. |
|
ਸਚ ਖੰਡ
ਨਿਰਗੁਣ ਭਗਤੀ ਕਾਲ ਦੇ ਅਸਤ ਹੁੰਦਿਆਂ ਹੀ ਧਰਮ ਦਾ
*ਧੰਦਾ
ਕਰਨ ਵਾਲੇ ਮਾਇਆ-ਦਾਸ ਧਾਂਧਲੀਆਂ ਨੇ ਗੁਰਮਤਿ ਦੇ ਪਰਮ ਪਵਿੱਤਰ ਲਾਸਾਨੀ ਫ਼ਲਸਫ਼ੇ ਨੂੰ ਇੱਕ ਧਰਮ
ਵਿਸ਼ੇਸ਼ ਦਾ ਨਾਮ ਦੇ ਕੇ ਇਸ ਦਾ ਧੰਦਾ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਨਾਪਾਕ ਧੰਦੇ ਨੂੰ ਪ੍ਰਫ਼ੁੱਲਿਤ
ਕਰਕੇ ਇਸ ਨੂੰ ਵੱਧ ਤੋਂ ਵੱਧ ਲਾਭਦਾਇਕ ਬਣਾਉਣ ਵਾਸਤੇ ਲੋਟੂ ਲਾਣੇ ਨੇ ਜਿਹੜੇ ਦਾਉ-ਪੇਚ ਵਰਤੇ,
ਉਨ੍ਹਾਂ ਵਿੱਚੋਂ ਇੱਕ ਹੈ: ਗੁਰਬਾਣੀ ਦੇ ਸਿੱਧਾਂਤਕ ਸ਼ਬਦਾਂ ਦੀ ਗ਼ਲਤ ਵਰਤੋਂ। ਉਂਞ ਤਾਂ
ਅਜਿਹੇ ਸ਼ਬਦ ਅਨੇਕ ਹਨ, ਪਰੰਤੂ ਹਥਲੇ ਲੇਖ ਵਿੱਚ ਅਸੀਂ ਨਾਨਕ-ਬਾਣੀ ਦੇ ਅਤਿ ਪਵਿੱਤਰ ਤੇ
ਸਤਿਕਾਰਤ ਸ਼ਬਦ-ਜੁੱਟ "ਸਚ
ਖੰਡ" ਦੀ ਕੀਤੀ ਜਾ ਰਹੀ ਛਲਪੂਰਨ ਅਯੋਗ
ਵਰਤੋਂ ਬਾਰੇ ਵਿਚਾਰ ਕਰਨੀ ਹੈ।
( *ਧੰਦਾ
ਜਾਂ ਧੰਧਾ: ਵੱਧ ਤੋਂ ਵੱਧ ਮਾਇਕ ਲਾਭ ਵਾਸਤੇ
ਕੀਤਾ ਜਾਂਦਾ ਕੰਮ। ਧਾਂਧਲੀ ਜਾਂ ਧੰਧਲੀ: ਨਾਮ-ਵਿਹੂਣਾ ਮਾਇਆ-ਮੂਠਾ ਵਪਾਰੀ ਜੋ ਹਰ ਹੀਲੇ
ਵੱਧ ਤੋਂ ਵੱਧ ਮਾਇਆ ਠੱਗਣ ਵਿੱਚ ਆਪਣਾ ਜੀਵਨ ਗੁਜ਼ਾਰ ਦਿੰਦਾ ਹੈ।
…ਵਿਣੁ ਨਾਮ ਹਰਿ ਕੇ ਕਛੁ ਨ ਸੂਝੈ
ਅੰਧੁ ਬੂਡੌ ਧੰਧਲੀ॥ ਸੂਹੀ ਛੰਤ ਮ: ੧।)
ਸਚ ਖੰਡ ਗੁਰੂ
ਨਾਨਕ ਦੇਵ ਜੀ ਦੁਆਰਾ ਘੜਿਆ ਗਿਆ ਇੱਕ ਅਦੁੱਤੀ ਸ਼ਬਦ-ਜੁੱਟ ਹੈ। ਸਾਡੀ ਜਾਣਕਾਰੀ ਅਨੁਸਾਰ, ਇਹ
ਸ਼ਬਦ-ਜੁੱਟ ਸਾਰੀ ਗੁਰਬਾਣੀ ਵਿੱਚ ਸਿਰਫ਼ ਇੱਕ ਵਾਰ ਹੀ ਆਇਆ ਹੈ। ਇਹ ਮੌਲਿਕ ਸ਼ਬਦ ਜੁੱਟ ਸਚਿਆਰਤਾ
ਵਾਲੀ ਉੱਚਤਮ ਆਤਮਿਕ ਅਵਸਥਾ ਦੇ ਅਭਿਲਾਸ਼ੀਆਂ ਨੂੰ ਗੁਰੂ ਨਾਨਕ ਦੇਵ ਜੀ ਦੀ ਇੱਕ ਅਦੁੱਤੀ
ਪ੍ਰੇਰਣਾਤਮਿਕ ਦੇਣ ਹੈ।
ਗੁਰੂ ਨਾਨਕ ਦੇਵ ਜੀ
ਨੇ ਆਪਣੀ ਰਚੀ ਬਾਣੀ
"ਜਪੁ" ਵਿੱਚ ਮਨੁੱਖ ਦੀ
ਜੀਵਨ-ਯਾਤ੍ਰਾ ਦੌਰਾਨ ਆਤਮਿਕ-ਵਿਕਾਸ ਦੇ ਪੰਜ
ਖੰਡ/ਪੜਾਅ, (ਧਰਮਖੰਡ,
ਗਿਆਨਖੰਡ, ਸਰਮਖੰਡ, ਕਰਮਖੰਡ ਅਤੇ ਸਚਖੰਡ),
ਨਿਰਧਾਰਤ ਕੀਤੇ ਹਨ।
ਸਚਖੰਡ ਆਤਮਿਕ ਉੱਨਤੀ ਦਾ ਆਖ਼ਰੀ
ਖੰਡ/ਪੜਾਅ/ਅਵਸਥਾ ਹੈ। ਆਤਮਾ ਦੀ ਇਹ ਉੱਨਤੀ ਮਨ-ਆਤਮਾ ਦੀ ਮੁਗਧ ਅਵਸਥਾ ਤੋਂ ਸ਼ੁਰੂ ਹੋ ਕੇ
ਨਿਰਲੇਪਤਾ ਵਾਲੀ ਸਚਿਆਰ ਅਵਸਥਾ ਉੱਤੇ ਜਾ ਕੇ ਸੰਪੂਰਨ ਹੁੰਦੀ ਹੈ। ਸੱਚ ਖੰਡ ਵਾਲੀ ਇਸ ਅਵਸਥਾ ਦੀ
ਪ੍ਰਾਪਤੀ ਹੀ ਮਨੁੱਖ ਦੇ ਜੀਵਨ-ਮਨੋਰਥ ਦੀ ਆਖ਼ਿਰੀ ਮੰਜ਼ਿਲ ਹੈ।
( ਨੋਟ:-
ਇਨ੍ਹਾਂ ਖੰਡਾਂ
ਬਾਰੇ ਲੋੜੀਂਦੀ ਜਾਣਕਾਰੀ ਮੇਰੇ ਲੇਖ,
"ਮਨੁੱਖ ਦੀ ਜੀਵਨ ਯਾਤ੍ਰਾ" ਵਿੱਚ ਦਿੱਤੀ ਗਈ ਹੈ। ਇਹ ਲੇਖ "ਸਿੱਖ ਮਾਰਗ" ਦੀ ਲੇਖ
ਲੜੀ ਤੀਜੀ ਵਿੱਚ ਉਪਲਬਧ ਹੈ।)
ਗੁਰੂ ਨਾਨਕ ਦੇਵ ਜੀ ਦੀ ਰਚੀ ਸਿਰਮੋਰ ਬਾਣੀ
"ਜਪੁ"
ਦੇ ਸੰਦਰਭ ਵਿੱਚ,
ਸਚਖੰਡ
ਦੇ ਭਾਵ ਅਰਥ ਹਨ: ਰਬ ਦੇ ਰਾਹ ਦੇ ਮੁਸਾਫ਼ਿਰ ਦੇ ਆਤਮਿਕ ਸਫ਼ਰ ਦਾ ਅੰਤਿਮ ਪੜਾਅ। ਇਹ ਪੜਾਅ
ਆਤਮਾ ਦੇ ਆਪਣੇ ਸਰੋਤ ਪਰਮਾਤਮਾ ਨਾਲ ਪੁਨਰ-ਮਿਲਨ ਦੀ ਸਰਵਉੱਚ ਆਤਮਿਕ ਅਵਸਥਾ ਹੈ। ਇਸ ਅਵਸਥਾ `ਤੇ
ਅਪੜਿਆ ਰੂਹਾਨੀ ਰਾਹ ਦਾ ਰਾਹੀ ਰੱਬ ਦਾ ਰੂਪ ਹੀ ਹੋ ਜਾਂਦਾ ਹੈ। ਉਸ ਦਾ ਦੁਰਲਭ ਮਾਨਸ ਜਨਮ ਸਫ਼ਲ ਹੋ
ਜਾਂਦਾ ਹੈ। ਜਨਮ ਮਰਨ ਦੇ ਘਿਣਾਉਣੇ ਤੇ ਦੁੱਖਦਾਇਕ ਚੱਕਰ ਵਿੱਚੋਂ ਨਿਕਲ ਕੇ ਸਚਿਆਰ ਹੋਈ ਆਤਮਾ
ਸੱਚ-ਰੂਪ ਪਰਮਾਤਮਾ ਨਾਲ ਅਭੇਦ ਹੋ ਜਾਂਦੀ ਹੈ। ਇਹੋ ਹੈ ਮਨੁੱਖ ਦੇ ਆਤਮਿਕ-ਵਿਕਾਸ ਦਾ ਆਖ਼ਿਰੀ
ਪੜਾਅ/ਖੰਡ/ਅਵਸਥਾ। ਗੁਰੂ ਨਾਨਕ ਦੇਵ ਜੀ ਇਸ ਆਤਮਿਕ ਅਵਸਥਾ ਬਾਰੇ ਵਖਿਆਣ ਕਰਦੇ ਹਨ:
ਸਚਿ ਖੰਡਿ ਵਸੈ ਨਿਰੰਕਾਰੁ॥ ਕਰਿ ਕਰਿ ਵੇਖੈ ਨਦਰਿ ਨਿਹਾਲ॥
ਤਿਥੈ ਖੰਡ ਮੰਡਲ ਵਰਭੰਡ॥ ਜੇ ਕੋ ਕਥੈ ਤ ਅੰਤ ਨ ਅੰਤ॥
ਤਿਥੈ ਲੋਅ ਲੋਅ ਆਕਾਰ॥ ਜਿਵ ਜਿਵ ਹੁਕਮੁ ਤਿਵੈ ਤਿਵ ਕਾਰ॥ ਵੇਖੈ ਵਿਗਸੈ ਕਰਿ
ਵੀਚਾਰੁ॥ ਨਾਨਕ ਕਥਨਾ ਕਰੜਾ ਸਾਰੁ॥ ੩੭॥ ਜਪੁ
ਭਾਵ ਅਰਥ:- ਸਚਖੰਡ ਵਾਲੀ ਆਤਮਿਕ ਅਵਸਥਾ ਉੱਤੇ ਅਪੜੇ ਜਗਿਆਸੂ ਦੇ
ਮਨ-ਮੰਦਰ ਅੰਦਰ ਉਹ ਅਕਾਲਪੁਰਖ ਆ ਵੱਸਦਾ ਹੈ ਜੋ ਵਿਸ਼ਵ ਦੀ ਰਚਨਾ ਕਰਕੇ ਆਪਣੀ ਕ੍ਰਿਪਾਦ੍ਰਿਸ਼ਟੀ ਨਾਲ
ਉਸ ਦੀ ਸੰਭਾਲ ਕਰਦਾ ਹੈ। ਪ੍ਰਭੂ ਨਾਲ ਅਭੇਦਤਾ ਦੀ ਇਸ ਉੱਚਤਮ ਆਤਮਿਕ ਅਵਸਥਾ ਵਿੱਚ ਇਹ ਸੋਝੀ ਆ
ਜਾਂਦੀ ਹੈ ਕਿ ਵਿਸ਼ਾਲ ਸ੍ਰਿਸ਼ਟੀ ਵਿੱਚ ਕਈ ਦੇਸ, ਸੂਰਜ ਮੰਡਲ,
(solar systems)
ਅਤੇ ਅਨੇਕ ਬ੍ਰਾਹਮਾਂਡ ਹਨ, ਜਿਨ੍ਹਾਂ ਦਾ ਬਿਆਨ ਅਕਥਨੀਯ ਹੈ। ਵਿਲੀਨਤਾ ਦੀ ਇਸ ਆਤਮਿਕ ਅਵਸਥਾ ਵਿੱਚ
ਜਿਗਿਆਸੂ ਨੂੰ, ਰੱਬੀ ਬਖ਼ਸ਼ਿਸ਼ ਨਾਲ ਪ੍ਰਾਪਤ ਹੋਈ ਸੂਖ਼ਸ਼ਮ ਦਿਬਦ੍ਰਿਸ਼ਟੀ ਨਾਲ, ਵਿਸ਼ਵ ਵਿੱਚ ਵਿਆਪਕ
ਅਨੇਕ ਲੋਕ, ਭਵਨ, ਵਜੂਦ ਦਿਖਾਈ ਦਿੰਦੇ ਹਨ। ਇਹ ਸਾਰੇ ਰਚਣਹਾਰ ਹਰੀ ਦੇ ਹੁਕਮ-ਬੱਧ ਹਨ। ਪਾਲਣਹਾਰ
ਪਰਮਾਤਮਾ ਸ੍ਰਿਸ਼ਟੀ ਅਤੇ ਇਸ ਦੀਆਂ ਸਾਰੀਆਂ ਹੋਂਦਾਂ ਦੀ ਬੇਨੁਕਸ ਸੰਭਾਲ ਕਰਦਾ ਹੈ। ਅਤੇ ਆਪਣੀ ਰਚੀ
ਰਚਨਾ ਨੂੰ ਵੇਖਿ ਪ੍ਰਸੰਨ ਹੁੰਦਾ ਹੈ। ਪ੍ਰਭੂ ਵਿੱਚ ਅਭੇਦਤਾ ਦੀ ਇਸ ਆਤਮਿਕ ਅਵਸਥਾ ਨੂੰ ਅੰਤਰ
ਆਤਮੇ ਮਹਿਸੂਸ ਹੀ ਕੀਤਾ ਜਾ ਸਕਦਾ ਹੈ, ਇਸ ਅਵਸਥਾ ਨੂੰ ਬਿਆਨ ਕਰਨਾ ਅਸੰਭਵ ਹੈ।
ਸਾਰੰਸ਼:-
ਸਚਖੰਡ, ਰਬ ਦੇ ਰਾਹ ਪਏ ਹੋਏ ਮਨੁੱਖ ਦੀ ਨਿਰਲੇਪਤਾ ਵਾਲੀ ਉੱਚਤਮ ਆਤਮਿਕ
ਅਵਸਥਾ ਦਾ ਨਾਮ ਹੈ! ਸਚਿਆਰਤਾ ਤੇ ਆਤਮਗਿਆਨ
ਵਾਲੀ ਇਸ ਅਵਸਥਾ ਨੂੰ ਸਿੱਧਾਂਤਕ ਬੋਲੀ ਵਿੱਚ ਪਰਮ ਪਦ, ਨਿਰਬਾਣ ਪਦ, ਤੁਰੀਆ ਅਵਸਥਾ ਜਾਂ ਅਵਿਨਾਸ਼ੀ
ਮੰਡਲ ਵੀ ਕਿਹਾ ਜਾਂਦਾ ਹੈ।
ਦੈਵੀ ਗੁਣਾਂ ਨਾਲ ਪਰਿਪੂਰਨ ਇਸ ਉੱਚਤਮ ਆਤਮਿਕ ਅਵਸਥਾ ਨੂੰ ਪ੍ਰਾਪਤ ਕਰਨ
ਵਾਸਤੇ ਮਨੁੱਖ ਨੂੰ ਮਨ-ਆਤਮਾ ਨਾਲ ਘੋਰ ਘਾਲਣਾ ਘਾਲਣ ਤੇ ਕਠਿਨ ਤਪੱਸਿਆ ਕਰਨ ਦੀ ਲੋੜ ਹੈ। ਇਸ
ਘਾਲਣਾ/ਤਪੱਸਿਆ ਦਾ ਸੁਵਿਸਤਾਰ ਵਰਣਨ ਬਾਣੀ "ਜਪੁ" ਦੀ ੩੮ਵੀਂ ਪੌੜੀ,
ਜਤੁ ਪਾਹਾਰਾ ਧੀਰਜੁ ਸੁਨਿਆਰੁ॥
……ਨਾਨਕ ਨਦਰੀ ਨਦਰਿ ਨਿਹਾਲ॥ ੩੮॥ ਵਿੱਚ ਕੀਤਾ
ਗਿਆ ਹੈ। (ਨੋਟ:-ਇਸ
ਪੌੜੀ ਦੀ ਸੰਖੇਪ ਵਿਆਖਿਆ ਮੇਰੇ ਲੇਖ "ਜਤੁ
ਪਾਹਾਰਾ……" ਵਿੱਚ ਕੀਤੀ ਗਈ ਹੈ। ਇਹ ਲੇਖ
"ਸਿੱਖ ਮਾਰਗ" ਦੀ ਲੇਖ ਲੜੀ ਤੀਜੀ ਵਿੱਚ ਉਪਲਬਧ ਹੈ।)
ਜੇ ਪੰਜਾਂ ਖੰਡਾਂ ਨੂੰ ਬਿਬੇਕ ਨਾਲ ਬਿਚਾਰੀਏ ਤਾਂ ਨਿਰਸੰਦੇਹ ਸਪਸ਼ਟ ਹੁੰਦਾ
ਹੈ ਕਿ, ਆਤਮਾ ਦੇ ਵਿਕਾਸ
ਦਾ ਸਫ਼ਰ ਅਗਿਆਨਤਾ ਤੋਂ ਆਤਮਗਿਆਨ, ਸੰਸਾਰਕਤਾ ਤੋਂ ਅਧਿਆਤਮਿਕਤਾ ਅਤੇ ਸਥੂਲਤਾ ਵੱਲੋਂ ਅਸਥੂਲਤਾ ਵੱਲ
ਦਾ ਹੈ। ਇਸ ਸੂਖ਼ਸ਼ਮ ਸਫ਼ਰ ਦਾ ਸੰਬੰਧ ਮਨ/ਆਤਮਾ ਨਾਲ ਹੋਣ ਕਰਕੇ ਇਸ ਦੀ ਪਰਿਕਿਰਿਆ ਅੰਤਰਮੁਖੀ ਹੈ,
ਬਾਹਰਮੁਖੀ ਨਹੀਂ। ਸੋ ਸਪਸ਼ਟ ਹੈ ਕਿ ਆਤਮਾ ਦੇ ਇਸ ਰੂਹਾਨੀ ਸਫ਼ਰ ਦਾ ਪਦਾਰਥਕ ਜਗਤ ਜਾਂ ਮਿਥਿਆ ਸੰਸਾਰ
ਨਾਲ ਦੂਰ ਦਾ ਵੀ ਕੋਈ ਸੰਬੰਧ ਨਹੀਂ ਹੈ!
ਉਪਰੋਕਤ ਵਿਚਾਰ ਦੇ ਬਿਲਕੁਲ ਉਲਟ, ਧਰਮ ਦਾ ਧੰਦਾ ਕਰਨ ਵਾਲੇ ਧੰਧਲੀ,
ਗੁਰਮਤਿ ਦੇ ਪ੍ਰਚਾਰ ਦੇ ਬਹਾਨੇ, ਸ਼੍ਰੱਧਾਲੂਆਂ ਨੂੰ ਝਾਂਸਾ ਦੇ ਕੇ ਠੱਗਣ ਲਈ, ਗੁਰਬਾਣੀ ਦੇ ਇਸ
ਪਵਿੱਤਰ, ਸਤਿਕਾਰਿਤ ਤੇ ਸਿੱਧਾਂਤਕ ਪਦ (ਸਚ ਖੰਡ) ਦੀ ਅਸ਼ੁੱਧ ਤੇ ਅਯੋਗ ਵਰਤੋਂ ਨਿਸੰਗ ਹੋ ਕੇ ਕਰ
ਰਹੇ ਹਨ। ਨਾਨਕ-ਬਾਣੀ ਦੇ ਇਸ ਸੂਖ਼ਸ਼ਮ ਸ਼ਬਦ, ਸਚਖੰਡ, ਨੂੰ ਸੰਸਾਰਕ ਬਣਾਉਣ ਵਾਸਤੇ
ਗੁਰਮਤਿ-ਦ੍ਰੋਹੀ ਠਗਵਾੜਿਆਂ ਨੇ ਜਿਹੜੇ ਕਰਨਾਮੇਂ ਕੀਤੇ, ਉਨ੍ਹਾਂ ਵਿੱਚੋਂ ਕੁੱਝ ਇੱਕ ਹੇਠਾਂ ਅੰਕਿਤ
ਹਨ:-
ਵੱਧ ਤੋਂ ਵੱਧ ਸ਼੍ਰੱਧਾਲੂਆਂ ਨੂੰ ਆਕ੍ਰਿਸ਼ਤ ਕਰਕੇ ਠੱਗਣ ਲਈ, ਗੁਰੁ-ਇਤਿਹਾਸ
ਨਾਲ ਜੁੜੇ ਸ਼ਹਿਰਾਂ-ਸਥਾਨਾਂ ਦੇ ਨਾਵਾਂ ਨਾਲ ਸਚਖੰਡ ਦਾ ਅਗੇਤਰ ਲਾ ਦਿੱਤਾ ਗਿਆ ਹੈ,
ਜਿਵੇਂ: ਸੱਚਖੰਡ ਸ੍ਰੀ
ਅੰਮ੍ਰਿਤਸਰ ਸਾਹਿਬ, ਸੱਚ ਖੰਡ ਸ੍ਰਿੀ ਹਜ਼ੂਰ ਸਾਹਿਬ, ਸਚਖੰਡ ਸ੍ਰੀ ਪਟਨਾ ਸਾਹਿਬ……!
ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚੋਂ ਇੱਕ ਹੋਰ ਸ਼ਬਦ
ਜੁੱਟ, *
"ਅਬਿਚਲ ਨਗਰੁ", ਦੇ ਅਨਰਥ ਕਰਦਿਆਂ, ਇਸ
ਪਵਿੱਤਰ ਸ਼ਬਦ-ਜੁੱਟ ਨੂੰ ਵੀ ਧਰਤੀ ਦੇ ‘ਸਚਖੰਡਾਂ’ ਨਾਲ ਜੋੜ ਦਿੱਤਾ ਗਿਆ ਹੈ;
ਅਬਿਚਲ ਨਗਰ ਸਚ ਖੰਡ ਸ੍ਰੀ ਹਜ਼ੂਰ
ਸਾਹਿਬ, ਅਬਿਚਲ ਨਗਰ ਸਚਖੰਡ ਸ੍ਰੀ ਅੰਮ੍ਰਿਤਸਰ ਸਾਹਿਬ……!
(*
ਅਬਿਚਲ ਨਗਰੁ ਗੋਬਿੰਦ ਗੁਰੂ ਕਾ ਨਾਮੁ
ਜਪਤ ਸੁਖੁ ਪਾਇਆ ਰਾਮ॥ ਸੂਹੀ ਛੰਤ ਮ: ੫)
‘ਸਿੱਖੀ’ ਤੇ ‘ਧਾਰਮਿਕ ਭਾਵਨਾਵਾਂ’ ਦਾ ਵਾਸਤਾ ਦੇ ਕੇ, ਸੰਸਾਰਕ ‘ਸਚ
ਖੰਡਾਂ’ ਵਿਚਾਲੇ ਚਲਵਾਈ ਗਈ ਰੇਲ ਗੱਡੀ ਦਾ ਨਾਮ ਵੀ
"ਸੱਚ ਖੰਡ ਐਕਸਪ੍ਰੈਸ" ਰੱਖਵਾਇਆ ਗਿਆ ਹੈ! !
ਡੇਰੇਦਾਰਾਂ ਨੇ ਵੀ, ਵੱਧ ਤੋਂ ਵੱਧ ਸ਼੍ਰੱਧਾਲੂਆਂ ਨੂੰ ਲੁਭਾ ਕੇ ਆਪਣੇ ਵਾੜੇ
ਦੀਆਂ ਭੇਡਾਂ ਬਣਾ ਕੇ ਉਨ੍ਹਾਂ ਨੂੰ ਮੁੰਨਣ ਵਾਸਤੇ, ਆਪਣੇ ਡੇਰਿਆਂ ਵਿੱਚ ਬਣਾਏ ਕਥਿਤ
ਗੁਰੂਦਵਾਰਿਆਂ ਦੇ ਨਾਂਵਾਂ ਨਾਲ ਵੀ ਸਚਖੰਡ ਲਿਖਣਾ ਸ਼ੁਰੂ ਕਰ ਦਿੱਤਾ ਹੈ!
ਰਾਤ ਨੂੰ ਦੀਵਾਨ ਦੀ ਸਮਾਪਤੀ ਤੋਂ ਬਾਅਦ ਗੁਰੂ ਗ੍ਰੰਥ ਦੀ ਬੀੜ, (ਜਿਸ ਨੂੰ
"ਪ੍ਰਗਟ ਗੁਰਾਂ ਕੀ ਦੇਹ" ਕਿਹਾ ਜਾਂਦਾ ਹੈ), ਨੂੰ ਰੇਸ਼ਮੀ ਰੁਮਾਲਿਆਂ ਵਿੱਚ ਲਪੇਟ ਕੇ
ਪੀੜ੍ਹਾ ‘ਸਾਹਿਬ’ ਜਾਂ ਮੰਜੀ ‘ਸਾਹਿਬ’ ਉੱਤੇ ਹੀ ਰੱਖਿਆ ਜਾਂਦਾ ਸੀ। ਇਸ ਰੀਤੀ ਨੂੰ
ਸੁਖਆਸਨ
ਕਰਵਉਣਾ ਕਿਹਾ ਜਾਂਦਾ ਹੈ। ਬਾਅਦ ਵਿੱਚ ਸੁਖਾਸਨ ਵਾਸਤੇ ਛੋਟੇ ਛੋਟੇ ਕਮਰੇ ਬਣਾ ਲਏ ਗਏ ਜਿਨ੍ਹਾਂ
ਨੂੰ ਕੋਠਾ ‘ਸਾਹਿਬ’
ਕਿਹਾ ਜਾਣ ਲੱਗਾ।
ਅੱਜ ਕਲ ਕੋਠਾ ‘ਸਾਹਿਬ’ ਨੂੰ ਵੀ
ਸਚਖੰਡ ਗਰਦਾਨਿਆ ਜਾਂਦਾ ਹੈ! ਕਈ ਗੁਰੂਦਵਾਰਿਆਂ ਦੇ ਸੁਖਾਸਨ ਵਾਲੇ ਕੋਠਾ ‘ਸਾਹਿਬ’ ਦੇ ਦਰ ਉੱਤੇ
ਲਿਖਿਆ ਹੋਇਆ ਹੈ:
ਸਚਿ ਖੰਡਿ ਵਸੈ ਨਿਰੰਕਾਰੁ॥ !
ਚੰਡੀਗੜ੍ਹ ਲਾਗੇ ਇੱਕ ਗੁਰੂਦਵਾਰੇ ਦੇ ਕੋਠਾ ‘ਸਾਹਿਬ’ ਦੇ ਦਰ `ਤੇ ਇੱਕ
ਸੂਚਨਾ ਦੇਖਣ ਨੂੰ ਮਿਲੀ, ਲਿਖਿਆ ਹੋਇਆ ਹੈ:
"ਸਚਖੰਡ ਅੰਦਰ ਜਾਣਾ ਮਨ੍ਹਾਂ ਹੈ"
!
ਪਿੱਛੇ ਜਿਹੇ, ਲੈਸਟਰ ਯੂ: ਕੇ: ਦੇ ਗੁਰੂਦਵਾਰੇ ਦੀ ਇੱਕ ਅਤਿਅੰਤ ਹਾਸੋਹੀਣੀ
ਖ਼ਬਰ ਪੜ੍ਹਨ ਨੂੰ ਮਿਲੀ: ਖ਼ਬਰ ਦੀ ਸੁਰਖੀ ਸੀ:
"ਸੱਚ ਖੰਡ `ਚ ਥਾਂ ਥਾਂ ਤੇ ਲੱਗੇ
ਹੋਏ ਸਨ ਜਾਲੇ ਅਤੇ ਹਰ ਪਾਸੇ ਫਿਰਦੀਆਂ ਸਨ ਮਕੜੀਆਂ"।
ਜਦੋਂ ਕੋਈ ਮਾਇਆ-ਵੇੜ੍ਹਿਆ ਪਾਪੀ ਠਗਵਾੜਾ ਮਰ ਜਾਂਦਾ ਹੈ ਤਾਂ ਉਸ ਦੀ ਪਾਪਾਂ
ਨਾਲ ‘ਕੱਠੀ ਕੀਤੀ ਮਾਇਕ ਕਮਾਈ ਖਾਣ ਵਾਲੇ ਉਸ ਦੇ ਵਾਰਿਸ, ਜਾਨਸ਼ੀਨ ਤੇ ਪਿਛਲੱਗ ਉਸ ਦੇ ਨਾਮ ਨਾਲ
ਸੱਚਖੰਡ ਵਾਸੀ
ਦਾ ਖ਼ਿਤਾਬ ਜੋੜ ਦਿੰਦੇ ਹਨ! … …
ਨਾਨਕ-ਬਾਣੀ ਦੀ ਪੂਰੀ ਤੁਕ ਹੈ,
ਸਚਿ ਖੰਡਿ ਵਸੈ ਨਿੰਕਾਰ॥ ,
ਪਰੰਤੂ, ਧਰਮ ਦੇ ਵਪਾਰੀਆਂ ਦੁਆਰਾ ਪ੍ਰਚਾਰੇ ਜਾ ਰਹੇ
ਉਪਰੋਕਤ ਸੱਚ ਖੰਡਾਂ ਵਿੱਚ ਨਾਨਕ-ਬਾਣੀ ਵਾਲਾ ਸੱਚਾ ਸ਼ੂਖ਼ਸ਼ਮ
ਸਚ ਖੰਡ
ਅਤੇ ਸਰਬਵਿਆਪਕ ਨਿਰੰਕਾਰ
(ਆਕਾਰ ਰਹਿਤ ਪ੍ਰਭੂ) ਦੋਨੋਂ ਹੀ ਦਿਖਾਈ ਨਹੀਂ ਦਿੰਦੇ!
ਗੁਰਮਤਿ ਦੇ ਗ਼ੱਦਾਰਾਂ ਦੁਆਰਾ ਸੰਸਾਰਕ ਸਚਖੰਡਾਂ ਦੀ ਉਡਾਈ
ਗਈ ਧੂੜ ਵਿੱਚ ਨਿਰੰਕਾਰ ਅਤੇ ਨਾਨਕ ਦੇਵ ਜੀ ਦਾ ਬਖ਼ਸ਼ਿਆਂ ਹੋਇਆ "ਸਚਖੰਡ" ਪੂਰੀ
ਤਰ੍ਹਾਂ ਲੋਪ ਹੋ ਚੁੱਕੇ ਹਨ। ਅਜ ਕਲ ਸਿੱਖੀ ਦੇ ਕਥਿਤ ਸ਼੍ਰੱਧਾਲੂਆਂ ਦੇ ਮਨਾਂ ਅਤੇ ਸੋਚ ਵਿੱਚ ਸਿਰਫ਼
ਸੰਸਾਰਕ ਸਚਖੰਡ ਹੀ ਗੂੰਜਦੇ ਹਨ। ‘ਸਿੱਖ/ਸੇਵਕ’ ਬੜੇ ਫ਼ਖ਼ਰ ਨਾਲ ਕਹਿੰਦੇ ਸੁਣੀਂਦੇ ਹਨ:
ਸਚਖੰਡ ਐਕਸਪ੍ਰੈਸ ਰੇਲ-ਗੱਡੀ ਵਿੱਚ ਸਫ਼ਰ ਕਰਕੇ ਆਏ ‘ਸਿੱਖ’ ਬੜੇ ਫ਼ਖ਼ਰ
ਨਾਲ ਕਹਿੰਦੇ ਹਨ: ਸਚਖੰਡ
ਦੇ ਹੂਟੇ (ਝੂਟੇ) ਲੈ ਕੇ ‘ਨੰਦ ਆ ਗਿਆ ਜੀ! … …
ਸਚਖੰਡ
ਕਹੇ ਜਾਂਦੇ ਸ਼ਹਿਰਾਂ/ਸਥਾਨਾਂ `ਤੇ ਜਾ ਕੇ ਆਏ ਭੋਲੇ ਲੋਕ
ਡੀਂਗਾਂ ਮਰਦੇ ਹਨ:
ਸੱਚਖੰਡ ਦੇ ਦਰਸਨ ਕਰਕੇ ਜਨਮ ਸਫ਼ਲਾ ਹੋ ਗਿਆ; ……
ਸਚ ਖੰਡ ਕਹੇ ਜਾਂਦੇ ਗੁਰੂਦਵਾਰਿਆਂ ਵਿੱਚ
ਮੱਥਾ ਟੇਕ ਕੇ ਆਏ ਸਿੱਧੜ ਸ਼੍ਰੱਧਾਲੂ ਮਨ ਨੂੰ ਝੂਠੀ ਤਸੱਲੀ ਦਿੰਦੇ ਹੋਏ ਕਹਿੰਦੇ ਹਨ:
ਸਚਖੰਡ ਮੱਥਾ ਟੇਕਣ ਦੀ ਮਨ `ਚ
ਚਿਰਾਂ ਤੋਂ ਮਨਸਾ ਸੀ, ਸੱਚ ਖੰਡ ਦੁਆਰ `ਤੇ ਮੱਥਾ ਟੇਕ ਕੇ ਮਨ ਦੀ ਉਹ ਮਨਸਾ ਵੀ ਪੂਰੀ ਹੋ ਗਈ,
ਜੀਵਨ ਧੰਨ ਹੋ ਗਿਆ……! … …
ਉਪਰੋਕਤ ਤੱਥਾਂ ਤੋਂ ਸਪਸ਼ਟ ਹੈ ਕਿ ਧਰਮ-ਖੇਤ ਦੇ ਠਗਵਾੜਿਆਂ ਦੀ
ਠਗਵਿੱਦਿਆ ਰੰਗ ਲਿਆਈ ਹੈ; ਗੁਰਸਿੱਖ ਹੋਣ ਦਾ ਭਰਮ ਪਾਲੀ ਬੈਠੇ ਅੰਧਵਿਸ਼ਵਾਸੀ ਲੋਕ ਗੁਰੂ ਨਾਨਕ ਦੇਵ
ਜੀ ਦੇ ਬਖ਼ਸ਼ੇ ਮਨ/ਆਤਮਾ ਦੇ ਸੂਖ਼ਸ਼ਮ ਤੇ ਸੱਚੇ " ਸੱਚਖੰਡ"
ਨਾਲੋਂ ਪੂਰੀ ਤਰ੍ਹਾਂ ਟੁੱਟ ਕੇ ਪਦਾਰਥਕ ਜਗਤ ਦੇ ਸਥੂਲ ਤੇ ਝੂਠੇ ਸਚਖੰਡਾਂ ਨਾਲ ਜੁੜ ਚੁੱਕੇ ਹਨ!
ਅਤਿਅੰਤ ਸ਼ਰਮਨਾਕ ਸੱਚ ਤਾਂ ਇਹ ਹੈ ਕਿ ਗੁਰਮਤਿ ਅਤੇ ਗੁਰਮਤਿ-ਪ੍ਰੇਮੀਆਂ ਨਾਲ
ਦ੍ਰੋਹ ਕਮਾਉਣ ਵਾਲੇ ਦਗ਼ਾਬਾਜ਼ ਕੋਈ ਹੋਰ ਨਹੀਂ ਸਗੋਂ ਗੁਰਮਤਿ ਦੇ ਪ੍ਰਚਾਰ ਦਾ ਢੌਂਗ ਕਰਕੇ ਭੋਲੇ
ਲੋਕਾਂ ਤੋਂ ਮਾਇਆ ਬਟੋਰ ਕੇ ਅਯਾਸ਼ ਜੀਵਨ ਜਿਊਨ ਵਾਲੇ ‘ਗੁਰਸਿੱਖ’ ਢੌਂਗੀ ਹੀ ਹਨ।
ਗੁਰਇੰਦਰ ਸਿੰਘ ਪਾਲ
ਜੁਲਾਈ 30, 2017.
|
. |