.

ਅਰਦਾਸ

ਅਰਦਾਸ ਮਨੁੱਖਾ ਜੀਵਨ ਦਾ ਇੱਕ ਵਿਆਪਕ ਸਿੱਧਾਂਤ ਹੈ। ਇਹ ਸਿੱਧਾਂਤ ਉਤਨਾ ਹੀ ਪੁਰਾਣਾ ਹੈ ਜਿਤਨੀ ਪੁਰਾਣੀ ਸਿਰਜਨਹਾਰ ਦੀ ਸਿਰਜੀ ਅਸੀਮ ਸ੍ਰਿਸ਼ਟੀ ਅਤੇ ਇਸ ਵਿਸ਼ਾਲ ਸ੍ਰਿਸ਼ਟੀ ਵਿੱਚ ਵਿਚਰਦੀ ਰੰਗ ਬਰੰਗੀ ਮਨੁੱਖਤਾ। ਅਰਦਾਸ ਦਾ ਸੰਬੰਧ ਮੂਲ ਰੂਪ ਵਿੱਚ ਮਨ ਨਾਲ ਹੁੰਦਾ ਹੈ। ਜਦੋਂ ਮਨੁੱਖ ਦਾ ਮਨ ਕਿਸੇ ਦੁੱਖੋਂ ਡੋਲਦਾ ਹੈ ਤਾਂ ਉਸ ਦੇ ਮੂੰਹੋਂ ਆਪ ਮੁਹਾਰੇ ਮਦਦ ਵਾਸਤੇ ਗੁਹਾਰ ਨਿਕਲਦੀ ਹੈ; ਅਤੇ ਜਦ ਕਦੇ ਕਿਸੇ ਪ੍ਰਾਪਤੀ ਦੀ ਖ਼ੁਸ਼ੀ ਸਦਕਾ ਮਨ ਖਿੜਦਾ ਹੈ ਤਾਂ ਸੁਭਾਵਕ ਹੀ ਹਿਰਦੇ ਵਿੱਚੋਂ ਖ਼ੁਸ਼ੀ ਦੇ ਦਾਤੇ ਲਈ ਸ਼ੁਕਰਾਨੇ ਦੇ ਸ਼ਬਦ ਨਿਕਲਦੇ ਹਨ ਮਨੋਂ ਨਿਕਲੀ ਗੁਹਾਰ ਜਾਂ ਸ਼ੁਕਰਾਨੇ ਦੇ ਸ਼ਬਦਾਂ ਨੂੰ ਹੀ ਅਰਦਾਸ ਕਿਹਾ ਜਾਂਦਾ ਹੈ।

ਕੁਝ ਵਿਦਵਾਨ ਅਰਦਾਸ ਪਦ ਦੀ ਵਿਉਤਪਤੀ ਫ਼ਾਰਸੀ/ਅਰਬੀ ਦੇ ਦੋ ਲਫ਼ਜ਼ਾਂ ਅਰਜ਼ ਜਾਂ ਅਰਜ਼ਦਾਸ਼ਤ ਤੋਂ ਹੋਈ ਦੱਸਦੇ ਹਨ। ਅਰਜ਼ ਅਰਬੀ ਬੋਲੀ ਦਾ ਲਫ਼ਜ਼ ਹੈ, ਜਿਸ ਦੇ ਅਰਥ ਹਨ: ਜ਼ਾਹਿਰ ਕਰਨਾ, ਮਾਲਿਕ ਅੱਗੇ ਦਿਲ ਦੀ ਮੁਰਾਦ ਦਾ ਇਜ਼ਹਾਰ (ਪ੍ਰਗਟਾਵਾ) ਕਰਨਾ

ਸਚਾ ਅਰਜੁ ਸਚੀ ਅਰਦਾਸਿ॥ ਮਹਲੀ ਖਸਮੁ ਸੁਣੇ ਸਾਬਾਸਿ॥

ਸਚੈ ਤਖਤਿ ਬੁਲਾਵੈ ਸੋਇ॥ ਦੇ ਵਡਿਆਈ ਕਰੇ ਸੁ ਹੋਇ॥ ਆਸਾ ਮ: ੧

ਅਰਜ਼ਦਾਸ਼ਤ ਵੀ ਅਰਬੀ ਬੋਲੀ ਦਾ ਹੀ ਲਫ਼ਜ਼ ਹੈ; ਇਸ ਦੇ ਮਅਨੇ ਹਨ: ਅਰਜ਼ੀ, ਦਰਖ਼ਵਾਸਤ, ਗੁਜ਼ਾਰਸ਼, ਬੇਨਤੀ।

ਕਈ ਵਿਦਵਾਨ ਅਰਦਾਸ ਸ਼ਬਦ ਦੀ ਨਿਰੁਕਤੀ ਸਨਾਤਨੀ ਭਾਸ਼ਾ ਸੰਸਕ੍ਰਿਤ ਵਿੱਚੋਂ ਹੋਈ ਕਹਿੰਦੇ ਹਨ। ਉਨ੍ਹਾਂ ਅਨੁਸਾਰ, ਅਰਦਾਸ ਇੱਕ ਸ਼ਬਦ-ਜੁੱਟ ਹੈ ਜੋ ਸੰਸਕ੍ਰਿਤ ਦੇ ਦੋ ਸ਼ਬਦਾਂ, ਅਰਦ ਅਤੇ ਆਸ਼ਾ, ਦੇ ਸੁਮੇਲ ਤੋਂ ਬਣਿਆ ਹੈ। ਅਰਦੑ ਦੇ ਅਰਥ ਹਨ: ਮਾਂਗਨਾ, ਪ੍ਰਾਰਥਨਾ ਕਰਨਾ, ਨਿਵੇਦਨ ਕਰਨਾ। ਚਰਣ ਬੰਦਨਾ ਅਮੋਲ ਦਾਸਰੋ ਦੇਂਉ ਸਾਧ ਸੰਗਤਿ ਅਰਦਾਗਿਓ॥ ਕਰੋ ਕ੍ਰਿਪਾ ਮੋਹਿ ਪ੍ਰਭੂ ਮਿਲਾਵਹੁ ਨਿਮਖ ਦਰਸੁ ਪੇਖਾਗਿਓ॥ ਸਾਰੰਗ ਮ: ੫ (ਸਾਧ ਸੰਗਤਿ ਅਰਦਾਗਿਓ: ਸਾਧ ਸੰਗਤ ਅੱਗੇ ਅਰਦਾਸ ਕਰਦਾ ਹਾਂ, ਸਾਧ ਸੰਗਤ ਤੋਂ ਮੰਗਦਾ ਹਾਂ।) ਆਸ: ਸੰ: ਆਸ਼ਾ ਦੇ ਅਰਥ ਹਨ: ਕਾਮਨਾ, ਤਮੱਨਾ*, ਉਮੀਦ**, ਮੁਰਾਦ**, ਖ਼ਵਾਹਿਸ਼, ਤਵੱਕੋ, ਲਾਲਸਾ, ਆਰਜ਼ੂ।

ਸੋ, ਅਰਦਾਸ ਦੇ ਅਰਥ ਹੋਏ: ਮਨ ਦੀਆਂ ਮੁਰਾਦਾਂ/ਮਨੋਕਾਮਨਾਵਾਂ ਦੀ ਪੂਰਤੀ ਲਈ ਇਸ਼ਟ ਦੇਵ/ਮਾਲਿਕ/ਦਾਤੇ ਅੱਗੇ ਨਮਰਤਾ ਨਾਲ ਬੇਨਤੀ।

(ਨੋਟ:-1. *ਤਮੱਨਾ ਫ਼ਾਰਸੀ ਬੋਲੀ ਦਾ ਲਫ਼ਜ਼ ਹੈ ਤੇ ਤਮੱਨੀ ਅਰਬੀ ਬੋਲੀ ਦਾ; ਇਨ੍ਹਾਂ ਦੋਨਾਂ ਪਦਾਂ ਦਾ ਇੱਕੋ ਹੀ ਅਰਥ ਹੈ: ਕਾਮਨਾ ਕਰਨਾ, ਖ਼ਵਾਹਿਸ਼ ਕਰਨਾ, ਆਰਜ਼ੂ ਕਰਨਾ। 2. **ਵਾਹਦਤ ਪਰਸਤ (ਅਦਵੈਤਵਾਦੀ) ਅਰਥਾਤ ਇੱਕੋ ਰੱਬ ਦੀ ਬੰਦਗੀ ਵਿੱਚ ਵਿਸ਼ਵਾਸ ਰੱਖਣ ਵਾਲੇ ਫ਼ਕੀਰ, ਮਨ ਦੀਆਂ ਮੁਰਾਦਾਂ/ਉਮੀਦਾਂ (ਆਸ਼ਾਵਾਂ) ਪੂਰੀਆਂ ਕਰਨ ਵਾਲੇ ਰੱਬ/ਖ਼ੁਦਾ ਨੂੰ ਉਮੀਦ ਬਖ਼ਸ਼ ਜਾਂ ਮੁਰਾਦ ਬਖ਼ਸ਼ ਕਹਿ ਕੇ ਵੀ ਯਾਦ ਕਰਦੇ ਹਨ।)

ਅਰਦਾਸ ਦੇ ਅਤਿ ਸਨਮਾਨਿਤ ਤੇ ਵਿਆਪਕ ਵਿਸ਼ੇ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਅਰਦਾਸ ਦੇ ਕੁੱਝ ਇੱਕ ਸਮਾਨਾਰਥੀ ਸ਼ਬਦਾਂ ਦੇ ਅਰਥ ਜਾਣ ਲੈਣਾ ਜ਼ਰੂਰੀ ਹੈ:

ਪ੍ਰਾਰਥਨਾ: ਕਾਮਨਾ, ਅਨੁਰੋਧ, ਨਿਵੇਦਨ, ਨਮਰਤਾ ਨਾਲ ਦਿਲੋਂ ਮੰਗਨਾ……।

ਬੇਨਤੀ: ਤਰਲਾ ਕਰਕੇ ਮੰਗਨਾ, ਹਾੜੇ ਕੱਢਣੇ।

ਕਹਿ ਕਬੀਰ ਇਹ ਬਿਨਤੀ ਸੁਨੀਅਹੁ ਮਤ ਘਾਲਹੁ ਜਮ ਕੀ ਖਬਰੀ॥ ਰਾਗੁ ਬਿਲਾਵਲ ਕਬੀਰ ਜੀ

ਨਾਨਕ ਕੀ ਪ੍ਰਭ ਬੇਨਤੀ ਹਰਿ ਭਾਵੈ ਬਖਸਿ ਮਿਲਾਇ॥ ਸਲੋਕ ਮ: ੩

ਨਾਨਕ ਕੀ ਬੇਨੰਤੀ ਹਰਿ ਪਹਿ ਗੁਰ ਮਿਲਿ ਗੁਰ ਸੁਖੁ ਪਾਈ॥ ਸੂਹੀ ਮ: ੪

ਬਿਨਵੰਤਿ ਨਾਨਕ ਸੁਣਹੁ ਬਿਨਤੀ ਪ੍ਰਭ ਕਰਣ ਕਾਰਣ ਸਮਰਥ॥ ਵਡਹੰਸ ਮ: ੫

ਰਹਿਰਾਸ: ਬੇਨਤੀ, ਅਰਜ਼, ਦੁਆ। ਤਿਸੁ ਆਗੈ ਰਹਰਾਸਿ ਹਮਾਰੀ ਸਾਚਾ ਅਪਰ ਅਪਾਰੋ॥ ਸਿਧ ਗੋਸਟਿ ਮ: ੧

ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ॥

ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ॥ ਗੂਜਰੀ ਮ: ੪

ਦੁਆ: ਅ: ਪੁਕਾਰਨਾ, ਖ਼ਵਾਹਿਸ਼ ਕਰਨਾ, ਮਾਂਗਨਾ। ਨਾਨਕ ਮਨਮੁਖਿ ਬੋਲਣੁ ਵਾਉ॥ ਅੰਧਾ ਅਖਰੁ ਵਾਉ ਦੁਆਉ॥ ਗਉੜੀ ਮ: ੧

ਫ਼ਰਯਾਦ: ਫ਼ਾ: ਮਾਂਗਨੇ ਕੇ ਲੀਏ ਦੁਹਾਈ ਦੇਣਾ, ਮਦਦ ਵਾਸਤੇ ਚਿੱਲਾਉਣਾ।

ਅਰਦਾਸ ਅਤੇ ਇਸ ਪਦ ਦੇ ਸਾਰੇ ਸਮਾਨਾਰਥੀ ਸ਼ਬਦਾਂ ਦੇ ਇੱਕੋ ਹੀ ਭਾਵ ਅਰਥ ਨਿਕਲਦੇ ਹਨ:

ਇਸ਼ਟ ਦੇਵ/ਦਾਤੇ/ਠਾਕੁਰ ਅੱਗੇ ਲੋੜੀਂਦੀ ਵਸਤੂ ਵਾਸਤੇ ਸੱਚੀ ਸ਼੍ਰੱਧਾ ਤੇ ਨਮਰਤਾ ਨਾਲ ਯਾਚਨਾ/ਬੇਨਤੀ। ਅਤੇ, ਦਾਤੇ ਦੇ ਗੁਣਾਂ ਦਾ ਗਾਇਨ ਅਤੇ ਉਸ ਦੀਆਂ ਦਿੱਤੀਆਂ ਦਾਤਾਂ ਲਈ ਉਸ ਵਾਸਤੇ ਸ਼੍ਰੱਧਾ ਤੇ ਸ਼ੁਕਰਾਨੇ ਦੇ ਸ਼ਬਦ।

ਅਰਦਾਸ ਸੰਸਾਰ ਦੇ ਹਰ ਧਰਮ ਦਾ ਧੁਰਾ ਹੈ। ਅਰਦਾਸ ਦੇ ਧੁਰੇ ਬਿਨਾਂ ਕੋਈ ਵੀ ਧਰਮ ਅਧੂਰਾ ਹੈ। ਗੁਰਮਤਿ ਦੇ ਧਰਮ, ਜਿਸ ਨੂੰ ਅੱਜ ਕਲ ‘ਸਿੱਖੀ’, ‘ਸਿੱਖ ਧਰਮ’ ਜਾਂ ‘ਖ਼ਾਲਸਾ ਧਰਮ’ ਕਿਹਾ ਜਾਂਦਾ ਹੈ, ਦੀ ਅਰਦਾਸ ਬਾਰੇ ਵਿਚਾਰ:

ਅਰਦਾਸ ਕਿਸ ਅੱਗੇ ਕਰਨੀ ਹੈ?

ਅਰਦਾਸ ਹਮੇਸ਼ਾ ਇਸ਼ਟ/ਪੂਜਯ-ਦੇਵ/ਦਾਤੇ ਅੱਗੇ ਹੀ ਕੀਤੀ ਜਾਂਦੀ ਹੈ। ਗੁਰਮਤਿ ਦਾ ਧਰਮ ਇੱਕ ਸਾਧਾਰਨ, ਸਰਬਵਿਆਪੀ (Universal) ਅਤੇ ਇੱਕ ਈਸ਼ਵਰਵਾਦੀ ਧਰਮ ਹੈ। ਇਸ ਅਦਵੈਤਵਾਦੀ ਧਰਮ ਵਿੱਚ ਨਿਸ਼ਠਾ ਰੱਖਣ ਵਾਲੇ ਮਨੁੱਖ ਦਾ ਇਸ਼ਟ, ਕੇਵਲ ਤੇ ਕੇਵਲ, ਇੱਕ ਅਕਾਲ ਪੁਰਖ ਹੀ ਹੈ। ਸੋ, ਸਪਸ਼ਟ ਹੈ ਕਿ ਗੁਰੂ (ਗ੍ਰੰਥ) ਦੇ ਸੱਚੇ ਸਿੱਖ ਦੀ ਅਰਦਾਸ ਸਿਰਫ਼ ਤੇ ਸਿਰਫ਼ ਤ੍ਰੈਗੁਣ ਅਤੀਤ, ਸਰਬਗੁਣ ਸੰਪੰਨ, ਸਰਬਸ਼ਕਤੀਮਾਨ ਤੇ ਸਰਬਵਿਆਪਕ ਇੱਕ ਅਦੁੱਤੀ ਅਕਾਲ ਪੁਰਖ (ੴ) ਅੱਗੇ ਹੀ ਹੋਣੀ ਚਾਹੀਦੀ ਹੈ; ਦਵੈਤਵਾਦੀਆਂ ਵਾਂਙ, ਕਿਸੇ ਦੂਜੇ ਦੇਵੀ-ਦੇਵਤੇ, ਦੇਵ-ਮੂਰਤੀ, ਪੀਰ-ਪੈਗ਼ੰਬਰ, ਅਵਤਾਰ ਜਾਂ ਮਾਇਆ ਵਿੱਚ ਵਿਚਰਦੇ ਕਿਸੇ ਸੰਸਾਰੀ ਜਾਂ ਉਸ ਦੀ ਮੂਰਤੀ/ਬੁੱਤ ਅੱਗੇ ਨਹੀਂ ਹੋਣੀ ਚਾਹੀਦੀ!

ਨਾਨਕੁ ਤੇਰਾ ਬਾਣੀਆ ਤੂ ਸਾਹਿਬੁ ਮੈ ਰਾਸਿ॥

ਮਨ ਤੇ ਧੋਖਾ ਤਾ ਲਹੈ ਜਾ ਸਿਫਤਿ ਕਰੀ ਅਰਦਾਸਿ॥ ਵਡਹੰਸ ਮ: ੧

ਮੈ ਤਾਣੁ ਦੀਬਾਣੁ ਤੂ ਹੈ ਮੇਰਾ ਸੁਆਮੀ ਮੈ ਤੁਧੁ ਆਗੈ ਅਰਦਾਸਿ॥

ਮੈ ਹੋਰ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ ਮੇਰਾ ਦੁਖ ਸੁਖ ਤੁਝ ਹੀ ਪਾਸਿ॥ ਸੂਹੀ ਮ: ੪

…ਸੁਖਦਾਤਾ ਭੈ ਭੰਜਨੋ ਤਿਸੁ ਆਗੈ ਕਰਿ ਅਰਦਾਸਿ॥

ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜੁ ਆਵੈ ਰਾਸਿ॥ ਸਿਰੀ ਰਾਗੁ ਮ: ੫

ਹਿਕੁ ਸੇਵੀ ਹਿਕੁ ਸੰਮਲਾ ਹਰਿ ਇਕਸੁ ਪਹਿ ਅਰਦਾਸਿ॥ ਜੈਤਸਰੀ ਮ: ੫

ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸਿ॥ ਟੋਡੀ ਮ: ੫

ਗੁਰਮਤਿ ਅਨੁਸਾਰ, ਪ੍ਰਭੂ ਤੋਂ ਬਾਅਦ ਦੂਜਾ ਦਰਜਾ, ਅਧਿਆਤਮਿਕ ਗਿਆਨ ਤੇ ਬਿਬੇਕ ਬੁੱਧਿ ਦੀ ਬਖ਼ਸ਼ਿਸ਼ ਕਰਕੇ, ਰੱਬ ਦੇ ਰਾਹ ਪਾਉਣ ਵਾਲੇ ਗੁਰੂ ਅਤੇ ਸਾਧ-ਸੰਗਤ ਦਾ ਹੈ। ਸੋ, ਸਿੱਖ ਦੀ ਅਰਦਾਸ ਗਿਆਨ-ਗੁਰੂ ਅਤੇ ਸੱਚੀ ਸੰਗਤ ਅੱਗੇ ਵੀ ਹੋ ਸਕਦੀ ਹੈ। ਪਰੰਤੂ ਗੁਰੂ ਅਤੇ ਸੰਗਤ ਅੱਗੇ ਕੀਤੀ ਬੇਨਤੀ ਕੇਵਲ ਤੇ ਕੇਵਲ, ਬਿਬੇਕ ਬੁੱਧ ਤੇ ਗਿਆਨ ਦੀ ਦਾਤ ਬਖ਼ਸ਼ ਕੇ, ਰੱਬ ਦੇ ਸਿੱਧੇ ਰਾਹ ਪਾਉਣ ਵਾਸਤੇ ਹੈ ਨਾ ਕਿ ਕਿਸੇ ਹੋਰ ਚਮਤਕਾਰੀ ਦੈਵੀ ਬਖ਼ਸ਼ਿਸ਼ ਵਾਸਤੇ।

ਸਤਿਗੁਰ ਆਗੈ ਅਰਦਾਸਿ ਕਰਿ ਸਾਜਨੁ ਦੇਇ ਮਿਲਾਇ॥ ਸਿਰੀ ਰਾਗੁ ਮ: ੧

ਨਿਵਿ ਨਿਵਿ ਪਾਇ ਲਗਉ ਗੁਰ ਅਪੁਨੇ ਆਤਮ ਨਾਮੁ ਨਿਹਾਰਿਆ॥

ਕਰਤ ਬੀਚਾਰੁ ਹਿਰਦੈ ਹਰਿ ਰਵਿਆ ਹਿਰਦੈ ਦੇਖਿ ਬੀਚਾਰਿਆ॥ ਆਸਾ ਮ: ੧ …ਤਿਸੁ ਆਗੈ ਅਰਦਾਸਿ ਕਰਿ ਜੋ ਮੇਲੇ ਕਰਤਾਰੁ॥ ਸਰੀ ਰਾਗੁ ਮ: ੫

ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ॥ ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ॥ … ਗੂਜਰੀ ਮ: ੫

ਅਰਦਾਸ ਕਿਸ ਨੇ ਕਰਨੀ ਹੈ?

ਅਰਦਾਸ ਮਨ ਦੀ ਮੌਜ ਹੈ ਜੋ ਦੁੱਖ ਸੁਖ ਵੇਲੇ ਮਨ ਵਿੱਚੋਂ ਆਪ ਮੁਹਾਰੇ ਉੱਠਦੀ ਹੈ; ਅਤੇ ਕਈ ਵਾਰੀ ਵੇਗ ਵਿੱਚ ਆ ਕੇ ਜ਼ੁਬਾਨ ਰਾਹੀਂ ਇਸ ਦਾ ਇਜ਼ਹਾਰ ਵੀ ਕੀਤਾ ਜਾਂਦਾ ਹੈ। ਲੋੜਵੰਦ ਦੇ ਦੁਖੀ ਹਿਰਦੇ ਵਿੱਚੋਂ ਮਦਦ ਲਈ ਸੁਭਾਵਕਨ ਨਿਕਲੀ ਪੁਕਾਰ ਹੀ ਅਰਦਾਸ ਹੈ। ਗੁਰਬਾਣੀ ਵਿੱਚ, ਬਿਹਬਲ ਮਨ ਵਿੱਚੋਂ ਸਹਾਰੇ ਲਈ ਨਿਕਲੀ ਅਜਿਹੀ ਪੁਕਾਰ ਨੂੰ "ਜੀਅ ਕੀ ਅਰਦਾਸਿ" ਕਿਹਾ ਗਿਆ ਹੈ। "ਜੀਅ ਕੀ ਅਰਦਾਸਿ" ਹੀ ਸੱਚੀ ਅਰਦਾਸ ਹੈ। ਸੋ, ਸਪਸ਼ਟ ਹੈ ਕਿ ਅਰਦਾਸ ਲੋੜਵੰਦ ਨੂੰ ਆਪ ਹੀ ਕਰਨੀ ਬਣਦੀ ਹੈ। ਗੁਰੂ ਨਾਨਕ ਦੇਵ ਜੀ ਦੀ ਅਨਮੋਲ ਤੁਕ, … ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥ , ਵਿੱਚ ਇਹ ਹੀ ਸਿੱਖਿਆ ਦਿੱਤੀ ਗਈ ਹੈ। ਲੋੜਵੰਦ ਦੇ ਆਪਣੇ ਹਿਰਦੇ ਵਿੱਚੋਂ ਸੁਭਾਵਕ ਨਿਕਲੀ ਬੇਨਤੀ/ਅਰਜ਼ੋਈ ਨੂੰ ਵਿਅਕਤੀਗਤ ਜਾਂ ਨਿੱਜੀ ਅਰਦਾਸ ਵੀ ਕਿਹਾ ਜਾ ਸਕਦਾ ਹੈ।

ਗੁਰਸਿੱਖ ਦੇ ਜੀਵਨ ਵਿੱਚ "ਸੱਚੀ ਸੰਗਤ" ਜਾਂ "ਉੱਤਮ ਸੰਗਤਿ" ਦਾ ਵੀ ਬਹੁਤ ਮਹੱਤਵ ਹੈ। ਸੰਗਤ ਵਿੱਚ ਕੀਤੀ ਜਾਂਦੀ ਅਰਦਾਸ ਨੂੰ ਸਾਮੂਹਿਕ ਜਾਂ ਸਾਂਝੀ ਅਰਦਾਸ ਕਿਹਾ ਜਾਂਦਾ ਹੈ। ਇੱਕ ਅਕਾਲ ਪੁਰਖ ਨੂੰ ਇਸ਼ਟ ਮੰਨਣ ਵਾਲੀ ਗੁਰੂ (ਗ੍ਰੰਥ) ਦੇ ਸਿੱਖਾਂ ਦੀ ਸੰਗਤ ਵੱਲੋਂ ਕੀਤੀ ਜਾਂਦੀ ਸਾਂਝੀ ਅਰਦਾਸ ਵਿੱਚ ਮੰਗ ਵੀ ਸਾਂਝੀ ਹੀ ਹੋਣੀ ਚਾਹੀਦੀ ਹੈ। ਸਾਂਝੀ ਅਰਦਾਸ ਵਿੱਚ ਸਾਂਝੀ ਮੰਗ ਕੇਵਲ ਤੇ ਕੇਵਲ ਨਾਮ ਦੀ ਦਾਤ ਦੀ ਹੀ ਹੋ ਸਕਦੀ ਹੈ! ਸੰਗਤ ਦੀ ਸਾਂਝੀ ਅਰਦਾਸ ਪਰਮਾਰਥੀ ਹੁੰਦੀ ਹੈ। ਪਰਮਾਰਥੀ ਅਰਦਾਸ ਵਿੱਚ ਸਵਾਰਥ ਦਾ ਪੂਰਨ ਅਭਾਵ ਹੁੰਦਾ ਹੈ!

ਉਂਞ ਤਾਂ ਗੁਰਬਾਣੀ ਦੇ ਹਰ ਸ਼ਬਦ ਵਿੱਚ ਅਰਜ਼ੋਈ/ਅਰਦਾਸ ਦਾ ਅੰਸ਼ ਦੇਖਿਆ ਜਾ ਸਕਦਾ ਹੈ, ਪਰੰਤੂ ਗੁਰਬਾਣੀ ਦੇ ਕਈ ਸ਼ਬਦ ਸੱਚੀ ਅਰਦਾਸ ਦਾ ਸੁੰਦਰ ਪ੍ਰਮਾਣ ਹਨ, ਜਿਵੇਂ: ਗੁਰੂ ਨਾਨਕ ਦੇਵ ਜੀ ਦੀ ਰਚੀ ਸਿਧੁ ਗੋਸਟਿ ਦੀ ਆਖ਼ਰੀ ੭੩ਵੀਂ ਪੌੜੀ: ਤੇਰੀ ਗਤਿ ਮਿਤਿ ਤੂ ਹੈ ਜਾਣਹਿ…॥ ਮਾਗਹਿ ਨਾਮੁ ਪਾਇ ਇਹ ਭਿਖਿਆ ਤੇਰੇ ਦਰਸਨ ਕਉ ਕੁਰਬਾਣੈ॥ …, ਅਤੇ ਗੁਰੂ ਅਰਜਨ ਦੇਵ ਜੀ ਦੀ ਰਚੀ ਬਾਣੀ "ਸੁਖਮਨੀ" ਦੀ ਚੌਥੀ ਅਸ਼ਟਪਦੀ ਦੀ ੮ਵੀਂ ਪਉੜੀ: ਤੂ ਠਾਕੁਰੁ ਤੁਮ ਪਹਿ ਅਰਦਾਸਿ॥ ਜੀਉ ਪਿੰਡੁ ਸਭੁ ਤੇਰੀ ਰਾਸਿ॥ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ॥ ……

ਅਰਦਾਸ ਵਿੱਚ ਕੀ ਮੰਗਨਾ ਹੈ?

ਅਰਦਾਸ ਵਿੱਚ ਦੁੱਖਾਂ ਰੋਗਾਂ ਤੋਂ ਛੁਟਕਾਰਾ, ਪਦਾਰਥਕ ਪ੍ਰਾਪਤੀਆਂ ਤੇ ਸੁੱਖਾਂ-ਖ਼ੁਸ਼ੀਆਂ ਦੀ ਪ੍ਰਾਪਤੀ ਦੀ ਮੰਗ ਕੀਤੀ ਜਾਂਦੀ ਹੈ। ਇਹ ਇੱਕ ਪ੍ਰਮਾਣਿਤ ਸੱਚ ਹੈ ਕਿ ਸਰੀਰਕ ਰੋਗਾਂ ਤੇ ਸੰਸਾਰਕ ਸੰਤਾਪਾਂ ਤੋਂ ਛੁਟਕਾਰਾ ਪਾਉਣ ਅਤੇ ਸੁੱਖਾਂ ਦੀ ਪ੍ਰਾਪਤੀ ਲਈ ਕੀਤੀ ਜਾਂਦੀ ਅਰਦਾਸ ਬਹੁਤ ਵੱਡਾ ਭਰਮ ਤੇ ਛਲਾਵਾ ਹੈ। ਗੁਰਬਾਣੀ ਵਿੱਚ ਅਜਿਹੀ ਮੰਗ ਮੰਗਣ ਨੂੰ ਝਖ ਮਾਰਨ ਦੇ ਬਰਾਬਰ ਕਿਹਾ ਗਿਆ ਹੈ। ਗੁਰੂ ਨਾਨਕ ਦੇਵ ਜੀ ਦਾ ਫ਼ਰਮਾਨ ਹੈ:

ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ॥

ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ॥

ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ॥ ਸਲੋਕ ਮ: ੧

ਪਰੰਤੂ ਪੁਜਾਰੀ ਲੋਕ ਉਪਰੋਕਤ ਗੁਰ-ਉਪਦੇਸ਼ ਦੇ ਉਲਟ ਗੁਰਬਾਣੀ ਦੀਆਂ ਕੁੱਝ ਇੱਕ ਤੁਕਾਂ ਦੇ ਅਨਰਥ ਕਰਕੇ ਦੁਨਿਆਵੀ ਦੁੱਖਾਂ ਦੀ ਨਿਵਿਰਤੀ ਤੇ ਸੰਸਾਰਕ ਸੁੱਖਾਂ ਦੀ ਪ੍ਰਾਪਤੀ ਵਾਸਤੇ ਸ਼ਰੱਧਾਲੂਆਂ ਨੂੰ ਅਰਦਾਸ ਕਰਵਾਉਣ ਲਈ ਉਕਸਾਉਂਦੇ ਰਹਿੰਦੇ ਹਨ।

ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ॥

ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ॥ …ਸਿਰੀ ਰਾਗੁ ਮ: ੪

ਪਦਾਰਥਕ ਤੇ ਸੰਸਾਰਕ ਪ੍ਰਾਪਤੀਆਂ ਅਤੇ ਇਨ੍ਹਾਂ ਤੋਂ ਮਿਲਣ ਵਾਲੀਆਂ ਇੰਦ੍ਰੀਆਤਮਿਕ ਤੇ ਦੁਨਿਆਵੀ ਖ਼ੁਸ਼ੀਆਂ ਵਾਸਤੇ ਅਰਦਾਸ ਕਰਨੀ ਜਾਂ ਕਰਵਾਉਣੀ ਵੀ ਪਾਖੰਡ ਤੇ ਫ਼ਰੇਬ ਹੀ ਹੈ। ਗੁਰਬਾਣੀ ਵਿੱਚ ਅਜਿਹੀ ਅਰਦਾਸ ਦਾ ਸਮਰਥਨ ਨਹੀਂ ਮਿਲਦਾ!

ਗੁਰਬਾਣੀ ਵਿੱਚ ਦੋ ਸ਼ਬਦ ਅਜਿਹੇ ਹਨ ਜਿਨ੍ਹਾਂ ਵਿੱਚ ਦਾਤੇ ਅੱਗੇ ਜੀਵਨ ਦੀਆਂ ਮੂਲ਼ ਲੋੜਾਂ ਦੀ ਉਪਲਬਧੀ ਵਾਸਤੇ ਇਲਤਿਜਾ ਕੀਤੀ ਗਈ ਹੈ। ਇਕ, ਕਬੀਰ ਜੀ ਦਾ ਰਾਗੁ ਸੋਰਠਿ ਵਿੱਚ ਲਿਖਿਆ ਸ਼ਬਦ: ਭੂਖੇ ਭਗਤਿ ਨ ਕੀਜੈ॥ …ਦੁਇ ਸੇਰ ਮਾਂਗਉ ਚੂਨਾ॥ …ਮੈ ਨਾਹੀ ਕੀਤਾ ਲਬੋ॥ ਇਕੁ ਨਾਉ ਤੇਰਾ ਮੈ ਫਬੋ॥ ਅਤੇ ਦੂਜਾ, ਰਾਗੁ ਧਨਾਰਸੀ ਵਿੱਚ ਲਿਖਿਆ ਸਧਨਾ ਜੀ ਦਾ ਸ਼ਬਦ: ਗੋਪਾਲ ਤੇਰਾ ਆਰਤਾ॥ ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ॥ …। ਪਰੰਤੂ ਜੇ ਇਨ੍ਹਾਂ ਸ਼ਬਦਾ ਨੂੰ ਗਹੁ ਨਾਲ ਵਿਚਾਰੀਏ ਤਾਂ ਨਿਰਸੰਦੇਹ ਸਪਸ਼ਟ ਹੁੰਦਾ ਹੈ ਕਿ ਇਨ੍ਹਾਂ ਸ਼ਬਦਾਂ ਵਿੱਚ ਪ੍ਰਧਾਨਤਾ ਨਾਉ/ਨਾਮ ਤੇ ਪ੍ਰਭੂ-ਭਗਤੀ ਦੀ ਹੀ ਹੈ; ਸੰਸਾਰਕ ਲੋਭ-ਲਾਲਚ ਤੇ ਪਦਾਰਥਕ ਜਾਂ ਸੰਸਾਰਕ ਮਲਕੀਅਤ ਦੀ ਤਾਂਘ/ਤ੍ਰਿਸ਼ਨਾ ਦਾ ਪੂਰਨ ਅਭਾਵ ਹੈ! ਦੂਸਰਾ, ਇਹ ਤੱਥ ਵੀ ਧਿਆਨਯੋਗ ਹੈ ਕਿ ਬਾਣੀਕਾਰ ਕਿਰਤੀ ਸਨ ਤੇ ਸਾਰਾ ਜੀਵਨ ਆਪਣੇ ਤੇ ਆਪਣੇ ਪਰਿਵਾਰ ਦੇ ਨਿਰਬਾਹ ਲਈ ਕਿਰਤੀ ਹੀ ਰਹੇ!

ਮਨੁੱਖ ਦਾ ਜੀਵਨ-ਮਨੋਰਥ ਸਿਰਜਨਹਾਰ ਪ੍ਰਭੂ ਨਾਲ ਨੇੜਤਾ ਤੇ ਪੁਨਰ ਸਾਂਝ ਹੈ। ਸੱਚੇ ਸਿਰਜਨਹਾਰ ਨਾਲ ਸਦੀਵੀ ਸਾਂਝ ਪਾਉਣ ਵਾਸਤੇ ਸਚਿਆਰ ਬਣਨਾ ਪੈਂਦਾ ਹੈ। ਸਚਿਆਰ ਬਣਨ ਲਈ ਨਿਰਮਲ ਮਨ ਨਾਲ ਨਾਮ-ਅਭਿਆਸ ਕਰਨ ਦੀ ਲੋੜ ਹੈ। ਸੋ, ਮਨੁੱਖ ਨੇ ਦਾਤਾਰ ਪ੍ਰਭੂ ਤੋਂ ਸਿਰਫ਼ ਨਾਮ ਦੀ ਦਾਤ ਹੀ ਮੰਗਣੀ ਹੈ! ਨਿਰੰਤਰ ਨਾਮ-ਅਭਿਆਸ ਨਾਲ ਮਨ ਅਡੋਲ ਅਵਸਥਾ ਵਿੱਚ ਰਹਿੰਦਾ ਹੈ। ਅਡੋਲ ਮਨ ਨੂੰ ਸਰੀਰਕ ਤੇ ਸੰਸਾਰਕ ਦੁੱਖ-ਸੰਤਾਪ ਵੀ ਨਹੀਂ ਪੋਹ ਸਕਦੇ। ਅਡੋਲ ਮਨ ਵਾਲਾ ਮਨੁੱਖ ਜੀਵਨ ਦੀਆਂ ਜ਼ਿੱਮੇਵਾਰੀਆਂ ਤੋਂ ਭਗੌੜਾ ਵੀ ਨਹੀਂ ਹੁੰਦਾ। ਸੋ, ਗੁਰਸਿੱਖ ਦੀ ਬੇਨਤੀ ਕੇਵਲ ਨਾਮ ਦੀ ਬਖ਼ਸ਼ਿਸ਼ ਲਈ ਹੀ ਹੋਣੀ ਚਾਹੀਦੀ ਹੈ। ਗੁਰੁ-ਫ਼ੁਰਮਾਨ ਹਨ:-

ਤੇਰੀ ਪਨਹ ਖੁਦਾਇ ਤੂ ਬਖਸੰਦਗੀ॥ ਸੇਖ ਫਰੀਦੈ ਖੈਰੁ ਦੀਜੈ ਬੰਦਗੀ॥ ਆਸਾ ਫ਼ਰੀਦ ਜੀ

ਦਰਮਾਦੇ ਠਾਢੇ ਦਰਬਾਰਿ॥ ਤੁਝ ਬਿਨੁ ਸੁਰਤਿ ਕਰੈ ਕੋ ਮੇਰੀ ਦਰਸਨੁ ਦੀਜੈ ਖੋਲਿ ਕਿਵਾਰ॥ ਬਿਲਾਵਲੁ ਕਬੀਰ ਜੀ

ਕਰਤਾ ਤੂ ਮੇਰਾ ਜਜਮਾਨੁ॥ ਇਕੁ ਦਖਿਣਾ ਹਉ ਤੈ ਪਹਿ ਮਾਗਉ ਦੇਹਿ ਆਪਣਾ ਨਾਮੁ॥ ਪ੍ਰਭਾਤੀ ਮ: ੧

ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ॥॥

ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ॥ ਗੂਜਰੀ ਮ: ੪

ਸੁਖ ਸਾਗਰੁ ਅੰਮ੍ਰਿਤੁ ਹਰਿ ਨਾਉ॥ ਮੰਗਤ ਜਨੁ ਜਾਚੈ ਹਰਿ ਦੇਹੁ ਪਸਾਉ॥ ਮਾਰੂ ਮ: ੪ (ਪਸਾਉ: ਪ੍ਰਸਾਦਿ।)

ਮਾਂਗਨਾ ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਨਾ॥ ਮਾਰੂ ਮ: ੫

ਮਾਗਨਿ ਮਾਗ ਤ ਏਕਹਿ ਮਾਗ॥ ਨਾਨਕ ਜਾ ਤੇ ਪਰਹਿ ਪਰਾਗ॥ ਗਉੜੀ ਬਾ: ਅ: ਮ: ੫

ਅੰਧ ਕੂਪ ਮਹਾ ਭਇਆਨ ਨਾਨਕ ਪਾਰਿ ਉਤਾਰ॥ ਮਲਾਰ ਮ: ੫

ਸਰਬ ਰੋਗ ਕਾ ਅਉਖਦੁ ਨਾਮੁ॥ ਕਲਿਆਣ ਰੂਪ ਮੰਗਲ ਗੁਣ ਗਾਮ॥

ਕਾਹੂ ਜੁਗਤਿ ਨ ਪਾਈਐ ਧਰਮਿ॥ ਨਾਨਕ ਤਿਸੁ ਮਿਲੈ ਜਿਸੁ ਲਿਖਿਆ ਧੁਰਿ ਕਰਮਿ॥ ਸੁਖਮਨੀ ਮ: ੫

ਗੁਰਬਾਣੀ ਵਿੱਚ ਅਨੇਕ ਤੁਕਾਂ ਅਜਿਹੀਆਂ ਹਨ ਜਿਨ੍ਹਾਂ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਨਾਸ਼ਮਾਨ ਪਦਾਰਥਕ ਜਗਤ ਵਿੱਚ ਵਿਚਰਦਿਆਂ ਮਨੁੱਖ ਨੂੰ ਆਪਣੇ ਦਾਤੇ ਅੱਗੇ, ਨਾਮ ਦੀ ਦਾਤ ਦੇ ਅਤਿਰਿਕਤ, ਸਦਗੁਣਾਂ (ਸਤੁ, ਸੰਤੋਖ, ਦਯਾ, ਧਰਮ ਤੇ ਧੀਰਜ ਆਦਿ) ਦੀ ਬਖ਼ਸ਼ਿਸ਼ ਲਈ ਬੇਨਤੀ ਕਰਨੀ ਚਾਹੀਦੀ ਹੈ। ਅਤੇ, ਸਚਿਆਰ ਬਣਨ ਦੇ ਰਾਹ ਦੀ ਰੁਕਾਵਟ ਬਣਨ ਵਾਲੇ ਰਾਜ-ਭਾਗ ਦੀ ਇੱਛਾ, ਮਾਇਕ ਤ੍ਰਿਸ਼ਨਾ, ਪਦਾਰਥਕ ਭੁੱਖ, ਦੁਨਿਆਵੀ ਖ਼ੁਸ਼ੀਆਂ ਅਤੇ ਵਿਕਾਰੀ ਰੁਚੀਆਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਈਰਖਾ-ਨਿੰਦਾ ਆਦਿ) ਤੋਂ ਮੁਕਤੀ ਦੀ ਮੰਗ ਕਰਦੇ ਰਹਿਣਾ ਚਾਹੀਦੀ ਹੈ।

ਕਿਆ ਮਾਂਗਉ ਕਿਛੁ ਥਿਰੁ ਨ ਰਹਾਈ॥ ਦੇਖਤ ਨੈਨ ਚਲਿਓ ਜਗੁ ਜਾਈ॥ ਆਸਾ ਕਬੀਰ ਜੀ

ਐ ਜੀ ਕਿਆ ਮਾਗਉ ਕਿਛੁ ਰਹੈ ਨ ਦੀਸੈ ਇਸੁ ਜਗ ਮਹਿ ਆਇਆ ਜਾਈ॥

ਨਾਨਕੁ ਨਾਮੁ ਪਦਾਰਥ ਦੀਜੈ ਹਿਰਦੈ ਕੰਠਿ ਬਣਾਈ॥ ਗੂਜਰੀ ਮ: ੧

ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਦੇ ਦੁਖ॥

ਦੇਹਿ ਨਾਮੁ ਸੰਤੋਖੀਆਂ ਉਤਰੈ ਮਨ ਕੀ ਭੁਖ॥ …ਰਾਮਕਲੀ ਮ: ੩

ਏਕੋ ਦਾਨੁ ਸਰਬ ਸੁਖ ਗੁਣ ਨਿਧਿ ਆਨ ਮੰਗਨ ਨਿਹਕਿੰਚਨਾ॥ ਮਾਰੂ ਮ: ੫

ਮਾਇਆ ਡੋਲੈ ਬਹੁ ਬਿਧੀ ਮਨ ਲਪਟਿਓ ਤਿਹ ਸੰਗ॥

ਮਾਗਨ ਤੇ ਜਿਹ ਤੁਮ ਰਖਹੁ ਸੁ ਨਾਨਕ ਨਾਮਹਿ ਰੰਗ॥ ਗਉੜੀ ਬਾ: ਅ: ਮ: ੫

ਕਾਮ ਕ੍ਰੋਧ ਮਦ ਲੋਭ ਮੋਹ ਦੁਸਟ ਬਾਸਨਾ ਨਿਵਾਰਿ॥

ਰਾਖਿ ਲੇਹੁ ਪ੍ਰਭ ਆਪਣੇ ਨਾਨਕ ਸਦ ਬਲਿਹਾਰਿ॥ ਸੋਰਠਿ ਮ: ੫

ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪਿ ਛਡਾਵਹੁ॥ ਇਹ ਭੀਤਰ ਤੇ ਇਨ ਕਉ ਡਾਰਹੁ ਆਪਨ ਨਿਕਟਿ ਬੁਲਾਵਹੁ॥ ਸੋਰਠਿ ਮ: ੫

ਕਾਮ ਕ੍ਰੋਧ ਅਰੁ ਲੋਭ ਮੋਹ ਬਿਨਸਿ ਜਾਇ ਅਹਿੰਮੇਵ॥

ਨਾਨਕ ਪ੍ਰਭ ਸਰਣਾਗਤੀ ਕਰਿ ਪ੍ਰਸਾਦੁ ਗੁਰਦੇਵ॥ ਸੁਖਮਨੀ ਮ: ੫

ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨ ਪ੍ਰੀਤਿ ਚਰਨ ਕਮਲਾਰੇ॥ …ਦੇਵਗੰਧਾਰੀ ਮ: ੫

ਕੀ ਅਰਦਾਸ ਕਰਨ ਸਮੇਂ ਇਸ਼ਟ/ਪੂਜÏ-ਦੇਵ ਦਾਤੇ ਅੱਗੇ ਭੇਟਾ ਜ਼ਰੂਰੀ ਹੈ?

ਅਰਦਾਸ ਅਤੇ ਭੇਟਾ ਦਾ ਸੰਬੰਧ ਸਦੀਵੀ ਹੈ। ਭੇਟਾ ਬਿਨਾਂ ਅਰਦਾਸ ਸੰਭਵ ਨਹੀਂ! ਜੇ ਇਹ ਵੀ ਕਹਿ ਦਿੱਤਾ ਜਾਵੇ ਕਿ ਬਿਨਾਂ ਕਿਸੇ ਭੇਟਾ ਦੇ ਕੀਤੀ ਜਾਂ ਕਰਵਾਈ ਗਈ ਅਰਦਾਸ ਅਧੂਰੀ ਤੇ ਬੇਅਰਥ ਹੈ ਤਾਂ ਇਹ ਵੀ ਗ਼ਲਤ ਨਹੀਂ ਹੋਵੇਗਾ! ਹੁਣ ਸਵਾਲ ਇਹ ਉੱਠਦਾ ਹੈ ਕਿ ਪੂਜÏਦੇਵ ਦਾਤੇ ਅੱਗੇ ਕੀ ਭੇਟ ਕੀਤਾ ਜਾਵੇ ਜਿਸ ਤੋਂ ਪ੍ਰਸੰਨ ਹੋ ਕੇ ਉਹ ਪ੍ਰਾਰਥਕ ਉੱਤੇ ਆਪਣੀ ਬਖ਼ਸ਼ਿਸ਼ ਦੀ ਬਰਖਾ ਕਰੇ? ਦਵੈਤਵਾਦੀ ਸੰਸਾਰਕ ਧਰਮਾਂ ਦੀਆਂ ਪ੍ਰਚੱਲਿਤ ਵਿਆਪਕ ਰੀਤੀਆਂ ਅਨੁਸਾਰ ਭੇਟਾਵਾਂ ਅਨੇਕ ਹਨ, ਜਿਵੇਂ ਕਿ: ਮਾਇਆ, ਮਾਇਕ ਪਦਾਰਥ, ਹੀਰੇ-ਮੋਤੀ, ਸੋਨਾ-ਚਾਂਦੀ, ਅੰਨ ਪਦਾਰਥ, ਕੀਮਤੀ ਕੱਪੜੇ, ਬੇਜ਼ੁਬਾਨ ਜੀਵਾਂ ਦੀ ਭੇਟਾ……; ਧਰਮ-ਕਰਮ (ਕਰਮ-ਕਾਂਡ) ਸੰਪੰਨ ਕਰਵਾਉਣ ਲਈ ਭੇਟਾਵਾਂ: ਯੱਗ ਭੇਟਾ, ਪਾਠ ਭੇਟਾ, ਕੀਰਤਨ ਭੇਟਾ, ਅਰਦਾਸ ਭੇਟਾ……। ਸਾਰੀ ਗੁਰਬਾਣੀ ਵਿੱਚ ਇਸ ਤਰ੍ਹਾਂ ਦੀ ਮਾਇਕ ਜਾਂ ਪਦਾਰਥਕ ਭੇਟਾ ਦਾ ਸਮਰਥਨ ਨਹੀਂ ਹੈ; ਸਗੋਂ, ਇਨ੍ਹਾਂ ਮਾਇਕ ਤੇ ਪਦਾਰਥਕ ਭੇਟਾਵਾਂ ਦਾ ਪੁਰ ਜ਼ੋਰ ਖੰਡਨ ਜ਼ਰੂਰ ਹੈ।

ਗੁਰੂ (ਗ੍ਰੰਥ) ਦੇ ਸਿੱਖ ਦਾ ਇਸ਼ਟ ਅਦ੍ਰਿਸ਼ਟ ਤੇ ਅਸਥੂਲ ਅਕਾਲ ਪੁਰਖ ਹੈ; ਸੂਖਮ ਤੇ ਅਸਥੂਲ ਇਸ਼ਟ ਦੇਵ ਅੱਗੇ ਮਾਇਕ ਜਾਂ ਪਦਾਰਥਕ ਭੇਟਾ ਦੀ ਕੋਈ ਤੁਕ ਹੀ ਨਹੀਂ ਬਣਦੀ। ਦੂਜਾ, ਦੇਵਣਹਾਰ ਦਾਤਾਰ ਨੂੰ ਭੇਟਾ ਦੇ ਨਾਮ `ਤੇ ਕੁੱਝ ਦੇਣਾ ਉਸ ਦਾਤੇ ਨਾਲ ਬਹੁਤ ਵੱਡਾ ਤੇ ਕੋਝਾ ਮਜ਼ਾਕ ਹੈ! ਤਾਂ ਫਿਰ, ਗੁਰਸਿੱਖ ਪ੍ਰਾਰਥਕ ਪ੍ਰਭੂ ਅੱਗੇ ਕੀ ਭੇਟ ਕਰੇ ਜਿਸ ਨਾਲ ਉਸ ਦੀ ਪੁਕਾਰ ਸੁਣੀ ਜਾ ਸਕੇ? ਗੁਰਸਿੱਖ ਨੂੰ, ਬਿਨਾਂ ਕਿਸੇ ਤਵੱਕੋ ਤੇ ਸ਼ਰਤ ਦੇ, ਹਉਮੈਂ-ਮੁਕਤ ਹੋ ਕੇ ਨਿਸ਼ਕਾਮਤਾ, ਨਮਰਤਾ, ਨਿਰਮਾਣਤਾ ਤੇ ਮਸਕੀਨਤਾ ਨਾਲ ਆਪਣੇ ਇਸ਼ਟ ਅਕਾਲ ਪੁਰਖ ਅਤੇ ਗਿਆਨ-ਗੁਰੂ ਅੱਗੇ ਪੂਰਨ ਆਤਮ-ਸਮਰਪਣ ਕਰਨ ਦੀ ਲੋੜ ਹੈ। ਗੁਰੁ-ਫ਼ੁਰਮਾਨ ਹਨ:

ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ॥

ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ॥ ਸਲੋਕ ਕਬੀਰ ਜੀ

ਮੈ ਨਾਹੀ ਕਛੁ ਹਉ ਨਾਹੀ ਕਿਛੁ ਆਹਿ ਨ ਮੋਰਾ॥

ਅਉਸਰ ਲਜਾ ਰਾਖਿ ਲੇਹੁ ਸਧਨਾ ਜਨੁ ਤੋਰਾ॥ ਰਾਗੁ ਬਿਲਾਵਲੁ, ਸਧਨਾ ਜੀ

ਤੁਧ ਨੋ ਨਿਵਣੁ ਮੰਨਣੁ ਤੇਰਾ ਨਾਉ॥ ਸਾਚੁ ਭੇਟ ਬੈਸਣ ਕਉ ਥਾਉ॥

ਸਤੁ ਸੰਤੋਖੁ ਹੋਵੈ ਅਰਦਾਸਿ॥ ਤਾ ਸੁਣਿ ਸਦਿ ਬਹਾਲੇ ਪਾਸਿ॥ ਰਾਮਕਲੀ ਮ: ੧

ਨਾਨਕੁ ਏਕ ਕਹੈ ਅਰਦਾਸਿ॥ ਜੀਉ ਪਿੰਡੁ ਸਭੁ ਤੇਰੈ ਪਾਸਿ॥ …ਆਸਾ ਮ: ੧

ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ॥

ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ॥ …ਵਡਹੰਸ ਮ: ੧

ਤੁਧੁ ਆਗੈ ਅਰਦਾਸਿ ਹਮਾਰੀ ਜੀਉ ਪਿੰਡੁ ਸਭੁ ਤੇਰਾ॥ ਆਸਾ ਮ: ੨

ਮਨੁ ਤਨੁ ਤੇਰਾ ਧਨੁ ਭੀ ਤੇਰਾ॥ ਤੂੰ ਠਾਕੁਰ ਸੁਆਮੀ ਪ੍ਰਭੁ ਮੇਰਾ॥

ਜੀਉ ਪਿੰਡ ਸਭੁ ਤਿਸ ਦਾ ਸਿਫਤਿ ਕਰੇ ਅਰਦਾਸਿ॥ ਸਿਰੀ ਰਾਗੁ ਮ: ੩

ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਏ॥ ਰਾਮਕਲੀ ਮ: ੩

ਆਪੁ ਛੋਡਿ ਬੇਨਤੀ ਕਰਹੁ॥ ਸਾਧ ਸੰਗਿ ਅਗਨਿ ਸਾਗਰੁ ਤਰਹੁ॥ ਸੁਖਮਨੀ ਮ: ੫

ਸੁਣਿ ਸੁਆਮੀ ਸੰਤਨ ਅਰਦਾਸਿ॥ ਜੀਉ ਪ੍ਰਾਨ ਧਨੁ ਤੁਮਰੈ ਪਾਸਿ॥ ਮ: ੫

ਸੱਚੀ ਜੀਅ ਕੀ ਅਰਦਾਸ ਦੀ ਪੂਰਵ ਸ਼ਰਤ ਇਹ ਹੈ ਕਿ ਅਰਦਾਸ ਹਉਮੈਂ-ਮੁਕਤ ਹੋ ਕੇ ਪੂਰੀ ਮਸਕੀਨਤਾ, ਆਜਿਜ਼ੀ, ਨਮਰਤਾ ਤੇ ਨਿਰਮਾਣਤਾ ਨਾਲ ਕੀਤੀ ਜਾਣੀ ਚਾਹੀਦੀ ਹੈ। ਬਾਣੀਕਾਰ ਆਪਣੀ ਮੈਂ ਨੂੰ ਮੂਲੋਂ ਹੀ ਮਾਰ ਕੇ ਪ੍ਰਭੂ ਅੱਗੇ ਬਿਨਤੀ ਕਰਦੇ ਹਨ। ਇਸ ਤੱਥ ਦਾ ਠੋਸ ਪ੍ਰਮਾਣ ਬਾਣੀਕਾਰਾਂ ਦੁਆਰਾ ਆਪਣੇ ਆਪ ਲਈ ਵਰਤੇ ਗਏ ਨਿਮਾਣੇ ਨਾਮ ਹਨ; ਜਿਵੇਂ:

ਦਾਸ, ਦੀਨ, ਜਨ, ਸੇਵਕ, ਬੰਦਾ, ਲਾਲਾ ਗੋਲਾ, ਗੁਲਗੋਲਾ, ਨਿਮਾਣਾ, ਮਸਕੀਨ, ਬਾਰਕ, ਨੀਚ, ਕੀਰੇ ਕਿਰਮ, ਭੀਖਕ ਭੇਖਾਰੀ, ਕਿਰਪਨ, ਮੰਗਤਾ, ਆਰਤਾ, ਚਾਕਰ, ਚੇਰਾ, ਦਰਮਾਂਦਾ, ਅਨਾਥ… ਆਦਿ।

ਨਿਰਮਾਣਤਾ ਨਾਲ ਕੀਤੀ ਗਈ ਅਰਜ਼ੋਈ/ਬਿਨਤੀ ਦੇ ਹੀ ਪ੍ਰਵਾਣ ਹੋਣ ਦੀ ਸੰਭਾਵਨਾ ਹੋ ਸਕਦੀ ਹੈ!

ਇਹ ਵੀ ਇੱਕ ਸਫ਼ੇਦ ਸੱਚ ਹੈ ਕਿ ਇਸ਼ਟ ਜਾਂ ਇਸ਼ਟ ਦੀ ਮੂਰਤੀ ਅੱਗੇ ਕੀਤੀਆਂ ਜਾਂ ਕਰਵਾਈਆਂ ਜਾਂਦੀਆਂ ਭੇਟਾਵਾਂ ਨਾਲ ਪੁਜਾਰੀ ਲਾਣਾ ਤੇ ਪ੍ਰਬੰਧਕ ਆਪ ਗੁਲਛਰੇ ਉਡਾਉਂਦੇ ਤੇ ਅਯਾਸ਼ ਜੀਵਨ ਜੀਉਂਦੇ ਹਨ!

ਅਰਦਾਸ ਕਿਸ ਅੰਦਾਜ਼/ਢੰਗ ਨਾਲ ਕਰਨੀ ਹੈ?

ਅਰਦਾਸ ਮੂਲ ਰੂਪ ਵਿੱਚ ਦੋ ਤਰ੍ਹਾਂ ਦੀ ਹੈ: ਇਕ, ਸੱਚੀ ਸ਼੍ਰੱਧਾ ਰੱਖਣ ਵਾਲੇ ਦੇ ਮਨ ਵਿੱਚੋਂ ਸਹਾਇਤਾ ਲਈ ਸੁਭਾਵਿਕ ਨਿਕਲੀ ਦੁਆ, ਪੁਕਾਰ; ਅਤੇ ਦਾਤੇ ਲਈ ਸ਼ੁਕਰਾਨੇ ਦੇ ਜਜ਼ਬਾਤੀ ਬੋਲ। ਇਸ ਤਰ੍ਹਾਂ ਦੀ "ਜੀਅ ਕੀ ਅਰਦਾਸਿ" ਵਾਸਤੇ ਸਰੀਰਕ ਅੰਗਾਂ ਨਾਲ ਕੀਤੇ ਨਾਟਕ ਜਾਂ ਕਿਸੇ ਬਾਹਰੀ ਦਿਖਾਵੇ ਦੀ ਨਿਯਮਬੱਧਤਾ ਅਥਵਾ ਮਰਯਾਦਿਤ ਢੰਗ ਦੀ ਲੋੜ ਨਹੀਂ ਹੁੰਦੀ; ਅਤੇ ਨਾ ਹੀ ਕਿਸੇ ਮਾਇਕ ਜਾਂ ਪਦਾਰਥਕ ਭੇਟਾ ਦੀ ਜ਼ਰੂਰਤ ਹੁੰਦੀ ਹੈ!

ਦੂਜਾ, ਪੁਜਾਰੀਆਂ ਦੁਆਰਾ ਨਿਰਧਾਰਤ ਕੀਤੀ ਮਰਯਾਦਿਤ ਅਰਦਾਸ। ਹਰ ਸੰਸਾਰਕ/ਸੰਕੀਰਣ ਧਰਮ ਵਿੱਚ ਅਰਦਾਸ/ਪ੍ਰਾਰਥਨਾ ਪੁਜਾਰੀਆਂ ਦੁਆਰਾ ਨਿਰਧਾਰਤ ਕੀਤੇ ਢੰਗ ਨਾਲ ਹੀ ਕਰਨੀ/ਕਰਵਾਉਣੀ ਪੈਂਦੀ ਹੈ! ਇਸ ਦਿਖਾਵੇ ਦੀ ਕਰਮਕਾਂਡੀ ਅਰਦਾਸ ਕਰਨ/ਕਰਵਾਉਣ ਸਮੇਂ ਮਾਇਕ ਤੇ ਪਦਾਰਥਕ ਭੇਟਾ ਦਾ ਹੋਣਾ ਵੀ ਲਾਜ਼ਮੀ ਹੈ! ! ਗੁਰਬਾਣੀ ਵਿੱਚ ਅਜਿਹੀ ਕਰਮਕਾਂਡੀ ਤੇ ਲੋਕਾਚਾਰੀ ਅਰਦਾਸ ਨੂੰ ਮੂਲੋਂ ਹੀ ਨਕਾਰਿਆ ਗਿਆ ਹੈ।

ਗੁਰੁ (ਗ੍ਰੰਥ) ਦੇ ਸੱਚੇ ਸਿੱਖ ਨੇ ਪਾਖੰਡ-ਰਹਿਤ "ਜੀਅ ਕੀ ਅਰਦਾਸ" ਹੀ ਕਰਨੀ ਹੈ। ਸੱਚੇ ਸਿੱਖ ਦੇ ਜੀਵਨ ਵਿੱਚ ਲੋਕਾਚਾਰੀ ਪਾਖੰਡ ਪ੍ਰਾਰਥਨਾ ਵਾਸਤੇ ਕੋਈ ਜਗ੍ਹਾ ਨਹੀਂ!

ਮਨੁੱਖਾ ਸਮਾਜ ਦੇ ਧਾਰਮਿਕ ਖੇਤ੍ਰ ਵਿੱਚ, ਅਰਦਾਸ ਕਰਨ ਦੇ ਕਈ ਢੰਗ ਪ੍ਰਚੱਲਿਤ ਸਨ/ਹਨ ਜਿਵੇਂ: ਡੰਡਉਤ, ਅੰਜਲੀ, ਹੱਥ ਜੋੜ ਕੇ, ਹੱਥ ਫੈਲਾ ਕੇ, ਸਿਰ ਝੁਕਾ ਕੇ, ਆਸਮਾਨ ਵੱਲ ਸਿਰ ਉਠਾ ਕੇ, ਖਲੋ ਕੇ, ਗੋਡਿਆਂ ਭਾਰ ਹੋ ਕੇ, ਮੱਥਾ ਟੇਕ ਕੇ, ਨੱਕ ਰਗੜ ਕੇ, ਅੱਖਾਂ ਮੂੰਦ ਕੇ……, ਆਪਣੇ ਵਿਸ਼ਵਾਸ ਅਨੁਸਾਰ ਸਿਰ ਢਕ ਕੇ, ਵਿਸ਼ੇਸ਼ ਕਿਸਮ ਦੀ ਟੋਪੀ ਪਾ ਕੇ ਜਾਂ ਫਿਰ ਨੰਗੇ ਸਿਰ, ਨੰਗੇ ਪੈਰ, ਪੈਰ ਧੋ ਕੇ ਜਾਂ ਜੋੜਿਆਂ ਸਮੇਤ……। ਇਹ ਸਾਰੇ ਢੰਗ ਇਸ਼ਟ ਪ੍ਰਤਿ ਸ਼੍ਰੱਧਾ ਤੇ ਸਤਿਕਾਰ ਦੇ ਸੂਚਕ ਸਨ/ਹਨ। ਪ੍ਰਾਚੀਨ ਇਤਿਹਾਸ ਉੱਤੇ ਨਿਗਾਹ ਮਾਰੀਏ ਤਾਂ ਇਉਂ ਲਗਦਾ ਹੈ ਕਿ ਇਨ੍ਹਾਂ ਢੰਗਾਂ ਦਾ ਸੰਬੰਧ ਸਮੇਂ ਦੇ ਸਥਾਨਕ ਸੱਭਿਆਚਾਰ ਨਾਲ ਸੀ, ਜਿਸ ਨੂੰ ਬਾਅਦ ਵਿੱਚ ਮਾਇਆ-ਦਾਸ ਸਵਾਰਥੀ ਪੁਜਾਰੀਆਂ ਨੇ ਧਰਮਾਂ ਦੀ ਆਪੂੰ ਘੜੀ ਧਾਰਮਿਕ ਰਹਿਤ ਮਰਯਾਦਾ ਨਾਲ ਜੋੜ ਦਿੱਤਾ। ਅਰਦਾਸਿ ਦੇ ਪ੍ਰਚੱਲਿਤ ਢੰਗਾਂ ਦਾ ਜ਼ਿਕਰ ਗੁਰਬਾਣੀ ਵਿੱਚ ਵੀ ਹੈ:-

ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ॥ ਕਰਿ ਡੰਡਉਤ ਪੁਨੁ ਵਡਾ ਹੇ॥ ਗਉੜੀ ਮ: ੪

ਦੁਇ ਕਰ ਜੋੜਿ ਖੜੀ ਤਕੈ ਸਚੁ ਕਹੈ ਅਰਦਾਸਿ॥ …ਸਿਰੀ ਰਾਗੁ ਅ: ਮ: ੧

ਦੁਇ ਕਰ ਜੋਰਿ ਕਰਉ ਅਰਦਾਸਿ॥ ਜੀਉ ਪਿੰਡੁ ਧਨੁ ਤਿਸ ਕੀ ਰਾਸਿ॥ ਭੈਰਉ ਮ: ੫

ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ॥ ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ॥ ਸਲੋਕ ਮ: ੨

ਨਿਵਿ ਨਿਵਿ ਪਾਇ ਲਗਉ ਗੁਰ ਅਪੁਨੇ ਆਤਮ ਰਾਮੁ ਨਿਹਾਰਿਆ॥ ਆਸਾ ਮ: ੧

ਪ੍ਰਭ ਮਿਲਬੇ ਕਉ ਪ੍ਰੀਤਿ ਮਨਿ ਲਾਗੀ॥ ਪਾਇ ਲਗਉ ਮੋਹਿ ਕਰਉ ਬੇਨਤੀ ਕਊ ਸੰਤੁ ਮਿਲੈ ਬਡਭਾਗੀ॥ ਗਉੜੀ ਮ: ੫

ਸਪਸ਼ਟ ਹੈ ਕਿ, ਗੁਰਮਤਿ ਅਨੁਸਾਰ, ਅਰਦਾਸ ਕਿਸੇ ਵੀ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਪਰੰਤੂ, ਅਰਦਾਸ ਓਹੀ ਸਾਰਥਕ ਤੇ ਕਾਰਗਰ ਹੋ ਸਕਦੀ ਹੈ ਜਿਹੜੀ ਦ੍ਰਿੜ ਸ਼੍ਰੱਧਾ, ਸ਼ੁੱਧ ਮਨ, ਨੇਕ ਇਰਾਦੇ ਤੇ ਪਰਮਾਰਥੀ ਭਾਵਨਾ ਨਾਲ ਕੀਤੀ ਜਾਵੇ। ਗੁਰੁ-ਫ਼ੁਰਮਾਨ ਹੈ:

…ਸੀਸਿ ਨਿਵਾਇਆ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ॥ ਸਲੋਕ ਮ: ੧

ਤੁਧ ਨੋ ਨਿਵਣੁ ਮੰਨਣੁ ਤੇਰਾ ਨਾਉ॥ ਸਾਚੁ ਭੇਟ ਬੈਸਣ ਕਉ ਥਾਉ॥ ਸਤੁ ਸੰਤੋਖੁ ਹੋਵੈ ਅਰਦਾਸਿ॥ ਤਾ ਸੁਣਿ ਸਦਿ ਬਹਾਲੇ ਪਾਸਿ॥ ਰਾਮਕਲੀ ਮ: ੧

ਇਹ ਜਗਤ ਜੀਵ ਵਾਸਤੇ ਦੁੱਖਾਂ-ਦਰਿਦ੍ਰਾਂ ਦੀ ਦਲਦਲ ਤੇ ਸੁੱਖਾਂ-ਆਨੰਦਾਂ ਦੀ ਵਾੜੀ ਹੈ। ਮਨੁੱਖ ਨੇ ਇਨ੍ਹਾਂ ਦੋਹਾਂ (ਦੁੱਖਾਂ ਦੀ ਦਲਦਲ ਤੇ ਸੁੱਖਾਂ ਦੀ ਵਾੜੀ) ਵਿੱਚ ਹਰ ਹਾਲ ਵਿੱਚ ਵਿਚਰਨਾ ਹੈ। ਬਖ਼ਸ਼ਨਹਾਰ ਪ੍ਰਭੂ ਅੱਗੇ ਕੀਤੀ ਸੱਚੀ ਅਰਦਾਸ ਨਾਲ ਆਤਮ-ਬਲ ਮਿਲਦਾ ਹੈ, ਆਤਮ-ਬਲ ਸਦਕਾ ਆਤਮ-ਵਿਸ਼ਵਾਸ ਹਾਸਿਲ ਹੁੰਦਾ ਹੈ ਅਤੇ ਆਤਮ-ਵਿਸ਼ਵਾਸ ਨਾਲ ਆਤਮ-ਨਿਰਭਰਤਾ ਮਿਲਦੀ ਹੈ। ਆਤਮ-ਬਲ, ਆਤਮ-ਵਿਸ਼ਵਾਸ ਤੇ ਆਤਮ-ਨਿਰਭਰਤਾ ਸਦਕਾ ਮਨੁੱਖ ਦਾ ਮਨ ਹਮੇਸ਼ਾ ਅਡੋਲ ਅਵਸਥਾ ਵਿੱਚ ਰਹਿੰਦਾ ਹੈ। ਅਡੋਲ ਮਨ ਵਾਲੇ ਮਨੁੱਖ ਨੂੰ ਦੁੱਖ ਪੋਹੰਦੇ ਨਹੀਂ ਤੇ ਸੰਸਾਰਕ ਸੁੱਖਾਂ ਲਈ ਮਨ ਤੜਪਦਾ ਵੀ ਨਹੀਂ।

*ਗੁਰਮਤਿ ਅਨੁਸਾਰੀ ਅਰਦਾਸ* - ਬਨਾਮ -#ਪੰਥ ਪ੍ਰਵਾਣਿਤ ਮਰਯਾਦਿਤ ਅਰਦਾਸ#

*ਅਰਦਾਸ ਸਿਰਫ਼ ਤੇ ਸਿਰਫ਼ ਅਕਾਲ ਪੁਰਖ ਪ੍ਰਭੂ ਅੱਗੇ ਹੀ ਕੀਤੀ ਜਾਂਦੀ ਹੈ!

#ਅਕਾਲ ਪੁਰਖ ਪ੍ਰਭੂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ।

*ਅਰਦਾਸ ਲੋੜਵੰਦ ਨੇ ਆਪ ਕਰਨੀ ਹੈ!

#ਅਰਦਾਸ ਪੁਜਾਰੀਆਂ ਦੁਆਰਾ ਕੀਤੀ/ਕਰਵਾਈ ਜਾਂਦੀ ਹੈ।

*ਅਰਦਾਸ ਵਿੱਚ ਸਿਰਫ਼ ਤੇ ਸਿਰਫ਼ ਨਾਮ ਦੀ ਦਾਤ ਹੀ ਮੰਗੀ ਜਾਂਦੀ ਹੈ!

#ਨਾਮ ਤੋਂ ਬਿਨਾਂ ਹੋਰ ਸਭ ਕੁੱਝ ਮੰਗਿਆ ਜਾਂਦਾ ਹੈ।

*ਪ੍ਰਾਰਥਕ ਨੇ, ਹਉਮੈਂ-ਮੁਕਤ ਹੋ ਕੇ, ਦਾਤੇ ਅੱਗੇ ਆਪਾ ਭੇਟ ਕਰਨਾ ਹੈ! ਮਾਇਕ ਜਾਂ ਪਦਾਰਥਕ ਭੇਟਾਵਾਂ ਦੀ ਲੋੜ ਨਹੀਂ!

#ਸਵੈ-ਸਮਰਪਣ ਦੀ ਬਜਾਏ, ਮਾਇਕ ਤੇ ਪਦਾਰਥਕ ਭੇਟਾਵਾਂ ਅਰਪਣ ਕੀਤੀਆਂ/ਕਰਵਾਈਆਂ ਜਾਂਦੀਆਂ ਹਨ। (ਮਇਕ ਤੇ ਪਦਾਰਥਕ ਭੇਟਾਵਾਂ ਦੇ ਕੇ ਅਰਦਾਸ ਕਰਵਾਉਣ ਵਾਲੇ ਦੇ ਹਿਰਦੇ ਵਿੱਚ ਹਉਮੈਂ ਦਾ ਹੋਣਾ ਸੁਭਾਵਕ ਹੈ। ਭੇਟਾ (ਭਾੜਾ) ਵਸੂਲ ਕੇ ਅਰਦਾਸ ਕਰਨ ਵਾਲੇ ਪੁਜਾਰੀ ਦੇ ਮਨ ਵਿੱਚ ਲੋਭ-ਲਾਲਚ ਦੀ ਭਾਵਨਾ ਭਾਰੂ ਹੁੰਦੀ ਹੈ।)

*ਅਰਦਾਸ ਕਿਸੇ ਵੀ ਢੰਗ/ਅੰਦਾਜ਼ ਨਾਲ ਕੀਤੀ ਜਾ ਸਕਦੀ ਹੈ! ਪਰ ਦ੍ਰਿੜ ਸ਼੍ਰੱਧਾ ਤੇ ਨਿਰਮਲ ਮਨ ਸੱਚੀ ਅਰਦਾਸ ਦੀ ਪੂਰਵ ਸ਼ਰਤ ਹੈ!

#ਮਰਯਾਦਿਤ ਅਰਦਾਸ ਪੁਜਾਰੀਆਂ ਦੁਆਰਾ ਨਿਰਧਾਰਤ ਕਰਮਕਾਂਡੀ ਢੰਗ ਨਾਲ ਹੀ ਕੀਤੀ/ਕਰਵਾਈ ਜਾਂਦੀ ਹੈ। ਮਾਇਆ ਦਾ ਦੇਣ-ਲੈਣ ਇਸ ਅਰਦਾਸ ਦੀ ਪੂਰਵ-ਸ਼ਰਤ ਹੈ। *ਅਰਦਾਸ ਕਰਨ ਲਈ ਸੱਚੇ ਦਿਲੋਂ ਨਿਮਾਣਾ, ਮਸਕੀਨ, ਹਲੀਮ ਹੋਣਾ ਜ਼ਰੂਰੀ ਹੈ।

#ਭੇਟਾ ਦੇ ਕੇ ਕਰਵਾਈ ਗਈ ਲੋਕਾਚਾਰੀ ਅਰਦਾਸ ਪਿੱਛੇ ਹਉਮੈਂ-ਹੰਕਾਰ ਦੀ ਕੁਰੁਚੀ ਦਾ ਹੋਣਾ ਕੁਦਰਤੀ ਹੈ।

ਗੁਰਇੰਦਰ ਸਿੰਘ ਪਾਲ

ਜੁਲਾਈ 16, 2017.




.