.

ੴਸਤਿਗੁਰਪ੍ਰਸਾਦਿ।।

ਖਾਲਸਾ ਪੰਥ ਬਨਾਮ ਡੇਰਾਵਾਦ

(ਭਾਗ ਗਿਆਰਵਾਂ)

ਡੇਰਾਵਾਦ ਦੇ ਪ੍ਰਫੁਲਤ ਹੋਣ ਦੇ ਮਾਨਸਿਕ ਕਾਰਨ

ਤ੍ਰਿਸ਼ਨਾ:

ਇਨਸਾਨੀ ਲੋੜਾਂ ਮਨੁੱਖ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦੀਆਂ ਹਨ। ਜਾਂ ਜੇ ਇਹ ਆਖ ਲਈਏ ਕਿ ਜਨਮ ਤੋਂ ਵੀ ਪਹਿਲਾਂ ਸ਼ੁਰੂ ਹੋ ਜਾਂਦੀਆਂ ਹਨ, ਤਾਂ ਇਹ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ। ਕਿਉਂਕਿ ਬਹੁਤ ਸਾਰੀਆਂ ਤਿਅਰੀਆਂ ਤਾਂ ਮਾਂ, ਬੱਚੇ ਦੀ ਆਸ ਲਗਣ ਤੇ ਹੀ ਸ਼ੁਰੂ ਕਰ ਦੇਂਦੀ ਹੈ। ਫਿਰ ਜਨਮ ਲੈਂਦੇ ਹੀ, ਪਹਿਲਾਂ ਬੱਚੇ ਨੂੰ ਦੁੱਧ ਦੀ ਲੋੜ, ਕੱਪੜਿਆਂ ਦੀ ਲੋੜ, ਲੇਟਣ ਲਈ ਮੰਜੇ ਬਿਸਤਰੇ ਦੀ ਲੋੜ, ਥੋੜ੍ਹਾ ਵੱਡਾ ਹੋਇਆ ਖਿਲੌਣਿਆਂ ਦੀ ਲੋੜ, ਥੋੜ੍ਹਾ ਹੋਰ ਵੱਡਾ ਹੋਇਆ, ਸਕੂਲ ਦੀ ਲੋੜ, ਸਕੂਲ ਵਾਸਤੇ ਕਿਤਾਬਾਂ ਦੀ ਲੋੜ, ---। ਬਸ ਜਿਉਂ ਜਿਉਂ ਉਮਰ ਵੱਧਦੀ ਜਾਂਦੀ ਹੈ ਲੋੜਾਂ ਵੀ ਵਧਦੀਆਂ ਜਾਂਦੀਆਂ ਹਨ। ਨੌਕਰੀ ਦੀ ਲੋੜ, ਰਹਿਣ ਵਾਸਤੇ ਘਰ ਦੀ ਲੋੜ, ਸਫਰ ਕਰਨ ਲਈ ਸਵਾਰੀ ਦੀ ਲੋੜ, ਜੀਵਨ ਸਾਥੀ ਦੀ ਲੋੜ, ਆਦਿ। ਮਨੁੱਖੀ ਲੋੜਾਂ ਦਾ ਇਹ ਸਿਲਸਿਲਾ ਜੋ ਮੱਨੁਖੀ ਜੀਵਨ ਤੋਂ ਪਹਿਲਾਂ ਸ਼ੁਰੂ ਹੁੰਦਾ ਹੈ, ਮਰਨ ਤੋਂ ਬਾਅਦ ਵੀ ਖਤਮ ਨਹੀਂ ਹੁੰਦਾ ਕਿਉਂਕਿ ਮਰਨ ਤੋਂ ਬਾਅਦ ਵੀ ਕਫਨ ਅਤੇ ਸਾੜਨ ਲਈ ਲਕੜਾਂ ਜਾਂ ਜਨਾਜ਼ੇ ਦੀ ਲੋੜ ਪੈਂਦੀ ਹੈ। ਜਦੋਂ ਇਹ ਲੋੜਾਂ ਸੁਭਾਵਕ ਹੀ ਪੂਰੀਆਂ ਨਹੀ ਹੁੰਦੀਆਂ ਤਾਂ ਇਹ ਥੁੜ੍ਹਾਂ ਬਣ ਜਾਂਦੀਆਂ ਹਨ। ਤੇ ਫੇਰ ਇਹ ਥੁੜ੍ਹਾਂ ਪੂਰਤੀ ਦੀ ਵਾਸਨਾ, ਤ੍ਰਿਸ਼ਨਾ ਹੋ ਨਿਬੜਦੀ ਹੈ। ਇਹ ਤ੍ਰਿਸ਼ਨਾ ਥੁੜ੍ਹਾਂ ਦੀ ਪੁਰਤੀ ਤੱਕ ਸੀਮਤ ਨਹੀਂ ਰਹਿੰਦੀ ਅਤੇ ਵੱਧ ਤੋਂ ਵੱਧ ਪਾ ਲੈਣ ਦੀ ਦੌੜ ਬਣ ਜਾਂਦੀ ਹੈ। ਸਤਿਗੁਰੂ ਫੁਰਮਾਂਦੇ ਹਨ:

"ਆਸਾ ਅੰਦਰਿ ਜੰਮਿਆ ਆਸਾ ਰਸ ਕਸ ਖਾਇ।। ਆਸਾ ਬੰਧਿ ਚਲਾਈਐ ਮੁਹੇ ਮੁਹਿ ਚੋਟਾ ਖਾਇ।। "

{ਸਰੀਰਾਗੁ ਮਹਲਾ ੧, ਪੰਨਾ ੬੧}

ਜੀਵ ਆਸਾ (ਤ੍ਰਿਸ਼ਨਾ) ਦਾ ਬੱਧਾ ਹੋਇਆ ਜਨਮ ਲੈਂਦਾ ਹੈ, (ਜਦ ਤਕ ਜਗਤ ਵਿੱਚ ਜਿਊਂਦਾ ਹੈ) ਆਸਾ ਦੇ ਪ੍ਰਭਾਵ ਹੇਠ ਹੀ (ਮਿੱਠੇ) ਕਸੈਲੇ (ਆਦਿਕ) ਰਸਾਂ (ਵਾਲੇ ਪਦਾਰਥ) ਖਾਂਦਾ ਰਹਿੰਦਾ ਹੈ। (ਉਮਰ ਪੁੱਗ ਜਾਣ ਤੇ) ਆਸਾ (ਤ੍ਰਿਸ਼ਨਾ) ਦੇ (ਬੰਧਨ ਵਿਚ) ਬੱਧਾ ਹੋਇਆ ਇਥੋਂ ਤੋਰਿਆ ਜਾਂਦਾ ਹੈ (ਸਾਰੀ ਉਮਰ ਆਸਾ ਤ੍ਰਿਸ਼ਨਾ ਵਿੱਚ ਹੀ ਫਸਿਆ ਰਹਿਣ ਕਰਕੇ) ਮੁੜ ਮੁੜ ਮੂੰਹ ਉੱਤੇ ਚੋਟਾਂ ਖਾਂਦਾ ਹੈ।

ਤ੍ਰਿਸ਼ਨਾ ਵਿੱਚ ਭਟਕਦਾ ਮਨੁੱਖ ਜਿਤਨਾ ਮਰਜ਼ੀ ਪਾ ਲਵੇ ਕਦੇ ਰਜਦਾ ਨਹੀਂ, । ਪਹਿਲਾਂ ਰਹਿਣ ਨੂੰ ਸਿਰ ਤੇ ਛੱਤ ਹੋਵੇ, . . ਫਿਰ ਉਹ ਆਪਣੀ ਹੋਵੇ, … ਘੱਟੋ–ਘੱਟ ਘਰ ਦੇ ਹਰ ਜੀਅ ਵਾਸਤੇ ਅਲਗ ਕਮਰੇ ਤਾਂ ਹੋਣ। ਇੰਝ ਜੇ ਮਹਿਲ ਮਾੜੀਆਂ ਵੀ ਬਣ ਜਾਣ, ਤ੍ਰਿਸ਼ਨਾ ਤਾਂ ਵੀ ਨਹੀਂ ਮੁਕਦੀ। ਕਮ ਸੇ ਕਮ ਸਾਈਕਲ ਦੀ ਸਵਾਰੀ ਤਾਂ ਹੋਵੇ, … ਫੇਰ ਸਕੂਟਰ, … ਉਸਦੇ ਬਾਅਦ ਕਾਰ, … ਤੇ ਅਗੋਂ ਵੱਡੀ ਕਾਰ, … ਫੇਰ ਘਰ ਦੇ ਹਰ ਜੀਅ ਵਾਸਤੇ ਅਲੱਗ ਕਾਰ ਅਤੇ … ਫੇਰ ਹਵਾਈ ਜਹਾਜ਼ਾਂ, ਹੈਲੀਕਾਪਟਰਾਂ ਦੇ ਸੁਫਨੇ ਵੇਖਣ ਲੱਗ ਪੈਂਦਾ ਹੈ। ਇਹ ਮਨੁੱਖੀ ਮਾਨਸਿਕਤਾ ਹੈ ਕਿ, ਜੋ ਵੀ ਪਾ ਲੈਂਦਾ ਹੈ ਉਸ ਤੇ ਆਪਣਾ ਹੱਕ ਸਮਝਣ ਲੱਗ ਪੈਂਦਾ ਹੈ ਅਤੇ ਹੋਰ ਪਾ ਲੈਣ ਦੀ ਤ੍ਰਿਸ਼ਨਾ ਹੋਰ ਪ੍ਰਬਲ ਹੋ ਜਾਂਦੀ ਹੈ। ਗੁਰਬਾਣੀ ਵੀ ਫੁਰਮਾਉਂਦੀ ਹੈ:

"ਸਹਸ ਖਟੇ ਲਖ ਕਉ ਉਠਿ ਧਾਵੈ।। ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ।।

ਅਨਿਕ ਭੋਗ ਬਿਖਿਆ ਕੇ ਕਰੈ।। ਨਹ ਤ੍ਰਿਪਤਾਵੈ ਖਪਿ ਖਪਿ ਮਰੈ।। " {ਗਉੜੀ ਸੁਖਮਨੀ ਮਃ ੫, ਪੰਨਾ ੨੭੯}

(ਮਨੁੱਖ) ਹਜ਼ਾਰਾਂ (ਰੁਪਏ) ਕਮਾਉਂਦਾ ਹੈ ਤੇ ਲੱਖਾਂ (ਰੁਪਇਆਂ) ਦੀ ਖ਼ਾਤਰ ਉੱਠ ਦੌੜਦਾ ਹੈ; ਮਾਇਆ ਜਮ੍ਹਾ ਕਰੀ ਜਾਂਦਾ ਹੈ, (ਪਰ) ਰੱਜਦਾ ਨਹੀਂ। ਮਾਇਆ ਦੀਆਂ ਅਨੇਕਾਂ ਮੌਜਾਂ ਮਾਣਦਾ ਹੈ, ਤਸੱਲੀ ਨਹੀਂ ਸੁ ਹੁੰਦੀ, (ਭੋਗਾਂ ਦੇ ਮਗਰ ਹੋਰ ਭੱਜਦਾ ਹੈ ਤੇ) ਬੜਾ ਦੁੱਖੀ ਹੁੰਦਾ ਹੈ।

"ਦਸ ਬਸਤੂ ਲੇ ਪਾਛੈ ਪਾਵੈ।। ਏਕ ਬਸਤੁ ਕਾਰਨਿ ਬਿਖੋਟਿ ਗਵਾਵੈ।। " {ਗਉੜੀ ਸੁਖਮਨੀ ਮਃ ੫, ਪੰਨਾ ੨੬੮}

(ਮਨੁੱਖ ਪ੍ਰਭੂ ਤੋਂ) ਦਸ ਚੀਜ਼ਾਂ ਲੈ ਕੇ ਸਾਂਭ ਲੈਂਦਾ ਹੈ, (ਪਰ) ਇੱਕ ਚੀਜ਼ ਦੀ ਖ਼ਾਤਰ ਆਪਣਾ ਇਤਬਾਰ ਗਵਾ ਲੈਂਦਾ ਹੈ (ਕਿਉਂਕਿ ਮਿਲੀਆਂ ਚੀਜ਼ਾਂ ਬਦਲੇ ਸ਼ੁਕਰੀਆ ਤਾਂ ਨਹੀਂ ਕਰਦਾ, ਜੇਹੜੀ ਨਹੀਂ ਮਿਲੀ ਉਸ ਦਾ ਗਿਲਾ ਕਰਦਾ ਰਹਿੰਦਾ ਹੈ)।

ਹਰ ਮਨੁੱਖ ਛੇਤੀ ਤੋਂ ਛੇਤੀ, ਵੱਧ ਤੋਂ ਵੱਧ ਧਨ, ਸੌਖੇ ਤੋਂ ਸੌਖੇ ਤਰੀਕੇ ਨਾਲ ਪ੍ਰਾਪਤ ਕਰਨਾ ਚਾਹੁੰਦਾ ਹੈ। ਜੀਵਨ ਦਾ ਕੋਈ ਵੀ ਖੇਤਰ ਹੋਵੇ, ਮਨੁੱਖ ਘੱਟ ਤੋਂ ਘੱਟ ਸਮੇਂ ਵਿੱਚ ਅਤੇ ਘੱਟ ਤੋਂ ਘੱਟ ਮਿਹਨਤ ਨਾਲ, ਵੱਧ ਤੋਂ ਵੱਧ ਪ੍ਰਾਪਤ ਕਰਨਾ ਚਾਹੁੰਦਾ ਹੈ। ਇਹ ਛੇਤੀ ਅਮੀਰ ਬਣਨ ਦੀ ਚਾਹ ਵਾਲੇ, ਸਭ ਨੂੰ ਪਿੱਛੇ ਛੱਡ ਕੇ ਪਲਾਂਘਾਂ ਮਾਰ ਕੇ ਸਭ ਤੋਂ ਅੱਗੇ ਪਹੁੰਚਣ ਦੀ ਇੱਛਾ ਰਖਣ ਵਾਲੇ, ਥੋੜ੍ਹੀ ਜਿਹੀ ਮਾਇਕ ਤੰਗੀ ਆਉਣ ਤੇ ਘਬਰਾ ਜਾਣ ਵਾਲੇ, ਕਿਸੇ ਮਾਇਕ ਨੁਕਸਾਨ ਨੂੰ ਗ੍ਰਹਾ ਦੀ ਕਰੋਪੀ ਸਮਝਣ ਵਾਲੇ, ਇਨ੍ਹਾਂ ਡੇਰੇਦਾਰਾਂ ਦੇ ਸੌਖੇ ਅਤੇ ਸਹਿਜ ਨਿਸ਼ਾਨੇ ਹਨ, ਕਿਉਂਕਿ ਇਹ ਭੋਲੇ-ਭਾਲੇ ਲੋਕ ਬ੍ਰਾਹਮਣਵਾਦੀ ਪ੍ਰਭਾਵ ਹੇਠ ਇਹ ਸਮਝਦੇ ਹਨ ਕਿ ਜਿਵੇਂ ਬ੍ਰਾਹਮਣ ਬਾਰੇ ਭਰਮ ਪਾਇਆ ਗਿਆ ਹੈ ਉਸੇ ਤਰ੍ਹਾਂ ਇਹ ਬਾਬੇ ਵੀ ਅਕਾਲ-ਪੁਰਖ ਦੇ ਏਜੈਂਟ ਹਨ ਅਤੇ ਇਨ੍ਹਾਂ ਬਾਬਿਆਂ ਦੇ ਅਸ਼ੀਰਵਾਦ ਨਾਲ ਜਾਂ ਇਨ੍ਹਾਂ ਦੇ ਦੱਸੇ ਕਰਮਕਾਂਡਾਂ ਨਾਲ ਇਹ ਲੋੜਾਂ ਸਹਿਜੇ ਪੂਰੀਆਂ ਹੋ ਜਾਂਦੀਆਂ ਹਨ, ਅਤੇ ਕਸ਼ਟ ਦੂਰ ਹੋ ਜਾਂਦੇ ਹਨ।

ਇਕ ਹੋਰ ਬੜੀ ਵੱਡੀ ਤ੍ਰਿਸ਼ਨਾ ਹੈ, ਪੁੱਤਰ ਪਾਉਣ ਦੀ ਤ੍ਰਿਸ਼ਨਾ। ਦੁਨੀਆਂ ਦਾ ਇਹ ਖਿੱਤਾ ਕਿਉਂਕਿ ਸ਼ੁਰੂ ਤੋਂ ਮਰਦ ਪ੍ਰਧਾਨ ਹੈ, ਇਹ ਪੁੱਤਰ ਪ੍ਰਾਪਤੀ ਦੀ ਲਾਲਸਾ ਇਥੇ ਸਦਾ ਪ੍ਰਬਲ ਰਹੀ ਹੈ। ਜਿਥੇ ਪੁੱਤਰ ਨੂੰ ਕੁਲ ਚਲਾਣ ਵਾਲਾ ਅਤੇ ਬੁਢਾਪੇ ਵਿੱਚ ਮਾਤਾ ਪਿਤਾ ਦਾ ਸਹਾਰਾ ਸਮਝਿਆ ਜਾਂਦਾ ਹੈ, ਉਥੇ ਧੀ ਨੂੰ ਇੱਕ ਬੋਝ ਅਤੇ ਸਮਾਜ ਵਿੱਚ ਮਾਤਾ ਪਿਤਾ ਦੀ ਇਜ਼ੱਤ ਨੂੰ ਖਤਰਾ ਸਮਝਿਆ ਜਾਂਦਾ ਹੈ। ਇਸੇ ਕਾਰਨ ਜੰਮਦੀਆਂ ਧੀਆਂ ਦੇ ਕਤਲ ਕਰਨ ਦਾ ਘੋਰ ਪਾਪ ਵੀ ਇਥੇ ਪੁਰਾਤਨ ਸਮੇਂ ਤੋਂ ਹੁੰਦਾ ਆ ਰਿਹਾ ਹੈ। ਇਸ ਪਾਪ ਵਿੱਚ ਬਹੁਤ ਕਮੀ ਸਿੱਖ ਇਨਕਲਾਬ ਨਾਲ ਆਈ ਸੀ, ਪਰ ਹੁਣ ਕਿਉਂਕਿ ਸਿੱਖਾਂ ਵਿੱਚ ਗੁਰਬਾਣੀ ਨੂੰ ਸਮਝ ਕੇ ਪੜ੍ਹਨ ਦਾ, ਅਤੇ ਗੁਰਮਤਿ ਸਿਧਾਂਤਾਂ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਦਾ ਰੁਝਾਨ ਬਹੁਤ ਹੀ ਘੱਟ ਗਿਆ ਹੈ, ਜਿਸ ਨਾਲ ਸਿੱਖ ਇਨਕਲਾਬ ਵਿੱਚ ਵੀ ਪੁੱਠਾ ਗੇੜ ਸ਼ੁਰੂ ਹੋ ਗਿਆ ਹੈ, ਇਹ ਪਾਪ ਕਰਮ ਸਿੱਖ ਕੌਮ ਵਿੱਚ ਵੀ ਫੇਰ ਬਹੁਤ ਜ਼ੋਰ ਫੜ ਗਿਆ ਹੈ। ਫਰਕ ਸਿਰਫ ਇਤਨਾ ਹੈ ਕਿ ਪਹਿਲਾਂ ਧੀਆਂ ਨੂੰ ਜੰਮਦਿਆਂ ਮਾਰ ਦਿੱਤਾ ਜਾਂਦਾ ਸੀ, ਹੁਣ ਕਿਉਂਕਿ ਸਾਇੰਸ ਬਹੁਤ ਤਰੱਕੀ ਕਰ ਗਈ ਹੈ, ਗਰਭ ਵਿੱਚ ਹੀ ਟੈਸਟ ਨਾਲ ਪਤਾ ਲਗਾ ਲਿਆ ਜਾਂਦਾ ਹੈ ਕਿ ਪੁੱਤਰ ਜੰਮੇਗਾ ਜਾਂ ਧੀ? ਜੇ ਪਤਾ ਲੱਗ ਜਾਵੇ ਕਿ ਧੀ ਜੰਮਣ ਵਾਲੀ ਹੈ, ਤਾਂ ਗਰਭਪਾਤ ਕਰਵਾ ਕੇ ਧੀ ਦਾ, ਮਾਂ ਦੀ ਕੁੱਖ ਵਿੱਚ ਹੀ ਕਤਲ ਕਰ ਦਿਤਾ ਜਾਂਦਾ ਹੈ। ਭਾਵੇਂ ਸਾਇੰਸ ਇਤਨੀ ਤਰੱਕੀ ਕਰ ਗਈ ਹੈ, ਪਰ ਹੁਣ ਵੀ ਡਾਕਟਰ ਕੁੜੀ ਦਾ, ਗਰਭਪਾਤ ਦੇ ਰੂਪ ਵਿੱਚ ਕਤਲ ਤਾਂ ਕਰ ਸਕਦਾ ਹੈ ਪਰ ਪੁੱਤਰ ਨਹੀਂ ਦੇ ਸਕਦਾ। ਇਹ ਪੁੱਤਰ ਵੰਡਣ ਦੀ ਠੇਕੇਦਾਰੀ ਪਹਿਲਾਂ ਕੁੱਝ ਬ੍ਰਾਹਮਣਾਂ, ਤਾਂਤ੍ਰਿਕਾਂ ਮੌਲਵੀਆਂ ਅਤੇ ਟੂਣੇ ਟੋਟਕੇ ਦੇਣ ਵਾਲਿਆਂ ਨੇ ਸੰਭਾਲੀ ਹੋਈ ਸੀ, ਹੁਣ ਸਿੱਖ ਕੌਮ ਵਿੱਚ ਇਹ ਵੱਡੀ ਠੱਗੀ ਦਾ, ਅਤਿ ਲਾਹੇਵੰਦ ਕੰਮ ਇਨ੍ਹਾਂ ਬਾਬਿਆਂ ਨੇ ਕਾਬੂ ਕਰ ਲਿਆ ਹੈ। ਪਖੰਡੀ ਬਾਬਿਆਂ ਦੀਆਂ ਬਹੁਤੀਆਂ ਦੁਕਾਨਦਾਰੀਆਂ ਇਸੇ ਧੰਦੇ ਤੇ ਵਧੇਰੇ ਪ੍ਰਫੁਲਤ ਹੋ ਰਹੀਆਂ ਹਨ। ਹੁੰਦਾ ਇਹ ਹੈ ਕਿ ਜੋ ਪੁੱਤਰ ਪ੍ਰਾਪਤੀ ਦਾ ਚਾਹਵਾਨ ਹੈ, ਉਹ ਬਾਬਿਆਂ ਕੋਲ ਆਕੇ ਆਪਣੀ ਇੱਛਾ ਜ਼ਾਹਿਰ ਕਰਦਾ ਹੈ। ਇਹ ਉਸਨੂੰ ਗੁਰਮਤਿ ਅਨੁਸਾਰ ਇਹ ਸਮਝਾਣ ਦੀ ਬਜਾਏ, ਕਿ ਪੁੱਤਰ ਜਾਂ ਧੀ ਦੇਣਾ ਕੇਵਲ ਅਕਾਲ ਪੁਰਖ ਦੇ ਵਸ ਹੈ, ਕੋਈ ਮਨੁੱਖ ਇਸ ਵਿੱਚ ਕੁੱਝ ਨਹੀਂ ਕਰ ਸਕਦਾ, ਸਿੱਖ ਨੂੰ ਸਦਾ ਅਕਾਲ-ਪੁਰਖ ਦੇ ਭਾਣੇ ਵਿੱਚ ਰਹਿਣਾ ਚਾਹੀਦਾ ਹੈ ਅਤੇ ਪੁੱਤਰ-ਧੀ ਵਿੱਚ ਕੋਈ ਫਰਕ ਨਹੀਂ ਕਰਨਾ ਚਾਹੀਦਾ, ਝੱਟ ਆਪਣੇ ਭ੍ਰਮ ਜਾਲ ਵਿੱਚ ਫਸਾ ਲੈਂਦੇ ਹਨ। ਅਗੋਂ ਹਰ ਬਾਬੇ ਦਾ ਆਪਣਾ ਆਪਣਾ ਤਰੀਕਾ ਹੈ, ਕੋਈ ਗਲਾਸੀ ਵਿੱਚ ਪਾਣੀ ਵਿੱਚ ਕੁੱਝ ਘੋਲ ਕੇ ਉਤੋਂ ਕੋਈ ਮੰਤ੍ਰ ਪੜ੍ਹ ਕੇ ਅਖੌਤੀ ਅੰਮ੍ਰਿਤ ਪਿਆਉਂਦਾ ਹੈ, ਕੋਈ ਤਬੀਤ ਦੇਂਦਾ ਹੈ, ਕੋਈ ਫਲ ਝੋਲੀ ਵਿੱਚ ਪਾਉਂਦਾ ਹੈ ਅਤੇ ਕੋਈ ਮੰਤ੍ਰ ਵਾਂਗ ਰਟਣ ਵਾਸਤੇ ਕੋਈ ਸ਼ਬਦ ਦੇਂਦਾ ਹੈ, ਵਗੈਰਾ ਵਗੈਰਾ। ਪਖੰਡ ਹੀ ਕਰਨਾ ਹੈ, ਜਿਵੇਂ ਮਰਜ਼ੀ ਕਰ ਲਵੋ। ਕਈ ਬੀਬੀਆਂ ਤਾਂ ਇਸੇ ਤ੍ਰਿਸ਼ਨਾ ਵਿੱਚ ਇਨ੍ਹਾਂ ਬਾਬਿਆ ਕੋਲੋਂ ਆਪਣੀ ਪੱਤ ਲੁਟਾ ਬੈਠਦੀਆਂ ਹਨ। ਇਹ ਪਖੰਡੀ ਐਸੀਆਂ ਬੀਬੀਆਂ ਨੂੰ ਭਰਮਾਉਣ ਵਿੱਚ ਬਹੁਤ ਮਾਹਰ ਹੁੰਦੇ ਹਨ। ਹੁਣ ਹੁੰਦਾ ਕੀ ਹੈ? ਮੰਨ ਲਓ ਕਿ, ਇਨ੍ਹਾਂ ਨੇ ਪੁੱਤਰ ਪਾਉਣ ਦੇ ਚਾਹਵਾਨ ਦਸ ਵਿਅਕਤੀਆਂ ਨਾਲ ਇਹ ਪਖੰਡ ਕੀਤਾ, ਅਕਾਲ-ਪੁਰਖ ਦੇ ਅੱਟਲ ਨੇਮ ਅਨੁਸਾਰ ਇਨ੍ਹਾਂ ਵਿਚੋਂ ੪-੬ ਮੁੰਡੇ ਜੰਮਣੇ ਹਨ ਅਤੇ ੪-੬ ਕੁੜੀਆਂ। ਅਕਾਲ-ਪੁਰਖ ਦਾ ਇਹ ਅੱਟਲ ਨੇਮ ਐਸਾ ਲਾਜੁਆਬ ਹੈ ਕਿ ਜਦੋਂ ਦੀ ਇਹ ਸ੍ਰਿਸ਼ਟੀ ਬਣੀ ਹੈ, ਧੁਰ ਤੋਂ ਇਹ ਸਮਾਨਤਾ ਚਲੀ ਆਉਂਦੀ ਹੈ, ਕਿ ਜਿਤਨੇ ਕੁ ਮੁੰਡੇ ਜੰਮਦੇ ਹਨ, ਉਤਨੀਆਂ ਕੁ ਹੀ ਕੁੜੀਆਂ। ਇਹ ਅਲੱਗ ਗੱਲ ਹੈ ਕਿ ਕਿਸੇ ਦੇ ਚਾਰ ਪੁੱਤਰ ਜੰਮ ਪੈਣ ਅਤੇ ਕਿਸੇ ਦੀਆਂ ਧੀਆਂ। ਇਹ ਵੀ ਕੋਈ ਜ਼ਰੂਰੀ ਨਹੀਂ ਕਿ ਜਿਸ ਦੇ ਪਹਿਲਾਂ ਚਾਰ ਪੁੱਤਰ ਹਨ, ਉਸ ਦੇ ਅਗੋਂ ਵੀ ਜ਼ਰੂਰੀ ਪੁੱਤਰ ਹੀ ਜੰਮਣਾ ਹੈ, ਅਤੇ ਜਿਸ ਦੀਆਂ ਧੀਆਂ ਹਨ, ਉਸ ਦੀ ਕੁੱਖ ਕੇਵਲ ਧੀਆਂ ਹੀ ਜੰਮਣ ਵਾਲੀ ਹੈ। ਇਹ ਕੇਵਲ ਅਕਾਲ ਪੁਰਖ ਦੇ ਹੱਥ ਹੈ ਕਿ ਉਸ ਨੇ ਕਦੋਂ ਕੀ ਬਖਸ਼ਿਸ਼ ਕਰਨਾ ਹੈ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਸਦਾ ਸੰਤੁਲਨ ਬਣਾ ਕੇ ਰਖਦਾ ਹੈ। ਕੁਦਰਤ ਦਾ ਇਹ ਸੰਤੁਲਨ ਆਪੇ ਕਦੇ ਨਹੀਂ ਬਦਲਦਾ। ਇਹ ਸੰਤੁਲਨ ਕੇਵਲ ਉਦੋਂ ਵਿਗੜਦਾ ਹੈ, ਜਦੋਂ ਅਸੀਂ ਕੋਈ ਗੈਰ ਕੁਦਰਤੀ ਕਾਰਾ ਕਰਦੇ ਹਾਂ, ਜਿਵੇਂ ਪੁਰਾਣੇ ਸਮਿਆਂ ਵਿੱਚ ਕਿਸੇ ਜੰਗ ਵਿੱਚ ਬਹੁਤੇ ਮਰਦਾਂ ਦਾ ਮਾਰੇ ਜਾਣਾ ਜਾਂ ਅੱਜ ਕੱਲ ਡਾਕਟਰੀ ਜਾਂਚ ਕਰਵਾ ਕੇ ਜੰਮਣ ਵਾਲੀ ਧੀ ਨੂੰ ਗਰਭਪਾਤ ਕਰਵਾ ਕੇ ਮਰਵਾ ਦੇਣਾ। ਪੰਜਾਬ ਵਿੱਚ ਕਿਉਂ ਕਿ ਇਹ ਰੋਗ ਬਹੁਤ ਜ਼ੋਰ ਫੜ੍ਹ ਗਿਆ ਹੈ ਇਸੇ ਕਾਰਨ ਅੱਜ ਪੰਜਾਬ ਵਿੱਚ ਮੁੰਡੇ ਕੁੜੀਆਂ ਦੀ ਗਿਣਤੀ ਵਿੱਚ ੧੦੦: ੭੯ ਦਾ ਅਨੁਪਾਤ ਹੋ ਗਿਆ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਇੱਕ ਵੱਡਾ ਸਮਾਜਿਕ ਸੰਤਾਪ ਆ ਸਕਦਾ ਹੈ। ਕਿਸੇ ਪਖੰਡੀ ਕੋਲੋਂ ਕੋਈ ਮੰਤ੍ਰ, ਫਲ, ਤਬੀਤ ਜਾਂ ਅਸ਼ੀਰਵਾਦ ਆਦਿ ਲੈਣ ਤੋਂ ਬਾਅਦ, ਜਿਨ੍ਹਾਂ ਦੇ ਕੁਦਰਤੀ ਪੁੱਤਰ ਜੰਮ ਪੈਂਦੇ ਹਨ, ਉਹ ਅਗੋਂ ਚਾਰ-ਪੰਜ ਸੌ ਹੋਰ ਬੰਦੇ ਨੂੰ ਦਸਦੇ ਹਨ ਕਿ ਸਾਡੇ ਤਾਂ ਫਲਾਣੇ ਮਹਾਂ-ਪੁਰਖਾਂ ਦੀ ਬਖਸ਼ਿਸ਼ ਨਾਲ ਪੁੱਤਰ ਜੰਮਿਆਂ ਹੈ। ਉਨ੍ਹਾਂ ਦਾ ਆਪਣਾ ਖਾਨਦਾਨ ਤਾਂ ਪੀੜੀ-ਦਰ-ਪੀੜੀ ਉਸ ਡੇਰੇ ਦਾ ਮੁਰੀਦ ਬਣ ਹੀ ਜਾਂਦਾ ਹੈ, ਹੋਰ ਸੈਂਕੜਿਆਂ ਨੂੰ ਵੀ ਫਸਾ ਦੇਂਦੇ ਹਨ। ਜਿਨ੍ਹਾਂ ਦੇ ਧੀਆਂ ਜੰਮਦੀਆਂ ਹਨ, ਉਹ ਫੇਰ ਬਾਬੇ ਦੀ ਸ਼ਰਨ ਵਿੱਚ ਪੁੱਜ ਜਾਂਦੇ ਹਨ। ਅਗੋਂ ਬਾਬਾ ਜੀ ਵੀ ਤਿਆਰ ਹੀ ਬੈਠੇ ਹੁੰਦੇ ਹਨ, ਭਾਈ ਸਾਨੂੰ ਤਾਂ ਪਹਿਲਾਂ ਹੀ ਪਤਾ ਲੱਗ ਗਿਆ ਸੀ, ਕਿਉਂਕਿ ਕੁੜੀ ਨੇ ਫੱਲ ਝੋਲੀ ਵਿੱਚ ਪੁਆਉਣ ਦੀ ਬਜਾਏ ਹੱਥ ਵਿੱਚ ਫੜ ਲਿਆ ਸੀ। ਜੇ ਝੋਲੀ ਭਰਨੀ ਹੈ ਤਾਂ ਮਹਾਪੁਰਖਾਂ ਦੀ ਬਖਸ਼ਿਸ਼ ਝੋਲੀ ਵਿੱਚ ਪੁਆਈਦੀ ਹੈ ਆਦਿ ਆਦਿ, ਤੇ ਜਿਸ ਨੇ ਝੋਲੀ ਵਿੱਚ ਪੁਆਇਆ ਹੁੰਦਾ ਹੈ, ਉਸ ਨੂੰ ਹੱਥ ਫੈਲਾ ਕੇ ਮੰਗਣ ਦੀ ਨਸੀਹਤ ਦੇ ਦੇਂਦੇ ਹਨ। ਫੇਰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਹੁਣ ਖਿਆਲ ਕਰਿਓ, ਐਸੀ ਭੁੱਲ ਫੇਰ ਨਾ ਹੋਵੇ ਆਦਿ ਆਦਿ। ਜੋ ਦੋ-ਤਿੰਨ ਵਾਰੀ ਨਿਰਾਸ਼ ਹੋ ਜਾਂਦੇ ਹਨ, ਆਪਣੀ ਕਿਸਮਤ ਨੂੰ ਕੋਸਦੇ ਹੋਏ, ਕੋਈ ਹੋਰ ਬਾਬਾ ਲੱਭਣਾ ਸ਼ੁਰੂ ਕਰ ਦੇਂਦੇ ਹਨ। ਪ੍ਰਚਾਰ ਕੇਵਲ ਮੁੰਡੇ ਜੰਮਣ ਦਾ ਹੀ ਹੁੰਦਾ ਹੈ।

ਬਾਕੀ ਤ੍ਰਿਸ਼ਨਾਵਾਂ ਬਾਰੇ ਵੀ ਇਹੀ ਸਿਲਸਿਲਾ ਚਲਦਾ ਹੈ ਅਤੇ ਇਹੀ ਨੇਮ ਲਾਗੂ ਹੁੰਦਾ ਹੈ। ਮਸਲਾ ਭਾਵੇਂ ਨੌਕਰੀ ਮਿਲਣ ਦਾ ਹੋਵੇ, ਇਮਤਿਹਾਨ ਵਿੱਚ ਪਾਸ ਹੋਣ ਦਾ, ਕੋਈ ਕੇਸ ਜਿੱਤਣ ਦਾ, ਵਿਦੇਸ਼ ਜਾਣ ਦਾ ਜਾਂ ਕੋਈ ਹੋਰ। ਅਸਲ ਵਿੱਚ ਇਨ੍ਹਾਂ ਕੋਲ ਜਿਹੜੇ ਲੋਕ ਵੀ ਜਾਂਦੇ ਹਨ, ਉਹ ਨਿਰਾਸ਼ਾਵਾਦੀ ਹੋ ਕੇ ਹੀ ਜਾਂਦੇ ਹਨ। ਇਹ ਸੋਚ ਕੇ ਹੀ ਜਾਂਦੇ ਹਨ ਕਿ ਉਨ੍ਹਾਂ ਦਾ ਕੰਮ ਕਿਸੇ ਸੂਰਤ ਵੀ ਨਹੀਂ ਹੋ ਸਕਦਾ। ਉਨ੍ਹਾਂ ਦਾ ਨਾ ਤਾਂ ਅਕਾਲ-ਪੁਰਖ ਵਿੱਚ ਵਿਸ਼ਵਾਸ ਹੁੰਦਾ ਹੈ ਅਤੇ ਨਾ ਹੀ ਆਪਣੀ ਕਾਬਲੀਅਤ ਤੇ ਭਰੋਸਾ। ਜਦੋਂ ਵਾਹਿਗੁਰੂ ਦੀ ਬਖਸ਼ਿਸ਼ ਨਾਲ ਉਨ੍ਹਾਂ ਦਾ ਕੰਮ ਹੋ ਜਾਂਦਾ ਹੈ, ਤਾਂ ਉਹ ਅਗਿਆਨੀ ਇਸ ਨੂੰ ਬਾਬਿਆਂ ਦੀ ਕਰਾਮਾਤ ਹੀ ਸਮਝਦੇ ਹਨ।

ਐਸੇ ਲੋਕਾਂ ਦੀ ਮਾਨਸਿਕਤਾ ਬਾਰੇ ਇੱਕ ਗੱਲ ਆਪਣੇ ਨਿਜੀ ਜੀਵਨ ਵਿਚੋਂ ਸਾਂਝੀ ਕਰਨਾ ਚਾਹੁੰਦਾ ਹਾਂ। ਤਕਰੀਬਨ ੪੦ ਸਾਲ ਪੁਰਾਣੀ ਗੱਲ ਹੈ। ਜੁਆਨੀ ਦੀ ਉਮਰ ਸੀ, ਹੱਸਣ-ਖੇਡਣ ਅਤੇ ਗੱਪਾਂ ਮਾਰਨ ਦਾ ਬਹੁਤ ਸ਼ੌਕ ਸੀ। ਮੇਰੇ ਦੋ ਪੁੱਤਰ ਸਨ ਅਤੇ ਤੀਸਰੇ ਬੱਚੇ ਦੀ ਉਮੀਦਵਾਰੀ ਲੱਗੀ ਹੋਈ ਸੀ। ਪਹਿਲੇ ਪੁੱਤਰਾਂ ਦੇ ਜੰਮਣ ਤੋਂ ਪਹਿਲਾਂ, ਮੈਂ ਬੜੇ ਵਿਸ਼ਵਾਸ ਨਾਲ ਯਾਰਾਂ–ਦੋਸਤਾਂ ਵਿੱਚ ਕਿਹਾ ਸੀ ਕਿ ਆਪਣੇ ਤਾਂ ਲੜਕਾ ਹੀ ਜੰਮਣਾ ਹੈ। ਇਹ ਸੋਚ ਕੇ ਕਿ ਹਾਸੇ ਮਜ਼ਾਕ ਵਿੱਚ ਕਹਿਣ ਵਿੱਚ ਕੀ ਹਰਜ਼ ਹੈ। ਪਹਿਲੀ ਵਾਰੀ ਸੀ, ਬੇਟਾ ਜੰਮਣ ਤੇ ਕਿਸੇ ਨੇ ਕੋਈ ਖਾਸ ਧਿਆਨ ਨਹੀਂ ਦਿੱਤਾ। ਦੂਸਰੀ ਵਾਰੀ ਵੀ ਇੰਝ ਹੀ ਹੋਇਆ। ਇਸ ਵਾਰੀ ਸਾਰੇ ਮਿੱਤਰ ਬੜੇ ਹੈਰਾਨ ਹੋਏ ਕਿ ਮੈਂ ਕਿਵੇਂ ਪਹਿਲਾਂ ਹੀ ਇਤਨੀ ਤਸੱਲੀ ਨਾਲ ਭਵਿੱਖ ਬਾਣੀ ਕਰ ਦੇਂਦਾ ਹਾਂ। ਯਾਰਾਂ ਦੋਸਤਾਂ ਦੀ ਮਹਿਫਿਲ ਵਿੱਚ ਬੈਠਿਆਂ ਇਹ ਗੱਲ ਫੇਰ ਚੱਲ ਪਈ ਕਿ ਹੁਣ ਕੀ ਬੱਚਾ ਜੰਮੇਗਾ? ਮੈਂ ਬੜੀ ਛਾਤੀ ਠੋਕ ਕੇ ਕਿਹਾ ਕਿ ਮਿਤਰੋ! ਆਪਣੇ ਤਾਂ ਪੁੱਤਰ ਹੀ ਜੰਮਣਾ ਹੈ, ਆਪਾਂ ਤਾਂ ਜਿਸ ਨੂੰ ਅਸ਼ੀਰਵਾਦ ਦੇ ਦਈਏ, ਉਸ ਦੇ ਪੁੱਤਰ ਜੰਮ ਪੈਂਦਾ ਹੈ, ਫਿਰ ਆਪਣੇ ਧੀ ਕਿਥੋਂ ਜੰਮ ਪਵੇਗੀ? ਹਾਲਾਂਕਿ ਸਚਾਈ ਇਹ ਹੈ ਕਿ ਮੈਂ ਦਿਲੋਂ ਇਹ ਚਾਹੁੰਦਾ ਸੀ ਕਿ ਐਤਕੀਂ ਵਾਹਿਗੁਰੂ ਬੇਟੀ ਦੀ ਬਖਸ਼ਿਸ਼ ਕਰ ਦੇਵੇ। ਮੇਰੇ ਇੱਕ ਦੋਸਤ ਨੇ ਕਿਹਾ, ਸੁਆਲ ਹੀ ਨਹੀਂ ਪੈਦਾ ਹੁੰਦਾ, ਐਤਕੀਂ ਤਾਂ ਕੁੜੀ ਹੀ ਜੰਮੇਂਗੀ। ਗੱਲਾਂ ਗੱਲਾਂ ਵਿੱਚ ਸ਼ਰਤ ਲੱਗ ਗਈ ਕਿ ਜੇ ਪੁੱਤਰ ਜੰਮਿਆਂ ਤਾਂ ਮੇਰਾ ਉਹ ਮਿੱਤਰ ਕਿਸੇ ਵੱਡੇ ਹੋਟਲ ਵਿੱਚ ਪਾਰਟੀ ਦੇਵੇਗਾ ਅਤੇ ਜੇ ਧੀ ਜੰਮੀ ਤਾਂ ਇਹ ਪਾਰਟੀ ਮੈਂ ਦੇਵਾਂਗਾ। ਮੇਰੇ ਤਾਂ ਦੋਹਾਂ ਹੱਥਾਂ ਵਿੱਚ ਲੱਡੂ ਸਨ, ਮੈਂ ਝੱਟ ਪ੍ਰਵਾਨ ਕਰ ਲਿਆ। ਜਿਵੇਂ ਅਕਾਲ-ਪੁਰਖ ਨੂੰ ਭਾਵੇ! ਫਿਰ ਪੁੱਤਰ ਦੀ ਬਖਸ਼ਿਸ਼ ਹੋ ਗਈ।

ਪਾਰਟੀ ਲਈ ਹੋਟਲ ਵਿੱਚ ਇਕੱਠੇ ਹੋਏ ਤਾਂ ਉਹ ਸਾਰੇ ਦੋਸਤ ਇਹ ਗੱਲਾਂ ਕਰ ਰਹੇ ਸਨ, ਕਿ ਜਿਸ ਵਿਸ਼ਵਾਸ ਨਾਲ ਮੈਂ ਪਹਿਲਾਂ ਹੀ ਦੱਸ ਦੇਂਦਾ ਹਾਂ, ਕੁੱਝ ਨਾ ਕੁੱਝ ਗੱਲ ਜ਼ਰੂਰ ਹੈ। ਮੈਂ ਫੇਰ ਫਲੌਟੀ ਛੱਡ ਦਿੱਤੀ, ਬਈ ਆਪਾਂ ਤਾਂ ਜਿਸ ਨੂੰ ਥਾਪੀ ਦੇ ਦਈਏ, ਉਸ ਦੇ ਪੁੱਤਰ ਜੰਮ ਪੈਂਦਾ ਹੈ, ਫਿਰ ਆਪਣੇ ਕਿਥੋਂ ਧੀ ਜੰਮਣੀ ਸੀ? ਸਾਡੇ ਇੱਕ ਮਿੱਤਰ ਦਾ ਵਿਆਹ ਹੋਇਆਂ ਦੋ ਸਾਲ ਤੋਂ ਉਪਰ ਹੋ ਗਏ ਸਨ, ਪਰ ਅਜੇ ਕੋਈ ਸੰਤਾਨ ਦੀ ਉਮੀਦਵਾਰੀ ਨਹੀਂ ਸੀ ਹੋਈ। (ਬਾਅਦ ਵਿੱਚ ਪਤਾ ਲੱਗਾ ਕਿ ਉਸ ਦੀ ਬੀਵੀ ਦੇ ਕੋਈ ਮਮੂਲੀ ਜਿਹਾ ਡਾਕਟਰੀ ਨੁਕਸ ਸੀ, ਅਤੇ ਉਸ ਦਾ ਇਲਾਜ ਚੱਲ ਰਿਹਾ ਸੀ)। ਇੱਕ ਮਿੱਤਰ ਨੇ ਉਸ ਦਾ ਨਾਂ ਲੈ ਕੇ ਕਹਿ ਦਿੱਤਾ, ਬਈ ਫੇਰ ਤਾਂ ਤੂੰ ਇਸ ਨੂੰ ਥਾਪੜਾ ਦੇ। ਬੜਾ ਹਾਸੇ ਮਜ਼ਾਕ ਦਾ ਮਹੌਲ ਬਣਿਆ ਹੋਇਆ ਸੀ। ਮੈਂ ਉਠਿਆਂ ਅਤੇ ਉਸ ਦੀ ਪਿੱਠ ਤੇ ਦੋ ਤਿੰਨ ਥਾਪੜੇ ਛੱਡ ਦਿਤੇ, ਤੇ ਨਾਲ ਕਿਹਾ, ਹੁਣ ਵੇਖਿਓ। ਗੱਲ ਹਾਸੇ ਵਿੱਚ ਨਿਕਲ ਗਈ।

ਉਹ ਮਿੱਤਰ ਇੱਕ ਵੱਡੇ ਵਪਾਰਕ ਅਦਾਰੇ ਦਾ ਨੁਮਾਇਂਦਾ ਸੀ। ਕੁੱਝ ਮਹੀਨਿਆਂ ਬਾਅਦ ਉਸ ਦੀ ਬਦਲੀ ਕਿਤੇ ਹੋਰ ਹੋ ਗਈ। ਸਾਲ ਕੁ ਬੀਤਿਆ, ਮੈਂ ਆਪਣੀ ਦੁਕਾਨ ਤੇ ਬੈਠਾ ਸਾਂ, ਨਾਲ ਇੱਕ ਦੋ ਮਿੱਤਰ ਵੀ ਬੈਠੇ ਸਨ, ਉਹੀ ਮਿੱਤਰ ਸਾਹਮਣੇ ਆਟੋ ਵਿਚੋਂ ਉਤਰਿਆ। ਉਸ ਦੇ ਹੱਥ ਵਿੱਚ ਇੱਕ ਮਿਠਾਈ ਦਾ ਡੱਬਾ ਸੀ ਅਤੇ ਚਿਹਰੇ ਤੇ ਮੁਸਕਾਨ, ਨਾਲ ਇੱਕ ਹੋਰ ਬੰਦਾ ਸੀ। ਮੈਂ ਉਸ ਦਾ ਚਿਹਰਾ ਵੇਖਦੇ ਹੀ ਨਾਲ ਬੈਠੇ ਦੋਸਤਾਂ ਨੂੰ ਕਹਿ ਦਿੱਤਾ, ਕਿ ਇਸ ਦੇ ਮੁੰਡਾ ਜੰਮ ਪਿਆ ਹੈ। ਕਿਉਂਕਿ ਉਹ ਜਿਸ ਕੰਪਨੀ ਦਾ ਅਧਿਕਾਰੀ ਸੀ, ਅਸੀਂ ਉਸ ਦੇ ਡੀਲਰ ਸਾਂ, ਉਸ ਦਾ ਮੇਰੇ ਕੋਲ ਮਿਠਾਈ ਲੈਕੇ ਆਉਣ ਦਾ ਹੋਰ ਕੋਈ ਤੁੱਕ ਨਹੀਂ ਸੀ ਬਣਦਾ। ਮੈਂ ਉਠ ਕੇ ਗਲੇ ਮਿਲਦੇ ਅਖਿਆ, ਪੁੱਤਰ ਦੀ ਵਧਾਈ ਹੋਵੇ। ਉਹ ਤਾਂ ਜਿਵੇਂ ਪੈਰਾਂ ਤੇ ਹੀ ਢਹਿ ਪੈਣ ਲਗਾ, ਨਾਲ ਆਏ ਆਪਣੇ ਦੋਸਤ ਨੂੰ ਕਹਿਣ ਲੱਗਾ, ਵੇਖਿਆ! ਇਨ੍ਹਾਂ ਨੂੰ ਪਹਿਲੇ ਹੀ ਪਤਾ ਸੀ। ਕੁੱਝ ਰਸਮੀਂ ਗੱਲਾਂ ਅਤੇ ਚਾਹ-ਪਾਣੀ ਤੋਂ ਬਾਅਦ ਕਹਿਣ ਲੱਗਾ, ਤੁਹਾਡੇ ਨਾਲ ਅਲੱਗ ਇੱਕ ਗੱਲ ਕਰਨੀ ਹੈ। ਮੈਂ ਉਠਾ ਕੇ ਆਪਣੇ ਦਫਤਰ ਦੇ ਅੰਦਰ ਲੈ ਗਿਆ, ਉਸ ਦਾ ਉਹ ਦੋਸਤ ਵੀ ਨਾਲ ਗਿਆ। ਅੰਦਰ ਜਾਕੇ ਉਹ ਕਹਿਣ ਲੱਗਾ, ਇਨ੍ਹਾਂ ਨੂੰ ਤੁਹਾਡੇ ਅਸ਼ੀਰਵਾਦ ਦੀ ਬਹੁਤ ਲੋੜ ਹੈ, ਪਹਿਲਾਂ ਤਿੰਨ ਧੀਆਂ ਨੇ। ਮੈਂ ਹੱਕਾ-ਬੱਕਾ ਰਹਿ ਗਿਆ, ਇਹ ਕੀ ਸਿਲਸਿਲਾ ਚੱਲ ਪਿਆ ਹੈ? ਉਨ੍ਹਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ, ਕਿ ਮੈਂ ਤਾਂ ਐਵੇਂ ਮਜ਼ਾਕ ਕੀਤਾ ਸੀ। ਇਹ ਤਾਂ ਸਭ ਵਾਹਿਗੁਰੂ ਦੇ ਹੱਥ ਹੈ, ਕੋਈ ਬੰਦਾ ਕੁੱਝ ਨਹੀਂ ਕਰ ਸਕਦਾ। ਪਰ ਉਨ੍ਹਾਂ ਦੀ ਤਸੱਲੀ ਨਹੀਂ ਸੀ ਹੋ ਰਹੀ। ਨਾਲ ਆਇਆ ਬੰਦਾ ਤਾਂ ਜਿਵੇਂ ਰੋਣ ਹਾਕਾ ਹੋ ਗਿਆ, ਬਾਰ ਬਾਰ ਤਰਲੇ ਕਰ ਰਿਹਾ ਸੀ। ਮੈਂ ਉਸ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ, ਵਾਹਿਗੁਰੂ ਤੇ ਵਿਸ਼ਵਾਸ ਰੱਖੋ, ਧੀਆਂ ਪੁੱਤਰਾਂ ਵਿੱਚ ਕੋਈ ਫਰਕ ਨਹੀਂ ਹੁੰਦਾ, ਇਹ ਤਾਂ ਸਭ ਉਸ ਦੀ ਦਾਤ ਹੈ। ਪਰ ਨਿਰਾਸਤਾ ਉਨ੍ਹਾਂ ਦੇ ਚਿਹਰੇ ਤੋਂ ਸਾਫ ਝਲਕ ਰਹੀ ਸੀ। ਵਾਪਸ ਜਾਂਦੇ-ਜਾਂਦੇ ਵੀ ਮੇਰਾ ਮਿੱਤਰ ਉਸ ਨੂੰ ਕਹਿ ਰਿਹਾ ਸੀ, ਲਗਦਾ ਹੈ ਤੇਰੇ ਭਾਗਾਂ ਵਿੱਚ ਬਿਲਕੁਲ ਨਹੀਂ ਹੈ, ਨਹੀਂ ਤਾਂ ਇਹ ਤਾਂ ਕਿਸੇ ਨੂੰ ਨਿਰਾਸ਼ ਨਹੀਂ ਕਰਦੇ।

ਕਹਿਣ ਨੂੰ ਸਾਡਾ ਦੇਸ਼ ਅਤੇ ਕੌਮ ਧਾਰਮਿਕ ਵਿਸ਼ਵਾਸ ਵਾਲੇ ਹਨ ਪਰ ਅਕਾਲ ਪੁਰਖ ਦੇ ਕੁਦਰਤ ਰੂਪ ਵਿੱਚ ਸੰਸਾਰ ਦਾ ਸਿਲਸਿਲਾ ਚਲਾ ਰਹੇ ਅਟੱਲ ਨੇਮਾਂ ਬਾਰੇ ਨਾ ਬਹੁਤਿਆਂ ਨੂੰ ਜਾਣਕਾਰੀ ਹੈ ਅਤੇ ਨਾ ਵਿਸ਼ਵਾਸ। ਸਾਡੀ ਪ੍ਰਵਿਰਤੀ ਐਸੀ ਬਣ ਗਈ ਹੈ ਕਿ ਜਿਥੋਂ ਮਾੜੀ ਜਿਹੀ ਆਸ ਦੀ ਕਿਰਨ ਨਜ਼ਰ ਆਵੇ, ਅਕਾਲ-ਪੁਰਖ ਦੇ ਅਟੱਲ ਨੇਮਾਂ ਨੂੰ ਭੁਲਾ ਕੇ ਫੌਰਨ ਉਧਰ ਦੌੜ ਪੈਂਦੇ ਹਾਂ। ਤ੍ਰਿਸ਼ਨਾ ਦੇ ਮਾਰੇ ਵਿਅਕਤੀ ਇੰਝ ਹੀ ਭਟਕਦੇ ਰਹਿੰਦੇ ਹਨ, ਅਤੇ ਇੰਝ ਹੀ ਇਹ ਬਾਬਿਆਂ ਦੀਆਂ ਦੁਕਾਨਦਾਰੀਆਂ ਪ੍ਰਫੁਲਤ ਹੁੰਦੀਆਂ ਰਹਿੰਦੀਆਂ ਹਨ।

(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਸੰਪੂਰਨਤਾ ਦੇ ਨੇੜੇ ਹੈ। ਇਸ ਦਾ ਇੱਕ ਭਾਗ ਹਰ ਹਫਤੇ ਇਸ ਵੈਬ ਸਾਈਟ ਤੇ ਛਾਪਿਆ ਜਾ ਰਿਹਾ ਹੈ। ਸੂਝਵਾਨ ਪਾਠਕਾਂ ਨੂੰ ਇਸ ਬਾਰੇ ਉਸਾਰੂ ਸੁਝਾਅ ਦੇਣ ਦੀ ਬੇਨਤੀ ਕੀਤੀ ਜਾਂਦੀ ਹੈ। ਕਿਤਾਬ ਛਪਣ ਤੋਂ ਪਹਿਲਾਂ ਆਏ ਹਰ ਸੁਝਾਅ ਨੂੰ ਜੀ ਆਇਆ ਆਖਿਆ ਜਾਵੇਗਾ ਅਤੇ ਲੇਖਕ ਸੁਝਾਅ ਭੇਜਣ ਵਾਲਿਆਂ ਦਾ ਧੰਨਵਾਦੀ ਹੋਵੇਗਾ)

ਰਾਜਿੰਦਰ ਸਿੰਘ

(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)

email: [email protected]




.