.

ੴਸਤਿਗੁਰਪ੍ਰਸਾਦਿ।।

ਖਾਲਸਾ ਪੰਥ ਬਨਾਮ ਡੇਰਾਵਾਦ

(ਭਾਗ ਬਾਰਵਾਂ)

ਡੇਰਾਵਾਦ ਦੇ ਪ੍ਰਫੁਲਤ ਹੋਣ ਦੇ ਮਾਨਸਿਕ ਕਾਰਨ

ਅਗਿਆਨਤਾ:

ਮੱਨੁਖੀ ਜੀਵਨ ਦੀ ਸੱਭ ਤੋਂ ਵੱਡੀ ਲਾਹਨਤ ਹੈ ਅਗਿਆਨਤਾ। ਅਗਿਆਨੀ ਮੱਨੁਖ ਨੇ ਕਿਸੇ ਦਾ ਤਾਂ ਕੀ ਸੁਆਰਨਾ ਹੈ, ਉਹ ਤਾਂ ਆਪਣਾ ਹੀ ਭਲਾ ਬੁਰਾ ਸਮਝਣ ਦੇ ਸਮਰੱਥ ਨਹੀ ਹੁੰਦਾ। ਉਹ ਮੱਨੁਖੀ ਜਾਮਾ ਪਾਕੇ ਵੀ ਮੱਨੁਖੀ ਜੀਵਨ ਦਾ ਮਨੋਰਥ ਪ੍ਰਾਪਤ ਨਹੀਂ ਕਰ ਸਕਦਾ। ਜੇ ਇਹ ਕਹਿ ਲਈਏ ਕਿ ਉਸ ਨੂੰ ਮੱਨੁਖੀ ਜੀਵਨ ਦੇ ਮਨੋਰਥ ਦਾ ਹੀ ਪਤਾ ਨਹੀਂ ਹੁੰਦਾ ਤਾਂ ਇਹ ਵੀ ਕੋਈ ਗਲਤ ਗੱਲ ਨਹੀਂ ਹੋਵੇਗੀ। ਅਗਿਆਨਤਾ ਵੱਸ ਹੀ ਇੱਕ ਆਮ ਮੱਨੁਖ ਧਨ ਦੌਲਤ ਇੱਕਠੀ ਕਰਨ ਨੂੰ ਹੀ ਆਪਣੇ ਜੀਵਨ ਦਾ ਮਨੋਰਥ ਸਮਝ ਲੈਂਦਾ ਹੈ, ਭਾਵੇਂ ਉਹ ਕਿਵੇਂ ਵੀ ਜਾਇਜ਼ ਜਾਂ ਨਜਾਇਜ਼ ਤਰੀਕੇ ਨਾਲ ਇਕੱਠੀ ਕੀਤੀ ਜਾਵੇ। ਉਹ ਸਮਝਦਾ ਹੈ ਕਿ ਇਹ ਧਨ ਹੀ ਸੁੱਖਾਂ ਦਾ ਸਾਧਨ ਹੈ, ਫੇਰ ਜੇ ਉਹ ਧਨ ਇਕਤਰ ਨਹੀ ਕਰ ਸਕਦਾ, ਤਾਂ ਰੋਂਦਾ ਹੈ ਤੇ ਜੇ ਬਹੁਤ ਧਨ ਵੀ ਇਕਤੱਰ ਕਰ ਲਵੇ ਤਾਂ ਵੀ ਉਸਨੂੰ ਦੁੱਖ ਹੀ ਪੱਲੇ ਪੈਂਦੇ ਹਨ। ਪਹਿਲਾਂ ਤਾਂ ਉਸ ਧਨ ਨੂੰ ਵਧੇਰੇ ਰਫਤਾਰ ਨਾਲ ਵਧਾਉਣ ਦੇ ਚੱਕਰ ਵਿੱਚ ਹੀ ਬਹੁਤ ਦੁੱਖ ਪਾਉਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸਾਨੂੰ ਸਮਝਾਉਂਦੀ ਹੈ:

"ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ।।

ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ।। " {ਰਾਗੁ ਆਸਾ ਮਹਲਾ ੯, ਪੰਨਾ ੪੧੧}

(ਹੇ ਭਾਈ !) ਸੁਖ ਹਾਸਲ ਕਰਨ ਵਾਸਤੇ (ਇਹ ਮਨ) ਧਿਰ ਧਿਰ ਦੀ ਖ਼ੁਸ਼ਾਮਦ ਕਰਦਾ ਫਿਰਦਾ ਹੈ (ਤੇ ਇਸ ਤਰ੍ਹਾਂ ਸੁਖ ਦੇ ਥਾਂ ਸਗੋਂ) ਦੁੱਖ ਸਹਾਰਦਾ ਹੈ। ਕੁੱਤੇ ਵਾਂਗ ਹਰੇਕ ਦੇ ਦਰ ਤੇ ਭਟਕਦਾ ਫਿਰਦਾ ਹੈ ਇਸ ਨੂੰ ਪਰਮਾਤਮਾ ਦਾ ਭਜਨ ਕਰਨ ਦੀ ਕਦੇ ਸੂਝ ਹੀ ਨਹੀਂ ਪੈਂਦੀ।

ਇਤਨਾ ਹੀ ਨਹੀਂ, ਉਸ ਧਨ ਨੂੰ ਸਾਂਭਣ ਦਾ ਦੁੱਖ ਕਿ ਕਿਤੇ ਚੋਰੀ ਨਾ ਹੋ ਜਾਵੇ ਜਾਂ ਠੱਗਿਆ ਨਾ ਜਾਵੇ, ਕਾਲੇ ਧਨ ਨੂੰ ਲੁਕਾਉਣ ਦਾ ਦੁੱਖ। ਫਿਰ ਐਸੇ ਨਾਜਾਇਜ਼ ਢੰਗਾਂ ਨਾਲ ਕਮਾਏ ਧਨ ਕਾਰਨ ਜੋ ਐਬ ਜੀਵਨ ਵਿੱਚ ਆਉਂਦੇ ਹਨ ਅਤੇ ਸਹਿਜੇ ਹੀ ਪ੍ਰਾਪਤ ਧਨ ਕਾਰਨ ਜੋ ਅਉਗੁਣ ਸੰਤਾਨ ਵਿੱਚ ਪ੍ਰਗੱਟ ਹੁੰਦੇ ਹਨ, ਉਸ ਦੇ ਦੁੱਖ ਦਾ ਅੰਦਾਜ਼ਾ ਤਾਂ ਲਾਇਆ ਹੀ ਨਹੀਂ ਜਾ ਸਕਦਾ। ਇਸ ਤਰ੍ਹਾਂ ਜੇ ਗਰੀਬ ਵਿਅਕਤੀ ਆਪਣੀਆਂ ਤੋਟਾਂ ਕਾਰਨ ਦੁੱਖ ਪਾਉਂਦਾ ਹੈ ਤਾਂ ਸੁਖੀ ਧਨਵਾਨ ਵੀ ਨਹੀਂ ਹੁੰਦਾ। ਗੁਰਬਾਣੀ ਦਾ ਪਾਵਨ ਫੁਰਮਾਨ ਹੈ:

"ਅੰਧਕਾਰ ਸੁਖਿ ਕਬਹਿ ਨ ਸੋਈ ਹੈ।। ਰਾਜਾ ਰੰਕੁ ਦੋਊ ਮਿਲਿ ਰੋਈ ਹੈ।। ੧।। " {ਗਉੜੀ ਕਬੀਰ ਜੀ, ਪੰਨਾ ੩੨੫}

ਅਗਿਆਨਤਾ ਦੇ ਹਨੇਰੇ ਵਿੱਚ ਕਦੇ ਸੁਖੀ ਨਹੀਂ ਸੌਂ ਸਕੀਦਾ; ਰਾਜਾ ਹੋਵੇ ਚਾਹੇ ਕੰਗਾਲ, ਦੋਵੇਂ ਹੀ ਦੁਖੀ ਹੁੰਦੇ ਹਨ। ੧।

"ਅਗਿਆਨੀ ਅੰਧਾ ਅੰਧੁ ਅੰਧਾਰਾ।।

ਬਿਸਟਾ ਕੇ ਕੀੜੇ ਬਿਸਟਾ ਕਮਾਵਹਿ ਫਿਰਿ ਬਿਸਟਾ ਮਾਹਿ ਪਚਾਵਣਿਆ।। ੫।। " {ਮਾਝ ਮਹਲਾ ੩, ਪੰਨਾ ੧੧੬}

ਗੁਰੂ ਦੇ ਗਿਆਨ ਤੋਂ ਸੱਖਣਾ ਮਨੁੱਖ (ਉਸ ਮੋਹ ਵਿਚ) ਅੰਨ੍ਹਾ ਹੋਇਆ ਰਹਿੰਦਾ ਹੈ। (ਮੋਹ ਦੇ ਹਨੇਰੇ ਵਿੱਚ ਫਸੇ ਹੋਏ ਦੀ ਉਹੀ ਹਾਲਤ ਹੁੰਦੀ ਹੈ ਜਿਵੇਂ) ਗੰਦ ਦੇ ਕੀੜੇ ਗੰਦ (ਖਾਣ ਦੀ) ਕਮਾਈ ਹੀ ਕਰਦੇ ਹਨ ਤੇ ਫਿਰ ਗੰਦ ਵਿੱਚ ਹੀ ਦੁਖੀ ਹੁੰਦੇ ਰਹਿੰਦੇ ਹਨ। ੫।

"ਜਗਤੁ ਅਗਿਆਨੀ ਅੰਧੁ ਹੈ ਦੂਜੈ ਭਾਇ ਕਰਮ ਕਮਾਇ।।

ਦੂਜੈ ਭਾਇ ਜੇਤੇ ਕਰਮ ਕਰੇ ਦੁਖੁ ਲਗੈ ਤਨਿ ਧਾਇ।। " {ਸਲੋਕ ਮਃ ੩, ਪੰਨਾ ੫੯੩}

ਸੰਸਾਰ ਅੰਨ੍ਹਾ ਤੇ ਅਗਿਆਨੀ ਹੈ, ਮਾਇਆ ਦੇ ਮੋਹ ਵਿੱਚ ਕੰਮ ਕਰ ਰਿਹਾ ਹੈ; (ਪਰ) ਮਾਇਆ ਦੇ ਮੋਹ ਵਿੱਚ ਜਿਤਨੇ ਭੀ ਕਰਮ ਕਰਦਾ ਹੈ (ਉਤਨਾ ਹੀ) ਸਰੀਰ ਨੂੰ ਦੁੱਖ ਧਾ ਕੇ ਲੱਗਦਾ ਹੈ (ਭਾਵ, ਖ਼ਾਸ ਤੌਰ ਤੇ ਦੁੱਖ ਲੱਗਦਾ ਹੈ)।

ਇਕ ਗੱਲ ਹੋਰ ਬੜੀ ਸਪੱਸ਼ਟ ਹੈ ਕਿ ਅਗਿਆਨੀ ਕਦੇ ਗੁਰਮੁਖ ਨਹੀਂ ਹੋ ਸਕਦਾ, ਸਦਾ ਮਨਮੁਖ ਹੀ ਹੋਵੇਗਾ, ਕਿਉਂਕਿ ਗੁਰਮੁਖ ਦਾ ਤਾਂ ਭਾਵ ਹੀ ਹੈ, ਉਹ ਵਿਅਕਤੀ ਜੋ ਗੁਰੂ ਪਾਤਿਸ਼ਾਹ ਦੇ ਗਿਆਨ ਨੂੰ ਪ੍ਰਾਪਤ ਕਰਕੇ ਜੀਵਨ ਵਿੱਚ ਧਾਰਨ ਕਰ ਲੈਂਦਾ ਹੈ। ਗੁਰਬਾਣੀ ਦਾ ਫੁਰਮਾਣ ਹੈ:

"ਮਨਮੁਖ ਕੋਠੀ ਅਗਿਆਨੁ ਅੰਧੇਰਾ ਤਿਨ ਘਰਿ ਰਤਨੁ ਨ ਲਾਖਾ।।

ਤੇ ਊਝੜਿ ਭਰਮਿ ਮੁਏ ਗਾਵਾਰੀ ਮਾਇਆ ਭੁਅੰਗ ਬਿਖੁ ਚਾਖਾ।। ੨।। " {ਜੈਤਸਰੀ ਮਹਲਾ ੪, ਪੰਨਾ ੬੯੬}

ਹੇ ਭਾਈ ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੇ ਹਿਰਦੇ ਵਿੱਚ ਆਤਮਕ ਜੀਵਨ ਵਲੋਂ ਬੇ-ਸਮਝੀ (ਦਾ) ਹਨੇਰਾ ਪਿਆ ਰਹਿੰਦਾ ਹੈ, (ਤਾਹੀਏਂ) ਉਹਨਾਂ ਨੇ ਆਪਣੇ ਹਿਰਦੇ-ਘਰ ਵਿੱਚ ਟਿਕਿਆ ਹੋਇਆ ਨਾਮ-ਰਤਨ (ਕਦੇ) ਨਹੀਂ ਵੇਖਿਆ। ਉਹ ਮਨੁੱਖ ਮਾਇਆ-ਸਪਣੀ (ਦੇ ਮੋਹ) ਦਾ ਜ਼ਹਿਰ ਖਾਂਦੇ ਰਹਿੰਦੇ ਹਨ, (ਇਸ ਵਾਸਤੇ) ਉਹ ਮੂਰਖ ਭਟਕਣਾ ਦੇ ਕਾਰਨ ਕੁਰਾਹੇ ਪੈ ਕੇ ਆਤਮਕ ਮੌਤੇ ਮਰੇ ਰਹਿੰਦੇ ਹਨ। ੨।

ਅਸਲ ਵਿੱਚ ਡਰ ਅਤੇ ਤ੍ਰਿਸ਼ਨਾ ਵੀ ਮਨੁੱਖ ਤੇ ਤਾਂ ਹੀ ਭਾਰੀ ਹੁੰਦੇ ਹਨ ਜੇ ਮਨੁੱਖ ਅਗਿਆਨਤਾ ਵਿੱਚ ਫਸਿਆ ਹੋਵੇ। ਜੇ ਮਨੁੱਖ ਨੂੰ ਇਸ ਸੱਚ ਗਿਆਨ ਦੀ ਸੋਝੀ ਹੋ ਜਾਵੇ ਕਿ ਜੋ ਕੁੱਝ ਹੋ ਰਿਹਾ ਹੈ, ਇਹ ਸਭ ਅਕਾਲ ਪੁਰਖ ਦੇ ਅਟੱਲ ਹੁਕਮ ਵਿੱਚ ਹੈ ਤਾਂ ਉਸ ਦਾ ਡਰ ਆਪੇ ਨਾਸ ਹੋ ਜਾਵੇਗਾ। ਸਤਿਗੁਰ ਦੀ ਬਾਣੀ ਫੁਰਮਾਂਦੀ ਹੈ:

"ਡਰੀਐ ਤਾਂ ਜੇ ਕਿਛੁ ਆਪ ਦੂ ਕੀਚੈ ਸਭੁ ਕਰਤਾ ਆਪਣੀ ਕਲਾ ਵਧਾਏ।। " {ਮਃ ੪, ਪੰਨਾ ੩੦੮}

ਤਦ ਡਰੀਏ, ਜੇ ਅਸੀ ਕੁੱਝ ਆਪਣੇ ਵਲੋਂ ਕਰਦੇ ਹੋਵੀਏ, ਇਹ ਤਾਂ ਕਰਤਾਰ ਆਪਣੀ ਕਲਾ ਆਪ ਵਧਾ ਰਿਹਾ ਹੈ।

ਡਰ ਤਾਂ ਉਤਨੀ ਦੇਰ ਹੈ ਜਿਤਨੀ ਦੇਰ ਅਗਿਆਨਤਾ ਵਸ ਪਰਮੇਸ਼ਰ ਨੂੰ ਕਿਤੇ ਪੱਥਰਾਂ ਵਿਚ, ਜੰਗਲਾਂ ਵਿੱਚ ਜਾਂ ਮੜ੍ਹੀ ਮਸਾਣਾਂ ਵਿੱਚ ਲੱਭ ਰਹੇ ਹਾਂ। ਜਿਸ ਦਿਨ ਇਸ ਗੱਲ ਦੀ ਸੋਝੀ ਆ ਗਈ ਕਿ ਵਾਹਿਗੁਰੂ ਹਰ ਜਗ੍ਹਾ ਹਾਜ਼ਰ ਨਾਜ਼ਰ ਹੈ, ਅਤੇ ਸੰਸਾਰ ਵਿੱਚ ਜੋ ਕੁੱਝ ਵਾਪਰ ਰਿਹਾ ਹੈ, ਉਹ ਸਭ ਉਸ ਦੇ ਅਟੱਲ ਹੁਕਮ, ਅਟੱਲ ਨੇਮ ਵਿੱਚ ਵਾਪਰ ਰਿਹਾ ਹੈ, ਡਰ ਆਪੇ ਦੂਰ ਹੋ ਜਾਵੇਗਾ। ਸਤਿਗੁਰੂ ਸਾਨੂੰ ਇਹੀ ਗੱਲ ਸਮਝਾ ਰਹੇ ਹਨ:

"ਡਰਿ ਡਰਿ ਮਰਤੇ ਜਬ ਜਾਨੀਐ ਦੂਰਿ।। ਡਰੁ ਚੂਕਾ ਦੇਖਿਆ ਭਰਪੂਰਿ।। ੧।। " {ਗਉੜੀ ਮਹਲਾ ੫, ਪੰਨਾ ੧੮੬}

ਜਿਤਨਾ ਚਿਰ ਅਸੀ ਇਹ ਸਮਝਦੇ ਹਾਂ ਕਿ ਪਰਮਾਤਮਾ ਕਿਤੇ ਦੂਰ ਵੱਸਦਾ ਹੈ, ਉਤਨਾ ਚਿਰ (ਦੁਨੀਆ ਦੇ ਦੁੱਖ ਰੋਗ ਫ਼ਿਕਰਾਂ ਤੋਂ) ਸਹਮ ਸਹਮ ਕੇ ਆਤਮਕ ਮੌਤੇ ਮਰਦੇ ਰਹਿੰਦੇ ਹਾਂ। ਜਦੋਂ ਉਸ ਨੂੰ (ਸਾਰੇ ਸੰਸਾਰ ਵਿੱਚ ਜ਼ੱਰੇ ਜ਼ੱਰੇ ਵਿਚ) ਵਿਆਪਕ ਵੇਖ ਲਿਆ, (ਉਸੇ ਵੇਲੇ ਦੁਨੀਆ ਦੇ ਦੁੱਖ ਆਦਿਕਾਂ ਦਾ) ਡਰ ਮੁੱਕ ਗਿਆ। ੧।

ਹਰ ਦਿਨ ਤ੍ਰਿਸ਼ਨਾ ਦੇ ਵਧਣ ਦਾ ਮੂਲ ਕਾਰਨ ਵੀ ਅਗਿਆਨਤਾ ਹੈ। ਜੇ ਗੁਰੂ ਸ਼ਬਦ ਦੁਆਰਾ ਅਗਿਆਨਤਾ ਦਾ ਨਾਸ ਕਰਕੇ, ਆਪਣੇ ਜੀਵਨ ਨੂੰ ਗੁਰੂ ਗਿਆਨ ਨਾਲ ਰੁਸ਼ਨਾ ਲਈਏ, ਸਤਿਗੁਰੂ ਦੇ ਉਸ ਇਲਾਹੀ ਗਿਆਨ ਅਨੁਸਾਰ ਆਪਣਾ ਜੀਵਨ ਢਾਲ ਲਈਏ, ਤਾਂ ਤ੍ਰਿਸਨਾ ਦੀ ਅੱਗ ਤੋਂ ਵੀ ਬਚਿਆ ਜਾ ਸਕਦਾ ਹੈ। ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਸਪਸ਼ਟ ਅਗਵਾਈ ਮਿਲਦੀ ਹੈ:

"ਅਗਿਆਨੁ ਤ੍ਰਿਸਨਾ ਇਸੁ ਤਨਹਿ ਜਲਾਏ।। ਤਿਸ ਦੀ ਬੂਝੈ ਜਿ ਗੁਰ ਸਬਦੁ ਕਮਾਏ।।

ਤਨੁ ਮਨੁ ਸੀਤਲੁ ਕ੍ਰੋਧੁ ਨਿਵਾਰੇ ਹਉਮੈ ਮਾਰਿ ਸਮਾਇਆ।। ੧੫।। " {ਮਾਰੂ ਮਹਲਾ ੩, ਪੰਨਾ ੧੦੬੭}

ਹੇ ਭਾਈ ! ਆਤਮਕ ਜੀਵਨ ਵਲੋਂ ਬੇ-ਸਮਝੀ (ਇਸ ਨੂੰ) ਮਾਇਆ ਦੀ ਤ੍ਰਿਸ਼ਨਾ (ਕਹਿ ਲਵੋ, ਇਹ ਮਾਇਆ ਦੀ ਤ੍ਰਿਸ਼ਨਾ ਮਨੁੱਖ ਦੇ) ਇਸ ਸਰੀਰ ਨੂੰ (ਅੰਦਰੇ ਅੰਦਰ) ਸਾੜਦੀ ਰਹਿੰਦੀ ਹੈ । ਇਹ ਤ੍ਰਿਸ਼ਨਾ-ਅੱਗ ਉਸ ਮਨੁੱਖ ਦੀ ਬੁੱਝਦੀ ਹੈ ਜਿਹੜਾ ਗੁਰੂ ਦੇ ਸ਼ਬਦ ਨੂੰ ਹਰ ਵੇਲੇ ਹਿਰਦੇ ਵਿੱਚ ਵਸਾਈ ਰੱਖਦਾ ਹੈ । ਉਸ ਦਾ ਤਨ ਵਿਕਾਰਾਂ ਦੀ ਅੱਗ ਤੋਂ ਬਚਿਆ ਰਹਿੰਦਾ ਹੈ, ਉਸ ਦਾ ਮਨ ਸ਼ਾਂਤ ਰਹਿੰਦਾ ਹੈ, ਉਹ (ਆਪਣੇ ਅੰਦਰੋਂ) ਕ੍ਰੋਧ ਦੂਰ ਕਰ ਲੈਂਦਾ ਹੈ, ਹਉਮੈ ਨੂੰ ਮਾਰ ਕੇ ਉਹ ਮਨੁੱਖ (ਗੁਰ-ਸ਼ਬਦ ਵਿਚ) ਲੀਨ ਰਹਿੰਦਾ ਹੈ । ੧੫।

"ਇਕੋ ਆਪਿ ਫਿਰੈ ਪਰਛੰਨਾ।। ਗੁਰਮੁਖਿ ਵੇਖਾ ਤਾ ਇਹੁ ਮਨੁ ਭਿੰਨਾ।।

ਤ੍ਰਿਸਨਾ ਤਜਿ ਸਹਜ ਸੁਖੁ ਪਾਇਆ ਏਕੋ ਮੰਨਿ ਵਸਾਵਣਿਆ।। " {ਮਾਝ ਮਹਲਾ ੩, ਪੰਨਾ ੧੧੧}

ਦ੍ਰਿਸ਼ਟ-ਮਾਨ ਜਗਤ-ਰੂਪ ਪਰਦੇ ਵਿਚ) ਢੱਕਿਆ ਹੋਇਆ ਪਰਮਾਤਮਾ ਆਪ ਹੀ ਆਪ (ਸਾਰੇ ਜਗਤ ਵਿਚ) ਵਿਚਰ ਰਿਹਾ ਹੈ। ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ (ਉਸ ਗੁਪਤ ਪ੍ਰਭੂ ਨੂੰ) ਜਦੋਂ ਵੇਖ ਲਿਆ ਤਦੋਂ ਉਹਨਾਂ ਦਾ ਮਨ (ਉਸ ਦੇ ਪ੍ਰੇਮ-ਰਸ ਵਿਚ) ਭਿੱਜ ਗਿਆ। (ਮਾਇਆ ਦੀ) ਤ੍ਰਿਸ਼ਨਾ ਛੱਡ ਕੇ ਉਹਨਾਂ ਆਤਮਕ ਅਡੋਲਤਾ ਦਾ ਆਨੰਦ ਹਾਸਲ ਕਰ ਲਿਆ, ਇੱਕ ਪਰਮਾਤਮਾ ਹੀ ਪਰਮਾਤਮਾ ਉਹਨਾਂ ਦੇ ਮਨ ਵਿੱਚ ਵਸ ਪਿਆ।

"ਤਨ ਮਹਿ ਤ੍ਰਿਸਨਾ ਅਗਿ ਸਬਦਿ ਬੁਝਾਈਐ।। ੧੯।। " {ਵਾਰ ਮਾਝ ਕੀ ਤਥਾ ਸਲੋਕ ਮਹਲਾ ੧, ਪਉੜੀ, ਪੰਨਾ ੧੪੭}

(ਮਨੁੱਖਾ) ਸਰੀਰ ਵਿੱਚ ਇਹ (ਜੋ) ਤ੍ਰਿਸ਼ਨਾ ਦੀ ਅੱਗ ਹੈ, ਇਹ ਕੇਵਲ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਬੁੱਝ ਸਕਦੀ ਹੈ। ੧੯।

ਪਰ ਇਸ ਗੱਲ ਦੀ ਸਮਝ ਤਾਂ ਤਦ ਹੀ ਆ ਸਕਦੀ ਹੈ, ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚਾਰ ਕੇ ਪੜ੍ਹੀਏ, ਗੁਰਬਾਣੀ ਦੇ ਇਲਾਹੀ ਗਿਆਨ ਨੂੰ ਹਿਰਦੇ ਵਿੱਚ ਵਸਾ ਲਈਏ। ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਤੱਕ ਸੀਮਤ ਹੋ ਗਏ ਹਾਂ। ਇਸ ਲਈ ਕੁੱਝ ਵਿਅਕਤੀਆਂ ਨੂੰ ਧਰਮ ਦੇ ਠੇਕੇਦਾਰ ਸਮਝ ਕੇ ਉਨ੍ਹਾਂ ਦੇ ਮਗਰ ਭਟਕਦੇ ਫਿਰਦੇ ਹਾਂ। ਹੁਣ ਸਾਨੂੰ ਤਾਂ, ਕੁੱਝ ਤਾਂ ਹੀ ਪ੍ਰਾਪਤ ਹੋਵੇਗਾ, ਜੇ ਉਹ ਧਰਮ ਦੀ ਸਿੱਖਿਆ ਦੇਣ ਵਾਲਾ ਧਾਰਮਿਕ ਆਗੂ ਆਪ ਧਰਮ ਦੀ ਪਰਭਾਸ਼ਾ ਸਮਝਦਾ ਹੋਵੇ। ਜਿਸ ਨੂੰ ਆਪ ਹੀ ਪਰਮੇਸ਼ਰ ਦੇ ਅਸਲ ਸਰੂਪ ਅਤੇ ਹਸਤੀ ਦਾ ਸੱਚਾ ਗਿਆਨ ਨਹੀਂ, ਉਹ ਭਲਾ ਮੱਨੁਖਤਾ ਨੂੰ ਕਿਵੇਂ ਉਸ ਸੱਚੇ ਪ੍ਰਭੂ ਨਾਲ ਜੋੜੇਗਾ। ਅੱਜ ਦੇ ਇਹ ਆਪਣੇ ਆਪ ਨੂੰ ਸੰਤ, ਬਾਬਾ ਤੇ ਬ੍ਰਹਮਗਿਆਨੀ ਅਖਵਾਉਣ ਵਾਲੇ ਆਪ ਹੀ ਅਗਿਆਨੀ ਹਨ। ਇਨ੍ਹਾਂ ਵਿਚੋਂ ਬਹੁਤਿਆਂ ਕੋਲ ਨਾ ਤਾਂ ਦੁਨਿਆਵੀ ਵਿਦਿਅਕ ਗਿਆਨ ਹੈ ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਦਾ ਅਧਿਆਤਮਕ ਗਿਆਨ। ਦੂਸਰੇ ਨੂੰ ਗਿਆਨਵਾਨ ਤਾਂ ਉਹ ਹੀ ਬਣਾ ਸਕਦਾ ਹੈ ਜੋ ਆਪ ਗਿਆਨਵਾਨ ਹੋਵੇ। ਉਨ੍ਹਾਂ ਤਾਂ ਇਹ ਧਾਰਮਿਕ ਭੇਖ ਕੇਵਲ ਇੱਕ ਪੇਸ਼ੇ ਦੇ ਤੌਰ ਤੇ ਧਾਰਨ ਕੀਤਾ ਹੋਇਆ ਹੈ

ਕੁਝ ਦਿਨ ਪਹਿਲੇ ਹੀ ਵਾਪਰੀ ਇੱਕ ਘਟਨਾ ਦਾ ਵਿਸ਼ੇਸ਼ ਜ਼ਿਕਰ ਕਰਨਾ ਚਾਹਾਂਗਾ। ਮੇਰਾ ਇੱਕ ਮਿੱਤਰ ਬੜਾ ਜ਼ੋਰ ਪਾਕੇ ਇੱਕ ਬਾਬੇ ਦੇ ਡੇਰੇ ਤੇ ਲੈ ਗਿਆ। ਕਹਿਣ ਲੱਗਾ, ਇਨ੍ਹਾਂ ਮਹਾਪੁਰਖਾਂ ਨੂੰ ਮਿਲਕੇ ਤੁਹਾਡੇ ਸਾਰੇ ਭਰਮ ਦੂਰ ਹੋ ਜਾਣਗੇ। ਮੈ ਵੀ ਸੋਚਿਆ ਕਿ ਚਲੋ ਵੇਖੀਏ ਤਾਂ ਸਹੀ ਕਿ ਅਖੌਤੀ ਮਹਾਪੁਰਖ ਆਪ ਕਿਤਨਾ ਕੁ ਗੁਰਮਤਿ ਦਾ ਧਾਰਨੀ ਹੈ। ਇਹ ਮਹਾਪੁਰਖ ਇੱਕ ਬੀਬੀ ਜੀ ਸਨ, ਜਿਨ੍ਹਾਂ ਦਾ ਮੁੱਖ ਡੇਰਾ ਤਾਂ ਕਿਤੇ ਯੂ ਪੀ ਵਿੱਚ ਹੈ, ਇੱਕ ਛੋਟਾ ਡੇਰਾ ਉਸਨੇ ਚੰਡੀਗੜ੍ਹ ਦੇ ਬਾਹਰਵਾਰ ਬਣਾਇਆ ਹੋਇਆ ਹੈ। ਜਦੋਂ ਅਸੀਂ ਉਥੇ ਪਹੁੰਚੇ, ਇੱਕ ਵੱਡੇ ਬਰਾਮਦੇ ਵਿਚ, ਇੱਕ ਅਧਖੜ ਉਮਰ ਦੇ ਬੀਬੀ ਜੀ, ਇੱਕ ਤਖਤਪੋਸ਼ ਤੇ ਸੁਸ਼ੋਭਤ ਸਨ ਅਤੇ ਕੁੱਝ ਸ਼ਰਧਾਲੂ ਉਨ੍ਹਾਂ ਦੀ ਸ਼ਰਨ ਵਿੱਚ ਭੁੰਜੇ ਦਰੀ ਤੇ ਬੈਠੇ ਸਨ, ਇੱਕ ਹੋਰ ਗੱਡੀ ਉਸੇ ਵੇਲੇ ਆਕੇ ਰੁਕੀ ਸੀ। ਜਿਹੜੇ ਸੱਜਣ ਗੱਡੀ ਵਿਚੋਂ ਉਤਰੇ, ਉਨ੍ਹਾਂ ਉਸ ਬੀਬੀ ਜੀ ਨੂੰ ਪੈਰਾਂ ਤੇ ਮੱਥਾ ਟੇਕਿਆ ਅਤੇ ਉਨ੍ਹਾਂ ਦੀ ਮੁੱਠੀ ਵਿੱਚ ਕੁੱਝ ਪਕੜਾਇਆ। ਹੱਥ ਜੇਬ ਵਿੱਚ ਪਾਉਂਦੇ, ਬੀਬੀ ਜੀ ਬੁੜਬੁੜਾਏ, ਬਸ ਭਾਈ ਇਸਦੀ ਕੀ ਲੋੜ ਹੈ। ਮੇਰੇ ਨਾਲ ਗਏ ਮਿੱਤਰ ਨੇ ਵੀ ਬੀਬੀ ਜੀ ਨੂੰ ਮੱਥਾ ਟੇਕਿਆ ਅਤੇ ਸੰਗਤ ਵਿੱਚ ਬੈਠ ਗਿਆ। ਮੈਂ ਉੱਚੀ ਸਾਰੀ ਫਤਹਿ ਬੁਲਾਈ ਤੇ ਉਨ੍ਹਾਂ ਦੇ ਨੇੜੇ ਹੀ ਤਖ਼ਤ ਪੋਸ਼ ਦੇ ਇੱਕ ਕਿਨਾਰੇ ਤੇ ਬੈਠ ਗਿਆ। ਬੀਬੀ ਜੀ ਨੇ ਮੇਰੇ ਵੱਲ ਜ਼ਰਾ ਘੂਰ ਕੇ ਵੇਖਿਆ, ਪਤਾ ਨਹੀਂ ਉਨ੍ਹਾਂ ਨੂੰ ਮੇਰੇ ਮੱਥਾ ਟੇਕਣ ਦੀ ਬਜਾਏ, ਫਤਹਿ ਬੁਲਾਉਣ ਤੋਂ ਤਕਲੀਫ ਹੋਈ ਸੀ ਯਾ ਤਖ਼ਤ ਪੋਸ਼ ਤੇ ਬੈਠਣ ਤੋਂ? ਉਨ੍ਹਾਂ ਦੇ ਸ਼ਰਧਾਲੂ ਤਾਂ ਸ਼ਾਇਦ ਬਿਲਕੁਲ ਬਰਦਾਸ਼ਤ ਨਹੀਂ ਕਰ ਪਾ ਰਹੇ ਸਨ, ਮੇਰੇ ਵੱਲ ਘੂਰ ਘੂਰ ਕੇ ਵੇਖ ਰਹੇ ਸਨ। ਇੱਕ ਕੋਲੋਂ ਤਾਂ ਨਾ ਹੀ ਰਿਹਾ ਗਿਆ ਤੇ ਬੋਲ ਪਿਆ, ਭਾਈ ਸਾਹਿਬ, ਇਧਰ ਥੱਲੇ ਆਕੇ ਬੈਠੋ। ਬੀਬੀ ਜੀ ਆਪਣੇ ਹਿਰਦੇ ਦੀ ਵਿਸ਼ਾਲਤਾ ਵਿਖਾਉਂਦੇ ਹੋਏ ਫਟਾਫਟ ਬੋਲੇ, ਕੋਈ ਨਹੀਂ ਜੀ ਬੈਠੇ ਰਹੋ, ਅਤੇ ਨਾਲ ਹੀ ਉਸ ਸ਼ਰਧਾਲੂ ਨੂੰ ਹੱਥ ਨਾਲ ਟਿਕੇ ਰਹਿਣ ਦਾ ਇਸ਼ਾਰਾ ਕੀਤਾ। ਸ਼ਾਇਦ ਸਾਡੇ ਪਹੁੰਚਣ ਤੋਂ ਪਹਿਲਾਂ ਕਿਸੇ ਸ਼ਰਧਾਲੂ ਨੇ ਸੰਪਟ ਅਖੰਡ ਪਾਠ ਬਾਰੇ ਕੋਈ ਸੁਆਲ ਕੀਤਾ ਸੀ ਯਾ ਉਹ ਆਪ ਹੀ ਆਪਣੀ ਵਿਦਵਤਾ ਦਾ ਵਖਿਆਨ ਕਰ ਰਹੇ ਸਨ। ਉਹ ਮਹਾਰਾਜ ਜੀ (ਸਾਰੇ ਉਨ੍ਹਾਂ ਬੀਬੀ ਜੀ ਨੂੰ ਇਸੇ ਨਾਂ ਨਾਲ ਸੰਬੋਧਤ ਕਰ ਰਹੇ ਸਨ) ਬੜੀ ਸਹਿਜ ਨਾਲ ਦੱਸ ਰਹੇ ਸਨ, ਸੰਪਟ ਪਾਠ ਦੀ ਬਹੁਤ ਵੱਡੀ ਮਹੱਤਤਾ ਹੈ, ਵੱਡੇ ਮਹਾਪੁਰਖ ਦਸਿਆ ਕਰਦੇ ਸਨ ਕਿ ਜਿਸ ਨੇ ਜੀਵਨ ਵਿੱਚ ਇੱਕ ਸੰਪਟ ਪਾਠ ਕਰਾ ਲਿਆ, ਉਸ ਦੇ ਸੱਤ ਜਨਮਾਂ ਦੇ ਪਾਪ ਧੁਲ ਗਏ ਅਤੇ ਉਸ ਦੀਆਂ ਇਕ੍ਹੀ ਕੁੱਲਾਂ ਤਰ ਗਈਆਂ। ਪਰ ਸੰਪਟ ਪਾਠ ਦੀ ਮਰਿਯਾਦਾ ਬੜੀ ਭਾਰੀ ਹੈ, ਬਹੁਤ ਕਠਨ ਹੈ। ਹਰ ਕੋਈ ਪੂਰੀ ਨਹੀਂ ਕਰ ਸਕਦਾ। ਇਹ ਤਾਂ ਹੀ ਹੈ, ਜੇ ਪਾਠ ਪੂਰਨ ਮਰਿਯਾਦਾ ਨਾਲ ਕੀਤਾ ਜਾਵੇ। ਮੈਂ ਸਹਿਜੇ ਹੀ ਪੁੱਛ ਲਿਆ, ਭੈਣ ਜੀ! ਜੇ ਸੰਪਟ ਪਾਠ ਦੀ ਇਤਨੀ ਮਹੱਤਤਾ ਹੈ, ਤਾਂ ਫਿਰ ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਸੰਪਟ ਲਾਕੇ ਹੀ ਕਿਉਂ ਨਹੀਂ ਦਰਜ ਕਰ ਦਿੱਤੀ? ਕੀ ਸਤਿਗੁਰੂ ਨੂੰ ਇਸ ਮਹੱਤਤਾ ਬਾਰੇ ਨਹੀਂ ਸੀ ਪਤਾ? ਹੋਰ ਨਹੀਂ ਤਾਂ, ਉਹ ਘੱਟੋ-ਘੱਟ ਗੁਰਬਾਣੀ ਵਿੱਚ ਕਿਤੇ ਸੰਕੇਤ ਦੇਕੇ, ਸਿੱਖਾਂ ਨੂੰ ਵੀ ਇਹ ਮਹੱਤਤਾ ਸਮਝਾ ਦੇਂਦੇ ਕਿ ਸੰਪਟ ਲਾਕੇ ਪਾਠ ਕਰਨ ਨਾਲ ਇਤਨੀ ਮਹੱਤਤਾ ਵਧ ਜਾਂਦੀ ਹੈ। ਪਤਾ ਨਹੀਂ, ਉਸ ਅਖੌਤੀ ਮਹਾਰਾਜ ਜੀ ਨੂੰ, ਮੇਰਾ ਭੈਣ ਜੀ ਕਹਿਣਾ ਮਾੜਾ ਲੱਗਾ ਸੀ ਯਾ ਸੁਆਲ। ਹੋ ਸਕਦਾ ਹੈ ਦੋਵੇਂ ਹੀ ਹਜ਼ਮ ਕਰਨੇ ਔਖੇ ਹੋ ਰਹੇ ਹੋਣ, ਥੋੜ੍ਹੇ ਜਿਹੇ ਤਿੱਖੇ ਹੋਕੇ ਬੋਲੇ, "ਵੇਖੋ ਜੀ! ਇਹ ਤਾਂ ਸ਼ਰਧਾ ਅਤੇ ਵਿਸ਼ਵਾਸ ਦੀ ਗੱਲ ਹੈ, ਇਨ੍ਹਾਂ ਗੱਲਾਂ ਤੇ ਬਹਿਸ ਨਹੀਂ ਕਰੀ ਦੀ। ਗੁਰਬਾਣੀ ਵਿੱਚ ਤਾਂ ਸਭ ਕੁੱਝ ਲਿਖਿਆ ਹੋਇਆ ਹੈ, ਪਰ ਜੇ ਸ਼ਰਧਾ ਅਤੇ ਵਿਸ਼ਵਾਸ ਹੋਵੇ ਤਾਂ ਹੀ ਪੱਲੇ ਪੈਂਦਾ ਹੈ"। ਉਨ੍ਹਾਂ ਬੀਬੀ ਜੀ ਦੇ ਚਿਹਰੇ ਤੋਂ ਕੁੱਝ ਗੁੱਸਾ ਅਤੇ ਕੁੱਝ ਘਬਰਾਹਟ ਸਾਫ ਝਲਕ ਰਹੇ ਸਨ। ਹਾਲਾਂਕਿ ਮੈਨੂੰ ਮਹਿਸੂਸ ਹੋਇਆ, ਸੰਗਤ ਵਿਚੋਂ ਕਈ ਜਗਿਆਸਾ ਨਾਲ ਵੇਖ ਰਹੇ ਸਨ, ਪਰ ਜਿਉਂ ਹੀ ਮੈਂ ਮੁੜ ਗੱਲ ਕਰਨ ਲੱਗਾ, ਉਹੋ ਸ਼ਰਧਾਲੂ ਫਿਰ ਤਿੱਖਾ ਹੋਕੇ ਬੋਲ ਪਿਆ, ਭਾਈ ਸਾਹਿਬ ਸੰਗਤਾਂ ਮਹਾਪੁਰਖਾਂ ਕੋਲੋਂ ਕੁੱਝ ਪ੍ਰਾਪਤ ਕਰਨ ਆਈਆਂ ਹਨ, ਸਾਰੀ ਸੰਗਤ ਦਾ ਸਮਾਂ ਨਾ ਅਜਾਈਂ ਕਰੋ, ਤੁਸੀਂ ਫੇਰ ਕਿਤੇ ਆਕੇ ਆਪਣੇ ਸ਼ੰਕੇ ਦੂਰ ਕਰ ਲਿਓ। ਉਹ ਬੀਬੀ ਜੀ ਵੀ ਪੂਰੇ ਸ਼ਾਤਰ ਸਨ, ਜਿਹੜਾ ਸੱਜਣ ਸਾਡੇ ਨਾਲ ਹੀ ਆਪਣੀ ਗੱਡੀ ਵਿਚੋਂ ਉਤਰਿਆ ਸੀ, ਵੱਲ ਇਸ਼ਾਰਾ ਕਰਕੇ ਕਹਿਣ ਲੱਗੇ, ਭਾਈ ਇਹ ……… ਸਿੰਘ ਜੀ ਸਾਡੇ ਸੱਦੇ ਤੇ ਬਹੁਤ ਦੂਰੋਂ ਆਏ ਹਨ, ਅਸੀਂ ਇਨ੍ਹਾਂ ਨਾਲ ਕੁੱਝ ਜ਼ਰੂਰੀ ਗੱਲਾਂ ਕਰਨੀਆਂ ਹਨ, ਬਾਕੀ ਦੇ ਬਚਨ ਬਿਲਾਸ ਹੁਣ ਕੱਲ ਨੂੰ ਕਰਾਂਗੇ, ਕਹਿੰਦੇ ਉਠ ਕੇ ਅੰਦਰ ਕਮਰੇ ਵੱਲ ਨੂੰ ਤੁਰ ਪਏ ਅਤੇ ਉਹ ਵਿਅਕਤੀ ਵੀ ਮਗਰ ਤੁਰ ਗਿਆ।

ਵਾਪਸੀ ਤੇ ਮੇਰਾ ਮਿੱਤਰ ਕਹਿਣ ਲੱਗਾ, ਵੀਰ ਜੀ! ਇਨ੍ਹਾਂ ਮਹਾਪੁਰਖਾਂ ਦੀ ਕਮਾਈ ਤਾਂ ਬਹੁਤ ਹੈ, ਬਚਪਨ ਵਿੱਚ ਹੀ ਇਨ੍ਹਾਂ ਦੇ ਮਾਤਾ ਪਿਤਾ ਇਨ੍ਹਾਂ ਨੂੰ ਵੱਡੇ ਮਹਾਪੁਰਖਾਂ ਕੋਲ ਛੱਡ ਗਏ ਸਨ। ਇਨ੍ਹਾਂ ਸਾਰੀ ਜਿੰਦਗੀ ਵੱਡੇ ਮਹਾਪੁਰਖਾਂ ਦੀ ਸੇਵਾ ਵਿੱਚ ਹੀ ਬਿਤਾਈ ਹੈ। ਬੜਾ ਪਵਿਤਰ ਜੀਵਨ ਹੈ, ਸਾਰੀ ਜਿੰਦਗੀ ਵਿਆਹ ਨਹੀਂ ਕਰਾਇਆ। ਇਹ ਹੈ ਕਿ ਪੜ੍ਹੇ-ਲਿਖੇ ਬਿਲਕੁਲ ਨਹੀਂ ਹੋਏ, ਇਸ ਲਈ ਗੁਰੂ ਗ੍ਰੰਥ ਸਾਹਿਬ ਦਾ ਪਾਠ ਆਪ ਨਹੀਂ ਕਰ ਸਕਦੇ, ਇਨ੍ਹਾਂ ਜੋ ਕੁੱਝ ਪ੍ਰਾਪਤ ਕੀਤਾ ਹੈ, ਵੱਡੇ ਮਹਾਪੁਰਖਾਂ ਦੀ ਸੰਗਤ ਤੋਂ ਪ੍ਰਾਪਤ ਕੀਤਾ ਹੈ। ਮੈਂ ਆਪਣੇ ਮਿੱਤਰ ਦੀ ਗੱਲ ਤੇ ਬਹੁਤ ਹੈਰਾਨ ਹੋਇਆ ਅਤੇ ਜੁਆਬ ਦਿੱਤਾ, ਮੈਨੂੰ ਨਹੀਂ ਪਤਾ, ਤੁਸੀਂ ਕਿਹੜੀ ਕਮਾਈ ਦੀ ਗੱਲ ਕਰ ਰਹੇ ਹੋ, ਹਾਂ ਜਿਸ ਪਵਿੱਤਰਤਾ ਦੀ ਤੁਸੀਂ ਗੱਲ ਕਰ ਰਹੇ ਹੋ, ਜੇ ਵਿਆਹ ਨਾ ਕਰਵਾਉਣਾ ਪਵਿੱਤਰਤਾ ਹੈ, ਤਾਂ ਫਿਰ, ਸਾਡੇ ਕੋਈ ਗੁਰੂ ਸਾਹਿਬਾਨ ਤਾਂ ਪਵਿੱਤਰ ਨਾ ਹੋਏ, ਕਿਉਂਕਿ ਇੱਕ ਗੁਰੂ ਹਰਿਕਿਸ਼ਨ ਪਾਤਿਸ਼ਾਹ ਨੂੰ ਛੱਡਕੇ, ਜੋ ਨੌਂ ਸਾਲ ਦੀ ਬਾਲੜੀ ਉਮਰ ਵਿੱਚ ਹੀ ਅਕਾਲ ਪਾਇਆਣਾ ਕਰ ਗਏ ਸਨ, ਬਾਕੀ ਸਾਰੇ ਗੁਰੂ ਸਾਹਿਬਾਨ ਗ੍ਰਿਹਸਤੀ ਸਨ। ਜਿਨ੍ਹਾਂ ਪੈਂਤੀ ਸਖਸ਼ੀਅਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਹ ਸਾਰੇ ਗ੍ਰਿਹਸਤੀ ਸਨ, ਫਿਰ ਤਾਂ ਉਹ ਸਾਰੇ ਹੀ ਅਪਵਿੱਤਰ ਹੋਏ ਅਤੇ ਤੁਹਾਡੇ ਇਹ ਮਹਾਪੁਰਖ ਉਨ੍ਹਾਂ ਸਾਰਿਆਂ ਨਾਲੋਂ ਵਧੇਰੇ ਪਵਿੱਤਰ ਹੋ ਗਏ। ਮੈਂ ਸਾਰੀਆਂ ਗੱਲਾਂ ਪਾਸੇ ਵੀ ਛੱਡ ਦਿਆਂ, ਤਾਂ ਜਿਸ ਨੇ ਆਪ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਹੀਂ ਕੀਤਾ, ਜਿਸ ਨੇ ਸਾਰੀ ਜ਼ਿੰਦਗੀ ਗੁਰਮੁਖੀ ਦੇ ਅੱਖਰ ਸਿੱਖਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਆਪ ਗੁਰਬਾਣੀ ਪੜ੍ਹ ਸਕੇ, ਜਿਸ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਇਲਾਹੀ ਗਿਆਨ ਨਾਲ ਹੀ ਸਿਧੀ ਸਾਂਝ ਨਹੀਂ ਪਈ, ਜਿਸ ਦਾ ਆਪਣਾ ਜੀਵਨ ਹੀ ਗੁਰਮਤਿ ਅਨੁਸਾਰੀ ਨਹੀਂ, ਉਸ ਨੂੰ ਕੀ ਹੱਕ ਹੈ ਕਿ ਉਹ ਸਿੱਖੀ ਦਾ, ਗੁਰਮਤਿ ਦਾ ਪ੍ਰਚਾਰ ਕਰਦਾ ਫਿਰੇ? ਸ਼ਾਇਦ ਮੇਰੇ ਮਿੱਤਰ ਕੋਲ ਕਹਿਣ ਨੂੰ ਕੁੱਝ ਬਚਿਆ ਨਹੀਂ ਸੀ, ਇਹ ਉਸ ਦੀ ਬਾਕੀ ਰਸਤੇ ਦੀ ਚੁੱਪ ਤੋਂ ਜਾਪਦਾ ਸੀ।

ਐਸੇ ਧਾਰਮਿਕ ਗੁਰੂ ਦੇ ਚੇਲੇ ਭਲਾ ਜੀਵਨ ਵਿੱਚ ਕੀ ਖੱਟ ਕੇ ਜਾਣਗੇ? ਕੀ ਕਰਮ ਕਮਾਣਗੇ? ਸੱਚ ਧਰਮ ਦੀ ਸੋਝੀ ਨਾ ਪੈਣ ਕਾਰਨ, ਜੀਵਨ ਹਰ ਦਿਨ ਨਿਘਾਰ ਵਲ ਵਧਦਾ ਜਾਵੇਗਾ। ਕਰਮਕਾਂਡਾਂ ਅਤੇ ਮਾਇਆ ਦੀ ਗਲਤਾਣ ਵਿੱਚ ਘਿਰਿਆ ਆਪਣਾ ਜੀਵਨ ਵੀ ਅਜਾਈਂ ਚਲਾ ਜਾਵੇਗਾ ਅਤੇ ਆਪਣੀਆਂ ਆਣ ਵਾਲੀਆਂ ਪੁਸ਼ਤਾਂ ਨੂੰ ਵੀ ਇਹੀ ਕੂੜ ਵਿਰਾਸਤ ਵਿੱਚ ਦੇ ਜਾਣਗੇ। ਹਾਂ ਇਹ ਜ਼ਰੂਰ ਹੈ ਕਿ ਮਾਇਆ ਵਿੱਚ ਗਲਤਾਨ ਦੁਨੀਆਵੀ ਸੁੱਖ ਦੇ ਕੁੱਝ ਝੂਠੇ ਝੂਟੇ ਜ਼ਰੂਰ ਝੂਲ ਜਾਣਗੇ। ਸਤਿਗੁਰੂ ਦੀ ਪਾਵਨ ਬਾਣੀ ਫੁਰਮਾਂਦੀ ਹੈ:

"ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ।। ਓਇ ਭਾਣੈ ਚਲਨਿ ਆਪਣੈ ਨਿਤ ਝੂਠੋ ਝੂਠੁ ਬੋਲੇਨਿ।।

ਕੂੜੁ ਕੁਸਤੁ ਕਮਾਵਦੇ ਪਰ ਨਿੰਦਾ ਸਦਾ ਕਰੇਨਿ।। ਓਇ ਆਪਿ ਡੁਬੇ ਪਰ ਨਿੰਦਕਾ ਸਗਲੇ ਕੁਲ ਡ+ਬੇਨਿ।। " {ਮਃ ੩, ਪੰਨਾ ੯੫੧}

ਜਿਨ੍ਹਾਂ ਮਨੁੱਖਾਂ ਦਾ ਗੁਰੂ (ਆਪ) ਅਗਿਆਨੀ ਅੰਨ੍ਹਾ ਹੈ ਉਹ ਸਿੱਖ ਭੀ ਅੰਨ੍ਹੇ ਕੰਮ (ਭਾਵ, ਮੰਦੇ ਕੰਮ) ਹੀ ਕਰਦੇ ਹਨ; (ਅੰਨ੍ਹੇ ਗੁਰੂ ਦੇ) ਉਹ (ਸਿੱਖ) ਆਪਣੀ ਮਰਜ਼ੀ ਦੇ ਮਗਰ ਲੱਗਦੇ ਹਨ, ਤੇ ਸਦਾ ਝੂਠ ਬੋਲਦੇ ਹਨ; ਝੂਠ ਤੇ ਠੱਗੀ ਕਮਾਂਦੇ ਹਨ, ਸਦਾ ਦੂਜਿਆਂ ਦੀ ਨਿੰਦਿਆ ਕਰਦੇ ਹਨ; ਦੂਜਿਆਂ ਦੀ ਨਿੰਦਾ ਕਰਨ ਵਾਲੇ ਉਹ ਮਨੁੱਖ ਆਪ ਭੀ ਡੁੱਬਦੇ ਹਨ ਤੇ ਆਪਣੀਆਂ ਸਾਰੀਆਂ ਕੁਲਾਂ ਭੀ ਗ਼ਰਕ ਕਰਦੇ ਹਨ।

ਹੁਣ ਕੁੱਝ ਲੋਕ ਆਖਣਗੇ ਕਿ ਇਨ੍ਹਾਂ ਅਖੋਤੀ ਸੰਤਾਂ, ਮਹਾਪੁਰਖਾਂ ਕੋਲ ਤਾਂ ਬੜੇ ਬੜੇ ਪੜ੍ਹੇ-ਲਿਖੇ, ਉੱਚ ਅਹੁਦਿਆਂ ਤੇ ਸੁਸ਼ੋਭਿਤ ਅਫਸਰ ਵੀ ਆਉਂਦੇ ਅਤੇ ਬੜੇ ਬੜੇ ਰਾਜਨੀਤਕ ਲੋਕ ਵੀ ਸੀਸ ਨਿਵਾਉਂਦੇ ਹਨ, ਭਲਾ ਉਹ ਵੀ ਅਗਿਆਨੀ ਹਨ? ਇਸ ਗੱਲ ਨੂੰ ਗਹਿਰਾਈ ਵਿੱਚ ਵਿਚਾਰਨ ਤੋਂ ਪਹਿਲਾਂ ਅਗਿਆਨ, ਅਗਿਆਨਤਾ ਅਤੇ ਅਗਿਆਨੀ ਸ਼ਬਦ ਦੇ ਉਹ ਅਰਥ ਵੇਖੀਏ ਜੋ ਭਾਈ ਕਾਹਨ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਵਿੱਚ ਦਿੱਤੇ ਹਨ।

ਅਗਿਆਨ: ਸੰ. - ਨਾ ਜਾਨਣ ਦੀ ਦਸ਼ਾ. ਮੂਰਖਤਾ. ਅਨਜਾਨਪੁਣਾ. ਅਵਿਦਯਾ."ਗਿਆਨ ਅੰਜਨ ਗੁਰੁ ਦੀਆ ਅਗਿਆਨ ਅੰਧੇਰ ਬਿਣਾਸ. " (ਸੁਖਮਨੀ)

ਅਗਿਆਨਤਾ: ਸੰ. - ਮੂਰਖਤਾ. ਨਾਦਾਨੀ. ਬੇਸਮਝੀ."ਗੁਰੁ ਕਾਟੀ ਅਗਿਆਨਤਾ" (ਆਸਾ ਮ: ੫)

ਅਗਿਆਨਿ, ਅਗਿਆਨੀ: ਸੰ. ਵਿ-ਗਿਯਾਨ-ਹੀਨ, ਮੂਰਖ. ਬੇਸਮਝ."ਅਗਿਆਨੀ ਅੰਧਾ ਮਗੁ ਨ ਜਾਣੈ" (ਮਾਝ ਅ: ਮ: ੧) ੨. ਕ੍ਰਿ. ਵਿ-ਅਚਾਨਕ. ਪਤਾ ਲੱਗਣ ਤੋਂ ਬਿਣਾ."ਬਿਣਸੈ ਕਾਚੀ ਦੇਹ ਅਗਿਆਨੀ. " (ਸੋਰ ਮ: ੫)

ਸੋ ਅਗਿਆਨ ਹੈ, ਕਿਸੇ ਚੀਜ਼ ਜਾਂ ਵਿਸ਼ੇ ਬਾਰੇ ਨਾ ਜਾਨਣਾ ਅਤੇ ਅਗਿਆਨੀ ਹੈ, ਬੇਸਮਝ ਭਾਵ ਨਾ-ਜਾਨਣ ਵਾਲਾ। ਅੱਜ ਦੇ ਪੜ੍ਹੇ-ਲਿਖੇ ਯੁੱਗ ਵਿੱਚ ਮਨੁੱਖ ਹਰ ਵਿਸ਼ੇ ਬਾਰੇ, ਹਰ ਚੀਜ਼ ਬਾਰੇ ਜਾਨਣਾ ਚਾਹੁੰਦਾ ਹੈ, ਕਿ ਉਸ ਦੀ ਬਣਾਵਟ ਕੀ ਹੈ? ਇਸੇ ਲਈ ਹਰ ਵਸਤੂ ਉਤੇ ਲਿਖਣਾ ਜ਼ਰੂਰੀ ਹੈ ਕਿ ਉਸ ਦੇ ਬਣਾਉਣ ਵਿੱਚ ਕੀ ਸਮੱਗਰੀ ਵਰਤੀ ਗਈ ਹੈ। ਭਾਵੇਂ ਉਹ ਕੋਈ ਦਵਾਈ ਹੋਵੇ, ਖਾਣ-ਪੀਣ ਦੀ ਚੀਜ਼ ਹੋਵੇ, ਪਹਿਨਣ ਦੀ ਜਾਂ ਹੋਰ ਕਿਸੇ ਵਰਤੋਂ ਦੀ। ਇਹ ਇੱਕ ਵੱਡਾ ਸੰਤਾਪ ਹੈ ਕਿ ਧਰਮ ਦੀ ਦੁਨੀਆਂ ਵਿੱਚ ਮਨੁੱਖ ਕੁੱਝ ਵੀ ਜਾਨਣਾ ਨਹੀਂ ਚਾਹੁੰਦਾ। ਚਲੋ ਦੂਸਰਿਆਂ ਦੀ ਗੱਲ ਤਾਂ ਹੋਈ ਪਰ ਸਿੱਖ ਤਾਂ ਸਾਹਿਬੇ ਗਿਆਨ ਹੈ, ਉਸ ਨੂੰ ਤਾਂ ਜੋੜਿਆ ਹੀ ਗਿਆਨ ਨਾਲ ਗਿਆ ਹੈ। ਗਿਆਨ ਦੇ ਸਾਗਰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਗਿਆ ਹੈ। ਪਰ ਹੈਰਾਨਗੀ ਦੀ ਗੱਲ ਹੈ ਕਿ ਬਹੁਤਾਤ ਸਿੱਖ ਗੁਰਬਾਣੀ ਰਟੀ ਜਾ ਰਿਹਾ ਹੈ, ਕਦੇ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਕਿ ਜੋ ਪੜ੍ਹ ਰਿਹਾ ਹਾਂ, ਇਸ ਦਾ ਭਾਵ ਕੀ ਹੈ? ਇਸ ਰਾਹੀਂ ਉਪਦੇਸ਼ ਅਤੇ ਸੰਦੇਸ਼ ਕੀ ਮਿਲ ਰਿਹਾ ਹੈ? ਪੁਰਾਤਨ ਸਮੇਂ ਤੋਂ ਇਹ ਪ੍ਰਚਲਤ ਕਰ ਦਿੱਤਾ ਗਿਆ ਕਿ ਧਰਮ ਕੇਵਲ ਵਿਸ਼ਵਾਸ ਦੀ ਚੀਜ਼ ਹੈ, ਅਕਲ ਨਾਲ ਕੁੱਝ ਵੀ ਜਾਨਣ ਦੀ ਲੋੜ ਨਹੀਂ। ਇਸ ਨੂੰ ਬੜਾ ਭਾਵੁਕ ਜਿਹਾ ‘ਪ੍ਰੇਮਾ ਭਗਤੀ` ਦਾ ਨਾਂਅ ਦਿੱਤਾ ਗਿਆ। ਸੰਸਾਰ ਵਿੱਚ ਇਹ ਪਹਿਲੀ ਵਾਰੀ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਪਾਤਿਸ਼ਾਹ ਦੀ ਪਾਵਨ ਬਾਣੀ ਨੇ ਸੰਸਾਰ ਨੂੰ ਇਹ ਸਮਝਾਇਆ ਕਿ ਧਰਮ ਅੰਧ ਵਿਸ਼ਵਾਸ ਦਾ ਨਹੀਂ ਬਲਕਿ ਗਿਆਨ ਦਾ ਵਿਸ਼ਾ ਹੈ। ਭਗਤ ਕਬੀਰ ਜੀ ਦੇ ਬਹੁਤ ਸੁੰਦਰ ਬਚਨ ਹਨ:

"ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ।।

ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ।। ੧੫੫।। " {ਪੰਨਾ ੧੩੭੨}

ਸਿੱਖ ਮਤਿ ਦੀ ਉਤਪਤੀ ਧਾਰਮਿਕ ਸੰਸਾਰ ਦੇ ਖੇਤਰ ਵਿੱਚ ਇੱਕ ਵੱਡਾ ਇਨਕਲਾਬ ਸੀ। ਜੇਕਰ ਗੁਰੂ ਨਾਨਕ ਪਾਤਿਸ਼ਾਹ ਨੇ ‘ਸਬਦੁ ਗੁਰੂ ਸੁਰਤਿ ਧੁਨਿ ਚੇਲਾ।। ` {ਰਾਮਕਲੀ ਮਹਲਾ ੧ ਸਿਧ ਗੋਸਟਿ, ਪੰਨਾ ੯੪੩} ਦਾ ਹੋਕਾ ਦੇਕੇ ਇਸ ਇਨਕਲਾਬ ਦੀ ਨੀਂਹ ਰੱਖੀ ਤਾਂ ਗੁਰੂ ਅਮਰਦਾਸ ਸਾਹਿਬ ਨੇ ‘ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ।। " {ਮ: ੩, ਪੰਨਾ ੬੪੬} ਦੀ ਅਮੋਲਕ ਸਿੱਖਿਆ ਨਾਲ ਇਸ ਸਿਧਾਤ ਦੀ ਪ੍ਰੋੜਤਾ ਅਤੇ ਵਿਆਖਿਆ ਕੀਤੀ। ਭਾਵੇਂ ਉਸ ਸਮੇਂ ਅਜੇ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਅਤੇ ਸੰਪਾਦਨ ਨਹੀਂ ਸੀ ਹੋਇਆ ਫਿਰ ਵੀ ਗੁਰੂ ਰਾਮਦਾਸ ਸਾਹਿਬ ਨੇ, ‘ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ।। ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ।। ` {ਨਟ ਮਹਲਾ ੪, ਪੰਨਾ ੯੮੨} ਦੇ ਅਮੋਲਕ ਬਚਨਾਂ ਨਾਲ ਗੁਰਬਾਣੀ ਦੁਆਰਾ ਪ੍ਰਾਪਤ ਹੁੰਦੇ ਇਲਾਹੀ ਗਿਆਨ ਅਤੇ ਉਸ ਦੁਆਰਾ ਹੁੰਦੇ ਜੀਵਨ ਵਿਕਾਸ ਦੀ ਮਹੱਤਤਾ ਦ੍ਰਿੜ ਕਰਾਈ। ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੁਆਰਾ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਤੇ ਸੁਸ਼ੋਭਿਤ ਕਰਨਾ ਇਸ ਧਾਰਮਿਕ ਇਨਕਲਾਬ ਦਾ ਸਿਖਰ ਸੀ। ਮਨੁੱਖਤਾ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਸੀ ਕਿ ਕਿਸੇ ਕੌਮੀ ਰਹਿਬਰ ਨੇ ਆਪਣੇ ਪੈਰੋਕਾਰਾਂ ਨੂੰ ਗਿਆਨ ਦੇ ਲੜ ਲਾਇਆ ਸੀ। ਇਹ ਸਾਡੀ ਅਗਿਆਨਤਾ ਦਾ ਵੀ ਸਿਖਰ ਹੈ ਕਿ ਅਸੀਂ ਗੁਰਬਾਣੀ ਦੁਆਰਾ ਬਖਸ਼ਿਸ਼ ਕੀਤੇ ਇਸ ਅਲੌਕਿਕ ਗਿਆਨ ਨੂੰ ਪ੍ਰਾਪਤ ਕਰਕੇ ਜੀਵਨ ਨੂੰ ਗੁਣਾਂ ਨਾਲ ਸ਼ਿੰਗਾਰਨ ਦੀ ਬਜਾਏ, ਕੇਵਲ ਇਸ ਦੀ ਪੂਜਾ ਤੱਕ ਸੀਮਿਤ ਹੋ ਗਏ ਹਾਂ। ਨਤੀਜਾ ਇਹ ਕਿ ਗਿਆਨ ਦੇ ਸਭ ਤੋਂ ਮਹਾਨ ਸੋਮੇ ਨਾਲ ਜੁੜ ਕੇ ਵੀ ਅਗਿਆਨੀ ਹੀ ਤੁਰੇ ਫਿਰਦੇ ਹਾਂ। ਇਸ ਤਰ੍ਹਾਂ ਇਹ ਉੱਚ ਦੁਨਿਆਵੀ ਵਿਦਿਆ ਪ੍ਰਾਪਤ, ਉੱਚ ਅਹੁਦਿਆਂ ਤੇ ਸੁਸ਼ੋਭਤ ਵਿਅਕਤੀ ਵੀ ਧਰਮ ਦੀ ਦੁਨੀਆਂ ਵਿੱਚ ਤਾਂ ਅਗਿਆਨੀ ਹੀ ਹਨ। ਇਸ ਅਗਿਆਨਤਾ ਨੂੰ ਫੈਲਾਉਣ ਵਿੱਚ ਵੀ ਇਨ੍ਹਾਂ ਡੇਰਿਆਂ ਦਾ ਸਭ ਤੋਂ ਵੱਡਾ ਹੱਥ ਹੈ। ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦਾ ਢੋਂਗ ਰੱਚ ਕੇ ਇਨ੍ਹਾਂ ਸਿੱਖਾਂ ਨੂੰ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਵਿੱਚ ਉਲਝਾ ਕੇ ਰਖਿਆ ਹੋਇਆ ਹੈ, ਕਿਉਂਕਿ ਇਹੀ ਇਨ੍ਹਾਂ ਦੀ ਦੁਕਾਨਦਾਰੀ ਦੀ ਵੱਡੀ ਕਾਮਯਾਬੀ ਹੈ। ਇਹ ਜਾਣਦੇ ਹਨ ਕਿ ਜਿਸ ਦਿਨ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਦੇ ਅਲੌਕਿਕ ਗਿਆਨ ਨਾਲ ਸਾਂਝ ਪਾ ਲਈ, ਇਨ੍ਹਾਂ ਦੀਆਂ ਦੁਕਾਨਦਾਰੀਆਂ ਬੰਦ ਹੋ ਜਾਣੀਆਂ ਹਨ।

ਇਹ ਅਗਿਆਨਤਾ ਹੀ ਹੈ ਜਿਸ ਕਾਰਨ ਇੱਕ ਮਨੁੱਖ ਕਿਸੇ ਦੂਸਰੇ ਮਨੁੱਖ ਕੋਲੋਂ ਕੋਈ ਬਖਸ਼ਿਸ਼ ਪ੍ਰਾਪਤ ਕਰਨ ਦੀ ਆਸ ਰੱਖਣ ਲਗ ਪੈਂਦਾ ਹੈ, ਅਗਿਆਨਤਾ ਹੀ ਹੈ ਜਿਸ ਕਾਰਨ ਭੋਲੇ-ਭਾਲੇ ਲੋਕ ਇਹ ਸਮਝਣ ਲੱਗ ਪੈਂਦੇ ਹਨ ਕਿ ਕੋਈ ਵਿਅਕਤੀ ਆਪਣੇ ਕਿਸੇ ਜੰਤਰ ਮੰਤਰ ਜਾਂ ਵਿਖਾਵੇ ਦੀ ਅਧਿਆਤਮਕ ਸ਼ਕਤੀ ਦੁਆਰਾ ਅਕਾਲ-ਪੁਰਖ ਦੇ ਅਟੱਲ ਨੇਮ ਅਤੇ ਉਸ ਦੀ ਰਜ਼ਾ ਬਦਲ ਸਕਦਾ ਹੈ, ਅਗਿਆਨਤਾ ਹੀ ਹੈ ਜਿਸ ਕਾਰਨ ਕਈ ਵਿਅਕਤੀ ਇਹ ਸਮਝਣ ਲੱਗ ਪੈਂਦੇ ਹਨ ਕਿ ਉਨ੍ਹਾਂ ਦੇ ਕੀਤੇ ਕਿਸੇ ਕਰਮਕਾਂਡ ਨਾਲ ਉਨ੍ਹਾਂ ਦੇ ਕੀਤੇ ਕਰਮ ਬਦਲ ਜਾਣਗੇ, ਅਗਿਆਨਤਾ ਹੀ ਹੈ ਜੋ ਮਨੁੱਖ ਨੂੰ ਮਨੁੱਖ ਦੇ ਚਰਨਾਂ ਤੇ ਮੱਥਾ ਟਿਕਾ ਦੇਂਦੀ ਹੈ। ਲੋਕਾਈ ਦੀ ਇਹ ਅਗਿਆਨਤਾ, ਇਨ੍ਹਾਂ ਧੁਰਤ ਬਾਬਿਆਂ ਵਾਸਤੇ ਵਰਦਾਨ ਹੈ। ਲੋਕਾਈ ਦੀ ਇਸ ਅਗਿਆਨਤਾ ਕਾਰਨ ਹੀ ਇਨ੍ਹਾਂ ਦੀਆਂ ਦੁਕਾਨਦਾਰੀਆਂ ਪ੍ਰਫੁਲੱਤ ਹੁੰਦੀਆਂ ਹਨ, ਲੋਕ ਇਨ੍ਹਾਂ ਦੇ ਚਰਨਾਂ ਤੇ ਮੱਥੇ ਟੇਕਦੇ ਹਨ, ਇਨ੍ਹਾਂ ਕੋਲੋਂ ਅਸੀਸਾਂ ਦੇ ਨਾਂ ਤੇ ਟੋਟਕੇ ਲੈਣ ਜਾਂਦੇ ਹਨ, ਇਨ੍ਹਾਂ ਨੂੰ ਹਜ਼ਾਰਾਂ ਰੁਪਏ ਭੇਟ ਕਰਦੇ ਹਨ।

(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਸੰਪੂਰਨਤਾ ਦੇ ਨੇੜੇ ਹੈ। ਇਸ ਦਾ ਇੱਕ ਭਾਗ ਹਰ ਹਫਤੇ ਇਸ ਵੈਬ ਸਾਈਟ ਤੇ ਛਾਪਿਆ ਜਾ ਰਿਹਾ ਹੈ। ਸੂਝਵਾਨ ਪਾਠਕਾਂ ਨੂੰ ਇਸ ਬਾਰੇ ਉਸਾਰੂ ਸੁਝਾਅ ਦੇਣ ਦੀ ਬੇਨਤੀ ਕੀਤੀ ਜਾਂਦੀ ਹੈ। ਕਿਤਾਬ ਛਪਣ ਤੋਂ ਪਹਿਲਾਂ ਆਏ ਹਰ ਸੁਝਾਅ ਨੂੰ ਜੀ ਆਇਆ ਆਖਿਆ ਜਾਵੇਗਾ ਅਤੇ ਲੇਖਕ ਸੁਝਾਅ ਭੇਜਣ ਵਾਲਿਆਂ ਦਾ ਧੰਨਵਾਦੀ ਹੋਵੇਗਾ)

ਰਾਜਿੰਦਰ ਸਿੰਘ

(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)

email: [email protected]




.