.

ੴਸਤਿਗੁਰਪ੍ਰਸਾਦਿ।।

ਖਾਲਸਾ ਪੰਥ ਬਨਾਮ ਡੇਰਾਵਾਦ

(ਭਾਗ ਪੰਦਰਵਾਂ)

ਡੇਰਾਵਾਦ ਪ੍ਰਫੁਲਤ ਹੋਣ ਦੇ ਸਮਾਜਿਕ ਕਾਰਨ:

ਸਿਆਸੀ ਆਗੂਆਂ ਦਾ ਰੋਲ:

ਰਹਿੰਦੀ ਖੁੰਹਦੀ ਕਸਰ ਸਾਡੇ ਧਾਰਮਿਕ ਅਤੇ ਰਾਜਨੀਤਕ ਆਗੂ ਪੂਰੀ ਕਰ ਦੇਂਦੇ ਹਨ, ਜੋ ਇਨ੍ਹਾਂ ਡੇਰਿਆਂ ਖਿਲਾਫ ਮੁੱਢ ਤੋਂ ਅਵਾਜ਼ ਬੁਲੰਦ ਕਰਨ ਦੀ ਬਜਾਏ, ਉਥੇ ਜਾ ਕੇ ਇਨ੍ਹਾਂ ਨੂੰ ਮਾਨਤਾ ਦੇਂਦੇ ਹਨ, ਆਪਣੀਆਂ ਵੋਟਾਂ ਦੇ ਲਾਲਚ ਵਿੱਚ ਇਨ੍ਹਾਂ ਦਾ ਸਤਿਕਾਰ ਕਰਨ ਦਾ ਵਿਖਾਵਾ ਕਰਦੇ ਹਨ।

ਦੁਨੀਆਂ ਦੇ ਇਤਿਹਾਸ ਤੇ ਝਾਤੀ ਮਾਰ ਕੇ ਵੇਖ ਲਈਏ ਆਮ ਲੋਕਾਈ ਨੂੰ ਗੁਲਾਮ ਬਣਾਕੇ ਰੱਖਣ ਲਈ ਸਿਆਸਤਦਾਨਾਂ ਅਤੇ ਧਾਰਮਿਕ ਆਗੂਆਂ ਦਾ ਸਦਾ ਹੀ ਸਾਜਸ਼ੀ ਗੱਠ ਜੋੜ ਰਿਹਾ ਹੈ। ਮੈਂ ਹੋਰ ਕੌਮਾਂ ਨਾਲੋਂ ਆਪਣੀ ਕੌਮ ਦੀ ਗੱਲ ਹੀ ਵਧੇਰੇ ਕਰਨੀ ਚਾਹਾਂਗਾ। ਸਾਡੇ ਸਾਹਮਣੇ ਦੋ ਪ੍ਰਮਾਣ ਹਨ। ਪਹਿਲਾ ਬਾਬਾ ਬੰਦਾ ਸਿੰਘ ਬਹਾਦਰ ਦਾ, ਜਿਸ ਨੇ ਪਹਿਲਾ ਖਾਲਸਾ ਰਾਜ ਕਾਇਮ ਕੀਤਾ। ਉਸ ਦੀ ਕੋਸ਼ਿਸ਼ ਸੀ ਕਿ ਖਾਲਸਾ ਰਾਜ ਦੀ ਕਾਰਜ ਵਿਧੀ ਪੂਰੀ ਤਰ੍ਹਾਂ ਗੁਰਮਤਿ ਸਿਧਾਂਤਾਂ ਅਨੁਸਾਰ ਹੋਵੇ, ਇਸ ਕਰਕੇ ਧਾਰਮਿਕ ਠੇਕੇਦਾਰਾਂ ਨੂੰ ਉਸ ਨੇ ਕੋਈ ਮਹਤੱਤਾ ਨਹੀਂ ਦਿੱਤੀ। ਉਸ ਨੂੰ ਸਤਿਗੁਰੂ ਨੇ ਸਿਧਾਂਤਕ ਤੌਰ ਤੇ ਸਪੱਸ਼ਟ ਕਰਕੇ ਹੀ ਭੇਜਿਆ ਸੀ, ਕਿ ਅਕਾਲ ਪੁਰਖ ਦੇ ਅਟੱਲ ਨੇਮਾਂ ਵਿੱਚ ਗੁਰਮਤਿ ਅਨੁਸਾਰ ਰਾਜ ਚਲਾਉਣਾ ਹੀ ਸਭ ਤੋਂ ਵੱਡਾ ਧਰਮ ਹੈ। ਨਤੀਜਾ ਸਾਡੇ ਸਾਹਮਣੇ ਹੈ, ਜੋ ਹਸ਼ਰ ਬਾਬਾ ਬੰਦਾ ਸਿੰਘ ਬਹਾਦਰ ਦਾ ਹੋਇਆ, ਉਹ ਕਿਸੇ ਤੋਂ ਲੁਕਿਆ ਨਹੀਂ। ਬਲਕਿ ਧਾਰਮਿਕ ਠੇਕੇਦਾਰਾਂ ਵਲੋਂ, ਉਸ ਬਾਰੇ ਐਸਾ ਕੂੜ ਪ੍ਰਚਾਰ ਕੀਤਾ ਗਿਆ ਕਿ ਅੱਜ ਤੱਕ ਬਹੁਤੇ ਭੋਲੇ ਸਿੱਖ ਇਹ ਸਮੱਝਦੇ ਹਨ ਕਿ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਤੋਂ ਬੇਮੁਖ ਹੋ ਗਿਆ ਸੀ, ਅਤੇ ਆਪ ਗੁਰੂ ਬਣ ਕੇ ਬੈਠ ਗਿਆ ਸੀ ਆਦਿ…। ਦੂਸਰੇ ਪਾਸੇ ਸਾਡੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਸਿੱਖ ਰਿਆਸਤਾਂ ਦੇ ਪ੍ਰਮਾਣ ਹਨ। ਮਹਾਰਾਜਾ ਰਣਜੀਤ ਸਿੰਘ ਦਾ ਨਿਜੀ ਜੀਵਨ ਹੀ ਗੁਰਮਤਿ ਅਨੁਸਾਰ ਨਹੀਂ ਸੀ। ਬਹੁਤੇ ਵਿਸਥਾਰ ਵਿੱਚ ਜਾਣ ਦੀ ਬਜਾਏ, ਇਤਨਾ ਲਿੱਖ ਦੇਣਾ ਹੀ ਕਾਫੀ ਹੋਵੇਗਾ ਕਿ ਬਹੁਤੇ ਰਾਜਿਆਂ ਵਾਲੇ ਐਯਾਸ਼ੀ ਦੇ ਸਾਰੇ ਗੈਰ ਇਖਲਾਕੀ ਔਗੁਣ ਉਸ ਦੇ ਅੰਦਰ ਵੀ ਮੌਜੂਦ ਸਨ, ਫੇਰ ਵੀ ਉਹ ਵੱਡਾ ਅਤੇ ਵਧੀਆ ਸਿੱਖ ਦਿਸਣ ਵਾਸਤੇ ਅਪਣੇ ਨਾਂਅ ਨਾਲ ‘ਸਿੰਘ ਸਾਹਿਬ` ਲੁਆਉਣ ਦਾ ਬਹੁਤ ਸ਼ੌਕੀਨ ਸੀ, ਹਾਲਾਂਕਿ ਸਿੰਘ ਸਾਹਿਬ ਦਾ ਮਤਲਬ ਹੈ, ਸਿੰਘਾਂ ਦਾ ਸਾਹਿਬ। ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਤੋਂ ਬਾਅਦ ਇਹ ਸਨਮਾਨ ਸ਼ਬਦ ਕੇਵਲ ਗੁਰੂ ਗ੍ਰੰਥ ਸਾਹਿਬ ਵਾਸਤੇ ਵਰਤਿਆ ਜਾ ਸਕਦਾ ਹੈ, ਨਾ ਕਿਸੇ ਪੁਰਾਤਨ ਰਾਜਨੀਤਿਕ ਜਾਂ ਧਾਰਮਿਕ ਸਖਸ਼ੀਅਤ ਵਾਸਤੇ ਅਤੇ ਨਾ ਹੀ ਮੌਜੂਦਾ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜਕਾਲ ਵਿਚ, ਗੁਰੂ ਨਾਨਕ ਪਾਤਿਸ਼ਾਹ ਦੇ ਪਾਵਨ ਸਿਧਾਂਤਾਂ ਤੋਂ ਬੇਮੁਖ, ਉਨ੍ਹਾਂ ਦੇ ਪੁੱਤਰਾਂ ਦੇ ਨਾਂ ਤੇ ਚੱਲ ਰਹੀਆਂ ਪਖੰਡ ਦੀਆਂ ਦੁਕਾਨਾਂ, ‘ਉਦਾਸੀਆਂ` ਅਤੇ ‘ਬੇਦੀਆਂ` ਨੂੰ ਇਤਨਾ ਮਾਣ ਸਤਿਕਾਰ ਦਿੱਤਾ ਕਿ ਇਹ ਰੋਗ ਸਦਾ ਲਈ ਸਿੱਖ ਕੌਮ ਨੂੰ ਚੰਬੇੜ ਗਿਆ। ਸਾਹਿਬ ਸਿੰਘ ਬੇਦੀ ਨੂੰ ਤਾਂ ਉਹ ਦੋ ਜਹਾਨ ਦੇ ਵਾਲੀ, ਪੂਰਨ ਸਤਿਗੁਰੂ ਕਹਿੰਦਾ ਸੀ। ਜੇ ਆਪਣੇ ਆਪ ਨੂੰ ਖਾਲਸਾ ਰਾਜ ਦਾ ਵਾਲੀ, ਪਾਤਿਸ਼ਾਹ ਕਹਾਉਣ ਵਾਲਾ, ਉਸ ਨੂੰ ਐਸਾ ਸਨਮਾਨ ਦੇਂਦਾ ਹੈ ਤਾਂ ਆਮ ਜਨਤਾ ਤੇ ਉਸ ਦਾ ਕੀ ਪ੍ਰਭਾਵ ਹੋਵੇਗਾ, ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਮਹਾਰਾਜੇ ਦੇ ਤੌਰ ਤੇ ਉਸ ਨੂੰ ਰਾਜਗੱਦੀ ਦਾ ਤਿਲਕ ਦੇਣ ਵਾਲਿਆਂ ਵਿੱਚ ਬਹੁਗਿਣਤੀ ਤਾਂ ਬ੍ਰਾਹਮਣਾਂ ਦੀ ਸੀ, ਪਰ ਉਨ੍ਹਾਂ ਦੀ ਅਗਵਾਈ ਸਾਹਿਬ ਸਿੰਘ ਬੇਦੀ ਕਰ ਰਿਹਾ ਸੀ। ਇਸ ਮੌਕੇ ਤੇ ਉਸ ਨੂੰ ਬੇਅੰਤ ਮਾਇਆ ਦੇ ਗੱਫਿਆਂ ਤੋਂ ਇਲਾਵਾ, ਊਨਾਂ ਨਗਰ ਵਿੱਚ ੭੨ ਪਿੰਡਾਂ ਦੀ ਜਗੀਰ ਭੇਟ ਦਿੱਤੀ ਗਈ। ਜਿਸ ਗਰੀਬ-ਮਜ਼ਦੂਰ ਮਾਰੂ ਜਗੀਰਦਾਰੀ ਪ੍ਰਥਾ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਖਤਮ ਕੀਤਾ ਸੀ, ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਮੁੜ ਸੁਰਜੀਤ ਕਰ ਦਿੱਤਾ। ਇਸ ਦੇ ਏਵਜ਼ ਵਿੱਚ ਸਾਹਿਬ ਸਿੰਘ ਬੇਦੀ ਸਾਰੀ ਜ਼ਿੰਦਗੀ ਉਸ ਦੇ ਗੁਣ ਹੀ ਗਾਉਂਦਾ ਰਿਹਾ, ਉਸ ਦੇ ਨਿਜੀ ਜੀਵਨ ਦੇ ਕੁਕਰਮਾਂ ਅਤੇ ਰਾਜਸੱਤਾ ਦੇ ਗਲਤ ਫੈਸਲਿਆਂ ਬਾਰੇ ਨਾ ਕਦੇ ਟੋਕਿਆ, ਨਾ ਕਦੇ ਸੁਚੇਤ ਕੀਤਾ ਅਤੇ ਨਾ ਕਦੀਂ ਅਵਾਜ਼ ਉਠਾਈ। ਇਸ ਦੇ ਬਿਲਕੁਲ ਉਲਟ ਇੱਕ ਸੱਚਾ-ਸੁੱਚਾ ਗੁਰਸਿੱਖ ਅਕਾਲੀ ਫੂਲਾ ਸਿੰਘ, ਜੋ ਇਨ੍ਹਾਂ ਕੁਕਰਮਾਂ ਖਿਲਾਫ ਖੁਲ੍ਹ ਕੇ ਬੋਲਦਾ ਸੀ, ਨੂੰ ਆਪਣੇ ਜੀਵਨ ਦਾ ਬਹੁਤਾ ਸਮਾਂ ਮਹਾਰਾਜਾ ਰਣਜੀਤ ਸਿੰਘ ਦੀ ਰਾਜ ਸੀਮਾਂ ਤੋਂ ਬਾਹਰ ਰੋਪੜ ਦੇ ਨੇੜੇ ਹੀ ਬਿਤਾਉਣਾ ਪਿਆ।

ਬਾਕੀ ਸਿੱਖ ਰਿਆਸਤਾਂ ਦਾ ਵੀ ਬਿਲਕੁਲ ਇਹੋ ਹਾਲ ਸੀ। ਰਾਜਸੱਤਾ ਮਿਲਦਿਆਂ ਹੀ ਉਨ੍ਹਾਂ ਦੇ ਜੀਵਨ ਗੈਰ ਇਖਲਾਕੀ ਵਿਕਾਰਾਂ ਵਿੱਚ ਗ੍ਰਸੇ ਗਏ। ਐਸੇ ਲੋਕਾਂ ਦਾ ਰਾਜ ਵੀ ਸਿੱਖ ਸਿਧਾਂਤਾਂ ਅਨੁਸਾਰ ਕਿਵੇਂ ਹੋ ਸਕਦਾ ਸੀ? ਆਪਣੇ ਆਪ ਨੂੰ ਚੰਗਾ ਸਿੱਖ ਅਤੇ ਆਪਣੇ ਰਾਜ ਨੂੰ ਸਿੱਖ ਰਾਜ ਸਾਬਤ ਕਰਨ ਲਈ, ਉਹ ਵੀ ਉਦਾਸੀਆਂ ਅਤੇ ਬੇਦੀ ਬਾਬਿਆਂ ਸਮੇਤ ਹੋਰ ਪਖੰਡੀ ਧਾਰਮਿਕ ਆਗੂਆਂ ਨੂੰ ਵਿਸ਼ੇਸ਼ ਸਨਮਾਨ ਅਤੇ ਮਾਨਤਾ ਦੇਂਦੇ ਰਹੇ।

ਰਿਹਾ ਸੁਆਲ ਸਾਡੇ ਅੱਜ ਦੇ ਸਿਆਸੀ ਆਗੂਆਂ ਦਾ, ਉਨ੍ਹਾਂ ਨੂੰ ਤਾਂ ਇਕੋ ਚਿੰਤਾ ਹੈ ਕਿ ਉਨ੍ਹਾਂ ਦੇ ਵੋਟ ਬੈਂਕ ਨੂੰ ਖੋਰਾ ਨਾ ਲਗੇ। ਕੌਮ ਜਾਵੇ ਖੂਹ ਵਿਚ। ਇਹ ਵੋਟਾਂ ਖਾਤਿਰ ਹੀ ਇਨ੍ਹਾਂ ਡੇਰਿਆਂ ਤੇ ਵੀ ਹਾਜ਼ਰੀ ਭਰਦੇ ਰਹਿੰਦੇ ਹਨ। ਇਨ੍ਹਾਂ ਦੀ ਤਾਂ ਪਾਲਿਸੀ ਹੈ ਕਿ "ਖੁਦਾ ਭੀ ਖੁਸ਼ ਰਹੇ, ਸ਼ੈਤਾਨ ਭੀ ਨਾਰਾਜ਼ ਨਾ ਹੋ। " ਦੋਵੇਂ ਸਿਆਸਤਦਾਨਾਂ ਅਤੇ ਬਾਬਿਆਂ ਦੇ ਦੋ ਡੂੰਘੇ ਸਬੰਧ ਹਨ, ਪਹਿਲਾ ਤਾਂ ਸਿਆਸੀ ਆਗੂ ਇਹ ਸਮਝਦੇ ਹਨ ਕਿ ਜੇ ਬਾਬਿਆਂ ਨਾਲ ਉਨ੍ਹਾਂ ਦੇ ਨੇੜਤਾ ਵਾਲੇ ਸਬੰਧ ਹੋਣਗੇ ਤਾਂ ਜਿੱਥੇ ਜਿੱਥੇ ਸੰਗਤਾਂ ਸਾਹਮਣੇ, ਬਾਬਾ ਉਸ ਨਾਲ ਸਤਿਕਾਰ ਨਾਲ ਪੇਸ਼ ਆਵੇਗਾ, ਸੰਗਤਾਂ ਵਿੱਚ ਉਸ ਦਾ ਸਤਿਕਾਰ ਵਧੇਗਾ ਅਤੇ ਉਸ ਦੇ ਚੇਲੇ ਚੋਣਾਂ ਵਿੱਚ ਉਸ ਦੇ ਸਿਆਸੀ ਧੜੇ ਨੂੰ ਵੋਟਾਂ ਪਾਉਣਗੇ। ਉਂਝ ਇਹ ਸਿਆਸੀ ਆਗੂ ਇਨ੍ਹਾਂ ਬਾਬਿਆਂ ਰਾਹੀਂ, ਉਨ੍ਹਾਂ ਦੇ ਸਮਰਥਕਾਂ ਪ੍ਰਤੀ ਇਹ ਆਦੇਸ਼ ਵੀ ਜਾਰੀ ਕਰਾ ਲੈਂਦੇ ਹਨ, ਕਿ ਵੋਟਾਂ ਫਲਾਂ ਧੜੇ ਨੂੰ ਪਾਈਆਂ ਜਾਣ। ਪੰਜਾਬ ਦੀਆਂ ੨੦੧੨ ਦੀਆਂ ਚੋਣਾਂ ਸਮੇਂ ਕਾਂਗਰਸ ਆਗੂਆਂ ਨੇ ਡੇਰਾ ਸੱਚਾ ਸੌਦਾ ਕੋਲੋਂ ਆਪਣੇ ਹੱਕ ਵਿੱਚ ਫਤਵਾ ਦਿਵਾਇਆ ਤਾਂ ਇਸ ਵਾਰੀ ਅਕਾਲੀ ਆਗੂਆਂ ਨੇ ਇਹ ਫਤਵਾ ਆਪਣੇ ਹੱਕ ਵਿੱਚ ਜਾਰੀ ਕਰਾ ਲਿਆ। ਹਾਲਾਂਕਿ ਚੋਣਾਂ ਵਿੱਚ ਦੋਹਾਂ ਨੂੰ ਹੀ ਇਹ ਪੁੱਠਾ ਪਿਆ।

ਦੂਸਰਾ, ਇਹ ਬਾਬੇ ਵੱਡੇ ਸਿਆਸੀ ਆਗੂਆਂ ਨੂੰ ਪੈਸਿਆਂ ਦਾ ਚੜ੍ਹਾਵਾ ਵੀ ਚੜ੍ਹਾਉਂਦੇ ਰਹਿੰਦੇ ਹਨ, ਜਦੋਂ ਕਦੇ ਉਹ ਆਗੂ ਉਨ੍ਹਾਂ ਦੇ ਡੇਰੇ ਤੇ ਗੇੜੀ ਮਾਰੇ, ਤਾਂ ਉਸ ਦੇ ਸਨਮਾਨ ਵਜੋਂ ਅਤੇ ਵਿਸ਼ੇਸ਼ ਤੌਰ ਤੇ ਚੋਣਾਂ ਆਦਿ ਦੇ ਸਮੇਂ। ਤਾਂ ਕਿ ਜੇ ਬਾਬੇ ਦੇ ਕੋਈ ਪਾਪ ਕਰਮ ਨੰਗੇ ਹੋ ਜਾਣ, ਤਾਂ ਸਿਆਸੀ ਆਗੂ ਉਸਨੂੰ ਕਨੂੰਨੀ ਕਾਰਵਾਈ ਤੋਂ ਬਚਾ ਲਵੇ। ਇੱਕ ਵਿਸ਼ੇਸ਼ ਘਟਨਾ ਪਾਠਕਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ। ਇੱਕ ਬੜਾ ਨਾਮਵਰ, ਪਖੰਡੀ ਬਾਬਾ ਹੈ, ਜਿਸ ਉਤੇ ਕਿ ਉਸ ਦਾ ਆਪਣਾ ਹੀ ਇੱਕ ਪੁਰਾਣਾ ਜੋੜੀਦਾਰ, ਕੁੱਝ ਬੱਚੀਆਂ ਦਾ ਸ਼ਰੀਰਕ ਸੋਸ਼ਣ ਕਰਨ ਦੇ ਦੋਸ਼ ਲਗਾ ਰਿਹਾ ਹੈ ਅਤੇ ਕੁੱਝ ਪੱਕੇ ਸਬੂਤ ਵੀ ਇਕੱਠੇ ਕਰੀ ਫਿਰਦਾ ਹੈ। ਪੰਜਾਬ ਵਿਧਾਨ ਸਭਾ ਦੀਆਂ ਪਿੱਛਲੀਆਂ ਚੋਣਾਂ ਤੋਂ ਪਹਿਲਾਂ, ਇਸ ਪਖੰਡੀ ਬਾਬੇ ਨੇ, ਇੱਕ ਵੱਡੇ ਸਿਆਸੀ ਆਗੂ ਨੂੰ ਪੰਜ ਲੱਖ ਰੁਪਏ ਨਕਦ ਅਤੇ ਇੱਕ ਇਨੋਵਾ ਕਾਰ ਚੋਣਾਂ ਦੇ ਫੰਡ ਵਿੱਚ ਦਿੱਤੀ। ਇਹ ਘਟਨਾ ਅੰਮ੍ਰਿਤਸਰ ਦੇ ਨੇੜੇ ਇੱਕ ਪਿੰਡ ਵਿਚ, ਉਸ ਬਾਬੇ ਦੇ ਇੱਕ ਪੁਰਾਣੇ ਸ਼ਰਧਾਲੂ ਦੇ ਘਰ ਦੀ ਹੈ, ਜੋ ਕਾਰੋਬਾਰੀ ਤੌਰ ਤੇ, ਵਸਿਆ ਤਾਂ ਭਾਰਤ ਦੇ ਕਿਸੇ ਹੋਰ ਸੂਬੇ ਵਿੱਚ ਹੈ, ਪਰ ਹੋਰ ਬਹੁਤੇ ਪੰਜਾਬੀਆਂ ਦੀ ਤਰ੍ਹਾਂ, ਆਪਣੇ ਜੱਦੀ ਪਿੰਡ ਵਿੱਚ ਉਸ ਨੇ ਸੋਹਣਾ ਘਰ ਵੀ ਬਣਾਇਆ ਹੋਇਆ ਹੈ ਅਤੇ ਉਥੇ ਆਂਦਾ ਜਾਂਦਾ ਵੀ ਰਹਿੰਦਾ ਹੈ। ਉਸ ਬਾਬੇ ਲਈ ਇਹ ਬਹੁਤੀ ਮਮੂਲੀ ਗੱਲ ਹੈ ਕਿਉਂਕਿ, ਉਸ ਦੇ ਉਸ ਪੁਰਾਣੇ ਜੋੜੀਦਾਰ ਅਨੁਸਾਰ, ਉਸ ਬਾਬੇ ਦੀ ਸਲਾਨਾ ਆਮਦਨ, ਅੱਠ ਤੋਂ ਦੱਸ ਕਰੋੜ ਸਲਾਨਾ ਹੈ। ਬਦਲੇ ਵਿੱਚ ਜਦੋਂ ਉਸ ਆਗੂ ਦੀ ਸਰਕਾਰ ਬਣ ਗਈ ਤਾਂ ਉਸ ਨੇ ਬਾਬੇ ਖਿਲਾਫ ਕੇਸ ਕਿਥੋਂ ਬਣਨ ਦੇਣਾ ਸੀ? ਸਗੋਂ ਉਸ ਸ਼ਿਕਾਇਤ ਕਰਤਾ ਅਤੇ ਜੋ ਕੁੱਝ ਵਿਅਕਤੀ ਉਸ ਨਾਲ ਸਹਿਯੋਗ ਕਰ ਰਹੇ ਸਨ, ਨੂੰ ਹੀ ਜੇਲ੍ਹ ਵਿੱਚ ਸੁੱਟ ਦਿੱਤਾ। ਜਿਹੜੇ ਉਸ ਦੇ ਸਹਿਯੋਗੀ ਸਨ, ਕੁੱਝ ਸਮਾਂ ਜੇਲ੍ਹ ਦੇ ਰੱਗੜੇ, ਅਤੇ ਪੁਲੀਸ ਦੀਆਂ ਵਧੀਕੀਆਂ ਸਹਿ ਕੇ ਗੋਡੇ ਟੇਕ ਗਏ ਅਤੇ ਉਹ ਵਿਚਾਰਾ ਇਕੱਲਾ ਥਾਣਿਆਂ ਅਤੇ ਅਦਾਲਤਾਂ ਦੇ ਚੱਕਰ ਕਟਦਾ ਫਿਰ ਰਿਹਾ ਹੈ। ਅਸਲ ਵਿੱਚ ਇਨ੍ਹਾਂ ਦੋਹਾਂ ਦੇ ਆਪਸ ਵਿੱਚ ਲੈਣ-ਦੇਣ ਦੇ ਦੋ-ਪਾਸੀ ਸਬੰਧ ਹਨ, ਜੇ ਚੋਣਾਂ ਵੇਲੇ ਧਾਰਮਿਕ ਅਖਾਉਣ ਵਾਲੇ ਇਹ ਆਗੂ ਸਿਆਸੀ ਆਗੂਆਂ ਨੂੰ ਮਾਇਕ ਪਖੋਂ ਅਤੇ ਆਪਣੇ ਪੈਰੋਕਾਰਾਂ ਦੀਆਂ ਵੋਟਾਂ ਨਾਲ ਨਿਵਾਜਦੇ ਹਨ ਤਾਂ ਸਰਕਾਰ ਬਣਨ ਤੋਂ ਬਾਅਦ ਸਿਆਸੀ ਆਗੂ ਜਿਥੇ ਉਨ੍ਹਾਂ ਦੇ ਪਾਪ ਕਰਮਾਂ ਨੂੰ ਅੱਖੋਂ ਪਰੋਖੇ ਕਰ ਕੇ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਤੋਂ ਬਚਾਉਂਦੇ ਹਨ ਉਥੇ ਨਾਲ ਹੀ ਉਨ੍ਹਾਂ ਸਰਕਾਰੀ ਮਸ਼ੀਨਰੀ ਦੀ ਵਰਤੋਂ ਨਾਲ ਬਹੁਤ ਵੱਡੇ ਮਾਇਕ ਲਾਭ ਵੀ ਪਹੁੰਚਾਉਂਦੇ ਹਨ। ਪਿਛਲੀ ਪੰਥਕ ਕਹਾਉਣ ਵਾਲੀ ਸਰਕਾਰ ਨੇ ਡੇਰਾ ਬਿਆਸ ਨੂੰ ਮੋਹਾਲੀ {ਸਾਹਿਬਜਾਦਾ ਅਜ਼ੀਤ ਸਿੰਘ ਨਗਰ} ਵਿੱਚ ਲੱਖਾਂ ਰੁਪਏ ਗਜ਼ ਵਾਲੀ ਜਮੀਨ ਇੱਕ ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਦੋ ਸੌ ਏਕੜ ਤੋਂ ਜਿਆਦਾ ਦੇ ਦਿੱਤੀ ਹੈ। ਨਿਰੰਕਾਰੀਆਂ ਤੇ ਸੱਚਾ ਸੌਦਾ ਸਾਧ ਨੂੰ ਮੁੱਖ ਸੜਕਾਂ ਤੇ ਕੌਡੀਆਂ ਦੇ ਭਾਅ ਸਰਕਾਰੀ ਜਮੀਨਾਂ ਦਿੱਤੀਆਂ ਗਈਆਂ ਹਨ। ਇਸ ਤਰ੍ਹਾਂ ਸਾਡੇ ਸਿਆਸੀ ਆਗੂਆਂ ਦੇ ਪਖੰਡੀ ਸਾਧਾਂ ਨਾਲ ਬੜੇ ਪੱਕੇ ਸਬੰਧ ਹਨ।

ਉਂਝ ਇਨ੍ਹਾਂ ਸਿਆਸੀ ਆਗੂਆਂ ਨੂੰ ਕੌਮ ਦੇ ਨਾਂ ਤੇ ਮਗਰਮੱਛ ਦੇ ਅਥਰੂ ਵਗਾਉਂਣੇ ਖੂਬ ਆਉਂਦੇ ਹਨ। ਪਰ ਅਸਲੀ ਮਕਸਦ ਇਕੋ ਹੈ ਕਿ ਪੰਥ ਪੰਥ ਕਰਕੇ ਸਿੱਖਾਂ ਦੀਆਂ ਵੋਟਾਂ ਤੇ ਗਲਬਾ ਪਾਈ ਰਖਿਆ ਜਾਵੇ। ਜੇ ਕਿਤੇ ਇਨ੍ਹਾਂ ਦਾ ਰਾਜ ਹੋਵੇ, ਫਿਰ ਤਾਂ ਰਾਜ ਨੂੰ ਬਚਾਉਂਣਾ ਹੀ ਸਭ ਤੋਂ ਵੱਡਾ ਧਰਮ ਹੈ, ਭਾਵੇਂ ਕੌਮ ਸਾਰੀ ਬਰਬਾਦ ਹੋ ਜਾਵੇ। ਵੈਸੇ ਇਨ੍ਹਾਂ ਆਗੂਆਂ ਦੇ ਹੁੰਦਿਆਂ, ਸਾਨੂੰ ਬਾਹਰੋਂ ਕਿਸੇ ਦੁਸ਼ਮਨ ਦੀ ਲੋੜ ਕੋਈ ਨਹੀਂ।

੧੯੭੮ ਵਿੱਚ ਨਿਰੰਕਾਰੀ ਕਾਂਡ ਵੇਲੇ ਕੀ ਹੋਇਆ? ਵਿਸਾਖੀ ਦੇ ਪਾਵਨ ਪੁਰਬ ਤੇ, ਸਿੱਖੀ ਦੇ ਕੇਂਦਰ ਅੰਮ੍ਰਿਤਸਰ ਵਿਚੋਂ ੧੩ ਸਿੱਖਾਂ ਦਾ ਕਤਲ ਕਰਕੇ ਪਖੰਡੀ ਨਿਰੰਕਾਰੀ ਸਾਧ ਸਾਫ ਨਿਕਲ ਗਿਆ। ਇਸ ਗੱਲ ਦੇ ਪੱਕੇ ਪ੍ਰਮਾਣ ਹਨ ਕਿ ਇੱਕ ਉੱਘਾ ਅਕਾਲੀ ਆਗੂ ਉਸ ਨੂੰ ਆਪਣੀ ਕਾਰ ਵਿੱਚ ਦਿੱਲੀ ਪਹੁੰਚਾ ਕੇ ਆਇਆ। ਫੇਰ ਕੇਸ ਦੀ ਪੈਰਵੀ ਇਤਨੀ ਲਾਜੁਆਬ ਕੀਤੀ ਕਿ ਪੂਰੀ ਮੰਡਲੀ ਵਿਚੋਂ, ਕਿਸੇ ਨੂੰ ਵੀ, ਇੱਕ ਦਿਨ ਦੀ ਵੀ ਸਜ਼ਾ ਨਹੀਂ ਹੋਈ। ਅਖੀਰ ਸਿੱਖਾਂ ਨੂੰ ਆਪ ਨਿਆਂ ਕਰਨਾ ਪਿਆ। ਹਾਲਾਂਕਿ ਐਸਾ ਵੀ ਕੋਈ ਜ਼ਰੂਰੀ ਨਹੀਂ ਸੀ ਕਿ ਉਨ੍ਹਾਂ ਖਿਲਾਫ ਲੋੜੀਂਦੀ ਕਾਰਵਾਈ ਕਰ ਕੇ ਇਨ੍ਹਾਂ ਦੀ ਸਰਕਾਰ ਨੂੰ ਜ਼ਰੂਰੀ ਕੋਈ ਖਤਰਾ ਹੋ ਜਾਣਾ ਸੀ। ਜੇ ਕੌਮ ਦੀ ਗੱਲ ਨਾ ਵੀ ਕਰੀਏ ਤਾਂ ਇਨ੍ਹਾਂ ਨਿਆਂ ਕਰਨ ਦਾ ਆਪਣਾ ਰਾਜ ਧਰਮ ਵੀ ਨਹੀਂ ਨਿਭਾਇਆ।

ਇਕ ਵੱਡੀ ਗਲਤੀ ਸਾਡੀ ਵੀ ਹੈ, ਅਸੀਂ ਹਰ ਮਸਲੇ ਨੂੰ ਭਾਵੁਕਤਾ ਨਾਲ ਹੱਲ ਕਰਨਾ ਚਾਹੁੰਦੇ ਹਾਂ। ਹਰ ਲੜਾਈ ਨੂੰ ਤਲਵਾਰ ਨਾਲ ਲੜਨਾ ਚਾਹੁੰਦੇ ਹਾਂ। ਹਰ ਮਸਲੇ ਨੂੰ ਬਹੁਤ ਸੰਕੀਰਨਤਾ ਨਾਲ ਵੇਖਦੇ ਹਾਂ। ਵੇਖਣ ਦੀ ਗੱਲ ਇਹ ਹੈ ਕਿ ਲੜਾਈ ਡੇਰਾਵਾਦ ਦੇ ਸਿਸਟਮ ਦੇ ਖਿਲਾਫ ਹੈ ਯਾ ਇੱਕ ਡੇਰੇ ਦੇ? ਬੇਸ਼ਕ ਜਿਨ੍ਹਾਂ ਨੇ ਗੁਰਬਚਨ ਨਿਰੰਕਾਰੀ ਨੂੰ ਆਪਣੀਆਂ ਜਾਨਾਂ ਤਲੀ ਤੇ ਰੱਖ ਕੇ ਉਸ ਦੇ ਪਾਪ ਦੀ ਸਜ਼ਾ ਦਿੱਤੀ, ਉਨ੍ਹਾਂ ਦੀ ਕੁਰਬਾਨੀ ਲਾਸਾਨੀ ਹੈ। ਪਰ ਕੀ ਗੱਲ ਇਥੇ ਹੀ ਨਿਬੜ ਗਈ? ਕੀ ਮਸਲਾ ਹੱਲ ਹੋ ਗਿਆ? ਕੀ ਨਿਰੰਕਾਰੀ ਸੰਸਥਾ ਮੁਕ ਗਈ? ਨਹੀਂ! ਸਗੋਂ ਅੱਜ ਵੀ ਵੱਧ ਫੁਲ ਰਹੀ ਹੈ, ਸ਼ਾਇਦ ਪਹਿਲੇ ਨਾਲੋਂ ਵੀ ਵਧੇਰੇ। ਜੋ ਲੜਾਈ ਬੌਧਿਕ ਸੀ ਅਤੇ ਬੌਧਿਕ ਪੱਧਰ ਤੇ ਲੜੀ ਜਾਣੀ ਚਾਹੀਦੀ ਸੀ, ਉਹ ਤਾਂ ਅਜੇ ਤਕ ਸ਼ੁਰੂ ਹੀ ਨਹੀ ਹੋਈ। ਸ਼ੁਰੂ ਕਰੇ ਵੀ ਕੌਣ? ਜਿਸ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਬਣਦਾ ਸੀ, ਉਸ ਤੇ ਤਾਂ ਅਸਿੱਧੇ ਤੌਰ ਤੇ ਪੰਥ ਦੀ ਸਭ ਤੋਂ ਦੋਖੀ ਜਮਾਤ ਆਰ. ਐਸ. ਐਸ. ਦਾ ਕਬਜ਼ਾ ਹੈ। ਸਭ ਪਾਲਿਸੀਆਂ ਅਤੇ ਪ੍ਰੋਗਰਾਮ ਉਨ੍ਹਾਂ ਅਨੁਸਾਰ ਹੀ ਬਣਾਏ ਜਾਂਦੇ ਹਨ। ਹਾਂ ਕੌਮ ਨੂੰ ਮੂਰਖ ਬਣਾਉਣ ਲਈ ਇਸ ਦੇ ਆਗੂ ਬਿਆਨਾਂ ਦੇ ਗਰਮ ਗਰਮ ਗੋਲੇ ਅਕਸਰ ਦਾਗਦੇ ਰਹਿੰਦੇ ਹਨ। ਅਜ ਜੋ ਮਾੜੀ ਮੋਟੀ ਲੜਾਈ ਲੜੀ ਵੀ ਜਾ ਰਹੀ ਹੈ, ਇੱਕ ਡੇਰੇ ਦੇ ਖਿਲਾਫ ਹੀ ਲੜੀ ਜਾ ਰਹੀ ਹੈ। ਇੱਕ ਪਾਸੇ ਅਕਾਲੀ ਦਲ ਝੂਠੇ ਸੌਦੇ ਵਾਲੇ ਸਾਧ ਦੇ ਖਿਲਾਫ ਜੰਗ ਕਰਨ ਦੀਆਂ ਗਲਾਂ ਕਰਦਾ ਹੈ, ਦੂਸਰੇ ਪਾਸੇ ਪ੍ਰਕਾਸ਼ ਸਿੰਘ ਬਾਦਲ ਤੇ ਉਸ ਦਾ ਪੁੱਤਰ ਵੋਟਾਂ ਦੀ ਖਾਤਿਰ ਆਪ, ਰਾਮ ਰਹੀਮ ਅੱਗੇ ਵੀ ਨੱਕ ਰਗੜਦੇ ਰਹੇ ਹਨ। ਕੁੱਝ ਸਮਾਂ ਪਹਿਲਾਂ ਜਦੋਂ ਇੰਡੀਆ ਟੀ ਵੀ ਵਾਲਿਆਂ ਨੇ ਰਾਮ ਰਹੀਮ ਦੀਆਂ ਕਰਤੂਤਾਂ ਜਨਤਾ ਨੂੰ ਵਿਖਾਈਆਂ, ਉਥੇ ਬਾਦਲ ਪਿਓ ਪੁੱਤਰਾਂ ਨੂੰ ਵੀ ਬਾਰ ਬਾਰ ਉਸ ਅਗੇ ਨਿਉਂਦੇ ਵਿਖਾਇਆ ਗਿਆ। ਅਕਾਲੀ ਦਲ ਦਾ ਪ੍ਰਧਾਨ ਅਤੇ ਪੰਜਾਬ ਦਾ ਮੁੱਖ ਮੰਤਰੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸਤਿਗੁਰੂ ਰਾਮ ਸਿੰਘ ਦੇ ਨਾਂ ਦੀ ਚੇਅਰ ਸਥਾਪਤ ਕਰਦਾ ਹੈ, ਨਾਮਧਾਰੀਆਂ ਦੇ ਭੈਣੀ ਵਿਖੇ ਡੇਰੇ ਤੇ ਜਾ ਕੇ ਇੱਕ ਵਿਅਕਤੀ ਅਗੇ ਨੱਕ ਰਗੜਦਾ ਹੈ, ਉਸ ਦੀ ਪਤਨੀ ਦੀਆਂ, ਸਿੱਖ ਅਤੇ ਸਿੱਖੀ ਦੇ ਵੱਡੇ ਦੁਸ਼ਮਨ, ਆਸ਼ੂਤੋਸ਼ ਦੇ ਚਰਨਾਂ ਵਿੱਚ ਬੈਠੀ ਦੀਆਂ ਫੋਟੋ ਕਈ ਵਾਰੀ ਛੱਪ ਚੁਕੀਆਂ ਹਨ। ਉਸ ਵਲੋਂ ਆਸ਼ੂਤੋਸ਼ ਦੇ ਡੇਰਿਆਂ ਨੂੰ ਵਿਸ਼ੇਸ਼ ਸਹੂਲਤਾਂ ਦਿਵਾਉਣ ਦੀਆਂ ਖ਼ਬਰਾਂ ਵੀ ਸੁਰਖੀਆਂ ਬਣਦੀਆਂ ਰਹੀਆਂ ਹਨ। ਕੀ ਇਹ ਡੇਰਾਵਾਦ ਨੂੰ ਪ੍ਰੋਤਸਾਹਿਤ ਕਰਨਾ ਨਹੀਂ? ਕੀ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਘੋਰ ਅਪਮਾਨ ਨਹੀਂ? ਚਲੋ ਜੇ ਮੈਂ ਧਰਮ ਦੀ ਗੱਲ ਨਾ ਵੀ ਕਰਾਂ, ਤਾਂ ਕੀ ਸਮਾਜ ਦੇ ਸੋਸ਼ਨ ਨੂੰ ਰੁਕਵਾਉਣਾ ਸਰਕਾਰ ਦਾ ਕੰਮ ਨਹੀਂ? ਉਂਝ ਵੀ ਬਾਦਲਕਿਆਂ ਦੀ ਸਰਸੇ ਦੇ ਡੇਰੇ ਨਾਲ ਲੜਾਈ, ਕੋਈ ਸਿੱਖੀ ਸਿਧਾਂਤਾਂ ਯਾ ਸਤਿਗੁਰੂ ਜੀ ਦੇ ਅਪਮਾਨ ਦੀ ਲੜਾਈ ਨਹੀਂ। ਇਹ ਤਾਂ ਕਿਉਂਕਿ ਪਿਛਲੀਆਂ ਪੰਜਾਬ ਦੀਆਂ ਚੋਣਾਂ ਵਿੱਚ ਰਾਮ ਰਹੀਮ ਨੇ ਆਪਣੇ ਚੇਲਿਆਂ ਨੂੰ ਕਾਂਗਰਸ ਨੂੰ ਵੋਟਾਂ ਪਾਣ ਲਈ ਕਹਿ ਦਿੱਤਾ, ਬਾਦਲ ਨੇ ਰਾਜ ਸਤਾ ਮਿਲਣ ਤੇ ਉਸ ਦੀ ਕੁੱਝ ਰੜਕ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਇਹ ਕੰਮ ਵੀ ਬੜੇ ਢੰਗ ਨਾਲ ਕੀਤਾ ਗਿਆ, ਕਿ ਕਿਤੇ ਪੱਕੀ ਦੁਸ਼ਮਨੀ ਹੀ ਨਾ ਬਣ ਜਾਵੇ ਅਤੇ ਉਸ ਦੇ ਪੈਰੋਕਾਰਾਂ ਦੀਆਂ ਵੋਟਾਂ ਪੱਕੇ ਤੌਰ ਤੇ ਹੀ, ਵਿਰੋਧੀ ਧਿਰ ਕੋਲ ਨਾ ਚਲੀਆਂ ਜਾਣ। ਹੁਣ ੨੦੧੭ ਦੀਆਂ ਚੋਣਾਂ ਨੇੜੇ ਵੇਖ ਕੇ ਅਕਾਲ ਤਖਤ ਤੋਂ ਪਖੰਡੀ ਰਾਮ ਰਹੀਮ ਨੂੰ ਮੁਆਫ ਕਰਾਉਣ ਦਾ ਡਰਾਮਾ ਰੱਚ ਦਿੱਤਾ ਤਾਂ ਕਿ ਉਸ ਦੇ ਪੈਰੋਕਾਰਾਂ ਦੀਆਂ ਵੋਟਾਂ ਲੈਣ ਵਾਸਤੇ ਰਾਹ ਪੱਧਰਾ ਕੀਤਾ ਜਾ ਸਕੇ। ਇਹ ਅਲੱਗ ਗੱਲ ਹੈ ਕਿ ਕੌਮ ਵਿੱਚ ਕੁੱਝ ਚੇਤਨਤਾ ਆਉਣ ਕਾਰਨ ਇਸ ਵਾਰੀ ਵਾਰ ਪੁੱਠਾ ਪੈ ਗਿਆ।

ਅਸਲ ਵਿੱਚ ਅੱਜ ਸਿੱਖ ਕੌਮ ਦੀ ਸਭ ਤੋਂ ਵੱਡੀ ਸਮੱਸਿਆ ਹੈ, ਯੋਗ, ਇਮਾਨਦਾਰ ਅਤੇ ਪੰਥ ਪ੍ਰਸਤ ਅਗਵਾਈ ਦਾ ਨਾ ਹੋਣਾ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵੀ ਸਾਨੂੰ ਸੁਚੇਤ ਕਰਦੀ ਹੈ:

"ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ।। ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ।। " (ਮਹਲਾ ੧, ਪੰਨਾ ੭੬੭)

ਜੇ ਕਿਸੇ ਮਨੁੱਖ ਦਾ ਆਗੂ ਉਹ ਮਨੁੱਖ ਬਣ ਜਾਏ ਜੋ ਆਪ ਹੀ ਮਾਇਆ ਦੇ ਮੋਹ ਵਿੱਚ ਅੰਨ੍ਹਾ ਹੋਇਆ ਪਿਆ ਹੈ, ਤਾਂ ਉਹ ਜੀਵਨ-ਸਫ਼ਰ ਦਾ ਸਿੱਧਾ ਰਸਤਾ ਨਹੀਂ ਸਮਝ ਸਕਦਾ, ਕਿਉਂਕਿ ਉਹ ਆਗੂ ਅਪ ਹੀ ਹੋਛੀ ਅਕਲ ਦੇ ਕਾਰਨ (ਕਾਮਾਦਿਕ ਵਿਕਾਰਾਂ ਦੇ ਹੱਥੋਂ) ਲੁਟਿਆ ਜਾ ਰਿਹਾ ਹੈ (ਉਸ ਦੀ ਅਗਵਾਈ ਵਿੱਚ ਤੁਰਨ ਵਾਲਾ ਵੀ) ਕਿਵੇਂ ਰਾਹ ਲੱਭ ਸਕਦਾ ਹੈ ?

"ਨਾਨਕ ਅੰਧਾ ਹੋਇ ਕੈ ਦਸੇ ਰਾਹੈ ਸਭਸੁ ਮੁਹਾਏ ਸਾਥੈ।।

ਅਗੈ ਗਇਆ ਮੁਹੇ ਮੁਹਿ ਪਾਹਿ ਸੁ ਐਸਾ ਆਗੂ ਜਾਪੈ।। " (ਮਃ ੧, ਪੰਨਾ ੧੪੦)

ਹੇ ਨਾਨਕ! ਜੋ ਮਨੁੱਖ ਆਪ ਅੰਨ੍ਹਾ ਹੈ, ਪਰ ਹੋਰਨਾਂ ਨੂੰ ਰਾਹ ਦੱਸਦਾ ਹੈ, ਉਹ ਸਾਰੇ ਸਾਥ ਨੂੰ ਲੁਟਾ ਦੇਂਦਾ ਹੈ। ਅੱਗੇ ਚੱਲ ਕੇ ਮੂੰਹੋਂ ਮੂੰਹ ਉਸ ਨੂੰ (ਜੁੱਤੀਆਂ) ਪੈਂਦੀਆਂ ਹਨ, ਤਦੋਂ ਅਜੇਹਾ ਆਗੂ (ਅਸਲ ਰੂਪ ਵਿਚ) ਉੱਘੜਦਾ ਹੈ।

ਸਿੱਖ ਕੌਮ ਵਿੱਚ ਸਿਆਸੀ ਆਗੂਆਂ ਦੀ ਇੱਕ ਹੋਰ ਸ਼੍ਰੇਣੀ ਹੈ, ਇਹ ਆਪਣੇ ਆਪ ਨੂੰ ਅਤੇ ਆਪਣੀਆਂ ਜਥੇਬੰਦੀਆਂ ਨੂੰ ਪੰਥਕ ਹੋਣ ਦਾ ਲੇਬਲ, ਆਪੇ ਲਾਈ ਫਿਰਦੇ ਹਨ। ਮੂਲ ਰੂਪ ਵਿੱਚ ਇਹ ਉਹ ਲੋਕ ਹਨ, ਜੋ ਬਾਦਲ ਦੇ ਸਿਆਸੀ ਵਿਰੋਧੀ ਹਨ। ਇਨ੍ਹਾਂ ਵਿਚੋਂ ਕੁੱਝ ਤਾਂ ਉਹ ਹਨ, ਜੋ ਪਹਿਲਾਂ ਬਾਦਲ ਦੇ ਨਾਲ ਸਨ, ਪਰ ਉਸ ਨੇ ਉਨ੍ਹਾਂ ਨੂੰ ਬਾਹਰ ਦਾ ਰਾਹ ਵਿਖਾ ਦਿੱਤਾ। ਪਹਿਲਾਂ ਇਹ ਬਾਦਲ ਦੇ ਸ਼ਰਧਾਲੂ ਬਣ ਕੇ ਉਸ ਦੇ ਦੱਲ ਨੂੰ ਪੰਥ ਕਹਿੰਦੇ ਨਹੀਂ ਸਨ ਥਕਦੇ। ਉਸ ਤੋ ਅਲੱਗ ਹੋਣ ਤੋਂ ਬਾਅਦ ਉਸ ਨੂੰ ਨਿੰਦਦੇ ਅਤੇ ਆਪਣੇ ਉਤੇ ਪੰਥਕ ਹੋਣ ਦਾ ਲੇਬਲ ਲਾਈ ਫਿਰਦੇ ਹਨ। ਜਿਹੜੇ ਬਾਦਲ ਦਲ ਵਿਚੋਂ ਹੀ ਨਿਕਲ ਕੇ ਆਏ ਹਨ ਅਤੇ ਅਗੋਂ ਵੀ ਹਰ ਵੇਲੇ ਮੁੜ ਉਸ ਦੀ ਗੁਲਾਮੀ ਕਬੂਲਣ ਦੇ ਬਹਾਨੇ ਲੱਭਦੇ ਰਹਿੰਦੇ ਹਨ, ਉਨ੍ਹਾਂ ਦੀ ਸੋਚ ਅਤੇ ਡੇਰਿਆਂ ਬਾਰੇ ਪਹੁੰਚ ਤਾਂ ਸੁਭਾਵਕ ਹੀ ਬਾਦਲ ਦਲੀਆਂ ਵਾਲੀ ਹੋਣੀ ਹੋਈ। ਕੁੱਝ ਉਹ ਹਨ, ਜੋ ਸਿਧਾਂਤਕ ਰੂਪ ਵਿੱਚ ਬਾਦਲ ਦੇ ਕੁਕਰਮਾਂ ਦਾ ਵਿਰੋਧ ਕਰਦੇ ਹਨ, ਇਨ੍ਹਾਂ ਵਿਚੋਂ ਬਹੁਤੇ ਪਿਛਲੇ ਸਮੇਂ ਦੇ ਸਿੱਖ ਸੰਘਰਸ਼ ਵਿਚੋਂ ਉਭਰੇ ਹਨ। ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਦੂਸਰਿਆਂ ਦੀ ਪਹੁੰਚ ਵੀ ਡੇਰਾਵਾਦ ਬਾਰੇ ਹਾਸੋਹੀਣੀ ਹੈ। ਇਹ ਆਸ਼ੂਤੋਸ਼, ਨਿਰੰਕਾਰੀ, ਪਿਆਰਾ ਭਨਿਆਰਾ, ਰਾਮ ਰਹੀਮ, ਰਾਧਾ ਸੁਆਮੀਆਂ ਆਦਿ ਦਾ ਤਾਂ ਵਿਰੋਧ ਕਰਦੇ ਹਨ, ਪਰ ਬਾਕੀ ਡੇਰੇਦਾਰਾਂ ਨਾਲ ਸਾਂਝ ਬਣਾਕੇ ਰੱਖਦੇ ਹਨ। ਇਨ੍ਹਾਂ ਦਾ ਤਰਕ ਹੈ ਕਿ, ਇਹ ਉਸ ਸ਼੍ਰੇਣੀ ਵਿੱਚ ਨਹੀਂ ਆਉਂਦੇ, ਕਿਉਂਕਿ ਉਹ ਆਪਣੇ ਡੇਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕਰਦੇ ਅਤੇ ਇਹ ਕਰਦੇ ਹਨ।

ਪਹਿਲਾਂ ਉਹ ਸਾਰੇ ਡੇਰੇ ਵੀ ਤਾਂ ਕਰਦੇ ਸਨ, ਜਦੋਂ ਉਨ੍ਹਾਂ ਦੀ ਦੁਕਾਨ ਚੰਗੀ ਚਲ ਗਈ, ਆਪਣੇ ਆਪ ਨੂੰ ਗੁਰੂ ਦੇ ਤੌਰ ਤੇ ਸਥਾਪਿਤ ਕਰ ਲਿਆ, ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਲੋੜ ਨਹੀਂ ਰਹੀ। ਅਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ, ਇਨ੍ਹਾਂ ਦੀ ਕਾਰੋਬਾਰੀ ਲੋੜ ਹੈ, ਕਿਉਂਕਿ ਇਸ ਨਾਲ ਹੀ ਇਨ੍ਹਾਂ ਦੀ ਦੁਕਾਨਦਾਰੀ ਚਲ ਰਹੀ ਹੈ। ਬਾਕੀ ਇਨ੍ਹਾਂ ਦੇ ਡੇਰਿਆਂ ਵਿੱਚ ਸਾਰੇ ਉਹੀ ਬ੍ਰਾਹਮਣੀ ਕਰਮ ਕੀਤੇ ਤੇ ਕਰਾਏ ਜਾ ਰਹੇ ਹਨ। ਇਨ੍ਹਾਂ ਪੰਥਕ ਜਥੇਬੰਦੀਆਂ ਦੀ ਪਹੁੰਚ ਜਿਥੇ ਡੇਰਾਵਾਦ ਬਾਰੇ ਦੋਗਲੀ ਹੈ, ਉਥੇ ਹੋਰ ਸਿਧਾਂਤਕ ਪੰਥਕ ਮੁੱਦਿਆਂ ਬਾਰੇ ਵੀ ਦੋਗਲੀ ਹੈ। ਜਿਥੇ ਸਿਧਾਂਤ ਅਤੇ ਸਿਰਾਂ ਦੀ ਗਿਣਤੀ ਵਿੱਚ ਟਕਰਾ ਆ ਜਾਵੇ, ਇਹ ਸਿਧਾਂਤ ਨੂੰ ਪਿੱਛੇ ਛੱਡਕੇ ਵਧੇਰੇ ਸਿਰਾਂ ਨਾਲ ਜੁੜਨ ਨੂੰ ਹੀ ਤਰਜੀਹ ਦੇਂਦੇ ਹਨ। ਇਸੇ ਨੂੰ ਇਹ ਆਪਣੀ ਪੰਥਕ ਨੀਤੀ ਕਹਿੰਦੇ ਹਨ। ਆਪਣੀ ਇਸੇ ਦੋਗਲੀ ਪਹੁੰਚ ਕਾਰਨ, ਇਹ ਪੰਥਕ ਕਹਾਉਣ ਵਾਲੀਆਂ ਜਥੇਬੰਦੀਆਂ, ਅੱਜ ਤਕ ਸਿੱਖ ਸੰਗਤ ਵਿੱਚ ਆਪਣਾ ਕੋਈ ਅਧਾਰ ਨਹੀਂ ਬਣਾ ਸਕੀਆਂ, ਕਿਉਂਕਿ ਕਿਸੇ ਗੈਰ ਸਿਧਾਂਤਕ ਧਿਰ ਦੇ ਟਾਕਰੇ ਤੇ ਉਹੋ ਸਥਾਪਤ ਹੋ ਸਕਦਾ ਹੈ, ਜੋ ਸਿਧਾਂਤ ਤੇ ਦ੍ਰਿੜ ਅਤੇ ਅਡਿੱਗ ਹੋਵੇ। ਹਾਕਮ ਸਿਆਸੀ ਆਗੂਆਂ ਵਾਂਗ ਹੀ, ਇਹ ਇਨ੍ਹਾਂ ਡੇਰਿਆਂ ਤੇ ਅਤੇ ਡੇਰੇਦਾਰਾਂ ਦੇ ਪ੍ਰੋਗਰਾਮਾਂ ਵਿੱਚ ਜਾਂਦੇ ਹਨ, ਉਨ੍ਹਾਂ ਨਾਲ ਸਾਂਝੀਆਂ ਮੀਟਿੰਗਾ ਕਰਦੇ ਹਨ, ਸਾਂਝੇ ਪ੍ਰੋਗਰਾਮ ਉਲੀਕਦੇ ਹਨ, ਉਨ੍ਹਾਂ ਦੀਆਂ ਗੱਦੀ ਨਸ਼ੀਨੀਆਂ ਤੇ ਉਨ੍ਹਾਂ ਨੂੰ ਪੱਗਾਂ ਦੇਂਦੇ ਹਨ। ਹਾਕਮ ਧਿਰ ਅਤੇ ਇਨ੍ਹਾਂ ਵਿੱਚ ਬਸ ਏਨਾਂ ਹੀ ਫਰਕ ਹੈ ਕਿ ਬਾਬਿਆਂ ਦੇ ਧੜੇ ਵੀ ਆਪਣੇ ਆਪਣੇ ਵੰਡੇ ਹੋਏ ਹਨ। ਇਹ ਧੜੇ ਵੀ ਸਥਾਈ ਨਹੀਂ, ਹਾਲਾਤ ਨਾਲ ਬਦਲਦੇ ਰਹਿੰਦੇ ਹਨ। ਕੌਮ ਨੂੰ ਵੀਹ ਸਾਲ ਇਹ ਝੂਠ ਬੋਲ ਕੇ, ਕਿ ਭਾਈ ਜਰਨੈਲ ਸਿੰਘ ਖਾਲਸਾ ਜ਼ਿੰਦਾ ਹਨ, ਗੁੰਮਰਾਹ ਕਰਨ ਵਾਲੇ ਦਮਦਮੀ ਟਕਸਾਲ ਦੇ ਠਾਕਰ ਸਿੰਘ ਦੀ ਮੌਤ ਤੋਂ ਬਾਅਦ ਇਨ੍ਹਾਂ ਪੰਥਕ ਜਥੇਬੰਦੀਆਂ ਨੇ ਹਰਨਾਮ ਸਿੰਘ ਧੁੰਮੇ ਨੂੰ ਪੱਗਾਂ ਦਿੱਤੀਆਂ, ਜਦਕਿ ਬਾਦਲ ਦਲੀਆਂ ਅਤੇ ਉਨ੍ਹਾਂ ਦੇ ਤਨਖਾਹਦਾਰ ਜਥੇਦਾਰਾਂ ਨੇ ਬਰਾਬਰ ਤੇ ਰਾਮ ਸਿੰਘ ਨੂੰ ਮਾਨਤਾ ਦਿੱਤੀ। ਅਜ ਖੇਡ ਬਿਲਕੁਲ ਉਲਟ ਹੈ, ਧੁੰਮਾ ਪੂਰੀ ਤਰ੍ਹਾਂ ਬਾਦਲਕਿਆਂ ਦੀ ਝੋਲੀ ਵਿੱਚ ਪਿਆ ਹੈ ਅਤੇ ਰਾਮ ਸਿੰਘ ਦੀ ਹਾਲਤ ਧੋਬੀ ਦੇ…. . ਵਾਲੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਗੱਦੀਆਂ ਅਤੇ ਪੱਗਾਂ ਦੇਣ ਬਾਰੇ ਇੰਝ ਫੁਰਮਾਂਦੀ ਹੈ:

"ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ।। ਚੂਹਾ ਖਡ ਨ ਮਾਵਈ ਤਿਕਲਿ ਬੰਨੈੑ ਛਜ।।

ਦੇਨਿੑ ਦੁਆਈ ਸੇ ਮਰਹਿ ਜਿਨ ਕਉ ਦੇਨਿ ਸਿ ਜਾਹਿ।। ਨਾਨਕ ਹੁਕਮੁ ਨ ਜਾਪਈ ਕਿਥੈ ਜਾਇ ਸਮਾਹਿ।। "

(ਸਲੋਕ ਮਃ ੧, ਪੰਨਾ ੧੨੮੬)

ਉਹ ਲੋਕ ਮੂਰਖ ਕਮਲੇ ਹਨ ਜੋ (ਚੇਲਿਆਂ ਨੂੰ) (ਆਪਣੇ ਆਪ ਨੂੰ ਮਸ਼ਹੂਰ ਕਰਨ ਲਈ ਆਪਣੇ ਥਾਂ ਗੱਦੀ ਦੇਂਦੇ ਹਨ; ) ਇਹ ਲੈਣ ਵਾਲੇ ਭੀ ਬਦੀਦ ਹਨ (ਜੋ ਨਿਰੀ ਵਿਖਾਵੇ ਦੀ ਗੱਦੀ ਨਾਲ ਆਪਣੇ ਆਪ ਨੂੰ ਬਰਕਤਿ ਦੇਣ ਦੇ ਸਮਰੱਥ ਸਮਝ ਲੈਂਦੇ ਹਨ) (ਇਹਨਾਂ ਦੀ ਹਾਲਤ ਤਾਂ ਇਉਂ ਹੀ ਹੈ ਜਿਵੇਂ) ਚੂਹਾ (ਆਪ ਹੀ) ਖੁੱਡ ਵਿੱਚ ਸਮਾ (ਵੜ) ਨਹੀਂ ਸਕਦਾ, (ਤੇ ਉਤੋਂ) ਲੱਕ ਨਾਲ ਛੱਜ ਬੰਨ੍ਹ ਲੈਂਦਾ ਹੈ।

ਹੇ ਨਾਨਕ! (ਇਹੋ ਜਿਹੀਆਂ ਗੱਦੀਆਂ ਥਾਪ ਕੇ) ਜੋ ਹੋਰਨਾਂ ਨੂੰ ਅਸੀਸਾਂ ਦੇਂਦੇ ਹਨ ਉਹ ਭੀ ਮਰ ਜਾਂਦੇ ਹਨ ਤੇ ਅਸੀਸਾਂ ਲੈਣ ਵਾਲੇ ਭੀ ਮਰ ਜਾਂਦੇ ਹਨ, ਪਰ ਪਰਮਾਤਮਾ ਦੀ ਰਜ਼ਾ ਸਮਝੀ ਨਹੀਂ ਜਾ ਸਕਦੀ ਕਿ ਉਹ (ਮਰ ਕੇ) ਕਿਥੇ ਜਾ ਪੈਂਦੇ ਹਨ

ਇਨ੍ਹਾਂ ਪੰਥਕ ਜਥੇਬੰਦੀਆਂ ਨੇ, ਸੱਚੇ ਸੌਦੇ ਦੇ ਸ਼ਬਦ ਦੀ ਦੁਰਵਰਤੋਂ ਕਰਨ ਵਾਲੇ ਪਖੰਡੀ, ਰਾਮ ਰਹੀਮ ਨਾਲ ਸੰਘਰਸ਼ ਵਾਸਤੇ ਬਾਬਿਆਂ ਨਾਲ ਰੱਲ ਕੇ ਹੀ ਇੱਕ ਖਾਲਸਾ ਐਕਸ਼ਨ ਕਮੇਟੀ ਬਣਾਈ। ਹੈਰਾਨਗੀ ਦੀ ਗੱਲ ਕਿ ਇਸ ਕਮੇਟੀ ਵਿੱਚ ਅੱਧ ਪਚੱਧੇ ਅਖੌਤੀ ਬਾਬੇ ਹੀ ਸਨ। ਜਦੋਂ ਇਨ੍ਹਾਂ ਨਾਲ ਗੱਲ ਕੀਤੀ ਜਾਵੇ ਕਿ ਤੁਸੀਂ ਡੇਰਾਵਾਦ ਨਾਲ ਮੁਕਾਬਲਾ ਕਰਨ ਲਈ ਡੇਰੇਦਾਰਾਂ ਨੂੰ ਹੀ ਕੁੱਛੜ ਚੁੱਕੀ ਫਿਰਦੇ ਹੋ? ਇੱਕ ਡੇਰੇ ਖਿਲਾਫ ਲੜਾਈ ਕਰਦੇ ਪੰਜਾਹ ਹੋਰ ਡੇਰਿਆਂ ਨੂੰ ਮਾਨਤਾ ਦੇ ਰਹੇ ਹੋ, ਪ੍ਰਫੁਲਤ ਕਰ ਰਹੇ ਹੋ, ਤਾਂ ਇਹ ਕਹਿੰਦੇ ਹਨ ਕਿ ਇਸ ਵੇਲੇ ਇਹ ਗਲ ਨਹੀਂ ਕਰਨੀ, ਕੌਮ ਵਿੱਚ ਪਾੜ ਪੈ ਜਾਵੇਗੀ। ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਚਲੋ ਭਾਈ ਅਸੀਂ ਨਹੀ ਪਾਉਂਦੇ ਤੁਹਾਡੇ ਪੰਥ ਵਿੱਚ ਪਾੜ। ਜੇ ਇਹ ਪੰਥਕ ਮੁੱਖ ਧਾਰਾ ਵਿੱਚ ਮੁੜ ਆਉਂਣਾ ਚਾਹੁੰਦੇ ਹਨ, ਤਾਂ ਅਸੀਂ ਇਨ੍ਹਾਂ ਨੂੰ ਜੀ ਆਇਆਂ ਆਖਦੇ ਹਾਂ, ਪਰ ਇਨ੍ਹਾਂ ਨੂੰ, ਕੌਮ ਨੂੰ ਆਪਣੀ ਸੁਹਿਰਦਤਾ ਦਾ ਯਕੀਨ ਦੁਆਉਣ ਲਈ ਘੱਟੋ ਘੱਟ ਹੇਠ ਲਿਖੇ ਕੁੱਝ ਕੰਮ ਤਾਂ ਕਰਨੇ ਹੀ ਚਾਹੀਦੇ ਹਨ:

    1. ਆਪਣੇ ਆਪ ਨੂੰ ਮੱਥਾ ਟਿਕਾਉਣਾ ਬੰਦ ਕਰਨ।
    2. ਆਪਣੇ ਨਾਂ ਨਾਲ ਸੰਤ, ਬਾਬਾ ਯਾ ਮਹਾਪੁਰਖ ਆਦਿ ਲਿਖਣ ਦੀ ਬਜਾਏ, ਭਾਈ ਸ਼ਬਦ ਦਾ ਪ੍ਰਯੋਗ ਕਰਨ।
    3. ਆਪਣੇ ਡੇਰੇ ਅਤੇ ਭੋਲੇ ਭਾਲੇ ਸ਼ਰਧਾਲੂਆਂ ਦੀ ਅੰਧੀ ਸ਼ਰਧਾ ਕਾਰਨ ਇਕੱਤ੍ਰ ਕੀਤੀ ਮਾਇਆ ਨਾਲ ਖਰੀਦੀਆਂ ਜ਼ਮੀਨਾਂ ਜਾਇਦਾਦਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਰਜਿਸਟ੍ਰੀ ਕਰਾਉਣ।
    4. ਆਪਣੇ ਡੇਰਿਆਂ ਨੂੰ ਗੁਰਦੁਆਰੇ ਬਣਾਕੇ ਉਨ੍ਹਾਂ ਦੇ ਪ੍ਰਬੰਧ ਲਈ ਸੰਗਤੀ ਕਮੇਟੀਆਂ ਬਨਾਉਣ।
    5. ਆਪਣੇ ਡੇਰਿਆਂ ਵਿੱਚ ਇੱਕਠੀ ਕੀਤੀ ਵਿਹਲੜਾਂ ਦੀ ਫੌਜ ਨੂੰ ਕਿਰਤ ਕਮਾਈ ਵਿੱਚ ਲਾਉਣ।

ਅਸਲ ਵਿੱਚ ਇਹ ਸਾਰੇ ਆਉਂਣ ਵਾਲੇ ਕੱਲ ਦੇ ਸੱਚੇ ਸੌਦੇ, ਆਸ਼ੂਤੋਸ਼, ਭਨਿਆਰੇ ਅਤੇ ਨਿਰੰਕਾਰੀ ਹਨ। ਬਸ ਮੌਕਾ ਮਿਲਣ ਦੀ ਗਲ ਹੈ ਕਿਸ ਨੂੰ ਕਦੋਂ ਕੀ ਬਣਨ ਦਾ ਮੌਕਾ ਮਿਲਦਾ ਹੈ। ਜੇ ਮੰਨ ਲਓ ਕਿਸੇ ਨੂੰ ਇਹ ਮੌਕਾ ਨਾ ਵੀ ਮਿਲੇ ਤਾਂ ਵੀ ਇਹ ਐਸੀ ਚਿੱਟੀ ਸਿਉਂਕ ਹੈ ਜੋ ਸਿੱਖੀ ਦੇ ਸੁੰਦਰ ਦਰੱਖਤ ਨੂੰ ਸਿਧਾਂਤਕ ਤੌਰ ਤੇ ਅੰਦਰੋ ਅੰਦਰੀ ਖੋਖਲਾ ਕਰੀ ਜਾ ਰਹੀ ਹੈ। ਜੇ ਕੌਮ ਨੇ ਇਸ ਚਿੱਟੀ ਸਿਉਂਕ ਦੇ ਟਾਕਰੇ ਲਈ ਕੋਈ ਫੌਰੀ ਹਲ ਨਾ ਲੱਭਿਆ ਤਾਂ ਜ਼ੁਲਮ ਦੀਆਂ ਹਨੇਰੀਆਂ ਅੱਗੇ ਸਿੱਖ ਕੌਮ ਦਾ ਵੀ ਉਹੀ ਹਾਲ ਹੋਵੇਗਾ ਜੋ ਝਖੜ ਝੁਲਣ ਤੇ ਅੰਦਰੋਂ ਖੋਖਲੇ ਦਰਖਤਾਂ ਦਾ ਹੁੰਦਾ ਹੈ।

ਹਾਕਮ ਅਕਾਲੀ ਆਗੂਆਂ ਦੀ ਤਰ੍ਹਾਂ ਹੀ, ਇਨ੍ਹਾਂ ਦੂਜੀ ਕਤਾਰ ਦੇ ਸਿਆਸੀ ਆਗੂਆਂ ਵਿੱਚ ਵੀ ਇਨ੍ਹਾਂ ਅਖੌਤੀ ਬਾਬਿਆਂ ਬਾਰੇ ਸੱਚ ਕਹਿਣ ਦੀ ਜੁਰੱਤ ਨਹੀਂ। ਇਹ ਕੌਮ ਦੀ ਵੱਡੀ ਤਰਾਸਦੀ ਹੈ ਕਿ ਅਜ ਗੁਰਮਤਿ ਤੇ ਪਹਿਰਾ ਦੇਣ ਵਾਲਾ ਅਤੇ ਕੌਮ ਨੂੰ ਗੁਰਮਤਿ ਅਨੁਸਾਰ ਸਿਆਸੀ ਅਗਵਾਈ ਦੇਣ ਵਾਲਾ ਕੋਈ ਵੀ ਨਹੀਂ। ਇਸ ਸੰਵੇਦਨਸ਼ੀਲ ਵਿਸ਼ੇ ਤੇ ਇਨ੍ਹਾਂ ਪੰਥਕ (?) ਆਗੂਆਂ ਨੇ ਵੀ ਆਪਣਾ ਸਿਧਾਂਤਕ ਦਿਵਾਲੀਆਪਨ ਹੀ ਵਿਖਾ ਦਿੱਤਾ ਹੈ।

(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਸੰਪੂਰਨ ਹੋ ਗਈ ਹੈ। ਇਸ ਦਾ ਇੱਕ ਭਾਗ ਹਰ ਹਫਤੇ ਇਸ ਵੈਬ ਸਾਈਟ ਤੇ ਛਾਪਿਆ ਜਾ ਰਿਹਾ ਹੈ। ਜੋ ਸੂਝਵਾਨ ਪਾਠਕ ਇਸ ਬਾਰੇ ਉਸਾਰੂ ਸੁਝਾਅ ਦੇ ਸਕਣ, ਉਨ੍ਹਾਂ ਨੂੰ ਅਗਲੇ ਪੰਜ ਦਿਨਾਂ ਵਿੱਚ ਸੁਝਾਅ ਦੇਣ ਦੀ ਬੇਨਤੀ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਕਿਤਾਬ ਛਪਾਈ ਵਾਸਤੇ ਚਲੀ ਜਾਵੇਗੀ। ਕਿਤਾਬ ਛਪਣ ਤੋਂ ਪਹਿਲਾਂ ਆਏ ਹਰ ਸੁਝਾਅ ਨੂੰ ਜੀ ਆਇਆ ਆਖਿਆ ਜਾਵੇਗਾ ਅਤੇ ਲੇਖਕ ਸੁਝਾਅ ਭੇਜਣ ਵਾਲਿਆਂ ਦਾ ਧੰਨਵਾਦੀ ਹੋਵੇਗਾ)

ਰਾਜਿੰਦਰ ਸਿੰਘ

(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)

email: [email protected]




.