. |
|
ੴਸਤਿਗੁਰਪ੍ਰਸਾਦਿ।।
ਖਾਲਸਾ ਪੰਥ ਬਨਾਮ ਡੇਰਾਵਾਦ
(ਭਾਗ ਤੇਰਵਾਂ)
ਡੇਰਾਵਾਦ ਦੇ ਪ੍ਰਫੁਲਤ ਹੋਣ ਦੇ ਮਾਨਸਿਕ ਕਾਰਨ
ਅੰਧਵਿਸ਼ਵਾਸ:
ਇਹ ਅਗਿਆਨਤਾ ਹੀ ਅੰਧ ਵਿਸ਼ਵਾਸ ਨੂੰ ਜਨਮ ਦੇਂਦੀ ਹੈ, ਜਾਂ ਇੰਝ ਕਹਿ ਲਈਏ ਕਿ
ਅਗਿਆਨਤਾ ਅਤੇ ਅੰਧਵਿਸ਼ਵਾਸ ਦਾ ਪੱਕਾ ਸਾਥ ਹੈ। ਦੋਵਾਂ ਨੂੰ ਅੱਡ ਅੱਡ ਕਰਨਾ ਮੁਸ਼ਕਿਲ ਨਹੀ, ਅਸੰਭਵ
ਹੈ। ਇਥੇ ਇੱਕ ਗੱਲ ਹੋਰ ਸਮਝ ਲੈਣੀ ਬਹੁਤ ਜ਼ਰੂਰੀ ਹੈ ਕਿ ਵਿਸ਼ਵਾਸ ਅਨਮੋਲ ਚੀਜ਼ ਹੈ। ਜਿਸ ਮਨੁੱਖ ਦੇ
ਜੀਵਨ ਵਿੱਚ ਵਿਸ਼ਵਾਸ ਨਹੀਂ, ਉਹ ਧਰਮ ਦੇ ਮਾਰਗ ਦਾ ਪਾਂਧੀ ਨਹੀਂ ਹੋ ਸਕਦਾ। ਸਾਡੇ ਜੀਵਨ ਦਾ ਮਨੋਰਥ
ਅਕਾਲ-ਪੁਰਖ ਨਾਲ ਅਭੇਦ ਹੋਣਾ ਹੈ, ਜੇ ਅਕਾਲ-ਪੁਰਖ ਦੀ ਹੋਂਦ ਅਤੇ ਸਮਰਥਾ ਅਤੇ ਗੁਰੂ ਦੇ ਉਸ ਨਾਲ
ਮਿਲਾਪ ਕਰਾਉਣ ਦੀ ਸਮਰਥਾ ਉਤੇ ਪੂਰਨ ਵਿਸ਼ਵਾਸ ਨਹੀਂ ਆਇਆ ਤਾਂ ਉਸ ਨਾਲ ਅਭੇਦ ਹੋਣ ਦੀ ਗੱਲ ਤਾਂ
ਸੋਚੀ ਵੀ ਨਹੀਂ ਜਾ ਸਕਦੀ। ਐਸੇ ਮਨੁੱਖ ਦਾ ਜੀਵਨ ਤਾਂ ਵਿਕਾਰਾਂ ਵਿੱਚ ਹੀ ਸੜਦਾ ਰਹੇਗਾ। ਸਤਿਗੁਰੂ
ਦੀ ਪਾਵਨ ਬਾਣੀ ਫੁਰਮਾਂਦੀ ਹੈ:
"ਜਿਸੁ ਪਰਤੀਤਿ ਨ ਆਵਈ ਭਾਈ ਸੋ ਜੀਅੜਾ ਜਲਿ ਜਾਉ।। " {ਸੋਰਠਿ
ਮਹਲਾ ੫, ਪੰਨਾ ੬੪੦}
ਹੇ ਭਾਈ !
ਜਿਸ ਮਨੁੱਖ ਨੂੰ (ਗੁਰੂ ਉਤੇ) ਇਤਬਾਰ ਨਹੀਂ ਬੱਝਦਾ ਉਸ ਦੀ (ਨਿਭਾਗੀ) ਜਿੰਦ (ਵਿਕਾਰਾਂ ਵਿਚ) ਸੜ
ਜਾਂਦੀ ਹੈ।
ਇਸ ਦੇ ਵਾਸਤੇ ਸਭ ਤੋਂ ਪਹਿਲੀ ਪਉੜੀ ਹੈ ਕਿ ਗੁਰੂ ਤੇ ਪੂਰਨ ਵਿਸ਼ਵਾਸ ਆਵੇ।
ਕਿਉਂਕਿ ਅਕਾਲ-ਪੁਰਖ ਤੇ ਪੂਰਨ ਵਿਸ਼ਵਾਸ ਗੁਰੂ ਦੀ ਬਖਸ਼ਿਸ਼ ਨਾਲ ਹੀ ਪ੍ਰਾਪਤ ਹੁੰਦਾ ਹੈ। ਗੁਰਬਾਣੀ
ਸਮਝਾਉਂਦੀ ਹੈ:
"ਸਤਿਨਾਮੁ ਪ੍ਰਭ ਕਾ ਸੁਖਦਾਈ।। ਬਿਸ੍ਵਾਸੁ ਸਤਿ ਨਾਨਕ ਗੁਰ ਤੇ ਪਾਈ।।
੩।। " {ਗਉੜੀ ਸੁਖਮਨੀ ਮਃ ੫, ਪੰਨਾ ੨੮੪}
ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਸੁਖ-ਦਾਤਾ ਹੈ। ਹੇ ਨਾਨਕ !
(ਜੀਵ ਨੂੰ) ਇਹ ਅਟੱਲ ਸਿਦਕ ਸਤਿਗੁਰੂ ਤੋਂ ਮਿਲਦਾ ਹੈ। ੬।
" ਜਾ ਕੈ ਮਨਿ ਗੁਰ
ਕੀ ਪਰਤੀਤਿ।। ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ।। " {ਗਉੜੀ ਸੁਖਮਨੀ ਮਃ ੫, ਪੰਨਾ ੨੮੩}
ਜਿਸ ਮਨੁੱਖ ਦੇ ਮਨ ਵਿੱਚ ਸਤਿਗੁਰੂ ਦੀ ਸਰਧਾ ਬਣ ਗਈ ਹੈ ਉਸ ਦੇ ਚਿੱਤ ਵਿੱਚ
ਪ੍ਰਭੂ ਟਿਕ ਜਾਂਦਾ ਹੈ।
ਸਿੱਖ ਦਾ ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਗੁਰਬਾਣੀ ਦਾ ਇਲਾਹੀ
ਗਿਆਨ। ਗੁਰਬਾਣੀ ਦੇ ਸੱਚ ਅਤੇ ਪੂਰਨ ਹੋਣ ਦਾ ਵਿਸ਼ਵਾਸ ਹੀ ਗੁਰੂ ਤੇ ਵਿਸ਼ਵਾਸ ਹੈ। ਪਰ ਗੱਲ ਇਥੇ ਵੀ
ਮੁਕਦੀ ਨਹੀਂ, ਗੁਰਬਾਣੀ ਅਨੁਸਾਰ ਜੀਵਨ ਨੂੰ ਢਾਲਣ ਦੀ ਵਚਨ-ਬਧਤਾ ਵੀ ਜ਼ਰੂਰੀ ਹੈ। ਸਤਿਗੁਰੂ ਦੇ ਬਚਨ
ਹਨ:
"ਸਤਿਗੁਰ ਕੀ ਪਰਤੀਤਿ ਨ ਆਈਆ ਸਬਦਿ ਨ ਲਾਗੋ ਭਾਉ।।
ਓਸ ਨੋ ਸੁਖੁ ਨ ਉਪਜੈ ਭਾਵੈ ਸਉ ਗੇੜਾ ਆਵਉ ਜਾਉ।। " {ਸਲੋਕੁ ਮਃ ੩,
ਪੰਨਾ ੫੯੧}
ਜਿਸ ਮਨੁੱਖ ਨੂੰ ਸਤਿਗੁਰੂ ਤੇ ਭਰੋਸਾ ਨਹੀਂ ਬਣਿਆ ਤੇ ਸਤਿਗੁਰੂ ਦੇ ਸ਼ਬਦ
ਵਿੱਚ ਜਿਸ ਦਾ ਪਿਆਰ ਨਹੀਂ ਲੱਗਾ ਉਸ ਨੂੰ ਕਦੇ ਸੁਖ ਨਹੀਂ, ਭਾਵੇਂ (ਗੁਰੂ ਪਾਸ) ਸੌ ਵਾਰੀ ਆਵੇ
ਜਾਏ।
ਗੱਲ ਸਪਸ਼ਟ ਹੈ ਕਿ ਜਿਵੇਂ ਜਿਵੇਂ ਗੁਰਬਾਣੀ ਦਾ ਗਿਆਨ ਸਾਡੇ ਹਿਰਦੇ ਵਿੱਚ
ਵਸਦਾ ਜਾਵੇਗਾ, ਅਕਾਲ-ਪੁਰਖ ਵਾਹਿਗੁਰੂ ਤੇ ਵੀ ਸਾਡਾ ਵਿਸ਼ਵਾਸ ਪੱਕਾ ਹੁੰਦਾ ਜਾਂਦਾ ਹੈ, ਨਾਮ ਸਾਡੇ
ਹਿਰਦੇ ਵਿੱਚ ਵੱਸੀ ਜਾਂਦਾ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਸਮਝਾਉਂਦੇ ਹਨ:
"ਜਾ ਕੈ ਰਿਦੈ ਬਿਸ੍ਵਾਸੁ ਪ੍ਰਭ ਆਇਆ।। ਤਤੁ ਗਿਆਨੁ ਤਿਸੁ ਮਨਿ
ਪ੍ਰਗਟਾਇਆ।। " {ਗਉੜੀ ਸੁਖਮਨੀ ਮਃ ੫, ਪੰਨਾ ੨੮੫}
ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ (ਦੀ ਹਸਤੀ) ਦਾ ਯਕੀਨ ਬੱਝ ਗਿਆ ਹੈ,
ਉਸ ਦੇ ਮਨ ਵਿੱਚ ਸੱਚਾ ਗਿਆਨ ਪਰਗਟ ਹੋ ਗਿਆ ਹੈ।
"ਮਨ ਅੰਤਰਿ ਬਿਸ੍ਵਾਸੁ ਕਰ ਮਾਨਿਆ।। ਕਰਨਹਾਰੁ ਨਾਨਕ ਇਕੁ ਜਾਨਿਆ।।
੩।। " {ਗਉੜੀ ਸੁਖਮਨੀ ਮਃ ੫, ਪੰਨਾ ੨੯੨}
ਹੇ ਨਾਨਕ !
ਜਿਸ ਮਨੁੱਖ ਨੇ ਮਨ ਵਿੱਚ ਸ਼ਰਧਾ ਧਾਰ ਕੇ ਪ੍ਰਭੂ ਨੂੰ (ਸੱਚਮੁਚ ਹੋਂਦ ਵਾਲਾ) ਮੰਨ ਲਿਆ ਹੈ, ਉਸ ਨੇ
ਉਸ ਇੱਕ ਕਰਤਾਰ ਨੂੰ ਹੀ ਪਛਾਣਿਆ ਹੈ। ੩।
ਇਸੇ ਵਾਸਤੇ ਸਤਿਗੁਰੂ ਸਮਝਾਉਂਦੇ ਹਨ ਕਿ ਹੇ ਜਗਿਆਸੂ, ਆਪਣੀ ਸ਼ਰਧਾ ਵਿਚ,
ਆਪਣੇ ਵਿਸ਼ਵਾਸ ਵਿੱਚ ਗਿਆਨ ਦਾ ਰੰਗ ਭਰ ਲੈ:
"ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ।। " (ਮਹਲਾ
੧, ਪੰਨਾ ੧੨੪੦)
ਜਿਸ ਵੇਲੇ ਅਸੀਂ ਆਪਣੀ ਸ਼ਰਧਾ ਵਿੱਚ ਗਿਆਨ ਭਰ ਲਵਾਂਗੇ, ਇਹ ਧਰਮ ਬਣ
ਜਾਵੇਗਾ। ਭਗਤ ਕਬੀਰ ਜੀ ਦਾ ਫੁਰਮਾਨ ਹੈ:
"ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ।।
ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ।। ੧੫੫।। " {ਪੰਨਾ ੧੩੭੨}
ਜੇ ਵਿਸ਼ਵਾਸ ਗਿਆਨ ਅਧਾਰਤ ਹੈ ਤਾਂ ਇਹ ਧਰਮ ਹੈ, ਇਹ ਅਕਾਲ-ਪੁਰਖ ਨਾਲ ਜੋੜ
ਦੇਂਦਾ ਹੈ, ਜੀਵਨ ਨੂੰ ਸਕਾਰਥਾ ਕਰ ਦੇਂਦਾ ਹੈ ਅਤੇ ਜੇ ਵਿਸ਼ਵਾਸ ਗਿਆਨ ਵਿਹੂਣਾ ਹੈ ਤਾਂ ਇਹ ਅੰਧ
ਵਿਸ਼ਵਾਸ ਬਣ ਜਾਂਦਾ ਹੈ। ਅੰਧ ਵਿਸ਼ਵਾਸ ਮੱਨੁਖ ਦਾ ਸਭ ਤੋਂ ਵੱਡਾ ਦੁਸ਼ਮਨ ਹੈ, ਮਨੁੱਖ ਸਾਰਾ ਜੀਵਨ
ਭਟਕਣਾ ਵਿੱਚ ਬਿਤਾ ਕੇ ਹੀਰਾ ਜੀਵਨ ਅਜਾਈਂ ਗੁਆ ਕੇ ਤੁਰ ਜਾਂਦਾ ਹੈ।
ਸਾਡੇ ਕੋਲ ਤਾਂ ਗੁਰੂ ਇਤਿਹਾਸ ਵਿੱਚੋਂ ਲਾਜੁਆਬ ਪ੍ਰਮਾਣ ਹਨ। ਗੁਰੂ ਅੰਗਦ
ਸਾਹਿਬ ਗੁਰੂ ਨਾਨਕ ਸਾਹਿਬ ਦੀ ਸ਼ਰਨ ਆਉਣ ਤੋਂ ਪਹਿਲਾਂ ਭਾਈ ਲਹਿਣਾ ਜੀ ਦੇ ਤੌਰ ਤੇ ਹਰ ਸਾਲ ਦੇਵੀ
ਦੇ ਦਰਸ਼ਨਾਂ ਲਈ ਜਾਂਦੇ ਸਨ। ਸੁਭਾਵਕ ਹੈ ਕਿ ਉਨ੍ਹਾਂ ਅੰਦਰ ਸ਼ਰਧਾ ਤਾਂ ਅਥਾਹ ਸੀ ਪਰ ਕਈ ਸਾਲਾਂ ਦੀ
ਭਟਕਣਾ ਤੋਂ ਬਾਅਦ ਵੀ ਮਨ ਵਿੱਚ ਟਿਕਾਅ ਅਤੇ ਜੀਵਨ ਵਿੱਚ ਠਹਿਰਾ ਨਹੀਂ ਆਇਆ। ਜਦੋਂ ਗੁਰੂ ਨਾਨਕ
ਸਾਹਿਬ ਨਾਲ ਮਿਲਾਪ ਹੋਇਆ, ਗੁਰੂ ਗਿਆਨ ਦੀ ਕਿਰਨ ਅੰਦਰ ਗਈ ਤਾਂ ਸਭ ਕੁੱਝ ਛੱਡ ਕੇ ਗੁਰੂ ਚਰਨਾਂ
ਨਾਲ ਹੀ ਜੁੜ ਗਏ। ਜਦੋਂ ਉਨ੍ਹਾਂ ਦੀ ਸ਼ਰਧਾ ਵਿੱਚ ਗੁਰੂ ਗਿਆਨ ਦਾ ਅਲੌਕਿਕ ਰੰਗ ਭਰ ਗਿਆ ਤਾਂ ਭਾਈ
ਲਹਿਣਾਂ ਜੀ ਤੋਂ ਦੂਜੇ ਨਾਨਕ, ਸਿੱਖ ਕੌਮ ਦੇ ਦੂਸਰੇ ਸਤਿਗੁਰੂ, ਗੁਰੂ ਅੰਗਦ ਸਾਹਿਬ ਹੋਣ ਦਾ ਮਾਣ
ਪ੍ਰਾਪਤ ਹੋਇਆ। ਪੂਰੀ ਲੁਕਾਈ ਦੇ ਸਹਿਜ ਅਵਸਥਾ ਪ੍ਰਾਪਤੀ ਲਈ ਮਾਰਗ ਦਰਸ਼ਕ ਬਣ ਗਏ।
ਬਿਲਕੁਲ ਇਸ ਨਾਲ ਮਿਲਦਾ ਜੁਲਦਾ ਇਤਿਹਾਸ ਹੀ ਗੁਰੂ ਅਮਰਦਾਸ ਸਾਹਿਬ ਦਾ ਹੈ।
ਫਰਕ ਸਿਰਫ ਇਤਨਾ ਹੈ ਕਿ ਬਾਬਾ ਅਮਰੂ ਜੀ ਹਰ ਸਾਲ ਤੀਰਥਾਂ ਤੇ ਜਾਂਦੇ ਸਨ। ਕਈ ਵਾਰ ਹਿੰਦੂ ਧਰਮ ਦੇ
੬੮ ਤੀਰਥਾਂ ਦੇ ਦਰਸ਼ਨ ਕਰ ਆਏ ਸਨ। ਇਤਨੀ ਅਥਾਹ ਸ਼ਰਧਾ ਹੋਣ ਤੇ ਵੀ ਮਨ ਭਟਕਣਾ ਵਿੱਚ ਸੀ ਜੀਵਨ ਅਧੂਰਾ
ਜਾਪਦਾ ਸੀ। ਇਤਨੀਆਂ ਤੀਰਥ ਯਾਤਰਾਵਾਂ ਕਰਨ ਦੇ ਬਾਵਜੂਦ, ਵੱਡੀ ਉਮਰ ਹੋ ਜਾਣ ਤੇ ਵੀ ਮਨ ਟਿਕਾਅ
ਵਿੱਚ ਨਹੀਂ ਆਇਆ। ਆਪਣੀ ਨੂੰਹ ਤੋਂ ਗੁਰਬਾਣੀ ਦੀਆਂ ਕੁੱਝ ਪੰਕਤੀਆਂ ਸੁਣ ਕੇ, ਗਿਆਨ ਦੀਆਂ ਅਲੋਕਿਕ
ਰਿਸ਼ਮਾਂ ਮਨ ਨੂੰ ਛੂਹ ਗਈਆਂ। ਗੁਰੂ ਸ਼ਰਨ ਵਿੱਚ ਪਹੁੰਚੇ ਤਾਂ ਫਿਰ ਗੁਰੂ ਦੇ ਹੀ ਹੋਕੇ ਰਹਿ ਗਏ।
ਸਮਾਜਿਕ ਤਾਨ੍ਹੇ ਮਿਹਣੇ ਵੀ ਮਨ ਨੂੰ ਡੁਲਾ ਨਾ ਸਕੇ। ਆਪਣੀ ਅਥਾਹ ਸ਼ਰਧਾ ਵਿੱਚ ਗੁਰੂ ਨਾਨਕ ਪਾਤਿਸ਼ਾਹ
ਦੇ ਇਲਾਹੀ ਗਿਆਨ ਦਾ ਪ੍ਰਕਾਸ਼ ਕਰਕੇ ਤੀਸਰੇ ਨਾਨਕ, ਗੁਰੂ ਅਮਰਦਾਸ ਪਾਤਿਸ਼ਾਹ ਬਣ ਗਏ। ਨਾ ਸਿਰਫ ਆਪਣੇ
ਜੀਵਨ ਵਿੱਚ ਸਹਿਜਮਈ ਜੀਵਨ ਦੀ ਅਵਸਥਾ ਪ੍ਰਾਪਤ ਹੋਈ, ਪੂਰੀ ਮਨੁੱਖਤਾ ਨੂੰ ਸਹਿਜ ਅਤੇ ਅਨੰਦ ਦਾ ਪਾਠ
ਪੜ੍ਹਾ ਦਿੱਤਾ।
ਜਿਵੇਂ ਉਪਰ ਦੱਸਿਆ ਗਿਆ ਹੈ, ਆਮ ਤੌਰ ਤੇ ਇਹ ਪ੍ਰਚੱਲਤ ਕੀਤਾ ਗਿਆ ਹੈ ਕਿ
ਧਰਮ ਤਾਂ ਅੰਧ ਵਿਸ਼ਵਾਸ ਤੇ ਹੀ ਅਧਾਰਤ ਹੁੰਦਾ ਹੈ। ਭਗਤੀ ਕਰਨ ਲਈ ਅਕਲ ਦੀ ਨਹੀਂ ਵਿਸ਼ਵਾਸ ਦੀ ਲੋੜ
ਹੁੰਦੀ ਹੈ। ਕਈ ਲੋਕ ਇਸ ਨੂੰ ਵਧੀਆ ਲਫਜ਼ੀ ਜਾਮਾ ਪਹਿਨਾਉਣ ਲਈ ਪ੍ਰੇਮਾ ਭਗਤੀ ਦਾ ਨਾਂਅ ਦੇ ਦੇਂਦੇ
ਹਨ, ਪਰ ਸਤਿਗੁਰੂ ਨੇ ਬਾਣੀ ਵਿੱਚ ਇਹ ਸਪਸ਼ਟ ਕਰ ਦਿੱਤਾ ਹੈ ਕਿ ਧਰਮ ਅੰਧਵਿਸ਼ਵਾਸ ਦਾ ਨਹੀਂ ਬਲਕਿ
ਅਕਲ ਦਾ ਵਿਸ਼ਾ ਹੈ। ਪਾਵਨ ਗੁਰਵਾਕ ਹੈ:
"ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ।। ਅਕਲੀ ਪੜਿੑ ਕੈ ਬੁਝੀਐ
ਅਕਲੀ ਕੀਚੈ ਦਾਨੁ।।
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ।। ੧।। (ਸਲੋਕ ਮਃ ੧,
ਪੰਨਾ ੧੨੪੫)
ਪ੍ਰੇਮਾ ਭਗਤੀ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਸਤਿਗੁਰੂ ਨੇ ਇਸ ਸ਼ਬਦ ਰਾਹੀਂ
ਇਹ ਸਮਝਾ ਦਿੱਤਾ ਹੈ ਕਿ ਅਕਾਲ-ਪੁਰਖ ਦਾ ਸਿਮਰਨ ਵੀ ਅਕਲ ਨਾਲ ਹੀ ਕਰਨਾ ਚਾਹੀਦਾ ਹੈ ਤੇ ਇਸ ਤਰ੍ਹਾਂ
ਅਕਲ ਨਾਲ ਕੀਤੇ ਸਿਮਰਨ ਨਾਲ ਹੀ ਮਾਣ ਪ੍ਰਾਪਤ ਹੁੰਦਾ ਹੈ। ਜਿਵੇਂ ਅੱਜ ਕਲ ਪਖੰਡੀ ਬਾਬਿਆਂ ਵਲੋਂ
ਗੁਰਬਾਣੀ ਦੇ ਰੱਟੇ ਲੁਆਏ ਜਾ ਰਹੇ ਹਨ ਅਤੇ ਇਕੌਤਰੀਆਂ ਚਲਾਈਆਂ ਜਾ ਰਹੀਆਂ ਹਨ, ਨੂੰ ਰੱਦ ਕਰਦੇ
ਹੋਏ, ਸਤਿਗੁਰੂ ਇਹ ਸਮਝਾ ਰਹੇ ਹਨ ਕਿ ਗੁਰਬਾਣੀ ਪੜ੍ਹੀ ਵੀ ਉਹੀ ਸਕਾਰਥੀ ਹੈ ਜਿਸ ਨੂੰ ਪੜ੍ਹ ਕੇ
ਸਮਝ ਲਿਆ ਹੈ, ਉਸ ਤੋਂ ਗਿਆਨ ਪ੍ਰਾਪਤ ਕਰ ਲਿਆ ਹੈ। ਦਾਨ ਵੀ ਅਕਲ ਨਾਲ ਸਮਝ ਕੇ ਹੀ ਕਰਨਾ ਚਾਹੀਦਾ
ਹੈ, ਅੰਧ ਵਿਸ਼ਵਾਸ ਵਿਚ, ਧਰਮ ਦੇ ਨਾਂ ਤੇ ਬਣ ਰਹੀਆਂ ਇਮਾਰਤਾਂ ਭਾਵੇਂ ਉਹ ਗੁਰਦੁਆਰੇ ਜਾਂ ਬਾਬਿਆਂ
ਦੇ ਡੇਰੇ ਹੋਣ, ਸੋਨੇ ਦੀਆਂ ਪਾਲਕੀਆਂ ਜਾਂ ਸਾਧਾਂ ਲਈ ਵੱਡੀਆਂ ਵੱਡੀਆਂ ਕੀਮਤੀ ਗੱਡੀਆਂ ਤੇ ਖਰਚਿਆ
ਧਨ ਕੇਵਲ ਅੰਧਵਿਸ਼ਵਾਸ ਵਿੱਚ ਕੀਤਾ ਗਿਆ ਕਰਮ ਹੈ। ਸਤਿਗੁਰੂ ਸਮਝਾਂਉਂਦੇ ਹਨ ਕਿ ਇਹੀ ਅਸਲ ਧਰਮ ਦਾ
ਰਾਹ ਹੈ, ਬਾਕੀ ਸਾਰੀਆਂ ਅੰਧ ਵਿਸ਼ਵਾਸ ਦੀਆਂ ਗੱਲਾਂ ਨੂੰ ਸਤਿਗੁਰੂ ਸ਼ੈਤਾਨ ਦੀਆਂ ਗੱਲਾਂ ਦਸਦੇ ਹਨ।
ਅਕਸਰ ਅਸੀਂ ਦੁਨਿਆਵੀ ਵਿੱਦਿਆ ਤੋਂ ਕਿਸੇ ਦੇ ਗਿਆਨਵਾਨ ਹੋਣ ਦਾ ਭੁਲੇਖਾ ਖਾ
ਜਾਂਦੇ ਹਾਂ। ਪਰ ਧਰਮ ਦੀ ਦੁਨੀਆਂ ਵਿੱਚ ਤਾਂ ਗੱਲ ਅਧਿਆਤਮਕ ਗਿਆਨ ਦੀ ਵਧੇਰੇ ਹੈ। ਐਸਾ ਨਹੀਂ ਕਿ
ਦੁਨਿਆਵੀ ਵਿੱਦਿਆ ਦੀ ਲੋੜ ਨਹੀਂ, ਬਲਕਿ ਸਤਿਗੁਰ ਦੀ ਬਾਣੀ ਤਾਂ ਦੁਨਿਆਵੀ ਵਿੱਦਿਆ ਨੂੰ ਵੀ ਜ਼ਰੂਰੀ
ਅਤੇ ਅਧਿਆਤਮਕ ਗਿਆਨ ਦੀ ਇੱਕ ਪਉੜੀ ਸਮਝਦੀ ਹੈ। ਦੁਨਿਆਵੀ ਵਿੱਦਿਆ ਨਾਲ ਹੀ ਅਸੀਂ ਧਰਮ ਗ੍ਰੰਥਾਂ
ਨੂੰ ਪੜ੍ਹ ਸਕਦੇ ਹਾਂ, ਦੁਨਿਆਵੀ ਵਿੱਦਿਆ ਨਾਲ ਚੰਗਾ ਲਿਟਰੇਚਰ ਪੜ੍ਹਿਆ ਜਾ ਸਕਦਾ ਹੈ। ਹੋਰ ਤਾਂ
ਹੋਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵਿਚਾਰਨ ਅਤੇ ਸਮਝਣ ਲਈ ਵੀ ਦੁਨਿਆਵੀ ਵਿੱਦਿਆ ਬਹੁਤ ਸਹਾਈ
ਹੁੰਦੀ ਹੈ, ਅਤੇ ਜੇ ਗੁਰਬਾਣੀ ਨੂੰ ਵਿਚਾਰ ਕੇ ਪੜ੍ਹੀਏ ਤਾਂ ਹੀ ਉਸ ਦਾ ਪ੍ਰਭਾਵ ਸਾਡੇ ਜੀਵਨ ਤੇ
ਹੁੰਦਾ ਹੈ। ਪਾਵਨ ਗੁਰਵਾਕ ਹੈ:
"ਵਿਦਿਆ ਵੀਚਾਰੀ ਤਾਂ ਪਰਉਪਕਾਰੀ।। " {ਆਸਾ ਮਹਲਾ ੧, ਪੰਨਾ ੩੫੬}
(ਵਿਦਿਆ ਪ੍ਰਾਪਤ ਕਰ ਕੇ) ਜੋ ਮਨੁੱਖ ਦੂਜਿਆਂ ਨਾਲ ਭਲਾਈ ਕਰਨ ਵਾਲਾ ਹੋ
ਗਿਆ ਹੈ ਤਾਂ ਹੀ ਸਮਝੋ ਕਿ ਉਹ ਵਿੱਦਿਆ ਪਾ ਕੇ ਵਿਚਾਰਵਾਨ ਬਣਿਆ ਹੈ।
"ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ।। " (ਪ੍ਰਭਾਤੀ
ਮਹਲਾ ੧, ਪੰਨਾ ੧੩੨੯)
ਜੇਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਵਿੱਦਿਆ ਵਿਚਾਰਦਾ ਹੈ (ਸਿੱਖਦਾ ਹੈ)
ਉਹ ਇਸ ਵਿੱਦਿਆ ਨੂੰ ਪੜ੍ਹ ਪੜ੍ਹ ਕੇ (ਜਗਤ ਵਿਚ) ਆਦਰ ਹਾਸਲ ਕਰਦਾ ਹੈ।
ਲੇਕਿਨ ਇੱਕਲੀ ਦੁਨਿਆਵੀ ਵਿੱਦਿਆ ਕਾਫੀ ਨਹੀਂ। ਇਹ ਮੱਨੁਖ ਨੂੰ ਮਾਇਆ ਕਮਾਣ
ਵਿੱਚ ਤਾਂ ਸਹਾਈ ਹੋ ਸਕਦੀ ਹੈ, ਪਰ ਵਿਕਾਰਾਂ ਤੇ ਕਾਬੂ ਪਾਉਂਣ, ਅਕਾਲ ਪੁਰੁਖ ਨਾਲ ਅਭੇਦ ਹੋਣ ਅਤੇ
ਸੱਚ ਧਰਮ ਦਾ ਜੀਵਨ ਮਨੋਰਥ ਪ੍ਰਾਪਤ ਕਰਨ ਵਿੱਚ ਸਹਾਈ ਨਹੀਂ ਹੁੰਦੀ। ਬਲਕਿ ਇਕੱਲੀ ਦੁਨਿਆਵੀ ਵਿੱਦਿਆ
ਪ੍ਰਾਪਤ ਮੱਨੁਖ ਤਾਂ ਅਕਸਰ ਹੰਕਾਰੀ ਹੋ ਜਾਂਦਾ ਹੈ। ਸਤਿਗੁਰੂ ਗੁਰਬਾਣੀ ਵਿੱਚ ਫੁਰਮਾਂਦੇ ਹਨ:
"ਲਿਖਿ ਲਿਖਿ ਪੜਿਆ।। ਤੇਤਾ ਕੜਿਆ।। " {ਮਃ ੧, ਪੰਨਾ ੪੬੭}
ਜਿਤਨਾ ਕੋਈ ਮਨੁੱਖ (ਕੋਈ ਵਿੱਦਿਆ) ਲਿਖਣੀ ਪੜ੍ਹਨੀ ਜਾਣਦਾ ਹੈ, ਉਤਨਾ ਹੀ
ਉਸ ਨੂੰ ਆਪਣੀ ਵਿੱਦਿਆ ਦਾ ਮਾਣ ਹੈ।
ਦੁਨਿਆਵੀ ਵਿਦਿਆ ਤਾਂ ਹੀ ਸਕਾਰਥੀ ਹੈ, ਜੇ ਇਸ ਨੂੰ ਸਾਧਨ ਬਣਾਕੇ ਸੱਚੇ ਅਤੇ
ਪੂਰਨ ਗੁਰੂ ਤੋਂ ਅਧਿਆਤਮਿਕ ਗਿਆਨ ਪ੍ਰਾਪਤ ਕਰ ਲਿਆ ਹੈ ਅਤੇ ਆਪਣੇ ਜੀਵਨ ਨੂੰ ਉਸ ਅਨੁਸਾਰ ਢਾਲ ਲਿਆ
ਹੈ। ਜੇ ਅਸੀ ਸੱਚੇ ਗੁਰੂ ਦੇ ਲੜ ਨਹੀਂ ਲਗਦੇ ਅਤੇ ਆਪਣੇ ਜੀਵਨ ਨੂੰ ਸੱਚ ਗਿਆਨ ਅਨੁਸਾਰ ਨਹੀਂ
ਸੋਧਦੇ ਤਾਂ ਜਿਤਨੀ ਮਰਜ਼ੀ ਦੁਨਿਆਵੀ ਵਿੱਦਿਆ ਪ੍ਰਾਪਤ ਕਰ ਲਈਏ ਫਿਰ ਵੀ ਅਧਿਆਤਮਕ ਰੱਸ ਤੋਂ ਸੱਖਣਾ
ਜੀਵਨ ਅਜਾਈਂ ਹੀ ਜਾਣਾ ਹੈ। ਪਾਵਨ ਬਾਣੀ ਸਾਨੂੰ ਇਹੀ ਗੱਲ ਸਮਝਾ ਰਹੀ ਹੈ:
"ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ।। ਪੜਿ ਪੜਿ ਬੇੜੀ ਪਾਈਐ
ਪੜਿ ਪੜਿ ਗਡੀਅਹਿ ਖਾਤ।।
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ।। ਪੜੀਐ ਜੇਤੀ ਆਰਜਾ ਪੜੀਅਹਿ
ਜੇਤੇ ਸਾਸ।।
ਨਾਨਕ ਲੇਖੈ ਇੱਕ ਗਲ ਹੋਰੁ ਹਉਮੈ ਝਖਣਾ ਝਾਖ।। ੧।। " {ਮਃ ੧, ਪੰਨਾ
੪੬੭}
ਜੇ ਇਤਨੀਆਂ ਪੋਥੀਆਂ ਪੜ੍ਹ ਲਈਏ, ਜਿਨ੍ਹਾਂ ਨਾਲ ਕਈ ਗੱਡੀਆਂ ਭਰ ਲਈਆਂ ਜਾ
ਸਕਣ, ਜਿਨ੍ਹਾਂ ਦੇ ਢੇਰਾਂ ਦੇ ਢੇਰ ਲਗਾਏ ਜਾ ਸਕਣ; ਜੇ ਇਤਨੀਆਂ ਪੁਸਤਕਾਂ ਪੜ੍ਹ ਲਈਏ, ਜਿਨ੍ਹਾਂ
ਨਾਲ ਇੱਕ ਬੇੜੀ ਭਰੀ ਜਾ ਸਕੇ, ਕਈ ਖਾਤੇ ਪੂਰੇ ਜਾ ਸਕਣ; ਜੇ ਪੜ੍ਹ ਪੜ੍ਹ ਕੇ ਸਾਲਾਂ ਦੇ ਸਾਲ
ਗੁਜ਼ਾਰੇ ਜਾਣ, ਜੇ ਪੜ੍ਹ ਪੜ੍ਹ ਕੇ (ਸਾਲ ਦੇ) ਸਾਰੇ ਮਹੀਨੇ ਬਿਤਾ ਦਿੱਤੇ ਜਾਣ; ਜੇ ਪੁਸਤਕਾਂ ਪੜ੍ਹ
ਪੜ੍ਹ ਕੇ ਸਾਰੀ ਉਮਰ ਗੁਜ਼ਾਰ ਦਿੱਤੀ ਜਾਏ, ਜੇ ਪੜ੍ਹ ਪੜ੍ਹ ਕੇ ਉਮਰ ਦੇ ਸਾਰੇ ਸੁਆਸ ਬਿਤਾਏ ਜਾਣ
(ਤਾਂ ਭੀ ਰੱਬ ਦੀ ਦਰਗਾਹ ਵਿੱਚ ਇਸ ਵਿਚੋਂ ਕੁੱਝ ਭੀ ਪਰਵਾਨ ਨਹੀਂ ਹੁੰਦਾ)
ਹੇ ਨਾਨਕ !
ਪ੍ਰਭੂ ਦੀ ਦਰਗਾਹ ਵਿੱਚ ਕੇਵਲ ਪ੍ਰਭੂ ਦੀ ਸਿਫ਼ਤਿ-ਸਾਲਾਹ ਕਬੂਲ ਪੈਂਦੀ ਹੈ, (ਪ੍ਰਭੂ ਦੀ ਵਡਿਆਈ ਤੋਂ
ਬਿਣਾ) ਕੋਈ ਹੋਰ ਉੱਦਮ ਕਰਨਾ, ਆਪਣੀ ਹਉਮੈ ਦੇ ਵਿੱਚ ਹੀ ਭਟਕਦੇ ਫਿਰਨਾ ਹੈ।
ਜੇ ਦੁਨਿਆਵੀ ਵਿੱਦਿਆ ਹਾਸਲ ਕਰਨ ਨਾਲ ਹੀ, ਸਾਰੇ ਸ਼ੁਭ ਗੁਣ ਜੀਵਨ ਵਿੱਚ ਆ
ਜਾਣ, ਤਾਂ ਦੁਨੀਆਂ ਵਿੱਚ ਕਦੇ ਕੋਈ ਪੜ੍ਹਿਆ ਲਿਖਿਆ ਕੋਈ ਪਾਪ ਕਰਮ ਨਾ ਕਰੇ। ਸਾਰੇ ਸਰਕਾਰੀ ਵਿਭਾਗ
ਜਿਥੇ ਕੇਵਲ ਪੜ੍ਹਿਆਂ ਲਿਖਿਆਂ ਦੀ ਹੀ ਸਮਾਈ ਹੈ, ਵਿੱਚ ਕੋਈ ਭ੍ਰਿਸ਼ਿਟਾਚਾਰ ਜਾਂ ਗਿਰਾਵਟ ਨਜ਼ਰ ਨਾਂ
ਆਵੇ, ਉਥੇ ਬੈਠੇ ਲੋਕ ਲੋਕਾਈ ਦੀ ਸੇਵਾ ਕਰਨ, ਜੋ ਉਨ੍ਹਾਂ ਦਾ ਅਸਲੀ ਕਰਮ ਹੋਣਾ ਚਾਹੀਦਾ ਹੈ, ਜਦਕਿ
ਹੋ ਬਿਲਕੁਲ ਇਸ ਦੇ ਉਲਟ ਰਿਹਾ ਹੈ। ਬੇਸ਼ਕ ਦੁਨਿਆਵੀ ਵਿੱਦਿਆ ਜੀਵਨ ਦੇ ਗੁਣਾਂ ਨੂੰ ਸਮਝਣ ਦੇ ਸਮਰੱਥ
ਬਣਾਉਂਦੀ ਹੈ, ਪਰ ਅਸਲ ਵਿੱਚ ਜੀਵਨ ਗੁਣਾਂ ਨਾਲ ਤਾਂ ਹੀ ਸ਼ਿੰਗਾਰਿਆ ਜਾਂਦਾ ਹੈ, ਜਦੋਂ ਉਹ ਸਤਿਗੁਰੂ
ਦਾ ਅਧਿਆਤਮਕ ਗਿਆਨ ਪ੍ਰਾਪਤ ਕਰਕੇ ਇਸ ਨੂੰ ਜੀਵਨ ਵਿੱਚ ਦ੍ਰਿੜਤਾ ਨਾਲ ਅਪਨਾਉਣ ਦੀ ਪ੍ਰੇਰਨਾ
ਪ੍ਰਾਪਤ ਕਰਦਾ ਹੈ। ਇਸੇ ਲਈ ਸਤਿਗੁਰੂ ਬਖਸ਼ਿਸ਼ ਕਰਦੇ ਸਮਝਾਉਂਦੇ ਹਨ:
"ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ।। ਜੇਹਾ ਘਾਲੇ ਘਾਲਣਾ
ਤੇਵੇਹੋ ਨਾਉ ਪਚਾਰੀਐ।।
ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ।। ਪੜਿਆ ਅਤੈ ਓਮੀਆ ਵੀਚਾਰੁ
ਅਗੈ ਵੀਚਾਰੀਐ।।
ਮੁਹਿ ਚਲੈ ਸੁ ਅਗੈ ਮਾਰੀਐ।। ੧੨।। " {ਮਃ ੧, ਪੰਨਾ ੪੬੯}
ਜੇ ਪੜ੍ਹਿਆ-ਲਿਖਿਆ ਮਨੁੱਖ ਮੰਦ-ਕਰਮੀ ਹੋ ਜਾਏ (ਤਾਂ ਇਸ ਨੂੰ ਵੇਖ ਕੇ
ਅਨਪੜ੍ਹ ਮਨੁੱਖ ਨੂੰ ਘਬਰਾਣਾ ਨਹੀਂ ਚਾਹੀਦਾ ਕਿ ਪੜ੍ਹੇ ਹੋਏ ਦਾ ਇਹ ਹਾਲ, ਤਾਂ ਅਨਪੜ੍ਹ ਦਾ ਕੀ
ਬਣੇਗਾ, ਕਿਉਂਕਿ ਜੇ) ਅਨਪੜ੍ਹ ਮਨੁੱਖ ਨੇਕ ਹੈ ਤਾਂ ਉਸ ਨੂੰ ਮਾਰ ਨਹੀਂ ਪੈਂਦੀ। (ਨਿਬੇੜਾ ਮਨੁੱਖ
ਦੀ ਕਮਾਈ ਤੇ ਹੁੰਦਾ ਹੈ, ਪੜ੍ਹਨ ਜਾਂ ਨਾਹ ਪੜ੍ਹਨ ਦਾ ਮੁੱਲ ਨਹੀਂ ਪੈਂਦਾ)। ਮਨੁੱਖ ਜਿਹੋ ਜਿਹੀ
ਕਰਤੂਤ ਕਰਦਾ ਹੈ, ਉਸ ਦਾ ਉਹੋ ਜਿਹਾ ਹੀ ਨਾਮ ਉੱਘਾ ਹੋ ਜਾਂਦਾ ਹੈ; (ਤਾਂ ਤੇ) ਇਹੋ ਜਿਹੀ ਖੇਡ
ਨਹੀਂ ਖੇਡਣੀ ਚਾਹੀਦੀ, ਜਿਸ ਕਰਕੇ ਦਰਗਾਹ ਵਿੱਚ ਜਾ ਕੇ (ਮਨੁੱਖਾ ਜਨਮ ਦੀ) ਬਾਜ਼ੀ ਹਾਰ ਬੈਠੀਏ।
ਮਨੁੱਖ ਭਾਵੇਂ ਪੜ੍ਹਿਆ ਹੋਇਆ ਹੋਵੇ ਭਾਵੇਂ ਅਨਪੜ੍ਹ ਪ੍ਰਭੂ ਦੀ ਦਰਗਾਹ ਵਿੱਚ
ਕੇਵਲ ਪ੍ਰਭੂ ਦੇ ਗੁਣਾਂ ਦੀ ਵਿਚਾਰ ਹੀ ਕਬੂਲ ਪੈਂਦੀ ਹੈ। ਜੋ ਮਨੁੱਖ (ਇਸ ਜਗਤ ਵਿਚ) ਆਪਣੀ ਮਰਜ਼ੀ
ਅਨੁਸਾਰ ਹੀ ਤੁਰਦਾ ਹੈ, ਉਹ ਅੱਗੇ ਜਾ ਕੇ ਮਾਰ ਖਾਂਦਾ ਹੈ। ੧੨।
ਭਾਵੇਂ ਅੱਜ ਕੁੱਝ ਨਾ ਕੁੱਝ ਦੁਨਿਆਵੀ ਵਿੱਦਿਆ ਤਾਂ ਕਾਫੀ ਹੱਦ ਤੱਕ ਸਿੱਖ
ਹਾਸਲ ਕਰ ਰਹੇ ਹਨ, ਉਂਝ ਜਿਸ ਰਫਤਾਰ ਨਾਲ ਅੱਜ ਦੁਨੀਆਂ ਚੱਲ ਰਹੀ ਹੈ, ਬਹੁਤਾਤ ਅਜੇ ਵੀ ਉਸ ਤੋਂ
ਬਹੁਤ ਪਛੜੇ ਹੋਏ ਹਨ, ਪਰ ਇਸ ਸੀਮਿਤ ਵਿੱਦਿਆ ਨੂੰ ਵੀ ਧਾਰਮਿਕ ਖੇਤਰ ਵਿੱਚ ਕੇਵਲ ਗੁਰਬਾਣੀ ਰਟਨ ਲਈ
ਹੀ ਵਰਤਿਆ ਜਾ ਰਿਹਾ ਹੈ, ਵਿਚਾਰਨ ਦੀ ਗੱਲ ਤਾਂ ਜਿਵੇਂ ਗੁਆਚ ਹੀ ਗਈ ਹੈ। ਇਸੇ ਲਈ ਐਸਾ ਨਹੀਂ ਕਿ
ਇਨ੍ਹਾਂ ਪਖੰਡੀ ਬਾਬਿਆਂ ਦੇ ਸ਼ਿਕਾਰ ਕੇਵਲ ਅਨਪੜ੍ਹ ਅਤੇ ਗਵਾਰ ਲੋਕ ਹਨ। ਅਜੋਕੇ ਸਮਾਜ ਵਿੱਚ ਅਜਿਹੇ
ਪੜ੍ਹੇ-ਲਿਖੇ ਅਗਿਆਨੀਆਂ ਦੀ ਵੀ ਭਰਮਾਰ ਹੈ। ਅਗਿਆਨਤਾ ਕਾਰਨ ਇਹ ਪੜ੍ਹੇ ਲਿਖੇ ਵੀ ਅੰਧਵਿਸ਼ਵਾਸੀ ਬਣ
ਜਾਂਦੇ ਹਨ। ਇਹ ਵੀ ਇਨ੍ਹਾਂ ਪਖੰਡੀ ਬਾਬਿਆਂ ਦੀ ਪ੍ਰਫੁਲਤਾ ਦੇ ਵੱਡੇ ਸਾਧਨ ਹਨ। ਜਦੋਂ ਆਮ ਸਧਾਰਨ
ਲੋਕ ਬਹੁਤੇ ਪੜ੍ਹੇ-ਲਿਖੇ ਅਤੇ ਉੱਚੇ ਅਹੁਦਿਆਂ ਵਾਲੇ ਲੋਕਾਂ ਨੂੰ ਇਨ੍ਹਾਂ ਅੱਗੇ ਝੁਕਦੇ ਵੇਖਦੇ ਹਨ,
ਤਾਂ ਉਨ੍ਹਾਂ ਦਾ ਪਖੰਡੀ ਬਾਬਿਆਂ ਪ੍ਰਤੀ ਸਤਿਕਾਰ ਅਤੇ ਸ਼ਰਧਾ ਹੋਰ ਪੱਕੇ ਹੁੰਦੇ ਹਨ। ਸਤਿਗੁਰੂ ਦੀ
ਬਾਣੀ ਐਸੇ ਪੜ੍ਹੇ–ਲਿਖਿਆਂ ਬਾਰੇ ਸਮਝਾਉਂਦੀ ਹੈ:
"ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ।। ਅੰਦਰੁ ਖੋਜੈ
ਤਤੁ ਲਹੈ ਪਾਏ ਮੋਖ ਦੁਆਰੁ।।
ਗੁਣ ਨਿਧਾਨੁ ਹਰਿ ਪਾਇਆ ਸਹਜਿ ਕਰੇ ਵੀਚਾਰੁ।। ਧੰਨੁ ਵਾਪਾਰੀ ਨਾਨਕਾ ਜਿਸੁ
ਗੁਰਮੁਖਿ ਨਾਮੁ ਅਧਾਰੁ।। ੧।। "
{ਸਲੋਕੁ ਮਃ ੩, ਪੰਨਾ ੬੫੦}
ਉਹ ਮਨੁੱਖ ਪੜ੍ਹਿਆ ਹੋਇਆ ਤੇ ਸਿਆਣਾ ਪੰਡਿਤ ਹੈ (ਭਾਵ, ਉਸ ਮਨੁੱਖ ਨੂੰ
ਪੰਡਿਤ ਸਮਝੋ), ਜੋ ਸਤਿਗੁਰੂ ਦੇ ਸ਼ਬਦ ਵਿੱਚ ਵਿਚਾਰ ਕਰਦਾ ਹੈ, ਜੋ ਆਪਣੇ ਮਨ ਨੂੰ ਖੋਜਦਾ ਹੈ
(ਅੰਦਰੋਂ) ਹਰੀ ਨੂੰ ਲੱਭ ਲੈਂਦਾ ਹੈ ਤੇ (ਤ੍ਰਿਸ਼ਨਾ ਤੋਂ) ਬਚਣ ਲਈ ਰਸਤਾ ਲਭ ਲੈਂਦਾ ਹੈ, ਜੋ ਗੁਣਾਂ
ਦੇ ਖ਼ਜ਼ਾਨੇ ਹਰੀ ਨੂੰ ਪ੍ਰਾਪਤ ਕਰਦਾ ਹੈ ਤੇ ਆਤਮਕ ਅਡੋਲਤਾ ਵਿੱਚ ਟਿਕ ਕੇ ਪਰਮਾਤਮਾ ਦੇ ਗੁਣਾਂ ਵਿੱਚ
ਸੁਰਤਿ ਜੋੜੀ ਰੱਖਦਾ ਹੈ। ਹੇ ਨਾਨਕ !
ਇਸ ਤਰ੍ਹਾਂ ਸਤਿਗੁਰੂ ਦੇ ਸਨਮੁਖ ਹੋਏ ਜਿਸ ਮਨੁੱਖ ਨੂੰ ‘ਨਾਮ` ਆਸਰਾ (ਰੂਪ) ਹੈ, ਉਸ ਨਾਮ ਦਾ
ਵਾਪਾਰੀ ਮੁਬਾਰਿਕ ਹੈ। ੧।
ਉਂਝ ਇਨ੍ਹਾਂ ਡੇਰਿਆ ਵਿੱਚ ਜਾਣ ਵਾਲਿਆਂ ਵਿੱਚ ਵੀ ਧਾਰਮਿਕ ਜਗਿਆਸਾ ਹੈ, ਪਰ
ਕਿਉਂਕਿ ਇਨ੍ਹਾਂ ਦੀ ਸ਼ਰਧਾ ਸਤਿਗੁਰੂ ਦੇ ਗਿਆਨ ਤੋਂ ਸੱਖਣੀ ਹੈ, ਪਖੰਡੀ ਬਾਬਿਆਂ ਵਿੱਚ ਇਨ੍ਹਾਂ ਦਾ
ਅੰਧ-ਵਿਸ਼ਵਾਸ ਬਣ ਜਾਂਦਾ ਹੈ। ਕਈ ਲੋਕ ਡੇਰਾਵਾਦ ਖਿਲਾਫ ਗੱਲਾਂ ਵੀ ਕਰਦੇ ਹਨ, ਦੂਸਰੇ ਬਾਬਿਆਂ ਨੂੰ
ਭਰਪੂਰ ਨਿੰਦਦੇ ਵੀ ਹਨ, ਪਰ ਕਿਸੇ ਇੱਕ ਪਖੰਡੀ ਤੇ ਇਨ੍ਹਾਂ ਦਾ ਅਟੁੱਟ ਵਿਸ਼ਵਾਸ ਬੱਝਾ ਰਹਿੰਦਾ ਹੈ।
ਇਹ ਕਹਿੰਦੇ ਹਨ ਕਿ ਸਾਡੇ ਮਹਾਪੁਰਖ ਇਨ੍ਹਾਂ ਸਾਰਿਆਂ ਨਾਲੋਂ ਅੱਡ ਹਨ। ਉਸ ਖਿਲਾਫ ਇੱਕ ਲਫਜ਼ ਵੀ
ਨਹੀਂ ਸੁਨਣਾ ਚਾਹੁੰਦੇ। ਐਸੇ ਬਹੁਤੇ ਅੰਧ ਵਿਸ਼ਵਾਸੀ ਦੂਜੇ ਸਾਧਾਂ ਨੂੰ ਨਿੰਦਦੇ, ਆਪਣੇ ਬਾਬੇ ਨੂੰ
ਪਵਿੱਤਰ ਆਤਮਾਂ ਸਮਝਦੇ ਹਨ। ਅਸਲ ਵਿੱਚ ਇਹ ਟਰੇਨਿੰਗ ਵੀ ਇਨ੍ਹਾਂ ਨੂੰ ਆਪਣੇ ਡੇਰਿਆਂ ਤੋਂ ਮਿਲਦੀ
ਹੈ, ਜਿਥੇ ਅਕਸਰ ਦੂਸਰੇ ਡੇਰਿਆਂ ਅਤੇ ਡੇਰੇਦਾਰਾਂ ਦੀ ਬਦਖੋਹੀ ਕੀਤੀ ਜਾਂਦੀ ਹੈ, ਕਿਉਂਕਿ ਆਖਰ
ਮੁਕਾਬਲੇ ਦਾ ਜ਼ਮਾਨਾ ਹੈ।
ਜਦੋਂ ਕੋਈ ਬਾਬਾ ਮਰਦਾ ਹੈ, ਉਸ ਦੇ ਚੇਲਿਆਂ ਵਿੱਚ ਅਕਸਰ ਗੱਦੀ ਅਤੇ ਡੇਰੇ
ਦੀ ਜਾਇਦਾਦ ਵਾਸਤੇ ਲੜਾਈਆਂ ਹੁੰਦੀਆਂ ਹਨ, ਇਹ ਵੇਖ ਕੇ ਵੀ ਕਿ ਇਹ ਲੋਕਾਂ ਨੂੰ ਮਾਇਆ ਤਿਆਗਣ ਦਾ
ਸਹਿਜ ਗਿਆਨ ਦੇਣ ਵਾਲੇ, ਚੌਧਰ ਅਤੇ ਦੌਲਤ ਵਾਸਤੇ ਆਪ ਕਿਵੇਂ ਤਰਲੋ ਮੱਛੀ ਹੋ ਰਹੇ ਹਨ, ਇਨ੍ਹਾਂ
ਭੋਲੇ ਲੋਕਾਂ ਤੇ ਕੋਈ ਅਸਰ ਨਹੀਂ ਹੁੰਦਾ, ਕੁਝ, ਇੱਕ ਚੇਲੇ ਨਾਲ ਜੁੜ ਜਾਂਦੇ ਹਨ, ਕੁਝ, ਦੂਜੇ,
ਤੀਜੇ ਨਾਲ। ਬਸ ਦੋ ਚਾਰ ਹੋਰ ਮਹਾਪੁਰਖ ਤਿਆਰ ਹੋ ਜਾਂਦੇ ਹਨ।
ਅੰਧਵਿਸ਼ਵਾਸ ਦੀ ਸਿਖਰ ਦੀ ਇੱਕ ਗੱਲ
ਮੈਨੂੰ ਯਾਦ ਆਉਂਦੀ ਹੈ। ੨੯ ਜਨਵਰੀ ੨੦੦੫ ਨੂੰ ਹੁਸ਼ਿਆਰਪੁਰ ਦੀ ਫਾਸਟ ਟਰੈਕ ਅਦਾਲਤ ਨੇ ਜਦੋਂ ਨਵਾਂ
ਸ਼ਹਿਰ ਦੇ ਨੇੜੇ ਪੱਲੀ ਝਿੱਕੀ ਵਿੱਚ ਸਥਾਪਤ ਡੇਰੇ, ਵਿਸ਼ਵ ਰੁਹਾਨੀ ਚੈਰੀਟੇਬਲ ਟਰੱਸਟ ਦੇ ਪਖੰਡੀ ਸਾਧ
ਧਨਵੰਤ ਸਿੰਘ ਨੂੰ, ਆਪਣੇ ਇੱਕ ਸੇਵਕ ਦੀ ਮਸੂਮ ਧੀ ਦੀ ਪੱਤ ਲੁਟਣ ਦੇ ਕੇਸ ਵਿੱਚ ੧੦ ਸਾਲ ਦੀ ਸਖਤ
ਕੈਦ ਦੀ ਸਜ਼ਾ ਸੁਣਾਈ ਤਾਂ ਮੈਂ ਅਦਾਲਤ ਦੇ ਬਾਹਰ ਖੜਾ ਸਾਂ, ਕਿਉਂਕਿ ਇਸ ਕੇਸ ਦੀ ਸਾਰੀ ਪੈਰਵੀ ਸਾਡੀ
ਜਥੇਬੰਦੀ ਸ਼੍ਰੋਮਣੀ ਖਾਲਸਾ ਪੰਚਾਇਤ ਨੇ ਕੀਤੀ ਸੀ।
ਮੇਰੇ ਕੋਲ ਡਾ. ਦੀਪ ਖੜੇ ਸਨ, ਜਿਹੜੇ ਨਵਾਂ ਸ਼ਹਿਰ ਦੇ
ਨੇੜੇ ਦੇ ਪਿੰਡ ਕਾਹਮਾ ਦੇ ਰਹਿਣ ਵਾਲੇ ਹਨ। ਇਹ ਪਹਿਲਾਂ ਇਸ ਪਖੰਡੀ ਸਾਧ ਦੇ ਸੇਵਕ ਸਨ, ਪਰ ਉਸ ਦੇ
ਕੁਕਰਮ ਵੇਖ ਕੇ, ਉਸ ਦਾ ਸਾਥ ਛੱਡ ਕੇ ਸਾਡੇ ਨਾਲ ਆ ਰਲੇ ਅਤੇ ਕੇਸ ਦੀ ਪੈਰਵੀ ਵਿੱਚ ਵੀ ਸਾਡੀ ਕਾਫੀ
ਮਦਦ ਕੀਤੀ। ਧਨਵੰਤ ਸਿੰਘ ਦਾ ਇੱਕ ਬਜ਼ੁਰਗ ਸੇਵਕ ਸਾਡੇ ਕੋਲ ਆ ਗਿਆ ਅਤੇ ਡਾ. ਦੀਪ ਦੇ ਗੱਲੇ ਲੱਗ ਕੇ
ਜ਼ਾਰ ਜ਼ਾਰ ਰੋਣ ਲੱਗਾ, ਡਾਕਟਰ ਸਾਬ, ਇਹ ਸੰਤਾਂ ਤੇ ਕੀ ਸੰਕਟ ਦਾ ਸਮਾਂ ਆ ਗਿਆ, ਐਡੇ ਵੱਡੇ
ਮਹਾਪੁਰਖਾਂ ਤੇ ਇਹ ਭਾਣਾ ਕਿਵੇਂ ਵਰਤ ਗਿਆ? ਆਦਿ. . (ਸ਼ਾਇਦ ਉਹ ਨਹੀਂ ਸੀ ਜਾਣਦਾ ਕਿ ਡਾ. ਦੀਪ ਉਸ
ਪਖੰਡੀ ਬਾਬੇ ਦਾ ਸਾਥ ਛੱਡ ਕੇ, ਉਸ ਦੇ ਕੁਕਰਮ ਨੰਗੇ ਕਰਨ ਵਿੱਚ ਸਾਡਾ ਸਾਥ ਦੇ ਰਹੇ ਹਨ)। ਮੈਂ ਉਸ
ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਕਿ ਧਨਵੰਤ ਸਿੰਘ ਨੇ ਇੱਕ ਮਸੂਮ ਬੱਚੀ ਨਾਲ ਬਲਾਤਕਾਰ ਕੀਤਾ ਹੈ, ਇਹ
ਅਦਾਲਤ ਵਿੱਚ ਸਾਬਤ ਹੋ ਗਿਆ ਹੈ, ਇਸੇ ਕਰਕੇ ਉਸ ਨੂੰ ਇਹ ਸਜ਼ਾ ਮਿਲੀ ਹੈ। ਪਰ ਉਹ ਜ਼ਾਰ ਜ਼ਾਰ ਰੋਈ
ਜਾਵੇ ਅਤੇ ਬੋਲਿਆ, "ਨਹੀਂ! ਇਹ ਵੀ ਮਹਾਪੁਰਖਾਂ ਦੀ ਕੋਈ ਮਾਇਆ ਹੈ, ਮਹਾਪੁਰਖਾਂ ਨੇ ਆਪਣੀ ਕੋਈ ਕਲਾ
ਵਰਤਾਈ ਹੋਵੇਗੀ"। ਐਸੇ ਅੰਧਵਿਸ਼ਵਾਸੀਆਂ ਦੇ ਹੁੰਦਿਆਂ, ਭਲਾ ਇਨ੍ਹਾਂ ਪਖੰਡੀ ਸਾਧਾਂ ਨੂੰ ਕੀ ਕਮੀ ਆ
ਸਕਦੀ ਹੈ? ਇਨ੍ਹਾਂ ਪਖੰਡੀਆਂ ਦੇ ਕੁਕਰਮ ਉਨ੍ਹਾਂ ਨੂੰ ਮਹਾਪੁਰਖਾਂ ਦੀ ਲੀਲਾ ਨਜ਼ਰ ਆਉਂਦੀ ਹੈ। ਇਹ
ਇਨ੍ਹਾਂ ਡੇਰੇਦਾਰਾਂ ਦੁਆਰਾ ਕਰਾਏ ਜਾ ਰਹੇ ਕਰਮਕਾਂਡਾਂ ਨੂੰ ਹੀ ਧਰਮ ਸਮਝੀ ਜਾ ਰਹੇ ਹਨ। ਬਿਲਕੁਲ
ਉਵੇਂ, ਜਿਵੇਂ ਸਦੀਆਂ ਤੋਂ ਬ੍ਰਾਹਮਣੀ ਸਮਾਜ ਵਿੱਚ ਬ੍ਰਾਹਮਣ ਦੁਆਰਾ ਕਰਾਏ ਜਾ ਰਹੇ ਕਰਮਕਾਂਡਾਂ ਨੂੰ
ਉਨ੍ਹਾਂ ਦੇ ਪੈਰੋਕਾਰ ਧਰਮ ਸਮਝਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸਮਝਾਂਦੀ ਹੈ:
"ਪੜਿ ਪੁਸਤਕ ਸੰਧਿਆ ਬਾਦੰ।। ਸਿਲ ਪੂਜਸਿ ਬਗੁਲ ਸਮਾਧੰ।। ਮੁਖਿ ਝੂਠ
ਬਿਭੂਖਣ ਸਾਰੰ।। ਤ੍ਰੈਪਾਲ ਤਿਹਾਲ ਬਿਚਾਰੰ।।
ਗਲਿ ਮਾਲਾ ਤਿਲਕੁ ਲਿਲਾਟੰ।। ਦੁਇ ਧੋਤੀ ਬਸਤ੍ਰ ਕਪਾਟੰ।। ਜੇ ਜਾਣਸਿ
ਬ੍ਰਹਮੰ ਕਰਮੰ।। ਸਭਿ ਫੋਕਟ ਨਿਸਚਉ ਕਰਮੰ।।
ਕਹੁ ਨਾਨਕ ਨਿਹਚਉ ਧਿਆਵੈ।। ਵਿਣੁ ਸਤਿਗੁਰ ਵਾਟ ਨ ਪਾਵੈ।। ੨।। " {ਮਃ
੧, ਪੰਨਾ ੪੭੦}
(ਵੇਦ ਆਦਿਕ ਧਾਰਮਿਕ) ਪੁਸਤਕਾਂ ਪੜ੍ਹ ਕੇ ਸੰਧਿਆ ਕਰਦਾ ਹੈ ਅਤੇ
(ਹੋਰਨਾਂ ਨਾਲ) ਚਰਚਾ ਛੇੜਦਾ ਹੈ, ਮੂਰਤੀ ਪੂਜਦਾ ਹੈ ਅਤੇ ਬਗਲੇ ਵਾਂਗ ਸਮਾਧੀ ਲਾਂਦਾ ਹੈ; ਮੁਖੋਂ
ਝੂਠ ਬੋਲਦਾ ਹੈ; (ਪਰ ਉਸ ਝੂਠ ਨੂੰ) ਬੜੇ ਸੋਹਣੇ ਗਹਿਣਿਆਂ ਵਾਂਗ ਸੋਹਣਾ ਕਰਕੇ ਵਿਖਾਲਦਾ ਹੈ; (ਹਰ
ਰੋਜ਼) ਤਿੰਨ ਵੇਲੇ ਗਾਯਤ੍ਰੀ ਮੰਤਰ ਨੂੰ ਵਿਚਾਰਦਾ ਹੈ; ਗਲ ਵਿੱਚ ਮਾਲਾ ਰੱਖਦਾ ਹੈ, ਤੇ ਮੱਥੇ ਉਤੇ
ਤਿਲਕ ਲਾਂਦਾ ਹੈ; (ਸਦਾ) ਦੋ ਧੋਤੀਆਂ ਪਾਸ ਰੱਖਦਾ ਹੈ ਤੇ (ਸੰਧਿਆ ਕਰਨ ਵੇਲੇ) ਸਿਰ ਉੱਤੇ ਇੱਕ
ਵਸਤਰ ਧਰ ਲੈਂਦਾ ਹੈ।
ਪਰ ਜੇ ਇਹ ਰੱਬ (ਦੀ ਸਿਫ਼ਤਿ-ਸਾਲਾਹ) ਦਾ ਕੰਮ ਜਾਣਦਾ ਹੋਵੇ, ਤਦ ਨਿਸਚਾ ਕਰ
ਕੇ ਜਾਣ ਲਵੋ ਕਿ, ਇਹ ਸਭ ਕੰਮ ਫੋਕੇ (ਅੰਧਵਿਸ਼ਵਾਸ) ਹਨ। ਆਖ, ਹੇ ਨਾਨਕ !
(ਮਨੁੱਖ) ਸਰਧਾ ਧਾਰ ਕੇ ਰੱਬ ਨੂੰ ਸਿਮਰੇ—ਕੇਵਲ ਇਹੋ ਰਸਤਾ ਗੁਣਕਾਰੀ ਹੈ, (ਪਰ) ਇਹ ਰਸਤਾ ਸਤਿਗੁਰੂ
ਤੋਂ ਬਿਣਾ ਨਹੀਂ ਲੱਭਦਾ। ੨।
ਗੁਰੂ ਨਾਨਕ ਪਾਤਿਸ਼ਾਹ ਨੇ ਜਿਨ੍ਹਾਂ ਵਿਖਾਵੇ ਦੇ ਧਰਮ ਕਰਮਾਂ ਨੂੰ ਕੇਵਲ ਅੰਧ
ਵਿਸ਼ਵਾਸ ਦੇ ਕਰਮ ਕਹਿ ਕੇ ਰੱਦ ਕੀਤਾ ਹੈ, ਵਿਚੋਂ ਸਿੱਖ ਕੌਮ ਵਿੱਚ ਕੇਵਲ ਇਤਨਾ ਹੀ ਬਦਲਿਆ ਹੈ ਕਿ
ਵੇਦ ਮੰਤ੍ਰਾਂ ਦੀ ਜਗ੍ਹਾ ਤੇ ਗੁਰਬਾਣੀ ਦਾ ਰਟਨ ਆ ਗਿਆ ਹੈ, ਪੱਥਰ ਦੀਆਂ ਮੂਰਤੀਆਂ ਦੀ ਪੂਜਾ ਦੀ
ਜਗ੍ਹਾ, ਕਾਗਜ਼ਾਂ ਦੀ ਪੂਜਾ, ਫੋਟੋਆਂ ਦੀ ਪੂਜਾ, ਬਗਲਾ ਸਮਾਧੀਆਂ ਤਾਂ ਸਗੋਂ ਜ਼ੋਰ ਫੜਦੀਆਂ ਜਾ ਰਹੀਆਂ
ਹਨ। ਝੂਠ ਨੂੰ ਸ਼ਿੰਗਾਰ ਕੇ ਪੇਸ਼ ਕਰਨ ਵਿੱਚ ਤਾਂ ਇਹ ਪਖੰਡੀ ਬ੍ਰਾਹਮਣ ਨੂੰ ਵੀ ਬਹੁਤ ਪਿੱਛੇ ਛੱਡ ਗਏ
ਹਨ ਅਤੇ ਧਰਮੀ ਪਹਿਰਾਵੇ ਦੀ ਗੱਲ ਤਾਂ ਅਸੀਂ ਉਪਰ ਕਰ ਹੀ ਚੁੱਕੇ ਹਾਂ। ਇਸ ਅਗਿਆਨਤਾ ਦੇ ਅੰਧ
ਵਿਸ਼ਵਾਸੀ ਹਨੇਰੇ ਵਿਚੋਂ ਕੇਵਲ ਅਤੇ ਕੇਵਲ ਗੁਰਬਾਣੀ ਦਾ ਸੱਚ ਗਿਆਨ ਹੀ ਕੱਢ ਸਕਦਾ ਹੈ ਅਤੇ ਤਾਂ ਹੀ
ਇਨ੍ਹਾਂ ਪਖੰਡੀ ਸਾਧਾਂ ਦਾ ਇਹ ਕਰਮ ਕਾਂਡੀ ਭਰਮਜਾਲ ਟੁੱਟ ਸਕਦਾ ਹੈ। ਸਤਿਗੁਰੂ ਦੇ ਪਾਵਨ ਬਚਨ ਹਨ:
"ਉਗਵੈ ਸੂਰੁ ਨ ਜਾਪੈ ਚੰਦੁ।। ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ।। "
{ਸਲੋਕ ਮਃ ੧, ਪੰਨਾ ੭੯੧}
ਜਦੋਂ ਸੂਰਜ ਚੜ੍ਹ ਪੈਂਦਾ ਹੈ ਚੰਦ੍ਰਮਾ (ਚੜ੍ਹਿਆ ਹੋਇਆ) ਨਹੀਂ ਜਾਪਦਾ,
(ਤਿਵੇਂ) ਜਿਥੇ ਮਤਿ ਉੱਜਲੀ (ਗਿਆਨ ਦਾ ਪ੍ਰਕਾਸ਼) ਹੋ ਜਾਏ ਓਥੇ ਅਗਿਆਨਤਾ ਮਿਟ ਜਾਂਦੀ ਹੈ।
"ਗਿਆਨ ਅੰਜਨੁ ਜਾ ਕੀ ਨੇਤ੍ਰੀ ਪੜਿਆ ਤਾ ਕਉ ਸਰਬ ਪ੍ਰਗਾਸਾ।।
ਅਗਿਆਨਿ ਅੰਧੇਰੈ ਸੂਝਸਿ ਨਾਹੀ ਬਹੁੜਿ ਬਹੁੜਿ ਭਰਮਾਤਾ।। ੩।। " {ਸੋਰਠਿ
ਮਹਲਾ ੫, ਪੰਨਾ ੬੧੦}
ਹੇ ਭਾਈ !
ਆਤਮਕ ਜੀਵਨ ਦੀ ਸੂਝ ਦਾ ਸੁਰਮਾ ਜਿਸ ਮਨੁੱਖ ਦੀਆਂ ਅੱਖਾਂ ਵਿੱਚ ਪੈ ਜਾਂਦਾ ਹੈ, ਉਸ ਨੂੰ ਆਤਮਕ
ਜੀਵਨ ਦੀ ਸਾਰੀ ਸਮਝ ਪੈ ਜਾਂਦੀ ਹੈ। ਪਰ ਗਿਆਨ-ਹੀਨ ਮਨੁੱਖ ਨੂੰ ਅਗਿਆਨਤਾ ਦੇ ਹਨੇਰੇ ਵਿੱਚ (ਸਹੀ
ਜੀਵਨ ਬਾਰੇ) ਕੁੱਝ ਨਹੀਂ ਸੁੱਝਦਾ, ਉਹ ਮੁੜ ਮੁੜ ਭਟਕਦਾ ਰਹਿੰਦਾ ਹੈ। ੩।
ਇਸ ਵਿੱਚ ਕੋਈ ਸ਼ਕ ਨਹੀਂ ਕਿ ਦੁਨੀਆਂ ਵਿੱਚ ਹੋਰ ਕੋਈ ਵੀ ਧਰਮ ਗ੍ਰੰਥ, ਗੁਰੂ
ਗ੍ਰੰਥ ਸਾਹਿਬ ਜੀ ਦੇ ਬਰਾਬਰ ਇਲਾਹੀ ਗਿਆਨ ਦਾ ਭੰਡਾਰ ਨਹੀਂ ਅਤੇ ਨਾ ਹੀ ਕਿਸੇ ਨੂੰ ਗੁਰੂ ਪਦਵੀ ਦਾ
ਸਤਿਕਾਰ ਪ੍ਰਾਪਤ ਹੈ, ਪਰ ਇਨ੍ਹਾਂ ਡੇਰੇਦਾਰਾਂ ਨੇ ਸਿੱਖਾਂ ਨੂੰ ਸਤਿਗੁਰੂ ਦੇ ਇਲਾਹੀ ਗਿਆਨ ਨਾਲੋਂ
ਪੂਰੀ ਤਰ੍ਹਾਂ ਤੋੜ ਦਿੱਤਾ ਹੈ। ਸਤਿਗੁਰੂ ਨੇ ਸਾਨੂੰ ਪੱਥਰਾਂ ਦੀ ਪੂਜਾ ਤੋਂ ਮੁਕਤ ਕਰਾ ਕੇ,
ਇਲਾਹੀ ਗਿਆਨ ਨਾਲ ਜੋੜਿਆ ਸੀ, ਪਰ ਇਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਪੂਜਾ ਦੀ ਵਸਤ ਬਣਾ
ਲਿਆ ਹੈ। ਅਜ ਸਿੱਖ ਨੂੰ ਇਸੇ ਗੱਲ ਵਿੱਚ ਹੀ ਉਲਝਾ ਦਿੱਤਾ ਗਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਅੱਗੇ
ਧੂਫ ਬਾਲਣੀ ਹੈ, ਪਾਲਕੀ ਫੁੱਲਾਂ ਨਾਲ ਸਜਾਉਣੀ ਹੈ, ਸਤਿਗਰੂ ਦਾ ਸਰੂਪ ਲਿਆਣ ਲਿਜਾਣ ਵੇਲੇ ਗਲਾਸ ਯਾ
ਗੜਵੀ ਚੁੱਕ ਕੇ ਅੱਗੇ ਪਾਣੀ ਦੇ ਛਿੱਟੇ ਸੁਟਣੇ ਹਨ, ਰੁਮਾਲੇ ਭੇਟ ਕਰਨੇ ਹਨ, ਗੁਰੂ ਗ੍ਰੰਥ ਸਾਹਿਬ
ਦੇ ਸੁਖ ਅਸਥਾਨ ਤੇ ਏ. ਸੀ. ਲਾਉਣੇ ਹਨ ਅਤੇ ਸਰਦੀਆਂ ਵਿੱਚ ਸਤਿਗੁਰੂ ਦੇ ਸਰੂਪ ਤੇ ਕੰਬਲ ਪਾਉਣੇ
ਹਨ, ਆਦਿ ਆਦਿ…। ਪਹਿਲਾਂ ਤਾਂ ਗੁਰਬਾਣੀ ਪੜ੍ਹਨ ਨੂੰ ਹੀ ਹਉਆ ਬਣਾ ਦਿੱਤਾ ਗਿਆ ਹੈ, ਜੇ
ਗੁਰਬਾਣੀ ਗਲਤ ਪੜ੍ਹੀ ਗਈ ਤਾਂ ਗੁਰੂ ਮਹਾਰਾਜ ਬਹੁਤ ਨਰਾਜ਼ ਹੋ ਜਾਣਗੇ। ਇਸ ਗੱਲ ਨੂੰ ਪ੍ਰਭਾਵਸ਼ਾਲੀ
ਬਣਾਉਣ ਲਈ ਕਹਾਣੀਆਂ ਘੜ ਲਈਆਂ ਗਈਆਂ ਹਨ, ਜਿਨ੍ਹਾਂ ਨੂੰ ਸਾਖੀਆਂ ਕਹਿਕੇ ਸੰਗਤਾਂ ਨੂੰ ਸੁਣਾਈਆਂ
ਜਾਂਦੀਆਂ ਹਨ, ਤਾਂਕਿ ਸੰਗਤਾਂ ਗੁਰਬਾਣੀ ਪੜ੍ਹਨ ਤੋਂ ਡਰਨ ਲੱਗ ਪੈਣ। ਕਈ ਤਾਂ ਗੁਰਬਾਣੀ ਪੜ੍ਹਦਿਆਂ
ਕਿਸੇ ਕੋਲੋਂ ਕੋਈ ਭੁੱਲ ਹੋ ਜਾਵੇ, ਤਾਂ ਡਾਂਗਾਂ ਚੁੱਕਣ ਦੀ ਗੱਲ ਕਰਦੇ ਹਨ, ਕਹਿੰਦੇ ਹਨ, ਤੂੰ
ਗੁਰੂ ਮਹਾਰਾਜ ਦਾ ਅੰਗ ਤੋੜ ਦਿੱਤਾ ਹੈ, ਇਸ ਲਈ ਤੇਰੀ ਲੱਤ ਬਾਂਹ ਤੋੜਨੀ ਹੈ।
ਬੇਸ਼ਕ ਗੁਰਬਾਣੀ ਸ਼ੁੱਧ ਹੀ ਪੜ੍ਹਨੀ ਚਾਹੀਦੀ ਹੈ। ਸ਼ੁੱਧ ਪੜ੍ਹਨ ਨਾਲ ਹੀ
ਗੁਰਬਾਣੀ ਦੇ ਭਾਵ ਅਰਥ ਵੀ ਸਪੱਸ਼ਟ ਹੋਣਗੇ। ਲਗਾਂ-ਮਾਤਰਾਂ ਦੀ ਥੋੜ੍ਹੀ ਜਿਹੀ ਭੁੱਲ ਵੀ ਅਰਥਾਂ ਦਾ
ਅਨਰਥ ਕਰ ਸਕਦੀ ਹੈ, ਪਰ ਸ਼ੁਰੂਆਤ ਕਰਨ ਲੱਗਿਆਂ ਤਾਂ ਕੁੱਝ ਗਲਤੀਆਂ ਹੋਣੀਆਂ ਸੁਭਾਵਕ ਹਨ। ਕੋਈ
ਪੁੱਛੇ ਭਾਈ ਜੇ ਕੋਈ ਗੁਰਬਾਣੀ ਪੜ੍ਹੇਗਾ ਹੀ ਨਹੀਂ, ਤਾਂ ਸ਼ੁਧ ਬਾਣੀ ਪੜ੍ਹਨਾ ਕਿਥੋਂ ਸਿਖੇਗਾ? ਜੇ
ਕੁੱਝ ਗੁਰਬਾਣੀ ਪੜ੍ਹਨ ਦੀ ਗੱਲ ਵੀ ਕਰਦੇ ਹਨ ਤਾਂ ਸਿਰਫ ਮੰਤਰ ਦੇ ਤੌਰ ਤੇ। ਇਹ ਪਾਠ ਕਰਨ ਨਾਲ
ਤੁਹਾਨੂੰ ਇਹ ਫਲ ਪ੍ਰਾਪਤ ਹੋਵੇਗਾ, ਇਹ ਬਾਣੀ ਪੜ੍ਹਨ ਨਾਲ ਤੁਹਾਡੇ ਰੋਗ ਕੱਟੇ ਜਾਣਗੇ ਅਤੇ ਇਸ ਨਾਲ
ਧਨ ਦੌਲਤ ਆਵੇਗੀ। ਜੀਵਨ ਜੁਗਤਿ ਗੁਰਬਾਣੀ ਨੂੰ ਜਾਦੂਈ ਮੰਤ੍ਰ ਬਣਾ ਦਿੱਤਾ ਹੈ। ਗੁਰਬਾਣੀ ਨੂੰ
ਵਿਚਾਰਨ ਵਾਲੀ ਗੱਲ ਦੇ ਤਾਂ ਨੇੜੇ ਨਹੀਂ ਆਉਣ ਦੇਂਦੇ। ਗੁਰ ਉਪਦੇਸ਼ ਕਮਾਉਂਣ ਵਾਲੀ, ਭਾਵ ਆਪਣੇ ਜੀਵਨ
ਨੂੰ ਗੁਰਮਤਿ ਅਨੁਸਾਰ ਢਾਲਣ ਦੀ ਗੱਲ ਤਾਂ ਹੀ ਆਵੇਗੀ ਜੇ ਗੁਰਬਾਣੀ ਨੂੰ ਵਿਚਾਰ ਕੇ ਪੜ੍ਹਾਂਗੇ।
ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵੀ ਫੁਰਮਾਉਂਦੀ ਹੈ:
"ਸਭਸੈ ਊਪਰਿ ਗੁਰ ਸਬਦੁ ਬੀਚਾਰੁ।। ਹੋਰ ਕਥਨੀ ਬਦਉ ਨ ਸਗਲੀ ਛਾਰੁ।।
੨।। " (ਮਹਲਾ ੧, ਪੰਨਾ ੯੦੪)
"ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ।।
ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ।। " (ਸਲੋਕ ਮਃ ੩, ਪੰਨਾ
੮੮)
ਇਥੇ ਭਾਈ ਗੁਰਦਾਸ ਜੀ ਦੀਆਂ ਇਨ੍ਹਾਂ ਪੰਕਤੀਆਂ ਨੂੰ ਵਿਚਾਰਨਾ, ਸਮਝਣਾ ਬਹੁਤ
ਸਾਰਥਕ ਹੋਵੇਗਾ:
"ਪੂਛਤ ਪਥਕਿ ਤਿਹ ਮਾਰਗ ਨ ਧਾਰੈ ਪਗਿ।। ਪ੍ਰੀਤਮ ਕੈ ਦੇਸ ਕੈਸੇ ਬਾਤਨੁ ਕੇ ਜਾਈਐ।
ਪੂਛਤ ਹੈ ਬੈਦ ਖਾਤ ਅਉਖਦ ਨ ਸੰਜਮ ਸੈ ਕੈਸੇ ਮਿਟੈ ਰੋਗ ਸੁਖ ਸਹਜ ਸਮਾਈਐ।
ਪੂਛਤ ਸੁਹਾਗਨ ਕਰਮ ਹੈ ਦੁਹਾਗਨਿ ਕੈ ਰਿਦੈ ਬਿਬਿਚਾਰ ਕਤ ਸਿਹਜਾ ਬੁਲਾਈਐ।
ਗਾਏ ਸੁਨੇ ਆਂਖੇ ਮੀਚੈ ਪਾਈਐ ਨ ਪਰਮਪਦੁ।। ਗੁਰ ਉਪਦੇਸੁ ਗਹਿ ਜਉ ਲਉ ਨ ਕਮਾਈਐ।। " (੪੩੯, ੧-੮)
ਅਸੀਂ ਤਾਂ ਕੇਵਲ ਫੋਕੀ ਭਾਵਨਾ ਭਰਪੂਰ ਗਲਾਂ ਨਾਲ ਹੀ ਸਿੱਖ ਬਣਨਾ ਚਾਹੁੰਦੇ
ਹਾਂ। ਗੁਰ ਸ਼ਬਦ ਦੀ ਵਿਚਾਰ ਤੋਂ ਟੁੱਟਣਾ ਹੀ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਮੂਲ ਕਾਰਨ ਹੈ। ਅਸਲੀ
ਗੱਲ ਤਾਂ ਇਹ ਹੈ ਕਿ ਅਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥੇ ਟੇਕਦੇ, ਸਤਿਗੁਰੂ ਜੀ ਦੀਆਂ
ਪ੍ਰਕਰਮਾਂ ਕਰਦੇ, ਰੁਮਾਲੇ ਅਤੇ ਦੇਗਾਂ ਭੇਟ ਕਰਦੇ, ਆਖੰਡ ਪਾਠ, ਅਤੇ ਕੀਰਤਨ ਦਰਬਾਰ ਕਰਾਂਦੇ ਹੋਏ
ਵੀ, ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਟੁੱਟੇ ਪਏ ਹਾਂ। ਪੂਰਨ ਅਗਿਆਨਤਾ ਅਤੇ ਅੰਧ-ਵਿਸ਼ਵਾਸ ਵਿੱਚ
ਡੁੱਬੇ ਪਏ ਹਾਂ। ਕਿਉਂਕਿ ਐਸੀ ਕਿਸੇ ਕਿਰਿਆ ਦੁਆਰਾ ਵੀ ਸਤਿਗੁਰੂ ਜੀ ਦਾ ਪਾਵਨ ਗਿਆਨ ਸਾਡੇ ਜੀਵਨ
ਵਿੱਚ ਨਹੀਂ ਆ ਸਕਦਾ। ਅਸਲ ਵਿੱਚ ਇਨ੍ਹਾਂ ਪਖੰਡੀ ਸਾਧਾਂ ਵਲੋਂ, ਇਹ ਸਾਰੇ ਕਰਮ ਇਸ ਲਈ ਹੀ ਕੀਤੇ
ਅਤੇ ਕਰਾਏ ਜਾ ਰਹੇ ਹਨ ਤਾਂਕਿ ਸਿੱਖ ਇਨ੍ਹਾਂ ਕਰਮਾਂ ਵਿੱਚ ਹੀ ਉਲਝੇ ਰਹਿਣ ਅਤੇ ਗੁਰਬਾਣੀ ਨੂੰ
ਵਿਚਾਰਨ ਹੀ ਨਾ। ਸਤਿਗੁਰੂ ਜੀ ਦਾ ਪਾਵਨ ਫੁਰਮਾਣ ਹੈ:
ਗਿਆਨ ਵਿਹੂਣਾ ਕਥਿ ਕਥਿ ਲੂਝੈ।। (ਮਃ ੧, ਪੰਨਾ ੪੬੬)
ਜੋ ਅੱਜ ਇਨ੍ਹਾਂ ਡੇਰਿਆਂ ਵਿੱਚ ਭਟਕਦੇ ਫਿਰਦੇ ਹਨ, ਉਹ ਸ਼ਬਦ ਗੁਰੂ ਦੇ
ਇਲਾਹੀ ਗਿਆਨ ਤੋਂ ਟੁੱਟ ਕੇ ਲੁਝਦੇ ਹੀ ਤਾਂ ਫਿਰ ਰਹੇ ਹਨ। ਪਰ ਜੇ ਵੇਖੀਏ ਤਾਂ ਬਹੁਤੇ ਕਸੂਰਵਾਰ ਉਹ
ਨਹੀਂ, ਬਲਕਿ ਸਾਡਾ ਸਿੱਖ ਕੌਮ ਦਾ ਮੌਜੂਦਾ ਸਿਸਟਮ ਹੈ, ਜਿਸਨੇ ਸਿੱਖਾਂ ਨੂੰ ਗੁਰੂ ਦੇ ਗਿਆਨ ਨਾਲ
ਜੋੜਿਆ ਹੀ ਨਹੀਂ, ਸਿਰਫ ਪੂਜਾ ਵਿੱਚ ਲਾ ਦਿੱਤਾ ਹੈ। ਇਸੇ ਕਰਕੇ ਉਹ ਸਿੱਖ ਕਿਰਦਾਰ, ਜਿਸ ਦੀ ਵਡਿਆਈ
ਦੁਨੀਆਂ ਕਰਦੀ ਸੀ, ਕਿਤੇ ਗੁਆਚਦਾ ਜਾ ਰਿਹਾ ਹੈ।
ਜੇ ਗੁਰਬਾਣੀ ਤੋਂ ਸਤਿਗੁਰੂ ਦਾ ਇਲਾਹੀ ਗਿਆਨ ਨਹੀਂ ਪ੍ਰਾਪਤ ਕੀਤਾ ਅਤੇ ਉਸ
ਤੇ ਪੂਰਨ ਵਿਸ਼ਵਾਸ ਨਹੀਂ ਲਿਆਂਦਾ, ਉਨ੍ਹਾਂ ਅਨਮੋਲ ਸਿਧਾਂਤਾਂ ਨੂੰ ਦ੍ਰਿੜਤਾ ਨਾਲ ਅਪਨਾਇਆ ਨਹੀਂ,
ਵਿਸ਼ੇਸ਼ ਤੌਰ ਤੇ ਇਮਤਿਹਾਨ ਦੀਆਂ ਘੜੀਆਂ ਵਿਚ, ਤਾਂ ਅੰਧ ਵਿਸ਼ਵਾਸ ਤੋਂ ਸੌਖੇ ਨਹੀਂ ਬਚ ਸਕਦੇ।
ਇਥੇ ਫਿਰ ਆਪਣੇ ਨਿਜੀ ਜੀਵਨ ਦੀ ਇੱਕ ਘਟਨਾ ਸਾਂਝੀ ਕਰਨੀ ਚਾਹੁੰਦਾ ਹਾਂ।
ਬਹੁਤ ਸਮਾਂ ਪਹਿਲੇ ਮੇਰਾ ਇੱਕ ਬੇਟਾ ਪੀਲੀਆ ਰੋਗ
ਨਾਲ ਬਹੁਤ ਬਿਮਾਰ ਹੋ ਗਿਆ। ਸਰੀਰ ਤਾਂ ਸਾਰਾ ਪੀਲਾ ਹੋ ਹੀ ਗਿਆ, ਖਾਧਾ ਪੀਤਾ ਵੀ ਕੁੱਝ ਅੰਦਰ ਨਾ
ਟਿਕੇ। ਉਲਟੀਆਂ ਤੇ ਉਲਟੀਆਂ ਆਈ ਜਾਣ। ਅਸੀਂ ਹਸਪਤਾਲ ਦਾਖਲ ਕਰਾ ਦਿੱਤਾ, ਪ੍ਰਾਈਵੇਟ ਕਮਰਾ ਲੈਕੇ,
ਪਤੀ ਪਤਨੀ ਵੀ ਹਸਪਤਾਲ ਹੀ ਆ ਟਿਕੇ। ਡਾਕਟਰਾਂ ਇਲਾਜ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਗੁਲੂਕੋਜ਼ ਲਾ
ਦਿੱਤਾ। ਸਾਡਾ ਮੀਆਂ ਬੀਵੀ ਦਾ ਬੱਸ ਇਹੋ ਕੰਮ ਸੀ ਕਿ ਉਸ ਦੀ ਲੋੜੀਂਦੀ ਦੇਖ-ਭਾਲ ਕਰਨੀ, ਆਪ
ਗੁਰਬਾਣੀ ਪੜ੍ਹਨੀ, ਉਸ ਨੂੰ ਸੁਨਾਉਣੀ ਅਤੇ ਹਰ ਵੇਲੇ ਅਰਦਾਸਾਂ ਕਰਨੀਆਂ। ਪਰ ਰੋਗ ਕਿ ਹਰ ਦਿਨ ਵਧਦਾ
ਹੀ ਜਾਵੇ। ਮੇਰੇ ਮਾਤਾ ਜੀ ਭਾਵੇਂ ਗੁਰਬਾਣੀ ਬਹੁਤ ਪੜ੍ਹਦੇ ਸਨ ਪਰ ਉਨ੍ਹਾਂ ਤੇ ਵੀ ਪੁਰਾਣੇ ਖਿਆਲਾਂ
ਦਾ ਬਹੁਤ ਪ੍ਰਭਾਵ ਸੀ। ਫੇਰ ਐਸੇ ਵੇਲੇ ਮੁਫਤ ਸਲਾਹਾਂ ਦੇਣ ਵਾਲਿਆਂ ਦੀ ਵੀ ਕਮੀ ਨਹੀਂ ਰਹਿੰਦੀ।
ਰੋਜ਼ ਸਲਾਹਾਂ ਮਿਲਣ, ਇਹ ਰੋਗ ਤਾਂ ਟੂਣੇ ਟੋਟਕਿਆਂ ਤੋਂ ਬਿਨਾਂ ਠੀਕ ਹੁੰਦਾ ਹੀ ਨਹੀਂ, ਫਲਾਣੀ ਸਮਾਧ
ਤੇ ਕੋਈ ਬਾਬਾ ਝਾੜਾ ਕਰਦਾ ਹੈ, ਫਲਾਣਾ ਪੰਡਿਤ ਗਲ ਵਿੱਚ ਤੀਲਿਆਂ ਵਾਲੀ ਮਾਲਾ ਪਾਉਂਦਾ ਹੈ, ਫਲਾਣਾ
ਬਾਬਾ ਮੰਤ੍ਰ ਕੇ ਪਾਣੀ ਦੇਂਦਾ ਹੈ, ਆਦਿ। ਹੋਰ ਤਾਂ ਹੋਰ ਹਸਪਤਾਲ ਦੀਆਂ ਨਰਸਾਂ ਵੀ ਸਲਾਹ ਦੇਣ ਕਿ
ਸਾਨੂੰ ਕਿਸੇ ਟੂਣੇ ਟੋਟਕੇ ਵਾਲੇ ਕੋਲ ਜਾਣਾ ਚਾਹੀਦਾ ਹੈ। ਹਸਪਤਾਲਾਂ ਵਿੱਚ ਨੌਕਰੀ ਕਰਕੇ ਵੀ, ਉਹ
ਵਿਚਾਰੀਆਂ ਕਿਹੜਾ ਅੰਧਵਿਸ਼ਵਾਸਾਂ ਤੋਂ ਮੁਕਤ ਹੋ ਗਈਆਂ ਹਨ? ਹਰ ਦਿਨ ਰੋਗ ਵੱਧਦਾ ਵੇਖ ਕੇ ਅਤੇ
ਦੁਨੀਆਂ ਦੀਆਂ ਗੱਲਾਂ ਸੁਣ ਸੁਣ ਕੇ, ਮੇਰੇ ਮਾਤਾ ਜੀ ਵੀ ਮੇਰੇ ਤੇ ਜ਼ੋਰ ਪਾਉਣ ਲੱਗੇ ਕਿ ਪੁੱਤਰਾਂ
ਨਾਲੋਂ ਪਿਆਰਾ ਕੀ ਹੁੰਦਾ ਹੈ? ਜ਼ਿਦ ਨਹੀਂ ਕਰਨੀ ਚਾਹੀਦੀ ਤੇ ਕੋਈ ਐਸਾ ਉਪਾਅ ਕਰ ਲੈਣਾ ਚਾਹੀਦਾ ਹੈ,
ਪਰ ਮੈਂ ਸਤਿਗੁਰੂ ਦੀ ਬਖਸ਼ਿਸ਼ ਨਾਲ ਪੂਰੀ ਦ੍ਰਿੜਤਾ ਰੱਖੀ ਕਿ ਯੋਗ ਇਲਾਜ ਵੀ ਹੋ ਰਿਹਾ ਹੈ ਅਤੇ ਜੋ
ਆਪਣੇ ਵੱਸ ਹੈ, ਸਤਿਗੁਰੂ ਅੱਗੇ ਜੋਦੜੀਆਂ ਵੀ ਕਰ ਰਹੇ ਹਾਂ, ਮੈਂ ਸਤਿਗੁਰੂ ਦਾ ਲੜ ਛੱਡ ਕੇ ਹੋਰ
ਕਿਤੇ ਟੂਣੇ-ਟੋਟਕੇ ਵਾਲੇ ਪਖੰਡ ਵੱਲ ਨਹੀਂ ਜਾਣਾ।
ਰੋਜ਼ ਟੈਸਟ ਹੁੰਦੇ ਸਨ, ਰਿਪੋਰਟ ਤੋਂ ਇਹੀ ਪਤਾ ਲਗਦਾ, ਰੋਗ ਹਰ ਦਿਨ ਵੱਧ
ਰਿਹਾ ਹੈ। ਹਾਲਤ ਇਤਨੀ ਵਿਗੜ ਗਈ ਕਿ ਬੇਟੇ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਮੈਨੂੰ ਬੁਲਾ ਕੇ ਇਹ
ਕਹਿ ਦਿੱਤਾ ਕਿ ਮਰੀਜ਼ ਤੇ ਸਾਡੇ ਇਲਾਜ ਦਾ ਅਸਰ ਨਹੀਂ ਹੋ ਰਿਹਾ, ਤੁਸੀਂ ਕਿਸੇ ਹੋਰ ਡਾਕਟਰ ਤੋਂ
ਸਲਾਹ ਲੈਣੀ ਹੈ ਤਾਂ ਲੈ ਲਓ। ਮੈਂ ਪੁਛਿਆ, ਤੁਸੀਂ ਜੁਆਬ ਦੇ ਰਹੇ ਹੋ? ਕਹਿਣ ਲੱਗੇ, ਇਸ ਤੋਂ ਸਪੱਸ਼ਟ
ਹੋਰ ਕੀ ਕਹੀਏ? ਸੱਚੀ ਗੱਲ ਹੈ, ਮੈਂ ਵੀ ਕਾਫੀ ਘਬਰਾ ਗਿਆ, ਆਕੇ ਪਤਨੀ ਨਾਲ ਗੱਲ ਕੀਤੀ ਤਾਂ ਉਹ ਵੀ
ਬਹੁਤ ਪ੍ਰੇਸ਼ਾਨ ਹੋ ਗਈ। ਮਾਤਾ ਜੀ ਨੂੰ ਦਸਿਆ ਤਾਂ ਉਨ੍ਹਾਂ ਤਾਂ ਜਿਵੇਂ ਤੁਫਾਨ ਚੁੱਕ ਲਿਆ, "ਜੁਆਨ
ਪੁੱਤਰ ਹਥੋਂ ਜਾ ਰਿਹਾ ਹੈ, ਤੁਸੀਂ ਆਪਣੀ ਜ਼ਿਦ ਫੜੀ ਹੋਈ ਹੈ", ਕਹਿੰਦੇ ਹੋਏ ਇੱਕ ਬਾਬੇ ਕੋਲ ਜਾਣ
ਲਈ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ। ਐਸੇ ਹਾਲਾਤ ਵਿੱਚ ਇੱਕ ਵਾਰੀ ਤਾਂ ਆਪਣਾ ਮਨ ਵੀ ਡੋਲ ਗਿਆ ਅਤੇ
ਉਸ ਬਾਬੇ ਕੋਲ ਜਾਣ ਦਾ ਮਨ ਬਣਾ ਲਿਆ। ਹਸਪਤਾਲੋਂ ਬਾਬੇ ਵੱਲ ਜਾਣ ਲਈ ਨਿਕਲਿਆ ਪਰ ਰਸਤੇ ਵਿੱਚ
ਅੰਦਰੋ ਆਪਣੇ ਆਪ ਨੇ ਧਿਕਾਰ ਪਾਈ ਕਿ ਇਹੋ ਹੈ ਤੇਰਾ ਸਤਿਗੁਰੂ ਤੇ ਵਿਸ਼ਵਾਸ? ਮੰਨ ਲਓ ਜੇ ਅਕਾਲ-ਪੁਰਖ
ਨੇ ਉਸ ਦੀ ਇਤਨੀ ਹੀ ਉਮਰ ਲਿਖੀ ਹੈ ਤਾਂ ਕੀ ਕੋਈ ਬਾਬਾ ਉਸ ਨੂੰ ਬਦਲ ਸਕਦਾ ਹੈ? ਗੁਰਬਾਣੀ ਵੀ
ਸਮਝਾਉਂਦੀ ਹੈ:
"ਮਾਰੈ ਰਾਖੈ ਏਕੋ ਆਪਿ।। ਮਾਨੁਖ ਕੈ ਕਛੁ ਨਾਹੀ ਹਾਥਿ।। " {ਗਉੜੀ
ਸੁਖਮਨੀ ਮਃ ੫, ਪੰਨਾ ੨੮੧}
ਪ੍ਰਭੂ ਆਪ ਹੀ (ਜੀਵਾਂ ਨੂੰ) ਮਾਰਦਾ ਹੈ (ਜਾਂ) ਪਾਲਦਾ ਹੈ, ਮਨੁੱਖ ਦੇ ਵੱਸ
ਕੁੱਝ ਨਹੀਂ ਹੈ।
"ਜੋ ਤੂ ਕਰਹਿ ਸੋਈ ਫੁਨਿ ਹੋਇ।। ਮਾਰੈ ਨ ਰਾਖੈ ਦੂਜਾ ਕੋਇ।। " {ਭੈਰਉ
ਮਹਲਾ ੫, ਪੰਨਾ ੧੧੩੯}
ਹੇ ਪ੍ਰਭੂ !
ਜੋ ਕੁੱਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ ।
(ਤੈਥੋਂ ਬਿਣਾ) ਕੋਈ ਦੂਜਾ ਨਾਹ ਕਿਸੇ ਨੂੰ ਮਾਰ ਸਕਦਾ ਹੈ ਨਾਹ ਬਚਾ ਸਕਦਾ ਹੈ ।
੨।
ਸਕੂਟਰ ਦਾ ਹੈਂਡਲ ਜਿਵੇਂ ਆਪੇ ਮੁੜ ਗਿਆ ਅਤੇ ਮੈਂ ਆਪਣੇ ਇੱਕ ਡਾਕਟਰ ਦੋਸਤ
ਦੇ ਘਰ ਪਹੁੰਚ ਗਿਆ, ਜੋ ਪੀ. ਜੀ. ਆਈ. ਵਿੱਚ ਨੌਕਰੀ ਕਰਦਾ ਸੀ। ਉਸ ਨੂੰ ਸਾਰੀ ਗੱਲ ਦਸੀ। ਉਹ ਕਹਿਣ
ਲੱਗਾ, ਘਬਰਾਓ ਨਾ, ਰਾਤ ਲੰਘਾਓ, ਸਵੇਰੇ ਨੌਂ ਵਜੇ ਬੇਟੇ ਨੂੰ ਪੀ. ਜੀ. ਆਈ. ਲੈ ਆਉਣਾ, ਮੇਰੇ ਹੀ
ਵਿਭਾਗ ਦਾ ਕੇਸ ਹੈ, ਮੈਂ ਆਪਣੇ ਵਿਭਾਗ ਮੁਖੀ ਕੋਲ ਚੈਕ ਕਰਵਾ ਦੇਵਾਂਗਾ। ਵਾਪਿਸ ਆਕੇ ਆਪਣੇ ਹਸਪਤਾਲ
ਦੇ ਡਾਕਟਰਾਂ ਨਾਲ ਗੱਲ ਕੀਤੀ, ਉਨ੍ਹਾਂ ਕਿਹਾ ਕਿ ਠੀਕ ਹੈ, ਤੁਹਾਨੂੰ ਸਵੇਰੇ ਐਂਬੂਲੈਂਸ ਵਿੱਚ ਰਸਤੇ
ਦੇ ਸਾਰੇ ਲੋੜੀਂਦੇ ਪ੍ਰਬੰਧ ਕਰ ਦੇਵਾਂਗੇ। ਨੌਂ ਵਜਣ ਤੋਂ ਪਹਿਲਾਂ ਪੀ. ਜੀ. ਆਈ. ਪਹੁੰਚ ਗਏ।
ਜਿਵੇਂ ਹੀ ਵਿਭਾਗ ਮੁਖੀ ਆਇਆ, ਮੇਰੇ ਮਿੱਤਰ ਨੇ ਅੰਦਰ ਉਸ ਨਾਲ ਗੱਲ ਕੀਤੀ ਅਤੇ ਸਾਨੂੰ ਅੰਦਰ ਬੁਲਾ
ਲਿਆ। ਬੇਟਾ ਸਟਰੇਚਰ ਤੇ ਲੇਟ ਕੇ ਜਾਣ ਦੀ ਬਜਾਏ, ਅੰਦਰ ਤੁਰ ਕੇ ਜਾਣ ਲਈ ਜ਼ਿਦ ਕਰਨ ਲੱਗਾ ਅਤੇ ਤੁਰ
ਕੇ ਹੀ ਗਿਆ। ਡਾਕਟਰ ਨੇ ਚੰਗੀ ਤਰ੍ਹਾਂ ਜਾਂਚ ਕੀਤੀ, ਰਿਪੋਰਟਾਂ ਵੀ ਵੇਖੀਆਂ ਅਤੇ ਬੋਲਿਆ, " (Your
son is perfectly alright) ਤੁਹਾਡਾ ਪੁੱਤਰ
ਬਿਲਕੁਲ ਠੀਕ ਠਾਕ ਹੈ, ਤੁਹਾਡੇ ਡਾਕਟਰ ਐਵੇਂ ਰਿਪੋਰਟਾਂ ਵੇਖ ਕੇ ਘਬਰਾ ਗਏ ਹਨ, ਉਨ੍ਹਾਂ ਮਰੀਜ਼ ਦੀ
ਆਮ ਹਾਲਤ ਵੱਲ ਧਿਆਨ ਨਹੀਂ ਦਿੱਤਾ, ਤੁਹਾਡੇ ਬੇਟੇ ਦਾ ਮਨੋਬਲ(Will
Power) ਬਹੁਤ ਉੱਚਾ ਹੈ, ਇਸ ਲਈ ਘਬਰਾਉਣ ਦੀ ਕੋਈ
ਲੋੜ ਨਹੀਂ। ਤੁਹਾਡੇ ਡਾਕਟਰ ਜੋ ਇਲਾਜ ਕਰ ਰਹੇ ਹਨ, ਉਹ ਬਿਲਕੁਲ ਠੀਕ ਹੈ, ਉਹੀ ਜਾਰੀ ਰੱਖੋ। ਮੇਰੇ
ਟੈਲੀਫੋਨ ਨੰਬਰ ਨੋਟ ਕਰ ਲਓ, ਜੇ ਹਾਲਤ ਵਿਗੜੇ ਤਾਂ ਜਿਸ ਵੇਲੇ ਲੋੜ ਪਵੇ, ਮੈਨੂੰ ਟੈਲੀਫੋਨ ਕਰ
ਦੇਣਾ, ਮੈਂ ਉਥੇ ਹੀ ਆ ਕੇ ਦੇਖ ਲਵਾਂਗਾ। ਕੱਲ ਜੋ ਟੈਸਟ ਹੋਵੇ, ਉਸ ਦੀ ਰਿਪੋਰਟ ਆਕੇ ਮੈਨੂੰ ਵਿਖਾ
ਜਾਣਾ। "
ਉਸ ਡਾਕਟਰ ਦੇ ਸ਼ਬਦਾਂ ਨੇ ਜਾਦੂਈ ਅਸਰ ਕੀਤਾ, ਸਾਡੇ ਮੀਆਂ ਬੀਵੀ ਦੇ ਅੰਦਰ
ਤਾਂ ਜਿਵੇਂ ਇੱਕ ਨਵੀਂ ਰੂਹ ਫੂਕ ਦਿੱਤੀ, ਬਿਮਾਰ ਬੇਟੇ ਤੇ ਕੀ ਅਸਰ ਹੋਇਆ ਹੋਵੇਗਾ, ਇਸ ਦਾ ਅੰਦਾਜ਼ਾ
ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਅਕਾਲ-ਪੁਰਖ ਦੇ ਰੰਗ, ਅਗਲੇ ਦਿਨ ਦੀ ਰਿਪੋਰਟ ਵਿੱਚ ਰੋਗ ਕੁੱਝ
ਘਟਿਆ ਹੋਇਆ ਸੀ। ਬਸ ਇੱਕ ਵਾਰੀ ਮੋੜਾ ਪਿਆ ਤਾਂ ਹਰ ਦਿਨ ਪਹਿਲੇ ਨਾਲੋਂ ਚੰਗੀ ਰਿਪੋਰਟ ਹੀ ਆਉਂਦੀ।
ਮੈਂ ਅੱਜ ਵੀ ਸੋਚਦਾ ਹਾਂ, ਜੇ ਕਿਤੇ ਮੈਂ ਉਸ ਦਿਨ ਕਿਸੇ ਬਾਬੇ ਕੋਲ ਜਾਂ ਪੰਡਿਤ ਕੋਲ ਚਲਾ ਗਿਆ
ਹੁੰਦਾ, ਤਾਂ ਮੈਨੂੰ ਇਹੀ ਵਿਸ਼ਵਾਸ ਬੱਝ ਜਾਣਾ ਸੀ, ਕਿ ਇਹ ਉਸ ਬਾਬੇ ਜਾਂ ਪੰਡਿਤ ਦੀ ਕਿਰਪਾ ਹੀ ਹੋਈ
ਹੈ, ਫੇਰ ਮੇਰਾ ਇਹ ਅੰਧ ਵਿਸ਼ਵਾਸ ਕੋਈ ਦੂਰ ਨਹੀਂ ਕਰ ਸਕਦਾ ਸੀ। ਫਿਰ ਤਾਂ ਮੈਂ ਦੁਨੀਆਂ ਨੂੰ
ਦਸਦੇ ਫਿਰਨਾ ਸੀ ਕਿ ਫਲਾਣੇ ਮਹਾਪੁਰਖਾਂ ਨੇ ਮੇਰੇ ਬੇਟੇ ਨੂੰ ਮੌਤ ਦੇ ਮੂੰਹ ਵਿਚੋਂ ਕਢ ਲਿਆ।
ਅਸਲ ਵਿੱਚ ਜਦੋਂ ਵੀ ਕੋਈ ਲੋੜਵੰਦ ਕਿਸੇ ਐਸੇ ਅਖੌਤੀ ਸੰਤ ਕੋਲ ਜਾਂਦਾ ਹੈ
ਤਾਂ ਉਸ ਦੀ ਸੋਚ ਪਹਿਲਾਂ ਹੀ ਪੂਰੀ ਤਰ੍ਹਾਂ ਨਾਹ ਪੱਖੀ ਬੱਝੀ ਹੁੰਦੀ ਹੈ, ਜਿਵੇਂ ਪਹਿਲਾਂ ਇਤਨਾ
ਸਮਾਂ ਨੌਕਰੀ ਭਾਲਦਿਆਂ ਹੋ ਗਿਆ ਹੈ, ਮਿਲੀ ਨਹੀਂ, ਹੁਣ ਕਿਥੋਂ ਮਿਲ ਜਾਣੀ ਹੈ? - ਇਤਨੇ ਡਾਕਟਰਾਂ
ਕੋਲੋਂ ਇਲਾਜ ਕਰਾ ਲਿਆ ਠੀਕ ਨਹੀਂ ਹੋਏ, ਹੁਣ ਕਿਵੇਂ ਹੋ ਜਾਣਾ ਹੈ? - ਪਹਿਲਾਂ ਚਾਰ ਧੀਆਂ ਜੰਮ
ਚੁਕੀਆਂ ਨੇ ਹੁਣ ਲੜਕਾ ਕਿਵੇਂ ਜੰਮ ਪੈਣਾ ਹੈ? ਕਈ ਤਾਂ ਆਪਨੀ ਪਤਨੀ ਨੂੰ ਸਿਰਫ ਲੜਕੀਆਂ ਜੰਮਣ ਵਾਲੀ
ਮਸ਼ੀਨ ਹੀ ਸਮਝਣ ਲਗ ਪੈਂਦੇ ਨੇ। ਕਿਸੇ ਅਖੌਤੀ ਸਾਧ ਕੋਲ ਜਾਣ ਅਤੇ ਕੋਈ ਵਿਖਾਵੇ ਦਾ ਉਪਾਅ ਆਦਿ
ਕਰਾਉਣ ਤੋਂ ਬਾਅਦ, ਜਦੋਂ ਕੋਈ ੧੦-੨੦% ਲੋਕਾਂ ਦੇ ਕੰਮ ਸੁਭਾਵਕ ਹੀ ਨੀਯਤ ਸਮਾਂ ਆਉਣ ਤੇ ਉਸ
ਅਕਾਲ-ਪੁਰਖ ਦੇ ਅਟੱਲ ਨੇਮ ਅਨੁਸਾਰ ਹੋ ਜਾਂਦੇ ਹਨ ਤਾਂ ਉਹ ਇਸ ਨੂੰ ਅਖੌਤੀ ਸਾਧ ਦਾ ਕ੍ਰਿਸ਼ਮਾ ਸਮਝ
ਲੈਂਦਾ ਹੈ। ਉਸ ਦਾ ਵਿਸ਼ਵਾਸ ਉਸ ਅਖੌਤੀ ਮਹਾਪੁਰਖ ਦੇ ਪੱਕਾ ਬਝ ਜਾਂਦਾ ਹੈ ਅਤੇ ਉਹ ਹੋਰ ਸੈਂਕੜਿਆਂ
ਨੂੰ ਇਹ ਗੱਲ ਪੂਰਨ ਵਿਸ਼ਵਾਸ ਨਾਲ ਦਸਦਾ ਹੈ। ਬਸ ਪਖੰਡ ਦਾ ਪ੍ਰਚਾਰ ਅੱਗੇ ਤੋਂ ਅੱਗੇ ਵਧੀ ਜਾਂਦਾ
ਹੈ। ਜਿਨ੍ਹਾਂ ਦੇ ਕੰਮ ਨਹੀਂ ਹੁੰਦੇ ਉਹ ਹੋਰ ਗੇੜੇ ਮਾਰੀ ਜਾਂਦੇ ਹਨ ਜਾਂ ਕੁੱਝ ਸਮਾਂ ਖਜਲ ਖੁਆਰ
ਹੋ ਕੇ ਹੋਰ ਕੋਈ ਬਾਬਾ ਲਭਣਾ ਸ਼ੁਰੂ ਕਰ ਦੇਂਦੇ ਹਨ। ਜਦੋਂ ਅਕਾਲ-ਪੁਰਖ ਦੀ ਰਜ਼ਾ ਵਿੱਚ ਉਨ੍ਹਾਂ ਦਾ
ਕੰਮ ਸੁਭਾਵਕ ਹੋ ਜਾਂਦਾ ਹੈ ਤਾਂ ਉਹ ਇਸ ਨੂੰ ਉਸ ਅਖੌਤੀ ਬਾਬੇ ਦੀ ਮਿਹਰ ਹੀ ਸਮਝਦੇ ਹਨ।
ਅੱਜ ਜੇ ਅਸੀਂ ਝਾਤੀ ਮਾਰੀਏ ਤਾਂ ਇਨ੍ਹਾਂ ਡੇਰਿਆਂ ਵਿੱਚ ਜਾਣ ਵਾਲਿਆਂ
ਵਿਚੋਂ ਬਹੁਤਾਤ ਉਨ੍ਹਾਂ ਲੋਕਾਂ ਦੀ ਹੈ, ਜਿਨ੍ਹਾਂ ਵਿੱਚ ਸ਼ਰਧਾ ਤਾਂ ਅਥਾਹ ਹੈ ਪਰ ਇਹ ਸ਼ਰਧਾ ਗਿਆਨ
ਵਿਹੂਣੀ ਹੈ, ਅਗਿਆਨਤਾ ਕੁੱਟ ਕੁੱਟ ਕੇ ਭਰੀ ਹੋਈ ਹੈ, ਇਸ ਲਈ ਇਹ ਵਿਸ਼ਵਾਸ, ਅੰਧ ਵਿਸ਼ਵਾਸ ਬਣ ਗਿਆ
ਹੈ। ਫੇਰ ਬਹੁਤੇ ਧੁਰਤ ਡੇਰੇਦਾਰ ਆਪਣੇ ਤਰੀਕੇ ਅਤੇ ਆਪਣੀ ਲੋੜ ਅਨੁਸਾਰ ਪਾਵਨ ਗੁਰਬਾਣੀ ਦੀ ਸਨਾਤਨੀ
ਵਿਆਖਿਆ ਕਰਕੇ ਹੀ ਭੋਲੇ-ਭਾਲੇ ਲੋਕਾਂ ਨੂੰ ਮੂਰਖ ਬਣਾਈ ਜਾ ਰਹੇ ਹਨ।
ਦਾਸ ਲੁਧਿਆਣੇ ਇੱਕ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਗਿਆ। ਜਿਸ ਵੇਲੇ ਉਥੇ
ਪਹੁੰਚਿਆ ਇੱਕ ਐਸੀ ਹੀ ਸਾਧ ਮੰਡਲੀ ਕੀਰਤਨ ਕਰ ਰਹੀ ਸੀ। ਪਹਿਲਾਂ ਤਾਂ ਕੁੱਝ ਹੈਰਾਨਗੀ ਵੀ ਹੋਈ ਅਤੇ
ਖੁਸ਼ੀ ਵੀ, ਕਿਉਂਕਿ ਉਨ੍ਹਾਂ ਕੱਚੀ ਧਾਰਨਾ ਲਾਉਣ ਦੀ ਬਜਾਏ, ਗੁਰਬਾਣੀ ਦੀ ਇੱਕ ਪੰਕਤੀ ਨੂੰ ਹੀ
ਧਾਰਨਾ ਬਣਾਇਆ ਹੋਇਆ ਸੀ। ਉਹ ਸ਼ਬਦ ਗਾਇਨ ਕਰ ਰਹੇ ਸਨ:
"ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ।। ਤੀਰਥੁ ਸਬਦ ਬੀਚਾਰੁ ਅੰਤਰਿ
ਗਿਆਨੁ ਹੈ।। " {ਧਨਾਸਰੀ ਮਹਲਾ ੧, ਪੰਨਾ ੬੮੭}
ਢੋਲਕੀਆਂ ਛੈਣੇ ਖੜਕਾਕੇ, ਕਈ ਵਾਰੀ ‘ਤੀਰਥਿ ਨਾਵਣ ਜਾਉ, ਤੀਰਥਿ ਨਾਵਣ
ਜਾਉ`, ਉਂਝ ਉਹ ‘ਜਾਉ` ਸ਼ਬਦ ਦਾ ਉਚਾਰਨ ‘ਜਾਓ` ਕਰ ਰਹੇ ਸਨ, ਪੰਕਤੀਆਂ ਦਾ ਰਟਨ ਕਰ, ਕਰਾ ਕੇ
ਉਨ੍ਹਾਂ ਦਾ ਮੁੱਖ ਬਾਬਾ ਵਿਆਖਿਆ ਕਰਨ ਲੱਗਾ, ਸਾਧ ਸੰਗਤ ਜੀ ਸਤਿਗੁਰੂ ਸਾਨੂੰ ਸਮਝਾ ਰਹੇ ਨੇ, ਕਿ
ਭਾਈ ਤੀਰਥ ਤੇ ਇਸ਼ਨਾਨ ਕਰਨ ਜਾਓ…ਜਾਓ … ਜਰੂਰ ਜਾਓ, ਕਿਉਂਕਿ ਤੀਰਥ ਤੇ ਇਸ਼ਨਾਨ ਕਰਨਾ ਹੀ ਨਾਮ ਹੈ,
ਤੀਰਥਾਂ ਤੇ ਇਸ਼ਨਾਨ ਕਰਨਾ ਹੀ ਸ਼ਬਦ ਦੀ ਕਮਾਈ ਹੈ, ਸਤਿਗੁਰੂ ਨੇ ਸਾਨੂੰ ਇਹੀ ਗਿਆਨ ਬਖਸ਼ਿਆ ਹੈ। ਆਖੋ
ਸਤਿਨਾਮ…ਨਾਲ ਹੀ ਸਾਰੀ ਸੰਗਤ ਬੜੀ ਸ਼ਰਧਾ ਨਾਲ ਬੋਲ ਉਠੀ,. . ਸ੍ਰੀ ਵਾਹਿਗੁਰੂ।
ਜਦਕਿ ਇਨ੍ਹਾਂ ਪੰਕਤੀਆਂ ਦਾ ਅਸਲ ਭਾਵ ਇਸ ਦੇ ਬਿਲਕੁਲ ਉਲਟ ਹੈ। ਗੁਰੂ
ਗ੍ਰੰਥ ਸਾਹਿਬ ਦਰਪਨ ਦੇ ਰਚੈਤਾ, ਸਿੱਖ ਕੌਮ ਦੇ ਉਘੇ ਵਿਦਵਾਨ ਪ੍ਰੋ. ਸਾਹਿਬ ਸਿੰਘ ਜੀ ਇਨ੍ਹਾਂ
ਪੰਕਤੀਆਂ ਦੇ ਅਰਥ ਇੰਝ ਕਰਦੇ ਹਨ:
ਮੈਂ (ਭੀ) ਤੀਰਥ ਉਤੇ ਇਸ਼ਨਾਨ ਕਰਨ ਜਾਂਦਾ ਹਾਂ (ਪਰ ਮੇਰੇ ਵਾਸਤੇ ਪਰਮਾਤਮਾ
ਦਾ) ਨਾਮ (ਹੀ) ਤੀਰਥ ਹੈ। ਗੁਰੂ ਦੇ ਸ਼ਬਦ ਨੂੰ ਵਿਚਾਰ-ਮੰਡਲ ਵਿੱਚ ਟਿਕਾਣਾ (ਮੇਰੇ ਵਾਸਤੇ) ਤੀਰਥ
ਹੈ (ਕਿਉਂਕਿ ਇਸ ਦੀ ਬਰਕਤਿ ਨਾਲ) ਮੇਰੇ ਅੰਦਰ ਪਰਮਾਤਮਾ ਨਾਲ ਡੂੰਘੀ ਸਾਂਝ ਬਣਦੀ ਹੈ।
ਭਾਰਤ ਦੇ ਇਸ ਬ੍ਰਾਹਮਣਵਾਦੀ ਅਤੇ ਹਿੰਦੂਤਵੀ ਮਾਹੌਲ, ਜਿਸ ਅਨੁਸਾਰ ਸਮਝਿਆ
ਜਾਂਦਾ ਹੈ ਕਿ ਕੁੱਝ ਜਾਦੂ ਟੂਣਿਆਂ, ਜੰਤਰਾਂ ਮੰਤਰਾਂ ਅਤੇ ਕਰਮ ਕਾਂਡਾਂ ਦੁਆਰਾ ਕੁੱਝ ਕਾਰਜ ਸਿੱਧ
ਕਰਾਏ ਜਾ ਸਕਦੇ, ਸੁੱਖ ਸਾਧਨ ਪ੍ਰਾਪਤ ਕੀਤੇ ਜਾ ਸਕਦੇ ਅਤੇ ਦੁੱਖ ਰੋਗ ਕੱਟੇ ਜਾ ਸਕਦੇ ਹਨ, ਨੇ
ਇਨ੍ਹਾਂ ਡੇਰਿਆਂ ਦੇ ਵਧਣ-ਫੁੱਲਣ ਵਿੱਚ ਵੱਡਾ ਯੋਗਦਾਨ ਪਾਇਆ ਹੈ। ਕਿਉਂਕਿ ਬਹੁਤੇ ਗਿਆਨਹੀਣ,
ਅੰਧਵਿਸ਼ਵਾਸੀ ਭੋਲੇ-ਭਾਲੇ ਲੋਕ ਇਨ੍ਹਾਂ ਆਸਾਂ ਨਾਲ ਹੀ ਇਨ੍ਹਾਂ ਡੇਰਿਆਂ ਤੇ ਰੁਲਦੇ ਫਿਰਦੇ ਹਨ।
ਉਨ੍ਹਾਂ ਦੀ ਇਸ ਕਮਜ਼ੋਰੀ ਦਾ ਫਾਇਦਾ ਚੁੱਕ ਕੇ ਹੀ ਇਹ ਪਾਖੰਡੀ ਉਨ੍ਹਾਂ ਦਾ ਇਖਲਾਕੀ, ਮਾਨਸਿਕ,
ਸਮਾਜਿਕ, ਧਾਰਮਿਕ, ਸ਼ਰੀਰਕ ਅਤੇ ਆਰਥਿਕ ਸੋਸ਼ਣ ਕਰ ਰਹੇ ਹਨ। ਪੰਜਾਬ ਵਿੱਚ ਅੱਜ ਗਰੀਬ ਹੋਰ ਗਰੀਬ
ਹੁੰਦਾ ਜਾ ਰਿਹਾ ਹੈ, ਕਿਸਾਨ ਆਤਮ ਹਤਿਆਵਾਂ ਕਰ ਰਹੇ ਹਨ, ਪਰ ਹਰ ਦਿਨ ਇਨ੍ਹਾਂ ਬਾਬਿਆਂ ਦੀਆਂ
ਗੱਡੀਆਂ ਤੇ ਡੇਰੇ ਹੋਰ ਵਧਦੇ ਅਤੇ ਵੱਡੇ ਹੁੰਦੇ ਜਾ ਰਹੇ ਹਨ, ਉਨ੍ਹਾਂ ਤੇ ਵਧੀਆ ਤੋਂ ਵਧੀਆ
ਸੰਗਮਰਮਰ, ਅਤੇ ਸੋਨੇ ਦੇ ਕਲਸ਼ ਚੜ੍ਹ ਰਹੇ ਹਨ। ਚੰਡੀਗੜ੍ਹ ਦੇ ਇੱਕ ਬਾਬੇ ਬਾਰੇ ਤਾਂ ਮਸ਼ਹੂਰ ਹੈ ਕਿ
ਉਸ ਦੇ ਡੇਰੇ ਵਿਚ, ਦੱਸ ਵੀਹ ਲੱਖ ਰੁਪਏ ਨਾਲ ਹੋਇਆ ਕੋਈ ਕੰਮ ਉਸ ਨੂੰ ਪਸੰਦ ਨਾ ਆਵੇ, ਤਾਂ ਪਲਾਂ
ਵਿੱਚ ਉਸ ਨੂੰ ਢਾਹ ਕੇ ਦੁਬਾਰਾ ਉਸਾਰਨ ਦੇ ਹੁਕਮ ਦੇ ਦੇਂਦਾ ਹੈ। ਕਰੋੜਾਂ ਰੁਪਿਆਂ ਦੀਆਂ ਜਾਇਦਾਦਾਂ
ਇਨ੍ਹਾਂ ਡੇਰੇਦਾਰਾਂ ਦੇ ਨਾਂਵਾਂ ਤੇ ਹਨ। ਪਿਛਲੇ ਦਿਨੀਂ ਮੈਨੂੰ ਉੜੀਸਾ ਅਤੇ ਤਾਮਿਲਨਾਡੂ ਜਾਣ ਦਾ
ਮੌਕਾ ਮਿਲਿਆ, ਮੈਂ ਉਥੇ ਇਹ ਵੇਖ ਕੇ ਹੈਰਾਨ ਰਹਿ ਗਿਆ ਕਿ ਥਾਂ ਥਾਂ ਤੇ ਬਾਬਿਆਂ ਦੇ ਏਜੰਟ ਬੈਠੇ,
ਉਥੇ ਹਜ਼ਾਰਾਂ ਏਕੜ ਜ਼ਮੀਨ ਜਾਇਦਾਦਾਂ ਖਰੀਦ ਰਹੇ ਹਨ। ਗਲ ਵੀ ਠੀਕ ਹੈ ਨਾ, ਇਥੇ ਪਹਿਲਾਂ ਇਤਨੀਆਂ
ਜਾਇਦਾਦਾਂ ਬਣਾ ਲਈਆਂ ਹਨ ਕਿ ਹਰ ਦਿਨ ਕਿਸੇ ਨਾ ਕਿਸੇ ਬਾਬੇ ਬਾਰੇ ਰੌਲਾ ਪੈਂਦਾ ਰਹਿੰਦਾ ਹੈ। ਸੋ
ਬਿਹਤਰ ਹੈ ਲੁਟੋ ਪੰਜਾਬੀਆਂ ਵਿਸ਼ੇਸ਼ ਕਰ ਕੇ ਸਿੱਖਾਂ ਨੂੰ, ਅਤੇ ਜ਼ਮੀਨ ਜਾਇਦਾਦਾਂ ਦੂਰ ਦੁਰਾਡੇ ਦੇ
ਸੂਬਿਆਂ ਵਿੱਚ ਬਣਾਓ, ਕਿਸੇ ਨੂੰ ਪਤਾ ਹੀ ਨਾ ਲੱਗੇ ਅਖੌਤੀ ਮਹਾਪੁਰਖਾਂ ਨੇ ਗਰੀਬਾਂ ਦਾ ਕਿੰਨਾ ਲਹੂ
ਨਿਚੋੜਿਆ ਹੈ।
(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਸੰਪੂਰਨਤਾ ਦੇ ਨੇੜੇ
ਹੈ। ਇਸ ਦਾ ਇੱਕ ਭਾਗ ਹਰ ਹਫਤੇ ਇਸ ਵੈਬ ਸਾਈਟ ਤੇ ਛਾਪਿਆ ਜਾ ਰਿਹਾ ਹੈ। ਸੂਝਵਾਨ ਪਾਠਕਾਂ ਨੂੰ ਇਸ
ਬਾਰੇ ਉਸਾਰੂ ਸੁਝਾਅ ਦੇਣ ਦੀ ਬੇਨਤੀ ਕੀਤੀ ਜਾਂਦੀ ਹੈ। ਕਿਤਾਬ ਛਪਣ ਤੋਂ ਪਹਿਲਾਂ ਆਏ ਹਰ ਸੁਝਾਅ
ਨੂੰ ਜੀ ਆਇਆ ਆਖਿਆ ਜਾਵੇਗਾ ਅਤੇ ਲੇਖਕ ਸੁਝਾਅ ਭੇਜਣ ਵਾਲਿਆਂ ਦਾ ਧੰਨਵਾਦੀ ਹੋਵੇਗਾ)
ਰਾਜਿੰਦਰ ਸਿੰਘ
(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)
email: [email protected]
|
. |