. |
|
ਆਸਾ ਕੀ ਵਾਰ
(ਕਿਸ਼ਤ ਨੰ: 3)
ਪਉੜੀ ਦੂਜੀ ਅਤੇ ਸਲੋਕ
ਸਲੋਕੁ ਮਃ ੧।।
ਸਚੇ ਤੇਰੇ ਖੰਡ ਸਚੇ ਬ੍ਰਹਮੰਡ।।
ਸਚੇ ਤੇਰੇ ਲੋਅ ਸਚੇ ਆਕਾਰ।।
ਸਚੇ ਤੇਰੇ ਕਰਣੇ ਸਰਬ ਬੀਚਾਰ।।
ਸਚਾ ਤੇਰਾ ਅਮਰੁ ਸਚਾ ਦੀਬਾਣੁ।।
ਸਚਾ ਤੇਰਾ ਹੁਕਮੁ ਸਚਾ ਫੁਰਮਾਣੁ।।
ਸਚਾ ਤੇਰਾ ਕਰਮੁ ਸਚਾ ਨੀਸਾਣੁ।।
ਸਚੇ ਤੁਧੁ ਆਖਹਿ ਲਖ ਕਰੋੜਿ।।
ਸਚੈ ਸਭਿ ਤਾਣਿ ਸਚੈ ਸਭਿ ਜੋਰਿ।।
ਸਚੀ ਤੇਰੀ ਸਿਫਤਿ ਸਚੀ ਸਾਲਾਹ।।
ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ।।
ਨਾਨਕ ਸਚੁ ਧਿਆਇਨਿ ਸਚੁ।।
ਜੋ ਮਰਿ ਜੰਮੇ ਸੁ ਕਚੁ ਨਿਕਚੁ।। ੧।।
ਪਦ ਅਰਥ:- ਸਚੇ
ਤੇਰੇ ਖੰਡ – ਤੇਰੇ ਸੱਚੇ ਦੇ ਹੀ ਸਿਰਜੇ ਸਾਰੇ ਖੰਡ ਹਨ। ਸਚੇ ਬ੍ਰਹਮੰਡ – ਤੇਰੇ ਸੱਚੇ
ਦੇ ਹੀ ਸਿਰਜੇ ਸਾਰੇ ਬ੍ਰਹਿਮੰਡ ਹਨ ਭਾਵ ਤੂੰ ਹੀ ਖੰਡਾਂ/ਬ੍ਰਹਿਮੰਡਾਂ ਦਾ ਮਾਲਕ ਹੈ। ਸਚੇ ਤੇਰੇ
ਲੋਅ – ਤੇਰੇ ਸੱਚੇ ਦੇ ਹੀ ਭਵਨ ਹਨ। ਲੋਅ – ਭਵਨ (ਗੁ: ਗ੍ਰ: ਦਰਪਣ, ਜਪੁ)। ਸਚੇ
ਆਕਾਰ – ਜੋ ਵੀ ਖੰਡ ਬ੍ਰਹਿਮੰਡ ਭਵਨ ਸਭ ਨੂੰ ਆਕਾਰ/ਛੇਪ ਤੇਰੇ ਸੱਚੇ ਦੇ ਹੀ ਦਿੱਤੇ ਹਨ।
ਸਚੇ ਤੇਰੇ ਕਰਣੇ – ਤੇਰੇ ਸੱਚੇ ਦੇ ਕੀਤੇ ਨੂੰ। ਸਰਬ ਬੀਚਾਰ – ਸਮੂਹ ਜੀਵਾਂ ਨੂੰ
ਵਿਚਾਰਨ ਦੀ ਲੋੜ ਹੈ। ਸਚਾ ਤੇਰਾ – ਤੇਰਾ ਸੱਚੇ ਦਾ। ਅਮਰੁ – ਸਦੀਵੀ ਹੈ। ਸਚਾ
ਦੀਬਾਣੁ – ਸਚਾ ਦਰਬਾਰ ਹੈ, ਕਚਹਿਰੀ ਹੈ, ਭਾਵ ਤੂੰ ਹੀ ਸਦੀਵੀ ਸੱਚ ਹੈ। ਤੇਰੇ ਇਸ ਸੰਸਾਰ
ਰੂਪੀ ਦਰਬਾਰ ਵਿੱਚ ਆਪਣੇ ਆਪ ਨੂੰ ਦਰਬਾਰੀ ਅਖਵਾਉਣ ਵਾਲੇ ਆਪਣੀ ਹਉਮੈ ਵਿੱਚ ਆਪ ਹੀ ਖਤਮ ਹੋ ਜਾਂਦੇ
ਹਨ ਪਰ ਤੂੰ ਸਦੀਵੀ ਹੈ। ਸਚਾ ਤੇਰਾ ਹੁਕਮੁ – ਤੇਰਾ ਸੱਚੇ ਦਾ ਸੱਚਾ ਹੀ ਹੁਕਮ ਹੈ। ਸਚਾ
ਫੁਰਮਾਣੁ – ਸੱਚ ਲਾਗੂ ਹੋ ਰਿਹਾ ਭਾਵ ਵਰਤ ਰਿਹਾ ਹੈ (ਭਾਵ ਸ੍ਰਿਸ਼ਟੀ ਚੱਲ ਰਹੀ ਹੈ)। ਫੁਰਮਾਣੁ
– ਵਰਤਣਾ, ਵਰਤ ਰਿਹਾ ਹੈ, ਲਾਗੂ ਹੈ। ਸਚਾ ਤੇਰਾ ਕਰਮੁ – ਤੇਰਾ ਸੱਚੇ ਦਾ ਕੀਤਾ ਹੋਇਆ।
ਸਚਾ ਨੀਸਾਣੁ – ਸੱਚ ਜਾਣਿਆ। ਸਚੇ ਤੁਧੁ ਆਖਹਿ – ਉਹ ਤੈਨੂੰ ਸੱਚੇ ਨੂੰ ਹੀ ਸੱਚਾ
ਆਖਦੇ ਹਨ। ਲਖ ਕਰੋੜਿ – ਲੱਖਾਂ ਕਰੋੜਾਂ ਭਾਵ ਅਣਗਿਣਤ ਵਾਰ। ਸਚੈ ਸਭਿ ਤਾਣਿ – ਸਭ
ਤੇਰੀ ਸੱਚੇ ਦੀ ਹੀ ਸਮਰੱਥਾ ਹੈ। ਤਾਣਿ – ਸਮਰੱਥਾ ਹੈ। ਸਚੈ ਸਭਿ ਜੋਰਿ – ਤੇਰੀ
ਸੱਚੇ ਦੀ ਸਭ ਰਹਿਮਤ ਹੈ। ਸਿਫ਼ਤ –
(glorification) ਸ਼ੋਭਾ, ਪ੍ਰਸੰਸ਼ਾ, ਉਸਤਤੀ,
ਗੁਣਗਾਣ, ਮਹਿਮਾ, ਜੱਸ, ਵਡਿਆਈ। ਸਚੀ ਤੇਰੀ ਸਿਫਤ – ਤੇਰੀ ਵਡਿਆਈ ਹੀ ਸੱਚੀ ਹੈ। ਸਚੀ
ਸਾਲਾਹ – ਸੱਚੇ ਦੀ ਪ੍ਰਸ਼ੰਸਾ ਕਰਨ ਵਿੱਚ ਹੀ ਬਿਹਤਰੀ ਹੈ। ਸਾਲਾਹ – ਬਿਹਤਰੀ। ਸਚੀ
ਤੇਰੀ ਕੁਦਰਤਿ – ਇਹ ਗੱਲ ਸੱਚੀ ਹੈ ਕੁਦਰਤਿ/ਕਾਇਨਾਤ ਤੇਰੀ ਆਪਣੀ ਰਚਨਾ ਹੈ। (ਭਾਵ ਕਿਸੇ
ਅਵਤਾਵਾਦੀ ਦੀ ਨਹੀਂ) ਸਚੇ ਪਾਤਿਸਾਹ – ਹੇ ਸੱਚੇ ਪਾਤਸ਼ਾਹ। ਧਿਆਇਨਿ – ਯਕੀਨ
ਰੱਖਣਾ। ਨਾਨਕ ਸਚੁ ਧਿਆਇਨਿ ਸਚੁ – ਨਾਨਕ ਆਖਦਾ ਹੈ ਜੋ ਤੇਰੇ ਸੱਚੇ ਦੇ ਕੀਤੇ ਸੱਚ ਵਿੱਚ
ਯਕੀਨ ਰੱਖਦੇ ਹਨ। ਜੋ ਮਰਿ ਜੰਮੇ ਸੁ ਕਚੁ ਨਿਕਚੁ – ਜੋ ਜੰਮ ਕੇ ਮਰ ਜਾਣ ਵਾਲੇ
(ਅਵਤਾਰਵਾਦੀ) ਹਨ, ਉਨ੍ਹਾਂ ਦੇ (ਕਰਤੇ) ਹੋਣ ਦੇ ਝੂਠ ਦਾ ਭਾਂਡਾ, ਕੱਚ ਦੇ ਭਾਂਡੇ ਵਾਂਗ ਨਾ ਰਹਿਣ
ਵਾਲਾ ਭਾਵ ਇੱਕ ਦਿਨ ਚੂਰ ਹੋ ਜਾਣ ਵਾਲਾ ਹੈ।
ਅਰਥ:- ਹੇ ਭਾਈ! ਨਾਨਕ ਤਾਂ ਇਹ ਆਖਦਾ ਹੈ ਕਿ ਹੇ ਹਰੀ! ਸਾਰੇ ਖੰਡ,
ਬ੍ਰਹਿਮੰਡ ਤੇਰੇ ਸੱਚੇ ਦੇ ਹੀ ਸਿਰਜੇ ਹੋਏ ਹਨ ਅਤੇ ਤੂੰ ਹੀ ਇਨ੍ਹਾਂ ਦਾ ਮਾਲਕ ਹੈ ਅਤੇ ਸਮੁੱਚੇ
ਭਵਨ/ਬ੍ਰਹਿਮੰਡ ਨੂੰ ਆਕਾਰ/ਛੇਪ ਦੇਣਾ ਵਾਲਾ ਤੂੰ ਆਪ ਹੀ ਹੈ (ਕੋਈ ਅਵਤਾਰਵਾਦੀ ਨਹੀਂ) ਅਤੇ ਤੇਰੇ
ਸੱਚੇ ਦੇ ਕੀਤੇ ਹੋਏ ਸੱਚ ਨੂੰ ਸਮੂਹ ਜੀਵਾਂ ਨੂੰ ਵਿਚਾਰ ਕੇ ਦੇਖਣ ਦੀ ਲੋੜ ਹੈ। ਤੇਰਾ ਸੱਚੇ ਦਾ
ਸੱਚ ਰੂਪ ਦਰਬਾਰ ਹੀ ਸਦੀਵੀ ਹੈ। (ਸੰਸਾਰੀ ਅਵਤਾਰਵਾਦੀ ਦਰਬਾਰੀਆਂ ਦੇ ਦਰਬਾਰ ਖਤਮ ਹੋ ਜਾਣ ਵਾਲੇ
ਹਨ)। ਤੇਰਾ ਸੱਚੇ ਦਾ ਸੱਚਾ ਹੁਕਮ ਹੀ ਸਾਰੇ (ਬ੍ਰਹਿਮੰਡ) ਵਿੱਚ (ਇਕਤਾਰ) ਵਰਤ ਰਿਹਾ ਹੈ, ਭਾਵ
ਕਿਸੇ ਅਵਤਾਰਵਾਦੀ ਦਾ ਨਹੀਂ। ਜਿਨ੍ਹਾਂ ਨੇ ਤੇਰੇ ਸੱਚੇ ਦੇ ਕੀਤੇ ਹੋਏ ਸੱਚ ਨੂੰ ਜਾਣਿਆ, ਉਨ੍ਹਾਂ
ਤੈਨੂੰ ਸੱਚੇ ਨੂੰ ਲੱਖਾਂ, ਕਰੋੜਾਂ ਭਾਵ ਅਣਗਿਣਤ ਵਾਰ ਸੱਚਾ ਹੀ ਆਖਿਆ ਅਤੇ ਆਖਦੇ ਹਨ। ਤੇਰੀ ਸੱਚੇ
ਦੀ ਹੀ ਸਭ ਉੱਪਰ ਰਹਿਮਤ ਹੈ ਅਤੇ ਸਭ ਨੂੰ ਆਸਰਾ ਦੇਣ ਦੀ ਸਮਰੱਥਾ ਹੈ। ਇਸ ਲਈ ਤੇਰੀ ਵਡਿਆਈ ਹੀ
ਸੱਚੀ ਹੈ। ਹੇ ਸੱਚੇ ਪਾਤਸ਼ਾਹ! ਇਹ ਗੱਲ ਸੱਚੀ ਹੈ ਕਿ ਸਮੁੱਚੀ ਕਾਇਨਾਤ ਤੇਰੀ ਆਪਣੀ ਹੀ ਰਚਨਾ ਹੈ,
ਭਾਵ ਕਿਸੇ ਅਵਤਾਰਵਾਦੀ ਦੀ ਨਹੀਂ। ਇਸ ਕਰਕੇ ਹੇ ਭਾਈ! ਨਾਨਕ ਆਖਦਾ ਹੈ ਜੋ ਉਸ ਸੱਚੇ ਦੇ ਸੱਚ ਵਿੱਚ
ਯਕੀਨ ਰੱਖਦੇ ਹਨ ਉਨ੍ਹਾਂ ਨੇ ਹੀ ਇਹ ਆਖਿਆ ਕਿ ਜੋ ਜੰਮ ਕੇ ਮਰ ਜਾਣ ਵਾਲੇ (ਆਪਣੇ ਕਰਤੇ ਹੋਣ ਦਾ
ਭਰਮ ਪਾਲਣ ਵਾਲੇ) ਹਨ; ਉਨ੍ਹਾਂ ਦੇ ਕਰਤੇ ਹੋਣ ਦੇ ਝੂਠ ਦੇ ਭਰਮ ਦਾ ਭਾਂਡਾ, ਕੱਚ ਦੇ ਭਾਂਡੇ ਵਾਂਗ
ਭਾਵ ਨਾ ਰਹਿਣ ਵਾਲੇ (ਝੂਠ) ਦਾ ਭਾਂਡਾ ਇੱਕ ਦਿਨ ਚੂਰ ਹੋ ਜਾਣ ਟੁੱਟ/ਭੱਜ ਜਾਣ ਵਾਲਾ ਹੈ ਅਤੇ ਜਾਣਾ
ਹੈ।
ਨੋਟ:- ਇਸ ਤੋਂ ਅੱਗੇ ਵਾਲਾ ਸ਼ਬਦ ਸਮਝਣ ਵੇਲੇ ਪਿਛਲੇ ਚੱਲ ਰਹੇ ਪ੍ਰਕਰਣ
ਨਾਲ ਲੜੀ ਜੋੜਨ ਨਾਲ ਹੀ ਸਮਝ ਪੈ ਸਕਦੀ ਹੈ।
ਮਃ ੧।।
ਵਡੀ ਵਡਿਆਈ ਜਾ ਵਡਾ ਨਾਉ।।
ਵਡੀ ਵਡਿਆਈ ਜਾ ਸਚੁ ਨਿਆਉ।।
ਵਡੀ ਵਡਿਆਈ ਜਾ ਨਿਹਚਲ ਥਾਉ।।
ਵਡੀ ਵਡਿਆਈ ਜਾਣੈ ਆਲਾਉ।।
ਵਡੀ ਵਡਿਆਈ ਬੁਝੈ ਸਭਿ ਭਾਉ।।
ਵਡੀ ਵਡਿਆਈ ਜਾ ਪੁਛਿ ਨ ਦਾਤਿ।।
ਵਡੀ ਵਡਿਆਈ ਜਾ ਆਪੇ ਆਪਿ।।
ਨਾਨਕ ਕਾਰ ਨ ਕਥਨੀ ਜਾਇ।।
ਕੀਤਾ ਕਰਣਾ ਸਰਬ ਰਜਾਇ।। ੨।।
ਪਦ ਅਰਥ:- ਵਡੀ ਵਡਿਆਈ - ਜਿਸ ਦੀ ਵਡਿਆਈ ਵੱਡੀ ਹੈ। ਜਾ –
ਜਿਸ ਦੀ, ਜਿਸ ਦਾ, ਉਸ ਦਾ, ਜਿਸ ਵਾਸਤੇ, ਇਸ ਵਾਸਤੇ। ਵਡਾ ਨਾਉ - ਵੱਡਾ ਹੀ ਉਸ ਦਾ ਰੁਤਬਾ
ਹੈ। ਵਡੀ ਵਡਿਆਈ – ਜਿਸ ਦੀ ਵਡਿਆਈ ਵੱਡੀ ਹੈ। ਜਾ ਸਚੁ ਨਿਆਉ – ਸੱਚਾ ਹੀ ਉਸ ਦਾ
ਨਿਆਉ ਹੈ। ਵਡੀ ਵਡਿਆਈ – ਵੱਡੀ ਹੀ ਉਸ ਦੀ ਵਡਿਆਈ ਹੈ। ਜਾ ਨਿਹਚਲ ਥਾਉ – ਉਸ ਦਾ
ਆਸਣ ਸਦੀਵੀ ਸਥਿਰ। ਜਾਣੈ ਅਲਾਉ – ਜਾਣ ਕੇ ਆਖਣਾ। ਭਾਉ – ਅਕੀਦਾ। ਪੁਛਿ ਨ
ਦਾਤਿ – ਉਹ ਆਪਣੀ ਬਖਸ਼ਿਸ਼ ਕਿਸੇ ਨੂੰ ਪੁੱਛ ਕੇ ਨਹੀਂ ਕਰਦਾ। ਆਪੇ ਆਪਿ – ਆਪਣੇ ਆਪ
ਕਰਦਾ ਹੈ। ਕਾਰ – ਰਚਿਆ ਹੋਇਆ ਖੇਲ, ਉਸ ਦੀ ਰਚਨਾ। ਨ ਕਥਨੀ ਜਾਇ – ਲਫਜ਼ਾਂ ਰਾਹੀਂ
ਬਿਆਨ ਕਰਨ ਤੋਂ ਬਾਹਰ ਹੈ। ਕੀਤਾ ਕਰਣਾ – ਜੋ ਕੁੱਝ ਕੀਤਾ ਹੋਇਆ ਹੈ। ਸਰਬ ਰਜਾਇ –
ਸਭ ਕੁੱਝ ਉਸ ਦੀ ਰਜ਼ਾ ਹੈ।
ਅਰਥ:- ਹੇ ਭਾਈ! ਇਸ ਵਾਸਤੇ ਉਸ ਕਰਤੇ ਦੀ ਵਡਿਆਈ ਹੀ ਵੱਡੀ ਹੈ, ਉਸ ਦਾ
ਨਾਉ/ਮੁਰਾਤਬਾ/ਰੁਤਬਾ ਹੀ ਵੱਡਾ ਹੈ, ਉਸ ਦਾ ਨਿਆਉ ਸੱਚਾ ਹੈ, ਭਾਵ ਉਸ ਦਾ ਕਿਸੇ ਨਾਲ ਰੰਗ, ਨਸਲ,
ਜਾਤ, ਪਾਤ, ਲਿੰਗ, ਭੇਦ ਦੇ ਕੋਈ ਵਿਤਕਰਾ ਨਹੀਂ, ਉਹ ਸਦੀਵੀ ਸਥਿਰ ਹੈ। ਇਸ ਵਾਸਤੇ ਉਸ ਵੱਡੇ ਦੀ
ਵਡਿਆਈ ਹੀ ਵੱਡੀ ਆਖਣੀ ਚਾਹੀਦੀ ਹੈ ਤਾਂ ਜੋ ਕੇ ਸਭਿ/ਤਮਾਮ/ਸਮੁੱਚੀ ਮਾਨਵਤਾ ਆਪਣਾ ਅਕੀਦਾ (ਅਖੌਤੀ
ਰੱਬਾਂ ਨੂੰ ਛੱਡ ਕੇ) ਉਸ ਵੱਡੇ ਦੀ ਵਡਿਆਈ ਉੱਪਰ ਲਿਆ ਸਕੇ। ਉਹ ਵੱਡੀ ਵਡਿਆਈ ਦਾ ਮਾਲਕ ਕਿਸੇ ਨੂੰ
ਪੁੱਛ ਕੇ ਦਾਤ ਨਹੀਂ ਦਿੰਦਾ (ਭਾਵ ਜਿਹੜੇ ਅਖੌਤੀ ਅਵਤਾਰਵਾਦੀ, ਅਖੌਤੀ ਸੰਤ ਜੋ ਆਪਣੇ ਆਪ ਨੂੰ ਰੱਬ
ਦੇ ਦੂਤ ਬਣਾ ਕੇ ਪੇਸ਼ ਕਰ ਕੇ ਲੋਕਾਂ ਨੂੰ ਠੱਗਦੇ ਹਨ ਉਨ੍ਹਾਂ ਦੀ ਕੋਈ ਪੁੱਛ ਨਹੀਂ ਹੈ) ਕਿਉਂਕਿ ਉਹ
(ਕਰਤਾ) ਆਪ ਹੀ ਦਾਤ ਭਾਵ ਬਖਸ਼ਿਸ਼ ਕਰਨ ਵਾਲਾ ਹੈ। ਹੇ ਭਾਈ! ਨਾਨਕ ਤਾਂ ਇਹ ਆਖਦਾ ਹੈ ਉਸ ਦੀ ਰਚਨਾ
ਇਤਨੀ ਵੱਡੀ ਹੈ ਕਿ ਜੋ ਲਫਜ਼ਾਂ ਰਾਹੀਂ ਬਿਆਨ ਕਰਨ ਤੋਂ ਬਾਹਰ ਹੈ। ਇਸ ਵਾਸਤੇ ਜੋ ਕੁੱਝ ਸਾਹਮਣੇ ਹੈ,
ਸਭ ਕੁੱਝ ਉਸ ਨੇ ਹੀ ਕੀਤਾ ਹੋਇਆ ਹੈ ਸਭ ਉਸ ਦੀ ਹੀ ਰਜ਼ਾ ਹੈ। (ਕਿਸੇ ਅਖੌਤੀ ਅਵਤਾਰਵਾਦੀ ਆਪਣੇ ਆਪ
ਨੂੰ ਰੱਬ ਅਖਵਾਉਣ ਵਾਲੇ ਦੇ ਜਾਂ ਆਪਣੇ ਆਪ ਨੂੰ ਰੱਬ ਜਾਂ ਰੱਬ ਦੇ ਦੂਤ ਬਣਾ ਕੇ ਪੇਸ਼ ਕਰਨ ਵਾਲੇ ਦੇ
ਹੱਥ ਵੱਸ ਕੁੱਝ ਵੀ ਨਹੀਂ)।
ਮਹਲਾ ੨।।
ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ।।
ਇਕਨਾੑ ਹੁਕਮਿ ਸਮਾਇ ਲਏ ਇਕਨਾੑ ਹੁਕਮੇ ਕਰੇ ਵਿਣਾਸੁ।।
ਇਕਨਾੑ ਭਾਣੈ ਕਢਿ ਲਏ ਇਕਨਾੑ ਮਾਇਆ ਵਿਚਿ ਨਿਵਾਸੁ।।
ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ।।
ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ।। ੩।।
ਪਦ ਅਰਥ:- ਇਹੁ ਜਗੁ – ਇਹ ਸੰਸਾਰ। ਸਚੈ ਕੀ ਹੈ ਕੋਠੜੀ –
ਸੱਚੇ ਦੇ ਰਹਿਣ ਦੀ ਥਾਂ ਹੈ ਭਾਵ ਉਹ ਕਿਤੇ ਸਤਵੇਂ ਅਸਮਾਨ `ਤੇ ਨਹੀਂ ਬੈਠਾ। (ਉਸ ਨੂੰ ਉਸ ਦੀ ਰਚਨਾ
ਵਿੱਚੋਂ ਬਗੈਰ ਰੰਗ ਨਸਲ, ਜਾਤ, ਪਾਤ, ਲਿੰਗ, ਭੇਦ ਦੇ ਦੇਖਣਾ ਹੈ)। ਸਚੇ ਕਾ ਵਿਚਿ ਵਾਸ -
ਉਸ ਸੱਚੇ ਦਾ ਆਪਣੀ ਜਗਤ ਰਚਨਾ ਦੇ ਵਿੱਚ ਹੀ ਵਾਸਾ ਹੈ, ਭਾਵ ਉਹ ਆਪਣੀ ਰਚਨਾ
(creation)
ਦੇ ਵਿੱਚ ਹੀ ਸਮਾਇਆ ਹੋਇਆ ਹੈ। ਇਕਨਾੑ – ਕੁੱਝ ਪ੍ਰਾਣੀਆਂ ਨੇ। ਹੁਕਮਿ – ਰਜ਼ਾ ਵਿੱਚ।
ਸਮਾਇ ਲਏ – ਲੀਨ ਕਰ ਲਿਆ ਹੈ। ਇਕਨਾੑ ਹੁਕਮੇ ਕਰੇ ਵਿਣਾਸੁ – ਇੱਕ ਇਸ ਦੇ ਉਲਟ ਖਤਮ
ਹੋ ਜਾਣ ਵਾਲੇ (ਵਿਨਾਸ਼ਕਾਰੀ ਅਵਤਾਰਵਾਦੀ) ਆਪ ਹੁਕਮ ਕਰਨ ਲੱਗ ਪਏ ਹਨ। ਇਕਨਾੑ ਭਾਣੈ ਕਢਿ ਲਏ –
ਇਕਨਾਂ ਨੇ ਇਸ ਸੱਚ ਨੂੰ ਅਪਣਾ ਕੇ ਆਪਣੇ ਆਪ ਨੂੰ ਅਗਿਆਨਤਾ ਵਿੱਚੋਂ ਬਾਹਰ ਕੱਢ ਲਿਆ ਹੈ। ਭਾਣੈ
– ਹੁਕਮ/ਸੱਚ। ਇਕਨਾੑ ਮਾਇਆ ਵਿਚਿ ਨਿਵਾਸੁ – ਇਕਨਾਂ ਦਾ ਅਜੇ ਵੀ ਅਗਿਆਨਤਾ ਵਿੱਚ ਹੀ ਵਾਸਾ
ਹੈ। ਮਾਇਆ – ਅਗਿਆਨਤਾ। ਏਵ ਭਿ ਆਖਿ - ਜੇਕਰ ਅਜਿਹੇ ਲੋਕਾਂ ਨੂੰ ਇਹ ਗੱਲ
ਆਖੀ/ਦੱਸੀ ਵੀ ਜਾਏ। ਨ ਜਾਪਈ - ਤਾਂ ਵੀ ਉਹ ਸਮਝਦੇ ਨਹੀਂ। ਜਿ ਕਿਸੇ ਆਣੇ ਰਾਸਿ –
ਜੇਕਰ ਕਿਸੇ ਦੇ ਇਹ (ਗਿਆਨ ਦੀ) ਗੱਲ ਰਾਸ ਆ ਜਾਏ ਤਾਂ। ਨਾਨਕ – ਨਾਨਕ। ਗੁਰਮੁਖਿ –
ਕਰਤਾ। ਜਾਣੀਐ ਜਾ – ਜਾਣਿਆ ਜਾ ਸਕਦਾ ਹੈ। ਕਉ – ਨੂੰ। ਆਪਿ – ਆਪਣੇ
ਆਪ ਨੂੰ। ਕਰੇ – ਕਰ ਲਵੇ। ਪਰਗਾਸੁ – ਅਗਿਆਨਤਾ ਰੂਪੀ ਹਨੇਰੇ ਤੋਂ ਆਪਣੇ ਆਪ ਨੂੰ ਬਾਹਰ
ਪ੍ਰਕਾਸ਼ ਵਿੱਚ ਕਰ ਲੈਣਾ।
ਅਰਥ:- ਹੇ ਭਾਈ! ਇਹ ਜਗਤ ਹੀ ਸੱਚੇ ਦੇ ਰਹਿਣ ਦੀ ਥਾਂ ਹੈ ਭਾਵ ਉਹ
ਕਿਤੇ ਸੱਤਵੇਂ ਅਸਮਾਨ `ਤੇ ਨਹੀਂ ਬੈਠਾ ਹੋਇਆ, ਉਸ ਸੱਚੇ ਦਾ ਆਪਣੀ
(creation)
ਜਗਤ ਰਚਨਾ ਵਿੱਚ ਹੀ ਵਾਸਾ ਹੈ, ਭਾਵ ਉਹ ਜਗਤ ਰਚਨਾ ਵਿੱਚ ਹੀ ਸਮਾਇਆ ਹੋਇਆ ਹੈ। ਇਕਨਾਂ ਨੇ ਆਪਣੇ
ਆਪ ਨੂੰ ਉਸ ਕਰਤੇ ਦੇ ਹੁਕਮ ਭਾਵ ਉਸ ਦੀ ਰਜ਼ਾ ਸੱਚ ਵਿੱਚ ਲੀਨ ਕਰ ਲਿਆ ਹੈ ਅਤੇ ਇੱਕ ਇਸ ਦੇ ਉਲਟ
ਖਤਮ ਹੋ ਜਾਣ ਵਾਲੇ (ਵਿਨਾਸ਼ਕਾਰੀ ਅਵਤਾਰਵਾਦੀ) ਆਪ ਹੁਕਮ ਕਰਨ ਲੱਗ ਪਏ ਹਨ, ਭਾਵ ਆਪ ਕਰਤਾ ਬਣ ਬੈਠੇ
ਹਨ। ਇਕਨਾਂ ਕਰਤੇ ਦੇ ਹੁਕਮ (ਸੱਚ) ਵਿੱਚ ਲੀਨ ਹੋਣ ਵਾਲਿਆਂ ਨੇ (ਅਵਤਾਰਵਾਦ ਦੇ ਰੱਬ ਹੋਣ ਦੇ ਭਰਮ)
ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢ ਲਿਆ ਹੈ ਅਤੇ ਇਕਨਾਂ ਦਾ ਅਜੇ ਵੀ ਅਗਿਆਨਤਾ ਵਿੱਚ ਹੀ ਨਿਵਾਸ ਹੈ,
ਭਾਵ ਅਗਿਆਨਤਾ ਵਿੱਚ ਫਸੇ (ਅਵਤਾਰਵਾਦ) ਨੂੰ ਹੀ ਰੱਬ ਮੰਨੀ ਬੈਠੇ ਹਨ। ਜੇਕਰ ਅਜਿਹੇ ਲੋਕਾਂ ਨੂੰ
ਗਿਆਨ ਦੀ ਗੱਲ ਦੱਸੀ ਵੀ ਜਾਏ ਤਾਂ ਵੀ ਜਾਣਦੇ ਨਹੀਂ ਪਰ ਜੇ ਕਿਸੇ ਦੇ ਰਾਸ ਆ ਜਾਏ, ਭਾਵ ਸਮਝ ਪੈ
ਜਾਏ ਤਾਂ ਉਹ ਇਹ ਆਖਦੇ ਹਨ ਕਿ ਹੇ ਨਾਨਕ! ਕਰਤੇ ਨੂੰ ਕਰਤਾ ਤਾਂ ਹੀ ਜਾਣਿਆ ਜਾ ਸਕਦਾ ਹੈ ਜੇਕਰ ਕੋਈ
ਆਪਣੇ ਆਪ ਨੂੰ ਅਗਿਆਨਤਾ ਦੇ ਹਨੇਰੇ ਤੋਂ ਬਾਹਰ ਗਿਆਨ ਦੇ ਪ੍ਰਕਾਸ਼ ਵਿੱਚ ਕਰ ਲਵੇ।
ਨੋਟ:- ਇਸ ਤੋਂ ਅੱਗੇ ਜੇਕਰ ਆਪਾਂ ਪਉੜੀ ਨੂੰ, ਸਲੋਕ ਨੂੰ ਧਿਆਨ
ਵਿੱਚ ਰੱਖ ਕੇ ਵਿਚਾਰਾਂਗੇ ਤਾਂ ਹੀ ਅਸੀਂ ਇਸ ਭੁਲੇਖੇ ਵਿੱਚੋਂ ਨਿਕਲ ਸਕਾਂਗੇ ਕਿ ਰੱਬ ਕਿਤੇ ਸਤਵੇਂ
ਅਸਮਾਨ ਉੱਪਰ ਕਚਹਿਰੀ ਲਗਾ ਕੇ ਨਹੀਂ ਬੈਠਾ, ਬਲਕਿ ਉਹ ਆਪਣੀ ਜਗਤ ਰਚਨਾ ਵਿੱਚ ਹੀ ਰੰਮਿਆ ਹੋਇਆ ਹੈ।
ਦੂਸਰੀ ਗੱਲ ਗੁਰਮਤਿ ਸਿਧਾਂਤ ਨਰਕ/ਸਵਰਗ ਦੇ ਸਿਧਾਂਤ ਨੂੰ ਮੂਲੋਂ ਹੀ ਰੱਦ ਕਰਦਾ ਹੈ। ਗੁਰਵਾਕ ਹੈ,
"ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ।। ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ
ਪਰਸਾਦੇ।। ੫।। " ਰਾਗ ਰਾਮਕਲੀ ਪੰਨਾ ੯੬੯।।
ਸੋ ਇਸ ਕਰ ਕੇ ਪਉੜੀ ਨੂੰ ਅਰਥਾਉਣ ਵੇਲੇ ਜੇਕਰ ਸਲੋਕ ਨੂੰ ਧਿਆਨ ਗੋਚਰਾ
ਨਹੀਂ ਕਰਾਂਗੇ ਤਾਂ ਅਸੀਂ ਗਰਮਤਿ ਸਿਧਾਂਤ ਨਾਲ ਇਨਸਾਫ ਨਹੀਂ ਕਰ ਪਾਵਾਂਗੇ। ਇਸ ਕਰ ਕੇ ਪਉੜੀ ਨੂੰ
ਅਰਥਾਉਣ ਵੇਲੇ ਸਲੋਕ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ।
ਪਉੜੀ।।
ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ।।
ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ।।
ਥਾਉ ਨ ਪਾਇਨਿ ਕੂੜਿਆਰ ਮੁਹ ਕਾਲੈੑ ਦੋਜਕਿ ਚਾਲਿਆ।।
ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ।।
ਲਿਖਿ ਨਾਵੈ ਧਰਮੁ ਬਹਾਲਿਆ।। ੨।।
ਪਦ ਅਰਥ:- ਨਾਨਕ ਜੀਅ ਉਪਾਇ ਕੈ – ਹੇ ਨਾਨਕ! (ਜਿਹੜੇ ਅਖੌਤੀ
ਅਵਤਾਰਵਾਦੀ ਰੱਬ) ਇਹ ਆਖਦੇ ਹਨ ਕਿ ਅਸੀਂ ਜੀਵਾਂ ਨੂੰ ਪੈਦਾ ਕਰ ਕੇ। ਲਿਖਿ ਨਾਵੈ –
ਲੇਖਾ-ਜੋਖਾ ਕਰਨ ਲਈ, ਹਿਸਾਬ ਕਿਤਾਬ ਲਿਖਣ ਲਈ। ਧਰਮੁ ਬਹਾਲਿਆ – ਉਨ੍ਹਾਂ ਦੇ ਸਿਰ ਧਰਮ
ਰਾਜ ਮੁਕੱਰਰ ਕੀਤਾ ਹੋਇਆ ਹੈ। ਓਥੈ – ਉਥੇ। ਸਚੇ – ਅਖੌਤੀ ਸ਼ੁੱਧ। ਹੀ ਸਚਿ ਨਿਬੜੈ –
ਉਥੇ ਕੇਵਲ (ਅਖੌਤੀ ਸ਼ੁੱਧ) ਸੱਚਿਆ ਦਾ ਹੀ ਸੱਚ ਦੇ ਆਧਾਰ `ਤੇ ਨਿਬੇੜਾ ਹੁੰਦਾ ਹੈ। ਚੁਣਿ
ਵਖਿ ਕਢੇ – ਚੁਣਿ ਕੇ ਵੱਖ ਕਰ ਲਿਆ ਜਾਂਦਾ ਹੈ। ਜਜਮਾਲਿਆ – ਮੰਦ ਕਰਮੀ ਜੀਵਾਂ (ਭਾਵ
ਅਖੌਤੀ ਸ਼ੂਦਰ ਲੋਕਾਂ) ਨੂੰ। ਥਾਉ ਨ ਪਾਇਨਿ – ਉਥੇ ਥਾਂ ਨਹੀਂ ਮਿਲਦੀ। ਕੂੜਿਆਰ –
ਆਪਣੇ ਮੂੰਹ ਤੋਂ (ਝੂਠ) ਕੂੜ ਬੋਲਣ ਵਾਲਿਆਂ ਮੁਤਾਬਕ। ਮੁਹ ਕਾਲੈੑ ਦੋਜਕਿ ਚਾਲਿਆ – ਮੂੰਹ ਕਾਲ਼ੇ ਕਰ
ਕੇ ਨਰਕ ਵਲ ਧੱਕ ਦਿੱਤਾ ਜਾਂਦਾ ਹੈ। ਤੇਰੇ ਨਾਇ ਰਤੇ – ਜੋ ਤੇਰੇ ਗਿਆਨ ਦੇ ਰੰਗ ਵਿੱਚ
ਰੱਤੇ ਗਏ। ਸੇ - ਉਹ। ਜਿਣਿ ਗਏ – ਜਾਣ ਗਏ। ਹਾਰਿ ਗਏ – ਹਾਰ ਗਏ, ਹਾਰ ਜਾਂਦੇ
ਹਨ। ਸਿ - ਉਹ। ਠਗਣ ਵਾਲਿਆ – ਉਹ ਲੋਕਾਂ ਨੂੰ ਠੱਗਣ ਵਾਲੇ ਠੱਗ। ਲਿਖਿ ਨਾਵੈ
– ਲੇਖਾ-ਜੋਖਾ ਕਰਨ ਲਈ, ਲਿਖਣ ਲਈ। ਧਰਮੁ ਬਹਾਲਿਆ – ਧਰਮ ਰਾਜ ਮੁਕੱਰਰ ਕੀਤਾ ਹੋਇਆ
ਹੈ।
ਅਰਥ:- ਹੇ ਨਾਨਕ! (ਜਿਹੜੇ ਅਖੌਤੀ ਅਵਤਾਰਵਾਦੀ ਰੱਬ) ਇਹ ਆਖਦੇ ਹਨ ਕਿ
ਅਸੀਂ ਜੀਵਾਂ ਨੂੰ ਪੈਦਾ ਕਰ ਕੇ ਜੀਵਾਂ ਦਾ ਲੇਖਾ-ਜੋਖਾ ਕਰਨ ਲਈ ਉਨ੍ਹਾਂ ਦੇ ਸਿਰ ਧਰਮ ਰਾਜ ਮੁਕੱਰਰ
ਕੀਤਾ ਹੋਇਆ ਹੈ, ਅਜਿਹਾ ਕੂੜ ਬੋਲਣ ਵਾਲੇ ਲੋਕ ਇਹ ਆਖਦੇ ਹਨ ਕਿ (ਅਖੌਤੀ) ਸ਼ੂਦਰਾਂ ਲੋਕਾਂ ਨੂੰ ਉਥੇ
ਥਾਂ ਨਹੀਂ ਮਿਲਦੀ, ਉਥੇ ਸਚੇ (ਸ਼ੁੱਧ ਬ੍ਰਾਹਮਣਾਂ) ਵਿੱਚੋਂ ਅਖੌਤੀ ਸ਼ੂਦਰ ਨੀਵੇਂ ਲੋਕਾਂ ਨੂੰ ਚੁਣ
ਕੇ ਵੱਖ ਕਰ ਲਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਮੂੰਹ ਕਾਲ਼ਾ ਕਰ ਕੇ ਉਨ੍ਹਾਂ ਨੂੰ ਨਰਕ ਵੱਲ ਧੱਕ
ਦਿੱਤਾ ਜਾਂਦਾ ਹੈ। (ਇਹ ਅਖੌਤੀ ਸ਼ੁੱਧ ਕਰਮਕਾਂਡੀ ਲੋਕਾਂ ਦੀ ਇਹ ਸੋਚ ਹੈ)।
ਹੇ ਹਰੀ! ਜਿਹੜੇ ਤੇਰੇ ਗਿਆਨ ਦੇ ਰੰਗ ਵਿੱਚ ਰੰਗੇ ਜਾਂਦੇ ਹਨ, ਉਹ ਅਜਿਹਾ
ਕਹਿ ਕੇ ਠੱਗਣ ਵਾਲਿਆਂ (ਅਵਤਾਰਵਾਦੀਆਂ) ਠੱਗਾਂ ਦੀ ਠੱਗੀ ਨੂੰ ਜਾਣ ਜਾਂਦੇ ਹਨ ਜੋ ਇਹ ਕਹਿੰਦੇ ਹਨ
ਕਿ ਉਨ੍ਹਾਂ ਨੇ ਜੀਵਾਂ ਨੂੰ ਪੈਦਾ ਕਰ ਕੇ ਜੀਵਾਂ ਦਾ ਲੇਖਾ-ਜੋਖਾ ਕਰਨ ਲਈ ਉਨ੍ਹਾਂ ਦੇ ਸਿਰ ਧਰਮ
ਰਾਜ ਮੁਕੱਰਰ ਕੀਤਾ ਹੋਇਆ ਹੈ। ਜਿਹੜੇ ਆਪ ਆਪਣੇ ਆਪ ਨੂੰ ਰੱਬ ਅਖਵਾਉਂਦੇ ਹਨ, ਉਹ ਆਪਣੇ ਰੱਬ ਹੋਣ
ਦੇ ਭਰਮ ਅੱਗੇ ਆਪ ਹੀ ਹਾਰ ਗਏ, ਮਰ ਗਏ ਭਾਵ (ਸੰਸਾਰ) ਵਿੱਚ ਹੀ ਖਤਮ ਹੋ ਗਏ ਅਤੇ ਜਾਂਦੇ ਹਨ।
ਨੋਟ:- ਇਹ ਗੱਲ ਜਾਣੀ ਕਿਨ੍ਹਾਂ ਨੇ ਹੈ, ਜਿਨ੍ਹਾਂ ਨੇ ਆਪਣੇ ਆਪ ਨੂੰ ਅਖੌਤੀ ਅਵਤਾਰਵਾਦ ਦੇ ਰੱਬ
ਹੋਣ ਅਤੇ ਉਨ੍ਹਾਂ ਵੱਲੋਂ ਥਾਪੇ ਅਖੌਤੀ ਧਰਮ ਰਾਜ ਭਰਮ ਤੋਂ ਬਾਹਰ ਕੱਢ ਲਿਆ ਹੈ।
ਬਲਦੇਵ ਸਿੰਘ ਟੌਰਾਂਟੋ।
|
. |