.

ਆਸਾ ਕੀ ਵਾਰ

(ਕਿਸ਼ਤ ਨੰ: 5)

ਪਉੜੀ ਚੌਥੀ ਅਤੇ ਸਲੋਕ

ਸਲੋਕ ਮਃ ੧।।

ਭੈ ਵਿਚਿ ਪਵਣੁ ਵਹੈ ਸਦਵਾਉ।।

ਭੈ ਵਿਚਿ ਚਲਹਿ ਲਖ ਦਰੀਆਉ।।

ਭੈ ਵਿਚਿ ਅਗਨਿ ਕਢੈ ਵੇਗਾਰਿ।।

ਭੈ ਵਿਚਿ ਧਰਤੀ ਦਬੀ ਭਾਰਿ।।

ਭੈ ਵਿਚਿ ਇੰਦੁ ਫਿਰੈ ਸਿਰ ਭਾਰਿ।।

ਭੈ ਵਿਚਿ ਰਾਜਾ ਧਰਮ ਦੁਆਰੁ।।

ਭੈ ਵਿਚਿ ਸੂਰਜੁ ਭੈ ਵਿਚਿ ਚੰਦੁ।।

ਕੋਹ ਕਰੋੜੀ ਚਲਤ ਨ ਅੰਤੁ।।

ਭੈ ਵਿਚਿ ਸਿਧ ਬੁਧ ਸੁਰ ਨਾਥ।।

ਭੈ ਵਿਚਿ ਆਡਾਣੇ ਆਕਾਸ।।

ਭੈ ਵਿਚਿ ਜੋਧ ਮਹਾਬਲ ਸੂਰ।।

ਭੈ ਵਿਚਿ ਆਵਹਿ ਜਾਵਹਿ ਪੂਰ।।

ਸਗਲਿਆ ਭਉ ਲਿਖਿਆ ਸਿਰਿ ਲੇਖੁ।।

ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ।। ੧।।

ਨੋਟ:- ਸਲੋਕ ਨੂੰ ਸਮਝਣ ਵਾਸਤੇ ਚੱਲ ਰਹੇ ਪ੍ਰਕਰਣ ਨਾਲ ਲੜੀ ਜੋੜ ਕੇ ਵਿਚਾਰ ਕਰਾਂਗੇ ਤਾਂ ਸਲੋਕ ਨੂੰ ਸਮਝਣ ਵਾਸਤੇ ਸਹਾਇਤਾ ਹੋ ਸਕੇਗੀ।

ਪਦ ਅਰਥ:- ਭੈ ਵਿਚਿ – ਭੈਅ ਵਿੱਚ, ਡਰ ਵਿੱਚ। ਪਵਣੁ – ਹਵਾ। ਵਹੈ – ਵਗਦੀ ਹੈ, (ਅਗਿਆਨਤਾ ਦੀ ਹਵਾ) ਵਗ ਰਹੀ ਹੈ, ਚੱਲ ਰਹੀ ਹੈ। ਸਦਵਾਉ – ਸਦਾ, ਲਗਾਤਾਰ। ਚਲਹਿ ਲਖ ਦਰੀਆਉ – ਲੱਖਾਂ ਅਗਿਆਨਤਾ ਦੇ ਦਰਿਆ ਚਲਦੇ ਹਨ। ਅਗਨਿ – ਅੱਗ। ਕਢੈ ਵੇਗਾਰਿ – ਵੇਗਾਰ ਕਰਨਾ, ਮੁਥਾਜੀ ਕਰਨਾ। ਧਰਤੀ ਦਬੀ ਭਾਰਿ – ਧਰਤੀ ਉੱਪਰ ਬੋਝ ਹੋਣਾ। ਇੰਦੁ – ਇੰਦਰ, ਅਖੌਤੀ ਸਵਰਗ ਦਾ ਰਾਜਾ। ਫਿਰੈ – ਫਿਰਦੇ ਹਨ। ਸਿਰਿ ਭਾਰਿ - ਸਿਰ `ਤੇ ਬੋਝ। ਰਾਜਾ ਧਰਮ ਦੁਆਰੁ – ਅਖੌਤੀ ਧਰਮ ਰਾਜੇ ਦਾ ਦੁਆਰਾ। ਭੈ ਵਿਚਿ ਸੂਰਜ – ਦਿਨ ਵੀ ਭੈਅ ਵਿੱਚ। ਭੈ ਵਿਚਿ ਚੰਦ – ਰਾਤ ਨੂੰ ਵੀ ਭੈਅ ਵਿੱਚ। ਕੋਹ ਕਰੋੜੀ – ਕਰੋੜਾਂ ਕੋਹ – ਬਹੁਤ ਜ਼ਿਆਦਾ ਦੂਰ। ਚਲਤ – ਚਲਣਾ। ਨ ਅੰਤੁ – ਜਿਸ ਦਾ ਕੋਈ ਅੰਤ ਨਹੀਂ। ਸਿਧ ਬੁਧ ਸੁਰ ਨਾਥ – ਅਖੌਤੀ ਸਿਧ, ਬੁਧ, ਸੁਰ, ਨਾਥ ਅਖਵਾਉਣ ਵਾਲੇ। ਅਡਾਣੇ ਆਕਾਸ – ਆਕਾਸ਼ ਵਿੱਚ ਬੱਦਲ ਛਾਏ ਹੋਣੇ। ਜੋਧ ਮਹਾਬਲ ਸੂਰ – ਆਪਣੇ ਆਪ ਨੂੰ ਮਹਾਂਬਲੀ ਜੋਧੇ ਸੂਰਮੇ ਅਖਵਾਉਣ ਵਾਲੇ। ਆਵਹਿ ਜਾਵਹਿ ਪੂਰ – ਪੂਰਾਂ ਦੇ ਪੂਰ ਆਉਂਦੇ ਹਨ ਅਤੇ ਚਲੇ ਜਾਂਦੇ ਹਨ। ਸਗਲਿਆ ਭਉ ਲਿਖਿਆ ਸਿਰਿ ਲੇਖੁ - ਇਸ ਤਰ੍ਹਾਂ ਸਮੁੱਚੇ ਸੰਸਾਰ ਦੇ ਸਿਰ ਉੱਪਰ ਅਖੌਤੀ ਲੇਖੇ ਦਾ ਭਉ ਲਿਖ ਕੇ (ਅਖੌਤੀ ਧਾਰਮਿਕ ਪੁਸਤਕਾਂ ਵਿੱਚ ਥੋਪਿਆ) ਹੋਇਆ ਹੈ। ਨਾਨਕ ਨਿਰਭਉ ਨਿਰੰਕਾਰ ਸਚੁ ਏਕੁ – ਹੇ ਭਾਈ! ਨਾਨਕ ਤਾਂ ਕਰਮਕਾਂਡੀ ਪੁਸਤਕਾਂ ਵਿੱਚ ਲਿਖੇ (ਮਰਨ ਤੋਂ ਬਾਅਦ ਹੋਣ ਵਾਲੇ) ਲੇਖੇ ਤੋਂ ਨਿਰਭਉ ਹੋ ਕਰ ਕੇ ਇੱਕ ਨਿਰੰਕਾਰ ਦੇ ਸੱਚ ਨਾਲ ਜੁੜਨ ਦੀ ਪ੍ਰੇਰਨਾ ਕਰਦਾ ਹੈ।

ਅਰਥ:- ਹੇ ਭਾਈ! ਸੰਸਾਰ ਵਿੱਚ ਲਗਾਤਾਰ (ਅਖੌਤੀ) ਮਰਨ ਤੋਂ ਬਾਅਦ ਦੇ ਹੋਣ ਵਾਲੇ ਲੇਖੇ-ਜੋਖੇ ਦੇ ਭੈਅ ਵਿੱਚ ਅਗਿਆਨਤਾ ਦੇ ਹਨੇਰ ਅਤੇ ਲੱਖਾਂ ਦਰਿਆ ਚੱਲ ਰਹੇ ਹਨ ਅਤੇ ਮਨੁੱਖ ਅਗਿਆਨਤਾ ਦੀ ਅਗਨ ਦੇ ਭੈਅ ਵਿੱਚ ਹੀ ਮਰਨ ਤੋਂ ਬਾਅਦ ਹੋਣ ਵਾਲੇ ਲੇਖੇ ਤੋਂ ਬਚਣ ਵਾਸਤੇ ਮਨੁੱਖ, ਮਨੁੱਖ ਦੀ (ਭਾਵ ਅਖੌਤੀ ਬਾਬਿਆਂ ਅਤੇ ਅਵਤਾਰਵਾਦ) ਦੀ ਵੇਗਾਰ/ਮੁਥਾਜੀ ਭਾਵ ਚਾਪਲੂਸੀ ਵਿੱਚ ਰੁਝਿਆ ਹੋਇਆ ਹੈ। ਇਸ ਤਰ੍ਹਾਂ ਦੀ ਅਗਿਆਨਤਾ ਦੇ ਭੈਅ ਵਿੱਚ ਜੋ ਮਨੁੱਖ ਹਨ, ਧਰਤੀ ਉਨ੍ਹਾਂ ਲੋਕਾਂ ਦੇ ਭਾਰ ਹੇਠ ਦੱਬੀ ਹੋਈ ਹੈ ਭਾਵ ਉਹ ਧਰਤੀ ਉੱਪਰ ਬੋਝ ਹਨ। ਕੁੱਝ ਅਗਿਆਨਤਾ ਦੇ ਭੈਅ ਵਿੱਚ ਹੀ (ਅਖੌਤੀ ਸਵਰਗ ਦੇ ਰਾਜੇ) ਇੰਦਰ ਦਾ ਸਿਰ `ਤੇ ਬੋਝ ਚੁੱਕੀ ਫਿਰਦੇ ਹਨ। ਅਜਿਹੇ ਮਨੁੱਖਾਂ ਨੇ ਭੈਅ ਵਿੱਚ ਹੀ (ਅਖੌਤੀ) ਧਰਮ ਰਾਜ ਦਾ ਦੁਆਰਾ ਸਥਾਪਤ ਕੀਤਾ ਹੋਇਆ ਹੈ ਅਤੇ ਦਿਨ ਰਾਤ ਅਗਿਆਨਤਾ ਵਿੱਚ ਹੀ ਮਨੁੱਖ ਅਖੌਤੀ ਧਰਮ ਰਾਜ ਦੇ ਦੁਆਰੇ ਦੇ ਭੈਅ ਵਿੱਚ ਹੈ ਅਤੇ ਭੈਅ ਵਿੱਚ ਹੀ ਸੱਚ/ਅਸਲੀਅਤ ਤੋਂ ਕਰੋੜਾਂ ਕੋਹ ਦੂਰ ਹੁੰਦਾ/ਚਲੀ ਜਾ ਰਿਹਾ ਹੈ, ਜਿਸ ਦਾ ਕੋਈ ਅੰਤ ਨਹੀਂ। ਅਗਿਆਨਤਾ ਦੇ ਕਾਰਨ ਹੀ ਅਗਿਆਨੀ, (ਅਖੌਤੀ) ਸਿਧ, ਬੁਧ ਆਪਣੇ ਆਪ ਨੂੰ ਦੇਵਤੇ ਅਤੇ ਨਾਥ ਅਖਵਾਉਣ ਵਾਲਿਆਂ ਦੇ ਭੈਅ ਵਿੱਚ ਹਨ। ਇਸ ਤਰ੍ਹਾਂ ਮਨੁੱਖ ਦੇ ਸਿਰ ਅਗਿਆਨਤਾ ਦੇ ਬੱਦਲ ਛਾਏ ਹੋਏ ਹਨ। ਆਪਣੇ ਆਪ ਨੂੰ ਮਹਾਂ ਬਲੀ ਸੂਰਮੇ ਅਖਵਾਉਣ ਵਾਲੇ ਵੀ ਅਗਿਆਨਤਾ ਕਾਰਨ ਭੈਅ ਵਿੱਚ ਹਨ, ਗੱਲ ਕੀ ਇਸ ਤਰ੍ਹਾਂ ਅਗਿਆਨਤਾ ਦੇ ਭੈਅ ਵਿੱਚ ਹੀ ਪੂਰਾਂ ਦੇ ਪੂਰ ਆਉਂਦੇ ਹਨ ਅਤੇ ਚਲੇ ਜਾਂਦੇ ਹਨ। ਕਿਉਂਕਿ ਸਮੁੱਚੇ ਸੰਸਾਰ ਦੇ ਸਿਰ ਉੱਪਰ ਅਖੌਤੀ ਲੇਖੇ ਦਾ ਭਉ ਲਿਖ ਕੇ (ਕਹੀਆਂ ਜਾਂਦੀਆਂ ਧਾਰਮਿਕ ਪੁਸਤਕਾਂ) ਵਿੱਚ ਥੋਪਿਆ ਹੋਇਆ ਹੈ। ਹੇ ਭਾਈ! ਨਾਨਕ ਇਨ੍ਹਾਂ ਦੇ ਲਿਖੇ ਹੋਏ ਅਖੌਤੀ ਲੇਖੇ ਤੋਂ ਨਿਰਭਉ ਭਾਵ ਮੁਕਤਿ ਹੋ ਕਿ ਇੱਕ ਨਿਰੰਕਾਰ ਦੇ ਸੱਚ ਭਾਵ ਅਸਲੀਅਤ ਨਾਲ ਜੁੜਨ ਦੀ ਸੰਸਾਰ ਨੂੰ ਪ੍ਰੇਰਨਾ ਕਰਦਾ ਹੈ। (ਭਾਵ ਕਿਉਂਕਿ ਨਿਰੰਕਾਰ ਨੇ ਕੋਈ ਇਸ ਤਰ੍ਹਾਂ ਦਾ (so called) ਕਿਹਾ ਜਾਂਦਾ ਮਰਨ ਤੋਂ ਬਾਅਦ ਲੇਖਾ-ਜੋਖਾ ਕਰਨ ਵਾਲਾ ਧਰਮਰਾਜ ਨਹੀਂ ਥਾਪਿਆ)।

ਮਃ ੧।।

ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ।।

ਕੇਤੀਆ ਕੰਨੑ ਕਹਾਣੀਆ ਕੇਤੇ ਬੇਦ ਬੀਚਾਰ।।

ਕੇਤੇ ਨਚਹਿ ਮੰਗਤੇ ਗਿੜਿ ਮੁੜਿ ਪੂਰਹਿ ਤਾਲ।।

ਬਾਜਾਰੀ ਬਾਜਾਰ ਮਹਿ ਆਇ ਕਢਹਿ ਬਾਜਾਰ।।

ਗਾਵਹਿ ਰਾਜੇ ਰਾਣੀਆ ਬੋਲਹਿ ਆਲ ਪਤਾਲ।।

ਲਖ ਟਕਿਆ ਕੇ ਮੁੰਦੜੇ ਲਖ ਟਕਿਆ ਕੇ ਹਾਰ।।

ਜਿਤੁ ਤਨਿ ਪਾਈਅਹਿ ਨਾਨਕਾ ਸੇ ਤਨ ਹੋਵਹਿ ਛਾਰ।।

ਗਿਆਨੁ ਨ ਗਲੀਈ ਢੂਢੀਐ ਕਥਨਾ ਕਰੜਾ ਸਾਰੁ।।

ਕਰਮਿ ਮਿਲੈ ਤਾ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ।। ੨।।

ਪਦ ਅਰਥ:- ਨਾਨਕ – ਨਾਨਕ ਜੀ। ਨਿਰਭਉ – ਭੈਅ ਰਹਿਤ। ਨਿਰੰਕਾਰੁ – ਕਰਤਾ ਜਿਸ ਦਾ ਕੋਈ (ਅਵਤਾਰਵਾਦੀ) ਆਕਾਰ ਨਹੀਂ। ਹੋਰਿ ਕੇਤੇ – ਹੋਰ ਕਈ, ਅਨੇਕਾਂ। ਰਾਮ – ਅਵਤਾਰੀ ਰਾਮ। ਰਵਾਲ – ਧੂੜ, ਐਰਾ ਵਗੈਰਾ। ਕੇਤੀਆ ਕੰਨੑ ਕਹਾਣੀਆ – ਅਵਤਾਰਵਾਦੀ ਕ੍ਰਿਸ਼ਨ ਕਹਾਣੀਆਂ। ਕੇਤੇ ਬੇਦ ਬੀਚਾਰ –ਜਿੰਨੀ ਵੀ ਬੇਦ/ਵੇਦ ਵਿਚਾਰ ਹੈ। ਕੇਤੇ ਨਚਹਿ ਮੰਗਤੇ – ਕਿਤਨੇ ਨੱਚ ਕੇ ਮੰਗਦੇ ਹਨ। ਗਿੜਿ ਮੁੜਿ – ਮੁੜ-ਮੁੜ ਕੇ। ਪੂਰਹਿ ਤਾਲ – ਪ੍ਰੋਤਾ ਕਰਦੇ ਹਨ। ਬਾਜਾਰੀ ਬਾਜਾਰ ਮਹਿ – ਬਾਜ਼ਾਰੀ ਲੋਕ ਬਾਜ਼ਾਰ ਵਿੱਚ। ਆਇ ਕਢਹਿ ਬਾਜਾਰ – ਆ ਕਰ ਕੇ ਆਪਣਾ ਬਾਜ਼ਾਰ, ਆਪਣੀ ਨੁਮਾਇਸ਼ ਲਗਾਉਂਦੇ ਹਨ। ਗਾਵਹਿ ਰਾਜੇ ਰਾਣੀਆ – (ਅਵਤਾਰਵਾਦੀ) ਰਾਜੇ ਰਾਣੀਆਂ ਦੇ ਗੀਤ ਗਾਉਂਦੇ/ਪ੍ਰਚਾਰ ਕਰਦੇ ਭਾਵ ਉਨ੍ਹਾਂ ਨੂੰ ਰੱਬ ਬਣਾ ਕੇ ਪੇਸ਼ ਕਰਦੇ ਹਨ। ਬੋਲਹਿ ਆਲ ਪਾਤਾਲ – ਬੇਤੁਕੀਆਂ, ਫਜ਼ੂਲ ਗੱਲਾਂ ਕਰਦੇ। ਲਖ ਟਕਿਆ ਕੇ – ਲੱਖਾਂ ਰੁਪਈਆਂ ਦੇ। ਮੁੰਦੜੇ – ਕੰਨਾਂ ਵਿੱਚ ਪਾਉਣ ਵਾਲੇ ਗਹਿਣੇ। ਲਖ ਟਕਿਆ ਕੇ ਹਾਰ – ਲੱਖਾਂ ਰੁਪਈਆਂ ਦੇ ਹਾਰ। ਜਿਤੁ ਤਨਿ ਪਾਈਅਹਿ ਨਾਨਕਾ – ਨਾਨਕ ਪੁੱਛਦਾ ਹੈ ਜਿਹੜੇ ਤਨਾਂ ਉੱਪਰ ਹਾਰ ਪਾਏ ਜਾਂਦੇ ਹਨ। ਸੇ ਤਨ ਹੋਵਹਿ ਛਾਰ - ਉਹ ਤਨ ਤਾਂ ਸਵਾਹ ਹੋ ਗਏ/ਜਾਣੇ ਹਨ। ਗਿਆਨੁ – ਗਿਆਨ। - ਨਹੀਂ। ਗਲੀਈ – ਗੱਲਾਂ ਨਾਲ ਕਾਨ੍ਹ ਕਹਾਣੀਆਂ ਨਾਲ। ਢੂਢੀਐ – ਢੂੰਡਣਾ, ਜਾਣਨਾ, ਜਾਣਿਆ। ਹੋਰ – ਹੋਰ। ਕਥਨਾ – ਸਾਬਤ। ਕਰੜਾ – ਠੋਸ। ਸਾਰੁ – ਆਧਾਰ। ਕਰਮਿ ਮਿਲੈ – ਗਿਆਨ ਪ੍ਰਾਪਤ ਹੋਏ। ਤਾ – ਤਾਂ। ਪਾਈਐ – ਪਾਉਣਾ, ਜਾਨਣਾ, ਜਾਣਿਆਂ। ਹੋਰ – ਸੱਚ ਤੋਂ ਉੱਲਟ, ਹੋਰ। ਹਿਕਮਤਿ – ਚਲਾਕੀਆਂ (ਗੁ: ਗ੍ਰੰ: ਦਰਪਣ)। ਹੁਕਮੁ – ਹੁਕਮ ਕਰਨਾ, ਠੋਸਣਾ। ਖੁਆਰੁ - ਖੁਆਰੀ, ਬੇਈਮਾਨੀ ਦੇ ਰਾਹ।

ਅਰਥ:- ਇਸ ਕਰ ਕੇ ਹੇ ਭਾਈ! ਜਿੰਨੀ ਵੀ ਬੇਦ/ਵੇਦ ਵਿਚਾਰ, ਜਿੰਨੀਆਂ ਵੀ ਕਾਨ੍ਹ ਕਹਾਣੀਆਂ ਅਤੇ ਹੋਰ ਜਿੰਨੇ ਵੀ ਰਾਮ ਰਵਾਲ (ਐਰਾ ਵਗੈਰਾ) ਹਨ, ਨਾਨਕ ਉਨ੍ਹਾਂ ਤੋਂ ਨਿਰੰਕਾਰ ਦੀ ਬਖਸ਼ਿਸ਼ ਨਾਲ ਨਿਰਭਉ ਹੈ। ਇਨ੍ਹਾਂ ਬੇਦ ਅਤੇ ਕਾਨ੍ਹ ਕਹਾਣੀਆਂ ਦੀ ਵਿਚਾਰਧਾਰਾ ਉੱਪਰ ਕਿੰਨੇ ਹੀ ਲੋਕ ਨੱਚ-ਨੱਚ ਕੇ ਮੰਗਦੇ ਹਨ ਅਤੇ ਮੁੜ-ਮੁੜ ਕੇ ਇਨ੍ਹਾਂ (ਬੇਤੁਕੀਆਂ) ਕਹਾਣੀਆਂ ਦੀ ਪ੍ਰੋੜਤਾ ਕਰਦੇ ਹਨ। ਇਸ ਤਰ੍ਹਾਂ ਦੇ ਬਾਜ਼ਾਰੀ ਲੋਕ, ਬਾਜ਼ਾਰ ਵਿੱਚ ਆ ਕੇ ਆਪਣੀਆਂ ਕਾਨ੍ਹ ਕਹਾਣੀਆਂ (ਕ੍ਰਿਸ਼ਨ ਕਹਾਣੀਆਂ) ਦਾ ਬਾਜ਼ਾਰ/ਨੁਮਾਇਸ਼ ਲਗਾਉਂਦੇ ਹਨ ਅਤੇ ਰਾਜੇ ਰਾਣੀਆਂ (ਅਵਤਾਰਵਾਦ ਨੂੰ ਰੱਬ ਬਣਾ ਕੇ) ਉਨ੍ਹਾਂ ਦੀ ਉਸਤਤਿ ਵਿੱਚ ਗਾਉਂਦੇ ਭਾਵ ਉਨ੍ਹਾਂ ਦਾ ਪ੍ਰਚਾਰ ਕਰਦੇ, ਆਲ ਪਤਾਲ ਬੋਲਦੇ ਭਾਵ ਬੇਫਜ਼ੂਲ ਦੀਆਂ ਗੱਲਾਂ ਕਰਦੇ ਹਨ ਕਿ ਉਹ ਰਾਜੇ ਅਤੇ ਰਾਣੀਆਂ ਆਪਣੇ ਗਲ਼ਾਂ ਅੰਦਰ ਲੱਖ ਟਕਿਆਂ ਦੇ ਹਾਰ ਅਤੇ ਲੱਖ ਟਕਿਆਂ ਦੇ ਮੁੰਦੜੇ ਪਾਉਣ ਵਾਲੇ ਰੱਬ ਸਨ। ਨਾਨਕ ਪੁੱਛਦਾ ਹੈ ਜਿਹੜੇ ਰੱਬ ਅਖਵਾਉਣ ਵਾਲੇ ਰਾਜੇ ਰਾਣੀਆਂ ਮਹਿੰਗੇ-ਮਹਿੰਗੇ ਹਾਰ ਪਾਉਂਦੇ ਸਨ, ਉਨ੍ਹਾਂ ਦੇ ਤਨ ਤਾਂ ਸਵਾਹ ਹੋ ਗਏ ਹਨ। (ਉਹ ਖਤਮ ਹੋ ਜਾਣ ਵਾਲੇ ਰੱਬ ਕਿਵੇਂ ਹੋਏ)? ਇਸ ਕਰ ਕੇ ਹੇ ਭਾਈ! ਇਨ੍ਹਾਂ ਗੱਲਾਂ (ਕਾਨ੍ਹ ਕਹਾਣੀਆਂ) ਨੂੰ ਗਿਆਨ/ਸੱਚ ਸਾਬਤ ਕਰਨ ਪਿੱਛੇ ਕੋਈ ਠੋਸ ਆਧਾਰ ਨਹੀਂ ਲੱਭਦਾ ਭਾਵ ਇਹ ਨਿਰਆਧਾਰਤ ਗੱਲਾਂ ਹਨ। ਇਸ ਲਈ ਨਿਰੰਕਾਰ ਦੀ ਬਖਸ਼ਿਸ਼ ਗਿਆਨ ਪ੍ਰਾਪਤੀ ਹੋਵੇ ਤਾਂ ਇਨ੍ਹਾਂ (ਕਾਨ੍ਹ ਕਹਾਣੀਆਂ) ਦੇ ਠੋਸਣ ਵਾਲਿਆਂ ਦੀਆਂ ਚਲਾਕੀਆਂ ਨੂੰ ਜਾਣਿਆ ਜਾ ਸਕਦਾ ਹੈ ਕਿ ਇਹ (ਅਖੌਤੀ ਕਾਨ੍ਹ ਕਹਾਣੀਆਂ) ਸੱਚ ਤੋਂ ਉਲਟ ਮਨੁੱਖ ਨੂੰ ਹੋਰ ਪਾਸੇ ਖੁਆਰੀ (ਭਟਕਣਾਂ) ਦੇ ਰਾਹ ਤੋਰਦੀਆਂ ਹਨ।

ਪਉੜੀ।।

ਨਦਰਿ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੁ ਪਾਇਆ।।

ਏਹੁ ਜੀਉ ਬਹੁਤੇ ਜਨਮ ਭਰੰਮਿਆ ਤਾ ਸਤਿਗੁਰਿ ਸਬਦੁ ਸੁਣਾਇਆ।।

ਸਤਿਗੁਰ ਜੇਵਡੁ ਦਾਤਾ ਕੋ ਨਹੀ ਸਭਿ ਸੁਣਿਅਹੁ ਲੋਕ ਸਬਾਇਆ।।

ਸਤਿਗੁਰਿ ਮਿਲਿਐ ਸਚੁ ਪਾਇਆ ਜਿਨੀੑ ਵਿਚਹੁ ਆਪੁ ਗਵਾਇਆ।।

ਜਿਨਿ ਸਚੋ ਸਚੁ ਬੁਝਾਇਆ।। ੪।।

ਪਦ ਅਰਥ:- ਨਦਰਿ – ਨਿਗ੍ਹਾ, ਤਵੱਜੋਂ, ਧਿਆਨ। ਜੇ – ਜੇਕਰ। ਆਪਣੀ – ਆਪਣੀ। ਤਾ – ਤਾਂ। ਨਦਰੀ – ਨਦਰਿ ਕਰਨ ਵਾਲਾ। ਸਤਿਗੁਰੁ – ਸਦੀਵੀ ਸਥਿਰ ਰਹਿਣ ਵਾਲੇ ਬਖਸ਼ਿਸ਼ ਗਿਆਨ। ਪਾਇਆ – ਪ੍ਰਾਪਤ ਕੀਤਾ। ਏਹੁ ਜੀਉ – ਇਹ ਜੀਵ ਭਾਵ ਮਨੁੱਖ। ਬਹੁਤੇ ਜਨਮ – ਬਹੁਤੇ ਜਨਮਾਂ ਦੇ। ਭਰੰਮਿਆ – ਭਰਮ ਵਿੱਚ ਭਟਕਿਆ। ਸਤਿਗੁਰਿ - ਸਦੀਵੀ ਸਥਿਰ ਰਹਿਣ ਵਾਲੇ ਦੀ ਬਖਸ਼ਿਸ਼ ਗਿਆਨ। ਸਬਦੁ – ਦੇ ਬਚਨਾਂ ਨੂੰ। ਸੁਣਾਇਆ – ਪ੍ਰਚਾਰਿਆ। ਸਤਿਗੁਰ – ਸਦੀਵੀ ਸਥਿਰ ਰਹਿਣ ਵਾਲਾ। ਜੇਵਡੁ – ਤੁੱਲ, ਬਰਾਬਰ। ਦਾਤਾ – ਦਾਤਾ। ਕੋ ਨਹੀਂ – ਹੋਰ ਕੋਈ (ਅਵਤਾਰਵਾਦੀ) ਨਹੀਂ। ਸਭਿ – ਤਮਾਮ। ਸੁਣਿਅਹੁ – ਸੁਣੋ। ਲੋਕ ਸਬਾਇਆ – ਸਮੂਹ ਸੰਸਾਰ ਦੇ ਲੋਕੋ। ਸਤਿਗੁਰਿ – ਸਦੀਵੀ ਸਥਿਰ ਰਹਿਣ ਵਾਲੇ ਦੀ ਬਖਸ਼ਿਸ਼ ਗਿਆਨ। ਮਿਲਿਐ – ਪ੍ਰਾਪਤ ਹੋਇਆ। ਸਚੁ ਪਾਇਆ – ਸੱਚ ਜਾਣਿਆ। ਜਿਨੀੑ – ਜਿਨ੍ਹਾਂ ਨੇ। ਵਿਚਹੁ ਆਪੁ ਗਵਾਇਆ – ਉਨ੍ਹਾਂ ਨੇ ਆਪਣੇ ਅੰਦਰੋਂ (ਭਰਮ) ਗਵਾਇਆ। ਜਿਨਿ – ਜਿਨ੍ਹਾਂ ਨੂੰ। ਸਚੋ ਸਚੁ – ਨਿਰੋਲ ਸੱਚ ਦੀ। ਬੁਝਾਇਆ – ਸਮਝ ਪਈ।

ਅਰਥ:- ਹੇ ਭਾਈ! ਜੇਕਰ ਕਿਸੇ ਮਨੁੱਖ ਨੇ ਆਪਣੀ ਨਿਗ੍ਹਾ (ਤਵੱਜੋਂ/ਧਿਆਨ) ਗਿਆਨ ਵਾਲੇ ਪਾਸੇ ਕੀਤੀ ਤਾਂ ਹੀ ਉਸ ਨੇ ਸਦੀਵੀ ਸਥਿਰ ਰਹਿਣ ਵਾਲੇ ਨਦਰੀ ਦੀ ਨਦਰ/ਬਖਸ਼ਿਸ਼ ਗਿਆਨ ਪ੍ਰਾਪਤ ਕੀਤਾ। ਜਿਸ ਕਿਸੇ ਗਿਆਨ ਪ੍ਰਾਪਤ ਕਰਨ ਵਾਲੇ ਨੇ ਜਦੋਂ ਇਹ ਜਾਣਿਆ ਕਿ ਇਹ ਜੀਵ/ਮਨੁੱਖ ਬਹੁਤੇ ਜਨਮਾਂ ਦੇ ਭਰਮ ਵਿੱਚ ਭਰੰਮਿਆ/ਭਟਕਿਆ ਹੋਇਆ ਹੈ ਤਾਂ ਉਸ ਨੇ ਭਟਕਿਆਂ ਹੋਇਆਂ ਨੂੰ ਸਦੀਵੀ ਸਥਿਰ ਵਾਲੇ ਦੀ ਬਖਸ਼ਿਸ਼ ਗਿਆਨ ਦੇ ਬਚਨਾਂ ਨੂੰ ਅੱਗੇ ਸੁਣਾਇਆ ਭਾਵ ਪ੍ਰਚਾਰਿਆ ਕਿ ਹੇ! ਸੰਸਾਰ ਦੇ ਤਮਾਮ ਲੋਕੋ! ਸੁਣੋ, ਉਸ ਸਦੀਵੀ ਸਥਿਰ ਰਹਿਣ ਵਾਲੇ ਸਤਿਗੁਰ ਦੇ ਤੁੱਲ ਹੋਰ ਕੋਈ (ਜੰਮ ਕੇ ਮਰ ਜਾਣ ਵਾਲਾ ਅਖੌਤੀ ਅਵਤਾਰਵਾਦੀ) ਦਾਤਾ ਨਹੀਂ ਹੈ। ਇਸ ਤਰ੍ਹਾਂ ਜਿਨ੍ਹਾਂ ਨੂੰ ਸਦੀਵੀ ਸਥਿਰ ਰਹਿਣ ਵਾਲੇ ਦੀ ਬਖਸ਼ਿਸ਼ ਗਿਆਨ ਪ੍ਰਾਪਤ ਹੋਇਆ ਉਨ੍ਹਾਂ ਨੇ ਉਸ ਕਰਤੇ ਦੀ ਬਖਸ਼ਿਸ਼ ਨੂੰ ਹੀ ਸੱਚ ਜਾਣਿਆ, ਉਨ੍ਹਾਂ ਨੂੰ ਹੀ ਸੱਚ ਦੀ ਸਮਝ ਪਈ, ਇਸ ਤਰ੍ਹਾਂ ਜਿਨ੍ਹਾਂ ਨੂੰ ਨਿਰੋਲ ਸੱਚ ਦੀ ਸਮਝ ਪਈ। ਉਨ੍ਹਾਂ ਨੇ (ਬਹੁਤੇ ਜਨਮਾਂ ਦੇ ਭਰਮ ਨੂੰ) ਆਪਣੇ ਅੰਦਰੋਂ ਖਤਮ ਕਰ ਦਿੱਤਾ ਅਤੇ ਹੋਰਨਾਂ ਨੂੰ ਅੱਗੇ ਇਸ ਭਟਕਣਾ ਵਿੱਚੋਂ ਬਾਹਰ ਨਿਕਲ ਕੇ ਸੱਚ ਨਾਲ ਜੁੜਨ ਲਈ ਪ੍ਰੇਰਿਆ)।

ਨੋਟ:- ਅਵਤਾਰਵਾਦ ਦੇ ਰੱਬ ਹੋਣ ਅਤੇ ਬੁਹਤੇ ਜਨਮਾਂ ਦੇ ਭਰਮਾਂ ਤੋਂ ਬਚਣ ਲਈ ਮਨੁੱਖ ਨੂੰ ਆਪ ਗਿਆਨ ਵਾਲੇ ਪਾਸੇ ਨਦਰਿ/ਧਿਆਨ ਕਰਨ ਦੀ ਲੋੜ ਹੈ।

ਬਲਦੇਵ ਸਿੰਘ ਟੌਰਾਂਟੋ।




.