ਪਹਿਲਾਂ ਹੀ
ਨੀਯਤ ਕਰ ਦਿੱਤਾ ਗਿਆ ਹੋਵੇ ਕਿ ਇਸ ਕੁੱਲ ਵਿੱਚ ਜਦੋਂ ਵੀ ਕੋਈ ਬੱਚਾ ਜਨਮ ਲਏਗਾ, ਉਹ ਚੂੜ੍ਹਾ,
ਚਮਾਰ, ਕਸਾਈ, ਲੋਹਾਰ ਤ੍ਰਖਾਣ ਜਾਂ ਛੀਪਾ ਆਦਿ ਆਦਿ. . ਅਖਵਾਏਗਾ ਅਤੇ ਉਸ ਦਾ ਕੰਮ ਲੋਕਾਂ ਦੇ
ਮੱਲ-ਮੂਤਰ ਦੀ ਗੰਦਗੀ ਢੋਣਾ, ਮਰੇ ਜਾਨਵਰਾਂ ਦੀ ਸੰਭਾਲ ਕਰਨੀ, ਉਪਰਲੇ ਤਿੰਨ ਵਰਣਾਂ ਦੀ ਲੋੜ ਦੀ ਹਰ
ਵਸਤੂ ਤਿਆਰ ਕਰਨੀ ਆਦਿ ਅਤੇ ਤਿੰਨ ਉੱਚੇ ਵਰਣਾਂ ਦੀ ਸੇਵਾ ਕਰਨਾ ਹੋਵੇਗਾ। (ਵਿਸ਼ੇਸ਼ ਬੇਨਤੀ: ਦਾਸ
ਨੇ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਿਸੇ ਮਨੁੱਖ ਜਾਂ ਭਾਈਚਾਰੇ ਦਾ ਅਪਮਾਨ ਕਰਨ ਲਈ ਨਹੀਂ ਕੀਤੀ ਸਗੋਂ
ਕੇਵਲ ਇਸ ਸਾਜਿਸ਼ ਦੀ ਸੱਚਾਈ ਸਮਾਜ ਅੱਗੇ ਰਖਣ ਲਈ ਕੀਤੀ ਹੈ। ਮੈਂ ਹਰ ਮਨੁੱਖ ਨੂੰ ਬਰਾਬਰ ਸਮਝਦਾ
ਹਾਂ, ਸਭ ਵਿੱਚ ਉਸ ਇੱਕ ਅਕਾਲ ਪੁਰਖ ਦੀ ਅਗਮੀ ਜੋਤਿ ਮਹਿਸੂਸ ਕਰਦਾਂ ਹਾਂ ਅਤੇ ਕਿਸੇ ਮਨੁੱਖ ਜਾਂ
ਭਾਈ ਚਾਰੇ ਦਾ ਕਿਸੇ ਤਰ੍ਹਾਂ ਵੀ ਅਪਮਾਨ ਕਰਨ ਦਾ ਸੋਚ ਵੀ ਨਹੀਂ ਸਕਦਾ। ਫਿਰ ਵੀ ਕਿਸੇ ਦੀਆਂ
ਭਾਵਨਾਵਾਂ ਨੂੰ ਠੇਸ ਲੱਗੀ ਹੋਵੇ ਤਾਂ ਮੈਂ ਖਿਮਾਂ ਦਾ ਜਾਚਕ ਹਾਂ ਜੀ।) ਆਰਥਿਕ ਪਾੜਾ ਵੱਧਣ ਦੇ
ਨਾਲ ਵੈਸ਼ ਅਤੇ ਸ਼ੂਦਰ ਦੇ ਵਿੱਚ ਵੀ ਫਾਸਲਾ ਵਧਦਾ ਗਿਆ। ਹਾਲਾਤ ਇਹ ਹਨ ਕਿ ਅੱਜ ਵੈਸ਼ ਆਪਣੇ ਆਪ ਨੂੰ
ਬ੍ਰਾਹਮਣ ਅਤੇ ਖਤਰੀ ਦੇ ਵਧੇਰੇ ਨੇੜੇ ਮਹਿਸੂਸ ਕਰਦਾ ਹੈ। ਸ਼ੂਦਰ ਦੀ ਨੇੜਤਾ ਤੋਂ ਉਸ ਨੂੰ ਹੀਨ
ਭਾਵਨਾ ਮਹਿਸੂਸ ਹੁੰਦੀ ਹੈ। ਇਸ ਸਾਰੀ ਸਾਜਿਸ਼ ਦਾ ਸੂਤਰਧਾਰ ਮਨੂੰ ਨਾਂਅ ਦਾ ਆਰਯ ਵਿਦਵਾਨ ਸੀ, ਜਿਸ
ਨੇ ਮਨੂੰ ਸਿਮ੍ਰਤੀ ਨਾਂਅ ਦੀ ਕਿਤਾਬ ਵਿੱਚ ਇਸ ਖਤਰਨਾਕ ਵਿਵਸਥਾ ਦਾ ਵਖਿਆਨ ਕੀਤਾ। ਇਸ ਵਾਸਤੇ ਇਸ
ਵਿਵਸਥਾ ਨੂੰ ਮਨੂੰਵਾਦ ਵੀ ਆਖਿਆ ਜਾਂਦਾ ਹੈ।
ਦੁਨੀਆਂ ਵਿੱਚ ਆਰਥਿਕ ਪੱਧਰ ਤੇ ਵਰਗ ਵੰਡ ਹਮੇਸ਼ਾਂ ਰਹੀ ਹੈ। ਪਰ ਇਹ ਵਰਗ
ਵੰਡ ਸਥਾਈ ਨਹੀਂ ਹੈ, ਇਹ ਹਮੇਸ਼ਾਂ ਬਦਲਦੀ ਰਹੀ ਹੈ, ਅਤੇ ਕਿਸੇ ਲਈ ਕਦੇ ਵੀ ਬਦਲ ਸਕਦੀ ਹੈ। ਜੋ ਅੱਜ
ਬਹੁਤ ਗਰੀਬ ਹੈ, ਉਹ ਕੁੱਝ ਧਨ ਕਮਾ ਕੇ ਕਲ ਆਪਣੇ ਤੋਂ ਉਪਰਲੇ ਵਰਗ ਵਿੱਚ ਆ ਸਕਦਾ ਹੈ। ਅਤੇ ਅੱਜ ਦਾ
ਧਨਾਡ ਦੌਲਤ ਗੁਆ ਕੇ ਹੇਠਲੇ ਗਰੀਬ ਵਰਗ ਵਿੱਚ ਪਹੁੰਚ ਸਕਦਾ ਹੈ। ਮੌਜੂਦਾ ਸਮਾਜ ਵਿੱਚ ਕੱਲ ਦੇ ਵੱਡੇ
ਧਨਾਡ, ਸਮੇਂ ਨਾਲ ਗਰੀਬੀ ਨਾਲ ਜੂਝਦੇ ਅਤੇ ਬੀਤੇ ਕੱਲ ਦੇ ਗਰੀਬ ਕਰੋੜਾਂ ਵਿੱਚ ਖੇਡਦੇ ਆਮ ਵੇਖੇ ਜਾ
ਸਕਦੇ ਹਨ। ਪਰ ਇਹ ਵਰਣ ਵੰਡ ਦੀ ਸਾਜਿਸ਼ ਇਤਨੀ ਖਤਰਨਾਕ ਅਤੇ ਸਥਾਈ ਹੈ ਕਿ ਜੋ ਅੱਜ ਜਿਸ ਜਾਤਿ, ਵਰਣ
ਵਿੱਚ ਜਨਮਿਆਂ ਹੈ, ਹਮੇਸ਼ਾਂ ਉਸੇ ਜਾਤ, ਵਰਣ ਦਾ ਹੀ ਰਹੇਗਾ ਬਲਕਿ ਉਸ ਦੀਆਂ ਆਉਣ ਵਾਲੀਆਂ ਕੁੱਲਾਂ
ਵੀ ਇਸ ਤੋਂ ਮੁਕਤ ਨਹੀਂ ਹੋ ਸਕਣਗੀਆਂ।
ਸਤਿਗੁਰੂ ਜੀ ਨੇ ਬ੍ਰਾਹਮਣ ਦੁਆਰਾ ਸਮਾਜ ਵਿੱਚ ਜਾਤ-ਪਾਤ, ਊਚ-ਨੀਚ ਦੇ
ਫੈਲਾਏ ਕੋਹੜ ਖਿਲਾਫ ਇੱਕ ਇਨਕਲਾਬ ਸ਼ੂਰੂ ਕੀਤਾ ਸੀ। ਜਿਸ ਸਮੇਂ ਆਪਣੇ ਆਪ ਨੂੰ ਉੱਚੀਆਂ ਜਾਤਾਂ ਦੇ
ਸਮਝਣ ਵਾਲੇ ਲੋਕ ਅਖੌਤੀ ਨੀਵੀਆਂ ਜਾਤਾਂ ਦੇ ਪਰਛਾਵੇਂ ਨਾਲ ਭਿਟ ਜਾਂਦੇ ਸਨ, ਉਸ ਵੇਲੇ ਗੁਰੂ ਨਾਨਕ
ਪਾਤਿਸ਼ਾਹ ਭਾਈ ਲਾਲੋ ਜੀ ਦੇ ਘਰ ਜਾਕੇ ਰਹਿੰਦੇ ਸਨ। ਸੰਸਾਰ ਦੇ ਲੋਕਾਂ ਆਖਿਆਂ ਸੀ, ਗੁਰੂ ਨਾਨਕ
ਪਾਤਿਸ਼ਾਹ ਆਪ ਤਾਂ ਖਤਰੀ ਹੋ, ਉੱਚੀ ਕੁਲ ਦੇ ਹੋ, ਕਿਥੇ ਇੱਕ ਛੋਟੀ ਜਾਤ ਵਾਲੇ ਤ੍ਰਖਾਣ ਦੇ ਘਰ ਆ
ਟਿਕੇ ਹੋ। ਸਤਿਗੁਰੂ ਨੇ ਫੁਰਮਾਇਆ ਸੀ:
"ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।। ਨਾਨਕੁ ਤਿਨ ਕੈ ਸੰਗਿ
ਸਾਥਿ ਵਡਿਆ ਸਿਉ ਕਿਆ ਰੀਸ।।
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।। " {ਸਿਰੀ ਰਾਗੁ
ਮਹਲਾ ੧, ਪੰਨਾ ੧੫}
(ਹੇ ਪ੍ਰਭੂ! ਮੈਂ ਤੈਥੋਂ ਇਹੀ ਮੰਗਦਾ ਹਾਂ ਕਿ ਤੇਰਾ) ਨਾਨਕ ਉਹਨਾਂ
ਬੰਦਿਆਂ ਨਾਲ ਸਾਥ ਬਣਾਏ ਜੋ ਨੀਵੀਂ ਤੋਂ ਨੀਵੀਂ ਜਾਤਿ ਦੇ ਹਨ ਜੋ ਨੀਵਿਆਂ ਤੋਂ ਭੀ ਅਤਿ ਨੀਵੇਂ
ਅਖਵਾਂਦੇ ਹਨ, ਮੈਨੂੰ ਮਾਇਆ-ਧਾਰੀਆਂ ਦੇ ਰਾਹੇ ਤੁਰਨ ਦੀ ਕੋਈ ਤਾਂਘ ਨਹੀਂ (ਕਿਉਂਕਿ ਮੈਨੂੰ ਪਤਾ ਹੈ
ਕਿ) ਤੇਰੀ ਮਿਹਰ ਦੀ ਨਜ਼ਰ ਉਥੇ ਹੈ ਜਿਥੇ ਗ਼ਰੀਬਾਂ ਦੀ ਸਾਰ ਲਈ ਜਾਂਦੀ ਹੈ। ੪। ੩।
ਇਤਨਾ ਹੀ ਨਹੀਂ, ਸਤਿਗੁਰੂ ਨੂੰ ਹੱਕ ਸੱਚ ਦੀ ਕਮਾਈ ਕਰਨ ਵਾਲੇ ਭਾਈ ਲਾਲੋ
ਸਭ ਤੋਂ ਉੱਚੀ ਜਾਤ ਦੇ ਦਿਸਦੇ ਸਨ ਅਤੇ ਭਾਈ ਲਾਲੋ ਜੀ ਦੀਆਂ ਕਿਰਤ ਕਮਾਈ ਦੀਆਂ ਕੋਧਰੇ ਦੀਆਂ
ਰੋਟੀਆਂ `ਚੋਂ ਦੁੱਧ ਘਿਓ ਦਾ ਸੁਆਦ ਆਉਂਦਾ ਸੀ। ਜਾਤਿ ਅਭਿਮਾਨੀ ਅਤੇ ਗਰੀਬਾਂ ਦਾ ਹੱਕ ਮਾਰ ਕੇ ਧਨ
ਇਕਤਰ ਕਰਨ ਵਾਲੇ, ਮਲਕ ਭਾਗੋ ਦੇ ਪਕਵਾਨਾਂ `ਚੋਂ ਗਰੀਬਾਂ ਦਾ ਨਿਚੋੜਿਆ ਲਹੂ ਵਗਦਾ ਦਿਸਦਾ ਸੀ। ੫੪
ਸਾਲ ਦਾ ਲੰਬਾ ਸਮਾਂ ਗੁਰੂ ਨਾਨਕ ਪਾਤਿਸ਼ਾਹ ਦੇ ਸਭ ਤੋਂ ਨੇੜੇ ਰਹਿਣ ਵਾਲੇ ਸਾਥੀ ਭਾਈ ਮਰਦਾਨਾ ਜੀ
ਵੀ ਭਾਰਤੀ ਸਮਾਜ ਦੀਆਂ ਨਜਰਾਂ ਵਿੱਚ ਛੋਟੀ ਜਾਤ ਦੇ ਡੂੰਮ (ਮਰਾਸੀ) ਸਨ। ਸਭ ਤੋਂ ਪਹਿਲਾਂ
ਖੰਡੇ-ਬਾਟੇ ਦੀ ਪਾਹੁਲ (ਅੰਮ੍ਰਿਤ) ਦੀ ਪਾਵਨ ਦਾਤ ਪ੍ਰਾਪਤ ਕਰਨ ਵਾਲੇ ਵੀ ਪੰਜਾਂ `ਚੋਂ ਚਾਰ ਸਮਾਜ
ਦੀਆਂ ਅਖੌਤੀ ਛੋਟੀਆਂ ਜਾਤਾਂ ਵਿਚੋਂ ਸਨ। ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਇਨ੍ਹਾਂ ਸਾਰਿਆਂ ਨੂੰ
ਆਪਣੇ ਪੰਜ ਪਿਆਰੇ ਕਹਿ ਕੇ ਨਿਵਾਜਿਆ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਨ੍ਹਾਂ ੧੫ ਇਲਾਹੀ ਭਗਤਾਂ
ਦੀ ਬਾਣੀ ਦਰਜ ਕੀਤੀ ਗਈ ਉਹ ਵੀ ਬਿਨਾਂ ਕਿਸੇ ਜਾਤ-ਪਾਤ, ਊਚ-ਨੀਚ ਜਾਂ ਇਲਾਕੇ ਦੇ ਭੇਦਭਾਵ ਦੇ ਕੀਤੀ
ਗਈ। ਅੱਜ ਸੰਸਾਰ ਦਾ ਜੋ ਪ੍ਰਾਣੀ ਵੀ ਗੁਰੂ ਗ੍ਰੰਥ ਸਾਹਿਬ ਜੀ ਅਗੇ ਸੀਸ ਨਿਵਾਉਂਦਾ ਹੈ, ਉਹ ਗੁਰੂ
ਸਾਹਿਬਾਨ ਦੇ ਨਾਲ ਨਾਲ ਭਗਤ ਰਵਿਦਾਸ ਜੀ, ਕਬੀਰ ਜੀ, ਸੈਣ ਜੀ, ਨਾਮਦੇਵ ਜੀ, ਤ੍ਰਿਲੋਚਨ ਜੀ,
ਰਾਮਾਨੰਦ ਜੀ, ਪਰਮਾਨੰਦ ਜੀ, ਸ਼ੇਖ ਫਰੀਦ ਜੀ ਭਾਵ ਉਹ ਸਾਰੇ ਭਗਤ ਸਾਹਿਬਾਨ ਜਿਨ੍ਹਾਂ ਦੀ ਬਾਣੀ ਗੁਰੂ
ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ, ਦੇ ਅਗੇ ਬਰਾਬਰ ਸੀਸ ਨਿਵਾਉਂਦਾ ਹੈ। ਗੁਰਬਾਣੀ ਦੇ ਬੇਅੰਤ ਸ਼ਬਦ
ਸਾਨੂੰ ਜਾਤ-ਪਾਤ ਦੇ ਕੋਹੜ ਤੋਂ ਬਚਕੇ ਰਹਿਣ ਲਈ ਪ੍ਰੇਰਨਾ ਦੇਂਦੇ ਹਨ:
"ਫਕੜ ਜਾਤੀ ਫਕੜੁ ਨਾਉ। ਸਭਣਾ ਜੀਆ ਇਕਾ ਛਾਉ।।
ਆਪਹੁ ਜੇ ਕੋ ਭਲਾ ਕਹਾਏ।। ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਇ।। ੧।।
" {ਸਲੋਕ ਮ: ੧।। ਪੰਨਾ ੮੩}
ਜਾਤਿ (ਦਾ ਅਹੰਕਾਰ) ਤੇ ਨਾਮ (ਵਡੱਪਣ ਦਾ ਅਹੰਕਾਰ) ਵਿਅਰਥ ਹਨ, (ਅਸਲ ਵਿਚ)
ਸਾਰੇ ਜੀਵਾਂ ਦੀ ਇਕੋ ਹੀ ਨੁਹਾਰ ਹੁੰਦੀ ਹੈ (ਭਾਵ, ਆਤਮਾ ਸਭ ਦਾ ਇੱਕ ਹੀ ਹੈ)। (ਜਾਤੀ ਜਾਂ ਵਡਿਆਈ
ਦੇ ਆਸਰੇ) ਜੇ ਕੋਈ ਜੀਵ ਆਪਣੇ ਆਪ ਨੂੰ ਚੰਗਾ ਅਖਵਾਏ (ਤਾਂ ਉਹ ਚੰਗਾ ਨਹੀਂ ਬਣ ਜਾਂਦਾ)। ਹੇ ਨਾਨਕ!
(ਜੀਵ) ਤਾਂ ਹੀ ਚੰਗਾ ਜਾਣਿਆ ਜਾਂਦਾ ਹੈ, ਜੇ ਲੇਖੇ ਵਿੱਚ (ਭਾਵ, ਸੱਚੀ ਦਰਗਾਹ ਵਿੱਚ ਲੇਖੇ ਵੇਲੇ)
ਆਦਰ ਹਾਸਲ ਕਰੇ।
"ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ।। " (ਮਹਲਾ
੧, ਪੰਨਾ ੩੪੯)
ਹੇ ਭਾਈ! ਸਭਣਾ ਵਿੱਚ ਇੱਕ ਪ੍ਰਭੂ ਦੀ ਜੋਤ ਜਾਣ ਕੇ ਕਿਸੇ ਦੀ ਜਾਤਿ ਨਾ
ਪੁੱਛੋ (ਕਿਉਂਕਿ) ਅੱਗੇ (ਪਰਲੋਕ ਵਿਚ) ਕਿਸੇ ਦੀ ਜਾਤਿ ਨਾਲ ਨਹੀਂ ਜਾਂਦੀ।
"ਗਰਭ ਵਾਸ ਮਹਿ ਕੁਲੁ ਨਹੀ ਜਾਤੀ।। ਬ੍ਰਹਮ ਬਿੰਦੁ ਤੇ ਸਭ
ਉਤਪਾਤੀ।। ੧।।
ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ।। ਬਾਮਨ ਕਹਿ ਕਹਿ ਜਨਮੁ ਮਤ ਖੋਏ।।
ਰਹਾਉ।। " (ਕਬੀਰ ਜੀ, ਪੰਨਾ ੩੨੪)
ਸਾਰੇ ਜੀਵਾਂ ਦੀ ਉਤਪੱਤੀ ਪਰਮਾਤਮਾ ਦੀ ਅੰਸ਼ ਤੋਂ (ਹੋ ਰਹੀ) ਹੈ (ਭਾਵ, ਸਭ
ਦਾ ਮੂਲ ਕਾਰਨ ਪਰਮਾਤਮਾ ਆਪ ਹੈ); ਮਾਂ ਦੇ ਪੇਟ ਵਿੱਚ ਤਾਂ ਕਿਸੇ ਨੂੰ ਇਹ ਸਮਝ ਨਹੀਂ ਹੁੰਦੀ ਕਿ
ਮੈਂ ਕਿਸ ਕੁਲ ਦਾ ਹਾਂ। ਦੱਸ, ਹੇ ਪੰਡਿਤ
ਇਸ ਵਿਸ਼ੇ ਤੇ ਗੁਰਮਤਿ ਵਿਚਾਰਧਾਰਾ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਣ ਲਈ
ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਸਬੰਧਤ ਇੱਕ ਸਾਖੀ ਨੂੰ ਵਿਚਾਰ ਲੈਣਾ ਠੀਕ ਹੋਵੇਗਾ। ਸੰਸਾਰ ਨੂੰ
ਤਾਰਦੇ ਹੋਏ ਸਤਿਗੁਰੂ ਬਨਾਰਸ ਦੇ ਕੋਲ ਪਹੁੰਚੇ ਹਨ, ਸਾਮ੍ਹਣੇ ਵੇਖਦੇ ਹਨ ਕਿ ਇੱਕ ਬ੍ਰਾਹਮਣ ਭੋਜਨ
ਤਿਆਰ ਕਰਨ ਵਾਸਤੇ ਆਪਣਾ ਚੌਂਕਾ ਤਿਆਰ ਕਰ ਰਿਹਾ ਹੈ। ਉਸਨੇ ਚੌੰਕੇ ਤੇ ਗੋਬਰ ਦਾ ਪੋਚਾ ਮਾਰਿਆ, ਫਿਰ
ਚੁਲੀ ਵਿੱਚ ਪਾਣੀ ਲੈਕੇ ਉਸ ਦੇ ਦੁਆਲੇ ਕਾਰ (ਲੀਕ) ਕੱਢੀ ਤੇ ਫੇਰ ਚੁੱਲ੍ਹੇ ਵਿੱਚ ਅੱਗ ਮਘਾਈ।
ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਕਿਹਾ, "ਮਰਦਾਨਿਆਂ ਭੋਜਨ ਛੱਕਣ ਦਾ ਸਮਾਂ ਹੋ ਗਿਆ
ਹੈ, ਤੂੰ ਵੀ ਪ੍ਰਸ਼ਾਦਾ ਤਿਆਰ ਕਰ ਲੈ"।
ਮਰਦਾਨਾ ਜੀ ਨੇ ਸੱਤ ਬਚਨ ਕਹਿੰਦੇ ਹੋਏ ਪੁੱਛਿਆ, "ਪਰ ਅੱਗ ਕਿਥੋਂ ਲਿਆਵਾਂ?
"
ਉਸ ਸਮੇਂ ਅੱਗ ਬਾਲਣ ਲਈ ਮਾਚਿਸ ਜਾਂ ਲਾਈਟਰ ਆਦਿ ਨਹੀਂ ਸਨ ਹੁੰਦੇ। ਰਸੋਈ
ਬਨਾਉਣ ਤੋਂ ਬਾਅਦ ਵੀ ਕੁੱਝ ਲੱਕੜ ਆਦਿ ਸੁਲਗਦੀ ਰੱਖੀ ਜਾਂਦੀ ਸੀ ਅਤੇ ਜਦੋਂ ਦੁਬਾਰਾ ਲੋੜ ਹੋਵੇ
ਉਨ੍ਹਾਂ ਕੋਲਿਆਂ ਤੋਂ ਮੱਘਾ ਲਈ ਜਾਂਦੀ ਸੀ।
ਸਤਿਗੁਰੂ ਨੇ ਬ੍ਰਾਹਮਣ ਦੇ ਚੌਕੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ, "ਜਾ! ਪੰਡਤ
ਕੋਲੋਂ ਦੋ ਕੋਲੇ ਮੰਗ ਲਿਆ"।
ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦਾ ਇਸ਼ਾਰਾ ਸਮਝਦੇ ਹੋਏ ਝੱਟ ਹੀ
ਬ੍ਰਾਹਮਣ ਦੇ ਚੌਕੇ ਉਤੇ ਜਾ ਚੜ੍ਹੇ ਅਤੇ ਦੋ ਕੋਲਿਆਂ ਦੀ ਮੰਗ ਕੀਤੀ। ਬ੍ਰਾਹਮਣ ਨੇ ਘੁੰਮ ਕੇ ਵੇਖਿਆ
ਕਿ ਇੱਕ ਛੋਟੀ ਜ਼ਾਤ ਦੇ ਡੂੰਮ (ਮਿਰਾਸੀ) ਨੇ ਉਸ ਦਾ ਚੌਕਾ ਅਪਵਿੱਤਰ ਕਰ ਦਿੱਤਾ ਹੈ ਤਾਂ ਗੁੱਸੇ ਨਾਲ
ਅੱਗ ਬਬੂਲਾ ਹੋ ਗਿਆ ਅਤੇ ਬਲਦੀ ਅੱਗ ਦੀ ਚੁਆਤੀ ਚੁੱਕ ਕੇ ਮਰਦਾਨਾ ਜੀ ਦੇ ਮਗਰ ਦੌੜਿਆ। ਅੱਗੇ
ਮਰਦਾਨਾ ਜੀ ਪਿੱਛੇ ਬ੍ਰਾਹਮਣ, ਦੋਵੇਂ ਦੌੜਦੇ ਹੋਏ ਗੁਰੂ ਨਾਨਕ ਸਾਹਿਬ ਕੋਲ ਪਹੁੰਚੇ। ਗੁਰੂ ਨਾਨਕ
ਸਾਹਿਬ ਨੇ ਮੁਸਕੁਰਾਉਂਦੇ ਹੋਏ ਬ੍ਰਾਹਮਣ ਨੂੰ ਕਿਹਾ, "ਪੰਡਿਤ ਜੀ ਤੁਸੀਂ ਆਪ ਕਿਉਂ ਖੇਚਲ ਕੀਤੀ,
ਅਸੀਂ ਤਾਂ ਬੰਦਾ ਭੇਜਿਆ ਸੀ। ਨਾਲੇ ਅਸੀਂ ਤਾਂ ਦੋ ਅੰਗਾਰੇ ਹੀ ਮੰਗੇ ਸਨ, ਤੁਸੀਂ ਪੂਰੀ ਚੁਆਤੀ ਹੀ
ਲੈ ਆਏ ਹੋ? "
ਪਹਿਲਾਂ ਹੀ ਗੁੱਸੇ ਨਾਲ ਤਪਿਆ ਹੋਇਆ ਬ੍ਰਾਹਮਣ ਹੋਰ ਵੀ ਲਾਲ-ਪੀਲਾ ਹੁੰਦਾ
ਹੋਇਆ ਬੋਲਿਆ, "ਤੁਸੀਂ ਆਪ ਤਾਂ ਸ਼ੂਦਰਾਂ ਨਾਲ ਮੇਲਜੋਲ ਰਖ ਕੇ ਆਪਣਾ ਜੀਵਨ ਅਪਵਿੱਤਰ ਕੀਤਾ ਹੋਇਆ
ਹੈ, ਹੁਣ ਤੁਹਾਡੇ ਇਸ ਸਾਥੀ ਨੇ ਆਕੇ ਮੇਰਾ ਚੌਕਾ ਵੀ ਭਿੱਟ ਦਿੱਤਾ ਹੈ"।
ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਬ੍ਰਾਹਮਣ ਨੂੰ ਸਮਝਾਉਣ ਵਾਸਤੇ ਇਹ ਸ਼ਬਦ
ਉਚਾਰਨ ਕੀਤਾ:
ਸਲੋਕ ਮ: ੧।। ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰਨਿੰਦਾ ਘਟ ਚੂਹੜੀ ਮੁਠੀ
ਕ੍ਰੋਧਿ ਚੰਡਾਲਿ।।
ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ।। ਸਚੁ ਸੰਜਮੁ ਕਰਣੀ ਕਾਰਾਂ
ਨਾਵਣੁ ਨਾਉ ਜਪੇਹੀ।। ਨਾਨਕ ਅਗੈ ਊਤਮ ਸੇਈ ਜਿ ਪਾਪਾ ਪੰਦਿ ਨ ਦੇਹੀ।। ੧।। {ਪੰਨਾ ੯੧}
ਭੈੜੀ ਮਤ (ਮਨੁੱਖ ਦੇ ਅੰਦਰ ਦੀ) ਮਿਰਾਸਣ ਹੈ, ਬੇ-ਤਰਸੀ ਕਸਾਇਣ ਹੈ, ਪਰਾਈ
ਨਿੰਦਿਆ ਅੰਦਰ ਦੀ ਚੂਹੜੀ ਹੈ, ਤੇ ਕ੍ਰੋਧ ਚੰਡਾਲਣੀ (ਹੈ ਜਿਸ) ਨੇ (ਜੀਵ ਦੇ ਸ਼ਾਂਤ ਸੁਭਾਉ ਨੂੰ)
ਠੱਗ ਰੱਖਿਆ ਹੈ। ਜੇ ਇਹ ਚਾਰੇ ਅੰਦਰ ਹੀ ਬੈਠੀਆਂ ਹੋਣ, ਤਾਂ (ਬਾਹਰ ਚੌਂਕਾ ਸੁੱਚਾ ਰੱਖਣ ਲਈ)
ਲਕੀਰਾਂ ਕੱਢਣ ਦਾ ਕੀਹ ਲਾਭ? ਹੇ ਨਾਨਕ! ਜੋ ਮਨੁੱਖ ‘ਸੱਚ` ਨੂੰ (ਚੌਂਕਾ ਸੁੱਚਾ ਕਰਨ ਦੀ) ਜੁਗਤਿ
ਬਣਾਂਦੇ ਹਨ, ਉੱਚੇ ਆਚਰਨ ਨੂੰ (ਚੌਂਕੇ ਦੀਆਂ) ਲਕੀਰਾਂ ਬਣਾਂਦੇ ਹਨ, ਜੋ ਨਾਮ ਜਪਦੇ ਹਨ ਤੇ ਇਸ ਨੂੰ
(ਤੀਰਥ) ਇਸ਼ਨਾਨ ਸਮਝਦੇ ਹਨ, ਜੋ ਹੋਰਨਾਂ ਨੂੰ ਭੀ ਪਾਪਾਂ ਵਾਲੀ ਸਿੱਖਿਆ ਨਹੀਂ ਦੇਂਦੇ, ਉਹ ਮਨੁੱਖ
ਪ੍ਰਭੂ ਦੀ ਹਜ਼ੂਰੀ ਵਿੱਚ ਚੰਗੇ ਗਿਣੇ ਜਾਂਦੇ ਹਨ। ੧।
ਸਤਿਗੁਰੂ ਨੇ ਸਮਝਾਇਆ ਕਿ ਹੇ ਪੰਡਤ! ਤੂੰ ਸਮਾਜ ਦੇ ਇੱਕ ਹਿੱਸੇ ਨਾਲ ਸਬੰਧਤ
ਲੋਕਾਂ ਨੂੰ ਨੀਚ ਆਖਦਾ ਹੈ ਪਰ ਨੀਚ ਕੋਈ ਵਿਅਕਤੀ ਨਹੀਂ ਹੁੰਦਾ, ਬਲਕਿ ਨੀਚ ਤਾਂ ਉਹ ਨਫਰਤ ਅਤੇ
ਵਿਤਕਰੇ ਭਰੀ ਵਿਕਾਰੀ ਸੋਚ ਹੈ, ਜੋ ਤੁਹਾਡੀ ਮਾਨਸਿਕਤਾ ਉਤੇ ਕਾਬਜ਼ ਹੋਈ ਬੈਠੀ ਹੈ।
ਇਤਨਾ ਸਪਸ਼ਟ ਸਿਧਾਂਤ ਹੋਣ ਦੇ ਬਾਵਜੂਦ, ਅਸੀਂ ਜਾਤ-ਪਾਤ ਅਤੇ ਊਚ-ਨੀਚ ਦੇ ਇਸ
ਕੈਂਸਰ ਨੂੰ ਮੁੜ ਆਪਣੀ ਕੌਮ ਅੰਦਰ ਵਾੜ ਲਿਆ ਹੈ। ਜਿਨ੍ਹਾਂ ਸਮਾਜ ਦੇ ਲਿਤਾੜੇ ਹੋਏ ਵੀਰਾਂ ਨੂੰ
ਗੁਰੂ ਨਾਨਕ ਪਾਤਿਸ਼ਾਹ ਨੇ ਆਪਣੇ ਸੀਨੇ ਨਾਲ ਲਾ ਕੇ ਸਮਾਜ ਵਿੱਚ ਬਰਾਬਰੀ ਬਖਸ਼ੀ ਸੀ, ਉਨ੍ਹਾਂ ਨੂੰ
ਮਜ਼੍ਹਬੀ, ਦਲਿਤ ਅਤੇ ਹੋਰ ਪਤਾ ਨਹੀਂ ਕੀ ਕੀ ਕਹਿ ਕੇ ਤ੍ਰਿਸਕਾਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ
ਦੇ ਗੁਰਦੁਆਰੇ ਅੱਲਗ ਬਣ ਰਹੇ ਹਨ, ਆਪਣੇ ਆਪ ਨੂੰ ਉੱਚੀ ਜਾਤ ਦਾ ਸਮਝਣ ਵਾਲੇ ਕਈ ਮੂਰਖ ਸਿੱਖ
ਉਨ੍ਹਾਂ ਗੁਰਦੁਆਰਿਆਂ ਵਿਚੋਂ ਪ੍ਰਸ਼ਾਦ ਨਹੀਂ ਲੈਂਦੇ, ਲੰਗਰ ਨਹੀਂ ਛਕਦੇ। ਸੁਆਰਥੀ ਲੋਕ ਤਾਂ ਲੋਕਾਈ
ਦੀ ਅਗਿਆਨਤਾ ਦਾ ਫਾਇਦਾ ਚੁੱਕਣ ਲਈ ਮੌਕੇ ਦੀ ਭਾਲ ਵਿੱਚ ਹੀ ਰਹਿੰਦੇ ਹਨ। ਕੁੱਝ ਵੱਡੇ ਪਖੰਡੀ
ਅਖੌਤੀ ਸੰਤ, ਮਹਾਪੁਰਖ ਬਣਨ ਲਈ ਅਤੇ ਕੁੱਝ ਗੁਰਦੁਆਰਿਆਂ ਦੇ ਪ੍ਰਧਾਨ ਬਣਨ ਲਈ ਫੌਰੀ ਤੌਰ ਆਪਣੇ
ਡੇਰੇ ਜਾਂ ਅਲੱਗ ਗੁਰਦੁਆਰੇ ਅਤੇ ਸੰਸਥਾਵਾਂ ਬਣਾਉਣ ਲੱਗ ਪੈਂਦੇ ਹਨ। ਅੱਗੇ ਵੀ ਜਾਤ-ਪਾਤ ਵਿੱਚ
ਗਲਤਾਣ ਸਮਾਜ, ਆਪਣੀ ਕੌਮੀਅਤ ਜਾਂ ਭਾਈਚਾਰੇ ਦੇ ਨਾਂਅ ਤੇ ਉਨ੍ਹਾਂ ਦੇ ਮਗਰ ਲਗ ਤੁਰਦਾ ਹੈ। ਬਗੈਰ
ਇਹ ਸੋਚੇ, ਸਮਝੇ ਕਿ ਸਤਿਗੁਰੂ ਨੇ ਤਾਂ ਵੱਡਾ ਉਪਕਾਰ ਕਰ ਕੇ ਸਾਡੀ ਸਭ ਦੀ ਇੱਕ ਸਾਂਝੀ ਕੌਮ ਖਾਲਸਾ
ਪੰਥ ਬਣਾ ਦਿੱਤੀ ਹੈ ਅਤੇ ਅਲੱਗ ਕੌਮ ਦੇ ਨਾਂਅ ਤੇ ਬਣਨ ਵਾਲੀ ਹਰ ਸੰਸਥਾ, ਡੇਰਾ ਜਾਂ ਗੁਰਦੁਆਰਾ
ਸਾਡੀ ਸਭ ਦੀ ਸਾਂਝੀ ਕੌਮ ਖਾਲਸਾ ਪੰਥ ਨੂੰ ਕਮਜ਼ੋਰ ਕਰਦਾ ਹੈ। ਇਥੇ ਇਹ ਦਸਣਾ ਵੀ ਜਾਇਜ਼ ਹੋਵੇਗਾ ਕਿ
ਬ੍ਰਾਹਮਣ ਦੀ ਇਸ ਸਮਾਜ ਵਿੱਚ ਵੰਡੀਆਂ ਪਾਉਣ ਵਾਲੀ ਵਰਣਵੰਡ ਵਿਵਸਥਾ ਨੇ ਹੀ ਦੇਸ਼ ਨੂੰ ਤਕਰੀਬਨ ੮੦੦
ਸਾਲ ਦੀ ਗੁਲਾਮੀ ਵੱਲ ਧਕ ਦਿੱਤਾ ਸੀ, ਅਤੇ ਸਤਿਗੁਰੂ ਨੇ ਇਸ ਵਰਣਵੰਡ ਨੂੰ ਖਤਮ ਕਰਕੇ ਸਾਂਝੀ ਖਾਲਸਾ
ਕੌਮ ਤਿਆਰ ਕਰ ਕੇ ਗੁਲਾਮੀ ਦੀਆਂ ਜੰਜੀਰਾਂ ਨੂੰ ਕੱਟਿਆ। ਅੱਜ ਸਾਨੂੰ ਸਭ ਨੂੰ ਇਹ ਸਮਝਣ ਦੀ ਲੋੜ ਹੈ
ਕਿ ਬ੍ਰਾਹਮਣਵਾਦ ਰੂਪੀ ਅਜਗਰ ਦਾ ਮੁਕਾਬਲਾ ਇਕੱਠੇ ਹੋ ਕੇ, ਵੱਡੀ ਤਾਕਤ ਬਣਾਕੇ ਹੀ ਕੀਤਾ ਜਾ ਸਕਦਾ
ਹੈ। ਜੇ ਅਲੱਗ ਅਲੱਗ ਕੌਮਾਂ ਜਾਂ ਊਚ-ਨੀਚ ਦੇ ਭਰਮ ਵਿੱਚ ਖਾਲਸਾ ਪੰਥ ਵਿੱਚ ਪਾੜ ਪੈ ਗਿਆ ਤਾਂ ਇਹ
ਬ੍ਰਾਹਮਣਵਾਦੀ ਅਜਗਰ ਸਿੱਖ ਕੌਮ ਨੂੰ ਆਪਣੇ ਕਲਾਵੇ ਚ ਲੈਕੇ ਇਸ ਨੂੰ ਪੂਰੀ ਤਰ੍ਹਾਂ ਨਿਗਲ ਜਾਣ ਲਈ
ਤੱਤਪਰ ਹੈ। ਇਸ ਦਾ ਸਭ ਤੋਂ ਮਾੜਾ ਪ੍ਰਭਾਵ ਉਨ੍ਹਾਂ ਭਾਈਚਾਰਿਆਂ ਤੇ ਪਵੇਗਾ ਜੋ ਬ੍ਰਾਹਮਣ ਦੀਆਂ
ਗਰਦਾਨੀਆਂ ਛੋਟੀਆਂ ਜਾਤਾਂ ਵਿਚੋਂ ਆਏ ਹਨ, ਕਿਉਂਕਿ ਉਹ ਮੁੜ ਤੋਂ ਬ੍ਰਾਹਮਣ ਦੀ ਉਸੇ ਮਾਨਸਿਕ
ਗੁਲਾਮੀ ਵਿੱਚ ਚਲੇ ਜਾਣਗੇ, ਜਿਨ੍ਹਾਂ `ਚੋਂ ਸਤਿਗੁਰੂ ਨੇ ਉਨ੍ਹਾਂ ਨੂੰ ਸਦੀਆਂ ਦੀ ਕੋਸ਼ਿਸ਼ ਤੋਂ
ਬਾਅਦ ਕਢਿਆ ਹੈ। ਅੱਜ ਇਨ੍ਹਾਂ ਡੇਰਿਆਂ ਵਿੱਚ ਜਾਣ ਵਾਲੇ ਬਹੁਤੇ ਉਹੀ ਪੀੜਤ ਲੋਕ ਹਨ। ਬਲਕਿ ਮੈਨੂੰ
ਤਾਂ ਇਹ ਕਹਿਣ ਵਿੱਚ ਵੀ ਗੁਰੇਜ ਨਹੀਂ ਕਿ ਅਸੀਂ ਉਨ੍ਹਾਂ ਕੋਲੋ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖੀ
ਖੋਹ ਕੇ ਉਨ੍ਹਾਂ ਨੂੰ ਇਨ੍ਹਾਂ ਬਾਬਿਆਂ ਦੇ ਸਿੱਖ ਬਣਨ ਲਈ ਮਜਬੂਰ ਕਰ ਰਹੇ ਹਾਂ। ਇੱਕ ਅੰਦਾਜ਼ੇ
ਮੁਤਾਬਿਕ, ਸਭ ਤੋਂ ਵੱਡੇ ਪੰਥ ਦੋਖੀ ਡੇਰੇਦਾਰ ਗੁਰਮੀਤ ਰਾਮ ਰਹੀਮ, ਪਿਆਰਾ ਭਨਿਆਰਾ, ਨਕਲੀ
ਨਿੰਰਕਾਰੀ, ਡੇਰਾ ਬਿਆਸ ਅਤੇ ਪਖੰਡੀ ਆਸ਼ੂਤੋਸ਼ ਦੇ ਡੇਰਿਆਂ ਤੇ ਜਾਣ ਵਾਲੇ ੭੫-੮੦ % ਲੋਕ ਉਹ ਹਨ,
ਜਿਨ੍ਹਾਂ ਨੂੰ ਗੁਰੂ ਨਾਨਕ ਪਾਤਿਸ਼ਾਹ ਨੇ ਬਰਾਬਰੀ ਬਖਸ਼ੀ ਸੀ, ਪਰ ਅਸੀਂ ਗੁਰੂ ਨਾਨਕ ਦੇ ਸਿੱਖ ਕਹਾਉਣ
ਵਾਲਿਆਂ ਨੇ ਮੁੱੜ ਇਨ੍ਹਾਂ ਨੂੰ ਅਖੌਤੀ ਦਲਿਤ ਜਾਂ ਮਜਬੀ ਸਿੱਖ ਆਦਿ ਬਣਾ ਦਿਤਾ ਹੈ। ਇਨ੍ਹਾਂ ਹਾਲਾਤ
ਨੂੰ ਵੇਖ ਕੇ ਕਈ ਇਨ੍ਹਾਂ ਵਿਚੋਂ ਹੀ ਪਖੰਡੀ ਬਾਬੇ ਬਣ ਗਏ ਹਨ, ਅਤੇ ਉਨ੍ਹਾਂ ਦੀ ਜ਼ਾਤ-ਬਿਰਾਦਰੀ
ਵਾਲੇ ਵੱਡੀ ਗਿਣਤੀ ਵਿੱਚ ਉਥੇ ਜਾਂਦੇ ਹਨ ਕਿ ਇਹ ਸਾਡੀ ਕੌਮ ਦਾ ਡੇਰਾ ਹੈ। ਨਤੀਜਾ ਇਹ ਹੁੰਦਾ ਹੈ
ਕਿ ਹੌਲੀ ਹੌਲੀ ਉਹ ਸਿੱਖ ਕੌਮ ਤੋਂ ਦੂਰ ਹੋਈ ਜਾਂਦੇ ਹਨ ਅਤੇ ਉਸ ਡੇਰੇ ਬਲਕਿ ਡੇਰੇਦਾਰ ਦੇ ਸਿੱਖ
ਵਧੇਰੇ ਬਣ ਜਾਂਦੇ ਹਨ।
ਪ੍ਰਮਾਣ ਦੇ ਰੂਪ ਵਿੱਚ ਡੇਰਾ ਬੱਲਾਂ ਦੀ ਗੱਲ ਕਰਨੀ ਚਾਹਾਂਗਾ। ਇਹ ਡੇਰਾ ਵੀ
ਰਵਿਦਾਸੀ ਭਾਈਚਾਰੇ ਦੀ ਭਲਾਈ ਦੇ ਨਾਂਅ ਤੇ ਹੋਂਦ ਵਿੱਚ ਆਇਆ। ਇਹ ਡੇਰਾ ਪਿੰਡ ਗਿੱਲ ਪੱਟੀ ਜ਼ਿਲਾ
ਬਠਿੰਡਾ ਦੇ ਹਰਨਾਮ ਦਾਸ ਵਲੋਂ ਜਲੰਧਰ ਨੇੜੇ ਪਿੰਡ ਬੱਲਾਂ ਵਿੱਚ ਸ਼ੁਰੂ ਕੀਤਾ ਗਿਆ। ਹਰਨਾਮ ਦਾਸ ਨੇ
ਆਪਣਾ ਅਖੌਤੀ ਸੰਤ ਬਣਨ ਦਾ ਸਫਰ ਇੱਕ ਪਿੱਪਲ ਦੇ ਦਰਖਤ ਦੀ ਪੂਜਾ ਨਾਲ ਸ਼ੁਰੂ ਕੀਤਾ ਸੀ, ਇਸ ਲਈ ਇਹ
ਪਿੱਪਲ ਦਾਸ ਦੇ ਨਾਂਅ ਨਾਲ ਹੀ ਮਸ਼ਹੂਰ ਹੋ ਗਿਆ। ਜਿਵੇਂ ਹਰ ਡੇਰੇ ਨਾਲ ਹੁੰਦਾ ਹੈ ਕਿ ਇਸ ਦੇ ਪਹਿਲੇ
ਡੇਰੇਦਾਰਾਂ ਨਾਲ ਕਈ ਕਰਾਮਾਤੀ ਕਹਾਣੀਆਂ ਜੋੜ ਦਿੱਤੀਆਂ ਜਾਂਦੀਆਂ ਹਨ, ਅਤੇ ਉਸ ਦੇ ਵਾਰਸ ਕਹਾਉਣ
ਵਾਲੇ ਉਨ੍ਹਾਂ ਕਰਾਮਾਤੀ ਕਹਾਣੀਆਂ ਦੇ ਸਿਰ ਤੇ ਆਪਣੀਆਂ ਗੱਦੀਆਂ (ਦੁਕਾਨਦਾਰੀਆਂ) ਨੂੰ ਅੱਗੇ
ਵਧਾਉਂਦੇ ਹਨ, ਇਸ ਹਰਨਾਮ ਦਾਸ ਉਰਫ ਪਿਪਲ ਦਾਸ ਦੇ ਨਾਂਅ ਨਾਲ ਵੀ ਕਈ ਕਰਾਮਾਤੀ ਕਹਾਣੀਆਂ ਜੋੜ
ਦਿੱਤੀਆਂ ਗਈਆਂ। ਇਸ ਦੇ ਪੁੱਤਰ ਸਰਵਨ ਦਾਸ ਜੋ ਇਸ ਦੀ ਮੌਤ ਤੋਂ ਬਾਅਦ ਇਸ ਦੀ ਗੱਦੀ ਦਾ ਵਾਰਸ
ਡੇਰੇਦਾਰ ਬਣਿਆ ਨੇ ਇਹ ਮਹਿਸੂਸ ਕੀਤਾ ਕਿ ਭਗਤ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ
ਹੋਣ ਕਾਰਨ ਅਤੇ ਸਿੱਖ ਕੌਮ ਦੇ ਸਿਧਾਂਤਾਂ ਵਿੱਚ ਊਚ–ਨੀਚ, ਜਾਤ ਪਾਤ ਦਾ ਪੂਰਨ ਖੰਡਨ ਹੋਣ ਅਤੇ
ਮਨੁੱਖੀ ਭਾਈਚਾਰੇ ਅਤੇ ਬਰਾਬਰੀ ਦੀ ਅਮੋਲਕ ਵਿਚਾਰਧਾਰਾ ਹੋਣ ਕਾਰਨ ਪੰਜਾਬ ਅਤੇ ਇਸਦੇ ਨੇੜਲੇ
ਇਲਾਕਿਆਂ ਵਿਚਲੇ ਇਸ ਭਾਈਚਾਰੇ ਦੇ ਬਹੁਤੇ ਲੋਕ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਸਤਿਕਾਰ ਕਰਦੇ ਹਨ
ਅਤੇ ਉਨ੍ਹਾਂ ਵਿਚੋਂ ਬਹੁਤੇ ਸਿੱਖੀ ਅਪਨਾ ਚੁੱਕੇ ਹਨ। ਉਨ੍ਹਾਂ ਨੂੰ ਪ੍ਰਭਾਵਤ ਕਰਨ ਅਤੇ ਆਪਣੇ ਨਾਲ
ਜੋੜਨ ਲਈ ਇਸ ਨੇ ਆਪਣੇ ਡੇਰੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਸ਼ੁਰੂ ਕਰ ਦਿੱਤਾ।
ਪਹਿਲੇ ਪਹਿਲ ਤਾਂ ਸਭ ਕੁੱਝ ਠੀਕ ਰਿਹਾ ਪਰ ਜਿਵੇਂ ਹੋਰ ਵੀ ਬਹੁਤੇ ਡੇਰਿਆਂ
ਜਿਵੇਂ ਕਿ ਨਕਲੀ ਨਿਰੰਕਾਰੀ, ਡੇਰਾ ਬਿਆਸ, ਪਿਆਰਾ ਭਨਿਆਰਾ ਅਤੇ ਅਖੌਤੀ ਸੱਚਾ ਸੌਦਾ ਸਿਰਸਾ ਆਦਿ
ਵਿੱਚ ਹੋਇਆ ਹੈ ਕਿ ਜਦੋਂ ਇਨ੍ਹਾਂ ਦੀਆਂ ਆਪਣੀਆਂ ਗੱਦੀਆਂ ਸਥਾਪਤ ਹੋ ਜਾਂਦੀਆਂ ਹਨ ਤਾਂ ਉਹ ਆਪਣੇ
ਆਪ ਨੂੰ ਗੁਰੂ ਕਹਾਉਣ ਲੱਗ ਪੈਂਦੇ ਹਨ, ਆਪ ਸਿੰਘਾਸਨ ਲਾ ਕੇ ਬੈਠਣਾ ਸ਼ੁਰੂ ਕਰ ਦੇਂਦੇ ਹਨ ਅਤੇ ਗੁਰੂ
ਗ੍ਰੰਥ ਸਾਹਿਬ ਨੂੰ ਇੱਕ ਕਿਤਾਬ ਵਾਂਗ ਵਰਤਣਾ ਸ਼ੁਰੂ ਕਰ ਦੇਂਦੇ ਹਨ। ਜਦੋਂ ਸਿੱਖਾਂ ਵਿੱਚ ਇਸ ਗਲਤ
ਵਰਤਾਰੇ ਪ੍ਰਤੀ ਰੋਸ ਜਾਗਦਾ ਹੈ, ਜੋ ਕਿ ਕਈ ਵਾਰੀ ਖੂਨੀ ਟਕਰਾਅ ਦੇ ਹਾਲਾਤ ਤੱਕ ਵੀ ਪਹੁੰਚ ਜਾਂਦਾ
ਹੈ ਤਾਂ ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਥੋਂ ਚੁੱਕ ਦੇਂਦੇ ਹਨ। ਇਸ ਨਾਲ ਉਨ੍ਹਾਂ ਨੂੰ ਕੋਈ
ਖਾਸ ਫਰਕ ਨਹੀਂ ਪੈਂਦਾ ਕਿਉਂਕਿ ਉਹ ਪਹਿਲੇ ਹੀ ਆਪਣੇ ਸ਼ਰਧਾਲੂਆਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ
ਤੋੜ ਕੇ ਆਪਣੇ ਨਿਜ ਨਾਲ ਜੋੜ ਚੁੱਕੇ ਹੁੰਦੇ ਹਨ। ਜਦੋਂ ਇਸ ਡੇਰੇ ਬਲਾਂ ਦੇ ਡੇਰੇਦਾਰਾਂ ਨੇ ਵੀ
ਆਪਣੇ ਸ਼ਰਧਾਲੂਆਂ ਵਿੱਚ ਮਾਨਤਾ ਪ੍ਰਾਪਤ ਕਰ ਲਈ ਤਾਂ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਅਤੇ
ਮਰਯਾਦਾ ਨੂੰ ਭੁਲਾਕੇ ਸਤਿਗੁਰੂ ਦੇ ਸਾਹਮਣੇ ਹੀ ਅਪਣੀਆਂ ਗੱਦੀਆਂ ਲਾਉਣੀਆਂ ਸ਼ੁਰੁ ਕਰ ਦਿੱਤੀਆਂ। ਇਸ
ਨਾਲ ਸਿੱਖਾਂ ਅੰਦਰ ਇੱਕ ਸੁਭਾਵਕ ਗੁੱਸੇ ਦੀ ਲਹਿਰ ਫੈਲ ਗਈ। ਇਥੇ ਇਹ ਦਸ ਦੇਣਾ ਵੀ ਯੋਗ ਹੋਵੇਗਾ ਕਿ
ਇਨ੍ਹਾਂ ਦੇ ਡੇਰੇਦਾਰ ਭਾਵੇਂ ਕੇਸ ਦਾੜ੍ਹੀ ਸਿੱਖਾਂ ਵਾਂਗ ਰਖਦੇ ਹਨ ਅਤੇ ਸਿਰ ਤੇ ਪੱਗ ਵੀ ਬੰਨਦੇ
ਹਨ, ਪਰ ਉਨ੍ਹਾਂ ਸਿੱਖੀ ਕਦੇ ਧਾਰਨ ਨਹੀਂ ਕੀਤੀ। ਇਨ੍ਹਾਂ ਵਿਚੋਂ ਕਿਸੇ ਨੇ ਵੀ ਜਾਤ-ਪਾਤ, ਊਚ-ਨੀਚ,
ਕਰਮਕਾਂਡ ਦਾ ਭਰਮਜਾਲ ਤੋੜਣ ਵਾਲੀ, ਸਿੱਖੀ ਵਿੱਚ ਦਾਖਲੇ ਦੀ ਪ੍ਰਤੀਕ ਖੰਡੇ ਦੀ ਪਾਹੁਲ ਨਹੀਂ ਛਕੀ,
ਇਥੋਂ ਤੱਕ ਕਿ ਆਪਣੇ ਨਾਂਅ ਨਾਲ ਸਿੰਘ ਸ਼ਬਦ ਦੀ ਵਰਤੋਂ ਵੀ ਨਹੀਂ ਕਰਦੇ। ਉਂਝ ਵੀ ਗੁਰੂ ਗ੍ਰੰਥ
ਸਾਹਿਬ ਦੀ ਬਾਣੀ ਅਨੁਸਾਰ ਪ੍ਰਚਾਰ ਕਰਨ ਦੀ ਬਜਾਏ, ਆਪਣੇ ਪੇਰੋਕਾਰਾਂ ਨੂੰ ਆਪਣਾ ਹੀ ਕੋਈ ਨਾਮਦਾਨ
ਦੇਂਦੇ ਹਨ। ਗੁਰੂ ਮਰਯਾਦਾ ਨੂੰ ਪ੍ਰਣਾਏ ਸਿੱਖਾਂ ਨੇ ਕਈ ਵਾਰੀ ਇਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼
ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਅਤੇ ਮਰਯਾਦਾ ਦਾ ਪੂਰਾ ਖਿਆਲ ਰਖਿਆ ਜਾਵੇ ਪਰ ਉਸ ਦਾ
ਕੋਈ ਅਸਰ ਨਾ ਹੋਇਆ।
੨੪ ਮਈ ੨੦੦੯ ਵਾਲੇ ਦਿਨ ਆਸਟਰੀਆ ਦੇਸ਼ ਦੀ ਰਾਜਧਾਨੀ ਵੀਆਨਾ ਵਿਚਲੇ, ਇਨ੍ਹਾਂ
ਦੇ ਇੱਕ ਡੇਰੇ ਵਿਚ, ਜਿਥੇ ਇਨ੍ਹਾਂ ਦੇ ਡੇਰੇਦਾਰ ਨਿਰੰਜਨ ਦਾਸ ਅਤੇ ਰਾਮਾਨੰਦ ਗੁਰੂ ਗ੍ਰੰਥ ਸਾਹਿਬ
ਦੀ ਹਜ਼ੂਰੀ ਵਿੱਚ ਗੱਦੀ ਲਾਕੇ ਬੈਠੇ ਹੋਏ ਸਨ, ਕੋਲ ਕੁੱਝ ਵਚਨਬੱਧ ਸਿੱਖ ਆਪਣਾ ਰੋਸ ਪ੍ਰਗੱਟ ਕਰਨ
ਅਤੇ ਸਮਝਾਉਣ ਵਾਸਤੇ ਗਏ। ਇਹ ਗੱਲ-ਬਾਤ ਗਿਆਨ ਚਰਚਾ ਬਣਨ ਦੀ ਬਜਾਏ ਬਹਿਸ ਦਾ ਰੂਪ ਧਾਰਨ ਕਰ ਗਈ ਅਤੇ
ਤਲਖੀ ਬਹੁਤ ਵਧ ਗਈ। ਨਤੀਜਾ ਇਹ ਹੋਇਆ ਕਿ ਡੇਰੇ ਦੇ ਸੇਵਾਦਾਰਾਂ ਅਤੇ ਪੈਰੋਕਾਰਾਂ ਵਲੋਂ, ਉਨ੍ਹਾਂ
ਸਿੱਖ ਨੌਜੁਆਨਾਂ ਤੇ ਹਮਲਾ ਕਰ ਦਿੱਤਾ ਗਿਆ ਅਤੇ ਬਹੁਤ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਗਈ ਇਥੋਂ ਤੱਕ
ਕਿ ਇੱਕ ਨੌਜੁਆਨ ਨੂੰ ਉਬਲਦੇ ਹੋਏ ਦਾਲ ਦੇ ਕੜਾਹੇ ਵਿੱਚ ਸੁਟ ਦਿੱਤਾ ਗਿਆ। ਸਿੱਖ ਨੌਜੁਆਨ ਗਿਣਤੀ
ਵਿੱਚ ਬਹੁਤ ਥੋੜ੍ਹੇ ਸਨ ਅਤੇ ਡੇਰਾ ਸਮਰਥਕਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਕੋਈ ਵਾਹ ਨਾ ਜਾਂਦੀ
ਵੇਖਕੇ ਉਨ੍ਹਾਂ ਨੌਜੁਆਨਾ ਵਲੋਂ ਆਪਣੀ ਸਵੈਰਖਿਆ ਵਾਸਤੇ ਗੋਲੀ ਚਲਾ ਦਿੱਤੀ ਗਈ, ਜਿਸ ਦੇ ਨਤੀਜੇ
ਵਜੋਂ ਹਰਨਾਮ ਦਾਸ ਜ਼ਖਮੀਂ ਹੋ ਗਿਆ ਅਤੇ ਰਾਮਾਨੰਦ ਮਾਰਿਆ ਗਿਆ।
ਭਾਵੇਂ ਮੈਂ ਧਰਮ ਦੇ ਖੇਤਰ ਵਿੱਚ ਕਿਸੇ ਕਿਸਮ ਦੀ ਹਿੰਸਾ ਨੂੰ ਜਾਇਜ਼ ਨਹੀਂ
ਸਮਝਦਾ ਅਤੇ ਕ੍ਰਿਪਾਨ ਦੀ ਬਜਾਏ ਗਿਆਨ ਖੜਗ ਨਾਲ ਹੀ ਅਜਿਹੇ ਹਾਲਾਤ ਦਾ ਮੁਕਾਬਲਾ ਕਰਨ ਨੂੰ ਸਹੀ
ਤਰੀਕਾ ਸਮਝਦਾ ਹਾਂ ਪਰ ਇਹ ਵੀ ਸੱਚਾਈ ਹੈ ਕਿ ਕਿਸੇ ਵੇਲੇ ਹਾਲਾਤ ਐਸਾ ਮੋੜ ਲੈ ਜਾਂਦੇ ਹਨ ਕਿ
ਹਥਿਆਰਾਂ ਦੀ ਵਰਤੋਂ ਮਜਬੂਰੀ ਬਣ ਜਾਂਦੀ ਹੈ। ਦੂਸਰਾ ਜਿਵੇਂ ਉਸ ਸਮੇਂ ਪ੍ਰਚਾਰਿਆ ਗਿਆ ਅਤੇ ਅੱਜ ਵੀ
ਕਿਹਾ ਜਾਂਦਾ ਹੈ, ਇਹ ਵੀ ਬਿਲਕੁਲ ਗਲਤ ਹੈ ਕਿ ਉਸ ਨੂੰ ਨਿਰਦੋਸ਼ ਮਾਰਿਆ ਗਿਆ ਜਾਂ ਕਿਸੇ ਫਿਰਕੇ ਜਾਂ
ਕੌਮ ਨਾਲ ਸਬੰਧ ਹੋਣ ਕਰਕੇ ਮਾਰਿਆ ਗਿਆ।
ਪਰ ਜਿਵੇਂ ਸਦਾ ਹੀ ਹੁੰਦਾ ਆਇਆ ਹੈ, ਸੁਅਰਥੀ ਲੋਕ ਐਸੇ ਮੌਕੇ ਦਾ ਫਾਇਦਾ
ਚੁੱਕਦੇ ਹਨ, ਇਨ੍ਹਾਂ ਦੇ ਡੇਰੇ ਵਲੋਂ ਇਸ ਨੂੰ ਸਿੱਖ ਅਤੇ ਰਵਿਦਾਸੀ ਭਾਈਚਾਰੇ ਵਿਚਕਾਰ ਲੜਾਈ ਦਾ
ਨਾਂਅ ਦੇ ਦਿੱਤਾ ਗਿਆ। ਪੰਜਾਬ ਵਿੱਚ ਰਵਿਦਾਸੀ ਭਾਈਚਾਰੇ ਦੇ ਭੋਲੇ ਨੌਜੁਆਨਾਂ ਨੇ ਖੁਲ੍ਹ ਕੇ ਖੂਨ
ਖਰਾਬਾ ਕੀਤਾ। ਸਭ ਤੋਂ ਘਟੀਆ ਰੋਲ ਅਕਾਲੀ ਦਲ ਦਾ ਰਿਹਾ। ਉਨ੍ਹਾਂ ਨੂੰ ਬਸ ਇਹ ਚਿੰਤਾ ਪੈ ਗਈ ਕਿ
ਉਨ੍ਹਾਂ ਦੇ ਵੋਟ ਬੈਂਕ ਨੂੰ ਖੋਰਾ ਲੱਗ ਜਾਵੇਗਾ, ਇਸ ਲਈ ਉਨ੍ਹਾਂ ਸੱਚਾਈ ਸੰਗਤਾਂ ਦੇ ਸਾਹਮਣੇ
ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਡੇਰੇ ਦਾ ਪੱਖ ਹੀ ਲਿਆ। ਇਥੋਂ ਤੱਕ ਕਿ ਦੰਗਾ ਫਸਾਦ ਕਰ ਰਹੇ
ਨੌਜੁਆਨਾਂ ਨੂੰ ਵੀ ਕਈ ਦਿਨ ਪੂਰੀ ਛੂਟ ਦੇ ਦਿੱਤੀ। ਹੋਰ ਤਾਂ ਹੋਰ ਅਕਾਲ ਤਖਤ ਸਾਹਿਬ ਦੇ ਅਖੌਤੀ
ਜਥੇਦਾਰ ਕੋਲੋਂ ਵੀ ਉਨ੍ਹਾਂ ਦੇ ਪੱਖ ਵਿੱਚ ਇੱਕ ਵਿਵਾਦਤ ਬਿਆਨ ਜਾਰੀ ਕਰਵਾ ਦਿੱਤਾ।
ਬੇਸ਼ਕ ਇੱਕ ਅਨਮੋਲ ਮਨੁੱਖੀ ਜੀਵਨ ਵੀ ਗਿਆ, ਬਹੁਤ ਖੂਨ ਵੀ ਡੁੱਲਿਆ ਅਤੇ
ਬਹੁਤ ਸਾਰਾ ਮਾਲੀ ਨੁਕਸਾਨ ਵੀ ਹੋਇਆ ਪਰ ਇਸ ਸਭ ਦਾ ਅਸਲ ਨੁਕਸਾਨ ਸਿੱਖ ਕੌਮ ਨੂੰ ਭਰਨਾ ਪਿਆ।
ਭਾਵੇਂ ਇਸ ਮੰਦਭਾਗੀ ਵਾਰਦਾਤ ਦੇ ਬਾਵਜੂਦ ਗੁਰੂ ਗ੍ਰੰਥ ਸਾਹਿਬ ਅਤੇ ਗੁਰਮਤਿ ਵਿਚਾਰਧਾਰਾ ਨੂੰ
ਪ੍ਰਨਾਏ ਹੋਏ, ਇਸੇ ਭਾਈਚਾਰੇ `ਚੋਂ ਆਏ ਗੁਰਸਿੱਖਾਂ ਨੂੰ ਕੋਈ ਫਰਕ ਨਹੀਂ ਪਿਆ ਪਰ ਇਸ ਡੇਰੇ ਦੇ
ਡੇਰੇਦਾਰ ਰਵਿਦਾਸੀ ਭਾਈਚਾਰੇ ਦੇ ਵੱਡੇ ਭਾਵੁਕ ਹਿੱਸੇ ਨੂੰ ਸਿੱਖੀ ਤੋਂ ਦੂਰ ਲੈ ਜਾਣ ਵਿੱਚ ਕਾਮਯਾਬ
ਹੋ ਗਏ। ਉਨ੍ਹਾਂ ਨੇ ਇਸ ਵੰਡ ਨੂੰ ਪੱਕਾ ਅਤੇ ਯਕੀਨੀ ਬਣਾਉਣ ਲਈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼
ਚੁੱਕ ਕੇ ਕੇਵਲ ਭਗਤ ਰਵਿਦਾਸ ਜੀ ਦੀ ਬਾਣੀ ਅਲੱਗ ਛਾਪ ਕੇ, ਉਸ ਦਾ ਪ੍ਰਕਾਸ਼ ਕਰ ਲਿਆ। ਜਿਵੇਂ ਕਿ
ਮੈਂ ਹੁਣੇ ਉਪਰ ਲਿਖਿਆ ਹੈ, ਜਿਹੜੇ ਕੇਸ ਰੱਖ ਕੇ, ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਕੇ,
ਪਾਹੁਲ ਛੱਕ ਕੇ ਪੂਰਨ ਰੂਪ ਵਿੱਚ ਸਿੱਖੀ ਧਾਰਨ ਕਰ ਚੁੱਕੇ ਸਨ, ਉਹ ਤਾਂ ਪਹਿਲਾਂ ਹੀ ਇਨ੍ਹਾਂ ਦੇ
ਝਾਂਸੇ ਵਿੱਚ ਨਹੀਂ ਆਏ, ਸਗੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਚੁੱਕਣ ਦੇ ਫੈਸਲੇ ਤੇ ਇਨ੍ਹਾਂ ਦੇ
ਆਪਣੇ ਡੇਰੇ ਵਿੱਚ ਵੀ ਬਹੁਤ ਰੋਸ ਹੋਇਆ ਅਤੇ ਵੰਡੀ ਪੈ ਗਈ।
ਮੈ ਸਮਝਦਾ ਹਾਂ ਕਿ ਅਸਲ ਨੁਕਸਾਨ ਰਵਿਦਾਸ ਭਾਈਚਾਰੇ ਦੇ ਭੋਲੇ ਹਿੱਸੇ ਨੂੰ
ਪਿਆ ਕਿ ਉਨ੍ਹਾਂ ਦੀ ਜਿਸ ਸਾਜਿਸ਼ੀ ਬ੍ਰਾਹਮਣਵਾਦੀ ਵਿਵਸਥਾ ਦੀਆਂ ਜੰਜੀਰਾਂ ਨੂੰ ਤੋੜ ਕੇ ਗੁਰਮਤਿ ਦੇ
ਚਾਨਣ ਵਿੱਚ ਧਾਰਮਿਕ, ਸਮਾਜਿਕ ਅਤੇ ਮਾਨਸਿਕ ਅਜ਼ਾਦੀ ਵਲ ਕਦਮ ਵਧ ਰਹੇ ਸਨ, ਉਹ ਆਸ ਵੀ ਖਤਮ ਹੋ ਗਈ
ਅਤੇ ਉਨ੍ਹਾਂ ਨੂੰ ਮੁੜ ਉਸੇ ਬ੍ਰਾਹਮਣਵਾਦੀ ਮਾਨਸਿਕ ਅਤੇ ਸਮਾਜਿਕ ਗੁਲਾਮੀ ਵਿੱਚ ਜਕੜਨ ਦਾ ਰਾਹ
ਪੱਧਰਾ ਹੋ ਗਿਆ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਭਗਤ ਰਵਿਦਾਸ ਜੀ ਦੀ ਅਮੋਲਕ ਬਾਣੀ ਪੂਰਨ ਰੂਪ
ਵਿੱਚ ਉਨ੍ਹਾਂ ਦੀ ਪ੍ਰਮਾਣੀਕ ਬਾਣੀ ਹੈ, ਜਿਸ ਨੂੰ ਦੁਨੀਆਂ ਦੀ ਕੋਈ ਤਾਕਤ ਨਾ ਅਲੱਗ ਕਰ ਸਕਦੀ ਹੈ
ਅਤੇ ਨਾ ਹੀ ਉਸ ਵਿੱਚ ਕੋਈ ਰਲਾ ਪਾ ਸਕਦਾ ਹੈ। ਉਸ ਨੂੰ ਅਲੱਗ ਛਾਪਦਿਆਂ ਉਸ ਵਿੱਚ ਕੁੱਝ ਸਮਾਜ ਵਿੱਚ
ਪ੍ਰਚਲਤ ਰਚਨਾਵਾਂ ਵੀ ਸ਼ਾਮਲ ਕਰ ਲਈਆਂ ਗਈਆਂ, ਜਿਸ ਨਾਲ ਭਗਤ ਸਾਹਿਬ ਦੀ ਅਮੋਲਕ ਵਿਚਾਰਧਾਰਾ ਬਾਰੇ
ਵਡੇ ਸਿਧਾਂਤਕ ਭੁਲੇਖੇ ਪੈ ਸਕਦੇ ਹਨ। ਇਸ ਦਾ ਲਾਹਾ ਕੇਵਲ ਅਤੇ ਕੇਵਲ ਬ੍ਰਾਹਮਣੀ ਤਾਕਤਾਂ ਨੂੰ ਹੀ
ਮਿਲੇਗਾ। ਵੈਸੇ ਤਾਂ ਇਨ੍ਹਾਂ ਵਲੋਂ ਆਪਣੇ ਪੈਰੋਕਾਰਾਂ ਨੂੰ ਕਿਸੇ ‘ਆਦਿ ਧਰਮ` ਵਲ ਲੈਕੇ ਜਾਣ ਦੀ
ਗੱਲ ਕਹੀ ਜਾ ਰਹੀ ਹੈ ਪਰ ਇਹ ਵੀ ਪੱਕੀ ਸਚਾਈ ਹੈ ਕਿ ਅੱਜ ਤੱਕ ਗੁਰਮਤਿ ਵਿਚਾਰਧਾਰਾ ਤੋਂ ਇਲਾਵਾ
ਹੋਰ ਕੋਈ ਐਸੀ ਵਿਚਾਰਧਾਰਾ ਪ੍ਰਫੁਲਤ ਨਹੀਂ ਹੋ ਸਕੀ ਜੋ ਗੈਰਮਨੁੱਖੀ ਬ੍ਰਾਹਮਣੀ ਵਿਚਾਰਧਾਰਾ ਅਤੇ
ਮਨੂੰਵਾਦ ਨੂੰ ਸਿੱਧੀ ਚੁਣੌਤੀ ਦੇ ਸਕੇ।
ਇਹ ਡੇਰਾਵਾਦ ਦਾ ਰੋਗ ਇੱਕ ਛੂਤ ਦੇ ਰੋਗ ਵਾਂਗ ਹੈ, ਜੋ ਇੱਕ ਦੂਸਰੇ ਨੂੰ
ਵੇਖ ਕੇ ਤੇਜੀ ਨਾਲ ਫੈਲਦਾ ਹੈ। ਜੇ ਅਖੌਤੀ ਛੋਟੀਆਂ ਜਾਤਾਂ ਦੇ ਭੇਖ ਵਿੱਚ ਡੇਰੇ ਬਣ ਰਹੇ ਹਨ ਤਾਂ
ਆਪਣੇ ਆਪ ਨੂੰ ਉਚੀਆਂ ਜਾਤਾਂ ਸਮਝਣ ਵਾਲੇ ਮੂਰਖ ਵੀ ਪਿਛੇ ਨਹੀਂ, ਉਨ੍ਹਾਂ ਨੂੰ ਗੁੰਮਰਾਹ ਕਰਨ ਵਾਲੇ
ਡੇਰੇ ਵੀ ਰੋਜ਼ ਪ੍ਰਫੁਲਤ ਹੋ ਰਹੇ ਹਨ ਜਿਵੇਂ ਕਿ ਭੁੱਚੋ ਮੰਡੀ ਨੇੜੇ ਡੇਰਾ ਰੂਮੀ ਕਲਾਂ, ਸਿੱਖ ਕੌਮ
ਵਿੱਚ ਜੱਟ ਭਾਈਚਾਰੇ ਦਾ ਅਲੰਬਰਦਾਰ ਸਮਝਿਆ ਜਾਂਦਾ ਹੈ। ਪਹਿਲਾਂ ਤਾਂ ਇਸ ਡੇਰੇ ਵਿੱਚ ਅਖੌਤੀ
ਛੋਟੀਆਂ ਜਾਤਾਂ ਵਾਲਿਆਂ ਦਾ ਦਾਖਲਾ ਹੀ ਬੰਦ ਸੀ ਪਰ ਕੌਮ ਵਿੱਚ ਬਹੁਤ ਰੋਸ ਪੈਦਾ ਹੋਣ ਨਾਲ ਕੁੱਝ
ਫਰਕ ਪਿਆ ਹੈ ਪਰ ਲੰਗਰ ਵਿੱਚ ਅਖੌਤੀ ਛੋਟੀਆਂ ਜਾਤਾਂ ਅਤੇ ਜੱਟਾਂ ਦੇ ਭਾਂਡੇ ਅਜੇ ਵੀ ਅਲੱਗ ਰਖੇ
ਜਾਂਦੇ ਹਨ। ਇਸ ਡੇਰੇ ਨੂੰ ਸ਼ੁਰੂ ਕਰਨ ਵਾਲੇ ਹਰਨਾਮ ਸਿੰਘ, ਜਿਸਨੂੰ ਆਮ ਤੌਰ ਤੇ ਮਹਾ ਹਰਨਾਮ ਸਿੰਘ
ਕਹਿ ਕੇ ਵਡਿਆਇਆ ਜਾਂਦਾ ਹੈ ਦੇ ਨਾਂ ਤੇ ਹੋਰ ਵੀ ਕਈ ਡੇਰੇਦਾਰ ਆਪਣੀਆਂ ਹੱਟੀਆਂ ਚਲਾ ਰਹੇ ਹਨ।
ਸੁਭਾਵਕ ਹੈ ਕਿ ਇਨ੍ਹਾਂ ਦੀ ਵਿਚਾਰਧਾਰਾ ਵੀ ਉਹੀ ਹੈ। ਇਹ ਵੀ ਨਹੀਂ ਕਿ ਇਨ੍ਹਾਂ ਡੇਰਿਆਂ ਵਿੱਚ
ਕੇਵਲ ਕਿਸੇ ਇੱਕ ਜਾਤੀ ਨਾਲ ਸਬੰਧਤ ਲੋਕ ਹੀ ਜਾਂਦੇ ਹਨ ਸਗੋਂ ਛੋਟੀਆਂ ਜਾਤਾਂ ਦੇ ਕਹੇ ਭਾਈਚਾਰੇ
ਨੂੰ ਉਨ੍ਹਾਂ ਡੇਰਿਆਂ ਵਿੱਚ ਲੈਕੇ ਜਾਣ ਵਾਲੇ ਅਕਸਰ ਸੁਆਰਥੀ ਕਿਸਮ ਦੇ ਆਪਣੇ ਆਪ ਨੂੰ ਉਚੀਆਂ ਜਾਤਾਂ
ਕਹਾਉਣ ਵਾਲੇ ਕੁੱਝ ਲੋਕ ਹੀ ਹੁੰਦੇ ਹਨ। ਇਸੇ ਤਰ੍ਹਾਂ ਜ਼ਲਾਲਤ ਨੂੰ ਬਰਦਾਸ਼ਤ ਕਰ ਕੇ ਵੀ ਕਈ ਛੋਟੀਆਂ
ਜਾਤਾਂ ਦੇ ਕਹਾਉਣ ਵਾਲੇ ਵੀ ਰੂਮੀ ਵਾਲੇ ਡੇਰੇ ਤੇ ਜਾਂਦੇ ਹਨ। ਧਰਮ ਦੇ ਭੁਲੇਖੇ ਵਿੱਚ ਫੈਲੀ ਇਸ
ਮਾਨਸਿਕ ਗੁਲਾਮੀ ਨੂੰ ਕੋਈ ਵਿਰਲੇ ਹੀ ਤੋੜ ਸਕੇ ਹਨ। ਇਸੇ ਤਰ੍ਹਾਂ ਸਿੱਖ ਕੌਮ ਵਿਚੋਂ ਅਖੌਤੀ ਖਤਰੀ
ਭਾਈਚਾਰੇ ਦਾ ਕੁੱਝ ਰੁਝਾਨ ਡੇਰਾ ਬਿਆਸ ਵੱਲ ਰਹਿੰਦਾ ਹੈ।
ਅੱਜ ਸਿੱਖ ਕੌਮ ਨੂੰ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਕਿ ਜਾਤ ਭਲਾਈ
ਦੇ ਨਾਂ ਤੇ ਬਣਨ ਵਾਲੇ ਇਹ ਡੇਰੇ ਨਾ ਉਨ੍ਹਾਂ ਦੇ ਫਿਰਕੇ ਦੇ ਹਿਤੂ ਹਨ ਅਤੇ ਨਾ ਹੀ ਸਿੱਖ ਕੌਮ ਦੇ,
ਬਲਕਿ ਦੋਹਾਂ ਦੇ ਵੱਡੇ ਦੁਸ਼ਮਨ ਹਨ। ਕਿਉਂਕਿ ਇਸ ਤਰ੍ਹਾਂ ਨਾ ਸਿਰਫ ਉਹ ਬ੍ਰਾਹਮਣ ਦੀ ਵਰਣ ਵੰਡ ਨੂੰ
ਜ਼ਿੰਦਾ ਰਖਣ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ, ਸਗੋਂ ਸਿੱਖ ਕੌਮ ਵਿੱਚ ਵੰਡੀਆਂ ਪਾ ਕੇ ਕਮਜ਼ੋਰ ਕਰਨ
ਦਾ ਖਤਰਨਾਕ ਖੇਲ੍ਹ ਵੀ ਖੇਲ੍ਹ ਰਹੇ ਹਨ। ਸਮੂਹਕ ਰੂਪ ਵਿੱਚ ਸਾਰੇ ਮਨੁੱਖੀ ਭਾਈਚਾਰੇ ਦਾ, ਵਿਸ਼ੇਸ਼
ਰੂਪ ਵਿੱਚ ਅਖੌਤੀ ਦਲਿਤ ਸਮਾਜ ਦਾ ਸਭ ਤੋਂ ਵੱਡਾ ਹਿਤ ਇਸ ਗੱਲ ਵਿੱਚ ਹੈ, ਕਿ ਸਮਾਜ ਵਿੱਚ ਇਸ ਗੈਰ
ਮਨੁੱਖੀ ਵਰਣਵੰਡ ਦਾ ਮੂਲੋਂ ਨਾਸ ਹੋਵੇ ਅਤੇ ਹਰ ਮਨੁੱਖ ਬਰਾਬਰ ਦਾ ਇਨਸਾਨ ਬਣ ਕੇ ਜੀ ਸਕੇ।
ਕਿਸੇ ਦੁਸ਼ਮਨ ਕੋਲੋਂ ਭਲੇ ਦੀ ਆਸ ਰਖਣਾ ਵੀ ਵੱਡੀ ਮੂਰਖਤਾ ਹੁੰਦੀ ਹੈ ਸੋ
ਅਸਲ ਸਮਝਣ ਵਾਲੀ ਗੱਲ ਤਾਂ ਇਹ ਹੈ ਕਿ ਜਿਸ ਵੇਲੇ ਕੌਮ ਸਿਧਾਂਤਾਂ ਨੂੰ ਪਿਠ ਦੇਵੇਗੀ ਤਾਂ ਸੁਆਰਥੀ
ਲੋਕ ਤਾਂ ਉਸ ਦਾ ਫਾਇਦਾ ਚੁਕਣਗੇ ਹੀ। ਸਭ ਤੋਂ ਵੱਡੀ ਜ਼ਿਮੇਂਵਾਰੀ ਸਿੱਖ ਕੌਮ ਉਤੇ ਹੈ ਕਿ ਆਪਣੇ
ਸਤਿਗੁਰੂ ਦੇ ਬਖਸ਼ੇ ਸਿਧਾਂਤਾਂ ਤੇ ਦ੍ਰਿੜਤਾ ਨਾਲ ਪਹਿਰਾ ਦੇਂਦੇ ਹੋਏ, ਇਸ ਜਾਤ-ਪਾਤ, ਊਚ ਨੀਚ ਦੇ
ਕੋਹੜ ਨੂੰ ਪੂਰੀ ਤਰ੍ਹਾਂ ਹੂੰਝ ਕੇ ਸਿੱਖੀ ਦੇ ਨਿਰਮਲ ਵਿਹੜੇ `ਚੋਂ ਦੂਰ ਸੁੱਟ ਦੇਵੇ, ਤਾਂ ਜੋ ਕੋਈ
ਵੀ ਮੌਕਾ ਪ੍ਰਸਤ, ਸੁਆਰਥੀ ਕੌਮ ਜਾਂ ਭਾਈਚਾਰੇ ਦੇ ਨਾਂ ਤੇ ਕਿਸੇ ਫਿਰਕੇ ਨੂੰ ਗੁੰਮਰਾਹ ਕਰ ਕੇ
ਆਪਣੀ ਦੁਕਾਨਦਾਰੀ ਨਾ ਚਲਾ ਸਕੇ।
(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਸੰਪੂਰਨ ਹੋ ਗਈ ਹੈ।
ਇਸ ਦਾ ਇੱਕ ਭਾਗ ਹਰ ਹਫਤੇ ਇਸ ਵੈਬ ਸਾਈਟ ਤੇ ਛਾਪਿਆ ਜਾ ਰਿਹਾ ਹੈ। ਜੋ ਸੂਝਵਾਨ ਪਾਠਕ ਇਸ ਬਾਰੇ
ਉਸਾਰੂ ਸੁਝਾਅ ਦੇ ਸਕਣ, ਉਨ੍ਹਾਂ ਨੂੰ ਅਗਲੇ ਦਸ ਦਿਨਾਂ ਵਿੱਚ ਸੁਝਾਅ ਦੇਣ ਦੀ ਬੇਨਤੀ ਕੀਤੀ ਜਾਂਦੀ
ਹੈ। ਉਸ ਤੋਂ ਬਾਅਦ ਕਿਤਾਬ ਛਪਾਈ ਵਾਸਤੇ ਚਲੀ ਜਾਵੇਗੀ। ਕਿਤਾਬ ਛਪਣ ਤੋਂ ਪਹਿਲਾਂ ਆਏ ਹਰ ਸੁਝਾਅ
ਨੂੰ ਜੀ ਆਇਆ ਆਖਿਆ ਜਾਵੇਗਾ ਅਤੇ ਲੇਖਕ ਸੁਝਾਅ ਭੇਜਣ ਵਾਲਿਆਂ ਦਾ ਧੰਨਵਾਦੀ ਹੋਵੇਗਾ)
ਰਾਜਿੰਦਰ ਸਿੰਘ
(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)