵਾਲਾ ਪਰਮਾਤਮਾ ਆਪ ਹੀ ਹੈ। ਉਸ ਸਿਰਜਣਹਾਰ ਪ੍ਰਭੂ ਦਾ ਨਾਮ ਸਿਮਰ ਸਿਮਰ ਕੇ (ਸਿਮਰਨ ਦੀ) ਘਾਲ-ਕਮਾਈ ਸਫਲ ਹੋ ਜਾਂਦੀ ਹੈ।

ਅਕਾਲ-ਪੁਰਖ ਨੇ ਸੰਸਾਰ ਵਿੱਚ ਉਤਪਤੀ ਦਾ ਸਾਧਨ ਕਾਮ ਨੂੰ ਬਣਾਇਆ ਹੈ। ਜੇ ਬ੍ਰਹਮਚਰਯ ਰਖਣਾ ਧਰਮ ਦਾ ਕਰਮ ਹੈ, ਫਿਰ ਧਰਮ ਤਾਂ ਹਰ ਮਨੁੱਖ ਨੂੰ ਕਮਾਉਣਾ ਚਾਹੀਦਾ ਹੈ। ਜੇ ਸਾਰਾ ਸੰਸਾਰ ਐਸਾ ਧਰਮ ਧਾਰਨ ਕਰ ਲਵੇ ਅਤੇ ਬ੍ਰਹਮਚਾਰੀ ਹੋ ਜਾਵੇ ਤਾਂ ਸਾਡੀ ਪੀੜੀ ਮਨੁੱਖੀ ਸਮਾਜ ਦੀ ਆਖਰੀ ਪੀੜੀ ਹੋਵੇਗੀ। ਕਿਉਂਕਿ ਸਾਰੇ ਬ੍ਰਹਮਚਾਰੀ ਹੋ ਗਏ ਤਾਂ ਸੰਸਾਰ ਵਿੱਚ ਮਨੁੱਖੀ ਉਤਪਤੀ ਦਾ ਗੇੜ ਉਥੇ ਹੀ ਰੁੱਕ ਜਾਵੇਗਾ। ਕਾਮ ਦੀ ਮਹੱਤਤਾ ਉਸ ਵਿਅਕਤੀ ਤੋਂ ਪੁੱਛ ਕੇ ਵੇਖੋ ਜਿਸ ਨੂੰ ਇਹ ਦਾਤ ਪ੍ਰਾਪਤ ਨਹੀਂ ਹੋਈ। ਕਿਸੇ ਨਪੁੰਸਕ ਵਿਅਕਤੀ ਦੇ ਜੀਵਨ ਵਿੱਚ ਝਾਤੀ ਮਾਰ ਕੇ ਵੇਖੋ ਕਿ ਉਹ ਕਿਵੇਂ ਨੀਰਸ ਹੈ। ਇਸ ਅਮੋਲਕ ਦਾਤ ਨੂੰ ਪ੍ਰਾਪਤ ਕਰਨ ਲਈ ਕਿਥੇ ਕਿਥੇ ਇਲਾਜ ਕਰਾਉਂਦਾ ਅਤੇ ਭਟਕਦਾ ਫਿਰਦਾ ਹੈ। ਇਸ ਕਮਜ਼ੋਰੀ ਨੂੰ ਛੁਪਾਉਣ ਲਈ ਉਹ ਸੰਸਾਰ ਕੋਲੋਂ ਮੂੰਹ ਛੁਪਾਉਂਦਾ ਹੈ। ਅਕਾਲ ਪੁਰਖ ਦੀ ਬਖਸ਼ੀ ਹੋਈ ਇਸ ਦਾਤ ਤੋਂ ਮੂੰਹ ਮੋੜਨਾ, ਕੀ ਉਸ ਦੀ ਦਾਤ ਦਾ ਨਿਰਾਦਰ ਕਰਨਾ ਨਹੀਂ?

ਹੁਣ ਕਈ ਆਖਣਗੇ ਕਿ ਗੁਰਬਾਣੀ ਤਾਂ ਕਾਮ ਤੋਂ ਬਚਨ ਦੀ ਚੇਤਾਵਨੀ ਦੇਂਦੀ ਹੈ। ਇਹ ਬਿਲਕੁਲ ਠੀਕ ਹੈ ਪਰ ਗੁਰਬਾਣੀ ਕਾਮ ਦਾ ਤਿਆਗ ਕਰਨ ਦੀ ਨਹੀਂ ਸਗੋਂ ਕਾਮ ਦੀ ਦੁਰਵਰਤੋਂ ਕਰਨ ਤੋਂ ਰੋਕਦੀ ਹੈ। ਗੁਰਬਾਣੀ ਦੇ ਪਾਵਨ ਫੁਰਮਾਨ ਹਨ:

"ਕਿਆ ਗਾਲਾਇਓ ਭੂਛ ਪਰ ਵੇਲਿ ਨ ਜੋਹੇ ਕੰਤ ਤੂ।।

ਨਾਨਕ ਫੁਲਾ ਸੰਦੀ ਵਾੜਿ ਖਿੜਿਆ ਹਭੁ ਸੰਸਾਰੁ ਜਿਉ।। " {ਮਃ ੫, ਪੰਨਾ ੧੦੯੫}

(ਹੇ ਜੀਵ !) ਤੂੰ ਹਰ ਥਾਂ ਕੰਤ-ਪ੍ਰਭੂ ਨੂੰ ਵੇਖ, ਪਰਾਈ ਇਸਤ੍ਰੀ ਨੂੰ (ਮੰਦ ਭਾਵਨਾ ਨਾਲ) ਨਾਹ ਵੇਖ, ਤੇ (ਕਾਮਾਤੁਰ ਹੋ ਕੇ) ਮਤਿ-ਹੀਣੇ ਨਾਪਾਕ ਬੋਲ ਨਾਹ ਬੋਲ । ਹੇ ਨਾਨਕ ! ਜਿਵੇਂ ਫੁਲਵਾੜੀ ਖਿੜੀ ਹੁੰਦੀ ਹੈ ਤਿਵੇਂ ਇਹ ਸਾਰਾ ਸੰਸਾਰ ਖਿੜਿਆ ਹੋਇਆ ਹੈ (ਇਥੇ ਕੋਈ ਫੁੱਲ ਤੋੜਨਾ ਨਹੀਂ ਹੈ, ਕਿਸੇ ਪਰਾਈ ਸੁੰਦਰੀ ਵਲ ਮੰਦ-ਭਾਵਨਾ ਨਹੀਂ ਰੱਖਣੀ)।

"ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ।। " {ਆਸਾ ਮਹਲਾ ੫, ਪੰਨਾ ੪੦੩}

ਹੇ ਅੰਨ੍ਹੇ ! ਪਰਾਈ ਇਸਤ੍ਰੀ ਜਾਂ ਮਰਦ ਦਾ ਸੰਗ ਇਉਂ ਹੀ ਹੈ ਜਿਵੇਂ ਸੱਪ ਨਾਲ ਸਾਥ ਹੈ।

ਸਤਿਗੁਰੂ ਨੇ ਗ੍ਰਿਹਸਤ ਦਾ ਨਹੀਂ ਪਰਾਈ ਇਸਤ੍ਰੀ ਦਾ ਤਿਆਗ ਕਰਨ ਦੀ ਹਦਾਇਤ ਕੀਤੀ ਹੈ:

"ਪਰ ਧਨ ਪਰ ਦਾਰਾ ਪਰ ਨਿੰਦਾ ਇਨ ਸਿਉ ਪ੍ਰੀਤਿ ਨਿਵਾਰਿ।। " {ਆਸਾ ਮਹਲਾ ੫, ਪੰਨਾ ੩੭੯}

ਪਰਾਇਆ ਧਨ, ਪਰਾਈ ਇਸਤ੍ਰੀ, ਪਰਾਈ ਨਿੰਦਾ—ਇਹਨਾਂ ਵਿਕਾਰਾਂ ਨਾਲੋਂ ਪ੍ਰੀਤਿ ਦੂਰ ਕਰ।

ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਇਸ ਦੀ ਵਿਆਖਿਆ ਇੰਝ ਕੀਤੀ ਹੈ:

ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ।। ` (੬-੮-੩)

ਭਾਵ, ਅਸਲੀ ਜਤੀ ਉਹ ਹੈ ਜੋ ਕੇਵਲ ਆਪਣੀ ਇਕੋ ਇਸਤ੍ਰੀ ਉਤੇ ਸੰਤੋਖ ਰਖਦਾ ਹੈ ਅਤੇ ਪਰਾਈਆਂ ਔਰਤਾਂ ਨੂੰ ਧੀ ਭੈਣ ਵਾਂਗ ਸਮਝਦਾ ਹੈ। ਸਤਿਗੁਰੂ ਨੇ ਤਾਂ ਸਿੱਖ ਨੂੰ ਪਰਾਈ ਇਸਤਰੀ ਦੇ ਹੁਸਨ ਨੂੰ ਵੇਖਣ ਦੀ ਵੀ ਮਨਾਹੀ ਕੀਤੀ ਹੈ, ਕਿਉਂਕਿ ਮਨ ਵਿੱਚ ਵਿਕਾਰ ਆਉਣ ਦੀ ਸ਼ੁਰੂਆਤ ਇਸੇ ਵੇਖਣ ਤੋਂ ਹੀ ਸ਼ੁਰੂ ਹੁੰਦੀ ਹੈ। ਸਤਿਗੁਰੂ ਦੇ ਬਚਨ ਹਨ:

"ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ।। " {ਗਉੜੀ ਸੁਖਮਨੀ ਮਃ ੫, ਪੰਨਾ ੨੭੪}

ਪਰਾਈ ਇਸਤ੍ਰੀ ਦੇ ਹੁਸਨ ਨੂੰ ਆਪਣੀਆਂ ਵਿਕਾਰੀ ਅੱਖਾਂ ਨਾਲ ਨਹੀਂ ਤੱਕਣਾ।

ਬ੍ਰਹਮਚਰਯ ਧਾਰਨ ਕਰਨ ਵਾਲੇ ਲੋਕ ਹੱਠ ਕਰਮ ਦੇ ਤੌਰ ਤੇ ਬ੍ਰਹਮਚਰਯ ਨੂੰ ਧਾਰਨ ਕਰ ਲੈਂਦੇ ਹਨ ਪਰ ਕਾਮ ਦੀ ਇਸ ਕੁਦਰਤੀ ਵਾਸਨਾ ਤੋਂ ਛੁਟਕਾਰਾ ਨਹੀਂ ਪਾ ਸਕਦੇ। ਨਤੀਜਾ ਇਹ ਹੁੰਦਾ ਹੈ ਕਿ ਉਨ੍ਹਾਂ ਦਾ ਮਨ ਸਦਾ ਭਟਕਦਾ ਰਹਿੰਦਾ ਹੈ ਅਤੇ ਨਾ ਉਹ ਤਿਆਗੀ ਬਣ ਸਕਦੇ ਹਨ ਅਤੇ ਨਾ ਗ੍ਰਿਹਸਤੀ। ਗੁਰਬਾਣੀ ਦਾ ਫੁਰਮਾਨ ਹੈ:

"ਮਮਤਾ ਮੋਹੁ ਕਾਮਣਿ ਹਿਤਕਾਰੀ।। ਨਾ ਅਉਧੂਤੀ ਨਾ ਸੰਸਾਰੀ।। " {ਰਾਮਕਲੀ ਮਹਲਾ ੧, ਪੰਨਾ ੯੦੩}

ਜਿਸ ਮਨੁੱਖ ਨੂੰ ਮਾਇਆ ਦੀ ਮਮਤਾ ਲੱਗੀ ਹੋਵੇ ਮਾਇਆ ਦਾ ਮੋਹ ਚੰਬੜਿਆ ਹੋਵੇ ਜੋ ਇਸਤ੍ਰੀ ਦਾ ਭੀ ਪ੍ਰੇਮੀ ਹੋਵੇ ਉਹ ਨਾਹ ਤਿਆਗੀ ਰਿਹਾ ਨਾਹ ਗ੍ਰਿਹਸਤੀ ਬਣਿਆ।

"ਬਿੰਦੁ ਨ ਰਾਖਹਿ ਜਤੀ ਕਹਾਵਹਿ।। ਮਾਈ ਮਾਗਤ ਤ੍ਰੈ ਲੋਭਾਵਹਿ।।

ਨਿਰਦਇਆ ਨਹੀ ਜੋਤਿ ਉਜਾਲਾ।। ਬੂਡਤ ਬੂਡੇ ਸਰਬ ਜੰਜਾਲਾ।। " {ਰਾਮਕਲੀ ਮਹਲਾ ੧, ਪੰਨਾ ੯੦੩}

ਹੇ ਜੋਗੀ ! ਤੂੰ ਕਾਮ-ਵਾਸਨਾ ਤੋਂ ਆਪਣੇ ਆਪ ਨੂੰ ਨਹੀਂ ਬਚਾਂਦਾ, ਪਰ (ਫਿਰ ਭੀ ਲੋਕਾਂ ਪਾਸੋਂ) ਜਤੀ ਅਖਵਾ ਰਿਹਾ ਹੈਂ। ਮਾਇਆ ਮੰਗਦਾ ਮੰਗਦਾ ਤੂੰ ਤ੍ਰੈਗੁਣੀ ਮਾਇਆ ਵਿੱਚ ਫਸ ਰਿਹਾ ਹੈਂ। ਜਿਸ ਮਨੁੱਖ ਦੇ ਅੰਦਰ ਕਠੋਰਤਾ ਹੋਵੇ ਉਸ ਦੇ ਹਿਰਦੇ ਵਿੱਚ ਪਰਮਾਤਮਾ ਦੀ ਜੋਤਿ ਦਾ ਚਾਨਣ ਨਹੀਂ ਹੋ ਸਕਦਾ, (ਸਹਿਜੇ ਸਹਿਜੇ) ਡੁੱਬਦਾ ਡੁੱਬਦਾ ਉਹ (ਮਾਇਆ ਦੇ) ਸਾਰੇ ਜੰਜਾਲਾਂ ਵਿੱਚ ਡੁੱਬ ਜਾਂਦਾ ਹੈ।

ਇਸੇ ਦਾ ਨਤੀਜਾ ਹੈ ਕਿ ਆਦਿ ਕਾਲ ਤੋਂ ਲੈ ਕੇ ਅੱਜ ਦੇ ਮੌਜੂਦਾ ਸਮੇਂ ਤੱਕ ਐਸੇ ਅਖੌਤੀ ਜਤੀਆਂ ਦੀਆਂ ਕਾਮ ਲੀਲਾਵਾਂ ਦੇ ਚਰਚੇ ਰੋਜ਼ ਵੇਖਣ ਸੁਨਣ ਵਿੱਚ ਆਉਂਦੇ ਹਨ। ਇਸ ਬ੍ਰਹਮਚਰਯ ਦੇ ਭੇਖ ਨੇ ਸੰਸਾਰ ਵਿੱਚ ਪਵਿੱਤਰਤਾ ਤਾਂ ਕੀ ਲਿਆਉਣੀ ਸੀ ਸਗੋਂ ਸਮਾਜ ਵਿੱਚ ਅਨੈਤਿਕਤਾ ਅਤੇ ਗੰਦਗੀ ਵਧੇਰੇ ਫੈਲਾਈ ਹੈ।

ਕੁਝ ਵੀ ਹੋਵੇ ਇਹ ਕਿਸੇ ਹੋਰ ਮੱਤ ਦਾ ਜੀਵਨ ਮਾਰਗ ਹੋ ਸਕਦਾ ਹੈ ਪਰ ਸਿੱਖੀ ਵਿੱਚ ਇਸ ਦੀ ਕੋਈ ਮਹੱਤਤਾ ਨਹੀਂ। ਕਈ ਅਖੌਤੀ ਸਾਧਾਂ ਰਾਹੀ ਬ੍ਰਾਹਮਣਾਂ, ਜੋਗੀਆਂ ਅਤੇ ਜੈਨੀਆਂ ਦਾ ਇਹ ਬ੍ਰਹਮਚਰਯ ਦਾ ਭੇਖ ਸਿੱਖੀ ਵਿੱਚ ਵੀ ਆ ਵੜਿਆ ਹੈ। ਵਿਸ਼ੇਸ਼ ਕਰ ਕੇ ਨਾਨਕਸਰੀਏ ਸਾਧ ਵਿਆਹ ਨਾ ਕਰਾਕੇ ਆਪਣੇ ਜਤੀ ਹੋਣ ਦਾ ਭੇਖ ਕਰਦੇ ਹਨ। ਇਹ ਆਪਣੇ ਆਪ ਨੂੰ ਬਿਹੰਗਮ ਸਦਾਉਂਦੇ ਹਨ। ਸਿੱਖ ਨੇ ਤਾਂ ਹਰ ਅਗਵਾਈ ਗੁਰੂ ਗ੍ਰੰਥ ਸਾਹਿਬ ਕੋਲੋਂ ਲੈਣੀ ਹੈ, ਸੋ ਸਤਿਗੁਰੂ ਕੋਲੋਂ ਹੀ ਪੁਛਦੇ ਹਾਂ ਕਿ ਕੀ ਬ੍ਰਹਮਚਾਰਯ ਧਾਰਨ ਕਰਨਾ ਕੋਈ ਧਰਮ ਦਾ ਕੰਮ ਹੈ? ਸਤਿਗੁਰੂ ਦਾ ਪਾਵਨ ਫੁਰਮਾਨ ਹੈ:

"ਬਿੰਦੁ ਰਾਖਿ ਜੌ ਤਰੀਐ ਭਾਈ।। ਖੁਸਰੈ ਕਿਉ ਨ ਪਰਮ ਗਤਿ ਪਾਈ।। " {ਗਉੜੀ ਕਬੀਰ ਜੀ, ਪੰਨਾ ੩੨੪}

ਹੇ ਭਾਈ ! ਜੇ ਬਾਲ-ਜਤੀ ਰਿਹਾਂ (ਸੰਸਾਰ-ਸਮੁੰਦਰ ਤੋਂ) ਤਰ ਸਕੀਦਾ ਹੈ ਤਾਂ ਖੁਸਰੇ ਨੂੰ ਕਿਉਂ ਮੁਕਤੀ ਨਹੀਂ ਮਿਲ ਜਾਂਦੀ ?

ਭਾਰਤੀ ਸਮਾਜ ਵਿੱਚ ਜੀਵਨ ਦੇ ਦੋ ਮਾਰਗ ਪ੍ਰਚਲਤ ਸਨ, ਪਰਵਿਰਤੀ ਅਤੇ ਨਿਰਵਿਰਤੀ। ਪਰਵਿਰਤੀ ਭਾਵ ਸਮਾਜ ਵਿੱਚ ਰਹਿ ਕੇ ਗ੍ਰਿਹਸਤ ਦੇ ਫਰਜ਼ ਨਿਭਾਉਣੇ ਅਤੇ ਨਿਰਵਿਰਤੀ ਤੋਂ ਅਰਥ ਹੈ ਸੰਸਾਰਕ ਸੁੱਖਾਂ ਦਾ ਤਿਆਗ ਕਰ ਕੇ, ਬ੍ਰਹਮਚਰਯ ਧਾਰਨ ਕਰ ਕੇ ਜੰਗਲਾਂ ਜਾਂ ਪਹਾੜਾਂ ਵਿੱਚ ਜਾਕੇ ਤੱਪ ਸਾਧਨੇ। ਸਿੱਖ ਮਤ ਗ੍ਰਿਹਸਤ ਪ੍ਰਧਾਨ ਧਰਮ ਹੈ। ਗੁਰੂ ਰਾਮਦਾਸ ਪਾਤਿਸ਼ਾਹ ਨੇ ਚਾਰ ਲਾਵਾਂ ਚੋਂ ਪਹਿਲੀ ਲਾਵ ਦੀ ਸ਼ੁਰੂਆਤ ਇਸੇ ਗੱਲ ਨਾਲ ਕੀਤੀ ਹੈ ਕਿ ਸਿੱਖ ਨੇ ਗ੍ਰਿਹਸਤ ਦੇ ਫਰਜ਼ ਨਿਭਾਉਣੇ ਹਨ। ਪਰ ਸਤਿਗੁਰੂ ਨੇ ਇਹ ਤਾਕੀਦ ਵੀ ਕਰ ਦਿੱਤੀ ਹੈ ਕਿ ਸਿੱਖ ਨੇ ਗੁਰਬਾਣੀ ਦੀ ਸਿਖਿਆ ਤੇ ਚੱਲ ਕੇ, ਜੀਵਨ ਵਿਚੋਂ ਪਾਪਾਂ ਦਾ ਤਿਆਗ ਕਰਕੇ ਗ੍ਰਿਹਸਤ ਦਾ ਜੀਵਨ ਸੱਚ ਧਰਮ ਅਨੁਸਾਰ ਢਾਲਣਾ ਹੈ। ਪਾਵਨ ਗੁਰਵਾਕ ਹੈ:

"ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ।।

ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ।। {ਸੂਹੀ ਮਹਲਾ ੪, ਪੰਨਾ ੭੭੩}

ਹੇ ਰਾਮ ਜੀ ! ਮੈਂ ਤੈਥੋਂ ਸਦਕੇ ਹਾਂ। (ਤੇਰੀ ਮਿਹਰ ਨਾਲ ਗੁਰੂ ਨੇ ਸਿੱਖ ਨੂੰ) ਗ੍ਰਿਹਸਤ ਜੀਵਨ ਨਿਭਾਉਣ ਦਾ ਕੰਮ ਨਿਸ਼ਚੇ ਕਰਾਇਆ ਹੈ (ਤਾਕੀਦ ਕੀਤੀ ਹੈ)। ਇਹੀ ਹੈ ਪ੍ਰਭੂ-ਪਤੀ ਨਾਲ (ਜੀਵ-ਇਸਤ੍ਰੀ ਦੇ ਵਿਆਹ ਦੀ) ਪਹਿਲੀ ਸੋਹਣੀ ਲਾਂਵ। ਹੇ ਭਾਈ ! ਗੁਰੂ ਦੀ ਬਾਣੀ ਹੀ (ਸਿੱਖ ਵਾਸਤੇ) ਬ੍ਰਹਮਾ ਦਾ ਵੇਦ ਹੈ। ਇਸ ਬਾਣੀ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਸਿਮਰਨ ਦਾ) ਧਰਮ (ਆਪਣੇ ਹਿਰਦੇ ਵਿਚ) ਪੱਕਾ ਕਰੋ (ਨਾਮ ਸਿਮਰਿਆਂ ਸਾਰੇ) ਪਾਪ ਦੂਰ ਹੋ ਜਾਂਦੇ ਹਨ।

ਬਲਕਿ ਭਾਈ ਗੁਰਦਾਸ ਜੀ ਤਾਂ ਆਪਣੇ ਕਬਿਤਾਂ ਵਿੱਚ ਲਿਖਦੇ ਹਨ ਕਿ ਸਾਰੇ ਧਰਮਾਂ ਵਿੱਚ ਸਭ ਤੋਂ ਪ੍ਰਧਾਨ ਗ੍ਰਿਹਸਤ ਧਰਮ ਹੈ:

ਗਿਆਂਨਨ ਮੈ ਗਿਆਨੁ ਅਰੁ ਧਿਆਨਨ ਮੈ ਧਿਆਨ ਗੁਰ (੩੭੬-੭)

ਸਕਲ ਧਰਮ ਮੈ ਗ੍ਰਿਹਸਤੁ ਪ੍ਰਧਾਨ ਹੈ।। ੩੭੬।। ` (੩੭੬-੮)

ਸਤਿਗੁਰੂ ਨੇ ਅਕਾਲ–ਪੁਰਖ ਨੂੰ ਵੀ ਇੱਕ ਗ੍ਰਿਹਸਤੀ ਦੇ ਰੂਪ ਵਿੱਚ ਹੀ ਚਿਤਵਿਆ ਹੈ। ਸਤਿਗੁਰੂ ਦੇ ਅਮੋਲਕ ਬਚਨ ਹਨ:

"ਸੂਰਨ ਮਹਿ ਸੂਰਾ ਤੂੰ ਕਹੀਅਹਿ ਭੋਗਨ ਮਹਿ ਭੋਗੀ।। ਗ੍ਰਸਤਨ ਮਹਿ ਤੂੰ ਬਡੋ ਗ੍ਰਿਹਸਤੀ ਜੋਗਨ ਮਹਿ ਜੋਗੀ।। "

{ਗੂਜਰੀ ਮਹਲਾ ੫, ਪੰਨਾ ੫੦੭}

ਹੇ ਕਰਤਾਰ ! ਸੂਰਮਿਆਂ ਵਿੱਚ ਤੂੰ ਸ਼ਿਰੋਮਣੀ ਸੂਰਮਾ ਅਖਵਾਣ ਦਾ ਹੱਕਦਾਰ ਹੈਂ, (ਦੁਨੀਆ ਦੇ ਸਭ ਜੀਵਾਂ ਵਿੱਚ ਵਿਆਪਕ ਹੋਣ ਕਰ ਕੇ) ਭੋਗੀਆਂ ਵਿੱਚ ਤੂੰ ਹੀ ਭੋਗੀ ਹੈਂ। ਗ੍ਰਿਹਸਤੀਆਂ ਵਿੱਚ ਤੂੰ ਸਭ ਤੋਂ ਵੱਡਾ ਗ੍ਰਿਹਸਤੀ ਹੈਂ (ਜਿਸ ਦਾ ਇਤਨਾ ਵੱਡਾ ਸੰਸਾਰ-ਟੱਬਰ ਹੈ), ਜੋਗੀਆਂ ਵਿੱਚ ਤੂੰ ਸ਼ਿਰੋਮਣੀ ਜੋਗੀ ਹੈਂ (ਇਤਨੇ ਵੱਡੇ ਪਰਵਾਰ ਵਾਲਾ ਹੁੰਦਿਆਂ ਭੀ ਨਿਰਲੇਪ ਹੈਂ)।

ਗੁਰੂ ਨਾਨਕ ਪਾਤਿਸ਼ਾਹ ਦੀ ਜਦੋਂ ਸਿੱਧਾਂ ਨਾਲ ਗਿਆਨ ਚਰਚਾ ਹੋਈ ਤਾਂ ਸਤਿਗੁਰੂ ਨੇ ਉਨ੍ਹਾਂ ਨੂੰ ਉਨ੍ਹਾਂ ਦਾ ਜੀਵਨ ਫਲਸਫਾ ਪੁੱਛਿਆ, ਜਿਸ ਦਾ ਜੁਆਬ ਜੋ ਉਨ੍ਹਾਂ ਦਿੱਤਾ, ਉਹ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੯੩੯ ਤੇ ‘ਸਿਧ ਗੋਸਟਿ` ਬਾਣੀ ਵਿੱਚ ਵਿੱਚ ਇੰਝ ਦਰਜ ਹੈ:

"ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ।। ਕੰਦ ਮੂਲੁ ਅਹਾਰੋ ਖਾਈਐ ਅਉਧੂ ਬੋਲੈ ਗਿਆਨੇ।।

ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨ ਲਾਗੈ ਕਾਈ।। ਗੋਰਖ ਪੂਤੁ ਲੋਹਾਰੀਪਾ ਬੋਲੈ ਜੋਗ ਜੁਗਤਿ ਬਿਧਿ ਸਾਈ।। ੭।। "

ਜੋਗੀ ਨੇ (ਜੋਗ ਦਾ) ਗਿਆਨ-ਮਾਰਗ ਇਉਂ ਦੱਸਿਆ—ਅਸੀ (ਦੁਨੀਆ ਦੇ) ਮੇਲਿਆਂ-ਮਸਾਧਿਆਂ (ਭਾਵ, ਸੰਸਾਰਕ ਝੰਬੇਲਿਆਂ) ਤੋਂ ਵੱਖਰੇ ਜੰਗਲ ਵਿੱਚ ਕਿਸੇ ਰੁੱਖ-ਬਿਰਖ ਹੇਠ ਰਹਿੰਦੇ ਹਾਂ ਤੇ ਗਾਜਰ-ਮੂਲੀ ਉਤੇ ਗੁਜ਼ਾਰਾ ਕਰਦੇ ਹਾਂ; ਤੀਰਥ ਤੇ ਇਸ਼ਨਾਨ ਕਰਦੇ ਹਾਂ; ਇਸ ਦਾ ਫਲ ਮਿਲਦਾ ਹੈ ‘ਸੁਖ`, ਤੇ (ਮਨ ਨੂੰ) ਕੋਈ ਮੈਲ (ਭੀ) ਨਹੀਂ ਲੱਗਦੀ। ਗੋਰਖਨਾਥ ਦਾ ਚੇਲਾ ਲੋਹਾਰੀਪਾ ਬੋਲਿਆ ਕਿ ਇਹੀ ਹੈ ਜੋਗ ਦੀ ਜੁਗਤੀ, ਜੋਗ ਦੀ ਵਿਧੀ।

ਗੁਰੂ ਨਾਨਕ ਪਾਤਿਸ਼ਾਹ ਨੇ ਜੋਗੀਆਂ ਦੀ ਇਸ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹੋਏ ਫੁਰਮਾਇਆ:

"ਹਾਟੀ ਬਾਟੀ ਨੀਦ ਨ ਆਵੈ ਪਰ ਘਰਿ ਚਿਤੁ ਨ ਡ+ਲਾਈ।। ਬਿਣੁ ਨਾਵੈ ਮਨੁ ਟੇਕ ਨ ਟਿਕਈ ਨਾਨਕ ਭੂਖ ਨ ਜਾਈ।।

ਹਾਟੁ ਪਟਣੁ ਘਰੁ ਗੁਰੂ ਦਿਖਾਇਆ ਸਹਜੇ ਸਚੁ ਵਾਪਾਰੋ।। ਖੰਡਿਤ ਨਿਦ੍ਰਾ ਅਲਪ ਅਹਾਰੰ ਨਾਨਕ ਤਤੁ ਬੀਚਾਰੋ।। ੮।। "

ਹੇ ਨਾਨਕ ! ਅਸਲ (ਗਿਆਨ ਦੀ) ਵਿਚਾਰ ਇਹ ਹੈ ਕਿ ਦੁਨੀਆ ਦੇ ਧੰਧਿਆਂ ਵਿੱਚ ਰਹਿੰਦਿਆਂ ਮਨੁੱਖ ਨੂੰ ਨੀਂਦ ਨਾਹ ਆਵੇ (ਭਾਵ, ਧੰਧਿਆਂ ਵਿੱਚ ਹੀ ਨਾਹ ਗ਼ਰਕ ਹੋ ਜਾਏ), ਪਰਾਏ ਘਰ ਵਿੱਚ ਮਨ ਨੂੰ ਡੋਲਣ ਨਾਹ ਦੇਵੇ; (ਪਰ) ਹੇ ਨਾਨਕ ! ਪ੍ਰਭੂ ਦੇ ਨਾਮ ਤੋਂ ਬਿਣਾ ਮਨ ਟਿਕ ਕੇ ਨਹੀਂ ਰਹਿ ਸਕਦਾ ਤੇ (ਮਾਇਆ ਦੀ) ਤ੍ਰਿਸ਼ਨਾ ਹਟਦੀ ਨਹੀਂ।

(ਜਿਸ ਮਨੁੱਖ ਨੂੰ) ਸਤਿਗੁਰੂ ਨੇ (ਨਾਮ ਵਿਹਾਝਣ ਦਾ ਅਸਲ) ਟਿਕਾਣਾ, ਸ਼ਹਿਰ ਤੇ ਘਰ ਵਿਖਾ ਦਿੱਤਾ ਹੈ ਉਹ (ਦੁਨੀਆ ਦੇ ਧੰਧਿਆਂ ਵਿੱਚ ਭੀ) ਅਡੋਲ ਰਹਿ ਕੇ ‘ਨਾਮ` ਵਿਹਾਝਦਾ ਹੈ; ਉਸ ਮਨੁੱਖ ਦੀ ਨੀਂਦ ਭੀ ਘੱਟ ਤੇ ਖ਼ੁਰਾਕ ਭੀ ਥੋੜ੍ਹੀ ਹੁੰਦੀ ਹੈ। (ਭਾਵ, ਉਹ ਚਸਕਿਆਂ ਵਿੱਚ ਨਹੀਂ ਪੈਂਦਾ)।

ਸਿੱਖ ਧਰਮ ਵਿੱਚ ਐਸੇ ਬ੍ਰਹਮਚਰਯ ਦੀ ਕੋਈ ਮਹੱਤਤਾ ਨਹੀਂ ਅਤੇ ਨਾ ਹੀ ਐਸੇ ਅਖੌਤੀ ਜਤੀਆਂ ਦਾ ਕੋਈ ਵਿਸ਼ੇਸ਼ ਸਥਾਨ ਹੈ। ਗੁਰਬਾਣੀ ਦੇ ਅਮੋਲਕ ਬਚਨ ਹਨ:

"ਨਾਥ ਜਤੀ ਸਿਧ ਪੀਰ ਕਿਨੈ ਅੰਤੁ ਨ ਪਾਇਆ।।

ਗੁਰਮੁਖਿ ਨਾਮੁ ਧਿਆਇ ਤੁਝੈ ਸਮਾਇਆ।। " (ਵਾਰ ਮਲਾਰ ਕੀ ਮਹਲਾ ੧, ਪੰਨਾ ੧੨੮੨)

(ਹੇ ਪ੍ਰਭੂ!) ਨਾਥ, ਜਤੀ, ਪੁੱਗੇ ਹੋਏ ਜੋਗੀ, ਪੀਰ (ਕਈ ਹੋ ਗੁਜ਼ਰੇ ਹਨ, ਪਰ,) ਕਿਸੇ ਨੇ ਤੇਰਾ ਅੰਤ ਨਹੀਂ ਪਾਇਆ (ਭਾਵ, ਤੂੰ ਕਿਹੋ ਜਿਹਾ ਹੈਂ ਕਦੋਂ ਤੋਂ ਹੈਂ, ਕੇਡਾ ਹੈਂ—ਇਹ ਗੱਲ ਕੋਈ ਨਹੀਂ ਦੱਸ ਸਕਿਆ, ਕਈ ਜਤਨ ਕਰ ਚੁਕੇ)। ਗੁਰੂ ਦੀ ਸਿੱਖਿਆ ਉਤੇ ਤੁਰਨ ਵਾਲੇ ਮਨੁੱਖ (ਅਜੇਹੇ ਨਿਸਫਲ ਉੱਦਮ ਛੱਡ ਕੇ, ਕੇਵਲ ਤੇਰਾ) ਨਾਮ ਸਿਮਰ ਕੇ ਤੇਰੇ (ਚਰਨਾਂ ਵਿਚ) ਲੀਨ ਰਹਿੰਦੇ ਹਨ।

"ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ।। " {ਮਃ ੧, ਪੰਨਾ ੪੬੯}

(ਕਈ ਅਜਿਹੇ ਹਨ ਜੋ ਆਪਣੇ ਆਪ ਨੂੰ) ਜਤੀ ਅਖਵਾਂਦੇ ਹਨ, ਜਤੀ ਹੋਣ ਦੀ ਜੁਗਤੀ ਜਾਣਦੇ ਨਹੀਂ (ਐਵੇਂ ਵੇਖੋ-ਵੇਖੀ) ਘਰ-ਘਾਟ ਛੱਡ ਜਾਂਦੇ ਹਨ।

ਸਤਿਗੁਰੂ ਨੇ ਸਿੱਖ ਨੂੰ ਗ੍ਰਿਹਸਤ ਦੇ ਪਰਿਵਾਰਕ ਫਰਜ਼ ਨਿਭਾਉਂਦੇ ਹੋਏ, ਵਿਕਾਰਾਂ ਤੋਂ ਮੁਕਤ ਹੋਕੇ, ਘਰ ਵਿੱਚ ਹੀ ਅਕਾਲ ਪੁਰਖ ਵਿੱਚ ਵਿਲੀਨ ਹੋਣ ਦੀ ਜਾਚ ਸਿਖਾ ਦਿੱਤੀ ਹੈ। ਸਤਿਗੁਰੂ ਦੇ ਪਾਵਨ ਬਚਨ ਹਨ:

"ਸਤਿਗੁਰ ਕੀ ਐਸੀ ਵਡਿਆਈ।। ਪੁਤ੍ਰ ਕਲਤ੍ਰ ਵਿਚੇ ਗਤਿ ਪਾਈ।। " {ਧਨਾਸਰੀ ਮਹਲਾ ੧, ਪੰਨਾ ੬੬}

ਗੁਰੂ ਦੀ ਸਰਨ ਪੈਣ ਵਿੱਚ ਅਜੇਹੀ ਖ਼ੂਬੀ ਹੈ ਕਿ ਪੁਤ੍ਰ ਇਸਤ੍ਰੀ (ਆਦਿਕ ਪਰਵਾਰ) ਵਿੱਚ ਹੀ ਰਹਿੰਦਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ।

"ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ।।

ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ।। ੨।। " {ਮਃ ੫, ਪੰਨਾ ੫੨੨}

ਹੇ ਨਾਨਕ ! ਜੇ ਸਤਿਗੁਰੂ ਮਿਲ ਪਏ ਤਾਂ ਜੀਊਣ ਦੀ ਠੀਕ ਜਾਚ ਆ ਜਾਂਦੀ ਤੇ ਹੱਸਦਿਆਂ ਖੇਡਦਿਆਂ ਖਾਂਦਿਆਂ ਪਹਿਨਦਿਆਂ (ਭਾਵ, ਦੁਨੀਆ ਦੇ ਸਾਰੇ ਕੰਮ ਕਾਰ ਕਰਦਿਆਂ) ਮਾਇਆ ਵਿੱਚ ਵਰਤਿਆਂ ਹੀ ਕਾਮਾਦਿਕ ਵਿਕਾਰਾਂ ਤੋਂ ਬਚੇ ਰਹੀਦਾ ਹੈ।

ਅਜ ਸਿੱਖ ਕੌਮ ਵਿੱਚ ਬਹੁਤ ਸਾਰੇ ਪਖੰਡੀ ਸਾਧ ਆਪਣੀਆਂ ਹੱਟੀਆਂ ਹੀ ਇਸ ਗੱਲ ਤੇ ਚਲਾ ਰਹੇ ਹਨ ਕਿ ਉਹ ਜਤੀ-ਸਤੀ ਹਨ ਅਤੇ ਉਨ੍ਹਾਂ ਦੇ ਪਹਿਲੇ ਮਹਾਪੁਰਖ ਜਤੀ-ਸਤੀ ਸਨ।

ਗੁਰਮਤਿ ਸਿਧਾਂਤਾਂ ਤੋਂ ਅਨਜਾਣ ਅਗਿਆਨੀ ਸਿੱਖ ਇਸ ਨੂੰ ਬਹੁਤ ਵੱਡਾ ਤੱਪ ਸਮਝਦੇ ਹਨ ਅਤੇ ਐਸੇ ਲੋਕਾਂ ਦਾ ਬਹੁਤ ਸਤਿਕਾਰ ਕਰਦੇ ਹਨ ਅਤੇ ਅਕਸਰ ਕਿਹਾ ਜਾਂਦਾ ਹੈ ਕਿ ਉਹ ਬਹੁਤ ਪਵਿੱਤਰ ਵਿਅਕਤੀ ਹਨ। ਇਹ ਸੋਚਣ ਸਮਝਣ ਦੀ ਕੋਸ਼ਿਸ਼ ਵੀ ਕਦੀ ਨਹੀਂ ਕੀਤੀ ਕਿ ਸਾਡੇ ਦਸ ਗੁਰੂ ਸਾਹਿਬਾਨ ਵਿਚੋਂ ਗੁਰੂ ਹਰਿਕਿਸ਼ਨ ਸਾਹਿਬ ਨੂੰ ਛੱਡ ਕੇ, ਜੋ ਕੇਵਲ ਅਠ ਸਾਲ ਦੀ ਬਾਲੜੀ ਉਮਰ ਵਿੱਚ ਅਕਾਲ ਪਇਆਣਾ ਕਰ ਗਏ ਅਤੇ ਗੁਰੂ ਸਾਹਿਬਾਨ ਸਮੇਤ ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ੩੫ ਸ਼ਖਸ਼ੀਅਤਾਂ ਦੀ ਬਾਣੀ ਦਰਜ ਹੈ, ਉਹ ਸਾਰੇ ਗ੍ਰਿਹਸਤੀ ਸਨ। ਫਿਰ ਉਹ ਤਾਂ ਪਵਿੱਤਰ ਨਾ ਹੋਏ? ਭੋਲਿਓ! ਜਿਨ੍ਹਾਂ ਮਹਾਨ ਸ਼ਖਸ਼ੀਅਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਇਮਾਨ ਹੋ ਕੇ ਰਹਿੰਦੀ ਦੁਨੀਆਂ ਤੱਕ ਮਨੁੱਖਤਾ ਨੂੰ ਸਚਿਆਰ ਜੀਵਨ ਬਣਾਉਣ ਦੀ ਅਗਵਾਈ ਦੇਂਦੀ ਰਹੇਗੀ, ਉਨ੍ਹਾਂ ਤੋਂ ਵਧ ਪਵਿੱਤਰ ਸੰਸਾਰ ਵਿੱਚ ਕੌਣ ਹੋ ਸਕਦਾ ਹੈ?

(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਸੰਪੂਰਨਤਾ ਦੇ ਨੇੜੇ ਹੈ। ਇਸ ਦਾ ਇੱਕ ਭਾਗ ਹਰ ਹਫਤੇ ਇਸ ਵੈਬ ਸਾਈਟ ਤੇ ਛਾਪਿਆ ਜਾ ਰਿਹਾ ਹੈ। ਸੂਝਵਾਨ ਪਾਠਕਾਂ ਨੂੰ ਇਸ ਬਾਰੇ ਉਸਾਰੂ ਸੁਝਾਅ ਦੇਣ ਦੀ ਬੇਨਤੀ ਕੀਤੀ ਜਾਂਦੀ ਹੈ। ਕਿਤਾਬ ਛਪਣ ਤੋਂ ਪਹਿਲਾਂ ਆਏ ਹਰ ਸੁਝਾਅ ਨੂੰ ਜੀ ਆਇਆ ਆਖਿਆ ਜਾਵੇਗਾ ਅਤੇ ਲੇਖਕ ਸੁਝਾਅ ਭੇਜਣ ਵਾਲਿਆਂ ਦਾ ਧੰਨਵਾਦੀ ਹੋਵੇਗਾ)

ਰਾਜਿੰਦਰ ਸਿੰਘ

(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)

email: [email protected]




.