ਗੁਰਬਾਣੀ ਵਿੱਚ ਪਰਉਪਕਾਰ ਦਾ ਸੰਕਲਪ
ਪਰਉਪਕਾਰ ਦਾ ਭਾਵ ਹੈ ਕਿਸੇ ਦੂਸਰੇ ਲੋੜਵੰਦ ਵਿਅਕਤੀ ਦੀ ਨੇਕਨੀਤੀ ਨਾਲ ਤੇ
ਬਿਨਾਂ ਕਿਸੇ ਸੁਆਰਥ ਦੇ ਸਹਾਇਤਾ ਕਰਨੀ। ਪਰਉਪਕਾਰ ਕਰਨ ਲਗਿਆਂ ਨਿਮਰਤਾ ਦਾ ਹੋਣਾ ਜ਼ਰੂਰੀ ਹੈ ਤਾਂ
ਜੋ ਸਹਾਇਤਾ ਲੈਣ ਵਾਲੇ ਨੂੰ ਹੀਨਤਾ ਭਾਵ ਮਹਿਸੂਸ ਨਾ ਹੋਵੇ। ਪਰਉਪਕਾਰ ਕਰਦੇ ਸਮੇਂ ਜਾਤ ਜਾਂ ਧਰਮ
ਦਾ ਭੇਦ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਦਿਖਾਵੇ ਜਾਂ ਵਡਿਆਈ ਕਰਵਾਣ ਦੇ ਉਦੇਸ਼ ਨੂੰ ਮੁੱਖ ਰਖਿਆ
ਜਾਂਦਾ ਹੈ।
ਗੁਰਬਾਣੀ ਅਨੁਸਾਰ ਪਰਉਪਕਾਰ ਕਰਨਾ ਇੱਕ ਰੱਬੀ ਗੁਣ ਹੈ। ਗੁਰੂ ਅਰਜਨ
ਦੇਵ ਜੀ ਨੇ ਰਾਗ ਦੇਵ ਗੰਧਾਰੀ ਵਿੱਚ ਲਿਖਿਆ ਹੈ:-
ਪਰਉਪਕਾਰੀ ਸਰਬ ਸਧਾਰੀ ਸਫਲ ਦਰਸਨ ਸਹਜਇਆ।। ਪੰਨਾ ੫੩੩
ਭਾਵ:- ਮੇਰੇ ਗੁਰਦੇਵ ਭਲਾ ਕਰਨ ਵਾਲੇ, ਸਭਨਾਂ ਦਾ ਆਸਰਾ ਅਤੇ ਸ਼ਾਤੀ ਦੇ
ਪੁੰਜ ਹਨ, ਜਿਨ੍ਹਾਂ ਦਾ ਦੀਦਾਰ ਹੀ ਫਲਦਾਇਕ ਹੈ।
ਗੁਰੂ ਰਾਮ ਦਾਸ ਜੀ ਨੇ ਵੀ ਫਰਮਾਇਆ ਹੈ:-
ਉਪਦੇਸੁ ਕਰੇ ਗੁਰੁ ਸਤਿਗੁਰੁ ਪੂਰਾ ਗੁਰੁ ਸਤਿਗੁਰੁ ਪਰਉਪਕਾਰੀਆ ਜੀਉ।।
ਪੰਨਾ ੯੬
ਭਾਵ:-ਸਤਿਗੁਰੂ ਉਪਦੇਸ਼ ਕਰਦਾ ਹੈ ਤੇ ਪਰਉਪਕਾਰੀ ਹੈ।
ਪਰਉਪਕਾਰੁ ਪੁੰਨੁ ਬਹੁ ਕੀਆ ਭਉ ਦੁਤਰੁ ਤਾਰਿ ਪਰਾਢੇ।। ਪੰਨਾ
੧੭੧
ਭਾਵ:- (ਵਾਹਿਗੁਰੂ) ਨੇ ਮੇਰੇ ਨਾਲ ਘਣਾ ਭਲਾ ਤੇ ਨੇਕੀ ਕੀਤੀ ਹੈ ਅਤੇ
ਮੈਨੂੰ ਕਠਨ ਤੇ ਭਿਆਨਕ ਸਮੁੰਦਰ ਤੋਂ ਪਾਰ ਉਤਾਰਾ ਦਿੱਤਾ ਹੈ।
ਗੁਰਬਾਣੀ ਵਿੱਚ ਪਰਉਪਕਾਰਤਾ ਨੂੰ ਬਹੁਤ ਮਹੱਤਤਾ ਦਿੱਤੀ ਗਈ ਹੈ ਤੇ
ਪਰਉਪਕਾਰੀ ਮਨੁੱਖ ਦੀ ਮਹਾਨਤਾ ਕਈ ਵੇਰ ਦਰਸਾਈ ਗਈ ਹੈ। ਗੁਰੂ ਰਾਮ ਦਾਸ ਜੀ ਲਿਖਦੇ ਹਨ:-
ਓਇ ਪੁਰਖ ਪ੍ਰਾਣੀ ਧੰਨਿ ਜਨ ਹਹਿ ਉਪਦੇਸੁ ਕਰਹਿ ਪਰਉਪਕਾਰਿਆ।। ਪੰਨਾ ੩੧੧
ਭਾਵ:- ਉਹ ਫਾਨੀ ਜੀਵ ਮੁਬਾਰਕ ਹੈ, ਜੋ ਹੋਰਨਾਂ ਦੇ ਭਲੇ ਲਈ ਸਿੱਖ-ਮਤ
ਦਿੰਦਾ ਹੈ।
ਹਰਿ ਜਨ ਊਤਮ ਊਤਮ ਬਾਣੀ ਮੁਖਿ ਬੋਲਹਿ ਪਰਉਪਕਾਰੇ।। ਪੰਨਾ ੪੯੩
ਭਾਵ:- ਪਰਮਾਤਮਾ ਦੇ ਸੰਤ ਜਨ ਉੱਚੇ ਜੀਵਨ ਵਾਲੇ ਹੁੰਦੇ ਹਨ; ਉਹਨਾਂ ਦੇ ਬਚਨ
ਸ੍ਰੇਸ਼ਟ ਹੁੰਦੇ ਹਨ, ਇਹ ਸ੍ਰੇਸਟ ਬਚਨ ਉਹ ਲੋਕਾਂ ਦੀ ਭਲਾਈ ਵਾਸਤੇ ਬੋਲਦੇ ਹਨ।
ਸੰਤਨ ਸੰਤ ਸਾਧ ਮਿਲਿ ਰਹੀਐ ਗੁਣ ਬੋਲਹਿ ਪਰਉਪਕਾਰੇ।। ਪੰਨਾ ੯੮੩
ਭਾਵ:- ਸੰਤ ਜਨਾਂ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ। ਸੰਤ ਜਨ ਦੂਜਿਆਂ ਦੀ
ਭਲਾਈ ਵਾਲੇ ਭਲੇ ਬਚਨ ਹੀ ਬੋਲਦੇ ਹਨ।
ਗੁਰੂ ਅਰਜਨ ਦੇਵ ਜੀ ਤਾਂ ਪਰਉਪਕਾਰੀ ਜੀਵ ਨੂੰ ਆਮ ਮਨੁੱਖਾਂ ਨਾਲੋਂ ਬਹੁਤ
ਉੱਚਾ ਸਮਝਦੇ ਹਨ ਤੇ ਲਿਖਦੇ ਹਨ:-
ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ।।
ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ।। ਪੰਨਾ੭੪੯
ਭਾਵ:- ਪਰਉਪਕਾਰੀ ਮਨੁੱਖ ਜੰਮਣ ਮਰਨ ਦੋਨਾਂ ਤੋਂ ਉਚੇਰੇ ਹਨ, ਉਹ ਤਾਂ
ਹੋਰਨਾਂ ਦਾ ਭਲਾ ਕਰਨ ਲਈ ਹੀ ਜਨਮ ਲੈਂਦੇ ਹਨ।
ਉਹ ਰੂਹਾਨੀ ਜੀਵਨ ਦੀ ਦਾਤ ਦਿੰਦੇ ਹਨ, ਬੰਦਿਆਂ ਨੂੰ ਰੱਬੀ ਸ਼ਰਧਾ- ਪ੍ਰੇਮ
ਨਾਲ ਜੋੜਦੇ ਹਨ ਅਤੇ ਵਾਹਿਗੁਰੂ ਨਾਲ ਮਿਲਾਂਦੇ ਹਨ।
ਮਿਥਿਆ ਤਨ ਨਹੀ ਪਰਉਪਕਾਰਾ।। ਪੰਨਾ ੨੬੯
ਭਾਵ:- ਝੂਠਾ ਹੈ ਅੁਹ ਸਰੀਰ ਜੋ ਹੋਰਨਾਂ ਦਾ ਭਲਾ ਨਹੀਂ ਕਰਦਾ।
ਗੁਰਬਾਣੀ ਅਨੁਸਾਰ ਇਹ ਜ਼ਰੂਰੀ ਹੈ ਕਿ ਪਰਉਪਕਾਰੀ ਜੀਵ ਨਿਰਵੈਰ ਹੋਵੇ ਤੇ ਕੋਈ
ਲਾਲਚ ਜਾਂ ਈਰਖਾ ਦਾ ਭਾਵ ਉਸ ਦੇ ਮਨ ਵਿੱਚ ਨਾ ਹੋਵੇ। ਲੋੜਵੰਦ ਦੇ ਔਗੁਣਾਂ ਵੱਲ ਵੀ ਧਿਆਨ ਨਾ
ਦੇਵੇ, ਸਗੋਂ ਉਸ ਦੇ ਔਗੁਣਾਂ ਨੂੰ ਦੂਰ ਕਰਨ ਦਾ ਉਪਰਾਲਾ ਖੁਸ਼ੀ ਖੁਸ਼ੀ ਕਰੇ। ਇਸ ਸੰਬੰਧੀ ਹੁਰੂ ਅਰਜਨ
ਦੇਵ ਜੀ ਫਰਮਾਉਂਦੇ ਹਨ:-
ਸਾਜਨੁ ਬੰਧੁ ਸੁਮਿਤ੍ਰੁ ਸੋ ਹਰਿ ਨਾਮੁ ਹਿਰਦੈ ਦੇਇ।।
ਅਉਗਣ ਸਭਿ ਮਿਟਾਇ ਕੈ ਪਰਉਪਕਾਰੁ ਕਰੇਇ।। ਪੰਨਾ ੨੧੮
ਭਾਵ:-ਉਹ ਹੀ ਮੇਰਾ ਸਜਣ, ਸਾਕ-ਸੇਨ ਅਤੇ ਚੰਗਾ ਦੋਸਤ ਹੈ ਜਿਹੜਾ ਮੇਰੇ ਅੰਦਰ
ਰੱਬ ਦੇ ਨਾਮ ਨੂੰ ਅਸਥਾਪਨ ਕਰੇ। ਉਹ ਮੇਰੇ ਸਾਰੇ ਵਿਕਾਰਾਂ ਨੂੰ ਧੋ ਸੁਟਦਾ ਹੈ ਅਤੇ ਨਿਸ਼ਕਾਮ ਹੋਕੇ
ਮੇਰਾ ਭਲਾ ਕਰਦਾ ਹੈ।
ਬ੍ਰਹਮ ਗਿਆਨੀ ਪਰਉਪਕਾਰ ਉਮਾਹਾ।। ਪਨਾ ੨੭੩
ਭਾਵ:- ਸੁਆਮੀ ਨੂੰ ਅਨਭਵ ਕਰਨ ਵਾਲੇ ਨੂੰ ਹੋਰਨਾਂ ਦਾ ਭਲਾ ਕਰਨ ਵਿੱਚ ਖੁਸ਼ੀ
ਹੁੰਦੀ ਹੈ।
ਪਰਉਪਕਾਰੁ ਨਿਤ ਚਿਤਵਤੇ ਨਾਹੀ ਕਛੁ ਪੋਚ।। ਪੰਨਾ ੮੧੫
ਭਾਵ:- ਨੇਕ ਪੁਰਸ਼ ਹਮੇਸ਼ਾ ਹੋਰਨਾਂ ਦਾ ਭਲਾ ਕਰਨਾ ਸੋਚਦੇ ਹਨ। ਕੋਈ
ਪਾਪ-ਵਿਕਾਰ ਉਹਨਾਂ ਉਤੇ ਆਪਣਾ ਅਸਰ ਨਹੀਂ ਪਾ ਸਕਦਾ। ਬਿਨਾਂ ਬਦਲੇ ਦੀ ਆਸ ਦੇ ਪਰਉਪਕਾਰ ਕਰਣ ਲਗਿਆਂ
ਸਾਨੂੰ ਲੋੜਵੰਦ ਦੇ ਧਰਮ ਜਾਂ ਦੇਸ਼ ਦਾ ਵਿਚਾਰ ਨਹੀਂ ਕਰਨਾ ਚਾਹੀਦਾ। ਸਜਣ ਅਤੇ ਦੁਸ਼ਮਣ ਦਾ ਖਿਆਲ
ਕੀਤੇ ਬਿਨਾਂ ਜਿਥੋਂ ਤਕ ਹੋ ਸਕੇ ਹਰ ਲੋੜਵੰਦ ਦੀ ਸਹਾਇਤਾ ਕਰਨੀ ਚਾਹੀਦੀ ਹੈ। ਇਸ ਸੰਬੰਧੀ ਗੁਰੂ
ਅਰਜਨ ਦੇਵ ਜੀ ਇੱਕ ਰੁੱਖ ਦੀ ਉਦਾਹਰਣ ਦੇ ਕੇ ਫਰਮਾਂਉਦੇ ਹਨ:-
ਸਸਤ੍ਰਿ ਤੀਖਣਿ ਕਾਟਿ ਡਾਰਿੳ ਮਨਿ ਨ ਕੀਨੋ ਰੋਸੁ।।
ਕਾਜੁ ਉਆ ਕੋ ਲੇ ਸਵਾਰਿਓ ਤਿਲੁ ਨ ਦੀਨੋ ਦੋਸੁ।। ਪੰਨਾ ੧੦੧੮
ਭਾਵ:- ਇੱਕ ਮਨੁੱਖ ਨੇ ਇੱਕ ਰੁੱਖ ਨੂੰ ਤੇਜ਼ ਹਥਿਆਰ ਨਾਲ ਕੱਟ ਸੁੱਟਿਆ ਪਰ
ਰੁੱਖ ਨੇ ਆਪਣੇ ਮਨ ਵਿੱਚ ਉਸ ਬੰਦੇ ਤੇ ਗੁੱਸਾ ਨਹੀਂ ਕੀਤਾ, ਸਗੋਂ ਉਸ ਮਨੁੱਖ ਦਾ ਕੰਮ ਸਵਾਰ ਦਿੱਤਾ
ਅਤੇ ਉਸ ਨੂੰ ਰਤਾ ਭਰ ਵੀ ਕੋਈ ਦੋਸ਼ ਨਹੀਂ ਦਿੱਤਾ। ਪ੍ਰਭੂ ਦਾ ਪਵਿੱਤਰ ਨਾਮ ਜਪਣਾ ਵੀ
ਪਰਉਪਕਾਰਤਾ ਵਾਲਾ ਕੰਮ ਹੈ ਕਿਉਂਕਿ ਨਾਮ ਜਪਣ ਨਾਲ ਵੀ ਮੱਨੁਖ ਵਿੱਚ ਰੱਬੀ ਗੁਣ ਪੈਦਾ ਹੋ
ਜਾਂਦੇ ਹਨ ਤੇ ਪਰਉਪਕਾਰ ਕਰਨਾ ਉਸ ਦਾ ਸੁਭਾਅ ਬਣ ਜਾਂਦਾ ਹ ਗੁਰੂ ਰਾਮ ਦਾਸ ਜੀ ਨੇ ਲਿਖਿਆ ਹੈ।
ਪਰਉਪਕਾਰ ਬੋਲਹਿ ਬਹੁ ਗੁਣੀਆ ਮੁਖਿ ਸੰਤ ਭਗਤ ਹਰਿ ਦੀਜੈ।। ਪੰਨਾ੧੩੨੬
ਭਾਵ:- ਮੇਰੇ ਸੁਆਮੀ! ਮੈਨੂੰ ਸਾਧੂਆਂ ਤੇ ਭਗਤਾਂ ਦੀ ਸੰਗਤ ਬਖਸ਼ ਜੋ ਤੇਰੀਆਂ
ਨੇਕੀਆਂ ਨੂੰ ਉਚਾਰਦੇ ਅਤੇ ਹੋਰਨਾਂ ਦਾ ਭਲਾ ਕਰਦੇ ਹਨ।
ਗੁਰੂ ਅਰਜਨ ਦੇਵ ਜੀ ਨੇ ਵੀ ਫਰਮਾਇਆ ਹੈ:-
ਪ੍ਰਭ
ਕਉ ਸਿਮਰਹਿ ਸੇ ਪਰਉਪਕਾਰੀ।। ਪੰਨਾ੨੬੩
ਭਾਵ:- ਜੋ ਵਾਹਿਗੁਰੂ ਦਾ ਨਾਮ ਜਪਦੇ ਹਨ ਉਹ ਲੋਕਾਂ ਦਾ ਭਲਾ ਕਰਦੇ ਹਨ।
ਹਰਿ ਗੁਨ ਗਾਵਤ ਪਰਉਪਕਾਰ ਨਿਤ ਤਿਸੁ ਰਸਨਾ ਕਾ ਮੋਲੁ ਕਿਛੁ ਨਾਹੀ।। ਪੰਨਾ
੮੨੪
ਭਾਵ:- ਜੋ ਸੁਆਮੀ ਦਾ ਜੱਸ ਗਾਇਨ ਕਰਦਾ ਹੈ ਉਹ ਹਮੇਸ਼ਾ ਹੋਰਨਾਂ ਦਾ ਭਲਾ
ਕਰਦਾ ਹੈ। ਉਸ ਦੀ ਜੀਭ ਅਮੋਲਕ ਹੈ।
ਗੁਰੂ ਜੀ ਟੋਡੀ ਰਾਗ ਵਿੱਚ ਲਿਖਦੇ ਹਨ ਕਿ ਜੋ ਪਰਉਪਕਾਰ ਨਹੀਂ ਕਰਦੇ ਉਹ
ਪ੍ਰਭੂ ਨੂੰ ਵੀ ਨਹੀਂ ਸਿਮਰਦੇ:-
ਪਰਉਪਕਾਰ ਨ ਕਬਹੂ ਕੀਏ ਨਹੀ ਸਤਿਗੁਰੁ ਸੇਵਿ ਧਿਆਇਓ।। ਪਨਾ ੭੧੨
ਭਾਵ:- ਉਹ ਕਦੇ ਭੀ ਹੋਰਨਾਂ ਦਾ ਭਲਾ ਨਹੀਂ ਕਰਦਾ, ਨਾ ਹੀ ਵਾਹਿਗੁਰੂ ਨੂੰ
ਸਿਮਰਦਾ ਹੈ।
ਗੁਰਬਾਣੀ ਅਨੁਸਾਰ ਤਾਂ ਵਿਦਿਆ ਦਾ ਮੰਤਵ ਹੀ ਪਰਉਪਕਾਰ ਕਰਨਾ ਹੈ। ਗੁਰੂ
ਨਾਨਕ ਦੇਵ ਜੀ ਲਿਖਦੇ ਹਨ:-
ਵਿਦਿਆ ਵੀਚਾਰੀ ਤਾਂ ਪਰਉਪਕਾਰੀ।। ਪੰਨਾ ੩੫੬
ਭਾਵ:- (ਵਿੱਦਿਆ ਪ੍ਰਾਪਤ ਕਰ ਕੇ) ਜੇ ਮਨੱਖ ਦੂਜਿਆਂ ਨਾਲ ਭਲਾਈ ਕਰਨ ਵਾਲਾ
ਹੋ ਗਿਆ ਹੈ ਤਾਂ ਹੀ ਸਮਝੋ ਕਿ ਉਹ ਵਿੱਦਿਆ ਪਾ ਕੇ ਵਿਚਾਰਵਾਨ ਬਣਿਆ ਹੈ।
ਗੁਰਬਾਣੀ ਪਰਉਪਕਾਰਤ ਸਬੰਧੀ ਪਾਏ ਪੂਰਨਿਆਂ ਤੇ ਚਲਣ ਦਾ ਸਬਕ ਦੇਂਦੀ ਹੈ।
ਗੁਰਬਾਣੀ ਅਨੁਸਾਰ ਗੁਰਮੁਖ ਜਾਂ ਗੁਰਸਿੱਖ ਲਈ ਪਰਉਪਕਾਰੀ ਹੋਣਾ ਜ਼ਰੂਰੀ ਹੈ। ਜਿਥੋਂ ਤਕ ਹੋ ਸਕੇ ੳੇਸ
ਨੂੰ ਹੋਰਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਅਤੇ ਇਸ ਨੂੰ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦਾ ਇੱਕ
ਅਵਸਰ ਸਮਝਣਾ ਚਾਹੀਦਾ ਹੈ ਕਿ ਉਸ ਨੇ ਅਸਾਨੂੰ ਪਰਉਪਕਾਰ ਕਰਣ ਦੇ ਯੋਗ ਬਣਾਇਆ ਹੈ। ਪਰਉਪਕਾਰ ਕਰਣ ਦੇ
ਯੋਗ ਹੋਣਾ ਵੀ ਇੱਕ ਰੱਬੀ ਦਾਤ ਹੈ। ਪਰਉਪਕਾਰ ਕਰਣ ਨਾਲ ਜੀਵਨ ਪਾਕ ਤੇ ਗੁਣੀ ਹੋ ਜਾਂਦਾ ਹੈ।
ਮਨੁਖੱਤਾ ਦੇ ਭਲੇ ਲਈ ਕੰਮ ਕਰਨਾ ਹੀ ਰੱਬ ਦੀ ਸੇਵਾ ਹੈ।
ਪਰਉਪਕਾਰ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ, ਜਿਵੇਂ ਕਿ ਜਿਥੇ ਲੋੜ
ਹੋਵੇ ਉਥੇ ਲੋੜੀਂਦੀ ਸਮਗਰੀ ਪਹੁੰਚਾਉਣਾ, ਲੋੜਵੰਦਾਂ, ਨਿਘਰਿਆਂ ਤੇ ਅੰਗਹੀਣਾਂ ਦੀ ਸਹਾਇਤਾ ਤੇ
ਗ਼ਰੀਬ ਵਿਦਆਰਥੀਆਂ ਨੂੰ ਪੜ੍ਹਾਉਣਾ ਆਦਿ। ਇਸ ਗਲ ਦਾ ਵਿਸ਼ੇਸ਼ ਧਿਆਨ ਰਖਿਆ ਜਾਵੇ ਕਿ ਕੇਵਲ ੳੇਨ੍ਹਾਂ
ਤੇ ਪਰਉਪਕਾਰ ਕੀਤਾ ਜਾਵੇ ਜਿਹੜੇ ਕੰਮ ਕਰਣ ਤੋਂ ਅਸਮਰਥ ਹਨ ਜਾਂ ਲਾਚਾਰ ਤੇ ਮੁਸੀਬਤ ਵਿੱਚ ਹਨ।
ਪੇਸ਼ਾਵਰ ਭਿਖਾਰੀਆਂ ਦੀ ਸਹਾਇਤਾ ਕਰਣ ਦੀ ਕੋਈ ਲੋੜ ਨਹੀਂ। ਉਹ ਦੂਜਿਆਂ ਦੀ ਕਮਾਈ ਤੇ ਗੁਜ਼ਾਰਾ ਕਰਦੇ
ਹਨ ਤੇ ਕਈ ਭੇਖ ਧਾਰਨ ਕਰਦੇ ਹਨ। ਇਨ੍ਹਾਂ ਬਾਰੇ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ:-
ਅਭਿਆਗਤ ਏਹਿ ਨ ਆਖੀਅਨਿ ਜਿ ਪਰ ਘਰਿ ਭੋਜਨੁ ਕਰੇਨਿ।।
ਉਦਰੈ ਕਾਰਣਿ ਆਪਣੇ ਬਹਲੇ ਭੇਖਿ ਕਰੇਨਿ।। ਪੰਨਾ ੯੪੯
ਭਾਵ:- ਉਨ੍ਹਾਂ ਮਨੁੱਖਾਂ ਨੂੰ ਸਾਧੂ ਨਹੀਂ ਕਹਿਣਾ ਚਾਹੀਦਾ ਜੋ ਲੋਕਾਂ
ਤੋਂ ਮੰਗ ਕੇ ਰੋਟੀ ਖਾਂਦੇ ਹਨ ਅਤੇ ਆਪਣੇ ਪੇਟ ਦੀ ਖਾਤਰ ਕਈ ਭੇਖ ਕਰਦੇ ਹਨ।
ਸਾਵਣ ਸਿੰਘ